ਸਮਾਜ 'ਚ ਜਾਤ-ਪਾਤ ਦਾ ਵਧ ਰਿਹਾ ਰੁਝਾਨ ਖ਼ਤਰਨਾਕ
ਜਲੰਧਰ,10 ਜੂਨ (ਪ੍ਰਿਤਪਾਲ ਸਿੰਘ)-ਵਿਆਨਾ (ਆਸਟਰੀਆ) ਵਿਖੇ ਡੇਰਾ ਸੱਚਖੰਡ ਬੱਲਾਂ ਦੇ ਸੰਤਾਂ ਤੇ ਹੋਏ, ਹਮਲੇ ਨੂੰ ਲੈ ਕੇ ਜਲੰਧਰ ਵਿਚ ਲੁੱਟਮਾਰ ਤੇ ਸਾੜਫੂਕ ਹੋਣ ਨਾਲ ਜੋ ਹਾਲਾਤ ਪੈਦਾ ਹੋਏ ਉਨ੍ਹਾਂ ਨਾਲ ਸਰਕਾਰ ਵੱਲੋਂ ਸਮੇਂ ਸਿਰ ਸਖਤੀ ਨਾਲ ਨਾ ਨਿਪਟਣ ਕਰਕੇ ਜੋ ਅਰਬਾਂ ਰੁਪਏ ਦਾ ਸਰਕਾਰੀ ਅਤੇ ਨਿੱਜੀ ਨੁਕਸਾਨ ਹੋਇਆ, ਉਸ ਦੇ ਕਾਰਨਾਂ ਬਾਰੇ ਵਿਚਾਰ ਕਰਨ ਲਈ ਪੰਜਾਬੀ ਪੰਦਰਵਾੜਾ ਮੈਗਜ਼ੀਨ ਆਲਮੀ ਪੰਜਾਬੀ ਆਵਾਜ਼' ਦੇ ਮੁੱਖ ਸੰਪਾਦਕ ਮੇਜਰ ਸਿੰਘ ਵੱਲੋਂ ਅੱਜ ਇਥੇ ਕੇ. ਐਲ. ਸਹਿਗਲ ਯਾਦਗਾਰ ਹਾਲ ਵਿਖੇ ਸੈਮੀਨਾਰ ਕਰਵਾਇਆ ਗਿਆ।
ਇਸ ਵਿਚਾਰ ਗੋਸ਼ਠੀ ਵਿਚ ਬੁਲਾਰਿਆਂ ਨੇ ਜਿਥੇ ਸਮਾਜ ਵਿਚ ਦਿਨ ਪ੍ਰਤੀ ਦਿਨ ਜਾਤ-ਪਾਤ ਦੇ ਵਧ ਰਹੇ ਰੁਝਾਨ 'ਤੇ ਸਖਤ ਚਿੰਤਾ ਪ੍ਰਗਟਾਈ ਉਥੇ ਸਿੱਖ ਲੀਡਰਸ਼ਿਪ ਲਈ ਪੈਦਾ ਹੋਈਆਂ ਨਵੀਆਂ ਚੁਣੌਤੀਆਂ ਬਾਰੇ ਵੀ ਵਿਚਾਰ ਚਰਚਾ ਕੀਤੀ। ਸਾਰੇ ਬੁਲਾਰਿਆਂ ਨੇ ਸਰਬ ਸਾਂਝੀਵਾਲਤਾ ਦੇ ਪ੍ਰਤੀਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜਨ 'ਤੇ ਜ਼ੋਰ ਦਿੱਤਾ। ਬੁਲਾਰਿਆਂ ਨੇ ਉਨ੍ਹਾਂ ਰਾਜਸੀ ਨੇਤਾਵਾਂ ਤੋਂ ਸੁਚੇਤ ਰਹਿਣ ਲਈ ਕਿਹਾ ਜੋ ਵੋਟ ਬੈਂਕ ਖ਼ਾਤਰ ਧਰਮ ਦੀ ਆੜ ਵਿਚ ਇਕ-ਦੂਸਰੇ ਨੂੰ ਲੜਾ ਕੇ ਰਾਜਸੀ ਰੋਟੀਆਂ ਸੇਕਣੀਆਂ ਚਾਹੁੰਦੇ ਹਨ।
ਇਸ ਮੌਕੇ ਸ੍ਰੀ ਹਰਭਜਨ ਲਾਖਾ ਸਾਬਕਾ ਐਮ. ਪੀ., ਸ੍ਰੀ ਐਸ. ਐਲ. ਵਿਰਦੀ, ਦਮਦਮੀ ਟਕਸਾਲ ਦੇ ਭਾਈ ਮੋਹਕਮ ਸਿੰਘ, ਫੈਡਰੇਸ਼ਨ ਆਗੂ ਸ: ਸਰਬਜੀਤ ਸਿੰਘ ਜੰਮੂ, ਭਾਈ ਸੁਖਵੰਤ ਸਿੰਘ, ਸ: ਪਾਲ ਸਿੰਘ ਫਰਾਂਸ, ਫੈਡਰੇਸ਼ਨ ਨੇਤਾ ਭਾਈ ਮਨਜੀਤ ਸਿੰਘ ਭੋਮਾ, ਸ: ਸ਼ਿਵਦਿਆਲ ਸਿੰਘ ਅਨਜਾਣ, ਧਰਮ ਪਾਲ ਪੈਨਥਰ, ਸ੍ਰੀ ਗਿਆਨ ਚੰਦ, ਜ: ਜੋਗਿੰਦਰ ਸਿੰਘ ਜੋਗੀ ਤੇ ਸਰਦੂਲ ਅਟਵਾਲ ਨੇ ਆਪੋ-ਆਪਣੇ ਵਿਚਾਰ ਖੁੱਲ੍ਹ ਕੇ ਰੱਖੇ। ਅਖੀਰ ਵਿਚ ਸ: ਮੋਹਨ ਸਿੰਘ ਸਹਿਗਲ ਨੇ ਸਭਨਾਂ ਦਾ ਧੰਨਵਾਦ ਕੀਤਾ ਤੇ ਕੁਝ ਗੱਲਾਂ ਬਾਰੇ ਸਪੱਸ਼ਟੀਕਰਨ ਵੀ ਦਿੱਤਾ। ਸ: ਮੇਜਰ ਸਿੰਘ ਨੇ ਸਟੇਜ ਸਕੱਤਰ ਦੀ ਸੇਵਾ ਨਿਭਾਈ। ਉਨ੍ਹਾਂ ਸੈਮੀਨਾਰ ਦੇ ਵਿਚ ਹੋਏ ਭਾਸ਼ਨਾਂ ਬਾਰੇ ਵੀ ਆਪਣੇ ਵਿਚਾਰ ਰੱਖੇ। ਬੁਲਾਰਿਆਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਸਾਨੂੰ ਆਪਸੀ ਸਾਂਝੀਵਾਲਤਾ ਬਣਾਈ ਰੱਖਣੀ ਚਾਹੀਦੀ ਹੈ।
ਪੰਥ ਦਰਦੀਆਂ ਵੱਲੋਂ ਆਪਸੀ ਏਕਤਾ 'ਤੇ ਜ਼ੋਰ
ਜਲੰਧਰ, 31 ਜੁਲਾਈ (ਪ੍ਰਿਤਪਾਲ ਸਿੰਘ)-ਵਿਆਨਾ ਵਿਖੇ ਡੇਰਾ ਬੱਲਾਂ ਦੇ ਸੰਤਾਂ 'ਤੇ ਹੋਏ ਕਾਤਲਾਨਾ ਹਮਲੇ ਤੋਂ ਬਾਅਦ ਜਲੰਧਰ ਵਿਚ ਸਾੜ-ਫੂਕ ਨਾਲ ਹੋਏ ਭਾਰੀ ਨੁਕਸਾਨ ਤੇ ਫਿਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ: ਪਰਮਜੀਤ ਸਿੰਘ ਸਰਨਾ ਦੇ ਬਿਆਨ ਨੂੰ ਲੈ ਕੇ ਉਨ੍ਹਾਂ ਦੇ ਜਲੰਧਰ ਵਿਚ ਪੁਤਲੇ ਸਾੜਨ ਨਾਲ ਪੈਦਾ ਹੋਈ ਸਥਿਤੀ ਤੇ ਵਿਚਾਰ ਕਰਨ ਲਈ ਅੱਜ ਸ਼ਾਮ 7 ਤੋਂ 9 ਵਜੇ ਤੱਕ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਹਸਪਤਾਲ ਜਲੰਧਰ ਵਿਚ ਵੱਖ-ਵੱਖ ਸਿੱਖ ਜਥੇਬੰਦੀਆਂ ਤੇ ਪੰਥ ਦਰਦੀਆਂ ਦੀ ਮੀਟਿੰਗ ਹੋਈ। ਇਹ ਮੀਟਿੰਗ ਸਿੱਖ ਯੂਥ ਕੌਂਸਲ ਦੇ ਸਰਪ੍ਰਸਤ ਸ: ਤਜਿੰਦਰ ਸਿੰਘ ਪ੍ਰਦੇਸੀ ਤੇ ਉਨ੍ਹਾਂ ਦੇ ਸਾਥੀਆਂ ਨੇ ਬੁਲਾਈ।
ਮੀਟਿੰਗ ਵਿਚ ਬੁਲਾਰਿਆਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਜਲੰਧਰ ਵਿਚ ਰਹਿੰਦੇ ਸਿੱਖਾਂ ਦੀ ਆਪਸੀ ਏਕਤਾ ਹੋਣੀ ਚਾਹੀਦੀ ਹੈ ਤੇ ਜਦੋਂ ਕੋਈ ਭੀੜ ਪਵੇ ਜਾਂ ਸੰਕਟ ਦੀ ਘੜੀ ਆਵੇ, ਸਾਰੇ ਇਕ ਪਲੇਟ ਫਾਰਮ 'ਤੇ ਇਕੱਠੇ ਹੋਣ। ਇਹ ਦੋਸ਼ ਲਗਾਇਆ ਕਿ ਪੰਜਾਬ ਵਿਚ ਧਰਮ ਦੇ ਨਾਂਅ 'ਤੇ ਸਿੱਖਾਂ ਨੂੰ ਲੜਾਉਣ ਤੇ ਵੰਡੀਆਂ ਪਾਉਣ ਦੇ ਪਿੱਛੇ ਕੁਝ ਖੁਫੀਆ ਏਜੰਸੀਆਂ ਕੰਮ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਾਡੀ ਦਲਿਤ ਵੀਰਾਂ ਨਾਲ ਕੋਈ ਲੜਾਈ ਨਹੀਂ। ਸਾਡੀ ਲੜਾਈ ਉਨ੍ਹਾਂ ਅਨਸਰਾਂ ਨਾਲ ਹੈ ਜੋ ਪੰਜਾਬ ਦੇ ਅਮਨ ਨੂੰ ਅੱਗ ਲਾ ਕੇ ਸਾਡਾ ਆਰਥਿਕ ਨੁਕਸਾਨ ਕਰਨਾ ਚਾਹੁੰਦੇ ਹਨ।
ਇਸ ਮੌਕੇ 11 ਜਾਂ 21 ਮੈਂਬਰੀ ਤਾਲਮੇਲ ਕਮੇਟੀ ਬਣਾਉਣ ਦਾ ਫੈਸਲਾ ਕੀਤਾ ਗਿਆ ਜਿਸ ਵਿਚ ਕਾਂਗਰਸੀ ਸਿੱਖਾਂ ਨੂੰ ਵੀ ਸ਼ਾਮਿਲ ਕਰਨ ਦਾ ਸੁਝਾਅ ਦਿੱਤਾ ਗਿਆ। ਸ: ਮੋਹਨ ਸਿੰਘ ਸਹਿਗਲ, ਯੂਥ ਨੇਤਾ ਸ: ਪਰਮਿੰਦਰਪਾਲ ਸਿੰਘ ਖਾਲਸਾ, ਸ: ਜੋਗਿੰਦਰ ਸਿੰਘ ਜੋਗੀ ਤੇ ਸ: ਜਸਬੀਰ ਸਿੰਘ ਦਕੋਹਾ ਨੇ ਬਹੁਤ ਸੁਚੱਜੇ ਢੰਗ ਨਾਲ ਵਿਚਾਰ ਰੱਖੇ। ਉਨ੍ਹਾਂ ਦਲਿਤ ਨੇਤਾਵਾਂ ਨੂੰ ਵੀ ਮਿਲਣ ਅਤੇ ਉਨ੍ਹਾਂ ਨੂੰ ਆਪਣੇ ਨਾਲ ਜੋੜੀ ਰੱਖਣ 'ਤੇ ਜ਼ੋਰ ਦਿੱਤਾ। ਸੁਰਿੰਦਰਪਾਲ ਸਿੰਘ ਗੋਲਡੀ, ਜਥੇਦਾਰ ਇੰਦਰਜੀਤ ਸਿੰਘ, ਪ੍ਰੋ: ਬਲਵਿੰਦਰ ਸਿੰਘ, ਸ: ਮੋਹਨ ਸਿੰਘ ਢੀਂਡਸਾ, ਸ: ਜਗਮੋਹਨ ਸਿੰਘ ਪੱਕਾ ਬਾਗ, ਸ: ਜਗਮੋਹਨ ਸਿੰਘ ਮਕਸੂਦਾਂ, ਸ: ਅਮਰਜੀਤ ਸਿੰਘ ਤੇ ਸ: ਜਸਵਿੰਦਰ ਸਿੰਘ ਨੇ ਵੀ ਸੰਬੋਧਨ ਕੀਤਾ। ਸ: ਸਤਪਾਲ ਸਿੰਘ ਸਿਦਕੀ, ਸ: ਰਣਜੀਤ ਸਿੰਘ ਗੋਲਡੀ, ਸ: ਮਹਿੰਦਰ ਸਿੰਘ ਚਮਕ, ਸ: ਮੋਹਨ ਸਿੰਘ ਨਿੱਧੜਕ, ਸ: ਹਰਪ੍ਰੀਤ ਸਿੰਘ ਨੀਟੂ, ਰਮਿੰਦਰਪਾਲ ਸਿੰਘ, ਸ: ਸਰਦਾਰਾ ਸਿੰਘ ਮੱਕੜ, ਗੁਰਮੀਤ ਸਿੰਘ ਤੇ ਚਰਨਪ੍ਰੀਤ ਸਿੰਘ ਹੈਪੀ ਵੀ ਹਾਜ਼ਰ ਸਨ।
'ਸਿੱਖ ਯੂਥ ਕੌਂਸਲ' ਵੱਲੋਂ ਵੱਖ-ਵੱਖ ਪੰਥਕ ਜਥੇਬੰਦੀਆਂ ਨਾਲ ਸੰਪਰਕ ਜਾਰੀ
ਜਲੰਧਰ, 4 ਅਗਸਤ (ਪ੍ਰਿਤਪਾਲ ਸਿੰਘ)-ਵਿਆਨਾ ਕਾਂਡ ਨੂੰ ਲੈ ਕੇ ਜਲੰਧਰ ਵਿਚ ਪੈਦਾ ਹੋਈ ਭੜਕਾਊ ਸਥਿਤੀ ਨੂੰ ਮੁੱਖ ਰੱਖਦਿਆਂ ਸ਼ਹਿਰ ਵਿਚ ਰਹਿੰਦੇ ਸਿੱਖਾਂ ਦੀ ਆਪਸੀ ਏਕਤਾ ਅਤੇ ਫਿਰਕੂ ਭਾਈਚਾਰੇ ਨੂੰ ਬਣਾਈ ਰੱਖਣ ਲਈ ਪਿਛਲੇ ਦਿਨੀਂ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਵਿਖੇ ਸਿੱਖ ਯੂਥ ਕੌਂਸਲ ਦੇ ਸੱਦੇ 'ਤੇ ਹੋਏ ਪੰਥਕ ਇਕੱਠ ਵਿਚ ਜੋ ਤਾਲਮੇਲ ਕਮੇਟੀ ਬਣਾਉਣ ਦਾ ਫੈਸਲਾ ਲਿਆ ਗਿਆ ਸੀ, ਉਸ ਸਬੰਧੀ ਸਰਗਰਮੀਆਂ ਤੇ ਨੇਤਾਵਾਂ ਨਾਲ ਸੰਪਰਕ ਕਰਨ ਦਾ ਸਿਲਸਿਲਾ ਜਾਰੀ ਹੈ।
ਪੰਥ ਦਰਦੀ ਸ: ਮੋਹਨ ਸਿੰਘ ਸਹਿਗਲ, ਸੀਨੀਅਰ ਯੂਥ ਅਕਾਲੀ ਨੇਤਾ ਸ: ਪਰਮਿੰਦਰਪਾਲ ਸਿੰਘ ਖਾਲਸਾ, ਸ: ਤਜਿੰਦਰ ਸਿੰਘ ਪ੍ਰਦੇਸੀ, ਸ: ਹਰਪ੍ਰੀਤ ਸਿੰਘ ਨੀਟੂ, ਸ: ਦਿਲਬਾਗ ਸਿੰਘ ਤੇ ਸ: ਸੁਰਿੰਦਰ ਪਾਲ ਸਿੰਘ ਗੋਲਡੀ ਆਪਸੀ ਵਿਚਾਰ-ਵਟਾਂਦਰਾ ਕਰਨ ਉਪਰੰਤ ਸਿੰਘ ਸਭਾਵਾਂ ਤੇ ਹੋਰ ਪੰਥਕ ਜਥੇਬੰਦੀਆਂ ਨਾਲ ਸਲਾਹ-ਮਸ਼ਵਰਾ ਕਰਕੇ ਤਾਲਮੇਲ ਕਮੇਟੀ ਦੀ ਬਣਤਰ ਤਿਆਰ ਕਰਨ ਵਿਚ ਲੱਗੇ ਹੋਏ ਹਨ। ਉਨ੍ਹਾਂ ਸ਼ਹਿਰ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸ਼ਰਾਰਤੀ ਅਨਸਰਾਂ ਤੋਂ ਸੁਚੇਤ ਰਹਿਣ ਤੇ ਕਿਸੇ ਤਰ੍ਹਾਂ ਵੀ ਕਿਸੇ ਦਾ ਦਿਲ ਦੁਖਾਉਣ ਵਾਲੀ ਕਾਰਵਾਈ ਨਾ ਕਰਨ ਅਤੇ ਸ਼ਾਂਤੀ ਬਣਾਈ ਰੱਖਣ। ਸ: ਤਜਿੰਦਰ ਸਿੰਘ ਪ੍ਰਦੇਸੀ ਨੇ ਕਿਹਾ ਕਿ ਕਮੇਟੀ ਛੇਤੀ ਬਣਾ ਦਿੱਤੀ ਜਾਵੇਗੀ। ਕਮੇਟੀ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਬਣਾਈ ਜਾਵੇਗੀ। ਇਸ ਵਿਚ ਧਾਰਮਿਕ ਰੁਚੀ ਵਾਲੇ ਪ੍ਰਭਾਵਸ਼ਾਲੀ ਸੱਜਣ ਲਏ ਜਾਣਗੇ।
ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਅਦਬ ਹਰ ਫ਼ਰਦ 'ਤੇ ਲਾਜ਼ਿਮ - ਸੰਤ ਬਾਬਾ ਸਵਰਨਜੀਤ ਸਿੰਘ
ਮੈੜੀ, 13 ਅਗਸਤ (ਅਜੀਤ ਬਿਊਰੋ)-ਸ੍ਰੀ ਗੁਰੂ ਗ੍ਰੰਥ ਸਾਹਿਬ ਸਮੁੱਚੇ ਸੰਸਾਰ ਲਈ ਸ਼ਾਂਤੀ, ਸਕੂਨ ਤੇ ਗਿਆਨ ਦਾ ਸਰਚਸ਼ਮਾ ਹੈ ਜਿਸ ਦਾ ਅਦਬ ਸਤਿਕਾਰ ਕੁਲ ਮਾਨਵਤਾ ਦਾ ਫਰਜ਼ ਹੈ। ਸਾਰੀ ਲੋਕਾਈ ਅਤੇ ਸਰਬੱਤ ਦਾ ਭਲਾ ਮੰਗਣ ਵਾਲੇ ਗੁਰੂ ਸਾਹਿਬ ਨੇ ਮਨੁੱਖ ਨੂੰ ਜੀਵਨ ਜਾਚ ਦੱਸੀ ਹੈ ਪਰ ਇਹ ਵੇਖ ਕੇ ਬੜਾ ਦੁੱਖ ਹੁੰਦਾ ਹੈ ਕਿ ਗੁਰੂ ਮਹਾਰਾਜ ਦੀ ਸਾਂਭ-ਸੰਭਾਲ ਰੱਖਣ ਵਾਲੇ ਆਪਣੇ ਫਰਜ਼ ਤੋਂ ਕੋਤਾਹੀ ਵਰਤਦੇ ਹਨ ਜਿਸ ਕਾਰਨ ਮਰਿਆਦਾ ਦੀ ਉਲੰਘਣਾ ਹੁੰਦੀ ਹੈ ਤੇ ਸਮਾਜ ਦੇ ਤਾਣੇ ਬਾਣੇ 'ਤੇ ਬੁਰਾ ਅਸਰ ਪੈਂਦਾ ਹੈ, ਲਿਹਾਜ਼ਾ ਅਜਿਹਾ ਕੋਈ ਵੀ ਕਰਮ ਜਿਸ ਨਾਲ ਗੁਰੂ ਦੀ ਬੇਅਦਬੀ ਹੁੰਦੀ ਹੋਵੇ, ਕਦਾਚਿਤ ਨਾ ਕੀਤਾ ਜਾਵੇ। ਉਕਤ ਵਿਚਾਰ ਸੰਤ ਬਾਬਾ ਸਵਰਨਜੀਤ ਸਿੰਘ ਗੱਦੀਨਸ਼ੀਨ ਦਰਬਾਰ ਬਾਬਾ ਵਡਭਾਗ ਸਿੰਘ ਤਪ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਵਾਲਿਆਂ ਨੇ ਦਰਬਾਰ ਨਾਲ ਸੰਬੰਧਿਤ ਸਮੂਹ ਜਥੇਦਾਰਾਂ/ਸੇਵਾਦਾਰਾਂ ਤੇ ਸਾਧ ਸੰਗਤ ਸਾਹਮਣੇ ਪੇਸ਼ ਕੀਤੇ। ਆਪ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਵੱਲੋਂ ਦਰਸਾਏ ਰਾਹ ਦਾ ਅਨੁਸਰਣ ਹੀ ਸਾਡਾ ਨਿਸ਼ਾਨਾ ਹੈ।
'ਸਿੱਖ ਤਾਲਮੇਲ ਕਮੇਟੀ' ਦਾ ਵਫਦ ਏ. ਡੀ. ਸੀ. ਨੂੰ ਮਿਲਿਆ
ਜਲੰਧਰ, 14 ਸਤੰਬਰ (ਪ੍ਰਿਤਪਾਲ ਸਿੰਘ)-ਅੱਜ ਸਿੱਖ ਤਾਲਮੇਲ ਕਮੇਟੀ ਦਾ ਇਕ ਵਫਦ ਭੋਗਪੁਰ ਨੇੜੇ ਪਿੰਡ ਮੋਗਾ ਦੇ ਗੁਰਦੁਆਰਾ ਸਾਹਿਬ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਦੀ ਘਟਨਾ ਦਾ ਮੌਕੇ 'ਤੇ ਜਾਇਜ਼ਾ ਲੈਣ ਲਈ ਉਥੇ ਗਿਆ। ਇਨ੍ਹਾਂ ਵਿਚ ਤਜਿੰਦਰ ਸਿੰਘ ਪ੍ਰਦੇਸੀ, ਅਮਨਦੀਪ ਸਿੰਘ ਸਿਆਲਕੋਟੀ, ਦਿਲਬਾਗ ਸਿੰਘ ਪ੍ਰੀਤ ਨਗਰ, ਹਰਪ੍ਰੀਤ ਸਿੰਘ ਖੁਰਾਣਾ, ਹਰਮਿੰਦਰਪਾਲ ਸਿੰਘ ਪ੍ਰਿੰਸ ਤੇ ਮਨਦੀਪ ਸਿੰਘ ਬਲੂ ਸ਼ਾਮਿਲ ਸਨ। ਵਾਪਸੀ 'ਤੇ ਸ: ਤਜਿੰਦਰ ਸਿੰਘ ਪ੍ਰਦੇਸੀ ਨੇ ਦੱਸਿਆ ਕਿ ਉਹ ਉਥੇ ਏ. ਡੀ. ਸੀ. ਸ: ਗੁਰਪ੍ਰੀਤ ਸਿੰਘ ਖਹਿਰਾ ਨੂੰ ਮਿਲੇ ਜੋ ਪਹਿਲਾਂ ਹੀ ਘਟਨਾ ਦੀ ਜਾਂਚ ਲਈ ਉਥੇ ਗਏ ਹੋਏ ਸਨ, ਅਸੀਂ ਉਨ੍ਹਾਂ ਕੋਲੋਂ ਦੋਸ਼ੀਆਂ ਦੀ ਗ੍ਰਿਫਤਾਰੀ ਦੀ ਮੰਗ ਕੀਤੀ। ਉਨ੍ਹਾਂ ਅਨੁਸਾਰ ਏ. ਡੀ. ਸੀ. ਨੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਦੋਸ਼ੀਆਂ ਨੂੰ ਛੇਤੀ ਗ੍ਰਿਫਤਾਰ ਕਰ ਲਿਆ ਜਾਵੇਗਾ। ਇਸ ਸਬੰਧੀ ਪਿੰਡ ਦੇ ਲੋਕਾਂ ਤੋਂ ਪੁੱਛ ਪੜਤਾਲ ਜਾਰੀ ਹੈ। ਪ੍ਰਦੇਸੀ ਨੇ ਦੱਸਿਆ ਕਿ ਗੁਰੂ ਘਰ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਮੁੜ ਪ੍ਰਕਾਸ਼ ਕਰ ਦਿੱਤਾ ਗਿਆ ਹੈ।
'ਸਿੱਖ ਤਾਲਮੇਲ ਕਮੇਟੀ' 'ਸਮਾਜ ਬਚਾਓ ਮੋਰਚੇ' ਨੂੰ ਪੂਰਾ ਸਹਿਯੋਗ ਦੇਵੇਗੀ
ਜਲੰਧਰ, 22 ਸਤੰਬਰ (ਧਾ. ਪ੍ਰਤੀ.)-ਸਿੱਖ ਤਾਲਮੇਲ ਕਮੇਟੀ ਦੇ ਸੀਨੀਅਰ ਆਗੂਆਂ ਮੋਹਣ ਸਿੰਘ ਸਹਿਗਲ, ਪਰਮਿੰਦਰ ਪਾਲ ਸਿੰਘ ਖਾਲਸਾ, ਤਜਿੰਦਰ ਸਿੰਘ ਪ੍ਰਦੇਸੀ, ਰਣਜੀਤ ਸਿੰਘ ਗੋਲਡੀ, ਮਹਿੰਦਰ ਸਿੰਘ ਚਮਕ, ਪਰਮਿੰਦਰ ਸਿੰਘ ਢੀਗੜਾ, ਸਤਪਾਲ ਸਿੰਘ ਸਿਦਕੀ, ਗੁਰਮੇਜ ਸਿੰਘ, ਗੁਰਦਰਸ਼ਨ ਸਿੰਘ ਤੇ ਹਰਪ੍ਰੀਤ ਸਿੰਘ ਖੁਰਾਣਾ ਨੇ ਇਕ ਸਾਂਝੇ ਬਿਆਨ ਰਾਹੀਂ ਸ੍ਰੀ ਗਿਆਨ ਚੰਦ ਦੀ ਅਗਵਾਈ ਵਿਚ ਸਮਾਜ ਬਚਾਓ ਮੋਰਚਾ ਵੱਲੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਆਨ ਤੇ ਸ਼ਾਨ ਨੂੰ ਉੱਚਾ ਕਰਨ ਲਈ ਕੀਤੇ ਜਾ ਰਹੇ ਉਪਰਾਲਿਆਂ ਦਾ ਜ਼ੋਰਦਾਰ ਸਵਾਗਤ ਕੀਤਾ ਹੈ ਇਨ੍ਹਾਂ ਆਗੂਆਂ ਨੇ ਸਿੱਖ ਭਾਈਚਾਰੇ ਅਤੇ ਰਵਿਦਾਸ ਭਾਈਚਾਰੇ ਨੂੰ ਇਕ ਪਲੇਟ ਫਾਰਮ ਤੇ ਲਿਆ ਕੇ ਖੜਾ ਕਰਨ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਬ ਉਚਤਾ ਕਾਇਮ ਕਰਨ ਦੇ ਉਪਰਾਲੇ ਦੀ ਸ਼ਲਾਘਾ ਕੀਤੀ ਹੈ।
ਉਨ੍ਹਾਂ ਕਿਹਾ ਕਿ ਰਵਿਦਾਸ ਸਮਾਜ ਦੇ ਗੁਰਦੁਆਰਿਆਂ ਵਿਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਚੁੱਕਣ ਤੋਂ ਰੋਕਣ ਲਈ ਸ੍ਰੀ ਗਿਆਨ ਚੰਦ ਦੀ ਸਮਾਜ ਬਚਾਓ ਜਥੇਬੰਦੀ ਦੇ ਯਤਨ ਸ਼ਲਾਘਾਯੋਗ ਹਨ, ਸਿੱਖ ਤਾਲਮੇਲ ਕਮੇਟੀ ਉਨ੍ਹਾਂ ਨੂੰ ਇਸ ਸਬੰਧ ਵਿਚ ਹਰ ਤਰ੍ਹਾਂ ਦੇ ਸਹਿਯੋਗ ਦਾ ਭਰੋਸਾ ਦਿਵਾਉਂਦੀ ਹੈ। ਉਨ੍ਹਾਂ ਕਿਹਾ ਕਿ ਸਿੱਖ ਤਾਲਮੇਲ ਕਮੇਟੀ ਛੇਤੀ ਧਾਰਮਿਕ ਸਮਾਗਮਾਂ ਦੀ ਲੜੀ ਆਰੰਭ ਕਰ ਰਹੀ ਹੈ ਜਿਸ ਵਿਚ ਸੁੰਦਰ ਦਸਤਾਰ ਮੁਕਾਬਲੇ ਤੇ ਡਾਕਟਰੀ ਜਾਂਚ ਕੈਂਪ ਲਗਾਉਣੇ ਸ਼ਾਮਿਲ ਹਨ। ਇਹ ਸੂਚਨਾ ਪ੍ਰੈੱਸ ਨੂੰ ਸ: ਸੁਰਿੰਦਰਪਾਲ ਸਿੰਘ ਗੋਲਡੀ ਨੇ ਦਿੱਤੀ।
ਨਿੱਜੀਕਰਨ ਵਿਰੋਧੀ 'ਤਾਲਮੇਲ ਕਮੇਟੀ' ਵੱਲੋਂ ਸੂਬਾਈ ਕਨਵੈਨਸ਼ਨ 16 ਅਕਤੂਬਰ ਨੂੰ
ਜਲੰਧਰ, 27 ਸਤੰਬਰ (ਬਾਵਾ)-ਪ੍ਰਾਂਤ ਦੇ ਪੇਂਡੂ ਤੇ ਸ਼ਹਿਰੀ ਮਜ਼ਦੂਰਾਂ ਤੇ ਕਿਸਾਨਾਂ ਦੀਆਂ 17 ਜਨਤਕ ਜਥੇਬੰਦੀਆਂ 'ਤੇ ਆਧਾਰਿਤ ਨਿੱਜੀਕਰਨ ਵਿਰੋਧੀ ਤਾਲਮੇਲ ਕਮੇਟੀ ਦੀ ਹੰਗਾਮੀ ਮੀਟਿੰਗ ਬੀਤੇ ਦਿਨੀਂ ਮੋਗਾ ਵਿਖੇ ਭਾਰਤੀ ਕਿਸਾਨ ਯੂਨੀਅਨ (ਏਕਤਾ-ਸਿੱਧੂਪੁਰ) ਦੇ ਜਨਰਲ ਸਕੱਤਰ ਬੋਘ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੇ ਫੈਸਲੇ ਅੱਜ ਇਥੇ ਪ੍ਰੈੱਸ ਨੂੰ ਰਿਲੀਜ਼ ਕਰਦਿਆਂ ਤਾਲਮੇਲ ਕਮੇਟੀ ਦੇ ਆਗੂ ਕਾਮਰੇਡ ਮੰਗਤ ਰਾਮ ਪਾਸਲਾ ਨੇ ਦੱਸਿਆ ਕਿ ਬਿਜਲੀ ਬੋਰਡ ਦੇ ਨਿਗਮੀਕਰਨ-ਨਿੱਜੀਕਰਨ ਦੀ ਤਜਵੀਜ਼ ਨੂੰ ਸਥਾਈ ਰੂਪ ਵਿਚ ਰੱਦ ਕਰਵਾਉਣ, ਮਹਿੰਗਾਈ ਨੂੰ ਰੋਕ ਲਾਉਣ ਲਈ ਲੋੜੀਂਦੇ ਕਦਮ ਚੁੱਕਣ ਲਈ ਸਰਕਾਰ ਨੂੰ ਮਜਬੂਰ ਕਰਨ, ਬਿਜਲੀ ਦਰਾਂ ਵਿਚ ਵਾਧਾ ਕਰਕੇ ਲੋਕਾਂ ਉੱਪਰ 1300 ਕਰੋੜ ਰੁਪਏ ਦੇ ਪਾਏ ਗਏ ਭਾਰ ਨੂੰ ਪੱਕੇ ਰੂਪ ਵਿਚ ਵਾਪਸ ਕਰਵਾਉਣ ਅਤੇ ਪੁਲਿਸ ਵੱਲੋਂ ਕਿਸਾਨਾਂ, ਮਜ਼ਦੂਰਾਂ ਤੇ ਨੌਜਵਾਨਾਂ 'ਤੇ ਬਣਾਏ ਗਏ ਝੂਠੇ ਕੇਸ ਵਾਪਸ ਕਰਵਾਉਣ ਲਈ 16 ਅਕਤੂਬਰ ਨੂੰ ਦੇਸ਼ ਭਗਤ ਯਾਦਗਾਰ ਹਾਲ ਵਿਖੇ ਵਿਸ਼ਾਲ ਸੂਬਾਈ ਕਨਵੈਨਸ਼ਨ ਕੀਤੀ ਜਾਵੇਗੀ।
ਮੀਟਿੰਗ ਵਿਚ ਕਿਰਤੀ ਕਿਸਾਨ ਯੂਨੀਅਨ ਦੇ ਜਨਰਲ ਸਕੱਤਰ ਨਿਰਭੈ ਸਿੰਘ ਢੁੱਡੀਕੇ, ਸੀ. ਟੀ. ਯੂ. ਪੰਜਾਬ ਦੇ ਪ੍ਰਧਾਨ ਮੰਗਤ ਰਾਮ ਪਾਸਲਾ, ਦਿਹਾਤੀ ਮਜ਼ਦੂਰ ਸਭਾ ਦੇ ਜਨਰਲ ਸਕੱਤਰ ਗੁਰਨਾਮ ਸਿੰਘ ਦਾਊਦ, ਪੰਜਾਬ ਕਿਸਾਨ ਯੂਨੀਅਨ ਦੇ ਪ੍ਰਧਾਨ ਰੁਲਦੂ ਸਿੰਘ, ਏ. ਆਈ. ਸੀ. ਸੀ. ਟੀ. ਯੂ. ਦੇ ਆਗੂ ਤਰਸੇਮ ਜੋਧਾਂ, ਬੀ. ਕੇ. ਯੂ. (ਕ੍ਰਾਂਤੀਕਾਰੀ) ਦੇ ਆਗੂ ਗੁਰਦੀਪ ਸਿੰਘ ਵੈਰੋਕੇ ਅਤੇ ਸੱਘੜ ਸਿੰਘ, ਖੇਤੀ ਤੇ ਕਿਸਾਨ ਵਿਕਾਸ ਫਰੰਟ ਦੇ ਆਗੂ ਅਜੀਤ ਸਿੰਘ ਮਹਿਮੂਆਣਾ, ਪੇਂਡੂ ਮਜ਼ਦੂਰ ਯੂਨੀਅਨ (ਕ੍ਰਾਂਤੀਕਾਰੀ) ਦੇ ਆਗੂ ਮੇਘਾ ਸਿੰਘ ਤਖਾਣਬੱਧ ਵੀ ਸ਼ਾਮਿਲ ਸਨ। ਇਹ ਵੀ ਫੈਸਲਾ ਕੀਤਾ ਗਿਆ ਕਿ ਕਨਵੈਨਸ਼ਨ ਦੀ ਤਿਆਰੀ ਅਤੇ ਅਗਲੇ ਪ੍ਰੋਗਰਾਮ ਦੀ ਰੂਪ-ਰੇਖਾ ਤਿਆਰ ਕਰਨ ਹਿੱਤ ਤਾਲਮੇਲ ਕਮੇਟੀ ਦੀ ਕੋਰ ਕਮੇਟੀ ਦੀ ਮੀਟਿੰਗ 6 ਅਕਤੂਬਰ ਨੂੰ ਕੀਤੀ ਜਾਵੇਗੀ।
ਦਲਿਤ ਸਮਾਜ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਨਾਲੋਂ ਟੁੱਟਣ ਨਹੀਂ ਦਿੱਤਾ ਜਾਵੇਗਾ ਏਕਤਾ ਬਣੀ ਰਹੇਗੀ
ਜਲੰਧਰ, 1 ਅਕਤੂਬਰ (ਪ੍ਰਿਤਪਾਲ ਸਿੰਘ)-ਸਿੱਖ ਤਾਲਮੇਲ ਕਮੇਟੀ ਅਤੇ ਸਮਾਜ ਬਚਾਓ ਮੋਰਚਾ ਦੀ ਅੱਜ ਸ਼ਾਮ ਇਕ ਸਾਂਝੀ ਮੀਟਿੰਗ ਤਾਲੇਮਲ ਕਮੇਟੀ ਦੇ ਦਫ਼ਤਰ ਵਿਚ ਹੋਈ। ਇਸ ਵਿਚ ਸਿੱਖ ਤਾਲਮੇਲ ਕਮੇਟੀ ਦੇ ਨੇਤਾਵਾਂ ਨੇ ਮੋਰਚੇ ਦੇ ਮੁਖੀ ਸ੍ਰੀ ਗਿਆਨ ਚੰਦ, ਸਾਬਕਾ ਸਰਪੰਚ ਸ੍ਰੀ ਓਮ ਪ੍ਰਕਾਸ਼ ਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਦੋਆਬੇ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਕਾਇਮ ਰੱਖਣ ਅਤੇ ਦਲਿਤ ਸਮਾਜ ਅਤੇ ਸਿੱਖ ਭਾਈਚਾਰੇ ਵਿਚ ਫਿਰਕੂ ਏਕਤਾ ਤੇ ਪ੍ਰੇਮ ਪਿਆਰ ਬਣਾਈ ਰੱਖਣ ਲਈ ਕੀਤੇ ਜਾ ਰਹੇ 'ਸ਼ਾਂਤੀ ਯਤਨਾਂ' ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਹਰ ਤਰ੍ਹਾਂ ਦੇ ਸਹਿਯੋਗ ਦਾ ਭਰੋਸਾ ਦਿੱਤਾ।
ਦੋਵਾਂ ਧਿਰਾਂ ਦੇ ਨੇਤਾਵਾਂ ਨੇ ਬਾਅਦ ਵਿਚ ਜਾਰੀ ਸਾਂਝੇ ਬਿਆਨ ਵਿਚ ਕਿਹਾ ਕਿ ਸਿੱਖ-ਦਲਿਤ ਸਾਂਝ ਬਹਾਲ ਕਰਨ ਲਈ ਯਤਨ ਜਾਰੀ ਰੱਖੇ ਜਾਣਗੇ ਅਤੇ ਦਲਿਤ ਸਮਾਜ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਨਾਲੋਂ ਕਦਾਚਿਤ ਟੁੱਟਣ ਨਹੀਂ ਦਿੱਤਾ ਜਾਵੇਗਾ। ਸ੍ਰੀ ਗਿਆਨ ਚੰਦ ਤੇ ਸ੍ਰੀ ਓਮ ਪ੍ਰਕਾਸ਼ ਤੋਂ ਇਲਾਵਾ ਸਿੱਖ ਤਾਲਮੇਲ ਕਮੇਟੀ ਦੇ ਨੇਤਾਵਾਂ ਸ: ਮੋਹਨ ਸਿੰਘ ਸਹਿਗਲ, ਸ: ਪਰਮਿੰਦਰਪਾਲ ਸਿੰਘ ਖਾਲਸਾ, ਸ: ਤਜਿੰਦਰ ਸਿੰਘ ਪ੍ਰਦੇਸੀ, ਸ: ਦਿਲਬਾਗ ਸਿੰਘ ਪ੍ਰੀਤ ਨਗਰ, ਸ: ਸੁਰਿੰਦਰਪਾਲ ਸਿੰਘ ਗੋਲਡੀ, ਸ: ਹਰਪ੍ਰੀਤ ਸਿੰਘ ਖੁਰਾਣਾ, ਸ: ਹਰਿੰਦਰ ਸਿੰਘ ਡਿੰਪੀ, ਪ੍ਰੋ: ਬਲਵਿੰਦਰ ਪਾਲ ਸਿੰਘ, ਸ: ਅਮਨਦੀਪ ਸਿੰਘ ਬਸਰਾ ਤੇ ਸ: ਬਲਜੀਤ ਸਿੰਘ ਲਾਇਲ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸਾਂਝੀ ਬਾਣੀ ਹੈ ਤੇ ਸਾਰੀ ਸਿੱਖ ਸੰਗਤ ਸ੍ਰੀ ਗੁਰੂ ਰਵਿਦਾਸ ਜੀ ਦਾ ਪੂਰਾ ਸਤਿਕਾਰ ਕਰਦੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਨਾਲੋਂ ਕਿਸੇ ਨੂੰ ਟੁੱਟਣ ਨਹੀਂ ਦਿੱਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਸਿੱਖ ਭਾਈਚਾਰੇ ਨਾਲੋਂ ਦਲਿਤ ਸਮਾਜ ਦਾ ਤੋੜ-ਵਿਛੋੜਾ ਕਰਨ ਦੀਆਂ ਕੁਝ ਸ਼ਰਾਰਤੀ ਲੋਕਾਂ ਦੀਆਂ ਸਾਜ਼ਿਸ਼ਾਂ ਸਿਰੇ ਨਹੀਂ ਚੜ੍ਹਨ ਦਿੱਤੀਆਂ ਜਾਣਗੀਆਂ। ਇਸ ਲਈ ਜੋ ਵੀ ਕੁਰਬਾਨੀ ਕਰਨ ਪਈ ਪਿੱਛੇ ਨਹੀਂ ਹਟਾਂਗੇ। ਦਲਿਤ ਨੇਤਾਵਾਂ ਤੋਂ ਇਲਾਵਾ ਸਾਧੂ ਸਮਾਜ ਦੇ ਮਹਾਂਪੁਰਸ਼ਾਂ ਨਾਲ ਵੀ ਮੀਟਿੰਗਾਂ ਕੀਤੀਆਂ ਜਾਣਗੀਆਂ।
ਨਸ਼ਿਆਂ ਦੇ ਰੁਝਾਨ ਤੇ ਪਤਿਤਪੁਣੇ ਨੂੰ ਰੋਕਣਾ ਖ਼ਾਲਸਾ ਮਾਰਚ ਦਾ ਮੁੱਖ ਉਦੇਸ਼ - ਰੋਡੇ
ਲਸਾੜਾ/ਉੜਾਪੜ, 1 ਅਕਤੂਬਰ (ਖੁਰਦ)-ਅੱਜ ਦੀ ਨੌਜਵਾਨ ਪੀੜ੍ਹੀ ਨਸ਼ਿਆਂ ਵਿਚ ਦਿਨੋਂ ਦਿਨ ਗਲਤਾਨ ਹੁੰਦੀ ਜਾ ਰਹੀ ਹੈ ਪਰ ਨਸ਼ਿਆਂ ਦੇ ਵਧ ਰਹੇ ਰੁਝਾਨ ਤੇ ਪਤਿਤਪੁਣੇ ਨੂੰ ਰੋਕ ਕੇ ਨੌਜਵਾਨਾਂ ਨੂੰ ਗੁਰਬਾਣੀ ਨਾਲ ਜੋੜਨਾ ਹੀ ਖ਼ਾਲਸਾ ਨਿਆਰਾਪਨ ਮਾਰਚ ਦਾ ਮੁੱਖ ਉਦੇਸ਼ ਹੈ। ਇਨ੍ਹਾਂ ਉਕਤ ਵਿਚਾਰਾਂ ਦਾ ਪ੍ਰਗਟਾਵਾ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਰੋਡੇ ਨੇ ਪਿੰਡ ਲਸਾੜਾ (ਜਲੰਧਰ) ਦ ਗੁਰਦੁਆਰਾ ਸਾਹਿਬ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਨੇ ਸੰਗਤਾਂ ਨੂੰ ਫ਼ੈਸਲਾਪ੍ਰਸਤੀ ਤੋਂ ਗੁਰੇਜ਼ ਤੇ ਵਿਆਹ ਆਦਿ ਕਾਰਜਾਂ ਤੇ ਫਜ਼ੂਲ ਖਰਚੀ ਘਟਾਉਣ ਦੀ ਲੋੜ 'ਤੇ ਵੀ ਜ਼ੋਰ ਦਿੱਤਾ।
ਉਨ੍ਹਾਂ ਕਿਹਾ ਕਿ ਸਾਨੂੰ ਮੜੀਆਂ ਮਸਾਣੀਆਂ, ਸਮਾਧਾਂ ਦੀ ਪੂਜਾ ਛੱਡ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਹੀ ਲੱਗਣਾ ਚਾਹੀਦਾ ਹੈ ਜਿਸ ਮੌਕੇ ਤੇ ਉਨ੍ਹਾਂ ਦੱਸਿਆ ਕਿ ਇਹ ਖ਼ਾਲਸਾ ਮਾਰਚ ਪਿੰਡ ਲਸਾੜਾ ਤੋਂ ਅੱਜ ਸ਼ੁਰੂ ਹੋਇਆ ਤੇ ਇਹ ਸੋਡੋ, ਪੁਆਰੀ, ਸੇਲਕੀਆਣਾ, ਰਾਏਪੁਰ ਅਰਾਈਆਂ ਤੇ ਭਾਰਸਿੰਘਪੁਰ ਜਾ ਕੇ ਰਾਤ ਨੂੰ ਪਹੁੰਚੇਗਾ। ਇਸ ਮੌਕੇ ਭਾਈ ਗੁਰਦਰਸ਼ਨ ਸਿੰਘ, ਭਾਈ ਅਵਤਾਰ ਸਿੰਘ ਰੋਡੇ, ਭਾਈ ਕੰਵਲਜੀਤ ਸਿੰਘ ਮਿੱਠਾ, ਰਣਜੋਧ ਸਿੰਘ, ਢਾਡੀ ਗੁਰਮੇਜ਼ ਸਿੰਘ, ਮੁੰਡੀ ਕਲਾ, ਮਨਦੀਪ ਸਿੰਘ ਕਲੈਹਰੀ, ਬੀਬੀ ਸੁਰਿੰਦਰ ਕੌਰ ਕਲੈਹਰੀ, ਭਾਈ ਪ੍ਰੀਤਮ ਸਿੰਘ ਹੈੱਡ ਗ੍ਰੰਥੀ, ਤਲਵਿੰਦਰ ਸਿੰਘ, ਪ੍ਰਧਾਨ ਸ: ਦਿਲਬਾਗ ਸਿੰਘ ਲਸਾੜਾ, ਬਲਵੀਰ ਸਿੰਘ ਦੋਧੀ, ਗੁਰਪ੍ਰੀਤ ਸਿੰਘ, ਭੁਪਿੰਦਰ ਸਿੰਘ, ਕਰਤਾਰ ਸਿੰਘ, ਪਾਖਰ ਸਿੰਘ, ਰਘਵੀਰ ਸਿੰਘ, ਗੁਰਬਚਨ ਸਿੰਘ, ਕਸ਼ਮੀਰ ਸਿੰਘ, ਜਸਵੀਰ ਸਿੰਘ ਬਾਬਾ, ਜੋਗਿੰਦਰ ਸਿੰਘ, ਬਾਬਾ ਪਿਆਰਾ ਸਿੰਘ, ਮਲਕੀਤ ਸਿੰਘ, ਬਲਵੀਰ ਸਿੰਘ, ਤਜਿੰਦਰ ਸਿੰਘ ਪੰਚ, ਕੁਲਦੀਪ ਸਿੰਘ, ਦਲਜੀਤ ਸਿੰਘ, ਕੀਰਤ ਸਿੰਘ ਆਦਿ ਵੀ ਹਾਜ਼ਰ ਸਨ।
ਸਿੱਖ ਜਥੇਬੰਦੀਆਂ ਵੱਲੋਂ ਜਲੰਧਰ 'ਚ ਇਕੋ ਨਗਰ ਕੀਰਤਨ ਸਜਾਉਣ ਦੀ ਅਪੀਲ-ਛੋਟੇ ਨਗਰ ਕੀਰਤਨ ਵੀ ਬੰਦ ਹੋਣ
ਜਲੰਧਰ, 1 ਅਕਤੂਬਰ (ਪ੍ਰਿਤਪਾਲ ਸਿੰਘ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿਚ ਸਜਾਏ ਜਾ ਰਹੇ ਨਗਰ ਕੀਰਤਨ ਸਬੰਧੀ ਫਿਰ ਤੋਂ ਜੋ ਚਰਚਾ ਸ਼ੁਰੂ ਹੋ ਗਈ ਹੈ, ਉਸ ਸਬੰਧੀ ਸਿੱਖ ਤਾਲਮੇਲ ਕਮੇਟੀ ਵੱਲੋਂ ਜਾਰੀ ਇਕ ਬਿਆਨ ਰਾਹੀਂ ਤਾਲਮੇਲ ਕਮੇਟੀ ਨਾਲ ਜੁੜੀਆਂ ਸਾਰੀਆਂ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਕਿਹਾ ਹੈ ਕਿ ਸ਼ਹਿਰ ਵਿਚ ਦੋ ਨਗਰ ਕੀਰਤਨ ਕਿਸੇ ਵੀ ਕੀਮਤ 'ਤੇ ਨਹੀਂ ਨਿਕਲਣ ਦਿੱਤੇ ਜਾਣਗੇ। ਸਾਰੇ ਨੁਮਾਇੰਦਿਆਂ ਨੇ ਇਕਮੁੱਠ ਹੋ ਕੇ ਕਿਹਾ ਕਿ ਅੱਜ ਜਦੋਂ ਕਿ ਪੰਜਾਬ ਵਿਚ ਪਤਿਤਪੁਣੇ ਦੀ ਹਨੇਰੀ ਚੱਲ ਰਹੀ ਹੈ ਤੇ ਨਸ਼ਿਆਂ ਦੇ ਦਰਿਆ ਵਗ ਰਹੇ ਹਨ, ਇਹੋ ਜਿਹੇ ਸਮੇਂ ਅਸੀਂ ਨਗਰ ਕੀਰਤਨ ਵਰਗੇ ਮੁੱਦਿਆਂ ਤੇ ਆਪਣੀ ਤਾਕਤ ਨੂੰ ਵਿਅਰਥ ਗਵਾ ਰਹੇ ਹਾਂ।
ਇਸ ਮੌਕੇ 'ਤੇ ਪੁੱਜੇ ਸਿੱਖ ਤਾਲਮੇਲ ਕਮੇਟੀ ਤੋਂ ਇਲਾਵਾ ਯੂਥ ਕੌਂਸਲ, ਸਿੱਖ ਸੇਵਕ ਸੁਸਾਇਟੀ, ਸਾਹਿਬ-ਏ-ਕਮਾਲ ਸੇਵਾ ਸੁਸਾਇਟੀ, ਸੁਖਮਨੀ ਸਾਹਿਬ ਸੇਵਾ ਸੁਸਾਇਟੀ ਬਾਜ਼ਾਰ ਬਾਂਸਾਂਵਾਲਾ, ਸੁਖਮਨੀ ਸਾਹਿਬ ਸੇਵਾ ਸੁਸਾਇਟੀ ਜੇ. ਪੀ. ਨਗਰ, ਗੁਰਦੁਆਰਾ ਸਿੰਘ ਸਭਾ ਬਾਜ਼ਾਰ ਸ਼ੇਖਾਂ, ਸਿੱਖ ਸੇਵਕ ਸਭਾ ਆਦਰਸ਼ ਨਗਰ, ਗੁਰਦੁਆਰਾ ਸਿੰਘ ਸਭਾ ਗੋਲਡਨ ਐਵੀਨਿਊ, ਗੁਰਦੁਆਰਾ ਸਿੰਘ ਸਭਾ ਗੁਰਦੇਵ ਨਗਰ, ਗੁਰਦੁਆਰਾ ਸਿੰਘ ਸਭਾ ਕਾਲੀਆ ਕਾਲੋਨੀ, ਗੁਰਮਤਿ ਮਿਸ਼ਨਰੀ ਕਾਲਜ ਆਦਿ ਜਥੇਬੰਦੀਆਂ ਦੇ ਨੁਮਾਇੰਦੇ ਸ਼ਾਮਿਲ ਸਨ। ਇਹ ਬਿਆਨ ਪ੍ਰੈੱਸ ਨੂੰ ਪਰਮਿੰਦਰਪਾਲ ਸਿੰਘ ਖਾਲਸਾ, ਮੋਹਨ ਸਿੰਘ ਸਹਿਗਲ ਤੇ ਤਜਿੰਦਰ ਸਿੰਘ ਪ੍ਰਦੇਸੀ ਨੇ ਜਾਰੀ ਕਰਦਿਆਂ ਗੁਰਦੁਆਰਾ ਦੀਵਾਨ ਅਸਥਾਨ ਸੈਂਟਰਲ ਟਾਊਨ ਤੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਚੌਕ ਅੱਡਾ ਹੁਸ਼ਿਆਰਪੁਰ ਦੀਆਂ ਪ੍ਰਬੰਧਕ ਕਮੇਟੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਸਾਂਝੀ ਕਮੇਟੀ ਬਣਾ ਕੇ ਸਾਂਝਾ ਇਕੋ ਨਗਰ ਕੀਰਤਨ ਸਜਾਉਣ ਦਾ ਫੈਸਲਾ ਕਰਨ। ਇਸ ਲਈ ਉਹ ਹਰ ਤਰ੍ਹਾਂ ਦਾ ਸਹਿਯੋਗ ਦੇਣਗੇ।
ਵਰਨਣਯੋਗ ਹੈ ਕਿ ਗੁਰਦੁਆਰਾ ਦੀਵਾਨ ਅਸਥਾਨ ਨੇ ਅਜੇ ਨਗਰ ਕੀਰਤਨ ਦੀ ਕੋਈ ਤਰੀਕ ਮੁਕੱਰਰ ਨਹੀਂ ਕੀਤੀ। ਉਪਰੋਕਤ ਨੇਤਾਵਾਂ ਨੇ ਗੁਰਦੁਆਰਾ ਦੀਵਾਨ ਅਸਥਾਨ ਦੀ ਕਮੇਟੀ ਨੂੰ ਅਪੀਲ ਕੀਤੀ ਹੈ ਕਿ ਉਹ ਐਤਕੀਂ ਕਿਸੇ ਤਰ੍ਹਾਂ ਦੀ ਟਕਰਾਅ ਵਾਲੀ ਸਥਿਤੀ ਪੈਦਾ ਨਾ ਹੋਣ ਦੇਣ ਤਾਂ ਕਿ ਸਿੱਖਾਂ ਦੀ ਆਪਸੀ ਏਕਤਾ ਬਣੀ ਰਹੇ। ਇਕ ਨਗਰ ਕੀਰਤਨ ਵਿਚ ਹੀ ਸਿੱਖੀ ਦੀ ਸ਼ਾਨ ਹੈ। ਯਾਦ ਰਹੇ ਬੀਤੀ ਰਾਤ ਗੁਰਦੁਆਰਾ ਚੌਕ ਅੱਡਾ ਹੁਸ਼ਿਆਰਪੁਰ ਕਮੇਟੀ ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਸੀ ਕਿ ਐਤਕੀਂ ਉਨ੍ਹਾਂ ਦੀ ਕਮੇਟੀ ਵੱਲੋਂ 31 ਅਕਤੂਬਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਖੁਸ਼ੀ ਵਿਚ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮੁਹੱਲਾ ਗੋਬਿੰਦਗੜ੍ਹ ਤੋਂ ਨਗਰ ਕੀਰਤਨ ਆਰੰਭ ਕੀਤਾ ਜਾਵੇਗਾ। ਇਸ ਮੀਟਿੰਗ ਵਿਚ ਸ: ਸਰਦਾਰਾ ਸਿੰਘ ਮੱਕੜ, ਸ: ਗੁਰਦਿਤ ਸਿੰਘ, ਸ: ਹਰਭਜਨ ਸਿੰਘ ਭਾਟੀਆ, ਸ: ਮੱਖਣ ਸਿੰਘ, ਸ: ਸੋਹਨ ਸਿੰਘ, ਅੰਮ੍ਰਿਤਪਾਲ ਸਿੰਘ, ਸੁਰਜੀਤ ਸਿੰਘ ਭਾਟੀਆ, ਸ: ਦਵਿੰਦਰ ਸਿੰਘ, ਬਾਬਾ ਸਤਬੀਰ ਸਿੰਘ ਤੇ ਹੋਰ ਮੈਂਬਰ ਸ਼ਾਮਿਲ ਹੋਏ। ਉਨ੍ਹਾਂ ਇਹ ਵੀ ਫ਼ੈਸਲਾ ਕੀਤਾ ਕਿ ਨਗਰ ਕੀਰਤਨ ਦੀ ਤਿਆਰੀ ਲਈ ਸਾਰੀਆਂ ਜਥੇਬੰਦੀਆਂ ਨਾਲ ਮੀਟਿੰਗਾਂ ਕੀਤੀਆਂ ਜਾਣਗੀਆਂ। ਉਕਤ ਨੇਤਾਵਾਂ ਨੇ ਹੋਰ ਕਿਹਾ ਕਿ ਗੁਰਪੁਰਬਾਂ ਮੌਕੇ ਜਲੰਧਰ ਵਿਚ ਛੋਟੇ-ਛੋਟੇ ਨਗਰ ਕੀਰਤਨ ਨਹੀਂ ਸਜਾਉਣੇ ਚਾਹੀਦੇ ਅਤੇ ਇਹ ਸਿਲਸਿਲਾ ਬੰਦ ਹੋਣਾ ਚਾਹੀਦਾ ਹੈ ।
'ਸਿੱਖ ਤਾਲਮੇਲ ਕਮੇਟੀ' ਪੱਤਿਤਪੁਣੇ ਵਿਰੁੱਧ ਪ੍ਰਚਾਰ ਮੁਹਿੰਮ ਚਲਾਏਗੀ
ਜਲੰਧਰ, 2 ਸਤੰਬਰ (ਪ੍ਰਿਤਪਾਲ ਸਿੰਘ)-ਸਿੱਖ ਤਾਲਮੇਲ ਕਮੇਟੀ ਜੋ ਕਿ ਪੰਥਕ ਕਾਰਜਾਂ ਵਿਚ ਆਪਣਾ ਯੋਗਦਾਨ ਪਾਉਣ ਵਾਲੀ ਨਿਰੋਲ ਧਾਰਮਿਕ ਜਥੇਬੰਦੀ ਹੈ, ਦੇ ਸਾਰੇ ਮੈਂਬਰਾਂ ਨੇ ਇਹ ਨਿਸ਼ਚਾ ਕੀਤਾ ਹੈ ਕਿ ਹੋਰਨਾਂ ਸਿੱਖ ਜਥੇਬੰਦੀਆਂ ਜਾਂ ਸਭਾਵਾਂ ਵਾਂਗ ਅਹੁਦੇਦਾਰੀਆਂ ਦੀ ਦੌੜ ਵਿਚ ਨਾ ਪੈ ਕੇ ਸਿਰਫ ਪੰਥਕ ਕਾਰਜਾਂ ਵੱਲ ਧਿਆਨ ਦੇਵੇਗੀ। ਇਸ ਸਬੰਧ ਵਿਚ 12 ਸਤੰਬਰ ਦਿਨ ਸ਼ਨੀਵਾਰ ਸ਼ਾਮ 7 ਵਜੇ ਤੋਂ ਰਾਤ 11 ਵਜੇ ਤੱਕ ਗੁਰਦੁਆਰਾ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜਲੰਧਰ ਵਿਖੇ ਇਕ ਵਿਸ਼ਾਲ ਗੁਰਮਤਿ ਸਮਾਗਮ ਦੀ ਵਿਉਂਤਬੰਦੀ ਕੀਤੀ ਗਈ ਹੈ ਜਿਸ ਵਿਚ ਪੰਥ ਦੇ ਨਿਸ਼ਕਾਮ ਕੀਰਤਨੀਏ ਭਾਈ ਸਤਿੰਦਰ ਪਾਲ ਸਿੰਘ ਲੁਧਿਆਣਾ ਵਾਲੇ ਅਤੇ ਉੱਘੇ ਢਾਡੀ ਭਾਈ ਤਰਸੇਮ ਸਿੰਘ ਮੋਰਾਂਵਾਲੀ ਸੰਗਤਾਂ ਨੂੰ ਕੀਰਤਨ ਅਤੇ ਢਾਡੀ ਵਾਰਾਂ ਰਾਹੀਂ ਨਿਹਾਲ ਕਰਨਗੇ। ਇਸ ਸਮਾਗਮ ਵਿਚ ਉਨ੍ਹਾਂ ਨੌਜਵਾਨਾਂ ਵੀਰਾਂ ਦਾ ਜੀ ਆਇਆਂ ਕਹਿ ਕੇ ਸਨਮਾਨ ਕੀਤਾ ਜਾਵੇਗਾ ਜੋ ਪਤਿਤਪੁਣੇ ਨੂੰ ਛੱਡ ਕੇ ਪੰਥ ਦੀ ਮੁੱਖ ਧਾਰਾ ਵਿਚ ਸ਼ਾਮਿਲ ਹੋਣਗੇ।
ਸਿੱਖ ਤਾਲਮੇਲ ਕਮੇਟੀ ਪੰਥ ਰਤਨ ਭਾਈ ਜਸਬੀਰ ਸਿੰਘ ਖੰਨੇ ਵਾਲਿਆਂ ਵੱਲੋਂ ਚਲਾਈ 'ਘਰ ਵਾਪਸੀ' ਦੀ ਮੁਹਿੰਮ ਨੂੰ ਅੱਗੇ ਤੋਰਨ ਲਈ ਉਸ ਦਿਨ ਤੋਂ ਧਰਮ ਪ੍ਰਚਾਰ ਲਹਿਰ ਆਰੰਭ ਕਰੇਗੀ। 12 ਸਤੰਬਰ ਦੇ ਸਮਾਗਮ ਵਿਚ ਗੁਰਮਤਿ ਵਿਚਾਰਾਂ ਤੋਂ ਇਲਾਵਾ ਪੰਥ ਲਈ ਹਮੇਸ਼ਾ ਤੱਤਪਰ ਰਹੇ ਉਨ੍ਹਾਂ ਟਕਸਾਲੀ ਅਕਾਲੀਆਂ ਦਾ ਸਨਮਾਨ ਵੀ ਕੀਤਾ ਜਾਵੇਗਾ, ਜਿਨ੍ਹਾਂ ਪੰਜਾਬੀ ਸੂਬਾ ਮੋਰਚੇ ਵਿਚ ਜੇਲ੍ਹ ਯਾਤਰਾ ਕੀਤੀ। ਇਸ ਸਾਰੇ ਪ੍ਰੋਗਰਾਮ ਨੂੰ ਨੇਪਰੇ ਚਾੜ੍ਹਨ ਲਈ ਸਿੱਖ ਤਾਲਮੇਲ ਕਮੇਟੀ ਦੀ ਇਕ ਭਰਵੀਂ ਮੀਟਿੰਗ ਮੁੱਖ ਦਫ਼ਤਰ ਪੁਲੀ ਅਲੀ ਮੁਹੱਲਾ ਵਿਖੇ ਹੋਈ ਜਿਸ ਵਿਚ ਹੋਰਨਾਂ ਤੋਂ ਇਲਾਵਾ ਸ: ਮੋਹਨ ਸਿੰਘ ਸਹਿਗਲ ਪਰਮਿੰਦਰ ਪਾਲ ਸਿੰਘ ਖਾਲਸਾ, ਤਜਿੰਦਰ ਸਿੰਘ ਪ੍ਰਦੇਸੀ, ਸੁਰਿੰਦਰ ਪਾਲ ਸਿੰਘ ਗੋਲਡੀ, ਹਰਪ੍ਰੀਤ ਸਿੰਘ ਨੀਟੂ, ਪਰਮਿੰਦਰ ਸਿੰਘ ਢੀਂਗਰਾ, ਸਤਪਾਲ ਸਿੰਘ ਸਿਦਕੀ, ਮਹਿੰਦਰ ਸਿੰਘ ਚਮਕ, ਜਸਵੀਰ ਸਿੰਘ ਦਕੋਹਾ, ਵਰਿੰਦਰ ਸਿੰਘ ਬਿੰਦਰਾ, ਅਮਨਦੀਪ ਸਿੰਘ ਸਿਆਲਕੋਟੀ, ਗੁਰਦੇਵ ਸਿੰਘ ਭਾਟੀਆ, ਰਜਿੰਦਰ ਸਿੰਘ ਮਿਗਲਾਨੀ, ਸੁਰਿੰਦਰਪਾਲ ਸਿੰਘ ਹੰਸ, ਰਣਜੀਤ ਸਿੰਘ ਗੋਲਡੀ, ਜੁਗਿੰਦਰ ਸਿੰਘ ਗੁਲਾਟੀ, ਜਥੇਦਾਰ ਇੰਦਰਜੀਤ ਸਿੰਘ, ਰਮਿੰਦਰਪਾਲ ਸਿੰਘ ਪ੍ਰਿੰਸ, ਪਲਵਿੰਦਰ ਸਿੰਘ ਬਾਬਾ, ਦਿਲਬਾਗ ਸਿੰਘ ਪ੍ਰੀਤਨਗਰ, ਗੁਰਵਿੰਦਰ ਸਿੰਘ ਪਰੂਥੀ, ਮਨਦੀਪ ਸਿੰਘ ਬੱਲੂ, ਬਲਦੇਵ ਸਿੰਘ ਬਸਤੀ ਮਿੱਠੂ, ਸਿਮਰਜੀਤ ਸਿੰਘ ਡਬਲ ਏ, ਪ੍ਰੀਤ ਕੰਵਲਬੀਰ ਸਿੰਘ, ਅਮਰਜੀਤ ਸਿੰਘ ਡਬਲ ਏ, ਸਿਮਰਜੋਤ ਸਿੰਘ ਸ਼ੈਰੀ, ਅਰਵਿੰਦਰਪਾਲ ਸਿੰਘ ਚਾਵਲਾ, ਗੁਰਮੀਤ ਸਿੰਘ ਲੱਕੀ, ਡਾ: ਗੁਰਚਰਨ ਸਿੰਘ ਭੰਵਰਾ, ਸੰਦੀਪ ਸਿੰਘ ਚਾਵਲਾ, ਪ੍ਰਿਤਪਾਲ ਸਿੰਘ ਹੰਸ, ਅੰਮ੍ਰਿਤਪਾਲ ਸਿੰਘ ਤੇ ਗੁਰਵਿੰਦਰ ਸਿੰਘ ਸੈਣੀ ਆਦਿ ਸ਼ਾਮਿਲ ਹੋਏ।
ਸਿੱਖਾਂ ਤੇ ਰਵਿਦਾਸ ਭਾਈਚਾਰੇ ਦੇ ਲੋਕਾਂ ਨੂੰ ਤੋੜਨ ਵਾਲਿਆਂ ਤੋਂ ਸੁਚੇਤ ਰਹਿਣ ਦੀ ਲੋੜ - ਸਮਾਜ ਬਚਾਓ ਮੋਰਚਾ
ਜਲੰਧਰ, 4 ਅਕਤੂਬਰ (ਐਚ. ਐਸ. ਬਾਵਾ)-ਸਮਾਜ ਬਚਾਓ ਮੋਰਚਾ ਨੇ ਸਿੱਖਾਂ ਤੇ ਰਵਿਦਾਸ ਭਾਈਚਾਰੇ ਦੇ ਲੋਕਾਂ 'ਚ ਕੁੜੱਤਣ ਤੇ ਨਫ਼ਰਤ ਪੈਦਾ ਕਰਨ ਵਾਲੇ ਕੁਝ ਅਸਮਾਜੀ ਤੇ ਸ਼ਰਾਰਤੀ ਅਨਸਰਾਂ ਤੋਂ ਸੁਚੇਤ ਰਹਿਣ ਦੀ ਲੋੜ 'ਤੇ ਜ਼ੋਰ ਦਿੱਤਾ ਹੈ। ਸਮਾਜ ਬਚਾਓ ਮੋਰਚਾ ਨੇ ਕਿਹਾ ਹੈ ਕਿ ਇਨ੍ਹਾਂ ਅਨਸਰਾਂ ਨੂੰ ਮੋਰਚੇ ਦੀ ਸਮਾਜ ਜੋੜੋ ਮੁਹਿੰਮ ਤੋਂ ਤਕਲੀਫ਼ ਹੋ ਗਈ ਹੈ ਤੇ ਉਨ੍ਹਾਂ ਨੇ ਮੋਰਚੇ ਦੇ ਪ੍ਰਮੁੱਖ ਆਗੂਆਂ ਦੇ ਖਿਲਾਫ਼ ਕੂੜ ਪ੍ਰਚਾਰ ਰਾਹੀਂ ਲੋਕਾਂ ਨੂੰ ਗੁੰਮਰਾਹ ਕਰਨਾ ਸ਼ੁਰੂ ਕਰ ਦਿੱਤਾ ਹੈ। ਸਮਾਜ ਬਚਾਓ ਮੋਰਚਾ ਦੇ ਕਨਵੀਨਰ ਸ੍ਰੀ ਗਿਆਨ ਚੰਦ ਨੇ ਦੱਸਿਆ ਕਿ ਉਕਤ ਫ਼ੈਸਲੇ ਮੋਰਚੇ ਦੀ ਪ੍ਰੀਜ਼ੀਡੀਅਮ ਤੇ ਵਰਕਿੰਗ ਕਮੇਟੀ ਦੀ ਅੱਜ ਹੋਈ ਮੀਟਿੰਗ 'ਚ ਲਏ ਗਏ।
ਇੰਗਲੈਂਡ 'ਚ ਗੁਰੂ ਰਵਿਦਾਸ ਭਾਈਚਾਰੇ ਨਾਲ ਸੰਬੰਧਿਤ ਗੁਰਦੁਆਰਿਆਂ ਦੇ ਪ੍ਰਬੰਧਕਾਂ ਨੂੰ ਈਮੇਲ ਰਾਹੀਂ ਧਮਕੀਆਂ ਦੇਣ ਦੀ ਨਿਖੇਧੀ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਵੀ ਉਸੇ ਸਾਜ਼ਿਸ਼ ਦਾ ਹਿੱਸਾ ਹੈ ਜਿਸ ਤਹਿਤ ਸੰਤ ਰਾਮਾਨੰਦ ਦਾ ਕਤਲ ਕੀਤਾ ਗਿਆ। ਉਨ੍ਹਾਂ ਆਖਿਆ ਕਿ ਮੋਰਚਾ ਗੁਰੂ ਰਵਿਦਾਸ ਭਾਈਚਾਰੇ ਨਾਲ ਸੰਬੰਧਿਤ ਲੋਕਾਂ ਨੂੰ ਕਿਸੇ ਵੀ ਕੀਮਤ 'ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲੋਂ ਟੁੱਟਣ ਨਹੀਂ ਦੇਵੇਗਾ। ਉਨ੍ਹਾਂ ਦੱਸਿਆ ਕਿ ਮੋਰਚੇ ਵੱਲੋਂ ਅਕਤੂਬਰ ਦੇ ਆਖਰੀ ਹਫ਼ਤੇ 'ਚ ਸ੍ਰੀ ਗੁਰੂ ਰਵਿਦਾਸ ਸਾਧੂ ਸੰਪ੍ਰਦਾਇ ਨਾਲ ਮਿਲਕੇ ਇਕ ਚੇਤਨਾ ਮਾਰਚ ਕੱਢਣ ਦਾ ਵੀ ਫ਼ੈਸਲਾ ਕੀਤਾ ਗਿਆ। ਮੀਟਿੰਗ 'ਚ ਸ੍ਰੀ ਓਮ ਪ੍ਰਕਾਸ਼ ਸਰਪੰਚ, ਸ੍ਰੀ ਪ੍ਰੇਮ ਸਰੂਪ ਸੇਵਾਮੁਕਤ ਡੀ. ਡੀ. ਪੀ. ਓ., ਸ੍ਰੀ ਹਰਮੇਸ਼ ਲਾਲ, ਸ: ਸਰਬਜੀਤ ਸਿਘ, ਸ: ਲਛਮਣ ਸਿੰਘ ਰੰਧਾਵਾ, ਸ੍ਰੀ ਬਲਜੀਤ ਰਾਜ ਸਿਆਣ, ਸ੍ਰੀ ਮੁਕੇਸ਼ ਕੁਮਾਰ, ਮਾਸਟਰ ਹਰਵਿਲਾਸ ਵਿਰਦੀ, ਸ੍ਰੀ ਬਲਬੀਰ ਬੁੱਘਾ, ਸ੍ਰੀ ਬਲਿਹਾਰ ਚੰਦ, ਸ੍ਰੀ ਅਮਰਜੀਤ ਨੰਬਰਦਾਰ, ਸ੍ਰੀ ਸੋਮ ਲਾਲ ਨੰਬਰਦਾਰ, ਸ੍ਰੀ ਸਰਬਣ ਲਾਲ ਅਤੇ ਸ੍ਰੀ ਤਰਸੇਮ ਲਾਲ ਆਦਿ ਨੇ ਭਾਗ ਲਿਆ।
ਹੁਕਮਨਾਮਿਆਂ ਪ੍ਰਤੀ ਸੁਚੇਤ ਹੋਣ ਦੀ ਲੋੜ - ਤਸਕੀਨ
ਜਲੰਧਰ, 12 ਅਕਤੂਬਰ (ਪ੍ਰਿਤਪਾਲ ਸਿੰਘ) - ਸ਼੍ਰੋਮਣੀ ਪ੍ਰਚਾਰ ਸੰਸਥਾ ਅੰਮ੍ਰਿਤਸਰ (ਪੰਜਾਬ) ਦੇ ਮੁੱਖ ਸੇਵਾਦਾਰ ਤ੍ਰਿਪਤ ਗਿਆਨੀ ਸੁਲੱਖਣ ਸਿੰਘ ਤਸਕੀਨ ਨੇ ਜਾਰੀ ਪ੍ਰੈੱਸ ਬਿਆਨ ਵਿਚ ਸਿੱਖ ਕੌਮ ਨੂੰ ਸੁਚੇਤ ਕਰਦਿਆਂ ਕਿਹਾ ਕਿ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਹੋਣ ਵਾਲੇ ਹੁਕਮਨਾਮਿਆਂ ਤੋਂ ਸੁਚੇਤ ਰਹਿਣ। ਉਨ੍ਹਾਂ ਇਸ ਗੱਲ 'ਤੇ ਜ਼ੋਰ ਦਿੱਤਾ ਕੋਈ ਵੀ ਹੁਕਮਨਾਮਾ ਪੜਚੋਲ ਕਰਨ ਤੋਂ ਬਗੈਰ ਅਤੇ ਸਰਬਤ ਖਾਲਸਾ ਸੰਮੇਲਨ ਦੀ ਪ੍ਰਵਾਨਗੀ ਲਏ ਬਿਨ੍ਹਾਂ ਜਾਰੀ ਨਹੀਂ ਹੋਣਾ ਚਾਹੀਦਾ। ਉਨ੍ਹਾਂ ਨੌਜਵਾਨਾਂ ਵਿਚ ਵੱਧ ਰਹੇ ਪਤਿਤਪੁਣੇ ਅਤੇ ਨਸ਼ਿਆਂ 'ਤੇ ਸਖਤ ਚਿੰਤਾ ਪ੍ਰਗਟਾਈ ਤੇ ਇਨ੍ਹਾਂ ਦੀ ਰੋਕਥਾਮ ਲਈ ਸਾਂਝਾ ਹੰਭਲਾ ਮਾਰਨ ਦੀ ਅਪੀਲ ਕੀਤੀ।
ਰਵਿਦਾਸੀਆ ਸਿੱਖ ਜਾਂ ਮਜ਼੍ਹਬੀ ਸਿੱਖ ਭਾਰਤ ਦੇ ਸੰਵਿਧਾਨ ਮੁਤਾਬਿਕ ਹੈ ਨਾ ਕਿ ਸਿੱਖ ਮਰਯਾਦਾ ਅਨੁਸਾਰ ਹੈ - ਭਾਈ ਰਮਤਾ
ਜਲੰਧਰ, 12 ਅਕਤੂਬਰ (ਪ੍ਰਿਤਪਾਲ ਸਿੰਘ)-ਪੰਥ ਦੇ ਪ੍ਰਸਿੱਧ ਕੀਰਤਨੀਏ ਭਾਈ ਸੁਰਿੰਦਰ ਸਿੰਘ ਰਮਤਾ ਹੁਰਾਂ ਕਿਹਾ ਹੈ ਕਿ ਸਿੱਖੀ ਵਿਚ ਜਾਤ-ਪਾਤ ਦਾ ਕੋਈ ਸੰਕਲਪ ਨਹੀਂ ਹੈ। ਸਾਰੇ ਸਿੱਖ ਇਕ ਸਮਾਨ ਮੰਨੇ ਜਾਂਦੇ ਹਨ। ਉਹ ਬੀਤੇ ਦਿਨੀਂ ਅਖਬਾਰਾਂ ਵਿਚ ਛਪੇ ਦਲਿਤ ਆਗੂ ਵੀਰਾਂ ਦੇ ਬਿਆਨ 'ਤੇ ਟਿੱਪਣੀ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਦਲਿਤ ਭਰਾਵਾਂ ਦਾ ਇਹ ਪ੍ਰਚਾਰ ਬਿਲਕੁੱਲ ਨਿਰਮੂਲ ਹੈ ਕਿ ਗੁਰੂ ਗੋਬਿੰਦ ਸਾਹਿਬ ਜੀ ਤੋਂ ਬਾਅਦ ਸਿੱਖ ਆਗੂਆਂ ਨੇ ਜਾਤ-ਪਾਤ ਦੇ ਆਧਾਰ 'ਤੇ ਵੰਡੀਆਂ ਪਾ ਰੱਖੀਆਂ ਹਨ। ਉਨ੍ਹਾਂ ਨੇ ਸਭ ਨੂੰ ਸੁਚੇਤ ਕਰਦੇ ਹੋਏ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਸਮੇਤ ਕੋਈ ਵੀ ਪੰਥਕ ਧਿਰ ਜਾਤ-ਪਾਤ ਦੀ ਹਾਮੀ ਨਹੀਂ ਭਰਦੀ।
ਭਾਈ ਰਮਤਾ ਨੇ ਸਾਰੀਆਂ ਧਿਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਸਸਤੀ ਸ਼ੋਹਰਤ ਵਾਸਤੇ ਗ਼ੈਰ-ਜ਼ਿੰਮੇਵਾਰਾਨਾ ਬਿਆਨ ਦੇਣ ਤੋਂ ਗੁਰੇਜ਼ ਕਰਨ। ਅਖੀਰ ਵਿਚ ਉਨ੍ਹਾਂ ਸਪੱਸ਼ਟ ਕੀਤਾ ਕਿ ਰਵਿਦਾਸੀਆਂ ਸਿੱਖ ਜਾਂ ਮਜ਼੍ਹਬੀ ਸਿੱਖ ਭਾਰਤ ਦੇ ਸੰਵਿਧਾਨ ਮੁਤਾਬਿਕ ਹੈ ਨਾ ਕਿ ਸਿੱਖ ਮਰਯਾਦਾ ਅਨੁਸਾਰ ਹੈ। ਉਨ੍ਹਾਂ ਕਿਹਾ ਕਿ ਸਾਨੂੰ ਆਪਸੀ ਭਾਈਚਾਰਾ ਤੇ ਪ੍ਰੇਮ ਪਿਆਰ ਬਣਾਈ ਰੱਖਣਾ ਚਾਹੀਦਾ ਹੈ, ਵੰਡੀਆਂ ਨਹੀਂ ਪੈਣ ਦੇਣੀਆਂ ਚਾਹੀਦੀਆਂ।
ਸਮਾਜ ਬਚਾਓ ਮੋਰਚਾ ਵੱਲੋਂ ਸਮਾਜ ਏਕਤਾ ਤੇ ਚੇਤਨਾ ਮਾਰਚ 9 ਨਵੰਬਰ ਨੂੰ
ਜਲੰਧਰ, 14 ਅਕਤੂਬਰ (ਐਚ.ਐਸ.ਬਾਵਾ) - ਸਮਾਜ ਬਚਾਓ ਮੋਰਚਾ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਾਣ ਮਰਿਆਦਾ ਤੇ ਸਤਿਕਾਰ ਲਈ ਕੀਤੇ ਜਾ ਰਹੇ ਉਪਰਾਲਿਆਂ ਤਹਿਤ 9 ਨਵੰਬਰ ਨੂੰ ਜਲੰਧਰ ਵਿਖੇ ਇਕ ਸਮਾਜ ਏਕਤਾ ਤੇ ਚੇਤਨਾ ਮਾਰਚ ਕੱਢਣ ਦਾ ਫ਼ੈਸਲਾ ਕੀਤਾ ਹੈ। ਇਸ ਮਾਰਚ ਰਾਹੀਂ ਸਮਾਜ ਨੂੰ ਸਾਂਝੀਵਾਲਤਾ ਦੇ ਸੰਦੇਸ਼ ਤੋਂ ਜਾਗਰੂਕ ਕਰਵਾਇਆ ਜਾਵੇਗਾ। ਸਮਾਜ ਬਚਾਓ ਮੋਰਚਾ ਦੇ ਕਨਵੀਨਰ ਸ੍ਰੀ ਗਿਆਨ ਚੰਦ ਨੇ ਦੱਸਿਆ ਕਿ ਇਸ ਸੰਬੰਧੀ ਬੀਤੇ ਕੱਲ੍ਹ ਹੋਈ ਮੀਟਿੰਗ 'ਚ ਹਾਜ਼ਰ ਹੋਏ ਪ੍ਰੀਜ਼ੀਡੀਅਮ ਅਤੇ ਵਰਕਿੰਗ ਕਮੇਟੀ ਮੈਂਬਰਾਂ 'ਚ ਸਰਵਸ੍ਰੀ ਪ੍ਰੇਮ ਸਰੂਪ ਮਹੇ, ਓਮ ਪ੍ਰਕਾਸ਼ ਸਰਪੰਚ, ਲਛਮਣ ਸਿੰਘ, ਬਲਜੀਤ ਸਿਆਣ, ਤਰਸੇਮ ਲਾਲ ਲੰਬੜਦਾਰ, ਤਰਸੇਮ ਲਾਲ ਮਾਸਟਰ, ਮੁਕੇਸ਼ ਕੁਮਾਰ, ਸਰਵਣ ਦਾਸ, ਰਾਮ ਲੁਭਾਇਆ, ਬਲਬੀਰ ਬੁੱਗਾ, ਸ਼ਿਵ ਦਿਆਲ ਅਨਜਾਣ, ਨਰੈਣ ਦਾਸ, ਬਲਿਹਾਰ ਚੰਦ, ਸਰਬਜੀਤ ਸਿੰਘ ਅਤੇ ਅਮਰਜੀਤ ਕੁਮਾਰ ਆਦਿ ਸ਼ਾਮਿਲ ਸਨ। ਉਨ੍ਹਾਂ ਦੱਸਿਆ ਕਿ ਮਾਰਚ ਦੀ ਸਫ਼ਲਤਾ ਲਈ ਤਿੰਨ ਕਮੇਟੀਆਂ ਬਣਾਈਆਂ ਗਈਆਂ ਹਨ।
ਇਕ ਕਮੇਟੀ ਸ੍ਰੀ ਪ੍ਰੇਮ ਸਰੂਪ ਮਹੇ ਦੀ ਅਗਵਾਈ ਹੇਠ ਬਣਾਈ ਗਈ ਹੈ ਜਿਸ 'ਚ ਮਾਸਟਰ ਤਰਸੇਮ ਲਾਲ, ਸ੍ਰੀ ਬਲਜੀਤ ਸਿਆਣ ਤੇ ਸ: ਸਰਬਜੀਤ ਸਿੰਘ ਮੈਂਬਰ ਹੋਣਗੇ। ਇਹ ਕਮੇਟੀ ਮਾਰਚ ਦਾ ਰੂਟ ਤੇ ਰੂਟ 'ਤੇ ਲੱਗਣ ਵਾਲੇ ਬੈਨਰਾਂ ਆਦਿ ਬਾਰੇ ਫ਼ੈਸਲਾ ਕਰੇਗੀ। ਸ: ਲਛਮਣ ਸਿੰਘ ਦੀ ਅਗਵਾਈ ਹੇਠ ਬਣਾਈ ਗਈ ਦੂਜਰੀ ਕਮੇਟੀ 'ਚ ਸ੍ਰੀ ਓਮ ਪ੍ਰਕਾਸ਼ ਸਰਪੰਚ, ਮਾਸਟਰ ਹਰਬਿਲਾਸ ਵਿਰਦੀ ਅਤੇ ਸ੍ਰੀ ਸਰਵਣ ਦਾਸ ਸ਼ਾਮਿਲ ਹੋਣਗੇ। ਇਹ ਕਮੇਟੀ ਮਾਰਚ ਦਾ ਸਮੁੱਚਾ ਪ੍ਰਬੰਧ ਵੇਖੇਗੀ। ਮਾਰਚ ਪ੍ਰਤੀ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕ ਕਰਨ ਅਤੇ ਸ਼ਮੂਲੀਅਤ ਯਕੀਨੀ ਬਣਾਉਣ ਦੀ ਜ਼ਿੰਮੇਵਾਰੀ ਸ੍ਰੀ ਬਲਬੀਰ ਬੁੱਗਾ ਦੀ ਅਗਵਾਈ ਵਾਲੀ ਕਮੇਟੀ ਕਰੇਗੀ, ਜਿਸ 'ਚ ਸ੍ਰੀ ਸੁਰਿੰਦਰ ਕੁਮਾਰ ਚੇਅਰਮੈਨ, ਸ੍ਰੀ ਹਰਮੇਸ਼ ਲਾਲ ਸੰਮਤੀ ਮੈਂਬਰ, ਸ੍ਰੀ ਸ਼ਿਵ ਦਿਆਲ ਅਨਜਾਣ ਤੇ ਸ੍ਰੀ ਮੁਕੇਸ਼ ਕੁਮਾਰ ਮੈਂਬਰ ਹੋਣਗੇ।
ਧਰਮ ਪਰਿਵਰਤਨ ਦੀ ਰੋਕਥਾਮ ਲਈ ਕਾਨੂੰਨ ਬਣੇ
ਵਿਨੇ ਜਲੰਧਰੀ ਦੀ ਮੰਗ-ਨਰਿੰਦਰ ਕੌਰ ਦੀ ਸ਼ਲਾਘਾ ਕੀਤੀ
ਜਲੰਧਰ, 23 ਅਕਤੂਬਰ (ਪ੍ਰਿਤਪਾਲ ਸਿੰਘ)-ਸਿੱਖ ਧਰਮ ਨੂੰ ਅਲਵਿਦਾ ਕਹਿ ਕੇ ਈਸਾਈ ਧਰਮ ਕਬੂਲ ਕਰ ਚੁੱਕੇ ਦਰਜਨਾਂ ਪਰਿਵਾਰਾਂ ਨੂੰ ਘਰ ਵਾਪਸੀ ਲਈ ਸ੍ਰੀ ਗੋਇੰਦਵਾਲ ਸਾਹਿਬ ਦੇ ਨਿਵਾਸੀ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਖਾਨਦਾਨ ਦੀ ਨੂੰਹ ਨਰਿੰਦਰ ਕੌਰ ਖਾਲਸਾ ਦੁਆਰਾ ਕੀਤੇ ਜਾ ਰਹੇ ਯਤਨ ਸ਼ਲਾਘਾਯੋਗ ਹਨ। ਇਹ ਗੱਲ ਸ਼ਿਵ ਸੈਨਾ ਬਾਲ ਠਾਕਰੇ ਉੱਤਰੀ ਭਾਰਤ ਦੇ ਸੀਨੀਅਰ ਮੀਤ ਪ੍ਰਧਾਨ ਸ੍ਰੀ ਵਿਨੇ ਜਲੰਧਰੀ ਨੇ ਅੱਜ ਪਾਰਟੀ ਦੇ ਮੁੱਖ ਦਫਤਰ ਵਿਚ ਵਰਕਰਾਂ ਦੀ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਕਹੀ।
ਉਨ੍ਹਾਂ ਕਿਹਾ ਕਿ ਇਸ ਮੁੱਦੇ ਨੂੰ ਲੈ ਕੇ ਸ਼ਿਵ ਸੈਨਾ ਵੀ ਪਿਛਲੇ 10 ਸਾਲਾਂ ਤੋਂ ਯਤਨਸ਼ੀਲ ਹੈ ਤੇ ਉਹ ਵੀ ਕਈ ਲੋਕਾਂ ਦੀ ਘਰ ਵਾਪਸੀ ਕਰਵਾ ਚੁੱਕੀ ਹੈ। ਉਨ੍ਹਾਂ ਦੂਸਰੀਆਂ ਸਮਾਜ-ਸੇਵੀ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਉਹ ਵੀ ਇਸ ਲਈ ਯਤਨਸ਼ੀਲ ਹੋਣ। ਉਨ੍ਹਾਂ ਕਿਹਾ ਕਿ ਧਰਮ ਪਰਿਵਰਤਨ ਰੋਕਣ ਲਈ ਪੰਜਾਬ ਵਿਚ ਸਖਤ ਕਾਨੂੰਨ ਬਣਨਾ ਚਾਹੀਦਾ ਹੈ। ਹਿਮਾਚਲ ਪ੍ਰਦੇਸ਼ ਵਿਚ ਅਜਿਹਾ ਕਾਨੂੰਨ ਪਹਿਲਾਂ ਹੀ ਬਣ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਇਸ ਮਸਲੇ ਪ੍ਰਤੀ ਨਾ ਤੇ ਪੰਜਾਬ ਸਰਕਾਰ ਗੰਭੀਰ ਹੈ ਅਤੇ ਨਾ ਹੀ ਜ਼ਿਲ੍ਹਾ ਪ੍ਰਸ਼ਾਸਨ। ਉਨ੍ਹਾਂ ਹੋਰ ਕਿਹਾ ਕਿ ਸ਼ਿਵ ਸੈਨਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਕਈ ਵਾਰ ਇਸ ਮਸਲੇ ਨੂੰ ਲੈ ਕੇ ਮਿਲ ਚੁੱਕੀ ਹੈ ਪਰ ਪੰਜਾਬ ਸਰਕਾਰ ਨੇ ਕਾਨੂੰਨ ਬਣਾਉਣ ਬਾਰੇ ਅਜੇ ਕੁਝ ਨਹੀਂ ਕੀਤਾ। ਉਨ੍ਹਾਂ ਈਸਾਈ ਮਿਸ਼ਨਰੀਆਂ ਨੂੰ ਤਾੜਨਾ ਕੀਤੀ ਕਿ ਜੇ ਉਹ ਧਰਮ ਪਰਿਵਰਤਨ ਕਰਵਾਉਣ ਤੋਂ ਬਾਜ਼ ਨਾ ਆਏ ਤਾਂ ਸ਼ਿਵ ਸੈਨਾ ਇੱਟ ਦਾ ਜਵਾਬ ਪੱਥਰ ਨਾਲ ਦੇਵੇਗੀ। ਉਨ੍ਹਾਂ ਕਿਹਾ ਕਿ ਭੋਲੇ-ਭਾਲੇ ਲੋਕਾਂ ਨੂੰ ਮਾਇਆ ਜਾਲ ਵਿਚ ਫਸਾ ਕੇ ਈਸਾਈ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਨਰਿੰਦਰ ਕੌਰ ਖਾਲਸਾ ਵਰਗਿਆਂ ਦੇ ਅੱਗੇ ਆਉਣ ਦੀ ਲੋੜ ਹੈ।
ਦੋ ਨਗਰ ਕੀਰਤਨਾਂ ਦੀ ਚਰਚਾ ਤੋਂ ਸਿੱਖ ਸੰਗਤਾਂ ਪ੍ਰੇਸ਼ਾਨ
ਜਲੰਧਰ, 21 ਅਕਤੂਬਰ (ਪ੍ਰਿਤਪਾਲ ਸਿੰਘ)- ਜਲੰਧਰ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਮੌਕੇ ਸਜਾਏ ਜਾਣ ਵਾਲੇ ਨਗਰ ਕੀਰਤਨ ਨੂੰ ਲੈ ਕੇ ਜੋ ਕਈ ਦਿਨਾਂ ਤੋਂ ਵਾਦ-ਵਿਵਾਦ ਚੱਲ ਰਿਹਾ ਹੈ, ਉਸ ਕਾਰਨ ਸਿੱਖ ਸੰਗਤਾਂ ਪ੍ਰੇਸ਼ਾਨ ਹਨ। ਸੰਗਤ ਚਾਹੁੰਦੀ ਹੈ ਕਿ ਹਰ ਸਾਲ ਵਾਂਗੂ ਨਗਰ ਕੀਰਤਨ ਇਕ ਹੀ ਸਜਾਇਆ ਜਾਵੇ। ਇਸ ਸਬੰਧ ਵਿਚ ਸਿੱਖ ਤਾਲਮੇਲ ਕਮੇਟੀ ਨੇ ਜੋ ਵਾਰ-ਵਾਰ ਸਾਂਝੇ ਨਗਰ ਕੀਰਤਨ ਲਈ ਅਪੀਲਾਂ ਕੀਤੀਆਂ, ਉਹ ਵੀ ਬੇਅਸਰ ਸਾਬਤ ਹੋਈਆਂ ਹਨ, ਕਿਉਂਕਿ ਗੁਰਦੁਆਰਾ ਦੀਵਾਨ ਅਸਥਾਨ ਸੈਂਟਰਲ ਟਾਊਨ ਤੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਚੌਕ ਅੱਡਾ ਹੁਸ਼ਿਆਰਪੁਰ ਦੀਆਂ ਪ੍ਰਬੰਧਕ ਕਮੇਟੀਆਂ ਨਗਰ ਕੀਰਤਨ ਸਜਾਉਣ ਲਈ ਆਪੋ-ਆਪਣੇ ਸਟੈਂਡ 'ਤੇ ਕਾਇਮ ਹਨ। ਅਜੇ ਤੱਕ ਦੋਵਾਂ ਵਿਚੋਂ ਕੋਈ ਵੀ ਧਿਰ ਪਿੱਛੇ ਹਟਣ ਨੂੰ ਤਿਆਰ ਨਹੀਂ।
ਪੁਰਾਤਨ ਪ੍ਰੰਪਰਾ ਅਨੁਸਾਰ ਸੰਨ 1936 ਤੋਂ ਹਰ ਸਾਲ ਨਗਰ ਕੀਰਤਨ 'ਚ ਡੇਰਾ ਨਿਰਮਲ ਕੁਟੀਆ ਜੌਹਲਾਂ (ਜਲੰਧਰ) ਵਾਲੇ ਸੰਤ ਮਹਾਂਪੁਰਸ਼ ਸ਼ਾਮਿਲ ਹੁੰਦੇ ਆ ਰਹੇ ਹਨ। ਬੀਤੀ ਸ਼ਾਮ ਗੁਰਦੁਆਰਾ ਦੀਵਾਨ ਅਸਥਾਨ ਸੈਂਟਰਲ ਟਾਊਨ ਤੇ ਗੁਰਦੁਆਰਾ ਦੋਆਬਾ ਸ੍ਰੀ ਗੁਰੂ ਸਿੰਘ ਸਭਾ ਚੌਕ ਅੱਡਾ ਹੁਸ਼ਿਆਰਪੁਰ ਦੀਆਂ ਪ੍ਰਬੰਧਕ ਕਮੇਟੀਆਂ ਦੇ ਮੈਂਬਰ ਸੰਤ ਬਾਬਾ ਜੀਤ ਸਿੰਘ ਤੇ ਉਨ੍ਹਾਂ ਦੇ ਸਹਾਇਕ ਸੰਤ ਬਾਬਾ ਜਸਪਾਲ ਸਿੰਘ ਨੂੰ ਆਪੋ-ਆਪਣੇ ਨਗਰ ਕੀਰਤਨ ਵਿਚ ਉਨ੍ਹਾਂ ਦੀ ਸ਼ਮੂਲੀਅਤ ਲਈ ਸਹਿਮਤ ਕਰਨ ਵਾਸਤੇ ਉਨ੍ਹਾਂ ਨੂੰ ਮਿਲਣ ਲਈ ਗਏ। ਪ੍ਰਾਪਤ ਸੂਚਨਾ ਅਨੁਸਾਰ ਦੋਵਾਂ ਧਿਰਾਂ ਦੇ ਵਿਚਾਰ ਸੁਣਨ ਉਪਰੰਤ ਮਹਾਂਪੁਰਸ਼ਾਂ ਨੇ ਸਪੱਸ਼ਟ ਕੀਤਾ ਕਿ ਜੇਕਰ ਉਹ ਦੋਵੇਂ ਇਕੱਠੇ ਹੋ ਕੇ ਇਕ ਸਾਂਝਾ ਨਗਰ ਕੀਰਤਨ ਸਜਾਉਣ ਲਈ ਸਹਿਮਤ ਹੋ ਕੇ ਆਉਣਗੇ ਤਾਂ ਉਹ ਸ਼ਾਮਿਲ ਹੋਣਗੇ, ਨਹੀਂ ਤਾਂ ਨਹੀਂ, ਕਿਉਂਕਿ ਸ਼ਹਿਰ ਵਿਚ ਵੱਖੋ-ਵੱਖਰੇ ਕੀਰਤਨ ਸਜਾਉਣੇ ਉਨ੍ਹਾਂ ਨੂੰ ਬਿਲਕੁਲ ਪਸੰਦ ਨਹੀਂ।
ਇਹ ਵੀ ਪਤਾ ਲੱਗਾ ਹੈ ਕਿ ਗੁਰਦੁਆਰਾ ਦੋਆਬਾ ਸਿੰਘ ਸਭਾ ਵਾਲਿਆਂ ਨੇ ਏਕਤਾ ਲਈ ਕੁਝ ਸੁਝਾਅ ਵੀ ਰੱਖੇ ਲੇਕਿਨ ਸਹਿਮਤੀ ਨਾ ਹੋ ਸਕਣ ਕਰਕੇ ਦੋਵੇਂ ਧਿਰਾਂ ਬਿਨਾਂ ਕੋਈ ਫੈਸਲਾ ਕੀਤੇ ਵਾਪਸ ਪਰਤ ਆਈਆਂ। ਵੈਸੇ ਦੋਵੇਂ ਧਿਰਾਂ ਨਗਰ ਕੀਰਤਨ ਲਈ ਅੰਦਰਖਾਤੇ ਤਿਆਰੀ ਕਰ ਰਹੀਆਂ ਹਨ। ਦੂਸਰੇ ਪਾਸੇ ਸ਼ਹਿਰ ਦੀਆਂ ਸੰਗਤਾਂ ਇਸ ਗੱਲੋਂ ਵੀ ਹੈਰਾਨ ਹਨ ਕਿ ਨਗਰ ਕੀਰਤਨ ਦੀ ਤਾਰੀਖ ਕਿਉਂ ਨਹੀਂ ਐਲਾਨੀ ਜਾ ਰਹੀ। ਲੰਗਰ ਲਗਾਉਣ ਵਾਲੀਆਂ ਜਥੇਬੰਦੀਆਂ ਵੀ ਭੰਬਲਭੂਸੇ ਵਿਚ ਹਨ।
ਇਹ ਵੀ ਸੁਣਨ ਵਿਚ ਆਇਆ ਹੈ ਕਿ ਦੋਵਾਂ ਧਿਰਾਂ ਦੀ ਆਪਸੀ ਖਿੱਚੋਤਾਣ ਨੂੰ ਵੇਖਦਿਆਂ ਹੁਣ ਕੋਈ ਤੀਜੀ ਨਿਰਪੱਖ ਧਿਰ ਨਗਰ ਕੀਰਤਨ ਪੂਰੀ ਸ਼ਾਨ ਨਾਲ ਸਜਾਉਣ ਬਾਰੇ ਗੰਭੀਰਤਾ ਨਾਲ ਵਿਚਾਰ ਕਰ ਰਹੀ ਹੈ। ਉਹ ਲੋਕ ਦੋਵਾਂ ਧਿਰਾਂ ਵੱਲੋਂ ਨਗਰ ਕੀਰਤਨ ਬਾਰੇ ਐਲਾਨੀ ਜਾਣ ਵਾਲੀ ਤਾਰੀਖ ਵੱਲ ਵੇਖ ਰਹੇ ਹਨ। ਇਸ ਵੇਲੇ ਜੋ ਸਥਿਤੀ ਬਣੀ ਹੋਈ ਹੈ, ਉਸ ਮੁਤਾਬਿਕ ਦੋਵੇਂ ਧਿਰਾਂ ਇਕ-ਦੂਜੇ ਤੋਂ ਅੱਗੇ ਲੰਘਣ ਲਈ ਇਕ-ਦੂਜੇ ਵੱਲੋਂ ਐਲਾਨੀ ਜਾਣ ਵਾਲੀ ਤਾਰੀਖ ਦਾ ਇੰਤਜ਼ਾਰ ਕਰ ਰਹੀਆਂ ਹਨ। ਮੁਕਦੀ ਗੱਲ ਇਹ ਹੈ ਕਿ ਸ਼ਹਿਰ ਦੀਆਂ ਸੰਗਤਾਂ ਇਕੋ-ਇਕ ਸਾਂਝਾ ਨਗਰ ਕੀਰਤਨ ਚਾਹੁੰਦੀਆਂ ਹਨ ਦੋ ਜਾਂ ਤਿੰਨ ਨਹੀਂ, ਕਿਉਂਕਿ ਦੋ ਨਗਰ ਕੀਰਤਨਾਂ ਨਾਲ ਆਪਸੀ ਨਫ਼ਰਤ ਤੇ ਖਿੱਚੋਤਾਣ ਵਧੇਗੀ ਜੋ ਸਿੱਖਾਂ ਲਈ ਨੁਕਸਾਨਦੇਹ ਸਾਬਤ ਹੋ ਸਕਦੀ ਹੈ। ਸਿੱਖ ਤਾਲਮੇਲ ਕਮੇਟੀ ਨੇ ਹੁਣ ਸ਼ਹਿਰ ਦੀਆਂ ਪ੍ਰਭਾਵ ਵਾਲੀਆਂ ਪੰਥਕ ਸ਼ਖ਼ਸੀਅਤਾਂ ਨੂੰ ਮਸਲਾ ਸੁਲਝਾਉਣ ਲਈ ਦਖਲ ਦੇਣ ਦੀ ਅਪੀਲ ਕੀਤੀ ਹੈ। ਦੇਰ ਰਾਤ ਖ਼ਬਰ ਲਿਖਣ ਤੱਕ ਕਿਸੇ ਵੀ ਧਿਰ ਨੇ ਨਗਰ ਕੀਰਤਨ ਲਈ ਤਾਰੀਖ ਦਾ ਐਲਾਨ ਨਹੀਂ ਕੀਤਾ।
ਜਲੰਧਰ 'ਚ ਸਾਂਝੇ ਨਗਰ ਕੀਰਤਨ ਲਈ ਸਹਿਮਤੀ ਨਹੀਂ ਹੋਈ
ਜਲੰਧਰ, 22 ਅਕਤੂਬਰ (ਪ੍ਰਿਤਪਾਲ ਸਿੰਘ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਮੌਕੇ ਜਲੰਧਰ ਦੇ ਇਤਿਹਾਸ ਵਿਚ ਪਹਿਲੀ ਵਾਰ ਦੋ ਨਗਰ ਕੀਰਤਨ ਸਜਾਏ ਜਾ ਰਹੇ ਹਨ। ਇਕ ਗੁਰਦੁਆਰਾ ਦੋਆਬਾ ਸ੍ਰੀ ਗੁਰੂ ਸਿੰਘ ਸਭਾ ਚੌਕ ਅੱਡਾ ਹੁਸ਼ਿਆਰਪੁਰ ਦੀ ਪ੍ਰਬੰਧਕ ਕਮੇਟੀ ਵੱਲੋਂ ਤੇ ਦੂਸਰਾ ਗੁਰਦੁਆਰਾ ਦੀਵਾਨ ਅਸਥਾਨ ਸੈਂਟਰਲ ਟਾਊਨ ਦੀ ਪ੍ਰਬੰਧਕ ਕਮੇਟੀ ਵੱਲੋਂ। ਇਸ ਤਰ੍ਹਾਂ ਨਗਰ ਕੀਰਤਨ ਨੂੰ ਲੈ ਕੇ ਚੱਲ ਰਿਹਾ ਵਿਵਾਦ ਸੁਲਝ ਨਹੀਂ ਸਕਿਆ ਅਤੇ ਇਕੋ ਸਾਂਝਾ ਨਗਰ ਕੀਰਤਨ ਸਜਾਏ ਜਾਣ ਦੇ ਕੀਤੇ ਗਏ ਯਤਨ ਸਫਲ ਨਹੀਂ ਹੋਏ। ਅੱਜ ਸ਼ਾਮ ਗੁਰਦੁਆਰਾ ਦੋਆਬਾ ਸ੍ਰੀ ਗੁਰੂ ਸਿੰਘ ਸਭਾ ਚੌਕ ਅੱਡਾ ਹੁਸ਼ਿਆਰਪੁਰ ਦੀ ਐਡਹਾਕ ਕਮੇਟੀ ਵੱਲੋਂ ਕੀਤੀ ਇਕ ਪ੍ਰੈੱਸ ਕਾਨਫ਼ਰੰਸ ਵਿਚ ਸ: ਮੱਖਣ ਸਿੰਘ ਨੇ ਐਲਾਨ ਕੀਤਾ ਕਿ ਉਨ੍ਹਾਂ ਦੀ ਕਮੇਟੀ ਵੱਲੋਂ ਨਗਰ ਕੀਰਤਨ 29 ਅਕਤੂਬਰ ਨੂੰ ਸਵੇਰੇ 10 ਵਜੇ ਸਜਾਇਆ ਜਾਵੇਗਾ ਜੋ ਹਰ ਸਾਲ ਵਾਂਗ ਗੁਰਦੁਆਰਾ ਮੁਹੱਲਾ ਗੋਬਿੰਦਗੜ੍ਹ ਤੋਂ ਆਰੰਭ ਹੋ ਕੇ ਪੁਰਾਣੇ ਰਸਤੇ (ਰੂਟ) 'ਤੇ ਚਲਦਾ ਹੋਇਆ ਰਾਤ 8 ਵਜੇ ਗੁਰਦੁਆਰਾ ਦੋਆਬਾ ਸਿੰਘ ਸਭਾ ਅੱਡਾ ਹੁਸ਼ਿਆਰਪੁਰ ਵਿਖੇ ਸਮਾਪਤ ਹੋਵੇਗਾ।
ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ 'ਤੇ ਵੀ ਉਨ੍ਹਾਂ ਦੀ ਕਮੇਟੀ ਵੱਲੋਂ 3 ਜਨਵਰੀ ਨੂੰ ਨਗਰ ਕੀਰਤਨ ਸਜਾਇਆ ਜਾਵੇਗਾ। ਇਸ ਸਮੇਂ ਬਾਬਾ ਸਤਬੀਰ ਸਿੰਘ, ਸ: ਅੰਮ੍ਰਿਤ ਪਾਲ ਸਿੰਘ ਤੇ ਸ: ਸੁਰਜੀਤ ਸਿੰਘ ਵੀ ਮੌਜੂਦ ਸਨ। ਸ: ਮੱਖਣ ਸਿੰਘ ਨੇ ਹੋਰ ਕਿਹਾ ਕਿ ਸ: ਸਰਦਾਰਾ ਸਿੰਘ ਮੱਕੜ, ਸ: ਹਰਭਜਨ ਸਿੰਘ ਭਾਟੀਆ, ਸ: ਪ੍ਰੇਮ ਸਿੰਘ ਜੰਡੂ, ਸ: ਦੀਦਾਰ ਸਿੰਘ, ਸ: ਦਵਿੰਦਰ ਸਿੰਘ ਤੇ ਬੀਬੀ ਸੁਰਿੰਦਰ ਕੌਰ ਸਾਰੇ ਕਮੇਟੀ ਮੈਂਬਰ ਇਕ ਜੁੱਟ ਹੋ ਕੇ ਤਿਆਰੀਆਂ ਵਿਚ ਰੁੱਝ ਗਏ ਹਨ। ਉਨ੍ਹਾਂ ਕਮੇਟੀ ਵੱਲੋਂ ਸੰਤ ਬਾਬਾ ਜੀਤ ਸਿੰਘ ਨਿਰਮਲ ਕੁਟੀਆ ਜੌਹਲਾਂ ਵਾਲਿਆਂ ਨੂੰ ਵੀ ਨਗਰ ਕੀਰਤਨ ਵਿਚ ਸ਼ਾਮਿਲ ਹੋਣ ਦੀ ਬੇਨਤੀ ਕੀਤੀ ਹੈ। ਉਨ੍ਹਾਂ ਕਿਹਾ ਕਿ ਨਗਰ ਕੀਰਤਨ ਦੀ ਆਰੰਭਤਾ ਡੇਰਾ ਨਿਰਮਲ ਕੁਟੀਆ ਦੇ ਮਹਾਂਪੁਰਸ਼ ਸੰਤ ਬਾਬਾ ਬਸੰਤ ਸਿੰਘ ਵੱਲੋਂ ਜਲੰਧਰ ਵਿਚ ਸੰਨ 1926 ਤੋਂ ਕੀਤੀ ਗਈ ਸੀ ਤੇ ਡੇਰੇ ਤੋਂ ਮਹਾਂਪੁਰਸ਼ ਹਮੇਸ਼ਾ ਉਕਤ ਗੁਰਦੁਆਰਾ ਦੋਆਬਾ ਸਿੰਘ ਸਭਾ ਵੱਲੋਂ ਸਜਾਏ ਜਾਂਦੇ ਨਗਰ ਕੀਰਤਨ ਵਿਚ ਸ਼ਾਮਿਲ ਹੁੰਦੇ ਆਏ ਹਨ। ਇਸ ਪ੍ਰੰਪਰਾ ਨੂੰ ਕਾਇਮ ਰੱਖਦਿਆਂ ਸੰਤ ਬਾਬਾ ਜੀਤ ਸਿੰਘ ਤੇ ਸੰਤ ਬਾਬਾ ਜਸਪਾਲ ਸਿੰਘ ਨੂੰ ਸਾਡੀ ਬੇਨਤੀ ਸਵੀਕਾਰ ਕਰਦੇ ਹੋਏ ਗੁਰਦੁਆਰਾ ਦੋਆਬਾ ਸਿੰਘ ਸਭਾ ਤੋਂ 29 ਅਕਤੂਬਰ ਨੂੰ ਸਜਾਏ ਜਾਣ ਵਾਲੇ ਨਗਰ ਕੀਰਤਨ ਵਿਚ ਸ਼ਾਮਿਲ ਹੋਣਾ ਚਾਹੀਦਾ ਹੈ।
ਉਧਰ ਗੁਰਦੁਆਰਾ ਦੀਵਾਨ ਅਸਥਾਨ ਸੈਂਟਰਲ ਟਾਊਨ ਵੱਲੋਂ ਜੋ ਸ਼ਹਿਰ ਵਿਚ ਇਸ਼ਤਿਹਾਰ ਲਗਾਏ ਗਏ ਹਨ, ਉਨ੍ਹਾਂ ਮੁਤਾਬਿਕ ਉਨ੍ਹਾਂ ਵੱਲੋਂ ਨਗਰ ਕੀਰਤਨ 30 ਅਕਤੂਬਰ ਨੂੰ ਸਵੇਰੇ 10 ਵਜੇ ਆਰੰਭ ਹੋਵੇਗਾ। ਉਹ ਵੀ ਗੁਰਦੁਆਰਾ ਸਿੰਘ ਸਭਾ ਮੁਹੱਲਾ ਗੋਬਿੰਦਗੜ੍ਹ ਤੋਂ ਆਰੰਭ ਹੋ ਕੇ ਪੁਰਾਣੇ ਰੂਟ 'ਤੇ ਚਲਦਾ ਹੋਇਆ ਰਾਤ ਗੁਰਦੁਆਰਾ ਦੀਵਾਨ ਅਸਥਾਨ ਪੁੱਜ ਕੇ ਸਮਾਪਤ ਹੋਵੇਗਾ। ਸੰਪਰਕ ਕਰਨ 'ਤੇ ਸ: ਗੁਰਮੀਤ ਸਿੰਘ ਜਨਰਲ ਸਕੱਤਰ ਨੇ ਕਿਹਾ ਕਿ ਗੁਰਦੁਆਰਾ ਦੀਵਾਨ ਅਸਥਾਨ ਤੋਂ ਸਜਾਏ ਜਾਣ ਵਾਲੇ ਨਗਰ ਕੀਰਤਨ ਦਾ ਫ਼ੈਸਲਾ ਅਟਲ ਹੈ। ਸੰਤ ਬਾਬਾ ਜੀਤ ਸਿੰਘ ਨਾਲ ਜਦੋਂ ਫੋਨ 'ਤੇ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੇ ਸੇਵਕ ਰਾਹੀਂ ਜੋ ਸੰਦੇਸ਼ ਮਿਲਿਆ ਉਸ ਮੁਤਾਬਿਕ ਉਨ੍ਹਾਂ ਦੱਸਿਆ ਕਿ ਦੋਵਾਂ ਧਿਰਾਂ ਵਿਚੋਂ ਕਿਸੇ ਨੂੰ ਵੀ ਅਜੇ ਤੱਕ ਨਗਰ ਕੀਰਤਨ ਵਿਚ ਸ਼ਾਮਿਲ ਹੋਣ ਦੀ ਉਨ੍ਹਾਂ ਪ੍ਰਵਾਨਗੀ ਨਹੀਂ ਦਿੱਤੀ।
ਦੋਹਾਂ ਧੜਿਆਂ ਵਲੋਂ ਨਗਰ ਕੀਰਤਨ ਦਾ ਐਲਾਨ, 29 ਤੇ 30 ਅਕਤੂਬਰ ਨੂੰ ਨਿਕਲਣਗੇ
51 ਮੈਂਬਰੀ ਕਮੇਟੀ 1 ਨਗਰ ਕੀਰਤਨ ਲਈ ਸਹਿਮਤ
ਇਕੋ ਨਗਰ ਕੀਰਤਨ ਕੱਢਣ ਸੰਬੰਧੀ ਸਵਾਗਤ, ਸਿੱਖ ਤਾਲਮੇਲ ਕਮੇਟੀ ਦੇ ਯਤਨਾਂ ਦੀ ਸ਼ਲਾਘਾ
7) ਕਿਸਾਨੀ ਸੰਘਰਸ਼ ਅਤੇ ਚੰਡੀਗੜ੍ਹ ਲਾਠੀਚਾਰਜ