ਸ. ਪਰਮਜੀਤ ਸਿੰਘ ਸਰਨਾ ਦੇ ਬਿਆਨ ਕਰਕੇ ਪ੍ਰਤੀਕਰਮ

ਸਰਨਾ ਦੇ ਬਿਆਨ ਦੀ ਨਿੰਦਾ
ਨਕੋਦਰ, 26 ਜੁਲਾਈ (ਸੰਧੂ)-ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਵੱਲੋਂ ਦਿੱਤੇ ਬਿਆਨ ਨਾਲ ਪੰਜਾਬ ਦੀ ਅਮਨ-ਸ਼ਾਂਤੀ ਭੰਗ ਕਰਨ ਅਤੇ ਆਪਸੀ ਭਾਈਚਾਰੇ ਵਿਚ ਨਫਰਤ ਪੈਦਾ ਕਰਕੇ ਮਾਹੌਲ ਖਰਾਬ ਕਰਨ ਦੀ ਸਾਜ਼ਿਸ਼ ਦੀ ਬਹੁਜਨ ਸਮਾਜ ਪਾਰਟੀ ਘੋਰ ਨਿੰਦਾ ਕਰਦੀ ਹੈ ਅਤੇ ਮੰਗ ਕਰਦੀ ਹੈ ਕਿ ਸਰਕਾਰ ਸਰਨਾ ਵਿਰੁੱਧ ਕਾਨੂੰਨੀ ਕਾਰਵਾਈ ਕਰਕੇ ਉਸ ਨੂੰ ਤੁਰੰਤ ਗ੍ਰਿਫਤਾਰ ਕਰੇ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਸਰਨਾ ਨੂੰ ਤੁਰੰਤ ਅਹੁਦੇ ਤੋਂ ਹਟਾਏ ਕਿਉਂਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜ਼ਿੰਮੇਵਾਰੀ ਧਰਮ ਦੇ ਪ੍ਰਚਾਰ, ਆਪਸੀ ਭਾਈਚਾਰਕ ਏਕਤਾ ਅਤੇ ਅਮਨ-ਸ਼ਾਂਤੀ ਦੀ ਬਹਾਲੀ ਹੈ ਨਾ ਕਿ ਸਮਾਜ ਵਿਚ ਨਫਰਤ ਫੈਲਾਅ ਕੇ ਭਾਈਚਾਰਾ ਤੋੜ ਕੇ ਅਮਨ-ਸ਼ਾਂਤੀ ਭੰਗ ਕਰਨਾ। ਸ੍ਰੀ ਸੁਖਵਿੰਦਰ ਗਡਵਾਲ ਨੇ ਸਰਕਾਰ ਤੋਂ ਮੰਗ ਕੀਤੀ ਕਿ ਸਰਕਾਰ ਵਿਆਨਾ ਕਾਂਡ ਦੀ ਜਾਂਚ ਰਿਪੋਰਟ ਜਨਤਕ ਕਰੇ ਅਤੇ ਅਸਲੀਅਤ ਲੋਕਾਂ ਸਾਹਮਣੇ ਲਿਆਵੇ।

ਪਰਮਜੀਤ ਸਿੰਘ ਸਰਨਾ ਦੇ ਪੁਤਲੇ ਸਾੜੇ
ਜਲੰਧਰ, 26 ਜੁਲਾਈ (ਪ੍ਰਿਤਪਾਲ ਸਿੰਘ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਵੱਲੋਂ ਡੇਰਾ ਸੱਚਖੰਡ ਬੱਲਾਂ (ਜਲੰਧਰ) ਦੇ ਮਹਾਂਪੁਰਸ਼ਾਂ ਵਿਰੁੱਧ ਕੀਤੀ ਬਿਆਨਬਾਜ਼ੀ ਤੇ ਵਿਆਨਾ (ਆਸਟਰੀਆ) ਵਿਖੇ ਹੋਏ ਗੋਲੀ ਕਾਂਡ ਜਿਸ ਵਿਚ ਬੱਲਾਂ ਦੇ ਸੰਤ ਰਾਮਾਨੰਦ ਚਲਾਣਾ ਕਰ ਗਏ ਸਨ ਤੇ ਸੰਤ ਨਿਰੰਜਣ ਦਾਸ ਜ਼ਖ਼ਮੀ ਹੋ ਗਏ ਸਨ, ਦੇ ਕਥਿਤ ਦੋਸ਼ੀਆਂ ਨੂੰ ਕਾਨੂੰਨੀ ਮਦਦ ਦੇਣ ਲਈ ਦਿੱਲੀ ਤੋਂ ਵਕੀਲ ਭੇਜਣ ਤੇ ਕੇਸ ਵਿਚ ਫੜੇ ਨੌਜਵਾਨਾਂ ਦੇ ਪਰਿਵਾਰਾਂ ਨੂੰ ਆਰਥਿਕ ਸਹਾਇਤਾ ਦੇਣ ਦੀ ਜੋ ਗੱਲ ਕਹੀ ਗਈ, ਉਸ ਨੂੰ ਲੈ ਕੇ ਗੁਰੂ ਰਵਿਦਾਸ ਜੀ ਦੇ ਸ਼ਰਧਾਲੂਆਂ ਸਮੇਤ ਸਮੂਹ ਦਲਿਤ ਸਮਾਜ ਵਿਚ ਭਾਰੀ ਰੋਸ ਪਾਇਆ ਜਾਂਦਾ ਹੈ।

ਧਰਨਾ ਦਿੱਤਾ ਦੇ ਪੁਤਲੇ ਸਾੜੇ
ਅੱਜ ਜਲੰਧਰ ਵਿਚ ਅੰਬੇਡਕਰ ਸੈਨਾ (ਮੂਲ ਨਿਵਾਸੀ) ਸਮੇਤ ਸ੍ਰੀ ਗੁਰੂ ਰਵਿਦਾਸ ਨਾਮ ਲੇਵਾ ਸੰਗਤਾਂ ਨੇ ਕੰਪਨੀ ਬਾਗ ਚੌਕ, ਅਬਾਦਪੁਰਾ (ਨਕੋਦਰ ਰੋਡ), ਸ੍ਰੀ ਗੁਰੂ ਰਵਿਦਾਸ ਚੌਕ ਅਤੇ ਚੁਗਿੱਟੀ ਬਾਈਪਾਸ ਵਿਖੇ ਰੋਸ ਧਰਨਾ ਦੇ ਕੇ ਆਵਾਜਾਈ ਰੋਕੀ ਤੇ ਪਰਮਜੀਤ ਸਿੰਘ ਸਰਨਾ ਦੇ ਪੁਤਲੇ ਸਾੜੇ ਤੇ ਨਾਅਰੇਬਾਜ਼ੀ ਕੀਤੀ। ਉਨ੍ਹਾਂ ਮੰਗ ਕੀਤੀ ਕਿ ਪਰਮਜੀਤ ਸਿੰਘ ਸਰਨਾ ਵਿਰੁੱਧ ਮੁਕੱਦਮਾ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕੀਤਾ ਜਾਵੇ। ਅੰਬੇਡਕਰ ਸੈਨਾ (ਮੂਲ ਨਿਵਾਸੀ) ਦੀ ਹੋਈ ਮੀਟਿੰਗ ਵਿਚ ਪ੍ਰਧਾਨ ਹਰਭਜਨ ਸਿੰਘ ਸੰਧੂ, ਬਾਲ ਕ੍ਰਿਸ਼ਨ ਜਨਰਲ ਸਕੱਤਰ, ਰਣਜੀਤ ਸਿੰਘ ਪ੍ਰਧਾਨ ਹਲਕਾ ਕਰਤਾਰਪੁਰ, ਅਵਤਾਰ ਸਿੰਘ ਪ੍ਰਧਾਨ ਆਦਮਪੁਰ, ਬਲਵੀਰ ਮੰਡ, ਬਲੀ ਪ੍ਰਧਾਨ ਕਪੂਰਥਲਾ, ਗੌਰੀ ਬੋਧ ਬੂਟਾ ਮੰਡੀ, ਰਾਮ ਮੂਰਤੀ ਆਬਾਦਪੁਰਾ, ਗੋਰਖਾ ਸਿਮਰ ਪ੍ਰਧਾਨ ਕੈਂਟ ਐਮ. ਡੀ. ਬੰਗਾ, ਦੀਪਕ ਸਮਰਾ, ਮਹੇਸ਼ ਬਿੱਟੂ, ਸਤਿੰਦਰ ਵਿੱਜ ਪ੍ਰਧਾਨ, ਬਿੱਕਰ, ਬਲਵਿੰਦਰ, ਮੁਕੇਸ਼ ਬੰਟੂ, ਰਾਜੇਸ਼, ਸੁਸੀਲ ਤੇ ਭੀਮ ਸ਼ਾਮਿਲ ਹੋਏ।

ਚੁਗਿੱਟੀ ਵਿਚ ਮੀਟਿੰਗ
ਸ੍ਰੀ ਗੁਰੂ ਰਵਿਦਾਸ ਨੌਜਵਾਨ ਸਭਾ ਦੀ ਇਕ ਰੋਸ ਮੀਟਿੰਗ ਸ੍ਰੀ ਗੁਰੂ ਰਵਿਦਾਸ ਮੰਦਿਰ ਚੁਗਿੱਟੀ ਵਿਖੇ ਹੋਈ ਜਿਸ ਵਿਚ ਸਮੂਹ ਸਭਾਵਾਂ, ਸ੍ਰੀ ਗੁਰੂ ਰਵਿਦਾਸ ਮੰਦਿਰ ਮੁਹੱਲਾ ਕੋਟ ਰਾਮਦਾਸ ਲਾਡੋਵਾਲੀ ਅਤੇ ਸਮੂਹ ਰਾਜਨੀਤਕ ਨੇਤਾਵਾਂ ਨੇ ਸ਼ਿਰਕਤ ਕੀਤੀ। ਮੀਟਿੰਗ ਵਿਚ ਉਥੇ ਪਹੁੰਚੇ ਹੋਏ ਪਤਵੰਤੇ ਸੱਜਣਾਂ ਵਿਚ ਤਰਲੋਕ ਚੰਦ ਪ੍ਰਧਾਨ ਸ੍ਰੀ ਗੁਰੂ ਰਵਿਦਾਸ ਮੰਦਿਰ ਚੁਗਿੱਟੀ, ਇੰਜ: ਸੁਖਵਿੰਦਰ ਸਿੰਘ ਪ੍ਰਧਾਨ ਸ੍ਰੀ ਗੁਰੂ ਰਵਿਦਾਸ ਮੰਦਿਰ ਮੁਹੱਲਾ ਕੋਟ ਰਾਮਦਾਸ, ਰਾਮ ਮੂਰਤੀ ਲਾਡੋਵਾਲੀ, ਸ੍ਰੀ ਰਾਜੇਸ਼ ਬਾਘਾ ਸੀਨੀਅਰ ਲੀਡਰ ਭਾਜਪਾ, ਗੁਰਮੀਤ ਚੰਦ ਕੌਂਸਲਰ, ਸ੍ਰੀ ਕਾਸ਼ੀ ਰਾਮ, ਅਮਰ ਨਾਥ, ਰਾਮ ਲਾਲ ਜੱਸੀ, ਸੋਮ ਦੱਤ, ਇੰਦਰਜੀਤ ਕਾਲਾ, ਵਰਿੰਦਰ ਕੁਮਾਰ, ਬਲਵੀਰ ਕੁਮਾਰ, ਦੇਵ ਰਾਜ ਜੱਸੀ, ਰਾਜੇਸ਼ ਕੁਮਾਰ, ਰਾਜ ਕੁਮਾਰ, ਸੋਮ ਨਾਥ, ਲੰਬੜਦਾਰ ਹਰੀ ਦਾਸ, ਰਾਮ ਲੁਭਾਇਆ, ਰਾਣਾ, ਵਿਨੋਦ ਕੁਮਾਰ, ਸ਼ਾਮ ਸੁੰਦਰ ਆਦਿ ਸ਼ਾਮਿਲ ਸਨ।

ਅਬਾਦਪੁਰਾ 'ਚ ਧਰਨਾ
ਅਬਾਦਪੁਰਾ ਨਕੋਦਰ ਰੋਡ ਵਿਖੇ ਸ੍ਰੀ ਗੁਰੂ ਰਵਿਦਾਸ ਜੀ ਦੇ ਸ਼ਰਧਾਲੂਆਂ ਨੇ ਪਰਮਜੀਤ ਸਿੰਘ ਸਰਨਾ ਦਾ ਪੁਤਲਾ ਸਾੜਿਆ ਤੇ ਨਾਅਰਬਾਜ਼ੀ ਕੀਤੀ। ਉਥੇ ਇਕ ਘੰਟਾ ਧਰਨਾ ਦੇ ਕੇ ਆਵਾਜਾਈ ਰੋਕੀ। ਵਿਖਾਵਾ ਕਰਨ ਵਾਲਿਆਂ ਦੀ ਅਗਵਾਈ ਕਮਲਦੀਪ ਕੈਲੇ ਸਾਬਕਾ ਸਰਪੰਚ ਵਡਾਲਾ, ਸ੍ਰੀ ਵਿਜੈ ਸਾਗਰ, ਜੋਗਿੰਦਰ ਸਹੋਤਾ ਤੋਂ ਇਲਾਵਾ ਸ੍ਰੀ ਅਸ਼ੋਕ ਚਾਂਦਲਾ ਰਹੇ ਸਨ। ਇਸ ਸਮੇਂ ਹੋਰਨਾਂ ਤੋਂ ਇਲਾਵਾ ਬਲਬੀਰ ਕੁਮਾਰ ਬੂਟਾ ਮੰਡੀ, ਅਮਰਜੀਤ, ਕਮਲੇਸ਼, ਦਰਬਾਰੀ ਲਾਲ, ਰਾਜ ਕੁਮਾਰ, ਕੁਲਵੰਤ ਸਿੰਘ, ਬਲਬੀਰ ਕੌਰ, ਕੈਲੇ, ਤੀਰਥ, ਪੱਪੂ, ਵਿਜੇ ਕੁਮਾਰ, ਅਨਿਲ ਕੁਮਾਰ, ਰੁਮੇਸ਼, ਸੁਰਿੰਦਰ ਕੁਮਾਰ ਮਹੇ, ਅਮਜਦ ਬੇਗ ਬਹੁਜਨ ਸਮਾਜ ਮੋਰਚਾ, ਰਾਕੇਸ਼ ਕੁਮਾਰ, ਹਰੀਸ਼ ਕੁਮਾਰ, ਸੋਮਨਾਥ, ਡਾ: ਮੰਗਲ ਅਟਵਾਲ, ਚਮਨ ਲਾਲ, ਤਿਲਕ ਰਾਜ, ਰਾਕੇਸ਼ ਮਾਹੀ, ਮਾਸਟਰ ਗਿਰਧਾਰੀ ਲਾਲ, ਵਿਪਨ ਕੁਮਾਰ, ਹਰਪ੍ਰੀਤ ਕੁਮਾਰ, ਹਰਭਜਨ ਮੰਗਾ ਆਦਿ ਹਾਜ਼ਰ ਸਨ। ਅੱਜ ਦੀਆਂ ਘਟਨਾਵਾਂ ਨੂੰ ਮੁੱਖ ਰੱਖਦਿਆਂ ਸ਼ਹਿਰ ਵਿਚ ਪੁਲਿਸ ਨੂੰ ਚੌਕਸ ਕਰ ਦਿੱਤਾ ਗਿਆ ਹੈ। ਖਾਸ ਇਲਾਕਿਆਂ ਵਿਚ ਵਿਸ਼ੇਸ਼ ਪੁਲਿਸ ਤਾਇਨਾਤ ਕਰ ਦਿੱਤੀ ਗਈ ਹੈ।

ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦਾ ਪੁਤਲਾ ਸਾੜਿਆ
ਕਰਤਾਰਪੁਰ, 26 ਜੁਲਾਈ (ਜਸਵੰਤ ਵਰਮਾ)-ਅੱਜ ਸ੍ਰੀ ਗੁਰੂ ਰਵਿਦਾਸ ਧਰਮ ਯੁੱਧ ਮੋਰਚਾ (ਪੰਜਾਬ) ਦੀ ਅਗਵਾਈ ਵਿਚ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਦਾ ਪੁਤਲਾ ਸਾੜਿਆ ਗਿਆ। ਬੀਤੇ ਦਿਨੀਂ ਸਰਨਾ ਵੱਲੋਂ ਦਿੱਤੇ ਬਿਆਨ ਵਿਚ ਸੰਤ ਰਾਮਾ ਨੰਦ ਨੂੰ ਕਤਲ ਕਰਨ ਵਾਲਿਆਂ ਦੀ ਅਦਾਲਤੀ ਪੈਰਵੀ ਕਰਨ ਅਤੇ ਹੋਰ ਗਲਤ ਬਿਆਨ ਦੇਣ ਵਿਰੁੱਧ ਉਨ੍ਹਾਂ ਦੀ ਘੋਰ ਨਿੰਦਾ ਕੀਤੀ ਗਈ। ਇਸ ਮੌਕੇ ਰਾਜਿੰਦਰ ਰਾਣਾ, ਰਾਕੇਸ਼ ਪਾਲ, ਕੌਸ਼ਲ ਕੁਮਾਰ, ਧਰਮ ਪਾਲ, ਅਸ਼ੋਕ ਪੇਂਟਰ, ਸਰੂਪ ਲਾਲ, ਚਮਨ ਲਾਲ, ਸੋਮ ਨਾਥ, ਰਾਜ ਕੁਮਾਰ ਆਦਿ ਨੇ ਕਿਹਾ ਕਿ ਸਰਨਾ ਨੇ ਇਹੋ ਜਿਹਾ ਬਿਆਨ ਦੇ ਕੇ ਗੁਰੂ ਰਵਿਦਾਸ ਸ਼ਰਧਾਲੂਆਂ ਦੀਆਂ ਭਾਵਨਾਵਾਂ ਨੂੰ ਭੜਕਾਇਆ ਹੈ। ਜੇਕਰ ਪ੍ਰਸ਼ਾਸਨ ਨੇ ਪਰਮਜੀਤ ਸਿੰਘ ਸਰਨਾ ਖਿਲਾਫ ਸਖਤ ਕਾਰਵਾਈ ਕਰਦਿਆਂ ਉਸ ਨੂੰ ਗ੍ਰਿਫਤਾਰ ਨਾ ਕੀਤਾ ਗਿਆ ਤਾਂ ਸਮੂਹ ਦਲਿਤ ਜਥੇਬੰਦੀਆਂ ਇਕੱਠੇ ਹੋ ਕੇ ਸੰਘਰਸ਼ ਕਰਨ ਲਈ ਮਜਬੂਰ ਹੋਣਗੀਆਂ ਅਤੇ ਸਮੂਹ ਸੰਗਤਾਂ 4 ਅਗਸਤ ਨੂੰ ਡੀ. ਸੀ. ਦਫਤਰ ਦਾ ਘਿਰਾਓ ਕਰਨਗੀਆਂ। ਅੱਤਵਾਦੀਆਂ ਨੂੰ ਸ਼ਹਿ ਦੇਣ ਵਾਲੇ ਅਤੇ ਦਲਿਤਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਸੱਟ ਮਾਰਨ ਵਾਲੇ ਪਰਮਜੀਤ ਸਿੰਘ ਨੂੰ ਪੰਜਾਬ ਸਰਕਾਰ ਤੁਰੰਤ ਗ੍ਰਿਫਤਾਰ ਕਰੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ੍ਰੀ ਗੁਰੂ ਰਵਿਦਾਸ ਧਰਮ ਯੁੱਧ ਮੋਰਚਾ ਪੰਜਾਬ ਦੇ ਕਨਵੀਨਰ ਸਤੀਸ਼ ਕੁਮਾਰ ਭਾਰਤੀ, ਸੱਤਪਾਲ ਵਿਰਕ, ਅਸ਼ੋਕ ਕੁਲਥੱਮ ਤੇ ਸਤਨਾਮ ਸੰਧੂ ਨੇ ਇਕ ਸਾਂਝੇ ਬਿਆਨ ਵਿਚ ਆਖੀ।

ਸਰਨਾ ਨੂੰ ਗ੍ਰਿਫ਼ਤਾਰ ਕੀਤਾ ਜਾਵੇ
ਲਾਂਬੜਾ, 27 ਜੁਲਾਈ (ਗੁਰਨੇਕ ਸਿੰਘ)-ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੂੰ ਡੇਰਾ ਸੱਚਖੰਡ ਬੱਲਾਂ ਦੇ ਸੰਤ-ਮਹਾਂਪੁਰਸ਼ਾਂ ਦੇ ਖਿਲਾਫ਼ ਘਟੀਆ ਸ਼ਬਦਾਂਵਲੀ ਬੋਲਣ ਖਿਲਾਫ਼, ਪੰਜਾਬ ਸਰਕਾਰ ਪਰਚਾ ਦਰਜ ਕਰਕੇ ਤੁਰੰਤ ਗ੍ਰਿਫ਼ਤਾਰ ਕਰੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਲਾਂਬੜਾ ਵਿਖੇ ਵੱਖ-ਵੱਖ ਪਿੰਡਾਂ ਤੋਂ ਆਏ ਦਲਿਤ ਸਮਾਜ ਦੇ ਆਗੂਆਂ ਵੱਲੋਂ ਕੀਤਾ ਗਿਆ। ਇਸ ਮੌਕੇ ਪ੍ਰਭ ਦਿਆਲ ਰਾਮਪੁਰ, ਕੁਲਵਿੰਦਰ ਕਿੰਦਾ, ਲਾਲ ਚੰਦ ਸਰਪੰਚ ਹੁਸੈਨਪੁਰ, ਡਾ: ਪ੍ਰਸ਼ੋਤਮ ਲਾਲ ਰਵਿਦਾਸਪੁਰ, ਸੰਜੀਵ ਕੁਮਾਰ ਲਾਂਬੜਾ, ਸੋਢੀ ਰਾਮ ਸਰਪੰਚ, ਮਦਨ ਲਾਲ ਤਾਜਪੁਰ, ਹਰਬਲਾਸ, ਦਲਵੀਰ ਮਿੰਟੂ, ਅਵਤਾਰ ਤਾਰੀ ਪੰਚ, ਰਾਜ ਕੁਮਾਰ ਜੱਸਲ, ਜੋਗਿੰਦਰਪਾਲ ਬਿੱਟੂ, ਤਰਸੇਮ ਜੱਸਲ ਬਸ਼ੇਸ਼ਰਪੁਰ, ਸੁਰਿੰਦਰ ਕੌਰ ਪੰਚ ਸਿੰਘਾ, ਹੁਸਨ ਲਾਲ ਭਗਵਾਨਪੁਰ, ਬਲਦੇਵ ਕਾਲਾ, ਅਜੀਤ ਰਾਮ ਸਮੇਤ ਭਾਰੀ ਗਿਣਤੀ ਵਿਚ ਲੋਕ ਹਾਜ਼ਰ ਸਨ।

ਸਰਨਾ ਦੇ ਪੁਤਲੇ ਸਾੜੇ
ਜਲੰਧਰ, 27 ਜੁਲਾਈ (ਪ੍ਰਿਤਪਾਲ ਸਿੰਘ)-ਡੇਰਾ ਬੱਲਾਂ ਦੇ ਸ਼ਰਧਾਲੂਆਂ ਵੱਲੋਂ ਅੱਜ ਫਿਰ ਸ੍ਰੀ ਗੁਰੂ ਰਵਿਦਾਸ ਚੌਕ ਵਿਖੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਵਿਰੁੱਧ ਜ਼ੋਰਦਾਰ ਵਿਖਾਵਾ ਤੇ ਨਾਅਰੇਬਾਜ਼ੀ ਕਰਨ ਉਪਰੰਤ ਉਨ੍ਹਾਂ ਦਾ ਪੁਤਲਾ ਸਾੜਿਆ ਗਿਆ। ਇਸ ਮੌਕੇ ਸਾਰਾ ਚੌਕ ਪੁਲਿਸ ਨੇ ਘੇਰਿਆ ਹੋਇਆ ਸੀ ਤਾਂ ਕਿ ਕੋਈ ਮਾੜੀ ਘਟਨਾ ਨਾ ਵਾਪਰੇ। ਵਿਖਾਵਾਕਾਰੀਆਂ ਨੇ ਸਰਨਾ ਵਿਰੁੱਧ ਕਈ ਤਰ੍ਹਾਂ ਦੇ ਨਾਅਰੇ ਲਗਾਏ। ਇਨ੍ਹਾਂ ਦੀ ਅਗਵਾਈ ਸੇਠ ਸਤਪਾਲ ਮੱਲ, ਨਵੀਨ ਕਮਲ ਮਹੇ, ਪੀ. ਡੀ. ਸ਼ਾਂਤ, ਵਿਜੇ ਸਾਗਰ, ਸੁਭਾਸ਼ ਸੋਂਧੀ ਆਦਿ ਕਰ ਰਹੇ ਸਨ। ਇਹ ਸਾਰੇ ਬੂਟਾ ਮੰਡੀ ਤੋਂ ਇਕੱਠੇ ਹੋ ਕੇ ਨਾਅਰੇ ਮਾਰਦੇ ਆਏ। ਉਕਤ ਨੇਤਾਵਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਪਰਮਜੀਤ ਸਿੰਘ ਸਰਨਾ ਨੂੰ ਐਨ. ਐਸ. ਏ. ਅਧੀਨ ਗ੍ਰਿਫਤਾਰ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸਾਡਾ ਸੰਘਰਸ਼ ਸ਼ਾਂਤਮਈ ਹੋਵੇਗਾ। ਇਸ ਤੋਂ ਬਾਅਦ ਉਹ ਘਰਾਂ ਨੂੰ ਚਲੇ ਗਏ।

ਇਸ ਤੋਂ ਬਾਅਦ ਅੰਬੇਡਕਰ ਸੈਨਾ ਵੱਲੋਂ ਸ੍ਰੀ ਗੁਰੂ ਰਵਿਦਾਸ ਚੌਕ ਵਿਖੇ ਪਰਮਜੀਤ ਸਿੰਘ ਸਰਨਾ ਦਾ ਪੁਤਲਾ ਸਾੜਿਆ ਗਿਆ । ਇਸ ਵਿਖਾਵੇ ਵਿਚ ਵੀ ਵਾਲਮੀਕ ਨੇਤਾ ਸੁਭਾਸ਼ ਸੋਂਧੀ ਵੀ ਸ਼ਾਮਿਲ ਹੋਏ। ਇਨ੍ਹਾਂ ਤੋਂ ਇਲਾਵਾ ਅਜੈ ਕੁਮਾਰ ਯਾਦਵ, ਵਿਪਨ ਸਭਰਵਾਲ, ਜਤਿੰਦਰ ਨਿੱਕਾ, ਅਸ਼ਵਨੀ, ਬਾਬੂ ਲਾਲ ਸੰਗਰ, ਪਰਮੋਦ ਮਹੇ ਤੇ ਜਗਦੀਸ਼ ਕੁਮਾਰ ਵੀ ਵਿਖਾਵਾਕਾਰੀਆਂ ਵਿਚ ਸ਼ਾਮਿਲ ਸਨ। ਉਨ੍ਹਾਂ ਵੀ ਸਰਨਾ ਵਿਰੁੱਧ ਨਾਅਰੇ ਲਗਾਏ। ਅੱਜ ਫਿਰ ਵਿਖਾਵੇ ਕਾਰਨ ਨਕੋਦਰ ਰੋਡ 'ਤੇ ਵਾਰ-ਵਾਰ ਟਰੈਫਿਕ ਜਾਮ ਹੋਣ ਕਾਰਨ ਲੋਕ ਬਹੁਤ ਪ੍ਰੇਸ਼ਾਨ ਹੋਏ।

ਲੋਕ ਲਹਿਰ ਪਾਰਟੀ ਵੱਲੋਂ ਸਰਨਾ ਦੀ ਗ੍ਰਿਫ਼ਤਾਰੀ ਦੀ ਮੰਗ
ਜਲੰਧਰ, 28 ਜੁਲਾਈ (ਪ੍ਰਿਤਪਾਲ ਸਿੰਘ)-ਸ਼ਹੀਦ-ਏ-ਆਜ਼ਮ ਸ: ਭਗਤ ਸਿੰਘ ਲੋਕ ਲਹਿਰ ਪਾਰਟੀ ਦੀ ਮੀਟਿੰਗ ਰਾਸ਼ਟਰੀ ਪ੍ਰਧਾਨ ਸ੍ਰੀ ਹਰੀ ਮਿੱਤਰ ਬੱਧਣ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਦਿੱਲੀ ਦੇ ਪਰਮਜੀਤ ਸਿੰਘ ਸਰਨਾ ਵੱਲੋਂ ਡੇਰਾ ਬੱਲਾਂ ਦੇ ਸੰਤਾਂ ਬਾਰੇ ਦਿੱਤੇ ਬਿਆਨ ਦੀ ਨਿੰਦਾ ਕੀਤੀ ਗਈ ਤੇ ਸਰਕਾਰ ਤੋਂ ਮੰਗ ਕੀਤੀ ਗਈ ਕਿ ਉਸ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜੇ ਸਾਡੀ ਮੰਗ ਨਾ ਮੰਨੀ ਗਈ ਤਾਂ ਵੱਡੀ ਪੱਧਰ 'ਤੇ ਸੰਘਰਸ਼ ਕੀਤਾ ਜਾਵੇਗਾ। ਇਸ ਮੌਕੇ ਉਨ੍ਹਾਂ ਨਾਲ ਉਪ ਪ੍ਰਧਾਨ ਰਾਜਿੰਦਰ ਸਿੰਘ ਮਹਿਰਾ ਹਰਿਗੋਬਿੰਦ ਨਗਰ, ਸੂਬਾ ਪ੍ਰਧਾਨ ਸੱਤਪਾਲ ਬੱਧਣ ਰਾਮ ਨਗਰ, ਬ੍ਰਹਮਾ ਨੰਦ ਪਾਂਡੇ, ਅਮਰਜੀਤ ਜੱਸੀ, ਅੰਮ੍ਰਿਤ ਲਾਲ, ਵਿਜੇ ਰਾਮ, ਅਸ਼ੋਕ ਕੁਮਾਰ ਜੱਸੀ, ਸੁਦੇਸ਼ ਕੁਮਾਰੀ ਤੇ ਬਖਸ਼ੀਸ਼ ਕੌਰ, ਪਰਮਜੀਤ ਕੌਰ ਆਦਿ ਹਾਜ਼ਰ ਸਨ।

ਸਰਨਾ ਖਿਲਾਫ਼ ਡੀ. ਸੀ. ਨੂੰ ਮੰਗ-ਪੱਤਰ
ਜਲੰਧਰ, 28 ਜੁਲਾਈ (ਪ੍ਰਿਤਪਾਲ ਸਿੰਘ)-ਅੱਜ ਇਥੇ ਸ੍ਰੀ ਗੁਰੂ ਰਵਿਦਾਸ ਐਜੂਕੇਸ਼ਨ ਚੈਰੀਟੇਬਲ ਟਰੱਸਟ, ਸਤਿਗੁਰੂ ਰਵਿਦਾਸ ਧਾਮ ਮੈਨੇਜਮੈਂਟ ਕਮੇਟੀ ਤੇ ਸ੍ਰੀ ਗੁਰੂ ਰਵਿਦਾਸ ਸੰਘਰਸ਼ ਕਮੇਟੀ ਦੇ ਨੇਤਾਵਾਂ ਨੇ ਬਾਅਦ ਦੁਪਹਿਰ ਕੇਂਦਰੀ ਮੰਤਰੀ ਸ੍ਰੀ ਚਿਦੰਬਰਮ ਦੇ ਨਾਂਅ ਜਲੰਧਰ ਦੇ ਡਿਪਟੀ ਕਮਿਸ਼ਨਰ ਨੂੰ ਮੰਗ-ਪੱਤਰ ਦਿੱਤਾ ਜਿਸ ਵਿਚ ਉਨ੍ਹਾਂ ਲਿਖਿਆ ਹੈ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ: ਪਰਮਜੀਤ ਸਿੰਘ ਸਰਨਾ ਨੇ ਪਿਛਲੇ ਦਿਨੀਂ ਵਿਆਨਾ (ਆਸਟਰੀਆ) ਵਿਖੇ ਵਾਪਰੀ ਦੁਰਘਟਨਾ ਨੂੰ ਲੈ ਕੇ ਬੱਲਾਂ ਦੇ ਸੰਤ ਰਾਮਾਨੰਦ ਵਿਰੁੱਧ ਜੋ ਅਪਮਾਨਜਨਕ ਟਿੱਪਣੀ ਕੀਤੀ, ਉਸ ਕਾਰਨ ਸਾਰੇ ਰਵਿਦਾਸ ਸਮਾਜ ਵਿਚ ਸੋਗ ਦੀ ਲਹਿਰ ਦੌੜ ਗਈ ਹੈ। ਇਸ ਮਾਮਲੇ ਨੂੰ ਲੈ ਕੇ ਸਮਾਜ ਵੱਲੋਂ ਵੱਖ-ਵੱਖ ਥਾਵਾਂ 'ਤੇ ਵਿਖਾਵਾ ਕਰਕੇ ਸਰਨਾ ਦੇ ਪੁਤਲੇ ਸਾੜੇ ਗਏ। ਉਨ੍ਹਾਂ ਕਿਹਾ ਕਿ ਸਰਨਾ ਨੇ ਪੰਜਾਬ ਦੀ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਮੰਗ ਕੀਤੀ ਕਿ ਪਰਮਜੀਤ ਸਿੰਘ ਸਰਨਾ ਵਿਰੁੱਧ ਦੇਸ਼ ਧਰੋਹੀ ਦਾ ਮੁਕੱਦਮਾ ਦਰਜ ਕਰਕੇ ਉਸ ਨੂੰ ਐਨ. ਐਸ. ਏ. ਅਧੀਨ ਗ੍ਰਿਫ਼ਤਾਰ ਕੀਤਾ ਜਾਵੇ। ਮੰਗ-ਪੱਤਰ 'ਤੇ ਦਸਤਖਤ ਕਰਨ ਵਾਲਿਆਂ ਵਿਚ ਸੇਠ ਸਤਪਾਲ ਮੱਲ, ਪੀ. ਡੀ. ਸ਼ਾਂਤ, ਜਗਦੀਸ਼ ਮਹੇ, ਵਾਲਮੀਕ ਨੇਤਾ ਸੁਭਾਸ਼ ਸੌਂਧੀ, ਪਰਮੋਦ ਮਹੇ ਅਸ਼ਵਨੀ ਮਹੇ ਅਤੇ ਰਾਜੇਸ਼ ਬਾਘਾ ਆਦਿ ਦੇ ਨਾਂਅ ਲਿਖੇ ਹੋਏ ਹਨ।

ਸਰਨਾ ਦਾ ਪੁਤਲਾ ਸਾੜਿਆ
ਜਲੰਧਰ, 28 ਜੁਲਾਈ (ਪ੍ਰਿਤਪਾਲ ਸਿੰਘ)-ਅੰਬੇਡਕਰ ਸੈਨਾ (ਮੂਲ ਨਿਵਾਸੀ) ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ: ਪਰਮਜੀਤ ਸਿੰਘ ਸਰਨਾ ਵੱਲੋਂ ਡੇਰਾ ਬਲਾਂ ਦੇ ਸੰਤਾਂ ਵਿਰੁੱਧ ਦਿੱਤੇ ਬਿਆਨ ਨੂੰ ਲੈ ਕੇ ਅੱਜ ਪਠਾਨਕੋਟ ਚੌਕ ਬਾਈਪਾਸ ਵਿਖੇ ਵਿਖਾਵਾ ਕਰਕੇ ਉਸ ਦਾ ਪੁਤਲਾ ਸਾੜਿਆ। ਇਸ ਸਮੇਂ ਉਨ੍ਹਾਂ ਸਰਨਾ ਵਿਰੁੱਧ ਨਾਅਰੇਬਾਜ਼ੀ ਵੀ ਕੀਤੀ। ਉਹ ਮੰਗ ਕਰ ਰਹੇ ਸਨ ਕਿ ਸਰਨਾ ਵਿਰੁੱਧ ਪਰਚਾ ਦਰਜ ਕਰਕੇ ਉਸ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇ। ਇਸ ਮੌਕੇ ਸੈਨਾ ਦੇ ਪ੍ਰਧਾਨ ਹਰਭਜਨ ਸਿੰਘ ਸੰਧੂ, ਬਾਲਕ੍ਰਿਸ਼ਨ, ਰਣਜੀਤ ਸਾਬੀ, ਬਲਵੀਰ, ਤਲਵਿੰਦਰ ਮਨੀਪੁਰ, ਰਾਮ ਮੂਰਤੀ, ਗੋਰੀ ਬੋਧ, ਮੁਕੇਸ਼, ਬੰਟੂ, ਮਨੋਜ ਕੁਮਾਰ, ਵਿਪਨ, ਰਾਜਾ, ਵਿਜੇ ਸਾਗਰ, ਅਸ਼ਵਨੀ ਜੱਸਲ ਆਦਿ ਹਾਜ਼ਰ ਸਨ।

ਸਰਨਾ ਦਾ ਬਿਆਨ ਝੂਠ ਦਾ ਪੁਲੰਦਾ - ਸਾਹਿਤ ਸੰਸਥਾ
ਜਲੰਧਰ, 29 ਜੁਲਾਈ (ਬਾਵਾ)-ਸ੍ਰੀ ਗੁਰੂ ਰਵਿਦਾਸ ਸਾਹਿਤ ਸੰਸਥਾ ਪੰਜਾਬ ਨੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ: ਪਰਮਜੀਤ ਸਿੰਘ ਸਰਨਾ ਦੇ ਬਿਆਨ ਨੂੰ ਝੂਠ ਦਾ ਪੁਲੰਦਾ ਕਰਾਰ ਦਿੰਦਿਆਂ ਕਿਹਾ ਹੈ ਕਿ ਸੰਤ ਰਾਮਾਨੰਦ 'ਤੇ ਗੋਲੀਆਂ ਬਿਨਾਂ ਕਿਸੇ ਉਕਸਾਹਟ ਦੇ ਅਤੇ ਪਹਿਲਾਂ ਤੋਂ ਹੀ ਮਿੱਥੀ ਹੋਈ ਸਾਜ਼ਿਸ਼ ਅਧੀਨ ਚਲਾਈਆਂ ਗਈਆਂ। ਅੱਜ ਇੱਥੇ ਜਾਰੀ ਇਕ ਬਿਆਨ ਵਿਚ ਸੰਸਥਾ ਨੇ ਕਿਹਾ ਹੈ ਕਿ ਇਕ ਘਿਨੌਣੀ ਘਟਨਾ ਨੂੰ ਜਾਇਜ਼ ਕਰਾਰ ਦੇਣ ਲਈ ਸ: ਸਰਨਾ ਵੱਲੋਂ ਝੂਠ ਦਾ ਸਹਾਰਾ ਲਿਆ ਜਾ ਰਿਹਾ ਹੈ। ਸੰਸਥਾ ਨੇ ਕੇਂਦਰ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਉਹ ਭੜਕਾਊ ਭਾਸ਼ਣ ਦੇਣ, ਬਦਅਮਨੀ ਫ਼ੈਲਾਉਣ ਦੀ ਕੋਸ਼ਿਸ਼ ਕਰਨ ਅਤੇ ਦੇਸ਼ ਦੀ ਅਖੰਡਤਾ ਭੰਗ ਕਰਨ ਦੀ ਕੋਸ਼ਿਸ਼ ਤਹਿਤ ਸ: ਸਰਨਾ 'ਤੇ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਗਿਰਫ਼ਤਾਰ ਕਰੇ।

ਅੰਬੇਡਕਰ ਸੈਨਾ ਵੱਲੋਂ ਸਰਨਾ ਵਿਰੁੱਧ ਮੰਗ-ਪੱਤਰ
ਜਲੰਧਰ, 29 ਜੁਲਾਈ (ਪ੍ਰਿਤਪਾਲ ਸਿੰਘ)-ਅੰਬੇਡਕਰ ਸੈਨਾ (ਪੰਜਾਬ) ਨੇ ਅੱਜ ਸਵੇਰੇ ਸੂਬਾਈ ਪ੍ਰਧਾਨ ਸੁਰਿੰਦਰ ਢੰਡਾ ਦੀ ਅਗਵਾਈ ਵਿਚ ਕਚਹਿਰੀ ਵਿਚ ਵਿਖਾਵਾ ਕਰਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਵਿਰੁੱਧ ਨਾਅਰੇਬਾਜ਼ੀ ਕੀਤੀ। ਬਾਅਦ ਵਿਚ ਇਕੱਠੇ ਹੋ ਕੇ ਡਿਪਟੀ ਕਮਿਸ਼ਨਰ ਨੂੰ ਮੰਗ-ਪੱਤਰ ਦੇਣ ਲਈ ਗਏ ਪਰ ਉਨ੍ਹਾਂ ਦੇ ਦਫ਼ਤਰ ਵਿਚ ਹਾਜ਼ਰ ਨਾ ਹੋਣ ਕਰਕੇ ਉਨ੍ਹਾਂ ਮੰਗ-ਪੱਤਰ ਏ. ਡੀ. ਸੀ. ਸ: ਗੁਰਪ੍ਰੀਤ ਸਿੰਘ ਖਹਿਰਾ ਨੂੰ ਦਿੱਤਾ। ਮੰਗ-ਪੱਤਰ ਵਿਚ ਉਨ੍ਹਾਂ ਲਿਖਿਆ ਹੈ ਕਿ ਪਰਮਜੀਤ ਸਿੰਘ ਸਰਨਾ ਨੇ ਵਿਆਨਾ ਵਿਚ ਡੇਰਾ ਬੱਲਾਂ ਦੇ ਸੰਤਾਂ 'ਤੇ ਹਮਲਾ ਕਰਨ ਵਾਲਿਆਂ ਦੀ ਕਾਨੂੰਨੀ ਮਦਦ ਕਰਨ ਤੇ ਉਨ੍ਹਾਂ ਦਾ ਸਨਮਾਨ ਕਰਨ ਦਾ ਜੋ ਬਿਆਨ ਦਿੱਤਾ ਹੈ, ਉਸ ਨਾਲ ਦਲਿਤ ਵਰਗ ਦੇ ਜਜ਼ਬਾਤਾਂ ਨੂੰ ਠੇਸ ਪਹੁੰਚੀ ਹੈ। ਉਹ ਪੰਜਾਬ ਦਾ ਮਾਹੌਲ ਖ਼ਰਾਬ ਕਰਨਾ ਚਾਹੁੰਦਾ ਹੈ। ਇਸ ਲਈ ਉਸ ਨੂੰ ਗ੍ਰਿਫ਼ਤਾਰ ਕਰਕੇ ਸਖ਼ਤ ਕਾਰਵਾਈ ਕੀਤੀ ਜਾਵੇ।

ਉਨ੍ਹਾਂ ਇਹ ਵੀ ਮੰਗ ਕੀਤੀ ਕਿ ਸੰਤ ਰਾਮਾਨੰਦ ਦੀ ਹੱਤਿਆ ਉਪਰੰਤ ਪੰਜਾਬ ਵਿਚ ਸ਼ਾਂਤਮਈ ਢੰਗ ਨਾਲ ਸੰਘਰਸ਼ ਕਰ ਰਹੇ ਨੌਜਵਾਨਾਂ ਉੱਪਰ ਉਦੋਂ ਪੁਲਿਸ ਨੇ ਜੋ ਪਰਚੇ ਦਰਜ ਕੀਤੇ ਸਨ, ਉਹ ਰੱਦ ਕੀਤੇ ਜਾਣ। ਇਹ ਵੀ ਮੰਗ ਕੀਤੀ ਕਿ ਸੰਘਰਸ਼ ਦੌਰਾਨ ਪਿੰਡ ਢਿੱਲਵਾਂ ਵਿਚ ਜਿਸ ਕੌਂਸਲਰ ਦੀ ਗੋਲੀ ਨਾਲ ਇਕ ਨੌਜਵਾਨ ਵਿਜੇ ਕੁਮਾਰ ਮਾਰਿਆ ਗਿਆ ਸੀ, ਉਸ ਨੂੰ ਗ੍ਰਿਫ਼ਤਾਰ ਕੀਤਾ ਜਾਵੇ ਤੇ ਪੰਜਾਬ ਸਰਕਾਰ ਵੱਲੋਂ ਉਸ ਦੇ ਪਰਿਵਾਰ ਲਈ ਐਲਾਨੀ ਸਹਾਇਤਾ ਰਾਸ਼ੀ ਤੁਰੰਤ ਜਾਰੀ ਕੀਤੀ ਜਾਵੇ। ਸ: ਖਹਿਰਾ ਨੇ ਮੰਗ-ਪੱਤਰ ਲੈਣ ਉਪਰੰਤ ਸਰਕਾਰ ਨੂੰ ਭੇਜ ਕੇ ਲੋੜੀਂਦੀ ਕਾਰਵਾਈ ਦਾ ਭਰੋਸਾ ਦਿਵਾਇਆ। ਵਿਖਾਵਾ ਤੇ ਮੰਗ-ਪੱਤਰ ਦੇਣ ਵਾਲਿਆਂ ਵਿਚ ਭਜਨ ਲਾਲ ਚੋਪੜਾ, ਅਸ਼ੋਕ ਚਾਂਦਲਾ, ਕੁਲਦੀਪ ਕੁੱਕੀ, ਰਾਜ ਕੁਮਾਰ, ਬਲਵਿੰਦਰ ਬੌਬੀ, ਕੁਲਵਿੰਦਰ ਕਿੰਦਾ, ਚਰਨਜੀਤ ਅਵਾਦਾਨ, ਬਲਵਿੰਦਰ ਸਿੰਘ ਜੌਲੀ, ਅਮਿਤ ਕੁਮਾਰ, ਪ੍ਰਭਦਿਆਲ ਕੋਟ ਸਦੀਕ, ਰਾਮ ਲਾਲ ਜੱਸੀ, ਰਾਮ ਪਾਲ, ਹਰਪ੍ਰੀਤ ਚੋਪੜਾ, ਬਨਵਾਰੀ ਲਾਲ, ਗੁਰਮੀਤ ਸਿੰਘ, ਦੀਪਕ ਕੁਮਾਰ, ਪਿਆਰੇ ਲਾਲ ਅਤੇ ਸੰਦੀਪ ਕੁਮਾਰ ਆਦਿ ਸ਼ਾਮਿਲ ਸਨ।

ਖੁਰਲਾ ਕਿੰਗਰਾ 'ਚ ਸਰਨਾ ਦਾ ਪੁਤਲਾ ਸਾੜਿਆ
ਜਲੰਧਰ, 29 ਜੁਲਾਈ (ਪ੍ਰਿਤਪਾਲ ਸਿੰਘ)-ਡੇਰਾ ਬੱਲਾਂ ਦੇ ਸ਼ਰਧਾਲੂਆਂ ਨੇ ਅੱਜ ਦੁਪਹਿਰੇ 12.30 ਵਜੇ ਖੁਰਲਾ ਕਿੰਗਰਾ ਦੇ ਅੱਡੇ ਵਿਚ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਵਿਰੁੱਧ ਜ਼ੋਰਦਾਰ ਵਿਖਾਵਾ ਕਰਕੇ ਉਸ ਦਾ ਪੁਤਲਾ ਸਾੜਿਆ ਤੇ ਨਾਅਰੇਬਾਜ਼ੀ ਵੀ ਕੀਤੀ। ਇਹ ਵਿਖਾਵਾ ਸ਼ਾਂਤਮਈ ਕੀਤਾ ਗਿਆ। ਪਰ ਹਾਲਤ ਨੂੰ ਕਾਬੂ ਵਿਚ ਰੱਖਣ ਅਤੇ ਕਿਸੇ ਤਰ੍ਹਾਂ ਦੀ ਗੜਗੜ ਨੂੰ ਰੋਕਣ ਲਈ ਉਥੇ ਪੁਲਿਸ ਭਾਰੀ ਗਿਣਤੀ ਵਿਚ ਤਾਇਨਾਤ ਸੀ ਤੇ ਅਧਿਕਾਰੀ ਹਾਲਤ 'ਤੇ ਪੂਰੀ ਨਜ਼ਰ ਰੱਖ ਰਹੇ ਸਨ। ਵਿਖਾਵਾ ਕਰਨ ਵਾਲਿਆਂ ਵਿਚ ਡਾ: ਸੱਤਪਾਲ, ਨਰੇਸ਼, ਲਾਲੀ ਪੇਂਟਰ, ਹਨੀ, ਦੇਵ ਦਿਆਲ, ਹਰੀ ਪ੍ਰਕਾਸ਼ ਸਰਪੰਚ, ਰਾਮ ਕਿਸ਼ਨ ਪੋਲਾ, ਹੁਸਨ ਲਾਲ ਦਾਦਰਾ, ਅਮਰਜੀਤ, ਮੱਖਣ, ਅਮਰੀਕ ਮਹਿਮੀ, ਕਮਲਜੀਤ ਕੈਲੇ, ਦੁਰਗਾ ਮੱਲ, ਦੇਵ ਰਾਜ ਸਹਿਮੀ, ਚਰਨਜੀਤ ਹਲਵਾਰਾ, ਚਰਨ ਦਾਸ ਚੰਨੀ ਤੋਂ ਇਲਾਵਾ ਬੀਬੀ ਸੱਤਿਆ, ਬੰਸੋ, ਸਰਬਜੀਤ, ਮਨਜੀਤ, ਬੀਰੋ, ਵਿੱਦਿਆ, ਗਿਆਨੋ ਤੇ ਰਾਣੀ ਆਦਿ ਬੀਬੀਆਂ ਵੀ ਸ਼ਾਮਿਲ ਸਨ।

ਸਰਨਾ ਦਾ ਪੁਤਲਾ ਸਾੜਿਆ
ਕਿਸ਼ਨਗੜ੍ਹ, 30 ਜੁਲਾਈ (ਸੰਦੀਪ ਵਿਰਦੀ)-ਜਲੰਧਰ-ਪਠਾਨਕੋਟ ਰਾਸ਼ਟਰੀ ਰਾਜ ਮਾਰਗ 'ਤੇ ਕਿਸ਼ਨਗੜ੍ਹ ਚੌਕ ਵਿਖੇ ਇਲਾਕੇ ਦੀਆਂ ਸ੍ਰੀ ਗੁਰੂ ਰਵਿਦਾਸ ਨਾਮ ਲੇਵਾ ਸੰਗਤਾਂ ਵੱਲੋਂ ਪਰਮਜੀਤ ਸਿੰਘ ਸਰਨੇ ਦਾ ਪੁਤਲਾ ਫੂਕਿਆ ਗਿਆ ਅਤੇ ਹਾਈਵੇ 'ਤੇ ਚੱਕਾ ਜਾਮ ਵੀ ਕੀਤਾ ਗਿਆ। ਸ਼ਾਮੀਂ ਕਰੀਬ 5 ਵਜੇ ਇਲਾਕੇ ਦੇ ਵੱਖ-ਵੱਖ ਪਿੰਡਾਂ ਦੀਆਂ ਸ੍ਰੀ ਗੁਰੂ ਰਵਿਦਾਸ ਯੂਥ ਫੈਡਰੇਸ਼ਨਾਂ, ਸਭਾਵਾਂ ਅਤੇ ਐਸੋਸੀਏਸ਼ਨ ਦੇ ਮੈਂਬਰ ਕਿਸ਼ਨਗੜ੍ਹ ਦੇ ਗੁ: ਸ੍ਰੀ ਗੁਰੂ ਰਵਿਦਾਸ ਵਿਖੇ ਇਕੱਤਰ ਹੋਣੇ ਸ਼ੁਰੂ ਹੋ ਗਏ। ਕਰੀਬ 5.10 ਮਿੰਟ ਤੇ ਧਰਨੇ ਦਾ ਪੁਤਲਾ ਲੈ ਕੇ ਸੁਖਦੇਵ ਸੁੱਖੀ ਪ੍ਰਧਾਨ ਸ੍ਰੀ ਗੁਰੂ ਰਵਿਦਾਸ ਯੂਥ ਫੈਡਰੇਸ਼ਨ ਬੱਲ, ਡਾ: ਕਮਲਦੇਵ ਜੰਡੂਸਿੰਘਾ ਧਰਮ ਯੁੱਧ ਮੋਰਚਾ, ਬਾਲ ਕਿਸ਼ਨ ਬਾਲੀ, ਵਿਨੋਦ ਮੋਦੀ ਆਦਿ ਦੀ ਅਗਵਾਈ ਵਿਚ ਜਲੰਧਰ-ਪਠਾਨਕੋਟ ਰਾਸ਼ਟਰੀ ਰਾਜ ਮਾਰਗ 'ਤੇ ਕਿਸ਼ਨਗੜ੍ਹ ਚੌਕ ਵਿਖੇ ਫੂਕਣ ਲਈ ਲੈ ਗਏ। ਇਸ ਮੌਕੇ 'ਤੇ ਸੁਖਦੇਵ ਸੁੱਖੀ, ਡਾ: ਕਮਲਦੇਵ ਜੰਡੂਸਿੰਘਾ ਆਦਿ ਵੱਲੋਂ ਸਾਂਝੇ ਤੌਰ 'ਤੇ ਐਡੀਸ਼ਨਲ ਐਸ. ਐਚ. ਓ. ਰਮੇਸ਼ਵਰ ਸਿੰਘ ਨੂੰ ਮੰਗ-ਪੱਤਰ ਵੀ ਸੌਂਪਿਆ। ਇਸ ਮੌਕੇ ਤੇ ਕਰੀਬ 40 ਮਿੰਟ ਹਾਈਵੇ 'ਤੇ ਚੱਕਾ ਵੀ ਜਾਮ ਕੀਤਾ ਗਿਆ। ਹਾਈਵੇ 'ਤੇ ਵਾਹਨਾਂ ਦੀਆਂ ਲੰਬੀਆਂ-ਲੰਬੀਆਂ ਕਤਾਰਾਂ ਲੱਗ ਗਈਆਂ।

ਸਰਨਾ ਦਾ ਪੁਤਲਾ ਸਾੜਿਆ
ਲਾਂਬੜਾ, 31 ਜੁਲਾਈ (ਗੁਰਨੇਕ ਸਿੰਘ ਵਿਰਦੀ)-ਅੱਜ ਰਵਿਦਾਸ ਭਾਈਚਾਰੇ ਦੇ ਆਗੂਆਂ ਨੇ ਪਰਮਜੀਤ ਸਿੰਘ ਸਰਨਾ ਦਾ ਪੁਤਲਾ ਸਾੜਿਆ ਤੇ ਸਰਨਾ ਵਿਰੁੱਧ ਧਾਰਮਿਕ ਭਾਵਨਾ ਨਾਲ ਖਿਲਵਾੜ ਕਰਨ ਸਬੰਧੀ ਪਰਚਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰਨ ਦੀ ਮੰਗ ਕੀਤੀ। ਇਸ ਮੌਕੇ ਬਿੰਦੀ ਪ੍ਰਧਾਨ ਰਵਿਦਾਸ ਮੰਦਿਰ, ਸ੍ਰੀ ਮੋਦੀ ਕਰਤਾਰਪੁਰ, ਹਰਬੰਸ ਲਾਲ ਹੁਸੈਨਪੁਰ, ਧਰਮਪਾਲ ਫੌਜੀ, ਸੰਜੀਵ ਲਾਂਬੜਾ, ਰਾਮ ਗੋਪਾਲ, ਸਾਧੂ ਰਾਮ, ਰਾਮ ਮੂਰਤੀ, ਕਮਲ ਜੰਡੂਸਿੰਘਾ ਤੇ ਅਨੇਕਾਂ ਵਿਅਕਤੀ ਹਾਜ਼ਰ ਸਨ।

ਜਲੰਧਰ 'ਚ ਡੀ. ਸੀ. ਦਫਤਰ ਅੱਗੇ ਧਰਨਾ 4 ਨੂੰ
ਜਲੰਧਰ, 1 ਅਗਸਤ (ਪ੍ਰਿਤਪਾਲ ਸਿੰਘ)-ਅੱਜ ਸ੍ਰੀ ਗੁਰੂ ਰਵਿਦਾਸ ਮੰਦਿਰ ਚੁਗਿੱਟੀ ਵਿਖੇ ਧਰਮ ਯੁੱਧ ਮੋਰਚਾ ਦੀ ਮੀਟਿੰਗ ਹੋਈ, ਜਿਸ ਦੀ ਪ੍ਰਧਾਨਗੀ ਤਰਲੋਕ ਚੰਦ ਪੱਪਾ ਨੇ ਕੀਤੀ। ਮੀਟਿੰਗ ਵਿਚ ਕਨਵੀਨਰ ਸਤੀਸ਼ ਭਾਰਤੀ, ਪ੍ਰਧਾਨ ਡਾ: ਕਮਲ ਦੇਵ ਵੀ ਪੁੱਜੇ ਹੋਏ ਸਨ। 4 ਅਗਸਤ ਨੂੰ ਡਿਪਟੀ ਕਮਿਸ਼ਨਰ ਜਲੰਧਰ ਦੇ ਦਫਤਰ ਦੇ ਬਾਹਰ ਧਰਨਾ ਦਿੱਤਾ ਜਾਵੇਗਾ, ਜਿਸ ਵਿਚ ਵਿਜੇ ਦੁੱਗਲ ਦੇ ਕਾਤਲ ਤੇ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸ: ਪਰਮਜੀਤ ਸਿੰਘ ਸਰਨਾ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ ਜਾਵੇਗੀ। ਮੀਟਿੰਗ ਵਿਚ ਰਾਮ ਮੂਰਤੀ ਲਾਡੋਵਾਲੀ, ਪ੍ਰਧਾਨ ਸੁਖਵਿੰਦਰ ਸਿੰਘ ਕੋਟ ਰਾਮਦਾਸ, ਕਾਸ਼ੀ ਰਾਮ, ਹਰੀਸ਼ ਲਾਲ, ਸੋਮਨਾਥ, ਕ੍ਰਿਸ਼ਨ ਕੁਮਾਰ, ਇੰਦਰਜੀਤ ਕਾਲਾ, ਮੰਗਤ ਰਾਮ ਬੰਗੜ, ਮਾਮ ਸੰਧੂ, ਹੰਸ ਰਾਜ ਸ਼ਾਲੂ, ਅਸ਼ਵਨੀ ਕੁਮਾਰ ਵਿਨੋਦ ਕੁਮਾਰ ਆਦਿ ਸ਼ਾਮਿਲ ਹੋਏ। ਮੀਟਿੰਗ ਵਿਚ ਸ੍ਰੀ ਗੁਰੂ ਰਵਿਦਾਸ ਨੌਜਵਾਨ ਸਭਾ ਦੇ ਮੈਂਬਰ ਵੀ ਸ਼ਾਮਿਲ ਹੋਏ।

ਸਰਨਾ ਵਿਰੁੱਧ ਮੁਕੱਦਮਾ ਦਰਜ ਕਰਕੇ ਕੇਂਦਰ ਸਰਕਾਰ ਦਲਿਤਾਂ ਨਾਲ ਨਿਆਂ ਕਰੇ -
ਡਾ: ਸੁਖਬੀਰ

ਜਲੰਧਰ, 2 ਅਗਸਤ (ਜਸਪਾਲ ਸਿੰਘ)-ਸ਼੍ਰੋਮਣੀ ਅਕਾਲੀ ਦਲ (ਐਸ. ਸੀ. ਵਿੰਗ) ਦੇ ਸੰਯੁਕਤ ਸਕੱਤਰ ਪੰਜਾਬ ਡਾ: ਸੁਖਬੀਰ ਸਲਾਰਪੁਰ ਨੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਦੇ ਫੁੱਟਪਾਊ ਬਿਆਨ ਵਿਰੁੱਧ ਤਿੱਖਾ ਪ੍ਰਤੀਕਰਮ ਪ੍ਰਗਟ ਕਰਦਿਆਂ ਕਿਹਾ ਹੈ ਕਿ ਪੰਜਾਬ ਦੇ ਲੋਕਾਂ ਦੀ ਆਪਸੀ ਭਾਈਚਾਰਕ ਸਾਂਝ ਤੋੜਨ ਲਈ ਦਿੱਲੀ ਬੈਠੇ ਉਕਤ ਆਗੂ ਵੱਲੋਂ ਬੇਲੋੜੀ ਬਿਆਨਬਾਜ਼ੀ ਕਰਕੇ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸ੍ਰੀ ਸਲਾਰਪੁਰ ਨੇ ਕਿਹਾ ਕਿ ਧਾਰਮਿਕ ਸੰਸਥਾ ਦਾ ਆਗੂ ਕਹਾਉਣ ਵਾਲਾ ਉਕਤ ਆਗੂ ਅਸਲ ਵਿਚ ਕਾਂਗਰਸ ਪਾਰਟੀ ਦਾ ਪੱਕਾ ਏਜੰਟ ਹੈ। ਸ੍ਰੀ ਸੁਖਬੀਰ ਸਲਾਰਪੁਰ ਨੇ ਕੇਂਦਰ ਸਰਕਾਰ ਅਤੇ ਦਿੱਲੀ ਸਰਕਾਰ ਪਾਸੋਂ ਸਰਕਾਰ ਪਾਸੋਂ ਸਰਨੇ ਵਿਰੁੱਧ ਕਾਰਵਾਈ ਦੀ ਮੰਗ ਕਰਦਿਆਂ ਕਿਹਾ ਕਿ ਕੇਂਦਰ ਸਰਨੇ ਵਿਰੁੱਧ ਮੁਕੱਦਮਾ ਦਰਜ ਕਰਕੇ ਦਲਿਤਾਂ ਨਾਲ ਨਿਆਂ ਕਰੇ।

ਧਰਮ ਯੁੱਧ ਮੋਰਚੇ ਦੇ ਪ੍ਰੋਗਰਾਮ ਦਾ ਸਮਰਥਨ ਕਰਾਂਗੇ - ਅੰਬੇਡਕਰ ਸੈਨਾ
ਜਲੰਧਰ, 2 ਅਗਸਤ (ਬਾਵਾ)-ਅੰਬੇਡਕਰ ਸੈਨਾ(ਮੂਲ ਨਿਵਾਸੀ) ਨੇ 4 ਅਗਸਤ ਨੂੰ ਸ੍ਰੀ ਗੁਰੂ ਰਵੀਦਾਸ ਧਰਮ ਯੁੱਧ ਮੋਰਚਾ ਵੱਲੋਂ ਜਲੰਧਰ ਦੇ ਡੀ.ਸੀ. ਦਫ਼ਤਰ ਦਾ ਘਿਰਾਓ ਕੀਤੇ ਜਾਣ ਦੇ ਪ੍ਰੋਗਰਾਮ ਦਾ ਸਮਰਥਨ ਕਰਨ ਦਾ ਐਲਾਨ ਕੀਤਾ ਹੈ। ਇਹ ਫ਼ੈਸਲਾ ਅੰਬੇਡਕਰ ਸੈਨਾ(ਮੂਲ ਨਿਵਾਸੀ) ਦੀ ਅੱਜ ਇੱਥੇ ਹੋਈ ਜ਼ਿਲ੍ਹਾ ਪੱਧਰੀ ਮੀਟਿੰਗ ਵਿਚ ਲਿਆ ਗਿਆ। ਪ੍ਰਧਾਨ ਹਰਭਜਨ ਸੰਧੂ ਅਤੇ ਜਨਰਲ ਸਕੱਤਰ ਸ੍ਰੀ ਬਲਾਕ੍ਰਿਸ਼ਨ ਦੀ ਮੌਜੂਦਗੀ ਵਿਚ ਹੋਈ ਇਸ ਮੀਟਿੰਗ ਵਿਚ ਕਿਹਾ ਗਿਆ ਕਿ ਇਸ ਪ੍ਰੋਗਰਾਮ ਵਿਚ ਵੱਡੀ ਗਿਣਤੀ ਵਿਚ ਅੰਬੇਡਕਰ ਸੈਨਾ ਦੇ ਕਾਰਕੁੰਨ ਭਾਗ ਲੈਣਗੇ। ਇਸ ਮੌਕੇ ਸ੍ਰੀ ਬਲਬੀਰ ਮੰਡ ਪ੍ਰਧਾਨ ਕਪੂਰਥਲਾ, ਰਣਜੀਤ ਸਾਬੀ ਪ੍ਰਧਾਨ ਹਲਕਾ ਕਰਤਾਰਪੁਰ, ਗੋਰੀ ਬੌਧ ਪ੍ਰਧਾਨ ਬੂਟਾ ਮੰਡੀ, ਰਾਮ ਮੂਰਤੀ ਪ੍ਰਧਾਨ ਅਬਾਦਪੁਰਾ, ਸੋਮ ਪ੍ਰਕਾਸ਼ ਪ੍ਰਧਾਨ ਆਦਮਪੁਰ, ਅਨੂਪ ਪ੍ਰਧਾਨ ਕਿਸ਼ਨਪੁਰ, ਰਾਜੇਸ਼ ਬਿੱਟੂ, ਸਤਿੰਦਰ ਫ਼ੌਜੀ, ਅਮਰਜੀਤ ਬਿੱਟੂ, ਸੁਖ ਰਾਮ, ਵਿਜੇ ਪ੍ਰਧਾਨ ਅਤੇ ਹੋਰ ਸਾਥੀ ਮੌਜੂਦ ਸਨ।

ਜਥੇਬੰਦੀਆਂ ਦਾ ਧੰਨਵਾਦ
ਜਲੰਧਰ, 5 ਅਗਸਤ (ਧਾ. ਪ੍ਰ.)-ਸ੍ਰੀ ਗੁਰੂ ਰਵਿਦਾਸ ਧਰਮ ਯੁੱਧ ਮੋਰਚਾ ਪੰਜਾਬ ਦੇ ਕਨਵੀਨਰ ਸ੍ਰੀ ਸਤੀਸ਼ ਕੁਮਾਰ ਭਾਰਤੀ ਨੇ ਉਨ੍ਹਾਂ ਸਾਰੀਆਂ ਸੰਸਥਾਵਾਂ, ਗੁਰੂ ਰਵਿਦਾਸ ਨਾਮ ਲੇਵਾ ਸੰਗਤਾਂ ਅਤੇ ਰਾਜਸੀ ਨੇਤਾਵਾਂ ਦਾ ਧੰਨਵਾਦ ਕੀਤਾ ਹੈ, ਜੋ 4 ਅਗਸਤ ਦੇ ਡੀ. ਸੀ. ਜਲੰਧਰ ਦੇ ਦਫ਼ਤਰ ਦੇ ਬਾਹਰ ਕੀਤੇ ਗਏ ਮੁਜ਼ਾਹਰੇ ਵਿਚ ਸ਼ਾਮਿਲ ਹੋਏ। ਉਨ੍ਹਾਂ ਆਸ ਪ੍ਰਗਟਾਈ ਕਿ ਉਹ ਅੱਗੋਂ ਵੀ ਇਸੇ ਤਰ੍ਹਾਂ ਸਹਿਯੋਗ ਦਿੰਦੇ ਰਹਿਣਗੇ।

3) ਮਾਮਲਾ ਸਿਰਸਾ ਡੇਰਾ ਪ੍ਰੇਮੀ ਦੀ ਮੌਤ ਦਾ