ਚੰਡੀਗੜ੍ਹ ਲਾਠੀਚਾਰਜ, ਮਈ ਪੰਜਾਬ ਹਿੰਸਾ ਸੰਬੰਧੀ - ਰਾਜਵੀਰ ਕੌਰ ਸਪੇਨ

ਵਿਆਨਾ ਘਟਨਾ ਤੋਂ ਬਾਅਦ ਸਥਿਤੀ ਤੇ ਕਾਬੂ ਪਾਉਣ ਵਿਚ ਅਸੱਮਰਥ ਪ੍ਰਸ਼ਾਸਨ ਨੇ ਚੰਡੀਗੜ੍ਹ ਵਿਚ ਸ਼ਾਂਤਮਈ ਰੋਸ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਤੇ ਕੀਤਾ ਲਾਠੀਚਾਰਜ - ਰਾਜਵੀਰ ਕੌਰ ਸਪੇਨ

ਵਿਆਨਾ ਘਟਨਾ ਤੋਂ ਬਾਅਦ ਪੰਜਾਬ ਵਿਚ ਹੋਏ ਦੰਗੇ ਫਸਾਦਾਂ ਅਤੇ ਰੋਸ ਪ੍ਰਦਰਸ਼ਨ ਦੇ ਨਾਂ ਤੇ ਕੁਝ ਸ਼ਰਾਰਤੀ ਅਨਸਰਾਂ ਵਲੋਂ ਕੀਤੀਆਂ ਸਾੜ ਫੂਕ ਦੀਆਂ ਕਾਰਵਾਈਆਂ ਨੂੰ ਕਾਬੂ ਕਰਨ ਵਿਚ ਅਸਫਲ ਰਹੇ ਪ੍ਰਸ਼ਾਸਨ ਵਲੋਂ ਆਪਣੀਆਂ ਮੰਗਾ ਨੂੰ ਲੈ ਕਿ ਰੋਸ ਮੁਜਾਹਰੇ ਕਰ ਰਹੇ 30 ਹਜ਼ਾਰ ਕਿਸਾਨਾਂ ਤੇ ਲਾਠੀਚਾਰਜ ਕੀਤੇ ਜਾਣ ਦੀ ਖਬਰ ਨੇ ਪ੍ਰਸ਼ਾਸਨ ਦੇ ਵਿਤਕਰੇ ਦੀ ਪੂਰੀ ਤਰਾਂ ਨਾਲ ਪੋਲ ਖੋਲ ਦਿੱਤੀ ।

ਇਸ ਖਬਰ ਨੂੰ ਝੁਠਲਾਇਆ ਨਹੀਂ ਜਾ ਸਕਦਾ ਕਿ ਪੁਲਿਸ ਵਲੋਂ ਖੁਦ ਪਹਿਲ ਕੀਤੀ ਗਈ ਅਤੇ ਸ਼ਾਂਤਮਈ ਰੋਸ ਪ੍ਰਦਰਸ਼ਨ ਤੇ ਜਾਣਬੁਝ ਕੇ ਲਾਠੀਚਾਰਜ ਕਰ ਕੁ ਮਾਹੌਲ ਵਿਗਾੜਿਆ ਗਿਆ ਜਿਸ ਦੇ ਸਿੱਟੇ ਵਜੋਂ ਕਿਸਾਨਾਂ ਨੂੰ ਵੀ ਪੁਲਿਸ ਉੱਤੇ ਮਜ਼ਬੂਰਨ ਪੱਥਰ ਵਰਾਉਣੇ ਪਏ। 8 ਸਤੰਬਰ ਨੂੰ ਚੰਡੀਗੜ੍ਹ ਵਿਚ ਪੰਜਾਬ ਰਾਜ ਬਿਜਲੀ ਬੋਰਡ ਦਾ ਨਿੱਜੀਕਰਨ ਕਰਨ ਦੇ ਵਿਰੋਧ ਵਿਚ 5 ਕਿਸਾਨ ਜਥੇਬੰਦੀਆਂ ਭਾਰਤੀ ਕਿਸਾਨ ਯੂਨੀਅਨ, ਕਿਸਾਨ ਸੰਘਰਸ਼ ਕਮੇਟੀ ਪੰਜਾਬ, ਕਿਰਤੀ ਕਿਸਾਨ ਸਭਾ, ਪੰਜਾਬ ਖੇਤ ਮਜ਼ਦੂਰ ਯੂਨੀਅਨ ਅਤੇ ਇਨਕਲਾਬੀ ਮਜ਼ਦੂਰ ਸਭਾ ਪੰਜਾਬ ਵਲੋਂ ਕੀਤੇ ਭਾਰੀ ਇੱਕਠ ਅਤੇ ਰੋਸ ਪਰਦਰਸ਼ਨ ਤੇ ਪੁਲਿਸ ਨੇ ਲਾਠੀਚਾਰਜ ਕਰ ਦਿੱਤਾ । ਇਸ ਦੇ ਜਵਾਬ ਵਿਚ ਕਿਸਾਨਾਂ ਵਲੋਂ ਵੀ ਅਥਰੂ ਗੈਸ ਅਤੇ ਲਾਠੀਚਾਰਜ ਕਰ ਰਹੇ ਪੁਲਿਸ ਵਾਲਿਆਂ ਤੇ ਪੱਥਰ ਵਰ੍ਹਾ ਦਿੱਤੇ ਗਏ । ਕਿਸਾਨਾਂ ਵਲੋਂ ਪੁਲਿਸ ਵਾਹਨਾਂ ਨੂੰ ਵੀ ਫੂਕਿਆ ਗਿਆ ।

ਖਬਰਾਂ ਅਨੁਸਾਰ ਕਿਹਾ ਜਾ ਰਿਹਾ ਹੈ ਕਿ ਸ਼ਾਂਤਮਈ ਰੋਸ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਤੇ ਪੁਲਿਸ ਵਲੋਂ ਲਾਠੀਚਾਰਜ ਕਰ ਕੇ ਖੁਦ ਹੀ ਮਾਹੌਲ ਵਿਗਾੜਿਆ ਗਿਆ। 5 ਕਿਸਾਨ ਯੂਨੀਅਨਾਂ ਦੇ ਨਾਲ ਨਾਲ ਬਿਜਲੀ ਕਰਮਚਾਰੀਆਂ ਵਲੋਂ ਵੀ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਅਤੇ ਕੁੱਲ ਇਹ ਕੋਈ 30 ਹਜ਼ਾਰ ਪ੍ਰਦਰਸ਼ਨਕਾਰੀਆਂ ਦਾ ਇੱਕਠ ਸੀ । ਇਸ ਰੋਸ ਪ੍ਰਦਰਸ਼ਨ ਵਿਚ ਇੱਕ ਕਿਸਾਨ ਦੀ ਮੌਤ ਵੀ ਹੋਈ ਅਤੇ ਕਈ ਫਟੱੜ ਹੋਏ ।

ਪਰ ਜੇ ਕਿਸਾਨਾਂ ਦੇ ਰੋਸ ਮਾਰਚ ਨੂੰ ਵਿਆਨਾ ਘਟਨਾ ਤੋਂ ਬਾਅਦ ਇਨਸਾਫ ਦੀ ਮੰਗ ਦੇ ਨਾਂਅ ਤੇ ਕੀਤੇ ਗਏ ਦੰਗਿਆਂ ਨਾਲ ਮੁਕਾਬਲਾ ਕਰ ਕੇ ਇਨ੍ਹਾਂ ਦੋ ਘਟਨਾਵਾਂ ਦੀ ਪੜਚੋਲ ਕੀਤੀ ਜਾਵੇ ਤਾਂ ਸਰਕਾਰ ਦੀ ਕਾਰਗੁਜ਼ਾਰੀ ਤੇ ਪ੍ਰਸ਼ਨ ਚਿੰਨ ਲਗਾਇਆ ਜਾ ਸਕਦਾ ਹੈ ਅਤੇ ਕਿਸਾਨ ਹਿੱਤੀ ਕਹਾਉਣ ਵਾਲੀ ਪਾਰਟੀ ਅਕਾਲੀ ਦਲ ਵਲੋਂ ਹੀ ਕਿਸਾਨਾਂ ਨਾਲ ਕੀਤੇ ਜਾ ਰਹੇ ਵਿਤਕਰੇ ਨੂੰ ਭਲੀ ਭਾਂਤੀ ਸਪੱਸ਼ਟ ਰੂਪ ਵਿਚ ਵਰਣਨ ਕੀਤਾ ਜਾ ਸਕਦਾ ਹੈ ।

24 ਮਈ ਨੂੰ ਅਸਟਰੀਆ ਦੀ ਰਾਜਧਾਨੀ ਵਿਆਨਾ ਵਿਚ ਬੱਲਾਂ ਵਾਲੇ ਸੰਤਾ ਤੇ ਕਾਤਲਾਨਾ ਹਮਲਾ ਹੋਇਆ ਜਿਸ ਵਿੱਚ ਸੰਤ ਨਿਰੰਜਨ ਦਾਸ ਜਖਮੀ ਹੋ ਗਏ ਅਤੇ ਸੰਤ ਰਾਮਾਨੰਦ ਸਵਰਗਵਾਸ ਹੋ ਗਏ । ਇਸ ਘਟਨਾ ਨੇ ਪੰਜਾਬ ਵਿਚ ਖਾਸ ਕਰ ਦੁਆਬੇ ਦੀ ਧਰਤੀ ਤੇ ਭਿਆਨਕ ਦੁਖਾਂਤ ਪੈਦਾ ਕਰ ਦਿੱਤਾ । ਪੰਜਾਬ ਵਿਚ ਹਰ ਵਰਗ , ਹਰ ਪਾਰਟੀ ਅਤੇ ਹਰ ਪ੍ਰਮੁੱਕ ਨੇਤਾ ਵਲੋਂ ਸੰਤ ਮਹਾਂਪੁਰਖਾਂ ਤੇ ਕੀਤੇ ਇਸ ਹਮਲੇ ਦੀ ਸਖਤ ਸ਼ਬਦਾਂ ਵਿਚ ਵੱਡੀ ਪੱਧਰ ਤੇ ਆਲੋਚਨਾ ਕੀਤੀ ਗਈ । ਉਸ ਸਮੇਂ ਦੀ ਲੋੜ ਅਨੁਸਾਰ ਇਹ ਚਾਹੀਦਾ ਸੀ ਕੇ ਸਾਰੇ ਵਰਗ ਅਤੇ ਭਾਈਚਾਰੇ ਇੱਕਠੇ ਹੋ ਕਿ ਦੁੱਖ ਵੰਡਾਉਣ ਦੀ ਕੋਸ਼ਿਸ਼ ਅਤੇ ਭਾਵਨਾਵਾ ਨੂੰ ਸਾਂਝੀਆਂ ਕਰਦੇ । ਪਰ ਇਸ ਘਟਨਾ ਤੋਂ ਬਾਅਦ ਜੋ ਪੰਜਾਬ ਵਿਚ ਹਾਲਾਤ ਪੈਦਾ ਹੋਏ ਉਹ ਬਹੁਤ ਹੀ ਅਫਸੋਸਜਨਕ ਸਨ ।

ਰੋਸ ਪ੍ਰਗਟ ਕਰਨ ਦੇ ਨਾਂ ਤੇ ਵੱਖ ਵੱਖ ਗਰੁੱਪਾਂ ਵਲੋਂ ਸ਼ਰੇਆਮ ਗੁੰਡਾਗਰਦੀ ਕੀਤੀ ਗਈ ਅਤੇ ਸਰਕਾਰੀ ਜਾਇਦਾਦਾਂ ਦੇ ਨਾਲ ਨਾਲ ਲੋਕਾਂ ਦੀਆਂ ਨਿੱਜੀ ਜਾਇਦਾਦਾਂ ਅਤੇ ਵਾਹਨਾਂ ਦੀ ਸਾੜ ਫੂਕ ਕੀਤੀ ਗਈ , ਲੁੱਟਾਂ ਖੋਹਾਂ ਅਤੇ ਲੋਕਾਂ ਨੁੰ ਡਰਾਇਆ ਧਮਕਾਇਆ ਵੀ ਗਿਆ । ਪੰਜਾਬ ਵਿੱਚ ਬਹੁਤ ਜਗ੍ਹਾ ਇਨਸਾਫ ਦੀ ਮੰਗ ਲਈ ਹਿੰਸਕ ਰੋਸ ਮੁਜ਼ਾਹਰਾ ਕੀਤਾ ਗਿਆ ਅਤੇ ਇਸ ਵਜ੍ਹਾ ਨਾਲ ਪੰਜਾਬ ਵਿਚ ਅਰਬਾਂ ਦਾ ਨੁਕਸਾਨ ਹੋਇਆ । ਅਜਿਹੀਆਂ ਨਾਂਹ ਪੱਖੀ ਕਾਰਵਾਈਆਂ ਬਹੁਤ ਹੀ ਨਿੰਦਣਯੋਗ ਸਨ ।

ਇਨ੍ਹਾਂ ਦੰਗਿਆਂ ਨੂੰ ਕਾਬੂ ਕਰਨ ਵਿਚ ਅਸਫਲ ਰਹਿਣ ਵਿੱਚ ਪ੍ਰਸ਼ਾਸਨ ਦੀ ਕਮਜ਼ੋਰੀ ਵੀ ਸਾਫ ਝਲਕਦੀ ਸੀ । ਸਮੇਂ ਦੀ ਲੋੜ ਅਨੁਸਾਰ ਸਰਕਾਰ ਅਤੇ ਪ੍ਰਸ਼ਾਸਨ ਨੂੰ ਅਜਿਹੇ ਸਮਾਜ ਵਿਰੋਧੀ ਅਨਸਰਾਂ ਨਾਲ ਸਖਤੀ ਨਾਲ ਨਜਿੱਠਣ ਦੀ ਲੋੜ ਸੀ । ਜੇ ਪ੍ਰਸ਼ਾਸਨ ਨੇ ਜ਼ਰਾ ਕੁ ਸਖਤੀ ਵਾਲਾ ਰੱਵਈਆ ਅਪਣਾਇਆ ਹੁੰਦਾ ਤਾਂ ਪੰਜਾਬ ਵਿਚ ਅਰਬਾਂ ਦਾ ਨੁਕਸਾਨ ਨਾਂ ਹੁੰਦਾ । ਪਰ ਉਸ ਸਮੇਂ ਸਰਕਾਰ ਨੇ ਇਸ ਨੂੰ ਰੋਕਣ ਲਈ ਰੱਤੀ ਭਰ ਵੀ ਕੋਸ਼ਿਸ਼ ਨਹੀਂ ਕੀਤਾ । ਇਸ ਸੱਭ ਨੂੰ ਦੇਖ ਕੇ ਗੁਜਰਾਤ ਦੇ ਦੰਗਿਆ ਵਿਚ ਮੋਦੀ ਦਾ ਯੋਗਦਾਨ ਯਾਦ ਆ ਜਾਂਦਾ ਹੈ ।

ਜੇ ਕਿਸਾਨਾਂ ਦੇ ਸ਼ਾਂਤਮਈ ਰੋਸ ਪ੍ਰਦਰਸਨ ਵਿਚ 30 ਹਜ਼ਾਰ ਲੋਕਾਂ ਤੇ ਕੰਟਰੋਲ ਕੀਤਾ ਜਾ ਸਕਦਾ ਹੈ ਤਾਂ ਵਿਆਨਾ ਕਾਂਡ ਤੋਂ ਬਾਅਦ ਹੋਈਆ ਹਿੰਸਕ ਕਾਰਵਾਈਆਂ ਤੇ ਕਿਉਂ ਕਾਬੂ ਨਹੀਂ ਕੀਤਾ ਗਿਆ ? ਕੀ ਇਹ ਸੱਭ ਸਰਕਾਰ ਦੀ ਸ਼ਹਿ ਤੇ ਹੋ ਰਿਹਾ ਸੀ ਜਾਂ ਫਿਰ ਸਰਕਾਰ ਆਪਣੇ ਵੋਟ ਬੈਂਕ ਨੂੰ ਬਚਾਉਣ ਦੀ ਖਾਤਰ ਸਖਤ ਕਦਮ ਉਠਾਉਣ ਤੋਂ ਡਰ ਰਹੀ ਸੀ। ਇਸ ਤਰਾਂ ਦੇ ਕਈ ਸਵਾਲ ਮੰਨ ਵਿਚ ਆਉਂਦੇ ਹਨ। ਸਰਕਾਰ ਨੂੰ 4 ਦਿਨ ਕਿਸ ਤਰਾਂ ਲੱਗ ਸਕਦੇ ਸੀ ਇਹੋ ਜਿਹੀਆ ਕਾਰਵਾਈਆਂ ਨੂੰ ਕਾਬੂ ਕਰਨ ਵਿਚ ।

ਵਿਆਨਾ ਕਾਂਡ ਦੇ ਦੋਸ਼ੀਆਂ ਨੂੰ ਸਜ਼ਾ ਸੁਣਾਉਣ ਲਈ ਸਰਕਾਰ ਅਤੇ ਵਿਰੋਧੀ ਧਿਰ ਵਲੋਂ ਬੜੀ ਬਿਆਨਬਾਜ਼ੀ ਕੀਤੀ ਗਈ । ਪਰ ਕੀ ਜਿਨ੍ਹਾਂ ਗਰੁਪਾਂ ਨੇ ਵਿਆਨਾ ਕਾਂਡ ਤੋਂ ਬਾਅਦ ਪੰਜਾਬ ਵਿਚ ਦੰਗੇ ਫਸਾਦ ਕੀਤੇ ਅਤੇ ਪੰਜਾਬ ਨੂੰ ਜਲਾਇਆ ਉਨ੍ਹਾਂ ਲਈ ਕੋਈ ਸਜ਼ਾ ਨਹੀਂ ਹੈ ? ਸਗੋਂ ਇਹੋ ਜਿਹੀਆਂ ਖਬਰਾਂ ਆਈਆਂ ਕਿ ਦੰਗੇ ਫਸਾਦ ਕਰਨ ਵਾਲਿਆ ਵਿਚ ਨੂੰ ਜ਼ਖਮੀ ਹੋਣ ਕਰਕੇ 15-15 ਲੱਖ ਦਿੱਤਾ ਜਾਵੇਗਾ । ਦੰਗੇ ਫਸਾਦ ਕਰਨ ਵਾਲੇ ਗੁੰਡਿਆਂ ਦਾ ਕਸੂਰ ਵੀ ਕਿਸੇ ਵੀ ਤਰੀਕੇ ਨਾਲ ਆਸਟਰੀਆ ਵਿਚ ਸੰਤਾ ਤੇ ਹਮਲਾ ਕਰਨ ਵਾਲੇ ਦੋਸ਼ੀਆਂ ਨਾਲੋਂ ਘੱਟ ਨਹੀਂ ਹੈ । ਉਨ੍ਹਾਂ ਦਾ ਕਸੂਰ ਉਨ੍ਹਾਂ ਨਾਲੋਂ ਵੀ ਵੱਡਾ ਹੈ । ਫਿਰ ਸਰਕਾਰ ਦੰਗੇ ਫਸਾਦ ਵਾਲੇ ਦੋਸ਼ੀਆ ਨੂੰ ਸਜ਼ਾ ਦੇਣ ਵਿੱਚ ਵਿਚ ਕਿਉਂ ਢਿੱਲਾ ਰੱਵਈਆ ਅਪਣਾ ਰਹੀ ਹੈ ।

8 ਸਤੰਬਰ ਨੂੰ ਸ਼ਾਤਮਈ ਰੋਸ ਪਰਦਰਸ਼ਨ ਕਰਨ ਵਾਲੇ ਕਿਸਾਨਾਂ ਤੇ ਲਾਠੀਚਾਰਜ ਕਰਕੇ ਉਨ੍ਹਾਂ ਨੂੰ ਪੱਥਰ ਮਾਰਨ ਲਈ ਕਿਉਂ ਮਜ਼ਬੂਰ ਕੀਤਾ ਗਿਆ ? ਹੁਣ ਇਸ ਸੱਭ ਤੋਂ ਕੀ ਜ਼ਾਹਿਰ ਹੋ ਰਿਹਾ ਹੈ ? ਕੀ ਅਸੀਂ ਅਜੇ ਵੀ ਇਹੀ ਕਹਾਂਗੇ ਕਿ ਅਕਾਲੀ ਸਰਕਾਰ ਕਿਸਾਨਾਂ ਦੇ ਹਿਤਾਂ ਦੀ ਰਾਖੀ ਕਰਦੀ ਹੈ ? ਸਰਕਾਰ ਵਿਆਨਾਂ ਘਟਨਾ ਤੋਂ ਬਾਅਦ ਪੰਜਾਬ ਵਿਚ ਸਥਿਤੀ ਸੰਭਾਲਣ ਲਈ ਕਿਸ ਤਰਾਂ ਨਾਕਾਮ ਰਹਿ ਸਕਦੀ ਹੈ ? ਜੇ ਸਰਕਾਰ 30 ਹਜ਼ਾਰ ਲੋਕਾਂ ਨੂੰ ਕੁਝ ਕੁ ਹੀ ਘੰਟਿਆ ਵਿਚ ਕਾਬੂ ਕਰ ਸਕਦੀ ਹੈ ਤਾਂ ਵਿਆਨਾ ਕਾਂਡ ਵੇਲੇ ਕਿਉਂ ਨਹੀਂ ਕਰ ਸਕੀ ? ਕਿਤੇ ਇਹ ਸੱਭ ਰਾਜਨੀਤੀ ਦੀ ਸ਼ਹਿ ਤੇ ਹੀ ਤਾਂ ਨਹੀਂ ਹੋਇਆ । ਜੇ ਸਰਕਾਰ ਸਥਿਤੀ ਨੂੰ ਕਾਬੂ ਪਾਉਣ ਵਿਚ ਅਸਮੱਰਥ ਹੀ ਰਹੀ ਸੀ ਤਾਂ ਵਿਆਨਾ ਕਾਂਡ ਦੇ ਬਾਅਦ ਗੁੰਡਾਗਰਦੀ ਕਰਨ ਵਾਲੇ ਦੋਸ਼ੀਆਂ ਨਾਲ ਨਰਮੀ ਵਾਲਾ ਵਤੀਰਾ ਕਿਉਂ ਅਪਣਾਇਆ ਜਾ ਰਿਹਾ ਹੈ ?

ਪ੍ਰਸ਼ਾਸਨ ਵਲੋਂ ਚੰਡੀਗੜ੍ਹ ਵਿਚ ਕਿਸਾਨਾਂ ਤੇ ਲਾਠੀਚਾਰਜ ਕਰਕੇ ਖੁਦ ਹੀ ਮਾਹੌਲ ਵਿਗਾੜਿਆ ਗਿਆ । ਇਤਿਹਾਸ ਗਵਾਹ ਹੈ ਕਿ ਜਦੋਂ ਵੀ ਕਿਸਾਨ ਚੰਡੀਗੜ੍ਹ ਰੋਸ ਪ੍ਰਦਰਸ਼ਨ ਕਰਨ ਜਾਂਦੇ ਹਨ ਉਦੋਂ ਹੀ ਉਨ੍ਹਾਂ ਨੂੰ ਲਾਠੀਚਾਰਜ ਤੇ ਅਥਰੂ ਗੈਸ ਦਾ ਸਾਹਮਣਾ ਕਰਨਾ ਪੈਂਦਾ ਹੈ । ਚੰਡੀਗੜ੍ਹ ਵਿਚ ਰੋਸ ਮੁਜ਼ਾਹਰਾ ਕਰ ਰਹੇ ਕਿਸਾਨਾਂ ਵਲੋਂ ਰੋਸ ਪ੍ਰਦਰਸ਼ਨ ਵਿਚ ਕੀਤਾ ਗਿਆ ਸਾੜ ਫੂਕ ਦੌਰਾਨ ਨੁਕਸਾਨ ਵਿਆਨਾ ਕਾਂਡ ਤੋਂ ਬਾਅਦ ਕੀਤੀ ਗਈ ਗੁੰਡਾਗਰਦੀ ਦੇ ਮੁਕਾਬਲੇ ਕੁਝ ਵੀ ਨਹੀਂ ਹੈ । ਪਰ ਫਿਰ ਵੀ ਹਰ ਵਾਰ ਦੀ ਤਰ੍ਹਾਂ ਕਿਸਾਨਾਂ ਨੂੰ ਇਸ ਵਾਰ ਵੀ ਮੂੰਹ ਦੀ ਖਾਣੀ ਪਈ ਅਤੇ ਇਸ ਰੋਸ ਮਾਰਚ ਦਾ ਕੋਈ ਹਾਂ-ਪੱਖੀ ਹੱਲ ਨਜ਼ਰ ਨਹੀਂ ਆ ਰਿਹਾ । ਇਸਦਾ ਇੱਕ ਹੋਰ ਕਾਰਨ ਵੀ ਹੋ ਸਕਦਾ ਹੈ ।

ਇਸਦਾ ਦੂਸਰਾ ਕਾਰਨ ਹੈ ਕਿ ਕਿਸਾਨ ਜਥੇਬੰਦੀਆਂ ਵਿੱਚ ਏਕਤਾ ਅਤੇ ਤਾਕਤ ਦੇ ਪ੍ਰਦਰਸ਼ਨ ਦੀ ਘਾਟ । ਬੱਲਾਂ ਵਾਲੇ ਸੰਤਾ ਤੇ ਹਮਲੇ ਤੋਂ ਬਾਅਦ ਵੱਖ ਵੱਖ ਗੁੱਟਾਂ ਵਲੋਂ ਇਨਸਾਫ ਦੀ ਮੰਗ ਦੇ ਨਾਂਅ ਤੇ ਕੀਤੀ ਗੁੰਡਾਗਰਦੀ ਤੋਂ ਉਨਾਂ ਦੀ ਏਕਤਾ ਦਾ ਵੀ ਪ੍ਰਦਰਸ਼ਨ ਹੋਇਆ । ਦੂਜੇ ਪਾਸੇ ਕਿਸਾਨ ਜਥੇਬੰਦੀਆ ਵਲੋਂ ਥਾਂ ਥਾਂ ਤੇ ਵੱਖਰੇ ਵੱਖਰੇ ਤੋਰ ਤੇ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ ਅਤੇ ਸਾਫ ਪਤਾ ਚੱਲ ਰਿਹਾ ਹੈ ਕਿ ਇਨ੍ਹਾਂ ਜਥੇਬੰਦੀਆਂ ਵਿਚ ਏਕਤਾ ਦੀ ਘਾਟ ਹੈ । ਜੇ ਇਹ ਕਿਸਾਨ ਜਥੇਬੰਦੀਆਂ ਇੱਕ ਜੁੱਟ ਹੋ ਕੇ ਰੋਸ ਪ੍ਰਦਰਸ਼ਨ ਕਰਨ ਤਾਂ ਸ਼ਾਇਦ ਹੋ ਸਕਦਾ ਹੈ ਕਿ ਪ੍ਰਸ਼ਾਸਨ ਦੇ ਕੰਨ ਤੇ ਕਿਸਾਨਾਂ ਦੀਆਂ ਮੁਸ਼ਕਲਾਂ ਸੰਬੰਧੀ ਜੂਂ ਸਰਕੇ ਅਤੇ ਸਰਕਾਰ ਵੀ ਕਿਸਾਨਾਂ ਦੀਆਂ ਮੁਸ਼ਕਲਾਂ ਨੂੰ ਪਹਿਲ ਤੇ ਆਧਾਰ ਤੇ ਹੱਲ ਕਰਾਉਣ ਲਈ ਠੋਸ ਕਦਮ ਚੁੱਕੇ ।

ਪੰਜਾਬ ਵਿਚ ਚੋਣਾਂ ਮਹਾਰਾਜਾ ਰਣਜੀਤ ਸਿੰਘ ਵਰਗੇ ਰਾਜ ਦਾ ਲਾਰਾ ਲਾ ਕੇ ਜਿੱਤੀਆਂ ਜਾਂਦੀਆਂ ਹਨ । ਕੀ ਇਹ ਜੋ ਪੰਜਾਬ ਵਿੱਚ ਹੋ ਰਿਹਾ ਹੈ ਉਹ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿਚ ਵੀ ਹੁੰਦਾ ਸੀ । ਅਸੀੰ ਕਿਤਾਬਾਂ ਵਿਚ ਪੜਦੇ ਸੀ ਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿਚ ਸਾਰੇ ਵਰਗ ਸੁਖੀ ਜੀਵਨ ਬਿਤਾਉਂਦੇ ਸਨ । ਕੀ ਬਾਦਲ ਸਰਕਾਰ ਦੇ ਰਾਜ ਵਿਚ ਸਾਰੇ ਵਰਗ ਸੁਖੀ ਹਨ ? ਦਲਿਤ ਜਾਤੀਵਾਦ ਤੋਂ ਦੁਖੀ ਹਨ ਕਿਉਂਕਿ ਉਨ੍ਹਾ ਅਨੁਸਾਰ ਉਨ੍ਹਾਂ ਨੂੰ ਬਰਾਬਰਤਾ ਦਾ ਦਰਜਾ ਨਹੀਂ ਮਿਲ ਰਿਹਾ ਅਤੇ ਪੰਜਾਬ ਦੇ ਖੇਤਾਂ ਦਾ ਰਾਜਾ , ਭਾਰਤ ਦਾ ਅੰਨਦਾਤਾ ਅਤੇ ਹਰੀ ਕ੍ਰਾਂਤੀ ਲਿਆਉਣ ਵਾਲਾ ਕਿਸਾਨ ਭਾਈਚਾਰਾ ਆਰਥਿਕ ਰੂਪ ਵਿਚ ਪੂਰੀ ਤਰ੍ਹਾਂ ਕੰਗਾਲ ਹੋ ਚੁਕਿਆ ਹੈ ਅਤੇ ਕਰਜ਼ੇ ਦੀ ਮਾਰ ਸਹਿ ਰਿਹਾ ਹੈ ਅਤੇ ਕਈ ਅੰਨਦਾਤੇ ਖੁਦਕਸ਼ੀਆਂ ਕਰਨ ਲਈ ਵੀ ਮਜ਼ਬੂਰ ਹਨ।

ਸੁਣਨ ਵਿਚ ਆਇਆ ਹੈ ਕਿ ਵਿਆਨਾ ਵਿਚ ਵਰਤ ਰਿਹਾ ਭਾਣਾ ਗੁਰੂ ਮਰਿਆਦਾ ਦੇ ਉਲਟ ਸੀ ਅਤੇ ਸੰਤਾ ਤੇ ਹਮਲਾ ਕਰਨ ਵਾਲੇ ਨੌਜੁਆਨਾਂ ਨੇ ਜੋਸ਼ ਵਿਚ ਹੋਸ਼ ਗਵਾ ਦਿੱਤਾ । ਜੇ ਉਨਾਂ ਨੇ ਜੋਸ਼ ਵਿਚ ਹੋਸ਼ ਗਵਾਇਆ ਅਤੇ ਉਨਾਂ ਲਈ ਸਖਤ ਸਜ਼ਾ ਦੀ ਮੰਗ ਕੀਤੀ ਜਾ ਰਹੀ ਹੈ ਤਾਂ ਵਿਆਨਾ ਕਾਂਡ ਤੋਂ ਬਾਅਦ ਪੰਜਾਬ ਵਿਚ ਦਹਿਸ਼ਤਗਰਦਾਂ ਨੇ ਜੋ ਸੱਭ ਕੁਝ ਕੀਤਾ ਕੀ ਉਨ੍ਹਾਂ ਮੁਕੰਮਲ ਹੋਸ਼ ਹਵਾਸ ਵਿੱਚ ਕੀਤਾ ਹੈ ਜਾਂ ਜੋਸ਼ ਵਿਚ? ਇਸ ਸਵਾਲ ਦਾ ਜਵਾਬ ਲੱਭਣ ਦੀ ਵੀ ਲੋੜ ਹੈ । ਜੇ ਦੋਹਾਂ ਧਿਰਾਂ ਦੇ ਨੌਜੁਆਨਾਂ ਨੇ ਹੋਸ਼ ਗਵਾਏ ਹਨ ਤਾਂ ਇਹ ਕਹਿਣਾ ਚਾਹੀਦਾ ਹੈ ਕਿ ਹੋਸ਼ ਗਵਾਉਣ ਵਾਲੇ ਦੋਹਾਂ ਧਿਰਾਂ ਦੇ ਨੌਜੁਆਨਾਂ ਨੂੰ ਕਾਨੂੰਨ ਦਾ ਸਹਾਰਾ ਲੈਣਾ ਚਾਹੀਦਾ ਸੀ ਅਤੇ ਦੋਹਾਂ ਧਿਰਾਂ ਦੇ ਹੋਸ਼ ਗਵਾਉਣ ਵਾਲੇ ਨੌਜੁਆਨਾਂ ਲਈ ਇੱਕੋ ਜਿਹੀ ਸਜ਼ਾ ਮੁਕੱਰਰ ਹੋਣੀ ਚਾਹੀਦੀ ਹੈ ।

ਵਿਆਂਨਾ ਕਾਂਡ ਨੇ ਸਿੱਖ ਧਰਮ ਵਿਚ ਵੰਡੀਆਂ ਪਾ ਦਿੱਤੀਆਂ ਅਤੇ ਰਵਿਦਾਸੀਆ ਭਰਾਵਾਂ ਵਿਚ ਇਹ ਵਹਿਮ ਪਾ ਕੇ ਨਫਰਤ ਪੈਦਾ ਕਰ ਦਿੱਤੀ ਹੈ ਕਿ ਤੁਹਾਡੇ ਅਸਲ ਦੁਸ਼ਮਣ ਗੁਰੂ ਗ੍ਰੰਥ ਸਾਹਿਬ ਦੀ ਮਾਨਤਾ ਕਰਨ ਵਾਲੇ ਸਿੱਖ ਹਨ ਨਾਂ ਕੇ ਮੰਨੂਵਾਦ ਜਦਕਿ ਇਹ ਸੱਭ ਨੂੰ ਪਤਾ ਹੈ ਕਿ ਗੁਰੂ ਗ੍ਰੰਥ ਸਾਹਿਬ ਵਿਚ ਬਾਣੀ ਮਨੂਵਾਦ ਨੂੰ ਠੱਲ ਪਾਉਣ ਵਾਲੇ ਅਤੇ ਮਨੂੰਵਾਦ ਦਾ ਡਟ ਕੇ ਵਿਰੋਧ ਕਰਨ ਵਾਲੇ ਮਹਾਂਪੁਰਖਾਂ ਦੀ ਸ਼ਾਮਲ ਕੀਤੀ ਗਈ ਸੀ ਅਤੇ ਇਨ੍ਹਾਂ ਸੱਭ ਮਹਾਂਪੁਰਖਾਂ ਦੀ ਰੂਹਾਨੀ ਬਾਣੀ ਨੂੰ ਇੱਕਠਿਆਂ ਕਰਕੇ ਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਹੌਂਦ ਵਿੱਚ ਆਏ ।

ਫਿਰ ਕੋਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਰਿਆਦਾ ਨੂੰ ਠੇਸ ਪਹੁੰਚਾਉਣ ਵਾਲੇ ਕਿਸੇ ਵੀ ਭਾਈਚਾਰੇ ਦੇ ਕਿਸੇ ਵੀ ਵਿਅਕਤੀ ਨੂੰ ਕਿਵੇਂ ਮਾਫ ਕੀਤਾ ਜਾ ਸਕਦਾ ਹੈ । ਜਿਵੇਂ ਕਿ ਅਸੀਂ ਸੱਭ ਜਾਣਦੇ ਹਾਂ ਕਿ ਭਗਤ ਰਵਿਦਾਸ ਜੀ ਅਤੇ ਭਗਤ ਕਬੀਰ ਜੀ ਦੀ ਬਾਣੀ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸ਼ਾਮਲ ਹੈ , ਫਿਰ ਜੇ ਕੋਈ ਸ਼੍ਰੀ ਗੁਰੂ ਗ੍ਰਂਥ ਸਾਹਿਬ ਜੀ ਦਾ ਅਪਮਾਨ ਕਰੇ ਤਾਂ ਇਸਦਾ ਮਤਲਬ ਇਹ ਨਹੀਂ ਨਿਕਲਦਾ ਕਿ ਉਹ ਭਗਤ ਰਵਿਦਾਸ ਜੀ ਦਾ ਵੀ ਅਪਮਾਨ ਕਰ ਰਿਹਾ ਹੈ । ਫਿਰ ਰਵਿਦਾਸੀਆ ਭਾਈਚਾਰਾ ਭਗਤ ਰਵਿਦਾਸ ਜੀ ਦੀ ਮਰਿਆਦਾ ਨੂੰ ਠੇਸ ਪੁਹੰਚਾਉਣ ਵਾਲਿਆਂ ਲਈ ਕਿਸ ਤਰ੍ਹਾਂ ਨਰਮ ਰੱਵਈਆ ਅਖਤਿਆਰ ਕਰ ਸਕਦਾ ਹੈ ।

ਦੁੱਖ ਇਸ ਗੱਲ ਦਾ ਹੈ ਕਿ ਸ਼੍ਰਮਣੀ ਅਕਾਲੀ ਦਲ ਜਿਸਨੂੰ ਅੱਜ ਤੱਕ ਕਿਸਾਨ ਭਾਈਚਾਰਾ ਕਾਂਗਰਸ ਵਿਰੋਧੀ ਪਾਰਟੀ ਅਤੇ ਨਹਿਰੂ ਗਾਂਧੀ ਪਰਿਵਾਰ ਦੇ ਦੋਗਲੇਪਨ ਤੋਂ ਰਹਿਤ ਸਮਝ ਕੇ ਇੱਜਤ ਮਾਣ ਦਿੰਦਾ ਆ ਰਿਹਾ ਹੈ ਵੀ ਉਸੇ ਕਾਂਗਰਸ ਦੀਆਂ ਲੀਹਾਂ ਤੇ ਚੱਲਣ ਲੱਗ ਪਈ ਹੈ । ਇਸਦਾ ਕਾਰਨ ਲੰਬੇ ਸਮੇਂ ਤੋਂ ਅਕਾਲੀ ਭਾਜਪਾ ਦਾ ਚੱਲਿਆ ਆ ਰਿਹਾ ਗਠਜੋੜ ਵੀ ਹੋ ਸਕਦਾ ਹੈ । ਦੇਸ਼ ਦੀ ਅਜ਼ਾਦੀ ਤੋਂ ਬਾਅਦ ਪੰਜਾਬ ਦੇ ਅੰਨਦਾਤੇ ਨੇ ਆਪਣੀਆਂ ਜੁਮੇਵਾਰੀਆਂ ਖੂਬ ਚੰਗੀ ਤਰ੍ਹਾਂ ਨਿਭਾਈਆਂ । ਅਨਾਜ ਦੀ ਪੈਦਾਵਾਰ ਕਰਕੇ ਸਾਰੇ ਦੇਸ਼ ਨੂੰ ਰੋਟੀ ਦਿੱਤੀ ਅਤੇ ਸਾਡੇ ਦੇਸ਼ ਨੂੰ ਬਾਹਰਲੇ ਦੇਸ਼ਾ ਤੇ ਅਨਾਜ ਲਈ ਨਿਰਭਰ ਹੋਣ ਤੋਂ ਬਚਾਇਆ ਅਤੇ ਇਹ ਬਹੁਤ ਹੀ ਮੰਦਭਾਗਾ ਹੈ ਕਿ ਅੱਜ ਸਾਡਾ ਅੰਨਦਾਤਾ ਕਿਸਾਨ ਆਰਥਿਕ ਰੂਪ ਵਿਚ ਕੰਗਾਲ ਹੋ ਚੁੱਕਾ ਹੈ ਅਤੇ ਹੁਣ ਪੁਲਿਸ ਤੋਂ ਲਾਠੀਆਂ ਵੀ ਖਾ ਰਿਹਾ ਹੈ ।

ਦੇਸ਼ ਦੇ ਅੰਨਦਾਤੇ ਨਾਲ ਕੀਤੇ ਜਾਣ ਵਾਲੇ ਇਹੋ ਜਿਹੇ ਸਲੂਕ ਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ ਘੱਟ ਹੈ । ਪਹਿਲਾਂ ਤਾ ਪੰਜਾਬ ਦੇ ਕਿਸਾਨ ਨੂੰ ਸਿਰਫ ਦਿੱਲੀ ਅੱਗੇ ਹੀ ਬਿੱਲੀ ਬਣਨਾ ਪੈਂਦਾ ਸੀ, ਪਰ ਹੁਣ ਬਾਦਲ ਸਰਕਾਰ ਦੀ ਰਹਿਮਤ ਦੇਖੋ ਕੇ ਕਿਸਾਨਾਂ ਦੀ ਹਿੱਤੀ ਬਾਦਲ ਸਰਕਾਰ ਹੀ ਗਰੀਬ ਕਿਸਾਨਾਂ ਤੇ ਲਾਠੀਚਾਰਜ ਕਰਾਉਣ ਲੱਗ ਗਈ । ਇੱਕ ਪਾਸੇ ਤੇ ਸਾਡੇ ਦੇਸ਼ ਦਾ ਅੰਨਦਾਤਾ ਕਿਸਾਨ ਹੈ ਜੋ ਆਪਣੀਆਂ ਜਾਇਜ਼ ਮੰਗਾ ਲਈ ਰੋਸ ਪ੍ਰਦਰਸ਼ਨ ਕਰਦਾ ਹੈ ਅਤੇ ਲਾਠੀਆਂ ਵੀ ਖਾਂਦਾ ਹੈ ਅਤੇ ਦੂਜੇ ਪਾਸੇ ਵਿਆਨਾ ਵਾਲੇ ਘਟਨਾਚੱਕਰ ਤੇ ਝਾਤ ਮਾਰੀਏ ਤਾਂ ਬੰਦਾ ਸੋਚਣ ਲਈ ਮਜ਼ਬੂਰ ਹੋ ਜਾਂਦਾ ਹੈ ਕਿ ਇਹ ਕਿਹੋ ਜਿਹੇ ਡੇਰਾ ਪ੍ਰੇਮੀ ਸਨ ਜਿਨ੍ਹਾਂ ਨੇ ਪੰਜਾਬ ਅੰਦਰ ਆਪਣੀ ਹੀ ਕਰੋੜਾਂ ਦੀ ਜਾਇਦਾਦ ਫੂਕ ਦਿੱਤੀ ਅਤੇ ਛੇ ਲੋਕਾਂ ਦੀਆਂ ਜਾਨਾਂ ਵੀ ਲੈ ਲਈਆਂ।

ਇੱਕ ਬੜੀ ਹੀ ਹਾਸੋਹੀਣੀ ਗੱਲ ਸੁਣਨ ਵਿੱਚ ਆਈ ਹੈ ਕਿ ਜਦੋਂ ਪੰਜਾਬ ਵਿਚ ਵਿਆਨਾ ਘਟਨਾ ਤੋਂ ਬਾਅਦ ਕਹਿਰ ਜ਼ਾਰੀ ਸੀ ਤਾਂ ਕੁਝ ਨੌਜੁਆਨ ਪੁਲਿਸ ਨੇ ਗ੍ਰਿਫਤਾਰ ਕੀਤੇ ਜੋ ਆਪਸ ਵਿਚ ਗੱਲਾਂ ਕਰ ਰਹੇ ਸਨ ਕੇ ਸਾਨੂੰ ਤੇ ਪਤਾ ਹੀ ਨਹੀਂ ਕਿ ਬਾਬਾ ਰਾਮਾਨੰਦ ਕੌਣ ਹਨ । ਅਸੀਂ ਤੇ ਐਵੇਂ ਹੀ ਫਸ ਗਏ । ਇਸ ਗੱਲ ਤੋਂ ਹਰ ਕੋਈ ਸੋਚਣ ਲਈ ਮਜਬੂਰ ਹੋ ਜਾਂਦਾ ਹੈ ਕਿ ਜੇ ਉਹ ਡੇਰੇ ਦੇ ਪੈਰੋਕਾਰ ਨਹੀਂ ਸਨ ਤਾਂ ਫਿਰ ਕੌਣ ਸਨ ? ਫਿਰ ਕਿਸ ਦੀ ਚੱਕ ਵਿਚ ਸਨ ਇਹ ਲੋਕ? "ਸੰਘ" ਦੀ ਕਿ "ਕਾਂਗਰਸ" ਦੀ ? ਜੇ ਡੇਰਿਆਂ ਵਿਚ ਇਨੀ ਹੀ ਧਾਰਮਿਕ ਬਿਰਤੀ ਅਤੇ ਸ਼ਰਧਾ ਹੈ ਤਾਂ ਡੇਰਿਆਂ ਦੇ ਖਿਲਾਫ ਇੰਨੇ ਅਪਰਾਧਿਕ ਕੇਸ ਕਿਉਂ ਦਰਜ ਹੁੰਦੇ ਹਨ ।

ਇੱਥੋਂ ਤੱਕ ਵੀ ਕਿਹਾ ਜਾ ਰਿਹਾ ਹੈ ਕਿ ਦੁਆਬਾ ਇਲਾਕੇ ਦੇ ਪਿੰਡਾ ਤੇ ਸ਼ਹਿਰਾਂ ਵਿੱਚ ਸਿਰਫ ਕਿਸਾਨਾਂ ਦਾ ਕਾਰੋਬਾਰ ਜਲਾੳਣ ਦੀ ਕੋਸ਼ਿਸ਼ ਕੀਤੀ ਗਈ ਜਦਕਿ ਸੱਭ ਨੂੰ ਪਤਾ ਹੇ ਕਿ ਵਿਆਨਾ ਵਿਚ ਸੰਤਾ ਤੇ ਹਮਲੇ ਵਿਚ ਦਲਿਤ ਸਿੱਖ ਵੀ ਸ਼ਾਮਲ ਸਨ ਜਦਕਿ ਅਜੇ ਤੱਕ ਇਹ ਨਹੀਂ ਪਤਾ ਲੱਗਿਆ ਕੇ ਜੱਟ ਕਿੰਨੇ ਕੁ ਸਨ ਅਤੇ "ਅਜੀਤ" ਦੀ ਰਿਪੋਰਟ ਅਨੁਸਾਰ ਇਹ ਵੀ ਸੁਣਨ ਵਿਚ ਆਇਆ ਹੈ ਕਿ ਕੋਈ ਕਾਂਗਰਸੀ ਆਗੂ ਭੜਕੀ ਹੋਈ ਭੀੜ ਨੂੰ ਜੱਟਾਂ ਦਾ ਨੁਕਸਾਨ ਕਰਨ ਲਈ ਵੜਾਵਾ ਦੇ ਰਿਹਾ ਸੀ ।
ਦਲਿਤ ਸਿੱਖ ਅਤੇ ਜੱਟ ਸਿੱਖ ਇਹ ਦੋ ਭਾਈਚਾਰੇ ਸਦੀਆਂ ਤੋ ਇੱਕ ਦੂਜੇ ਦਾ ਸਾਥ ਦੇ ਰਹੇ ਹਨ ਪਰ ਹੁਣ ਇਨ੍ਹਾਂ ਦੋ ਭਾਈਚਾਰਿਆਂ ਵਿਚ ਪਾੜਾ ਪਾਉਣ ਲਈ ਸਾਜਿਸ਼ਾਂ ਰਚੀਆਂ ਜਾ ਰਹੀਆਂ ਹਨ ।

ਪੰਜਾਬ ਵਿਚ ਕਦੇ ਕਿਸੇ ਦਲਿਤ ਤੇ ਜੁਲਮ ਨਹੀਂ ਕੀਤਾ ਜਾਂਦਾ ਜਦਕਿ ਭਾਰਤ ਦੇ ਹੋਰ ਭਾਗਾਂ ਵਿਚ ਦਲਿਤਾਂ ਉੱਪਰ ਠਾਕੁਰਾਂ ਵਲੋਂ ਜੁਲਮ ਕੀਤੇ ਜਾਂਦੇ ਹਨ ਜਿਸਦੀ ਇੱਕ ਉਦਾਹਰਣ ਡਾਕੂ ਫੂਲਨ ਦੇਵੀ ਵੀ ਸੀ। ਪੰਜਾਬ ਦਾ ਕਿਸਾਨ ਤੇ ਖੁਦ ਭਾਰਤ ਸਰਕਾਰ ਦੇ ਜੁਲਮ ਅਤੇ ਵਿਤਕਰੇ ਦਾ ਸ਼ਿਕਾਰ ਹ, ਉਹ ਕਿਸੇ ਤੇ ਕੀ ਜੁਲਮ ਕਰ ਸਕਦਾ ਹੈ । ਇਸ ਕਰਕੇ ਭਾਰਤ ਸਰਕਾਰ ਨੂੰ ਤੇ ਹਮੇਸ਼ਾਂ ਇਹ ਅਪੀਲ ਹੀ ਕੀਤੀ ਹੀ ਜਾਂਦੀ ਹੈ ਕਿ ਉਹ ਪੰਜਾਬ ਦੇ ਕਿਸਾਨ ਵਿਰੋਧੀ ਨੀਤੀਆਂ ਦਾ ਤਿਆਗ ਕਰੇ ਪਰ ਇਹ ਕਿੰਨਾ ਮੰਦਭਾਗਾ ਹੈ ਕਿ ਹੁਣ ਇਹੋ ਜਿਹੀ ਬੇਨਤੀ ਆਪਣੀ ਸ਼ੁਭਚਿੰਤਕ ਮੰਨੀ ਜਾਂਦੀ ਪੰਜਾਬ ਸਰਕਾਰ ਨੂੰ ਵੀ ਕਰਨ ਦੀ ਲੋੜ ਪੈ ਗਈ ਹੈ ।

ਕਿਸਾਨੀ ਸੰਘਰਸ਼, ਚੰਡੀਗੜ੍ਹ ਲਾਠੀਚਾਰਜ ਸੰਬੰਧੀ ਖ਼ਬਰਾਂ