ਦੋ ਸ਼ਬਦ
ਯੂਰਪੀਨ ਮੁਲਕ ਆਸਟਰੀਆ ਦੀ ਰਾਜਧਾਨੀ ਵਿਆਨਾ ਦੇ ਗੁਰਦੁਆਰੇ ’ਚ ਵਾਪਰੇ ਗੋਲੀ ਕਾਂਡ ਦੀਆਂ ਲਪਟਾਂ ਨੇ ਕੁਝ ਹੀ ਪਲਾਂ ਵਿਚ ਪੰਜਾਬ ਵਿਚ ਭਾਂਬੜ ਮਚਾ ਦਿੱਤੇ। ਲੁਧਿਆਣਾ, ਜਲੰਧਰ, ਹੁਸ਼ਿਆਰਪੁਰ ਅਤੇ ਫ਼ਗਵਾੜਾ ਵਿਚ ਕਰਫ਼ਿਊ ਲਗਾਇਆ ਗਿਆ ਪਰ ਇਸਦੇ ਬਾਵਜੂਦ ਹਿੰਸਕ ਘਟਨਾਵਾਂ ਹੁੰਦੀਆਂ ਰਹੀਆਂ ਤੇ ਸਰਕਾਰੀ ਤੇ ਜਨਤਕ ਸੰਪਤੀ ਦਾ ਵੱਡੀ ਪੱਧਰ ’ਤੇ ਨੁਕਸਾਨ ਕੀਤਾ ਗਿਆ। ਲੋਕਾਂ ਦੇ ਇਸ ਗੁੱਸੇ ਦੇ ਕੀ ਹਨ ਕਾਰਨ? ਅਤੇ ਇਸ ਸਮੁੱਚੇ ਮਾਮਲੇ ਦੇ ਵੱਖ-ਵੱਖ ਪਹਿਲੂਆਂ ’ਤੇ ਵਿਚਾਰ ਕਰਦੀ ਹੈ, ਇਹ ਰਿਪੋਰਟ।--ਲਿਖਾਰੀ
ਵਾਇਆ ਵਿਆਨਾ ਸੜੇ ਪੰਜਾਬ ਦੀ ਚੰਗਿਆੜੀ ਕਿੱਥੇ? - ਪਾਲ ਸਿੰਘ ਨੌਲੀ
ਪੰਜਾਬ ਵਿਚ ਦਲਿਤਾਂ ਅਤੇ ਜੱਟਾਂ ਦੀ ਜਾਤ-ਪਾਤ ਦੀ ਲੜਾਈ ਵਾਇਆ ਵਿਆਨਾ ਹੋ ਕੇ ਮੁੜ ਸੂਬੇ ਵਿਚ ਪਹੁੰਚੀ ਅਤੇ ਦੇਖਦਿਆਂ ਹੀ ਦੇਖਦਿਆਂ ਕੁਝ ਕੁ ਘੰਟਿਆਂ ਵਿਚ ਸਮੁੱਚਾ ਪੰਜਾਬ ਬਲਦਾ ਨਜ਼ਰ ਆਇਆ। ਅਜਿਹੀ ਮਾਰਧਾੜ ਅਤੇ ਭੰਨਤੋੜ ਦਾ ਮੰਜ਼ਰ ਲੋਕਾਂ ਨੇ ਸ਼ਾਇਦ ਅੱਤਵਾਦ ਦੇ ਦਿਨਾਂ ਵਿਚ ਵੀ ਨਹੀਂ ਦੇਖਿਆ ਹੋਵੇਗਾ। ਸੜਕਾਂ ਉੱਤੇ ਉੱਤਰੀ ਇਸ ਭੀੜ ਨੇ ਜਿਸ ਅੱਗ ਨਾਲ ਸਰਕਾਰੀ ਤੇ ਜਨਤਕ ਜਾਇਦਾਦ ਨੂੰ ਫ਼ੂਕ ਕੇ ਆਪਣੇ ਗੁੱਸੇ ਦਾ ਪ੍ਰਗਟਾਵਾ ਕੀਤਾ, ਉਸ ਦੀ ਚਿੰਗਿਆੜੀ ਕਿੱਥੇ ਹੈ? ਇਹ ਸਵਾਲ ਪੰਜਾਬ ਦੇ ਬੌਧਿਕ ਅਤੇ ਮੀਡੀਆ ਹਲਕਿਆਂ ਲਈ ਸਭ ਤੋਂ ਵੱਡੀ ਚੁਣੌਤੀ ਬਣਿਆ ਹੋਇਆ ਹੈ।
ਤਾਜ਼ਾ ਹਿੰਸਕ ਘਟਨਾਵਾਂ ਦਾ ਕਾਰਨ ਯੂਰਪੀਨ ਦੇਸ਼ ਆਸਟਰੀਆ ਦੀ ਰਾਜਧਾਨੀ ਵਿਆਨਾ ਦੇ ਇਕ ਗੁਰਦੁਆਰੇ ਵਿਚ ਵਾਪਰਿਆ ਗੋਲੀ ਕਾਂਡ ਬਣਿਆ ਹੈ। ਇਹ ਗੁਰਦੁਆਰਾ ਗੁਰੂ ਰਵਿਦਾਸ ਨਾਲ ਸਬੰਧਤ ਹੈ। ਪੰਜਾਬ ਤੋਂ ਡੇਰਾ ਸਚਖੰਡ ਬੱਲਾਂ ਦੇ ਗੱਦੀਨਸ਼ੀਨ ਸੰਤ ਨਿਰੰਜਣ ਦਾਸ ਤੇ ਉਨ੍ਹਾਂ ਦੇ ਸੇਵਾਦਾਰ ਸੰਤ ਰਾਮਾਨੰਦ ਉੱਤੇ ਇੱਥੇ 24-05-09 ਐਤਵਾਰ ਸ਼ਾਮੀ 5 ਕੁ ਵਜੇ ਗੁਰਦੁਆਰੇ ਵਿਚ ਹਥਿਆਰਬੰਦ ਹਮਲਾ ਕੀਤਾ ਗਿਆ। ਸਿੱਖ ਨੌਜਵਾਨਾਂ ਵਲੋਂ ਕੀਤੇ ਗਏ ਇਸ ਹਮਲੇ ਵਿਚ ਸੰਤ ਰਾਮਾਨੰਦ ਦਮ ਤੋੜ ਗਏ, ਜਦਕਿ ਸੰਤ ਨਿਰੰਜਣ ਦਾਸ ਅਤੇ 15 ਹੋਰ ਵਿਅਕਤੀ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ। ਇਸ ਹਮਲੇ ਪਿੱਛੇ ਕੀ ਕਾਰਨ ਹਨ, ਇਸ ਬਾਰੇ ਆਸਟਰੀਆ ਸਰਕਾਰ ਨੇ ਅਧਿਕਾਰਤ ਤੌਰ ’ਤੇ ਕੋਈ ਬਿਆਨ ਜਾਰੀ ਨਹੀਂ ਕੀਤਾ ਪਰ ਜੇਕਰ ਗੁਰਦੁਆਰਾ ਰਵਿਦਾਸ ਕਮੇਟੀ ਵਿਆਨਾ ਦੇ ਮੈਂਬਰ ਮਨੋਜ ਕੁਮਾਰ ਮਾਹੀ ਦੀ ਮੰਨੀ ਜਾਵੇ ਤਾਂ
1) ਇਹ ਹਮਲਾ ਵਿਆਨਾ ਵਿਚ ਰਹਿ ਰਹੇ ਖ਼ਾਲਿਸਤਾਨ ਪੱਖੀ ਲੋਕਾਂ ਦਾ ਕਾਰਾ ਹੈ। ਆਪਣੇ ਦਾਅਵੇ ਪਿੱਛੇ ਦਲੀਲ ਦਿੰਦਿਆਂ ਉਹ ਕਹਿੰਦੇ ਹਨ ਕਿ ਸਾਡੇ ਦਲਿਤਾਂ ਦੇ ਪਰਿਵਾਰ ਕਥਿਤ ਉੱਚੀ ਜਾਤ ਨਾਲ ਸਬੰਧਤ ਲੋਕਾਂ ਦੇ ਘਰਾਂ ਵਿਚ ਮਾੜੇ-ਮੋਟੇ ਕੰਮ ਕਰਕੇ ਰੋਟੀ ਖਾਂਦੇ ਸਨ ਪਰ ਹੁਣ ਅਸੀਂ ਵਿਦੇਸ਼ਾਂ ਵਿਚ ਆ ਵਸੇ ਹਾਂ। ਅਸੀਂ ਚੰਗਾ ਪੈਸਾ ਕਮਾਇਆ ਅਤੇ ਤਰੱਕੀ ਕੀਤੀ ਪਰ ਉਨ੍ਹਾਂ ਲੋਕਾਂ ਦੀ ਹਉਮੈ ਅਜੇ ਵੀ ਸਾਨੂੰ ਕਮੀਨ ਹੀ ਸਮਝਦੀ ਹੈ।
ਦੂਜੇ ਪਾਸੇ ਦਲ ਖ਼ਾਲਸਾ ਅਤੇ ਖ਼ਾਲਿਸਤਾਨੀ ਜਥੇਬੰਦੀ ਬੱਬਰ ਖ਼ਾਲਸਾ ਇਨ੍ਹਾਂ ਦਾਅਵਿਆਂ ਨੂੰ ਰੱਦ ਕਰਦੇ ਹੋਏ ਕਹਿੰਦੇ ਹਨ ਕਿ ਇਸ ਹਮਲੇ ਵਿਚ ਖ਼ਾਲਿਸਤਾਨੀ ਸੰਗਠਨਾਂ ਦਾ ਕੋਈ ਹੱਥ ਨਹੀਂ ਹੈ। ਦਲ ਖ਼ਾਲਸਾ ਦੇ ਬੁਲਾਰੇ ਕੰਵਰਪਾਲ ਸਿੰਘ ਬਿੱਟੂ ਅਤੇ ਬੱਬਰ ਖ਼ਾਲਸਾ ਦੇ ਪਾਕਿਸਤਾਨ ਰਹਿ ਰਹੇ ਮੁਖੀ ਵਧਾਵਾ ਸਿੰਘ ਨੇ ਬਾਕਾਇਦਾ ਵੱਖੋ-ਵੱਖਰੇ ਪ੍ਰੈੱਸ ਬਿਆਨ ਜਾਰੀ ਕਰਕੇ ਕਿਹਾ ਕਿ ਇਹ ਭਾਰਤੀ ਏਜੰਸੀਆਂ ਦਾ ਕਾਰਾ ਹੈ ਜੋ ਸਿੱਖਾਂ ਅਤੇ ਗੁਰੂ ਰਵਿਦਾਸ ਦੇ ਪੈਰੋਕਾਰਾਂ ਵਿਚ ਦਰਾੜ ਪਾਉਣੀ ਚਾਹੁੰਦੀਆਂ ਹਨ।
2) ਕੁਝ ਲੋਕ ਇਸ ਨੂੰ ਵੱਧ ਆਮਦਨ ਵਾਲੇ ਗੁਰਦੁਆਰਿਆਂ ਉੱਤੇ ਕਬਜ਼ਿਆਂ ਦੀ ਲੜਾਈ ਵਜੋਂ ਵੀ ਦੇਖ ਰਹੇ ਹਨ। ਵਿਆਨਾ ਦੀ ਹੀ ਉਦਾਹਰਣ ਦਿੰਦੇ ਹੋਏ ਉਹ ਕਹਿੰਦੇ ਹਨ ਕਿ ਕੁਝ ਮਹੀਨੇ ਪਹਿਲਾਂ ਤੱਕ ਇਥੋਂ ਦੀ ਰੁਡੋਲਸ਼ੀਮ ਸਟਰੀਟ ਵਿਚ ਇਕ ਗੁਰਦੁਆਰਾ ਸੀ, ਜਿਸ ’ਤੇ ਖ਼ਾਲਿਸਤਾਨ ਪੱਖੀ ਲੋਕਾਂ ਦਾ ਕਬਜ਼ਾ ਸੀ ਪਰ ਹੁਣ ਇਸੇ ਖੇਤਰ ਵਿਚ ਭਗਤ ਰਵਿਦਾਸ ਦੇ ਪੈਰੋਕਾਰਾਂ ਨੇ ਆਪਣਾ ਵੱਖਰਾ ਗੁਰੂ ਘਰ ਬਣਾ ਲਿਆ ਹੈ। ਦੂਜੇ ਗੁਰਦੁਆਰੇ ਦੇ ਲੋਕਾਂ ਦੇ ਰਵੱਈਏ ਕਾਰਨ ਵਧੇਰੇ ਲੋਕ ਇਸ ਗੁਰਦੁਆਰੇ ਵਿਚ ਜਾਣ ਲੱਗ ਪਏ ਹਨ।
3) ਭਗਤ ਰਵਿਦਾਸ ਦੇ ਪੈਰੋਕਾਰ ਹੁਣ ਆਪਣੀਆਂ ਵਿਆਹ-ਸ਼ਾਦੀਆਂ ਹੋਰ ਰਸਮਾਂ ਦੇ ਪ੍ਰੋਗਰਾਮ ਆਪਣੇ ਗੁਰਦੁਆਰੇ ਵਿਚ ਕਰਨ ਲੱਗ ਪਏ ਹਨ, ਜਿਸ ਕਾਰਨ ਦੂਜੇ ਗੁਰਦੁਆਰੇ ਦੀ ਆਮਦਨ ਘਟ ਗਈ, ਇਸ ਕਰਕੇ ਦੂਜੇ ਗੁਰਦੁਆਰੇ ਵਾਲੇ ਇਨ੍ਹਾਂ ਤੋਂ ਕਾਫ਼ੀ ਖਫ਼ਾ ਸਨ।
ਗੁਰੂ ਰਵਿਦਾਸ ਦੇ ਪੈਰੋਕਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਆਸਥਾ ਰੱਖਦੇ ਹਨ, ਕਿਉਂਕਿ ਗੁਰੂ ਰਵਿਦਾਸ ਦੀ ਬਾਣੀ ਇਸ ਵਿਚ ਦਰਜ ਹੈ। ਪਰ ਇਸਦੇ ਨਾਲ ਨਾਲ ਉਹ ਆਪਣੀ ਦੇਹਧਾਰੀ ਗੁਰੂ ਦੀ ਪ੍ਰੰਪਰਾ ਨੂੰ ਵੀ ਕਾਇਮ ਰੱਖ ਰਹੇ ਹਨ। ਇਸ ਲਈ ਸ਼੍ਰੋਮਣੀ ਕਮੇਟੀ ਦੀ ਮਰਿਆਦਾ ਨੂੰ ਮੰਨਣ ਵਾਲੇ ਇਨ੍ਹਾਂ ਦੀ ਮਰਿਆਦਾ ਨੂੰ ਸਿੱਖ ਰਹਿਤ ਮਰਿਆਦਾ ਦੀ ਉਲੰਘਣਾ ਦੱਸਦੇ ਹਨ। ਇਸ ਲਈ ਸਿੱਖ ਰਹਿਤ ਮਰਿਆਦਾ ਨੂੰ ਮੰਨਣ ਵਾਲਿਆਂ ਨੇ ਲਿਖਤੀ ਤੌਰ ’ਤੇ ਸੰਤ ਨਿਰੰਜਣ ਦਾਸ ਨੂੰ ਧਮਕੀ ਵੀ ਦਿੱਤੀ ਸੀ।
ਸੰਤ ਨਿਰੰਜਣ ਦਾਸ ਹਰ ਸਾਲ ਵਿਦੇਸ਼ਾਂ ਦੇ ਦੌਰੇ ’ਤੇ ਜਾਂਦੇ ਹਨ। ਉਹ ਗੁਰੂ ਰਵਿਦਾਸ ਦੀ ਬਾਣੀ ਦੇ ਪ੍ਰਚਾਰਕ ਹਨ। ਇਸ ਵਾਰ ਜਦੋਂ ਉਹ ਵਿਆਨਾ ਗਏ ਤਾਂ ਪਹਿਲਾਂ ਮਿੱਥੀ ਗਈ ਸਾਜ਼ਿਸ਼ ਤਹਿਤ ਉਨ੍ਹਾਂ ਨੂੰ ਕਤਲ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਹ ਤਾਂ ਬਚ ਗਏ, ਉਨ੍ਹਾਂ ਦੇ ਮੁੱਖ ਸੇਵਾਦਾਰ ਸੰਤ ਰਾਮਾਨੰਦ ਦੀ ਗੋਲੀਆਂ ਨਾਲ ਮੌਤ ਹੋ ਗਈ।
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸੀਨੀਅਰ ਪ੍ਰੋਫ਼ੈਸਰ ਅਤੇ ਡੇਰੇ ਅਤੇ ਦਲਿਤਾਂ ਦੇ ਹਾਲਾਤ ਉੱਤੇ ਅਧਿਐਨ ਕਰਨ ਵਾਲੇ ਡਾ. ਰੌਣਕੀ ਰਾਮ ਵਿਆਨਾ ਦੀ ਘਟਨਾ ਤੋਂ ਬਾਅਦ ਜੋ ਕੁਝ ਪੰਜਾਬ ਵਿਚ ਹੋਇਆ ਉਸਨੂੰ ਦਲਿਤਾਂ ਦੇ ਗੁੱਸੇ ਵਜੋਂ ਪ੍ਰਭਾਸ਼ਿਤ ਕਰਦੇ ਹਨ। ਉਹ ਕਹਿੰਦੇ ਹਨ ਕਿ ਸਮਾਜ ਵਿਚ ਅਜੇ ਵੀ ਦਲਿਤਾਂ ਨੂੰ ਬਣਦਾ ਮਾਣ-ਸਤਿਕਾਰ ਨਹੀਂ ਦਿੱਤਾ ਜਾ ਰਿਹਾ। ਪੰਜ ਸਦੀਆਂ ਪਹਿਲਾਂ ਸਿੱਖ ਪੰਥ ਦੀ ਨੀਂਹ ਜਾਤ-ਪਾਤ ਸਣੇ ਹਰ ਤਰ੍ਹਾਂ ਦੀ ਨਾ-ਬਰਾਬਰੀ ਨੂੰ ਖ਼ਤਮ ਕਰਨ ਲਈ ਰੱਖੀ ਗਈ ਸੀ ਪਰ ਅਫ਼ਸੋਸ ਕਿ ਪੰਜਾਬ ਦੇ ਬਹੁਗਿਣਤੀ ਪਿੰਡਾਂ ਵਿਚ ਦਲਿਤਾਂ ਅਤੇ ਜੱਟ ਸਿੱਖਾਂ ਦੇ ਵੱਖੋ-ਵੱਖਰੇ ਗੁਰਦੁਆਰੇ ਹਨ। ਦਲਿਤਾਂ ਨੂੰ ਅਜੇ ਵੀ ਜੱਟ ਆਪਣੇ ਖੂਹਾਂ ਤੋਂ ਪਾਣੀ ਨਹੀਂ ਭਰਨ ਦਿੰਦੇ। ਹੋਰ ਤਾਂ ਹੋਰ ਦਲਿਤ ਆਪਣੇ ਕਿਸੇ ਪਰਿਵਾਰਕ ਮੈਂਬਰ ਦਾ ਜੱਟਾਂ ਦੇ ਸ਼ਮਸ਼ਾਨ ਘਾਟ ’ਤੇ ਅੰਤਮ ਸਸਕਾਰ ਤੱਕ ਨਹੀਂ ਕਰ ਸਕਦੇ। ਇਹੀ ਕਾਰਨ ਹੈ ਕਿ ਬਹੁਗਿਣਤੀ ਦਲਿਤਾਂ ਦਾ ਸਿੱਖੀ ਤੋਂ ਮੋਹ ਭੰਗ ਹੋ ਗਿਆ ਅਤੇ ਉਹ ਡੇਰਿਆਂ ’ਚ ਜਾਣਾ ਪਸੰਦ ਕਰਨ ਲੱਗੇ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਹੀ ਡਾ. ਜੇ.ਐਸ. ਗਰੇਵਾਲ ਕਹਿੰਦੇ ਹਨ ਕਿ ਡੇਰਾ ਸੱਚਾ ਸੌਦਾ ਵਿਵਾਦ ਨੇ ਇਸ ਪਾੜੇ ਨੂੰ ਹੋਰ ਡੂੰਘਾ ਕਰ ਦਿੱਤਾ ਹੈ। ਡੇਰਾ ਵਿਵਾਦ ਤੋਂ ਬਾਅਦ ਦਲਿਤ ਲੋਕਾਂ ਦਾ ਗੁੱਸਾ ਹੋਰ ਵਧ ਗਿਆ। ਇਸੇ ਗੁੱਸੇ ਅਤੇ ਰੋਸ ਵਿਚ ਡੇਰਿਆਂ ਦੀ ਸ਼ਕਤੀ ਲੁਕੀ ਹੋਈ ਹੈ।
ਜਿੱਥੋਂ ਤੱਕ ਡੇਰਾ ਸਚਖੰਡ ਬੱਲਾਂ ਦਾ ਸਵਾਲ ਹੈ ਇਸ ਵਿਚ ਆਸਥਾ ਰੱਖਣ ਵਾਲੇ ਬਹੁਗਿਣਤੀ ਲੋਕ ਦਲਿਤ ਹਨ। ਕਿਉਂਕਿ ਇਹ ਡੇਰਾ ਗੁਰੂ ਰਵਿਦਾਸ ਦੇ ਮਿਸ਼ਨ ਅਤੇ ਬਾਣੀ ਦਾ ਪ੍ਰਚਾਰ ਕਰਦਾ ਹੈ। ਸੰਤ ਨਿਰੰਜਣ ਦਾਸ ਇਸ ਡੇਰੇ ਦੇ ਮੁਖੀ ਹਨ। ਕਰੀਬ ਪਿਛਲੇ 6 ਦਹਾਕੇ ਤੋਂ ਇਸ ਡੇਰੇ ਵਿਚ ਲੋਕ ਮੱਥਾ ਟੇਕਣ ਆਉਂਦੇ ਹਨ। ਕਿਉਂਕਿ ਇਹ ਡੇਰਾ ਦੁਆਬੇ ਵਿਚ ਹੈ, ਜਿੱਥੇ ਪੰਜਾਬ ਦੇ 50 ਫ਼ੀਸਦੀ ਦਲਿਤ ਵਸਦੇ ਹਨ। ਇਨ੍ਹਾਂ ਵਿੱਚੋਂ 80 ਫ਼ੀਸਦੀ ਆਦਿ ਧਰਮੀ ਹਨ। ਦਲਿਤ ਆਗੂਆਂ ਦਾ ਦਾਅਵਾ ਹੈ ਕਿ ਸ਼ਾਇਦ ਹੀ ਕੋਈ ਅਜਿਹਾ ਆਦਿ ਧਰਮੀ ਪਰਿਵਾਰ ਹੋਵੇ ਜੋ ਸਚਖੰਡ ਬੱਲਾਂ ਵਾਲੇ ਡੇਰੇ ਨਾਲ ਨਾ ਜੁੜਿਆ ਹੋਵੇ। ਪੰਜਾਬ ਦੀ ਕੁੱਲ ਆਬਾਦੀ ਦਾ 29 ਫ਼ੀਸਦੀ ਦਲਿਤ ਵਸੋਂ ਹੈ। ਇਕ ਮੋਟੇ ਜਿਹੇ ਅਨੁਮਾਨ ਮੁਤਾਬਕ ਸਿਰਫ਼ ਦੁਆਬੇ ਵਿਚ ਹੀ ਇਸ ਡੇਰੇ ਦੇ 12-13 ਲੱਖ ਪੈਰੋਕਾਰ ਹਨ। ਇਸ ਡੇਰੇ ਨਾਲ ਪਰਵਾਸੀ ਵੀ ਜੁੜੇ ਹੋਏ ਹਨ, ਜਿਨ੍ਹਾਂ ਦੀ ਮਦਦ ਨਾਲ ਸੰਤ ਨਿਰੰਜਣ ਦਾਸ ਨੇ ਅਮਰੀਕਾ, ਕੈਨੇਡਾ ਅਤੇ ਹੋਰ ਕਈ ਯੂਰਪੀਨ ਮੁਲਕਾਂ ਵਿਚ ਗੁਰੂ ਰਵਿਦਾਸ ਦੇ ਗੁਰਦੁਆਰਿਆਂ ਦੀ ਉਸਾਰੀ ਕਰਵਾਈ ਹੈ। ਭਾਰਤ ਵਿਚ ਵੀ ਪੰਜਾਬ ਤੋਂ ਇਲਾਵਾ ਹਿਮਾਚਲ, ਹਰਿਆਣਾ, ਉੱਤਰ ਪ੍ਰਦੇਸ਼ ਅਤੇ ਹੋਰ ਕਈ ਸੂਬਿਆਂ ਵਿਚ ਅਜਿਹੇ ਡੇਰੇ ਹਨ। ਸਭ ਤੋਂ ਵੱਡਾ ਡੇਰਾ ਵਾਰਾਨਸੀ ਵਿਚ ਹੈ, ਜਿਸ ਵਾਸਤੇ ਅਜੇ ਕੁਝ ਮਹੀਨੇ ਪਹਿਲਾਂ ਹੀ ਸੰਤ ਨਿਰੰਜਣ ਦਾਸ ਨੇ 1.25 ਕਰੋੜ ਰੁਪਏ ਦੀ ਪਾਲਕੀ ਭੇਜੀ ਸੀ। ਇਸ ਗੱਲ ਤੋਂ ਪਰਵਾਸੀ ਭਾਰਤੀਆਂ ਦੀ ਡੇਰੇ ਵਿਚ ਆਸਥਾ ਦਾ ਅੰਦਾਜਾ ਸਹਿਜੇ ਹੀ ਲੱਗ ਜਾਂਦਾ ਹੈ। ਡੇਰੇ ਵਲੋਂ ਵੱਖ-ਵੱਖ ਥਾਵਾਂ ਉੱਤੇ ਚੈਰੇਟੀ ਹਸਪਤਾਲ, ਸਕੂਲ, ਕਾਲਜ ਅਤੇ ਸੇਵਾ ਸੰਸਥਾਵਾਂ ਖੋਲ੍ਹੀਆਂ ਗਈਆਂ ਹਨ। ਲੋਕ ਬੜੀ ਹੀ ਸ਼ਰਧਾ ਭਾਵਨਾ ਨਾਲ ਇਸ ਡੇਰੇ ਨਾਲ ਜੁੜੇ ਹੋਏ ਹਨ।
ਪੰਜਾਬ ਜਾਂ ਹੋਰ ਕਿਸੇ ਥਾਂ ਕਦੇ ਵੀ ਸੰਤ ਨਿਰੰਜਣ ਦਾਸ ਦਾ ਸਿੱਖਾਂ ਨਾਲ ਕੋਈ ਵਿਵਾਦ ਜਾਂ ਵਖ਼ਰੇਵਾਂ ਵੀ ਨਹੀਂ ਰਿਹਾ। ਇਸ ਲਈ ਭਾਰਤ ਦੀਆਂ ਕਈ ਸਰਕਾਰੀ ਏਜੰਸੀਆਂ ਨਾਲ ਜੁੜੇ ਲੋਕ ਤਾਜ਼ਾ ਵਿਵਾਦ ਨੂੰ ਦਲਿਤਾਂ ਅਤੇ ਜੱਟਾਂ ਦਾ ਵਿਵਾਦ ਮੰਨਣ ਲਈ ਤਿਆਰ ਨਹੀਂ ਹਨ। ਉਹ ਖ਼ਾਲਿਸਤਾਨ ਪੱਖੀ ਸੰਗਠਨਾਂ ਵਲੋਂ ਇਸ ਘਟਨਾ ਦੀ ਨਿੰਦਾ ਕੀਤੇ ਜਾਣ ਤੋਂ ਅੰਦਾਜ਼ਾ ਲਗਾ ਰਹੇ ਹਨ ਕਿ ਜੇਕਰ ਇਹ ਪ੍ਰੋ ਖ਼ਾਲਿਸਤਾਨੀ ਸੰਗਠਨਾਂ ਦਾ ਕਾਰਾ ਹੁੰਦਾ ਤਾਂ ਇਨ੍ਹਾਂ ਸੰਗਠਨਾਂ ਨੇ ਨਿੰਦਾ ਲਈ ਅੱਗੇ ਨਹੀਂ ਆਉਣਾ ਸੀ। ਇਸ ਲਈ ਸਰਕਾਰੀ ਏਜੰਸੀਆਂ ਇਸ ਮਾਮਲੇ ਨੂੰ ਆਮਦਨ ਵਾਲੇ ਗੁਰਦੁਆਰਿਆਂ ਉੱਤੇ ਕਬਜ਼ਿਆਂ ਦੀ ਲੜਾਈ ਵਜੋਂ ਦੇਖ ਰਹੀਆਂ ਹਨ।
ਵਿਆਨਾ ਘਟਨਾ ਤੋਂ ਬਾਅਦ ਪੰਜਾਬ ਵਿਚ ਹੋਈ ਹਿੰਸਾ ਨੂੰ ਵੀ ਏਜੰਸੀਆਂ ਕੋਈ ਯੋਜਨਾਬੱਧ ਹਿੰਸਾ ਵਜੋਂ ਨਹੀਂ ਲੈ ਰਹੀਆਂ ਸਗੋਂ ਉਹ ਇਸ ਨੂੰ ਖ਼ਾਸ ਫ਼ਿਰਕੇ ਨਾਲ ਸਬੰਧਤ ਸੰਤ ਉੱਤੇ ਹੋਏ ਹਮਲੇ ਦੀ ਸੁਭਾਵਿਕ ਪ੍ਰਤੀਕਿਰਿਆ ਵਜੋਂ ਦੇਖ ਰਹੀਆਂ ਹਨ। ਜਿੱਥੋਂ ਤੱਕ ਪੰਜਾਬ ਦੀਆਂ ਸਿਆਸੀ ਪਾਰਟੀਆਂ ਦਾ ਸਬੰਧ ਹੈ, ਸਾਰੀਆਂ ਹੀ ਪਾਰਟੀਆਂ ਨੇ ਵਿਆਨਾ ਵਿਚ ਹੋਏ ਹਮਲੇ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ ਅਤੇ ਲੋਕਾਂ ਨੂੰ ਸੰਜਮ ਤੋਂ ਕੰਮ ਲੈਣ ਦੀ ਅਪੀਲ ਕੀਤੀ ਹੈ ਕਿਉਂਕਿ ਇਹ ਘਟਨਾ ਵਿਆਨਾ ਵਿਚ ਵਾਪਰੀ ਹੈ। ਘਟਨਾ ਤੋਂ ਬਾਅਦ ਜਿਸ ਫੁਰਤੀ ਨਾਲ ਵਿਆਨਾ ਪੁਲਿਸ ਨੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਉਸ ਤੋਂ ਉੱਥੋਂ ਦੇ ਪ੍ਰਸ਼ਾਸਨ ਦੀ ਮਨਸ਼ਾਂ ਉੱਤੇ ਸ਼ੱਕ ਵੀ ਨਹੀਂ ਕੀਤਾ ਜਾ ਸਕਦਾ ਕਿ ਉਹ ਦੋਸ਼ੀਆਂ ਨੂੰ ਸਜ਼ਾਵਾਂ ਨਹੀਂ ਦੁਆਉਣਗੇ। ਭਾਰਤ ਸਰਕਾਰ ਵਲੋਂ ਵੀ ਆਸਟਰੀਆ ਸਰਕਾਰ ਨਾਲ ਲਗਾਤਾਰ ਸੰਪਰਕ ਰੱਖੇ ਜਾਣ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਇਸਦੇ ਬਾਵਜੂਦ ਸਰਕਾਰੀ ਮਸ਼ੀਨਰੀ ਲੋਕਾਂ ਨੂੰ ਸ਼ਾਂਤ ਕਰਨ ’ਚ ਪੂਰੀ ਤਰ੍ਹਾਂ ਕਾਮਯਾਬ ਨਹੀਂ ਹੋ ਸਕੀ। ਲਗਭਗ 2 ਦਿਨ ਰਾਜ ਵਿਚ ਹਰ ਪਾਸੇ ਹਾਹਾਕਾਰ ਮਚੀ ਰਹੀ। ਪੰਜਾਬ ਸਰਕਾਰ ਨੇ ਤਾਂ ਖੁਦ ਹੀ ਬੰਦ ਦਾ ਸੱਦਾ ਦੇ ਦਿੱਤਾ ਸੀ ਪਰ ਇਸਦੇ ਬਾਵਜੂਦ ਲੋਕ ਸ਼ਾਂਤ ਨਾ ਹੋਏ ਅਤੇ ਸਰਕਾਰੀ ਜਾਇਦਾਦ ਦਾ ਵੱਡੀ ਪੱਧਰ ’ਤੇ ਨੁਕਸਾਨ ਹੋਇਆ।
ਇਸ ਘਟਨਾ ਨੇ ਇੱਕ ਵਾਰ ਫੇਰ ਪੰਜਾਬ ਦੇ ਅਕਸ ਨੂੰ ਗੰਭੀਰ ਧੱਕਾ ਲਾਇਆ ਹੈ। ਅੱਸੀਵਿਆਂ ਦੀ ਹਿੰਸਾ ਨਾਲ ਪੰਜਾਬ ਇੱਕ ਗੜਬੜ ਵਾਲੇ ਖੇਤਰ ਵਜੋਂ ਜਾਣਿਆ ਜਾਣ ਲੱਗਾ ਸੀ। ਜਿਸ ਕਾਰਨ ਕੋਈ ਵੀ ਕੰਪਨੀ ਪੰਜਾਬ ਵਿੱਚ ਪੈਸਾ ਲਾਉਣ ਲਈ ਤਿਆਰ ਨਹੀਂ। ਪੰਜਾਬ ਵਿੱਚ ਸ਼ਾਂਤੀ ਦੀ ਬਹਾਲੀ ਤੋਂ ਬਾਅਦ ਅਜੇ ਮੁਸ਼ਕਲ ਨਾਲ ਹੀ ਰਾਜ ਦਾ ਅਕਸ ਜ਼ਰਾ ਕੁ ਸੁਧਰਿਆ ਸੀ ਕਿ ਸੱਚਾ ਸੌਦਾ ਡੇਰਾ ਵਿਵਾਦ ਤੋਂ ਬਾਅਦ ਫੇਰ ਪੰਜਾਬ ਵਿੱਚ ਹੋਈ ਗੜਬੜ ਨੇ ਲੋਕਾਂ ਦੇ ਅੰਦਰ ਪੰਜਾਬ ਦੀ ਸ਼ਾਂਤੀ ਬਾਰੇ ਸ਼ੰਕੇ ਪੈਦਾ ਕਰ ਦਿੱਤੇ। ਸੱਚਾ ਸੌਦਾ ਮਾਮਲਾ ਅਜੇ ਪੂਰੀ ਤਰ੍ਹਾਂ ਠੰਡਾ ਨਹੀਂ ਪਿਆ ਕਿ ਹੁਣ ਤਾਜ਼ਾ ਵਾਪਰੀ ਘਟਨਾ ਨੇ ਇੱਕ ਵਾਰ ਫੇਰ ਪੰਜਾਬ ਬਾਰੇ ਇਹ ਪ੍ਰਭਾਵ ਪੈਦਾ ਕਰ ਦਿੱਤਾ ਹੈ ਕਿ ਇਹ ਰਾਜ ਕਦੇ ਵੀ ਸ਼ਾਂਤ ਨਹੀਂ ਰਹਿ ਸਕਦਾ। ਪੰਜਾਬ ਦੇ ਵਿਕਾਸ ਦੇ ਨੁਕਤੇ ਤੋਂ ਰਾਜ ਲਈ ਇਹ ਬਹੁਤ ਵੱਡਾ ਧੱਕਾ ਹੈ। ਇਸ ਘਟਨਾ ਦਾ ਦੂਜਾ ਪਹਿਲੂ ਇਹ ਹੈ ਕਿ ਵਿਆਨਾ ਦੀ ਘਟਨਾ ਨੇ ਅੰਤਰ ਰਾਸ਼ਟਰੀ ਤੌਰ ਤੇ ਵੀ ਸਮੁੱਚੇ ਪਰਵਾਸੀ ਭਾਈਚਾਰੇ ਅਤੇ ਖਾਸ ਕਰਕੇ ਪੰਜਾਬੀਆਂ ਨੂੰ ਸ਼ੱਕ ਦੇ ਘੇਰੇ ਵਿਚ ਲੈ ਆਂਦਾ ਹੈ। ਸੰਭਵ ਹੈ ਕਿ ਇਸ ਘਟਨਾ ਤੋਂ ਬਾਅਦ ਯੂਰਪੀ ਮੁਲਕ ਵੀ ਅਮਰੀਕਾ ਕੈਨੇਡਾ ਦੀ ਤਰ੍ਹਾਂ ਰਿਫਿਊਜੀ ਜਾਂ ਹੋਰ ਗੈਰ ਕਾਨੂੰਨੀ ਤਰੀਕਿਆਂ ਨਾਲ ਇਨ੍ਹਾਂ ਮੁਲਕਾਂ ਵਿੱਚ ਰਹਿ ਰਹੇ ਪੰਜਾਬੀਆਂ ਤੇ ਸ਼ਿਕੰਜਾ ਕੱਸ ਦੇਣ।
25 ਸਾਲ ਬਾਅਦ ਪੰਜਾਬ ਮੁੜ ਸੁਲਗਿਆ
ਡੇਰਾ ਸੱਚ ਖੰਡ ਬੱਲਾਂ ਦੇ ਸ਼ਰਧਾਲੂਆਂ ਵਲੋਂ ਹਿੰਸਕ ਪ੍ਰਦਰਸ਼ਨ ਦੇ ਕਾਰਨ 25 ਸਾਲ ਬਾਅਦ ਪੰਜਾਬ ਸੂਬੇ ਵਿਚ ਪਹਿਲੀ ਵਾਰ ਹਾਲਾਤ ਅਜਿਹੇ ਬੇਕਾਬੂ ਹੋਏ ਕਿ ਚਾਰ ਤੋਂ ਵੱਧ ਸ਼ਹਿਰਾਂ ਵਿਚ ਕਰਫਿਊ ਲਗਾਉਣਾ ਪਿਆ ਅਤੇ ਫੌਜ ਤੱਕ ਬੁਲਾਉਣੀ ਪੈ ਗਈ। ਇਸ ਤੋਂ ਪਹਿਲਾਂ 1984 ਵਿਚ ਇੱਕੋ ਵਕਤ ਕਈ ਸ਼ਹਿਰਾਂ ਵਿਚ ਕਰਫਿਊ ਲਗਾਉਣਾ ਪਿਆ ਸੀ। ਬਠਿੰਡਾ ਵਿਚ ਡੇਰਾ ਸੱਚਾ ਸੌਦਾ ਦੇ ਸਮਰਥਕਾਂ ਅਤੇ ਸਿੱਖ ਸੰਗਠਨਾਂ ਦੇ ਨੁਮਾਇੰਦਿਆਂ ਵਿਚਕਾਰ ਪੈਦਾ ਹੋਏ ਵਿਵਾਦ ਦੇ ਦੌਰਾਨ ਵੀ ਕਰਫਿਊ ਜ਼ਰੂਰ ਲੱਗਿਆ ਸੀ ਪਰ ਕੁਝ ਘੰਟਿਆਂ ਲਈ ਹੀ ਅਤੇ ਇਹ ਕਰਫਿਊ ਬਠਿੰਡਾ ਦੀ ਹੱਦ ਤੱਕ ਹੀ ਸੀਮਤ ਸੀ। ਜਲੰਧਰ ਵਿਖੇ ਤੱਲ੍ਹਣ ਵਿਚ ਸਥਿੱਤ ਗੁਰਦੁਆਰੇ ਦੇ ਪ੍ਰਬੰਧ ਨੂੰ ਲੈ ਕੇ ਵੀ ਮਾਹੌਲ ਤਣਾਅਪੂਰਨ ਹੋਇਆ ਸੀ ਪਰ ਪੁਲਿਸ ਨੇ ਹਾਲਾਤ ਨੂੰ ਕਾਬੂ ਵਿਚ ਕਰ ਲਿਆ ਸੀ। ਮਈ 1988 ਵਿਚ ਸਿੱਖ ਸੰਗਠਨਾਂ ਅਤੇ ਸੂਬਾ ਪੁਲਿਸ ਵਿਚਕਾਰ ਵੀ ਤਣਾਅ ਪੈਦਾ ਹੋਇਆ ਸੀ, ਪਰ ਤਦ ਵੀ ਸਥਿਤੀ ਏਨੀ ਨਹੀਂ ਵਿਗੜੀ ਸੀ ਅਤੇ ਸੂਬਾ ਪੁਲਿਸ ਨੂੰ ਮਾਹੌਲ ਸ਼ਾਂਤ ਕਰਨ ਲਈ ਫੌਜ ਦੀ ਜ਼ਰੂਰਤ ਵੀ ਨਹੀਂ ਪਈ ਸੀ।
ਕਾਬਲੇ ਗੌਰ ਹੈ ਕਿ ਹੁਣ ਤੱਕ ਜਿੰਨੀਆਂ ਵੀ ਘਟਨਾਵਾਂ ਤਣਾਅ ਦਾ ਕਾਰਨ ਬਣੀਆਂ ਹਨ, ਉਹ ਸਾਰੀਆਂ ਸੂਬੇ ਦੇ ਅੰਦਰ ਹੀ ਹੋਈਆਂ ਸਨ। ਭਾਵ ਤਣਾਅ ਵਾਲੀਆਂ ਘਟਨਾਵਾਂ ਦਾ ਕੇਂਦਰ ਸੂਬੇ ਦੇ ਅੰਦਰ ਹੀ ਸੀ, ਪਰ ਪੈਦਾ ਹੋਏ ਇਸ ਵਿਵਾਦ ਦਾ ਕੇਂਦਰ ਸੂਬੇ ਤੋਂ ਹੀ ਨਹੀਂ ਬਲਕਿ ਦੇਸ਼ ਤੋਂ ਵੀ ਬਾਹਰ ਆਸਟਰੀਆ ਦੇ ਵਿਆਨਾ ਵਿਚ ਹੈ। ਵਿਆਨਾ ਵਿਖੇ ਡੇਰਾ ਸੱਚ ਖੰਡ ਬੱਲਾਂ ਦੇ ਮੁਖੀ ਸੰਤ ਨਰੰਜਨ ਦਾਸ ਅਤੇ ਉਹਨਾਂ ਦੇ ਸ਼ਰਧਾਲੂਆਂ ਉੱਤੇ ਹਥਿਆਰਬੰਦ ਨੌਜਵਾਨਾਂ ਨੇ ਹਮਲਾ ਕੀਤਾ ਹੈ। ਇਸ ਵਿਚ 30 ਲੋਕਾਂ ਦੇ ਜ਼ਖ਼ਮੀ ਹੋਣ ਅਤੇ ਸੰਤ ਰਾਮਾਨੰਦ ਸਣੇ ਦੋ ਮੌਤ ਹੋਣ ਦੀ ਖਬਰ ਸਾਹਮਣੇ ਆਈ। ਸੰਤਾਂ ਉੱਤੇ ਹੋਏ ਹਮਲੇ ਅਤੇ ਸੰਤ ਰਾਮਾਨੰਦ ਦੀ ਮੌਤ ਦੇ ਕਾਰਨ ਪੰਜਾਬ ਵਿਚ ਭਾਂਬੜ ਬਲ ਉੱਠਿਆ। ਡੇਰਾ ਸੱਚ ਖੰਡ ਬੱਲਾਂ ਦੇ ਸ਼ਰਧਾਲੂਆਂ ਨੇ ਐਤਵਾਰ ਤੋਂ ਹੀ ਹਿੰਸਕ ਪ੍ਰਦਰਸ਼ਨ ਸ਼ੁਰੂ ਕਰ ਦਿੱਤੇ ਸਨ। ਜੋ ਅਗਲੇ ਦਿਨ ਚੜ੍ਹਦੇ ਤੱਕ ਭਿਆਨਕ ਰੂਪ ਧਾਰ ਗਏ।
ਯੋਜਨਾਬੱਧ ਢੰਗ ਨਾਲ ਹੋਇਆ ਸੀ ਹਮਲਾ -----ਵੀਆਨਾ/ਬਿਊਰੋ ਨਿਊਜ਼
ਇੱਥੋਂ ਦੇ ਇਕ ਗੁਰਦੁਆਰੇ ਵਿਚ ਹੋਏ ਹਮਲੇ ਵਿਚ ਜ਼ਖ਼ਮੀ ਸੰਤ ਰਾਮਾਨੰਦ ਦੀ ਮੌਤ ਹੋ ਗਈ। ਵੀਆਨਾ ਪੁਲਿਸ ਨੇ ਕਿਹਾ ਕਿ ਇਹ ਹਮਲਾ ਸੋਚ ਸਮਝ ਕੇ ਕੀਤਾ ਗਿਆ ਸੀ। ਸੰਤ ਰਾਮਾਨੰਦ ਭਾਰਤ ਵਿਚ ਜਲੰਧਰ ਲਾਗਲੇ ਇਕ ਸੰਪਰਦਾਏ ਦੇ ਪ੍ਰਚਾਰਕ ਸਨ। ਇਸ ਹਮਲੇ ਵਿਚ ਡੇਰਾ ਸੱਚਖੰਡ ਬੱਲਾਂ ਦੇ ਮੁਖੀ ਸੰਤ ਨਿਰੰਜਨ ਦਾਸ ਜ਼ਖ਼ਮੀ ਹੋ ਗਏ ਸਨ।
ਵੀਆਨਾ ਪੁਲਿਸ ਦੇ ਤਰਜਮਾਨ ਮਾਈਕਲ ਟੈਕਾਕਸ ਨੇ ਪੱਤਰਕਾਰਾਂ ਨੂੰ ਦੱਸਿਆ, ‘‘ਜ਼ਾਹਰਾ ਤੌਰ ’ਤੇ ਇਹ ਪੂਰਾ ਯੋਜਨਾਬੱਧ ਹਮਲਾ ਸੀ।’’ ਉਹਨਾਂ ਕਿਹਾ ਕਿ ਕੇਸ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਇਸ ਘਟਨਾ ਵਿਚ 16 ਜਣੇ ਜ਼ਖ਼ਮੀ ਹੋ ਗਏ ਸਨ, ਜਿਨ੍ਹਾਂ ਵਿੱਚੋਂ ਕੁਝ ਦੀ ਹਾਲਤ ਗੰਭੀਰ ਹੈ।
ਦੋਵੇਂ ਪ੍ਰਚਾਰਕਾਂ ’ਤੇ ਹਮਲਾ ਕਰਨ ਵਾਲੇ ਛੇ ਜਣਿਆਂ ਨੂੰ ਗੁਰਦੁਆਰੇ ਦੇ ਸ਼ਰਧਾਲੂਆਂ ਨੇ ਹੀ ਕਾਬੂ ਕੀਤਾ ਸੀ ਅਤੇ ਉਹਨਾਂ ਦੀ ਕਾਫੀ ਕੁੱਟਮਾਰ ਵੀ ਕੀਤੀ ਸੀ। ਇਹ ਹਮਲਾਵਰ ਵੀ ਹਸਪਤਾਲ ਵਿਚ ਦਾਖਲ ਹਨ। ਇਹਨਾਂ ਵਿੱਚੋਂ ਚਾਰ ਜਣਿਆਂ ਦੀ ਹਾਲਤ ਗੰਭੀਰ ਹੈ, ਜਦਕਿ ਦੋ ਹਮਲਾਵਰਾਂ ਦੀ ਹਾਲਤ ਸਥਿਰ ਹੈ, ਜਿਹਨਾਂ ਤੋਂ ਪੁਲਿਸ ਪੁੱਛ ਪੜਤਾਲ ਕਰ ਰਹੀ ਹੈ। ਪੁਲਿਸ ਨੇ ਜ਼ਖ਼ਮੀਆਂ ਦੀ ਗਿਣਤੀ 30 ਦੀ ਬਜਾਏ ਦਰੁਸਤ ਕਰਕੇ 16 ਦੱਸੀ ਹੈ। ਜ਼ਖ਼ਮੀਆਂ ਵਿਚ ਡੇਰਾ ਮੁਖੀ ਸੰਤ ਨਿਰੰਜਨ ਦਾਸ (66) ਵੀ ਸ਼ਾਮਲ ਹਨ। ਪੁਲਿਸ ਬੁਲਾਰੇ ਨੇ ਦੱਸਿਆ ਕਿ ਹਮਲਾ ਹੋਣ ਵਾਲੇ ਪਰਚਾਰਕ ਵੀਆਨਾ ਲਾਗੇ ਇਕ ਗੁਰਦੁਆਰੇ ਵਿਚ ਪ੍ਰਵਚਨ ਕਰ ਰਹੇ ਸਨ।
ਕ੍ਰਿਸ਼ਨਾ ਨੂੰ ਭਰੋਸਾ: ਇਸੇ ਦੌਰਾਨ ਆਸਟਰੀਆ ਦੇ ਵਿਦੇਸ਼ ਮੰਤਰੀ ਮਾਈਕਲ ਸਪਿੰਡਲੈਗਰ ਨੇ ਭਾਰਤੀ ਵਿਦੇਸ਼ ਮੰਤਰੀ ਐਸ ਐਮ ਕ੍ਰਿਸ਼ਨਾ ਨਾਲ ਫੋਨ ’ਤੇ ਗੱਲਬਾਤ ਕੀਤੀ ਅਤੇ ਭਰੋਸਾ ਦਿੱਤਾ ਕਿ ਉਹਨਾਂ ਦੀ ਸਰਕਾਰ ਬਾਬਾ ਰਾਮਾਨੰਦ ਤੇ ਬਾਬਾ ਨਿਰੰਜਣ ਦਾਸ ਉੱਤੇ ਹਮਲੇ ਲਈ ਜ਼ਿੰਮੇਵਾਰ ਅਨਸਰਾਂ ਖਿਲਾਫ ਹਰ ਸੰਭਵ ਕਾਨੂੰਨੀ ਕਾਰਵਾਈ ਕਰੇਗੀ। ਉਹਨਾਂ ਕਿਹਾ ਕਿ ਸੰਤ ਰਾਮਾਨੰਦ ਦੀ ਦੇਹ ਭਾਰਤ ਪਹੁੰਚਾਉਣ ਲਈ ਹਰ ਸੰਭਵ ਸਹਾਇਤਾ ਦਿੱਤੀ ਜਾਵੇਗੀ। ਵਿਦੇਸ਼ ਮੰਤਰਾਲੇ ਦੇ ਤਰਜਮਾਨ ਪੀਟਰ ਲੌਂਸਕੀ ਨੇ ਦੱਸਿਆ ਕਿ ਆਸਟਰੀਆ ਸਰਕਾਰ ਨੂੰ ਇਸ ਗੱਲ ਦਾ ਅਫਸੋਸ ਹੈ ਕਿ ਇਹ ਮੰਦਭਾਗਾ ਕਾਂਡ ਉਸ ਵੀਆਨਾ ਸ਼ਹਿਰ ਵਿਚ ਵਾਪਰਿਆ ਜਿਸ ਨੂੰ ਅਮਨ ਦੀ ਰਾਜਧਾਨੀ ਮੰਨਿਆ ਜਾਂਦਾ ਹੈ।
ਪੰਜਾਬ ਅੰਦਰ 7 ਹਜ਼ਾਰ ਕਰੋੜ ਦਾ ਨੁਕਸਾਨ:
ਡੇਰਾ ਬੱਲਾਂ ਦੇ ਸੰਤਾਂ ਅਤੇ ਉਨ੍ਹਾਂ ਦੇ ਸ਼ਰਧਾਲੂਆਂ ਉੱਤੇ ਵਿਦੇਸ਼ ਵਿਚ ਹੋਏ ਹਮਲੇ ਤੋਂ ਬਾਅਦ ਪੰਜਾਬ ਵਿਚ ਹਿੰਸਕ ਪ੍ਰਦਰਸ਼ਨਾਂ ਦਾ ਦੌਰ ਚਲ ਨਿਕਲਿਆ। ਪ੍ਰਦਰਸ਼ਨਕਾਰੀਆਂ ਨੇ ਆਮ ਲੋਕਾਂ ਨੂੰ ਜਿੱਥੇ ਮੁਸੀਬਤਾਂ ਵਿਚ ਪਾਇਆ ਉੱਥੇ ਰੇਲ ਗੱਡੀਆਂ, ਸਰਕਾਰੀ ਬੱਸਾਂ, ਪੈਟਰੋਲ ਪੰਪਾਂ, ਸਰਕਾਰੀ ਦਫ਼ਤਰਾਂ ਅਤੇ ਏਟੀਐਮ ਮਸ਼ੀਨਾਂ ਸਮੇਤ ਆਮ ਲੋਕਾਂ ਦੇ ਵਾਹਨਾਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ। ਵੱਡੀ ਮਾਤਰਾ ਵਿਚ ਸਰਕਾਰੀ ਜਾਇਦਾਦ ਦੀ ਭੰਨਤੋੜ ਵੀ ਕੀਤੀ ਗਈ। ਅੰਦਾਜ਼ਨ ਇਸ ਹਿੰਸਕ ਪ੍ਰਦਰਸ਼ਨ ਦੌਰਾਨ ਪੰਜਾਬ ਅੰਦਰ 6 ਹਜ਼ਾਰ ਕਰੋੜ ਤੋਂ ਲੈ ਕੇ 7 ਹਜ਼ਾਰ ਕਰੋੜ ਤੱਕ ਦਾ ਨੁਕਸਾਨ ਹੋਇਆ ਹੈ।
ਮਨਮੋਹਨ ਸਿੰਘ ਨੇ ਪੰਜਾਬ ਦੇ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਲਈ ਕਿਹਾ:
ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਆਸਟਰੀਆ ਦੀ ਰਾਜਧਾਨੀ ਵਿਆਨਾ ਵਿਖੇ ਵਾਪਰੀ ਦੁਖਦਾਈ ਘਟਨਾ ਤੋਂ ਬਾਅਦ ਪੰਜਾਬ ਵਿਚ ਭੜਕੀ ਹਿੰਸਾ ਉੱਤੇ ਚਿੰਤਾ ਪ੍ਰਗਟਾਉਂਦਿਆਂ ਸੂਬੇ ਦੇ ਲੋਕਾਂ ਨੂੰ ਕਿਹਾ ਕਿ ਉਹ ਮਹਾਨ ਗੁਰੂਆਂ ਦੇ ਦਰਸਾਏ ਰਸਤੇ ਉੱਤੇ ਚੱਲਦਿਆਂ ਅਮਨ ਸ਼ਾਂਤੀ ਬਣਾਈ ਰੱਖਣ। ਸੋਮਵਾਰ ਇੱਥੇ ਜਾਰੀ ਇਕ ਸੰਦੇਸ਼ ਵਿਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਆਨਾ ਵਿਖੇ ਵਾਪਰੀ ਘਟਨਾ ਤੋਂ ਬਾਅਦ ਪੰਜਾਬ ਵਿਚ ਹਿੰਸਾ ਦੇ ਭੜਕਣ ਕਾਰਨ ਮੈਂ ਬਹੁਤ ਚਿੰਤਤ ਹੋਇਆ ਹਾਂ। ਕਿਸੇ ਵੀ ਹਾਲਤ ਵਿਚ ਵੱਖ ਵੱਖ ਭਾਈਚਾਰਿਆਂ ਦਰਮਿਆਨ ਸ਼ਾਂਤੀ ਬਣਾਈ ਰੱਖਣੀ ਬਹੁਤ ਜ਼ਰੂਰੀ ਹੈ। ਸਿੱਖ ਪੰਥ ਸਹਿਣਸ਼ੀਲ ਅਤੇ ਸਦਭਾਵਨਾ ਸਿਖਾਉਂਦਾ ਹੈ। ਮਹਾਨ ਸਿੱਖ ਗੁਰੂਆਂ ਨੇ ਬਰਾਬਰਤਾ, ਭਾਈਚਾਰੇ ਅਤੇ ਸਦਭਾਵਨਾ ਦਾ ਸੰਦੇਸ਼ ਦਿੱਤਾ ਹੈ। ਮੈਂ ਸਭ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਮਹਾਨ ਗੁਰੂਆਂ ਦੀਆਂ ਸਿੱਖਿਆਵਾਂ ’ਤੇ ਅਮਲ ਕਰਦੇ ਹੋਏ ਹਿੰਸਾ ਤੋਂ ਦੂਰ ਰਹਿਣ ਅਤੇ ਸ਼ਾਂਤੀ ਬਣਾਈ ਰੱਖਣ। ਲੋਕ ਅਮਨ-ਕਾਨੂੰਨ ਬਣਾਈ ਰੱਖਣ ਲਈ ਸੁਰੱਖਿਆ ਫੋਰਸਾਂ ਨੂੰ ਸਹਿਯੋਗ ਦੇਣ।
ਡੇਰੇਦਾਰ ਰਾਮਾਨੰਦ ਦੇ ਕਤਲ ਮਾਮਲੇ ਦੇ ਲੁਕਵੇਂ ਤੱਥ