ਮਾਮਲਾ ਸਿਰਸਾ ਡੇਰਾ ਪ੍ਰੇਮੀ ਦੀ ਮੌਤ ਦਾ

ਡੇਰਾ ਪ੍ਰੇਮੀਆਂ ਵੱਲੋਂ ਵਾਹਨਾਂ ਤੇ ਅਕਾਲੀ ਦਲ ਦੇ ਦਫ਼ਤਰ ਦੀ ਭੰਨ-ਤੋੜ
ਮਾਨਸਾ, 29 ਜੁਲਾਈ (ਗੁਰਚੇਤ ਸਿੰਘ ਫੱਤੇਵਾਲੀਆ/ਬਲਵਿੰਦਰ ਸਿੰਘ ਧਾਲੀਵਾਲ)-ਬੀਤੇ ਕੱਲ੍ਹ ਪਿੰਡ ਚਕੇਰੀਆਂ ਕੋਲ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਡੇਰਾ ਸਿਰਸਾ ਦੇ ਇਕ ਪ੍ਰੇਮੀ ਦੀ ਹੱਤਿਆ ਤੋਂ ਭੜਕੇ ਡੇਰਾ ਪ੍ਰੇਮੀਆਂ ਦੇ ਇਕ ਵੱਡੇ ਹਜ਼ੂਮ ਨੇ ਅੱਜ ਸ਼ਹਿਰ 'ਚ ਜਿੱਥੇ 18 ਬੱਸਾਂ ਤੇ 1 ਟੈਂਪੂ ਦੀ ਭੰਨ-ਤੋੜ ਕਰਨ ਦੇ ਨਾਲ-ਨਾਲ ਕੁਝ ਬੱਸਾਂ ਨੂੰ ਅੱਗ ਵੀ ਲਗਾ ਦਿੱਤੀ, ਉਥੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਦਫ਼ਤਰ, ਜ਼ਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ ਦੇ ਦਫ਼ਤਰ ਨੂੰ ਵੀ ਆਪਣੇ ਰੋਹ ਦਾ ਨਿਸ਼ਾਨਾ ਬਣਾਇਆ ਤੇ ਮਾਨਸਾ ਕੈਂਚੀਆਂ ਦੇ ਨਜ਼ਦੀਕ ਪੁਲਿਸ ਦੇ ਇਕ ਤੰਬੂ ਨੂੰ ਵੀ ਅੱਗ ਲਗਾ ਦਿੱਤੀ। ਇਸ ਰੋਹ ਦੇ ਚੱਲਦਿਆਂ ਬੱਸ ਅੱਡੇ ਕੋਲ ਕੁਝ ਅਨਸਰਾਂ ਵੱਲੋਂ ਕੀਤੀ ਫਾਇਰਿੰਗ ਦੀ ਜਵਾਬੀ ਕਾਰਵਾਈ 'ਚ ਭੀੜ ਨੂੰ ਤਿੱਤਰ-ਬਿੱਤਰ ਕਰਨ ਲਈ ਪੁਲਿਸ ਨੂੰ ਵੀ ਫਾਇਰਿੰਗ ਕਰਨੀ ਪਈ। ਅਜਿਹੀ ਦੁਵੱਲੀ ਫਾਇਰਿੰਗ 'ਚ ਇਕ ਡੇਰਾ ਪ੍ਰੇਮੀ ਦੀ ਛਾਤੀ 'ਚ ਗੋਲੀ ਲੱਗ ਗਈ ਜਿਸ ਦੀ ਬਾਅਦ 'ਚ ਮੌਤ ਹੋਣ ਦੀ ਵੀ ਖ਼ਬਰ ਮਿਲੀ ਪਰ ਹਾਲੇ ਤੱਕ ਸਰਕਾਰੀ ਤੌਰ 'ਤੇ ਮੌਤ ਦੀ ਪੁਸ਼ਟੀ ਨਹੀਂ ਹੋਈ। ਦੂਜੇ ਪਾਸੇ ਡੇਰਾ ਪ੍ਰੇਮੀਆਂ ਨੇ ਵੱਡੀ ਗਿਣਤੀ 'ਚ ਇਕੱਤਰ ਹੋ ਕੇ ਮਾਨਸਾ ਕੈਂਚੀਆਂ ਦੇ ਸ਼ਾਹ ਸਤਿਨਾਮ ਚੌਕ ਕੋਲ ਮ੍ਰਿਤਕ ਪ੍ਰੇਮੀ ਦੀ ਲਾਸ਼ ਰੱਖ ਕੇ ਐਲਾਨ ਕਰ ਦਿੱਤਾ ਹੈ ਕਿ ਜਦ ਤੱਕ ਪੁਲਿਸ ਦੋਸ਼ੀਆਂ ਨੂੰ ਗ੍ਰਿਫ਼ਤਾਰ ਨਹੀਂ ਕਰਦੀ ਉਦੋਂ ਤੱਕ ਪ੍ਰੇਮੀ ਦਾ ਸਸਕਾਰ ਨਹੀਂ ਕੀਤਾ ਜਾਵੇਗਾ ਤੇ ਧਰਨਾ ਜਾਰੀ ਰਹੇਗਾ। ਜਿਉਂ ਹੀ ਅੱਜ ਅਣਪਛਾਤੇ ਵਿਅਕਤੀਆਂ ਦੀਆਂ ਗੋਲੀਆਂ ਦਾ ਸ਼ਿਕਾਰ ਹੋਏ ਪ੍ਰੇਮੀ ਲੀਲੀ ਕੁਮਾਰ ਦਾ ਪੋਸਟ ਮਾਰਟਮ ਕਰਨ ਉਪਰੰਤ ਲਾਸ਼ ਉਸ ਦੇ ਵਾਰਿਸਾਂ ਤੇ ਪ੍ਰੇਮੀਆਂ ਨੂੰ ਸੌਂਪੀ ਗਈ ਤਾਂ ਪੰਜਾਬ ਤੇ ਹਰਿਆਣਾ 'ਚੋਂ ਇਕੱਠੇ ਹੋਏ ਪ੍ਰੇਮੀਆਂ ਨੇ ਮ੍ਰਿਤਕ ਦੀ ਲਾਸ਼ ਨੂੰ ਚੁੱਕ ਕੇ ਸ਼ਹਿਰ 'ਚ ਦੀ ਰੋਸ ਮੁਜ਼ਾਹਰਾ ਕੱਢਣਾ ਸ਼ੁਰੂ ਕਰ ਦਿੱਤਾ ਤੇ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਖਿਲਾਫ਼ ਤਿੱਖੀ ਨਾਅਰੇਬਾਜ਼ੀ ਵੀ ਕੀਤੀ।

ਰੋਸ ਮਾਰਚ ਦੌਰਾਨ ਹਜ਼ੂਮ ਨੇ ਜ਼ਿਲ੍ਹਾ ਖੁਰਾਕ ਤੇ ਸਪਲਾਈ ਦਫ਼ਤਰ ਤੇ ਸਦਰ ਥਾਣੇ ਦੇ ਨਜ਼ਦੀਕ ਦੋ ਪੁਲਿਸ ਦੀਆਂ ਬੱਸਾਂ ਦੀ ਭੰਨ-ਤੋੜ ਕੀਤੀ। ਹਜ਼ੂਮ ਨੇ ਬੱਸ ਅੱਡੇ ਅੰਦਰ ਖੜ੍ਹੀਆਂ 14 ਵੱਡੀਆਂ ਨਿੱਜੀ ਤੇ ਸਰਕਾਰੀ ਬੱਸਾਂ, ਇਕ ਮਿੰਨੀ ਬੱਸ, 1 ਟੈਂਪੂ ਦੀ ਭੰਨ-ਤੋੜ ਕਰਦਿਆਂ ਬੱਸਾਂ ਦੇ ਸ਼ੀਸ਼ੇ ਚਕਨਾਚੂਰ ਕਰ ਦਿੱਤੇ ਤੇ ਨਾਲ ਹੀ ਇਕ-ਦੋ ਬੱਸਾਂ ਨੂੰ ਅੱਗ ਵੀ ਲਗਾ ਦਿੱਤੀ। ਇਸ ਹਜ਼ੂਮ ਨੇ ਮਾਨਸਾ ਕੈਂਚੀਆਂ ਨੂੰ ਜਾਂਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਦਫ਼ਤਰ ਦੇ ਸ਼ੀਸ਼ਿਆਂ ਦੀ ਭੰਨ-ਤੋੜ ਵੀ ਕਰ ਦਿੱਤੀ ਤੇ ਉਥੇ ਚੰਡੀਗੜ੍ਹ ਡਿਪੂ ਦੀ ਇਕ ਬੱਸ 'ਚੋਂ ਸਵਾਰੀਆਂ ਉਤਾਰ ਕੇ ਉਸ ਨੂੰ ਅੱਗ ਲਗਾ ਦਿੱਤੀ। ਇਸੇ ਦੌਰਾਨ ਬੱਸ ਅੱਡੇ ਦੇ ਕੋਲ ਹਜ਼ੂਮ 'ਚੋਂ ਕਿਸੇ ਵਿਅਕਤੀ ਵੱਲੋਂ ਫਾਇਰਿੰਗ ਕਰਨ ਕਾਰਨ ਅੱਗੋਂ ਪੁਲਿਸ ਵੱਲੋਂ ਵੀ ਜਵਾਬੀ ਫਾਇਰਿੰਗ ਭੀੜ ਨੂੰ ਭਜਾਉਣ ਲਈ ਕੀਤੀ ਗਈ ਜਿਸ ਕਰਕੇ ਇਕ ਡੇਰਾ ਪ੍ਰੇਮੀ ਅੰਮ੍ਰਿਤਪਾਲ (24) ਵਾਸੀ ਜਾਖ਼ਲ (ਹਰਿਆਣਾ ਰਾਜ) ਨੂੰ ਗੋਲੀ ਲੱਗ ਗਈ ਜਿਸ ਨੂੰ ਸਥਾਨਿਕ ਸਿਵਲ ਹਸਪਤਾਲ ਵਿਖੇ ਦਾਖ਼ਲ ਕਰਵਾਉਣ ਉਪਰੰਤ ਕਿਸੇ ਹੋਰ ਹਸਪਤਾਲ ਲਈ ਭੇਜਣ ਦੀ ਗੱਲ ਕੀਤੀ ਜਾ ਰਹੀ ਹੈ ਪਰ ਅਣ-ਅਧਿਕਾਰਤ ਸੂਤਰਾਂ ਅਨੁਸਾਰ ਪ੍ਰੇਮੀ ਦੀ ਮੌਤ ਹੋ ਗਈ ਹੈ। ਉਪਰੋਕਤ ਘਟਨਾ ਦੇ ਚੱਲਦਿਆਂ ਮਾਨਸਾ ਸ਼ਹਿਰ 'ਚ ਇਕ ਵਾਰ ਸੰਨਾਟਾ ਛਾ ਗਿਆ ਤੇ ਸਾਰੇ ਬਾਜ਼ਾਰ ਬੰਦ ਹੋ ਗਏ। ਸ: ਮਨਮਿੰਦਰ ਸਿੰਘ ਐਸ. ਐਸ. ਪੀ. ਮਾਨਸਾ ਤੇ ਸ੍ਰੀ ਕੁਮਾਰ ਰਾਹੁਲ ਡਿਪਟੀ ਕਮਿਸ਼ਨਰ ਮਾਨਸਾ ਵੱਲੋਂ ਪ੍ਰੇਮੀਆਂ ਦੀ 25-ਮੈਂਬਰੀ ਕਮੇਟੀ ਨਾਲ ਮੀਟਿੰਗ ਕੀਤੀ ਜਾ ਰਹੀ ਸੀ ਪਰ ਖ਼ਬਰ ਲਿਖਣ ਤੱਕ ਕੋਈ ਸਾਰਥਿਕ ਸਿੱਟਾ ਨਹੀਂ ਨਿਕਲਿਆ। ਐਸ. ਐਸ. ਪੀ. ਮਾਨਸਾ ਨੇ ਦੱਸਿਆ ਕਿ ਸਥਿਤੀ ਪੂਰੀ ਤਰ੍ਹਾਂ ਕਾਬੂ ਹੇਠ ਹੈ ਤੇ ਛੇਤੀ ਹੀ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਉਨ੍ਹਾਂ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਵੀ ਕੀਤੀ।

ਮਾਨਸਾ ਜ਼ਿਲ੍ਹੇ ਦੇ ਸਾਰੇ ਸਕੂਲ ਅੱਜ ਬੰਦ
ਮਾਨਸਾ, 29 ਜੁਲਾਈ (ਸ. ਰ.)-ਡੇਰਾ ਸਿਰਸਾ ਦੇ ਪ੍ਰੇਮੀ ਦੀ ਹੱਤਿਆ ਦੇ ਸਬੰਧ 'ਚ ਮਾਨਸਾ ਜ਼ਿਲ੍ਹੇ 'ਚ ਚੱਲ ਰਹੇ ਵਾਦ-ਵਿਵਾਦ ਦੇ ਮੱਦੇਨਜ਼ਰ ਭਲਕੇ 30 ਜੁਲਾਈ ਨੂੰ ਮਾਨਸਾ ਜ਼ਿਲ੍ਹੇ ਦੇ ਸਾਰੇ ਸਰਕਾਰੀ ਤੇ ਗ਼ੈਰ-ਸਰਕਾਰੀ ਸਕੂਲ ਬੰਦ ਰਹਿਣਗੇ। ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਰਾਹੁਲ ਨੇ ਦੇਰ ਸ਼ਾਮ 'ਅਜੀਤ' ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਲਕੇ ਸਾਰੇ ਪ੍ਰਾਇਮਰੀ, ਮਿਡਲ ਤੇ ਸੈਕੰਡਰੀ ਸਕੂਲ ਬੰਦ ਰਹਿਣਗੇ ਅਤੇ ਉਲੰਘਣਾ ਕਰਨ ਵਾਲੇ ਸਕੂਲਾਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਜਾਂਚ ਲਈ ਵਿਸ਼ੇਸ਼ ਟੀਮ ਗਠਿਤ
ਚੰਡੀਗੜ੍ਹ, 29 ਜੁਲਾਈ (ਸ.ਰ.) - ਮੁੱਖ ਮੰਤਰੀ ਪੰਜਾਬ ਸ: ਪ੍ਰਕਾਸ਼ ਸਿੰਘ ਬਾਦਲ ਨੇ ਮਾਨਸਾ ਵਿਖੇ ਕੱਲ੍ਹ ਵਾਪਰੀ ਇਕ ਘਟਨਾ ਜਿਸ ਵਿਚ ਇਕ ਡੇਰਾ ਪ੍ਰੇਮੀ ਲੀਲੀ ਕੁਮਾਰ ਦਾ ਗੋਲੀ ਮਾਰਕੇ ਕਤਲ ਕਰ ਦਿੱਤਾ ਗਿਆ ਸੀ, ਦਾ ਗੰਭੀਰ ਨੋਟਿਸ ਲੈਂਦਿਆਂ ਇਸ ਘਟਨਾ ਦੀ ਜਾਂਚ ਲਈ ਇਕ ਵਿਸ਼ੇਸ਼ ਟੀਮ ਦਾ ਗਠਨ ਕਰਨ ਦਾ ਫੈਸਲਾ ਲਿਆ ਹੈ ਜਿਸ ਦੀ ਅਗਵਾਈ ਡੀ. ਆਈ. ਜੀ. ਬਠਿੰਡਾ ਰੇਂਜ ਕਰਨਗੇ ਅਤੇ ਮਾਨਸਾ ਦੇ ਐਸ. ਐਸ. ਪੀ. ਅਤੇ ਐਸ. ਪੀ. (ਡੀ) ਇਸ ਦੇ ਮੈਂਬਰ ਹੋਣਗੇ।

ਪ੍ਰੇਮੀਆਂ ਨੇ ਧਰਨਾ ਚੁੱਕਿਆ
ਡੇਰਾ ਸਿਰਸਾ ਦੇ ਪ੍ਰੇਮੀਆਂ ਵੱਲੋਂ ਮਾਨਸਾ ਕੈਂਚੀਆਂ 'ਤੇ ਲੀਲੀ ਕੁਮਾਰ ਦੀ ਲਾਸ਼ ਨੂੰ ਚੌਕ 'ਚ ਰੱਖ ਕੇ ਲਗਾਇਆ ਗਿਆ ਰੋਸ ਧਰਨਾ ਅੱਜ ਦੇਰ ਸ਼ਾਮ ਪੁਲਿਸ ਵੱਲੋਂ 3 ਕਾਤਲਾਂ ਨੂੰ ਗ੍ਰਿਫ਼ਤਾਰ ਕਰਨ ਤੇ ਚੌਥੇ ਨੂੰ ਜਲਦੀ ਗ੍ਰਿਫ਼ਤਾਰ ਕਰਨ ਦੇ ਭਰੋਸੇ ਉਪਰੰਤ ਚੁੱਕ ਲਿਆ ਹੈ। ਦੇਰ ਸ਼ਾਮ ਬਠਿੰਡਾ ਰੇਂਜ ਦੇ ਡੀ. ਆਈ. ਜੀ. ਸ੍ਰੀ ਜਤਿੰਦਰ ਜੈਨ, ਸ. ਮਨਮਿੰਦਰ ਸਿੰਘ ਐਸ. ਐਸ. ਪੀ. ਮਾਨਸਾ, ਸ੍ਰੀ ਕੁਮਾਰ ਰਾਹੁਲ ਡਿਪਟੀ ਕਮਿਸ਼ਨਰ ਮਾਨਸਾ ਵੱਲੋਂ ਡੇਰੇ ਦੇ ਰਾਜਨੀਤਕ ਵਿੰਗ ਦੇ ਚੇਅਰਮੈਨ ਰਾਮ ਸਿੰਘ ਅਸਪਾਲ ਤੇ ਹੋਰ ਆਗੂਆਂ ਨਾਲ ਮੀਟਿੰਗ ਕਰਨ ਮੌਕੇ ਜਾਣਕਾਰੀ ਦਿੱਤੀ ਕਿ ਪ੍ਰੇਮੀ ਦੇ ਕਤਲ ਦੇ ਦੋਸ਼ 'ਚ ਦਲਜੀਤ ਸਿੰਘ, ਡਾ: ਸ਼ਿੰਦਾ ਤੇ ਮਿੱਠੂ ਸਿੰਘ ਸਾਰੇ ਵਾਸੀ ਆਲਮਪੁਰ ਮੰਦਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜਦਕਿ ਰਹਿੰਦੇ ਇਕ ਹੋਰ ਕਥਿਤ ਦੋਸ਼ੀ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਜ਼ਿਕਰਯੋਗ ਹੈ ਕਿ ਡੇਰਾ ਪ੍ਰੇਮੀ ਦੇ ਕਤਲ ਸਬੰਧੀ ਬੀਤੀ ਸ਼ਾਮ ਪੁਲਿਸ ਨੇ ਥਾਣਾ ਸਦਰ 'ਚ ਮੁਕੱਦਮਾ ਨੰ: 61 ਤਹਿਤ ਧਾਰਾ 302, 134 ਆਈ. ਪੀ. ਸੀ., 25, 54, 59 ਆਰਮਜ਼ ਐਕਟ ਅਧੀਨ ਅਣਪਛਾਤੇ ਵਿਅਕਤੀਆਂ ਖਿਲਾਫ਼ ਮੁਕੱਦਮਾ ਦਰਜ ਕੀਤਾ ਸੀ।

ਲੀਲੀ ਕੁਮਾਰ ਦਾ ਸਸਕਾਰ
ਇਸੇ ਦੌਰਾਨ ਮ੍ਰਿਤਕ ਲੀਲੀ ਕੁਮਾਰ ਦਾ ਦੇਰ ਸ਼ਾਮ ਡੇਰਾ ਸਿਰਸਾ ਦੇ ਮਾਨਸਾ ਸਥਿਤ ਡੇਰੇ ਵਿਖੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਇਸ ਮੌਕੇ ਡੇਰੇ ਦੇ ਸ਼ਰਧਾਲੂਆਂ ਤੋਂ ਇਲਾਵਾ ਪ੍ਰਸਾਸ਼ਨ ਦੇ ਉੱਚ ਅਧਿਕਾਰੀ ਵੀ ਹਾਜ਼ਰ ਸਨ।

ਅਜੀਤ ਖ਼ਬਰ ਵੈੱਬ ਪੰਨਾ ਲਿੰਕ

4) ਪੰਜਾਬ ਸਰਕਾਰ ਦੀ ਸ਼ਲਾਘਾ, ਧੰਨਵਾਦ ਅਤੇ ਹੋਰ