ਡਾ. ਜਸਬੀਰ ਕੌਰ ਦੀ ਟਿੱਪਣੀ ਆਖਿਰ ਕਿਉਂ ਤੇ ਕਦੋਂ ਤਕ? ਪੜ੍ਹੀ। ਪਹਿਲੀ ਨਜ਼ਰੇ ਇਹ ਟਿੱਪਣੀ ਪ੍ਰਭਾਵਿਤ ਕਰਦੀ ਹੈ। ਪਰ ਬਾਅਦ ਵਿਚ ਸਾਨੂੰ ਹੋਰ ਗੰਭੀਰ ਹੋ ਕੇ ਸੋਚਣ ਲਈ ਮਜਬੂਰ ਹੋਣਾ ਪਵੇਗਾ। ਇਹ ਮਸਲਾ ਕੇਵਲ ਸੋਚ ਸਮਝ ਕੇ ਦੇਸ਼ ਦੀ ਜਾਇਦਾਦ ਨੂੰ ਬਰਬਾਦ ਨਾ ਕਰਨ ਦਾ ਹੀ ਨਹੀਂ ਹੈ। ਸੋਚਣ ਵਾਲ਼ੀ ਗੱਲ ਇਹ ਹੈ ਕਿ ਅਜਿਹਾ ਪ੍ਰਤੀਕਰਮ ਕਿਉਂ ਆਇਆ? ਜਿਹੜੇ ਅਕਾਡਮੀਸ਼ੀਅਨਾਂ ਦੀਆਂ ਰਾਵਾਂ ਪੜ੍ਹੀਆਂ ਹਨ ਉਨ੍ਹਾਂ ਵਿਚੋਂ ਬਹੁਤਿਆਂ ਨੇ ਇਸ ਨੂੰ ਡੇਰਾਵਾਦ ਨਾਲ਼ ਜੋੜਿਆ ਹੈ। ਕੁਝ ਨੇ ਅਗਾਂਹ ਜਾ ਕੇ ਸਿੱਖਾਂ ਵਲੋਂ ਦਲਿਤਾਂ ਦੇ ਸਨਮਾਨ ਨੂੰ ਸੱਟ ਮਾਰਨ ਦਾ ਨਤੀਜਾ ਦੱਸਿਆ ਹੈ। ਸਿੱਖਾਂ ਨੇ ਸਹਿਜਧਾਰੀ ਸਿੱਖਾਂ ਨੂੰ ਸਿੱਖ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ। ਦਲਿਤ ਗੁਰੁ ਗ੍ਰੰਥ ਦਾ ਸਤਿਕਾਰ ਕਰਦੇ ਹਨ ਕਿਉਂਕਿ ਰਵਿਦਾਸ ਦੀ ਬਾਣੀ ਇਸ ਵਿਚ ਦਰਜ ਹੈ। ਪਰ ਗੁਰੂਦੁਆਰਿਆਂ ਵਿਚ ਉਨ੍ਹਾਂ ਨਾਲ਼ ਹੁੰਦੇ ਭੇਦ ਭਾਵਾਂ ਕਾਰਣ ਅਤੇ ਡੇਰਾਵਾਦੀਆਂ ਵਲੋਂ ਉਨ੍ਹਾਂ ਦੀਆਂ ਵੱਖਰੀਆਂ ਪੰਗਤਾਂ ਲੁਆਉਣ ਕਾਰਣ ਉਹ ਆਪਣੇ ਆਪ ਨੂੰ ਹੀਣਾ ਸਮਝਦੇ ਹਨ। ਇਸੇ ਲਈ ਉਨ੍ਹਾਂ ਨੇ ਆਪਣੇ ਗੁਰਦੁਆਰਿਆਂ ਤੇ ਡੇਰਿਆਂ ਦੀ ਸਥਾਪਨਾ ਕਰ ਲਈ ਹੈ ਜਿਨ੍ਹਾਂ ਨਾਲ਼ ਉਹ ਭਾਵੁਕਤਾ ਦੀ ਹੱਦ ਤਕ ਜੁੜੇ ਹੋਏ ਹਨ। ਇਨ੍ਹਾਂ ਨੂੰ ਜੇ ਕੋਈ ਮਾੜੀ ਮੋਟੀ ਖਰੌਂਚ ਵੀ ਆਉਂਦੀ ਹੈ ਤਾਂ ਉਹ ਹਿੰਸਕ ਹੋ ਜਾਂਦੇ ਹਨ। ਇਹ ਉਨ੍ਹਾਂ ਦੇ ਮਾਣ-ਸਨਮਾਨ ਅਤੇ ਪਛਾਣ ਦੀ ਲੜਾਈ ਦਾ ਹਿੱਸਾ ਹੈ।
ਪਰ ਇਥੋਂ ਵੀ ਅਗਾਂਹ ਜਾ ਕੇ ਸਮੁੱਚੇ ਮਾਹੌਲ ਦਾ ਜਾਇਜ਼ਾ ਲੈਣਾ ਬਣਦਾ ਹੈ। ਅੱਜ ਕਲ੍ਹ ਪੰਜਾਬ ਵਿਚ ਜੱਟ ਕਿਸਾਨੀ, ਬ੍ਰਾਹਮਣੀ ਸੰਸਥਾਵਾਂ ਵਾਲ਼ਾ ਰੋਲ ਅਦਾ ਕਰ ਰਹੀ ਹੈ। ਸਰਕਾਰ ਵੀ ਉਨ੍ਹਾਂ ਨੂੰ ਬਿਜਲੀ-ਪਾਣੀ ਮੁਫਤ ਦੇ ਕੇ ਇਕ ਮਹੀਨੇ ਦਾ ਕਰੋੜਾਂ ਦਾ ਘਾਟਾ ਜਰ ਰਹੀ ਹੈ। ਪਰ ਦਲਿਤਾਂ ਦੇ ਘਰੀਂ ਪੰਜਾਹ-ਸੌ ਯੂਨਿਟਾਂ ਮਾਫ ਕਰਕੇ ਉਨ੍ਹਾਂ ਉਪਰ ਅਹਿਸਾਨ ਕਰ ਰਹੀ ਹੈ। ਗੱਲ ਇਥੇ ਹੀ ਖਤਮ ਨਹੀਂ ਹੁੰਦੀ। ਸਾਰੇ ਦਾ ਸਾਰਾ ਸਭਿਆਚਾਰਕ ਮਾਹੌਲ ਇਸ ਤਰ੍ਹਾਂ ਦਾ ਸਿਰਜਿਆ ਜਾ ਰਿਹਾ ਹੈ ਕਿ ਗੀਤ ਜੱਟਾਂ ਦੇ, 'ਇਕ ਪਾਸੇ ਸਰਦਾਰ ਕੱਲਾ' ਵਰਗੇ ਛਾਵਨਵਾਦੀ ਗੀਤਾਂ ਰਾਹੀਂ ਸਾਹਮਣੇ ਬੈਠੇ ਹਿੰਦੂਆਂ/ਦਲਿਤਾਂ ਸਭ ਦਾ ਮੁੰਹ ਚਿੜ੍ਹਾਇਆ ਜਾਂਦਾ ਹੈ। ਛਵੀਆਂ- ਗੰਡਾਸੀਆਂ, ਪਸਤੌਲ-ਰਫਲਾਂ ਤਾਂ ਆਮ ਗੀਤਾਂ ਵਿਚ ਸਾਰਿਆਂ ਦਾ ਮੁੰਹ ਚਿੜ੍ਹਾ ਰਹੀਆਂ ਹਨ। ਪੰਜਾਬੀ ਸਭਿਆਚਾਰ ਨੂੰ ਜੱਟ ਦੇ ਸ਼ਰਾਬੀ ਸਭਿਆਚਾਰ ਦੇ ਦ੍ਰਿਸ਼ਟੀਕੋਣ ਤੋਂ ਉੱਚੀਆਂ ਧੁਨੀਆਂ ਵਿਚ ਗਾਇਆ ਜਾ ਰਿਹਾ ਹੈ। ਬਦਲਾ ਲੈਣ, ਕਬਜ਼ਾ ਲੈਣ ਲਈ ਹਿੰਸਾ ਨੂੰ ਅਦਰਸ਼ਿਆ ਕੇ ਪੇਸ਼ ਕੀਤਾ ਜਾ ਰਿਹਾ ਹੈ। ਪ੍ਰੇਮ ਸੰਬੰਧਾਂ ਵਿਚ ਵੈਲੀ ਸਭਿਆਚਾਰ ਦਾ ਬੋਲ ਬਾਲਾ ਹੈ।
ਅਜਿਹੀ ਸਥਿਤੀ ਵਿਚ ਅੰਦਰੇ ਅੰਦਰ ਵਿਰੋਧੀ ਭਾਵਨਾਵਾਂ ਉਸਲ਼ਵੱਟੇ ਲੈਂਦੀਆਂ ਰਹਿੰਦੀਆਂ ਹਨ ਅਤੇ ਮਾਹੌਲ ਮਿਲ਼ਦਿਆਂ ਹੀ ਬਾਹਰ ਨਿਕਲ਼ ਆਉਂਦੀਆਂ ਹਨ। ਇਕੱਲਿਆਂ-ਕਾਰ੍ਹਿਆਂ ਨੂੰ ਤਾਂ ਮਾਰ ਕੁੱਟ ਕੇ ਚੁੱਪ ਕਰਾਇਆ ਜਾ ਸਕਦਾ ਹੈ ਪਰੰਤੂ 'ਭੀੜ' ਜੇ ਆਪ ਮੁਹਾਰੀ ਹੋ ਜਾਵੇ ਤਾਂ ਉਸਨੂੰ ਰੋਕ ਸਕਣਾ ਇਨਾਂ ਆਸਾਨ ਨਹੀਂ ਹੁੰਦਾ। ਗੁਬਾਰ ਨਿਕਲ਼ਣ ਬਾਦ ਹੀ ਹੌਲ਼ੀ ਹੌਲ਼ੀ ਮਾਹੌਲ ਸ਼ਾਂਤ ਹੁੰਦਾ ਹੈ। ਸਪੱਸ਼ਟ ਹੈ ਕਿ ਜੇ ਸੰਪ੍ਰਦਾਇਕ ਰਾਜਨੀਤੀ ਨੂੰ ਜਾਰੀ ਰੱਖਿਆ ਗਿਆ, ਕਿਸੇ ਇਕ ਜਾਇਦਾਦ ਨਾਲ਼ ਜੁੜੀ ਵਸੋਂ ਨੂੰ ਹੀ ਉਪਰ ਚੁਕਿੱਆ ਗਿਆ ਤਾਂ ਦੂਸਰੀ ਵਸੋਂ ਸਤ ਕੇ ਅਜਿਹੇ ਰਸਤੇ ਅਖਤਿਆਰ ਕਰਦੀ ਰਹੇਗੀ। ਸਾਰੇ ਸਿਆਣਿਆਂ ਨੂੰ ਬੈਠ ਕੇ ਬਣ ਰਹੇ ਮਾਹੌਲ ਨੂੰ ਨੱਥ ਪਾਉਣ ਦੇ ਯਤਨ ਕਰਨੇ ਚਾਹੀਦੇ ਹਨ।
ਜੇ ਅਸੀਂ ਅਜਿਹਾ ਨਹੀਂ ਕਰਾਂਗੇ ਤਾਂ ਆਉਣ ਵਾਲ਼ੇ ਸਮੇਂ ਵਿਚ ਹੋਰ ਵੀ ਵੱਡੇ ਨਤੀਜੇ ਭੁਗਤਣੇ ਪੈ ਸਕਦੇ ਹਨ।
ਡਾ. ਕਰਮਜੀਤ ਸਿੰਘ,
ਪ੍ਰੋਫੇਸਰ, ਪੰਜਾਬੀ ਵਿਭਾਗ,
ਕੁਰੂਕਸ਼ੇਤਰ ਯੂਨੀਵਰਸਿਟੀ, ਕੁਰੂਕਸ਼ੇਤਰ-136119
ਹਰਿਆਣਾ (ਇੰਡੀਆ)
ਲਿਖਾਰੀ ਪੰਨਾ ਲਿੰਕ