ਕਿਸਾਨਾਂ ਵੱਲੋਂ ਦਿੱਲੀ 'ਚ ਲਾਮਿਸਾਲ ਪ੍ਰਦਰਸ਼ਨ - ਡਾ: ਜਗਮੇਲ ਸਿੰਘ ਭਾਠੂਆਂ
ਨਵੀਂ ਦਿੱਲੀ, 3 ਸਤੰਬਰ -ਭਾਰਤੀ ਕਿਸਾਨ ਯੂਨੀਅਨ ਵੱਲੋਂ ਅੱਜ ਰਾਜਧਾਨੀ ਦਿੱਲੀ ਵਿਚ ਦੇਸ਼ ਭਰ ਵਿਚੋਂ ਆਏ ਕਿਸਾਨਾਂ ਦੀ ਵਿਸ਼ਾਲ ਕਿਸਾਨ ਪੰਚਾਇਤ ਵਿਚ ਕੇਂਦਰ ਸਰਕਾਰ ਨੂੰ ਚਿਤਾਵਨੀ ਦਿਤੀ ਗਈ ਕਿ ਵਿਸ਼ਵ ਵਪਾਰ ਸੰਸਥਾ ਨਾਲ ਹੋਣ ਵਾਲੇ ਸਮਝੌਤੇ ਵਿਚੋਂ ਖੇਤੀਬਾੜੀ ਨੂੰ ਬਾਹਰ ਰੱਖਿਆ ਜਾਵੇ। ਝੋਨਾ, ਕਪਾਹ ਤੇ ਹੋਰ ਫਸਲਾਂ ਦੀਆਂ ਕੀਮਤਾਂ ਡਾ: ਸਵਾਮੀ ਨਾਥਨ ਕਮੇਟੀ ਦੀਆਂ ਸਿਫਾਰਸ਼ਾਂ ਅਨੁਸਾਰ ਮਿੱਥੀਆਂ ਜਾਣ ਅਤੇ ਕਿਸਾਨਾਂ ਨੂੰ ਯਕਮੁਸ਼ਤ ਕਰਜ਼ੇ ਤੋਂ ਮੁਕਤ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਉਪਰੋਕਤ ਮੰਗਾਂ ਨਾ ਮੰਨਣ ਦੀ ਸਥਿਤੀ ਵਿਚ ਦੇਸ਼ ਭਰ ਦੇ ਕਿਸਾਨ ਵਿਸ਼ਾਲ ਅੰਦੋਲਨ ਸ਼ੁਰੂ ਕਰਨ ਲਈ ਮਜਬੂਰ ਹੋਣਗੇ।
ਅੱਜ ਦੀ ਵਿਸ਼ਾਲ ਕਿਸਾਨ ਪੰਚਾਇਤ ਵਿਚ ਪੰਜਾਬ, ਹਰਿਆਣਾ, ਮੱਧ ਪ੍ਰਦੇਸ਼, ਮਹਾਰਾਸ਼ਟਰ, ਉੱਤਰ ਪ੍ਰਦੇਸ਼, ਕਾਰਨਟਕ ਅਤੇ ਰਾਜਸਥਾਨ ਤੋਂ ਹਰੀਆਂ ਟੋਪੀਆਂ ਅਤੇ ਪੱਗਾਂ ਬੰਨ੍ਹ ਕੇ ਪਹੁੰਚੇ ਹਜ਼ਾਰਾਂ ਕਿਸਾਨਾਂ ਦੇ ਚਿਹਰਿਆਂ 'ਤੇ ਗੁੱਸਾ ਸਹਿਜੇ ਹੀ ਝਲਕਦਾ ਸੀ। ਜ਼ਿਕਰਯੋਗ ਹੈ ਕਿ ਅੱਜ ਦੀ ਮਹਾਂ ਪੰਚਾਇਤ ਕਿਸਾਨਾਂ ਦੀਆਂ ਹੋਰਨਾਂ ਮੰਗਾਂ ਦੇ ਨਾਲ-ਨਾਲ ਰਾਜਧਾਨੀ ਦਿੱਲੀ ਦੇ ਇਕ ਪੰਜ ਤਾਰਾ ਹੋਟਲ ਵਿਚ ਵਿਸ਼ਵ ਵਪਾਰ ਸੰਸਥਾ (ਡਬਲਿਊ ਟੀ ਓ) ਵੱਲੋਂ 34 ਦੇਸ਼ਾਂ ਦੇ ਵਪਾਰ ਮੰਤਰੀਆਂ ਦੀ ਬੁਲਾਈ ਗਈ ਮੀਟਿੰਗ ਦੇ ਵਿਰੋਧ ਵਿਚ ਵੀ ਸੀ। ਯੂਨੀਅਨ ਦੇ ਕੌਮੀ ਪ੍ਰਧਾਨ ਚੌਧਰੀ ਮਹਿੰਦਰ ਸਿੰਘ ਟਿਕੈਤ ਨੇ ਕਿਸਾਨ ਮਹਾਂ ਪੰਚਾਇਤ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹਾਲ ਵਿਚ ਹੀ ਜੀ-8 ਦੇਸ਼ਾਂ ਅਤੇ ਜੀ-5 ਦੇ ਸੰਯੁਕਤ ਐਲਾਨਨਾਮੇ ਵਿਚ ਦੋਵਾਂ ਰਾਊਂਡ ਨੂੰ 2010 ਤੱਕ ਮੁਕੰਮਲ ਕਰਨ ਦਾ ਅਹਿਦ ਕੀਤਾ ਗਿਆ ਹੈ ਅਤੇ ਉਸੇ ਲੜੀ ਵਿਚ ਭਾਰਤ ਸਰਕਾਰ ਦਿੱਲੀ ਵਿਚ ਜਲਦਬਾਜ਼ੀ ਵਿਚ ਡਬਲਿਊ ਟੀ ਓ ਦੀ ਮੀਟਿੰਗ ਕਰਵਾ ਰਹੀ ਹੈ, ਜੋ ਕਿ ਗਰੀਬ ਦੇਸ਼ਾਂ ਦੇ ਛੋਟੇ ਕਿਸਾਨਾਂ ਦੇ ਹਿੱਤ ਵਿਚ ਨਹੀਂ। ਉਨ੍ਹਾਂ ਕਿਹਾ ਕਿ ਅਸੀਂ ਵਿਸ਼ਵ ਵਪਾਰ ਸੰਸਥਾ ਦੇ ਦਬਾਅ ਹੇਠ ਦੇਸ਼ ਦੇ ਕਿਸਾਨਾਂ ਨਾਲ ਧੱਕਾ ਸਹਿਣ ਨਹੀਂ ਕਰਾਂਗੇ।
ਇਸ ਮੌਕੇ ਬੋਲਦਿਆਂ ਭਾਕਿਯੂ ਪੰਜਾਬ ਦੇ ਪ੍ਰਧਾਨ ਸ: ਅਜਮੇਰ ਸਿੰਘ ਲੱਖੋਵਾਲ ਨੇ ਕਿਹਾ ਕਿ ਕਮਜ਼ੋਰ ਮੌਨਸੂਨ ਦੇ ਮੱਦੇਨਜ਼ਰ ਕਿਸਾਨਾਂ ਨੂੰ ਵਿਸ਼ੇਸ਼ ਰਾਹਤ ਦੇਣ ਲਈ ਕੇਂਦਰ ਸਰਕਾਰ ਤੁਰੰਤ 3500 ਰੁਪਏ ਪ੍ਰਤੀ ਏਕੜ ਰਾਹਤ ਦੇਣ ਦਾ ਐਲਾਨ ਕਰੇ। ਉਨ੍ਹਾਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਡਾ: ਸਵਾਮੀ ਨਾਥਨ ਦੀਆਂ ਸਿਫਾਰਸ਼ਾਂ ਅਨੁਸਾਰ ਝੋਨੇ ਦਾ ਭਾਅ 1520 ਰੁਪਏ (ਲਾਗਤ+50 ਪ੍ਰਤੀਸ਼ਤ) ਪ੍ਰਤੀ ਕੁਇੰਟਲ ਦਾ ਐਲਾਨ ਕਰੇ। ਸ: ਲੱਖੋਵਾਲ ਨੇ ਕਿਹਾ ਕਿ ਸਰਕਾਰ ਵੱਲੋਂ ਅਜੇ ਤੱਕ ਦਾ ਕਪਾਹ ਦਾ ਸਮਰਥਨ ਨਾ ਮੁੱਲ ਐਲਾਨ ਕੇ ਕਿਸਾਨਾਂ ਨਾਲ ਬਹੁਤ ਵੱਡਾ ਧੋਖਾ ਕੀਤਾ ਜਾ ਰਿਹਾ ਹੈ, ਕਿਉਂਕਿ ਕਿਸਾਨਾਂ ਨੇ ਮੌਕੇ ਦੇ ਬਾਵਜੂਦ ਆਪਣੀ ਫਸਲ ਨੂੰ ਪੁੱਤਾਂ ਵਾਂਗ ਪਾਲਿਆ ਹੈ, ਪਰ ਹੁਣ ਫਸਲ ਮੰਡੀਆਂ ਵਿਚ ਰੁਲ ਰਹੀ ਹੈ। ਸ: ਲਖੋਵਾਲ ਨੇ ਕਿਹਾ ਕਿ ਜਿਵੇਂ ਗੰਨੇ ਪ੍ਰਤੀ ਸਰਕਾਰ ਦੀ ਅਣਗਹਿਲੀ ਕਾਰਨ ਚੀਨੀ ਦੀ ਸਮੱਸਿਆ ਹੋਈ ਹੈ। ਇਸੇ ਤਰ੍ਹਾਂ ਜੇਕਰ ਅਣਗਹਿਲੀ ਜਾਰੀ ਰਹੀ ਤਾਂ ਦੇਸ਼ ਅਨਾਜ ਦੇ ਸੰਕਟ ਵਿਚ ਵੀ ਫਸ ਸਕਦਾ ਹੈ। ਇਸ ਮੌਕੇ ਉਪਰੋਕਤ ਆਗੂਆਂ ਤੋਂ ਇਲਾਵਾ ਭਾਕਿਯੂ ਮੱਧ ਪ੍ਰਦੇਸ਼ ਦੇ ਪ੍ਰਧਾਨ ਜਗਦੀਸ਼ ਸਿੰਘ, ਹਰਿਆਣਾ ਦੇ ਪ੍ਰਧਾਨ ਸ: ਗੁਰਨਾਮ ਸਿੰਘ, ਰਾਸ਼ਟਰੀ ਕੋਆਰਡੀਨੇਟਰ ਚੌਧਰੀ ਯੁੱਧਵੀਰ ਸਿੰਘ, ਕਰਨਾਟਕ ਦੇ ਪ੍ਰਧਾਨ ਚੰਦਰ ਸ਼ੇਖਰ, ਤਾਮਿਲਨਾਡੂ ਤੋਂ ਸ਼ੇਲਾ ਮੁਥੂ ਅਤੇ ਮਹਾਰਾਸ਼ਟਰ ਦੇ ਵਿਜੈ ਜਾਵੰਧੀਆ ਸਮੇਤ ਬਹੁਤ ਸਾਰੇ ਕਿਸਾਨ ਆਗੂਆਂ ਨੇ ਸੰਬੋਧਨ ਕੀਤਾ।
ਕਿਸਾਨਾਂ ਦੇ ਇਕ ਵਫਦ ਨੇ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਨੂੰ ਕਿਸਾਨਾਂ ਦੀਆਂ ਮੰਗਾਂ ਬਾਰੇ ਯਾਦ-ਪੱਤਰ ਵੀ ਸੌਂਪਿਆਂ। ਇਸ ਮੌਕੇ ਪੰਜਾਬ ਤੋਂ ਸਾਰੇ ਜ਼ਿਲ੍ਹਿਆਂ ਤੇ ਬਲਾਕਾਂ ਦੇ ਪ੍ਰਧਾਨਾਂ ਤੋਂ ਇਲਾਵਾ ਪੰਜਾਬ ਦੇ ਸਕੱਤਰ ਜਨਰਲ ਪੂਰਨ ਸਿੰਘ ਸ਼ਾਹਕੋਟ, ਜਨਰਲ ਸਕੱਤਰ ਮਾਸਟਰ ਅਜਮੇਰ ਸਿੰਘ, ਸ਼ਰਨਜੀਤ ਸਿੰਘ ਮੇਹਲੋਂ, ਹਰਮੀਤ ਸਿੰਘ ਕਾਦੀਆਂ, ਮੀਤ ਪ੍ਰਧਾਨ ਗੁਰਮੀਤ ਸਿੰਘ ਗੋਲੇਵਾਲੇ, ਮੀ. ਪ੍ਰ: ਮਾਸਟਰ ਸ਼ਮਸ਼ੇਰ ਸਿੰਘ ਘੜੂੰਆਂ ਵੀ ਸ਼ਾਮਿਲ ਸਨ। ਦੁਪਹਿਰ ਦੋ ਵਜੇ ਤੱਕ ਕਿਸਾਨਾਂ ਨੇ ਜੰਤਰ ਮੰਤਰ ਵਿਖੇ ਕਿਸਾਨ ਮਹਾਂ ਪੰਚਾਇਤ ਵਿਚ ਸੰਬੋਧਨ ਅਤੇ ਇਥੋਂ ਹੀ ਕੌਮੀ ਪ੍ਰਧਾਨ ਸ੍ਰੀ ਟਿਕੈਤ ਦੇ ਐਲਾਨ ਉਪਰੰਤ ਪਾਰਲੀਮੈਂਟ ਵੱਲ ਕੂਚ ਕੀਤਾ। ਜਿਸ ਵਿਚ ਹਰ ਰਾਜ ਤੋਂ ਆਈਆਂ ਭਾਰੀ ਗਿਣਤੀ ਵਿਚ ਕਿਸਾਨ ਔਰਤਾਂ ਵੀ ਸ਼ਾਮਿਲ ਸਨ। ਇਸ ਮੌਕੇ ਉੱਚਿਤ ਪ੍ਰਬੰਧ ਨਾ ਹੋਣ ਕਾਰਨ ਭਾਰੀ ਗਿਣਤੀ ਵਿਚ ਆਏ ਕਿਸਾਨਾਂ ਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ, ਕਿਉਂਕਿ ਦੇਸ਼ ਦਾ ਢਿੱਡ ਭਰਨ ਵਾਲੇ ਕਿਸਾਨਾਂ ਨੂੰ ਉਨ੍ਹਾਂ ਦੀ ਆਪਣੀ ਹੀ ਰਾਜਧਾਨੀ ਵਿਚ ਦਿੱਲੀ ਪੀਣ ਵਾਲਾ ਪਾਣੀ ਵੀ ਨਸੀਬ ਨਹੀਂ ਹੋ ਰਿਹਾ। ਦਿਨ ਭਰ ਦੀ ਸਖਤ ਜੱਦੋ-ਜਹਿਦ ਤੋਂ ਬਾਅਦ ਜਦੋਂ ਰੋਹ ਵਿਚ ਆਏ ਕਿਸਾਨਾਂ ਨੇ ਪਾਰਲੀਮੈਂਟ ਵੱਲ ਵਧਣ ਦੀ ਕੋਸ਼ਿਸ਼ ਕੀਤੀ ਤਾਂ ਥਾਣਾ ਪਾਰਲੀਮੈਂਟ ਪਾਸ ਕਿਸਾਨਾਂ ਨੂੰ ਰੋਕ ਕੇ ਸਰਕਾਰੀ ਰਿਪੋਰਟ ਅਨੁਸਾਰ 51 ਹਜ਼ਾਰ ਕਿਸਾਨਾਂ ਤੇ 51 ਸੌ ਔਰਤ ਕਿਸਾਨਾਂ ਦੀ ਗ੍ਰਿਫਤਾਰੀ ਪਾ ਕੇ ਉਨ੍ਹਾਂ ਨੂੰ ਰਿਹਾਅ ਕੀਤਾ ਗਿਆ। ਜਿਸ ਉਪਰੰਤ ਸ੍ਰੀ ਟਿਕੈਤ ਤੇ ਲੱਖੋਵਾਲ ਨੇ ਧਰਨਾ ਉਠਾਉਣ ਦਾ ਐਲਾਨ ਕਰਦਿਆਂ ਨਾਲ ਹੀ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਵੱਲੋਂ ਡਬਲਿਊ ਟੀ ਓ ਨਾਲ ਕਿਸਾਨ ਵਿਰੋਧੀ ਸਮਝੌਤਾ ਕੀਤਾ ਗਿਆ ਤਾਂ ਭਾਕਿਯੂ ਵੱਲੋਂ ਦੇਸ਼ ਵਿਆਪੀ ਅੰਦੋਲਨ ਛੇੜਿਆ ਜਾਵੇਗਾ।
51 ਹਜ਼ਾਰ ਕਿਸਾਨ ਹਿਰਾਸਤ ਵਿਚ ਲਏ
ਭਾਰਤੀ ਕਿਸਾਨ ਯੂਨੀਅਨ ਦੇ ਨੇਤਾ ਮਹਿੰਦਰ ਸਿੰਘ ਟਿਕੈਤ ਦੀ ਅਗਵਾਈ ਹੇਠ ਵਿਸ਼ਵ ਵਪਾਰ ਸਮਝੌਤੇ ਵਿਰੁੱਧ ਰਾਜਧਾਨੀ ਵਿਖੇ ਪ੍ਰਦਰਸ਼ਨ ਕਰ ਰਹੇ 51 ਹਜ਼ਾਰ ਕਿਸਾਨਾਂ ਨੂੰ ਦਿੱਲੀ ਪੁਲਿਸ ਨੇ ਹਿਰਾਸਤ ਵਿਚ ਲੈ ਲਿਆ। ਪ੍ਰਾਪਤ ਜਾਣਕਾਰੀ ਅਨੁਸਾਰ ਜਦ ਕਿਸਾਨ ਜੰਤਰ-ਮੰਤਰ ਵਿਖੇ ਪ੍ਰਦਰਸ਼ਨ ਕਰ ਰਹੇ ਸਨ ਤਾਂ ਦਿੱਲੀ ਪੁਲਿਸ ਨੇ ਇੰਨਾਂ ਨੂੰ ਅਦਾਲਤੀ ਹਿਰਾਸਤ ਵਿਚ ਲਿਆ। ਇਹ ਹਿਰਾਸਤ ਦਿੱਲੀ ਪੁਲਿਸ ਐਕਟ ਦੀ ਧਾਰਾ 65 ਅਧੀਨ ਕੀਤੀ ਗਈ। ਹਿਰਾਸਤ ਵਿਚ ਲਏ ਗਏ ਕਿਸਾਨਾਂ ਵਿਚ ਕਿਸਾਨ ਬੀਬੀਆਂ ਵੀ ਸ਼ਾਮਿਲ ਸਨ।
ਪੰਜਾਬ ਸਰਹੱਦੀ ਖੇਤਰ ਦੇ ਕਿਸਾਨ ਵੱਲੋਂ ਮੰਗਾਂ ਪ੍ਰਤੀ ਧਰਨਾ
ਨਵੀਂ ਦਿੱਲੀ, 3 ਸਤੰਬਰ (ਸੋਢੀ)-ਬਾਰਡਰ ਏਰੀਆ ਕਿਸਾਨ ਵੈਲਫੇਅਰ ਸੁਸਾਇਟੀ ਖੇਮਕਰਨ ਜ਼ਿਲ੍ਹਾ ਅੰਮ੍ਰਿਤਸਰ ਵੱਲੋਂ ਆਪਣੀਆਂ ਮੰਗਾਂ ਦੇ ਪ੍ਰਤੀ ਦਿੱਲੀ ਦੇ ਜੰਤਰ ਮੰਤਰ 'ਤੇ ਧਰਨਾ ਦਿੱਤਾ ਗਿਆ। ਇਨ੍ਹਾਂ ਕਿਸਾਨਾਂ ਦੀਆਂ ਮੰਗਾਂ ਦੇ ਵਿਚ ਬਿਜਲੀ ਸਬੰਧੀ ਆ ਰਹੀਆਂ ਦਿੱਕਤਾਂ, ਜ਼ਮੀਨਾਂ 'ਤੇ ਜ਼ਬਰਦਸਤੀ ਕੀਤਾ ਗਿਆ ਕਬਜ਼ਾ, ਪਾਰਲੀਮੈਂਟ ਕਮੇਟੀ (ਸ੍ਰੀ ਵੀ. ਐਸ. ਪਾਟਿਲ) ਦੁਆਰਾ ਸੁਣੀਆਂ ਗਈਆਂ ਸਮੱਸਿਆਵਾਂ ਜੋ ਅੰਮ੍ਰਿਤਸਰ ਵਿਖੇ ਜੂਨ 2006 ਵਿਚ ਸੁਣੀਆਂ ਗਈਆਂ ਸਨ, ਉਨ੍ਹਾਂ ਪ੍ਰਤੀ ਕੋਈ ਰਿਲੀਫ ਨਾ ਮਿਲਣਾ ਸਰਹੱਦੀ ਖੇਤਰ ਦੇ ਕਿਸਾਨਾਂ ਨੂੰ ਭਾਰਤੀ ਸੰਵਿਧਾਨ ਅਨੁਸਾਰ ਹੱਕ ਮਿਲਣਾ, ਸਰਹੱਦੀ ਖੇਤਰ ਦੀਆਂ ਜ਼ਮੀਨਾਂ 'ਤੇ ਕਮਿਸ਼ਨ ਬਣਾਉਣਾ ਆਦਿ ਸ਼ਾਮਿਲ ਹਨ। ਸੁਸਾਇਟੀ ਦਾ ਕਹਿਣਾ ਹੈ ਕਿ ਪੰਜਾਬ ਸਰਹੱਦੀ ਖੇਤਰ ਦੇ ਕਿਸਾਨ ਭਾਰੀ ਮੁਸੀਬਤ ਵਿਚੋਂ ਗੁਜ਼ਰ ਰਹੇ ਹਨ ਜਿਨ੍ਹਾਂ ਦੇ ਹੱਲ ਲਈ ਸਰਕਾਰ ਨੂੰ ਜ਼ਰੂਰ ਯਤਨ ਕਰਨੇ ਚਾਹੀਦੇ ਹਨ। ਇਹ ਜਾਣਕਾਰੀ ਸੁਸਾਇਟੀ ਦੇ ਪ੍ਰਧਾਨ ਰਘਵੀਰ ਸਿੰਘ ਨੇ ਦਿੱਤੀ।
ਅਜੀਤ ਖ਼ਬਰ ਵੈੱਬ ਪੰਨਾ
ਚੰਡੀਗੜ੍ਹ 'ਚ ਕਿਸਾਨਾਂ 'ਤੇ ਸਖ਼ਤ ਲਾਠੀਚਾਰਜ - 65 ਜ਼ਖ਼ਮੀ
ਅਥਰੂ ਗੈਸ ਛੱਡੀ, ਕਈ ਗੱਡੀਆਂ ਦੀ ਭੰਨ-ਤੋੜ ਤੇ ਸਾੜ-ਫੂਕ, ਬਿਜਲੀ ਬੋਰਡ ਦੇ ਨਿੱਜੀਕਰਨ ਦਾ ਵਿਰੋਧ ਕਰ ਰਹੇ ਸੀ ਕਿਸਾਨ
ਚੰਡੀਗੜ੍ਹ, 8 ਸਤੰਬਰ-ਗੁਰਪ੍ਰੀਤ ਸਿੰਘ ਨਿੱਝਰ-ਚੰਡੀਗੜ੍ਹ ਵਿਖੇ ਅੱਜ ਪੰਜਾਬ ਰਾਜ ਬਿਜਲੀ ਬੋਰਡ ਦਾ ਨਿੱਜੀਕਰਨ ਕੀਤੇ ਜਾਣ ਦੇ ਵਿਰੋਧ ਵਿਚ 5 ਕਿਸਾਨ ਜਥੇਬੰਦੀਆਂ ਭਾਰਤੀ ਕਿਸਾਨ ਯੂਨੀਅਨ (ਏਕਤਾ), ਕਿਸਾਨ ਸੰਘਰਸ਼ ਕਮੇਟੀ ਪੰਜਾਬ, ਕਿਰਤੀ ਕਿਸਾਨ ਸਭਾ, ਪੰਜਾਬ ਖੇਤ ਮਜ਼ਦੂਰ ਯੂਨੀਅਨ ਅਤੇ ਇਨਕਲਾਬੀ ਮਜ਼ਦੂਰ ਸਭਾ ਪੰਜਾਬ ਵੱਲੋਂ ਕੀਤੇ ਭਾਰੀ ਇਕੱਠ ਮੌਕੇ ਹਾਲਾਤ ਉਦੋਂ ਵਿਸਫੋਟਕ ਹੋ ਗਏ, ਜਦੋਂ ਰੋਸ ਜਲੂਸ ਕੱਢਦੇ ਹੋਏ ਅੱਗੇ ਵਧਦੇ ਕਿਸਾਨਾਂ 'ਤੇ ਪੁਲਿਸ ਨੇ ਭਾਰੀ ਲਾਠੀਚਾਰਜ ਕਰ ਦਿੱਤਾ। ਇਸ ਤੋਂ ਬਾਅਦ ਕਿਸਾਨਾਂ ਨੇ ਪਾਣੀ ਦੀਆਂ ਬੁਛਾੜਾਂ ਅਤੇ ਅੱਥਰੂ ਗੈਸ ਸੁੱਟ ਰਹੀਆਂ ਗੱਡੀਆਂ ਅਤੇ ਲਾਠੀਚਾਰਜ ਕਰ ਰਹੇ ਪੁਲਿਸ ਮੁਲਾਜ਼ਮਾਂ 'ਤੇ ਪੱਥਰ ਵਰ੍ਹਾ ਦਿੱਤੇ। ਪੱਥਰਾਅ ਸ਼ੁਰੂ ਹੁੰਦਿਆਂ ਹੀ ਪੁਲਿਸ ਵਾਲੇ ਜਿਧਰ ਮੂੰਹ ਹੋਇਆ, ਓਧਰ ਨੂੰ ਹੀ ਭੱਜ ਨਿਕਲੇ ਅਤੇ ਮੈਦਾਨ ਕਿਸਾਨਾਂ ਦੇ ਹੱਥ ਆ ਗਿਆ। ਰੋਹ ਵਿਚ ਆਏ ਕਿਸਾਨਾਂ ਨੇ ਉਥੇ ਖੜ੍ਹੇ ਪੁਲਿਸ ਦੇ ਦੋਪਹੀਆ ਵਾਹਨਾਂ ਅਤੇ ਵੱਡੀਆਂ ਗੱਡੀਆਂ ਨੂੰ ਫੂਕ ਦਿੱਤਾ।
ਇਸ ਤੋਂ ਬਾਅਦ ਕਿਸਾਨਾਂ ਨੇ ਪੁਲਿਸ ਵਾਲਿਆਂ ਨੂੰ ਚੰਡੀਗੜ੍ਹ ਦੀਆਂ ਸੜਕਾਂ 'ਤੇ ਖੂਬ ਭਜਾਇਆ ਤੇ ਪੁਲਿਸ ਵਾਲਿਆਂ ਨੇ ਦੁਕਾਨਾਂ ਅਤੇ ਲੁਕਵੀਆਂ ਥਾਵਾਂ ਵਿਚ ਵੜ ਕੇ ਆਪਣੀ ਜਾਨ ਬਚਾਈ। ਇੰਨੇ ਨੂੰ ਜ਼ੋਰ ਦੀ ਬਾਰਿਸ਼ ਆ ਗਈ ਅਤੇ ਕਿਸਾਨ ਵੀ ਇੱਧਰ ਉਧਰ ਖਿੰਡ ਪੁੰਡ ਗਏ। ਜਦੋਂ ਬਾਰਿਸ਼ ਹਟਣ 'ਤੇ ਕਿਸਾਨ ਵਾਪਸ ਆਪੋ ਆਪਣੇ ਘਰਾਂ ਨੂੰ ਵਾਪਸ ਜਾ ਰਹੇ ਸਨ ਤਾਂ ਪਿੱਛੇ ਰਹਿ ਗਈਆਂ 10 ਬੱਸਾਂ 'ਤੇ ਪੰਜਾਬ ਪੁਲਿਸ ਦੇ ਕਮਾਂਡੋਆਂ ਅਤੇ ਚੰਡੀਗੜ੍ਹ ਪੁਲਿਸ ਨੇ ਧਾਵਾ ਬੋਲ ਦਿੱਤਾ।
ਪੁਲਿਸ ਮੁਲਾਜ਼ਮਾਂ ਨੇ ਬੱਸਾਂ ਦੀ ਤਾਂ ਭਾਰੀ ਭੰਨ ਤੋੜ ਕੀਤੀ ਹੀ, ਉਨ੍ਹਾਂ ਵਿਚ ਸਵਾਰ ਨਿਹੱਥੇ ਕਿਸਾਨਾਂ ਦੀ ਵੀ ਬੁਰੀ ਤਰ੍ਹਾਂ ਕੁੱਟ ਮਾਰ ਕੀਤੀ। ਇਸ ਕੁੱਟਮਾਰ ਵਿਚ 65 ਤੋਂ ਵੱਧ ਕਿਸਾਨ ਫੱਟੜ ਹੋਏ, ਉਥੇ 100 ਦੇ ਲਗਭਗ ਪੁਲਿਸ ਵਾਲਿਆਂ ਦੇ ਵੀ ਫੱਟੜ ਹੋਣ ਦੀ ਸੂਚਨਾ ਹੈ, ਜਿਨ੍ਹਾਂ ਵਿਚੋਂ ਕਿ 34 ਪੁਲਿਸ ਵਾਲਿਆਂ ਨੂੰ ਹਸਪਤਾਲ ਲਿਜਾਣਾ ਪਿਆ। ਫੱਟੜ ਹੋਣ ਵਾਲੇ ਪੁਲਿਸ ਮੁਲਾਜ਼ਮਾਂ ਵਿਚ ਇਕ ਡੀ. ਐਸ. ਪੀ. ਜਗਬੀਰ ਸਿੰਘ ਅਤੇ 4 ਇੰਸਪੈਕਟਰ ਕੇਵਲ ਕ੍ਰਿਸ਼ਨ, ਨਿੱਤਿਆ ਨੰਦ, ਸ਼ੇਰ ਸਿੰਘ ਅਤੇ ਪ੍ਰਤਾਪ ਸਿੰਘ ਵੀ ਸ਼ਾਮਿਲ ਹਨ। 50 ਤੋਂ ਵੱਧ ਕਿਸਾਨਾਂ ਨੂੰ ਗ੍ਰਿਫਤਾਰ ਕਰਨ ਦੀ ਵੀ ਸੂਚਨਾ ਹੈ।
ਇਸ ਤੋਂ ਇਲਾਵਾ ਕੁਝ ਪੱਤਰਕਾਰਾਂ ਨਾਲ ਪੁਲਿਸ ਵੱਲੋਂ ਦੁਰਵਿਹਾਰ ਕਰਨ ਅਤੇ ਪ੍ਰਦਰਸ਼ਨਕਾਰੀਆਂ ਵੱਲੋਂ 2 ਫੋਟੋਗ੍ਰਾਫਰਾਂ ਦੇ ਕੈਮਰੇ ਤੋੜੇ ਦਿੱਤੇ ਗਏ। ਜਿਸ ਵਕਤ ਪਥਰਾਅ ਹੋ ਰਿਹਾ ਸੀ, ਉਸ ਵਕਤ ਉਥੋਂ ਲੰਘ ਰਹੇ ਕੁਝ ਪ੍ਰਾਈਵੇਟ ਵਾਹਨ ਵੀ ਇਸ ਦੀ ਲਪੇਟ ਵਿਚ ਆ ਗਏ। ਭਾਰਤੀ ਕਿਸਾਨ ਯੂਨੀਅਨ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ, ਕਿਰਤੀ ਕਿਸਾਨ ਸਭਾ ਦੇ ਪ੍ਰੇਮ ਸਿੰਘ ਭੰਗੂ, ਪੰਜਾਬ ਰਾਜ ਬਿਜਲੀ ਬੋਰਡ ਸਾਂਝਾ ਫੋਰਮ ਦੇ ਮਨਜੀਤ ਸਿੰਘ ਚਹਿਲ ਨੇ ਇਸ ਲਾਠੀਚਾਰਜ ਦੀ ਨਿਖੇਧੀ ਕੀਤੀ ਹੈ।
ਉਨ੍ਹਾਂ ਕਿਹਾ ਕਿ ਸ਼ਾਂਤਮਈ ਤਰੀਕੇ ਨਾਲ ਰੋਸ ਪ੍ਰਗਟ ਕਰ ਰਹੇ ਕਿਸਾਨਾਂ ਉਪਰ ਲਾਠੀਚਾਰਜ ਕਰਕੇ ਪੁਲਿਸ ਨੇ ਖੁਦ ਮਾਹੌਲ ਵਿਗਾੜਿਆ, ਕਿਉਂਕਿ ਜਿਸ ਜਗ੍ਹਾ ਕਿਸਾਨ ਰੋਸ ਜਲੂਸ ਕੱਢਣ ਦੀ ਮੰਗ ਕਰ ਰਹੇ ਸਨ, ਉਥੇ ਦਫਾ 144 ਵੀ ਨਹੀਂ ਲੱਗੀ ਹੋਈ ਸੀ। ਜ਼ਿਕਰਯੋਗ ਹੈ ਕਿ ਅੱਜ ਬਿਜਲੀ ਬੋਰਡ ਨੂੰ ਭੰਗ ਕਰਨ ਦੇ ਮੁੱਦੇ 'ਤੇ ਜਿੱਥੇ 5 ਕਿਸਾਨ ਜਥੇਬੰਦੀਆਂ ਦਾ ਰੋਸ ਪ੍ਰਦਰਸ਼ਨ ਸੀ, ਉਥੇ ਪੀ. ਐਸ. ਈ. ਬੀ. ਇੰਪਲਾਈਜ਼ ਜੁਆਇੰਟ ਫੋਰਮ ਅਤੇ ਪੰਜਾਬ ਟੈਕਨੀਕਲ ਵਰਕਰ ਯੂਨੀਅਨ ਦਾ ਵੀ ਇਸੇ ਮੁੱਦੇ 'ਤੇ ਅੱਜ ਰਾਜਧਾਨੀ ਵਿਚ ਰੋਸ ਪ੍ਰਦਰਸ਼ਨ ਸੀ। 5 ਕਿਸਾਨ ਯੂਨੀਅਨਾਂ ਦਾ ਇਕੱਠ 15 ਤੋਂ 20 ਹਜ਼ਾਰ ਦੇ ਲਗਭਗ ਸੀ, ਤਾਂ ਬਿਜਲੀ ਬੋਰਡ ਕਾਮਿਆਂ ਦਾ ਇਕੱਠ ਵੀ 10 ਤੋਂ 12 ਹਜ਼ਾਰ ਦੇ ਕਰੀਬ ਸੀ। ਇਸੇ ਤਰ੍ਹਾਂ ਟੈਕਨੀਕਲ ਕਾਮੇ ਵੀ 4 ਤੋਂ 5 ਹਜ਼ਾਰ ਦੀ ਗਿਣਤੀ ਵਿਚ ਪ੍ਰਦਰਸ਼ਨ ਲਈ ਇਕੱਠੇ ਹੋਏ ਸਨ। ਸ਼ਾਮ ਹੁੰਦਿਆਂ-ਹੁੰਦਿਆਂ ਸੈਕਟਰ-17 ਦੇ ਨੇੜੇ ਤੇੜੇ 25 ਤੋਂ 30 ਹਜ਼ਾਰ ਪ੍ਰਦਰਸ਼ਨਕਾਰੀਆਂ ਦਾ ਇਕੱਠ ਹੋ ਗਿਆ ਸੀ। ਇਨ੍ਹਾਂ ਵਿਚੋਂ ਸਿਰਫ਼ 5 ਕਿਸਾਨ ਜਥੇਬੰਦੀਆਂ ਨੇ ਹੀ ਰੋਸ ਜਲੂਸ ਕੱਢਣ ਦੀ ਕੋਸ਼ਿਸ਼ ਕੀਤੀ ਸੀ, ਜਦਕਿ ਬਾਕੀ 2 ਜਥੇਬੰਦੀਆਂ ਨੇ ਆਪਣਾ ਮੰਗ ਪੱਤਰ ਪ੍ਰਸ਼ਾਸਨ ਨੂੰ ਸੌਂਪਦਿਆਂ ਪ੍ਰਦਰਸ਼ਨ ਸਮਾਪਤ ਕਰ ਦਿੱਤਾ ਸੀ।
ਇਸ ਘਟਨਾ ਤੋਂ ਬਾਅਦ ਸੈਕਟਰ-17 ਨਾਲ ਲਗਦੀਆਂ ਸੜਕਾਂ 'ਤੇ ਪੱਥਰ ਹੀ ਪੱਥਰ ਖਿਲਰੇ ਪਏ ਸਨ ਅਤੇ ਯੁੱਧ ਦਾ ਮੈਦਾਨ ਬਣੇ ਸਟੇਡੀਅਮ ਦੇ ਅਗਲੇ ਪਾਸੇ ਥਾਂ-ਥਾਂ 'ਤੇ ਫੂਕੇ ਹੋਏ ਵਾਹਨਾਂ ਦਾ ਮਲਬਾ ਖਿਲਰਿਆ ਪਿਆ ਸੀ। ਚੰਡੀਗੜ੍ਹ ਵਰਗੇ ਭੁੱਲ-ਭੁਲੱਈਆ ਸ਼ਹਿਰ ਵਿਚ ਬਹੁਤੇ ਕਿਸਾਨ ਅਜੇ ਵੀ ਗਵਾਚੇ ਹੋਏ ਫਿਰ ਰਹੇ ਸਨ ਤੇ ਉਨ੍ਹਾਂ ਨੂੰ ਬਾਹਰ ਨਿਕਲਣ ਦਾ ਰਸਤਾ ਨਹੀਂ ਮਿਲ ਰਿਹਾ ਸੀ। ਕੁਝ ਕਿਸਾਨ ਪੁਲਿਸ ਦੇ ਡਰੋਂ ਦੂਜੇ ਸੈਕਟਰਾਂ ਦੇ ਪਾਰਕਾਂ ਅੰਦਰ ਹੀ ਛਿਪੇ ਬੈਠੇ ਸਨ। ਸ਼ਾਮ ਵੇਲੇ ਤੱਕ ਸੈਕਟਰ-17 ਦਾ ਇਲਾਕਾ ਪੁਲਿਸ ਛਾਉਣੀ 'ਚ ਤਬਦੀਲ ਹੋ ਚੁੱਕਾ ਸੀ।
ਬੱਸ ਹੇਠਾਂ ਆ ਕੇ 1 ਦੀ ਮੌਤ
ਇਸ ਮੌਕੇ ਚਨਾਰਥਲ ਕਲਾਂ ਦੇ ਵਸਨੀਕ ਜੱਗਾ ਦੀ ਉਸ ਵਕਤ ਮੌਤ ਹੋ ਗਈ, ਜਦੋਂ ਬੱਸ ਉਤੋਂ ਡਿੱਗਣ ਉਪਰੰਤ ਪਿੱਛੇ ਆ ਰਹੀ ਬੱਸ ਉਸ ਦੇ ਉਪਰੋਂ ਨਿਕਲ ਗਈ। ਸੂਚਨਾ ਅਨੁਸਾਰ ਪੁਲਿਸ ਕੁੱਟਮਾਰ ਤੋਂ ਡਰਦੇ ਜਦੋਂ ਕਿਸਾਨ ਆਪਣੀਆਂ ਬੱਸਾਂ ਰਾਹੀਂ ਭੱਜ ਰਹੇ ਸਨ ਤਾਂ ਜੱਗਾ ਭੱਜ ਰਹੀ ਬੱਸ ਦੇ ਪਿੱਛੋਂ ਦੀ ਛੱਤ 'ਤੇ ਚੜ੍ਹਨ ਦੀ ਕੋਸ਼ਿਸ਼ ਕਰ ਰਿਹਾ ਸੀ। ਇਸੇ ਦੌਰਾਨ ਘਬਰਾਹਟ ਵਿਚ ਉਹ ਫਿਸਲ ਕੇ ਬੱਸ ਤੋਂ ਹੇਠਾਂ ਡਿੱਗ ਗਿਆ।
ਕਿਸਾਨਾਂ 'ਤੇ ਲਾਠੀਚਾਰਜ ਵਿਰੁੱਧ ਰੋਸ ਪ੍ਰਦਰਸ਼ਨ
ਨੂਰਮਹਿਲ, 9 ਸਤੰਬਰ (ਜਸਵਿੰਦਰ ਸਿੰਘ ਲਾਂਬਾ)-ਨੂਰਮਹਿਲ ਸਬ-ਡਵੀਜ਼ਨ ਦੇ ਬਿਜਲੀ ਮੁਲਾਜ਼ਮਾਂ ਵੱਲੋਂ ਜੁਆਇੰਟ ਫੋਰਮ ਦੇ ਸੱਦੇ 'ਤੇ ਰੋਸ ਰੈਲੀ ਕੀਤੀ ਗਈ। ਰੈਲੀ ਵਿਚ ਚੰਡੀਗੜ੍ਹ ਵਿਖੇ ਸ਼ਾਂਤਮਈ ਮਾਰਚ ਕਰ ਰਹੇ ਕਿਸਾਨਾਂ 'ਤੇ ਪੁਲਿਸ ਵੱਲੋਂ ਕੀਤੇ ਗਏ ਲਾਠੀਚਾਰਜ ਦੀ ਪੁਰਜ਼ੋਰ ਨਿਖੇਧੀ ਕੀਤੀ ਗਈ। ਮਾਰਕੁਟਾਈ ਵਿਚ ਸ਼ਹੀਦ ਹੋਏ ਕਿਸਾਨ ਦੀ ਆਤਮਿਕ ਸ਼ਾਂਤੀ ਲਈ ਦੋ ਮਿੰਟ ਦਾ ਮੋਨ ਧਾਰਨ ਕੀਤਾ ਗਿਆ। ਰੈਲੀ ਵਿਚ ਬੋਲਦਿਆਂ ਆਗੂਆਂ ਨੇ ਸਮੂਹ ਮੁਲਾਜ਼ਮਾਂ ਅਤੇ ਕਿਸਾਨਾਂ ਨੂੰ 15 ਸਤੰਬਰ ਨੂੰ ਪੂਰੇ ਦਿਨ ਦੀ ਹੜਤਾਲ ਵਿਚ ਭਾਗ ਲੈਣ ਦੀ ਅਪੀਲ ਕੀਤੀ। ਰੈਲੀ ਨੂੰ ਟੀ. ਐਸ. ਯੂ. ਪ੍ਰਧਾਨ ਗੁਰਕਮਲ ਸਿੰਘ, ਇੰਪਲਾਈਜ਼ ਫੈਡਰੇਸ਼ਨ ਦੇ ਪ੍ਰਧਾਨ ਬਲਕਾਰ ਸਿੰਘ, ਸ਼ਿੰਗਾਰਾ ਸਿੰਘ, ਗੁਰਵਿੰਦਰ ਸਿੰਘ, ਨਰਿੰਦਰ ਪ੍ਰਸਾਦ ਨੇ ਸੰਬੋਧਨ ਕੀਤਾ।
ਕਿਸਾਨਾਂ 'ਤੇ ਕੀਤੇ ਲਾਠੀਚਾਰਜ ਵਿਰੁੱਧ ਰੋਸ ਪ੍ਰਦਰਸ਼ਨ
ਬਿਲਗਾ, 9 ਸਤੰਬਰ (ਰਜਿੰਦਰ ਬਿਲਗਾ)-ਪੰਜਾਬ ਰਾਜ ਬਿਜਲੀ ਬੋਰਡ ਦੇ ਨਿੱਜੀਕਰਨ ਖਿਲਾਫ ਰੋਸ ਪ੍ਰਦਰਸ਼ਨ ਕਰ ਰਹੇ ਕਿਸਾਨਾਂ, ਮਜਦੂਰਾਂ ਤੇ ਚੰਡੀਗੜ ਪ੍ਰਸ਼ਾਸ਼ਨ ਵੱਲੋਂ ਕੀਤੇ ਵਹਿਸ਼ੀ ਲਾਠੀਚਾਰਜ਼ ਖਿਲਾਫ ਸਾਂਝੇ ਫੋਰਮ ਦੇ ਸੱਦੇ ਤੇ ਅੱਜ ਸਬ-ਅਰਬਨ ਮੰਡਲ ਨਕੋਦਰ ਦੇ ਬਿਲਗਾ, ਨੂਰਮਹਿਲ, ਸਮਰਾਏ, ਸ਼ੰਕਰ, ਮਹਿਤਪੁਰ ਅਤੇ ਪਰਜੀਆ ਉਪ-ਮੰਡਲ ਅਧੀਨ ਸਮੂੰਹ ਬਿਜਲੀ ਕਾਮਿਆਂ ਵੱਲੋਂ ਸਰਕਾਰ ਖਿਲਾਫ ਰੋਸ ਰੈਲੀਆਂ ਕੀਤੀਆਂ ਗਈਆਂ। ਇਨ੍ਹਾਂ ਰੈਲੀਆਂ ਨੂੰ ਬੁਲਾਰਿਆ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਨੂੰ ਬਿਜਲੀ ਬੋਰਡ ਤੋੜ ਕੇ ਲੋਕ ਹਿੱਤਾ ਵਿਰੁੱਧ ਸਾਮਰਾਜੀ ਹਿੱਤਾਂ ਦੀ ਪੂਰਤੀ ਕਰਨ ਦੀ ਕਿਸੇ ਕੀਮਤ ਤੇ ਵੀ ਆਗਿਆ ਨਹੀ ਦਿੱਤੀ ਜਾਵੇਗੀ। ਇਹਨਾਂ ਰੈਲੀਆਂ ਨੂੰ ਡਵੀਜਨ ਆਗੂ ਸੰਤੋਖ ਸਿੰਘ ਤੱਗੜ, ਚੰਨਣ ਸਿੰਘ, ਚੂਹੜ ਸਿੰਘ, ਰਾਮ ਕਿਸ਼ਨ, ਆਸਾ ਸਿੰਘ, ਸੰਤੋਖ ਸਿੰਘ ਸੰਧੂ, ਗੁਰਮੇਲ ਚੰਦ, ਅਮਰੀਕ ਸਿੰਘ, ਅਵਤਾਰ ਸਿੰਘ, ਸੰਤੋਖ ਸਿੰਘ ਨਾਹਲ, ਬਲਕਾਰ ਸਿੰਘ, ਸਤਪਾਲ, ਹਰਬੰਸ ਲਾਲ ਆਦਿ ਨੇ ਸੰਬੋਧਨ ਕੀਤਾ।
ਕਿਸਾਨਾਂ 'ਤੇ ਲਾਠੀਚਾਰਜ ਵਿਰੁੱਧ ਰੋਸ ਪ੍ਰਦਰਸ਼ਨ
ਨੂਰਮਹਿਲ, 10 ਸਤੰਬਰ (ਲਾਂਬਾ)-ਨੂਰਮਹਿਲ ਦੇ ਸਬ ਡਵੀਜ਼ਨ ਦੇ ਸਾਹਮਣੇ ਇੰਪਲਾਈਜ਼ ਫੈਡਰੇਸ਼ਨ ਅਤੇ ਟੀ. ਐਸ. ਯੂ. ਯੂਨਿਟਾਂ ਦੇ ਬਿਜਲੀ ਮੁਲਾਜ਼ਮਾਂ ਨੇ ਗੇਟ ਰੈਲੀ ਕੀਤੀ। ਇਸ ਰੈਲੀ ਨੂੰ ਸੰਬੋਧਨ ਕਰਦਿਆਂ ਫੈਡਰੇਸ਼ਨ ਦੇ ਪ੍ਰਧਾਨ ਬਲਕਾਰ ਸਿੰਘ, ਡਵੀਜ਼ਨ ਦੇ ਜੁਆਇੰਟ ਸਕੱਤਰ ਸੰਤੋਖ ਸਿੰਘ ਸੰਧੂ, ਸਰਕਲ ਆਗੂ ਸੰਤੋਖ ਸਿੰਘ ਨਾਹਲ ਨੇ ਚੰਡੀਗੜ੍ਹ ਵਿਚ ਸ਼ਾਂਤਮਈ ਰੋਸ ਮਾਰਚ ਕਰ ਰਹੇ ਕਿਸਾਨਾਂ 'ਤੇ ਪੁਲਿਸ ਲਾਠੀਚਾਰਜ ਦੀ ਪੁਰਜ਼ੋਰ ਸ਼ਬਦਾਂ ਵਿਚ ਨਿਖੇਧੀ ਕੀਤੀ। ਸ਼ਹੀਦ ਹੋਏ ਤਿੰਨ ਸਾਥੀਆਂ ਦੀ ਆਤਮਿਕ ਸ਼ਾਂਤੀ ਲਈ ਦੋ ਮਿੰਟ ਦਾ ਮੋਨ ਧਾਰਨ ਕੀਤਾ। ਆਗੂਆਂ ਨੇ ਕਿਹਾ ਕਿ ਪੇ-ਕਮਿਸ਼ਨ ਦੀ ਰਿਪੋਰਟ ਲਾਗੂ ਕੀਤੀ ਜਾਵੇ। ਬਿਜਲੀ ਐਕਟ 2003 ਰੱਦ ਕੀਤਾ ਜਾਵੇ। ਉਨ੍ਹਾਂ 15 ਦੀ ਹੜਤਾਲ ਕਰਨ ਲਈ ਸਾਥੀਆਂ ਨੂੰ ਕਮਰਕੱਸੇ ਕਰਨ ਲਈ ਕਿਹਾ। ਰੈਲੀ ਵਿਚ ਰੇਸ਼ਮ ਸਿੰਘ ਖੇਲਾ, ਰਮੇਸ਼ ਚੰਦਰ, ਸਤਨਾਮ ਸਿੰਘ, ਸ਼ਿੰਗਾਰਾ ਲਾਲ ਅਤੇ ਹੋਰ ਮੁਲਾਜ਼ਮ ਹਾਜ਼ਰ ਸਨ।
ਕਿਸਾਨਾਂ ਵੱਲੋਂ ਸੂਬੇ ਭਰ 'ਚ ਰੈਲੀਆਂ
ਚੰਡੀਗੜ੍ਹ, 15 ਸਤੰਬਰ -ਨਰਿੰਦਰ ਜੱਗਾ-ਪੰਜ ਕਿਸਾਨ ਮਜ਼ਦੂਰ ਜਥੇਬੰਦੀਆਂ ਨੇ ਅੱਜ ਚੰਡੀਗੜ੍ਹ 'ਚ 8 ਸਤੰਬਰ ਨੂੰ ਕਿਸਾਨਾਂ 'ਤੇ ਹੋਏ ਤਸ਼ੱਦਦ ਅਤੇ ਹੋਰ ਮੰਗਾਂ ਨੂੰ ਲੈ ਕੇ 18 ਜ਼ਿਲ੍ਹਾ ਤੇ ਤਹਿਸੀਲ ਕੇਂਦਰਾਂ 'ਤੇ ਧਰਨੇ ਮੁਜ਼ਾਹਰੇ ਕੀਤੇ ਗਏ, ਜਦਕਿ ਪੁਲਿਸ ਰੋਕਾਂ ਦੇ ਬਾਵਜੂਦ ਸੂਬੇ ਭਰ 'ਚ ਰੇਲਾਂ ਅਤੇ ਸੜਕਾਂ ਜਾਮ ਕਰਕੇ ਤਿੱਖਾ ਰੋਸ ਪ੍ਰਦਰਸ਼ਨ ਕੀਤਾ ਗਿਆ, ਜਦਕਿ ਅੰਦੋਲਨ ਤੋਂ ਬਾਅਦ ਸਬੰਧਤ ਅਧਿਕਾਰੀਆਂ ਨੂੰ ਮੰਗ ਪੱਤਰ ਵੀ ਸੌਂਪੇ ਗਏ। ਭਾਰਤੀ ਕਿਸਾਨ ਯੂਨੀਅਨ (ਏਕਤਾ), ਕਿਸਾਨ ਸੰਘਰਸ਼ ਕਮੇਟੀ ਪੰਜਾਬ, ਕਿਰਤੀ ਕਿਸਾਨ ਸਭਾ ਪੰਜਾਬ, ਪੰਜਾਬ ਖੇਤ ਮਜ਼ਦੂਰ ਯੂਨੀਅਨ ਅਤੇ ਇਨਕਲਾਬੀ ਮਜ਼ਦੂਰ ਸਭਾ ਪੰਜਾਬ ਦੇ ਸਾਂਝੇ ਸੱਦੇ 'ਤੇ 13 ਡੀ. ਸੀ. ਦਫ਼ਤਰਾਂ ਅਤੇ 5 ਐਸ. ਡੀ. ਐਮ. ਦਫ਼ਤਰਾਂ ਅੱਗੇ ਇਕੱਠੇ ਹੋ ਕੇ ਕਿਸਾਨਾਂ ਮਜ਼ਦੂਰਾਂ ਨੇ ਰੈਲੀਆਂ ਕੀਤੀਆਂ ਅਤੇ ਸਰਕਾਰ ਤੱਕ ਭੇਜਣ ਲਈ ਮੰਗ ਪੱਤਰ ਮੌਕੇ ਦੇ ਅਧਿਕਾਰੀਆਂ ਨੂੰ ਸੌਂਪੇ। ਕਈ ਥਾਈਂ ਸ਼ਹਿਰਾਂ ਦੀਆਂ ਸੜਕਾਂ 'ਤੇ ਜੇਤੂ ਮਾਰਚ ਵੀ ਕੀਤੇ।
ਸਾਂਝੇ ਬੁਲਾਰੇ ਵਜੋਂ ਜਾਰੀ ਕੀਤੇ ਗਏ ਸੂਬਾਈ ਪ੍ਰੈੱਸ ਰਿਲੀਜ਼ 'ਚ ਕਿਸਾਨ ਆਗੂ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਅੱਜ ਬਠਿੰਡਾ, ਮਾਨਸਾ, ਬਰਨਾਲਾ, ਮੋਗਾ, ਮੁਕਤਸਰ, ਫਿਰੋਜ਼ਪੁਰ, ਲੁਧਿਆਣਾ, ਰੋਪੜ, ਮੁਹਾਲੀ, ਤਰਨਤਾਰਨ, ਕਪੂਰਥਲਾ, ਅੰਮ੍ਰਿਤਸਰ ਅਤੇ ਗੁਰਦਾਸਪੁਰ 'ਚ ਪੁਲਿਸ ਨਾਕਿਆਂ ਨੂੰ ਚੀਰ ਕੇ ਜ਼ਿਲ੍ਹਾ ਕੇਂਦਰਾਂ 'ਤੇ ਪੁੱਜੇ ਅਤੇ ਲਹਿਰਾਗਾਗਾ (ਸੰਗਰੂਰ), ਰਾਜਪੁਰਾ (ਪਟਿਆਲਾ), ਖੰਨਾ, ਸਮਰਾਲਾ (ਲੁਧਿਆਣਾ) ਅਤੇ ਨਕੋਦਰ (ਜਲੰਧਰ) 'ਚ ਤਹਿਸੀਲ ਕੇਂਦਰਾਂ 'ਤੇ ਪੁੱਜੇ। ਵੱਖ-ਵੱਖ ਥਾਈਂ ਵਿਸ਼ਾਲ ਇਕੱਠਾਂ ਨੂੰ ਸੰਬੋਧਨ ਕਰਨ ਵਾਲੇ ਮੁੱਖ ਬੁਲਾਰਿਆਂ ਵਿਚ ਸਾਧੂ ਸਿੰਘ ਤਖਤੂਪੁਰਾ ਤੇ ਇੰਦਰਜੀਤ ਸਿੰਘ ਝੱਬਰ (ਭਾ. ਕਿ. ਯੂ.), ਕੰਵਲਪ੍ਰੀਤ ਪੰਨੂ ਤੇ ਹਰਜੀਤ ਰਵੀ (ਕਿ. ਸੰ. ਕ.), ਪ੍ਰੇਮ ਸਿੰਘ ਭੰਗੂ ਤੇ ਕੁਲਦੀਪ ਸਿੰਘ (ਪੰ. ਕਿ. ਯੂ.), ਬੂਟਾ ਸਿੰਘ ਫਰੀਦਕੋਟ ਤੇ ਹਰਮੇਸ਼ (ਪੰ. ਖੇ. ਮ. ਯੂ.), ਹਰਦੇਵ ਸਿੰਘ ਖੇੜੀ ਤੇ ਇਕਬਾਲ ਸਿੰਘ ਮੰਡੌਲੀ (ਇ. ਮ. ਸ.) ਸ਼ਾਮਲ ਸਨ। ਆਗੂਆਂ ਨੇ ਬਿਜਲੀ ਬੋਰਡ ਨਿਗਮੀਕਰਨ ਤਿੰਨ ਮਹੀਨੇ ਪਿੱਛੇ ਪਾਉਣ ਲਈ ਮਜਬੂਰ ਕਰ ਦੇਣ ਨੂੰ ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ ਦੇ ਨਾਲ ਸੰਘਰਸ਼ ਦੀ ਜਿੱਤ ਦੱਸਿਆ, ਉਥੇ 8 ਸਤੰਬਰ ਨੂੰ ਚੰਡੀਗੜ੍ਹ 'ਚ ਹੋਏ ਕਿਸਾਨਾਂ, ਮਜ਼ਦੂਰਾਂ ਦੇ ਰਿਕਾਰਡ ਤੋੜ ਇਕੱਠ ਤੋਂ ਘਬਰਾ/ਬੁਖਲਾ ਕੇ ਸਰਕਾਰ ਵੱਲੋਂ ਵਿੱਢੀ ਗਈ ਜਾਬਰ ਮੁਹਿੰਮ ਦੀ ਸਖ਼ਤ ਨਿਖੇਧੀ ਕੀਤੀ ਅਤੇ ਛਾਪਾਮਾਰੀ/ਫੜੋਫੜੀ ਤੁਰੰਤ ਬੰਦ ਕਰਨ ਦੀ ਮੰਗ ਕੀਤੀ।
ਮੰਗਾਂ ਨਾ ਮੰਨੇ ਜਾਣ 'ਤੇ ਤਿੱਖੇ ਸੰਘਰਸ਼ ਦੀ ਚਿਤਾਵਨੀ
ਜਲੰਧਰ, 15 ਸਤੰਬਰ (ਐਚ. ਐਸ. ਬਾਵਾ)-ਬਿਜਲੀ ਬੋਰਡ ਨੂੰ ਤੋੜਨ ਦੀ ਤਜ਼ਵੀਜ਼ ਨੂੰ ਸਥਾਈ ਤੌਰ 'ਤੇ ਰੱਦ ਕਰਵਾਉਣ, ਬਿਜਲੀ ਦਰਾਂ ਤੇ ਕੋਰਟ ਫ਼ੀਸਾਂ 'ਚ ਕੀਤੇ ਗਏ ਵਾਧੇ ਨੂੰ ਵਾਪਸ ਕਰਾਉਣ, ਨਿੱਤ ਵਰਤੋਂ ਦੀਆਂ ਵਸਤਾਂ ਦੀਆਂ ਨਿਰੰਤਰ ਵਧ ਰਹੀਆਂ ਕੀਮਤਾਂ ਨੂੰ ਰੋਕਣ ਅਤੇ ਸੰਘਰਸ਼ ਕਰਦੇ ਲੋਕਾਂ 'ਤੇ ਹੁੰਦੇ ਸਰਕਾਰੀ ਜਬਰ ਵਿਰੁੱਧ ਮਜ਼ਦੂਰਾਂ ਤੇ ਕਿਸਾਨਾਂ ਦੀਆਂ ਜਥੇਬੰਦੀਆਂ ਵੱਲੋਂ ਅੱਜ ਪੰਜਾਬ ਭਰ ਵਿਚ ਜ਼ਿਲ੍ਹਾ ਅਤੇ ਤਹਿਸੀਲ ਕੇਂਦਰਾਂ 'ਤੇ ਰੋਹ ਭਰਪੂਰ ਮੁਜ਼ਾਹਰੇ ਕੀਤੇ ਗਏ ਤੇ ਧਰਨੇ ਦਿੱਤੇ ਗਏ। ਵਰਨਣਯੋਗ ਹੈ ਕਿ ਇਸ ਰਾਜ ਵਿਆਪੀ ਐਕਸ਼ਨ ਦਾ ਸੱਦਾ 17 ਜਥੇਬੰਦੀਆਂ 'ਤੇ ਆਧਾਰਿਤ ਨਿੱਜੀਕਰਨ ਵਿਰੋਧੀ ਤਾਲਮੇਲ ਕਮੇਟੀ ਵੱਲੋਂ ਦਿੱਤਾ ਗਿਆ ਸੀ, ਜਿਸ ਦਾ ਸਮਰਥਨ ਜੇ. ਪੀ. ਐਮ. ਓ., ਬਿਜਲੀ ਮੁਲਾਜ਼ਮਾਂ, ਨੌਜਵਾਨਾਂ ਤੇ ਵਿਦਿਆਰਥੀਆਂ ਦੀਆਂ ਜੱਥੇਬੰਦੀਆਂ ਵੱਲੋਂ ਕੀਤਾ ਗਿਆ ਸੀ।
ਜੇ. ਪੀ. ਐਮ. ਓ. ਦੇ ਸੂਬਾਈ ਕੇਂਦਰ ਵਿਚ ਪੁੱਜੀਆਂ ਖ਼ਬਰਾਂ ਅਨੁਸਾਰ ਪੰਜਾਬ ਭਰ ਦੇ ਜ਼ਿਲ੍ਹਾ ਕੇਂਦਰਾਂ 'ਤੇ ਦਿੱਤੇ ਗਏ ਧਰਨਿਆਂ ਅਤੇ ਮੁਜ਼ਾਹਰਿਆਂ ਦੀ ਅਗਵਾਈ ਕਾਮਰੇਡ ਮੰਗਤ ਰਾਮ ਪਾਸਲਾ, ਰਤਨ ਸਿੰਘ ਰੰਧਾਵਾ, ਗੁਰਨਾਮ ਸਿੰਘ ਦਾਊਦ, ਪ੍ਰਗਟ ਸਿੰਘ ਜਾਮਾਰਾਏ, ਨਿਰਭੈਅ ਸਿੰਘ ਢੁੱਡੀਕੇ, ਦਲਵਿੰਦਰ ਸਿੰਘ ਸ਼ੇਰਖਾਂ, ਰਘਬੀਰ ਸਿੰਘ, ਤਰਲੋਚਨ ਸਿੰਘ ਰਾਣਾ, ਭੀਮ ਸਿੰਘ ਆਲਮਪੁਰ, ਗੁਰਮੀਤ ਸਿੰਘ, ਸੁਰਜੀਤ ਘੁਮਾਣਾ, ਮਾਸਟਰ ਅਜੀਤ ਸਿੰਘ, ਡਾ: ਸਤਨਾਮ ਸਿਘ, ਬਲਵਿੰਦਰ ਸਿੰਘ, ਲਾਲ ਚੰਦ, ਸ਼ਿਵ ਕੁਮਾਰ, ਦਰਸ਼ਨ ਸਿੰਘ ਟਰਪਈ, ਬਲਦੇਵ ਸਿੰਘ ਸੈਦਪੁਰ, ਅਮਰੀਕ ਸਿੰਘ ਦਾਊਦ, ਗੰਗਾ ਪ੍ਰਸਾਦ, ਜਗਤਾਰ ਸਿੰਘ, ਸਵਰਣ ਸਿੰਘ, ਬਿਅੰਤ ਲਾਲ, ਸਤੀਸ਼ ਰਾਣਾ, ਸਰੂਪ ਸਿੰਘ ਰਾਹੋਂ, ਕੁਲਵਿੰਦਰ ਸਿੰਘ ਵੜੈਚ, ਮਾਸਟਰ ਦੀਵਾਨ ਸਿੰਘ, ਗੁਰਨਾਮ ਸਿੰਘ ਸੰਘੇੜਾ, ਦਰਸ਼ਨ ਨਾਹਰ, ਤਰਸੇਮ ਪੀਟਰ, ਭਜਨ ਸਿੰਘ ਖੁਰਲਾਪੁਰ, ਗੱਜਣ ਸਿੰਘ ਦੁੱਗਾਂ, ਅਮਰ ਸਿੰਘ ਮੀਮਸਾ, ਜਸਪਾਲ ਸਿੰਘ ਢਿੱਲੋਂ, ਮੋਹਣ ਸਿੰਘ ਧੀਮਾਣਾ, ਮਲਕੀਤ ਸਿੰਘ ਵਜਾਦਕ, ਜਸਪਾਲ ਸਿੰਘ ਕਲਾਲਮਾਜਰਾ, ਧਰਮ ਸਿੰਘ ਬੱਲੀ, ਜਗਜੀਤ ਸਿੰਘ ਜੱਸੋਆਣਾ, ਲਾਲ ਚੰਦ, ਹਰਭਜਨ ਸਿੰਘ ਬੁੱਟਰ, ਪੂਰਨ ਚੰਦ, ਹਰਜਿੰਦਰ ਸਿੰਘ, ਮਹਿੰਦਰ ਸਿੰਘ ਸੀਲੋਂ, ਹਰਬੰਸ ਸਿੰਘ ਲੋਹੱਟਬੱਧੀ, ਮਹਿੰਦਰ ਸਿੰਘ ਅੱਚਰਵਾਲ, ਮਹੀਪਾਲ, ਜਗਦੇਵ ਸਿੰਘ, ਕੁਲਵੰਤ ਸਿੰਘ ਕਿਰਤੀ ਆਦਿ ਆਗੂਆਂ ਨੇ ਕੀਤੀ। ਮੁਜ਼ਾਹਰਿਆਂ ਦੌਰਾਨ ਚੰਡੀਗੜ੍ਹ ਵਿਚ ਕਿਸਾਨਾਂ 'ਤੇ ਕੀਤੇ ਜਬਰ ਲਈ ਜ਼ਿੰਮੇਵਾਰ ਪੁਲਿਸ ਅਧਿਕਾਰੀਆਂ ਵਿਰੁੱਧ ਮੁਕੱਦਮੇ ਚਲਾਉਣ ਅਤੇ ਕਿਸਾਨਾਂ ਦੇ ਖਿਲਾਫ਼ ਦਰਜ ਕੀਤੇ ਗਏ ਝੂਠੇ ਪਰਚੇ ਰੱਦ ਕਰਨ ਦੀ ਮੰਗ ਕਰਦਿਆਂ ਕਿਸਾਨ ਜਥੇਬੰਦੀਆਂ ਨੇ ਸਰਕਾਰ ਨੂੰ ਤਿੱਖੇ ਸੰਘਰਸ਼ ਦੀ ਚਿਤਾਵਨੀ ਦਿੱਤੀ ਹੈ।
ਅਜੀਤ ਖ਼ਬਰ ਵੈੱਬ ਪੰਨਾ ਜਗ ਬਾਣੀ ਖ਼ਬਰ ਵੈੱਬ ਪੰਨਾ 1 ਜਗ ਬਾਣੀ ਖ਼ਬਰ ਵੈੱਬ ਪੰਨਾ 2
ਸ਼ਾਂਤਮਈ ਰੋਸ ਪ੍ਰਦਰਸ਼ਨਕਾਰੀਆਂ ਤੇ ਲਾਠੀਚਾਰਜ - ਹਿੰਸਕ ਪ੍ਰਦਰਸ਼ਨਕਾਰੀਆਂ ਨੂੰ ਸਰਕਾਰੀ ਨੌਕਰੀਆਂ ਤੇ ਲੱਖਾਂ ਰੁਪਏ ਇਨਾਮ - ਸ਼ਾਬਾਸ਼ੇ, ਬਾਦਲ ਸਰਕਾਰੇ! (ਜਾਗਰੂਕ ਜੱਟ)
ਚੰਡੀਗੜ੍ਹ ਲਾਠੀਚਾਰਜ, ਮਈ ਪੰਜਾਬ ਹਿੰਸਾ ਸੰਬੰਧੀ ਲੇਖ - ਰਾਜਵੀਰ ਕੌਰ ਸਪੇਨ
ਤਰਨਤਾਰਨ, 15 ਸਤੰਬਰ, ਪੁਲਸ ਤੇ ਜਥੇਬੰਦੀਆਂ 'ਚ ਝੜਪਾਂ, 40 ਜ਼ਖਮੀ, 100 ਤੋ ਵੱਧ ਗ੍ਰਿਫਤਾਰ ਪੰਨਾ 1 ਪੰਨਾ 2
8) ਛਪਾਰ ਮੇਲਾ - ਬਾਦਲ ਅਤੇ ਕਾਗਰਸ ਇਲਜ਼ਾਮਬਾਜੀ