ਬਾਬਾ ਜੀਵਨ ਸਿੰਘ ਦੇ ਸ਼ਹੀਦੀ ਦਿਹਾੜੇ 'ਤੇ ਸਰਕਾਰੀ ਛੁੱਟੀ ਕੀਤੀ ਜਾਵੇ - ਦੀਪਕ ਸੋਂਧੀ
ਜਲੰਧਰ, 27 ਨਵੰਬਰ (ਪ. ਪ.)-ਅੱਜ ਸਮੂਹ ਵਾਲਮੀਕ ਸਭਾਵਾਂ ਤੇ ਰੰਗਰੇਟਾ ਦਲ ਦੇ ਅਹੁਦੇਦਾਰਾਂ ਦੀ ਪਿੰਡ ਕਾਲਾ ਬੱਕਰਾ ਜ਼ਿਲ੍ਹਾ ਜਲੰਧਰ ਵਿਖੇ ਸ੍ਰੀ ਦੀਪਕ ਸੋਂਧੀ ਜ਼ਿਲ੍ਹਾ ਕਾਰਜਕਾਰੀ ਮੈਂਬਰ ਸ਼੍ਰੋਮਣੀ ਅਕਾਲੀ ਦਲ (ਬਾਦਲ) ਜਲੰਧਰ ਦਿਹਾਤੀ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ। ਸ੍ਰੀ ਦੀਪਕ ਸੋਂਧੀ ਨੇ ਵਾਲਮੀਕ ਸਭਾਵਾਂ ਦੇ ਅਹੁਦੇਦਾਰਾਂ ਤੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਨੂੰ ਆਪਣੇ ਗੁਰੂਆਂ, ਪੀਰਾਂ, ਪੈਗੰਬਰਾਂ ਦੇ ਜਨਮ ਦਿਹਾੜੇ ਤੇ ਸ਼ਹੀਦੀ ਦਿਹਾੜੇ ਬਹੁਤ ਹੀ ਉਤਸ਼ਾਹ ਤੇ ਆਪਸੀ ਪਿਆਰ ਭਾਵਨਾ ਨਾਲ ਮਨਾਉਣੇ ਚਾਹੀਦੇ ਹਨ। ਸ੍ਰੀ ਸੋਂਧੀ ਨੇ ਹੋਰ ਕਿਹਾ ਕਿ ਸ਼੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਦਾ ਬੁੰਗਾ ਤਪ ਅਸਥਾਨ ਸ੍ਰੀ ਅੰਮ੍ਰਿਤਸਰ (ਹਰਿਮੰਦਰ ਸਾਹਿਬ) ਵਿਖੇ ਸਥਾਪਤ ਕਰਨਾ ਚਾਹੀਦਾ ਹੈ। ਬਾਬਾ ਜੀਵਨ ਸਿੰਘ ਜੀ ਦੇ 20 ਦਸੰਬਰ ਦੇ ਸ਼ਹੀਦੀ ਦਿਵਸ 'ਤੇ ਸਰਕਾਰੀ ਛੁੱਟੀ ਦਾ ਸਰਕਾਰ ਐਲਾਨ ਕਰੇ। ਇਸ ਮੌਕੇ ਸਰਪੰਚ ਬਲਦੇਵ ਰਾਜ ਜੱਲੋਵਾਲ, ਬਕਸ਼ਾ ਰਾਮ ਪ੍ਰਧਾਨ, ਵਾਲਮੀਕ ਸਭਾ ਕਾਲਾ ਬੱਕਰਾ, ਰੋਹਿਤ ਸੋਂਧੀ, ਸਰਬਣ ਰਾਮ, ਪ੍ਰਧਾਨ ਵਾਲਮੀਕ ਸਭਾ ਚੌਕ ਝੰਡੂ, ਹਰਜਿੰਦਰ ਸਿੰਘ ਕੰਧਾਲਾ ਗੁਰੂ, ਗਿਆਨ ਸਿੰਘ ਕੰਧਾਲਾ, ਜਸਵੀਰ ਸਿੰਘ, ਲਖਵਿੰਦਰ ਲੱਕੀ, ਰਵਿੰਦਰ ਕੁਮਾਰ, ਵਿਜੇ ਕੁਮਾਰ ਅਤੇ ਸੰਤੋਖ ਸਿਘ ਚੱਕ ਝੰਡੂ ਆਦਿ ਅਹੁਦੇਦਾਰਾਂ ਨੇ ਵੀ ਸੰਬੋਧਨ ਕੀਤਾ।
ਜੈ ਵਾਲਮੀਕ ਮਜ਼੍ਹਬੀ ਸਿੱਖ ਸੰਸਥਾ ਵੱਲੋਂ ਕੈਲੰਡਰ ਰਿਲੀਜ਼
ਜਲੰਧਰ, 1 ਜਨਵਰੀ (ਪ੍ਰਿਤਪਾਲ ਸਿੰਘ)-ਪ੍ਰੈੱਸ ਕਲੱਬ ਵਿਚ ਵਾਲਮੀਕ, ਮਜ਼੍ਹਬੀ ਸਿੱਖ, ਕ੍ਰਿਸ਼ਚੀਅਨ ਧਰਮ ਯੁੱਧ ਮੋਰਚਾ ਪੰਜਾਬ ਦੇ ਚੇਅਰਮੈਨ ਇਕਬਾਲ ਗਿੱਲ ਤੇ ਉਨ੍ਹਾਂ ਦੇ ਸਾਥੀਆਂ ਨੇ ਜੈ ਵਾਲਮੀਕ ਮਜ਼੍ਹਬੀ ਸਿੱਖ ਸੰਸਥਾ (ਰਜਿ:) ਮੇਨ ਬਰਾਂਚ ਵਾਲਮੀਕ ਭਵਨ ਫੋਲੜੀਵਾਲ ਜਲੰਧਰ ਵੱਲੋਂ ਨਵੇਂ ਸਾਲ 2010 ਦਾ ਤਿਆਰ ਕੀਤਾ ਰੰਗਦਾਰ ਕੈਲੰਡਰ ਰਿਲੀਜ਼ ਕੀਤਾ। ਇਸ ਉਪਰ ਭਗਵਾਨ ਵਾਲਮੀਕ ਤੋਂ ਇਲਾਵਾ ਉੱਘੇ ਨੇਤਾਵਾਂ ਦੀਆਂ ਤਸਵੀਰਾਂ ਹਨ। ਇਸ ਮੌਕੇ ਜੈ ਵਾਲਮੀਕ ਮਜ਼੍ਹਬੀ ਸਿੱਖ ਸੰਸਥਾ ਦੇ ਸੰਸਥਾਪਕ ਚੇਅਰਮੈਨ ਸੁਖਵਿੰਦਰ ਮੋਮਨ, ਪ੍ਰਧਾਨ ਹਰਵਿੰਦਰ ਸਿੰਘ ਭੱਟੀ, ਡਾ: ਜਸਪਾਲ ਸਿੰਘ ਸੱਭਰਵਾਲ, ਹਰਦੀਪ ਭੱਟੀ, ਪ੍ਰੇਮ ਸਾਗਰ, ਜਸਪਾਲ ਪਾਲਾ, ਗੁਰਪ੍ਰੀਤ ਸਿੰਘ, ਸਤਨਾਮ ਸਿੰਘ, ਰਾਜ ਕੁਮਾਰ ਰਾਜੂ, ਸਾਬਕਾ ਕੌਂਸਲਰ ਸੱਤਪਾਲ ਸਹੋਤਾ, ਮਨਜੀਤ ਸਿੰਘ ਅਵਾਦਾਨ, ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਇੰਦਰਜੀਤ ਸਿੰਘ ਸੋਨੂ, ਕਸ਼ਮੀਰ ਸਿੰਘ ਪਹਿਲਵਾਨ ਤੇ ਰਾਜ ਕੁਮਾਰ ਹੰਸ ਵੀ ਮੌਜੂਦ ਸਨ। ਉਨ੍ਹਾਂ ਨਵੇਂ ਸਾਲ ਦੀ ਸਭ ਨੂੰ ਵਧਾਈ ਦਿੱਤੀ ਤੇ ਕਿਹਾ ਕਿ ਸਾਡਾ ਮਿਸ਼ਨ ਨੌਜਵਾਨਾਂ ਨੂੰ ਉਚੇਰੀ ਵਿਦਿਆ ਦੇਣਾ ਤੇ ਨਸ਼ਿਆਂ ਤੋਂ ਮੁਕਤ ਕਰਨਾ ਹੈ ਤਾਂ ਕਿ ਹਰ ਕੋਈ ਆਪਣੇ ਪੈਰਾਂ 'ਤੇ ਖੜ੍ਹਾ ਹੋ ਕੇ ਰੋਟੀ-ਰੋਜ਼ੀ ਕਮਾ ਸਕੇ।
ਦਲਿਤਾਂ ਨਾਲ ਵਿਤਕਰੇ ਸਬੰਧੀ ਪੰਚਾਇਤ ਦਾ ਆਮ ਇਜਲਾਸ ਬੁਲਾਇਆ ਜਾਵੇ
ਜਲੰਧਰ, 29 ਦਸੰਬਰ (ਪ.ਪ.)-ਪਿੰਡ ਮੁਬਾਰਕਪੁਰ ਦੇ ਸਰਪੰਚ ਸ੍ਰੀ ਕਾਲੂ ਰਾਮ ਨੇ ਦੱਸਿਆ ਹੈ ਕਿ ਪਿਛਲੇ ਕੁਝ ਸਮੇਂ ਦੌਰਾਨ ਪਿੰਡ ਦੇ ਕੁੱਝ ਜਨਰਲ ਵਰਗ ਨਾਲ ਸਬੰਧਿਤ ਵਿਅਕਤੀਆਂ ਵਲੋਂ ਜਾਤ-ਪਾਤ ਦੇ ਆਧਾਰ 'ਤੇ ਦਲਿਤਾਂ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ ਤੇ ਸ਼ਮਸ਼ਾਨਘਾਟ 'ਚ ਅੰਤਿਮ ਸਸਕਾਰ ਵੀ ਨਹੀਂ ਕਰਨ ਦਿੱਤਾ ਜਾ ਰਿਹਾ। ਹਾਲਾਂਕਿ ਇਸ ਸਬੰਧੀ ਡੀ. ਐਸ. ਪੀ. ਵਲੋਂ ਦਖਲ ਦੇਣ 'ਤੇ ਮਾਮਲਾ ਹੱਲ ਹੋ ਗਿਆ ਸੀ ਪਰ ਫਿਰ ਵੀ ਦਲਿਤ ਵਰਗ ਦੇ ਲੋਕਾਂ 'ਚ ਡਰ ਤੇ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਜਿਸ ਨੂੰ ਦੂਰ ਕਰਨ ਲਈ ਉਨ੍ਹਾਂ ਨੇ ਪੰਚਾਇਤ ਦਾ ਆਮ ਇਜਲਾਸ ਬੁਲਾਉਣ ਦੀ ਮੰਗ ਕੀਤੀ ਹੈ।
'ਦਲਿਤਾਂ ਦੇ ਵਿਹੜੇ ਮੁਹਿੰਮ' ਪੂਰੇ ਪੰਜਾਬ 'ਚ ਸ਼ੁਰੂ ਕੀਤੀ ਜਾਵੇਗੀ-ਡਾ: ਜੱਖੂ
ਗੁਰਾਇਆ, 27 ਦਸੰਬਰ (ਵਿਸ਼ੇਸ਼ ਪ੍ਰਤੀਨਿਧ)-ਸ਼੍ਰੋਮਣੀ ਅਕਾਲੀ ਦਲ 'ਦਲਿਤਾਂ ਦੇ ਵਿਹੜੇ ਮੁਹਿੰਮ' ਪੂਰੇ ਪੰਜਾਬ ਵਿਚ ਸ਼ੁਰੂ ਕਰੇਗਾ, ਜਿਵੇ ਕਿ ਦਲ ਬਠਿੰਡਾ ਅਤੇ ਮਾਨਸਾ ਜ਼ਿਲਿਆਂ ਵਿਚ ਕਰ ਚੁੱਕਾ ਹੈ। ਇਹ ਸ਼ਬਦ ਡਾ: ਹਰਜਿੰਦਰ ਸਿੰਘ ਜੱਖੂ ਜਨਰਲ ਸਕੱਤਰ ਸ਼੍ਰੋਮਣੀ ਅਕਾਲੀ ਦਲ ਦਲਿਤ ਵਿੰਗ ਪੰਜਾਬ ਨੇ ਇਥੇ ਪੱਤਰਕਾਰਾਂ ਨੂੰ ਕਹੇ। ਉਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਦਲਿਤਾਂ ਦੇ ਵਿਹੜੇ ਮੁਹਿੰਮ ਇਕ ਵੱਡੀ ਪ੍ਰਾਪਤੀ ਹੈ। ਇਸ ਮੁਹਿੰਮ ਰਾਹੀਂ ਦਲ ਨੇ ਸਾਬਤ ਕਰ ਦਿੱਤਾ ਕਿ ਉਹ ਗਰੀਬ ਤੇ ਸਦੀਆਂ ਤੋਂ ਲਤਾੜੇ ਲੋਕਾਂ ਦੇ ਹੱਕਾਂ ਲਈ ਸੰਜੀਦਾ ਹੈ ਤੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਨੇੜੇ ਹੋ ਕੇ ਦੇਖਕੇ ਉਨ੍ਹਾਂ ਦਾ ਹੱਲ ਕਰ ਰਿਹਾ ਹੈ।
ਧਰਮ ਯੁੱਧ ਮੋਰਚਾ ਨੇ ਮੰਗ ਪੱਤਰ ਸੌਂਪਿਆ
ਜਲੰਧਰ, 22 ਦਸੰਬਰ (ਸ. ਰ.)-ਸ੍ਰੀ ਗੁਰੂ ਰਵਿਦਾਸ ਧਰਮ ਯੁੱਧ ਮੋਰਚਾ ਦੇ ਕਨਵੀਨਰ ਸਤੀਸ਼ ਕੁਮਾਰ ਭਾਤਰੀ ਦੀ ਅਗਵਾਈ ਵਿਚ ਇਕ ਵਫ਼ਦ ਨੇ ਅੱਜ ਡਿਪਟੀ ਕਮਿਸ਼ਨਰ ਦੇ ਨਾਂਅ ਇਕ ਮੰਗ ਪੱਤਰ ਸੌਂਪ ਕੇ ਮੰਗ ਕੀਤੀ ਕਿ ਢਿਲਵਾਂ ਗੋਲੀ ਕਾਂਡ ਵਿਚ ਵਿਜੇ ਕੁਮਾਰ ਦੇ ਕਤਲ ਦੇ ਸੰਬੰਧ ਵਿਚ ਦਰਜ ਪਰਚੇ ਵਿਚ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦੇ ਪੱਤਰ ਵਿਚਲੀਆਂ ਹਦਾਇਤਾਂ ਅਨੁਸਾਰ ਥਾਣਾ ਸਦਰ ਵਿਚ ਦਰਜ ਮੁਕੱਦਮੇ ਵਿਚ ਅਨੁਸੂਚਿਤ ਜਾਤੀ, ਜਨਜਾਤੀ ਅੱਤਿਆਚਾਰ ਰੋਕਥਾਮ ਕਾਨੂੰਨ 1989 ਲਾਗੂ ਕੀਤਾ ਜਾਵੇ।
ਅਨੁਸੂਚਿਤ ਜਾਤੀ ਰਾਖਵਾਂਕਰਨ ਨੀਤੀ 'ਚ ਤਬਦੀਲੀ ਦੇ ਵਿਰੋਧ 'ਚ ਰੋਸ ਮਾਰਚ
ਜਲੰਧਰ, 19 ਦਸੰਬਰ (ਬਾਵਾ)-ਮੁਸਲਮਾਨਾਂ ਅਤੇ ਇਸਾਈਆਂ ਨੂੰ ਅਨੁਸੂਚਿਤ ਜਾਤੀ ਰਾਖਵਾਂਕਰਨ ਦਾ ਅਧਿਕਾਰ ਦੇਣ ਸਬੰਧੀ ਸੰਸਦ ਵਿਚ ਦਾਖਲ ਕੀਤੀ ਰਿਪੋਰਟ ਦੇ ਵਿਰੋਧ ਵਿਚ ਵੱਖ-ਵੱਖ ਜਥੇਬੰਦੀਆਂ ਵੱਲੋਂ ਇਸ ਦੀ ਸਿਫਾਰਸ਼ ਕਰਨ ਵਾਲੇ ਰੰਗਾਨਾਥ ਮਿਸ਼ਰਾ ਕਮਿਸ਼ਨ ਦਾ ਪੁਤਲਾ ਸਾੜਿਆ ਗਿਆ। ਬਾਅਦ ਦੁਪਹਿਰ ਵੱਖ-ਵੱਖ ਹਿੰਦੂ ਜਥੇਬੰਦੀਆਂ ਜਿਨ੍ਹਾਂ ਵਿਚ ਹਿੰਦੂ ਜਾਗ੍ਰਿਤੀ ਮੰਚ ਹਿੰਦੁਸਤਾਨ, ਸ੍ਰੀ ਗੁਰੂ ਰਵਿਦਾਸ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਫਾਰ ਹਿਊਮਨ ਰਾਈਟਸ (ਰਜਿ:) ਯੂ. ਕੇ. ਅਤੇ ਅਨੁਸੂਚਿਤ ਜਾਤੀ ਆਰਕਸ਼ਣ ਬਚਾਓ ਮੰਚ ਦੇ ਵਰਕਰਾਂ ਨੇ ਪਹਿਲਾਂ ਗੁਰੂ ਰਵਿਦਾਸ ਚੌਕ ਤੋਂ ਕੰਪਨੀ ਬਾਗ ਤੱਕ ਰੋਸ ਮਾਰਚ ਕੀਤਾ ਅਤੇ ਫਿਰ ਕਮਿਸ਼ਨ ਦਾ ਪੁਤਲਾ ਸਾੜਿਆ। ਸੰਸਥਾਵਾਂ ਦੇ ਆਗੂਆਂ ਮਨਦੀਪ ਬਖਸ਼ੀ, ਮਨਜੀਤ ਬਾਲੀ ਤੱਲ੍ਹਣ ਅਤੇ ਕਮਲ ਸ਼ਰਮਾ ਕੌਂਸਲਰ ਦੀ ਅਗਵਾਈ ਹੇਠ ਇਕੱਠੇ ਹੋਏ ਵਰਕਰਾਂ ਨੇ ਰੋਸ ਮੁਜ਼ਾਹਰਾ ਕੀਤਾ।
ਇਸਾਈ ਭਾਈਚਾਰੇ ਵੱਲੋਂ ਸਾਂਪਲਾ ਵਿਰੁੱਧ ਸ਼ਿਕਾਇਤ ਭੜਕਾਊ ਬੋਰਡ ਲਗਾ ਕੇ ਮਾਹੌਲ ਖ਼ਰਾਬ ਕਰਨ ਦਾ ਦੋਸ਼
ਜਲੰਧਰ, 12 ਦਸੰਬਰ (ਐਚ.ਐਸ.ਬਾਵਾ)-ਨੈਸ਼ਨਲ ਕੌਂਸਲ ਆਫ਼ ਦਲਿਤ ਕ੍ਰਿਸ਼ਚੀਅਨ ਦੀ ਜਲੰਧਰ ਇਕਾਈ ਦੇ ਇਕ ਵਫ਼ਦ ਨੇ ਅੱਜ ਜਲੰਧਰ ਡਿਵੀਜ਼ਨ ਦੇ ਕਮਿਸ਼ਨਰ, ਜਲੰਧਰ ਦੇ ਡਿਪਟੀ ਕਮਿਸ਼ਨਰ, ਜਲੰਧਰ ਰੇਂਜ ਦੇ ਡੀ.ਆਈ.ਜੀ. ਅਤੇ ਜਲੰਧਰ ਦੇ ਪੁਲਿਸ ਮੁਖੀ ਦੇ ਨਾਂਅ ਮੰਗ ਪੱਤਰ ਦੇ ਕੇ ਮੰਗ ਕੀਤੀ ਹੈ ਕਿ ਭਾਜਪਾ ਆਗੂ ਅਤੇ ਖਾਦੀ ਬੋਰਡ ਦੇ ਚੇਅਰਮੈਨ ਸ੍ਰੀ ਵਿਜੇ ਸਾਂਪਲਾ ਵੱਲੋਂ ਸ਼ਹਿਰ ਵਿਚ ਆਪਣੀਆਂ ਤਸਵੀਰਾਂ ਵਾਲੇ ਲਾਏ ਬੋਰਡਾਂ ਰਾਹੀਂ ਜ਼ਹਿਰੀਲੀ ਅਤੇ ਫ਼ਿਰਕੂ ਇਸ਼ਤਿਹਾਰਬਾਜ਼ੀ ਨੂੰ ਫ਼ੌਰੀ ਤੌਰ 'ਤੇ ਹਟਾਇਆ ਜਾਵੇ ਅਤੇ ਜਿੰਮੇਵਾਰ ਲੋਕਾਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇ। ਵਫ਼ਦ ਵਿਚ ਸ਼ਾਮਿਲ ਐਨ.ਡੀ.ਸੀ. ਦੇ ਇਲਿਆਸ ਮਸੀਹ ਅਤੇ ਸੀ. ਵਾਈ. ਡੀ. ਦੇ ਸ੍ਰੀ ਵਿਨੋਦ, ਪਰਮਜੀਤ, ਵਿਜੈ ਮਸੀਹ, ਸੂਰਜ ਮਸੀਹ ਆਦਿ ਨੇ ਕਿਹਾ ਕਿ ਅਖੌਤੀ ਦਲਿਤ ਰਾਖਵਾਂਕਰਨ ਦੇ ਇਨ੍ਹਾਂ ਹਮਾਇਤੀਆਂ ਨੂੰ ਇੰਜ ਕਰਨ ਦਾ ਕੋਈ ਅਧਿਕਾਰ ਨਹੀਂ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਹੀ ਪੰਜਾਬ ਨੂੰ ਇਕ ਵਾਰ ਫ਼ਿਰ ਫ਼ਿਰਕੂ ਲਾਂਬੂ ਲਾਉਣ ਵਾਲੀਆਂ ਸ਼ਕਤੀਆਂ ਸਰਗਰਮ ਹੋ ਰਹੀਆਂ ਹਨ। ਇਸ ਮੌਕੇ ਦਲਿਤਾਂ ਨੂੰ ਪਾੜਨ ਵਾਲੀਆਂ ਕਾਰਵਾਈਆਂ ਕਰਨ ਦਾ ਹੱਕ ਕਿਸੇ ਨੂੰ ਨਹੀਂ ਹੋਣਾ ਚਾਹੀਦਾ। ਉਨ੍ਹਾਂ ਕਿਹਾ ਕਿ ਸਰਕਾਰੀ ਅਹੁਦਿਆਂ ਦਾ ਸੁੱਖ ਮਾਣਦਿਆਂ ਸੂਬੇ ਨੂੰ ਫ਼ਿਰਕੂ ਅੱਗ ਦੀ ਭੱਠੀ ਵਿਚ ਝੋਕਣ ਦੀਆਂ ਕੋਸ਼ਿਸ਼ਾਂ ਕਰਨ ਅਤੇ ਸਥਾਨਿਕ ਪ੍ਰਸ਼ਾਸਨ ਨੂੰ ਕਿਸੇ ਵਿਸ਼ੇਸ਼ ਪਾਰਟੀ ਦੇ ਰਾਜਸੀ ਸਵਾਰਥ ਖਾਤਰ ਆਪਣੀ ਨੱਕ ਹੇਠ ਇਸ ਤਰ੍ਹਾਂ ਦਾ ਪਾੜਾ ਪਾਉਣ ਵਾਲੀਆਂ ਕਾਰਵਾਈਆਂ ਦੀ ਇਜਾਜ਼ਤ ਨਹੀਂ ਦੇਣੀ ਚਾਹੀਦੀ।
ਗੁਰੂ ਰਵਿਦਾਸ ਫੋਰਮ ਵੱਲੋਂ ਮਾਹੌਲ ਖ਼ਰਾਬ ਕਰਨ ਵਾਲੇ ਲੋਕਾਂ ਦੀ ਨਿੰਦਾ
ਜਲੰਧਰ, 9 ਦਸੰਬਰ (ਅਜੀਤ ਬਿਊਰੋ)-ਗੁਰੂ ਰਵਿਦਾਸ ਫੋਰਸ ਪੰਜਾਬ ਦੀ ਮੀਟਿੰਗ ਪ੍ਰਧਾਨ ਸ੍ਰੀ ਸਤੀਸ਼ ਸੁਮਨ ਦੀ ਪ੍ਰਧਾਨਗੀ ਹੇਠ ਫੋਰਸ ਦੇ ਦਫ਼ਤਰ ਵਿਖੇ ਹੋਈ, ਜਿਸ ਵਿਚ ਦਿਵਿਆ ਜਯੋਤੀ ਜਾਗਰਤੀ ਸੰਸਥਾਨ ਦੇ ਸਤਿਸੰਗ ਨੂੰ ਲੈ ਕੇ ਕੁਝ ਕੱਟੜਪੰਥੀ ਜਥੇਬੰਦੀਆਂ ਵੱਲੋਂ ਨੰਗੀਆਂ ਤਲਵਾਰਾਂ ਲੈ ਕੇ ਕੀਤੇ ਰੋਸ ਪ੍ਰਦਰਸ਼ਨ ਨੂੰ ਲੈ ਕੇ ਪੰਜਾਬ ਅੰਦਰ ਬਣਾਏ ਗਏ ਡਰ ਦੇ ਮਾਹੌਲ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਗਈ। ਭਾਰਤ ਦੇ ਸੰਵਿਧਾਨ ਅਨੁਸਾਰ ਦੇਸ਼ ਅੰਦਰ ਹਰ ਧਰਮ ਨੂੰ ਆਪਣਾ ਪ੍ਰਚਾਰ ਕਰਨ ਤੇ ਸਾਂਝੀਵਾਲਤਾ ਦਾ ਉਪਦੇਸ਼ ਦੇਣ ਦਾ ਹੱਕ ਹੈ। ਧਰਮ ਦੇ ਨਾਂਅ ਉੱਪਰ ਕਿਸੇ ਵੀ ਸੰਤ-ਮਹਾਂਪੁਰਸ਼ ਨੂੰ ਦਬਾਅ ਦੀ ਨੀਤੀ ਨਾਲ ਦਬਾਇਆ ਨਹੀਂ ਜਾ ਸਕਦਾ। ਦਿਵਿਆ ਜਯੋਤੀ ਜਾਗਰਤੀ ਸੰਸਥਾਨ ਮਨੁੱਖਤਾ ਦੀ ਸੇਵਾ ਕਰ ਰਿਹਾ ਹੈ, ਨੌਜਵਾਨ ਵਰਗ ਨੂੰ ਨਸ਼ਿਆਂ ਤੋਂ ਦੂਰ ਕਰਕੇ ਪ੍ਰਮਾਤਮਾ ਨਾਲ ਜੋੜਨ ਦਾ ਕੰਮ ਕਰ ਰਿਹਾ ਹੈ। ਸੰਸਥਾਨ ਹਰ ਧਰਮ ਦੇ ਗੁਰੂਆਂ ਦੇ ਜਨਮ ਦਿਨ ਮਨਾਉਂਦਾ ਹੋਇਆ ਉਨ੍ਹਾਂ ਵੱਲੋਂ ਦਿੱਤੇ ਹੋਏ ਮਨੁੱਖਤਾ ਦੇ ਉਪਦੇਸ਼ਾਂ ਨੂੰ ਘਰ-ਘਰ ਪਹੁੰਚਾ ਰਿਹਾ ਹੈ। ਉਨ੍ਹਾਂ ਸਰਕਾਰ ਤੋਂ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ। ਮੀਟਿੰਗ ਵਿਚ ਡਾ: ਰਜਿੰਦਰ ਕਲੇਰ, ਕਸ਼ਮੀਰੀ ਲਾਲ ਸਰਪੰਚ, ਡਾ: ਯਸ਼ ਬਰਨਾ, ਯਸ਼ ਖਲਵਾੜਾ, ਮਨਜੀਤ ਮਹਿਮੀ, ਓਮ ਪ੍ਰਕਾਸ਼, ਸ਼ਿੰਦਰ ਪਾਲ ਤੋਂ ਇਲਾਵਾ ਸੈਂਕੜੇ ਫੋਰਮ ਦੇ ਵਰਕਰ ਹਾਜ਼ਰ ਸਨ।
ਸ਼੍ਰੋਮਣੀ ਰੰਗਰੇਟਾ ਦਲ ਦੀ ਇਕੱਤਰਤਾ
ਨੂਰਮਹਿਲ, 5 ਦਸੰਬਰ (ਲਾਲੀ)-ਸ਼੍ਰੋਮਣੀ ਰੰਗਰੇਟਾ ਦਲ ਦੀ ਇੱਕ ਮੀਟਿੰਗ ਸੂਬਾ ਪ੍ਰਧਾਨ ਬਲਵੀਰ ਸਿੰਘ ਚੀਮਾ, ਦੁਆਬਾ ਜ਼ੋਨ ਦੇ ਪ੍ਰਧਾਨ ਮਨੋਹਰ ਲਾਲ ਮੱਟੂ, ਸੰਤੋਖ ਸਿੰਘ ਘਾਰੂ ਜ਼ਿਲਾ ਪ੍ਰੀਸ਼ਦ ਮੈਂਬਰ ਦੀ ਪ੍ਰਧਾਨਗੀ ਹੇਠ ਬਾਬਾ ਆਲਮ ਸ਼ਾਹ ਦੀ ਦਰਗਾਹ ਨੂਰਮਹਿਲ ਵਿਖੇ ਹੋਈ। ਇਸ ਦੀ ਜਾਣਕਾਰੀ ਦਿੰਦੇ ਹੋਏ ਬਲਵੀਰ ਸਿੰਘ ਚੀਮਾ ਨੇ ਦੱਸਿਆ ਕਿ ਇਸ ਮੀਟਿੰਗ 'ਚ ਬਾਬਾ ਜੀਵਨ ਸਿੰਘ ਦਾ ਸ਼ਹੀਦੀ ਦਿਹਾੜਾ ਜੋ ਕਿ 20 ਦਸੰਬਰ ਨੂੰ ਲੁਧਿਆਣਾ ਵਿਖੇ ਮਨਾਇਆ ਜਾ ਰਿਹਾ ਹੈ ਨੂੰ ਮੁੱਖ ਰੱਖਦੇ ਹੋਏ ਵਿਚਾਰ-ਵਟਾਂਦਰਾਂ ਕੀਤਾ ਗਿਆ। ਜ਼ਿਲਾ ਪ੍ਰਧਾਨਾਂ ਅਤੇ ਸਕੱਤਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ। ਮੀਟਿੰਗ ਵਿੱਚ ਯੂਥ ਵਿੰਗ ਦੇ ਸੂਬਾ ਪ੍ਰਧਾਨ ਅਮਰਜੀਤ ਸਿੰਘ ਈਦਾ, ਸ਼ਿਗਾਰਾ ਸਿੰਘ ਕਾਲਾ ਸੰਘਿਆ, ਕੈਪਟਨ ਭਜਨ ਸਿੰਘ ਪਛਾੜੀਆ, ਲਛਮਣ ਸਿੰਘ, ਸੁਦਾਗਰ ਸਿੰਘ, ਵੀਰ ਸਿੰਘ ਜੰਡਿਆਲਾ, ਪਾਲ ਚੰਦ ਚੀਮਾ, ਜਸਵੰਤ ਸਿੰਘ ਸਿਆਲ, ਰੇਸ਼ਮ ਸਿੰਘ, ਤਰਸੇਮ ਸਿੰਘ ਰਾਕਟ ਅਤੇ ਸੁਖਦੇਵ ਸਿੰਘ ਆਦਿ ਹਾਜ਼ਰ ਸਨ।
ਸ਼੍ਰੋਮਣੀ ਰੰਗਰੇਟਾ ਦਲ ਪੰਜਾਬ ਦੇ ਅਹੁਦੇਦਾਰਾਂ ਦੀ ਮੀਟਿੰਗ
ਮੱਲ੍ਹੀਆਂ ਕਲਾਂ/ਲਾਂਬੜਾ, 30 ਨਵੰਬਰ (ਮਨਜੀਤ ਮਾਨ)-ਨਜ਼ਦੀਕੀ ਪਿੰਡ ਉੱਗੀ ਜ਼ਿਲ੍ਹਾ ਜਲੰਧਰ ਵਿਖੇ ਸ਼੍ਰੋਮਣੀ ਰੰਗਰੇਟਾ ਦਲ ਪੰਜਾਬ ਦੇ ਅਹੁਦੇਦਾਰਾਂ ਦੀ ਮੀਟਿੰਗ ਜਨਰਲ ਸਕੱਤਰ ਮਾ: ਮਹਿੰਦਰ ਪਾਲ ਉੱਗੀ ਦੇ ਗ੍ਰਹਿ ਵਿਖੇ ਦੁਆਬਾ ਜ਼ੋਨ ਦੇ ਪ੍ਰਧਾਨ ਸ਼ਿੰਗਾਰਾ ਸਿੰਘ, ਕਪੂਰਥਲਾ ਦੇ ਪ੍ਰਧਾਨ ਲਛਮਣ ਸਿੰਘ ਦੀਪੇਵਾਲ, ਮੀਤ ਪ੍ਰਧਾਨ ਰੇਸ਼ਮ ਸਿੰਘ ਮਾਨ, ਸਕੱਤਰ ਅਵਤਾਰ ਰਾਏ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿਚ ਸ਼੍ਰ੍ਰੋਮਣੀ ਰੰਗਰੇਟਾ ਦਲ ਪੰਜਾਬ ਦੇ ਸੂਬਾ ਪ੍ਰਧਾਨ ਸ: ਬਲਵੀਰ ਸਿੰਘ ਚੀਮਾ, ਯੂਥ ਵਿੰਗ ਪੰਜਾਬ ਦੇ ਸੂਬਾ ਪ੍ਰਧਾਨ ਸਰਪੰਚ ਅਮਰਜੀਤ ਸਿੰਘ ਈਦਾ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ ਤੇ ਕਾਲਾ ਸੰਘਿਆਂ ਕਪੂਰਥਲਾ ਵਿਚ ਦਲਿਤਾਂ ਦੇ ਪਲਾਟਾਂ ਤੇ ਹੱਡਾ ਰੋੜੀ ਦੇ ਭਖ ਰਹੇ ਮਾਮਲੇ ਨੂੰ ਹਰ ਪੱਖ ਤੋਂ ਨਜਿੱਠਣ ਲਈ ਵਿਚਾਰਾਂ ਹੋਈਆਂ। ਇਸ ਮੌਕੇ ਸ਼ਿੰਗਾਰਾ ਸਿੰਘ, ਰੇਸ਼ਮ ਸਿੰਘ ਮਾਨ ਤੇ ਸਕੱਤਰ ਅਵਤਾਰ ਰਾਏ ਨੇ ਪ੍ਰੈੱਸ ਦੇ ਨਾਂਅ ਇਕ ਲਿਖਤੀ ਬਿਆਨ ਜਾਰੀ ਕਰਦਿਆਂ ਕਿਹਾ ਕਿ ਪਿੰਡ ਕਾਲਾ ਸੰਘਿਆਂ ਵਿਚ ਪੰਚਾਇਤ ਦੀ ਸ਼ਾਮਲਾਟ ਜ਼ਮੀਨ 268 ਏਕੜ ਹੈ, ਜਿਸ 'ਚ ਸਰਮਾਏਦਾਰਾਂ ਦਾ 2-2, 4-4 ਏਕੜ 'ਤੇ ਕਬਜ਼ਾ ਹੈ ਪਰ ਸਮੇਂ-ਸਮੇਂ ਦੀਆਂ ਸਰਕਾਰਾਂ ਤੇ ਸਮੇਂ-ਸਮੇਂ ਦੀਆਂ ਪੰਚਾਇਤਾਂ ਵੱਲੋਂ 40-45 ਸਾਲਾਂ ਤੋਂ 5-5 ਮਰਲੇ ਦੇ ਪਲਾਟਾਂ ਦੇ ਲਾਲਚ ਦੇ ਕੇ ਦਲਿਤ ਭਾਈਚਾਰੇ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ ਪਰ ਅੱਜ ਤੱਕ ਕਿਸੇ ਵੀ ਸਰਕਾਰ ਜਾਂ ਪੰਚਾਇਤਾਂ ਨੇ ਦਲਿਤਾਂ ਦੇ ਹੱਕ ਬਾਰੇ ਨਹੀਂ ਸੋਚਿਆ।
ਉਨ੍ਹਾਂ ਕਿਹਾ ਕਿ ਪਿੰਡ ਕਾਲਾ ਸੰਘਿਆਂ ਦੇ ਕੁਝ ਸ਼ਰਾਰਤੀ ਲੋਕ ਪਿੰਡ ਦਾ ਮਾਹੌਲ ਖਰਾਬ ਕਰਨ 'ਤੇ ਉਤਰੇ ਹੋਏ ਹਨ। ਸੂਬਾ ਪ੍ਰਧਾਨ ਸ: ਬਲਵੀਰ ਸਿੰਘ ਚੀਮਾ ਨੇ ਕਿਹਾ ਕਿ ਦਲਿਤਾਂ ਨੂੰ ਹਰ ਹਾਲਤ ਵਿਚ ਪਲਾਟਾਂ 'ਤੇ ਕਬਜ਼ੇ ਦਿਵਾਏ ਜਾਣਗੇ। ਉਨ੍ਹਾਂ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਪ੍ਰਸ਼ਾਸਨ ਨੇ ਤੁਰੰਤ ਗਰੀਬਾਂ, ਦਲਿਤਾਂ ਨੂੰ ਪਲਾਟਾਂ 'ਤੇ ਕਬਜ਼ੇ ਨਾ ਦਿਵਾਏ ਤਾਂ ਵੱਡੇ ਪੱਧਰ 'ਤੇ ਪੰਜਾਬ ਦੀਆਂ 14 ਜਥੇਬੰਦੀਆਂ ਨਾਲ ਮਿਲ ਕੇ ਸੰਘਰਸ਼ ਵਿੱਢਿਆ ਜਾਵੇਗਾ। ਦੁਆਬਾ ਜ਼ੋਨ ਦੇ ਪ੍ਰਧਾਨ ਮਨੋਹਰ ਲਾਲ ਮੱਟੂ ਸੇਵਾ-ਮੁਕਤ ਭਲਾਈ ਅਫਸਰ, ਸੂਬਾ ਪ੍ਰਧਾਨ ਯੂਥ ਵਿੰਗ ਸਰਪੰਚ, ਅਮਰਜੀਤ ਸਿੰਘ ਈਦਾ, ਅਵਤਾਰ ਰਾਏ, ਬਲਕਾਰ ਸਿੰਘ ਮੰਤਰੀ, ਮਹਿਲਾ ਵਿੰਗ ਦੀ ਪ੍ਰਧਾਨ ਬੀਬੀ ਗੁਰਮੇਲ ਕੌਰ, ਬੀਬੀ ਸਵਰਨੀ ਮੈਂਬਰ ਪੰਚਾਇਤ, ਤਹਿਸੀਲ ਪ੍ਰਧਾਨ ਪਰਮਜੀਤ ਸਿੰਘ ਮਾਨ, ਸੰਦੀਪ ਮੱਟੂ ਆਦਿ ਨੇ ਵੀ ਸੰਬੋਧਨ ਕੀਤਾ।
ਭਾਜਪਾ ਅਨੁਸੂਚਿਤ ਜਾਤੀ ਮੋਰਚਾ ਵੱਲੋਂ ਹਮਲੇ ਦਾ ਦੋਸ਼
ਜਲੰਧਰ, 4 ਦਸੰਬਰ (ਬਾਵਾ)-ਭਾਜਪਾ ਅਨੁਸੂਚਿਤ ਜਾਤੀ ਮੋਰਚਾ, ਜ਼ਿਲ੍ਹਾ ਕਪੂਰਥਲਾ ਦੇ ਜਨਰਲ ਸਕੱਤਰ ਬਲਵਿੰਦਰ ਸਿੰਘ ਅਰਾਈਂਵਾਲਾ ਨੇ ਦੋਸ਼ ਲਗਾਇਆ ਹੈ ਕਿ ਬੀਤੀ 10 ਨਵੰਬਰ ਨੂੰ ਪਿੰਡ ਮੁੰਡੇਰਬੇਟ, ਤਹਿਸੀਲ ਭੁਲੱਥ, ਜ਼ਿਲ੍ਹਾ ਕਪੂਰਥਲਾ ਵਿਚ ਬਿੱਟੂ, ਸੁਰਿੰਦਰ, ਜਸਵਿੰਦਰ, ਅਮਰੀਕ ਸਿੰਘ ਵਾਸੀ ਮੰਡੇਰ ਬੇਟ ਅਤੇ ਨੰਦ ਸਿੰਘ ਵਾਸੀ ਬਾਮੂਵਾਲ ਨੇ ਅਨੁਸੂਚਿਤ ਜਾਤੀ ਨਾਲ ਸੰਬੰਧਤ ਰੌਸ਼ਨ ਸਿੰਘ ਪੁੱਤਰ ਰਤਨ ਸਿੰਘ ਅਤੇ ਉਸਦੇ ਬੇਟੇ ਪ੍ਰੀਤਮ ਸਿੰਘ 'ਤੇ ਹਮਲਾ ਕਰਕੇ ਉਨ੍ਹਾਂ ਨੂੰ ਗੰਭੀਰ ਜ਼ਖਮੀ ਕਰ ਦਿੱਤਾ ਅਤੇ ਨੰਦ ਸਿੰਘ ਪੁੱਤਰ ਚੰਨਣ ਸਿੰਘ ਦੇ ਘਰ ਇੱਟਾਂ ਦੀ ਬਰਸਾਤ ਕੀਤੀ। ਜਿਸ ਨਾਲ ਸੂਣ ਵਾਲੀ ਗਊ ਨੇ ਮਰੀ ਹੋਈ ਵੱਛੀ ਨੂੰ ਜਨਮ ਦਿੱਤਾ ਅਤੇ ਆਪ ਵੀ ਦਮ ਤੋੜ ਗਈ। ਸ: ਅਰਾਈਆਂਵਾਲ ਨੇ ਅੱਜ ਜਲੰਧਰ ਵਿਖੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਇਸ ਮੌਕੇ ਬਲਵਿੰਦਰ ਸਿੰਘ, ਮੁਖਤਿਆਰ ਸਿੰਘ, ਪ੍ਰੀਤਮ ਸਿੰਘ, ਤਰਸੇਮ ਸਿੰਘ, ਅਮਨਦੀਪ ਸਿੰਘ ਜੱਜ, ਗੁਰਪ੍ਰੀਤ ਸਿੰਘ ਪੱਡਾ ਆਦਿ ਹਾਜ਼ਰ ਸਨ।
ਰਾਖਵਾਂਕਰਨ ਬਚਾਉਣ ਲਈ ਰੈਲੀ ਦੀ ਤਿਆਰੀ ਜ਼ੋਰਾਂ-ਸ਼ੋਰਾਂ ਨਾਲ ਸ਼ੁਰੂ
ਜਲੰਧਰ, 22 ਨਵੰਬਰ (ਸ਼ਿਵ)-ਅਨੁਸੂਚਿਤ ਜਾਤੀ ਰਾਖਵਾਂਕਰਨ ਬਚਾਓ ਮੰਚ ਪੰਜਾਬ ਵੱਲੋਂ ਜਲੰਧਰ ਡੀ. ਸੀ. ਦਫਤਰ ਦੇ ਸਾਹਮਣੇ 26 ਨਵੰਬਰ ਨੂੰ ਰੈਲੀ ਕੀਤੀ ਜਾ ਰਹੀ ਹੈ। ਇਸ ਸਬੰਧ ਵਿਚ ਅੱਡਾ ਖੁਰਲਾ ਕਿੰਗਰਾ ਵਿਖੇ ਮੀਟਿੰਗ ਕੀਤੀ ਗਈ। ਇਸ ਮੌਕੇ 'ਤੇ ਆਗੂਆਂ ਵੱਲੋਂ ਵਿਸਥਾਰ ਨਾਲ ਪੜਚੋਲ ਕੀਤੀ ਗਈ ਜੋ ਕਿ ਧਰਮ ਦੇ ਆਧਾਰ 'ਤੇ ਇਸਾਈਆਂ ਤੇ ਮੁਸਲਮਾਨਾਂ ਨੂੰ ਯੂ. ਪੀ. ਏ. ਸਰਕਾਰ ਰਾਖਵਾਂਕਰਨ ਦੇਣ ਜਾ ਰਹੀ ਹੈ। ਇਸ ਦਾ ਦਲਿਤਾਂ ਅੰਦਰ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਮੌਕੇ ਰਮੇਸ਼ ਕਾਲਾ, ਬਾਬੂ ਹੰਸ ਰਾਜ, ਰੂਪ ਲਾਲ, ਦੇਵ ਰਾਜ, ਮੱਖਣ ਸਿੰਘ, ਸਰਬਜੀਤ, ਬਿੱਟੂ, ਗੁਰਪਾਲ, ਬਲਵਿੰਦਰ ਕੁਮਾਰ, ਰਾਮ ਲੁਭਾਇਆ, ਸੋਨੂੰ ਕੋਟ ਸਦੀਕ, ਰੇਸ਼ਮ ਕੋਟ ਸਦੀਕ, ਪਰਸ਼ੋਤਮ ਲਾਲ ਆਦਿ ਹਾਜ਼ਰ ਸਨ।