ਬਲਬੀਰ ਪੁੰਜ ਨੇ ਕਿਹਾ ਸੰਤ ਭਿੰਡਰਾਂਵਾਲੇ ਕਾਂਗਰਸ ਦੇ ਏਜੰਟ

ਸੰਤ ਭਿੰਡਰਾਂਵਾਲਿਆਂ ਵਿਰੁੱਧ ਫਿਰਕੂ ਜਥੇਬੰਦੀਆਂ ਨੇ ਆਰੰਭੀ ਮੁਹਿੰਮ
ਪੰਥਕ ਜਥੇਬੰਦੀਆਂ ਨੇ ਰੋਸ ਪ੍ਰਗਟਾਇਆ

ਅੰਮ੍ਰਿਤਸਰ (25-10-2009) - ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਗਠਜੋੜ ਨੂੰ ਨਹੁੰ-ਮਾਸ ਦਾ ਰਿਸ਼ਤਾ ਦੱਸਣ ਵਾਲੀ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਮਸਲਿਆਂ ਦੇ ਇੰਚਾਰਜ ਬਲਬੀਰ ਪੁੰਜ ਨੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਕਾਂਗਰਸ ਦੀ ਪੈਦਾਇਸ਼ ਦੱਸਿਆ। ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਬਾਰੇ ਪੁੱਛੇ ਜਾਣ 'ਤੇ ਕਿਹਾ, ''ਜਿਵੇਂ ਕਾਂਗਰਸ ਨੇ ਪੰਜਾਬ ਵਿਚ ਸੰਤ ਭਿੰਡਰਾਂਵਾਲਾ ਪੈਦਾ ਕੀਤਾ ਸੀ, ਉਸੇ ਤਰ੍ਹਾਂ ਹੀ ਮਹਾਰਾਸ਼ਟਰ ਵਿਚ ਰਾਜ ਠਾਕਰੇ ਪੈਦਾ ਕੀਤਾ ਹੋਇਆ ਹੈ।'' ਪੁੰਜ ਨੇ ਕਿਹਾ, ''ਮਹਾਰਾਸ਼ਟਰ ਵਿਚ ਅਸੀਂ ਹਾਰੇ ਨਹੀਂ, ਸਿਰਫ਼ ਧੱਕਾ ਲੱਗਿਆ ਹੈ।''

ਦੂਜੇ ਪਾਸੇ ਪੰਥਕ ਜਥੇਬੰਦੀਆਂ ਨੇ ਪੁੰਜ ਦੀ ਇਸ ਫਾਸ਼ੀਵਾਦੀ ਸੋਚ ਦਾ ਤਿੱਖਾ ਵਿਰੋਧ ਕੀਤਾ ਹੈ। ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਕਿਸਾਨ ਵਿੰਗ ਦੇ ਆਗੂ ਬਲਦੇਵ ਸਿੰਘ ਸਿਰਸਾ ਨੇ ਬਲਬੀਰ ਪੁੰਜ ਵਲੋਂ 20ਵੀਂ ਸਦੀ ਦੇ ਮਹਾਨ ਸ਼ਹੀਦ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਬਾਰੇ ਕੀਤੀ ਬਿਆਨਬਾਜ਼ੀ ਦਾ ਗੰਭੀਰ ਨੋਟਿਸ ਲੈਂਦਿਆਂ ਪੁੰਜ ਨੂੰ ਮਸ਼ਵਰਾ ਦਿੱਤਾ ਕਿ ਉਹ ਪੰਜਾਬ ਵਿਚ ਆ ਕੇ ਅਜਿਹੇ ਬਿਆਨ ਦੇਣ ਤੋਂ ਸੰਕੋਚ ਕਰਨ, ਜਿਨ੍ਹਾਂ ਨਾਂਲ ਪੰਜਾਬ ਦੇ ਸ਼ਾਂਤ ਮਹੌਲ ਵਿਚ ਤਣਾਅ ਪੈਦਾ ਹੁੰਦਾ ਹੋਵੇ।

ਸ. ਸਿਰਸਾ ਨੇ ਬਲਬੀਰ ਪੁੰਜ ਨੂੰ ਚੁਣੌਤੀ ਦਿੰਦੇ ਹੋਏ ਕਿਹਾ ਕਿ ਉਹ ਟੀ.ਵੀ. 'ਤੇ ਇਸ ਮਾਮਲੇ 'ਤੇ ਬਹਿਸ ਕਰਨ ਲਈ ਵੀ ਤਿਆਰ ਹਨ। ਸ. ਸਿਰਸਾ ਨੇ ਕਿਹਾ ਕਿ ਜੇ ਬਲਬੀਰ ਪੁੰਜ ਇਹ ਸਾਬਤ ਕਰ ਦੇਣ ਕਿ ਸੰਤ ਕਾਂਗਰਸ ਦੀ ਪੈਦਾਇਸ਼ ਹਨ ਤਾਂ ਉਹ ਸਿਰ ਕਟਵਾਉਣ ਲਈ ਵੀ ਤਿਆਰ ਹਨ। ਜੇਕਰ ਉਹ ਸਾਬਤ ਨਾ ਕਰ ਸਕੇ ਤਾਂ ਫਿਰ ਆਪਣੇ ਲਈ ਸਜ਼ਾ ਦੀ ਖ਼ੁਦ ਤਜਵੀਜ਼ ਕਰ ਲੈਣ।

ਦਮਦਮੀ ਟਕਸਾਲ ਦੇ ਮੁਖੀ ਗਿਆਨੀ ਰਾਮ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਨੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਬਾਰੇ ਦਿਤੇ ਬਿਆਨ ਨੂੰ ਬਲਬੀਰ ਪੁੰਜ ਦੇ ਸਿਆਸੀ ਦੀਵਾਲੀਏਪਨ ਦਾ ਸਬੂਤ ਦਸਿਆ। ਉਨ੍ਹਾਂ ਕਿਹਾ ਕਿ ਜੇ ਭਾਜਪਾ ਨਾਲ ਅਕਾਲੀ ਦਲ ਦਾ ਸਿਆਸੀ ਸਮਝੌਤਾ ਹੈ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਭਾਜਪਾਈ ਸਿੱਖਾਂ ਦੇ ਧਾਰਮਿਕ ਮਾਮਲਿਆਂ ਵਿਚ ਦਖ਼ਲਅੰਦਾਜ਼ੀ ਕਰਨ ਜਾਂ ਸਿੱਖਾਂ ਦੀਆਂ ਧਾਰਮਿਕ ਸ਼ਖ਼ਸੀਅਤਾਂ ਬਾਰੇ ਹਲਕੇ ਪੱਧਰ ਦੀ ਬਿਆਨਬਾਜ਼ੀ ਕਰਨ। ਉਨ੍ਹਾਂ ਯਾਦ ਕਰਵਾਇਆ ਕਿ ਜਦ ਭਾਰਤ ਸਰਕਾਰ ਨੇ ਹਰਿਮੰਦਰ ਸਾਹਿਬ 'ਤੇ ਹਮਲਾ ਕੀਤਾ ਸੀ ਉਦੋਂ ਵੀ ਭਾਜਪਾਈਆਂ ਨੇ ਇਸ ਨੂੰ ਦੇਰ ਨਾਲ ਕੀਤੀ ਸਹੀ ਕਾਰਵਾਈ ਗਰਦਾਨਿਆ ਸੀ।


ਕਾਗਰਸੀ? ਪੁੰਜ ਵਰਗਿਆਂ ਨੂੰ ਸੰਤ ਜਵਾਬ 2/9