ਸਭ ਤੋਂ ਪਹਿਲਾਂ ਤਾਂ ਮੇਰੇ ਸੁਜਾਨ ਵੀਰ ਨੂੰ ਸਤਿ ਸ੍ਰੀ ਅਕਾਲ ਕਹਿਣ ਦੀ ਹਿੰਮਤ ਕਰ ਰਿਹਾ ਹਾਂ। ਅਕਾਲ ਪੁਰਖ ਸਤਿ (ਸਦੀਵ) ਅਤੇ ਸਰੀਰ ਰਹਿਤ ਹੈ।
ਜਿਸੁ ਮਿਲਿਐ ਮਨਿ ਹੋਇ ਅਨੰਦੁ ਸੋ ਸਤਿਗੁਰੁ ਕਹੀਐ ॥(ਪੰਨਾ 168)
ਜਾਨੀ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਾਹੁ ਵਾਹੁ ਬਾਣੀ ਨਿਰੰਕਾਰ ਹੈ ਤਿਸੁ ਜੇਵਡੁ ਅਵਰੁ ਨ ਕੋਇ॥ (ਪੰਨਾ 515) ਇਸ ਲਈ ਇਸ ਦੀ ਬਰਾਬਰੀ ਨਹੀਂ ਕੀਤੀ ਜਾ ਸਕਦੀ। ਇਹ ਆਪਣੇ ਆਪ ਵਿੱਚ ਪੂਰਨ ਸੱਚਾਈ ਹੈ। ਕਿਉਂਕਿ ਸਚੁ ਪੁਰਾਣਾ ਨਾ ਥੀਐ ਨਾਮ ਨਾ ਮੈਲਾ ਹੋਇ॥ (ਪੰਨਾ 1248) ਇਸ ਲਈ ਇਹ ਸੰਸਾਰ ਦੇ ਹਰ ਮਨੁੱਖ ਮਾਤਰ ਵਾਸਤੇ ਹੈ। ਹਰ ਇੱਕ ਦਾ ਉੱਦਮ ਹੋਣਾ ਚਾਹੀਦਾ ਹੈ ਕਿ ਉਹ ਆਪ ਸਿੱਧੀ ਗੁਰੂ ਪ੍ਰਮੇਸ਼ਰ ਨਾਲ ਸਾਂਝ ਬਣਾਵੇ ਗੁਰਬਾਣੀ ਤੋਂ ਸੇਧ ਲੈ ਕਰਕੇ।
ਉਦਮੁ ਕਰੇਦਿਆ ਜੀਉ ਤੂੰ ਕਮਾਵਦਿਆ ਸੁਖ ਭੁੰਚੁ ॥
ਧਿਆਇਦਿਆ ਤੂੰ ਪ੍ਰਭੂ ਮਿਲੁ ਨਾਨਕ ਉਤਰੀ ਚਿੰਤ ॥ (ਪੰਨਾ 522)
ਮੇਰੇ ਸਿਆਣੇ ਵੀਰ ਨੂੰ ਜੇ ਕਦੀ ਫੁਰਸਤ ਮਿਲੇ ਤਾਂ ਆਪ ਧਿਆਨ ਨਾਲ ਸੰਗਤੀ ਰੂਪ ਵਿੱਚ ਅਰਦਾਸ ਸੁਣਨ - ਸਿੱਖੀ ਦਾਨ ਬਾਰੇ। ਵੀਰ ਜੀ ਸਿੱਖ ਤਾਂ ਹਰ ਰੋਜ਼ ਆਪ ਗੁਰੂ ਕੋਲੋਂ ਸਿੱਖੀ ਦੀ ਦਾਤ ਮੰਗਦੇ ਹਨ ਉਨ੍ਹਾਂ ਨੇ ਕਿਸੇ ਨੂੰ ਸਿੱਖੀ ਕਿਵੇਂ ਦੇਣੀ ਹੈ। ਪਰ ਇਹ ਗੱਲ ਬਾਬਾ ਸਾਹਿਬ ਡਾ. ਅੰਬੇਦਕਰ ਜੀ ਨੂੰ ਸਮਝ ਕਿਉਂ ਨਾ ਆਈ ? ਕਿ ਸਿੱਖੀ ਤਾਂ ਗੁਰੂ ਕੋਲੋਂ ਮਿਲਣੀ ਹੈ ਨਾਂਹ ਕਿ ਕਿਸੇ ਅਕਾਲੀ ਕੋਲੋਂ। ਨਾਂਹ ਹੀ ਕਿਸੇ ਅਖੌਤੀ ਜੱਟ, ਭਾਪੇ, ਲੁਬਾਣੇ, ਸੈਣੀ, ਕਰਾੜ, ਰਾਏ, ਮਹਿਤੋਂ, ਰਵਿਦਾਸੀਏ, ਕੰਬੋਅ, ਅਰੋੜੇ, ਮਝ੍ਹਬੀ, ਰਾਮਗੜ੍ਹੀਆ ਜਾਂ ਕਿਸੇ ਹੋਰ ਭਾਂਤ ਦੇ ਸਿੱਖ ਕੋਲੋਂ। ਅਸਲ ਸਿੱਖ ਤਾਂ ਉਹ ਹੈ ਜੋ ਜ਼ਾਤ-ਪਾਤ ਤੋਂ ਰਹਿਤ ਹੋ ਜਾਵੇ ਜਾਣੀ ਪੂਰਨ ਮਨੁੱਖ ਜਿਸ ਦਾ ਰਿਸ਼ਤਾ ਸਿੱਧਾ (ਵਗੈਰ ਕਿਸੇ ਮਨੁੱਖੀ ਵਿਚੋਲੇ ਦੇ) ਅਕਾਲ ਪੁਰਖ ਨਾਲ ਹੈ। ਗੁਰੂ ਸਿੱਖ ਨੂੰ ਨਿਰਮਲ ਮੱਤ ਦਿੰਦਾ ਹੈ ਅਤੇ ਰੱਬੀ ਗੁਣਾਂ ਨੂੰ ਅਪਣਾਉਣ ਦੀ ਪ੍ਰੇਰਨਾ ਕਰਦਾ ਹੈ। ਫਿਰ ਹੀ ਉਸ ਨੂੰ ਸਮਝ ਪੈਂਦੀ ਹੈ ਕਿ
ਬੁਰਾ ਭਲਾ ਕਹੁ ਕਿਸ ਨੋ ਕਹੀਐ ਸਗਲੇ ਜੀਅ ਤੁਮ੍ਹਾਰੇ॥ (ਪੰਨਾ 383)
ਮੇਰੇ ਸੁਜਾਨ ਵੀਰ ਨੇ ਬੜੀ ਤੰਗਦਿਲੀ ਵਿਖਾਈ ਹੈ ਇਸ ਲੇਖ ਵਿਚ। ਸਮੁੰਦਰ ਤੋਂ ਉੱਠਣ ਵਾਲੀਆਂ ਲਹਿਰਾਂ ਸਮੁੰਦਰ ਨਹੀਂ ਹਨ। ਸੰਸਾਰ ਦੀ ਇੱਕੋ ਇੱਕ ਸਰਬੋਤਮ ਵੀਚਾਰਧਾਰਾ ਗੁਰੂ ਗ੍ਰੰਥ ਸਾਹਿਬ ਜੀ ਦੀ ਹੈ ਜਿਸ ਦੀ ਤਾਈਦ ਦੁਨੀਆਂ ਦੇ ਸਾਰੇ ਧਰਮਾਂ ਦੀ ਖੋਜ ਕਰਨ ਤੋਂ ਬਾਅਦ ਡਾ: ਟੌਇਨਬੀ ਨੇ ਭੀ ਕੀਤੀ ਹੈ ਜਿਸ ਵਿੱਚ ਜ਼ਾਤੀਵਾਦ, ਧਰਮ, ਦੇਸ, ਰੰਗ, ਨਸਲ ਵਗੈਰਾ ਨੂੰ ਕੋਈ ਥਾਂਹ ਨਹੀਂ ਹੈ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਹਨ ਮੈਂ ਨੀਚਾਂ ਨਾਲ ਖੜਾ ਹਾਂ ਕਿਉਂਕਿ ਓਥੇ ਵਾਹਿਗੁਰੂ ਦੀ ਨਦਰਿ ਹੁੰਦੀ ਹੈ।
ਵੀਆਨਾ ਕਾਂਡ ਦਾ ਮੁੱਦਾ ਜਾਂ ਕਾਰਨ ਧਰਮ ਦੀ ਨਿਰਾਦਰੀ ਕਰਨ ਲਈ ਅਪਣਾਇਆ ਪਾਖੰਡ ਹੈ। ਵੀਆਂਨਾ ਕਾਂਡ ਵਾਲੇ ਅਖੌਤੀ ਧਰਮੀ ਬਲਵਿੰਦਰ ਆਪਣੇ ਆਪ ਨੂੰ ਹਿੰਦੂ ਦਸਦੇ ਹਨ ਬੇਸਮਝੀ ਕਾਰਨ ਕਈ ਹੋਰ ਉਸ ਦੇ ਸਾਥੀ ਭੀ। ਪਰ ਉਹਨਾਂ ਦੇ, ਜਿਵੇਂ ਸਾਰੇ ਅਖੌਤੀ ਦਲਿਤ ਭੀ ਕਹਿੰਦੇ ਹਨ, ਜੀਵਨ ਸੇਧਕ ਡਾ. ਅੰਬੇਦਕਰ ਦਾ ਤਾਂ ਕਹਿਣਾ ਹੈ ਕਿ : ਮੈਂ ਹਿੰਦੂ ਜਨਮਿਆਂ ਸਾਂ ਇਹ ਮੇਰੀ ਮਜਬੂਰੀ ਸੀ ਪਰ ਮੈਂ ਹਿੰਦੂ ਮਰਾਂਗਾ ਨਹੀਂ ਇਹ ਮੇਰੇ ਵਸ ਵਿੱਚ ਹੈ । ਮਸਲਾ ਕੇਵਲ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਮੱਥੇ ਟੇਕਣ ਦਾ ਹੀ ਨਹੀਂ ਮਸਲਾ ਗੁਰੂ ਗ੍ਰੰਥ ਸਾਹਿਬ ਜੀ ਦੀ ਸਿਰਮੌਰਤਾ ਦਾ ਵੀ ਹੈ।
ਸਤਿਗੁਰ ਕੀ ਬਾਣੀ ਸਤਿ ਸਰੂਪੁ ਹੈ ਗੁਰਬਾਣੀ ਬਣੀਐ ॥
ਸਤਿਗੁਰ ਕੀ ਰੀਸੈ ਹੋਰਿ ਕਚੁ ਪਿਚੁ ਬੋਲਦੇ ਸੇ ਕੂੜਿਆਰ ਕੂੜੇ ਝੜਿ ਪੜੀਐ ॥ (ਪੰਨਾ 304)
ਹਿੰਦੁਸਤਾਨ ਦਾ ਨਹੀਂ ਸਿਰਫ ਹਿੰਦੂ ਵੀਚਾਰਧਾਰਾ ਦਾ ਸਾਰਾ ਸਿਸਟਮ ਜ਼ਾਤ ਪਾਤ ਭਾਵ ਮਨੁੱਖਤਾ ਦੀ ਵੰਡ ਉੱਪਰ ਖੜਾ ਹੈ ਜਿਸ ਵਿਚ ਜੈਨੀ ਤੇ ਪਾਰਸੀ ਵੀ ਓਨੀ ਹੀ ਠੱਗੀ ਮਾਰਦੇ ਹਨ ਜਿੰਨੀ ਕਿ ਬਾਕੀ ਸਾਰੇ। ਜ਼ਾਤ-ਪਾਤੀ ਸਿਸਟਮ ਤੋਂ ਅਗਰ ਕੋਈ ਫਲਸਫਾ ਬਚਿਆ ਹੈ ਤਾਂ ਉਹ ਹੈ ਗੁਰਬਾਣੀ ਦਾ ਜਾਣੀ ਸਿੱਖਾਂ ਦਾ। ਇਸ ਨੂੰ ਅਸਲ ਰੂਪ ਵਿੱਚ ਮੰਨਣ ਵਾਲੇ ਭਾਵੇਂ ਵਿਰਲੇ ਹੀ ਸਹੀ ਪਰ ਹੈ ਜ਼ਰੂਰ - ਹੈਨਿ ਵਿਰਲੇ ਨਾਹੀ ਘਣੇ (ਪੰਨਾ 1410)। ਸਾਡੇ ਵਾਸਤੇ ਜ਼ਾਤ ਪ੍ਰਥਾ ਕੋਈ ਮਾਇਨਾ ਨਹੀਂ ਰੱਖਦੀ ਜੇ ਕੋਈ ਅਜਿਹੀ ਭਾਵਨਾ ਰਖਦਾ ਹੈ ਤਾਂ ਅਜਿਹੀ ਅਗਿਆਨਤਾ ਨੂੰ ਸਿੱਖੀ ਵਿਧਾਨ ਕੋਈ ਇਜਾਜ਼ਤ ਨਹੀਂ ਦਿੰਦਾ।
ਵੀਆਂਨਾ ਵਿੱਚ ਵਰਤ ਰਿਹਾ ਵਰਤਾਰਾ ਸਿੱਖ ਰਹਿਤ ਮਰਯਾਦਾ ਦੇ ਉਲਟ ਸੀ ਜਿਸਦੀ ਉਨ੍ਹਾਂ ਨੌਜਵਾਨਾਂ ਨੂੰ ਸੋਝੀ ਸੀ ਜਿਹਨਾਂ ਜੋਸ਼ ਵਿੱਚ ਹੋਸ਼ ਨੂੰ ਨਜ਼ਰਅੰਦਾਜ਼ ਕੀਤਾ ( ਸ਼ਾਇਦ ਕਿਸੇ ਸ਼ਰਾਰਤੀ ਅਨਸਰ ਦੀ ਗ਼ਲਤ ਸਲਾਹ ਕਾਰਨ) ਜਦ ਕਿ ਉਨ੍ਹਾਂ ਨੂੰ ਕਾਨੂੰਨ ਦਾ ਸਹਾਰਾ ਲੈਣ ਦੀ ਜ਼ਰੂਰਤ ਸੀ। ਭਾਵੇਂ ਬਹੁਤੇ ਸਿੱਖਾਂ ਨੂੰ ਰਹਿਤ ਮਰਯਾਦਾ ਦੀ ਸੋਝੀ ਨਾਂਹ ਵੀ ਹੋਵੇ ਪਰ ਜਿਨ੍ਹਾਂ ਨੂੰ ਹੈ ਉਹ ਇਸਦੀ ਬਹਾਲੀ ਵਾਸਤੇ ਉਪਰਾਲੇ ਵਜੋਂ ਜੂਝਣ ਤਿੱਕਰ ਜਾਂਦੇ ਹਨ। ਭਾਵੇਂ ਇਹ ਸਿੱਖ ਅਖਵਾਉਣ ਵਾਲੇ ਦੇ ਖਿਲਾਫ ਹੀ ਕਿਉਂ ਨਾ ਹੋਵੇ। ਆਪ ਨੇ ਜੋ ਮਿਸਾਲ ਸਿੱਖ ਰੈਜਮੈਂਟ, ਪੰਜਾਬ ਰੈਜਮੈਂਟ, ਰਾਜਪੂਤ ਰੈਜਮੈਂਟ ਦੀ ਦਿੱਤੀ ਹੈ।
ਸਿੱਖ ਇੱਕ ਜ਼ਾਤ ਨਹੀਂ ਧਰਮ ਹੈ, ਧੜਾ ਨਹੀਂ ਸਗੋਂ ਇੱਕ ਵੀਚਾਰਧਾਰਾ ਹੈ, ਜੀਵਨ ਜਾਚ ਹੈ। ਭਾਰਤ ਦੀ ਗੁਲਾਮੀ ਦਾ ਕਾਰਨ ਇਹ ਨਹੀਂ ਜੋ ਆਪ ਲਿਖਦੇ ਹੋ। ਬ੍ਰਾਹਮਣ ਦੇ ਬੁਣੇ ਜ਼ਾਤ-ਪਾਤੀ ਜਾਲ੍ਹ ਨੇ ਹਿੰਦੋਸਤਾਨੀਆਂ ਨੂੰ ਅੱਡ ਅੱਡ ਫਿਰਕਿਆਂ ਵਿੱਚ ਵੰਡਿਆ ਹੋਇਆ ਸੀ ਅਤੇ ਫੈਲਾਏ ਹੋਏ ਵਹਿਮਾਂ ਭਰਮਾਂ ਨੇ ਮਨੁੱਖ ਨੂੰ ਅਗਿਆਨੀ ਅਤੇ ਕਮਜ਼ੋਰ ਬਣਾ ਦਿੱਤਾ ਹੋਇਆ ਸੀ। ਇਸੇ ਭਰਮ ਜਾਲ੍ਹ ਕਾਰਨ ਹੀ ਉਹ ਮਨੁੱਖਤਾ ਨੂੰ ਲੁੱਟਦਾ ਸੀ ਅਤੇ ਅੱਜ ਵੀ ਲੁੱਟ ਰਿਹਾ ਹੈ ਅੱਗੋਂ ਵੀ ਲੁੱਟੀ ਜਾਵੇਗਾ ਅਗਰ ਅਸੀਂ ਨਹੀਂ ਜਾਗਾਂਗੇ। ਵੀਆਂਨਾ ਵਰਗੇ ਕਾਂਡ, ਜੋ ਪਾਂਡੇ ਦਾ ਰਚਿਆ ਹੋਇਆ ਛੜਯੰਤਰ ਸੀ, ਨਾਲ ਉਹ ਇੱਕ ਤੀਰ ਨਾਲ ਦੋ ਨਿਸ਼ਾਨੇ ਕਰ ਗਿਆ ਹੈ।
1) ਇਨਸਾਨ ਨੂੰ ਦਲਿਤ ਬਣਾਇਆ ਸੀ ਬ੍ਰਾਹਮਣ ਨੇ, ਪਰ ਅੱਜ ਉਹ ਇਸਤੋਂ ਸ਼ੈਤਾਨੀ ਨਾਲ ਸੁਰਖ਼ਰੂ ਹੋਣਾ ਚਾਹੁੰਦਾ ਹੈ। ਸਿੱਖ ਗੁਰੂ ਸਹਿਬਾਨ ਤੋਂ ਪਹਿਲਾਂ ਕਈ ਪ੍ਰਮਾਤਮਾਂ ਦੇ ਭਗਤਾਂ ਨੇ ਇਸ ਭਰਮ ਜਾਲ੍ਹ ਨੂੰ ਭੰਡਿਆ ਜ਼ਰੂਰ ਪਰ ਇਸ ਨੂੰ ਸਮਾਜਿਕ ਤੌਰ ਤੇ ਲਾਗੂ ਕਰਨ ਵਿੱਚ ਸਫਲ ਨਹੀਂ ਹੋ ਸਕੇ ਹਾਂ ਗੁਰੂ ਨਾਨਕ ਸਹਿਬ ਨੇ ਦਸ ਜਾਮਿਆਂ ਵਿੱਚ ਵਿਚਰ ਕੇ ਇਸ ਦੰਭ ਅਤੇ ਵੰਡ ਖਿਲਾਫ ਪੁਰਜੋਰ ਅਤੇ ਸਫਲ ਸੰਘਰਸ਼ ਕੀਤਾ:
ਜੌ ਤੂੰ ਬ੍ਰਾਹਮਣੁ ਬ੍ਰਹਮਣੀ ਜਾਇਆ ॥ ਤਉ ਆਨ ਬਾਟ ਕਾਹੇ ਨਹੀ ਆਇਆ ॥
ਤੁਮ ਕਤ ਬ੍ਰਾਹਮਣ ਹਮ ਕਤ ਸੂਦ ॥ ਹਮ ਕਤ ਲੋਹੂ ਤੁਮ ਕਤ ਦੂਧ॥ (ਪੰਨਾ 324)
2) ਵੀਆਂਨਾ ਕਾਂਡ ਵਿੱਚ ਉਹ ਸਿੱਖਾਂ ਨੂੰ ਇਹ ਦੱਸ ਕੇ ਸੁਰਖਰੂ ਹੋਣਾ ਚਾਹੁੰਦਾ ਹੈ ਕਿ ਦਲਿਤ ਹੈ ਹੀ ਤਾੜਨ ਦੇ ਅਧਿਕਾਰੀ ਅਤੇ ਰਵਿਦਾਸ ਭਗਤਾਂ ਨੂੰ ਇਹ ਕਹਿੰਦਾ ਹੈ ਕਿ ਤੁਹਾਡੇ ਅਸਲੀ ਦੁਸ਼ਮਣ ਹੀ ਸਿੱਖ ਹਨ। ਇਸ ਤਰਾਂ ਦੇ ਵਰਤਾਰੇ ਵਰਤਾ ਕੇ ਬ੍ਰਾਹਮਣ ਸਾਰੇ ਭਾਰਤ ਵਿੱਚ ਆਪਣੇ ਆਪ ਨੂੰ ਅਤੇ ਆਪਣੀ ਰਾਜਨੀਤਿਕ ਸਰਦਾਰੀ ਨੂੰ ਸੁਰੱਖਿਅਤ ਕਰਨਾ ਚਾਹੁੰਦਾ ਹੈ। ਇਸ ਲਈ ਮੌਕਾ ਤਾੜਦੇ ਹੀ ਉਹਨੇ ਸ਼ਰਾਰਤ ਰਚ ਕੇ ਅਖੌਤੀ ਦਲਿਤਾਂ ਤੋਂ ਭਗਤ ਰਵਿਦਾਸ ਨੂੰ ਗੁਰੂ ਰਵਿਦਾਸ ਲਿਖਣਾ ਤੇ ਪ੍ਰਚਾਰਨਾ ਸ਼ੁਰੂ ਕਰਵਾ ਦਿੱਤਾ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਭਗਤ ਜੀ ਦੀ ਕਲਪਿਤ ਤਸਵੀਰ ਰੱਖ ਕੇ ਇਹ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਕਿ ਗੁਰੂ ਅਰਜਨ ਸਾਹਿਬ ਨੇ ਭਗਤ ਜੀ ਦੀ ਤਸਵੀਰ ਗੁਰੂ ਗ੍ਰੰਥ ਸਾਹਿਬ ਵਿੱਚ ਨਾ ਲਗਾ ਕੇ ਭੁੱਲ ਕੀਤੀ ਹੈ। ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸਾਰੇ ਹੀ ਭਗਤਾਂ ਨੂੰ ਭਗਤ ਸ਼ਬਦ ਨਾਲ ਹੀ ਸੰਬੋਧਨ ਕੀਤਾ ਹੋਇਆ ਹੈ ਜਿਹਨਾਂ ਦੀ ਪਵਿਤ੍ਰ ਬਾਣੀ ਭਗਤ ਬਾਣੀ ਵਜੋਂ ਗੁਰੂ ਗ੍ਰੰਥ ਸਹਿਬ ਵਿੱਚ ਦਰਜ਼ ਕੀਤਾ ਹੋਇਆ ਹੈ। ਜ਼ਰਾ ਗੌਰ ਫੁਰਮਾਓ:
ਗੋਬਿੰਦ ਗੋਬਿੰਦ ਗੋਬਿੰਦ ਸੰਗਿ ਨਾਮਦੇਉ ਮਨੁ ਲੀਣਾ ॥ ਆਢ ਦਾਮ ਕੋ ਛੀਪਰੋ ਹੋਇਓ ਲਾਖੀਣਾ ॥1॥ ਰਹਾਉ ॥ ਬੁਨਨਾ ਤਨਨਾ ਤਿਆਗਿ ਕੈ ਪ੍ਰੀਤਿ ਚਰਨ ਕਬੀਰਾ ॥ ਨੀਚ ਕੁਲਾ ਜੋਲਾਹਰਾ ਭਇਓ ਗੁਨੀਯ ਗਹੀਰਾ ॥1॥ ਰਵਿਦਾਸੁ ਢੁਵੰਤਾ ਢੋਰ ਨੀਤਿ ਤਿਨਿ ਤਿਆਗੀ ਮਾਇਆ ॥ ਪਰਗਟੁ ਹੋਆ ਸਾਧਸੰਗਿ ਹਰਿ ਦਰਸਨੁ ਪਾਇਆ ॥2॥ ਸੈਨੁ ਨਾਈ ਬੁਤਕਾਰੀਆ ਓਹੁ ਘਰਿ ਘਰਿ ਸੁਨਿਆ ॥ ਹਿਰਦੇ ਵਸਿਆ ਪਾਰਬ੍ਰਹਮੁ ਭਗਤਾ ਮਹਿ ਗਨਿਆ ॥3॥ ਇਹ ਬਿਧਿ ਸੁਨਿ ਕੈ ਜਾਟਰੋ ਉਠਿ ਭਗਤੀ ਲਾਗਾ ॥ ਮਿਲੇ ਪ੍ਰਤਖਿ ਗੁਸਾਈਆ ਧੰਨਾ ਵਡਭਾਗਾ ॥4॥2॥ (ਪੰਨਾ 487)
ਇਥੇ ਇੱਕ ਗੱਲ ਹੋਰ ਧਿਆਨ ਗੋਚਰੀ ਹੈ ਕਿ ਕਰਤਾਰਪੁਰ ਦੀ ਇੱਕ ਨਾਟਕੀ ਘਟਨਾ ਵਿੱਚ ਗੁਰੂ ਬਾਬੇ ਨਾਨਕ ਨੇ ਲੋਕਾਂ ਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਮੈਨੂੰ ਨਾਂਹ ਪਕੜੋ ਜੋ ਮੈਂ ਕਹਿੰਦਾ ਹਾਂ ਉਸ ਨੂੰ ਪਕੜ ਵਿੱਚ ਲਿਆਓ। ਇਹੀ ਗੱਲ ਭਗਤ ਰਵਿਦਾਸ ਜੀ ਵੀ ਕਹਿੰਦੇ ਹਨ। ਕੋਈ ਵੀ ਤਸਵੀਰ ਮਨੁੱਖੀ ਸਰੀਰ ਨਾਲ ਜੋੜਦੀ ਹੈ ਪਰ ਗੁਰੂ ਗ੍ਰੰਥ ਸਹਿਬ ਜੀ ਦੀ ਵੀਚਾਰਧਾਰਾ ਇੱਕ ਅਕਾਲ ਪੁਰਖ ਨਾਲ ਜੋੜਦੀ ਹੈ। ਗੁਰੂ ਗ੍ਰੰਥ ਸਹਿਬ ਜੀ ਦੀ ਵੀਚਾਰਧਾਰਾ ਨੂੰ ਬਚਾਉਣ ਲਈ ਗੁਰੂ ਅਰਜਨ ਸਹਿਬ ਜੀ ਨੂੰ ਸ਼ਹੀਦ ਹੋਣਾ ਪਿਆ। ਜਿਸ ਦਾ ਇੱਕ ਖ਼ਾਸ ਕਾਰਨ ਇਹ ਵੀ ਹੈ ਕਿ ਇਸ ਵਿੱਚ ਜੋ ਸਾਰੀ ਦੀ ਸਾਰੀ ਭਗਤ ਬਾਣੀ ਦਰਜ ਸੀ ਉਹ ਉਹਨਾਂ ਭਗਤਾਂ ਦੀ ਸੀ ਜਿਹਨਾਂ ਨੂੰ ਬ੍ਰਾਹਮਣ ਅਛੂਤ ਕਹਿੰਦਾ ਸੀ। ਇੱਕ ਗੱਲ ਹੋਰ ਧਿਆਨ ਮੰਗਦੀ ਹੈ ਕਿ ਸਿੱਖੀ ਵਿੱਚ ਪਹਿਲੀ ਸ਼ਹਾਦਤ ਓਦੋਂ ਹੋਈ ਜਦੋਂ ਬ੍ਰਾਹਮਣੀ ਵੀਚਾਰਧਾਰਾ ਦੇ ਮੁਦਈ ਚੰਦੂ ਦੀ ਸ਼ਮੂਲੀਅਤ ਹੋਈ। ਜਿਸਦੀ ਬਾਅਦ ਵਿੱਚ ਉਸਨੂੰ ਸਜ਼ਾ ਵੀ ਮਿਲੀ। ਸਿੱਖਾਂ ਦੀਆਂ ਸਾਰੀਆਂ ਸ਼ਹਾਦਤਾਂ ਹੋਣ ਵਿੱਚ ਬ੍ਰਾਹਮਣੀ ਚਾਲਾਂ ਦਾ ਹੱਥ ਜ਼ਰੂਰ ਪਰ ਜ਼ਰੂਰ ਹੈ ਇਤਹਾਸ ਇਸ ਦੀ ਗਵਾਹੀ ਭਰਦਾ ਹੈ।
ਮੇਰਾ ਵੀਰ ਰਾਉ ਮੁਗਲਾਂ ਕੋਲੋਂ ਪਿੱਛਾ ਛੁੱਟਣ ਦਾ ਜ਼ਿਕਰ ਕਰਦਾ ਹੈ ਪਰ ਕਿਵੇਂ ਛੁੱਟਿਆ ਇਸ ਬਾਰੇ ਚੁੱਪ ਹੈ। ਕਿਊਂ ? ਲੱਖਾਂ ਗੁਰਸਿੱਖਾਂ ਦੀਆਂ ਸ਼ਹੀਦੀਆਂ ਨੂੰ ਅਣਗੌਲਿਆਂ ਕਰਨਾ ਨਫਰਤ ਵਿੱਚੋਂ ਉਪਜੀ ਸੋਚ ਹੋਣ ਕਾਰਨ ਬੇਇਨਸਾਫੀ ਹੀ ਨਹੀਂ ਬੇਈਮਾਨੀ ਹੈ, ਤੰਗਦਿਲੀ ਹੈ। ਉਨ੍ਹਾਂ ਸਿੱਖ ਸੂਰਮਿਆਂ (ਜਿਹਨਾਂ ਵਿੱਚ ਅਖੌਤੀ ਦਲਿਤ ਭੀ ਸ਼ਾਮਿਲ ਸਨ) ਕਰਕੇ ਹੀ ਅੱਜ ਦੇਸ਼ ਦੀ ਸਭਿਅਤਾ, ਜਨੇਊਧਾਰੀ ਬੁੱਤ ਪੂਜਕ ਫਿਰਕਾ ਸਲਾਮਤ ਹੈ ਜਿਸ ਨੂੰ ਸਿੱਖ ਫਲਸਫਾ ਜੜ੍ਹੋਂ ਹੀ ਰਦ ਕਰਦਾ ਹੈ।
ਸਾਡੀ 1000 ਸਾਲ ਗ਼ੁਲਾਮੀ ਦਾ ਅਸਲ ਕਾਰਨ ਪੁਰਾਣਾ ਬ੍ਰਾਹਮਣੀ ਢਾਂਚਾ ਹੀ ਸੀ। ਪਿਛਲੇ 62 ਸਾਲ ਦੀ ਗ਼ੁਲਾਮੀ ਅਤੇ ਸਰਕਾਰੀ ਦਮਨ ਦਾ ਅਸਲ ਕਾਰਨ ਨਹਿਰੂ-ਗਾਂਧੀ ਪ੍ਰਵਾਰ ਦੀ ਸੋਚ ਵਾਲਾ ਪਾਂਡਾ-ਬਾਣੀਆਂ ਪ੍ਰਬੰਧ ਹੈ। ਇਹਨਾਂ ਪਹਿਲਾਂ ਦ੍ਰਾਵਿੜ ਕੁੱਟੇ ਉਨ੍ਹਾਂ ਨੂੰ ਦਲਿਤ ਬਣਾਇਆ, ਫਿਰ ਬੋਧੀ ਜੈਨੀ ਖਤਮ ਕੀਤੇ ਅਤੇ ਹੁਣ ਦਲਿਤ, ਸਿੱਖ, ਮੁਸਲਮਾਨ ਅਤੇ ਈਸਾਈਆਂ ਦੀ ਵਾਰੀ ਹੈ। ਅਗਰ ਅਖੌਤੀ ਦਲਿਤ ਇਸ ਤੱਥ ਨੂੰ ਨਹੀਂ ਸਮਝਦੇ ਤਾਂ ਇਹ ਧੋਖੇ ਵਿੱਚ ਹਨ ਤੇ ਆਖਿਰ ਪਛਤੌਣਗੇ ਵੀ।
ਮੇਰੀ ਅੱਖੀਂ ਡਿੱਠੀ ਘਟਨਾ ਹੈ ਕਿ ਦਰਬਾਰ ਸਹਿਬ ਦੀ ਪ੍ਰਕਰਮਾ ਵਿੱਚ ਇੱਕ ਪਗੜੀਧਾਰੀ ਬ੍ਰਾਹਮਣ ਜੋ 40-50 ਕਿਰਤੀ ਸਿੱਖਾਂ ਨੂੰ ਉਪਦੇਸ਼ ਦੇਂਦਾ ਕਹਿ ਰਿਹਾ ਸੀ, ਜਿਨ੍ਹਾਂ ਕੋਲੋਂ ਉਹ ਸਫਾਈ ਸੇਵਾ ਕਰਵਾ ਰਿਹਾ ਸੀ, ਕਿ ਜਦੋਂ ਸਿਕੰਦਰ ਮਰਨ ਲੱਗਿਆ ਤਾਂ ਉਸ ਨੇ ਕਿਹਾ ਕਿ ਮੇਰੇ ਹੱਥ ਅਰਥੀ ਤੋਂ ਬਾਹਰ ਕੱਢ ਦੇਣਾ ਤਾਂ ਕਿ ਲੋਕਾਂ ਨੂੰ ਪਤਾ ਚੱਲ ਸਕੇ ਕਿ ਮੈਂ (ਮਹਾਂਨ) ਸਿਕੰਦਰ ਮਰਨ ਵੇਲੇ ਕੁਝ ਵੀ ਨਾਲ ਨਹੀਂ ਲੈ ਕੇ ਜਾ ਰਿਹਾਂ। ਮੈਂ ਉਸ ਨੂੰ ਪੁੱਛਿਆ ਕਿ ਭਾਈ ਸਹਿਬ ਜੀ ਇਨ੍ਹਾਂ ਵਿਚਾਰਿਆਂ ਕੋਲ ਹੈ ਹੀ ਕੀ ? ਜੋ ਹੱਥ ਅਰਥੀ ਤੋਂ ਬਾਹਰ ਕੱਢ ਦੇਣ ਇਨ੍ਹਾਂ ਕੋਲ ਤਾਂ ਖਾਲੀ ਬਾਲਟੀ ਹੈ ਜੋ ਤੁਸੀਂ ਸਫਾਈ ਕਰਨ ਵਾਸਤੇ ਦਿੱਤੀ ਹੈ। ਤਿਜੌਰੀ ਦੀਆਂ ਸਾਰੀਆਂ ਚਾਬੀਆਂ ਤਾਂ ਤੁਹਾਡੇ ਵਰਗੇ ਗੋਗੜਾਂ ਵਾਲੇ ਲੋਕਾਂ ਕੋਲ ਹਨ। ਇਹੀ ਹੈ ਮਨੁੱਖਤਾ ਵਿੱਚ ਲੋਟੂ ਟੋਲਾ।
ਸਾਰੀ ਭਗਤ ਬਾਣੀ ਨੂੰ ਗੁਰੂ ਗ੍ਰੰਥ ਸਹਿਬ ਜੀ ਨਾਲੋਂ ਵੱਖ ਕਰਕੇ ਵੇਖਣਾ ਹੀ ਮਹਾਂਪਾਪ ਹੈ। ਜਿਹੜੇ ਲੋਕ ਭਗਤ ਰਵਿਦਾਸ ਦੀ ਬਾਣੀ ਨੂੰ ਵੱਖ ਕਰਨ ਦੀ ਕੋਸ਼ਿਸ਼ ਵਿੱਚ ਹਨ ਉਹ ਮਨੁੱਖਤਾ ਦੇ ਦੋਖੀ ਹਨ ਕਿਉਂ ਕਿ ਗ੍ਰੰਥ ਸਹਿਬ ਦੇ ਪੂਰੇ 1430 ਪੰਨੇ ਮਿਲ ਕੇ ਹੀ ਗੁਰੂ ਦਾ ਦਰਜ਼ਾ ਰਖਦੇ ਹਨ ਅਤੇ ਇਸ ਵਿੱਚ ਕੋਈ ਵਾਧ ਘਾਟ ਨਹੀਂ ਕੀਤੀ ਜਾ ਸਕਦੀ, ਇਸ ਵਿੱਚਲਾ ਉਪਦੇਸ਼ ਸੰਸਾਰ ਦੇ ਹਰ ਮਨੁੱਖ ਵਾਸਤੇ ਹੈ ਕੋਈ ਵੀ ਗ੍ਰਹਿਣ ਕਰ ਸਕਦਾ ਹੈ। ਪਰ ਇਸਦੀ ਤਾਬਿਆ ਸਿਰਫ ਖ਼ਾਲਸਾ ਪੰਥ ਹੀ ਬੈਠ ਸਕਦਾ ਹੈ ਕਿਉਂਕਿ ਸੇਵਾ ਸੰਭਾਲ ਦੇ ਸਾਰੇ ਅਧਿਕਾਰ ਖ਼ਾਲਸਾ ਪੰਥ ਕੋਲ ਹਨ। ਸਿੱਖ ਰਹਿਣੀ ਦਾ ਧਾਰਨੀ ਹੋ ਕੇ ਹਰ ਕੋਈ ਖ਼ਾਲਸਾ ਪੰਥ ਦਾ ਹਿੱਸਾ ਬਣ ਸਕਦਾ ਹੈ। ਫਿਰ ਉਹ ਸੰਸਾਰ ਦਾ ਬਾਦਸ਼ਾਹ ਹੈ।
ਇਨ ਗਰੀਬ ਸਿਖਨ ਕਉ ਦੇਉ ਪਾਤਸ਼ਾਹੀ। ਜੋ ਲੋਕ ਰੂਹਾਨੀ ਗਿਆਨ ਵਿਚ ਜਿਊਂਦੇ ਹਨ ਰੂਹਾਨੀ ਗਿਆਨ ਉਨ੍ਹਾਂ ਦੀ ਵਿਰਾਸਤ ਹੁੰਦੀ ਹੈ। ਸਾਰੀ ਭਗਤ ਬਾਣੀ ਨੂੰ ਇਸ ਕਰਕੇ ਵੀ ਬਾਕੀ ਬਾਣੀ ਨਾਲੋਂ ਵੱਖ ਨਹੀਂ ਦੇਖਿਆ ਜਾ ਸਕਦਾ ਕਿਉਂਕਿ ਇੱਕ ਵੱਡਾ ਟੀਮ ਵਰਕ ਹੀ ਵੱਡਾ ਇਨਕਲਾਬ ਲਿਆ ਸਕਦਾ ਹੈ। ਜਿਸਤੋਂ ਬ੍ਰਾਹਮਣ ਹਮੇਸ਼ਾ ਡਰਦਾ ਹੈ। ਬ੍ਰਾਹਮਣੀ ਟੀਮ ਸਿਰਫ ਸ਼ੈਤਾਨ ਟੋਲਾ ਹੈ ਅਤੇ ਗੁਰਮਤਿ ਟੀਮ ਇੱਕ ਰੱਬੀ ਰਹਿਮਤ ਹੈ।
ਭਗਤ ਰਵਿਦਾਸ ਜੀ ਨੂੰ ਪਿਆਰ ਕਰਨ ਵਾਲਿਆਂ ਨੇ ਇਹ ਫੈਸਲਾ ਹੁਣ ਆਪ ਖ਼ੁਦ ਕਰਨਾਂ ਹੈ ਕਿ ਕਿਸ ਪਾਸੇ ਰਹਿਣਾ ਹੈ, ਇਸ ਫੈਸਲੇ ਨਾਲ ਹੀ ਉਹਨਾਂ ਦਾ ਭਵਿੱਖ ਜੁੜਿਆ ਹੋਇਆ ਹੈ। ਹਾਲ ਦੀ ਘੜੀ ਤਾਂ ਸਾਡੇ ਵੀਰਾਂ ਨੇ ਸ਼ੈਤਾਨ ਦੀ ਚੁੱਕ ਵਿੱਚ ਆ ਕੇ ਸ਼ੈਤਾਨੀਅਤ ਦਿਖਾ ਦਿੱਤੀ ਹੈ ਪਰ ਇਸ ਗ਼ਲਤੀ ਨੂੰ ਹਾਲੇ ਭੀ ਸੁਧਾਰਿਆ ਜਾ ਸਕਦਾ ਹੈ। ਦੇਰ ਆਏ ਦਰੁਸਤ ਆਏ ਦਾ ਅਖਾਣ ਤੋਂ ਸੇਧ ਲਈ ਜਾ ਸਕਦੀ ਹੈ ਅਤੇ ਰੱਬੀ ਰਹਿਮਤ ਹਾਸਿਲ ਕੀਤੀ ਜਾ ਸਕਦੀ ਹੈ।
ਖ਼ਾਲਸਾ ਅਕਾਲ ਪੁਰਖ ਕੀ ਫੌਜ।ਪ੍ਰਗਟਿਓ ਖ਼ਾਲਸਾ ਪ੍ਰਮਾਤਮ ਕੀ ਮੌਜ।
ਪੰਜਾਬ ਦੇ ਕਿਸਾਨ ਦੀ ਜ਼ਾਤ-ਪਾਤੀ ਪ੍ਰਥਾ ਦਾ ਕਾਰਨ ਉਹ ਨਹੀਂ ਜੋ ਸਮਝਿਆ ਜਾ ਰਿਹਾ ਹੈ। ਪੰਜਾਬ ਦੇ ਕਿਸਾਨ ਵਰਗ ਉੱਪਰ ਦੋ ਵੱਡੀਆਂ ਜ਼ਿੰਮੇਵਾਰੀਆਂ ਹਨ ਇੱਕ ਅਜ਼ਾਦੀ ਤੋਂ ਬਾਅਦ ਦੇਸ਼ ਨੂੰ ਅਨਾਜ ਪੱਖੋਂ ਸਵੈਨਿਰਭਰ ਬਣਾਉਣ ਦੀ ਤਾਂ ਕਿ ਗ਼ਰੀਬ ਲੋਕ ਭੁੱਖੇ ਨਾਂਹ ਮਰਨ। ਇਸ ਤੋਂ ਇਲਾਵਾ ਮੁਲਕ ਨੂੰ ਹਰ ਸਾਲ ਖ਼ੈਰਾਤ ਮੰਗਣ ਲਈ ਠੂਠਾ ਫੜ੍ਹ ਕੇ ਵਿਦੇਸਾਂ ਵਲ ਤੱਕਣਾ ਪੈਂਦਾ ਸੀ, ਜਿਸ ਨਾਲ ਦੇਸ ਦਾ ਅਕਸ ਖ਼ਰਾਬ ਹੁੰਦਾ ਸੀ । ਹਾਲਾਂ ਕਿ ਕਿਸਾਂਨ ਤੋਂ ਉਸ ਦੀ ਤਰੱਕੀ ਦੇ ਸਾਰੇ ਸਾਧਨ ਈਰਖਾ ਵਸ ਖੋਹ ਲਏ ਗਏ ਸਨ, ਇਸਦੇ ਬਾਵਜੂਦ ਵੀ ਛੋਟੇ ਜਿਹੇ ਦੇਸ ਪੰਜਾਬ ਨੇ ਦੇਸ ਦੇ 65% ਲੋਕਾਂ ਨੂੰ ਢਿਡੋਂ ਸੀਰ ਕੀਤਾ। ਉਸਤੋਂ ਬਾਅਦ ਉਹ ਆਪਣੇ ਸੂਬੇ ਤੋਂ ਬਾਹਰ ਪੈਰ ਧਰਨ ਲੱਗਾ ਜਿੱਥੇ ਉਸਨੇ ਉਨ੍ਹਾਂ ਲੋਕਾਂ ਨੂੰ ਵੀ ਤੁਰਨ ਦੇ ਲਾਇਕ ਬਣਾਇਆ ਤਾਂ ਕਿ ਦੇਸ ਆਤਮਨਿਭਰਤਾ ਵਿੱਚ ਪੂਰਨ ਹੋ ਸਕੇ।
ਪਰ ਬਾਊ ਜਾਣੀ ਪਾਂਡੇ ਲੋਕਾਂ, ਜੋ ਦੇਸ ਦੀ ਸਰਕਾਰ ਚਲਾ ਰਹੇ ਸਨ, ਨੇ ਗੁਆਂਢੀ ਮੁਲਕਾਂ ਨਾਲ ਲੜਾਈ ਛੇੜੀ ਰੱਖੀ। ਆਪਣੇ ਬਚਾ ਲਈ ਉਨ੍ਹਾਂ ਨੇ ਆਪਣੀਆਂ ਕੋਠੀਆਂ ਦੂਰ ਦੁਰਾਡੇ ਦਿੱਲੀ ਤੋਂ ਵੀ ਅੱਗੇ ਪਾ ਲਈਆਂ ਕਿਉਂਕਿ ਉਹ ਲੜਾਈ ਦੀ ਗੜਗੜਾਹਟ ਤੋਂ ਤ੍ਰੇਂਹਦੇ ਸਨ ਅਤੇ ਕੂਲਰ ਦੀ ਠੰਢੀ ਹਵਾ ਤੋਂ ਬਿਨ੍ਹਾਂ ਜੀਅ ਨਹੀਂ ਸਨ ਸਕਦੇ। ਪੰਜਾਬ ਦੇ ਕਿਸਾਨ ਦਾ ਟਿਊਬਵੈੱਲ ਚੱਲੇ ਭਾਵੇਂ ਨਾਂਹ ਪਰ ਬਾਊ ਦੀ ਕੋਠੀ ਦਾ ਏਅਰਕੰਡੀਸ਼ਨ ਜ਼ਰੂਰ ਚਲਣਾ ਚਾਹੀਦਾ ਹੈ ਵਰਨਾ ਬਾਊਆਣੀ ਦੀ ਪਸੀਨੇ ਨਾਲ ਸਾੜੀ ਮੁਸ਼ਕ ਜਾਊ।
ਦੂਸਰਾ ਕਾਰਨ ਇਹ ਹੈ ਕਿ ਉਸ ਦੇ ਧਾਰਮਿਕ ਤੇ ਸਿਆਸੀ ਸਾਰੇ ਹੱਕ ਖੋਹ ਕੇ ਆਰਥਿਕ ਪੱਖੋਂ ਕੰਗਾਲ ਕਰਨ ਲਈ ਹਰ ਹਰਬਾ ਵਰਤਿਆ ਗਿਆ। ਪੰਜਾਬੀ ਕਿਸਾਨ ਨੂੰ ਆਪਣੇ ਸਾਰੇ ਕੰਮਾਂ ਵਾਸਤੇ ਦਿੱਲੀ ਅੱਗੇ ਬਿੱਲੀ ਬਣਨ ਲਈ ਮਜ਼ਬੂਰ ਕਰ ਕੇ ਉਸਦੀ ਹਾਲਤ ਖਾਣ ਪੀਣ ਨੂੰ ਬਾਂਦਰੀ ਤੇ ਡੰਡੇ ਖਾਣ ਨੂੰ ਰਿੱਛ ਵਾਲੀ ਕਰ ਦਿੱਤੀ ਗਈ। ਇਸ ਸਾਰੇ ਵਰਤਾਰੇ ਵਿਚ ਪੰਜਾਬ ਦੇ ਕਿਸੇ ਵਰਗ ਨੇ ਵੀ ਕਿਸਾਂਨ ਦਾ ਹੱਥ ਨਹੀਂ ਵਟਾਇਆ। ਜਦੋਂ ਬਾਊ ਵਰਗ ਖਾਣ ਪੀਣ ਤੋਂ ਕਾਫੀ ਸੌਖਾ ਹੋ ਗਿਆ ਤਾਂ ਪਾਂਡਾ ਜੋ ਸ਼ੈਤਾਨ ਚਾਲਾਂ ਘੜਨ ਦਾ ਮਾਹਿਰ ਹੈ ਨੇ ਇਸ ਮੁਹਾਰਿਤ (ਔਗਣ) ਨੂੰ ਵਰਤੋਂ ਵਿੱਚ ਲਿਔਣਾ ਸ਼ੁਰੂ ਕੀਤਾ। ਇਸਨੇ ਆਰ.ਐੱਸ.ਐੱਸ ਤੇ ਹੋਰ ਫਨੈਟਿਕ (ਕਟੜ) ਹਿੰਦੂ ਧੜੇ, ਨਿਰੰਕਾਰੀ, ਰਾਧਾਸੁਆਮੀ, ਅਤੇ ਹੋਰ ਕਈ ਤਰ੍ਹਾਂ ਦਾ ਸਾਧ ਲਾਣਾ ਜਿਨ੍ਹਾਂ ਨੇ ਪੰਜਾਬੀ ਕਿਸਾਂਨ, ਜਿਸ ਚ ਜ਼ਿਆਦਾ ਸਿੱਖ ਹਨ, ਨੂੰ ਬ੍ਰਾਹਮਣੀ ਸੋਚ ਦੀ ਮਾਰੂ ਬੀਮਾਰੀ ਦੀ ਲਾਗ ਲੌਣੀ ਸ਼ੁਰੂ ਕੀਤੀ ਨਤੀਜੇ ਵਜੋਂ ਇਹ ਮਾਨਸਿਕ ਪੱਖੋਂ ਸਿੱਖ ਅਸੂਲਾਂ ਨੂੰ ਹੌਲੀ ਹੌਲੀ ਛੱਡਦਾ ਚਲਾ ਗਿਆ।
ਜੂਨ ਚੁਰਾਸੀ ਤੋਂ ਬਾਅਦ ਪੂਰੇ ਦੇਸ ਵਿੱਚ ਉਸਨੇ, ਝੂਠੇ ਪ੍ਰਚਾਰ ਰਾਹੀਂ, ਸਿੱਖਾਂ ਨੂੰ ਦਹਿਸ਼ਤਗਰਦ ਵਰਗੇ ਕਈ ਨਾਵਾਂ ਨਾਲ ਨਿਵਾਜਿਆ। ਹਕੀਕਤ ਨੂੰ ਛੁਪਾਉਣ ਲਈ ਕਈ ਤਰ੍ਹਾਂ ਦੀਆਂ ਛਾਤਰ ਚਾਲਾਂ ਚੱਲੀਆਂ ਗਈਆਂ ਜਿਹਨਾਂ ਵਿੱਚ ਉਹ ਨਿਪੁੰਨ ਹੈ। ਹੁਣ ਬਾਊ ਵਰਗ ਸਿੱਖਾਂ ਨੂੰ ਵਿਦੇਸ਼ਾਂ ਵਿੱਚ ਭੀ ਬਦਨਾਮ ਕਰਨ ਦੀਆਂ ਚਾਲਾਂ ਚਲ ਰਿਹਾ ਹੈ ਕਿਉਂਕਿ ਵਿਦੇਸੀ ਸਿੱਖ ਬਾਹਰੋਂ ਆਪਣੇ ਇਨਸਾਨੀ ਹੱਕਾਂ, ਧਾਰਮਿਕ, ਸਮਾਜਿਕ ਅਤੇ ਸਿਆਸੀ ਆਜ਼ਾਦੀ ਲਈ ਦਬਾ ਪਾਉਂਦਾ ਹੈ। ਹੁਣ ਬਾਊ ਵਰਗ ਦੀ ਵਿਦੇਸਾਂ ਵਿਚ ਚੰਗੀ ਤਜਾਰਤੀ ਸਾਂਝ ਹੈ ਜਿਸ ਨਾਲ ਉਹ ਉਨ੍ਹਾਂ ਦੀ ਜ਼ੁਬਾਨ ਬੰਦ ਕਰੌਣ ਲਈ ਤੱਤਪਰ ਹੈ, ਪਰ ਹੈ ਡਰਪੋਕ ਕਿ ਕਿਧਰੇ ਕੋਈ ਭਲਾ-ਪੁਰਸ਼ ਉਸ ਦਾ ਭਾਂਡਾ ਹੀ ਨਾਂਹ ਭੰਨ ਦੇਵੇ। ਆਪਣੀ ਇਸ ਨਾਪਾਕ ਚਾਲ ਨੂੰ ਸਫਲ ਕਰਨ ਲਈ ਪਾਂਡਾ ਨਿਜ਼ਾਮ ਹਰ ਇਨਸਾਂਨ ਜਾਂ ਸਮੂਹ ਨੂੰ ਅਪਣੇ ਮੰਤਵ ਲਈ ਵਰਤ ਰਿਹਾ ਹੈ। ਐਸੀ ਜੁਗਤ ਅਨੁਸਾਰ ਹੀ ਇਸਨੇ ਸਿੱਖ ਗੁਰੂਆਂ ਨੂੰ ਹਿੰਦੂ ਅਤੇ ਭਗਤ ਬਾਣੀ ਦੇ ਰਚਣਹਾਰ ਸਤਿਕਾਰਿਤ ਭਗਤਾਂ ਨੂੰ ਗੁਰੂ ਲਿਖਵਾਉਣਾ ਸ਼ੁਰੂ ਕਰਕੇ ਕਈ ਇਨਸਾਨਾਂ ਦੇ ਜ਼ੇਹਨ ਵਿੱਚ ਜ਼ਹਿਰ ਭਰ ਦਿੱਤੀ ਹੈ, ਵੀਆਨਾ ਕਾਂਡ ਇਸ ਕਮੀਨੀ ਸੋਚ ਦੀ ਹੀ ਉਪਜ ਹੈ।
ਸਵਾਲ ਦਾ ਜਵਾਬ?
ਮੇਰਾ ਵੀਰਾ ਆਪ ਹੀ ਸਵਾਲ ਕਰਦਾ ਹੈ ਅਤੇ ਆਪ ਹੀ ਜਵਾਬ ਦਿੰਦਾ ਹੈ। ਪਰ ਉਸ ਨੂੰ ਇਹ ਨਹੀਂ ਪਤਾ ਕਿ ਉਹ ਕੀ ਕਹਿ ਰਿਹਾ ਹੈ। ਜੇ ਜਵਾਬ ਹਾਂ ਵਿੱਚ ਹੈ ਤਾਂ ਉਹ ਆਪਣੇ ਬੱਚਿਆਂ ਦੇ ਰਿਸ਼ਤੇ ਵਾਸਤੇ ਅਖ਼ਬਾਰਾਂ ਵਿੱਚ ਆਪੇ ਇਸ਼ਤਿਹਾਰਬਾਜ਼ੀ ਕਰਦਾ ਹੈ ਰਵਦਾਸੀਆ ਸਿੱਖ, ਜੱਟ ਸਿਖ ਵਗੈਰਾ.....
ਪੁਛਣ ਖੋਲਿ ਕਿਤਾਬ ਨੋ ਹਿੰਦੂ ਵਡਾ ਕਿ ਮੁਸਲਮਾਨੋਈ।
ਬਾਬਾ ਆਖੇ ਹਾਜੀਆਂ ਸ਼ੁਭ ਅਮਲਾਂ ਬਾਝੋਂ ਦੋਨੋ ਰੋਈ।
ਸਿੱਖੀ ਅਮਲ ਦੀ ਹੈ ਜੇ ਅਮਲ ਨਹੀਂ ਤਾਂ ਫਿਰ ਪੱਗ ਬੰਨੀ੍ਹ ਫਿਰੋ ਜਾਂ ਪੱਗੜ ਕੋਈ ਫਰਕ ਨਹੀਂ ਪੈਂਦਾ। ਪਰ ਕਿਸੇ ਦੀ ਇਨਸਾਂਨੀ ਕਮਜ਼ੋਰੀ ਵੇਖ ਕੇ ਸਾਰਾ ਗੁੱਸਾ ਗੁਰੂ ਗ੍ਰੰਥ ਸਾਹਿਬ ਤੇ ਕੱਢਣਾ ਕਿਵੇਂ ਜਾਇਜ਼ ਹੈ ? ਮੇਰੇ ਵੀਰ ਰਾਉ ਬਰਿੰਦਰਾ ਜੀ! ਆਪ ਜੀ ਤਾਂ ਸਮਝਦਾਰ ਹੋ ਇਹ ਅਮਲ ਵਾਲਾ ਕਦਮ ਪਹਿਲਾਂ ਆਪ ਹੀ ਚੁੱਕੋ ਕੀ ਰੁਕਾਵਟ ਹੈ ਆਪ ਵਾਸਤੇ ? ਸਿੱਖ ਵਿਰਸੇ ਦੀ ਅਮੀਰੀ ਦਾ ਜਦੋਂ ਆਪ ਨੂੰ ਪਤਾ ਲੱਗੇਗਾ ਕਿ ਇੱਕ ਹਿੰਦੂ ਅਬਲਾ ਦੀ ਇੱਜ਼ਤ ਬਚਾਉਣ ਲਈ 500 ਖ਼ਾਲਸੇ ਨੂੰ ਆਪਣੀ ਸ਼ਹਾਦਤ ਦੇਣੀ ਪਈ ਤਾਂ ਸ਼ਾਇਦ ਆਪ ਵੀ ਮੂੰਡ ਮੁੰਡਾਉਣਾ ਛੱਡ ਦੇਵੋ!
ਆਪ ਨੇ ਦਲਿਤਾਂ ਦੇ ਸੰਤਾਪ ਭੋਗਣ ਦੀ ਗੱਲ ਕੀਤੀ ਹੈ:
1984 ਤੋਂ ਲੈ ਕੇ ਜਿੰਨ੍ਹਾਂ ਸੰਤਾਪ ਹੁਣ ਤਕ ਸਿੱਖਾਂ ਨੇ ਭੋਗਿਆ ਹੈ ਲੱਖਾਂ ਸਿੱਖਾਂ ਦੇ ਕਤਲਾਂ ਦੀ ਸ਼ਾਇਦ ਤਹਾਨੂੰ ਭਿਣਕ ਹੀ ਨਹੀਂ ਹੈ। ਦਰਅਸਲ ਸਾਡਾ ਸਭ ਦਾ ਦੁਸ਼ਮਣ ਸਾਂਝਾ ਇੱਕੋ ਹੈ -ਜ਼ਾਤਪਾਤੀ ਸਿਸਟਮ- ਪਰ ਫਿਕਰ ਵਾਲੀ ਗਲ ਇਹ ਹੈ ਕਿ ਅਖੌਤੀ ਦਲਿਤ ਵਰਗ ਨੂੰ ਵਰਗਲਾ ਕੇ ਦੁਸ਼ਮਣ ਦੇ ਹੱਕ ਵਿਚ ਭੁਗਤਾਇਆ ਜਾ ਰਿਹਾ ਹੈ।
ਸਿੱਖ ਵਾਸਤੇ ਤਾਂ ਨਾ ਕੋ ਬੈਰੀ ਨਹੀ ਬਿਗਾਨਾ ਸਗਲ ਸੰਗਿ ਹਮ ਕਉ ਬਨਿ ਆਈ॥ (ਪੰਨਾ 1299) ਹੈ। ਇਸ ਲਈ ਸਿੱਖੀ ਦੇ ਮੁਢਲੇ ਸਿਧਾਂਤ ਸਰਬੱਤ ਦੇ ਭਲੇ ਵਾਲੇ ਕਦਮ ਚੁਕਣੇ ਹਨ ਨਾਂਹ ਕਿ ਕਿਸੇ ਦੀ ਬਰਬਾਦੀ ਵਾਸਤੇ ਪਰ ਯਾਦ ਰੱਖੋ ਜਿਸ ਦੇ ਆਖੇ ਲੱਗ ਕੇ ਅੱਜ ਤੁਸੀਂ ਚਲ ਰਹੇ ਹੋ ਉਹ ਕਿਸੇ ਨੂੰ ਮਲੇਸ਼ ਅਤੇ ਕਿਸੇ ਨੂੰ ਅਛੂਤ ਸਮਝਦਾ ਹੈ ਉੱਪਰੋਂ ਉੱਪਰੋਂ ਭਾਵੇਂ ਹਿੰਦੂ ਭਰਾ ਆਖੀ ਜਾਵੇ। ਇਹ ਓਹੀ ਲਾਣਾ ਹੈ ਜਿਸ ਦੇ ਮੂੰਹ ਵਿੱਚ ਹਮੇਸ਼ਾਂ ਰਾਮ ਰਾਮ ਤੇ ਬਗ਼ਲ ਵਿੱਚ ਛੁਰੀ ਰਖਣ ਦਾ ਆਦੀ ਹੈ।
ਜਿਹੜੇ ਸਾਰੇ ਡੇਰੇ ਦਲਿਤਾਂ ਦੇ ਦਿਲਾਂ ਵਿੱਚ ਸਿੱਖਾਂ ਵਾਸਤੇ ਨਫਰਤ ਭਰ ਰਹੇ ਹਨ। ਉਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣੀ ਵਰਤੋਂ ਦਾ ਸਾਧਨ ਬਣਾਇਆ ਹੋਇਆ ਹੈ। ਇੱਕ ਸਬੂਤ ਹਾਜ਼ਰ ਹੈ- ਘੋਖਣ ਦੀ ਖੇਚਲ ਕਰਨੀ। ਬੱਲਾਂ ਵਾਲੀ ਸਚਖੰਡ ਫੈਕਟਰੀ ਨੇ ਕਿੰਨੇ ਚੰਗੇ ਭਗਤ ਪੈਦਾ ਕੀਤੇ ਹਨ ਜਿਨ੍ਹਾਂ ਨੇ ਆਪਣੇ ਹੀ ਪੰਜਾਬ ਅੰਦਰ ਆਪਣੀ ਹੀ ਕਰੋੜਾਂ ਦੀ ਜਾਇਦਾਦ ਫੂਕ ਮਾਰੀ ਅਤੇ ਛੇ ਜੀਆਂ ਦੀਆਂ ਜਾਨਾਂ ਵੀ ਲਈਆਂ ? ਇਹ ਹੈ ਡੇਰਿਆਂ ਦਾ ਕਮਾਲ ਜੋ ਕਿਸੇ ਦੇ ਇਸ਼ਾਰੇ ਤੇ ਨੱਚਦੇ ਹਨ। ਇਹੀ ਹੈ ਇਹਨਾਂ ਵਿੱਚ ਧਾਰਮਿਕਤਾ ਹੈ ?
ਆਓ ਦੂਜਾ ਪਾਸਾ ਵਾਚੀਏ। ਗੁਰੂ ਅਰਜਨ ਪਾਤਸ਼ਾਹ ਤੱਤੀ ਤਵੀ ਉੱਤੇ ਬੈਠੇ ਸ਼ਾਂਤ ਚਿੱਤ ਉਚਾਰ ਰਹੇ ਹਨ: ਤੇਰਾ ਕੀਆ ਮੀਠਾ ਲਾਗੈ॥ (ਪੰਨਾ 394) ਅਤੇ ਉਹਨਾਂ ਦੇ ਸਿੱਖ ਭੀ ਸ਼ਾਤ ਰਹਿਦੇ ਹੋਏ ਪ੍ਰਮਾਤਮਾਂ ਦਾ ਗੁਣ ਗਾਣ ਕਰਦੇ ਹੋਏ ਕਿਰਤ ਕਮਾਈ ਵਿੱਚ ਰੁਝੇ ਰਹੇ। ਇਹ ਹੈ ਫਰਕ ਸ਼ੈਤਾਨੀਅਤ ਅਤੇ ਧਾਰਮਿਕਤਾ ਵਿੱਚ।
ਆਪ ਜੀ ਦੀ ਜਾਣਕਾਰੀ ਲਈ ਦਸਦਾ ਹਾਂ ਕਿ ਜਦੋਂ ਪੰਜਾਬ ਵਿੱਚ ਬੱਲਾਂ ਵਾਲੀ ਕਹਿਰ ਦੀ ਫੈਕਟਰੀ ਦੀ ਉਪਜ ਦਾ ਕਹਿਰ ਜਾਰੀ ਸੀ ਤਾਂ ਕੁਝ ਨੌਜਵਾਨ ਪੁਲਿਸ ਨੇ ਗ੍ਰਿਫਤਾਰ ਕੀਤੇ ਹੋਏ ਸਨ ਜੋ ਆਪਸ ਵਿਚ ਇਹ ਗੱਲਾਂ ਕਰ ਰਹੇ ਸਨ ਕਿ ਸਾਨੂੰ ਤਾਂ ਪਤਾ ਹੀ ਨਹੀਂ ਕਿ ਰਾਮਾਨੰਦ ਕੌਣ ਹੈ ? ਅਤੇ ਇਹ ਮਸਲਾ ਕੀ ਹੈ ? ਅਸੀਂ ਤਾਂ ਐਵੇਂ ਫਸ ਗਏ। ਕੀ ਇਹ ਸਾਬਿਤ ਨਹੀਂ ਕਰਦਾ ਕਿ ਡੇਰੇ ਨਾਲ ਸਬੰਧਿਤ ਜਾਂ ਅੱਗੋਂ ਉਹਨਾਂ ਨਾਲ ਸਬੰਧਿਤ ਹੋਰ ਲੋਕ ਜ਼ਰੂਰ ਕਿਸੇ ਦੀ ਚੱਕ ਵਿੱਚ ਵਿਚਰ ਰਹੇ ਸਨ ?
ਭਾਰਤ ਵਿੱਚ, ਪੰਜਾਬ ਤੋਂ ਇਲਾਵਾ, ਦਲਿਤ ਕਿਤੇ ਵੀ ਸੁਰੱਖਿਅਤ ਨਹੀਂ ਹਨ ਇਸਦੇ ਕੁਝ ਕੁ ਸਬੂਤ ਮੈਂ ਨਾਲ ਲਗਾਵਾਂਗਾ ਜੋ ਜਰਮਨ ਪ੍ਰੈੱਸ ਦੇ ਹਨ।
ਨੀਚਹ ਊਚ ਕਰੈ ਮੇਰਾ ਗੋਬਿੰਦੁ ਕਾਹੂ ਤੇ ਨ ਡਰੈ॥ (ਪੰਨਾ 1106) ਇਹ ਕੇਵਲ ਗੁਰੂ ਪ੍ਰਮੇਸ਼ਰ ਦੀ ਸਿੱਖਿਆ ਦੁਆਰਾ ਹੀ ਹੋ ਸਕਦਾ ਹੈ। 25 ਸਾਲ ਹੋ ਗਏ ਸਿੱਖ ਕਤਲੇਆਮ ਹੋਏ ਨੂੰ ਅਜੇ ਇਨਸਾਫ ਦੀ ਕੋਈ ਕਿਰਨ ਨਜ਼ਰ ਨਹੀਂ ਆ ਰਹੀ। ਦਿੱਲੀ ਵਾਲੇ ਬਾਊ ਲੋਕ ਕਹਿੰਦੇ ਹਨ ਕਿ ਇਹ ਦਲਿਤਾਂ ਨੇ ਕੀਤਾ ਸੀ। ਸੱਚ ਕੀ ਹੈ ਆਪਾਂ ਸਾਰੇ ਜਾਣਦੇ ਹਾਂ। ਕਿਸੇ ਦਲਿਤ ਵੀਰ ਦੀ ਚੀਚੀ ਵੱਢੀ ਜਾਏ ਕਹਿੰਦੇ ਹਨ ਸਿੱਖਾਂ ਨੇ ਵੱਢੀ ਹੈ ਕਿਸੇ ਸਿੱਖ ਦਾ ਸਿਰ ਵੱਢਿਆ ਜਾਏ ਕਹਿੰਦੇ ਹਨ ਦਲਿਤਾਂ ਨੇ ਵੱਢਿਆ ਹੈ। ਇਹ ਸਭ ਚਾਣਕੀਆ ਨੀਤੀ ਚੱਲ ਰਹੀ ਹੈ ਕਿ ਕਿਵੇਂ ਨਾ ਕਿਵੇਂ ਸਿੱਖਾਂ ਤੇ ਦਲਿਤਾਂ ਦਾ ਆਪਸੀ ਟਕਰਾਅ ਹੋ ਜਾਵੇ ਅਤੇ ਨੀਰੂ ਆਪਣੀ ਬੰਸਰੀ ਬਜਾਈ ਜਾਵੇ। ਪਰ ਵੀਰੇ ਕਦੀ ਸੋਚਿਆ ਹੈ ਕਿ ਈਸਾਈਆਂ, ਮੁਸਲਮਾਨਾਂ ਅਤੇ ਬੋਧੀਆਂ ਨੂੰ ਕੌਣ ਮਾਰ ਜਾਂ ਮਰਵਾ ਰਿਹਾ ਹੈ ?
ਦਾਸ ਨੇ ਖ਼ੁਦ ਭਾਰਤ ਦੇ ਉਸ ਖਿੱਤੇ ਵਿਚ ਰਹਿ ਕੇ ਜਾਣਕਾਰੀ ਹਾਸਲ ਕੀਤੀ ਹੈ ਜਿਥੇ ਬੋਧੀ ਰਹਿੰਦੇ ਹਨ। ਓਥੇ ਹਿੰਦੂਆਂ ਦੇ ਮੁਸ਼ਟੰਡੇ ਮੁੰਡੇ ਬੋਧੀਆਂ ਦੀਆਂ ਕੁੜੀਆਂ ਨੂੰ ਛੇੜਦੇ ਲਛਮਣ ਰੇਖਾ ਪਾਰ ਕਰ ਜਾਂਦੇ ਸਨ। ਜੇ ਡੇਰਿਆਂ ਵਿੱਚ ਖ਼ਾਸ ਧਾਰਮਿਕ ਵਿਅਕਤੀ ਜਾਂ ਬਿਰਤੀ ਹੋਵੇ ਤਾਂ ਉਨ੍ਹਾਂ ਖਿਲਾਫ ਇੰਨੇ ਕਰਾਇਮ ਕੇਸ ਕਿਉਂ ਦਰਜ ਹੋਣ ? ਜਾਣੀ ਡੇਰਿਆਂ ਨਾਲ ਜੁੜਨ ਵਾਲਾ ਕੋਈ ਵੀ ਹੋਵੇ ਭਾਵੇਂ ਦਲਿਤ ਕਿਸੇ ਤਰ੍ਹਾਂ ਵੀ ਸੁਰੱਖਿਅਤ ਨਹੀਂ। ਪਹਿਲਾਂ ਬ੍ਰਾਹਮਣ ਲੁੱਟਦਾ ਸੀ ਹੁਣ ਉਸਦਾ ਬਦਲਵਾਂ ਰੂਪ ਸਾਧ ਲੁੱਟਦਾ ਹੈ। ਕਿਉਂਕਿ ਦੋਵਾਂ ਦਾ ਕਿਰਦਾਰ ਮਿਲਦਾ ਹੈ ਅਜੋਕਾ ਡੇਰੇਦਾਰ ਬ੍ਰਾਹਮਣ ਹੀ ਤਾਂ ਹੈ! ਦਲਿਤ ਜੇ ਸੁਰੱਖਿਅਤ ਹੈ ਤਾਂ ਗੁਰੂ ਗ੍ਰੰਥ ਸਹਿਬ ਜੀ ਦੀ ਸਿਰਮੌਰਤਾ ਵਿੱਚ। ਇਸ ਵਿੱਚ ਸਿਰਫ ਇੱਕ ਮੁਸ਼ਕਿਲ ਹੈ ਕਿ ਦਲਿਤ ਗੁਰੂ ਗ੍ਰੰਥ ਸਾਹਿਬ ਨੂੰ ਵੀ ਅਪਣਾਉਣਾ ਚਾਹੁੰਦਾ ਹੈ ਪਰ ਨਾਲ ਹੀ ਆਪਣਾ ਪਿਛੋਕੜ ਵੀ ਨਾਲ ਰੱਖਣਾ ਚਾਹੁੰਦਾ ਹੈ। ਪਰ ਇਹ ਹੋ ਨਹੀਂ ਸਕਦਾ ਕਿਉਂ ਕਿ ਸਿੱਖੀ ਉੱਤੇ ਸਿੱਖੀ ਟਿਕ ਨਹੀਂ ਸਕਦੀ।
ਹਮਰਾ ਝਗਰਾ ਰਹਾ ਨਾ ਕੋਊ॥ ਪੰਡਿਤ ਮੁਲਾਂ ਛਾਡੇ ਦੋਊ॥
ਨਾ ਹਮ ਹਿੰਦੂ ਨਾ ਮੁਸਲਮਾਨ॥ ਅਲਹ ਰਾਮੁ ਕੇ ਪਿੰਡ ਪਰਾਨ॥
ਮਰਿਯਾਦਾ ਦਾ ਸਵਾਲ?
ਸਿੱਖ ਪੰਥ ਨੇ ਸਿੱਖ ਮਰਿਆਦਾ ਲਾਗੂ ਕੀਤੀ ਹੋਈ ਹੈ ਜੇ ਅਣਜਾਣ ਜਾਂ ਗੁੰਮਰਾਹ ਸਿੱਖ ਨਹੀਂ ਸਮਝਦੇ ਤਾਂ ਦਲਿਤ ਵੀਰ ਸਿੱਖ ਸਜਣ ਅਤੇ ਆਪ ਗੁਰਦੁਆਰਿਆਂ ਦਾ ਪ੍ਰਬੰਧ ਸੰਭਾਲਣ ਅਤੇ ਮਰਿਆਦਾ ਲਾਗੂ ਕਰਨ। ਸਿੱਖਾਂ ਵਿਚ ਪਾੜਾ ਆਰਥਿਕ ਤੌਰ ਤੇ ਤਾਂ ਹੋ ਸਕਦਾ ਹੈ ਸਿੱਖੀ ਤੌਰ ਤੇ ਨਹੀਂ। ਮੇਰੇ ਆਪਣੇ ਪਿੰਡ ਦੀ ਘਟਨਾ ਹੈ ਕਿ ਇੱਕ ਵਰਗ ਨੇ ਕਿਹਾ ਕਿ ਅਸੀਂ ਆਪਣਾ ਵੱਖਰਾ ਗੁਰਦੁਆਰਾ ਬਣਾਉਣਾ ਹੈ ਮੈਂ ਉਨ੍ਹਾਂ ਨੂੰ ਦਲਿਤ ਵਰਗ ਨਹੀਂ ਕਹਾਂਗਾ ਕਿਉਂਕਿ ਉਨ੍ਹਾਂ ਦੇ ਵੱਡਿਆਂ ਨੂੰ ਮੈਂ ਚਾਚਾ ਜਾਂ ਤਾਇਆ ਕਹਿ ਕੇ ਸੰਬੋਧਨ ਕਰਦਾ ਹੁੰਦਾ ਸਾਂ। ਉਨ੍ਹਾਂ ਦੇ ਬੱਚੇ ਮੇਰੇ ਨਾਲ ਖੇਡ ਅਤੇ ਪੜ੍ਹ ਕੇ ਜਵਾਨ ਹੋਏ ਹਨ। ਜਿਮੀਂਦਾਰ ਵਰਗ ਨੇ ਕਿਹਾ ਤੁਸੀਂ ਪਹਿਲਾ ਬਣਿਆ ਗੁਰਦੁਆਰਾ ਸਾਂਭ ਲਉ ਜੇ ਤੁਸੀਂ ਇਜਾਜ਼ਤ ਦਿਉਗੇ ਤਾਂ ਅਸੀਂ ਗੁਰਦੁਆਰੇ ਆਇਆ ਕਰਾਂਗੇ ਜੇ ਕਹੋਗੇ ਤਾਂ ਨਹੀਂ।
ਮੇਰੇ ਸੁਹਿਰਦ ਵੀਰ ਦਾ ਆਖਰੀ ਪਹਿਰਾ ਲਾਲ ਲਕੀਰ ਹੈ ਜਿਸ ਵਿੱਚ ਵਾਸਤਾ ਭਗਤ ਰਵਿਦਾਸ ਜੀ ਤੇ ਕਬੀਰ ਜੀ ਦਾ ਪਾਇਆ ਹੈ ਅਤੇ ਬਾਕੀ ਸੰਤ ਮਹਾਤਮਾਂ ਦਾ ਵੀ। ਇਹ ਵੀਰ ਦੀ ਸਿੱਧੀ ਤੁਹਮਤ ਹੈ ਕਿਉਂਕਿ ਮੇਰੇ ਵਾਸਤੇ ਕੋਈ ਦਲਿਤ ਹੈ ਹੀ ਨਹੀਂ। ਪ੍ਰਮਾਤਮਾ ਦੀ ਰਚਨਾ ਨੂੰ ਸਮਝੇ ਬਗੈਰ ਕੁਝ ਨਹੀਂ ਹੋਣਾ ਚਾਹੇ ਕਿਸੇ ਵੀ ਸੰਤ ਨੂੰ ਪੂਜ ਲਵੋ। ਭਾਰਤ ਬਾਰੇ ਇਹ ਗੱਲ ਬੜੀ ਪ੍ਰਚਲਿਤ ਹੈ ਕਿ ਭਾਰਤ ਰਿਸ਼ੀਆਂ ਮੁਨੀਆਂ ਸੰਤਾਂ ਮਹਾਤਮਾਂ ਦਾ ਦੇਸ ਹੈ। ਅਸਲ ਵਿਚ ਇਹ ਪੁਰਾਣੇ ਠੱਗਾਂ ਦਾ ਦੇਸ਼ ਸੀ ਅਤੇ ਅੱਜ ਵੀ ਹੈ ਜੋ ਵਖਰੇ ਵਖਰੇ ਰੂਪਾਂ ਅਤੇ ਪਹਿਰਾਵਿਆਂ ਵਿੱਚ ਵਿਚਰ ਰਹੇ ਨੇ। ਗੁਰਬਾਣੀ ਵਿਚ ਕਿਹਾ ਗਿਆ ਹੈ:
ਕਾਦੀ ਕੂੜੁ ਬੋਲਿ ਮਲੁ ਖਾਇ ॥ ਬ੍ਰਾਹਮਣੁ ਨਾਵੈ ਜੀਆ ਘਾਇ ॥
ਜੋਗੀ ਜੁਗਤਿ ਨ ਜਾਣੈ ਅੰਧੁ ॥ ਤੀਨੇ ਓਜਾੜੇ ਕਾ ਬੰਧੁ ॥ (ਪੰਨਾ 662)
ਜਿਹੜੇ ਮਹਾਨ ਭਗਤ ਪੁਰਖ ਸਨ ਉਨ੍ਹਾਂ ਦੀ ਰਚਨਾ ਗੁਰਬਾਣੀ ਰੂਪ ਵਿੱਚ ਗੁਰੂ ਸਹਿਬਾਨ ਨੇ ਗ੍ਰੰਥ ਵਿੱਚ ਦਰਜ ਕਰਕੇ ਵਿਸ਼ੇਸ਼ ਸੰਭਾਲ ਦਾ ਤਰੀਕਾ ਅਪਨਾਇਆ ਗਿਆ। ਦੇਖੋ ਇਸ ਅਹਿਮ ਗੱਲ ਨੂੰ ਡਾ.ਅੰਬੇਦਕਰ ਜੀ ਵੀ ਨਹੀਂ ਸਮਝ ਸਕੇ। ਪਹਿਲਾਂ ਬ੍ਰਾਹਮਣ ਵਰਗ ਜ਼ੁਬਾਨੀ ਦਲਿਤ ਵਰਗ ਕਹਿੰਦਾ ਸੀ ਹੁਣ ਉਸ ਨੇ ਲਿਖਤੀ ਰੂਪ ਵਿਚ ਸੰਵਿਧਾਨਕ ਤੌਰ ਤੇ ਹਰੀਜਨ ਨੂੰ ਰਿਜ਼ਰਵੇਸ਼ਨ ਦੇ ਕੇ ਪੱਕੀ ਮੋਹਰ ਲਾ ਦਿੱਤੀ ਹੈ। ਹੁਣ ਤਾਂ ਕਾਨੂੰਨ ਦਾਤੇ ਨੇ ਦਲਿਤ ਵਾਸਤੇ ਅਛੂਤੀ ਤੋਂ ਛੁਟਕਾਰਾ ਪਾਉਣ ਦਾ ਕੋਈ ਰਾਹ ਛੱਡਿਆ ਹੀ ਨਹੀਂ। ਅੱਜ ਦੀ ਨਵੀਂ ਬਣੀ ਫਿਲਮ ਸਲੱਮਡੌਗ ਦੇਖ ਕੇ ਦਲਿਤ ਵੀਰ ਬੜੇ ਖੁਸ਼ ਹੁੰਦੇ ਹਨ ਕਿ ਫਿਲਮ ਬਹੁਤ ਵਧੀਆ ਹੈ ਪਰ ਉਹ ਇਹ ਨਹੀਂ ਜਾਣਦੇ ਕਿ ਭਾਰਤ ਨੇ ਗ਼ਰੀਬ ਜਨਤਾ ਦਾ ਕੀ ਜਲੂਸ ਕੱਢਿਆ ਹੋਇਆ ਹੈ।
ਗਗਨ ਦਮਾਮਾ ਬਾਜਿਓ ਕਹਿਣ ਵਾਲੇ ਮੇਰੇ ਵੀਰ ਨੂੰ ਇਨ੍ਹਾਂ ਅਲਫਾਜ਼ਾਂ ਦੀ ਉੱਕੀ ਸੋਝੀ ਨਹੀਂ ਪਰ ਗੱਲ ਤਲਵਾਰ ਦੀ ਕਰਦਾ ਹੈ। ਸਿੱਖਾਂ ਨੇ ਦਿਲੀ ਤੋਂ ਲੈ ਕੇ ਕਾਬਲ ਕੰਧਾਰ ਤਕ ਬਹੁਤ ਤਲਵਾਰ ਚਲਾਈ ਹੈ। ਲੋਟੂ ਜਰਵਾਣਿਆਂ ਉੱਤੇ ਜਾਂ ਦੁਸ਼ਟਾਂ ਉੱਤੇ। ਪਰ ਮਜ਼ਲੂਮਾਂ, ਗ਼ਰੀਬਾਂ, ਅਖੌਤੀ ਦਲਿਤਾਂ ਜਾਂ ਅਗਿਆਨੀਆਂ ਉੱਤੇ ਨਹੀਂ। ਆਪ ਸਿੱਖਾਂ ਨੂੰ ਕਿਸ ਕਤਾਰ ਵਿਚ ਖੜ੍ਹਾ ਕਰਦੇ ਹੋ ਜੀ ? ਲੋਟੂ, ਦੁਸ਼ਟ ਜਾਂ ਰਖਵਾਲੇ ? ਇਹ ਲੇਖ ਲਿਖਣ ਦਾ ਸਿਰਫ ਇੱਕ ਹੀ ਮਕਸਦ ਹੈ ਕਿ ਸਪਸ਼ਟ ਕੀਤਾ ਜਾਵੇ ਕਿ ਸਿੱਖ ਹੁਣ ਅਗਿਆਨਤਾ ਵਿੱਚੋਂ ਜਾਗ ਰਿਹਾ ਹੈ ਅਤੇ ਕਹਿੰਦਾ ਹੈ:
ਕਬੀਰ ਜਿਨਹੁ ਕਿਛੂ ਜਾਨਿਆ ਨਹੀ ਤਿਨ ਸੁਖ ਨੀਦ ਬਿਹਾਇ ॥
ਹਮਹੁ ਜੁ ਬੂਝਾ ਬੂਝਨਾ ਪੂਰੀ ਪਰੀ ਬਲਾਇ ॥ (ਪੰਨਾ 1374)
ਨੋਟ: ਇਸ ਲੇਖ ਨੂੰ ਰਾਉ ਬਰਿੰਦਰਾ ਜੀ ਦੇ ਗਗਨ ਦਮਾਮਾ ਬਾਜਿਓ ਰੇ ਲੇਖ ਦੇ ਸੰਦਰਭ ਵਿੱਚ ਪੜ੍ਹਿਆ ਜਾਵੇ।
ਮਲਕੀਅਤ ਸਿੰਘ, ਗੁਰਮਤਿ ਸੰਚਾਰ ਸਭਾ ( ਜਰਮਨੀ)