ਚੰਡੀਗੜ੍ਹ ਚੋਂ ਪੰਜਾਬੀ ਨੂੰ ਦੇਸ਼ ਨਿਕਾਲੇ ਤੋਂ ਬਾਅਦ ਪੁਲਿਸ ਚੋਂ ਵੀ ਪੰਜਾਬੀਆਂ ਦਾ ਸਫ਼ਾਇਆ
ਐਨ. ਆਰ. ਆਈ. ਮੁੰਡੇ ਦੀ ਤਸਵੀਰ ਨਾਲ ਲੜਕੀ ਨੇ ਰਚਾਇਆ ਵਿਆਹ
ਗੁਰੂ ਗ੍ਰੰਥ ਸਾਹਿਬ ਦੀ 25 ਸਾਲਾਂ ਤੋਂ ਚੱਲ ਰਹੀ ਲੜੀਵਾਰ ਕਥਾ ਦੀ ਸੰਪੂਰਨਤਾ
ਜਲੰਧਰ, 14 ਦਸੰਬਰ (ਪ੍ਰਿਤਪਾਲ ਸਿੰਘ)-ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ (ਰਜਿ:) ਸੈਂਟਰਲ ਟਾਊਨ ਜਲੰਧਰ ਵਿਖੇ ਪਿਛਲੇ 25 ਸਾਲਾਂ ਤੋਂ ਚੱਲ ਰਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਲੜੀਵਾਰ ਕਥਾ ਦੀ ਸੰਪੂਰਨਤਾ 'ਤੇ 13-14 ਦਸੰਬਰ ਨੂੰ ਹੋਏ ਦੋ ਦਿਨਾਂ ਸਮਾਗਮ ਅੱਜ ਰਾਤ ਸਮਾਪਤ ਹੋ ਗਏ। ਦੋ ਦਿਨ ਸਜੇ ਦੀਵਾਨਾਂ ਵਿਚ ਭਾਈ ਸਰਬਜੀਤ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਇਲਾਵਾ ਭਾਈ ਲਖਵਿੰਦਰ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਨੇ ਕੀਰਤਨ ਕੀਤਾ ਜਦੋਂ ਕਿ ਡਾ: ਰਣਬੀਰ ਕੌਰ ਜਰਮਨੀ ਤੇ ਗਿ: ਜਸਪਾਲ ਸਿੰਘ ਯੂ. ਐਸ. ਏ. ਨੇ ਕਥਾ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ। ਬੀਤੀ ਰਾਤ ਹੋਏ ਸਮਾਗਮ ਵਿਚ ਉਨ੍ਹਾਂ ਪੰਥ ਪ੍ਰਸਿੱਧ ਕਥਾਵਾਚਕਾਂ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਨਮਾਨਿਤ ਕੀਤਾ ਗਿਆ, ਜਿਨ੍ਹਾਂ ਨੇ ਇਸ ਗੁਰਦੁਆਰਾ ਸਾਹਿਬ ਵਿਚ ਲੜੀਵਾਰ ਕਥਾ ਦੀ ਸੇਵਾ ਨਿਭਾਈ। ਕਥਾ ਸਰਵਣ ਕਰਵਾਉਣ ਵਾਲਿਆਂ ਵਿਚ ਗਿਆਨੀ ਅਜੀਤ ਸਿੰਘ ਰਤਨ, ਗਿਆਨੀ ਜਸਵੰਤ ਸਿੰਘ ਪਰਵਾਨਾ, ਡਾ: ਜਸਪਾਲ ਸਿੰਘ ਸਿੱਖ ਮਿਸ਼ਨਰੀ ਕਾਲਜ ਜਲੰਧਰ, ਭਾਈ ਮਨਜੀਤ ਸਿੰਘ ਸੇਵਕ, ਭਾਈ ਜਸਪਾਲ ਸਿੰਘ ਯੂ. ਐਸ. ਏ. ਤੇ ਭਾਈ ਹਰਨਾਮ ਸਿੰਘ ਸ਼ਾਨ ਵਰਨਣਯੋਗ ਹਨ।
ਸਟੇਜ ਸਕੱਤਰ ਸ: ਪਰਮਿੰਦਰ ਸਿੰਘ ਡਿੰਪੇ ਨੇ ਇਨ੍ਹਾਂ ਕਥਾਵਾਚਕਾਂ ਬਾਰੇ ਸੰਗਤਾਂ ਨੂੰ ਜਾਣਕਾਰੀ ਦਿੱਤੀ ਤੇ ਉਨ੍ਹਾਂ ਦੀਆਂ ਧਾਰਮਿਕ ਤੇ ਕੌਮ ਪ੍ਰਤੀ ਸੇਵਾਵਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਗੁਰਦੁਆਰਾ ਕਮੇਟੀ ਵੱਲੋਂ ਚਲਾਏ ਜਾ ਰਹੇ ਗੁਰੂ ਤੇਗ ਬਹਾਦਰ ਚੈਰੀਟੇਬਲ ਹਸਪਤਾਲ ਬਾਰੇ ਵੀ ਜਾਣਕਾਰੀ ਦਿੱਤੀ। ਇਸ ਮੌਕੇ ਪ੍ਰਧਾਨ ਸ: ਈਸ਼ਰ ਸਿੰਘ, ਚੇਅਰਮੈਨ ਸ: ਸਰਵਣ ਸਿੰਘ ਰੀਹਲ, ਖਜ਼ਾਨਚੀ ਸ: ਜਤਿੰਦਰ ਸਿੰਘ ਖਾਲਸਾ, ਸਾਬਕਾ ਪ੍ਰਧਾਨ ਸ: ਗੁਰਚਰਨ ਸਿੰਘ ਬਾਗਾਂ ਵਾਲੇ, ਸ: ਸੁਰਿੰਦਰ ਸਿੰਘ ਕਾਨਪੁਰੀ, ਸ: ਮਨਇੰਦਰਪਾਲ ਸਿੰਘ ਮਨੀ, ਸ: ਰਜਿੰਦਰ ਸਿੰਘ ਬੇਦੀ, ਸ: ਬਲਜੀਤ ਸਿੰਘ ਸੇਠੀ, ਸ: ਗੁਰਮਿੰਦਰ ਸਿੰਘ ਗੋਮਾ ਹਾਜ਼ਰ ਸਨ। ਪ੍ਰਧਾਨ ਸ: ਈਸ਼ਰ ਸਿੰਘ ਨੇ ਕਥਾ ਵਾਚਕਾਂ ਸਮੇਤ ਸਾਰੀ ਸੰਗਤ ਦਾ ਧੰਨਵਾਦ ਕੀਤਾ।
ਕਿਸਾਨਾਂ ਨੂੰ ਬਚਾਉਣ ਲਈ ਸਰਕਾਰ ਸਹਿਕਾਰੀ ਕਰਜ਼ੇ ਮੁਆਫ ਕਰੇ - ਡਾ: ਸਦਿਓੜਾ
ਫਿਲੌਰ, 13 ਦਸੰਬਰ (ਸਤਿੰਦਰ ਸ਼ਰਮਾ)-ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਕੱਤਰ ਡਾ: ਸੁਰਿੰਦਰ ਸਦਿਓੜਾ (ਸੰਨੀ) ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਿਸਾਨਾਂ ਨੂੰ ਬਚਾਉਣ ਲਈ ਸਰਕਾਰ ਸਹਿਕਾਰੀ ਕਰਜ਼ੇ ਮੁਆਫ ਕਰੇ ਅਤੇ ਉਸਦੀਆਂ ਪੈਦਾ ਕੀਤੀਆਂ ਜਿਣਸਾਂ ਦੇ ਭਾਅ ਸੂਚਕ ਅੰਕ ਨਾਲ ਜੋੜ ਕੇ ਦਿੱਤੇ ਜਾਣ ਦਾ ਪੂਰਾ ਸਮਰਥਨ ਕਰੇ। ਡਾ: ਸਦਿਓੜਾ ਨੇ ਕਿਹਾ ਕਿ ਪੰਜਾਬ ਦਾ ਕਿਸਾਨ ਸਖ਼ਤ ਮਿਹਨਤ ਕਰਨ ਦੇ ਬਾਵਜੂਦ ਵੀ ਪੇਟ ਭਰ ਕੇ ਰੋਟੀ ਨਹੀਂ ਖਾ ਸਕਦਾ ਅਤੇ ਦਿਨ ਪ੍ਰਤੀ ਦਿਨ ਕਰਜ਼ੇ ਦੇ ਬੋਝ ਹੇਠ ਦਬੀ ਜਾ ਰਿਹਾ ਹੈ। ਸਰਕਾਰੀ ਅੰਕੜਿਆਂ ਅਨੁਸਾਰ ਪੰਜਾਬ ਦੇ ਕਿਸਾਨਾਂ ਸਿਰ 35 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਹੈ ਅਤੇ ਪ੍ਰਤੀ ਕਿਸਾਨ ਦੇ ਸਿਰ 41 ਹਜ਼ਾਰ 800 ਰੁਪਏ ਦਾ ਕਰਜ਼ਾ ਹੈ। ਆੜ੍ਹਤੀਆਂ ਤੇ ਹੋਰ ਕਰਜਾ ਦੇਣ ਵਾਲੀਆਂ ਸੰਸਥਾਵਾਂ ਦਾ ਕਰਜ਼ਾ ਇਸ ਤੋਂ ਵੱਖਰਾ ਹੈ। ਪੰਜਾਬ ਦੇ ਮਾਲਵਾ ਖੇਤਰ 'ਚ ਮਾਯੂਸ ਹੋਏ ਕਿਸਾਨਾਂ ਨੇ ਖੁਦਕਸ਼ੀਆਂ ਦਾ ਰਾਹ ਅਖਤਿਆਰ ਕੀਤਾ ਹੋਇਆ ਹੈ। ਬੀਤੇ ਸਮੇਂ ਦੌਰਾਨ ਸਾਲ 2000 ਤੋਂ 2008 ਵਿੱਚ 2 ਜ਼ਿਲ੍ਹਿਆਂ ਬਠਿੰਡਾ ਅਤੇ ਸੰਗਰੂਰ ( ਹੁਣ ਸਮੇਤ ਜ਼ਿਲ੍ਹਾ ਬਰਨਾਲਾ ) ਵਿੱਚ 2890 ਕਿਸਾਨ ਖੁਦਕਸ਼ੀਆਂ ਕਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਪੰਜਾਬ ਦੇ ਕਿਸਾਨਾਂ ਨੂੰ ਦਿੱਤੀ 'ਕਰਜ਼ਾ ਮੁਆਫੀ ਯੋਜਨਾ' ਵੀ ਕਾਰਗਰ ਸਿੱਧ ਨਹੀਂ ਹੋ ਸਕੀ।
'ਕਬੂਤਰਾਂ' ਨੇ ਕਰਵਾਇਆ ਪਤੀ-ਪਤਨੀ ਦਾ ਤਲਾਕ
ਫਿਲੌਰ, 8 ਦਸੰਬਰ (ਸੁਰਜੀਤ ਬਰਨਾਲਾ)-ਇਕ ਵਿਅਕਤੀ ਜਿਸ ਨੂੰ ਕਬੂਤਰ ਰੱਖਣ ਦਾ ਸ਼ੌਕ ਸੀ, ਉਸ ਨੇ ਕਾਫੀ ਕਬੂਤਰ ਘਰ ਵਿਚ ਰੱਖੇ ਹੋਏ ਸਨ, ਜਿਸ ਕਰਕੇ ਉਹ ਜ਼ਿਆਦਾ ਸਮਾਂ ਕਬੂਤਰਾਂ ਨਾਲ ਬਿਤਾਉਂਦਾ ਸੀ, ਜਿਸ ਕਰਕੇ ਰੋਟੀ-ਰੋਜ਼ੀ ਦਾ ਕੰਮ ਘੱਟ ਹੀ ਕਰਦਾ ਸੀ। ਇਸ ਗੱਲ 'ਤੇ ਉਸ ਦਾ ਆਪਣੀ ਪਤਨੀ ਨਾਲ ਝਗੜਾ ਹੀ ਰਹਿੰਦਾ ਸੀ। ਕਈ ਵਾਰੀ ਉਨ੍ਹਾਂ ਦੇ ਰਿਸ਼ਤੇਦਾਰਾਂ ਨੇ ਇਕੱਠੇ ਹੋ ਕੇ ਸਮਝਾਇਆ ਪਰ ਇਸ ਬਾਰੇ ਉਹ ਕੁਝ ਵੀ ਸੁਣਨ ਨੂੰ ਤਿਆਰ ਨਹੀਂ ਸੀ। ਅਖੀਰ ਤੰਗ ਹੋ ਕੇ ਇਕ ਦਿਨ ਉਸ ਦੇ ਰਿਸ਼ਤੇਦਾਰ ਇਕੱਠੇ ਹੋਏ ਕਾਫੀ ਤਕਰਾਰਾਂ ਤੋਂ ਬਾਅਦ ਜਦੋਂ ਉਸ ਨੂੰ ਪੁੱਛਿਆ ਗਿਆ ਕਿ ਤੈਨੂੰ ਆਪਣੀ ਪਤਨੀ ਚਾਹੀਦੀ ਹੈ ਜਾਂ ਕਬੂਤਰ ਤਾਂ ਉਸ ਨੇ ਸਾਫ ਸ਼ਬਦਾਂ ਵਿਚ ਕਿਹਾ ਕਬੂਤਰ ਚਾਹੀਦੇ ਹਨ। ਇਸ 'ਤੇ ਸਾਰੇ ਹੈਰਾਨ ਹੋ ਗਏ ਤੇ ਸਾਰੇ ਰਿਸ਼ਤੇਦਾਰਾਂ ਨੇ ਤਲਾਕ ਕਰਵਾ ਦਿੱਤਾ।
ਬੇਰਹਿਮ ਤਰੀਕੇ ਨਾਲ ਫੜੇ ਕੁੱਤੇ
ਜਲੰਧਰ, 5 ਦਸੰਬਰ (ਸ਼ਿਵ)-ਨਿਗਮ ਵੱਲੋਂ ਸ਼ਹਿਰ 'ਚੋਂ ਅਵਾਰਾ ਕੁੱਤੇ ਬੇਰਹਿਮ ਤਰੀਕੇ ਨਾਲ ਫੜੇ ਜਾਂਦੇ ਹਨ ਜਿਸ ਕਰਕੇ ਕੁੱਤਿਆਂ ਦੀ ਸੇਵਾ ਸੰਭਾਲ 'ਚ ਲੱਗੇ ਸੰਗਠਨਾਂ ਨੇ ਵੀ ਨਿਗਮ ਦੇ ਉਕਤ ਤਰੀਕੇ ਦਾ ਸਖ਼ਤ ਵਿਰੋਧ ਕੀਤਾ ਹੈ। ਅੱਜ ਆਦਰਸ਼ ਨਗਰ ਵਿਚ ਨਿਗਮ ਦੀ ਕੁੱਤਾ ਫੜੋ ਮੁਹਿੰਮ ਦੌਰਾਨ ਕਈ ਕੁੱਤੇ ਜ਼ਖ਼ਮੀ ਹੋ ਗਏ ਤੇ ਕਈਆਂ ਬਾਰੇ ਤਾਂ ਸ਼ੰਕਾ ਸੀ ਕਿ ਬਾਅਦ ਵਿਚ ਉਹ ਆਪ੍ਰੇਸ਼ਨ ਦੌਰਾਨ ਮਰ ਵੀ ਜਾਂਦੇ ਹਨ। ਜਾਣਕਾਰੀ ਮੁਤਾਬਿਕ ਨਿਗਮ ਨੇ ਸ਼ਹਿਰ ਵਿਚ ਅਵਾਰਾ ਕੁੱਤਿਆਂ ਨੂੰ ਕਾਬੂ ਕਰਨ ਲਈ ਮੁਹਿੰਮ ਚਲਾਈ ਹੈ ਤੇ ਉਕਤ ਮੁਹਿੰਮ ਦੌਰਾਨ ਸ਼ਹਿਰ 'ਚੋਂ ਕਈ ਕੁੱਤੇ ਫੜੇ ਜਾ ਰਹੇ ਹਨ ਪਰ ਅੱਜ ਜਦੋਂ ਆਦਰਸ਼ ਨਗਰ ਵਿਚ ਕੁੱਤੇ ਫੜੇ ਜਾ ਰਹੇ ਸਨ ਤਾਂ ਇਨ੍ਹਾਂ ਨੂੰ ਫੜਨ ਦੇ ਤਰੀਕੇ ਨਾਲ ਕਈ ਲੋਕ ਵੀ ਹੈਰਾਨ ਰਹਿ ਗਏ।
ਮੱਝ ਤੇ ਕਟੜੂ ਚੋਰੀ
ਮੱਲ੍ਹੀਆਂ ਕਲਾਂ/ਲਾਂਬੜਾ, 26 ਨਵੰਬਰ (ਮਨਜੀਤ ਮਾਨ)-ਲਾਂਬੜਾ ਦੇ ਅਧੀਨ ਪੈਂਦੇ ਪਿੰਡ ਹੁਸੈਨਪੁਰ ਜਲੰਧਰ ਵਿਖੇ ਇਕ ਮੱਝ ਤੇ ਕੱਟੜੂ ਦੇ ਚੋਰੀ ਹੋ ਜਾਣ ਦੀ ਖਬਰ ਹੈ। ਜਾਣਕਾਰੀ ਅਨੁਸਾਰ ਇਹ ਮੱਝ ਪਿੰਡ ਹੁਸੈਨਪੁਰ ਦੇ ਜਗਦੀਸ਼ ਲਾਲ ਉਰਫ ਗਾਂਗਾ (ਮੈਂਬਰ ਪੰਚਾਇਤ) ਦੀ ਬੀਤੀ ਰਾਤ ਲੁਟੇਰੇ ਘਰ ਦੇ ਬਾਹਰੋਂ ਖੋਲ੍ਹ ਕੇ ਲੈ ਗਏ, ਪੀੜਤ ਜਗਦੀਸ਼ ਲਾਲ ਨੇ ਦੱਸਿਆ ਕਿ ਲੁਟੇਰੇ ਉਨ੍ਹਾਂ ਦੀ ਸੱਜਰੀ ਸੂਈ ਮੱਝ ਤੇ ਕੱਟੜੂ ਲੈ ਗਏ, ਇਸ ਘਘਟਨਾ ਦਾ ਉਨ੍ਹਾਂ ਨੂੰ ਸਵੇਰੇ ਪਤਾ ਲੱਗਾ ਤੇ ਪੀੜਤ ਜਗਦੀਸ਼ ਲਾਲ ਨੇ ਇਸ ਘਟਨਾ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ।