ਸਭ ਤੋਂ ਖਤਰਨਾਕ ਹੁੰਦਾ ਹੈ, ਮੁਰਦਾ ਸ਼ਾਂਤੀ ਨਾਲ ਭਰ ਜਾਣਾ ਨਾ ਹੋਣਾ ਤੜਪ ਦਾ, ਸਭ ਸਹਿਣ ਕਰ ਜਾਣਾ ਘਰਾਂ ਤੋਂ ਨਿਕਲਣਾ ਕੰਮ ਤੇ, ਤੇ ਕੰਮ ਤੋਂ ਘਰ ਜਾਣਾ ਸਭ ਤੋਂ ਖਤਰਨਾਕ ਹੁੰਦਾ ਹੈ, ਸਾਡੇ ਸੁਪਨਿਆਂ ਦਾ ਮਰ ਜਾਣਾ 'ਵਿਆਨਾ ਕਾਂਡ' ਹੋਣ ਤੋਂ ਬਾਅਦ ਇੱਕ ਦਮ ਵਾਪਰੀਆਂ ਪੰਜਾਬ ਵਿਚ ਹਿੰਸ਼ਕ ਘਟਨਾਵਾਂ ਨੇ ਇੱਕ ਪਲ ਲਈ ਤਾਂ ਹਿੰਦੁਸਤਾਨ ਵਿੱਚ ਅੰਗਰੇਜ਼ਾਂ ਦੇ ਖਿਲਾਫ ਹੋਈ ਪਹਿਲੀ ਬਗਾਵਤ ਦਾ ਭੁਲੇਖਾ ਪਵਾ ਦਿੱਤਾ ਜੋ ਕਿ 1857 ਵਿੱਚ ਮਈ ਦੇ ਮਹੀਨੇ ਵਿੱਚ ਹੀ ਹੋਈ ਸੀ ਤੇ ਜੋ ਕਿ ਮੇਰਠ ਤੋਂ ਸ਼ੁਰੂ ਹੋ ਕੇ ਦਿੱਲੀ ਦੇ ਵਿੱਚ ਖਤਮ ਹੋ ਗਈ। ਇਸ ਬਗਾਵਤ ਦਾ ਮੁੱਢ ਬੇਸੱਕ ਮੇਰਠ ਵਿੱਚ ਬੱਝਾ ਸੀ ਪਰ ਇਹ ਸਿਰਫ ਦੇਸ਼ ਦੇ ਉੱਤਰੀ ਖਿੱਤੇ ਵਿੱਚ ਹੀ ਸੀਮਤ ਸੀ ਤੇ ਜਿਸ ਦੇ ਫੇਲ ਹੋਣ ਤੋਂ ਬਾਅਦ ਇੰਡੀਆ ਦਾ ਰਾਜ ਸਿੱਧਾ ਮਲਕਾ ਵਿਕਟੋਰੀਆ ਦੇ ਹੱਥਾਂ ਵਿੱਚ ਆ ਗਿਆ। ਇਸ ਬਗਾਵਤ ਵਿੱਚ ਇੱਕ ਗੱਲ ਖਾਸ ਵਿਚਾਰ ਕਰਨ ਯੋਗ ਹੈ ਕਿ ਇਸ ਦਾ ਵੀ ਸੰਬੰਧ 'ਧਰਮ' ਦੇ ਨਾਲ ਹੀ ਜੁੜਿਆ ਹੋਇਆ ਸੀ ਕਿ ਜਦੋਂ ਹਿੰਦੁਸਤਾਨੀ ਸਿਪਾਹੀਆਂ ਨੂੰ ਇਸ ਗੱਲ ਦਾ ਪਤਾ ਲੱਗਾ ਕਿ ਬੰਦੂਕ ਵਾਲੇ ਕਾਰਤੂਸ, ਜਿਹਨਾਂ ਦਾ ਖੋਲ ਉਹਨਾਂ ਨੂੰ ਆਪਣੇ ਮੂੰਹ ਨਾਲ ਖੋਲਣਾ ਪੈਂਦਾ ਹੈ,ਦੇ ਵਿੱਚ ਗਾਂ ਦੀ ਤੇ ਸੂਰ ਦੀ ਚਰਬੀ ਭਰੀ ਹੁੰਦੀ ਹੈ,ਜੋ ਕਿ ਹਿੰਦੂ ਤੇ ਮੁਸਲਮਾਨ ਧਰਮ ਲਈ ਵਰਜਿਤ ਸੀ। ਇਸ ਗੱਲ ਦਾ ਪਤਾ ਲੱਗਣ ਦੀ ਹੀ ਦੇਰ ਸੀ ਕਿ ਸੈਨਿਕਾਂ ਦੇ ਵਿੱਚ ਬਗਾਵਤ ਹੋ ਗਈ ਪਰ ਇਸ ਆਜਾਦੀ ਦੀ ਪਹਿਲੀ ਬਗਾਵਤ ਵਿੱਚ ਨਾ ਤਾ ਪੰਜਾਬੀਆਂ ਨੇ ਤੇ ਨਾ ਹੀ ਬੰਗਾਲੀਆ ਨੇ ਤੇ ਨਾ ਹੀ ਹਿੰਦੁਸਤਾਨ ਦੇ ਉੱਤਰੀ ਖਿੱਤੇ ਨੂੰ ਛੱਡ ਕੇ ਇਸ ਵਿੱਚ ਕਿਸੇ ਹੋਰ ਨੇ ਹਿੱਸਾ ਲਿਆ ਹਾਂ ਪੰਜਾਬ ਤੇ ਕੁਝ ਉੱਤਰ ਪ੍ਰਦੇਸ਼ ਦੇ ਰਾਜਿਆਂ ਨੇ ਇਸ ਮੌਕੇ ਅੰਗਰੇਜ਼ਾਂ ਦੀ ਮੱਦਦ ਜਰੂਰ ਕੀਤੀ ਸੀ ਤੇ ਇਹ ਬਗਾਵਤ ਦਬਾਅ ਦਿੱਤੀ ਗਈ ਪਰ ਇਸ ਬਗਾਵਤ ਨੇ ਇੱਕ ਵਾਰੀ ਤਾਂ ਅੰਗਰੇਜ਼ਾਂ ਨੂੰ ਇਹ ਸੋਚਣ ਲਈ ਮਜਬੂਰ ਕਰ ਦਿੱਤਾ ਕਿ ਜੇ ਅਸੀਂ ਆਪਣੇ ਰਾਜ ਪ੍ਰਬੰਧ ਦੇ ਨਿਯਮਾਂ ਵਿੱਚ ਤਬਦੀਲੀਆਂ ਨਹੀਂ ਲਿਆਵਾਗੇ ਤੇ ਹਿੰਦੁਸਤਾਨ ਦੇ ਉੱਪਰ ਰਾਜ ਕਰਨ ਮੁਸਕਲ ਹੈ।
ਕੀ 'ਵਿਆਨਾ ਕਾਂਡ' ਤੋਂ ਬਾਅਦ ਪੈਦਾ ਹੋਈ ਹਿੰਸ਼ਾ ਵੀ ਕੁਝ ਇਸੇ ਤਰ੍ਹਾਂ ਦਾ ਭੁਲੇਖਾ ਨਹੀਂ ਪਾਉਂਦੀ। ਸਮਾਂ ਸਥਾਨ ਬੇਸ਼ੱਕ ਅਲੱਗ ਹੈ ਪਰ ਇਸ ਕਾਂਡ ਦੇ ਕਾਰਨ ਇੱਕ ਹੀ ਹਨ। 1857 ਦੀ ਬਗਾਵਤ ਦਾ ਆਧਾਰ ਵੀ ਧਰਮ ਸੀ ਤੇ ਉਸ ਵੇਲੇ ਦੇ ਅੰਗਰੇਜ਼ੀ ਹਕੂਮਤ ਦੇ ਖਿਲਾਫ ਸੀ ਤੇ ਅੱਜ ਵਿਆਨਾ ਕਾਂਡ ਦਾ ਮੁੱਦਾ ਵੀ ਧਰਮ ਹੀ ਹੈ ਪਰ ਇਸ ਕਾਂਡ ਦੀ ਤਹਿ ਵਿਚ ਅਨੇਕਾਂ ਹੀ ਕਾਰਨ ਹਨ। ਜਿਸ ਉੱਪਰ ਅਸੀਂ ਚਰਚਾ ਕਰਦੇ ਹਾਂ।
ਕੀ ਇਹ ਹਮਲਾ ਉਹਨਾਂ ਲੋਕਾਂ ਵੱਲੋਂ ਕੀਤਾ ਗਿਆ,ਜਿਹਨਾ ਦਾ ਕਹਿਣਾ ਸੀ ਕਿ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਵਿੱਚ ਕਿਸੇ ਨੂੰ ਵੀ ਮੱਥਾ ਨਹੀਂ ਟੇਕਿਆ ਜਾ ਸਕਦਾ? ਦੂਸਰਾ ਸਿੱਖ ਧਰਮ ਸ਼੍ਰੀ ਗੁਰੂ ਗ੍ਰੰਥ ਸਾਹਿਬ ਤੋਂ ਇਲਾਵਾ ਕਿਸੇ ਵੀ ਦੇਹਧਾਰੀ ਨੂੰ ਗੁਰੂ ਨਹੀਂ ਮੰਨਦਾ? ਤੀਸਰਾ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਹੈ ਉੱਥੇ ਸਿੱਖ ਮਰਿਆਦਾ ਹੀ ਬਹਾਲ ਹੋਣੀ ਚਾਹਿਦੀ ਹੈ?
ਮੇਰਾ ਖਿਆਲ ਹੈ ਕਿ ਉਪਰੋਕਤ ਗੱਲਾਂ ਤੋਂ ਕੋਈ ਵੀ ਸੱਜਣ ਪੁਰਸ਼ ਇਨਕਾਰ ਨਹੀਂ ਕਰ ਸਕਦਾ ਕਿ ਜਿੱਥੇ ਗੁਰੂ ਗ੍ਰੰ ਥ ਸਾਹਿਬ ਦਾ ਪ੍ਰਕਾਸ਼ ਹੈ ਉੱਥੇ ਸਿੱਖ ਧਰਮ ਨਾਲ ਜੁੜੀ ਹਰ ਮਰਿਆਦਾ ਦਾ ਪਾਲਣ ਹੋਣਾ ਚਾਹਿਦਾ ਹੈ ਪਰ ਇਸ ਦੇ ਨਾਲ ਹੀ ਆਪਾਂ ਇਹਨਾਂ ਗੱਲਾਂ ਤੇ ਵੀ ਵਿਚਾਰ ਕਰਨਾ ਹੈ ਕਿ ਵਿਆਨਾ ਕਾਂਡ ਦੇ ਵਰਤਾਰੇ ਪਿੱਛੇ ਇਹੀ ਕਾਰਨ ਸਨ ਜਾਂ ਇਸ ਪਿੱਛੇ ਹੋਰ ਵੀ ਕੋਈ ਗੱਲਬਾਤ ਹੈ ਜਿਹੜੀ ਹਾਲੇਂ ਤਕ ਸਾਹਮਣੇ ਨਹੀ ਆ ਸਕੀ।
ਇਹਨਾਂ ਗੱਲਾਂ ਤੇ ਵਿਚਾਰ ਕਰਨ ਦਾ ਮਤਲਬ ਸਿਰਫ ਇਹੀ ਹੈ ਕਿ ਲੋਕਾਂ ਅੱਗੇ ਸੱਚ ਸਾਹਮਣੇ ਲਿਆਂਦਾ ਜਾਵੇ ਤਾਂ ਕਿ ਹਿੰਦੁਸਤਾਨ ਦੇ ਲੋਕ ਆਪਸ ਵਿੱਚ ਕਿਤੇ ਜਾਤੀ ਹਿੰਸ਼ਾ ਜਾਂ ਕਿਸੇ ਤਰ੍ਹਾਂ ਦੀ ਵੱਡੀ ਸ਼ਰਾਰਤ ਦਾ ਸ਼ਿਕਾਰ ਨਾ ਹੋ ਜਾਣ।
ਹਿੰਦੁਸਤਾਨ ਦਾ ਸਾਰਾ ਸਿਸਟਮ ਇੱਕ ਜਾਤੀ ਢਾਂਚੇ ਤੇ ਖੜਾ ਹੈ। ਪਾਰਸੀਆਂ ਤੇ ਜੈਨੀਆਂ ਨੂੰ ਛੱਡ ਦੇਈਏ ਤੇ ਮੌਜੂਦਾ ਹਿੰਦੁਸਤਾਨ ਦਾ ਕੋਈ ਵੀ ਧਰਮ ਇਸ ਤਰਾ੍ਹਂ ਦਾ ਨਹੀਂ ਹੈ ਜਿਹੜਾ ਜਾਤੀ ਵਿਵਸਥਾ ਦਾ ਸ਼ਿਕਾਰ ਨਾ ਹੋਵੇ। ਇੱਥੋਂ ਤੀਕ ਕਿ ਸਾਡੀ ਫੌਜੀ ਵਿਵਸਥਾ ਵੀ ਜਾਤੀ ਪੱਧਰ ਤੇ ਹੀ ਬਣੀ ਹੋਈ ਹੈ, ਜਿਵੇਂ ਸਿੱਖ ਰੈਜੀਮੈਂਟ,ਪੰਜਾਬ ਰੈਜੀਮੈਂਟ,ਮਹਾਰ ਰੈਜੀਮੈਂਟ,ਰਾਜਪੂਤ ਰੈਜੀਮੈਂਟ,ਡੋਗਰਾ ਰੈਜੀਮੈਂਟ,ਗੋਰਖਾ ਰੈਜੀਮੈਂਟ ਆਦਿ।
ਇਸ ਜਾਤੀ ਵਿਵਸਥਾ ਦੇ ਕਰਕੇ ਹੀ ਹਿੰਦੁਸਤਾਨ ਹਜ਼ਾਰਾਂ ਸਾਲ ਵਿਦੇਸ਼ੀ ਲੋਕਾਂ ਦਾ ਗੁਲਾਮ ਰਿਹਾ। ਬਾਬਰ 25000 ਦੀ ਸੈਨਾ ਨਾਲ ਲੈ ਕੇ ਆਇਆ ਤੇ ਉਸ ਦੇ ਵੰਸ਼ਜ 350 ਸਾਲ ਹਿੰਦੁਸਤਾਨ ਤੇ ਰਾਜ ਕਰ ਗਏ। ਮੁਗਲਾਂ ਤੋਂ ਪਿੱਛਾ ਛੁੱਟਿਆ ਤੇ ਅੰਗਰੇਜ਼ ਆ ਗਏ ਤੇ 100 ਸਾਲ ਰਾਜ ਕਰ ਗਏ। ਸਾਡਾ ਗੁਲਾਮੀ ਦਾ ਇਤਿਹਾਸ 1000 ਸਾਲ ਪੁਰਾਣਾ ਹੈ। ਇਸ ਸਭ ਦਾ ਕਾਰਨ ਹੈ ਸਾਡੀ ਜਾਤੀ ਵਿਵਸਥਾ ਜਿਸ ਨੇ ਲੋਕਾਂ ਦੇ ਅੰਦਰ ਭਾਈਚਾਰਾ ਪੈਦਾ ਹੀ ਨਹੀਂ ਹੋਣ ਦਿੱਤਾ।
ਇਸ ਜਾਤੀ ਵਿਵਸਥਾ ਦਾ ਸਭ ਤੋਂ ਵੱਡਾ ਦੁਖਾਂਤਕ ਪਹਿਲੂ ਇਹ ਸੀ ਕਿ ਉੱਚ ਵਰਗ ਨੇ ਸਮਾਜ ਦੇ ਹੇਠਲੇ ਪੱਧਰ ਤੇ ਵਿਚਰ ਰਹੇ ਤਬਕੇ ਨੂੰ ਹਨੇਰੇ ਦੀ ਉਸ ਦਲਦਲ ਵਿਚ ਧੱਕ ਦਿੱਤਾ,ਜਿੱਥੇ ਉਹਨਾਂ ਨੂੰ ਧਰਮ,ਸਮਾਜਿਕ,ਰਾਜਨੀਤੀ ਤੇ ਆਰਥਕ ਤੇ ਸਮਾਜਿਕ ਪੱਧਰ ਉੱਚ ਵਰਗਾਂ ਨਾਲ ਬਰਾਬਰੀ ਕਰਨ ਦੀ ਮਨਾਹੀ ਸੀ। ਮੁਰਦਾਰ ਢੋਣਾ ਤੇ ਮੁਰਦਾਰ ਖਾਣਾ,ਗੰਦੀਆਂ ਬਸਤੀਆ ਵਿੱਚ ਰਹਿਣਾ ਉਹਨਾਂ ਦੀ ਜੀਵਨ ਜਾਂਚ ਬਣ ਗਈ ਸੀ। ਜੇਕਰ ਇਹ ਇੱਕ ਇਨਸਾਨ ਦੀ ਗੱਲ ਹੋਵੇ ਤਾਂ ਇਹ ਉਸਦੀ ਕਿਸਮਤ ਕਿਹਾ ਜਾ ਸਕਦਾ ਹੈ ਪਰ ਜਿੱਥੇ ਸਮਾਜ ਦੀ ਇੱਕ ਚੌਥਾਈ ਆਬਾਦੀ ਨੂੰ ਧਰਮ ਦੀਆਂ ਬੰਦਿਸ਼ਾਂ ਲਗਾ ਕੇ ਹਨੇਰੇ ਵਿੱਚ ਧੱਕ ਦਿੱਤਾ ਜਾਵੇ ਤੇ ਸਦੀਆਂ ਤੱਕ ਇਹੀ ਵਰਤਾਰਾ ਚਲਦਾ ਰਹੇ ਤੇ ਇਸ ਨੂੰ ਕਿਸਮਤ ਨਹੀਂ ਕਿਹਾ ਜਾ ਸਕਦਾ। ਇਹ ਇੱਕ ਸਾਜਿਸ਼ ਸੀ ਉਸ ਵਰਗ ਦੀ ਜਿਸਨੇ ਸਮਾਜ ਦੇ ਪੂਰੇ ਵਰਤਾਰੇ ਨੂੰ ਆਪਣੇ ਕਾਬੂ ਵਿੱਚ ਕੀਤਾ ਹੋਇਆ ਸੀ ਤੇ ਉਸ ਵਰਗ ਨੇ ਇਹ ਕਦੀ ਨਹੀਂ ਚਾਹਿਆ ਕਿ ਇਸ ਸਿਸਟਮ ਦਾ ਕੰਟਰੋਲ ਉਹਨਾਂ ਦੇ ਹੱਥਾਂ ਵਿੱਚੋਂ ਨਿਕਲੇ। ਇਹ ਮੌਜੂਦਾ ਨਾ-ਬਰਾਬਰੀ ਵਾਲਾ ਸਿਸਟਮ ਆਪਣੇ ਅਸਲ ਰੂਪ ਵਿੱਚ 1930 ਤਕ ਚਲਦਾ ਰਿਹਾ। ਇਸ ਤੋਂ ਪਹਿਲਾ ਇਸ ਸਿਸਟਮ ਦੇ ਬਰਾਬਰ ਨਵਾਂ ਸਿਸਟਮ ਖੜਾ ਕਰਨ ਦੀਆਂ ਕੋਸ਼ਿਸਾਂ ਕਈ ਮਹਾਂਪੁਰਸ਼ਾਂ ਨੇ ਕੀਤੀਆ ਜਿਸ ਵਿੱਚ ਸਭ ਤੋਂ ਪਹਿਲੀ ਸੱਟ ਮਹਾਤਮਾ ਬੁੱਧ ਨੇ ਮਾਰੀ ਇਸ ਤੋਂ ਬਾਅਦ ਹਜ਼ਾਰਾਂ ਸਾਲਾਂ ਤਕ ਇਸ ਸਿਸਟਮ ਦੇ ਖਿਲਾਫ ਕੋਈ ਖੜਾ ਨਹੀਂ ਹੋ ਸਕਿਆ ਕਿਉਂਕਿ ਬੁੱਧ ਧਰਮ ਦੇ ਪੈਰੋਕਾਰਾਂ ਦੇ ਕਤਲ ਕਰ ਦਿੱਤੇ ਗਏ ਤੇ ਕੁਝ ਹਿੰਦੁਸਤਾਨ ਦੀ ਧਰਤੀ ਛੱਡ ਕੇ ਬਾਹਰ ਭੱਜ ਗਏ ਤੇ ਕੋਈ ਹਿੰਮਤ ਨਾ ਕਰ ਸਕਿਆ ਕਿ ਜਾਤੀ ਨਾ-ਬਰਾਬਰੀ ਵਾਲੇ ਸਿਸਟਮ ਦੇ ਖਿਲਾਫ ਕੋਈ ਆਵਾਜ਼ਬੁਲੰਦ ਕਰ ਸਕੇ।
ਨੀਚ ਵਰਗ ਕਹੇ ਜਾਣ ਵਾਲੇ ਲੋਕਾਂ ਨੂੰ ਇੰਨੇ ਕੁ ਨਪੀੜ ਦਿੱਤਾ ਗਿਆ ਸੀ ਕਿ ਮਰੇ ਜਾਨਵਰਾਂ ਤੇ ਇਹਨਾਂ ਨੀਚ ਕਹੇ ਜਾਣ ਵਾਲੇ ਲੋਕਾਂ ਦੇ ਵਿੱਚ ਕੋਈ ਫਰਕ ਨਹੀਂ ਰਹਿ ਗਿਆ ਸੀ ਪਰ 13 ਵੀ ਸਦੀ ਦੇ ਵਿੱਚ ਇਸ ਵਰਨ ਵਿਵਸਥਾ ਦੇ ਖਿਲਾਫ ਸਭ ਤੋਂ ਵੱਡਾ ਇਨਕਲਾਬ ਪੈਦਾ ਹੋਇਆ। ਜਿਸ ਦੇ ਮੋਢੀ ਸਨ ਉਸ ਵੇਲੇ ਦੇ ਨੀਚ ਜਾਤਾਂ ਦੇ ਰਹਿਬਰ ਸ਼੍ਰੀ ਗੁਰੂ ਰਵਿਦਾਸ ਜੀ ਤੇ ਕਬੀਰ ਸਾਹਿਬ ਜੀ,ਜਿਹਨਾਂ ਨੇ ਆਪਣੀ ਵਿਦਵਤਾ ਤੇ ਇਨਕਲਾਬੀ ਸੋਚ ਨਾਲ ਉਸ ਵਕਤ ਦੇ ਉੱਚ ਜਾਤੀ ਦੇ ਰਾਜ ਘਰਾਣਿਆਂ ਦੇ ਲੋਕਾਂ ਨੂੰ ਪ੍ਰਭਾਵਿਤ ਕੀਤਾ। ਇਹਨਾਂ ਇਨਕਲਾਬੀ ਰਹਿਬਰਾਂ ਦੀ ਇੱਕ ਖਾਸੀਅਤ ਇਹ ਰਹੀ ਕਿ ਨਾ ਤਾਂ ਇਹ ਕਿਸੇ ਸਕੂ਼ਲ ਗਏ ਤੇ ਨਾ ਹੀ ਇਹਨਾਂ ਨੂੰ ਪੜ੍ਹਨ ਦੀ ਇਜਾਜਤ ਸੀ ਫਿਰ ਵੀ ਇਹਨਾਂ ਦੀ ਇਨਕਲਾਬੀ ਸੋਚ ਅੱਗੇ ਸਭ ਝੁਕੇ। ਇਹਨਾਂ ਮਹਾਂਪੁਰਸਾਂ ਦਾ ਸਭ ਤੋਂ ਵੱਡਾ ਦੁਖਾਂਤ ਇਹ ਸੀ ਕਿ ਜਿਸ ਸਮਾਜ ਦੇ ਲਈ ਇਹ ਸੰਘਰਸ਼ ਕਰ ਰਹੇ ਸਨ,ਉਹ ਸਮਾਜ ਇਹਨਾਂ ਦੇ ਮਗਰ ਨਹੀਂ ਲੱਗ ਸਕਿਆ। ਇਸ ਦਾ ਬੜਾ ਸਪੱਸਟ ਕਾਰਨ ਸੀ ਕਿ ਨੀਚ ਜਾਤ ਦਾ ਕਿਸੇ ਵੀ ਵਿਅਕਤੀ ਨੂੰ ਪੜ੍ਹਨ ਲਿਖਣ ਦਾ,ਧਾਰਮਿਕ ਕੰਮ ਕਰਨ,ਸੁਨਣ ਦਾ ਕੋਈ ਅਧਿਕਾਰ ਨਹੀਂ ਸੀ। ਜੇਕਰ ਕੋਈ ਇਸ ਤਰਾ੍ਹਂ ਦੀ ਹਿੰਮਤ ਕਰਦਾ ਸੀ ਤੇ ਉਸ ਦੀ ਸਜਾ ਮੌਤ ਸੀ। ਇਸ ਦੇ ਨਾਲ ਇਹ ਵੀ ਇਹਨਾਂ ਨੀਚ ਜਾਤ ਦੇ ਲੋਕਾਂ ਦੇ ਦਿਮਾਗ ਅੰਦਰ ਭਰ ਦਿੱਤਾ ਗਿਆ ਸੀ ਕਿ ਇਹ ਸਾਰਾ ਕੁਝ ਤੁਹਾਡੀ ਕਿਸਮਤ ਦੇ ਵਿੱਚ ਲਿਖਿਆ ਹੋਇਆ ਹੈ ਤੇ ਬਾਕੀ ਉੱਚ ਜਾਤੀ ਦੇ ਤਿੰਨ ਵਰਨਾਂ ਦੀ ਸੇਵਾ ਕਰਨਾ ਹੀ ਤੁਹਾਡਾ ਧਰਮ ਹੈ ਤੇ ਅਜਿਹਾ ਨਾ ਕਰਨ ਦੀ ਸੂਰਤ ਵਿੱਚ 'ਮਨੂ ਸਿਮ੍ਰਤੀ' ਵਿੱਚ ਵਰਨਣ ਸਜ਼ਾਵਾ ਦਿੱਤੀਆ ਜਾਂਦੀਆ ਸਨ। ਪਰ ਇਹਨਾਂ ਇਨਕਲਾਬੀ ਮਹਾਂਪੁਰਖਾਂ ਨੇ ਬਿਨਾਂ ਕਿਸੇ ਡਰ ਤੋਂ ਤਿਲਕ ਲਗਾਏ,ਜੰਝੂ ਕੱਢੇ,ਸੰਖ ਵਜਾਏ ਤੇ ਰੂਹਾਨੀ ਗਿਆਨ ਦੇ ਕੇ ਰਾਣੀ ਝਾਲਾ,ਰਾਜਾ ਪੀਪਾ,ਰਾਣੀ ਮੀਰਾ ਵਰਗੇ ਲੋਕ ਆਪਣੇ ਸ਼ਿਸ ਬਣਾਏ। ਜੇ ਉੱਚ ਜਾਤੀ ਦੇ ਲੋਕ ਝੁਕੇ ਤੇ ਫਿਰ ਜਿਸ ਸਮਾਜ ਦੀ ਲੜਾਈ ਇਹ ਲੜ ਰਹੇ ਸਨ,ਉਹ ਲੋਕ ਇਹਨਾਂ ਮਹਾਂਪੁਰਸ਼ਾਂ ਦੇ ਮਗਰ ਕਿਉਂ ਨਹੀਂ ਲੱਗ ਸਕੇ? ਇਸ ਦਾ ਸਭ ਤੋਂ ਵੱਡਾ ਕਾਰਨ ਤਾਂ ਸਾਇਦ ਇਹ ਹੀ ਹੋ ਸਕਦਾ ਹੈ ਸਾਰਾ ਸਮਾਜ ਅਨਪੜ੍ਹਤਾ ਦੀ ਚੱਕੀ ਵਿੱਚ ਪਿਸ ਰਿਹਾ ਸੀ ਤੇ ਉਹ ਆਪਣੇ ਇਨਕਾਲਬੀ ਮਹਾਂਪੁਰਸਾਂ ਦੀਆਂ ਗੱਲਾਂ ਨੂੰ ਸਮਝ ਨਹੀਂ ਸਕੇ ਤੇ ਦੂਸਰਾ ਪੱਖ ਇਹ ਵੀ ਹੋ ਸਕਦਾ ਹੈ ਕਿ ਇਹਨਾਂ ਮਹਾਂਪੁਰਸਾਂ ਨੂੰ ਕਿਸ ਕਿਸ ਤਰਾ੍ਹਂ ਦੇ ਇਮਤਿਹਾਨਾਂ ਵਿੱਚੋਂ ਗੁਜਰਨਾ ਪਿਆ ਹੋਵੇ,ਇਹ ਸਾਰਾ ਕੁਝ ਦੇਖ ਕੇ ਇਹ ਸਮਾਜ ਹਿੰਮਤ ਹੀ ਨਾ ਜੁਟਾ ਸਕਿਆ ਹੋਵੇ ਆਪਣੇ ਮਹਾਂਪੁਰਸਾਂ ਦੇ ਮਗਰ ਲੱਗਣ ਲਈ। ਇਹ ਵੀ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਹਜਾਰਾਂ ਸਾਲਾ ਤੋਂ ਗੰਦਗੀ ਖਾ ਰਹੇ ਤੇ ਗੰਦਗੀ ਵਿੱਚ ਰਹਿਣ ਲਈ ਮਜਬੂਰ ਕਰ ਦਿੱਤੇ ਗਏ ਲੋਕਾਂ ਲਈ ਬੁੱਧ ਤੋਂ ਬਾਅਦ ਕਿਸੇ ਵੀ ਸਖ਼ਸ ਨੇ 'ਹਾਅ' ਦਾ ਨਾਅਰਾ ਨਹੀਂ ਮਾਰਿਆ। ਬੁੱਧ ਵੀ ਤਦ ਹੀ ਸਫਲ ਹੋ ਸਕਿਆ ਕਿਉਂਕਿ ਉਹ 'ਕਸੱਤਰੀ' ਉੱਚ ਜਾਤ ਵਿੱਚੋਂ ਸੀ,ਜੇਕਰ ਬੁੱਧ ਵੀ ਨੀਵੀਂ ਜਾਤ ਵਿੱਚ ਪੈਦਾ ਹੋਇਆ ਹੁੰਦਾ ਤਾਂ ਸਾਇਦ ਉਸਦਾ ਇਤਿਹਾਸ ਵੀ ਗੁਆਚ ਗਿਆ ਹੁੰਦਾ ਤੇ ਬੁੱਧ ਪੂਰੇ ਏਸੀਅਨ ਲੋਕਾਂ ਦਾ ਧਰਮ ਵੀ ਨਾ ਹੁੰਦਾ।
ਨੀਚ ਜਾਤ ਵਿੱਚੋਂ ਪੈਦਾ ਹੋਏ ਇਹ ਕਾ੍ਰਂਤੀਕਾਰੀ ਰਹਿਬਰ ਉਸ ਸਮੇਂ ਆਪਣੀ ਆਵਾਜ਼ ਤਾਂ ਬੁਲੰਦ ਕਰ ਗਏ ਪਰ ਆਪਣੇ ਪਿੱਛੇ ਕੋਈ ਲਹਿਰ ਨਾ ਖੜੀ ਕਰ ਸਕੇ। ਇਸ ਦੇ ਕਾਰਨ ਅਸੀਂ ਉੱਪਰ ਦੱਸ ਆਏ ਹਾਂ ਕਿ ਉੱਚ ਜਾਤੀ ਦੇ ਲੋਕਾਂ ਨੇ ਇਹਨਾਂ ਮਹਾਂਪੁਰਸਾਂ ਦੀਆ ਦਲੀਲਾ ਨੂੰ ਸਖਤ ਇਮਤਿਹਾਨ ਲੈ ਕੇ ਮੰਨ ਤਾਂ ਲਿਆ ਪਰ ਝੁਕੇ ਨਹੀਂ ਤੇ ਨਾ ਹੀ ਉਹਨਾਂ ਨੂੰ ਆਪਣਾ ਗੁਰੂ ਮੰਨਿਆ। ਸਗੋਂ ਇਹ ਗੱਲ ਵੀ ਕਹਿ ਨਹੀਂ ਸਕੇ ਕਿ ਰੱਬੀ ਗਿਆਨ ਉੱਪਰ ਕਿਸੇ ਜਾਤ,ਧਰਮ ਨਸਲ ਦਾ ਹੱਕ ਨਹੀਂ। ਪਰ ਰੂਹਾਨੀ ਗਿਆਨ ਕਿਸੇ ਦੀ ਵਿਰਾਸਤ ਨਹੀਂ ਇਹ ਸਿੱਧ ਕੀਤਾ ਗੁਰੂ ਰਵਿਦਾਸ ਜੀ ਤੇ ਕਬੀਰ ਸਾਹਿਬ ਨੇ,ਸਿੱਧ ਕਰਨ ਤੋਂ ਬਾਅਦ ਵੀ ਉੱਚ ਵਰਗ ਦੀ ਸੋਚ ਨਹੀਂ ਬਦਲੀ। ਹਜ਼ਾਰਾਂ ਸਮਾਜਿਕ ਪਾਬੰਦੀਆਂ ਦੇ ਬਾਵਜੂਦ ਇਹਨਾਂ ਨੀਚ ਜਾਤੀ ਦੇ ਮਹਾਂਪੁਰਸਾਂ ਨੇ ਆਪਣੇ ਸਮਾਜ ਨੂੰ ਸੁਚੇਤ ਕਰਨ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਪਰ ਆਪਣੇ ਸੀਮਤ ਸਾਧਨਾ ਦੇ ਬਾਵਜੂਦ ਉਹ ਹਿੰਦੁਸਤਾਨ ਦੇ ਉੱਤਰੀ ਖੇਤਰਾਂ ਵਿੱਚ ਵੀ ਗਏ। ਪੰਜਾਬ ਤਕ ਆਏ ਪਰ ਇਹ ਇਤਿਹਾਸ ਗੁਆਚ ਗਿਆ।
ਉਹਨਾਂ ਦੇ ਸੰਘਰਸ਼ ਨੂੰ ਤਾਂ ਇਤਿਹਾਸ ਦੇ ਪੰਨਿਆਂ ਵਿੱਚ ਥਾਂ ਨਹੀਂ ਮਿਲੀ ਪਰ ਉਨਾ੍ਹਂ ਦੀ ਇਨਕਲਾਬੀ ਬਾਣੀ ਕਿਸੇ ਨਾ ਕਿਸੇ ਰੂਪ ਵਿੱਚ ਸੰਭਾਲੀ ਗਈ ਤੇ ਜਿਸ ਨੇ ਇਸ ਬੇ-ਇਨਸਾਫੀ ਵਾਲੇ ਸਿਸਟਮ ਦੇ ਖਿਲਾਫ ਇਕ ਲਹਿਰ ਬਨਾਉਣ ਦਾ ਕੰਮ ਕੀਤਾ ਤੇ ਇਸ ਜਾਤ-ਪਾਤੀ ਸਮਾਜ ਦੇ ਬਦਲ ਵਿੱਚ ਇੱਕ ਵੱਖਰੇ ਸਮਾਜ ਦੀ ਧਾਰਨਾ ਵੀ ਵਿਕਸਤ ਕਰ ਗਏ,ਉਹ ਸੀ 'ਬੇਗਮਪੁਰਾ ਸ਼ਹਿਰ'। ਇਹ ਵੀ ਬੜੀ ਹੈਰਾਨੀ ਦੀ ਗੱਲ ਹੈ ਕਿ ਉਸ ਵੇਲੇ ਦੇ ਮੁਸਲਮਾਨ ਹੁਕਮਰਾਨਾਂ ਨੇ ਵੀ ਇਹ ਜਾਤੀ ਵਿਵਸਥਾ ਨੂੰ ਮਿਟਾਉਣ ਦੇ ਵਿੱਚ ਇਹਨਾਂ ਮਹਾਂਪੁਰਸਾਂ ਦੀ ਕੋਈ ਮੱਦਦ ਨਹੀਂ ਕੀਤੀ। ਸਗੋਂ ਉਹ ਇਸ ਸਿਸਟਮ ਦੇ ਪੱਖ ਵਿੱਚ ਭੁਗਤੇ। ਸਾਇਦ ਉਹਨਾਂ ਨੂੰ ਇਹ ਸਮਾਜੀ ਵੰਡ ਫਾਇਦੇਮੰਦ ਨਜਰ ਆਉਂਦੀ ਹੋਵੇ।
ਪਰ ਇਹਨਾਂ ਮਹਾਂਪੁਰਸਾਂ ਦੇ ਕਹੇ ਹੋਏ ਬੋਲ ਮੁਰਦਾ ਹੋ ਚੁੱਕੇ ਸਮਾਜ ਦੇ ਕੰਨਾਂ ਵਿੱਚ ਖੜਕਦੇ ਰਹੇ ਤੇ ਇਸ ਵਿਵਸਥਾ ਦੇ ਉੱਪਰ ਉਸ ਵੇਲੇ ਵੱਡੀ ਸੱਟ ਵੱਜੀ ਜਦੋਂ 300 ਸਾਲ ਬਾਅਦ 1699 ਦੇ ਵਿੱਚ ਸਿੱਖ ਧਰਮ ਦੇ 10ਵੇ ਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਇਸ ਤਰਾ੍ਹਂ ਦਾ ਖਾਲਸਾ ਪੰਥ ਸਜਾਇਆ ਜਿਸ ਵਿੱਚ ਨੀਚ ਜਾਤੀ ਕਹੇ ਜਾਣ ਵਾਲੇ ਲੋਕਾਂ ਨੂੰ ਅੰਮ੍ਰਿਤ ਛਕਾ ਕੇ ਤੇ ਉਹਨਾਂ ਕੋਲੋ ਆਪ ਅੰਮ੍ਰਿਤ ਛਕ ਕੇ 'ਸਿੰਘ' ਸਜਾ ਦਿੱਤੇ ਤੇ ਸਮਾਜੀ ਵਿਤਕਰੇ ਦੇ ਸਾਰੇ ਭੇਦ ਮਿਟਾ ਕੇ ਖਾਲਸਾ ਰਾਜ ਦੀ ਨੀਂਹ ਰੱਖ ਦਿੱਤੀ ਤੇ ਨਾਲ ਹੀ ਇਹ ਵੀ ਫੁਰਮਾ ਦਿੱਤਾ ਕਿ '' ਰਿਹਣੀ ਰਹੈ ਸੋਈ ਸਿਖ ਮੇਰਾ॥ ਓਹ ਠਾਕੁਰੁ ਮੈ ਉਸ ਕਾ ਚੇਰਾ॥
ਜਾਤਾਂ-ਪਾਤਾਂ ਵਿਚ ਵੰਡੇ ਸਮਾਜ ਨੂੰ ਇੱਕ ਕਰਨ ਲਈ ਇਹ ਇੱਕ ਇਨਕਲਾਬੀ ਕਦਮ ਸੀ ਤੇ ਜਿਸ ਦੇ ਨਤੀਜੇ ਖਾਲਸਾ ਰਾਜ ਦੇ ਰੂਪ ਵਿੱਚ ਨਿਕਲੇ,ਜੋ ਕਿ ਪਹਿਲਾ ਬੰਦਾ ਸਿੰਘ ਬਾਹਦੁਰ ਦੇ ਰੂਪ ਵਿਚ ਤੇ ਬਾਅਦ ਵਿੱਚ ਮਹਾਰਾਜ ਰਣਜੀਤ ਸਿੰਘ ਦੇ ਰੂਪ ਵਿੱਚ। ਇਹ ਇਸ ਅੰਮ੍ਰਿਤ ਦਾ ਹੀ ਕਮਾਲ ਸੀ ਕਿ ਇਹ ਨੀਚ ਕਹੇ ਜਾਣ ਵਾਲੇ ਲੋਕਾਂ ਨੇ ਪੰਥ ਦੇ ਵਿੱਚ ਆ ਕੇ ਤੇਗਾਂ ਵਾਹੀਆ ਤੇ ਇਤਿਹਾਸ ਦੇ ਪੰਨਿਆਂ ਦੇ ਉੱਪਰ ਆਪਣਾ ਨਾਂ ਦਰਜ ਕਰਵਾਇਆ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਜੇ ਅਸੀਂ ਖਾਲਸਾ ਰਾਜ ਨਾਲ ਯਾਦ ਕਰਦੇ ਹਾਂ ਪਰ ਮਹਾਰਾਜ ਰਣਜੀਤ ਸਿੰਘ ਦੇ ਆਖਰੀ ਸਮੇਂ ਵਿੱਚ ਉਹ ਬਿਮਾਰੀਆਂ ਫੇਰ ਉਭਰ ਕੇ ਸਾਹਮਣੇ ਆ ਗਈਆਂ ਜਿਸ ਨੇ ਖਾਲਸਾਈ ਸਮਾਜ ਦੀਆਂ ਨੀਹਾਂ ਨੂੰ ਕਮਜੋਰ ਕਰਨਾ ਸ਼ੁਰੂ ਕਰ ਦਿੱਤਾ। ਰਣਜੀਤ ਸਿੰਘ ਦੇ ਮਰਨ ਤੋਂ ਬਾਅਦ ਗੱਦੀ ਦੇ ਲਈ ਆਪਸੀ ਖਾਨਾਜ਼ੰਗੀ ਸ਼ੁਰੂ ਹੋ ਗਈ ਤੇ ਭ੍ਰਿਸ਼ਟ ਹੋ ਚੁੱਕੇ ਜਰਨੈਲਾਂ ਨੇ ਅੰਗਰੇਜਾਂ ਦੇ ਹੱਥਾਂ ਵਿੱਚ ਖੇਡਦਿਆ ਹੋਇਆ ਆਪਣੇ ਭਰਾਵਾਂ ਦੇ ਖੂਨ ਦੀ ਹੀ ਹੋਲੀ ਖੇਡੀ। 1850 ਤਕ ਇਹ ਰਾਜ ਅੰਗਰੇਜ਼ਾਂ ਦੇ ਅਧੀਨ ਆ ਚੁੱਕਾ ਸੀ ਤੇ ਖਾਲਸਾਈ ਸਮਾਜ ਦੀਆਂ ਕਦਰਾਂ ਕੀਮਤਾਂ ਦੀ ਪਕੜ ਵੀ ਢਿੱਲੀ ਪੈ ਚੁੱਕੀ ਸੀ। ਇਸ ਤੋਂ ਵੱਡੀ ਉਦਹਾਰਣ ਕੀ ਹੋਰ ਹੋ ਸਕਦੀ ਹੈ ਕਿ ਮਹਾਰਾਜ ਦਲੀਪ ਸਿੰਘ ਪੰਜਾਬ ਦੀ ਗੱਦੀ ਦਾ ਆਖਰੀ ਵਾਰਿਸ,ਪੰਜਾਬ ਦੇ ਉੱਪਰ ਰਾਜ ਕਰਨ ਨਾਲੋਂ ਇੰਗਲੈਂਡ ਦੇ ਇੱਕ ਆਮ ਸ਼ਹਿਰੀ ਬਣ ਕੇ ਰਹਿਣ ਨੂੰ ਜਿਆਦਾ ਪਸ਼ੰਦ ਕਰਦਾ ਹੈ।
ਇਹ ਦੁਖਾਂਤ ਹੀ ਕਿਹਾ ਜਾ ਸਕਦਾ ਹੈ ਕਿ ਜਿਹੜੀਆਂ ਖਾਲਸਈ ਕਦਰਾਂ ਕੀਮਤਾਂ ਨੇ ਪੂਰੇ ਹਿੰਦੁਸਤਾਨ ਵਿੱਚ ਵਿਗਸਣਾ ਸੀ,ਉਹ ਤਾਂ ਪੰਜਾਬ ਦੇ ਇੱਕ ਖਿੱਤੇ ਦੇ ਵਿੱਚ ਹੀ ਦਮ ਤੋੜ ਗਈਆ ਤੇ ਪੰਜਾਬ ਦੀ ਸਾਰ ਲੈਣ ਵਾਲਾ ਕੋਈ ਨਾ ਰਿਹਾ ਤੇ ਫਿਰ ਉਹੀ ਬ੍ਰਾਹਮਣੀ ਸਿਸਟਮ ਭਾਰੂ ਹੋ ਗਿਆ। ਅੰਗਰੇਜ਼ਾ ਨੇ ਆਪਣੀ ਸਹੂਲਤ ਲਈ ਰਾਜਵਾੜਾ ਸ਼ਾਹੀ ਪ੍ਰਥਾ ਨੂੰ ਫੇਰ ਪ੍ਰਚਿਲਤ ਕਰ ਦਿੱਤਾ ਜਿਹੜੀ ਕਿ ਬੰਦਾ ਸਿੰਘ ਬਹਾਦੁਰ ਨੇ ਖਤਮ ਕੀਤੀ ਸੀ। ਅੰਗਰੇਜ਼ਾਂ ਨੇ ਵੀ ਇਸ ਬੁਰੀ ਤਰ੍ਹਾਂ ਵੰਡ ਹੋਏ ਸਮਾਜ ਨੂੰ ਹੋਰ ਵੰਡ ਕੇ ਆਪਣਾ ਫਾਇਦਾ ਲਿਆ।
ਜਾਗਰੀਦਾਰਾਂ,ਰਜਵਾੜਾਸ਼ਾਹੀ ਨੂੰ ਖੁੱਲ ਦੇ ਦਿੱਤੀ ਕਿ ਉਹ ਵੱਧ ਤੋਂ ਵੱਧ ਲੋਕਾਂ ਦਾ ਖੂਨ ਨਿਚੋੜਨ ਤੇ ਅੰਗਰੇਜ਼ੀ ਸਾਮਰਾਜ ਦੀਆਂ ਜੜਾ੍ਹਂ ਪੱਕੀਆ ਕਰਨ। ਇਹ ਬੜੀ ਹੈਰਾਨੀ ਦੀ ਗੱਲ ਹੈ ਕਿ ਖਾਲਸਾ ਰਾਜ ਦਾ ਰੰਗ ਦੇਖ ਚੁੱਕੇ ਲੋਕਾਂ ਦੇ ਅੰਦਰ ਇਕੱਠੇ ਹੋਣ ਦੀ ਹਿੰਮਤ ਫਿਰ ਪੈਦਾ ਨਾ ਹੋਈ ਤੇ ਨਾ ਹੀ ਉਹ ਕਦੀ ਇਕੱਠੇ ਹੋ ਸਕੇ। ਜਾਗਰੀਦਾਰੀ ਸਿਸਟਮ ਦਾ ਦੁੱਖ ਭੁਗਤ ਰਹੇ ਮੁਜਾਰੇ ਲੋਕ ਕਦੀ ਇਹ ਨਾ ਸਮਝ ਸਕੇ ਕਿ ਉਹ ਦੂਸਰੇ ਨੀਚ ਜਾਤਾਂ ਦੇ ਲੋਕਾਂ ਨੂੰ ਲਾਮਬੰਦ ਕਰਕੇ ਇਸ ਜੂਲੇ ਨੂੰ ਆਪਣੇ ਗਲੋਂ ਲਾਹ ਸਕਦੇ ਹਨ। ਇਸ ਤੋਂ ਉਲਟ ਇਹਨਾਂ ਮੁਜਾਰੇ/ਕਿਰਤੀ ਜੱਟ/ਕਿਸਾਨ ਲੋਕਾਂ ਨੇ ਜਾਤ-ਪਾਤੀ ਵਿਵਸਥਾ ਨੂੰ ਸਵਿਕਾਰ ਕਰ ਲਿਆ ਤੇ ਨੀਚ ਕਹੇ ਜਾਣ ਵਾਲੇ ਲੋਕਾਂ ਤੋਂ ਆਪਣੇ ਆਪ ਨੂੰ ਵੱਖ ਕਰ ਲਿਆ। ਜਿਸ ਦਾ ਕਾਰਨ ਇਹ ਵੀ ਹੋ ਸਕਦਾ ਹੈ ਕਿ ਜ਼ਮੀਨ ਨਾਲ ਜੁੜ੍ਹੇ ਹੋਣ ਕਰਕੇ ਉਹਨਾ ਨੂੰ ਬਾਕੀ ਜਾਤਾਂ ਨਾਲੋਂ ਆਪਣੀ ਹਾਲਾਤ ਬਿਹਤਰ ਨਜ਼ਰ ਆਉਂਦੀ ਹੋਵੇਗੀ। ਇੱਥੋਂ ਹੀ ਪੰਜਾਬ ਦੇ ਵਿੱਚ ਅੱਜ ਦੇ ਵਾਪਰ ਰਹੇ ਦੁਖਾਂਤ ਦਾ ਮੁੱਢ ਵੱਝਦਾ ਹੈ।
ਇਸ ਵਿੱਚ ਕੋਈ ਸ਼ੱਕ ਨਹੀਂ ਕਿ ਜੱਟ ਅਖਵਾਉਣ ਵਾਲੇ ਲੋਕਾਂ ਨੇ, ਇਤਿਹਾਸ ਵਿੱਚ ਦਰਜ ਹੈ,ਕਿ ਹਿੰਦੁਸਤਾਨ ਦੇ ਕਈ ਹਿੱਸਿਆ ਵਿੱਚ ਰਾਜ ਸਥਾਪਤ ਕੀਤੇ ਸਨ ਪਰ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਸਜਾਇਆ ਤੇ ਉਸ ਵਿੱਚ ਜਾਤਾਂ ਪਾਤਾਂ,ਊਚ-ਨੀਚ ਖਤਮ ਕਰ ਦਿੱਤੀ ਗਈ। ਇਸ ਸਿੱਖ ਸਿਧਾਂਤ ਨੂੰ ਮੁੱਖ ਰੱਖ ਕੇ ਬਾਬਾ ਸਾਹਿਬ ਅੰਬੇਡਕਰ ਨੇ ਉਸ ਵੇਲੇ ਦੇ 6 ਕਰੋੜ ਲੋਕਾਂ ਦੇ ਨਾਲ ਸਿੱਖ ਸਜਣ ਨੂੰ ਪਹਿਲ ਦਿੱਤੀ ਪਰ ਉਹਨਾਂ ਦੇ ਇਹ ਸੁਪਨਾ ਉਸ ਵੇਲੇ ਤਿੜਕ ਗਿਆ ਜਦੋਂ ਵੇਲੇ ਦੇ ਸਿੱਖ ਲੀਡਰਾਂ ਨੇ ਹਿੰਦੂ ਲੀਡਰਸਿਪ ਦੀ ਚਾਲਾਂ ਵਿਚ ਆ ਕੇ ਬਾਬਾ ਸਾਹਿਬ ਅੰਬੇਡਕਰ ਨੂੰ ਸਿੱਖ ਧਰਮ ਵਿੱਚ ਆਉਣ ਤੋਂ ਮਨ੍ਹਾਂ ਕਰ ਦਿੱਤਾ ਤੇ ਉਨ੍ਹਾਂ ਨੂੰ ਭੱਦੀ ਸ਼ਬਦਾਵਲੀ ਵਰਤ ਕੇ ਸਦਾ ਲਈ ਸਿੱਖ ਧਰਮ ਤੋਂ ਦੂਰ ਕਰ ਦਿੱਤਾ। ਉਹ ਕੌਣ ਲੋਕ ਸੀ ਜਿਹਨਾਂ ਨੇ ਸਿੱਖ ਧਰਮ ਦੇ ਸਿਧਾਂਤਾ ਦੇ ਉਲਟ ਜਾ ਕੇ ਰੰਗਰੇਟੇ ਗੁਰੂ ਕੇ ਬੇਟਿਆਂ ਨੂੰ ਗੁਰੂ ਤੋਂ ਪਿਛਾਂਹ ਧੱਕ ਦਿੱਤਾ,ਸਿੱਖੀ ਮਰਿਆਦਾ ਦੇ ਉਲਟ ਕੰਮ ਕੀਤਾ। ਇਸ ਸਵਾਲ ਅੱਜ ਦੀ ਸਿੱਖ ਲੀਡਰਸਿਪ ਅੱਗੇ ਵੀ ਹੈ ਕਿ ਕੀ ਉਹਨਾਂ ਨੇ ਉਸ ਵੇਲੇ ਦੀ ਸਿੱਖ ਆਗੂਆਂ ਕੋਲੋ ਹੋਈ ਗਲਤੀ ਨੂੰ ਸੁਧਾਰਨ ਲਈ ਕੋਈ ਕੋਸ਼ਿਸ਼ ਕੀਤੀ? ਮੇਰੇ ਖਿਆਲ ਅਨੁਸਾਰ ਨਹੀਂ। ਕਿਉਂਕਿ ਪਹਿਲਾਂ ਨਾਲੋਂ ਸਿੱਖ ਪੰਥ ਵਿੱਚ ਜਾਤ ਪਾਤ ਅੱਜ ਜਿਆਦਾ ਮਜਬੂਤ ਹੋ ਗਈ ਹੈ।
ਪੰਜਾਬ ਦੇ ਪਿੰਡਾਂ ਵਿੱਚ ਨਿਗ੍ਹਾਂ ਮਾਰ ਕੇ ਦੇਖੋ,ਦੋ ਜਾਂ ਤਿੰਨ ਗੁਰਦੁਆਰੇ ਹਰ ਇੱਕ ਪਿੰਡ ਵਿੱਚ ਮਿਲਣਗੇ। ਕਿਉਂ? ਇੱਕ ਜੱਟਾਂ ਦਾ,ਇੱਕ ਚਮਾਰਾਂ ਦਾ। ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਦੋਨੇਂ ਗੁਰਦੁਆਰਿਆਂ ਵਿੱਚ ਹੁੰਦਾ ਹੈ। ਇਹਨਾਂ ਗੱਲਾਂ ਤੇ ਸਿੱਖ ਸ਼੍ਰੋਮਣੀ ਕਮੇਟੀ ਨੇ ਇਤਰਾਜ ਨਹੀਂ ਕੀਤਾ? ਇਸ ਤੋਂ ਵੱਡੀ ਗੱਲ ਕੀ ਹੋ ਸਕਦੀ ਹੈ ਕਿ ਜੇਕਰ ਇੱਕ ਰਵਿਦਾਸੀਆ ਜਾਂ ਨੀਚ ਜਾਤ ਦਾ ਬੰਦਾ ਅੰਮ੍ਰਿਤ ਛੱਕ ਕੇ ਸਿੰਘ ਸਜਦਾ ਹੈ ਤੇ ਉਸ ਨੂੰ ਸਿੱਖ ਪੰਥ ਦੇ ਵਿੱਚ ਹਮੇਸਾਂ ਵਿਸ਼ੇਸਣ 'ਮਜਹਬੀ ਸਿੱਖ' ਲਾ ਕੇ ਯਾਦ ਕੀਤਾ ਜਾਂਦਾ ਹੈ।
ਉਹ ਸਿੱਖ ਤਾਂ ਹੈ ਪਰ ਉਸ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਸਮਾਜਿਕ ਸਰੋਕਾਰ ਨਹੀਂ ਰੱਖਿਆ ਜਾਂਦਾ। ਉਸ ਦੀ ਸਮਾਜਿਕ ਹੈਸੀਅਤ ਹਮੇਸਾਂ ਉਹੀ ਬਣੀ ਰਹਿੰਦੀ ਹੈ,ਜਿਹੜੀ ਕਿ ਅੰਮ੍ਰਿਤ ਛਕਣ ਤੋਂ ਪਹਿਲਾ ਸੀ। ਇਸ ਤਰ੍ਹਾਂ ਦੀਆਂ ਹਜਾਰਾਂ ਘਟਨਾਵਾਂ ਅਖਬਾਰਾਂ ਵਿੱਚ ਪੜ੍ਹਨ ਨੂੰ ਮਿਲਦੀਆ ਹਨ ਕਿ ਕਿਸੇ ਨੂੰ ਲੰਗਰ ਵਿਚੋਂ ਉਠਾ ਦਿੱਤਾ ਗਿਆ ਤੇ ਕਈਆਂ ਨੂੰ ਲੰਗਰ ਬਾਅਦ ਵਿੱਚ ਛਕਣ ਦਿੱਤਾ ਗਿਆ।
ਇਹ ਸਵਾਲ ਪੁੱਛਣਾ ਬਣਦਾ ਹੈ ਸ਼੍ਰੋਮਣੀ ਕਮੇਟੀ ਦੇ ਪ੍ਰਮੁੱਖ ਅਹੁਦੇਦਾਰਾਂ ਨੂੰ ਕਿ 'ਸਿੱਖ ਇਨਕਲਾਬ' ਵਿਸਾਖੀ ਵਾਲੇ ਦਿਨ ਜੋ ਪੈਦਾ ਹੋਇਆ ਸੀ,ਉਸਦਾ ਮੁੱਖ ਮੰਤਵ ਕੀ ਸੀ? ਜਾਤ-ਪਾਤ ਰਹਿਤ ਇੱਕ ਖਾਲਸਾ ਸਮਾਜ ਦੀ ਸਿਰਜਣਾ! ਕੀ ਅੱਜ ਤੱਕ ਸਿੱਖ ਧਰਮ ਵਿੱਚੋਂ ਜਾਤ ਪਾਤ ਨੂੰ ਜੜ੍ਹੋ ਮਿਟਾਉਣ ਲਈ ਉਹਨਾਂ ਨੇ ਕੋਈ ਕੋਸ਼ਿਸ਼ ਕੀਤੀ ਜਾਂ ਨਹੀਂ।
ਸਭ ਤੋਂ ਪਹਿਲੀ ਗੱਲ ਇਹ ਹੈ ਕਿ ਸਿੱਖ ਧਰਮ ਵਿੱਚ ਜਾਤ ਪਾਤ ਤਾਂ ਗੁਰੂ ਗੋਬਿੰਦ ਸਿੰਘ ਨੇ ਅੰਮ੍ਰਿਤ ਛਕਾ ਕੇ ਇੱਕੋ ਬਾਟੇ ਵਿੱਚ ਖਤਮ ਕਰ ਦਿੱਤੀ ਸੀ ਤੇ ਫਿਰ ਇਹ ਦੁਬਾਰਾ ਸਿੱਖ ਧਰਮ ਵਿੱਚ ਪੈਦਾ ਕਿਸ ਤਰ੍ਹਾਂ ਹੋ ਗਈ? ਇਸ ਗੱਲ ਦਾ ਜਵਾਬ ਅੱਜ ਦੀਆਂ ਨੀਚ ਜਾਤਾਂ ਨੂੰ ਚਾਹਿਦਾ ਹੈ।
ਇਸ ਦੇ ਬਾਵਜੂਦ ਤਕਰੀਬਨ 30% ਨੀਚ ਕਹੇ ਜਾਣ ਵਾਲੇ ਲੋਕਾਂ ਨੇ ਸਿੱਖ ਧਰਮ ਨੂੰ ਆਪਣਾ ਧਰਮ ਅਪਣਾਇਆ ਹੈ। ਕੀ ਉਹਨਾਂ ਨਾਲ ਬਰਾਬਰਤਾ ਵਾਲਾ ਰਿਸਤਾ ਸਿੱਖ ਪੰਥ ਰੱਖ ਸਕਿਆ? ਜੇ ਇਸ ਦਾ ਜਵਾਬ ਹਾਂ ਵਿੱਚ ਹੈ ਤੇ ਫਿਰ ਅਖਬਾਰਾਂ ਦੇ ਵਿੱਚ ਉਹ ਕਿਹੜੇ ਸਿੱਖ ਹਨ ਜਿਹੜੇ ਆਪਣੇ ਮੁੰਡੇ ਜਾਂ ਕੁੜੀ ਦਾ ਰਿਸਤਾ ਮੰਗਦਿਆ ਹੋਇਆ ਇਹ ਕਹਿਣਾ ਪੈਂਦਾ ਹੈ ਕਿ ਉਹਨਾਂ ਨੂੰ ਆਪਣੇ ਮੁੰਡੇ ਜਾਂ ਕੁੜੀ ਲਈ, ਜੱਟ ਸਿੱਖ,ਲੁਬਾਣਾ ਸਿੱਖ,ਰਾਮਗੜ੍ਹੀਆ ਸਿੱਖ,ਰਵੀਦਾਸੀਆ ਸਿੱਖ,ਖਤਰੀ ਸਿੱਖ,ਨਾਈ ਸਿੱਖ ਆਦਿ ਤਰਾ੍ਹਂ ਦੇ ਵਿਸ਼ੇਸ਼ਣ ਵਰਤਣੇ ਪੈਂਦੇ ਹਨ। ਕੀ ਸ਼੍ਰੋਮਣੀ ਕਮੇਟੀ ਨੇ ਸਿੱਖ ਧਰਮ ਦੀ ਮਰਿਆਦਾ ਦੀਆਂ ਧੱਜੀਆਂ ਉਡਾਉਂਦੇ ਹੋਏ ਇਸ ਤਰਾ੍ਹਂ ਦੇ ਇਸ਼ਤਿਹਾਰ ਦੇਣ ਵਾਲਿਆਂ ਨੂੰ ਕੋਈ ਸਜਾ ਦਿੱਤੀ।
ਇਹ ਗੱਲ ਸਭ ਨੂੰ ਸਮਝਣੀ ਪੈਣੀ ਹੈ ਕਿ ਇਹਨਾਂ ਦਲਿਤਾਂ ਲੋਕਾਂ ਨਾਲ ਜੁੜ੍ਹੀ ਹੋਈ ਕੋਈ ਵੀ ਲਹਿਰ,ਜਿਹੜੇ ਹਾਲੇ ਤਕ ਵੀ ਹਰ ਇੱਕ ਤਰ੍ਹਾਂ ਦਾ ਸੰਤਾਪ ਭੁਗਤ ਰਹੇ ਹਨ, ਕਿਸੇ ਧਰਮ ਦੇ ਖਿਲਾਫ ਬਗਾਵਤ ਜਾਂ ਕਿਸੇ ਧਰਮ ਨੂੰ ਕੁਚਲਣ ਦੀ ਨਹੀਂ ਹੈ।
ਇਹ ਤਾਂ ਇਸ ਬੇ-ਇਨਸਾਫੀ ਭਰੇ ਵਰਤਾਰੇ ਤੋਂ ਅਲੱਗ ਹੋ ਕੇ ਇੱਕ ਆਪਣਾ ਵਰਤਾਰਾ ਖੜ੍ਹਾ ਕਰਨਾ ਚਾਹੁੰਦੇ ਹਨ,ਜਿੱਥੇ ਉਹ ਵੀ ਬਰਾਬਰ ਵਾਲੀ ਧਾਰਮਿਕ ਆਜ਼ਾਦੀ ਦਾ ਨਿੱਘ ਮਾਣ ਸਕਣ,ਉਹਨਾਂ ਦਾ ਵੀ ਸਮਾਜਿਕ ਰੁਤਬਾ ਹੋਵੇ।
ਇਹ ਇਹਨਾਂ ਲੋਕਾਂ ਦੇ ਸਬਰ ਦੀ ਇੰਤਹਾਂ ਹੀ ਹੈ ਕਿ ਹਜਾਰਾਂ ਸਾਲਾਂ ਤੋਂ ਤਸ਼ੱਦਦ ਸਹਿ ਰਹੇ ਲੋਕ ਜਿੱਥੇ ਉਹਨਾਂ ਦੇ ਉੱਪਰ ਹਰ 18ਵੇ ਮਿੰਟ ਇੱਕ ਹਮਲਾ ਹੁੰਦਾ ਹੈ ਜਿਸ ਵਿੱਚ ਕਿਸੇ ਦੀ ਮੌਤ,ਕਿਸੇ ਨਾਲ ਬਲਾਤਕਾਰ,ਕਿਸੇ ਦਾ ਘਰ ਜਲਾ ਦਿੱਤਾ ਜਾਂਦਾ ਹੈ। ਹਾਲੇਂ ਵੀ ਅਮਨ ਪਸ਼ੰਦੀ ਦੇ ਰਾਹ 'ਤੇ ਚੱਲ ਕੇ ਹੀ ਆਪਣੀ ਮੰਜਲ ਤਲਾਸ਼ਾਣਾ ਚਾਹੁੰਦੇ ਹਨ।
ਕੀ ਸਿੱਖ ਪੰਥ ਦੇ ਸਿਰਮੌਰ ਆਗੂ ਇਹਨਾਂ ਗੱਲਾ ਤੋਂ ਵਾਕਿਫ ਨਹੀਂ? ਕਿ ਸਿੱਖ ਧਰਮ ਜ਼ਬਰ ਦੇ ਖਿਲਾਫ ਤੇ ਮਜਲੂਮਾਂ ਦੀ ਰੱਖਿਆ ਲਈ ਪੈਦਾ ਹੋਇਆ ਸੀ। ਇਹਨਾਂ ਸਾਰੇ ਸਿਧਾਂਤਾ ਨੂੰ ਅਸੀਂ ਦਿਨ-ਬ-ਦਿਨ ਤਿਲਾਂਜਲੀ ਕਿਉਂ ਦੇਈ ਜਾ ਰਹੇ ਹਾਂ। ਇਹੀ ਕਾਰਨ ਹੈ ਕਿ ਦਲਿਤ ਲੋਕ/ਨੀਚ ਲੋਕਾਂ ਨੂੰ ਕਿਤੋਂ ਵੀ ਇਨਸਾਫ ਮਿਲਦਾ ਨਾ ਦੇਖ, ਇਹਨਾਂ ਨੇ ਆਪਣੇ ਆਪ ਨੂੰ ਛੋਟੇ ਛੋਟੇ ਸਮੂਹਾਂ ਵਿਚ ਸੰਗਠਿਤ ਕਰਨਾ ਸ਼ੁਰੂ ਕੀਤਾ। ਦਲਿਤ ਲੋਕਾਂ ਨੂੰ ਇੱਕ ਗੱਲ ਦਾ ਅਹਿਸਾਸ ਭਲੀ ਭਾਂਤ ਹੋ ਗਿਆ ਹੈ ਕਿ ਇਹਨਾਂ ਨੂੰ ਆਪਣੀ ਲੜਾਈ ਹੁਣ ਖੁਦ ਹੀ ਲੜਨੀ ਪੈਣੀ ਹੈ। ਇਹੀ ਕਾਰਨ ਹੈ ਕਿ ਇਹਨਾਂ ਨੇ ਆਪਣੇ ਆਪਣੇ ਧਾਰਮਿਕ ਸਥਾਨ ਬਣਾਉਣੇ ਸ਼ੁਰੂ ਕੀਤੇ ਤੇ ਕੁਝ ਥਾਵਾਂ ਤੇ ਡੇਰੇ ਪ੍ਰਫੁਲਿਤ ਹੋਏ। ਇਹਨਾਂ ਡੇਰਿਆ ਦੇ ਨਾਲ ਜੁੜ ਕੇ ਇਹ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਦੇ ਹਨ। ਇਸ ਨਾਲੋ ਵੀ ਵੱਡੀ ਗੱਲ ਹੈ ਕਿ ਇਹ ਡੇਰੇ ਦਲਿਤ ਲੋਕਾਂ ਦੀ ਸਮਾਜਿਕ ਬਿਹਤਰੀ ਲਈ ਦਿਨ ਰਾਤ ਕੰਮ ਕਰ ਰਹੇ ਹਨ,ਜਿਹੜੀ ਕਿ ਹੋਰ ਕਿਸੇ ਧਰਮ ਨੇ ਜਰੂਰਤ ਨਹੀਂ ਸਮਝੀ।
ਹੁਣ ਤਕਰਾਰ ਸ਼ੁਰੂ ਹੁੰਦਾ ਹੈ ਟਕਰਾਅ ਦਾ। ਟਕਰਾਅ ਕਿਸ ਨਾਲ? ਕੀ ਸਿੱਖ ਧਰਮ ਨਾਲ? ਜਾਂ ਹਿੰਦੂ ਧਰਮ ਜਾਂ ਇਸਾਈ ਜਾਂ ਮੁਸਲਮਾਨ ਧਰਮ ਨਾਲ? ਦਲਿਤਾਂ ਦਾ ਟਕਰਾਅ ਇਹਨਾਂ ਵਿੱਚੋਂ ਕਿਸੇ ਧਰਮ ਨਾਲ ਵੀ ਨਹੀਂ। ਕਿਉਂਕਿ ਉਹ ਇਹਨਾਂ ਸਾਰੇ ਧਰਮਾਂ ਵਿੱਚ ਗਏ ਪਰ ਉਹਨਾਂ ਦੀ ਵੱਖਰੀ ਪਛਾਣ ਇਹਨਾਂ ਧਰਮ ਵਿੱਚ ਵੀ ਬਣੀ ਰਹੀ। ਇਸ ਵੱਖਰੀ ਪਛਾਣ ਨੇ ਹੀ ਇਹਨਾਂ ਦੇ ਅੰਦਰ ਇੱਕ ਅਲੱਗ ਚੇਤਨਾ ਪੈਦਾ ਕੀਤੀ ਹੈ ਕਿ ਹਰ ਇੱਕ ਧਰਮ ਵਿੱਚ ਜਾ ਕੇ ਵੀ ਉਹਨਾਂ ਦੀ ਪਛਾਣ ਵੱਖਰੀ ਹੀ ਰਹਿਣੀ ਹੈ ਤੇ ਫਿਰ ਕਿਉਂ ਨਾ ਸਭ ਤੋਂ ਵੱਖ ਅਲੱਗ ਰਹਿ ਕੇ ਆਪਣੀ ਪਛਾਣ ਅਸੀਂ ਖੁਦ ਬਣ ਜਾਈਏ। ਜਿਸ ਦੇ ਲਈ ਸਭ ਤੋਂ ਪਹਿਲੀ ਕੋਸ਼ਿਸ਼ ਪੰਜਾਬ ਵਿਚ ਬਾਬੂ ਮੰਗੂਰਾਮ 'ਮੁਗੋਵਾਲੀਆ' ਦੀ ਸੀ ਜਿਹਨਾਂ ਨੇ 'ਆਦਿ ਧਰਮ' ਦੀ ਨੀਂਹ ਰੱਖੀ ਤੇ ਆਪਣੇ ਵੱਖਰੇ ਨਿਸ਼ਾਨ ਤੇ ਮਰਿਆਦਾ ਘੋਸਿਤ ਕੀਤੀ। ਇਸ ਆਦਿ ਧਰਮ ਮੰਡਲ ਲਹਿਰ ਨੇ ਆਪਣਾ ਮੁੱਖ ਦਫਤਰ 1926 ਵਿੱਚ 'ਕਿਸ਼ਨਪੁਰਾ'ਜਿਲ਼੍ਹ ਜਲੰਧਰ ਵਿਖੇ ਖੋਲਿਆ ਤੇ ਉਸ ਵਕਤ ਦੇ ਪੰਜਾਬ ਵਿੱਚ ਤੇ ਪਾਕਿਸਤਾਨ ਦੇ ਵਿੱਚ ਇਸ ਦਾ ਪ੍ਰਭਾਵ ਰਿਹਾ ਜਿਸ ਵਿਚ ਅੱਜ ਦਾ ਹਿਮਾਚਲ ਪ੍ਰਦੇਸ਼,ਚੰਡੀਗੜ੍ਹ,ਹਰਿਆਣਾ ਤੇ ਦਿੱਲੀ ਦਾ ਖੇਤਰ ਆਉਂਦਾ ਸੀ। ਇਸ ਤੋਂ ਬਾਅਦ ਉਤਰਾਖੰਡ,ਮੇਰਠ,ਲਖਨਊ,ਇਲਾਹਬਾਦ,ਸਹਾਰਨਪੁਰ,ਕਾਨਪੁਰ,ਪੱਛਮੀ ਬੰਗਾਲ,ਰਾਜਸਥਾਨ ਦੇ ਵਿੱਚ ਵੀ ਉਸ ਸਮੇਂ ਇਹ ਧਰਮ ਦੇ ਤੌਰ ਤੇ ਦਰਜ ਹੋਇਆ।
ਕਬੀਰ ਸਾਹਿਬ ਤੇ ਗੁਰੂ ਰਵਿਦਾਸ ਜੀ ਮਹਾਰਾਜ ਤੋਂ ਤੁਰੀ ਆ ਰਹੀ ਇਹ ਲਹਿਰ ਨੇ ਹਾਲੇਂ ਬਹੁਤ ਲੰਬਾ ਸਫਰ ਤਹਿ ਕਰਨਾ ਹੈ ਇਸ ਵਿੱਚ ਕੋਈ ਸੱਕ ਨਹੀਂ ਪਰ ਇਹ ਲਹਿਰ ਕਿਸੇ ਦੇ ਟਕਰਾਅ ਵਿੱਚ ਨਹੀਂ ਹੈ। ਜੇ ਅੱਜ ਸਿੱਖ ਪੰਥ ਨੂੰ ਮੰਨਣ ਵਾਲੇ ਅਨੁਯਾਈ ਇਹਨਾਂ ਦਲਿਤ ਲੋਕਾਂ ਦੀਆਂ ਭਾਵਨਾਵਾਂ ਨੂੰ ਸਮਝਦੇ ਤੇ ਇਹਨਾਂ ਦੇ ਸਿਰਮੌਰ ਆਗੂਆ ਨਾਲ ਸੰਵਾਦ ਰਚਾਉਂਦੇ ਤਾਂ ਅੱਜ ਦਾ ਦੁਖਾਂਤਕ ਪੱਖ ਇੰਨੇ ਉਗਰ ਰੂਪ ਵਿੱਚ ਸਾਹਮਣੇ ਨਾ ਆਉਂਦਾ ਪਰ ਇਸ ਤਰ੍ਹਾਂ ਨਹੀਂ ਹੋਇਆ। ਇੱਥੇ ਸਵਾਲ ਦਲਿਤਾਂ/ਨੀਚ ਲੋਕਾਂ ਦੀ ਮਰਿਆਦਾ ਦਾ ਨਹੀਂ ਹੈ। ਸਵਾਲ ਇਸ ਗੱਲ ਦਾ ਹੈ ਕਿ ਸਿੱਖ ਪੰਥ ਨੇ ਜੇ ਸਿੱਖ ਮਰਿਆਦਾ ਸਿੱਖੀ ਵਿੱਚ ਲਾਗੂ ਕੀਤੀ ਹੁੰਦੀ ਤੇ ਦਲਿਤ,ਸਿੱਖ ਮੁਖਧਾਰਾ ਨਾਲੋ ਨਾ ਟੁੱਟਦੇ।
ਅੱਜ ਦਲਿਤਾਂ ਦੇ ਮਹਾਂਪੁਰਸ, ਗੁਰੂ ਰਵਿਦਾਸ ਮਹਾਰਾਜ ਜੀ ਤੇ ਕਬੀਰ ਸਾਹਿਬ ਦੁਆਰਾ ਸ਼ੁਰੂ ਕੀਤੀ ਗਈ ਲਹਿਰ ਨੂੰ, ਨਵੀ ਦਿਸ਼ਾ ਪ੍ਰਦਾਨ ਕਰ ਰਹੇ ਹਨ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਗੁਰੂ ਰਵਿਦਾਸ ਜੀ ਤੇ ਕਬੀਰ ਸਾਹਿਬ ਦੀ ਪਾਵਨ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ਼ ਹੈ ਇਸ ਕਰਕੇ ਇਹ ਲੋਕ ਆਪਣੇ ਮੰਦਰਾਂ/ਭਵਨਾ/ਗੁਰੂ ਘਰ ਵਿੱਚ ਗੁਰੂ ਗ੍ਰੰਥ ਸਾਹਿਬ ਸ਼ੁਸੋਭਿਤ ਕਰਦੇ ਹਨ ਪਰ ਦੂਸਰੇ ਪਾਸੋ ਇਹ ਆਪਣੇ ਮਹਾਂਪੁਰਸਾਂ ਤੋਂ ਇੱਕ ਨਵੀਂ ਸੇਧ ਵੀ ਲੈ ਰਹੇ ਹਨ,ਜਿਹੜੇ ਇਹਨਾਂ ਲਈ ਸੰਤ ਗੁਰੂ ਦਾ ਦਰਜਾ ਰੱਖਦੇ ਹਨ ਤੇ ਕੁਦਰਤੀ ਗੱਲ ਹੈ ਕਿ ਇਹ ਆਪਣੇ ਮਹਾਂਪੁਰਸਾਂ ਦਾ ਸਤਿਕਾਰ ਵੀ ਆਪਣੇ ਢੰਗ ਤਰੀਕਿਆਂ ਨਾਲ ਕਰਦੇ ਹਨ। ਇਹ ਹੁਣ ਅਸੀਂ ਸੋਚਣਾ ਹੈ ਕਿ ਸਿੱਖ ਮਰਿਆਦਾ ਦੇ ਨਾਂ ਤਲੇ ਅਸੀਂ ਇਸ ਲਹਿਰ ਨੂੰ ਰੋਕਣਾ ਹੈ ਜਾਂ ਇਸਦਾ ਦਮਨ ਕਰਨਾ ਹੈ।
ਇਹ ਗੱਲ ਭਲੀਭਾਂਤ ਸਪੱਸਟ ਹੈ ਕਿ ਦਲਿਤਾਂ ਦੇ ਵਿੱਚ ਆ ਰਹੀ ਇਹ ਚੇਤਨਾ ਦਾ ਸੋਮਾ ਸ਼੍ਰੀ ਗੁਰੂ ਰਵਿਦਾਸ ਜੀ ਤੇ ਕਬੀਰ ਸਾਹਿਬ ਤੇ ਅਜੋਕੇ ਮਹਾਂਪੁਰਸ਼ ਤੇ ਸੰਤ ਮਹਾਤਮਾ ਹਨ। ਮੁਰਦਾ ਪਸੂ ਖਾਣ ਵਾਲੇ ਤੇ ਗੰਦੀਆਂ ਬਸਤੀਆਂ ਵਿੱਚ ਰਹਿਣ ਵਾਲੇ ਇਹਨਾਂ ਲੋਕਾਂ ਨੂੰ ਜੇ ਬਾਬਾ ਸਾਹਿਬ ਅੰਬੇਡਕਰ ਮਨੁੱਖੀ ਅਧਿਕਾਰ ਨਾ ਲੈ ਕੇ ਦਿੰਦੇ ਤੇ ਅੱਜ ਇਹਨਾਂ ਦੇ ਵਿੱਚ ਪੈਦੇ ਹੋਏ ਇਸ ਚੇਤਨਾ ਦੇ ਸੋਮੇ ਨੇ ਅਜੇ ਵੀ ਫੁੱਟਣਾ ਨਹੀਂ ਸੀ ਤੇ ਜੇ ਕਿਤੇ ਅੰਬੇਡਕਰ ਵੇਲੇ ਦੇ ਸਿੱਖ ਆਗੂ ਅੰਬੇਡਕਰ ਦੇ ਨਾਲ ਰਲ ਕੇ ਇਸ ਚੇਤਨਤਾ ਦੇ ਸੋਮੇ ਨੂੰ ਹੋਰ ਹੁਲਾਰਾ ਦਿੰਦਾ ਤੇ ਅੱਜ ਸਿੱਖ ਪੰਥ ਦੀ ਦਸਾ ਹੀ ਕੁਝ ਹੋਰ ਹੁੰਦੀ ਪਰ ਉਸ ਵੇਲੇ ਵੀ ਕਿਸ ਸਿੱਖ ਆਗੂ ਨੇ ਇਹਨਾਂ ਲੋਕਾਂ ਤੇ ਹੋ ਰਹੇ ਜ਼ੁਲਮਾਂ ਲਈ ਨਾ ਤਾ 'ਹਾਅ' ਦਾ ਨਾਹਰਾ ਮਾਰਿਆ ਤੇ ਨਾ ਹੀ ਇਹਨਾਂ ਦੇ ਹੱਕ ਲਈ ਕਿਸੇ ਨੇ ਤਲਵਾਰ ਚੁੱਕੀ ਤੇ ਅੱਜ ਇਸ ਚੇਤਨਤਾ ਦੇ ਸੋਮੇ ਦੇ ਵਹਾਅ ਨੂੰ ਰੋਕਣ ਲਈ ਜੇ ਕੋਈ ਤਲਵਾਰ ਚੁੱਕਦਾ ਹੈ ਤੇ ਉਹ ਸਿੱਖ ਇਤਿਹਾਸ ਨਾਲ ਬਹੁਤ ਵੱਡੀ ਬੇ-ਇਨਸਾਫੀ ਕਰ ਰਿਹਾ ਹੈ ਤੇ ਸਿੱਖ ਇਤਿਹਾਸ ਨੂੰ ਉਲਟੀ ਦਿਸ਼ਾ ਵਿੱਚ ਮੋੜਨ ਦੀ ਕੋਸ਼ਿਸ਼ ਕਰ ਰਿਹਾ ਹੈ।
ਇਹ ਗੱਲ ਸਾਨੂੰ ਸਭ ਨੂੰ ਸਮਝਣ ਲੈਣੀ ਚਾਹਿਦੀ ਹੈ ਕਿ ਗਗਨ ਦਮਾਮਾ ਵਾਜਿਉ ਰੇ, ਨਗਾਰੇ ਤੇ ਸੱਟ ਪੈ ਚੁੱਕੀ ਹੈ ਤੇ ਸਾਡਾ ਸਭ ਦਾ ਫਰਜ ਬਣਦਾ ਹੈ ਕਿ ਦਲਿਤਾਂ ਦੀ ਅੱਜ ਦੀ ਅਜੋਕੀ ਹਾਲਾਤ ਨੂੰ ਮੁੱਖ ਰੱਖਦਿਆ ਹੋਇਆ ਉਹਨਾਂ ਦੇ ਨਾਲ ਸਹਿਯੋਗ ਕਰਨ ਦੀ ਗੱਲ ਕੀਤੀ ਜਾਵੇ ਨਾ ਕਿ ਰਾਹ ਰੋਕਣ ਦੀ।
ਰਾਉ ਬਰਿੰਦਰਾ ਸਵੈਨ 0030 6942041075,0030 2105248660
ਇਸ ਲੇਖ ਦਾ ਜਵਾਬ - ਵਲੋਂ: ਮਲਕੀਅਤ ਸਿੰਘ ਗੁਰਮਤਿ ਸੰਚਾਰ ਸਭਾ ( ਜਰਮਨੀ)
ਰਾਉ ਬਰਿੰਦਰਾ ਸਵੈਨ ਦੇ ਹੋਰ ਵਿਚਾਰਾਂ ਸੰਬੰਧੀ - ਦਪਿੰਦਰ ਕੋਹਲੀ