ਭ. ਬਾਲਮੀਕ ਸ਼ੋਭਾ ਯਾਤਰਾ ਅਤੇ ਵਿਦਾਈ ਰੋਸ ਪ੍ਰਦਰਸ਼ਨ

ਸ਼ੋਭਾ ਯਾਤਰਾ ਸਬੰਧੀ ਸਫਾਈ ਤੇ ਸਜਾਵਟ ਲਈ ਮੰਗ ਪੱਤਰ ਦਿੱਤਾ
ਜਲੰਧਰ, 10 ਸਤੰਬਰ (ਪ੍ਰਿਤਪਾਲ ਸਿੰਘ)-ਅੱਜ ਇਥੇ ਸਿਟੀ ਬਾਲਮੀਕ ਸਭਾ ਦੇ ਪ੍ਰਧਾਨ ਸ੍ਰੀ ਅੰਮ੍ਰਿਤ ਖੋਸਲਾ ਦੀ ਅਗਵਾਈ ਵਿਚ ਇਕ ਪ੍ਰਤੀਨਿਧ ਮੰਡਲ ਨੇ ਨਗਰ ਨਿਗਮ ਦੇ ਕਮਿਸ਼ਨਰ ਵਿਨੇ ਕੁਮਾਰ ਬੁਬਲਾਨੀ ਨੂੰ ਇਕ ਮੰਗ ਪੱਤਰ ਦਿੱਤਾ। ਜਿਸ ਵਿਚ ਮੰਗ ਕੀਤੀ ਗਈ ਕਿ 3 ਅਕਤੂਬਰ ਨੂੰ ਜਲੰਧਰ ਵਿਚ ਭਗਵਾਨ ਬਾਲਮੀਕ ਦੇ ਪ੍ਰਗਟ ਦਿਵਸ ਦੇ ਮੌਕੇ 'ਤੇ ਕੱਢੀ ਜਾਣ ਵਾਲੀ ਸ਼ੋਭਾ ਯਾਤਰਾ ਮੌਕੇ ਸ਼ਹਿਰ ਵਿਚ ਸਫਾਈ ਰੱਖੀ ਜਾਵੇ, ਟੁੱਟੀਆਂ ਸੜਕਾਂ ਦੀ ਮੁਰੰਮਤ ਕੀਤੀ ਜਾਵੇ, ਚੌਕਾਂ ਨੂੰ ਸਜਾਇਆ ਜਾਵੇ, ਬਿਜਲੀ ਦੀ ਸਪਲਾਈ ਦਾ ਵਿਸ਼ੇਸ਼ ਪ੍ਰਬੰਧ ਕੀਤਾ ਜਾਵੇ, ਚੌਕਾਂ ਦੇ ਆਲੇ-ਦੁਆਲੇ ਲੱਗੇ ਇਸ਼ਤਿਹਾਰੀ ਬੋਰਡ ਹਟਾਏ ਜਾਣ ਅਤੇ ਸ਼ਹਿਰ ਨੂੰ ਸੁੰਦਰ ਢੰਗ ਨਾਲ ਨਿਗਮ ਵੱਲੋਂ ਵੀ ਸਜਾਇਆ ਜਾਵੇ। ਇਸ ਮੌਕੇ ਨਗਰ ਨਿਗਮ ਦੇ ਕਮਿਸ਼ਨਰ ਸ੍ਰੀ ਵਿਨੇ ਬੁਬਲਾਨੀ ਨੇ ਸੰਬੰਧਿਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਮੰਗ ਪੱਤਰ 'ਤੇ ਅਮਲ ਕਰਕੇ ਸ਼ਹਿਰ ਨੂੰ ਸੁੰਦਰ ਬਣਾਉਣ। ਉਨ੍ਹਾਂ ਪ੍ਰਤੀਨਿਧ ਮੰਡਲ ਨੂੰ ਯਕੀਨ ਦੁਆਇਆ ਕਿ ਸ਼ੋਭਾ ਯਾਤਰਾ ਮੌਕੇ ਹਰ ਤਰ੍ਹਾਂ ਦੇ ਪ੍ਰਬੰਧ ਕੀਤੇ ਜਾਣਗੇ ਤਾਂ ਕਿ ਕੋਈ ਸ਼ਿਕਾਇਤ ਨਾ ਆਵੇ ਅਤੇ ਕੋਈ ਕਿਸੇ ਨੂੰ ਪ੍ਰੇਸ਼ਾਨੀ ਨਾ ਹੋਵੇ। ਪ੍ਰਤੀਨਿਧ ਮੰਡਲ ਵਿਚ ਪ੍ਰਧਾਨ ਅੰਮ੍ਰਿਤ ਖੋਸਲਾ ਤੋਂ ਇਲਾਵਾ ਚੇਅਰਮੈਨ ਰਾਜ ਕੁਮਾਰ ਰਾਜੂ, ਮੁੱਖ ਸਲਾਹਕਾਰ ਰਾਜੇਸ਼ ਭੱਟੀ, ਸੁਖਦੇਵ ਕਲਿਆਣਾ, ਰਾਕੇਸ਼ ਸੱਭਰਵਾਲ, ਬੌਬੀ ਸੋਂਧੀ, ਬਨਾਰਸੀ ਦਾਸ ਖੋਸਲਾ, ਵਿੱਕੀ ਕਲਿਆਣਾ, ਅਸ਼ੋਕ ਭੀਲਾ, ਡਾ: ਗਿਆਨ ਚੰਦ ਪਦਮ, ਅਸ਼ੋਕ, ਵਿਨੋਦ ਗਿੱਲ ਆਦਿ ਸ਼ਾਮਿਲ ਸਨ।

ਸ਼ੋਭਾ ਯਾਤਰਾ ਦੀ ਤਿਆਰੀ ਦੇ ਜਾਇਜ਼ੇ ਲਈ ਜ਼ਿਲ੍ਹਾ ਅਧਿਕਾਰੀਆਂ ਨਾਲ ਮੀਟਿੰਗ
ਜਲੰਧਰ, 22 ਸਤੰਬਰ (ਪ੍ਰਿਤਪਾਲ ਸਿੰਘ)-ਭਗਵਾਨ ਬਾਲਮੀਕ ਦੇ ਪ੍ਰਗਟ ਦਿਵਸ 'ਤੇ ਜਲੰਧਰ ਵਿਚ 3 ਅਕਤੂਬਰ ਨੂੰ ਕੱਢੀ ਜਾਣ ਵਾਲੀ ਸ਼ੋਭਾ ਯਾਤਰਾ ਅਤੇ 4 ਅਕਤੂਬਰ ਨੂੰ ਮਨਾਏ ਜਾਣ ਵਾਲੇ ਪ੍ਰਗਟ ਦਿਵਸ ਸਮਾਗਮ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਭਗਵਾਨ ਵਾਲਮੀਕ ਉਤਸਵ ਕਮੇਟੀ ਦੀ ਮੀਟਿੰਗ ਅੱਜ ਤਹਿਸੀਲ ਕੰਪਲੈਕਸ ਵਿਚ ਜ਼ਿਲ੍ਹਾ ਪ੍ਰਸ਼ਾਸਨ ਨਾਲ ਹੋਈ। ਮੀਟਿੰਗ ਦੀ ਪ੍ਰਧਾਨਗੀ ਸ: ਅਜੀਤ ਸਿੰਘ ਪੰਨੂੰ ਡਿਪਟੀ ਕਮਿਸ਼ਨਰ ਨੇ ਕੀਤੀ। ਭਗਵਾਨ ਵਾਲਮੀਕ ਉਤਸਵ ਕਮੇਟੀ ਦੇ ਚੇਅਰਮੈਨ ਸ੍ਰੀ ਸੁਭਾਸ਼ ਸੋਂਧੀ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਸ਼ੋਭਾ ਯਾਤਰਾ ਦੇ ਰੂਟ ਵਾਲੀਆਂ ਸਾਰੀਆਂ ਸੜਕਾਂ ਸਾਫ-ਸੁਥਰੀਆਂ ਹੋਣ ਤੇ ਸਹੀ ਢੰਗ ਨਾਲ ਬਣਾਈਆਂ ਜਾਣ। ਸ਼ੋਭਾ ਯਾਤਰਾ ਵਾਲੇ ਰਸਤੇ ਅਤੇ ਵਾਲਮੀਕੀ ਮੰਦਿਰ ਦੀ ਸੁਰੱਖਿਆ ਦੇ ਵਿਸ਼ੇਸ਼ ਪ੍ਰਬੰਧ ਕੀਤੇ ਜਾਣ। ਜ਼ਿਲ੍ਹਾ ਪ੍ਰਧਾਨ ਵਿਪਨ ਸਭਰਵਾਲ ਨੇ ਪ੍ਰਸ਼ਾਸਨ ਨੂੰ ਪੂਰਾ ਸਹਿਯੋਗ ਦੇਣ ਦੀ ਅਪੀਲ ਕੀਤੀ।
ਜਨਰਲ ਸਕੱਤਰ ਜਤਿੰਦਰ ਨਿੱਕਾ ਨੇ ਕਿਹਾ ਕਿ ਸ਼ੋਭਾ ਯਾਤਰਾ 3 ਅਕਤੂਬਰ ਨੂੰ ਦੁਪਹਿਰ 1 ਵਜੇ ਸੰਗਰਾ ਮੁਹੱਲਾ ਨੇੜੇ ਨਿਰੰਕਾਰੀ ਭਵਨ ਤੋਂ ਆਰੰਭ ਹੋਵੇਗੀ ਜਿਸ ਵਿਚ ਸੈਂਕੜੇ ਵਾਲਮੀਕ ਸਭਾਵਾਂ ਸੁੰਦਰ ਝਾਕੀਆਂ ਸਮੇਤ ਸ਼ਾਮਿਲ ਹੋਣਗੀਆਂ। ਸ਼ੋਭਾ ਯਾਤਰਾ ਵਿਚ ਡਾਕਟਰਾਂ ਦੀ ਟੀਮ ਤੇ ਨਗਰ ਨਿਗਮ ਵਾਲੇ ਵੀ ਸ਼ਾਮਿਲ ਹੋਣ। ਜ਼ਿਲ੍ਹਾ ਭਾਜਪਾ ਪ੍ਰਧਾਨ ਰਵੀ ਮਹਿੰਦਰੂ ਨੇ ਪੂਰੀ ਕਮੇਟੀ ਨੂੰ ਵਿਸ਼ਵਾਸ ਦਿਵਾਇਆ ਕਿ ਸ਼ੋਭਾ ਯਾਤਰਾ ਦੌਰਾਨ ਪ੍ਰਸ਼ਾਸਨ ਵੱਲੋਂ ਕਿਸੇ ਤਰ੍ਹਾਂ ਦੀ ਵੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਭਾਜਪਾ ਆਗੂ ਵੀ ਸ਼ੋਭਾ ਯਾਤਰਾ ਵਿਚ ਸ਼ਾਮਿਲ ਹੋਣਗੇ। ਡੀ. ਸੀ. ਸ: ਅਜੀਤ ਸਿੰਘ ਪੰਨੂੰ ਤੇ ਐਸ. ਐਸ. ਪੀ. ਸ੍ਰੀ ਜਾਇਸਵਾਲ ਨੇ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ।

ਮੀਟਿੰਗ ਵਿਚ ਮੰਚ ਸੰਚਾਲਨ ਅਸ਼ੋਕ ਭੀਲ ਨੇ ਕੀਤਾ। ਮੀਟਿੰਗ ਵਿਚ ਦੀਪਕ ਤੇਲੂ, ਰਾਜੇਸ਼ ਬੱਗਾ, ਅਜੈ ਯਾਦਵ, ਇਕਬਾਲ ਗਿੱਲ ਕੌਂਸਲਰ, ਨਰੇਸ਼ ਪ੍ਰਧਾਨ, ਚੰਦਰ ਗਰੇਵਾਲ, ਇੰਦਰਜੀਤ ਕਲਿਆਣ, ਬੂਟਾ ਰਾਮ ਘਈ, ਸੁਰਿੰਦਰ ਪੱਪੀ (ਬਿਨੀ), ਅਸ਼ੋਕ ਭੀਲ, ਸੁਨੀਲ ਦੱਤ, ਬੰਟੂ ਸਭਰਵਾਲ, ਅਸ਼ੋਕ ਖੋਸਲਾ, ਰਾਜ ਕੁਮਾਰ ਰਾਜੂ, ਛੋਟਾ ਰਾਜੂ, ਕਮਲ ਥਾਪਰ, ਰਵੀ ਥਾਪਰ, ਗੋਲਡੀ ਥਾਪਰ, ਸੁਨੀਲ ਪਹਿਲਵਾਨ, ਜਸਬੀਰ ਕੌਰ, ਮਹਿਲਾ ਵਿੰਗ ਦੀ ਪ੍ਰਧਾਨ ਰੀਟਾ ਆਸ਼ਲ, ਗੀਤਾ ਰਾਣੀ, ਸੁਨੀਤਾ ਰਾਣੀ, ਬਖਸ਼ੋ, ਡਾ: ਆਸ਼ੂ, ਅਨੀਤਾ ਰਾਣੀ, ਰਣਜੀਤ ਕੌਰ, ਆਰਤੀ ਅਤੇ ਪੂਜਾ ਰਾਣੀ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ।

'ਸ਼ੋਭਾ ਯਾਤਰਾ ਲਈ ਸੁਰੱਖਿਆ ਤੇ ਟਰੈਫਿਕ ਦੇ ਪੁਖਤਾ ਪ੍ਰਬੰਧ ਕੀਤੇ ਜਾਣ'
ਜਲੰਧਰ, 24 ਸਤੰਬਰ (ਤਿਵਾੜੀ)-ਭਗਵਾਨ ਵਾਲਮੀਕ ਜੈਅੰਤੀ ਦੇ ਸਬੰਧ ਵਿਚ 3 ਅਕਤੂਬਰ ਨੂੰ ਦੁਪਹਿਰ 12.30 ਵਜੇ ਪ੍ਰਾਚੀਨ ਵਾਲਮੀਕ ਮੰਦਿਰ, ਪੁਲੀ ਅਲੀ ਮੁਹੱਲਾ ਜੀ. ਟੀ. ਰੋਡ ਤੋਂ ਨਿਕਲਣ ਵਾਲੀ ਸ਼ੋਭਾ ਯਾਤਰਾ ਦੇ ਸਬੰਧ ਵਿਚ ਸਿਟੀ ਵਾਲਮੀਕ ਸਭਾ ਰਜਿ: ਅਤੇ ਪੁਲਿਸ ਤੇ ਨਾਗਰਿਕ ਪ੍ਰਸ਼ਾਸਨ ਵਿਚਾਲੇ ਵਿਚਾਰ-ਵਟਾਂਦਰਾ ਹੋਇਆ। ਮੀਟਿੰਗ ਵਿਚ ਡਿਪਟੀ ਕਮਿਸ਼ਨਰ ਅਜੀਤ ਸਿੰਘ ਪੰਨੂੰ ਤੇ ਜ਼ਿਲ੍ਹਾ ਪੁਲਿਸ ਪ੍ਰਮੁੱਖ ਆਰ. ਕੇ. ਜਾਇਸਵਾਲ ਸਭਾ ਦੇ ਪ੍ਰਧਾਨ ਅੰਮ੍ਰਿਤ ਖੋਸਲਾ ਤੇ ਹੋਰ ਅਹੁਦੇਦਾਰਾਂ ਅਤੇ ਹੋਰ ਸਹਿਯੋਗੀ ਸੰਸਥਾਵਾਂ ਦੇ ਪ੍ਰਤੀਨਿਧੀ ਹਾਜ਼ਰ ਸਨ।
ਸਭਾ ਨੇ ਮੰਗ ਕੀਤੀ ਕਿ ਸ਼ਭਾ ਯਾਤਰਾ ਵਾਲੇ ਦਿਨ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਜਾਣ, ਟਰੈਫਿਕ ਦਾ ਪ੍ਰਬੰਧ ਇਸ ਤਰ੍ਹਾਂ ਹੋਏ ਕਿ ਸ਼ੋਭਾ ਯਾਤਰਾ ਵਿਚ ਰੁਕਾਵਟ ਵੀ ਨਾ ਆਏ ਤੇ ਆਮ ਲੋਕਾਂ ਨੂੰ ਵੀ ਪ੍ਰੇਸ਼ਾਨੀ ਨਾ ਹੋਏ। ਸਭਾ ਨੇ ਇਹ ਵੀ ਮੰਗ ਕੀਤੀ ਕਿ ਕਿਸੇ ਵੀ ਤਰ੍ਹਾਂ ਦੀ ਹੁੱਲੜਬਾਜ਼ੀ ਜਾਂ ਸ਼ਰਾਰਤੀ ਅਨਸਰਾਂ ਤੋਂ ਬਚਣ ਲਈ ਇਸ ਦਿਨ ਮੀਟ ਤੇ ਸ਼ਰਾਬ ਦੀਆਂ ਦੁਕਾਨਾਂ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਜਾਣ। ਡਿਪਟੀ ਕਮਿਸ਼ਨਰ ਤੇ ਐਸ. ਐਸ. ਪੀ. ਨੇ ਸਭਾ ਨੂੰ ਯਕੀਨ ਦੁਆਇਆ ਕਿ ਸ਼ੋਭਾ ਯਾਤਰਾ ਲਈ ਲੋੜੀਂਦੇ ਪ੍ਰਬੰਧ ਜ਼ਰੂਰ ਕੀਤੇ ਜਾਣਗੇ। ਮੀਟਿੰਗ ਵਿਚ ਸਭਾ ਦੇ ਚੇਅਰਮੈਨ ਰਾਜ ਕੁਮਾਰ ਰਾਜੂ, ਮੁੱਖ ਸਲਾਹਕਾਰ ਰਾਜੇਸ਼ ਭੱਟੀ, ਮੀਤ ਪ੍ਰਧਾਨ ਡਾ: ਰਾਕੇਸ਼ ਸਭਰਵਾਲ, ਬਨਾਰਸੀ ਦਾਸ ਖੋਸਲਾ, ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਅਰੁਣ ਵਾਲੀਆ, ਵਰਿੰਦਰ ਸ਼ਰਮਾ, ਸਤਨਾਮ ਬਿੱਟਾ, ਵਿਜੈ ਹੰਸ, ਸੁਖਦੇਵ ਕਲਿਆਣ ਵੀ ਹਾਜ਼ਰ ਸਨ।

ਇਸ਼ਤਿਹਾਰੀ ਬੋਰਡ ਨੂੰ ਪਾੜਨ 'ਤੇ ਵਾਲਮੀਕ ਭਾਈਚਾਰੇ ਦੇ ਲੋਕ ਭੜਕੇ - ਕੇਸ ਦਰਜ
ਜਲੰਧਰ ਛਾਉਣੀ, 26 ਸਤੰਬਰ (ਜਸਪਾਲ ਸਿੰਘ)-ਸਦਰ ਥਾਣੇ ਅਧੀਨ ਆਉਂਦੇ ਪਿੰਡ ਸੰਸਾਰਪੁਰ ਵਿਖੇ ਭਗਵਾਨ ਵਾਲਮੀਕ ਦੇ ਪ੍ਰਗਟ ਦਿਵਸ ਸਬੰਧੀ ਲੱਗੇ ਇਸ਼ਤਿਹਾਰੀ ਬੋਰਡ ਨੂੰ ਕਥਿਤ ਤੌਰ 'ਤੇ ਨੁਕਸਾਨ ਪਹੁੰਚਾਏ ਜਾਣ ਕਾਰਨ ਵਾਲਮੀਕ ਭਾਈਚਾਰਾ ਭੜਕ ਗਿਆ ਤੇ ਇਸ ਮੌਕੇ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਭਾਈਚਾਰੇ ਦੇ ਲੋਕਾਂ ਨੇ ਸਾਬਕਾ ਸਰਪੰਚ ਸ੍ਰੀ ਸੋਨੂੰ ਦੀ ਅਗਵਾਈ ਹੇਠ ਰੋਸ ਪ੍ਰਦਰਸ਼ਨ ਕੀਤਾ। ਮੌਕੇ 'ਤੇ ਪੁੱਜੀ ਥਾਣਾ ਸਦਰ ਦੀ ਪੁਲਿਸ ਨੇ ਪਿੰਡ ਦੇ ਹੀ ਵਿਅਕਤੀਆਂ ਦੇ ਖਿਲਾਫ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਸਾਬਕਾ ਸਰਪੰਚ ਰਵਿੰਦਰ ਸੋਨੂੰ ਨੇ ਦੱਸਿਆ ਕਿ ਭਾਈਚਾਰੇ ਦੇ ਲੋਕਾਂ ਵਲੋਂ ਭਗਵਾਨ ਵਾਲਮੀਕ ਜੀ ਦੇ ਪ੍ਰਗਟ ਦਿਵਸ ਸਬੰਧੀ ਪਿੰਡ ਦੇ ਅੱਡੇ ਵਿੱਚ ਇਕ ਹੋਰਡਿੰਗ ਲਗਾਇਆ ਗਿਆ ਸੀ। ਜਿਸ ਨੂੰ ਪਿੰਡ ਦੇ ਕੁਝ ਸ਼ਰਾਰਤੀ ਅਨਸਰਾਂ ਨੇ ਪਾੜ ਦਿੱਤਾ। ਜਿਸ ਕਾਰਨ ਭਾਈਚਾਰੇ ਦੇ ਲੋਕਾਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਦੋਸ਼ੀ ਵਿਅਕਤੀਆਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ। ਓਧਰ ਪੁਲਿਸ ਨੇ ਇਸ ਮਾਮਲੇ ਵਿੱਚ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਦੋਸ਼ ਹੇਠ ਕੇਸ ਦਰਜ ਕਰ ਲਿਆ ਹੈ।

ਸ਼ੋਭਾ ਯਾਤਰਾ ਦੌਰਾਨ ਸੁਰੱਖਿਆ ਦਾ ਪ੍ਰਬੰਧ ਕਰਨ ਤੇ ਸ਼ਰਾਬ ਦੀਆਂ ਦੁਕਾਨਾਂ ਬੰਦ ਰੱਖਣ ਦੀ ਮੰਗ
ਜਲੰਧਰ, 27 ਸਤੰਬਰ (ਜਸਪਾਲ ਸਿੰਘ)-ਭਗਵਾਨ ਵਾਲਮੀਕ ਜੀ ਦੇ ਪ੍ਰਗਟ ਦਿਵਸ ਸਬੰਧੀ ਕੱਢੀ ਜਾ ਰਹੀ ਸ਼ੋਭਾ ਯਾਤਰਾ ਮੌਕੇ 3 ਅਤੇ 4 ਅਕਤੂਬਰ ਨੂੰ ਸੁਰੱਖਿਆ ਦੇ ਪ੍ਰਬੰਧ ਕਰਨ ਦੀ ਮੰਗ ਕਰਦੇ ਹੋਏ ਭਗਵਾਨ ਵਾਲਮੀਕ ਸਭਾ ਨੇ ਉਸ ਦਿਨ ਸ਼ਰਾਬ ਦੀਆਂ ਦੁਕਾਨਾਂ ਬੰਦ ਰੱਖਣ ਦੀ ਵੀ ਮੰਗ ਕੀਤੀ ਹੈ। ਇਹ ਮੰਗ ਇਕ ਪੱਤਰਕਾਰ ਸੰਮੇਲਨ 'ਚ ਕਰਦੇ ਹੋਏ ਸਭਾ ਦੇ ਚੇਅਰਮੈਨ ਸ੍ਰੀ ਰਾਜ ਕੁਮਾਰ ਮੱਟੂ, ਉੱਪ ਚੇਅਰਮੈਨ ਸੁਰਿੰਦਰ ਪੱਪੀ, ਜਨਰਲ ਸਕੱਤਰ ਗੋਲਡੀ ਥਾਪਰ, ਲੰਗਰ ਕਮੇਟੀ ਦੇ ਪ੍ਰਧਾਨ ਸ੍ਰੀ ਛੋਟਾ ਰਾਜੂ, ਦਰਜਾ ਚਾਰ ਕਮੇਟੀ ਦੇ ਪ੍ਰਧਾਨ ਸ੍ਰੀ ਨਰੇਸ਼ ਕੁਮਾਰ, ਅਸ਼ੋਕ ਸਹੋਤਾ ਤੇ ਆਸ਼ੂ ਥਾਪਰ ਨੇ ਦੱਸਿਆ ਕਿ ਇਸ ਮੌਕੇ ਹੋਣਹਾਰ ਵਿਦਿਆਰਥੀਆਂ ਨੂੰ ਵੀ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਜਾਵੇਗਾ।

ਮੋਰਚਾ ਵੀ ਭਗਵਾਨ ਵਾਲਮੀਕ ਜੀ ਦੇ ਪ੍ਰਕਾਸ਼ ਦਿਹਾੜੇ ਦੀ ਸ਼ੋਭਾ ਯਾਤਰਾ ਵਿਚ ਸ਼ਾਮਿਲ ਹੋਵੇਗਾ
ਕਰਤਾਰਪੁਰ, 1 ਅਕਤੂਬਰ (ਜਸਵੰਤ ਵਰਮਾ)-ਸ੍ਰੀ ਗੁਰੂ ਰਵਿਦਾਸ ਧਰਮ ਯੁੱਧ ਮੋਰਚਾ (ਕਰਤਾਰਪੁਰ) ਦੀ ਇਕ ਮੀਟਿੰਗ ਸਥਾਨਕ ਆਰੀਆ ਨਗਰ ਦੇ ਸ੍ਰੀ ਗੁਰੂ ਰਵਿਦਾਸ ਮੰਦਿਰ ਵਿਖੇ ਪ੍ਰਧਾਨ ਚਮਨ ਲਾਲ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿਚ ਸ਼ਾਮਿਲ ਕੌਸ਼ਲ ਕੁਮਾਰ, ਧਰਮ ਪਾਲ, ਸਰੂਪ ਲਾਲ, ਯਸ਼ਪਾਲ ਰਵੀਪਾਲ, ਸੋਮ ਨਾਥੁੰ, ਰਾਕੇਸ਼ ਕੁਮਾਰ, ਹੁਸਨ ਲਾਲ, ਭਜਨ ਭਾਟੀਆ, ਸਤਨਾਮ, ਮਨਦੀਪ ਕੁਮਾਰ ਆਦਿ ਨੇ ਮਤਾ ਪਾਸ ਕੀਤਾ ਕਿ 3 ਅਕਤੂਬਰ ਨੂੰ ਭਗਵਾਨ ਸ੍ਰੀ ਵਾਲਮੀਕ ਜੀ ਦੇ ਪ੍ਰਕਾਸ਼ ਦਿਹਾੜੇ ਦੇ ਸਬੰਧ ਵਿਚ ਨਿਕਲਣ ਵਾਲੀ ਸ਼ੋਭਾ ਯਾਤਰਾ ਵਿਚ ਮੋਰਚਾ ਵੱਧ-ਚੜ੍ਹ ਕੇ ਹਿੱਸਾ ਲਵੇਗਾ ਅਤੇ ਹਰ ਤਰ੍ਹਾਂ ਨਾਲ ਸਭਾ ਨਾਲ ਸਹਿਯੋਗ ਕਰੇਗਾ ਉਪਰੋਕਤ ਸਾਰੇ ਆਗੂਆਂ ਨੇ ਸਾਰੇ ਵਾਲਮੀਕ ਭਾਈਚਾਰੇ ਅਤੇ ਰਵਿਦਾਸ ਭਾਈਚਾਰੇ ਨੂੰ ਅਪੀਲ ਕੀਤੀ ਕਿ ਸਾਨੂੰ ਜਾਤਪਾਤ ਤੋਂ ਉੱਪਰ ਉੱਠ ਕੇ ਆਪਣੀ ਸਾਂਝ ਮਜ਼ਬੂਤ ਕਰਨੀ ਚਾਹੀਦੀ ਹੈ।

ਭਗਵਾਨ ਵਾਲਮੀਕ ਪ੍ਰਗਟ ਦਿਵਸ 'ਤੇ ਸ਼ੋਭਾ ਯਾਤਰਾ ਅੱਜ-ਤਿਆਰੀਆਂ ਮੁਕੰਮਲ
ਜਲੰਧਰ, 2 ਅਕਤੂਬਰ (ਪ੍ਰਿਤਪਾਲ ਸਿੰਘ)-ਭਗਵਾਨ ਵਾਲਮੀਕ ਜੀ ਦਾ ਪ੍ਰਗਟ ਦਿਵਸ ਜੋ 4 ਅਕਤੂਬਰ ਨੂੰ ਵਾਲਮੀਕ ਸਮਾਜ ਵੱਲੋਂ ਮਨਾਇਆ ਜਾ ਰਿਹਾ ਹੈ, ਉਸ ਖੁਸ਼ੀ ਵਿਚ ਜਲੰਧਰ ਵਿਚ ਵਿਸ਼ਾਲ ਸ਼ੋਭਾ ਯਾਤਰਾ 3 ਅਕਤੂਬਰ ਨੂੰ ਸਜਾਈ ਜਾਵੇਗੀ। ਇਸ ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਸਿਟੀ ਵਾਲਮੀਕੀ ਸਭਾ ਦੇ ਪ੍ਰਧਾਨ ਸ੍ਰੀ ਅਮ੍ਰਿਤ ਖੋਸਲਾ ਤੇ ਉਨ੍ਹਾਂ ਦੇ ਸਾਥੀਆਂ ਨੇ ਅੱਜ ਜਲੰਧਰ ਪ੍ਰੈੱਸ ਕਲੱਬ ਵਿਚ ਪੱਤਰਕਾਰ ਸੰਮੇਲਨ ਦੌਰਾਨ ਸ਼ੋਭਾ ਯਾਤਰਾ ਦੇ ਬਾਰੇ ਪੂਰੀ ਜਾਣਕਾਰੀ ਦਿੱਤੀ ਉਨ੍ਹਾਂ ਦੱਸਿਆ ਕਿ ਇਹ ਸ਼ੋਭਾ ਯਾਤਰਾ ਦੁਪਹਿਰ 12 ਵਜੇ ਭਗਵਾਨ ਵਾਲਮੀਕ ਮੰਦਿਰ ਤੋਂ ਆਰੰਭ ਹੋਵੇਗੀ ਤੇ ਜੋਤੀ ਚੌਕ, ਕੰਪਨੀ ਬਾਗ ਚੌਕ, ਮਿਲਾਪ ਚੌਕ, ਭਗਤ ਸਿੰਘ ਚੌਕ, ਖਿੰਗਰਾ ਗੇਟ, ਚੌਕ ਅੱਡਾ ਹੁਸ਼ਿਆਰਪੁਰ, ਵਾਲਮੀਕੀ ਗੇਟ, ਪਟੇਲ ਚੌਕ, ਪੁਰਾਣੀ ਸਬਜ਼ੀ ਮੰਡੀ, ਸਕੂਟਰ ਮਾਰਕੀਟ ਤੋਂ ਹੁੰਦੀ ਵਾਪਸ ਅਲੀ ਮੁਹੱਲਾ ਮੰਦਿਰ ਵਿਖੇ ਪੁੱਜ ਕੇ ਸਮਾਪਤ ਹੋਵੇਗੀ।
ਇਸ ਲਈ ਸਾਰੇ ਰਸਤੇ ਨੂੰ ਵੱਖ-ਵੱਖ ਮੰਦਿਰ ਕਮੇਟੀਆਂ ਤੇ ਜਥੇਬੰਦੀਆਂ ਵੱਲੋਂ ਬੈਨਰਾਂ ਸਵਾਗਤ ਗੇਟਾਂ ਤੇ ਬਿਜਲੀ ਦੀਆਂ ਰੋਸ਼ਨੀਆਂ ਨਾਲ ਸਜਾਇਆ ਗਿਆ ਹੈ। ਰਸਤੇ ਵਿਚ ਥਾਂ-ਥਾਂ ਸੰਗਤਾਂ ਲਈ ਲੰਗਰ ਲੱਗਣਗੇ ਤੇ ਕਲਾਕਾਰ ਸਟੇਜ ਲਗਾ ਕੇ ਧਾਰਮਿਕ ਗੀਤਾਂ ਰਾਹੀਂ ਸੰਗਤਾਂ ਦਾ ਮਨੋਰੰਜਨ ਕਰਨਗੇ। ਅੰਮ੍ਰਿਤ ਖੋਸਲਾ ਤੇ ਚੇਅਰਮੈਨ ਰਾਜ ਕੁਮਾਰ ਭੱਟੀ ਨੇ ਹੋਰ ਦੱਸਿਆ ਕਿ ਸ਼ੋਭਾ ਯਾਤਰਾ ਵਿਚ ਮੁੱਖ ਮਹਿਮਾਨ ਵਿਚ ਕੈਪਟਨ ਅਮਰਿੰਦਰ ਸਿੰਘ ਸਾਬਕਾ ਮੁੱਖ ਮੰਤਰੀ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸ੍ਰੀ ਮਹਿੰਦਰ ਸਿੰਘ ਕੇ. ਪੀ. ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਬੀਬੀ ਰਾਜਿੰਦਰ ਕੌਰ ਭੱਠਲ ਤੋਂ ਇਲਾਵਾ ਕੈਬਨਿਟ ਮੰਤਰੀ ਸ੍ਰੀ ਮਨੋਰੰਜਨ ਕਾਲੀਆ, ਵਿਧਾਇਕ ਸਰਬਜੀਤ ਸਿੰਘ ਮੱਕੜ, ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਸ: ਬਲਜੀਤ ਸਿੰਘ ਨੀਲਾ ਮਹਿਲ ਆਦਿ ਪਹੁੰਚਣਗੇ।

ਭਗਵਾਨ ਵਾਲਮੀਕ ਪ੍ਰਗਟ ਦਿਵਸ ਦੀ ਖੁਸ਼ੀ 'ਚ ਸ਼ੋਭਾ ਯਾਤਰਾ ਸਜਾਈ
ਜਲੰਧਰ, 2 ਅਕਤੂਬਰ (ਪ੍ਰਿਤਪਾਲ ਸਿੰਘ)-ਭਗਵਾਨ ਵਾਲਮੀਕ ਸਭਾ ਬਸਤੀਆਂ ਅਤੇ ਭਗਵਾਨ ਵਾਲਮੀਕ ਮੰਦਿਰ ਕਮੇਟੀ ਅੱਡਾ ਬਸਤੀ ਸ਼ੇਖ ਜਲੰਧਰ ਵੱਲੋਂ ਭਗਵਾਨ ਵਾਲਮੀਕ ਜੀ ਦੇ ਪ੍ਰਗਟ ਦਿਵਸ ਦੀ ਖੁਸ਼ੀ ਵਿਚ ਅੱਜ ਸ਼ਾਮ ਨੂੰ ਸ਼ੋਭਾ ਯਾਤਰਾ ਸਜਾਈ ਗਈ, ਜੋ 120 ਫੁੱਟੀ ਰੋਡ ਜਗਜੀਵਨ ਰਾਮ ਚੌਕ ਤੋਂ ਆਰੰਭ ਹੋ ਕੇ ਬਸਤੀ ਗੁਜ਼ਾਂ, ਬਸਤੀ ਸ਼ੇਖ, ਘਾਹ ਮੰਡੀ ਤੇ ਹੋਰਨਾਂ ਖੇਤਰਾਂ ਵਿਚੋਂ ਹੁੰਦੀ ਵਾਪਸ ਮੰਦਿਰ ਪੁੱਜ ਕੇ ਸਮਾਪਤ ਹੋਈ। ਇਸ ਵਿਚ ਵੱਖ-ਵੱਖ ਬਸਤੀਆਂ ਦੀਆਂ ਭਗਵਾਨ ਵਾਲਮੀਕ ਮੰਦਿਰ ਕਮੇਟੀਆਂ ਨੇ ਸੁੰਦਰ ਝਾਕੀਆਂ ਸਮੇਤ ਸ਼ਿਰਕਤ ਕੀਤੀ। ਸਕੂਲੀ ਬੱਚੇ ਵੀ ਸ਼ਾਮਿਲ ਹੋਏ। ਫੁੱਲਾਂ ਨਾਲ ਸੱਜੀ ਸੁੰਦਰ ਪਾਲਕੀ ਤੇ ਬੈਂਡ ਵਾਜੇ ਵਾਲਿਆਂ ਤੋਂ ਇਲਾਵਾ ਬੀਬੀਆਂ ਵੀ ਭਾਰੀ ਗਿਣਤੀ ਵਿਚ ਸ਼ਾਮਿਲ ਹੋਈਆਂ। ਰਸਤੇ ਵਿਚ ਵੱਖ-ਵੱਖ ਸੰਸਥਾਵਾਂ ਵੱਲੋਂ ਸੰਗਤਾਂ ਲਈ ਪਾਣੀ ਦੀਆਂ ਛਬੀਲਾਂ ਤੇ ਕਈ ਤਰ੍ਹਾਂ ਦੇ ਲੰਗਰ ਲਗਾਏ ਗਏ। ਸਾਰੇ ਰਸਤੇ ਨੂੰ ਜਾਲ, ਬੈਨਰਾਂ ਤੇ ਸਵਾਗਤੀ ਗੇਟਾਂ ਨਾਲ ਸਜਾਇਆ ਗਿਆ।
ਭਗਵਾਨ ਵਾਲਮੀਕ ਮੰਦਿਰ ਬਸਤੀ ਸ਼ੇਖ ਅੱਡੇ 'ਤੇ ਕੀਤੀ ਗਈ ਦੀਪਮਾਲਾ ਵੇਖਣ ਯੋਗ ਹੈ। 120 ਫੁੱਟੀ ਰੋਡ 'ਤੇ ਹੋਈ ਸਜਾਵਟ ਤੇ ਦੀਪਮਾਲਾ ਨੇ ਮੇਲੇ ਵਾਲੀ ਦਿੱਖ ਬਣਾਈ ਹੋਈ ਹੈ। ਸ਼ੋਭਾ ਯਾਤਰਾ ਵਿਚ ਸ਼ਾਮਿਲ ਲੜਕੀਆਂ ਸਿਰਾਂ 'ਤੇ ਕਲੱਸ਼ ਚੁੱਕੀ ਜਾ ਰਹੀਆਂ ਸਨ। ਸ਼ੋਭਾ ਯਾਤਰਾ ਦੀ ਅਗਵਾਈ ਸ ਕਮਲਜੀਤ ਸਿੰਘ ਭਾਟੀਆ ਸੀਨੀਅਰ ਡਿਪਟੀ ਮੇਅਰ, ਸ੍ਰੀ ਪਰਵੇਸ਼ ਟਾਂਗਰੀ ਡਿਪਟੀ ਮੇਅਰ, ਅਕਾਲੀ ਨੇਤਾ ਪ੍ਰੋ: ਗੁਰਬਚਨ ਸਿੰਘ ਪੋਪਲੀ, ਆਬਿਦ ਹੁਸੈਨ ਸੁਲਮਾਨੀ ਤੋਂ ਇਲਾਵਾ ਵਾਲਮੀਕੀ ਆਗੂ ਪਵਨ ਹੰਸ, ਸੁਰਿੰਦਰ ਬਤਰਾ, ਸਤਪਾਲ ਸਹੋਤਾ, ਬਿਹਾਰੀ ਲਾਲ ਗਿੱਲ, ਅਸ਼ੋਕ ਕੁਮਾਰ ਲਾਡੀ, ਸੁਰਿੰਦਰ ਕੁਮਾਰ ਸਹੋਤਾ, ਰਾਜ ਕੁਮਾਰ ਸਭਰਵਾਲ, ਓਮ ਪ੍ਰਕਾਸ਼ ਸਹੋਤਾ, ਰਾਜ ਕੁਮਾਰ, ਰਾਕੇਸ਼ ਕੁਮਾਰ, ਸੋਨੂ ਕਲਿਆਣ, ਰਾਜ ਕੁਮਾਰ ਥਾਪਰ ਤੇ ਸਵਰਨ ਪਿੰਗ ਕਰ ਰਹੇ ਸਨ। ਆਏ ਨੇਤਾਵਾਂ ਨੂੰ ਸਨਮਾਨਿਤ ਵੀ ਕੀਤਾ ਗਿਆ।

ਭਗਵਾਨ ਵਾਲਮੀਕ ਜੀ ਦੇ ਪ੍ਰਗਟ ਦਿਵਸ ਮੌਕੇ ਵਿਸ਼ਾਲ ਸ਼ੋਭਾ ਯਾਤਰਾ ਸਜਾਈ
ਜਲੰਧਰ, 3 ਅਕਤੂਬਰ (ਪ੍ਰਿਤਪਾਲ ਸਿੰਘ)-ਅੱਜ ਭਗਵਾਨ ਵਾਲਮੀਕ ਜੀ ਦੇ ਪ੍ਰਗਟ ਦਿਵਸ 'ਤੇ ਜਲੰਧਰ ਵਿਚ ਸ਼ਾਨਦਾਰ ਸ਼ੋਭਾ ਯਾਤਰਾ ਸਜਾਈ ਗਈ। ਸ਼ੋਭਾ ਯਾਤਰਾ ਦਾ ਆਰੰਭ ਸੱਗਰਾਂ ਮਹੱਲੇ ਤੋਂ ਭਗਵਾਨ ਵਾਲਮੀਕ ਉਤਸਵ ਕਮੇਟੀ ਵੱਲੋਂ ਲਗਾਈ ਗਈ ਵਿਸ਼ੇਸ਼ ਸਟੇਜ ਤੋਂ ਰਿਬਨ ਕੱਟ ਕੇ ਕੈਪਟਨ ਅਮਰਿੰਦਰ ਸਿੰਘ ਸਾਬਕਾ ਮੁੱਖ ਮੰਤਰੀ ਪੰਜਾਬ ਨੇ ਕੀਤਾ। ਇਸ ਮੌਕੇ ਭਗਵਾਨ ਵਾਲਮੀਕ ਉਤਸਵ ਕਮੇਟੀ ਦੇ ਚੇਅਰਮੈਨ ਸ੍ਰੀ ਸੁਭਾਸ਼ ਸੋਂਧੀ ਤੇ ਪ੍ਰਧਾਨ ਸ੍ਰੀ ਵਿਪਨ ਸਭਰਵਾਲ ਨੇ ਉਨ੍ਹਾਂ ਨੂੰ ਸਿਰੋਪਾਓ ਤੇ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ। ਸ੍ਰੀ ਸੋਂਧੀ ਨੇ ਉਨ੍ਹਾਂ ਦੇ ਮੁੜ ਪੰਜਾਬ ਦੇ ਮੁੱਖ ਮੰਤਰੀ ਬਣਨ ਦੀ ਕਾਮਨਾ ਵੀ ਕੀਤੀ।

ਕੈਪਟਨ ਵੱਲੋਂ ਵਧਾਈ
ਕੈਪਟਨ ਅਮਰਿੰਦਰ ਸਿੰਘ ਨੇ ਵਾਲਮੀਕ ਭਾਈਚਾਰੇ ਨੂੰ ਪ੍ਰਗਟ ਦਿਵਸ ਦੀ ਪਹਿਲਾਂ ਵਧਾਈ ਦਿੱਤੀ ਤੇ ਫਿਰ ਸੰਬੋਧਨ ਕਰਦਿਆਂ ਕਿਹਾ ਕਿ ਜਦੋਂ ਉਹ ਪੰਜਾਬ ਦੇ ਮੁੱਖ ਮੰਤਰੀ ਸਨ ਤਾਂ ਉਨ੍ਹਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਚ ਭਗਵਾਨ ਵਾਲਮੀਕ ਚੇਅਰ ਕਾਇਮ ਕੀਤੀ ਸੀ ਤਾਂ ਜੋ ਭਗਵਾਨ ਵਾਲਮੀਕ ਦੇ ਜੀਵਨ ਬਾਰੇ ਹੋਰ ਖੋਜ ਹੋ ਸਕੇ ਪਰ ਦੁੱਖ ਇਸ ਗੱਲ ਦਾ ਹੈ ਕਿ ਬਾਦਲ ਸਰਕਾਰ ਨੇ ਉਹ ਚੇਅਰ ਹੀ ਬੰਦ ਕਰ ਦਿੱਤੀ ਹੈ। ਇਸ ਤਰ੍ਹਾਂ ਉਨ੍ਹਾਂ ਆਪਣੇ ਵੇਲੇ ਗਰੀਬ ਤੇ ਲੋੜਵੰਦ ਬੱਚਿਆਂ ਦੀ ਪੜ੍ਹਾਈ ਤੇ ਸ਼ਗਨ ਸਕੀਮ ਲਈ 450 ਕਰੋੜ ਰੁਪਏ ਦੀ ਰਕਮ ਰੱਖੀ ਸੀ, ਉਹ ਵੀ ਬਾਦਲ ਸਰਕਾਰ ਨੇ ਬੰਦ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜੇ ਉਹ ਮੁੜ ਕੇ ਮੁੱਖ ਮੰਤਰੀ ਬਣ ਕੇ ਆਏ ਤਾਂ ਅੱਜ ਦੀਆਂ ਆਪਣੀਆਂ ਬੰਦ ਪਈਆਂ ਸਾਰੀਆਂ ਸਕੀਮਾਂ ਚਾਲੂ ਕਰਵਾਉਣਗੇ।
ਇਸ ਤੋਂ ਪਹਿਲਾਂ ਸਾਬਕਾ ਮੰਤਰੀ ਚੌ: ਜਗਜੀਤ ਸਿੰਘ, ਸਾਬਕਾ ਵਿਧਾਇਕ ਚੌ: ਸੰਤੋਖ ਸਿੰਘ, ਵਿਧਾਇਕ ਸ: ਅਮਰਜੀਤ ਸਿੰਘ ਸਮਰਾ ਤੇ ਜਲੰਧਰ ਇੰਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ ਸ: ਤਜਿੰਦਰ ਸਿੰਘ ਬਿੱਟੂ ਨੇ ਸੰਗਤਾਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੀ ਸਿੱਖਿਆ ਅਤੇ ਆਦਰਸ਼ਾਂ 'ਤੇ ਚੱਲਣ ਦੀ ਪ੍ਰੇਰਨਾ ਕੀਤੀ। ਇਸ ਸਮੇਂ ਸੇਠ ਸਤਪਾਲ ਮਹੇ, ਤੇ ਕੌਂਸਲਰ ਰਜਿੰਦਰ ਬੇਰੀ ਵੀ ਮੌਜੂਦ ਸਨ। ਉਤਸਵ ਕਮੇਟੀ ਦੇ ਜਨਰਲ ਸਕੱਤਰ ਸ੍ਰੀ ਜਤਿੰਦਰ ਨਿੱਕਾ, ਸ੍ਰੀ ਵਿਕਾਸ ਗਿੱਲ ਤੋਂ ਇਲਾਵਾ ਸਰਪ੍ਰਸਤ ਹੰਸ ਰਾਜ ਹੰਸ, ਅਸ਼ੋਕ ਨਾਹਰ, ਦੀਪਕ ਤੇਲੂ, ਇਕਬਾਲ ਗਿੱਲ, ਸ੍ਰੀ ਨਰੇਸ਼ ਪ੍ਰਧਾਨ, ਸ੍ਰੀ ਚੰਦਰ ਗਰੇਵਾਲ, ਸ੍ਰੀ ਬੰਟੂ ਸਭਰਵਾਲ, ਸੁਨੀਲ ਦੱਤ ਬੌਬੀ, ਨਵ ਵਿਕਾਸ ਸਿੱਧੂ, ਰਾਜ ਕੁਮਾਰ ਹੰਸ ਤੇ ਸ੍ਰੀ ਰਕੇਸ਼ ਥਾਪਰ ਵੀ ਸ਼ੋਭਾ ਯਾਤਰਾ ਵਿਚ ਸ਼ਾਮਿਲ ਸਨ।

ਸਾਧੂ ਸਮਾਜ ਵੱਲੋਂ ਵਧਾਈ
ਇਸ ਮੌਕੇ ਮੰਚ 'ਤੇ ਸ੍ਰੀ ਗੁਰੂ ਰਵਿਦਾਸ ਸਾਧੂ ਸੰਪ੍ਰਦਾਇ ਸੇਵਾ ਸੁਸਾਇਟੀ (ਰਜਿ:) ਪੰਜਾਬ ਦੇ ਪ੍ਰਧਾਨ ਸੰਤ ਨਿਰਮਲ ਦਾਸ (ਬਾਬੇ ਜੌੜੇ), ਸੰਤ ਨਿਰਮਲ ਸਿੰਘ ਤੇ ਹੋਰ ਸੰਤ-ਮਹਾਂਪੁਰਸ਼ ਵੀ ਸੁਸ਼ੋਭਿਤ ਸਨ। ਉਨ੍ਹਾਂ ਵੀ ਭਗਵਾਨ ਵਾਲਮੀਕ ਜੀ ਦੇ ਜਨਮ ਦਿਹਾੜੇ ਦੀ ਵਧਾਈ ਦਿੱਤੀ। ਇਨ੍ਹਾਂ ਵਿਚ ਸੰਤ ਸਤਨਾਮ ਸਿੰਘ, ਸੰਤ ਜਸਵਿੰਦਰ ਸਿੰਘ, ਸੰਤ ਸਰਬਨ ਦਾਸ, ਸੰਤ ਪ੍ਰਿਤਪਾਲ ਸਿੰਘ, ਸੂਫੀ ਬਾਬਾ ਹਸਤੀ ਸ਼ਾਹ ਊਨਾ ਜਲੰਧਰ, ਸੰਤ ਚਰਨ ਦਾਸ, ਸੰਤ ਭਜਨ ਨਾਥ ਤੋਂ ਇਲਾਵਾ ਸੰਤ ਰਾਮ ਸਿੰਘ ਨਾਨਕਸਰ ਸੀਂਗੜਾ (ਕਰਨਾਲ) ਦਾ ਜਥਾ ਵੀ ਸ਼ਾਮਿਲ ਸੀ। ਇਸ ਸਮੇਂ ਵਾਲਮੀਕ ਸਭਾ ਜਲੰਧਰ ਦੇ ਪ੍ਰਧਾਨ ਸ੍ਰੀ ਅਸ਼ੋਕ ਨਾਹਰ, ਜਨਰਲ ਸਕੱਤਰ ਸ੍ਰੀ ਰਾਜ ਕੁਮਾਰ ਗਰੇਵਾਲ, ਮੀਤ ਪ੍ਰਧਾਨ ਜੈ ਕਿਸ਼ਨ ਵੀ ਪੁੱਜੇ ਹੋਏ ਸਨ। ਕੌਂਸਲਰ ਸ੍ਰੀ ਦੇਸ ਰਾਜ ਜਸਲ ਤੇ ਪਰਮਜੀਤ ਸਤਨਾਮੀਆ ਵੀ ਪੁੱਜੇ ਹੋਏ ਸਨ। ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਵੱਲੋਂ ਸਵਾਮੀ ਚੇਤਨਾਨੰਦ ਸਾਥੀ ਪ੍ਰਚਾਰਕਾਂ ਸਮੇਤ ਜਦੋਂ ਮੰਚ 'ਤੇ ਆਏ ਤਾਂ ਉਨ੍ਹਾਂ ਦਾ ਵੀ ਨਿੱਘਾ ਸਵਾਗਤ ਕੀਤਾ ਗਿਆ। ਮੰਚ 'ਤੇ ਬੈਠੇ ਨੇਤਾਵਾਂ ਅਤੇ ਮਹਾਂਪੁਰਸ਼ਾਂ 'ਤੇ ਫੁੱਲ ਵਰਖਾ ਕੀਤੀ ਗਈ।
ਸਿਟੀ ਵਾਲਮੀਕ ਸਭਾ-ਸਿਟੀ ਵਾਲਮੀਕ ਸਭਾ ਜਿਸ ਦੇ ਪ੍ਰਧਾਨ ਸ੍ਰੀ ਅੰਮ੍ਰਿਤ ਖੋਸਲਾ ਤੇ ਚੇਅਰਮੈਨ ਸ੍ਰੀ ਰਾਜ ਕੁਮਾਰ ਹਨ, ਵੱਲੋਂ ਸ੍ਰੀ ਵਾਲਮੀਕ ਮੰਦਿਰ ਪੁਲੀ ਅਲੀ ਮਹੱਲਾ ਸਾਹਮਣੇ ਸਟੇਜ ਲਗਾਈ ਗਈ। ਇਥੇ ਮਹਿੰਦਰ ਸਿੰਘ ਕੇ. ਪੀ., ਸਾਬਕਾ ਮੰਤਰੀ ਸ੍ਰੀ ਅਵਤਾਰ ਹੈਨਰੀ, ਸਾਬਕਾ ਮੰਤਰੀ ਸ੍ਰੀਮਤੀ ਗੁਰਕੰਵਲ ਕੌਰ, ਜ਼ਿਲ੍ਹਾ ਕਾਂਗਰਸ ਪ੍ਰਧਾਨ ਅਰੁਣ ਵਾਲੀਆ ਨੇ ਭਗਵਾਨ ਵਾਲਮੀਕ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਕੈਬਨਿਟ ਮੰਤਰੀ ਸ੍ਰੀ ਮਨੋਰੰਜਨ ਕਾਲੀਆ ਤੋਂ ਇਲਾਵਾ ਵਿਧਾਇਕ ਸ: ਸਰਬਜੀਤ ਸਿੰਘ ਮੱਕੜ, ਖਾਦੀ ਬੋਰਡ ਦੇ ਚੇਅਰਮੈਨ ਸ੍ਰੀ ਵਿਜੈ ਸਾਂਪਲਾ, ਸੀਨੀਅਰ ਡਿਪਟੀ ਮੇਅਰ ਸ: ਕਮਲਜੀਤ ਸਿੰਘ ਭਾਟੀਆ, ਗੁਰਪਾਲ ਸਿੰਘ ਟੱਕਰ, ਸਾਬਕਾ ਕੌਂਸਲਰ ਡਿਪਟੀ ਮੇਅਰ ਪਰਵੇਸ਼ ਟਾਂਗਰੀ, ਵਿਧਾਇਕ ਕੇ. ਡੀ. ਭੰਡਾਰੀ ਜ਼ਿਲ੍ਹਾ ਭਾਜਪਾ ਪ੍ਰਧਾਨ, ਸ੍ਰੀ ਰਵੀ ਮਹਿੰਦਰੂ, ਮੇਅਰ ਰਾਕੇਸ਼ ਰਾਠੌਰ, ਸੰਸਦੀ ਸਕੱਤਰ ਅਵਿਨਾਸ਼ ਚੰਦਰ ਤੋਂ ਇਲਾਵਾ ਅਕਾਲੀ ਨੇਤਾ ਸ: ਕਰਨੈਲ ਸਿੰਘ ਜੱਬਲ ਵੀ ਸ਼ੋਭਾ ਯਾਤਰਾ ਵਿਚ ਸ਼ਾਮਿਲ ਹੋਏ। ਸਿਟੀ ਵਾਲਮੀਕ ਸਭਾ ਵੱਲੋਂ ਰਾਜੇਸ਼ ਭੱਟੀ ਸਲਾਹਕਾਰ, ਸੂਰਜ ਪ੍ਰਕਾਸ਼ ਲਾਡੀ, ਸਤਪਾਲ ਗਿੱਲ, ਬਨਾਰਸੀ ਦਾਸ ਖੋਸਲਾ, ਗੋਪਾਲ ਭੱਟੀ, ਮਿੰਟੂ ਗਿੱਲ, ਰਿੰਕੂ ਖੋਸਲਾ, ਬੀਬੀ ਰਜਿੰਦਰ ਕੌਰ, ਡਾ: ਜਸਲੀਨ ਕੌਰ ਸੇਠੀ, ਸੀਮਾ ਗਿੱਲ, ਡਾ: ਰਾਮ ਲਾਲ ਜੱਸੀ ਵੀ ਪੁੱਜੇ ਹੋਏ ਸਨ। ਅੰਮ੍ਰਿਤ ਖੋਸਲਾ ਪ੍ਰਧਾਨ ਨੇ ਆਏ ਨੇਤਾਵਾਂ ਦਾ ਸਨਮਾਨ ਕੀਤਾ।

ਬਾਅਦ ਵਿਚ ਉਨ੍ਹਾਂ ਸਭਨਾਂ ਦਾ ਧੰਨਵਾਦ ਕੀਤਾ। ਇਥੇ ਕੈਪਟਨ ਅਮਰਿੰਦਰ ਸਿੰਘ ਵੀ ਥੋੜ੍ਹੀ ਦੇਰ ਲਈ ਰੁਕੇ। ਸਕੂਟਰ ਮਾਰਕੀਟ ਪੁਲੀ ਅਲੀ ਮੁਹੱਲਾ ਤੇ ਗੌਰੀ ਸ਼ੰਕਰ ਮੰਦਿਰ ਵੱਲੋਂ ਅਲੀ ਮੁਹੱਲਾ ਪੁਲੀ ਕੋਲ ਸਾਂਝੀ ਸਟੇਜ ਲਗਾਈ ਗਈ, ਜਿਥੇ ਪ੍ਰਧਾਨ ਤਜਿੰਦਰ ਸਿੰਘ ਪ੍ਰਦੇਸੀ ਤੇ ਸ: ਹਰਪ੍ਰੀਤ ਸਿੰਘ ਖੁਰਾਣਾ ਨੇ ਆਏ ਨੇਤਾਵਾਂ ਨੂੰ ਸਨਮਾਨਿਤ ਕੀਤਾ। ਬਸਪਾ ਨੇਤਾ ਸ੍ਰੀ ਚਰਨਜੀਤ ਅਵਾਦਾਨ ਤੇ ਸ੍ਰੀ ਅਸ਼ੋਕ ਚਾਂਦਲਾ ਵੀ ਸਾਥੀਆਂ ਸਮੇਤ ਸ਼ੋਭਾ ਯਾਤਰਾ ਵਿਚ ਸ਼ਾਮਿਲ ਹੋਏ। ਉਨ੍ਹਾਂ ਭਗਵਾਨ ਵਾਲਮੀਕ ਜੀ ਦੇ ਪ੍ਰਗਟ ਦਿਵਸ ਦੀ ਸਭਨਾਂ ਨੂੰ ਵਧਾਈ ਦਿੱਤੀ। ਭਾਜਪਾ ਐਸ.ਸੀ. ਮੋਰਚਾ ਦੇ ਸਕੱਤਰ ਰਾਜੇਸ਼ ਬਾਘਾ, ਕਿਰਨ ਸਰੀਨ ਪ੍ਰਧਾਨ ਬਲਾਕ ਕਾਂਗਰਸ ਤੇ ਰਾਮ ਮੂਰਤੀ ਵੀ ਸ਼ੋਭਾ ਵਿਚ ਸ਼ਾਮਿਲ ਹੋਏ।

ਜਲੰਧਰ (ਪ੍ਰਿਤਪਾਲ ਸਿੰਘ)-ਭਗਵਾਨ ਵਾਲਮੀਕ ਪ੍ਰਗਟ ਦਿਵਸ ਦੇ ਸਬੰਧ ਵਿਚ ਅੱਜ ਭਗਵਾਨ ਵਾਲਮੀਕ ਮੰਦਿਰ ਗੜ੍ਹਾ ਤੋਂ ਸ਼ਾਨਦਾਰ ਸ਼ੋਭਾ ਯਾਤਰਾ ਸਜਾਈ ਗਈ ਜੋ ਮੰਦਿਰ ਤੋਂ ਆਰੰਭ ਹੋ ਕੇ ਅਰਬਨ ਅਸਟੇਟ ਫੇਜ਼-1, ਚੌਕ ਗੁ: ਬਾਬਾ ਜੀਵਨ ਸਿੰਘ ਫਗਵਾੜੀ ਮੁਹੱਲਾ, ਦਯਾ ਨੰਦ ਚੌਕ, ਜਸਵੰਤ ਨਗਰ ਤੇ ਸਰਕ ਮੁਹੱਲੇ ਵਿਚੋਂ ਹੁੰਦੀ ਹੋਈ ਰਾਤ ਵਾਪਸ ਮੰਦਿਰ ਪੁੱਜ ਕੇ ਸਮਾਪਤ ਹੋਈ। ਸ਼ੋਭਾ ਯਾਤਰਾ ਦੀ ਅਗਵਾਈ ਸ਼ਿਵ ਦਿਆਲ ਚੁੱਘ ਕੌਂਸਲਰ, ਕਿਰਪਾਲ ਪਾਲੀ ਕੌਂਸਲਰ, ਭੁਪਿੰਦਰ ਪਾਲ ਸਿੰਘ ਖਾਲਸਾ, ਲਖਵਿੰਦਰ ਸਿੰਘ ਲੱਖਾ, ਮਦਨ ਲਾਲ ਵਿਚਾਰਾ, ਰਾਮ ਲਾਲ, ਸਾਧੂ ਸਿੰਘ, ਰਾਜ ਕੁਮਾਰ ਰਾਜੂ, ਐਸ. ਪੀ. ਬਿੰਦਰਾ ਕਰ ਰਹੇ ਸਨ।

ਜਲੰਧਰ (ਪ੍ਰਿਤਪਾਲ ਸਿੰਘ)-ਅੱਜ ਭਗਵਾਨ ਵਾਲਮੀਕ ਜੀ ਦੇ ਪ੍ਰਗਟ ਦਿਵਸ ਸਬੰਧੀ ਭਗਵਾਨ ਵਾਲਮੀਕ ਨੌਜਵਾਨ ਸਭਾ ਚੁਗਿੱਟੀ ਵਾਸੂ ਵੱਲੋਂ ਸ਼ੋਭਾ ਯਾਤਰਾ ਸਜਾਈ ਗਈ ਜਿਸ ਦੀ ਅਗਵਾਈ ਸ: ਮਨਜਿੰਦਰ ਸਿੰਘ ਚੱਠਾ ਕੌਸਲਰ ਵਾਰਡ ਨੰ: 15 ਨੇ ਕੀਤੀ। ਸ਼ੋਭਾ ਯਾਤਰਾ ਭਗਵਾਨ ਵਾਲਮੀਕ ਮੰਦਿਰ ਚੁਗਿੱਟੀ ਤੋਂ ਸ਼ੁਰੂ ਹੁੰਦੀ ਹੋਈ ਗੁਰੂ ਨਾਨਕ ਪੁਰਾ ਮੈਨ ਮਾਰਕੀਟ, ਗੁਰੂ ਨਾਨਕ ਪੁਰਾ ਵੈਸਟ, ਗੁਰੂ ਨਾਨਕਪੁਰਾ ਈਸਟ, ਅਵਤਾਰ ਨਗਰ, ਭਾਰਤ ਨਗਰ ਤੋਂ ਹੁੰਦੀ ਹੋਈ ਵਾਪਸ ਭਗਵਾਨ ਵਾਲਮੀਕ ਮੰਦਿਰ ਚੁਗਿੱਟੀ ਵਿਖੇ ਸਮਾਪਤ ਹੋਈ। ਸ਼ੋਭਾ ਯਾਤਰਾ 'ਚ ਸਭਾ ਦੇ ਪ੍ਰਧਾਨ ਜਗਦੀਸ਼ ਸੋਹਤਾ ਅਤੇ ਮੈਂਬਰਾਂ ਗੁਰਮੇਲ ਸਹੋਤਾ, ਲਵਪ੍ਰੀਤ ਸੋਹਤਾ, ਰਕੇਸ਼ ਸਹੋਤਾ, ਅਰਸ਼ਾਦ ਸਹੋਤਾ, ਗੁਲਜਾਰ ਸਹੋਤਾ, ਸੁਖਵਿੰਦਰ ਸਹੋਤਾ, ਹਰਜਿੰਦਰ ਸਹੋਤਾ, ਕਰਨ ਸਹੋਤਾ, ਵਿਸ਼ਾਲ ਸਹੋਤਾ, ਮੰਗਤ ਰਾਮ ਸਹੋਤਾ, ਸੋਮ ਨਾਲ ਸਹੋਤਾ, ਅਸ਼ੋਕ ਕੁਮਾਰ ਸਹੋਤਾ, ਸ੍ਰੀ ਚਮਨ ਲਾਲ ਸਹੋਤਾ, ਸ੍ਰੀ ਹੰਸ ਰਾਜ ਸਹੋਤਾ, ਉਮੇਸ਼ ਸਹੋਤਾ, ਆਦਰਸ਼ ਸਹੋਤਾ, ਭੋਲਾ ਰਾਮ, ਵਿਜੇ ਕੁਮਾਰ ਸਹੋਤਾ, ਸਾਹਿਲ ਸਹੋਤਾ, ਸ੍ਰੀ ਜੋਗ ਰਾਜ ਸਹੋਤਾ ਨੇ ਵੱਧ ਚੜ ਕੇ ਸਾਥ ਦਿੱਤਾ।

ਗੁਰੂ ਨਾਨਕਪੁਰਾ ਤੋਂ ਸ਼ੋਭਾ ਯਾਤਰਾ ਸਜਾਈ
ਰਾਸ਼ਟਰੀ ਵਾਲਮੀਕ ਸਭਾ (ਰਜਿ:) ਇੰਡੀਆ ਵੱਲੋਂ ਭਗਵਾਨ ਸ੍ਰੀ ਵਾਲਮੀਕ ਜੀ ਦੇ ਪ੍ਰਗਟ ਉਤਸਵ 'ਤੇ ਗੁਰੂ ਨਾਨਕਪੁਰਾ ਮੇਨ ਰੋਡ ਤੋਂ ਸਭਾ ਦੇ ਕੌਮੀ ਪ੍ਰਧਾਨ ਅਤੇ ਪ੍ਰਮੁੱਖ ਵਾਲਮੀਕ ਆਗੂ ਸ੍ਰੀ ਵਿਜੈ ਹੰਸ ਦੀ ਰਹਿਨੁਮਾਈ ਵਿਚ ਵਿਸ਼ਾਲ ਸ਼ੋਭਾ ਯਾਤਰਾ ਸਜਾਈ ਗਈ। ਸ਼ੋਭਾ ਯਾਤਰਾ ਵਿਚ ਪ੍ਰਿੰਸੀਪਲ ਮੋਹਨ ਲਾਲ ਖੋਸਲਾ ਕੌਮੀ ਜਨਰਲ ਸਕੱਤਰ, ਬਨਾਰਸੀ ਦਾਸ ਖੋਸਲਾ ਪੰਜਾਬ ਪ੍ਰਧਾਨ, ਡਾ: ਪ੍ਰੇਮ ਗਿੱਲ, ਡਾ: ਅਮਨ ਜਾਰਜ, ਮਨੋਹਰ ਪਾਦਰੀ, ਸੱਤਪਾਲ ਪ੍ਰੇਮ, ਗੁਰਮੁੱਖ ਸਿੰਘ ਖੋਸਲਾ, ਡਾ: ਅਮਰਨਾਥ, ਰੂੜਾ ਰਾਮ ਗਿੱਲ, ਐਡਵੋਕੇਟ ਅਜੇ ਪਠਾਨੀਆ, ਰਾਜ ਕੁਮਾਰੀ ਸੁਸ਼ਮਾ, ਸੁਮਨ ਖੁਰਾਣਾ, ਵਿਜੈ ਗਿੱਲ, ਅਤੁਲ ਰਿੰਪਲ, ਸ਼ੇਰ ਹੰਸ, ਸੁਰਿੰਦਰ ਕੌਰ, ਰਕਸ਼ਾ ਹੰਸ, ਨੀਤੂ ਸਿੰਘ ਤੇ ਸ਼ਾਦੀ ਲਾਲ ਸੋਂਧੀ ਉਚੇਚੇ ਤੌਰ 'ਤੇ ਹਾਜ਼ਰ ਸਨ

ਸ਼ੋਭਾ ਯਾਤਰਾ ਸਜਾਈ
ਕਰਤਾਰਪੁਰ, (ਜਸਵੰਤ ਵਰਮਾ)-ਭਗਵਾਨ ਵਾਲਮੀਕ ਜੀ ਦੇ ਪ੍ਰਕਾਸ਼ ਦਿਹਾੜੇ ਦੇ ਸਬੰਧ ਵਿਚ ਅੱਜ ਕਰਤਾਰਪੁਰ ਵਿਖੇ ਮਹਾਂਰਿਸ਼ੀ ਵਾਲਮੀਕ ਬ੍ਰਹਮ ਮੰਡਲ ਰਿਸ਼ੀ ਨਗਰ ਕਰਤਾਰਪੁਰ ਅਤੇ ਮਹਾਂਰਿਸ਼ੀ ਵਾਲਮੀਕ ਵੈਲਫੇਅਰ ਮਿਸ਼ਨ ਮੰਡੀ ਮੁਹੱਲਾ ਕਰਤਾਰਪੁਰ ਵੱਲੋਂ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ। ਰਿਸ਼ੀ ਨਗਰ ਦੀ ਸ਼ੋਭਾ ਯਾਤਰਾ ਨੂੰ ਹਲਕਾ ਵਿਧਾਇਕ ਅਵਿਨਾਸ਼ ਚੰਦਰ ਨੇ ਰਿਬਨ ਕੱਟ ਕੇ ਰਵਾਨਾ ਕੀਤਾ। ਮੰਡੀ ਮੁਹੱਲੇ ਦੀ ਸ਼ੋਭਾ ਯਾਤਰਾ ਨੂੰ ਪ੍ਰਸਿੱਧ ਸਮਾਜ ਸੇਵਕ ਵਿਪਨ ਕੁਮਾਰ ਗੋਗਾ ਨੇ ਰਿਬਨ ਕੱਟ ਕੇ ਰਵਾਨਾ ਕੀਤਾ। ਇਸ ਮੌਕੇ ਰਾਕੇਸ਼ ਮਾਰਸ਼ਲ ਪ੍ਰਧਾਨ, ਕੌਂਸਲਰ ਮਨੋਜ ਕੁਮਾਰ, ਰਮੇਸ਼ ਸੋਂਧੀ, ਵਿਨੈ ਕੁਮਾਰ, ਬਲਜੀਤ ਕੁਮਾਰ, ਅਸ਼ਵਨੀ ਕੁਮਾਰ, ਸੁਮੇਸ਼ ਸੋਂਧੀ, ਰਾਜ ਕੁਮਾਰ, ਪਵਨ ਕੁਮਾਰ, ਕੌਂਸਲਰ ਪ੍ਰਿੰਸ ਅਰੋੜਾ, ਚੇਅਰਮੈਨ ਨਰੇਸ਼ ਅਗਰਵਾਲ, ਜਥੇ: ਗੁਰਮੀਤ ਸਿੰਘ ਮਠਾਰੂ, ਜਥੇ: ਰਣਜੀਤ ਸਿੰਘ ਕਾਹਲੋਂ, ਜੋਗਿੰਦਰ ਸਿੰਘ ਫੁੱਲ, ਰਾਮ ਲੁਭਾਇਆ ਕੌਂਸਲਰ, ਗੁਰਬਖਸ਼ ਲਾਲ ਕੌਂਸਲਰ, ਪਵਨ ਭੱਟੀ, ਜਸਵਿੰਦਰ ਨਿੱਕੂ, ਵਿਪਨ ਥਾਪਰ, ਚੌਧਰੀ ਤਿਲਕ ਰਾਜ, ਰਮੇਸ਼ ਨਾਹਰ, ਅਜੈ ਕੁਮਾਰ, ਅਸ਼ਵਨੀ ਕੁਮਾਰ, ਰਾਜ ਕੁਮਾਰ, ਤਜਿੰਦਰ ਰਾਜਾ, ਦੀਪਕ ਸਹੋਤਾ, ਸੁਰਿੰਦਰ ਨਾਹਰ ਆਦਿ ਪਤਵੰਤੇ ਸੱਜਣ ਹਾਜ਼ਰ ਸੀ।
ਫਿਲੌਰ, (ਕੈਨੇਡੀ)-ਭਗਵਾਨ ਵਾਲਮੀਕੀ ਦੇ ਪ੍ਰਗਟ ਦਿਵਸ ਦੇ ਸਬੰਧ ਵਿਚ ਫਿਲੌਰ ਦੀਆਂ ਸਮੂਹ ਸੰਗਤਾਂ ਵੱਲੋਂ ਵਿਸ਼ਾਲ ਸ਼ੋਭਾ ਯਾਤਰਾ ਭਗਵਾਨ ਬਾਲਮੀਕ ਜੀ ਦੀ ਜੀਵਨੀ ਨੂੰ ਦਰਸਾਉਂਦੀਆਂ ਝਾਕੀਆਂ ਕੱਢੀਆਂ ਗਈਆਂ। ਇਸ ਮੌਕੇ ਸ: ਸਰਵਣ ਸਿੰਘ ਫਿਲੌਰ ਮੁੱਖ ਪਾਲੀਮਾਨੀ ਸਕੱਤਰ, ਉਨ੍ਹਾਂ ਦੇ ਨਾਲ ਜਥੇਦਾਰ ਅਜੈਬ ਸਿੰਘ ਪਾਲਨੌ ਚੇਅਰਮੈਨ ਮਾਰਕੀਟ ਕਮੇਟੀ ਫਿਲੌਰ, ਸ੍ਰੀ ਰਾਮ ਪ੍ਰਕਾਸ਼ ਸਾਬਕਾ ਸਰਪੰਚ, ਸ੍ਰੀ ਸੁਰਿੰਦਰ ਸਹੋਤਾ, ਸ੍ਰੀ ਵਿਨੋਦ ਗਿੱਲ, ਸ੍ਰੀ ਗੋਲਡੀ ਨਾਹਰ, ਅੰਜਲ ਘਈ, ਸ੍ਰੀ ਬਿੱਟੂ ਮਦਾਨ, ਸ੍ਰੀ ਤਾਰਾ ਚੰਦ ਮਦਾਨ ਪ੍ਰਧਾਨ ਨਗਰ ਕੌਂਸਲ ਫਿਲੌਰ ਔਰਤਾਂ, ਬੱਚੇ ਸ਼ੋਭਾ ਯਾਤਰਾ 'ਚ ਸ਼ਾਮਿਲ ਹੋਏ।

'ਵਿਦਾਈ' ਨਾਟਕ ਵਿਰੁੱਧ ਵਾਲਮੀਕ ਸਮਾਜ ਵੱਲੋਂ ਪ੍ਰਦਰਸ਼ਨ
ਜਲੰਧਰ, 6 ਅਕਤੂਬਰ (ਪ੍ਰਿਤਪਾਲ ਸਿੰਘ)-ਟੀ. ਵੀ. ਚੈਨਲ ਸਟਾਰ+ 'ਤੇ ਦਿਖਾਏ ਜਾ ਰਹੇ ਲੜੀਵਾਰ ਨਾਟਕ 'ਵਿਦਾਈ' ਵਿਚ ਭਗਵਾਨ ਵਾਲਮੀਕ ਜੀ ਵਿਰੁੱਧ ਅਪ ਸ਼ਬਦ ਵਰਤੇ ਜਾਣ ਵਿਰੁੱਧ ਅੱਜ ਰਾਤ ਜਲੰਧਰ ਦੇ ਵਾਲਮੀਕ ਸਮਾਜ ਦੇ ਲੋਕ ਭੜਕ ਉੱਠੇ ਤੇ ਉਨ੍ਹਾਂ ਇਸ ਵਿਰੁੱਧ ਰੋਸ ਪ੍ਰਗਟ ਕਰਨ ਲਈ ਭਗਵਾਨ ਵਾਲਮੀਕ ਮੰਦਿਰ ਪੁਲੀ ਅਲੀ ਮੁਹੱਲਾ ਦੇ ਬਾਹਰ ਸੜਕ 'ਤੇ ਪ੍ਰਦਰਸ਼ਨ ਕੀਤਾ ਤੇ ਧਰਨਾ ਦੇ ਕੇ ਸੜਕ 'ਤੇ ਆਵਾਜਾਈ ਰੋਕ ਦਿੱਤੀ। ਸੂਚਨਾ ਮਿਲਦਿਆਂ ਹੀ ਪੁਲਿਸ ਮੌਕੇ 'ਤੇ ਪੁੱਜ ਗਈ। ਪੁਲਿਸ ਅਧਿਕਾਰੀਆਂ ਵੱਲੋਂ ਧਰਨਾ ਦੇਣ ਵਾਲਿਆਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਗਈ। ਖਬਰ ਲਿਖਣ ਤੱਕ ਰਾਤ 11 ਵਜੇ ਪ੍ਰਦਰਸ਼ਨ ਅਤੇ ਧਰਨਾ ਜਾਰੀ ਸੀ। ਵਿਖਾਵਾਕਾਰੀ 'ਵਾਲਮੀਕ ਸ਼ਕਤੀ ਅਮਰ ਰਹੇ' ਦੇ ਨਾਅਰੇ ਲਗਾ ਰਹੇ ਸਨ।

ਟੀ. ਵੀ. ਚੈਨਲ 'ਤੇ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ - ਭਗਵਾਨ ਵਾਲਮੀਕ ਸਭਾ
ਜਲੰਧਰ, 7 ਅਕਤੂਬਰ (ਅ. ਬ.)-ਟੀ. ਵੀ. ਚੈਨਲ ਸਟਾਰ ਪਲੱਸ 'ਤੇ ਦਿਖਾਏ ਜਾ ਰਹੇ ਲੜੀਵਾਰ ਨਾਟਕ 'ਵਿਦਾਈ' ਵਿਚ ਭਗਵਾਨ ਵਾਲਮੀਕ ਜੀ ਵਿਰੁੱਧ ਅਪਸ਼ਬਦ ਵਰਤੇ ਜਾਣ 'ਤੇ ਵਾਲਮੀਕ ਭਾਈਚਾਰੇ ਦੀ ਧਾਰਮਿਕ ਭਾਵਨਾ ਨੂੰ ਠੇਸ ਪਹੁੰਚੀ ਹੈ ਅਤੇ ਇਸ ਚੈਨਲ ਦੀ ਕੜੇ ਸ਼ਬਦਾਂ ਵਿਚ ਨਿਖੇਧੀ ਕੀਤੀ ਜਾਂਦੀ ਹੈ ਕਿਉਂਕਿ ਯੁੱਗਪਰਵਰਤਕ ਭਗਵਾਨ ਵਾਲਮੀਕ ਜੀ ਨੇ ਆਪਣੇ ਮਹਾਂਕਾਵਿ 'ਸ੍ਰੀ ਰਮਾਇਣ' ਅਤੇ 'ਯੋਗਵਾਸ਼ਿਸਟ' ਵਿਚ ਸਭ ਤੋਂ ਪਹਿਲਾਂ ਪੂਰੀ ਦੁਨੀਆ ਨੂੰ ਸ਼ਾਂਤੀ ਅਤੇ ਵਿੱਦਿਆ ਦਾ ਸੰਦੇਸ਼ ਦਿੱਤਾ ਹੈ। ਇਹ ਉਕਤ ਵਿਚਾਰ ਭਗਵਾਨ ਵਾਲਮੀਕ ਸਭਾ ਬਸਤੀਆਤ ਜਲੰਧਰ ਦੇ ਚੇਅਰਮੈਨ ਪਵਨ ਕੁਮਾਰ ਹੰਸ, ਸਰਪ੍ਰਸਤ ਸ੍ਰੀ ਸੱਤਪਾਲ (ਸਾਬਕਾ ਕੌਂਸਲਰ) ਪ੍ਰਧਾਨ ਸੁਰਿੰਦਰ ਬਤਰਾ, ਜਨਰਲ ਸਕੱਤਰ ਸਵਰਨ ਪਿੰਕਾ, ਉਪ-ਪ੍ਰਧਾਨ ਵਿੱਕੀ ਏਕਲਭਿਆ, ਸਲਾਹਕਾਰ ਵਿਜੇ ਕੁਮਾਰ, ਬਾਸੂ ਦੇਵ ਅਤੇ ਵਿਸ਼ਾਲ ਸਹੋਤਾ ਆਦਿ ਸਾਥੀਆਂ ਨੇ ਪ੍ਰੈੱਸ ਨੂੰ ਇਕ ਬਿਆਨ ਰਾਹੀਂ ਦਿੱਤੇ। ਸਭਾ ਦੇ ਅਹੁਦੇਦਾਰਾਂ ਨੇ ਭਾਰਤ ਦੀ ਕੇਂਦਰ ਸਰਕਾਰ ਤੋਂ ਇਹ ਮੰਗ ਕੀਤੀ ਹੈ ਕਿ ਇਸ ਸਟਾਰ ਪਲੱਸ ਚੈਨਲ ਖਿਲਾਫ਼ ਸਖ਼ਤ ਤੋਂ ਸਖਤ ਇਤਿਹਾਸਕ ਕਾਨੂੰਨੀ ਕਾਰਵਾਈ ਕੀਤੀ ਜਾਵੇ।

ਮਹਾਂਰਿਸ਼ੀ ਵਾਲਮੀਕ ਜੀ ਦੇ ਪੂਰਨਿਆਂ 'ਤੇ ਚੱਲਣ ਦੀ ਲੋੜ - ਅਵਤਾਰ ਹੀਰ
ਫਿਲੌਰ, 7 ਅਕਤੂਬਰ (ਸੁਰਜੀਤ ਬਰਨਾਲਾ)-ਫਿਲੌਰ ਦੇ ਨਜ਼ਦੀਕ ਪਿੰਡ ਮੰਡੀ ਵਿਖੇ ਮਹਾਂਰਿਸ਼ੀ ਵਾਲਮੀਕ ਦੇ ਜਨਮ ਦਿਵਸ ਸਬੰਧੀ ਵਿਚਾਰ ਪ੍ਰਗਟ ਕੀਤੇ ਕਿ ਮਹਾਂਰਿਸ਼ੀ ਵਾਲਮੀਕ, ਸਤਿਗੁਰੂ ਰਵਿਦਾਸ ਜੀ, ਬਾਬਾ ਸਾਹਿਬ ਬੀ. ਆਰ. ਅੰਬੇਡਕਰ ਨੇ ਇਕੋ ਹੀ ਉਪਦੇਸ਼ ਦਿੱਤਾ ਹੈ ਪੜ੍ਹੋ, ਜੁੜੋ ਅਤੇ ਸੰਘਰਸ਼ ਕਰੋ, ਊਚ- ਨੀਚ ਦੇ ਪਾੜੇ ਨੂੰ ਖਤਮ ਕਰੋ। ਇਕ ਪਲੇਟਫਾਰਮ 'ਤੇ ਖੜ੍ਹੇ ਹੋਣ ਦੀ ਸਖਤ ਲੋੜ ਹੈ। ਇਹ ਵਿਚਾਰ ਜ਼ਿਲ੍ਹਾ ਪਲੈਨਿੰਗ ਬੋਰਡ ਦੇ ਅਵਤਾਰ ਹੀਰ ਨੇ ਕੀਤਾ। ਇਸ ਮੌਕੇ ਹਾਜ਼ਰ ਵਿਅਕਤੀ ਝਲਮਣ ਸਿੰਘ ਢਿੱਲੋਂ, ਬਾਬਾ ਸਰੂਪ ਸਿੰਘ ਬੱਡੋਵਾਲ, ਤਿਲਕ ਰਾਜ ਨੰਬਰਦਾਰ, ਠੇਕੇਦਾਰ ਹੰਸ ਰਾਜ, ਅਸ਼ੋਕ ਅਰਸ਼ ਫਿਲੌਰੀਆ, ਮਹਿੰਦਰ ਪਾਲ ਸਿੱਧਮ, ਅਮੀਰ ਚੰਦ (ਅਕਾਲੀ ਆਗੂ), ਗੁਰਮੇਲ ਰਾਮ ਸਰਪੰਚ ਆਦਿ ਸ਼ਾਮਿਲ ਸਨ।
ਵਾਲਮੀਕ ਜਥੇਬੰਦੀਆਂ ਦੀ ਮੀਟਿੰਗ ਅੱਜ
ਜਲੰਧਰ, 7 ਅਕਤੂਬਰ (ਪ੍ਰਿਤਪਾਲ ਸਿੰਘ)-ਬੀਤੀ ਰਾਤ ਚੈਨਲ ਸਟਾਰ ਪਲੱਸ ਤੋਂ ਵਿਖਾਏ ਜਾ ਰਹੇ ਲੜੀਵਾਰ ਨਾਟਕ 'ਵਿਦਾਈ' ਵਿਚ ਭਗਵਾਨ ਵਾਲਮੀਕ ਬਾਰੇ ਅਪ ਸ਼ਬਦਾਂ ਦੀ ਵਰਤੋਂ ਕੀਤੇ ਜਾਣ ਵਿਰੁੱਧ ਰੋਸ ਵਜੋਂ ਜਲੰਧਰ ਦੇ ਵਾਲਮੀਕੀ ਸਮਾਜ ਦੇ ਨੌਜਵਾਨਾਂ ਨੇ ਪੁਲੀ ਅਲੀ ਮੁਹੱਲਾ ਵਿਖੇ ਆਵਾਜਾਈ ਰੋਕ ਕੇ ਜੋ ਪ੍ਰਦਰਸ਼ਨ ਕੀਤਾ ਸੀ, ਉਸ ਤੋਂ ਬਾਅਦ ਅੱਜ ਸਵੇਰੇ ਜਲੰਧਰ ਬੰਦ ਦਾ ਸੱਦਾ ਵਾਪਸ ਲੈ ਲੈਣ ਕਾਰਨ ਹਾਲਾਤ ਸ਼ਾਂਤ ਰਹੇ। ਅੱਜ ਭਗਵਾਨ ਵਾਲਮੀਕ ਮੰਦਿਰ ਪੁਲੀ ਅਲੀ ਮੁਹੱਲਾ ਵਿਖੇ ਵਾਲਮੀਕ ਸਮਾਜ ਦੀ ਮੀਟਿੰਗ ਹੋਈ ਜਿਸ ਵਿਚ ਸਰਵਸ੍ਰੀ ਅੰਮ੍ਰਿਤ ਖੋਸਲਾ, ਰਾਜ ਕੁਮਾਰ ਰਾਜੂ, ਡਾ: ਰਾਕੇਸ਼ ਸਭਰਵਾਲ, ਅਸ਼ੋਕ ਭੀਲ, ਰਾਕੇਸ਼ ਰੌਕੀ, ਦੀਪਕ ਤੇਲੂ, ਸੁਨੀਲ ਬੌਬੀ, ਰਾਜੂ ਆਦੀਆ, ਅਮਰੀਕ ਥਾਪਰ, ਚੰਦਨ ਗਰੇਵਾਲ, ਅਸ਼ੋਕ ਗਿੱਲ, ਰਾਜੇਸ਼ ਭੱਟੀ, ਵਿਕਰਮ ਕਲਿਆਣ, ਬਿਸ਼ਨ ਦਾਸ, ਨਰੇਸ਼ ਪ੍ਰਧਾਨ ਅਤੇ ਨਰੇਸ਼ ਮੱਟੂ ਆਦਿ ਸ਼ਾਮਿਲ ਹੋਏ।

ਮੀਟਿੰਗ ਵਿਚ ਇਸ ਗੱਲ 'ਤੇ ਜ਼ੋਰ ਦਿੱਤਾ ਗਿਆ ਕਿ ਆਏ ਦਿਨ ਭਗਵਾਨ ਵਾਲਮੀਕ ਜੀ ਬਾਰੇ ਚੈਨਲਾਂ, ਕਿਤਾਬਾਂ ਤੇ ਹੋਰ ਧਰਮਾਂ ਦੇ ਲੋਕਾਂ ਵੱਲੋਂ ਜੋ ਅਪਮਾਨਜਨਕ ਟਿੱਪਣੀਆਂ ਕੀਤੀਆਂ ਜਾਂਦੀਆਂ ਹਨ, ੳਨ੍ਹਾਂ ਦੀ ਰੋਕਥਾਮ ਲਈ ਸਰਕਾਰ ਨਾਲ ਗੱਲਬਾਤ ਕਰਕੇ ਇਕ ਕਮੇਟੀ ਬਣਾਈ ਜਾਵੇ ਜੋ ਜਦੋਂ ਵੀ ਅਜਿਹੀ ਮਾੜੀ ਘਟਨਾ ਵਾਪਰੇ ਉਸ ਬਾਰੇ ਕਾਰਵਾਈ ਸਿਰਫ਼ ਉਹ ਕਮੇਟੀ ਹੀ ਕਰੇ ਕਿਉਂਕਿ ਨਿਤ ਦਿਨ 'ਬੰਦ' ਕਰਵਾਉਣ ਨਾਲ ਦੁਕਾਨਦਾਰਾਂ ਦਾ ਬਹੁਤ ਨੁਕਸਾਨ ਹੁੰਦਾ ਹੈ, ਜੋ ਨਹੀਂ ਹੋਣਾ ਚਾਹੀਦਾ। ਇਸ ਸਬੰਧ ਵਿਚ ਵਾਲਮੀਕੀ ਸਮਾਜ ਦੀ ਇਕ ਜ਼ਰੂਰੀ ਮੀਟਿੰਗ 8 ਅਕਤੂਬਰ ਨੂੰ ਸਵੇਰੇ 10 ਵਜੇ ਭਗਵਾਨ ਵਾਲਮੀਕ ਮੰਦਿਰ ਪੁਲੀ ਅਲੀ ਮੁਹੱਲਾ ਵਿਖੇ ਬੁਲਾਈ ਗਈ ਹੈ ਜਿਸ ਵਿਚ ਜਲੰਧਰ ਦੀਆਂ ਸਾਰੀਆਂ ਵਾਲਮੀਕੀ ਜਥੇਬੰਦੀਆਂ ਨੂੰ ਆਪਣੇ ਪ੍ਰਤੀਨਿਧ ਭੇਜਣ ਦੀ ਅਪੀਲ ਕੀਤੀ ਗਈ ਹੈ ਤਾਂ ਕਿ ਕੋਈ ਯੋਗ ਤੇ ਸਾਂਝੀ ਕਾਰਵਾਈ ਹੋ ਸਕੇ। ਪ੍ਰਾਪਤ ਸੂਚਨਾ ਅਨੁਸਾਰ ਰਾਤ ਦੇ ਪ੍ਰਦਰਸ਼ਨ ਤੋਂ ਬਾਅਦ ਜਲੰਧਰ ਪੁਲਿਸ ਨੇ ਕੇਸ ਦਰਜ ਕਰ ਲਿਆ ਸੀ। ਇਹ ਵੀ ਪਤਾ ਲੱਗਾ ਹੈ ਕਿ ਟੀ. ਵੀ. ਚੈਨਲ ਨੇ ਨਾਟਕ ਦਾ ਪ੍ਰਸਾਰਨ ਬੰਦ ਕਰਕੇ ਮੁਆਫ਼ੀ ਮੰਗ ਲਈ ਹੈ।

ਧਾਰਮਿਕ ਭਾਵਨਾਵਾਂ ਭੜਕਾਉਣ ਦੇ ਦੋਸ਼ ਅਧੀਨ ਮਾਮਲਾ ਦਰਜ
ਬੰਦ ਦੇ ਸੱਦੇ ਨੂੰ ਲੈ ਕੇ ਬਾਜ਼ਾਰ ਬੰਦ ਰਹੇ
ਜਲੰਧਰ, 7 ਅਕਤੂਬਰ (ਮਨਵੀਰ ਸਿੰਘ ਵਾਲੀਆ)-'ਸਟਾਰ ਪਲਸ' ਚੈਨਲ 'ਤੇ ਪ੍ਰਸਾਰਿਤ ਹੋਣ ਵਾਲੇ ਲੜੀਵਾਰ 'ਵਿਦਾਈ' ਦੀ ਮੰਗਲਵਾਰ ਰਾਤ ਪ੍ਰਸਾਰਿਤ ਹੋਈ ਕੜੀ ਦੌਰਾਨ ਭਗਵਾਨ ਵਾਲਮੀਕ ਜੀ ਪ੍ਰਤੀ ਇਤਰਾਜਯੋਗ ਸ਼ਬਦਾਵਲੀ ਦੀ ਵਰਤੋਂ ਕੀਤੇ ਜਾਣ ਤੋਂ ਬਾਅਦ ਬੀਤੀ ਰਾਤ ਜਲੰਧਰ 'ਚ ਜੋਰਦਾਰ ਹੰਗਾਮਾ ਹੋਇਆ ਸੀ। ਚੈਨਲ ਖਿਲਾਫ਼ ਕਾਰਵਾਈ ਦੀ ਮੰਗ ਨੂੰ ਲੈ ਕੇ ਅੱਜ ਵਾਲਮੀਕ ਸੰਗਠਨਾਂ ਵਲੋਂ ਬੰਦ ਦਾ ਸੱਦਾ ਦਿੱਤਾ ਗਿਆ ਸੀ। ਹਾਲਾਂਕਿ ਵਾਲਮੀਕ ਸਮਾਜ ਦੀਆਂ ਮੰਗਾ ਮੰਨੇ ਜਾਣ ਤੋਂ ਬਾਅਦ ਇਹ ਸੱਦਾ ਵਾਪਸ ਲੈ ਲਿਆ ਗਿਆ। ਪਰ ਪੁਲਿਸ ਵਲੋਂ ਸ਼ਹਿਰ 'ਚ ਵੱਡੇ ਪੱਧਰ 'ਤੇ ਸੁਰੱਖਿਆ ਦੇ ਇੰਤਜ਼ਾਮ ਕੀਤੇ ਹੋਏ ਸਨ। ਸਾਰੇ ਪ੍ਰਬੰਧਾਂ ਦੀ ਕਮਾਨ ਐਸ.ਐਸ.ਪੀ. ਸ੍ਰੀ ਆਰ.ਕੇ. ਜਾਇਸਵਾਲ ਦੀ ਨਿਗਰਾਨੀ ਹੇਠ ਐਸ.ਪੀ. (ਐਚ) ਸ੍ਰੀ ਸਤਿੰਦਰ ਸਿੰਘ ਅਤੇ ਐਸ.ਪੀ. ਸਿਟੀ (ਇਕ) ਡਾ. ਐਸ. ਕੇ. ਕਾਲੀਆ ਨੇ ਸੰਭਾਲੀ ਹੋਈ ਸੀ। ਐਸ.ਪੀ. (ਡੀ) ਪਰਮਬੀਰ ਸਿੰਘ ਪਰਮਾਰ, ਡੀ.ਐਸ.ਪੀ. ਰਜਿੰਦਰ ਸਿੰਘ, ਡੀ.ਐਸ.ਪੀ. ਰਾਜਜੀਤ ਸਿੰਘ ਅਤੇ ਹੋਰ ਪੁਲਿਸ ਅਧਿਕਾਰੀ ਵੀ ਉਨ੍ਹਾਂ ਦੇ ਨਾਲ ਸਨ।

ਸਥਾਨਕ ਜੀ.ਟੀ. ਰੋਡ ਵਿਖੇ ਸਥਿਤੀ ਥੋੜੀ ਤਨਾਅਪੂਰਨ ਹੋ ਗਈ ਸੀ ਜਦੋਂ ਕੁਝ ਨੌਜਵਾਨਾਂ ਨੇ ਦੁਕਾਨਾਂ ਬੰਦ ਕਰਵਾਉਣੀਆਂ ਸ਼ੁਰੂ ਕਰ ਦਿੱਤੀਆ। ਡਰ ਦੇ ਕਾਰਨ ਕਈ ਦੁਕਾਨਦਾਰਾਂ ਨੇ ਖੁੱਦ ਹੀ ਦੁਕਾਨਾਂ ਬੰਦ ਕਰ ਦਿੱਤੀਆ। ਐਸ.ਪੀ. ਸਤਿੰਦਰ ਸਿੰਘ ਅਤੇ ਹੋਰ ਪੁਲਿਸ ਅਧਿਕਾਰੀਆਂ ਨੇ ਵਾਲਮੀਕ ਨੇਤਾਵਾਂ ਨੂੰ ਨਾਲ ਲੈ ਕੇ ਦੁਕਾਨਾਂ ਖੁੱਲ੍ਹਵਾਈਆਂ। ਕੁਲ ਮਿਲਾ ਕੇ ਮਾਹੌਲ ਸ਼ਾਂਤ ਹੀ ਰਿਹਾ ਹੈ। ਉਧਰੋਂ ਥਾਣਾ-4 'ਚ ਇਸ ਮਾਮਲੇ ਸਬੰਧੀ ਭਾਰਤੀ ਦੰਡਾਵਲੀ ਦੀ ਧਾਰਾ 295 ਏ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

ਵਾਲਮੀਕ ਸਮਾਜ ਨੇ ਬਣਾਈ 'ਧਰਮ ਰੱਖਿਅਕ ਕਮੇਟੀ'
ਅੱਜ ਦੇਣਗੇ ਹੜਤਾਲ ਲਈ 72 ਘੰਟੇ ਦਾ ਨੋਟਿਸ
ਜਲੰਧਰ, 8 ਅਕਤੂਬਰ (ਪ੍ਰਿਤਪਾਲ ਸਿੰਘ)-ਸਟਾਰ ਪਲੱਸ ਚੈਨਲ 'ਤੇ 6 ਅਕਤੂਬਰ ਰਾਤ ਨੂੰ ਵਿਖਾਏ ਜਾ ਰਹੇ ਲੜੀਵਾਰ ਨਾਟਕ 'ਵਿਦਾਈ' ਵਿਚ ਭਗਵਾਨ ਵਾਲਮੀਕ ਜੀ ਬਾਰੇ ਜੋ ਅਪਮਾਨਜਨਕ ਸ਼ਬਦਾਂ ਦੀ ਵਰਤੋਂ ਕੀਤੀ ਗਈ ਸੀ, ਉਸ ਨੂੰ ਲੈ ਕੇ ਵਾਲਮੀਕ ਸਮਾਜ ਵਿਚ ਅਜੇ ਵੀ ਭਾਰੀ ਰੋਸ ਪਾਇਆ ਜਾਂਦਾ ਹੈ। ਅੱਜ ਇਥੇ ਭਗਵਾਨ ਵਾਲਮੀਕ ਮੰਦਿਰ ਪੁਲੀ ਅਲੀ ਮੁਹੱਲਾ ਵਿਖੇ ਵਾਲਮੀਕ ਸਮਾਜ ਦੀਆਂ ਵੱਖ-ਵੱਖ ਸੰਸਥਾਵਾਂ ਦੀ ਮੀਟਿੰਗ ਹੋਈ ਜੋ ਸਵੇਰੇ 10.30 ਵਜੇ ਤੋਂ ਆਰੰਭ ਹੋ ਕੇ ਲਗਭਗ 3 ਵਜੇ ਤੱਕ ਚੱਲੀ। ਇਸ ਵਿਚ ਨਗਰ ਨਿਗਮ ਦੀਆਂ ਸਾਰੀਆਂ ਯੂਨੀਅਨਾਂ ਦੇ ਆਗੂ ਵੀ ਸ਼ਾਮਿਲ ਹੋਏ। ਮੀਟਿੰਗ ਵਿਚ ਸਾਰੀ ਸਥਿਤੀ 'ਤੇ ਵਿਚਾਰ ਕਰਨ ਉਪਰੰਤ ਸਰਬਸੰਮਤੀ ਨਾਲ 'ਵਾਲਮੀਕ ਧਰਮ ਰੱਖਿਅਕ ਕਮੇਟੀ' ਦਾ ਗਠਨ ਕੀਤਾ ਗਿਆ।

ਇਸ ਵਿਚ ਸਾਰੀਆਂ ਵਾਲਮੀਕ ਸੰਸਥਾਵਾਂ ਦੇ ਦੋ-ਦੋ ਮੈਂਬਰ ਲਏ ਗਏ ਹਨ। ਕੁਲ ਮਿਲਾ ਕੇ 67 ਮੈਂਬਰਾਂ ਦੀ ਕਮੇਟੀ ਬਣਾਈ ਗਈ ਹੈ ਪਰ ਕਹਿੰਦੇ ਹਨ ਕਿ ਹੋਰ ਮੈਂਬਰਾਂ ਦੇ ਸ਼ਾਮਿਲ ਹੋਣ ਨਾਲ ਇਹ ਗਿਣਤੀ 101 ਤੱਕ ਪਹੁੰਚ ਜਾਵੇਗੀ। ਇਸ ਵਿਚ ਕਿਸੇ ਨੂੰ ਪ੍ਰਧਾਨ ਨਹੀਂ ਚੁਣਿਆ ਗਿਆ, ਸਾਰੇ ਮੈਂਬਰਾਂ ਨੂੰ ਬਰਾਬਰ ਦੇ ਅਧਿਕਾਰ ਹੋਣਗੇ ਤੇ ਸਾਰੀ ਕਮੇਟੀ ਪ੍ਰਸ਼ਾਸਨ ਨੂੰ ਮਿਲੇਗੀ। ਮੀਟਿੰਗ ਵਿਚ ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਕੱਲ੍ਹ 9 ਅਕਤੂਬਰ ਨੂੰ ਨਗਰ ਨਿਗਮ ਦੀਆਂ ਯੂਨੀਅਨਾਂ ਦੇ ਪ੍ਰਤੀਨਿਧ ਕਮਿਸ਼ਨਰ ਜਲੰਧਰ ਨਗਰ ਨਿਗਮ ਨੂੰ ਮਿਲ ਕੇ ਸਾਰੀਆਂ ਨਗਰ ਨਿਗਮ ਯੂਨੀਅਨਾਂ ਵੱਲੋਂ 72 ਘੰਟੇ ਦਾ ਹੜਤਾਲ ਦਾ ਨੋਟਿਸ ਦੇਣਗੇ। ਇਸ ਵਿਚ ਕਿਹਾ ਜਾਵੇਗਾ ਕਿ ਜੇ ਉਨ੍ਹਾਂ ਦੀਆਂ ਮੰਗਾਂ ਸਰਕਾਰ ਨੇ 72 ਘੰਟਿਆਂ ਵਿਚ ਨਾ ਮੰਨੀਆਂ ਤਾਂ 72 ਘੰਟੇ ਬਾਅਦ ਸਫਾਈ ਸੇਵਕਾਂ ਵੱਲੋਂ ਸ਼ਹਿਰ ਵਿਚ ਹੜਤਾਲ ਸ਼ੁਰੂ ਕਰ ਦਿੱਤੀ ਜਾਵੇਗੀ।

ਉਨ੍ਹਾਂ ਦੀਆਂ ਮੰਗਾਂ ਇਸ ਪ੍ਰਕਾਰ ਹਨ :
  • ਪੰਜਾਬ ਸਰਕਾਰ ਸਟਾਰ ਪਲੱਸ ਚੈਨਲ ਤੁਰੰਤ ਬੰਦ ਕਰੇ ਕਿਉਂਕਿ ਇਸ ਚੈਨਲ ਨੇ ਕਈ ਵਾਰ ਭਗਵਾਨ ਵਾਲਮੀਕ ਜੀ ਬਾਰੇ ਗ਼ਲਤੀ ਕਰਕੇ ਮੁਆਫੀ ਮੰਗੀ ਹੈ। ਪਹਿਲਾਂ ਨਾਟਕ 'ਕੁਮ ਕੁਮ', ਫਿਰ 'ਸਾਸ ਭੀ ਕਭੀ ਬਹੂ ਥੀ' ਤੇ ਹੁਣ 'ਵਿਦਾਈ' ਵਿਚ ਭਗਵਾਨ ਵਾਲਮੀਕ ਜੀ ਦਾ ਅਪਮਾਨ ਕੀਤਾ ਗਿਆ ਹੈ।
  • ਮੀਟਿੰਗ ਵਿਚ ਮੁੱਖ ਮੰਤਰੀ ਪੰਜਾਬ ਸ: ਪ੍ਰਕਾਸ਼ ਸਿੰਘ ਬਾਦਲ ਤੋਂ ਮੰਗ ਕੀਤੀ ਗਈ ਕਿ ਉਹ ਨਵੀਂ ਬਣੀ 'ਧਰਮ ਰੱਖਿਅਕ ਕਮੇਟੀ' ਦੀ ਮੀਟਿੰਗ ਭਾਰਤ ਦੇ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਤੇ ਸੂਚਨਾ ਤੇ ਪ੍ਰਸਾਰਨ ਮੰਤਰੀ ਅੰਬਿਕਾ ਸੋਨੀ ਨਾਲ ਕਰਵਾਉਣ ਦਾ ਪ੍ਰਬੰਧ ਕਰਨ ਤਾਂ ਕਿ ਇਸ ਮਸਲੇ ਦਾ ਕੋਈ ਪੱਕਾ ਹੱਲ ਲੱਭਿਆ ਜਾ ਸਕੇ।
  • ਇਹ ਵੀ ਮੰਗ ਕੀਤੀ ਗਈ ਕਿ ਸਟਾਰ ਪਲੱਸ ਚੈਨਲ 'ਤੇ ਵਿਖਾਏ ਜਾਣ ਵਾਲੇ ਨਾਟਕ 'ਸਪਨਾ ਬਾਬੁਲ ਕਾ' ਤੇ 'ਵਿਦਾਈ' ਦੇ ਨਿਰਮਾਤਾ, ਡਾਇਰੈਕਟਰ, ਲੇਖਕ, ਕਲਾਕਾਰ ਅਤੇ ਚੈਨਲ ਦੇ ਮਾਲਕਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਦਲਿਤਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਅਧੀਨ ਉਨ੍ਹਾਂ 'ਤੇ ਐਸ. ਸੀ. ਐਕਟ ਲਾਗੂ ਕੀਤਾ ਜਾਵੇ।
ਇਹ ਵੀ ਫੈਸਲਾ ਹੋਇਆ ਕਿ ਵਾਲਮੀਕ ਧਰਮ ਰੱਖਿਅਕ ਕਮੇਟੀ ਦੇ ਮੈਂਬਰ 9 ਅਕਤੂਬਰ ਨੂੰ ਡਿਪਟੀ ਕਮਿਸ਼ਨਰ ਸ: ਅਜੀਤ ਸਿੰਘ ਪੰਨੂੰ ਨੂੰ ਮਿਲ ਕੇ ਮੰਗ-ਪੱਤਰ ਦੇਣਗੇ। ਰੱਖਿਅਕ ਕਮੇਟੀ ਵਿਚ ਡਾ: ਰਾਕੇਸ਼ ਕੁਮਾਰ ਸਭਰਵਾਲ, ਅਸ਼ੋਕ ਭੀਲ, ਵਿਕਰਮ ਕਲਿਆਣ, ਵਿਨੋਦ ਗਿੱਲ, ਚੰਦਨ ਗਰੇਵਾਲ, ਨਰੇਸ਼ ਕੁਮਾਰ, ਰਾਜ ਕੁਮਾਰ, ਪਵਨ ਬਾਬਾ, ਅੰਮ੍ਰਿਤ ਖੋਸਲਾ, ਸੁਭਾਸ਼ ਸੋਂਧੀ, ਅਰੁਣ ਕਲਿਆਣ, ਸੁਭਾਸ਼ ਰਾਮ ਥਾਪਰ, ਨਵਵਿਕਾਸ ਸਿੰਪੂ, ਬਿਸ਼ਨ ਦਾਸ ਸਹੋਤਾ, ਬੰਟੂ ਸਭਰਵਾਲ, ਸੁਨੀਲ ਦੱਤ ਬੌਬੀ, ਅਵਿਨੋਧ ਸਿੱਧੀ, ਰਾਜ ਕੁਮਾਰ ਭੱਟੀ, ਰਾਜੂ ਅਨਜਾਨ, ਪਵਨ ਹੰਸ, ਸਤਪਾਲ ਸਹੋਤਾ, ਲੱਕੀ ਥਾਪਰ, ਸਰਵਣ ਪਿੰਕਾ, ਸ਼ਾਂਤੀ ਸਰੂਪ, ਮਨਜੀਤ ਸਿੰਘ ਅਵਾਦਾਨ, ਰਾਕੇਸ਼ ਰੌਕੀ, ਸੁਖਦੇਵ ਕਲਿਆਣ, ਰਾਜੇਸ਼ ਭੱਟੀ, ਰੁਮੇਸ਼ ਥਾਪਰ, ਮਹਿਮਲ ਸੋਂਧੀ, ਜਤਿੰਦਰ ਨਿੱਕਾ, ਅਸ਼ਵਨੀ ਬੱਬੂ ਅਤੇ ਨਰੇਸ਼ ਪ੍ਰਧਾਨ ਆਦਿ ਸ਼ਾਮਿਲ ਕੀਤੇ ਗਏ ਹਨ।

ਵਾਲਮੀਕਿ ਭਾਈਚਾਰੇ ਦੇ ਰੋਸ ਕਾਰਨ ਵਿੱਚੇ ਰਹਿ ਗਿਆ ਸੜਕਾਂ ਦਾ ਉਦਘਾਟਨ

ਸਫਾਈ ਕਰਮਚਾਰੀਆਂ ਨੇ ਡਿਪਟੀ ਮੇਅਰ ਵਿਰੁੱਧ ਸੰਘਰਸ਼ ਕੀਤਾ ਸ਼ੁਰੂ (ਨੌਕਰੀ ਵੀ ਤੇ ਨਖਰਾ ਵੀ - ਜਾਗਰੂਕ ਜੱਟ)

ਬ੍ਰਾਹਮਣ ਕੌਮ ਵਿਰੁੱਧ ਇਤਰਾਜ਼ਯੋਗ ਡਾਇਲਾਗ ਬੋਲਣ ਦਾ ਹਿੰਦੂ ਜਾਗ੍ਰਿਤੀ ਮੰਚ ਨੇ ਸਖ਼ਤ ਨੋਟਿਸ ਲਿਆ

11) ਭਾਈ ਦਲਜੀਤ ਸਿੰਘ ਬਿੱਟੂ ਦੀ ਗ੍ਰਿਫਤਾਰੀ ਸੰਬੰਧੀ ਜਾਣਕਾਰੀ