ਗੁਰੂ ਰਵਿਦਾਸ ਲੋਕ ਸੇਵਾ ਨੌਜਵਾਨ ਸਭਾ ਵੱਲੋਂ ਪੰਜਾਬ ਸਰਕਾਰ ਦੀ ਭੂਮਿਕਾ ਦੀ ਸ਼ਲਾਘਾ
ਜਲੰਧਰ, 10 ਜੂਨ (ਬਾਵਾ)-ਵਿਆਨਾ ਵਿਚ ਡੇਰਾ ਸੱਚਖੰਡ ਬੱਲਾਂ ਦੇ ਸੰਤਾਂ ‘ਤੇ ਹੋਏ ਹਮਲੇ ਮਗਰੋਂ ਸੰਤ ਰਾਮਾ ਨੰਦ ਦੀ ਮ੍ਰਿਤਕ ਦੇਹ ਅਤੇ ਜ਼ਖਮੀ ਹੋਏ ਸੰਤ ਨਿਰੰਜਣ ਦਾਸ ਦੀ ਵਾਪਸੀ ਲਈ ਵਿਸ਼ੇਸ਼ ਹਵਾਈ ਜਹਾਜ਼ ਰਾਹੀਂ ਮਾਨ ਸਤਿਕਾਰ ਨਾਲ ਵਾਪਸੀ ਲਈ ਪਿੰਡ ਖੁਰਲਾ ਕਿੰਗਰਾ ਦੇ ਮੁਹੱਲਾ ਡਾ: ਅੰਬੇਡਕਰ ਨਗਰ ‘ਚ ਸੰਗਤਾਂ ਨੇ ਪੰਜਾਬ ਸਰਕਾਰ ਅਤੇ ਖ਼ਾਸਕਰ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਇਸ ਦੁੱਖ ਦੀ ਘੜੀ ਵਿਚ ਸੰਗਤਾਂ ਨੂੰ ਪੂਰਾ ਸਹਿਯੋਗ ਦਿੱਤਾ। ਅੱਜ ਇੱਥੇ ਜਾਰੀ ਬਿਆਨ ਵਿਚ ਸ੍ਰੀ ਗੁਰੂ ਰਵਿਦਾਸ ਮੰਦਰ ਮੁਹੱਲਾ ਡਾ: ਅੰਬੇਡਕਰ ਨਗਰ, ਖੁਰਲਾ ਕਿੰਗਰਾ ਦੇ ਪ੍ਰਧਾਨ ਸ੍ਰੀ ਸ਼ਸ਼ੀ ਕੁਮਾਰ ਅਤੇ ਮੁਹੱਲਾ ਡਾ: ਅੰਬੇਡਕਰ ਦੀਆਂ ਸਮੂਹ ਸੰਗਤਾਂ ਵੱਲੋਂ ਪੰਜਾਬ ਸਰਕਾਰ ਅਤੇ ਖ਼ਾਸਕਰ ਮੁੱਖ ਮੰਤਰੀ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਉਨ੍ਹਾਂ ਵੱਲੋਂ ਇਸ ਸੰਬੰਧ ਵਿਚ ਨਿਭਾਈ ਭੂਮਿਕਾ ਦੀ ਭਰਪੂਰ ਸ਼ਲਾਘਾ ਕੀਤੀ ਹੈ।
ਸ੍ਰੀ ਗੁਰੂ ਰਵਿਦਾਸ ਸਭਾ ਕਟੜਾ ਮੁਹੱਲਾ ਵੱਲੋਂ ਪੰਜਾਬ ਸਰਕਾਰ ਦੀ ਸ਼ਲਾਘਾ
ਜਲੰਧਰ, 11 ਜੂਨ (ਬਾਵਾ)-ਸ੍ਰੀ ਗੁਰੂ ਰਵਿਦਾਸ ਸਭਾ, ਕਟੜਾ ਮੁਹੱਲਾ ਦੀ ਬੈਠਕ ਸ੍ਰੀ ਗੁਰੂ ਰਵਿਦਾਸ ਮੰਦਿਰ, ਬਸਤੀ ਦਾਨਿਸ਼ਮੰਦਾਂ ਵਿਖੇ ਹੋਈ। ਜਿਸ ਵਿਚ ਵਿਆਨਾ ਵਿਚ ਸੰਤਾਂ ‘ਤੇ ਹੋਏ ਹਮਲੇ ਮਗਰੋਂ ਪੰਜਾਬ ਅਤੇ ਆਲੇ ਦੁਆਲੇ ਦੇ ਹਿੱਸਿਆਂ ‘ਚ ਲੋਕਾਂ ਵਿਚ ਭੜਕੇ ਰੋਹ ਨੂੰ ਸ਼ਾਂਤ ਕਰਨ ਲਈ ਪੰਜਾਬ ਸਰਕਾਰ ਵੱਲੋਂ ਕੀਤੇ ਗਏ ਠੋਸ ਯਤਨਾਂ ਦੀ ਸ਼ਲਾਘਾ ਕੀਤੀ ਗਈ। ਸ੍ਰੀ ਮਦਨ ਲਾਲ ਦੀ ਪ੍ਰਧਾਨਗੀ ਹੇਠ ਹੋਈ ਇਸ ਬੈਠਕ ਵਿਚ ਪੰਜਾਬ ਸਰਕਾਰ ਅਤੇ ਖ਼ਾਸ ਕਰ ਮੁੱਖ ਮੰਤਰੀ ਸ: ਪ੍ਰਕਾਸ਼ ਸਿਘ ਬਾਦਲ ਦਾ ਧੰਨਵਾਦ ਕੀਤਾ ਗਿਆ। ਜਿਨ੍ਹਾਂ ਨੇ ਇਸ ਘਟਨਾ ਨੂੰ ਗੰਭੀਰਤਾ ਨਾਲ ਲਿਆ ਅਤੇ ਸੰਤ ਰਾਮਾ ਨੰਦ ਦੀ ਮ੍ਰਿਤਕ ਦੇਹ ਭਾਰਤ ਲਿਆਉਣ ਅਤੇ ਉਨ੍ਹਾਂ ਦਾ ਸਰਕਾਰੀ ਸਨਮਾਨਾਂ ਨਾਲ ਸਸਕਾਰ ਕਰਾਉਣ ਵਿਚ ਮਹੱਤਵਪੂਰਨ ਭੂਮਿਕਾ ਅਦਾ ਕੀਤੀ। ਉਨ੍ਹਾਂ ਨੇ ਸ: ਬਾਦਲ ਵੱਲੋਂ ਡੇਰਾ ਸੱਚਖੰਡ ਬੱਲਾਂ ਨਾਲ ਇਸ ਸਬੰਧ ਵਿਚ ਕੀਤੇ ਸਹਿਯੋਗ ਲਈ ਵੀ ਉਨ੍ਹਾਂ ਦਾ ਧੰਨਵਾਦ ਕੀਤਾ। ਮੀਟਿੰਗ ਵਿਚ ਸਭਾ ਦੇ ਚੇਅਰਮੈਨ ਸ੍ਰੀ ਪਾਸ ਰਾਮ, ਸਕੱਤਰ ਸ੍ਰੀ ਸੱਤਵਪਾਲ ਤੋਂ ਇਲਾਵਾ ਸਭਾ ਦੇ ਮੈਂਬਰ ਸ੍ਰੀ ਉਮ ਪ੍ਰਕਾਸ਼ ਲੋਚ, ਸ੍ਰੀ ਪੂਰਨ ਚੰਦ ਪਾਠੀ, ਸ੍ਰੀ ਰਮਨ ਲੋਚ, ਸ੍ਰੀ ਬਲਬੀਰ ਖਜ਼ਾਨਚੀ, ਸ੍ਰੀ ਮੱਖਣ ਲਾਲ ਓਮ ਪ੍ਰਧਾਨ, ਸ੍ਰੀ ਚਰਨ ਲਾਲ, ਸ੍ਰੀ ਨੰਦਾ ਰਾਮ, ਸ੍ਰੀ ਚਮਨ ਉਗਰਾਲ, ਸ੍ਰੀ ਅਮਨ ਨਾਥ ਭੰਡਾਰੀ ਆਦਿ ਹਾਜ਼ਰ ਸਨ।
ਗੁ: ਸ੍ਰੀ ਗੁਰੂ ਰਵਿਦਾਸ ਤੱਲ੍ਹਣ ਦੀਆਂ ਸੰਗਤਾਂ ਵੱਲੋਂ ਬਾਦਲ ਦਾ ਧੰਨਵਾਦ
ਜਲੰਧਰ, 11 ਜੂਨ (ਬਾਵਾ)-ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਪ੍ਰਬੰਧਕ ਕਮੇਟੀ, ਤੱਲ੍ਹਣ ਨੇ ਵਿਆਨਾ ਵਿਖੇ ਹੋਈ ਘਟਨਾ ਮਗਰੋਂ ਸੰਤ ਰਾਮਾ ਨੰਦ ਦੀ ਮ੍ਰਿਤਕ ਦੇਹ ਅਤੇ ਜ਼ਖਮੀ ਹੋਏ ਸੰਤ ਨਿਰੰਜਣ ਦਾਸ ਦੀ ਸਤਿਕਾਰ ਸਹਿਤ ਵਾਪਿਸੀ ਲਈ ਵਿਸ਼ੇਸ਼ ਜਹਾਜ਼ ਦਾ ਇੰਤਜ਼ਾਮ ਕਰਨ ਲਈ ਪੰਜਾਬ ਸਰਕਾਰ ਅਤੇ ਖ਼ਾਸ ਕਰ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਦਾ ਧੰਨਵਾਦ ਕੀਤਾ ਹੈ। ਜਿਨ੍ਹਾਂ ਨੇ ਇਸ ਦੁੱਖ ਦੀ ਘੜੀ ਵਿਚ ਮਾਹੌਲ ਨੂੰ ਸ਼ਾਂਤ ਕਰਨ ਅਤੇ ਅਮਨ ਕਾਨੂੰਨ ਬਹਾਲ ਰੱਖਣ ਵਾਸਤੇ ਡੇਰਾ ਸੱਚਖੰਡ ਬੱਲਾਂ ਨੂੰ ਭਰਪੂਰ ਸਹਿਯੋਗ ਦਿੱਤਾ। ਗੁ: ਸ੍ਰੀ ਗੁਰੂ ਰਵਿਦਾਸ, ਤੱਲ੍ਹਣ ਦੇ ਪ੍ਰਧਾਨ ਸ੍ਰੀ ਵਿਦਿਆ ਰਤਨ ਜੱਸੀ, ਸ੍ਰੀ ਮਨਜੀਤ ਬਾਲੀ, ਸ੍ਰੀ ਰਾਮ ਲੁਭਾਇਆ, ਸ੍ਰੀ ਰਾਮ ਕਿਸ਼ਨ, ਸ੍ਰੀ ਹੰਸ ਰਾਜ ਜੱਸੀ ਪੰਚ, ਸ੍ਰੀ ਨਰਿੰਦਰ ਚਾਹਲ, ਸ੍ਰੀ ਪ੍ਰਸ਼ੋਤਮ ਗੋਗੀ ਪੰਚ, ਸ੍ਰੀ ਅਮਰਜੀਤ ਜੱਸੀ, ਸ੍ਰੀ ਸਵਰਨ ਦਾਸ ਖਜ਼ਾਨਚੀ ਅਤੇ ਹੋਰ ਸੰਗਤਾਂ ਨੇ ਪੰਜਾਬ ਸਰਕਾਰ ਅਤੇ ਸ: ਬਾਦਲ ਵੱਲੋਂ ਨਿਭਾਈ ਭੂਮਿਕਾ ਲਈ ਉਨ੍ਹਾਂ ਦਾ ਧੰਨਵਾਦ ਕੀਤਾ ਹੈ।
ਦਲਿਤ ਅਤੇ ਬਸਪਾ ਵੋਟਰਾਂ ਦੇ ਭੇਤ ‘ਚ ਹੀ ਛੁਪਿਆ ਹੈ ਹਲਕਾ ਨੂਰਮਹਿਲ ਦਾ ਚੋਣ ਨਤੀਜਾ!
ਜਿੱਥੇ ਕਾਂਗਰਸ ਪਾਰਟੀ ਇਹ ਪ੍ਰਚਾਰ ਕਰ ਰਹੀ ਸੀ ਕਿ ਵਿਆਨਾ ਵਿਚ ਹੋਈ ਘਟਨਾ ਤੋਂ ਬਾਅਦ ਪੰਜਾਬ ਵਿਚ ਪੈਦਾ ਹੋਏ ਹਾਲਾਤ ਕਾਰਨ ਦਲਿਤ ਵੋਟਰ ਅਕਾਲੀ-ਭਾਜਪਾ ਸਰਕਾਰ ‘ਤੇ ਗੁੱਸਾ ਕੱਢੇਗਾ ਉਥੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਅਤੇ ਉਪ-ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਨੇ ਅਸਲ ਵਿਚ ਵਿਆਨਾ ਕਾਂਡ ਤੋਂ ਬਾਅਦ ਡੇਰਾ ਸੱਚਖੰਡ ਬੱਲਾਂ ਨੂੰ ਸਰਕਾਰ ਵੱਲੋਂ ਜੋ ਸਹਿਯੋਗ ਦਿੱਤਾ ਹੈ, ਉਸ ਨੂੰ ਵੇਖ ਕੇ ਅਜੇ ਵੀ ਇਹ ਕਹਿ ਸਕਣਾ ਮੁਸ਼ਕਿਲ ਹੈ ਕਿ ਇਹ ਵੋਟ ਕਿੱਧਰ ਭੁਗਤੀ ਹੋਵੇਗੀ।
ਬਸਪਾ ਵੱਲੋਂ ਬੜੇ ਨਾਟਕੀ ਅੰਦਾਜ਼ ਵਿਚ ਹਲਕਾ ਨੂਰਮਹਿਲ ਤੋਂ ਆਪਣਾ ਉਮੀਦਵਾਰ ਖੜ੍ਹਾ ਨਾ ਕਰਨ ਜਿੱਥੇ ਹਲਕੇ ਵਿਚ ਬਸਪਾ ਦੇ ਆਗੂਆਂ, ਕੈਡਰ ਅਤੇ ਸਮਰਥਕਾਂ ‘ਚ ਭੰਬਲਭੂਸੇ ਵਾਲੀ ਸਥਿਤੀ ਰਹੀ ਉਥੇ ਕਾਂਗਰਸ ਪਾਰਟੀ ਲਗਾਤਾਰ ਇਸ ਪ੍ਰਚਾਰ ਵਿਚ ਰੁੱਝੀ ਰਹੀ ਕਿ ਬਸਪਾ ਨੇ ਉਸਨੂੰ ਸਮਰਥਨ ਦਿੱਤਾ ਹੋਇਆ ਹੈ। ਸਮੇਂ ਸਮੇਂ ‘ਤੇ ਆਪਣੇ ਬਿਆਨਾਂ ਰਾਹੀਂ ਬਸਪਾ ਦੇ ਕੌਮੀ ਜਨਰਲ ਸਕੱਤਰ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਸ੍ਰੀ ਨਰਿੰਦਰ ਕਸ਼ਿਅਪ ਅਤੇ ਬਸਪਾ, ਪੰਜਾਬ ਦੇ ਪ੍ਰਧਾਨ ਸ: ਅਵਤਾਰ ਸਿੰਘ ਕਰੀਮਪੁਰੀ ਨੇ ਇਸ ਦਾ ਖੰਡਨ ਕੀਤਾ ਪਰ ਇਹ ਭੰਬਲਭੂਸਾ ਦੂਰ ਨਹੀਂ ਹੋਇਆ ਅਤੇ ਬਸਪਾ ਦੇ ਵੋਟਰਾਂ ਤਕ ਕੋਈ ਸਹੀ ਸੰਦੇਸ਼ ਨਹੀਂ ਪੁੱਜਾ। ਜਿੱਥੇ ਪ੍ਰਦੇਸ਼ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਸ: ਲਾਲ ਸਿੰਘ ਇਹ ਦਾਅਵਾ ਕਰਦੇ ਰਹੇ ਕਿ ਬਸਪਾ ਦੀ ਸਥਾਨਕ ਲੀਡਰਸ਼ਿਪ ਉਨ੍ਹਾਂ ਨੂੰ ਸਮਰਥਨ ਦੇ ਰਹੀ ਹੈ ਉਥੇ ਖ਼ਬਰ ਇਹ ਵੀ ਹੈ ਕਿ ਵੀਰਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਬਸਪਾ ਦੀ ਸਥਾਨਕ ਲੀਡਰਸ਼ਿਪ ਦੇ ਇਕ ਹਿੱਸੇ ਨੂੰ ਆਪਣੇ ਭਰੋਸੇ ਵਿਚ ਲੈ ਲਿਆ ਸੀ। ਹਲਕੇ ਦੇ ਆਗੂਆਂ ਦਾ ਮੰਨਣਾ ਹੈ ਕਿ ਵੱਡੀ ਗਿਣਤੀ ਵਿਚ ਔਰਤ ਵੋਟਰਾਂ ਦੇ ਵੋਟ ਪਾਉਣ ਲਈ ਨਿਕਲਣ ਦਾ ਅਰਥ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਅਤੇ ਸਵਰਗੀ ਵਿਧਾਇਕ ਸ: ਗੁਰਦੀਪ ਸਿੰਘ ਭੁੱਲਰ ਦੀ ਧਰਮਪਤਨੀ ਦੇ ਹੱਕ ਵਿਚ ਚੱਲੀ ਹਮਦਰਦੀ ਲਹਿਰ ਨਾਲ ਜੋੜ ਕੇ ਵੇਖਿਆ ਜਾ ਸਕਦਾ ਹੈ।
ਅਜੀਤ ਖ਼ਬਰ ਵੈੱਬ ਪੰਨਾ
ਸੰਤ ਰਾਮਾਨੰਦ ਨੂੰ ਸ਼ਰਧਾਂਜਲੀਆਂ ਭੇਟ
ਜਲੰਧਰ, 14 ਜੂਨ (ਧਾ. ਪ੍ਰ.)-ਸ੍ਰੀ ਗੁਰੂ ਰਵਿਦਾਸ ਮਿਸ਼ਨ ਅਤੇ ਵੈਲਫੇਅਰ ਸੁਸਾਇਟੀ (ਰਜਿ:) ਪਿੰਡ ਮਾਣਕੋ (ਅੱਡਾ ਕਠਾਰ) ਵੱਲੋਂ ਸੰਤ ਰਾਮਾ ਨੰਦ ਡੇਰਾ ਸੱਚਖੰਡ ਬੱਲਾਂ ਵਾਲਿਆਂ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ। ਉਪਰੰਤ ਅਕਾਲ ਪੁਰਖ ਦੇ ਚਰਨਾਂ ਵਿਚ ਅਰਦਾਸ ਕੀਤੀ ਗਈ ਕਿ ਸੰਤ ਰਾਮਾ ਨੰਦ ਦੇ ਪਾਏ ਪੂਰਨਿਆਂ ‘ਤੇ ਕੌਮ ਨੂੰ ਦ੍ਰਿੜ੍ਹਤਾ ਨਾਲ ਪਹਿਰਾ ਦੇਣ ਦਾ ਬਲ ਬਖਸ਼ਣ। ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਸ੍ਰੀ ਸਤਨਾਮ ਸਿੰਘ ਸੰਧੂ, ਗੁਰਮੇਲ ਸਿੰਘ ਮੀਤ ਪ੍ਰਧਾਨ, ਸੇਵਾ ਦਾਸ ਜਨਰਲ ਸਕੱਤਰ, ਕਮਲਜੀਤ ਸਿੰਘ ਖਜ਼ਾਨਚੀ, ਪ੍ਰੇਮ ਚੰਦ ਦਫਤਰ ਸਕੱਤਰ, ਜਗਜੀਤ ਸਿੰਘ ਪ੍ਰੈੱਸ ਸਕੱਤਰ ਅਤੇ ਸਤਨਾਮ ਸਿੰਘ ਸਲਾਹਕਾਰ ਤੋਂ ਇਲਾਵਾ ਪਿੰਡ ਮਾਣਕੋ ਦੀ ਸੰਗਤ ਨੇ ਹਾਜ਼ਰੀ ਲਗਵਾਈ।
ਨੂਰਮਹਿਲ ਉੱਪ-ਚੋਣ ‘ਚ ਵਾਲਮੀਕ ਅਤੇ ਮਜ਼੍ਹਬੀ ਸਮਾਜ ਦੀ ਅਹਿਮ ਭੂਮਿਕਾ ਰਹੀ
ਜਲੰਧਰ, 15 ਜੂਨ (ਅ. ਬ.)-ਨੂਰਮਹਿਲ ਵਿਧਾਨ ਸਭਾ ਉਪ-ਚੋਣ ਦੇ ਪ੍ਰਚਾਰ ਲਈ ਸ਼੍ਰੋਮਣੀ ਅਕਾਲੀ ਦਲ ਵੱਲੋਂ ਸ. ਗੁਲਜ਼ਾਰ ਸਿੰਘ ਰਣੀਕੇ ਕੈਬਨਿਟ ਮੰਤਰੀ ਪੰਜਾਬ ਦੀ ਡਿਊਟੀ ਲਗਾਈ ਸੀ। ਸ: ਰਣੀਕੇ ਨੇ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਵਾਲਮੀਕ ਅਤੇ ਮਜ਼੍ਹਬੀ ਸਮਾਜ ਦੇ ਪਿੰਡਾਂ ਵਿਚ ਜਾ ਕੇ ਰਾਤ-ਦਿਨ ਕੰਮ ਕੀਤਾ ਅਤੇ ਸਾਰੇ ਭਾਈਚਾਰੇ ਨੂੰ ਅਕਾਲੀ ਪਾਰਟੀ ਦੇ ਉਮੀਦਵਾਰ ਸ੍ਰੀਮਤੀ ਰਾਜਵਿੰਦਰ ਕੌਰ ਭੁੱਲਰ ਨੂੰ ਵੋਟ ਪਾਉਣ ਲਈ ਪ੍ਰੇਰਿਤ ਕੀਤਾ ਅਤੇ ਕਿਹਾ ਕਿ ਅਕਾਲੀ ਦਲ, ਇਕ ਐਸੀ ਪਾਰਟੀ ਹੈ ਜੋ ਦਲਿਤ ਭਾਈਚਾਰੇ ‘ਚੋਂ ਵਿਸ਼ੇਸ਼ ਕਰਕੇ ਵਾਲਮੀਕ ਅਤੇ ਮਜ਼੍ਹਬੀ ਸਿੱਖ ਲੋਕਾਂ ਨੂੰ ਤਰੱਕੀ ‘ਤੇ ਲਿਆਉਣਾ ਚਾਹੁੰਦੀ ਹੈ। ਸ: ਰਣੀਕੇ ਨੇ ਅਤੇ ਉਨ੍ਹਾਂ ਦੇ ਸਾਥੀਆਂ ਸ੍ਰੀ ਰਾਜ ਕੁਮਾਰ ਹੰਸ, ਸ੍ਰੀ ਸਤਪਾਲ ਸਹੋਤਾ ਅਤੇ ਪਵਨ ਹੰਸ ਦੀ ਪ੍ਰੇਰਨਾ ਨੂੰ ਮੰਨਦੇ ਹੋਏ ਸ੍ਰੀਮਤੀ ਰਾਜਵਿੰਦਰ ਕੌਰ ਭੁੱਲਰ ਨੂੰ ਸਭ ਤੋਂ ਵੱਧ ਵੋਟਾਂ ਪਾ ਕੇ ਜਿਤਾਉਣ ਵਿਚ ਇਕ ਅਹਿਮ ਰੋਲ ਅਦਾ ਕੀਤਾ।
ਅੰਬੇਡਕਰ ਸੈਨਾ (ਮੂਲ ਨਿਵਾਸੀ) ਦੀ ਮੀਟਿੰਗ
ਜਲੰਧਰ, 12 ਜੁਲਾਈ (ਪ੍ਰਿਤਪਾਲ ਸਿੰਘ)-ਮੁਹੱਲਾ ਅਬਾਦਪੁਰਾ ਜ਼ਿਲ੍ਹਾ ਜਲੰਧਰ ਵਿਖੇ ਅੰਬੇਡਕਰ ਸੈਨਾ (ਮੂਲ ਨਿਵਾਸੀ) ਦੀ ਮੀਟਿੰਗ ਹੋਈ, ਜਿਸ ਵਿਚ ਮੁਹੱਲਾ ਨਿਵਾਸੀ ਅਤੇ ਹਲਕਾ ਕਰਤਾਰਪੁਰ, ਕਪੂਰਥਲਾ ਤੋਂ ਵੀ ਕਾਫੀ ਮੈਂਬਰ ਸ਼ਾਮਿਲ ਹੋਏ। ਮੀਟਿੰਗ ਦੀ ਪ੍ਰਧਾਨਗੀ ਸ੍ਰੀ ਹਰਭਜਨ ਸੁਮਨ (ਪ੍ਰਧਾਨ ਪੰਜਾਬ) ਤੇ ਜ਼ਿਲ੍ਹਾ ਪ੍ਰਧਾਨ ਸ੍ਰੀ ਹਰਭਜਨ ਸੰਧੂ ਨੇ ਕੀਤੀ। ਮੀਟਿੰਗ ਵਿਚ ਮੁਹੱਲਾ ਆਬਾਦਪੁਰਾ ਇਕਾਈ ਦੇ ਪ੍ਰਧਾਨ, ਉਪ-ਪ੍ਰਧਾਨ, ਸਕੱਤਰ ਅਤੇ ਸੰਯੁਕਤ ਸਕੱਤਰ ਦੀ ਨਿਯੁਕਤੀ ਸਰਬਸੰਮਤੀ ਨਾਲ ਕੀਤੀ ਗਈ। ਇਸ ਵਿਚ ਪ੍ਰਧਾਨ ਸ੍ਰੀ ਰਾਮ ਮੂਰਤੀ, ਉਪ ਪ੍ਰਧਾਨ ਸ੍ਰੀ ਮੁਕੇਸ਼ (ਬੰਟੂ), ਸਕੱਤਰ ਸ੍ਰੀ ਪ੍ਰਦੀਪ (ਪੱਪਾ) ਅਤੇ ਸੰਯੁਕਤ ਸਕੱਤਰ ਸ੍ਰੀ ਵਿੱਕੀ ਨੂੰ ਚੁਣਿਆ ਗਿਆ। ਇਸ ਤੋਂ ਇਲਾਵਾ ਕਰਤਾਰਪੁਰ ਹਲਕੇ ਦੇ ਪ੍ਰਧਾਨ ਸ੍ਰੀ ਰਣਜੀਤ ਸਾਬੀ, ਜਨਰਲ ਸਕੱਤਰ ਸ੍ਰੀ ਬਾਲ ਕ੍ਰਿਸ਼ਨ, ਕਪੂਰਥਲਾ ਤੋਂ ਪ੍ਰਧਾਨ ਸ੍ਰੀ ਬਲਵੀਰ ਮੰਡ ਅਤੇ ਬੂਟਾ ਮੰਡੀ ਤੋਂ ਕਨਵੀਨਰ ਗੋਰੀ ਬੋਧ ਵੀ ਮੀਟਿੰਗ ਵਿਚ ਉਚੇਚੇ ਤੌਰ ‘ਤੇ ਪਹੁੰਚੇ।
‘ਮੀਰਾ’ ਲੜੀਵਾਰ ‘ਤੇ ਪਾਬੰਦੀ ਲਾਈ ਜਾਵੇ - ਜੰਡੂਸਿੰਘਾ
ਜਲੰਧਰ, 9 ਅਗਸਤ (ਧਾ.ਪ੍ਰ.)-ਐਨ ਡੀ ਟੀ ਵੀ ਚੈਨਲ ‘ਤੇ ਚੱਲ ਰਹੇ ਲੜੀਵਾਰ ‘ਮੀਰਾ’ ਵਿਚ ਸ੍ਰੀ ਗੁਰੂ ਰਵਿਦਾਸ ਜੀ ਨੂੰ ਕਲੀਨਸ਼ੇਵ (ਮੋਨਾ) ਰੂਪ ਵਿਚ ਅਤੇ ਭਗਵਾਨ ਕ੍ਰਿਸ਼ਨ ਦਾ ਭਗਤ ਦਰਸਾਇਆ ਗਿਆ ਹੈ ਜੋ ਬਿਲਕੁਲ ਗਲਤ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ੍ਰੀ ਗੁਰੂ ਰਵਿਦਾਸ ਧਰਮ ਯੁੱਧ ਮੋਰਚਾ ਦੇ ਸੂਬਾ ਕਮੇਟੀ ਮੈਂਬਰ ਡਾ: ਕਮਲਦੇਵ ਜੰਡੂਸਿੰਘਾ ਨੇ ਇਥੇ ਇਕ ਪ੍ਰੈੱਸ ਨੋਟ ਰਾਹੀਂ ਕਰਦਿਆਂ ਕਿਹਾ ਕਿ ਨਿਤ ਦਿਨ ਇਸ ਤਰ੍ਹਾਂ ਦੇ ਟੀ. ਵੀ. ਚੈਨਲ ਦਲਿਤ ਸਮਾਜ ਦੇ ਗੁਰੂਆਂ ਨੂੰ ਨਾਟਕਾਂ ਰਾਹੀਂ ਗਲਤ ਰੂਪ ਦੇ ਕੇ ਪ੍ਰਸਾਰਿਤ ਕਰਦੇ ਹਨ। ਕੁਝ ਸ਼ਰਾਰਤੀ ਅਨਸਰ ਇਤਿਹਾਸ ਨੂੰ ਤੋੜ ਮਰੋੜ ਕੇ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਤਾੜਨਾ ਕੀਤੀ ਕਿ ਦਲਿਤ ਸਮਾਜ ਇਨ੍ਹਾਂ ਲੋਕਾਂ ਦੀਆਂ ਅਜਿਹੀਆਂ ਸ਼ਰਾਰਤਾਂ ਨੂੰ ਬਰਦਾਸ਼ਤ ਨਹੀਂ ਕਰੇਗਾ। ਉਨ੍ਹਾਂ ਕੇਂਦਰੀ ਸੂਚਨਾ ਤੇ ਪ੍ਰਸਾਰਨ ਮੰਤਰੀ ਸ੍ਰੀਮਤੀ ਅੰਬਿਕਾ ਸੋਨੀ ਤੋਂ ਮੰਗ ਕੀਤੀ ਕਿ ਇਸ (ਮੀਰਾ) ਚੈਨਲ ‘ਤੇ ਤੁਰੰਤ ਪਾਬੰਦੀ ਲਗਾਈ ਜਾਵੇ, ਨਹੀਂ ਤੇ ਦਲਿਤ ਸਮਾਜ ਇਸ ਚੈਨਲ ਵਿਰੁੱਧ ਛੇਤੀ ਸੰਘਰਸ਼ ਸ਼ੁਰੂ ਕਰ ਦੇਵੇਗਾ।
5) ਮੋਰਚਾ ਅਤੇ ਸੈਨਾ ਦੀਆਂ ਮੰਗਾਂ, ਰੋਸ ਪ੍ਰਦਰਸ਼ਨ, ਚਿਤਾਵਨੀ
ਪੰਜਾਬ ਸਰਕਾਰ ਦੀ ਸ਼ਲਾਘਾ, ਧੰਨਵਾਦ ਅਤੇ ਹੋਰ
ਡੇਰਾ ਬੱਲਾਂ ਦੇ ਪ੍ਰਬੰਧਕਾਂ ਨਾਲ ਮਨਮੋਹਨ ਸਿੰਘ ਤੇ ਸੋਨੀਆ ਗਾਂਧੀ ਨੂੰ ਮਿਲਣ ਜਾਵਾਂਗੇ - ਚੌਧਰੀ
ਜਲੰਧਰ, 11 ਜੂਨ (ਪ੍ਰਿਤਪਾਲ ਸਿੰਘ)-ਡੇਰਾ ਬੱਲਾਂ ਦੇ ਸੰਸਥਾਪਕ ਸੰਤ ਸਰਵਣ ਦਾਸ ਦੀ ਅੱਜ ਬਰਸੀ ਮਨਾਉਣ ਮੌਕੇ ਭਾਰੀ ਗਿਣਤੀ ‘ਚ ਸੰਗਤਾਂ ਹਾਜ਼ਰ ਸਨ। ਇਸ ਮੌਕੇ ਜਲੰਧਰ ਤੋਂ ਲੋਕ ਸਭਾ ਮੈਂਬਰ ਸ੍ਰੀ ਮਹਿੰਦਰ ਸਿੰਘ ਕੇ. ਪੀ., ਸਾਬਕਾ ਮੰਤਰੀ ਤੇ ਇਸ ਡੇਰੇ ਦੇ ਪੱਕੇ ਸ਼ਰਧਾਲੂ ਚੌਧਰੀ ਜਗਜੀਤ ਸਿੰਘ ਤੇ ਸਾਬਕਾ ਮੰਤਰੀ ਚੌਧਰੀ ਸੰਤੋਖ ਸਿੰਘ ਵਿਸ਼ੇਸ਼ ਤੌਰ ‘ਤੇ ਡੇਰੇ ਵਿਚ ਹਾਜ਼ਰੀ ਲੁਆਉਣ ਲਈ ਪੁੱਜੇ। ਚੌਧਰੀ ਜਗਜੀਤ ਸਿੰਘ ਨੇ ਇਕ ਵੱਖਰੇ ਬਿਆਨ ਵਿਚ ਕਿਹਾ ਹੈ ਕਿ ਸੰਤ ਰਾਮਾਨੰਦ ਦੇ ਭੋਗ ਉਪਰੰਤ ਡੇਰੇ ਦੇ ਪ੍ਰਬੰਧਕਾਂ ਨੂੰ ਨਾਲ ਲੈ ਕੇ ਉਹ ਭਾਰਤ ਦੇ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਤੇ ਯੂ. ਪੀ. ਏ. ਦੀ ਚੇਅਰਪਰਸਨ ਸ੍ਰੀਮਤੀ ਸੋਨੀਆ ਗਾਂਧੀ ਨੂੰ ਮਿਲ ਕੇ ਸੰਤਾਂ ਉੱਪਰ ਵਿਆਨਾ ਵਿਖੇ ਹੋਏ ਹਮਲੇ ਦੀ ਸੀ. ਬੀ. ਆਈ. ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ ਜਾਵੇਗੀ ਤਾਂ ਕਿ ਕਾਤਲਾਨਾ ਹਮਲੇ ਦੇ ਅਸਲ ਕਾਰਨਾਂ ਦਾ ਪਤਾ ਲੱਗ ਸਕੇ।