ਖਾੜਕੂਵਾਦ ਨੂੰ ਮੁੜ ਸੁਰਜੀਤ ਕਰਨਾ ਚਾਹੁੰਦੇ ਹਨ ਗਰਮ ਖਿਆਲੀਏ
ਉੱਚ-ਧਾਰਮਿਕ ਅਤੇ ਰਾਜਸੀ ਆਗੂ 'ਹਿੱਟ ਲਿਸਟ' 'ਤੇ, ਖਾੜਕੂ ਭੂਤਨਾ ਵੱਲੋਂ ਅਹਿਮ ਖੁਲਾਸੇ
ਲੁਧਿਆਣਾ, 26 ਅਗਸਤ (ਪਰਮਿੰਦਰ ਸਿੰਘ ਆਹੂਜਾ)- ਲੁਧਿਆਣਾ ਪੁਲਿਸ ਵੱਲੋਂ ਬੀਤੇ ਦਿਨ ਰੇਲਵੇ ਸਟੇਸ਼ਨ ਤੋਂ ਗ੍ਰਿਫ਼ਤਾਰ ਕੀਤੇ ਖਾੜਕੂ ਬਲਬੀਰ ਸਿੰਘ ਭੂਤਨਾ ਨੇ ਪੁਲਿਸ ਕੋਲ ਕਈ ਅਹਿਮ ਪ੍ਰਗਟਾਵੇ ਕਰਦਿਆਂ ਦੱਸਿਆ ਹੈ ਕਿ ਕੁਝ ਗਰਮ ਖਿਆਲੀਏ ਪੰਜਾਬ ਵਿਚ ਖਾੜਕੂਵਾਦ ਨੂੰ ਮੁੜ ਤੋਂ ਸੁਰਜੀਤ ਕਰਨ ਦੀ ਤਾਕ ਵਿਚ ਹਨ। ਇਸ ਅਹਿਮ ਖੁਲਾਸੇ ਤੋਂ ਬਾਅਦ ਹਰਕਤ ਵਿਚ ਆਏ ਪੁਲਿਸ ਪ੍ਰਸ਼ਾਸਨ ਨੇ ਪੰਜਾਬ ਭਰ ਵਿਚ ਅਲਰਟ ਜਾਰੀ ਕਰਕੇ ਸ਼ੱਕੀ ਵਿਅਕਤੀਆਂ 'ਤੇ ਨਜ਼ਰ ਰੱਖਣ ਲਈ ਕਿਹਾ ਹੈ। ਭਾਵੇਂ ਕੋਈ ਵੀ ਅਧਿਕਾਰੀ ਇਸ ਸਬੰਧੀ ਕੁਝ ਵੀ ਕਹਿਣ ਤੋਂ ਇਨਕਾਰ ਕਰ ਰਿਹਾ ਹੈ ਪਰ ਸੂਤਰਾਂ ਅਨੁਸਾਰ ਭੂਤਨਾ ਅਤੇ ਉਸ ਦੇ ਸਾਥੀਆਂ ਦੀ ਹਿੱਟ ਲਿਸਟ ਵਿਚ ਡੇਰਾ ਸੱਚਾ ਸੌਦਾ ਦੇ ਬਾਬਾ ਗੁਰਮੀਤ ਰਾਮ ਰਹੀਮ, ਬਾਬਾ ਭਨਿਆਰਾ ਵਾਲਾ, ਨੂਰਮਹਿਲੀਆ ਬਾਬਾ ਆਸ਼ੂਤੋਸ਼ ਤੋਂ ਇਲਾਵਾ ਰਾਜ ਦੇ ਕਈ ਉੱਚ ਕੋਟੀ ਦੇ ਰਾਜਸੀ ਆਗੂ ਵੀ ਸ਼ਾਮਿਲ ਹਨ। ਭੂਤਨਾ ਅਨੁਸਾਰ ਸਿੱਖ ਨੌਜਵਾਨਾਂ ਦੇ ਮਨਾਂ ਵਿਚ ਡੇਰਾ ਸੱਚਾ ਸੌਦਾ ਦੇ ਬਾਬਾ ਗੁਰਮੀਤ ਰਾਮ ਰਹੀਮ ਪ੍ਰਤੀ ਭਾਰੀ ਰੋਹ ਹੈ ਅਤੇ ਉਹ ਬਾਬੇ ਨੂੰ ਕਿਸੇ ਵੀ ਕੀਮਤ 'ਤੇ ਮੁਆਫ਼ ਨਹੀਂ ਕਰਨਾ ਚਾਹੁੰਦੇ।
ਸੂਤਰਾਂ ਅਨੁਸਾਰ ਭੂਤਨਾ ਕੋਲ ਹਥਿਆਰਾਂ ਦਾ ਇਕ ਵੱਡਾ ਜ਼ਖੀਰਾ ਵੀ ਹੈ ਜੋ ਉਸ ਨੇ ਫਿਰੋਜ਼ਪੁਰ ਸਮੇਤ ਕਈ ਜ਼ਿਲ੍ਹਿਆਂ ਦੇ ਵੱਖ-ਵੱਖ ਪਿੰਡਾਂ ਵਿਚ ਰੱਖਿਆ ਹੋਇਆ ਹੈ ਅਤੇ ਇਹ ਸਾਰੇ ਹਥਿਆਰ ਅਤਿਆਧੁਨਿਕ ਹਨ ਅਤੇ ਪਾਕਿਸਤਾਨ ਤੋਂ ਫਿਰੋਜ਼ਪੁਰ ਸੀਮਾ ਰਾਹੀਂ ਆਏ ਹਨ। ਭੂਤਨਾ ਨੇ ਪੁਲਿਸ ਨੂੰ ਦੱਸਿਆ ਕਿ ਉਸ ਨੇ ਲੁਧਿਆਣਾ ਤੋਂ ਬਾਅਦ ਅੰਮ੍ਰਿਤਸਰ ਜਾਣ ਲਈ ਉਸ ਨੇ ਜਲੰਧਰ ਬਾਈਪਾਸ ਤੋਂ ਬੱਸ ਲੈਣੀ ਸੀ ਪਰ ਉਹ ਪਹਿਲਾਂ ਹੀ ਪਕੜਿਆ ਗਿਆ। ਪੁਲਿਸ ਉਸ ਦੀ ਇਸ ਗੱਲ ਨੂੰ ਸੱਚ ਨਹੀਂ ਮੰਨ ਰਹੀ ਹੈ ਅਤੇ ਪੁਲਿਸ ਨੂੰ ਸ਼ੱਕ ਹੈ ਕਿ ਉਹ ਲੁਧਿਆਣੇ ਕਿਸੇ ਖਾੜਕੂ ਨੂੰ ਮਿਲਣ ਆਇਆ ਸੀ ਤਾਂ ਜੋ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਜਾ ਸਕੇ। ਇਸ ਦੇ ਸੰਬੰਧ ਵਿਦੇਸ਼ਾਂ ਵਿਚ ਬੈਠੇ ਖਾੜਕੂਆਂ ਨਾਲ ਵੀ ਹਨ।
ਸੂਤਰਾਂ ਅਨੁਸਾਰ ਪੰਜਾਬ ਅਤੇ ਬਾਹਰਲੇ ਸੂਬਿਆਂ ਵਿਚ ਬੈਠੇ ਨੌਜਵਾਨ ਆਪਣੀ ਇਕ ਨਵੀਂ ਜਥੇਬੰਦੀ ਬਣਾਉਣ ਦੀ ਤਾਕ ਵਿਚ ਹਨ ਤਾਂ ਜੋ ਪੰਜਾਬ ਵਿਚ ਖਾੜਕੂਵਾਦ ਨੂੰ ਮੁੜ ਸੁਰਜੀਤ ਕੀਤਾ ਜਾ ਸਕੇ। ਭੂਤਨਾ ਇਸ ਕੰਮ ਲਈ ਸਰਗਰਮੀ ਨਾਲ ਕੰਮ ਕਰ ਰਿਹਾ ਹੈ ਅਤੇ ਇਸ ਮੰਤਵ ਲਈ ਪਿਛਲੇ ਇਕ ਸਾਲ ਤੋਂ ਉਹ ਕਈ ਸ਼ਹਿਰਾਂ ਵਿਚ ਵਿਚਰ ਚੁੱਕਾ ਹੈ। ਉਸ ਨੇ ਪੁਲਿਸ ਨੂੰ ਇਹ ਵੀ ਦੱਸਿਆ ਹੈ ਕਿ ਖਾੜਕੂਵਾਦ ਨੂੰ ਮੁੜ ਸੁਰਜੀਤ ਕਰਨ ਵਿਚ ਅਕਾਲੀ ਦਲ (ਪੰਚ ਪ੍ਰਧਾਨੀ) ਦਾ ਇਕ ਸੀਨੀਅਰ ਆਗੂ ਵੀ ਮੁੱਖ ਭੂਮਿਕਾ ਨਿਭਾਅ ਰਿਹਾ ਹੈ। ਇਸ ਦੌਰਾਨ ਅੱਜ ਬਾਅਦ ਦੁਪਹਿਰ ਪੰਜਾਬ ਪੁਲਿਸ ਦੇ ਮੁਖੀ ਸ: ਪਰਮਦੀਪ ਸਿੰਘ ਗਿੱਲ ਉਚੇਚੇ ਤੌਰ 'ਤੇ ਲੁਧਿਆਣਾ ਆਏ ਤੇ ਉਨ੍ਹਾਂ ਨੇ ਸੀ. ਐਮ. ਸੀ. ਵਿਚ ਜ਼ਖ਼ਮੀ ਸਿਪਾਹੀਆਂ ਦਾ ਹਾਲ ਪੁੱਛਿਆ। ਪੁਲਿਸ ਮੁਖੀ ਨੇ ਦੋਵਾਂ ਸਿਪਾਹੀਆਂ ਨੂੰ ਇਕ ਇਕ ਰੈਂਕ ਤਰੱਕੀ ਦੇਣ ਦਾ ਹੁਕਮ ਸੁਣਾਇਆ।
ਭੂਤਨਾ ਸਬੰਧੀ ਪੁੱਛੇ ਗਏ ਸਵਾਲਾਂ ਦੇ ਜਵਾਬ ਵਿਚ ਉਨ੍ਹਾਂ ਦੱਸਿਆ ਕਿ ਪੁਲਿਸ ਉਸ ਪਾਸੋਂ ਪੁੱਛ-ਪੜਤਾਲ ਕਰ ਰਹੀ ਹੈ ਅਤੇ ਅਜੇ ਮੀਡੀਆ ਨੂੰ ਦੱਸਣ ਲਈ ਕੁਝ ਨਹੀਂ ਹੈ। ਉਨ੍ਹਾਂ ਦੱਸਿਆ ਕਿ ਜਾਂਚ ਪੜਤਾਲ ਤੋਂ ਬਾਅਦ ਜਿਹੜੇ ਤੱਥ ਸਾਹਮਣੇ ਆਉਣਗੇ ਉਸ ਦਾ ਖੁਲਾਸਾ ਕਰ ਦਿੱਤਾ ਜਾਵੇਗਾ। ਉਸ ਤੋਂ ਬਾਅਦ ਪੁਲਿਸ ਮੁੱਖੀ ਸ: ਗਿੱਲ ਨੇ ਖੁਦ ਭੂਤਨਾ ਪਾਸੋਂ ਪੁੱਛ-ਪੜਤਾਲ ਕੀਤੀ। ਇਸ ਸਮੇਂ ਕੁਝ ਹੋਰ ਪੁਲਿਸ ਅਧਿਕਾਰੀ ਉਨ੍ਹਾਂ ਦੇ ਨਾਲ ਸਨ, ਜਿਨ੍ਹਾਂ ਵਿਚ ਏ. ਡੀ. ਜੀ. ਪੀ. ਚੰਦਰ ਸ਼ੇਖਰ, ਡੀ. ਆਈ. ਜੀ. ਸ਼ਰਦ ਸੱਤਿਆ ਚੌਹਾਨ ਅਤੇ ਐਸ. ਐਸ. ਪੀ. ਡਾ: ਸੁਖਚੈਨ ਸਿੰਘ ਗਿੱਲ ਵੀ ਹਾਜ਼ਰ ਸਨ।
ਅਜੀਤ ਖ਼ਬਰ ਵੈੱਬ ਪੰਨਾ
ਅਕਾਲੀ ਦਲ (ਪੰਚ ਪ੍ਰਧਾਨੀ) ਦੇ ਦਫ਼ਤਰ 'ਤੇ ਛਾਪਾ - ਬਿੱਟੂ ਹਿਰਾਸਤ 'ਚ
ਬਾਬਾ ਬਕਾਲੇ ਤੋਂ 1 ਅਤੇ ਮੋਗੇ ਤੋਂ 2 ਖਾੜਕੂ ਫੜੇ : ਭੂਤਨਾ ਤੋਂ ਪੁੱਛਗਿੱਛ ਜਾਰੀ
ਲੁਧਿਆਣਾ/ ਬਾਬਾ ਬਕਾਲਾ, 27 ਅਗਸਤ (ਪਰਮਿੰਦਰ ਸਿੰਘ ਆਹੂਜਾ, ਸ਼ੈਲਿੰਦਰਜੀਤ ਸਿੰਘ ਰਾਜਨ)-ਲੁਧਿਆਣਾ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਖਾੜਕੂ ਬਲਬੀਰ ਸਿੰਘ ਭੂਤਨਾ ਦੀ ਪੁੱਛ-ਪੜਤਾਲ ਦੇ ਅਧਾਰ 'ਤੇ ਅੱਜ ਦੁਪਹਿਰ ਸਰਕਟ ਹਾਊਸ ਨੇੜੇ ਸ਼੍ਰੋਮਣੀ ਅਕਾਲੀ ਦਲ 'ਪੰਚ ਪ੍ਰਧਾਨੀ' ਅਤੇ ਰਸਾਲੇ 'ਸਿੱਖ ਸ਼ਹਾਦਤ' ਦੇ ਮੁੱਖ ਦਫ਼ਤਰਾਂ 'ਤੇ ਛਾਪੇਮਾਰੀ ਕਰਕੇ ਚਾਰ ਨੌਜਵਾਨਾਂ ਨੂੰ ਹਿਰਾਸਤ ਵਿਚ ਲਿਆ। ਇਸੇ ਦੌਰਾਨ ਪੁਲਿਸ ਨੇ ਬਾਬਾ ਬਕਾਲਾ ਤੋਂ ਇਕ ਅਤੇ ਡਰੋਲੀ ਭਾਈ (ਮੋਗਾ) ਤੋਂ 2 ਖਾੜਕੂਆਂ ਨੂੰ ਹਿਰਾਸਤ ਵਿਚ ਲੈ ਲਿਆ ਹੈ। ਉਧਰ ਦੇਰ ਸ਼ਾਮ ਪ੍ਰਾਪਤ ਸੂਚਨਾ ਅਨੁਸਾਰ ਭਾਈ ਦਲਜੀਤ ਸਿੰਘ ਬਿੱਟੂ ਤੇ ਉਸ ਦੇ ਡਰਾਈਵਰ ਪਲਵਿੰਦਰ ਸਿੰਘ ਸ਼ੁਤਰਾਣਾ ਨੂੰ 21ਐਫ਼, ਗੁਰਦੇਵ ਨਗਰ ਲੁਧਿਆਣਾ ਤੋਂ ਪੁਲਿਸ ਨੇ ਹਿਰਾਸਤ 'ਚ ਲੈ ਲਿਆ।
ਹਿਰਾਸਤ ਵਿਚ ਲਏ ਇਨ੍ਹਾਂ ਨੌਜਵਾਨਾਂ ਵਿਚ ਜਸਪਾਲ ਸਿੰਘ ਮੰਝਪੁਰ ਮੈਂਬਰ ਸਿੱਖਸ ਫਾਰ ਹਿਊਮੈਨ ਰਾਈਟਸ, ਨਵਦੀਪ ਸਿੰਘ ਬਿੱਟੂ ਸਰਕੂਲੇਸ਼ਨ ਮੈਨੇਜਰ ਰਸਾਲਾ 'ਸਿੱਖ ਸ਼ਹਾਦਤ', ਜਸਵਿੰਦਰ ਸਿੰਘ ਦਫ਼ਤਰ ਇੰਚਾਰਜ 'ਪੰਚ ਪ੍ਰਧਾਨੀ' ਅਤੇ ਸੇਵਾਦਾਰ ਰਾਜੂ ਸ਼ਾਮਿਲ ਹਨ। ਅੱਜ ਸਵੇਰੇ ਛਾਪਾ ਮਾਰਨ ਤੋਂ ਪਹਿਲਾਂ ਪੁਲਿਸ ਨੇ ਪੂਰੇ ਇਲਾਕੇ ਵਿਚ ਘੇਰਾਬੰਦੀ ਕੀਤੀ ਅਤੇ ਬਾਅਦ ਵਿਚ ਪੁਲਿਸ ਅਧਿਕਾਰੀ ਦਫ਼ਤਰ ਵਿਚ ਚਲੇ ਗਏ, ਜਿਥੇ ਇਨ੍ਹਾਂ ਚਾਰਾਂ ਨੂੰ ਹਿਰਾਸਤ 'ਚ ਲੈ ਲਿਆ। ਪੁਲਿਸ ਵੱਲੋਂ ਉਥੇ ਪਿਆ ਕੰਪਿਊਟਰ, ਰਿਕਾਰਡ, ਫਾਈਲਾਂ ਅਤੇ ਹੋਰ ਭਾਰੀ ਮਾਤਰਾ ਵਿਚ ਪਏ ਦਸਤਾਵੇਜ਼ ਕਬਜ਼ੇ ਵਿਚ ਲੈ ਲਏ ਗਏ ਹਨ। ਪੁਲਿਸ ਦੀ ਇਹ ਕਾਰਵਾਈ ਇਕ ਘੰਟਾ ਦੇ ਕਰੀਬ ਚੱਲੀ ਅਤੇ ਪੁਲਿਸ ਅਧਿਕਾਰੀ ਸਿਵਲ ਵਰਦੀ ਵਿਚ ਇਸ ਸਾਰੀ ਕਾਰਵਾਈ ਦਾ ਨਿਰੀਖਣ ਕਰਦੇ ਰਹੇ। ਹਾਲ ਦੀ ਘੜੀ ਪੁਲਿਸ ਨੇ ਇਨ੍ਹਾਂ ਨੂੰ ਹਿਰਾਸਤ ਵਿਚ ਲਏ ਜਾਣ ਦੀ ਪੁਸ਼ਟੀ ਨਹੀਂ ਕੀਤੀ ਹੈ। ਪਰ ਸੂਤਰਾਂ ਅਨੁਸਾਰ ਪੁਲਿਸ ਵੱਲੋਂ ਇਹ ਕਾਰਵਾਈ ਭੂਤਨਾ ਦੀ ਪੁੱਛ ਪੜਤਾਲ ਤੋਂ ਸਾਹਮਣੇ ਆਏ ਤੱਥਾਂ ਦੇ ਅਧਾਰ 'ਤੇ ਕੀਤੀ ਗਈ ਹੈ। ਦੇਰ ਸ਼ਾਮ ਤੱਕ ਪੁਲਿਸ ਇਨ੍ਹਾਂ ਨੂੰ ਸੀ. ਆਈ. ਏ. ਸਟਾਫ਼ ਲਿਜਾ ਕੇ ਪੁੱਛ ਪੜਤਾਲ ਕਰ ਰਹੀ ਸੀ। ਇਹ ਦੋਵੇਂ ਅਦਾਰੇ ਸਰਕਟ ਹਾਊਸ ਨੇੜੇ ਸਥਿਤ ਇਕ ਹੀ ਇਮਾਰਤ ਵਿਚ ਸਥਿਤ ਹਨ।
ਭੂਤਨਾ ਤੋਂ ਪੁੱਛਗਿੱਛ ਜਾਰੀ
ਅੱਜ ਸਾਰਾ ਦਿਨ ਸੀ. ਆਈ. ਏ ਸਟਾਫ਼ ਵਿਚ ਵੱਖ-ਵੱਖ ਏਜੰਸੀਆਂ ਤੋਂ ਆਏ ਅਧਿਕਾਰੀਆਂ ਨੇ ਭੂਤਨਾ ਪਾਸੋਂ ਪੁੱਛ ਪੜਤਾਲ ਕੀਤੀ। ਪਟਿਆਲਾ ਪੁਲਿਸ ਦੀ ਇਕ ਉਚ ਪੱਧਰੀ ਟੀਮ ਨੇ ਲੁਧਿਆਣਾ ਆ ਕੇ ਭੂਤਨਾ ਪਾਸੋਂ ਆਰ. ਐਸ. ਐਸ. ਆਗੂ ਰੁਲਦਾ ਸਿੰਘ ਦੇ ਕਤਲ ਬਾਰੇ ਪੁੱਛ ਪੜਤਾਲ ਕੀਤੀ। ਪਟਿਆਲਾ ਪੁਲਿਸ ਦੇ ਉਚ ਅਧਿਕਾਰੀ ਭੂਤਨਾ ਅਤੇ ਉਸ ਦੀ ਸਾਥਣ ਸੁਖਵਿੰਦਰ ਕੌਰ ਪਾਸੋਂ ਕਾਫ਼ੀ ਸਮਾਂ ਪੁੱਛ ਪੜਤਾਲ ਕਰਦੇ ਰਹੇ। ਆਈ. ਬੀ. ਅਤੇ ਫ਼ੌਜ ਦੇ ਖੁਫ਼ੀਆ ਵਿਭਾਗ ਦੇ ਅਧਿਕਾਰੀਆਂ ਨੇ ਵੀ ਭੂਤਨਾ ਅਤੇ ਸੁਖਵਿੰਦਰ ਕੌਰ ਪਾਸੋਂ ਪੁੱਛ-ਪੜਤਾਲ ਕੀਤੀ ਹੈ। ਸੂਤਰਾਂ ਅਨੁਸਾਰ ਭੂਤਨਾ ਦੇ ਕੁਝ ਵਿਦੇਸ਼ ਬੈਠੇ ਖਾੜਕੂਆਂ ਨਾਲ ਸਬੰਧ ਬਾਰੇ ਵੀ ਪੁਲਿਸ ਨੂੰ ਭੂਤਨਾ ਦੇ ਸਬੰਧ ਪੰਜਾਬ ਦੇ ਕੁਝ ਹੋਰ ਸ਼ਹਿਰਾਂ ਵਿਚ ਬੈਠੇ ਨੌਜਵਾਨਾਂ ਨਾਲ ਹੋਣ ਬਾਰੇ ਪਤਾ ਲੱਗਾ ਹੈ।
ਸੂਤਰਾਂ ਅਨੁਸਾਰ ਸਾਲ 1998 ਤੋਂ ਲੈ ਕੇ ਹੁਣ ਤੱਕ ਵੱਖ-ਵੱਖ ਜ਼ਿਲ੍ਹਿਆਂ ਦੀ ਪੁਲਿਸ ਨੇ 20 ਦੇ ਕਰੀਬ ਸੰਗੀਨ ਅਪਰਾਧਿਕ ਮਾਮਲੇ ਭੂਤਨਾ ਖ਼ਿਲਾਫ਼ ਦਰਜ ਕੀਤੇ ਹਨ। ਪਿੰਡ ਦੀਪ ਸਿੰਘ ਵਾਲਾ ਤੋਂ ਇਕ ਵਿਅਕਤੀ ਤੋਂ ਬੰਦੂਕ ਖੋਹਣ ਦੇ ਮਾਮਲੇ ਵਿਚ ਵੀ ਭੂਤਨਾ ਪੁਲਿਸ ਨੂੰ ਲੁੜੀਂਦਾ ਸੀ ਅਤੇ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਲਿਲੀ ਸ਼ਰਮਾ ਦੇ ਕਤਲ ਵਿਚ ਤਾਂ ਉਸ ਦੀ ਸਿੱਧੀ ਸ਼ਮੂਲੀਅਤ ਬਾਰੇ ਖੁਲਾਸਾ ਹੋਇਆ ਹੈ। ਪੁਲਿਸ ਵੱਲੋਂ ਉਸਦੇ ਕਬਜ਼ੇ ਵਿਚੋਂ ਪੁਲਿਸ ਅਧਿਕਾਰੀਆਂ ਦੇ ਮੋਢੇ 'ਤੇ ਲਗਾਉਣ ਵਾਲੇ 'ਸਟਾਰ' ਵੀ ਬਰਾਮਦ ਕੀਤੇ ਹਨ। ਭੂਤਨਾ ਕਾਫ਼ੀ ਸਮਾਂ ਤਾਂ ਪੁਲਿਸ ਅਧਿਕਾਰੀ ਬਣ ਕੇ ਪੰਜਾਬ ਵਿਚ ਘੁੰਮਦਾ ਰਿਹਾ ਤੇ ਦੀਪ ਸਿੰਘ ਵਾਲਾ ਵਿਚ ਹੋਈ ਵਾਰਦਾਤ ਸਮੇਂ ਉਸ ਨੇ ਪੁਲਿਸ ਦੀ ਵਰਦੀ ਪਾਈ ਹੋਈ ਸੀ।
ਸਰਕਾਰ ਪੰਥਕ ਆਗੂਆਂ ਨੂੰ ਡਰਾ ਰਹੀ ਹੈ - ਭਾਈ ਬਿੱਟੂ
ਲੁਧਿਆਣਾ, 27 ਅਗਸਤ (ਪਰਮਿੰਦਰ ਸਿੰਘ ਆਹੂਜਾ)-ਸ਼੍ਰੋਮਣੀ ਅਕਾਲੀ ਦਲ 'ਪੰਚ ਪ੍ਰਧਾਨੀ' ਦੇ ਪ੍ਰਧਾਨ ਭਾਈ ਦਲਜੀਤ ਸਿੰਘ ਬਿੱਟੂ ਨੇ ਬਲਬੀਰ ਸਿੰਘ ਭੂਤਨਾ ਦੇ ਬਿਆਨਾਂ ਨੂੰ ਅਧਾਰ ਬਣਾ ਕੇ ਅਕਾਲੀ ਆਗੂਆਂ ਖ਼ਿਲਾਫ਼ ਕੀਤੀ ਜਾ ਰਹੀ ਕਾਰਵਾਈ ਨੂੰ ਮੰਦਭਾਗਾ ਕਰਾਰ ਦਿੱਤਾ ਹੈ। ਅੱਜ ਦੇਰ ਸ਼ਾਮ 'ਅਜੀਤ' ਦੇ ਇਸ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਭਾਈ ਬਿੱਟੂ ਨੇ ਕਿਹਾ ਕਿ ਅਕਾਲੀ ਦਲ 'ਪੰਚ ਪ੍ਰਧਾਨੀ' ਪਿਛਲੇ ਤਿੰਨ ਸਾਲ ਤੋਂ ਸਿੱਖ ਕਾਜ਼ ਲਈ ਲੋਕਤੰਤਰਿਕ ਢੰਗ ਤਰੀਕੇ ਨਾਲ ਸੰਘਰਸ਼ ਕਰ ਰਿਹਾ ਹੈ, ਪਰ ਪੰਜਾਬ ਸਰਕਾਰ ਬੇਵਜ੍ਹਾ ਕਾਰਵਾਈਆਂ ਕਰਕੇ ਆਗੂਆਂ ਨੂੰ ਤੰਗ-ਪ੍ਰੇਸ਼ਾਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨੇੜੇ ਆ ਰਹੀਆਂ ਹਨ ਅਤੇ ਪੰਜਾਬ ਸਰਕਾਰ ਸਹੀ ਸੋਚ ਵਾਲੇ ਪੰਥਕ ਆਗੂਆਂ ਨੂੰ ਚੋਣ ਮੈਦਾਨ ਤੋਂ ਲਾਂਭੇ ਕਰਨ ਲਈ ਡਰਾ ਧਮਕਾ ਰਹੀ ਹੈ। ਉਨ੍ਹਾਂ ਕਿਹਾ ਕਿ ਲੁਧਿਆਣਾ ਪੁਲਿਸ ਵੱਲੋਂ ਅੱਜ ਕੀਤੀ ਗਈ ਕਾਰਵਾਈ ਇਸੇ ਹੀ ਨੀਤੀ ਦਾ ਹਿੱਸਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਪੰਚ ਪ੍ਰਧਾਨੀ ਦੇ ਦੋ ਦਰਜਨ ਤੋਂ ਵੱਧ ਆਗੂਆਂ ਖ਼ਿਲਾਫ਼ ਪੁਲਿਸ ਨੇ ਝੂਠੇ ਮਾਮਲੇ ਦਰਜ ਕੀਤੇ ਹੋਏ ਹਨ। ਉਨ੍ਹਾਂ ਕਿਹਾ ਕਿ ਪ੍ਰੋ: ਗੁਰਬੀਰ ਸਿੰਘ ਨੂੰ ਰੁਲਦਾ ਸਿੰਘ ਕਤਲ ਕੇਸ ਮਾਮਲੇ ਵਿਚ ਝੂਠਾ ਫਸਾਇਆ ਜਾ ਰਿਹਾ ਹੈ।
ਬਾਬੇ ਬਕਾਲੇ ਤੋਂ ਇਕ ਖਾੜਕੂ ਹਿਰਾਸਤ 'ਚ ਲਿਆ
ਬਾਬਾ ਬਕਾਲਾ-ਆਸ਼ੂਤੋਸ਼ ਤੇ ਭਨਿਆਰੇ ਵਾਲੇ ਨੂੰ ਮਾਰਨ ਦੀ ਸਾਜਿਸ਼ ਘੜਨ ਅਤੇ ਕਈ ਹੋਰ ਦੇਸ਼ ਵਿਰੋਧੀ ਕਾਰਵਾਈਆਂ ਕਰਨ ਦੇ ਦੋਸ਼ ਤਹਿਤ ਥਾਣਾ ਬਿਆਸ ਦੀ ਪੁਲਿਸ ਵਲੋਂ 4 ਦੋਸ਼ੀਆਂ ਵਿਰੁੱਧ ਕੇਸ ਦਰਜ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਭਾਵੇਂ ਕਿ ਪੁਲਿਸ ਵਲੋਂ ਇਸ ਸਬੰਧੀ ਕੋਈ ਵੀ ਜਾਣਕਾਰੀ ਦੇਣ ਤੋਂ ਇਨਕਾਰ ਕੀਤਾ ਜਾ ਰਿਹਾ ਹੈ। ਪਰ ਭਰੋਸੇਯੋਗ ਸੂਤਰਾਂ ਮੁਤਾਬਕ ਇਨਾਂ ਚਾਰ ਦੋਸ਼ੀਆਂ ਵਿਚੋਂ ਇਕ ਬਾਬਾ ਬਕਾਲਾ ਨਿਵਾਸੀ ਪਵਿੱਤਰ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਬਾਬਾ ਬਕਾਲਾ, ਜੋ ਕਿ ਪਟਿਆਲਾ ਵਿਖੇ ਪੁਲਿਸ ਮੁਲਾਜ਼ਮ ਦਸਿਆ ਜਾਂਦਾ ਹੈ, ਨੂੰ ਸੀ.ਆਈ.ਏ. ਸਟਾਫ਼ ਅੰਮ੍ਰਿਤਸਰ (ਦਿਹਾਤੀ) ਦੀ ਪੁਲਿਸ ਵਲੋਂ ਗ੍ਰਿਫਤਾਰ ਕਰ ਲਿਆ ਗਿਆ। ਦੋਸ਼ੀਆਂ ਵਿਚ ਪਵਿੱਤਰ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਬਾਬਾ ਬਕਾਲਾ ਤੋਂ ਇਲਾਵਾ, ਭੁਪਿੰਦਰ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਨਿਊ ਸੰਤੋਖਪੁਰਾ ਜਲੰਧਰ, ਅਮਰਜੀਤ ਕੌਰ ਪਤਨੀ ਭੁਪਿੰਦਰ ਸਿੰਘ ਵਾਸੀ ਨਿਊ ਸੰਤੋਖਪੁਰਾ ਜਲੰਧਰ ਅਤੇ ਜਸਪਾਲ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਪਠਾਨਕੋਟ (ਜਲੰਧਰ) ਦੇ ਖਿਲਾਫ਼ ਥਾਣਾ ਬਿਆਸ ਵਿਖੇ ਮੁਕੱਦਮਾ ਨੰਬਰ 178, ਜੁਰਮ 107, 120 ਬੀ, 153-ਏ, ਆਈ.ਪੀ.ਸੀ., 25-54-59 ਅਸਲ੍ਹਾ ਐਕਟ ਅਧੀਨ ਕੇਸ ਦਰਜ ਕਰ ਲਿਆ ਗਿਆ ਹੈ।
ਡਰੋਲੀ ਭਾਈ ਤੋਂ 2 ਖਾੜਕੂ ਹਿਰਾਸਤ 'ਚ
ਖ਼ਬਰ ਏਜੰਸੀ ਯੂ. ਐਨ. ਆਈ. ਤੋਂ ਮਿਲੀ ਰਿਪੋਰਟ ਅਨੁਸਾਰ ਪੁਲਿਸ ਸੂਤਰਾਂ ਨੇ ਮੋਗਾ ਜ਼ਿਲ੍ਹਾ ਦੇ ਇਤਿਹਾਸਕ ਪਿੰਡ ਡਰੋਲੀ ਭਾਈ ਤੋਂ 2 ਖਾੜਕੂਆਂ ਨੂੰ ਗ੍ਰਿਫਤਾਰ ਕੀਤਾ ਹੈ। ਇਹ ਦੋਵੇਂ ਖਾੜਕੂ ਬੱਬਰ ਖਾਲਸਾ ਖਾੜਕੂ ਜਥੇਬੰਦੀ ਦੇ ਮੈਂਬਰ ਦੱਸੇ ਜਾਂਦੇ ਹਨ। ਭੁਪਿੰਦਰ ਸਿੰਘ ਨਾਂਅ ਦੇ ਖਾੜਕੂ ਨੂੰ ਬੀਤੀ ਕੱਲ੍ਹ ਗ੍ਰਿਫ਼ਤਾਰ ਕੀਤਾ ਗਿਆ ਸੀ ਜਦਕਿ ਕਰਮ ਸਿੰਘ ਨਾਂਅ ਦੇ ਖਾੜਕੂ ਨੂੰ ਅੱਜ ਦੁਪਹਿਰ ਵੇਲੇ ਹਿਰਾਸਤ 'ਚ ਲਿਆ ਗਿਆ ਹੈ। ਹੋਰ ਵੇਰਵੇ ਅੱਜੇ ਪ੍ਰਾਪਤ ਨਹੀਂ ਹੋ ਸਕੇ।
ਸਿਪਾਹੀ ਭਰਤੀ ਹੋਇਆ ਸੀ ਪਵਿੱਤਰ ਸਿੰਘ
ਬਾਬਾ ਬਕਾਲਾ (ਸ਼ੇਲਿੰਦਰਜੀਤ ਸਿੰਘ ਰਾਜਨ)-ਹਾਲ ਹੀ ਵਿਚ ਪੁਲਿਸ ਵਲੋਂ ਗ੍ਰਿਫ਼ਤਾਰ ਕੀਤੇ ਗਏ ਨੌਜਵਾਨ ਪਵਿੱਤਰ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਬਾਬਾ ਬਕਾਲਾ ਜਿਸ ਨੇ ਜੀ. ਟੀ. ਬੀ. ਖਾਲਸਾ ਹਾਈ ਸਕੂਲ ਬਾਬਾ ਬਕਾਲਾ 'ਚੋਂ ਮੈਟ੍ਰਿਕ ਪਾਸ ਕਰਕੇ 1993 ਵਿਚ ਜਲੰਧਰ ਵਿਖੇ ਪੀ. ਏ. ਪੀ. ਵਿਖੇ ਬਤੌਰ ਸਿਪਾਹੀ ਭਰਤੀ ਹੋਇਆ ਸੀ ਅਤੇ ਚੰਡੀਗੜ੍ਹ, ਗੜ੍ਹਸ਼ੰਕਰ, ਪਟਿਆਲਾ, ਅੰਮ੍ਰਿਤਸਰ ਵਿਖੇ ਨੌਕਰੀ ਕਰਨ ਉਪਰੰਤ ਧੁੰਦ (ਨੇੜੇ ਸ੍ਰੀ ਗੋਇੰਦਵਾਲ ਸਾਹਿਬ) ਤੋਂ ਕਮਾਂਡੋ ਕੋਰਸ ਕੀਤਾ। ਪਵਿੱਤਰ ਸਿੰਘ ਅੱਜਕਲ੍ਹ ਪਟਿਆਲਾ ਵਿਖੇ ਬਤੌਰ ਹੈੱਡ ਕਾਂਸਟੇਬਲ ਤਾਇਨਾਤ ਸੀ। ਪਵਿੱਤਰ ਸਿੰਘ ਦੇ ਪਿਤਾ ਦਰਸ਼ਨ ਸਿੰਘ ਅਕਾਲ ਚਲਾਣਾ ਕਰ ਗਏ ਹਨ ਅਤੇ ਉਸ ਦੇ 6 ਭੈਣ ਭਰਾ ਹਨ, ਜਿਨਾਂ ਵਿਚੋਂ ਇਕ ਭੈਣ ਅਤੇ ਇਕ ਭਰਾ ਅਜੇ ਕੁਆਰੇ ਹਨ। ਪਵਿੱਤਰ ਸਿੰਘ ਦੀ ਮਾਤਾ ਸਵਿੰਦਰ ਕੌਰ ਅਤੇ ਪਤਨੀ ਪਰਮਜੀਤ ਕੌਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼ੱਕ ਪ੍ਰਗਟ ਕੀਤਾ ਹੈ ਕਿ ਪਵਿੱਤਰ ਸਿੰਘ ਨੂੰ ਪੁਲਿਸ ਨਜਾਇਜ਼ ਕੇਸ 'ਚ ਫਸਾ ਰਹੀ ਹੈ। ਪਵਿੱਤਰ ਸਿੰਘ ਦੀ ਮਾਤਾ ਸਵਿੰਦਰ ਕੌਰ ਨੇ ਦਸਿਆ ਕਿ ਪਵਿੱਤਰ ਸਿੰਘ ਹੀ ਘਰ ਦੀ ਰੋਟੀ ਪਾਣੀ ਦਾ ਖਰਚਾ ਚਲਾਉਂਦਾ ਸੀ, ਕਿਉਂਕਿ ਘਰ 'ਚ ਹੋਰ ਕੋਈ ਰੋਜ਼ਗਾਰ ਦਾ ਸਾਧਨ ਨਹੀਂ। ਮਾਤਾ ਸਵਿੰਦਰ ਕੌਰ ਨੇ ਕਿਹਾ ਕਿ ਉਨ੍ਹਾਂ ਨੂੰ ਯਕੀਨ ਹੈ ਕਿ ਉਸ ਦਾ ਪੁੱਤਰ ਬਿਲਕੁਲ ਬੇਕਸੂਰ ਹੈ ਅਤੇ ਉਸ ਨੂੰ ਕਿਸੇ ਨੇ ਨਜਾਇਜ਼ ਤੌਰ 'ਤੇ ਫਸਾਇਆ ਹੈ। ਉਸ ਨੇ ਸੀਨੀਅਰ ਉੱਚ ਅਧਿਕਾਰੀਆਂ ਪਾਸੋਂ ਇਨਸਾਫ਼ ਦੀ ਮੰਗ ਕੀਤੀ ਹੈ।
ਅਜੀਤ ਖ਼ਬਰ ਵੈੱਬ ਪੰਨਾ
ਬਿੱਟੂ ਦਾ 6 ਤੱਕ ਤੇ ਪਵਿੱਤਰ ਸਿੰਘ ਦਾ 31 ਤੱਕ ਪੁਲਿਸ ਰਿਮਾਂਡ
ਮੋਗਾ ਪੁਲਿਸ ਵੱਲੋਂ 3 ਖਾੜਕੂਆਂ ਦੀ ਗ੍ਰਿਫ਼ਤਾਰੀ ਦੀ ਪੁਸ਼ਟੀ
ਲੁਧਿਆਣਾ/ਬਾਬਾ ਬਕਾਲਾ/ਮੋਗਾ, 28 ਅਗਸਤ (ਪਰਮਿੰਦਰ ਸਿੰਘ ਆਹੂਜਾ, ਸ਼ੇਲਿੰਦਰਜੀਤ ਸਿੰਘ ਰਾਜਨ, ਸੁਰਿੰਦਰਪਾਲ ਸਿੰਘ, ਜਸਪਾਲ ਸਿੰਘ ਬੱਬੀ)-ਸਥਾਨਕ ਗੁਰਦੇਵ ਨਗਰ ਤੋਂ ਬੀਤੀ ਰਾਤ ਪੁਲਿਸ ਵੱਲੋਂ ਹਿਰਾਸਤ ਵਿਚ ਲਏ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਮੁਖੀ ਭਾਈ ਦਲਜੀਤ ਸਿੰਘ ਬਿੱਟੂ ਖ਼ਿਲਾਫ਼ ਸੰਗੀਨ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਉਸਦੀ ਬਾਕਾਇਦਾ ਗ੍ਰਿਫ਼ਤਾਰੀ ਪਾ ਦਿੱਤੀ ਗਈ ਹੈ। ਭਾਈ ਬਿੱਟੂ ਅਤੇ ਉਨ੍ਹਾਂ ਦੇ ਤਿੰਨ ਹੋਰ ਸਾਥੀਆਂ ਨੂੰ ਅੱਜ ਰਾਤ ਡਿਊਟੀ ਮਜਿਸਟਰੇਟ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿਥੇ ਮਾਣਯੋਗ ਜੱਜ ਨੇ ਉਨ੍ਹਾਂ ਦਾ 6 ਸਤੰਬਰ ਤੱਕ ਪੁਲਿਸ ਰਿਮਾਂਡ ਦੇ ਦਿੱਤਾ। ਇਸੇ ਦੌਰਾਨ ਬਾਬਾ ਬਕਾਲਾ ਤੋਂ ਫੜੇ ਪਵਿੱਤਰ ਸਿੰਘ ਤੇ ਉਸ ਦੇ ਤਿੰਨ ਹੋਰ ਸਾਥੀਆਂ ਨੂੰ 31 ਅਗਸਤ ਤੱਕ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਗਿਆ ਹੈ ਜਦਕਿ ਮੋਗਾ ਪੁਲਿਸ ਨੇ 3 ਖਾੜਕੂਆਂ ਦੀ ਗ੍ਰਿਫ਼ਤਾਰੀ ਦੀ ਅੱਜ ਪੁਸ਼ਟੀ ਕੀਤੀ ਹੈ।
ਬਿੱਟੂ ਦਾ ਰਿਮਾਂਡ
ਪੁਲਿਸ ਵੱਲੋਂ ਭਾਈ ਦਲਜੀਤ ਸਿੰਘ ਬਿੱਟੂ ਅਤੇ ਉਸਦੇ 3 ਸਾਥੀਆਂ ਭਾਈ ਜਸਪਾਲ ਸਿੰਘ ਮੰਝਪੁਰ, ਡਰਾਈਵਰ ਪਲਵਿੰਦਰ ਸਿੰਘ ਸ਼ੁਤਰਾਣਾ ਅਤੇ ਸੇਵਾਦਾਰ ਗੁਰਦੀਪ ਰਾਜੂ ਖ਼ਿਲਾਫ਼ ਗ਼ੈਰ ਕਾਨੂੰਨੀ ਕਾਰਵਾਈਆਂ ਰੋਕੂ ਐਕਟ 1967 ਦੀ ਧਾਰਾ, 15, 17, 18 ਬੀ ਅਧੀਨ ਕੇਸ ਦਰਜ ਕੀਤਾ ਗਿਆ ਹੈ। ਅੱਜ ਪੁਲਿਸ ਵੱਲੋਂ ਰਾਤ 7.45 ਵਜੇ ਦੇ ਮਾਣਯੋਗ ਜੱਜ ਸ੍ਰੀ ਜਰਨੈਲ ਸਿੰਘ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ। ਪੁਲਿਸ ਅਧਿਕਾਰੀ ਇਨ੍ਹਾਂ ਗ੍ਰਿਫਤਾਰ ਕੀਤੇ ਆਗੂਆਂ ਨੂੰ ਮਾਣਯੋਗ ਜੱਜ ਦੀ ਰਿਹਾਇਸ਼ ਵਿਚ ਲਿਆਏ, ਜਿਥੇ ਇਸ ਮਾਮਲੇ ਦੀ ਸੁਣਵਾਈ ਹੋਈ। ਸੁਣਵਾਈ ਦੌਰਾਨ ਸਥਿਤੀ ਉਸ ਵੇਲੇ ਤਣਾਅਪੂਰਨ ਬਣ ਗਈ ਜਦੋਂ ਜਸਪਾਲ ਸਿੰਘ ਮੰਝਪੁਰ ਨੇ ਪੁਲਿਸ ਉਪਰ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਦੋਸ਼ ਲਗਾ ਦਿੱਤੇ। ਉਨ੍ਹਾਂ ਨੇ ਮਾਣਯੋਗ ਜੱਜ ਵੱਲੋਂ ਇਨ੍ਹਾਂ ਆਗੂਆਂ ਪਾਸੋਂ ਉਨ੍ਹਾਂ ਦੇ ਵਕੀਲਾਂ ਬਾਰੇ ਵੀ ਪੁੱਛਿਆ ਗਿਆ ਪਰ ਉਨ੍ਹਾਂ ਦੱਸਿਆ ਕਿ ਪੁਲਿਸ ਨੇ ਉਨ੍ਹਾਂ ਨੂੰ ਇਸ ਦਾ ਮੌਕਾ ਨਹੀਂ ਦਿੱਤਾ। ਪੁਲਿਸ ਅਧਿਕਾਰੀਆਂ ਨੇ ਅਦਾਲਤ ਨੂੰ ਦੱਸਿਆ ਕਿ ਬਿੱਟੂ ਅਤੇ ਉਸ ਦੇ ਸਾਥੀਆਂ ਖ਼ਿਲਾਫ਼ ਪੁਲਿਸ ਪਾਸ ਗੈਰ ਕਾਨੂੰਨੀ ਕਾਰਵਾਈਆਂ ਕਰਨ ਦੇ ਸਬੂਤ ਹਨ ਅਤੇ ਇਨ੍ਹਾਂ ਦੇ ਕੁਝ ਹੋਰ ਸਾਥੀ ਵੀ ਪੁਲਿਸ ਨੇ ਗ੍ਰਿਫਤਾਰ ਕਰਨੇ ਹਨ ਅਤੇ ਇਨ੍ਹਾਂ ਪਾਸੋਂ ਕੁਝ ਬਰਾਮਦਗੀਆਂ ਵੀ ਕਰਨੀਆਂ ਹਨ, ਜਿਸ ਲਈ ਰਿਮਾਂਡ ਦੀ ਜ਼ਰੂਰਤ ਹੈ।
ਪੁਲਿਸ ਦੇ ਇਸ ਤੱਥ ਨਾਲ ਸਹਿਮਤ ਹੁੰਦਿਆਂ ਮਾਣਯੋਗ ਜੱਜ ਨੇ ਉਨ੍ਹਾਂ ਨੂੰ 6 ਸਤੰਬਰ ਤੱਕ ਪੁਲਿਸ ਰਿਮਾਂਡ ਵਿਚ ਭੇਜ ਦਿੱਤਾ। ਪੁਲਿਸ ਵੱਲੋਂ ਬੀਤੀ ਦੇਰ ਰਾਤ ਤੋਂ ਹੀ ਇਨ੍ਹਾਂ ਸਾਰਿਆਂ ਪਾਸੋਂ ਸਖ਼ਤੀ ਨਾਲ ਪੁਛ-ਪੜਤਾਲ ਕੀਤੀ ਜਾ ਰਹੀ ਸੀ। ਕਰੀਬ ਜ਼ਿਲ੍ਹੇ ਦਾ ਕੋਈ ਵੀ ਅਧਿਕਾਰੀ ਇਸ ਸਬੰਧੀ ਕੁਝ ਵੀ ਦੱਸਣ ਤੋਂ ਇਨਕਾਰ ਕਰ ਰਿਹਾ ਹੈ ਪਰ ਸੂਤਰਾਂ ਅਨੁਸਾਰ ਬਿੱਟੂ ਪਿਛਲੇ ਕਾਫ਼ੀ ਸਮੇਂ ਤੋਂ ਗ੍ਰਿਫ਼ਤਾਰ ਕੀਤੇ ਖਾੜਕੂ ਬਲਬੀਰ ਸਿੰਘ ਭੂਤਨਾ ਦੇ ਸੰਪਰਕ ਵਿਚ ਸੀ। ਪੁਲਿਸ ਵੱਲੋਂ ਰੇਲਵੇ ਪੁਲਿਸ ਦੇ ਐਸ. ਐਚ. ਓ. ਸਬ ਇੰਸਪੈਕਟਰ ਗਿਆਨ ਚੰਦ ਦੀ ਸ਼ਿਕਾਇਤ 'ਤੇ ਕੇਸ ਦਰਜ ਕੀਤਾ ਗਿਆ ਹੈ। ਪੁਲਿਸ ਵੱਲੋਂ ਦਰਜ ਕੀਤੀ ਮੁੱਢਲੀ ਰਿਪੋਰਟ ਵਿਚ ਭਾਈ ਬਿੱਟੂ 'ਤੇ ਆਪਣੇ ਸਾਥੀਆਂ ਨੂੰ ਦੇਸ਼ ਦੀ ਅਮਨ ਸ਼ਾਂਤੀ ਭੰਗ ਕਰਕੇ ਖਾੜਕੂਵਾਦ ਫੈਲਾਉਣ ਅਤੇ ਉੱਚ ਕੋਟੀ ਦੇ ਧਾਰਮਿਕ ਅਤੇ ਰਾਜਸੀ ਆਗੂਆਂ ਦਾ ਕਤਲ ਆਦਿ, ਸਾਜ਼ਿਸ਼ ਕਰਨ ਦੇ ਦੋਸ਼ ਲਗਾਏ ਗਏ ਹਨ। ਪੁਲਿਸ ਵੱਲੋਂ ਬੀਤੀ ਰਾਤ ਹਿਰਾਸਤ ਵਿਚ ਲਏ ਨਵਦੀਪ ਸਿੰਘ ਬਿੱਟੂ ਅਤੇ ਜਸਵਿੰਦਰ ਸਿੰਘ ਖ਼ਿਲਾਫ਼ ਕੋਈ ਕੇਸ ਦਰਜ ਨਹੀਂ ਕੀਤਾ ਗਿਆ ਅਤੇ ਨਾ ਹੀ ਉਨ੍ਹਾਂ ਬਾਰੇ ਕੁਝ ਦੱਸਿਆ ਜਾ ਰਿਹਾ ਹੈ। ਅੱਜ ਆਈ. ਜੀ. ਜ਼ੋਨਲ ਸ੍ਰੀ ਸੰਜੀਵ ਕਾਲੜਾ ਸਮੇਤ ਜ਼ਿਲ੍ਹੇ ਦੇ ਸੀਨੀਅਰ ਅਧਿਕਾਰੀ ਬਿੱਟੂ ਤੇ ਉਸਦੇ ਸਾਥੀਆਂ ਤੋਂ ਸਖ਼ਤੀ ਨਾਲ ਪੁਛ ਪੜਤਾਲ ਕਰਦੇ ਰਹੇ।
ਪਵਿੱਤਰ ਸਿੰਘ
ਬਾਬਾ ਬਕਾਲਾ - ਬੀਤੇ ਦਿਨ ਆਸ਼ੂਤੋਸ਼ ਅਤੇ ਭਨਿਆਰੇ ਵਾਲੇ ਨੂੰ ਮਾਰਨ ਦੀ ਸਾਜਿਸ਼ ਘੜ੍ਹਣ ਅਤੇ ਕਈ ਹੋਰ ਦੇਸ਼ ਵਿਰੋਧੀ ਕਾਰਵਾਈਆਂ ਕਰਨ ਦੇ ਦੋਸ਼ ਤਹਿਤ ਸੀ. ਆਈ. ਏ. ਸਟਾਫ਼ ਅੰਮ੍ਰਿਤਸਰ (ਦਿਹਾਤੀ) ਦੀ ਪੁਲਿਸ ਵੱਲੋਂ 4 ਖਾੜਕੂਆਂ, ਜਿਨ੍ਹਾਂ ਵਿਚ ਪਵਿੱਤਰ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਬਾਬਾ ਬਕਾਲਾ, ਭੁਪਿੰਦਰ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਨਿਊ ਸੰਤੋਖਪੁਰਾ ਜਲੰਧਰ, ਅਮਰਜੀਤ ਕੌਰ ਪਤਨੀ ਭੁਪਿੰਦਰ ਸਿੰਘ ਵਾਸੀ ਨਿਊ ਸੰਤੋਖਪੁਰਾ ਜਲੰਧਰ ਅਤੇ ਜਸਪਾਲ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਪਠਾਨਕੋਟ (ਜਲੰਧਰ) ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਅਤੇ ਇਨ੍ਹਾਂ 4 ਜਣਿਆਂ ਵਿਰੁੱਧ ਥਾਣਾ ਬਿਆਸ ਵਿਖੇ ਮੁਕੱਦਮਾ ਨੰਬਰ 178, ਜ਼ੁਰਮ 107, 120 ਬੀ, 153-ਏ, ਆਈ. ਪੀ. ਸੀ. 25-54-59 ਅਸਲ੍ਹਾ ਐਕਟ ਅਧੀਨ ਕੇਸ ਦਰਜ ਕੀਤਾ ਗਿਆ ਸੀ। ਇਨ੍ਹਾਂ ਚਾਰਾਂ ਨੂੰ ਐਸ. ਪੀ. (ਡੀ.) ਸ੍ਰੀ ਆਰ. ਪੀ. ਜੋਸ਼ੀ ਦੀ ਅਗਵਾਈ ਹੇਠ ਪੁਲਿਸ ਪਾਰਟੀ ਨੇ ਮਾਣਯੋਗ ਐਸ. ਡੀ. ਜੇ. ਐਮ. ਬਾਬਾ ਬਕਾਲਾ ਸ: ਜਸਵਿੰਦਰ ਸਿੰਘ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿਥੇ ਕਿ ਮਾਣਯੋਗ ਅਦਾਲਤ ਨੇ ਦੋਸ਼ੀਆਂ ਦਾ 31 ਅਗਸਤ ਤੱਕ ਪੁਲਿਸ ਰਿਮਾਂਡ ਦੇ ਦਿੱਤਾ ਹੈ। ਉਨ੍ਹਾਂ ਨੂੰ 31 ਅਗਸਤ ਨੂੰ ਦੁਬਾਰਾ ਮਾਣਯੋਗ ਅਦਾਲਤ ਬਾਬਾ ਬਕਾਲਾ ਵਿਖੇ ਪੇਸ਼ ਕੀਤਾ ਜਾਵੇਗਾ। ਐਸ. ਪੀ. (ਡੀ.) ਸ੍ਰੀ ਜੋਸ਼ੀ ਨੇ ਇਸ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਦੋਸ਼ੀਆਂ ਪਾਸੋਂ ਇਕ ਪਿਸਤੌਲ ਦੇਸੀ ਬਰਾਮਦ ਹੋਇਆ ਹੈ ਅਤੇ ਹੋਰ ਬਰਾਮਦਗੀ ਦੀ ਸੰਭਾਵਨਾ ਹੈ।
ਮੈਨੂੰ ਝੂਠੇ ਕੇਸ 'ਚ ਫਸਾਇਆ - ਬਿੱਟੂ
ਲੁਧਿਆਣਾ, 28 ਅਗਸਤ (ਆਹੂਜਾ)-ਪੁਲਿਸ ਰਿਮਾਂਡ ਦੌਰਾਨ ਭਾਈ ਦਲਜੀਤ ਸਿੰਘ ਬਿੱਟੂ ਨੇ ਉਨ੍ਹਾਂ ਅਤੇ ਉਨ੍ਹਾਂ ਦੇ ਸਾਥੀਆਂ 'ਤੇ ਦਰਜ ਕੀਤੇ ਇਸ ਕੇਸ ਨੂੰ ਸਿਆਸੀ ਰੰਜਿਸ਼ ਦਾ ਸਿੱਟਾ ਕਰਾਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਉਨ੍ਹਾਂ ਦੇ ਵੱਧ ਰਹੇ ਪ੍ਰਭਾਵ ਕਾਰਨ ਬੌਖਲਾਹਟ ਵਿਚ ਹੈ ਅਤੇ ਹੁਣ ਅਜਿਹੀਆਂ ਹਰਕਤਾਂ 'ਤੇ ਉਤਰ ਆਈ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਇਸ਼ਾਰੇ 'ਤੇ ਹੀ ਉਨ੍ਹਾਂ ਖ਼ਿਲਾਫ਼ ਕਾਰਵਾਈ ਕੀਤੀ ਗਈ ਹੈ ਅਤੇ ਉਨ੍ਹਾਂ ਨੂੰ ਝੂਠੇ ਕੇਸ ਵਿਚ ਫਸਾਇਆ ਜਾ ਰਿਹਾ ਹੈ। ਭਾਈ ਬਿੱਟੂ ਆਪਣੀਆਂ ਕੁਝ ਗੱਲਾਂ ਹੋਰ ਪੱਤਰਕਾਰਾਂ ਨਾਲ ਕਰਨਾ ਚਾਹੁੰਦੇ ਸਨ ਪਰ ਪੁਲਿਸ ਵੱਲੋਂ ਉਨ੍ਹਾਂ ਨੂੰ ਧੱਕੇ ਨਾਲ ਜਿਪਸੀ ਵਿਚ ਬਿਠਾ ਦਿੱਤਾ ਗਿਆ।
ਪੁਲਿਸ ਵੱਲੋਂ ਪੁਸ਼ਟੀ
ਮੋਗਾ-ਪੁਲਿਸ ਨੇ ਅੱਜ ਭੂਤਨਾ ਗਰੁੱਪ ਨਾਲ ਸੰਬੰਧਿਤ ਬੱਬਰ ਖਾਲਸਾ ਦੇ 3 ਖਾੜਕੂਆਂ ਨੂੰ ਗ੍ਰਿਫਤਾਰ ਕਰਨ ਦੀ ਪੁਸ਼ਟੀ ਕਰ ਦਿੱਤੀ ਹੈ। ਬੀਤੀ ਪਰਸੋਂ ਇਕ ਖਾੜਕੂ ਭੁਪਿੰਦਰ ਸਿੰਘ ਨੂੰ ਤੇ ਬੀਤੀ ਕੱਲ੍ਹ ਕਰਮ ਸਿੰਘ ਤੇ ਕੁਲਜੀਤ ਸਿੰਘ ਨੂੰ ਹਿਰਾਸਤ 'ਚ ਲਿਆ ਗਿਆ ਸੀ ਪਰ ਪੁਲਿਸ ਨੇ ਪੁਸ਼ਟੀ ਨਹੀਂ ਕੀਤੀ ਸੀ। ਅੱਜ ਐਸ. ਐਸ. ਪੀ. ਅਸ਼ੋਕ ਬਾਠ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਨ੍ਹਾਂ ਤਿੰਨਾਂ ਖਾੜਕੂਆਂ ਨੂੰ ਭਲਕੇ ਅਦਾਲਤ 'ਚ ਪੇਸ਼ ਕੀਤਾ ਜਾਵੇਗਾ। ਇਹ ਤਿੰਨੋਂ ਇਥੋਂ 13 ਕਿਲੋਮੀਟਰ ਦੂਰ ਫਿਰੋਜ਼ਪੁਰ ਰੋਡ ਤੋਂ ਹਟਵੇਂ ਇਤਿਹਾਸਕ ਪਿੰਡ ਡਰੋਲੀ ਭਾਈ ਦੇ ਵਸਨੀਕ ਹਨ। ਉਨ੍ਹਾਂ ਵੇਰਵੇ ਦਿੰਦਿਆਂ ਦੱਸਿਆ ਕਿ ਬੀਤੀ ਕੱਲ੍ਹ ਮਹਿਣਾ ਪੁਲਿਸ ਥਾਣੇ ਦੇ ਇਲਾਕੇ 'ਚੋਂ ਮੋਟਰਸਾਈਕਲ 'ਤੇ ਜਾ ਰਹੇ 2 ਜਣਿਆਂ ਭੁਪਿੰਦਰ ਤੇ ਕਰਮ ਸਿੰਘ ਨੂੰ ਹਿਰਾਸਤ 'ਚ ਲਿਆ ਸੀ, ਜਿਨ੍ਹਾਂ ਦੇ ਕਬਜ਼ੇ 'ਚੋਂ ਇਕ ਦੇਸੀ ਪਿਸਤੌਲ ਬਰਾਮਦ ਹੋਇਆ ਸੀ। ਉਨ੍ਹਾਂ ਦੱਸਿਆ ਕਿ ਅੱਜ ਗ੍ਰਿਫਤਾਰ ਕੀਤਾ ਗਿਆ ਕੁਲਜੀਤ ਸਿੰਘ 2 ਵਾਰ ਦੁਬਈ ਜਾ ਚੁੱਕਿਆ ਹੈ। ਵਾਪਸ ਆਉਣ 'ਤੇ ਉਹ ਭੂਤਨਾ ਦੇ ਸੰਪਰਕ 'ਚ ਆਇਆ ਤੇ ਕਈ ਕਾਰਵਾਈਆਂ ਨੂੰ ਅੰਜ਼ਾਮ ਦਿੱਤਾ। ਇਨ੍ਹਾਂ ਤਿੰਨਾਂ ਖਿਲਾਫ਼ ਧਾਰਾ 379-411-480-419-420-382 ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਐਸ. ਐਸ. ਪੀ. ਬਾਠ ਨੇ ਦੱਸਿਆ ਕਿ ਇਨ੍ਹਾਂ ਖਾੜਕੂਆਂ ਨੇ ਫਰੀਦਕੋਟ ਦੇ ਪਿੰਡ ਦੀਪ ਸਿੰਘ ਵਾਲਾ ਤੋਂ ਬੰਦੂਕ ਖੋਹ ਕੇ ਬਲਬੀਰ ਸਿੰਘ ਭੂਤਨਾ ਨੂੰ ਦਿੱਤੀ ਸੀ। ਭੂਤਨਾ ਨੇ ਇਹ ਬੰਦੂਕ ਡੇਰਾ ਸੱਚਾ ਸੌਦਾ ਦੇ ਸਮਰਥਕ ਲਿੱਲੀ ਕੁਮਾਰ ਨੂੰ ਮਾਰਨ ਲਈ ਵਰਤੀ ਸੀ।
ਸਤਨਾਮ ਸਿੰਘ ਇੰਚਾਰਜ ਸੀ. ਆਈ. ਏ. ਸਟਾਫ ਮੋਗਾ ਨੇ ਅਹਿਮ ਇੰਕਸ਼ਾਫ ਕਤਰਦਿਆਂ ਦੱਸਿਆ ਕਿ ਪੁਲਿਸ ਨੂੰ ਇਤਲਾਹ ਮਿਲੀ ਸੀ ਕਿ ਇਹ ਤਿੰਨੋਂ ਲੁਧਿਆਣਾ ਭੂਤਨਾ ਦੀ ਪੈਰਵਈ ਕਰਨ ਗਏ ਹੋਏ ਹਨ। ਪੁਲਿਸ ਨੇ ਪਿੰਡ ਰੌਲੀ ਦੇ ਪੁਲ 'ਤੇ ਨਾਕਾ ਲਗਾਇਆ ਹੋਇਆ ਸੀ ਕਿ ਇਹ ਤਿੰਨੋਂ 2 ਮੋਟਰਸਾਈਕਲਾਂ 'ਤੇ ਸਵਾਰ ਹੋ ਕੇ ਆ ਰਹੇ ਸਨ। ਪੁਲਿਸ ਨੇ ਤਿੰਨਾਂ ਨੂੰ ਹਿਰਾਸਤ 'ਚ ਲੈ ਲਿਆ। ਇਸ ਤਰ੍ਹਾਂ ਐਸ. ਐਸ. ਪੀ. ਬਾਠ ਤੇ ਸਤਨਾਮ ਸਿੰਘ ਇੰਚਾਰਜ ਸੀ. ਆਈ. ਏ. ਸਟਾਫ ਮੋਗਾ ਦੇ ਬਿਆਨ ਆਪਸ 'ਚ ਮੇਲ ਨਹੀਂ ਖਾਂਦੇ, ਜਿਸ ਕਾਰਨ ਸ਼ੱਕ ਦੀ ਵੀ ਗੁੰਜਾਇਸ਼ ਉਪਜਦੀ ਹੈ।
ਅਜੀਤ ਖ਼ਬਰ ਵੈੱਬ ਪੰਨਾ
ਪਵਿੱਤਰ ਸਿੰਘ ਸਣੇ 4 ਨੂੰ ਜੇਲ੍ਹ ਭੇਜਿਆ
ਬਾਬਾ ਬਕਾਲਾ, 1 ਸਤੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਬੀਤੀ 27 ਅਗਸਤ ਨੂੰ ਬਾਬਾ ਬਕਾਲਾ ਨੇੜਿਉਂ ਗ੍ਰਿਫਤਾਰ 4 ਖਾੜਕੂਆਂ, ਜਿਨ੍ਹਾਂ 'ਤੇ ਥਾਣਾ ਬਿਆਸ ਵਿਖੇ ਆਸ਼ੂਤੋਸ਼ ਅਤੇ ਭਨਿਆਰੇ ਵਾਲੇ ਨੂੰ ਮਾਰਨ ਦੀ ਸਾਜ਼ਿਸ਼ ਘੜਣ ਅਤੇ ਹੋਰ ਦੇਸ਼ ਵਿਰੋਧੀ ਕਾਰਵਾਈਆਂ ਕਰਨ ਅਤੇ ਅਸਲਾ ਰੱਖਣ ਵਰਗੇ ਸੰਗੀਨ ਜੁਰਮਾਂ ਤਹਿਤ ਕੇਸ ਕਰਜ ਕੀਤਾ ਗਿਆ ਹੈ, ਨੂੰ ਪੁਲਿਸ ਰਿਮਾਂਡ ਪਿਛੋਂ ਅੱਜ ਦੁਬਾਰਾ ਮਾਣਯੋਗ ਸਬ ਡਵੀਜਨ ਜੁਡੀਸ਼ੀਅਲ ਮੈਜਿਸਟਰੇਟ ਸ: ਜਸਵਿੰਦਰ ਸਿੰਘ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿਥੇ ਕਿ ਮਾਣਯੋਗ ਅਦਾਲਤ ਨੇ ਉਕਤ ਦੋਸ਼ੀਆਂ ਨੂੰ 14 ਦਿਨਾਂ ਲਈ ਜੁਡੀਸ਼ੀਅਲ ਹਿਰਾਸਤ ਵਿਚ ਭੇਜਣ ਦਾ ਹੁਕਮ ਸੁਣਾਇਆ ਹੈ। ਅੱਜ ਦੁਪਿਹਰ ਡੇਢ ਵਜੇ ਦੇ ਕਰੀਬ ਸੀ.ਆਈ.ਏ. ਸਟਾਫ਼ (ਦਿਹਾਤੀ ਅੰਮ੍ਰਿਤਸਰ) ਦੀ ਪੁਲਿਸ ਵੱਲੋਂ ਸਖ਼ਤ ਸੁਰੱਖਿਆ ਪ੍ਰਬੰਧਾਂ ਤਹਿਤ, ਪਵਿੱਤਰ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਬਾਬਾ ਬਕਾਲਾ, ਭੁਪਿੰਦਰ ਸਿੰਘ ਪੁੱਤਰ ਅਜੀਤ ਸਿੰਘ ਅਤੇ ਉਸ ਦੀ ਪਤਨੀ ਅਮਰਜੀਤ ਕੌਰ (ਦੋਵੇਂ ਵਾਸੀ ਨਿਊ ਸੰਤੋਖ ਨਗਰ, ਜਲੰਧਰ) ਅਤੇ ਜਸਪਾਲ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਪਠਾਨਕੋਟ ਨੂੰ ਇਕ ਜਿਪਸੀ ਵਿਚ, ਮੂੰਹ ਸਿਰ ਬੰਨ੍ਹ ਕੇ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਮਾਣਯੋਗ ਸਬ-ਡਵੀਜ਼ਨਲ ਜੁਡੀਸ਼ੀਅਲ ਮੈਜਿਸਟਰੇਟ ਬਾਬਾ ਬਕਾਲਾ ਸ: ਜਸਵਿੰਦਰ ਸਿੰਘ ਦੀ ਅਦਾਲਤ ਵਿਚ ਪੇਸ਼ ਕੀਤਾ।
ਜਿਥੇ ਕਿ ਸਰਕਾਰੀ ਵਕੀਲ ਵਜੋਂ ਸ੍ਰੀ ਅਸ਼ੋਕ ਕੁਮਾਰ ਅਤੇ ਪਵਿੱਤਰ ਸਿੰਘ ਵੱਲੋਂ ਸ: ਸਵਿੰਦਰ ਸਿੰਘ ਰੰਧਾਵਾ (ਗਦਰਜਾਜਾ) ਪੇਸ਼ ਹੋਏ। ਪੁਲਿਸ ਨੇ ਅੱਜ ਵੀ ਪੱਤਰਕਾਰਾਂ ਨੂੰ ਦੋਸ਼ੀਆਂ ਦੀਆਂ ਤਸਵੀਰਾਂ ਨਹੀਂ ਲੈਣ ਦਿੱਤੀਆਂ ਅਤੇ ਪਰਿਵਾਰਿਕ ਮੈਂਬਰਾਂ ਨੂੰ ਵੀ ਦੂਰ ਰਖਿਆ। ਬਾਬਾ ਬਕਾਲਾ ਅਦਾਲਤ ਵਿਚ ਪਵਿੱਤਰ ਸਿੰਘ ਅਤੇ ਸਾਥੀਆਂ ਦੀ ਅਗਲੀ ਪੇਸ਼ੀ 15 ਸਤੰਬਰ
ਨੂੰ ਹੋਵੇਗੀ।
ਅਜੀਤ ਖ਼ਬਰ ਵੈੱਬ ਪੰਨਾ
ਭਾਈ ਦਲਜੀਤ ਸਿੰਘ ਬਿੱਟੂ ਜੀਵਨ ਸੰਬੰਧੀ ਲੇਖ ਜਾਣਕਾਰੀ
ਹਿੰਦੂ ਤੇ ਸਿੱਖ ਜਥੇਬੰਦੀਆਂ ਵਲੋਂ ਵਿਚਾਰਾਂ
12) ਬੁੱਤ ਸਥਾਪਨਾ, ਭੰਨ-ਤੋੜ, ਬੇਅਦਬੀ, ਅਪਮਾਨ