ਖੁੱਲ੍ਹੀ ਸੋਚ ਸਰਕਾਰੀਆ ਖ਼ਬਰ ਸੰਬੰਧੀ - ਜੱਟ ਜਵਾਬ

ਮੇਰੀ ਵੀਡੀਓ ਦੀਆਂ ਖ਼ਬਰਾਂ ਲੱਗ ਰਹੀਆਂ ਹਨ। ਵੀਡੀਓ ਲਿੰਕ ਲਾਏ ਜਾ ਰਹੇ ਹਨ। ਮੈਨੂੰ ਕੁਝ ਪਤਾ ਨਹੀਂ। ਖ਼ਬਰ ਲਾਉਣ ਤੋਂ ਪਹਿਲਾਂ ਮੇਰੇ ਨਾਲ ਕੋਈ ਸੰਪਰਕ ਹੀ ਨਹੀਂ। ਮੈਂ ਆਪਣੇ ਹਿਸਾਬ ਨਾਲ ਵੀਡੀਓ ਨਾਮ ਰੱਖ ਰਿਹਾ ਹਾਂ, ਵੀਡੀਓ ਹਟਾ ਰਿਹਾ ਹਾਂ ਨਵੀਂ ਬਣਾ ਕੇ ਲਾ ਰਿਹਾ ਹਾਂ। ਸਿੱਖਾਂ ਨੂੰ ਹਟਾਈਆਂ ਹੋਈਆਂ ਵੀਡੀਓ ਪੁਰਾਣੇ ਲਿੰਕ, ਕਲਿੱਕ ਕਰਨ ਨੂੰ ਦੇ ਕੇ ਆਪਣੀ ਤਾਂ ਬੇਇੱਜ਼ਤੀ ਕਰਵਾਈ ਜਾ ਰਹੀ ਹੈ। ਸਿੱਖਾਂ ਨੂੰ ਵੀ ਭੰਬਲਭੂਸੇ ਵਿਚ ਪਾਇਆ ਜਾ ਰਿਹਾ ਹੈ। ਹੁਣ ਭੱਟੀ ਜੀ ਵੀ ‘ਸ੍ਰੀ ਭੱਟੀ’ ਹੋ ਗਏ। ਕੁਝ ਨਹੀਂ ਹੋ ਸਕਦਾ, ਸਾਡਾ।

18 ਜੁਲਾਈ 2009, ਕਹਾਣੀ ਕੁਝ ਇਸ ਤਰ੍ਹਾਂ ਹੈ ਕਿ ਸਾਡੇ ਇਕ ਮਿੱਤਰ ਨੇ ਈਮੇਲ ਕੀਤਾ ਕਿ ਮੈਂ ਉਸ ਨੂੰ ਪੂਰੀ ਡੀਵੀਡੀ ਭੇਜਾਂ। ਖ਼ਰਚਾ ਉਹ ਪਹਿਲਾਂ ਦੇਣ ਨੂੰ ਤਿਆਰ ਹੈ। ਖੈਰ, ਵੈਸੇ ਤਾਂ ਸਕਰੀਨ ਤੇ ਆ ਰਿਹਾ ਸੀ ਕਿ ਡੀਵੀਡੀ ਲਈ ਭੱਟੀ ਸਟੂਡੀਓ ਨੂੰ ਫੋਨ ਈਮੇਲ ਕਰੋ, ਪਰ ਪੂਰਾ ਸਾਫ਼ ਦਿਖਾਈ ਨਹੀਂ ਦੇ ਰਿਹਾ ਸੀ। ਮੇਰੀ ਹਮੇਸ਼ਾ ਆਪਣੀ ਕੋਸ਼ਿਸ਼ ਰਹੀ ਹੈ ਕਿ ਦੂਸਰੇ ਨੂੰ ਸਹੀ ਜਾਣਕਾਰੀ ਦਿੱਤੀ ਜਾਵੇ।

ਸੋ, ਭੱਟੀ ਬਾਰੇ ਜਿੰਨੀ ਜਾਣਕਾਰੀ ਸੀ ਉਸ ਨਾਲ ਖੋਜ ਸ਼ੁਰੂ ਕੀਤੀ ਤਾਂ 'ਵੈੱਬ ਸਾਈਟ ਭਗਤ ਰਵਿਦਾਸ ਇਟਲੀ ਵਲੋਂ' ਤੇ ਪਹੁੰਚ ਗਏ। ਵੈੱਬ ਸਾਈਟ ਸਜਾਵਟ ਤੇ ਬਣਤਰ ਬਹੁਤ ਵਧੀਆ ਲੱਗੀ ਅਤੇ ਵੈੱਬ ਸਾਈਟ ਨਿਰਮਾਣ ਕਰਤਾ ਬਾਰੇ ਜਾਣਨ ਦੀ ਇੱਛਾ ਨਾਲ ਹੋਰ ਅੱਗੇ ਗਏ ਅਤੇ ਉਸ ਤੋਂ ਹੋਰ ਅੱਗੇ। ਆਖ਼ਰਕਾਰ ਖੁੱਲ੍ਹੀ ਸੋਚ ਦੀ ਵੈੱਬ ਸਾਈਟ ਤੇ ਪਹੁੰਚ ਗਏ। ਉੱਥੇ ਮੁੱਖ ਪੰਨੇ ਤੇ ਮੇਰੀ ਵੀਡੀਓ 'ਸਿੱਖੀ ਬਾਰੇ ਗ਼ਲਤ ਪ੍ਰਚਾਰ' ਸੰਬੰਧੀ ਖ਼ਬਰ ਪੜ੍ਹੀ।

ਮੇਰੇ 'ਤੇ ਇਲਜ਼ਾਮ - ਭੱਟੀ ਬਿਆਨ: ਭੱਟੀ ਕਹਿ ਰਿਹਾ ਹੈ ਕਿ ਕਮਲੇਸ਼ ਦੀ ਗਲਤ ਸ਼ਬਦਾਵਲੀ ਵਾਲੇ ਕਲਿੱਪ ਯੂ ਟੂਬ ਤੇ ਪਾ ਦਿੱਤੇ ਹਨ। ਜੋ ਕਿ ਇਸ ਨੇ ਸਿੱਖ ਧਰਮ ਬਾਰੇ ਚੰਗੀਆਂ ਗੱਲਾਂ ਵੀ ਕੀਤੀਆਂ ਸਨ। ਪਰ ਕਿਸੇ ਨੇ ਉਹ ਕੱਟ ਕੇ ਭੜਕਾਊ ਸ਼ਬਦਾਵਲੀ ਵਾਲਾ ਹਿੱਸਾ ਯੂ ਟਿਊਬ ਤੇ ਚਾੜ੍ਹ ਦਿੱਤਾ। ਪਰ ਇਸ ਪਿੱਛੇ ਉਸ ਵਿਅਕਤੀ ਦਾ ਕੀ ਮਕਸਦ ਹੋ ਸਕਦਾ ਹੈ। ਇਸ ਬਾਰੇ ਕੁਝ ਕਹਿਣਾ ਮੁਸ਼ਕਲ ਹੈ। ... ਸ੍ਰੀ ਭੱਟੀ ਨੇ ਕਿਹਾ ਕਿ ਚੰਗਾ ਹੁੰਦਾ ਜੇ ਵੀਡੀਓ ਦੇ ਸਾਰੇ ਪਾਰਟ ਯੂ ਟੂਬ ਤੇ ਚੜ੍ਹਾਏ ਹੁੰਦੇ, ਪਰ ਭੜਕਾਊ ਸ਼ਬਦਾਵਲੀ ਵਾਲੀ ਵੀਡੀਓ ਧਰਮਾਂ ਜਾਤ-ਪਾਤ ਵਿਚ ਨਫ਼ਰਤੀ ਪਾੜਾ ਪਾਉਣ ਦਾ ਕੰਮ ਕਰੇਗੀ।

ਮੇਰਾ ਸਪਸ਼ਟੀਕਰਨ: ਮਾਣਯੋਗ ਸਰਕਾਰੀਆ ਜੀ, ਹੁਣ ਤੱਕ ਖ਼ਬਰਾਂ ਪੜ੍ਹੀਆਂ ਸੀ ਕਿ ਤੁਸੀਂ ਪੱਤਰਕਾਰੀ ਦਾ ਜਲੂਸ ਕੱਢ ਰਹੇ ਹੋ। ਪਰ ਹੁਣ ਮੇਰੇ ਨਿਜੀ ਤਜਰਬੇ ਨਾਲ ਸਿੱਧ ਵੀ ਹੋ ਗਿਆ। ਸਭ ਤੋਂ ਪਹਿਲਾਂ ਆਪਣੇ ਨਾਮ ਹੇਠ ਖ਼ਬਰ ਲਗਵਾਉਣ ਦੀ ਦੌੜ ਵਿਚ, ਜੋ ਤੁਸੀਂ ਇਹ ਕਾਰਾ ਕਰ ਛੱਡਿਆ ਹੈ, ਉਸ ਨਾਲ ਮੇਰੀ ਪੇਸ਼ਕਾਰੀ ਤੇ ਵਿਚ ਸਵਾਲੀਆ ਨਿਸ਼ਾਨ ਲੱਗ ਗਿਆ ਹੈ, ਪਾਠਕਾਂ ਦਾ ਅਖ਼ਬਾਰਾਂ ਤੇ ਭਰੋਸੇ ਅਤੇ ਸਿੱਖਾਂ ਨੂੰ ਵੀ ਦੁਚਿੱਤੀ ਵਿਚ ਪਾ ਦਿੱਤਾ ਹੈ।

ਸੱਚਾ ਪੱਤਰਕਾਰ ਖ਼ਬਰ ਲਾਉਣ ਤੋਂ ਪਹਿਲਾਂ ਪੂਰੀ ਜਾਂਚ ਪੜਤਾਲ ਕਰਦਾ ਹੈ। ਹਾਲਾਂਕਿ ਮੇਰੇ ਵਲੋਂ ਹਰ ਵੀਡੀਓ ਨਾਲ ਹੋਰ-ਜਾਣਕਾਰੀ ਹੇਠ ਪੰਜਾਬੀ ਵਿਚ ਵੀਡੀਓ ਸੰਬੰਧੀ ਗੱਲਾਂ ਲਿਖੀਆਂ ਹਨ, ਪਰ ਤੁਸੀਂ ਸ਼ਾਇਦ ਪੰਜਾਬੀ ਵਿਚ ਲਿਖਣ ਨੂੰ ਪਹਿਲ ਦਿੰਦੇ ਹੋ, ਪੰਜਾਬੀ ਪੜ੍ਹਨ ਲਈ ਸਮਾਂ ਨਹੀਂ ਹੈ। ਮੈਂ ਜਾਣਕਾਰੀ ਹੇਠ ਲਿਖਿਆ ਸੀ ਕਿ ਇਸ ਦਾ ਨਾਮ ਕਮਲੇਸ਼ ਆਹੀਰ ਹੈ ਪਰ ਮੈਂ ਇਸ ਨੂੰ ਇਸ ਦੇ ਕੀਤੇ ਹੋਏ ਕਾਰੇ ਲਈ ਕਮਲੀ ਕਲੇਸ਼ ਲਈ ਸਨਮਾਨਿਤ ਕਰਦਾ ਹਾਂ। ਉਸ ਸਮੇਂ ਮੈਨੂੰ ਸ਼ਾਇਦ ਨਹੀਂ ਪਤਾ ਸੀ ਕਿ ਕੋਈ ਇਨਸਾਨ ਆਪਣੀ ਮਸ਼ਹੂਰੀ ਖੱਟਣ ਵਾਸਤੇ ਚੱਕਲੋ-ਚੱਕਲੋ ਵਾਲੀ ਨੀਤੀ (ਨਾ ਕਿ ਸੋਚ ਸਮਝ ਕੇ ਚੱਲਣ ਵਾਲੀ ਨੀਤੀ) ਰਾਹੀ ਸਾਰਿਆਂ ਨੂੰ ਦੁਚਿੱਤੀ ਵਿਚ ਪਾ ਦੇਵੇਗਾ। ਇਸ ਕਰਕੇ ਸਾਰਿਆਂ ਨੇ ਇਹ ਸਮਝ ਲਿਆ ਕਿ ਇਸ ਦਾ ਨਾਮ ਕਮਲੀ ਕਲੇਸ਼ ਹੈ।


ਦੂਜੀ ਗੱਲ ਵੀਡੀਓ ਨੂੰ ਮੈਂ ਇਸ ਢੰਗ ਨਾਲ ਪਾਇਆ ਸੀ ਕਿ AmbedkarMovements ਵਾਲਿਆਂ ਦੀਆਂ ਅਸਲੀ ਵੀਡੀਓ, ਜਿਥੋਂ ਮੈਂ ਕਾਪੀ ਕੀਤੀਆਂ ਸਨ, ਉਹ ਵੀ Related Videos ਹੇਠ ਦਿਸੇ। ਤੀਜੀ ਗੱਲ, ਜੇ ਖ਼ਬਰ ਲਾਉਣੀ ਸੀ ਤਾਂ ਮੇਰੇ ਨਾਲ ਸੰਪਰਕ ਕਰਦੇ ਅਤੇ ਪੂਰੀ ਜਾਣਕਾਰੀ ਲੈਂਦੇ, ਜੋ ਕਿ ਇਕ ਆਮ ਪੱਤਰਕਾਰ ਕਰਦਾ ਹੈ। ਜਦ ਮੈਂ ਵੀਡੀਓ ਲਾਈ ਸੀ ਮੈਨੂੰ ਤਾਂ ਪਤਾ ਹੀ ਨਹੀਂ ਸੀ ਕਿ ਇਹ ਖ਼ਬਰ ਬਣ ਜਾਵੇਗੀ। ਪੂਰੀ ਜਾਣਕਾਰੀ ਲਈ More Info ਖੌਲਣ ਦੀ ਵੀ ਲੋੜ ਨਹੀਂ ਸੀ ਸਿਰਫ਼ ਸਿਰ ਹਿਲਾ ਕੇ Related Videos ਹੇਠ ਵੀਡੀਓ-ਨਾਮ ਦੇਖਣ ਦੀ ਲੋੜ ਸੀ। ਜੇਕਰ ਹੋਰ ਪੱਤਰਕਾਰਾਂ ਨੇ ਵੀ ਇਹੀ ਗਲਤੀ ਕੀਤੀ ਹੈ ਤਾਂ ਉਨ੍ਹਾਂ ਦੇ ਵੀ ਸ਼ਾਬਾਸ਼ੇ! ਖ਼ਬਰ ਲਾਉਣ ਤੋਂ ਪਹਿਲਾਂ ਮੇਰੇ ਨਾਲ ਕੋਈ ਸੰਪਰਕ ਨਹੀਂ ਕੀਤਾ ਗਿਆ।

ਮੇਰਾ ਵਿਸ਼ਾ 24-25 ਮਈ ਸੀ ਨਾ ਕਿ ਸਿੱਖ ਧਰਮ। ਇਹ ਵੀਡੀਓ ਤਾਂ ਸੁਭਾਵਿਕ ਅੱਗੇ ਆ ਗਈ, ਹੁਣ ਜੇ ਇਸ ਨੂੰ ਅੱਖੀ ਦੇਖ ਕੇ ਉਹਲੇ ਕਰਦਾ ਦਿੰਦਾ ਤਾਂ ਮੈਨੂੰ ਜੱਟ ਕਿਨ੍ਹੇ ਕਹਿਣਾ ਹੈ।

ਮੈਂ SikhWorldTv ਬੇਨਤੀ ਕਰੂਗਾਂ ਕਿ ਉਹ ਵੀ ਆਪਣੇ ਵਿਚਾਰ ਸਾਂਝੇ ਕਰਨ, ਕਿਉਂਕਿ ਜਿਹੜੀ ਵੀਡੀਓ ਹਾਲੇ ਵੀ ਯੂ ਟੂਬ ਚੈਨਲਾਂ ਤੇ ਚੱਲ ਰਹੀ ਹੈ, ਮੁੱਢਲੀ ਵੀਡੀਓ ritikabagga2001 ਵਲੋਂ (ਪੂਰੀ ਡੀਵੀਡੀ ਦੇਖਣ ਲਈ ਵੈੱਬ ਸਾਈਟ ਤੇ ਕਲਿੱਕ ਕਰੋ) ਹੇਠ ਲਾਈ ਹੈ ਸਾਰਿਆਂ ਨੇ ਉਹੀ ਕਾਪੀਆਂ ਕੀਤੀਆਂ ਸਨ। ਮੇਰੇ ਵਲੋਂ ਵੀ ਸ਼ੁਰੂ ਵਿਚ ਇਹ ਹੀ ਕਾਪੀ ਕੀਤੀ ਸੀ। ਪਰ ‘ਸਿਆਣੀ ਯੂ ਟੂਬ’ ਨੇ ਮੇਰੇ ਖੋਜ ਸ਼ਬਦਾਂ ਨੂੰ ਨੋਟ ਕੀਤਾ ਤੇ ਇਕ ਦਿਨ ਆਪੇ ਹੀ AmbedkarMovements ਵਾਲਿਆਂ ਦੀ ਵੀਡੀਓ ਅੱਗੇ ਪੇਸ਼ ਕਰ ਦਿੱਤੀ। ਕਿਉਂਕਿ AmbedkarMovements ਵਾਲਿਆਂ ਦੀ ਵੀਡੀਓ Mrs. Kamlesh Ahir Live Part ਹੇਠ ਸੀ, ਪਰ ਬਾਕੀ ਸਾਰੀਆਂ Dr B R Ambedkar JI 2009 ITLY ਹੈ, ਇਸ ਕਰਕੇ ਕਿਸੇ ਦਾ ਧਿਆਨ AmbedkarMovements ਵਾਲਿਆਂ ਦੀ ਵੀਡੀਓ ਵੱਲ ਨਹੀਂ ਗਿਆ। ਸਾਰੇ Dr B R Ambedkar JI 2009 ITLY ਵੀਡੀਓ ਨੂੰ ਕਾਪੀ ਕਰਕੇ ਆਪਣੀ ਕਲਾਕਾਰੀ ਦਿਖਾ ਰਹੇ ਹਨ। ਇਹ ਤਾਂ ਮੈਂ ਜਦੋਂ Dr B R Ambedkar JI 2009 ITLY ਵੀਡੀਓ ਕਾਪੀ ਕਰਕੇ ਲਾਈ ਤਾਂ SikhWorldTv ਵਾਲਿਆਂ ਨੇ ਬੇਨਤੀ ਅਤੇ ਹੌਸਲਾ-ਅਫ਼ਜ਼ਾਈ ਕੀਤੀ ਕਿ ਇਸ ਤਰ੍ਹਾਂ ਦੇ ਵੀਡੀਓ ਹੋਰ ਲਾਓ, ਜੋ ਕਿ ਸਨੇਹਾ ਹਾਲੇ ਵੀ ਮੇਰੇ ਚੈਨਲ ਤੇ ਲੱਗਾ ਹੈ, ਤਾਂ ਮੈਂ ਇਸ ਪਾਸੇ ਸ਼ੁਰੂ ਹੋਇਆ, ਕਿਉਂਕਿ ਮੈਨੂੰ ਪਤਾ ਸੀ ਕਿ ਸਭ ਤੋਂ ਪਹਿਲਾਂ ਸਾਡੇ ਬੰਦਿਆਂ ਨੇ ਹੀ ਲੱਤਾਂ ਖਿੱਚਣ ਆਉਣਾ ਹੈ। ਹੁਣ ਜਿੰਨਾ ਚਿਰ ਮੈਨੂੰ ਸਪੱਸ਼ਟੀਕਰਨ ਲਿਖਣ ਨੂੰ ਲੱਗਾ ਹੈ ਉਤਨੇ ਚਿਰ ਨੂੰ ਮੈਂ ਇਕ ਹੋਰ ਵੀਡੀਓ ਲਾ ਦੇਣੀ ਸੀ।

ਫਿੱਟੇ ਮੂੰਹ ਸਾਡੇ ਅਤੇ ਅਜਿਹੀ ਪੱਤਰਕਾਰੀ ਤੇ ਸਾਰੇ ਕੀਤੇ ਕਰਾਏ ਤੇ ਪਾਣੀ ਫੇਰ ਕੇ ਰੱਖ ਦਿੱਤਾ। ਮੈਂ ਇਕ ਵਾਰ ਫੇਰ SikhWorldTv ਨੂੰ ਬੇਨਤੀ ਕਰੂਗਾਂ ਕਿ ਉਹ ਵੀ ਆਪਣੇ ਵਿਚਾਰ ਸਾਂਝੇ ਕਰਨ, ਕਿਉਂਕਿ ਉਹ ਪਹਿਲੇ ਦਿਨ ਤੋਂ ਹੀ ਮੇਰੇ ਨਾਲ ਜੁੜੇ ਹਨ।

ਮੈਨੂੰ ਅਫਸੋਸ ਹੈ ਕਿ ਮੇਰੇ ਨਾਲ ਸੰਪਰਕ ਨਹੀਂ ਕੀਤਾ ਗਿਆ। ਜਦ ਗਾਲ੍ਹਾਂ, ਧਮਕੀਆਂ ਅਤੇ ਹੋਰ ਸਭ ਲਈ, ਇਹ ਮਾੜੀ ਪਰਵਰਿਸ਼ ਵਾਲੇ ਲੋਕ ਅਕਾਊਂਟ ਬਣਾ ਸਕਦੇ ਹਨ ਤਾਂ ਕੀ ਸਮਝਿਆ ਜਾਵੇ? ਸਾਡੇ ਪੰਜਾਬੀ ਪੱਤਰਕਾਰਾਂ ਨੂੰ ਹਾਲੇ ਯੂ ਟੂਬ ਅਕਾਊਂਟ ਹੀ ਨਹੀਂ ਬਣਾਉਣਾ ਆਉਂਦਾ ਹੈ।

ਅੱਗੇ ਤਾਂ ਧਰਮ ਪ੍ਰਚਾਰਕਾਂ ਤੋਂ ਨਿਰਾਸ਼ਾ ਸੀ ਪਰ ਪੱਤਰਕਾਰਾਂ ਤੋਂ ਵੀ ਕੋਈ ਆਸ ਨਹੀਂ। ਲੈ ਡੁੱਬੀ, ਮਾੜੀ ਪੱਤਰਕਾਰੀ।


... ਅੱਗੇ ਪੜ੍ਹੋ

ਕੀ ਸਿੱਖ ਕੌਮ ਦੇ ਆਗੂ ਖ਼ੁਦਗਰਜ਼, ... - ਡਾ. ਦਿਲਗੀਰ

ਕੀ ਸਿੱਖ ਕੌਮ ਦੇ ਆਗੂ ਖ਼ੁਦਗਰਜ਼, ਬੁਜ਼ਦਿਲ ਅਤੇ ਬੇਗ਼ੈਰਤ ਹੋ ਰਹੇ ਹਨ? -
ਡਾ. ਹਰਜਿੰਦਰ ਸਿੰਘ ਦਿਲਗੀਰ
ਮਈ 2009 ਵਿਚ ਵਿਆਨਾ, ਆਸਟਰੀਆ ਵਿਚ ਗੁਰੁ ਗ੍ਰੰਥ ਸਾਹਿਬ ਦੀ ਬੇਅਦਬੀ ਰੋਕਣ ਵਾਸਤੇ ਤਲੀ 'ਤੇ ਜਾਨਾਂ ਰੱਖ ਕੇ ਗਏ ਅਤੇ ਜ਼ੁਲਮ ਦਾ ਸ਼ਿਕਾਰ ਹੋਏ ਸਿੱਖ ਯੋਧਿਆਂ ਬਾਰੇ ਬੀਤੇ ਦਿਨ ਜੁਲਾਈ 2009 ਵਿਚ ਸ: ਪਰਮਜੀਤ ਸਿੰਘ ਸਰਨਾ ਨੇ ਆਵਾਜ਼ ਉਠਾਈ ਸੀ। ਇਸ ਤੋਂ ਪਹਿਲਾਂ ਇਸ ਕਲਮਜ਼ਾਰ (ਡਾ: ਦਿਲਗੀਰ) ਨੇ ਵਿਆਨਾ ਦੀ ਘਟਨਾ ਤੋਂ ਦੋ ਦਿਨ ਮਗਰੋਂ (ਮਈ ਵਿਚ) ਹੀ ਇਕ ਬਿਆਨ ਵਿਚ ਆਸਟਰੀਆ ਦੇ ਇਨ੍ਹਾਂ ਨੌਜਵਾਨਾਂ ਦੀ ਕਾਰਵਾਈ ਬਾਰੇ ਕਿਹਾ ਸੀ ਕਿ ਕੋਈ ਵੀ ਸੱਚਾ ਸਿੱਖ ਹੁੰਦਾ ਤਾਂ ਇੰਞ ਹੀ ਕਰਦਾ। ਮੇਰਾ ਬਿਆਨ ਲਾਉਣ ਲੱਗਿਆਂ ਉਦੋਂ ਪੰਜਾਬ ਦੀਆਂ ਅਖ਼ਬਾਰਾਂ ਡਰ ਗਈਆਂ ਸਨ। ਉਨ੍ਹਾਂ ਦੀ ਇਸ ਗ਼ਲਤੀ ਨੇ ਇਸ ਘਟਨਾ ਨੂੰ ਜ਼ਾਤ-ਪਾਤ ਦਾ ਮਸਲਾ ਬਣਾ ਦਿੱਤਾ, ਜਦ ਕਿ ਇਹ ਗੁਰੁ ਗ੍ਰੰਥ ਸਾਹਿਬ ਦੇ ਅਦਬ ਦਾ ਸਵਾਲ ਸੀ। ਆਸਟਰੀਆ ਦੇ ਸਿੱਖਾਂ ਨੇ ਗੁਰੁ ਦਾ ਅਦਬ ਸਤਿਕਾਰ ਬਚਾਉਣ ਵਾਸਤੇ ਐਕਸ਼ਨ ਕੀਤਾ ਅਤੇ ਬੇਪਨਾਹ ਤਸ਼ੱਦਦ ਸਹਾਰਿਆ।

ਪਰ ਅਫ਼ਸੋਸ ਹੈ ਸਿੱਖ ਕੌਮ ਦੇ ਚੌਧਰੀ ਅਖਵਾਉਣ ਵਾਲੇ ਲੋਕਾਂ 'ਤੇ। ਚਾਹੀਦਾ ਤਾਂ ਇਹ ਸੀ ਕਿ ਇਨ੍ਹਾਂ ਸਿੱਖਾਂ ਦੇ ਐਕਸ਼ਨ ਨੂੰ ਉਨ੍ਹਾਂ ਦੀ ਗੁਰੂ ਵਾਸਤੇ ਸ਼ਰਧਾ ਕਾਰਨ ਕਬੂਲ ਕੀਤਾ ਜਾਂਦਾ। ਉਨ੍ਹਾਂ ਦਾ ਐਕਸ਼ਨ ਸੁੱਖਾ ਸਿੰਘ - ਮਹਿਤਾਬ ਸਿੰਘ, ਬਾਬਾ ਦੀਪ ਸਿੰਘ, ਬੇਅੰਤ ਸਿੰਘ, ਸਤਵੰਤ ਸਿੰਘ ਵਰਗਾ ਸੀ ਜਿਨ੍ਹਾਂ ਨੇ ਗੁਰਧਾਮ ਦੀ ਬੇਅਦਬੀ ਸਹਿਣ ਨਾ ਕਰਦਿਆਂ ਕਾਰਨਾਮਾ ਕੀਤਾ ਸੀ। ਪਰ ਬੇਹੱਦ ਸ਼ਰਮ ਦੀ ਗੱਲ ਹੈ ਕਿ (ਮੇਰੇ ਅਤੇ ਪਰਮਜੀਤ ਸਿੰਘ ਸਰਨਾ ਤੋਂ ਸਿਵਾ) ਕਿਸੇ ਵੀ ਸਿੱਖ ਚੌਧਰੀ ਜਾਂ ਜਥੇਬੰਦੀ ਨੇ ਜ਼ਬਾਨ ਨਹੀਂ ਖੋਲ੍ਹੀ। ਕਿਸੇ ਨੂੰ ਵੋਟਾਂ ਦਾ ਡਰ ਸੀ ਤੇ ਕਿਸੇ ਨੂੰ ਦਲਿਤਾਂ ਦੀ ਵਿਰੋਧਤਾ ਦਾ। ਤਵਾਰੀਖ਼ ਲਿਖੇਗੀ ਕਿ ਗੀਦੀ ਆਗੂਆਂ ਨੇ ਸ਼ਰਮਨਾਕ ਹਰਕਤ ਕੀਤੀ ਸੀ ਜਿਸ ਦੀ ਮੁਆਫ਼ੀ ਨਹੀਂ ਦਿੱਤੀ ਜਾ ਸਕਦੀ।

ਇਸ ਤੋਂ ਵੀ ਵੱਡੀ ਅਫ਼ਸੋਸਨਾਕ ਗੱਲ ਹੈ ਕਿ ਹੁਣ ਜਦੋਂ ਪਰਕਾਸ਼ ਸਿੰਘ ਬਾਦਲ ਨੇ ਪਰਮਜੀਤ ਸਿੰਘ ਸਰਨਾ (ਉਸ ਨੂੰ ਸ਼੍ਰੋਮਣੀ ਕਮੇਟੀ ਦੀ ਚੋਣ ਤੋਂ ਪਿੱਛੇ ਹਟਾਉਣ ਵਾਸਤੇ) ਦੇ ਖ਼ਿਲਾਫ਼ ਮੁਜ਼ਾਹਰਿਆਂ ਦਾ ਡਰਾਮਾ ਕਰਵਾਉਣਾ ਸ਼ੁਰੂ ਕੀਤਾ ਹੈ ਤਾਂ ਵੀ ਸਿੱਖ ਚੌਧਰੀ ਚੁੱਪ ਹਨ। ਕਿਸੇ ਅਕਾਲੀ ਦਲ, ਦਲ ਖਾਲਸਾ, ਖਾਲਸਾ ਪੰਚਾਇਤ, ਸਿੱਖ ਸਟੂਡੈਂਟ ਫ਼ੈਡਰੇਸ਼ਨ, ਮਿਸ਼ਨਰੀ ਜਥੇਬੰਦੀ, ਖਾੜਕੂ ਅਖਵਾ ਕੇ ਖ਼ੁਸ਼ ਹੋਣ ਵਾਲੇ ਜਾਂ ਵਿਦਵਾਨ ਨੇ ਪਰਮਜੀਤ ਸਿੰਘ ਸਰਨਾ ਦੇ ਹੱਕ ਵਿਚ ਇਕ ਵੀ ਬਿਆਨ ਨਹੀਂ ਦਿੱਤਾ (ਕੁਝ ਆਮ ਵਰਕਰਾਂ ਦੇ ਬਿਆਨ ਜ਼ਰੂਰ ਆਏ ਹਨ ਜਾਂ 5.8.2008 ਦੇ ਸਪੋਕਸਮੈਨ ਵਿਚ ਬਲਦੇਵ ਸਿੰਘ ਸਰਸਾ ਦਾ ਬਿਆਨ ਹੈ)। ਇਹ ਹੋਰ ਵੀ ਸ਼ਰਮਨਾਕ ਹੈ ਕਿ ਜਦ ਇਨ੍ਹਾਂ ਜਥੇਬੰਦੀਆਂ ਨੂੰ ਜ਼ਰਾ ਮਾਸਾ ਵੀ ਪੀੜ ਹੋਵੇ ਤਾਂ ਸਰਨਾ ਸਭ ਤੋਂ ਪਹਿਲਾਂ ਬਹੁੜੀ ਕਰਦਾ ਹੁੰਦਾ ਹੈ। ਇਹ ਇਨ੍ਹਾਂ ਚੌਧਰੀਆਂ ਦੀ ਫ਼ਰਾਮੋਸ਼ੀ ਵੀ ਹੈ। (ਇੱਥੇ ਇਹ ਸਪਸ਼ਟ ਕਰਨਾ ਜ਼ਰੂਰੀ ਹੈ ਕਿ ਮੈਂ ਪਰਮਜੀਤ ਸਿੰਘ ਸਰਨਾ ਦੀ ਹਰ ਗੱਲ ਨਾਲ ਇਕ ਰਾਏ ਨਹੀਂ ਹਾਂ ਪਰ ਇਸ ਨੁਕਤੇ ਸਬੰਧੀ ਹਰ ਸੱਚਾ ਸਿੱਖ ਉਨ੍ਹਾਂ ਦੇ ਨਾਲ ਹੈ)।

ਪਰ ਇਹ ਕੋਈ ਨਵੀਂ ਗੱਲ ਨਹੀਂ! ਪਿਛਲੇ ਕੁਝ ਦਹਾਕਿਆਂ ਤੋਂ ਬਹੁਤੇ (ਸਾਰੇ ਨਹੀਂ) ਸਿੱਖ ਆਗੂ ਖ਼ੁਦਗਰਜ਼, ਬੁਜ਼ਦਿਲ ਤੇ ਬੇਗ਼ੈਰਤ ਹੋ ਗਏ ਹਨ। ਉਹ ਸਿਰਫ਼ ਆਪਣੀ ਗਰਜ਼ ਤਕ ਹੀ ਮਹਿਦੂਦ ਹਨ। ਜਦ ਕਿਸੇ ਸਿੱਖ ਆਗੂ ਨਾਲ ਧੱਕਾ ਹੋਵੇ ਤਾਂ ਚੁਪ ਵੱਟੀ ਰਹਿੰਦੇ ਹਨ। ਉਹ ਇਹ ਨਹੀਂ ਜਾਣਦੇ ਕਿ ਅਗਲੀ ਵਾਰ ਉਨ੍ਹਾਂ ਦੀ ਵੀ ਆ ਸਕਦੀ ਹੈ। 1996 ਵਿਚ ਬਾਦਲ ਨੇ ਅਮਰਿੰਦਰ ਸਿੰਘ ਨਾਲ ਧੱਕਾ ਕੀਤਾ ਤਾਂ ਟੌਹੜਾ, ਰਵੀ ਇੰਦਰ ਸਿੰਘ, ਬਰਨਾਲਾ, ਕੁਲਦੀਪ ਸਿੰਘ ਵਡਾਲਾ ਤੇ ਹੋਰ ਸਾਰੇ ਚੁਪ ਰਹੇ। ਇਸ ਮਗਰੋਂ 1998 ਵਿਚ ਜਦ ਬਾਦਲ ਨੇ ਟੌਹੜੇ ਨਾਲ ਧੱਕਾ ਕੀਤਾ ਤਾਂ ਜਗਦੇਵ ਸਿੰਘ ਤਲਵੰਡੀ, ਰਵੀ ਇੰਦਰ ਸਿਘ ਚੁਪ ਰਹੇ। ਜਦ ਉਸ ਨੇ ਰਵੀ ਇੰਦਰ ਨਾਲ ਧੱਕਾ ਕੀਤਾ ਤਾਂ ਬਾਕੀ ਚੁਪ ਰਹੇ। ਨਤੀਜਾ ਇਹ ਨਿਕਲਿਆ ਕਿ ਬਾਦਲ ਇਕ ਇਕ ਕਰ ਕੇ ਸਭ ਨੂੰ ਨੁੱਕਰੇ ਲਾਉਂਦਾ ਗਿਆ ਤੇ ਅਖ਼ੀਰ ਸਭ ਦਾ ਮਾਲਕ ਬਣ ਬੈਠਾ। ਹੁਣ ਬਾਦਲ ਦਲ ਵਿਚ ਕਿਸੇ ਦੀ ਕੋਈ ਵੁੱਕਤ ਨਹੀਂ। ਸਭ ਛੋਟੇ ਦਰਜੇ ਦੇ ਚਮਚੇ, ਜਮੂਰੇ ਤੇ ਕਤੂਰੇ ਹਨ; ਉਹ ਸਭ ਨੂੰ ਜ਼ਰਾ ਮਾਸਾ ਟੁੱਕਰ ਪਾ ਦੇਂਦਾ ਹੈ।

ਪਿਛਲੇ 30 ਸਾਲ ਦੀ ਸਿੱਖ ਜੱਦੋਜਹਿਦ ਤੇ ਸਾਕਿਆਂ ਵਿਚ (1978 ਤੋਂ 2009 ਤਕ) ਹਜ਼ਾਰਾਂ ਸਿੱਖਾਂ ਨਾਲ ਧੱਕਾ ਹੋਇਆ, ਹਜ਼ਾਰਾਂ ਨੇ ਜਾਨਾਂ ਵਾਰੀਆਂ ਪਰ ਉਨ੍ਹਾਂ ਦੇ ਨਾਂ 'ਤੇ ਕਰੋੜਾਂ ਰੁਪੈ ਇਕੱਠੇ ਕਰ ਕੇ ਹਜ਼ਮ ਕਰ ਜਾਣ ਵਾਲਿਆਂ ਨੇ ਕਦੇ ਉਨ੍ਹਾਂ ਦੇ ਟੱਬਰਾਂ ਦੀ ਸਾਰ ਨਹੀਂ ਲਈ; ਉਹ ਰੁਲ ਰਹੇ ਹਨ। ਇਹ ਬੜਾ ਸ਼ਰਮਨਾਕ ਹੈ; ਭਲਕ ਨੂੰ ਕੌਮ ਵਾਸਤੇ ਕੌਣ ਕੁਰਬਾਨੀ ਕਰੇਗਾ। ਇਸ ਮਜ਼ਮੂਨ ਵਿਚ ਮੈਂ ਆਪਣੀ ਗੱਲ ਨਹੀਂ ਕਰਨੀ। ਪਰ ਜੋ ਨੀਚਤਾ ਰਣਜੀਤ ਰਾਣਾ, ਡਾ:ਗੁਰਦੀਪ ਜਗਬੀਰ, ਕੁਲਦੀਪ ਚਹੇੜੂ, ਜੋਗਾ ਸਿੰਘ, ਅਗਿਆਨੀ ਪ੍ਰੀਤਮ ਸਿੰਘ ਤੇ ਉਨ੍ਹਾਂ ਦੇ ਚਮਚਿਆਂ ਨੇ ਕੀਤੀ ਉਸ ਸ਼ਰਮਨਾਕ ਕਰਤੂਤ ਸਬੰਧੀ ਕਿਸੇ ਸਿੱਖ ਦੀ ਜ਼ਬਾਨ ਨਹੀਂ ਖੁਲ੍ਹੀ। ਮੈਂ ਤਾਂ ਇਨ੍ਹਾਂ ਪਾਪੀਆਂ ਬਾਰੇ ਇਹੀ ਕਹਿੰਦਾ ਹਾਂ ਕਿ ਪਾਪੀ ਕੇ ਮਾਰਨੇ ਕੋ ਪਾਪ ਮਹਾਂਬਲੀ ਹੈ। ਗੁਰੂ ਗ੍ਰੰਥ ਸਾਹਿਬ ਦਾ ਇਕ ਸ਼ਬਦ ਹੈ:

ਜਾਮ ਗੁਰੁ ਹੈ ਵਲਿ ਲਖ ਬਾਹੇਂ ਕਿਆ ਕੀਜੈ॥


ਇੰਞ ਹੀ ਡਾਕਟਰ ਹਰਸ਼ਿੰਦਰ ਕੌਰ ਨਾਲ ਜੋ ਕੀਤਾ ਜਾ ਰਿਹਾ ਹੈ ਉਸ ਬਾਰੇ ਸਿੱਖ ਜਥੇਬੰਦੀਆਂ ਤੇ ਵਿਦਵਾਨਾਂ ਦੀ ਚੁੱਪ ਵੀ ਬੇਹੱਦ ਸ਼ਰਮਨਾਕ ਹੈ। ਲਾਅਨਤ ਹੈ ਆਪਣੇ ਆਪ ਨੂੰ ਕੌਮ ਦਾ ਨੁਮਾਇੰਦਾ ਕਹਿਣ ਵਾਲਿਆ 'ਤੇ! ਹਰਸ਼ਿੰਦਰ ਕੌਰ ਨੇ ਜੋ ਵੀ ਕੀਤਾ ਹੈ ਕੌਮ ਦੇ ਮੱਥੇ 'ਤੇ ਲੱਗਾ ਦਾਗ਼ ਮਿਟਾਉਣ ਵਾਸਤੇ ਕੀਤਾ; ਕੌਮ ਦਾ ਸਿਰ ਉੱਚਾ ਕਰਨ ਵਾਸਤੇ ਕੀਤਾ; ਆਪਣੇ ਵਾਸਤੇ ਨਹੀਂ।
ਜੇ ਅਜੇ ਵੀ ਕੋਈ ਗ਼ੈਰਤ ਹੇ ਤਾਂ ਥਾਂ ਥਾਂ 'ਤੇ ਆਸਟਰੀਆ ਦੇ ਗ਼ੈਰਤ ਵਾਲੇ ਸਿੱਖਾਂ ਦੀ ਕੁਰਬਾਨੀ, ਪਰਮਜੀਤ ਸਿੰਘ ਸਰਨਾ ਅਤੇ ਹਰਸ਼ਿੰਦਰ ਕੌਰ ਦੇ ਹੱਕ ਵਿਚ ਜੇ ਮੁਜ਼ਾਹਰੇ ਨਹੀਂ ਕਰ ਸਕਦੇ ਤਾਂ ਮੀਟਿੰਗਾਂ, ਸੈਮੀਨਾਰ, ਬਿਆਨ, ਮਤੇ ਤਾਂ ਪਾਸ ਕਰ ਸਕਦੇ ਹਾਂ। ਜੇ ਸਿੱਖ ਜਥੇਬੰਦੀਆਂ ਹੁਣ ਵੀ ਇਸ ਚੈਲੰਜ ਮਗਰੋਂ ਵੀ ਗੁਰੂ ਦੇ ਅਦਬ ਵਾਸਤੇ ਜੂਝਣ ਵਾਲੇ (ਆਸਟਰੀਆ ਦੇ ਸਿੱਖ), ਇਨ੍ਹਾਂ ਜ਼ਿੰਦਾ ਸ਼ਹੀਦਾਂ ਦੀ ਬਾਂਹ ਫੜਨ ਵਾਲੇ (ਪਰਮਜੀਤ ਸਿੰਘ), ਯੂ.ਐਨ. ਓ. ਵਿਚ ਸਿੱਖਾਂ ਦੀ ਪੱਗ ਬਚਾਉਣ ਵਾਲੀ (ਹਰਸ਼ਿੰਦਰ ਕੌਰ) ਵਾਸਤੇ ਹਾਅ ਅਤੇ ਹਮਦਰਦੀ ਦਾ ਨਾਅਰਾ ਨਹੀਂ ਲਾਉਂਦੇ ਤਾਂ ਕੱਲ ਨੂੰ ਕੌਮ ਵਾਸਤੇ ਬੋਲਣ ਵਾਲਾ ਕੋਈ ਨਹੀਂ ਬਚੇਗਾ।
ਜੇ ਬੁਜ਼ਦਿਲ ਹੋ ਤਾਂ ਕੌਮ ਦੀ ਅਗਵਾਈ ਦਾ ਦਾਅਵਾ ਛੱਡ ਦਿਓ; ਨਹੀਂ ਤਾਂ ਤਵਾਰੀਖ਼ ਤੁਹਾਨੂੰ ਗੀਦੀ, ਬੁਜ਼ਦਿਲ, ਖ਼ੁਦਗਰਜ਼, ਦੰਭੀ, ਬੇਗ਼ੈਰਤ ਕਹੇਗੀ। ਆਸ ਹੈ ਆਪ ਅਜਿਹਾ ਨਹੀਂ ਅਖਵਾਉਣਾ ਚਾਹੋਗੇ।

ਅਜ ਬੇਹਯਾ, ਬੁਜ਼ਦਿਲ, ਖ਼ੁਦਗਰਜ਼ ਚੌਧਰੀ ਚੁਪ ਕਰ ਕੇ ਚਾਦਰ ਤਾਣ ਕੇ ਸੁੱਤੇ ਹੋਏ ਹਨ। ਇਹ ਸ਼ਰਮਨਾਕ ਹੈ। ਕੀ ਇਹੋ ਜਿਹੇ ਲੋਕ ਬਾਦਲ ਕੋਲੋਂ ਸ਼੍ਰੋਮਣੀ ਕਮੇਟੀ ਖੋਹ ਲੈਣਗੇ? ਜੇ ਇਹੀ ਵਤੀਰਾ ਹੈ ਤਾਂ ਸੁਫ਼ਨੇ ਵਿਚ ਵੀ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਜਿੱਤਣ ਦਾ ਨਾ ਸੋਚਣ।

ਇੰਟਰਨੈੱਟ ਅਖ਼ਬਾਰ ਦਾ ਲੇਖ ਲਿੰਕ

... ਅੱਗੇ ਪੜ੍ਹੋ

ਸਿੱਖ ਕੌਮ ਵੱਖ ਵੱਖ ਜਾਤੀਆਂ ਦਾ ... - ਜਸਪਾਲ ਸਿੰਘ ਬੈਂਸ

ਸਿੱਖ ਕੌਮ ਵੱਖ ਵੱਖ ਜਾਤੀਆਂ ਦਾ ਇਕ ਗੁਲਦਸਤਾ ਹੈ - ਜਸਪਾਲ ਸਿੰਘ ਬੈਂਸ
ਡਾ ਅੰਬੇਦਗਰ ਵੈਲਫ਼ੇਅਰ ਸੁਸਾਇਟੀ ਇਟਲੀ ਵਲੋਂ ਕੀਤੇ, ਇਕ ਸਮਾਗਮ ਵਿੱਚ ਕਨੇਡਾ ਦੀ ਰਹਿਣਵਾਲੀ ਬੀਬੀ ਕਮਲੇਸ਼ ਅਹੀਰ ਨੇ ਆਪਣੇ ਭਾਸ਼ਨ ਦੁਰਾਨ ਸਿੱਖ ਧਰਮ ਅਤੇ ਖਾਲਸਾ ਪੰਥ ਤੇ ਗੰਭੀਰ ਹਮਲਾ ਕਰਦਿਆਂ, ਗੁਰੁ ਨਾਨਕ ਸਾਹਿਬ ਅਤੇ ਗੁਰੂ ਗੋਬਿੰਦ ਸਿੰਘ ਜੀ ਮਾਹਾਰਾਜ ਜੀ ਦੇ ਸਿਧਾਂਤ ਸਿੱਖੀ ਨੂੰ ਭਗਤ ਰਵੀਦਾਸ ਜੀ ਮਾਹਾਰਾਜ ਅਤੇ ਬੋਧੀ ਧਰਮ ਦਾ ਮਿਲਗੋਬਾ ਦਸਿਆ ਹੈ।

ਦੁਨੀਆਂ ਦੇ ਸਾਰੇ ਧਰਮ ਹੀ ਸਤਿਕਾਰ ਦੇ ਪਾਤਰ ਹਨ। ਅਸੀ ਮਨੁਖ ਕਿਸੇ ਵੀ ਧਰਮ ਤੋਂ ਚੰਗਾ ਗ੍ਰਹਿਣ ਕਰਕੇ ਚੰਗਾ ਜੀਵਨ ਬਤੀਤ ਕਰ ਸਕਦੇ ਹਾਂ। ਜਿਸ ਨਾਲ ਸਾਡੇ ਗੁਆਂਢੀਆਂ ਨੂੰ ਵੀ ਸਾਡੇ ਜੀਵਨ ਰਾਹ ਤੋਂ ਖੁਸ਼ਬੂਅ ਆ ਸਕੇ। ਫ਼ਿਰ ਸਿੱਖ ਧਰਮ ਤਾਂ ਸਰਬੱਤ ਦੇ ਭਲੇ ਦਾ ਧਰਮ ਹੈ। ਇਸ ਨੇ ਗਰੀਬ ਅਤੇ ਨਿਤਾਣੇ ਦੀ ਰਖਿਆ ਕਰਨੀ ਹੈ। ਸਿੱਖ ਇਤਿਹਾਸ ਇਸ ਦੀਆਂ ਅਨੇਕਾਂ ਉਦਾਹਰਣਾ ਨਾਲ ਭਰਿਆ ਪਿਆ ਹੈ।

ਇਸ ਨੇ ਨਾ ਕਦੇ ਕਿਸੇ ਤੇ ਜੁਲਮ ਕੀਤਾ ਹੈ ਅਤੇ ਨਾ ਹੀ ਜੁਲਮ ਸਹਿਆ ਹੈ। ਆਪਣੀ ਖੁਸ਼ੀ ਵਿੱਚ ਤਾਂ ਇਹ ਆਪਣਾ ਸਰਬੰਸ ਤੱਕ ਕੁਰਬਾਨ ਕਰ ਸਕਦਾ ਹੈ। ਪਰ ਜਦੋਂ ਜਾਲਮ ਜੁਲਮ ਕਰਦਾ ਹਟਦਾ ਨਹੀ, ਤਾਂ ਇਸ ਦੀ ਕ੍ਰਿਪਾਨ ਤਿੱਖੀ ਹੋ ਜਾਂਦੀ ਹੈ। ਫ਼ਿਰ ਜਿਵੇਂ ਅਠਾਰਵੀ ਸਦੀ ਵਿੱਚ ਅਤੇ ਹੁਣੇ ਹੀ ਵੀਹਵੀ ਸਦੀ ਦੇ ਅਖੀਰ ਵਿੱਚ ਇਸ ਨੂੰ ਕੁਝ ਕਰਨ ਲਈ ਸਮੇਂ ਦੇ ਗਲਤ ਲੋਕ ਵੰਗਾਰ ਪਾ ਬੈਠਦੇ ਹਨ। ਜਿਸ ਦਾ ਨਤੀਜਾ ਤਬਾਹੀ ਵੀ ਹੋ ਸਕਦਾ ਹੈ। ਅਤੇ ਰਾਜਸੀ ਖਿਚੋਤਾਣ ਵੀ।

ਇਸ ਇਟਲੀ ਵਾਲੇ ਯੂ ਟਿਉਬ ਫ਼ੰਕਸ਼ਨ ਦੀਆਂ ਟੇਪਾਂ ਵਿੱਚ ਬੀਬੀ ਕਮਲੇਸ਼ ਤੋਂ ਇਲਾਵਾ ਕਿਸੇ ਗੁਮਨਾਮ ਕਵੀ ਨੇ ਕਿਹਾ ਹੈ ਕਿ ਇੰਦਰਾ ਮਹਾਨ ਸੀ। ਜਿਸ ਨੇ ਗੰਦੇ ਸਿੰਘਾਂ ਨੂੰ ਸਬਕ ਸਿਖਾਇਆ ਹੈ। ਪਰ ਕਵੀ ਜੀ ਕਿੰਨੇ ਹੋਛੇ ਅਤੇ ਬੇਵਕੂਫ਼ ਸਾਬਤ ਹੋਏ ਹਨ, ਜਿਸ ਨੂੰ ਅਸਲੀਅਤ ਸਮਝ ਹੀ ਨਹੀ ਆਈ। ਅਜਿਹੇ ਫ਼ਿਰਕੂ ਸੋਚ ਵਾਲੇ ਕਵੀ ਸਮਾਜ ਦਾ ਵਿਗਾੜ ਬਹੁਤ ਕੁਝ ਸਕਦੇ ਹਨ। ਪਰ ਸੁਆਰ ਕੁਝ ਨਹੀ ਸਕਦੇ। ਇੰਦਰਾ ਇਕ ਲੋਕਤੰਤਰ ਦੇਸ ਦੀ ਪ੍ਰਧਾਨ ਮੰਤਰੀ ਸੀ। ਨਾ ਕਿ ਕੋਈ ਮਾਹਰਾਣੀ! ਜਿਸ ਨੇ ਤਲਵਾਰ ਦੇ ਜੋਰ ਨਾਲ ਮੱਧ ਯੁੱਗ ਵਿੱਚ ਆਪਣਾ ਰਾਜ ਬਣਾਇਆ ਸੀ। ਤੇ ਉਥੇ ਕਿਸੇ ਹੋਰ ਧਰਮ ਦਾ ਸਮਾਜ ਰਹਿ ਨਹੀ ਸੀ ਸਕਦਾ। ਇੰਦਰਾ ਲੋਕਤੰਤਰ ਦੇਸ਼ ਵਿੱਚ ਲੋਕ ਵੋਟਾਂ ਦੇ ਅਧਾਰ ਤੇ ਪ੍ਰਧਾਨ ਮੰਤਰੀ ਬਣੀ ਸੀ। ਇਸ ਕਰਕੇ ਉਸ ਨੂੰ ਹਰੇਕ ਧਰਮ ਦੇ ਲੋਕਾਂ ਦੇ ਹੱਕਾਂ ਦੀ ਗੱਲ ਕਰਨੀ ਚਾਹੀਦੀ ਸੀ। ਪਰ ਅਜਿਹਾ ਹੋ ਨਾ ਸਕਿਆ। ਸਗੋਂ ਲੋਕਾਂ ਦੇ ਵਿਸ਼ਵਾਸ ਨੂੰ ਤੋੜ ਕੇ ਫ਼ਿਰਕਾਪ੍ਰਸਤੀ ਦੀ ਖੇਡ ਖੇਡੀ। ਜਿਸ ਦਾ ਖਮਿਆਜ਼ਾ ਉਸ ਨੇ, ਪੰਜਾਬ ਨੇ ਅਤੇ ਹਿੰਦੋਸਤਾਨ ਨੇ ਭੁਗਤਿਆ। ਹਜਾਰਾਂ ਗਰੀਬ ਇਨਸਾਨ ਸਰਕਾਰੀ ਅਤੇ ਗੈਰ ਸਰਕਾਰੀ ਦਹਿਸ਼ਤ ਸਮੇਂ ਮਾਰੇ ਗਏ। ਲੱਖਾਂ ਕਰੋੜਾਂ ਦਾ ਨੁਕਸਾਨ ਹੋਇਆ। ਪਰ ਖਟਿਆ ਕੁਝ ਨਾ।

ਇੰਦਰਾ ਦੀ ਮੌਤ ਉਪਰੰਤ, ਕਾਂਗਰਸ ਦੇ ਲੀਡਰਾਂ ਨੇ ਦਿਲੀ ਵਿੱਚ ਅਣਭੋਲ ਸਿੱਖਾਂ ਨੂੰ ਇਸ ਕਰਕੇ ਮਾਰ ਮਕਾਇਆ ਕਿ ਉਹ ਸ਼ਕਲ ਸੂਰਤ ਤੋਂ ਸਿੱਖ ਸਨ। ਅਜਿਹੀ ਦਰਿੰਦਗੀ ਹਿੰਦੋਸਤਾਨ ਦੇ ਇਤਿਹਾਸ ਵਿੱਚ ਖਾਸ ਕਰਕੇ ਦਿੱਲੀ ਦੇ ਇਤਿਹਾਸ ਵਿੱਚ ਅਹਿਮਦ ਸ਼ਾਹ ਦੁਰਾਂਨੀ ਦੇ ੧੭੩੯ ਵਾਲੇ ਕਤਲੇਆਮ ਨਾਲ ਹੀ ਜੋੜੀ ਜਾ ਸਕਦੀ ਹੈ। ਪਰ ਦੁਰਾਨੀ ਨੇ ਸਾਰੇ ਦਿਲੀ ਨਿਵਾਸੀਆਂ ਦੇ ਕਤਲ ਦਾ ਹੁਕਮ ਦਿੱਤਾ ਸੀ। ਜਿਸ ਵਿੱਚ ਮੁਸਲਮਾਨ ਹਿੰਦੂ ਦੋਵੇ ਸ਼ਾਮਲ ਸਨ। ਪਰ ਕਾਗਰਸ ਤਾਂ ਇਸ ਜੁਲਮ ਵਿੱਚ ਅਠਾਰਵੀ ਸਦੀ ਦੇ ਇਸ ਕਤਲੇਆਮ ਨੂੰ ਵੀ ਮਾਤ ਪਾ ਗਈ ਸੀ। ਕਵੀ ਸਾਹਿਬ ਕਾਂਗਰਸ ਦੇ ਮੈਂਬਰ ਹੀ ਹੋ ਸਕਦੇ ਹਨ। ਜੋ ਸਿੰਘਾ ਦੀ ਹਿੰਦ ਪ੍ਰਤੀ ਕੀਤੀਆਂ ਕੁਰਬਾਨੀਆਂ ਨੂੰ ਭੁਲਕੇ ਬ੍ਰਾਹਮਣਵਾਦ ਦਾ ਬੀਜ ਬੀਜਣ ਲਈ ਲੋਕਾਂ ਨੂੰ ਖਾਸ ਕਰਕੇ ਸਾਡੇ ਸਮਾਜ ਦੇ ਗਰੀਬ ਨਿਤਾਣੇ ਅਤੇ ਸਦੀਆਂ ਤੋਂ ਅਖੌਤੀ ਉਚ ਜਾਤੀਆਂ ਦਾ ਸ਼ਿਕਾਰ ਬਣਦੇ ਆ ਰਹੇ, ਵਿਚਾਰੇ ਦਲਿਤਾਂ ਨੂੰ ਭੜਕਾ ਕੇ ਦੁਬਾਰਾ ਖਰਾਬ ਕਰਨਾ ਚਾਹੁੰਦੇ ਹਨ।

ਜਿਸ ਦੀ ਤਾਜਾ ਉਦਾਹਰਣ ਹੁਣੇ ਜਲੰਧਰ ਅਤੇ ਦੁਆਬਾ ਰੀਜ਼ਨ ਦੇ ਹੋਰ ਸ਼ਹਿਰਾਂ ਕਸਬਿਆਂ ਅਤੇ ਪਿੰਡਾਂ ਵਿੱਚ ਇਕੱਲੇ ਜੱਟਾਂ ਦੇ ਬਿਜਨਿਸ਼ਜ਼ ਨੂੰ ਜਾਲਣ ਨਾਲ ਦਿੱਤੀ ਹੈ। ਸਭ ਨੂੰ ਪਤਾ ਹੈ ਕਿ ਵਿਆਨਾ ਵਿੱਚ ਸੰਤਾਂ ਦੇ ਕਤਲ ਵਿੱਚ ਦਲਿਤ ਸਿੱਖ ਵੀ ਸ਼ਾਮਲ ਸਨ। ਹਾਲੇ ਇਹ ਤਾਂ ਪਤਾ ਨਹੀ ਲੱਗਾ ਕਿ ਜੱਟ ਕਿੰਨੇ ਸ਼ਾਮਲ ਸਨ?

ਨਵੰਬਰ ੧੯੮੪ ਵਿੱਚ ਹਿੰਦੂ ਕਾਂਗਰਸੀਆਂ ਨੇ ਸਿੱਖ ਕੌਮ ਨੂੰ ਨਿਸ਼ਾਨਾ ਬਣਾਇਆ ਸੀ। ਜੋ ਦੁਰਾਨੀ ਦੇ ਕਤਲੇਆਮ ਨਾਲੋਂ ਜਿਆਦਾ ਪੱਖਪਾਤੀ ਸੀ। ਪਰ ਮਈ ੨੦੦੯ ਦਾ ਜੱਟ ਜਲ੍ਹਾਊ ਤਮਾਸ਼ਾ ਉਸ ਨਾਲੋਂ ਭਿਆਨਕ ਸੀ। ਜਿਸ ਵਿੱਚ ਸਿਰਫ਼ ਜੱਟਾਂ ਨੂੰ ਹੀ ਨਿਸ਼ਾਨਾ ਬਣਾਇਆ ਗਿਆ। ਪਰ ਉਸ ਜੱਟ ਜਲ੍ਹਾਊ ਭੀੜ ਨੂੰ ਜਲੰਧਰ ਦਾ ਕਾਂਗਰਸੀ ਰਾਜੂ ਨਾਮ ਦਾ ਬੰਦਾ ਲੀਡ ਕਰ ਰਿਹਾ ਸੀ। ਜੇ ਨਵੰਬਰ ੧੯੮੪ ਦੇ ਸਿੱਖ ਕਤਲੇਆਮ ਦੀ ਜੜ੍ਹ ਐਚ ਐਲ ਕੇ ਭਗਤ ਅਤੇ ਜਗਦੀਸ਼ ਟਾਇਟਲਰ ਵਗੈਰਾ ਸਨ, ਤਾਂ ਜਲੰਧਰ ਵਿੱਚ ੨੭ ਮਈ ਨੂੰ ਜੱਟਾਂ ਵਿਰੁਧ ਉਕਸਾਉਣ ਵਾਲਾ ਕਾਂਗਰਸੀ ਮਨਮੋਹਨ ਸਿੰਘ ਰਾਜੂ (ਰੋਜਾਨਾ ਅਜੀਤ ਜਲੰਧਰ ਦੀ ੨੮ ਮਈ ੨੦੦੯ ਦੀ ਰਿਪੋਰਟ ਮੁਤਾਬਕ) ਕਿਵੇ ਸਮਾਜ ਦਾ ਦੁਸ਼ਮਨ ਨਾ ਹੋਇਆ? ਇਸ ਨੇ ਰਸਦੇ ਵਸਦੇ ਸਮਾਜ ਵਿਰੁਧ ਭੀੜ ਨੂੰ ਇਕੱਠਾ ਕਰਕੇ ਕਾਨੂੰਨ ਦੀ ਅਵਗਿਆ ਕੀਤੀ ਹੈ। ਇਸ ਲਈ ਅਜਿਹੇ ਕਰੀਮੀਨਲ ਬੰਦੇ ਨੂੰ ਕਾਨੂੰਨ ਦੇ ਕਟਹਿਰੇ ਵਿੱਚ ਖੜਾ ਕਰਕੇ ਭਾਰਤੀ ਸੰਵਿਧਾਨ ਧਾਰਾ ਮੁਤਾਬਕ ਸਜਾ ਦੇਣੀ ਚਾਹੀਦੀ ਹੈ।
ਇਸ ਨੇ ਦੋ ਭਾਈਚਾਰੇ ਜੋ ਸਦੀਆਂ ਤੋਂ ਇਕ ਦੂਜੇ ਦਾ ਸਾਥ ਦਿੰਦੇ ਆਏ ਸਨ, ਨੂੰ ਆਪਸ ਵਿੱਚ ਭੜਕਾ ਕੇ ਦੁਸਮਨ ਬਣਾਉਣ ਦੀ ਚਾਲ ਚੱਲੀ ਹੈ। ਚਾਰ ਹਜਾਰ ਮੀਲ ਦੂਰ ਇਕ ਸੰਤ ਦੇ ਕਤਲ ਨੂੰ ਪੰਜਾਬ ਦੇ ਲੋਕਾਂ ਨੂੰ ਕਿਵੇ ਕਸੂਰਵਾਰ ਠਹਿਰਾਇਆ ਜਾ ਸਕਦਾ ਹੈ? ਜਿਸ ਖਾਲਿਸਤਾਨੀ ਲੀਡਰ ਨੇ ਸੰਤਾਂ ਦੇ ਕਤਲ ਦੀ ਜਿਮੇਬਾਰੀ ਲਈ ਸੀ, ਉਸ ਬਾਰੇ ਪੱਕਾ ਸਬੂਤ ਕਿਸੇ ਕੋਲ ਨਹੀ ਹੈ। ਇਸ ਮਨਮੋਹਨ ਸਿੰਘ ਰਾਜੂ ਨੂੰ ਕਿਵੇ ਪਤਾ ਸੀ ਕਿ ਉਹ ਜੱਟ ਹੈ? ਜੱਟਾਂ ਵਿਰੁਧ ਸਾਜਿਸ਼ ਕਾਫ਼ੀ ਸਮੇਂ ਤੋਂ ਬਣਾਈ ਜਾ ਰਹੀ ਸੀ। ਮੌਕਾ ਨਾ ਮਿਲਣ ਕਰਕੇ ਇਹ ਡਲੇਅ ਹੁੰਦੀ ਆਈ ਹੈ। ਵਿਆਨਾ ਕਾਂਡ ਤਾਂ ਇਕ ਪੱਜ ਸੀ।

ਜਿਥੋਂ ਤੱਕ ਸਿੱਖ ਧਰਮ ਵਿੱਚ ਜੱਟਾਂ ਦੀ ਗੱਲ ਹੈ। ਉਸ ਨਾਲ ਸਾਡੇ ਸਮਾਜ ਦਾ ਕੋਈ ਵੀ ਸਿਆਣਾ ਬੰਦਾ ਸਿੱਖ ਧਰਮ ਨੂੰ ਜੱਟ ਬਰਾਦਰੀ ਨਾਲ ਰਲ੍ਹ ਗੱਡ ਨਹੀ ਕਰ ਸਕਦਾ। ਅਸਲ ਵਿੱਚ ਸਾਡਾ ਪੰਜਾਬੀ ਸਮਾਜ ਹਿੰਦੋਸਤਾਨੀ ਸਮਾਜ ਨਾਲੋਂ ਕਿਤੇ ਵੱਧ ਸਿਆਣਾ ਹੈ। ਪੰਜਾਬ ਵਿੱਚ ਕਦੇ ਕਿਸੇ ਨੇ ਦਲਿਤਾਂ ਤੇ ਜੁਲਮ ਨਹੀ ਕੀਤਾ। ਹਿੰਦੋਸਤਾਨ ਵਿੱਚ ਆਏ ਦਿਨ ਪਿੰਡਾਂ ਦੇ ਪਿੰਡ ਉਚ ਜਾਤੀ ਬ੍ਰਾਹਮਣਾਂ ਅਤੇ ਉਨ੍ਹਾਂ ਦੇ ਪਿਛਲੱਗ ਠਾਕੁਰਾਂ ਵਲੋਂ ਤਬਾਹ ਕੀਤੇ ਜਾ ਰਹੇ ਹਨ। ਦਲਿਤਾਂ ਦੀਆਂ ਸੋਹਣੀਆਂ ਲੜਕੀਆਂ ਨੂੰ ਸ਼ਰੇਆਮ ਰੇਪ ਕਰਕੇ ਮਾਰਿਆ ਜਾ ਰਿਹਾ ਹੈ।

ਬਿਹਾਰ ਮੱਧ ਪ੍ਰਦੇਸ ਵਗੈਰਾ ਸੂਬਿਆਂ ਵਿੱਚ ਦਲਿਤ ਲੜਕੀਆਂ ਦੇ ਡੋਲੇ ਲੜਕੇ ਦੇ ਘਰ ਜਾਣ ਤੋਂ ਪਹਿਲਾਂ ਠਾਕੁਰਾਂ ਦੇ ਘਰ ਜਾਂਦੇ ਹਨ। ਜਿਸ ਤਰ੍ਹਾਂ ਮੁਗਲਾ ਵੇਲੇ ਬ੍ਰਾਹਮਣਾ ਦੀਆਂ ਲੜਕੀਆਂ ਦੇ ਡੋਲ੍ਹੇ ਮੁਗਲ ਚੌਧਰੀਆਂ ਦੇ ਘਰ ਜਾਂਦੇ ਸਨ। ਇਹ ਤਾਂ ਖਾਲਸੇ ਦਾ ਕਰਮ ਸੀ ਕਿ ਉਨ੍ਹਾਂ ਇਨ੍ਹਾਂ ਦੀ ਪੱਤ ਨੂੰ ਬਚਾਉਣ ਲਈ ਮੁਸਲਮਾਨਾਂ ਨਾਲ ਦੁਸ਼ਮਣੀ ਪਾ ਲਈ ਜਿਨ੍ਹਾਂ ਨੂੰ ਅੱਜ ਸ਼ਾਬਾਸ਼ ਦੇਣੀ ਬਣਦੀ ਸੀ। ਪਰ ਉਲਟਾ ਮੌਜੂ ਬਣਾਇਆ ਜਾ ਰਿਹਾ ਹੈ। ਸੋ ਕਮਲੇਸ਼ ਜੀ ਕ੍ਰਿਪਾ ਕਰਕੇ ਖਾਲਸਾ ਪੰਥ ਨੂੰ ਤਗੜਿਆਂ ਕਰੋ। ਜਿਸ ਨੇ ਗਮਾ ਤੋਂ ਰਹਿਤ ਰਾਜ ਬਣਾਉਣਾ ਹੈ। ਜਿਥੇ ਸਮਾਜ ਦੇ ਕਮਜੋਰ ਵਰਗ ਨੇ ਵੀ ਸੁਖ ਭੋਗਣੇ ਹਨ।

ਪਰ ਸਾਨੂੰ ਅਫ਼ਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਕਮਲੇਸ਼ ਅਹੀਰ ਨੇ ਨਾ ਤਾਂ ਹਿੰਦੋਸਤਾਨ ਦਾ ਇਤਿਹਾਸ ਪੜ੍ਹਿਆ ਹੈ ਨਾ ਹੀ ਫ਼ਿਰਕਾਪ੍ਰਸਤੀ ਦੀ ਆੜ ਵਿੱਚ ਸਿੱਖ ਇਤਿਹਾਸ ਪੜ੍ਹਿਆ ਹੈ। ਉਨ੍ਹਾਂ ਦੇ ਬੋਲਣ ਦਾ ਅੰਦਾਜ ਅਖੌਤੀ ਬ੍ਰਾਹਮਣਾ ਵਾਲਾ ਹੈ। ਜਿਸ ਵਿੱਚ ਹੰਕਾਰ ਹੈ। ਸ਼ਾਇਦ ਇਸ ਕਰਕੇ ਕਿ ਉਹ ਕਨੇਡਾ ਵਿੱਚ ਪੱਕੀ ਰਹਿ ਰਹੀ ਹੈ। ਅਤੇ ਉਸ ਦੇ ਸਾਹਮਣੇ ਬੈਠੇ ਲੋਕ, ਇਟਲੀ ਵਿੱਚ ਬਹੁਤੇ ਕੱਚੇ ਹਨ। ਉਹ ਆਪਣੇ ਸੁਣਨ ਵਾਲੇ ਲੋਕਾਂ ਨੂੰ ਕਹਿ ਰਹੀ ਹੈ ਕਿ ਤੁਸੀ ਤਾਂ ਬੇਸਮਝ ਹੋ, ਤੁਹਾਨੂੰ ਸਮਝਾਉਣ ਲਈ ਮੈਥੋ ਵਾਰ ਵਾਰ ਤਾਂ ਇਥੇ ਆ ਨਹੀ ਹੋਣਾ। ਕਮਾਲ ਹੈ ਕਿ ਕਮਲੇਸ਼ ਦਸਦੀ ਹੈ ਆਪਣੇ ਆਪ ਨੂੰ ਇਨ੍ਹਾਂ ਦਲਿਤਾਂ ਦਾ ਮਸੀਹਾ। ਪਰ ਵਾਰ ਵਾਰ ਆਉਣ ਤੋਂ ਡਰਦੀ ਹੈ।

ਇਕ ਗੱਲ ਇਤਿਹਾਸਕ ਤੌਰਤੇ ਕਹਿਣੀ ਬਣਦੀ ਹੈ, ਜੇ ਨਾ ਲਿਖੀ ਗਈ ਤਾਂ ਕਈਆਂ ਨੂੰ ਅਭਿਮਾਨ ਹੋ ਜਾਵੇਗਾ ਕਿ ਬਾਬਾ ਸਾਹਿਬ ਡਾ ਅੰਬੇਦਗਰ ਸਾਹਿਬ ਨੇ ਸਾਨੂੰ ਜਿਉਣ ਦਾ ਰਾਹ ਦਿੱਤਾ ਹੈ। ਪਰ ਜੋ ਕੁਝ ਉਨ੍ਹਾਂ ਨੇ ੧੯੫੦ ਵਾਲੇ ਹਿੰਦੋਸਤਾਨੀ ਸੰਵਿਧਾਨ ਵਿੱਚ ਲਿਖਿਆ ਹੈ, ਉਹ ਸਭ ਨੂੰ ਹੈਰਾਨ ਕਰ ਰਿਹਾ ਹੈ। ਭਾਰਤੀ ਸੰਵਿਧਾਨ ਦੀ ਧਾਰਾ ੨੫ ਜਿਸ ਨੇ ਸਿੱਖ ਕੌਮ ਦੀ ਨੀਂਦ ਹਰਾਮ ਕੀਤੀ ਹੋਈ ਹੈ। ਜਿਸ ਵਿੱਚ ਉਨ੍ਹਾਂ ਇਕੱਲੇ ਸਿੱਖਾਂ ਨੂੰ ਹੀ ਨਹੀ ਬਲ ਕਿ ਬੋਧੀਆਂ ਅਤੇ ਜੈਨੀਆਂ ਨੂੰ ਵੀ ਹਿੰਦੂ ਧਰਮ ਦਾ ਹਿੱਸਾ ਬਣਾ ਦਿੱਤਾ ਹੈ। ਜਿਹੜਾ ਹਿੰਦੋਸਤਾਨ ਨੂੰ ਤਬਾਹੀ ਵੱਲ ਲਗਾਤਾਰ ਲਿਜਾ ਰਿਹਾ ਹੈ।

ਮੇਰੇ ਖਿਆਲ ਵਿੱਚ ਕੋਈ ਵੀ ਮਸੀਹਾ ਅਜਿਹੀ ਗੰਭੀਰ ਗਲਤੀ ਨਹੀ ਕਰ ਸਕਦਾ। ਜਿਹੜੀ ਡਾ ਅੰਬੇਦਗਰ ਸਾਹਿਬ ਨੇ ਕੀਤੀ ਹੈ। ਜਿਸ ਧਰਮ ਨੂੰ ਉਹ ਆਪ ਮੰਨਦੇ ਸਨ, ਉਸ ਧਰਮ ਦੀਆਂ ਜੜ੍ਹਾਂ ਵਿੱਚ ਤੇਲ ਦੇਣਾ ਕਿੰਨੀ ਕੁ ਸਿਆਣੀ ਗੱਲ ਹੋ ਸਕਦੀ ਹੈ! ਬੀਬੀ ਜੀ ਨੇ ਕਿਹਾ ਹੈ ਕਿ ਗੁਰੂ ਗੋਬਿੰਦ ਸਿੰਘ ਨੇ ਸਿੱਖ ਸ਼ਬਦ ਬੁਧ ਧਰਮ ਤੋਂ ਲਿਆ ਹੈ। ਪਰ ਇਸ ਅਣਜਾਣ ਬੀਬੀ ਨੂੰ ਤਾਂ ਇਹ ਵੀ ਨਹੀ ਪਤਾ ਕਿ ਸਿੱਖ ਧਰਮ ਨੂੰ ਸ਼ੁਰੂ ਕਰਨ ਵਾਲਾ ਗੁਰੂ ਗੋਬਿੰਦ ਸਿੰਘ ਨਹੀ ਸੀ। ਇਹ ਤਾਂ ਗੁਰੂ ਨਾਨਕ ਸਾਹਿਬ ਨੇ ੧੪੯੭ ਵਿੱਚ ਅਰੰਭ ਕੀਤਾ ਸੀ। ਉਸ ਸਮਾਗਮ ਵਿੱਚ ਕਮਲੇਸ਼ ਨੇ ਹੋਰ ਬਹੁਤ ਕੁਝ ਸੱਚ ਵਰਗਾ ਝੂਠ ਬੋਲ ਕੇ ਸਿੱਖ ਧਰਮ ਪ੍ਰਤੀ ਨਫ਼ਰਤ ਦਾ ਪ੍ਰਗਟਾਵਾ ਕੀਤਾ ਹੈ। ਬੋਧੀਆਂ ਨੂੰ ਮੀਡੀਏ ਉਪਰ ਕਬਜਾ ਕਰਨ ਦੀ ਚੇਸ਼ਟਾ ਜਿਤਾਈ ਹੈ। ਪਰ ਕਮਲੇਸ਼ ਨੂੰ ਸ਼ਾਇਦ ਪਤਾ ਨਹੀ, ਕਿ ਇਹ ਯੁੱਗ ਕਰਾਂਤੀਕਾਰੀਆਂ ਦਾ ਯੁੱਗ ਹੈ। ਕੋਈ ਵੀ ਕਿਸੇ ਵੀ ਖੇਤਰ ਵਿੱਚ ਆਪਣੀਆਂ ਇਸ਼ਾਵਾਂ ਮੁਤਾਬਕ, ਤਰੱਕੀ ਕਰ ਸਕਦਾ ਹੈ। ਪਰ ਜੇ ਉਹ ਸੱਚ ਦੇ ਨੇੜੇ ਹੋਵੇਗਾ ਤਾਂ ਸਫ਼ਲਤਾ ਦੇ ਜਿਆਦਾ ਚਾਂਸ ਹਨ।

ਕਮਲੇਸ਼ ਦੇ ਪਿਛੇ ਕੌਣ ਹੈ ਹਾਲੇ ਕਿਸੇ ਨੂੰ ਸ਼ਾਇਦ ਨਾ ਪਤਾ ਹੋਵੇ। ਪਰ ਜੋ ਗਲਤੀ ਕਮਲੇਸ਼ ਤੋਂ ਕਰਾਈ ਜਾ ਰਹੀ ਉਹ ਕਿਸੇ ਦੇ ਵੀ ਹੱਕ ਵਿੱਚ ਨਹੀ ਜਾਵੇਗੀ। ਸਿੱਖ ਕੌਮ ਦੀਆਂ ਕੀਤੀਆਂ ਕੁਰਬਾਨੀਆਂ, ਜੋ ਪਿਛਲੇ ੫੦੦ ਸਾਲਾਂ ਦੇ ਇਤਿਹਾਸ ਨੂੰ ਉਜਾਗਰ ਕਰ ਰਹੀਆਂ ਹਨ, ਨੂੰ ਮਿੱਟੀ ਵਿੱਚ ਰਲਾਉਣ ਦੀ ਕੋਸਿਸ਼ ਕੀਤੀ ਹੈ। ਸਿੱਖ ਧਰਮ ਨੇ ਆਪਣੇ ਜਨਮ ਤੋਂ ਲੈ ਕੇ ਅੱਜ ਤੱਕ ਨਾ ਹਿੰਦੂ ਧਰਮ ਨੂੰ, ਨਾ ਹਿੰਦੋਸਤਾਨ ਦੀ ਸਭਿਅਤਾ ਨੂੰ, ਨਾ ਹੀ ੧੯੪੭ ਤੋਂ ਪਹਿਲਾਂ ਅਤੇ ਬਾਅਦ ਵਿੱਚ ਕੋਈ ਅਜਿਹੀ ਗਦਾਰੀ ਕੀਤੀ ਹੈ। ਜਿਸ ਨਾਲ ਉਪਰ ਲਿਖੇ ਅਦਾਰਿਆਂ ਨੂੰ ਕੋਈ ਨੁਕਸਾਨ ਪਹੁੰਚਾ ਹੋਵੇ। ਇਹ ਸਿੱਖ ਕੌਮ ਦੀ ਕ੍ਰਿਪਾਨ ਹੀ ਹੈ, ਜੋ ਇਨ੍ਹਾਂ ਆਮ ਜਿਹੇ ਲੋਕਾਂ ਵਿੱਚ ਆਤਮ ਵਿਸਵਾਸ਼ ਭਰਦੀ ਆਈ ਹੈ। ਜਿਸ ਨੇ ਹਿੰਦਮਾਹਾਦੀਪ ਦੀ ਅਜਾਦੀ ਵਿੱਚ ਇਕ ਮੱਹਤਵਪੂਰਨ ਰੋਲ ਅਦਾ ਕੀਤਾ।

ਬੀਬੀ ਜੀ ਨੇ ਕਿਹਾ ਹੈ ਕਿ ਇਹ ਬੇਵਕੂਫ਼ ਸਿੱਖ ਕ੍ਰਿਪਾਨਾ ਪਾਈ ਫ਼ਿਰਦੇ ਹਨ। ਜਦੋਂ ਸਮਾਂ ਮਿਜਾਇਲਾਂ ਦਾ ਹੈ। ਵੈਸੇ ਇਹ ਲਿਖਣਾ ਬਹੁਤਾ ਜਰੂਰੀ ਨਹੀ ਹੈ। ਪਰ ਅਸੀ ਸਮਝਦੇ ਹਾਂ ਕਿ ਕਈ ਵਾਰ ਗਰੀਬ ਭਾਵੇ ਉਹ ਸਮਾਜਿਕ ਤੌਰਤੇ ਹੋਵੇ ਜਾਂ ਦਿਮਾਗੀ ਤੌਰਤੇ, ਉਸ ਨਾਲ ਖਾਲਸੇ ਦੀ ਦੁਸ਼ਮਣੀ ਨਹੀ, ਸਗੋਂ ਹਮਦਰਦੀ ਹੁੰਦੀ ਹੈ। ਖਾਲਸਾ ਗਰੀਬ ਦੀ ਰਖਿਆ ਲਈ ਹੈ ਅਤੇ ਜਾਲਮ ਦੀ ਭੱਖਿਆਂ ਲਈ ਹੈ। ਅਸੀ ਨਹੀ ਚਾਹੁੰਦੇ ਕਿ ਅਕਾਲ ਪੁਰਖ ਦੀ ਸੰਤਾਨ ਜਾਣ ਬੁੱਝ ਕੇ ਗਲਤ ਰਸਤੇ ਪੈ ਜਾਵੇ ਅਤੇ ਕੋਈ ਉਸ ਨੂੰ ਜਾਲਮਾਂ ਵਿੱਚ ਸ਼ਾਮਲ ਕਰ ਲਵੇ!

ਪਰ ਫ਼ਿਰ ਵੀ ਬੀਬੀ ਕਮਲੇਸ਼ ਨੂੰ ਦੱਸਣ ਲਈ ਲਿਖਿਆ ਜਾ ਰਿਹਾ ਹੈ ਕਿ ਦੁਨੀਆਂ ਦੀਆਂ ਵੱਡੀਆਂ ਤਾਕਤਾਂ ਜਿਨ੍ਹਾਂ ਕੋਲ ਮਿਜਾਇਲਾਂ ਦਾ ਕੋਈ ਘਾਟਾ ਨਹੀ ਹੈ। ਅਤੇ ਨਾ ਹੀ ਕਿਸੇ ਹੋਰ ਮਾਡਰਨ ਹਥਿਆਰਾਂ ਦਾ। ਪਰ ਉਨ੍ਹਾਂ ਦੇ ਪ੍ਰਧਾਨ ਮੰਤਰੀਆਂ, ਰਾਣੀਆਂ, ਰਾਜਿਆਂ, ਰਾਸ਼ਟਰਪਤੀਆਂ ਅਤੇ ਤਾਕਤਵਰ ਫ਼ੌਜਾਂ ਦੇ ਜਰਨੈਲਾਂ ਨੂੰ ਜਦੋਂ ਸਨਮਾਨਿਤ ਕੀਤਾ ਜਾਂਦਾ ਹੈ, ਤਾਂ ਉਸ ਸਿਰੀ ਸਾਹਿਬ ਨਾਲ ਹੀ ਕੀਤਾ ਜਾਂਦਾ ਹੈ। ਗਾਰਡ ਆਫ਼ ਆਨਰ ਨੰਗੀਆਂ ਕ੍ਰਿਪਾਨਾਂ ਨਾਲ ਹੀ ਹੁੰਦਾ ਹੈ। ਕ੍ਰਿਪਾਨਾਂ ਹੀ ਭੇਂਟ ਕੀਤੀਆਂ ਜਾਂਦੀਆਂ ਹਨ। ਮਿਜਾਇਲਾਂ ਨਹੀ।

ਖਾਲਸਾ ਆਪਣੇ ਗਲ੍ਹ ਵਿੱਚ ਜਦੋਂ ਕ੍ਰਿਪਾਨ ਸਜਾਉਦਾ ਹੈ ਤਾਂ ਉਹ ਕਲਗੀਧਰ ਨੂੰ ਨਮਸਕਾਰ ਕਰਦਾ ਹੋਇਆ ਆਪਣੇ ਮੰਨ ਮਸਤਕ ਵਿੱਚ ਉਸ ਗਰੀਬ ਨਿਵਾਜ ਪਾਤਸ਼ਾਹ ਦਾ ਦਿੱਤਾ ਹੋਇਆ ਹੁਕਮ ਹੀ ਦੁਹਰਾਂਉਦਾ ਹੈ। ਵੈਸੇ ਸਿੱਖ ਧਰਮ ਦਾ ਬੁਧ ਧਰਮ ਨਾਲ ਕੋਈ ਮੁਕਾਬਲਾ ਨਹੀ। ਬੁਧ ਧਰਮ ਪ੍ਰਮਾਤਮਾ ਵਿੱਚ ਵਿਸ਼ਵਾਸ਼ ਨਹੀ ਰਖਦਾ। ਉਸ ਦੀ ਹੋਂਦ ਤੋਂ ਇਨਕਾਰੀ ਹੈ। ਪਰ ਸਿੱਖ ਧਰਮ ਪ੍ਰਮਾਤਾਮਾ ਨਾਲੋਂ ਅੱਲਗ ਨਹੀ ਹੁੰਦਾ। ਇਸ ਦੇ ਬੁਨਿਆਦੀ ਸਿਧਾਂਤਾਂ ਵਿੱਚ ਜਮੀਨ ਅਸਮਾਨ ਦਾ ਫ਼ਰਕ ਹੈ।

ਬੁਧ ਧਰਮ ਨੇ ਹੀ ਇਕ ਸਮੇਂ ਮਹਾਨ ਅਸ਼ੋਕ ਨੂੰ ਡਰਪੋਕ ਬਣਾ ਦਿੱਤਾ ਸੀ। ਉਸ ਨੇ ਆਪਣੀ ਤਲਵਾਰ ਕਹਿੰਦੇ ਹਨ ਕਿ ਉੜੀਸਾ ਦੇ ਦਰਿਅ ਵਿੱਚ ਸੁੱਟ ਦਿੱਤੀ ਸੀ। ਇਸ ਕਮਜੋਰੀ ਨੇ ਛੇਤੀ ਹੀ ਬੁਧ ਧਰਮ ਨੂੰ ਹਿੰਦੋਸਤਾਨ ਵਿੱਚੋ ਖਤਮ ਕਰ ਦਿੱਤਾ ਸੀ। ਸਿੱਖ ਧਰਮ ਸ਼ਕਤੀ ਅਤੇ ਭਗਤੀ, ਮੀਰੀ ਅਤੇ ਪੀਰੀ, ਸੰਤ-ਸਿਪਾਹੀ ਵਿੱਚ ਵਿਸ਼ਵਾਸ ਰਖਦਾ ਹੈ। ਇਹ ਸਮੇ ਅਨੁਸਾਰ ਆਪਣਾ ਰੋਲ ਅਦਾ ਕਰਦਾ ਆਇਆ ਹੇ। ਜੇ ਸ਼ਾਂਤੀ ਦੀ ਗੱਲ ਹੋਈ ਤਾਂ ਗੁਰੂ ਅਰਜਨ ਦੇਵ, ਗੁਰੂ ਤੇਗ ਬਹਾਦਰ, ਭਾਈ ਸਤੀ ਦਾਸ, ਭਾਈ ਮਤੀ ਦਾਸ, ਭਾਈ ਮਨੀ ਸਿੰਘ, ਭਾਈ ਤਾਰੂ ਸਿੰਘ, ਭਾਈ ਸੰਗਤ ਸਿੰਘ ਅਤੇ ਅਨੇਕਾਂ ਸਿੰਘਣੀਆਂ ਨੇ ਸ਼ਾਂਤ ਰੂਪ ਵਿੱਚ, ਦਹਿਸ਼ਤ ਸਮੇਂ ਨੂੰ ਅਨੰਦਪੂਰਵਕ ਬਣਾ ਕੇ ਆਪਾ ਵਾਰ ਦਿੱਤਾ।

ਜਦੋਂ ਸ਼ਕਤੀ ਦੀ, ਸਿਪਾਹੀਪੁਣੇ ਦਾ ਸਮਾਂ ਆਇਆ ਤਾਂ ਗੁਰੂ ਹਰਿਗੋਬਿੰਦ ਸਾਹਿਬ, ਗੁਰੂ ਗੋਬਿੰਦ ਸਿੰਘ ਸਾਹਿਬ, ਬਾਬਾ ਬੰਦਾ ਸਿੰਘ ਬਹਾਦਰ, ਬਾਬਾ ਦੀਪ ਸਿੰਘ, ਸੰਤ ਜਰਨੈਲ ਸਿੰਘ ਭਿੰਡਰਾਵਾਲਾ, ਭਾਈ ਬੇਅੰਤ ਸਿੰਘ ਅਤੇ ਭਾਈ ਸਤਵੰਤ ਸਿੰਘ ਬਣ ਕੇ ਲੋਕ ਬੋਲਾਂ ਵਿੱਚ ਸਮਾ ਗਏ। ਗੁਰੂ ਨਾਨਕ ਸਾਹਿਬ ਜਦੋਂ ਜੋਤੀ ਜੋਤ ਸਮਾਏ ਸਨ ਤਾਂ ਮੁਸਲਮਾਨ ਅਤੇ ਹਿੰਦੂ ਆਪੋ ਆਪਣੀਆਂ ਰਹੁ ਰੀਤਾਂ ਅਨੁਸਾਰ ਸੰਸਕਾਰ ਕਰਨ ਲਈ ਝਗੜੇ ਸਨ, ਤਾਂ ਚਾਦਰ ਉਠਾਉਣ ਸਮੇਂ ਉਥੇ ਸਿਰਫ਼ ਇਕ ਗੁਲਾਬ ਦਾ ਫ਼ੁਲ ਹੀ ਮਿਲਿਆ ਸੀ। ਇਸੇ ਤਰ੍ਹਾਂ ਦਸਵੇ ਗੁਰੂ, ਗੁਰੂ ਗੋਬਿੰਦ ਸਿੰਘ ਜੀ ਦੇ ਸੰਸਕਾਰ ਸਮੇਂ ਅੰਗੀਠੇ ਵਿੱਚੋ ਸਿਰਫ਼ ਕਮਲੇਸ਼ ਵਾਲੀ ਕ੍ਰਿਪਾਨ ਹੀ ਨਿਕਲੀ ਸੀ। ਕਈ ਚਿੰਤਕਾ ਦਾ ਖਿਆਲ ਹੈ, ਕਿ ਜਦੋਂ ਸਿੱਖ ਸ਼ਾਂਤੀ ਪੂਰਵਕ ਹੁੰਦਾ ਹੈ ਤਾਂ ਉਹ ਗੁਲਾਬ ਦੇ ਫ਼ੁਲ ਵਾਂਗ ਹੈ। ਜਦੋਂ ਉਹ ਤੇ ਜੁਲਮ ਹੋਵੇ ਤਾਂ ਉਹ ਕ੍ਰਿਪਾਨ ਵਾਂਗ ਤਿੱਖਾ ਹੋ ਜਾਂਦਾ ਹੈ।

ਸਿੱਖ ਕੌਮ ਕਿਸੇ ਇਕ ਜਾਤ ਜਾਂ ਬਰਦਾਰੀ ਦੇ ਸਿਰ ਤੇ ਨਹੀ ਖੜੀ। ਇਸ ਦੀਆਂ ਜੜ੍ਹਾਂ ਵਿੱਚ ਸਾਰੀਆਂ ਜਾਤਾਂ ਦੇ ਸਿੱਖਾਂ ਨੇ ਆਪਣਾ ਖੂਨ ਡੋਲ ਕੇ ਇਸ ਕੌਮ ਨੂੰ ਤਾਕਤਵਰ ਬਣਾਇਆ ਹੈ। ਇਸ ਵਿੱਚ ਜੱਟ, ਬ੍ਰਾਹਮਣ, ਚਮਾਰ, ਨਾਈ, ਛੀਂਬੇ, ਜੁਲਾਹੇ, ਤਰਖਾਣ-ਲੁਹਾਰ, ਵਣਜਾਰੇ, ਖੱਤਰੀ, ਗੁਜਰ, ਭਾਟੜੇ, ਬਾਲਮੀਕੀਏ ਅਤੇ ਹੋਰ ਸਭ ਸ਼ਾਮਲ ਹਨ। ਇਹ ਹੀ ਸਿੱਖੀ ਦਾ ਗੁੱਲਦਸਤਾ ਹੈ। ਜਾਤਾਂ ਨੂੰ ਆਪਸ ਵਿੱਚ ਲੜਾਉਣਾ, ਜਿਥੇ ਦੇਸ਼ ਦੇ ਹਿਤਾਂ ਵਿੱਚ ਨਹੀ ਹੈ, ਉਥੇ ਧਰਮ ਵੀ ਇਸ ਨੂੰ ਨਿਕਾਰਦਾ ਆਇਆ ਹੈ। ਸਿੱਖ ਧਰਮ ਵਿੱਚ ਅਜਿਹੇ ਗਲ੍ਹੇ ਸੜੇ ਸਿਧਾਂਤ ਨੂੰ ਕੋਈ ਥਾਂ ਨਹੀ ਹੈ। ਗੁਰੂ ਗ੍ਰੰਥ ਸਾਹਿਬ ਦੁਨੀਆਂ ਦਾ ਇਕੋ ਇਕ ਧਾਰਮਿਕ ਗੁਰੂ ਹੈ, ਜੋ ਸਭ ਨੂੰ ਆਪਣੇ ਕਲਾਵੇ ਵਿੱਚ ਲੈ ਕੇ ਪਿਆਰ ਅਤੇ ਸਤਿਕਾਰ ਦਿੰਦਾ ਹੈ ਅਤੇ ਹਰੇਕ ਦੁਨਿਆਵੀ ਲੋੜ ਨੂੰ ਪੂਰਿਆਂ ਕਰਦਾ ਹੈ।

... ਅੱਗੇ ਪੜ੍ਹੋ

ਡੇਰੇ ਫਸਾਦ ਦੀ ਜ਼ੜ੍ਹ - ਰਣਜੀਤ ਸਿੰਘ ਦੁਲੇ

ਅੱਜ ਜੋ ਕੁਝ ਵੀ ਪੰਜਾਬ "ਚ" ਜਾਂ ਅਸਟਰੀਆ ਵਿੱਚ ਹੋਇਆ ਇੱਹ ਨਹੀਂ ਹੋਣਾਂ ਚਾਹੀਦਾ ਸੀ। ਪਰ ਇੱਸ ਪਿੱਛੇ ਕਿਹੜੀ ਸਾਜਿਸ਼ ਕੰਮ ਕਰ ਰਹੀ ਹੈ। ਇੱਸ ਦਾ ਵੀ ਅੱਜੇ ਖੁੱਲ ਕਿ ਸਾਹਮਣੇਂ ਆਉਣਾਂ ਬਾਕੀ ਹੈ। ਸਭ ਤੋ ਪਹਿਲਾਂ ਤਾਂ ਜਿਨੇ ਵੀ ਅਖੌਤੀ ਸਾਧ ਜਾਂ ਸੰਤ ਜੋ ਡੇਰੇ ਚਲਾਉਂਦੇ ਨੇ ਇਹਨਾਂ ਸਾਰਿਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਹੋਇਆ ਹੈ। ਕਿਉਂਕਿ ਉਸ ਤੋਂ ਬਗੈਰ ਸੰਗਤ ਨਹੀਂ ਆਉਂਦੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ ਕਰਨਾਂ ਕੋਈ ਮਾੜੀ ਗੱਲ਼ ਨੀ ਪਰ ਮਾਣ ਮਰਿਆਦਾ ਦਾ ਖਿਆਲ ਇਹਨਾਂ ਡੇਰਿਆ "ਚ" ਬਿਲਕੁਲ ਨਹੀਂ ਰਖਿਆ ਜਾਂਦਾ ਜੋ ਕਿ ਅਤੀ ਜਰੂਰੀ ਹੈ। ਫਿਰ ਇੱਹ ਬਾਬੇ ਜਾਂ ਸੰਤ ਅਖਵਾਉਂਣ ਵਾਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੇ ਦੇ ਬਰਾਬਰ ਬੈਠ ਕਿ ਸੰਗਤਾਂ ਨੂੰ ਅਸ਼ੀਰਵਾਦ ਦੈਣਾਂ ਜਾਂ ਪੈਰੀਂ ਹੱਥ ਲਵਾਉਣਾਂ ਆਪਣਾ ਹੱਕ ਗੁਰੂ ਗ੍ਰੰਥ ਸਾਹਿਬ ਤੋਂ ਜਿਆਦਾ ਰੱਖਦੇ ਨੇ। ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਸ਼ਬਦ ਗੁਰੂ ਨੇ ਉੱਹ ਤੇ ਉੱਠ ਕਿ ਅਸ਼ੀਰਵਾਦ ਦੇ ਨਹੀ ਸਕਦੇ।

ਬਸ ਇੱਥੋਂ ਹੀ ਸ਼ੁਰੂ ਹੁੰਦੀ ਹੈ ਇਹਨਾਂ ਦੀ ਤਰਾਸਦੀ। ਅੱਜ ਦੀ ਅਨ੍ਹਪੜ ਤਾਂ ਕੀ ਪੜੀ ਲਿਖੀ ਹੋਈ ਸੰਗਤ ਨੂੰ ਚਾਹੀਦਾ ਹੈ ਕਿ ਕੋਈ ਸ਼ਾਕਸ਼ਾਤ ਗੁਰੂ ਉਹਨਾਂ ਦਾ ਸਿਰ ਪਰੋਸੇ ਤੇ ਅਸ਼ੀਰਵਾਦ ਦੇਵੇ ਕਿਉਂਕਿ ਸ਼ਬਦ ਗੁਰੂ ਦਾ ਕੀ ਪਤਾ ਬਖਸ਼ਸ਼ ਕਰੇ ਜਾਂ ਨਾਂ ਕਰੇ ਪਰ ਲਾਗੇ ਬੈਠਾ ਸੰਤ ਜਾਂ ਸਾਧ ਤਾਂ ਨਾਲ ਲੱਗਦੇ ਹੀ ਨਕਦੋ ਨਕਦੀ ਸਭ ਪੂਰੀਆਂ ਪਾਈ ਜਾਂਦਾ ਹੈ ਕਿਉਂਕਿ ਸੰਗਤਾਂ ਕੋਲ ਇਨਾਂ ਸਮਾਂ ਨਹੀਂ ਕਿ ਉੱਹ ਸ਼ਬਦ ਗੁਰੂ ਦੀ ਸ਼ਵੱਲੀ ਨਜ਼ਰ ਦਾ ਇੰਤਜ਼ਾਰ ਕਰੇ।

ਦੂਸਰਾ ਰਵਿਦਾਸੀ ਵੀਰਾਂ ਨੂੰ ਚਾਹੀਦਾ ਹੈ ਕਿ ਜਾਂ ਤਾਂ ਸਿੱਖ ਧਰਮ ਨੂੰ ਮੰਨਣ ਜਾਂ ਫਿਰ ਨਾਂ ਮੰਨਣ। ਜੇ ਮੰਨਣ ਤਾਂ ਫਿਰ ਸਿੱਧੇ ਹੋ ਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਤੇ ਸਹੀ ਤਰੀਕੇ ਨਾਲ ਸਿੱਖ ਧਰਮ ਧਾਰਨ ਕਰਨ। ਇੱਕ ਪਾਸੇ ਤਾਂ ਇੱਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ ਕਰਦੇ ਹਨ ਤੇ ਨਾਲ ਮਾਤਾ ਦੀਆਂ ਭੇਟਾਂ ਵੀ ਗਾਉਂਦੇ ਹਨ ਉੱਹ ਵੀ ਗੁਰੂ ਦੀ ਹਜ਼ੂਰੀ ਵਿੱਚ ਫਿਰ ਇੱਹ ਦੋਗਲਾਪਣ ਕਿਉਂ। ਫਿਰ ਅਖਬਾਰਾਂ "ਚ" ਬਿਆਨ ਦਿੰਦੇ ਨੇ ਕਿ ਸਿੱਖ ਵੀ ਤਾਲਿਬਾਨ ਹੀ ਹਨ ਤੇ ਇਹਨਾਂ ਦੇ ਬਾਣਾਂ ਤੇ ਕੰਮ ਵੀ ਤਾਲਿਬਾਨਾਂ ਵਾਲੇ ਹੀ ਹਨ ਇਹਨਾਂ ਕਦੇ ਸੋਚਿਆ ਵਈ ਇੱਹ ਖੜੇ ਕਿੱਥੇ ਹਨ ਜੇ ਵਿਆਨਾ ਵਾਲੀ ਘਟਨਾਂ ਨਿੰਦਣਯੋਗ ਹੈ ਤਾਂ ਇਹਨਾਂ ਵਲੋਂ ਦਿੱਤਾ ਬਿਆਨ ਵੀ ਕੋਈ ਸ਼ਲਾਘਾਯੋਗ ਨਹੀਂ ਹੈ। ਇੱਹ ਵੀ ਇਹਨਾਂ ਨੂੰ ਸੋਚਣਾਂ ਹੋਵੇਗਾ। ਪਰ ਇੱਹ ਤਾਂ ਵਿੱਚ ਵਿਚਾਲੇ ਹੀ ਅੱਟਕੇ ਹੋਏ ਨੇ। ਇੱਕ ਪਾਸੇ ਤਾਂ ਭਗਤ ਰਵੀਦਾਸ ਜੀ ਨੂੰ ਗੁਰੂ ਕਹਿੰਦੇ ਨੀ ਥੱਕਦੇ ਹਾਲਾ ਕਿ ਰਵੀਦਾਸ ਜੀ ਕੋਈ ਗੁਰੂ ਨਹੀਂ ਭਗਤ ਹੋਏ ਨੇ ਜਿਹਨਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ਼ ਹੈ। ਹੋਰ ਵੀ ਬਹੁਤ ਭਗਤਾਂ ਦੀ ਬਾਣੀ ਦਰਜ਼ ਹੈ। ਇੱਸ ਹਿਸਾਬ ਨਾਲ਼ ਤੇ ਸਾਰੇ ਹੀ ਗੁਰੂ ਹਨ ਫਿਰ ਧੰਨਾ ਭਗਤ, ਭਗਤ ਕਬੀਰ, ਬਾਬਾ ਫਰੀਦ ਤੇ ਹੋਰ ਸਾਰੇ ਹੀ ਗੁਰੂ ਹਨ।

ਜਦੋਂ ਕਿ ਸਿੱਖ ਧਰਮ ਵਿੱਚ ਦਸ ਗੁਰੂ ਹਨ ਤੇ ਗਿਆਰਵੇਂ ਗੁਰੁ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਹਨ। ਪਰ ਸਾਡੇ ਰਵੀਦਾਸੀਏ ਵੀਰ ਨਾਂ ਤੇ ਰਵੀਦਾਸ ਨੂੰ ਭਗਤ ਮੰਨਣ ਨੂੰ ਤਿਆਰ ਨੇ ਤੇ ਨਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ। ਫਿਰ ਕਹਿੰਦੇ ਨੇ ਕਿ ਸਿੱਖ ਸਾਨੂੰ ਸਿੱਖ ਨੀ ਸਮਝਦੇ ਕਿਸੇ ਦੇ ਮੰਨਣ ਜਾਂ ਨਾਂ ਮੰਨਣ ਦਾ ਤਾਂ ਸੁਆਲ ਹੀ ਨੀ ਪੈਦਾ ਹੁੰਦਾ ਤੁਹਨੂੰ ਕਿਸੇ ਨੇ ਕੋਈ ਸਰਟੀਫਕੇਟ ਨੀ ਦੇਂਣਾ ਕਿ ਲਓ ਭਾਈ ਹੁਣ ਤੁਸੀਂ ਸਿੱਖ ਹੋ। ਪਰ ਤੁਹਾਨੂੰ ਖੁੱਲ ਕਿ ਸਿੱਖ ਧਰਮ ਧਾਰਨ ਕਰਨਾ ਪਵੇਗਾ ਤੇ ਉਸਦੀ ਮਾਣ ਮਰਿਆਦਾ ਨੂੰ ਮੰਨਣਾਂ ਪਵੇਗਾ। ਪਰ ਜੇ ਤੁਸੀਂ ਸਹੀ ਲੀਹ ਤੇ ਨੀ ਆਉਂਦੇ ਤਾਂ ਫਿਰ ਕਸੂਰ ਕਿਸ ਦਾ ਸਿੱਖਾਂ ਦਾ ਜਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ? ਸੋ ਵੀਰ ਜੀ ਖੁੱਲ ਕੇ ਕਹੋ ਕਿ ਅਸੀਂ ਸਿੱਖ ਹਾਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਹਾਂ ਫਿਰ ਛੱਡੋ ਸੰਤਾ ਸਾਧਾ ਦੇ ਪੈਰੀ ਹੱਥ ਲਾਉਂਣੇ ਫਿਰ ਨਾਂ ਰਹੂ ਬਾਂਸ ਤੇ ਨਾਂ ਵੱਜੂ ਬੰਸਰੀ।

ਅੱਜ ਪੰਜਾਬ ਵਿੱਚ ਹਰ ਦਸ ਕਿਲੋਮੀਟਰ ਤੇ ਡੇਰਾ ਹੈ ਤੇ ਹਰ ਡੇਰੇ "ਚ" ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ। ਤੇ ਹਰ ਡੇਰੇ ਵਿੱਚ ਕੋਈ ਨਾਂ ਕੋਈ ਅਖੌਤੀ ਸੰਤ ਜਾਂ ਸਾਧ ਬੈਠਾ ਹੈ। ਲੋਕੋ ਅਜੇ ਵੀ ਹੋਸ਼ ਕਰੋ ਇੱਹ ਸਰਕਾਰੀ ਸਾਹਨ ਤੁਹਾਡੀ ਦਸਾਂ ਨੂਹਾਂ ਦੀ ਕਮਾਈ ਮੂੱਛ ਰਹੇ ਨੇ ਤੇ ਤੁਸੀਂ ਅੱਖਾਂ ਮੀਟ ਕਿ ਸਭ ਕੁਝ ਲੁਟਾਈ ਜਾ ਰਹੇ ਹੋ। ਤੇ ਇੱਹ ਐਸ਼ ਕਰ ਰਹੇ ਨੇ ਜੇ ਇਸੇ ਤਰਾਂ ਹੀ ਚਲਦਾ ਰਿਹਾ ਤਾਂ ਫਿਰ ਜੋ ਕੁਝ ਹੋਇਆ ਇੱਹ ਵੀ ਚਲਦਾ ਰਹੇਗਾ।
ਕਿਉਂ ਕਿ ਕੋਈ ਵੀ ਗੁਰੂ ਦਾ ਸਿੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਬਰਦਾਸ਼ਤ ਨਹੀਂ ਕਰ ਸਕਦਾ।

ਹੋਣਾਂ ਤਾਂ ਇੱਹ ਚਾਹੀਦਾ ਸੀ ਕਿ ਡੇਰਿਆ ਤੇ ਪਹਿਲਾਂ ਹੀ ਕਾਬੂ ਪਾਇਆ ਜਾਂਦਾ। ਪਰ ਸਾਡੀ ਬਦਕਿਸ਼ਮਤੀ ਇੱਹ ਰਹੀ ਹੈ ਕਿ ਜਿਸ ਸ਼੍ਰਮੋਣੀ ਕਮੇਟੀ ਨੇ ਇੱਹ ਕੰਮ ਕਰਨਾਂ ਸੀ ਉਹਨਾ ਨੇ ਇੱਸ ਪਾਸੇ ਧਿਆਨ ਦੇਣਾਂ ਜਰੂਰੀ ਨਹੀਂ ਸਮਝਿਆ। ਉਹ ਤੇ ਨਾਂ ਦੀ ਕਮੇਟੀ ਬਣਕੇ ਰਹਿ ਗਈ ਹੈ ਜੋ ਬੜੀ ਹੀ ਮੰਦਭਾਗੀ ਗੱਲ ਹੈ। ਕੋਈ ਸਮਾਂ ਸੀ ਜਦੋਂ ਅਕਾਲ ਤਖਤ ਦੇ ਜਥੇਦਾਰ ਨੇ ਉਸ ਸਮੇਂ ਦੇ ਮਹਾਂਰਾਜਾ ਸ: ਰਣਜੀਤ ਸਿੰਘ ਨੂੰ ਸਜ਼ਾ ਸੁਣਾਈ ਤੇ ਉਸਨੇ ਪਰਵਾਨ ਵੀ ਕੀਤੀ ਸੀ। ਪਰ ਅੱਜ ਦੇ ਜਥੇਦਾਰ ਤਾਂ ਵਿਚਾਰੇ ਆਪਣੀ ਢੂਹੀ ਬਚਾਉਂਣ ਤੇ ਲੱਗੇ ਰਹਿੰਦੇ ਨੇ। ਚੰਗੀ ਚੋਖੀ ਤਨਖਾਹ ਮਿਲਦੀ ਹੈ ਤੇ ਦੋ ਚਾਰ ਕਿਲੋ ਦੇਸੀ ਘਿਓ ਦਾ ਬਣਿਆਂ ਕੜਾਹ ਵੀ ਛੱਕਣ ਨੂੰ ਮਿਲਦਾ ਹੈ ਫਿਰ ਇਹਨਾ ਨੂੰ ਕੀ ਲੋੜ ਹੈ ਐਵੇਂ ਪੰਗਿਆਂ "ਚ" ਪੈਣ ਦੀ ਜੇ ਕਿਤੇ ਮਾੜੀ ਮੋਟ੍ਹੀ ਹਿੱਲ ਜੁੱਲ ਕਰਦੇ ਵੀ ਨੇ ਤਾਂ ਇਹਨਾਂ ਦਾ ਰਾਜਾ ਇਸ ਤਰਾਂ ਕੁਰਸੀ ਥੱਲੇਓਂ ਖਿਚਦਾ ਹੈ ਜਿਵੇਂ ਅਮਲੀ ਦੀ ਮਾਂ ਉਸਤੋਂ ਰਜ਼ਾਈ ਖਿਚਦੀ ਏ ਕਿਉਂਕਿ ਉਹਨਾਂ ਦੀਆਂ ਵੋਟਾਂ ਨੂੰ ਫਰਕ ਪੈਦਾ ਹੈ। ਧਰਮ ਦਾ ਕੀ ਹੈ ਉੱਹ ਤੇ ਡੇਰੇ ਵਾਲੇ ਚਲਾਈ ਹੀ ਜਾਂਦੇ ਨੇ ਨਾਲੇ ਵੋਟਾਂ ਦਿੰਦੇ ਨੇ ਨਾਲੇ ਮਾਇਆ ਦੇ ਗੱਫੇ ਅੰਨ੍ਹਾਂ ਕੀ ਭਾਲੇ ਦੋ ਦੋ ਅੱਖਾਂ ?

ਚਾਹੀਦਾ ਤਾਂ ਇੱਹ ਹੈ ਕਿ ਜਿੱਥੇ ਕਿਤੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ ਹੋਵੇ ਉਥੇ ਸ਼੍ਰਮੋਣੀ ਕਮੇਟੀ ਨਜ਼ਰ ਹੋਵੇ ਕਿ ਕੀ ਮਾਣ ਮਰਿਆਦਾ ਦਾ ਸਹੀ ਖਿਆਲ ਰਖਿਆ ਜਾ ਰਿਹਾ ਜਾਂ ਨਹੀਂ ਜੇ ਨਹੀਂ ਤਾਂ ਉਹਨਾਂ ਨੂੰ ਬਣਦੀ ਸਜ਼ਾ ਦਿੱਤੀ ਜਾਵੇ। ਗੁਰੂ ਜੀ ਸਵਾਰੀ ਵਾਪਸ ਲਿਆਂਦੀ ਜਾਵੇ। ਅਜੇ ਵੀ ਸਮਾਂ ਹੈ ਕਿ ਕੋਈ ਕਦਮ ਚੁਕਿਆ ਜਾਵੇ ਤੇ ਜਿਸ ਤਰਾਂ ਹੁਣ ਮਾਲੀ ਜਾਨੀ ਨੁਕਸਾਨ ਹੋਇਆ ਜੋ ਕਿ 7000 ਕਰੋੜ ਦੱਸ ਰਹੇ ਨੇ ਉਸਦਾ ਹਰਜ਼ਾਨਾ ਉਸ ਡੇਰੇ ਜਾ ਸਾਧ ਜਾਂ ਆਪੋ ਬਣੇਂ ਸੰਤ ਨੂੰ ਪਾਇਆ ਜਾਵੇ ਜਿਸ ਦੇ ਕਰਕੇ ਨੁਕਸਾਨ ਹੋਇਆ ਹੋਵੇ ਤਾਂ ਕਿ ਉਹਨਾਂ ਨੂੰ ਵੀ ਕੰਨ੍ਹ ਰਹਿਣ ਕਿ ਜੇ ਉਹਨਾਂ ਕਰਕੇ ਕੋਈ ਗੜਬੜ ਹੋਈ ਤਾਂ ਹਰਜ਼ਾਨਾ ਭਰਨ ਨੂੰ ਤਿਆਰ ਰਹਿਣ ਤੇ ਉਹ ਡੇਰਾ ਤੁਰੰਤ ਬੰਦ ਕੀਤਾ ਜਾਵੇ। ਤਾਂ ਕਿ ਆਉਂਣ ਵਾਲੇ ਸਮੇਂ ਕੋਈ ਵੀ ਇਹੋ ਜਿਹੀ ਅਨਹੋਣੀ ਘਟਨਾਂ ਤੋਂ ਬਚਿਆ ਜਾ ਸਕੇ।

... ਅੱਗੇ ਪੜ੍ਹੋ

ਵਿਆਨਾ ਘਟਨਾ ਸੰਬੰਧੀ - ਮਲਕੀਅਤ ਸਿੰਘ

ਗੁਰੂ ਅਰਜਨ ਪਾਤਸ਼ਾਹ ਜੀ ਦੀ ਸ਼ਹੀਦੀ ਤੋਂ ਬਾਅਦ ਪੋਥੀ ਸਹਿਬ (ਗ੍ਰੰਥ ਸਹਿਬ) ਜੀ ਦੀ ਸੰਭਾਲ ਸਾਰੇ ਸਤਿਗੁਰੂ ਸਹਿਬਾਨ ਨੇ ਆਪ ਵਿਸ਼ੇਸ਼ ਅਤੇ ਖ਼ਾਸ ਸਤਿਕਾਰਿਤ ਢੰਗ ਨਾਲ ਕੀਤੀ । ਖ਼ਾਲਸੇ ਦੀ ਕਰੜੀ ਪ੍ਰਿਖਿਆ ਤੋਂ ਬਾਅਦ ਦਸਮ ਨਾਨਕ ਗੁਰੂ ਨੇ ਵਾਹਿਦ ਸ਼ਬਦ (ਪੋਥੀ ਸਹਿਬ) ਨੂੰ ਗੁਰਿਆਈ ਦੇ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਸੰਭਾਲ ਦੇ ਸਾਰੇ ਹੱਕ ਸੰਗਤੀ ਰੂਪ ਵਿੱਚ ਪੂਰਨ ਗੁਰਸਿੱਖ (ਖ਼ਾਲਸੇ) ਵਾਸਤੇ ਰਾਖਵੇਂ ਕਰ ਦਿੱਤੇ। ਸੰਸਾਰ ਦੇ ਕਿਸੇ ਵੀ ਪ੍ਰਾਣੀ ਨੂੰ ਇਹ ਹੱਕ ਨਹੀਂ ਚਾਹੇ ਉਹ ਨਿਰੰਜਨਦਾਸੀਆ ਹੋਵੇ, ਰਵਿਦਾਸੀਆ ਜਾਂ ਫਿਰ ਹੰਦਾਲੀਆ ਜਾਂ ਕੋਈ ਹੋਰ ਕਿ ਉਹ ਕਿਸੇ ਪੱਖੋਂ ਵੀ ਗੁਰਬਾਣੀ ਦੀ ਬੇਅਦਬੀ ਕਰੇ। ਗੁਰੂ ਗ੍ਰੰਥ ਸਹਿਬ ਸਿੱਖ ਦਾ ਇਸ਼ਟ ਹੈ (ਪ੍ਰਮਾਤਮਾ ਤੋਂ ਬਾਅਦ ਦੂਜੇ ਨੰਬਰ ਤੇ ਹੋਰ ਸਭ ਕੁਝ ਤੋਂ ਉੱਪਰ) ਅਤੇ ਜੀਵਨ ਦਾ ਸ੍ਰੋਤ ਹੈ। ਪਰ ਜਦੋਂ ਕੋਈ ਸਿੱਖਾਂ ਦੇ ਇਸ਼ਟ ਦੀ ਨਿਰਾਦਰੀ ਕਰੇ, ਸਭ ਤੋਂ ਪਹਿਲਾਂ ਉਸ ਨੂੰ ਪਿਆਰ ਨਾਲ ਇੱਕ ਦੋ ਵਾਰ ਸਮਝਾਇਆ ਜਾਂਦਾ ਹੈ ਅਗਰ ਉਹ ਫੇਰ ਭੀ ਉਸੇ ਤਰਾਂ ਦਾ ਕੁਕਰਮ ਦੁਹਰਾਉਂਦਾ ਹੈ ਤਾਂ ਸਮਝ ਲਿਆ ਜਾਂਦਾ ਹੈ ਕਿ ਇਹ ਸਭ ਕੁਝ ਜਾਂਣ ਬੁਝ ਕੇ ਕੀਤਾ ਜਾ ਰਿਹਾ ਹੈ।

ਏਸ ਤਰਾਂ ਦੇ ਹਾਲਾਤ ਜਦੋਂ ਪੈਦਾ ਕੀਤੇ ਜਾਂਦੇ ਹਨ ਤਾਂ ਦੁਖਦਾਈ ਹਾਦਸੇ ਵੀ ਵਾਪਰ ਸਕਦੇ ਹਨ। ਐਸੇ ਮੌਕੇ ਸਿੱਖ ਕੋਲ ਦੋ ਹੀ ਰਸਤੇ ਹੁੰਦੇ ਹਨ ਅਣਖ ਭਰੀ ਜ਼ਿੰਦਗੀ ਜਾਂ ਮੌਤ। ਐਸੇ ਹਾਲਾਤਾਂ ਦੀ ਹੀ ਦੇਣ ਹੈ ਵੀਆਂਨਾ ਕਾਂਡ। ਇਹ ਗਲ ਮੀਡੀਏ ਵਿੱਚ ਆ ਚੁੱਕੀ ਹੈ ਕਿ ਰਵਿਦਾਸ ਮੰਦਰ (ਸਭਾ) ਵਾਲਿਆਂ ਨੂੰ ਪਹਿਲਾਂ ਕਈ ਵਾਰੀ ਐਸਾ ਕਰਨ ਤੋਂ ਵਰਜਿਆ ਗਿਆ ਸੀ। ਪਰ ਉਸ ਮੰਦਰ ਨਾਲ ਸਬੰਧ ਰੱਖਣ ਵਾਲੇ ਤਾਂ ਐਸੇ ਸ਼ਰਾਰਤੀ ਅੰਨਸਰਾਂ (ਜੋ ਸਿੱਖਾਂ ਅਤੇ ਰਵਿਦਾਸੀਆਂ ਵਿੱਚਕਾਰ ਪਾੜਾ ਪੌਣਾ ਚਾਹੁੰਦੇ ਸਨ) ਦੇ ਢਹੇ ਚੜ੍ਹ ਕੇ ਜਾਂਣ ਬੁਝ ਕੇ ਸਿੱਖਾਂ ਦੇ ਸਦੀਵੀ (ਸ਼ਬਦ) ਗੁਰੂ ਦਾ ਨਿਰਾਦਰ ਉੱਪਰੋਥਲੀ ਕਰੀ ਜਾ ਰਹੇ ਸਨ।

ਪੰਜਾਬ ਤੋਂ ਬਾਹਰ ਲਿਤਾੜੇ ਹੋਏ ਮਨੁੱਖਾਂ ਖ਼ਾਸ ਕਰ ਦਲਿਤਾਂ ਦੇ ਕਿਤਨੇ ਹਕੂਕ ਸੁਰੱਖਿਅਤ ਹਨ ਇਸ ਗੱਲ ਦੀ ਖ਼ਬਰ, ਬਲਵਿੰਦਰ ਅਤੇ ਉਸ ਵਰਗੀ ਕੁਲ੍ਹੈਣੀ ਸੋਚ ਰੱਖਣ ਵਾਲਿਆਂ ਨੂੰ, ਸ਼ਾਇਦ ਹੈ ਹੀ ਨਹੀਂ ਜਾਂ ਜਾਣਬੁਝ ਕੇ ਉਸ ਨੂੰ ਨਜ਼ਰਅੰਦਾਜ਼ ਕਰ ਰਹੇ ਹੋਣ। ਕਿਉਂਕਿ ਉਹਨਾਂ ਦੀਆਂ ਅੱਖਾਂ ਵਿਚ ਗੰਦਗੀ ਅਤੇ ਨਫਰਤ ਦਾ ਸੁਰਮਾ ਫੁਟਪਾਊ ਸ਼ਕਤੀਆਂ ਨੇ ਬਹੁਤ ਗਹਿਰਾ ਪਾ ਦਿੱਤਾ ਹੋਇਆ ਹੈ। ਤਾਜ਼ੀਆਂ ਵਾਪਰੀਆਂ ਘਟਨਾਵਾਂ ਵਿੱਚੋਂ ਰਾਜਸਥਾਨ ਦੀ ਘਟਨਾ ਜਿੱਥੇ ਇੱਕ ਦਲਿਤ ਲੜਕੀ ਨੂੰ ਨਲਕੇ ਤੋਂ ਪਾਣੀ ਲੈਣ ਖ਼ਾਤਿਰ ਜ਼ਿੰਦਾ ਸਾੜ ਦਿੱਤਾ ਗਿਆ ਸੀ ਕਿਉਂਕਿ ਉਹ ਬਲਵਿੰਦਰ ਦੀ ਸ਼ੂਦਰ ਭੈਣ ਸੀ। ਓਥੇ ਤਾਂ ਕੋਈ ਵੀ ਰਵਿਦਾਸ ਜੀ ਦਾ ਭਗਤ ਅਖਵਾਉਣ ਵਾਲਾ ਬਲਵਿੰਦਰ ਜਾਂ ਸਵੈਨ ਬਰਗੇਡ ਕੁਸਕਿਆ ਤੱਕ ਨਹੀਂ।

ਬੱਲਾਂ ਵਿੱਚ ਸਥਾਪਤ ਡੇਰਾ ਜਿਸਨੂੰ ਇਹ ਗੁਰਬਾਣੀ ਦੀ ਤਰਜ਼ ਤੇ ਸਚਖੰਡ ਕਹਿੰਦੇ ਹਨ ਉਸ ਝੂਠ ਦੀ ਫੈਕਟਰੀ ਵਿੱਚੋਂ ਰਾਤੋ ਰਾਤ (ਨਹੀਂ ਜਿਹਨਾਂ ਨੂੰ ਦੇਰ ਤੋਂ ਸਿੱਖਾਂ ਵਿਰੁਧ ਨਫਰਤ ਪੈਦਾ ਕਰਕੇ ਭੜਕਾਇਆ ਜਾ ਰਿਹਾ ਸੀ) ਪੈਦਾ ਹੋਏ ਮੁਸ਼ਟੰਡੇ ਇੰਨੇ ਭੂਤਰ ਗਏ ਕਿ ਪੰਜਾਬ ਵਾਸੀਆਂ ਅਤੇ ਸਰਕਾਰ ਦੀ ਕਰੋੜਾਂ ਦੀ ਜਾਇਦਾਦ (ਸਰਕਾਰੀ ਸ਼ਹਿ ਨਾਲ) ਫੂਕ ਸਿੱਟੀ। ਬਲਵਿੰਦਰ ਤੇ ਉਸ ਦੀ ਕਮੀਂਨੀ ਜੁੰਡਲੀ ਸਾਕਤਾਂ ਵਾਲੇ ਕੰਮ ਖ਼ੁਦ ਕਰਦੇ ਹਨ ਪਰ ਸਿੱਖਾਂ ਦੀ ਤੁਲਨਾ ਤਾਲਿਬਾਨ ਨਾਲ ਕਰਦਿਆਂ ਸ਼ਰਮ ਨਹੀਂ ਕਰਦੇ। ਜੇ ਸਿੱਖ ਬਿਰਤੀ ਵਿਚ ਜ਼ਰਾ ਜਿੰਨੀ ਵੀ ਤਾਲਿਬਾਨੀ ਸੋਚ ਹੁੰਦੀ ਤਾਂ ਬਲਵਿੰਦਰ ਵਰਗੇ (ਰਵਿਦਾਸ ਭਗਤ ਨਹੀਂ) ਜਨੂੰਨੀਆਂ ਦੀ ਹੜਦੂ ਜ਼ੁਬਾਨ ਕੱਟ ਕੇ ਕੁੱਤਿਆਂ ਨੂੰ ਪਾ ਦੇਣੀ ਸੀ ਪਰ ਐਸਾ ਨਹੀਂ ਵਾਪਰਿਆ।

ਸਿੱਖਾਂ ਨੇ ਆਪਣੇ ਇਸ਼ਟ ਨਾਲ ਹੁੰਦੀਆਂ ਵਧੀਕੀਆਂ ਨੂੰ ਨਜ਼ਰ ਅੰਦਾਜ਼ ਨਹੀਂ ਕੀਤਾ ਹੋਇਆ ਪਰ ਬਰਦਾਸ਼ਤ ਜ਼ਰੂਰ ਕੀਤਾ ਹੋਇਆ ਹੈ। ਇਸੇ ਕਰਕੇ ਕਈ ਲੋਕ ਇਸ ਚੁੱਪੀ ਨੂੰ ਆਪਣੇ ਫਾਇਦੇ ਲਈ ਵਰਤ ਲੈਂਦੇ ਹਨ। ਜਿਵੇਂ ਕਦੇ ਚੂਹਾ ਵੀ ਕਹਿ ਦੇਵੇ ਕਿ ਅੱਜ ਤਾਂ ਮੇਰਾ ਦਿਲ ਸ਼ੇਰ ਖਾਣ ਨੂੰ ਕਰਦਾ ਹੈ। ਸਿੱਖ ਸੋਚ ਵਿੱਚ ਇਸ ਤਰ੍ਹਾਂ ਦੀ ਕੋਈ ਗੁੰਜਾਇਸ਼ ਨਹੀਂ ਹੈ ਕਿ ਸੰਸਾਰ ਅੰਦਰ ਕੋਈ ਸ਼ੂਦਰ, ਦਲਿਤ, ਹਰੀਜਨ ਜਾਂ ਨੀਵਾਂ ਹੈ ਏਥੇ ਤਾਂ ਸਭ ਇੱਕ ਪਿਤਾ ਪ੍ਰਮਾਤਮਾਂ ਦੀ ਔਲਾਦ ਹੋਣ ਕਾਰਨ ਬਰਾਬਰ ਹਨ (ਏਕੁ ਪਿਤਾ ਏਕਸ ਕੇ ਹਮ ਬਾਰਿਕ - ਪੰਨਾ 611)। ਪਰ ਬਲਵਿੰਦਰ ਵਰਗਿਆਂ ਵਲੋਂ ਇਸ ਤਰ੍ਹਾਂ ਦੇ ਭੰਡੀ ਪ੍ਰਚਾਰ ਨਾਲ ਮੰਨੂੰ ਸਿਮ੍ਰਤੀ ਦੇ ਪੈਰੋਕਾਰਾਂ ਦੀ ਪਾਂਡਾ ਸੋਚ ਨੂੰ ਬਲ ਜ਼ਰੂਰ ਮਿਲਦਾ ਹੈ । ਸਾਜਿਸ਼ ਤਹਿਤ ਇਸ ਤਰ੍ਹਾਂ ਦੀਆਂ ਕਾਰਵਾਈਆਂ ਕਰਵੌਣਾ, ਜਾਂ ਪੰਜਾਬ ਵਿੱਚ ਅਜਿਹੇ ਸਾਧ ਡੇਰੇ ਸਥਾਪਤ ਕਰਨਾ, ਜੋ ਪਾਂਡੇ ਦੇ ਇਸ਼ਾਰੇ ਉੱਪਰ ਚਲਣ ਵਾਲੇ ਹੋਣ, ਨਾਲ ਪਾਂਡਾ ਗਰੁੱਪ ਪੂਰੀ ਤਰ੍ਹਾਂ ਮਹਿਫੂਜ਼ ਹੁੰਦਾ ਹੈ। ਇਹ ਬ੍ਰਾਹਮਣ ਦੀ ਚਾਣਕਿਆ ਨੀਤੀ ਹੈ, ਜਿਸ ਤੋਂ ਹਰ ਵਰਗ ਨੂੰ ਸਾਵਧਾਨ ਰਹਿਣਾ ਚਾਹੀਦਾ ਹੈ ਤਾਂ ਕਿ ਅਸੀਂ ਸਾਰੇ ਆਪਸੀ ਪਿਆਰ ਅਤੇ ਸਾਂਝ ਨਾਲ ਰਹਿ ਸਕੀਏ। ਹਰ ਵਰਗ ਇੱਕ ਦੂਸਰੇ ਦੇ ਇਸ਼ਟ, ਰਵਾਇਤਾਂ ਅਤੇ ਪ੍ਰੰਪਰਾਵਾਂ ਦਾ ਸਤਿਕਾਰ ਕਰੇ ਅਗਰ ਕੋਈ ਸਮਸਿਆ ਬਣ ਆਵੇ ਤਾਂ ਆਪਸੀ ਸਲਾਹ ਮਸ਼ਵਰੇ ਨਾਲ ਸੁਲਝਾਈ ਜਾ ਸਕਦੀ ਹੈ ਨਾ ਕਿ ਮੈਂ ਨਾਂਹ ਮਾਨੂੰ ਵਾਲੀ ਬਿਰਤੀ ਨਾਲ ਜਿਸ ਕਾਰਨ ਵਿਆਂਨਾ ਵਿੱਚ ਮੰਦਭਾਗੀ ਘਟਨਾਂ ਵਾਪਰੀ।

... ਅੱਗੇ ਪੜ੍ਹੋ

ਵਿਆਨਾ ਦੀ ਅੱਗ ਨੇ ਪੰਜਾਬ ... - ਦਰਸ਼ਨ ਸਿੰਘ ਦਰਸ਼ਕ

ਵਿਆਨਾ ਦੀ ਅੱਗ ਨੇ ਪੰਜਾਬ ਨੂੰ ਝੁਲਸਿਆ - ਦਰਸ਼ਨ ਸਿੰਘ ਦਰਸ਼ਕ
ਪੰਜਾਬ ਦੀ ਸ਼ਾਂਤੀ ਨੂੰ ਲਾਂਬੂ ਲਾਉਣ ਦੀ ਸਾਜ਼ਿਸ਼
ਵਿਆਨਾ ਵਿਖੇ ਸ੍ਰੀ ਗੁਰੂ ਰਵੀਦਾਸ ਗੁਰਦੁਆਰਾ ਉੱਤੇ ਹੋਏ ਹਮਲੇ ਦੀ ਅੱਗ ਨਾਲ ਪੰਜਾਬ ਬਲ ਰਿਹਾ ਹੈ। ਆਸਟਰੀਆ ਦੀ ਰਾਜਧਾਨੀ ਵਿਆਨਾ ਵਿਖੇ ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਵਿੱਚ ਸੱਚਖੰਡ ਬੱਲਾਂ ਦੇ ਮੁਖੀ ਸੰਤ ਨਿਰੰਜਨ ਦਾਸ ਅਤੇ ਸੰਤ ਰਾਮਾਨੰਦ ਪ੍ਰਵਚਨ ਕਰ ਰਹੇ ਸਨ ਕਿ ਕੁਝ ਲੋਕਾਂ ਨੇ ਉਥੇ ਪਹੁੰਚ ਕੇ ਗੋਲੀਬਾਰੀ ਕੀਤੀ ਅਤੇ ਚਾਕੂ ਵੀ ਚਲਾਏ। ਇਸ ਘਟਨਾ ਵਿੱਚ 11 ਦੇ ਕਰੀਬ ਲੋਕੀਂ ਜ਼ਖ਼ਮੀ ਹੋ ਗਏ, ਜਿਹਨਾਂ ਵਿੱਚ ਹਮਲਾਵਰ ਵੀ ਸ਼ਾਮਲ ਹਨ। ਇਸ ਘਟਨਾ ਵਿੱਚ ਜ਼ਖਮੀ ਹੋਏ ਸੰਤ ਰਾਮਾਨੰਦ ਜੀ ਚਲਾਣਾ ਕਰ ਗਏ। ਘਟਨਾ ਦੀ ਪ੍ਰਤੀਕਿਰਿਆ ਪੰਜਾਬ ਵਿੱਚ ਹੋਈ। 24 ਮਈ ਦੀ ਰਾਤ ਸੰਤਾਂ ਦੇ ਪੈਰੋਕਾਰਾਂ ਨੇ ਜਲੰਧਰ ਵਿੱਚ ਹਿੰਸਕ ਪ੍ਰਦਰਸ਼ਨ ਕੀਤੇ ਅਤੇ ਗੱਡੀਆਂ ਨੂੰ ਅੱਗਾਂ ਲਗਾ ਦਿੱਤੀਆਂ, ਜਿਸ ਕਾਰਨ ਪ੍ਰਸ਼ਾਸਨ ਨੂੰ ਸ਼ਹਿਰ ਵਿੱਚ ਕਰਫਿਊ ਲਗਾਉਣਾ ਪਿਆ। ਦਿਨ ਚੜ੍ਹਦੇ ਨੂੰ ਕਈ ਹੋਰ ਸ਼ਹਿਰ ਵੀ ਇਸ ਅੱਗ ਦੀ ਲਪੇਟ ਵਿੱਚ ਆ ਗਏ। ਲੁਧਿਆਣਾ, ਹੁਸ਼ਿਆਰਪੁਰ, ਫਗਵਾੜਾ ਵਿੱਚ ਕਰਫਿਊ ਲਗਾ ਦਿੱਤਾ ਗਿਆ।

ਇਸ ਘਟਨਾਚੱਕਰ ਨੇ ਬਹੁਤ ਸਾਰੇ ਸਵਾਲ ਖੜ੍ਹੇ ਕਰ ਦਿੱਤੇ ਹਨ। ਪਹਿਲਾ ਸਵਾਲ ਇਹ ਹੈ ਕਿ ਇਹ ਘਟਨਾ ਵਿਆਨਾ ਵਿੱਚ ਵਾਪਰੀ। ਉਥੋਂ ਦੀ ਪੁਲਿਸ ਨੇ ਮੌਕੇ 'ਤੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ। ਇਹ ਅਫ਼ਸੋਸਨਾਕ ਘਟਨਾ ਸੀ, ਇਸ ਦਾ ਸਾਰੇ ਪੰਜਾਬ ਨੂੰ ਦੁੱਖ ਹੈ ਪਰ ਉਹ ਕਿਹੜੇ ਹਾਲਾਤ ਸਨ ਕਿ ਸੰਤਾਂ ਦੇ ਪੈਰੋਕਾਰਾਂ ਨੇ ਜਨਤਕ ਪ੍ਰਾਪਰਟੀ ਨੂੰ ਨੁਕਸਾਨ ਪਹੁੰਚਾਉਣ ਦਾ ਕਦਮ ਉਠਾਇਆ। ਇਸ ਡੇਰੇ ਦੇ ਪੈਰੋਕਾਰਾਂ ਨੇ ਬੱਸਾਂ ਸਾੜੀਆਂ, ਟਰੇਨਾਂ ਸਾੜੀਆਂ, ਮੁਸਾਫ਼ਰਾਂ ਨੂੰ ਰਸਤੇ ਵਿੱਚ ਛੱਡ ਦਿੱਤਾ, ਗਰੀਬ ਜੋ ਰੇਹੜੀਆਂ ਲਗਾ ਕੇ ਦਿਹਾੜੀ ਲਾਉਣ ਆਏ ਸਨ, ਨੂੰ ਕਾਰੋਬਾਰ ਬੰਦ ਕਰਨ ਲਈ ਮਜਬੂਰ ਕਰ ਦਿੱਤਾ। ਸਵਾਲ ਇਹ ਹੈ ਕਿ ਜੋ ਲੋਕ ਹਿੰਸਕ ਘਟਨਾਵਾਂ 'ਤੇ ਉਤਾਰੂ ਸਨ, ਨੂੰ ਕਿੱਥੋਂ ਪ੍ਰੇਰਨਾ ਮਿਲ ਰਹੀ ਸੀ ਕਿ ਉਹਨਾਂ ਨੇ ਕੁਝ ਹੀ ਸਮੇਂ ਵਿੱਚ ਸੰਗਠਨਾਤਮਕ ਢੰਗ ਨਾਲ ਇਸ ਪ੍ਰਕਾਰ ਦੇ ਪ੍ਰਦਰਸ਼ਨ ਕੀਤੇ। ਇਹ ਮਸਲਾ ਵਿਆਨਾ ਨਾਲ ਜੁੜਿਆ ਹੋਇਆ ਹੈ ਅਤੇ ਲੋਕ ਗੁੱਸਾ ਆਪਣੇ ਲੋਕਾਂ 'ਤੇ ਹੀ ਕੱਢ ਰਹੇ ਹਨ। ਇਹ ਸਵਾਲ ਹੁਣ ਉੱਭਰ ਰਿਹਾ ਹੈ ਕਿ ਕਿਧਰੇ ਕਿਸੇ ਸਿਆਸੀ ਪਾਰਟੀ ਦੇ ਇਸ਼ਾਰੇ ਉੱਤੇ ਤਾਂ ਲੋਕ ਸੜਕਾਂ ਉੱਤੇ ਨਹੀਂ ਉਤਰੇ। ਯਾਦ ਰਹੇ ਕਿ ਜਦੋਂ ਲੋਕ ਸਭਾ ਚੋਣਾਂ ਲਈ ਪ੍ਰਚਾਰ ਚੱਲ ਰਿਹਾ ਸੀ ਤਾਂ ਉਸ ਮੌਕੇ ਕਾਂਗਰਸ ਦੇ ਆਗੂ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਕਿ ਜੇਕਰ ਕਾਂਗਰਸ ਚੋਣਾਂ ਜਿੱਤ ਗਈ ਤਾਂ ਅਕਾਲੀ-ਭਾਜਪਾ ਗੱਠਜੋੜ ਸਰਕਾਰ ਨੂੰ 6 ਹਫ਼ਤਿਆਂ ਦੇ ਵਿੱਚ-ਵਿੱਚ ਚੱਲਦਾ ਕਰ ਦਿੱਤਾ ਜਾਵੇਗਾ। ਜਿਉਂ ਹੀ ਵਿਆਨਾ ਵਿਖੇ ਗੁਰੂ ਰਵੀਦਾਸ ਗੁਰਦੁਆਰੇ ਵਿੱਚ ਹਿੰਸਕ ਘਟਨਾ ਵਾਪਰੀ ਤਾਂ ਉਨ੍ਹਾਂ ਖੇਤਰਾਂ ਵਿੱਚ ਜ਼ਿਆਦਾ ਹਿੰਸਾ ਵਾਪਰੀ ਜਿਥੇ-ਜਿਥੇ ਕਾਂਗਰਸ ਦਾ ਜ਼ਿਆਦਾ ਆਧਾਰ ਹੈ। ਦੋਆਬਾ ਖੇਤਰ ਵਿੱਚ ਜਲੰਧਰ ਸਭ ਤੋਂ ਮੋਹਰੀ ਰਿਹਾ।

ਇਸ ਘਟਨਾਚੱਕਰ ਨੂੰ ਹੋਰ ਜ਼ਿਆਦਾ ਹਵਾ ਦੇਣ ਵਿੱਚ ਭਾਰਤ ਦੇ ਕੌਮੀ ਮੀਡੀਏ ਦਾ ਵੀ ਬਹੁਤ ਵੱਡਾ ਹੱਥ ਰਿਹਾ ਹੈ। ਅਖੌਤੀ ਰਾਸ਼ਟਰੀ ਮੀਡੀਆ ਅੱਜ ਦੁਪਹਿਰ ਤੱਕ ਇਸ ਘਟਨਾ ਨੂੰ ਸਿੱਖਾਂ ਨਾਲ ਜੋੜ ਕੇ ਆਪਣੀ ਹੀ ਵਿਆਖਿਆ ਦਿੰਦਾ ਰਿਹਾ। ਉਹਨਾਂ ਨੂੰ ਇਸ ਗੱਲ ਦਾ ਪਤਾ ਹੀ ਨਹੀਂ ਕਿ ਇਹ ਮਸਲਾ ਰਵੀਦਾਸੀਆ ਭਾਈਚਾਰੇ ਨਾਲ ਜੁੜਿਆ ਹੋਇਆ ਹੈ। ਬੇਸ਼ੱਕ ਇਹਨਾਂ ਦੇ ਗੁਰਦੁਆਰਿਆਂ ਵਿੱਚ ਗੁਰੂ ਗ੍ਰੰਥ ਸਾਹਿਬ ਰੱਖਿਆ ਹੋਇਆ ਹੈ ਪਰ ਆਪਣੇ ਆਪ ਨੂੰ ਸਿੱਖ ਨਹੀਂ ਅਖਵਾਉਂਦੇ। ਇਸ ਸੰਪਰਦਾਇ ਦੇ ਗੁਰਦੁਆਰਿਆਂ ਦੀਆਂ ਮਰਿਆਦਾਵਾਂ ਵੀ ਸਿੱਖ ਮਰਿਆਦਾ ਨਾਲੋਂ ਅਲੱਗ ਹਨ। ਰਾਸ਼ਟਰੀ ਮੀਡੀਏ ਨੇ ਤਾਂ ਇੱਕ ਤਰ੍ਹਾਂ ਸਿੱਖਾਂ ਨੂੰ ਹੀ ਕਟਹਿਰੇ ਵਿੱਚ ਖੜ੍ਹਾ ਕਰ ਦਿੱਤਾ। ਅਫ਼ਸੋਸ ਇਸ ਗੱਲ ਦਾ ਵੀ ਹੈ ਕਿ ਉਹ ਕੈਮਰਿਆਂ ਰਾਹੀਂ ਇਹ ਵੀ ਦੇਖ ਰਹੇ ਹਨ ਕਿ ਪ੍ਰਦਰਸ਼ਨਕਾਰੀਆਂ ਦੇ ਪੱਗਾਂ ਨਹੀਂ ਬੰਨ੍ਹੀਆਂ ਹੋਈਆਂ ਅਤੇ ਨਾ ਹੀ ਦਾੜ੍ਹੀਆਂ ਰੱਖੀਆਂ ਹੋਈਆਂ ਹਨ। ਪਰ ਮੀਡੀਆ ਉਹਨਾਂ ਨੂੰ ਸਿੱਖ ਕਹਿ-ਕਹਿ ਬੁਲਾਉਂਦਾ ਰਿਹਾ, ਜਿਸ ਕਾਰਨ ਸਿੱਖਾਂ ਦਾ ਵੀ ਅਕਸ ਖਰਾਬ ਹੋਇਆ ਹੈ। ਇਸ ਕਾਰਨ ਹੁਣ ਇੱਕ ਵਾਰ ਫਿਰ ਇਲੈਕਟ੍ਰਾਨਿਕ ਮੀਡੀਏ ਦੀ ਵਿਸ਼ਵਾਸ ਯੋਗਤਾ 'ਤੇ ਸਵਾਲੀਆ ਨਿਸ਼ਾਨ ਲੱਗ ਰਹੇ ਹਨ ਕਿਉਂਕਿ ਉਸ ਦੁਆਰਾ ਫਿਰ ਬਿਨਾਂ ਕਿਸੇ ਪੜਤਾਲ ਤੋਂ ਕਵਰੇਜ ਕੀਤੀ ਗਈ, ਇਸ ਲਈ ਨੈਸ਼ਨਲ ਮੀਡੀਏ ਦੇ ਰਵੱਈਏ ਨੂੰ ਗ਼ੈਰ-ਜ਼ਿੰਮੇਵਾਰਾਨਾ ਕਿਹਾ ਜਾ ਸਕਦਾ ਹੈ।
ਜਿੱਥੋਂ ਤੱਕ ਪੰਜਾਬ ਸਰਕਾਰ ਵੱਲੋਂ ਕੀਤੇ ਗਏ ਇੰਤਜ਼ਾਮਾਂ ਦੀ ਗੱਲ ਹੈ, ਉਸ ਸਬੰਧ ਵਿੱਚ ਕਿਹਾ ਜਾ ਸਕਦਾ ਹੈ ਕਿ ਜਿਸ ਪ੍ਰਕਾਰ ਸ਼ਹਿਰਾਂ ਵਿਚ ਕਰਫਿਊ ਲੱਗੇ, ਉਨ੍ਹਾਂ ਨੂੰ ਦੇਖਦੇ ਹੋਏ ਇਹ ਕਿਹਾ ਜਾ ਸਕਦਾ ਹੈ ਕਿ ਪ੍ਰਸ਼ਾਸਨ ਇੱਕ ਦਮ ਪਈ ਬਿਪਤਾ ਨਾਲ ਨਜਿੱਠਣ ਵਿਚ ਬਿਲਕੁਲ ਅਸਫ਼ਲ ਹੈ। ਭੜਕੇ ਹੋਏ ਲੋਕ ਗੱਡੀਆਂ, ਰੇਲ ਗੱਡੀਆਂ, ਦੁਕਾਨਾਂ ਸਾੜ ਰਹੇ ਹਨ ਪਰ ਪੰਜਾਬ ਪੁਲਿਸ ਬਿਲਕੁਲ ਸਖ਼ਤੀ ਨਹੀਂ ਕਰ ਸਕੀ। ਹਥਿਆਰਬੰਦ ਫੋਰਸਾਂ ਅੱਗੇ ਡੰਡੇ ਲੈ ਕੇ ਪ੍ਰਦਰਸ਼ਨਕਾਰੀ ਨਾਚ ਕਰਦੇ ਰਹੇ। ਸਰਕਾਰ ਨੇ ਪੁਲਿਸ ਨੂੰ ਸਖ਼ਤੀ ਕਰਨ ਦੀਆਂ ਹਦਾਇਤਾਂ ਕਿਉਂ ਨਹੀਂ ਦਿੱਤੀਆਂ, ਇਹ ਵੀ ਇੱਕ ਭੇਦ ਹੀ ਹੈ।

ਕੁੱਲ ਮਿਲਾ ਕੇ ਇਹ ਕਿਹਾ ਜਾ ਸਕਦਾ ਹੈ ਕਿ ਇਹ ਜੋ ਘਟਨਾਚੱਕਰ ਵਾਪਰਿਆ, ਇਹ ਬਹੁਤ ਹੀ ਨਿੰਦਣਯੋਗ ਹੈ। ਜਿਨ੍ਹਾਂ ਨੇ ਵਿਆਨਾ ਵਿਖੇ ਗੋਲੀਬਾਰੀ ਕੀਤੀ, ਉਹ ਮਾਨਵਤਾ ਦੇ ਦੁਸ਼ਮਣ ਹਨ ਅਤੇ ਜਿਨ੍ਹਾਂ ਨੇ ਪੰਜਾਬ ਵਿੱਚ ਹਿੰਸਾ ਕੀਤੀ, ਉਹ ਪੰਜਾਬ ਦੇ ਦੋਖੀ ਹਨ। ਪੰਜਾਬ ਸਰਕਾਰ ਲਈ ਆਉਣ ਵਾਲੇ ਦਿਨ ਕਾਫ਼ੀ ਚੁਣੌਤੀਪੂਰਨ ਹਨ। ਇਸ ਲਈ ਉਸ ਨੂੰ ਪੂਰੀ ਤਰ੍ਹਾਂ ਚੌਕਸ ਹੋ ਕੇ ਰਹਿਣਾ ਚਾਹੀਦਾ ਹੈ, ਕਿਉਂਕਿ ਜਿਹੜੀਆਂ ਵੀ ਘਟਨਾਵਾਂ ਵਾਪਰ ਰਹੀਆਂ ਹਨ ਉਨ੍ਹਾਂ ਦੀ ਇੱਕ ਪਰਤ ਜੇਕਰ ਸਮਾਜਿਕ ਸਮੱਸਿਆਵਾਂ ਨੂੰ ਸਾਹਮਣੇ ਲਿਆਉਂਦੀ ਹੈ ਤਾਂ ਦੂਜੀ ਪਰਤ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਕਿਤੇ ਨਾ ਕਿਤੇ ਕੁੱਝ ਲੋਕ ਸਿਆਸੀ ਲਾਹਾ ਲੈਣ ਲਈ ਪੰਜਾਬ ਨੂੰ ਹਿੰਸਾ ਦੀ ਅੰਨ੍ਹੇਰੀ ਗਲੀ ਵਿਚ ਧੱਕ ਰਹੇ ਹਨ। ਇਹ ਲੋਕ ਸਿਆਸਤ ਤੋਂ ਵੀ ਪ੍ਰੇਰਿਤ ਹਨ ਅਤੇ ਕੁੱਝ ਲੋਕ ਅਜਿਹੇ ਵੀ ਹਨ ਜੋ ਕਿ ਵਿਦੇਸ਼ਾਂ ਵਿੱਚ ਬੈਠ ਕੇ ਕਿਸੇ ਖ਼ਾਸ ਮੁੱਦੇ 'ਤੇ ਪੈਸਾ ਇਕੱਠਾ ਕਰ ਰਹੇ ਹਨ ਅਤੇ ਆਪਣੀਆਂ ਇੱਛਾਵਾਂ ਦੀਆਂ ਪੂਰਤੀਆਂ ਦੇ ਲਈ ਵਿਦੇਸ਼ਾਂ ਵਿੱਚ ਹਿੰਸਕ ਘਟਨਾਵਾਂ ਨੂੰ ਹੱਲਾਸ਼ੇਰੀ ਦੇ ਕੇ ਪੰਜਾਬ ਨੂੰ ਇੱਕ ਵਾਰ ਫਿਰ ਉਸੇ ਅਣਜਾਨ ਰਾਹ ਉੱਤੇ ਲਿਆ ਕੇ ਖੜ੍ਹਾ ਕਰਨਾ ਚਾਹ ਰਹੇ ਹਨ, ਜਿਥੋਂ ਇਸ ਸੂਬੇ ਨੂੰ ਅਣਥੱਕ ਯਤਨ ਕਰ ਕੇ ਵਾਪਸ ਮੋੜਿਆ ਹੈ। ਇਸ ਲਈ ਅੱਜ ਇਸ ਗੱਲ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਕਿ ਪੰਜਾਬ ਦੇ ਲੋਕ ਭਾਵੇਂ ਉਹ ਵਿਦੇਸ਼ਾਂ ਵਿੱਚ ਰਹਿੰਦੇ ਹਨ ਜਾਂ ਪੰਜਾਬ ਵਿੱਚ ਹੀ, ਇਸ ਗੱਲ ਨੂੰ ਸਮਝਣ ਕਿ ਇਹ ਜੋ ਕੁੱਝ ਵੀ ਹੋ ਰਿਹਾ ਹੈ, ਉਸ ਪਿੱਛੇ ਕੋਈ ਅਜਿਹੀ ਸਾਜ਼ਿਸ਼ ਤਾਂ ਨਹੀਂ ਜਿਸ ਨਾਲ ਪੰਜਾਬ ਦੀ ਸ਼ਾਂਤੀ ਨੂੰ ਲਾਂਬੂ ਲਾਇਆ ਜਾ ਸਕੇ।


... ਅੱਗੇ ਪੜ੍ਹੋ

ਹੁੱਲੜਬਾਜ ਲੋਕ ਕਿੰਨ੍ਹਾਂ ਕੁ ਚਿਰ ਜਨਤਾ ... - ਜਸਪਾਲ ਸਿੰਘ ਲੋਹਾਮ

ਹੁੱਲੜਬਾਜ ਲੋਕ ਕਿੰਨ੍ਹਾਂ ਕੁ ਚਿਰ ਜਨਤਾ ਦੀ ਜਾਇਦਾਦ ਦੀ ਭੰਨਤੋੜ ਕਰਦੇ ਰਹਿਣਗੇ
ਭਾਰਤ ਦੇਸ਼ ਧਰਮ ਨਿਰਪੱਖ ਦੇਸ਼ ਹੈ ਅਤੇ ਸਮੂਹ ਧਰਮਾਂ ਦਾ ਬੋਲਬਾਲਾ ਹੈ। ਪਰ ਦੇਸ਼ ਦੀ ਤਰੱਕੀ ਦੇ ਵਿਚ ਆਮ ਨਾਗਰਿਕ ਦਾ ਯੋਗਦਾਨ ਬਹੁਤ ਮਹੱਤਵ ਪੂਰਨ ਰੋਲ ਅਦਾ ਕਰਦਾ ਹੈ ਅਤੇ ਇਹ ਹੀ ਦੇਸ਼ ਨੂੰ ਵਿਕਾਸ ਦੀਆਂ ਲੀਹਾਂ ਤੇ ਲਿਜਾ ਸਕਦਾ ਹੈ ਅਤੇ ਇਹ ਹੀ ਵਿਕਾਸ ਵੱਲ ਵਧ ਰਹੀ ਰੇਲ ਰੂਪੀ ਪਟੜੀ ਤੋਂ ਉਤਾਰ ਸਕਦਾ ਹੈ। ਜਿਹੜੇ ਪੱਖ ਤੇ ਚਲਾ ਗਿਆ ਉੱਧਰ ਹਾਲਾਤ ਬਦਲ ਜਾਂਦੇ ਹਨ ਅਤੇ ਚੰਗਾ ਮਾੜਾ ਹੋ ਬੈਠਦਾ ਹੈ। ਫ਼ਿਰ ਇਹ ਤਾਂ ਸਮਾਂ ਹੀ ਦੱਸੇਗਾ ਕਿ ਊਠ ਕਿਸ ਕਰਵਟ ਬੈਠਦਾ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਦੇਸ਼ ਦੇ ਵਿਚ ਕਿਤੇ ਨਾਂ ਕਿਤੇ ਕੁੱਝ ਨਾਂ ਕੁੱਝ ਵਾਪਰਦਾ ਰਹਿੰਦਾ ਹੈ ਅਤੇ ਜਿਸਦਾ ਸਿੱਧਾ ਅਸਰ ਆਮ ਲੋਕਾਂ ਦੇ ਜਨਜੀਵਨ ਤੇ ਪੈਂਦਾ ਹੈ ਅਤੇ ਜਦੋਂ ਹਾਲਾਤ ਬੇਕਾਬੂ ਹੋ ਜਾਂਦੇ ਹਨ ਤਾਂ ਹਰ ਪਾਸੇ ਲੋਕਾਂ ਦਾ ਘਾਣ ਹੁੰਦਾ ਹੀ ਸਾਫ਼ ਝਲਕਦਾ ਨਜ਼ਰ ਆਉਂਦਾ ਹੈ। ਭਾਰਤ ਦੇ ਵੱਖ ਵੱਖ ਰਾਜਾਂ ਦੇ ਵਿਚ ਸਮੇਂ ਸਮੇਂ ਅਜਿਹਾ ਸਭ ਕੁੱਝ ਵਾਪਰਿਆ ਅਤੇ ਦੇਸ਼ ਦੀ ਜਨਤਾ ਨੇ ਸਭ ਅੱਖੀਂ ਦੇਖਿਆ ਅਤੇ ਅਨੇਕਾਂ ਹੀ ਲੋਕ ਇਸ ਮਾਰਧਾੜ ਵਿਚ ਦਫ਼ਨ ਹੋ ਗਏ ਅਤੇ ਉਨ੍ਹਾਂ ਦੇ ਘਰ ਪਰਿਵਾਰ ਵਾਲੇ ਅਜੇ ਵੀ ਵਿਲਕਦੇ ਹਨ ਅਤੇ ਅਜਿਹੇ ਕਾਰਨਾਮੇ ਦੇਸ਼ ਦੀ ਬਰਬਾਦੀ ਤੋਂ ਇਲਾਵਾ ਹੋਰ ਕੁੱਝ ਵੀ ਨਹੀਂ ਦੇ ਸਕਦੇ।

ਸਿਆਸੀ ਲੀਡਰ ਆਪਣੀ ਬਿਆਨ ਬਾਜੀ ਤੋਂ ਚੁੱਕੇ ਨਹੀਂ ਅਤੇ ਹਰ ਇਕ ਨੇ ਫ਼ਾਇਦਾ ਉਠਾਉਣ ਦੀ ਪੂਰੀ ਕੋਸ਼ਿਸ਼ ਕੀਤੀ ਹੈ ਅਤੇ ਕਈ ਲੀਡਰਾਂ ਨੇ ਇਕ ਦੂਸਰੇ ਤੇ ਦੋਸ਼ ਵੀ ਲਗਾਏ ਹਨ। ਭਾਰਤ ਦੀ ਪਵਿੱਤਰ ਤੇ ਧਰਤੀ ਤੇ ਹੋਏ ਹਮਲੇ ਨਾਲ ਦੇਸ਼ ਦੀ ਧਰਤੀ ਤੇ ਕਾਲੇ ਪ੍ਰਛਾਵੇਂ ਪੈ ਗਏ ਅਤੇ ਇਸਦੀ ਤਾਰ ਤਾਰ ਛਿਲਣੀ ਛੱਲਣੀ ਹੋ ਗਈ। ਇਸ ਖਾਸ ਫ਼ਿਰਕੇ ਨਾਲ ਜੁੜੇ ਲੋਕਾਂ ਵਿਚ ਭਾਰੀ ਰੋਸ ਜਾਗ ਪਿਆ ਅਤੇ ਲੋਕ ਸੜਕਾਂ ਤੇ ਆ ਗਏ ਅਤੇ ਦੇਸ਼ ਦੇ ਸੂਬਿਆਂ ਵਿਚ ਉਨ੍ਹਾਂ ਨੇ ਖੁੱਲ ਕੇ ਪ੍ਰਦਰਸ਼ਨ ਕੀਤਾ ਅਤੇ ਜਿਸ ਕਰਕੇ ਦੇਸ਼ ਦੇ ਹਾਲਾਤ ਬਦਲ ਗਏ। ਲੋਕਾਂ ਨੇ ਇਹ ਸਭ ਕੁੱਝ ਆਪਣੀ ਅੱਖੀਂ ਦੇਖਿਆ ਹੈ। ਇਕੱਠੇ ਹੋਏ ਲੋਕ ਆਪੇ ਤੋਂ ਬਾਹਰ ਹੋ ਗਏ ਅਤੇ ਕਿਸੇ ਦੇ ਹੱਥ ਵਿਚ ਸੋਟਾ, ਸਰੀਆ, ਟੰਬਾ, ਕਿਰਪਾਨਾਂ ਜੋ ਮਿਲਿਆ ਹਥਿਆਰ ਬਣਾ ਲਿਆ ਸਨ ਅਤੇ ਉਹ ਸੜਕਾਂ ਤੇ ਆ ਕੇ ਰੋਹ ਮੁਜਾਹਰੇ ਕਰਦੇ ਹੋਏ ਹੁਲੜਬਾਜੀ ਕਰਨ ਲੱਗ ਪਏ। ਲੋਕਾਂ ਦੇ ਭਾਰੀ ਇਕੱਠ ਨੇ ਦੁਕਾਨਾਂ, ਸ਼ੋਅਰੂਮ, ਪੈਟਰੋਲ ਪੰਪ, ਸਕੂਟਰ, ਮੋਟਰਸਾਈਕਲ, ਕਾਰਾਂ, ਟਰੱਕਾਂ, ਬੱਸਾਂ, ਰੇਲ ਗੱਡੀਆਂ ਨੂੰ ਅੱਗ ਲਗਾਕੇ ਇਸ ਦੇਸ਼ ਦੀ ਸਰਕਾਰੀ ਅਤੇ ਗੈਰ ਸਰਕਾਰੀ ਜਾਇਦਾਦ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ ਅਤੇ ਜਿਸ ਨਾਲ ਦੇਸ਼ ਦੀ ਆਰਥਿਕਤਾ ਨੂੰ ਵੀ ਭਾਰੀ ਠੇਸ ਪੁੱਜੀ ਹੈ। ਆਮ ਜਨਤਾ ਵੀ ਬਹੁਤ ਥਾਵਾਂ ਤੇ ਕੁੱਟਮਾਰ ਦਾ ਸ਼ਿਕਾਰ ਹੋਈ ਸੀ ਅਤੇ ਜਨਤਾ ਨੇ ਆਪਣੇ ਪਿੰਡੇ ਤੇ ਇਹ ਸੇਕ ਝੱਲਿਆ ਹੈ। ਸਾੜਫੂਕ ਕਰਨ ਵਾਲਿਆਂ ਵਿਚ ਜਿਆਦਾਤਰ ਨੌਜਵਾਨ ਲੜਕੇ ਸਨ ਅਤੇ ਬਹੁਤ ਸਾਰਿਆਂ ਨੇ ਤਾਂ ਪੱਤਰਕਾਰਾਂ ਦੇ ਅੱਗੇ ਆਕੜ ਕੇ ਆਪਣੇ ਐਕਸ਼ਨ ਕਰਕੇ ਖੜ ਕੇ ਤਸਵੀਰਾਂ ਖਿਚਵਾਈਆਂ ਅਤੇ ਬਾਹਾਂ ਉੱਪਰ ਕਰਕੇ ਲਲਕਾਰੇ ਮਾਰਦੇ ਰਹੇ ਅਤੇ ਇਸ ਹਜੂਮ ਦੇ ਅੱਗੇ ਹਰ ਕੋਈ ਡਰ ਰਿਹਾ ਸੀ। ਆਮ ਲੋਕਾਂ ਦੇ ਵਹੀਕਲ ਜਿਹੜੇ ਸੜਕ ਦੇ ਪਾਸੇ ਖੜ੍ਹੇ ਸਨ ਉਹ ਵੀ ਬਖਸ਼ੇ ਨਹੀਂ ਗਏ ਅਤੇ ਹਜੂਮ ਨੇ ਅੱਗ ਲਗਾ ਕੇ ਰੇਲ ਗੱਡੀ ਦੇ ਡੱਬਿਆਂ ਦਾ ਮਲੀਆਮੇਟ ਕਰ ਦਿੱਤਾ ਅਤੇ ਥੋੜੇ ਸਮੇਂ ਵਿਚ ਅੱਗ ਦੇ ਭਾਂਬੜ ਦਿਸਣੇ ਸ਼ੁਰੂ ਹੋ ਗਏ ਅਤੇ ਥੋੜੇ ਸਮੇਂ ਵਿਚ ਹੀ ਸਭ ਤਹਿਸ ਨਹਿਸ ਹੋ ਕੇ ਰਹਿ ਗਿਆ। ਦੇਸ਼ ਦੇ ਵੱਡੇ ਸ਼ਹਿਰਾਂ ਵਿਚ ਵੀ ਹੁਲੜਬਾਜਾਂ ਨੇ ਆਵਾਜਾਈ ਵਿਚ ਭਾਰੀ ਵਿਗਨ ਪਾਇਆ ਅਤੇ ਕਿਸੇ ਪਾਸੇ ਵੀ ਗੱਡੀਆਂ ਅਤੇ ਰੇਲ ਗੱਡੀਆਂ ਨੂੰ ਜਾਣ ਨਹੀਂ ਦਿੱਤਾ ਅਤੇ ਵੱਖ ਵੱਖ ਫ਼ਸੇ ਮੁਸਾਫ਼ਰ ਬੱਸ ਅੱਡਿਆਂ ਅਤੇ ਰੇਲਵੇ ਸਟੇਸ਼ਨਾਂ ਤੇ ਭਟਕਦੇ ਰਹੇ ਅਤੇ ਬੁੱਢੇ ਤੇਜ਼ ਗਰਮੀ ਵਿਚ ਰੁਲਦੇ ਰਹੇ ਜਦੋਂ ਕਿ ਬੱਚੇ ਵਿਲਕਦੇ ਰਹੇ ਅਤੇ ਘਰੋਂ ਬੇਘਰ ਹੋ ਕੇ ਰਹਿ ਗਏ। ਬਹੁਤ ਸਾਰੇ ਲੋਕਾਂ ਨੂੰ ਆਰਥਿਕ ਤੌਰ ਤੇ ਭਾਰੀ ਘਾਟਾ ਪਿਆ ਹੈ ਅਤੇ ਇਸਨੂੰ ਪੂਰਾ ਕਰਨਾ ਬਹੁਤ ਹੀ ਔਖਾ ਕੰਮ ਹੈ ਅਤੇ ਇਸ ਦੀ ਭਰਪਾਈ ਲਈ ਯਤਨ ਕਰਨੇ ਚਾਹੀਦੇ ਹਨ।

ਬੇਸ਼ੱਕ ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ ਅਤੇ ਮੁੱਖ ਮੰਤਰੀ ਨੇ ਦੇਸ਼ ਵਿਚ ਫੈਲੀ ਹਿੰਸਾ ਦੀਆਂ ਘਟਨਾਵਾਂ ਤੇ ਚਿੰਤਾ ਦਾ ਪ੍ਰਗਟਾਵਾ ਕੀਤਾ ਸੀ ਅਤੇ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਸੀ। ਕਿਸੇ ਵੀ ਤਰਾਂ ਦੀ ਹਿੰਸਾ ਨਾਲ ਨਿਜਿੱਠਣ ਲਈ ਨੀਮ ਫੌਜ ਦਸਤੇ ਭੇਜੇ ਸਨ। ਆਪਸੀ ਭਾਈਚਾਰਾ ਅਤੇ ਸ਼ਾਂਤੀ ਸਦਭਾਵਨਾ ਬਣਾਈ ਰੱਖੀ ਜਾਵੇ। ਜਿਹੜੇ ਲੋਕਾਂ ਨੇ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਹਨ ਉਨ੍ਹਾਂ ਦੇ ਚੇਹਰਿਆਂ ਨੂੰ ਅਜੇ ਤੱਕ ਸਾਰੇ ਭਲੀ ਭਾਂਤ ਜਾਣੂ ਹਨ ਅਤੇ ਉਨ੍ਹਾਂ ਤੇ ਐਕਸ਼ਨ ਲਿਆ ਜਾਣਾ ਚਾਹੀਦਾ ਅਤੇ ਅਜਿਹੇ ਚੇਹਰੇ ਬੇਨਕਾਬ ਕੀਤੇ ਜਾਣੇ ਚਾਹੀਦੇ ਹਨ ਜਿੰਨ੍ਹਾਂ ਨੇ ਸ਼ਰੇਆਮ ਗੁੰਡਾਗਰਦੀ ਦਾ ਗੰਦਾ ਨਾਚ ਖੇਡਿਆ ਅਤੇ ਭਾਰੀ ਭੰਨਤੋੜ ਕੀਤੀ। ਪਰ ਅਜੇ ਤੱਕ ਸਰਕਾਰ ਵੱਲੋਂ ਅਜਿਹੇ ਲੋਕਾਂ ਤੇ ਕਿਸੇ ਕਿਸਮ ਦਾ ਐਕਸ਼ਨ ਨਹੀਂ ਲਿਆ ਗਿਆ। ਪਰ ਜਿੰਨ੍ਹਾਂ ਦੀਆਂ ਦੁਕਾਨਾਂ ਨੂੰ ਸਾੜਿਆ ਗਿਆ ਹੈ ਜਿੰਨ੍ਹਾਂ ਦੀ ਜਾਇਦਾਦ ਦਾ ਕਬਾੜਾ ਕਰ ਦਿੱਤਾ ਹੈ ਅਤੇ ਜਿਸਦਾ ਸਭ ਕੁੱਝ ਸੜ ਕੇ ਸਵਾਹ ਹੋ ਗਿਆ ਹੈ ਅਤੇ ਜਿੰਨ੍ਹਾਂ ਨੇ ਤਬਾਹੀ ਦਾ ਮੰਜ਼ਰ ਆਪਣੇ ਪਿੰਡੇ ਤੇ ਹੰਡਾਇਆ ਹੈ ਅਤੇ ਉਸਦੀ ਹਾਲਤ ਬਾਰੇ ਦਿਲੋਂ ਕੋਈ ਨਹੀਂ ਜਾਣ ਸਕਿਆ ਕਿ ਉਨ੍ਹਾਂ ਦੇ ਮਨ ਤੇ ਕੀ ਬੀਤ ਰਹੀ ਹੈ। ਅਜਿਹੇ ਲੋਕ ਫੁੱਟ ਫੁੱਟ ਰੋ ਰਹੇ ਹਨ। ਕਈ ਲੋਕ ਜਿਹੜੇ ਗਰੀਬੀ ਤੋਂ ਉੱਠ ਕੇ ਉੱਪਰ ਆਏ ਹਨ ਉਹ ਮੌਜੂਦਾ ਹਾਲਾਤ ਦਾ ਸ਼ਿਕਾਰ ਹੋ ਗਏ ਹਨ।

ਕੇਂਦਰ ਅਤੇ ਰਾਜ ਸਰਕਾਰ ਵੱਲੋਂ ਬੇਸ਼ੱਕ ਆਪਣੇ ਪੱਧਰ ਤੇ ਆਰਥਿਕ ਮੱਦਦ ਦੇਣ ਦੇ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਇਸਦੀ ਭਰਪਾਈ ਲਈ ਯਤਨ ਕਰਨਾ ਹੀ ਇਕ ਚੰਗੀ ਸੋਚ ਦੀ ਨਿਸ਼ਾਨੀ ਹੈ ਅਤੇ ਅਜਿਹਾ ਕਰਨਾ ਵੀ ਬਣਦਾ ਹੈ। ਜਿਹੜੇ ਲੋਕਾਂ ਨੇ ਹੁਲੜਬਾਜੀ ਕੀਤੀ ਹੈ ਅਤੇ ਲੋਕਾਂ ਦੀ ਜਾਨਮਾਲ ਦਾ ਨੁਕਸਾਨ ਕਰਕੇ ਸਾਹ ਲਿਆ ਹੈ ਉਨ੍ਹਾਂ ਤੇ ਸਖ਼ਤ ਕਾਰਵਾਈ ਕਰਨ ਅਤੇ ਕਾਨੂੰਨ ਧਾਰਾ ਲਗਾਕੇ ਸਖਤ ਕਾਰਵਾਈ ਕਰਨੀ ਬਣਦੀ ਹੈ ਜੇਕਰ ਹੁਣ ਵੀ ਸਖਤ ਕਾਰਵਾਈ ਨਾਂ ਕੀਤੀ ਗਈ ਤਾਂ ਅਜਿਹੇ ਪ੍ਰਤੀਕਰਮ ਹੁੰਦੇ ਰਹਿਣਗੇ ਅਤੇ ਆਮ ਲੋਕਾਂ ਦਾ ਕਬਾੜਾ ਹੁੰਦਾ ਰਹੇਗਾ ਅਤੇ ਲੋਕਾਂ ਦੀ ਜਾਇਦਾਦ ਦਾ ਭਾਰੀ ਨੁਕਸਾਨ ਹੁੰਦਾ ਰਹੇਗਾ। ਜੇਕਰ ਇਕ ਵਾਰ ਗਲਤ ਅਨਸਰਾਂ ਦੀ ਪਹਿਚਾਣ ਕਰਕੇ ਉਨ੍ਹਾਂ ਤੇ ਕਾਰਵਾਈ ਕੀਤੀ ਜਾਵੇ ਤਾਂ ਆਉਣ ਵਾਲੇ ਸਮੇਂ ਵਿਚ ਕੋਈ ਜੁਰਅਤ ਨਹੀਂ ਕਰੇਗਾ ਅਤੇ ਕਾਨੂੰਨ ਦੇ ਨਿਯਮਾਂ ਦੀ ਪਾਲਣਾ ਕਰੇਗਾ। ਜੇਕਰ ਅਸੀਂ ਅਜੇ ਵੀ ਨਾਂ ਸੁਧਰੇ ਤਾਂ ਲੋਕ ਹਮੇਸ਼ਾ ਹੀ ਅਜਿਹੇ ਕੰਮਾਂ ਲਈ ਅੱਗੇ ਆ ਕੇ ਹੁਲੜਬਾਜੀਆਂ ਕਰਨਗੇ।

ਜੇਕਰ ਧਾਰਮਿਕ ਲੋਕਾਂ ਦੀ ਸੋਚ ਆਮ ਲੋਕਾਂ ਨੂੰ ਕੁੱਟਣ, ਮਾਰਨ ਅਤੇ ਦੇਸ਼ ਦੀ ਜਾਇਦਾਦ ਨੂੰ ਹਾਨੀ ਪੁਹੰਚਾਉਣ ਦੀ ਹੈ ਤਾਂ ਅਜਿਹੇ ਲੋਕਾਂ ਨਾਲੋਂ ਤਾਂ ਨਾਸਤਿਕ ਲੋਕ ਬੇਹਤਰ ਹਨ ਜਿਹੜੇ ਮਾਰਧਾੜ ਤੋਂ ਨਿਰਪੱਖ ਹਨ ਅਤੇ ਚੰਗੀ ਸੋਚ ਦੇ ਧਾਰਨੀ ਹੋਣ ਕਰਕੇ ਵਧੀਆ ਜੀਵਨ ਬਤੀਤ ਕਰ ਰਹੇ ਹਨ। ਸਰਕਾਰ ਦੀ ਅਗਵਾਈ ਵਿਚ ਪੁਲਿਸ ਅਧਿਕਾਰੀਆਂ ਨੂੰ ਸਖ਼ਤ ਐਕਸ਼ਨ ਲੈਣੇ ਚਾਹੀਦੇ ਹਨ ਤਾਂ ਜੋ ਦੇਸ਼ ਦੇ ਵਿਚ ਉੱਠ ਰਹੀਆਂ ਦੇਸ਼ ਵਿਰੋਧੀ ਤਾਕਤਾਂ ਦਾ ਮੂੰਹ ਪਲਟ ਦੇਣਾ ਚਾਹੀਦਾ ਹੈ ਅਤੇ ਕਿਤੇ ਨਾਂ ਕਿਤੇ ਅਜਿਹੇ ਸਮਿਆਂ ਵਿਚ ਸਮੇਂ ਸਿਰ ਕਾਰਵਾਈ ਨਾ ਕਰਨ ਵਿਚ ਦੇਰੀ ਜਰੂਰ ਹੋਈ ਹੈ ਜਿਸ ਕਰਕੇ ਦੇਸ਼ ਦੇ ਲੋਕਾਂ ਨੂੰ ਇਸ ਦਾ ਖਮਿਆਜਾ ਭੁਗਤਣਾ ਪਿਆ ਹੈ ਅਤੇ ਇਸ ਸੰਸਾਰ ਭਰ ਦੇ ਲੋਕਾਂ ਨੇ ਇਹ ਸਾਰਾ ਕੁੱਝ ਆਪਣੀ ਅੱਖੀਂ ਦੇਖਿਆ ਹੈ ਅਤੇ ਇਸ ਵਿਚ ਹੋਈ ਗਲਤੀ ਤੋਂ ਮੁਨਕਰ ਨਹੀਂ ਹੋ ਸਕਦੇ। ਅਮਨ ਕਾਨੂੰਨ ਦੀ ਸਥਿਤੀ ਨੂੰ ਹਮੇਸ਼ਾ ਬਰਕਰਾਰ ਰੱਖਣਾ ਅਤੀ ਜਰੂਰੀ ਹੈ ਅਤੇ ਇਸ ਸਬੰਧੀ ਸਮੇਂ ਸਿਰ ਐਕਸ਼ਨ ਕਰਨ ਦੀ ਜਰੂਰਤ ਹੈ ਅਤੇ ਜਵਾਬਦੇਹ ਹੋਣ ਲਈ ਸਾਨੂੰ ਅੱਗੇ ਹੋਣਾ ਪਵੇਗਾ ਅਤੇ ਨਿੱਕੀ ਜਿਹੀ ਕਮੀਂ ਕਿੱਧਰੋਂ ਕਿੱਧਰ ਲੈ ਜਾਵੇਗੀ ਅਤੇ ਲੋਕ ਹਮੇਸ਼ਾ ਹੀ ਸਮੇਂ ਸਮੇਂ ਸਿਰ ਵਿਚਾਰਾਂ ਕਰਦੇ ਰਹਿਣਗੇ ਅਤੇ ਹਮੇਸ਼ਾ ਗਲਤੀ ਕਰਨ ਵਾਲੇ ਨੂੰ ਕੋਸਦੇ ਰਹਿਣਗੇ।

... ਅੱਗੇ ਪੜ੍ਹੋ