ਇਹ ਗੱਲ ਮੈਨੂੰ ਬਹੁਤ ਹੀ ਅਫ਼ਸੋਸ ਨਾਲ ਲਿਖਣੀ ਪੈ ਰਹੀ ਹੈ ਕਿ ਰਵਿਦਾਸੀਆ ਭਾਈਚਾਰਾ ਅਤੇ ਗੁਰੂ ਗ੍ਰੰਥ ਸਾਹਿਬ ਵਿਚਕਾਰ ਜਿਹੜੀ ਸਾਂਝ ਸਦੀਆਂ ਤੋਂ ਚੱਲਦੀ ਆ ਰਹੀ ਸੀ, ਉਹ ਟੁੱਟਦੀ ਜਾ ਰਹੀ ਹੈ। ਇਹੀ ਕਾਰਨ ਹੈ ਕਿ ਸੰਤ ਰਾਮਾਨੰਦ ਜੀ ਦੇ ਭੋਗ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਵੀ ਨਹੀਂ ਕੀਤਾ ਗਿਆ। ਸਿਰਫ਼ ਗੁਰੂ ਰਵਿਦਾਸ ਜੀ ਦੇ 40 ਸ਼ਲੋਕਾਂ ਦਾ ਹੀ ਉਚਾਰਨ ਕੀਤਾ ਗਿਆ। ਇਸ ਤੋਂ ਪਹਿਲਾਂ 11 ਜੂਨ ਨੂੰ ਸੰਤ ਸਰਵਣ ਦਾਸ ਦੀ ਬਰਸੀ ਮੌਕੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਨਹੀਂ ਕੀਤਾ ਗਿਆ ਜਦਕਿ ਇਸ ਤੋਂ ਪਹਿਲਾਂ ਡੇਰਾ ਸੱਚਖੰਡ ਬੱਲਾਂ ਵਿਖੇ ਸਮਾਗਮਾਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਨ ਦੀ ਰਵਾਇਤ ਰਹੀ ਹੈ। ਇਹ ਗੱਲ ਵੱਖਰੀ ਹੈ ਕਿ ਭੋਗ ਪਾਉਣ ਦੀ ਮਰਿਆਦਾ ਕੁੱਝ ਹੋਰ ਹੋਵੇ।
ਕੁੱਝ ਦਿਨ ਪਹਿਲਾਂ ਮੈਂ ਇੱਕ ਲੇਖ 'ਸਿੱਖ ਦਿਮਾਗ਼ ਵਿੱਚੋਂ ਮਨੂੰ ਨੂੰ ਕਢਣਾ' ਲਿਖਿਆ ਸੀ ਜਿਸ ਵਿਚ ਮੈਂ ਪ੍ਰੋ. ਗੁਰਨਾਮ ਸਿੰਘ ਮੁਕਤਸਰ ਦੇ ਇੱਕ ਲੇਖ ਦਾ ਜ਼ਿਕਰ ਕੀਤਾ ਸੀ ਕਿ ਉਨ੍ਹਾਂ ਕੋਲ ਰਵਿਦਾਸ ਭਾਈਚਾਰੇ ਦੇ ਆਗੂਆਂ ਦੇ ਫ਼ੋਨ ਆ ਰਹੇ ਹਨ ਕਿ ਕਿਉਂ ਨਾ ਆਪਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਸਿੱਖਾਂ ਦੇ ਹਵਾਲੇ ਕਰ ਦਈਏ ਅਤੇ ਖ਼ੁਦ ਦਲਿਤ ਗੁਰੂਆਂ ਅਤੇ ਮਹਾਂਪੁਰਸ਼ਾਂ ਦੀ ਬਾਣੀ ਨਾਲ ਗੁਜ਼ਾਰਾ ਕਰ ਲਈਏ। ਮੈਂ ਉਦੋਂ ਕਿਹਾ ਸੀ ਕਿ ਜੇ ਅਜਿਹਾ ਹੁੰਦਾ ਹੈ ਤਾਂ ਇਹ ਬਹੁਤ ਹੀ ਖ਼ਤਰਨਾਕ ਹੋਵੇਗਾ ਅਤੇ ਇੱਕ ਅਜਿਹੀ ਸਮਾਜਿਕ ਵੰਡ ਪਵੇਗੀ, ਜੋ ਨਫ਼ਰਤ ਨਾਲ ਭਰੀ ਹੋਵੇਗੀ। ਇਸ ਲਈ ਸਿੱਖ ਲੀਡਰਾਂ, ਬੁੱਧੀਜੀਵੀਆਂ ਅਤੇ ਧਾਰਮਕ ਆਗੂਆਂ ਨੂੰ ਇਸ ਸਬੰਧ ਵਿਚ ਗੰਭੀਰਤਾ ਨਾਲ ਸੋਚਣਾ ਚਾਹੀਦਾ ਹੈ। ਪਰ ਹਾਲੇ ਸੋਚਣ ਦਾ ਮੌਕਾ ਹੀ ਨਹੀਂ ਮਿਲਿਆ ਕਿ ਇਹ ਪ੍ਰਕ੍ਰਿਆ ਆਰੰਭ ਹੋ ਗਈ ਹੈ।
ਇਹ ਜੋ ਕੁੱਝ ਵਾਪਰਿਆ ਹੈ, ਉਸ ਲਈ ਡੇਰਾ ਸੱਚਖੰਡ ਬੱਲਾਂ ਵਾਲੇ ਸੰਤਾਂ ਅਤੇ ਮਹਾਂਪੁਰਸ਼ਾਂ ਨੂੰ ਸਵਾਲ ਨਹੀਂ ਕੀਤਾ ਜਾ ਸਕਦਾ ਕਿਉਂਕਿ ਉਹ ਆਪਣੇ ਆਪ ਨੂੰ ਸਿੱਖ ਨਹੀਂ ਅਖਵਾਉਂਦੇ। ਉਹ ਹਿੰਦੂ ਵੀ ਨਹੀਂ ਅਖਵਾਉਂਦੇ। ਉਹ ਆਪਣੇ ਆਪ ਨੂੰ ਸਿਰਫ਼ ਰਵਿਦਾਸੀਏ ਕਹਾਉਂਦੇ ਹਨ। ਉਨ੍ਹਾਂ ਨਾਲ ਧਾਰਮਿਕ ਸਾਂਝ ਇਸ ਕਰ ਕੇ ਹੈ ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸ੍ਰੀ ਗੁਰੂ ਰਵਿਦਾਸ ਜੀ ਦੀ ਬਾਣੀ ਦਰਜ ਹੈ। ਉਹ ਵੀ ਪੂਰੇ ਮਾਣ ਅਤੇ ਸਤਿਕਾਰ ਨਾਲ। ਇਹ ਬਾਣੀ ਉਸ ਸਮੇਂ ਦਰਜ ਹੋਈ ਸੀ ਜਦੋਂ ਸਮਾਜ ਵਿੱਚ ਬ੍ਰਾਹਮਣਵਾਦ ਐਨਾ ਭਾਰੂ ਸੀ ਕਿ ਇੱਕ ਦਲਿਤ ਨੂੰ ਕੋਈ ਮਨੁੱਖੀ ਅਧਿਕਾਰ ਪ੍ਰਾਪਤ ਨਹੀਂ ਸੀ ਪਰ ਸਿੱਖ ਗੁਰੂ ਸਾਹਿਬਾਨ ਨੇ ਬ੍ਰਾਹਮਣਵਾਦ 'ਤੇ ਚੋਟ ਕਰਦਿਆਂ, ਉਸ ਮੌਕੇ ਮਹਾਂਪੁਰਸ਼ਾਂ ਦੀ ਬਾਣੀ, ਬਿਨਾਂ ਜ਼ਾਤੀ ਭੇਦਭਾਵ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੀਤੀ।
ਇਹ ਹੁਣ ਰਵਿਦਾਸੀਆ ਸਮਾਜ ਦੀ ਸੋਚ ਹੈ ਕਿ ਉਸ ਨੇ ਇਸ ਸਾਂਝ ਨੂੰ ਬਰਕਰਾਰ ਰੱਖਣ ਬਾਰੇ ਸੋਚਣਾ ਹੈ ਜਾਂ ਨਹੀਂ। ਜਿਹੜੇ ਲੋਕਾਂ ਨੇ ਸੰਤ ਰਾਮਾਨੰਦ ਦਾ ਕਤਲ ਕੀਤਾ, ਉਨ੍ਹਾਂ ਦੀ ਆਪਣੀ ਸੋਚ ਹੋ ਸਕਦੀ ਹੈ ਜਾਂ ਆਪਣੇ ਹਿੱਤ। ਪਰ ਪੂਰੀ ਕੌਮ ਨੂੰ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ। ਸੰਤ ਰਾਮਾਨੰਦ ਦੇ ਕਤਲ ਨਾਲ ਜਿੰਨਾ ਦੁੱਖ ਰਵਿਦਾਸੀਆ ਭਾਈਚਾਰੇ ਨੂੰ ਹੋਇਆ ਹੈ, ਉਸ ਦੁੱਖ ਵਿੱਚ ਸਿੱਖ ਕੌਮ ਵੀ ਭਾਈਵਾਲ ਹੈ। ਹਾਂ, ਇਸ ਦੇ ਨਾਲ ਹੀ ਮੈਂ ਇਸ ਭਾਈਚਾਰੇ ਨਾਲ ਸਬੰਧਤ ਕੁੱਝ ਲੋਕਾਂ ਨਾਲ ਗੱਲਬਾਤ ਵੀ ਕੀਤੀ। ਉਨ੍ਹਾਂ ਵਿੱਚੋਂ ਜੋ ਸਿੱਖ ਸਿਧਾਂਤਾਂ ਨੂੰ ਮੰਨਦੇ ਹਨ, ਉਨ੍ਹਾਂ ਨੇ ਕਿਹਾ ਕਿ ਇਹ ਮੰਦਭਾਗੀ ਘਟਨਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਇਸ ਤਰ੍ਹਾਂ ਤਿਲਾਂਜਲੀ ਨਹੀਂ ਦਿਤੀ ਜਾਣੀ ਚਾਹੀਦੀ ਪਰ ਉਨ੍ਹਾਂ ਨੇ ਨਾਲ-ਨਾਲ ਇਹ ਵੀ ਕਿਹਾ ਕਿ ਜੇ ਸਿੱਖ ਧਾਰਮਿਕ ਅਤੇ ਸਿਆਸੀ ਆਗੂਆਂ ਨੇ ਮੌਜੂਦਾ ਨੀਤੀਆਂ ਦੀ ਆਤਮ-ਪੜਚੋਲ ਨਾ ਕੀਤੀ ਅਤੇ ਦਲਿਤ ਭਾਈਚਾਰੇ ਨੂੰ ਮਾਣ-ਸਤਿਕਾਰ ਨਾ ਦਿਤਾ ਤਾਂ ਨਿਸ਼ਚਿਤ ਰੂਪ ਵਿੱਚ ਇਹ ਵੰਡੀਆਂ ਹੋਰ ਜ਼ਿਆਦਾ ਵੱਧ ਜਾਣਗੀਆਂ।
ਮੌਜੂਦਾ ਵਾਪਰੀਆਂ ਘਟਨਾਵਾਂ ਦਾ ਸਿੱਖ ਧਾਰਮਿਕ ਲੀਡਰਸ਼ਿਪ 'ਤੇ ਅਸਰ ਹੋਇਆ ਵੀ ਹੈ। ਪਿਛਲੇ ਦਿਨੀਂ ਇੱਕ ਅੰਗਰੇਜ਼ੀ ਦੇ ਅਖ਼ਬਾਰ 'ਟਾਈਮਜ਼ ਆਫ਼ ਇੰਡੀਆ' ਨੇ ਖ਼ਬਰ ਛਾਪੀ ਹੈ ਜਿਸ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਹੈ ਕਿ ਉਹ ਪਹਿਲ ਦੇ ਆਧਾਰ 'ਤੇ ਇਹ ਕੰਮ ਕਰਨਗੇ ਕਿ ਉਹ ਪਿੰਡਾਂ ਵਿੱਚ ਜਾ ਕੇ ਸਿਵਿਆਂ ਨੂੰ ਸਾਂਝਾ ਕਰਵਾਉਣਗੇ। ਗਿਆਨੀ ਗੁਰਬਚਨ ਸਿੰਘ ਦੀ ਇਹ ਚੰਗੀ ਪਹਿਲਕਦਮੀ ਹੋਵੇਗੀ। ਪਿੰਡਾਂ ਵਿੱਚ ਜਿਹੜੇ ਵੱਖੋ-ਵੱਖ ਜ਼ਾਤੀਆਂ ਦੇ ਨਾਵਾਂ 'ਤੇ ਗੁਰਦਵਾਰੇ ਬਣਾਏ ਗਏ ਹਨ, ਉਨ੍ਹਾਂ ਨੂੰ ਇਕੱਠਾ ਕੀਤਾ ਜਾਣਾ ਚਾਹੀਦਾ ਹੈ। ਧਾਰਮਿਕ ਪ੍ਰਚਾਰਕਾਂ ਨੂੰ ਇੱਕ ਵਾਰ ਮੁੜ ਨਵੇਂ ਸਿਰੇ ਤੋਂ ਪਿੰਡਾਂ ਵਿੱਚਲੀਆਂ ਕਥਿਤ ਉੱਚ ਜ਼ਾਤਾਂ ਨੂੰ ਜ਼ਾਤੀ ਘੁਮੰਡ ਤੋਂ ਵਰਜਣਾ ਚਾਹੀਦਾ ਹੈ ਅਤੇ ਗੁਰੂ ਸਾਹਿਬਾਨ ਦੇ ਦੱਸੇ ਰਾਹ 'ਤੇ ਚੱਲਣ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ।
ਕੱਟੜਪੰਥੀ ਸੋਚ ਦੇ ਸਿੱਖ ਆਗੂਆਂ ਦਾ ਕਹਿਣਾ ਹੈ ਕਿ ਸੰਤ ਰਾਮਾਨੰਦ ਜੀ ਦਾ ਕਤਲ ਇਸ ਲਈ ਹੋਇਆ ਕਿਉਂਕਿ ਉਹ ਸਿੱਖ ਮਰਿਆਦਾ ਦੀ ਉਲੰਘਣਾ ਕਰਦੇ ਸਨ। ਪਰ ਉਨ੍ਹਾਂ ਨੇ ਕਦੇ ਇਹ ਨਹੀਂ ਸੋਚਿਆ ਕਿ ਅਜਿਹੇ ਅਣਗਿਣਤ 'ਸਿੱਖ ਸੰਤ' ਹਨ, ਜਿਹੜੇ ਸਿੱਖ ਮਰਿਆਦਾ ਦੀਆਂ ਧੱਜੀਆਂ ਉਡਾ ਰਹੇ ਹਨ। ਅਫ਼ਸੋਸ ਦੀ ਗੱਲ ਇਹ ਹੈ ਕਿ ਉਨ੍ਹਾਂ 'ਸੰਤਾਂ' ਨੂੰ ਸਿੱਖ ਕੌਮ ਦੇ ਵੱਡੇ-ਵੱਡੇ ਲੀਡਰਾਂ ਦਾ ਸਮਰਥਨ ਵੀ ਹਾਸਲ ਹੈ।
ਇਸ ਦੀ ਤਾਜ਼ਾ ਉਦਾਹਰਣ ਬਾਬਾ ਬਲਵੰਤ ਸਿੰਘ ਸਿਹੌੜੇ ਵਾਲੇ ਦੀ ਹੈ। ਇਸ ਦੀ ਇੱਕ ਫ਼ਿਲਮ www.youtube.com 'ਤੇ ਪਈ ਹੈ। ਇਸ ਫ਼ਿਲਮ ਵਿੱਚ ਬਾਬਾ ਸਿਹੌੜੇ ਵਾਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਬੈਠਾ ਹੈ ਅਤੇ ਉਸ ਦਾ ਇੱਕ ਗਡਵਈ, ਰੇਸ਼ਮੀ ਕੱਪੜੇ ਨਾਲ ਉਨ੍ਹਾਂ ਉਤੇ 'ਚੌਰ' ਕਰ ਰਿਹਾ ਹੈ। ਹੱਦ ਤਾਂ ਉਦੋਂ ਹੋ ਜਾਂਦੀ ਹੈ ਜਦੋਂ ਇਸ 'ਬਾਬੇ' ਉੱਤੇ ਰੁਮਾਲਾ ਵੀ ਚੜ੍ਹਾਇਆ ਜਾਂਦਾ ਹੈ। ਫਿਰ ਸਿੱਖ ਕੌਮ ਦੇ ਪ੍ਰਮੁਖ ਲੀਡਰ ਕੁਹਾਉਣ ਵਾਲੇ ਸ੍ਰ. ਸਿਮਰਨਜੀਤ ਸਿੰਘ ਮਾਨ ਆਉਂਦੇ ਹਨ। ਉਹ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਮੱਥਾ ਟੇਕਣ ਤੋਂ ਬਾਅਦ, ਸਾਧ ਸਿਹੌੜੇ ਵਾਲੇ ਦੇ ਪੈਰਾਂ 'ਚ ਵੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਵਿੱਚ ਹੀ ਮੱਥਾ ਟੇਕਦੇ ਹਨ। ਇਸ ਸਮੇਂ ਮਾਨ ਸਾਹਿਬ ਨੇ ਅਪਣੇ ਸੰਬੋਧਨ ਵਿੱਚ ਕਿਹਾ ਕਿ ਸੰਤ ਜਰਨੈਲ ਸਿੰਘ ਭਿਡਰਾਂਵਾਲਿਆਂ ਤੋਂ ਬਾਅਦ, ਜੇ ਕਿਸੇ ਲੀਡਰ ਨੂੰ ਉਹ ਮਾਣ-ਸਤਿਕਾਰ ਦਿੰਦੇ ਹਨ ਤਾਂ ਉਹ ਬਾਬਾ ਬਲਵੰਤ ਸਿੰਘ ਸਿਹੌੜੇ ਵਾਲੇ ਹਨ। ਇਸ ਸੰਤ ਦੀਆਂ ਉਕਤ ਵੈੱਬਸਾਈਟ 'ਤੇ 300 ਸਾਲਾ ਸਬੰਧ ਵਿੱਚ ਤਿੰਨ ਫ਼ਿਲਮਾਂ ਹਨ। ਇਨ੍ਹਾਂ ਵਿੱਚ ਉਹ ਅਨੋਖੀ ਰਵਾਇਤ ਦੀ ਸ਼ੁਰੂਆਤ ਕਰਦੇ ਨਜ਼ਰ ਆ ਰਹੇ ਹਨ। ਉਥੇ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਤਿਲਕ ਲਗਾ ਰਹੇ ਹਨ ਅਤੇ ਹੋਰ ਪਤਵੰਤੇ ਸੱਜਣਾਂ ਤੋਂ ਵੀ ਤਿਲਕ ਕਰਵਾ ਰਹੇ ਹਨ। ਬਾਅਦ ਵਿੱਚ ਉਨ੍ਹਾਂ ਨੇ, ਉਥੇ ਅਪਣੀਆਂ ਪ੍ਰਮੁੱਖ ਸ਼ਖ਼ਸੀਅਤਾਂ ਦੇ ਵੀ ਤਿਲਕ ਕੀਤਾ।
ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਬਾਬਾ ਸਿਹੌੜੇ ਵਾਲਾ, ਜੋ ਕੁੱਝ ਕਰ ਰਿਹਾ ਹੈ, ਇਹ ਕਿਹੜੀਆਂ ਸਿੱਖ ਰਵਾਇਤਾਂ ਹਨ? ਸਿੱਖਾਂ ਨੂੰ ਇਸ ਗੱਲ ਦਾ ਤਾਂ ਇਤਰਾਜ਼ ਹੈ ਕਿ ਰਾਧਾ ਸਵਾਮੀ, ਡੇਰਾ ਸੱਚਾ ਸੌਦਾ ਜਾਂ ਡੇਰਾ ਸੱਚਖੰਡ ਬੱਲਾਂ ਵਿਖੇ ਸਿੱਖੀ ਰਵਾਇਤਾਂ ਦੀ ਉਲੰਘਣਾ ਹੁੰਦੀ ਹੈ ਪਰ ਅਜਿਹੇ ਬਾਬਿਆਂ ਬਾਰੇ ਸਿੱਖਾਂ ਦੀ ਕੀ ਸੋਚ ਹੈ ਜੋ ਕਹਾਉਂਦੇ 'ਸਿੱਖ ਸੰਤ' ਹਨ ਪਰ ਰਵਾਇਤਾਂ ਮਨਮੁਖਾਂ ਵਾਲੀਆਂ ਅਪਣਾਉਂਦੇ ਹਨ। ਉਨ੍ਹਾਂ ਸਿਆਸੀ ਲੀਡਰਾਂ ਨੂੰ ਕੀ ਕਹਿਣਾ ਚਾਹੀਦਾ ਹੈ, ਜੋ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਵਿੱਚ ਇਨ੍ਹਾਂ ਬਾਬਿਆਂ ਦੇ ਪੈਰੀਂ ਡਿੱਗ ਰਹੇ ਹਨ। ਇਸ ਲਈ ਦੂਜਿਆਂ ਨੂੰ ਦੋਸ਼ੀ ਠਹਿਰਾਉਣ ਤੋਂ ਪਹਿਲਾਂ ਉਨ੍ਹਾਂ ਸਿੱਖ ਸੰਤਾਂ ਨੂੰ ਪੁੱਛੋ ਕਿ ਉਹ ਸਿੱਖੀ ਨੂੰ ਕਿਸ ਪਾਸੇ ਲਿਜਾ ਰਹੇ ਹਨ।
ਦਿਨ-ਬ-ਦਿਨ ਸਿੱਖੀ ਦਾ ਬਹੁਤ ਨੁਕਸਾਨ ਹੋ ਰਿਹਾ ਹੈ। ਇਸ ਨੁਕਸਾਨ ਨੂੰ ਰੋਕਣ ਲਈ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੀ ਅਤੇ ਤਖ਼ਤਾਂ ਦੇ ਮੁੱਖ ਸੇਵਾਦਾਰਾਂ ਨੂੰ ਮੁੜ ਪਿੰਡਾਂ ਵੱਲ ਮੂੰਹ ਕਰਨਾ ਚਾਹੀਦਾ ਹੈ। ਉਥੇ ਜੋ ਕੁੱਝ ਹੋ ਰਿਹਾ ਹੈ, ਉਸ ਬਾਰੇ ਦੱਸਣ ਦੀ ਲੋੜ ਨਹੀਂ ਕਿਉਂਕਿ ਇਹ ਸੱਭ ਕੁੱਝ ਉਨ੍ਹਾਂ ਨੂੰ ਵੀ ਪਤਾ ਹੈ। ਇਹ ਵੀ ਪਤਾ ਹੈ ਕਿ ਜਿਹੜੇ ਸਿੱਖ ਧਰਮ ਦੇ ਠੇਕੇਦਾਰ ਅਖਵਾਉਂਦੇ ਹਨ, ਉਨ੍ਹਾਂ ਦੇ ਆਪਣੇ ਪਰਿਵਾਰ ਸਿੱਖੀ ਸਿਧਾਂਤਾਂ ਨੂੰ ਅਲਵਿਦਾ ਕਹਿ ਚੁੱਕੇ ਹਨ ਅਤੇ ਸਿੱਖੀ ਰਵਾਇਤਾਂ ਦੀ ਬੇਕਦਰੀ ਵੀ ਕਰਦੇ ਹਨ। ਉਨ੍ਹਾਂ ਨੂੰ ਇਹ ਪਾਠ ਵੀ ਪੜ੍ਹਾਉਣ ਦੀ ਜ਼ਰੂਰਤ ਹੈ ਕਿ ਜੇ ਜ਼ਾਤੀ ਘੁਮੰਡ ਨੂੰ ਇਸੇ ਤਰ੍ਹਾਂ ਬਰਕਰਾਰ ਰੱਖਿਆ ਤਾਂ ਵੰਡੀਆਂ ਹੋਰ ਜ਼ਿਆਦਾ ਵਧਣਗੀਆਂ ਅਤੇ ਡੇਰੇ ਦਲਿਤਾਂ ਦੀ ਸ਼ਕਤੀ ਨਾਲ ਹੋਰ ਤਾਕਤਵਰ ਹੋ ਜਾਣਗੇ। ਇਸ ਲਈ ਪੂਰੀ ਸਿੱਖ ਕੌਮ ਲਈ ਅੱਜ ਬਹੁਤ ਵੱਡੀ ਚੁਨੌਤੀ ਹੈ ਕਿ ਕਿਸ ਤਰ੍ਹਾਂ ਇਸ ਟੁੱਟ-ਭੱਜ ਨੂੰ ਰੋਕਣਾ ਹੈ। ਜੇ ਅਸੀ ਹੁਣ ਵੀ ਗੰਭੀਰ ਨਾ ਹੋਏ ਤਾਂ ਹੋਰ ਜ਼ਾਤਾਂ ਵੀ ਆਪਣੇ ਮਹਾਂਪੁਰਸ਼ਾਂ ਦੀਆਂ ਬਾਣੀਆਂ ਦੀਆਂ ਪੋਥੀਆਂ ਤੱਕ ਹੀ ਸੀਮਤ ਹੋ ਜਾਣਗੀਆਂ।
-ਦਰਸ਼ਨ ਸਿੰਘ ਦਰਸ਼ਕ
ਸੰਪਾਦਕ
ਰੋਜ਼ਾਨਾ ਚੜ੍ਹਦੀਕਲਾ, ਪਟਿਆਲਾ
ਅਜੀਤ ਵੀਕਲੀ ਲਿੰਕ