ਸਿੱਖੀ ਵਿਚ ਜਾਤ ਪਾਤ - ਸਿਵਿਆਂ ਦੀ ਵੀ ਸਾਂਝ ਨਹੀਂ! - ਡਾ. ਹਰਜਿੰਦਰ ਵਾਲੀਆ

'ਅਜੀਤ ਵੀਕਲੀ' ਦੇ ਪਿਛਲੇ ਅੰਕ ਵਿਚ ਦਰਸ਼ਨ ਸਿੰਘ ਦਰਸ਼ਕ ਨੇ ਆਪਣੀ ਪੰਜਾਬ ਡਾਇਰੀ ਵਿਤਚ ਇਤਕ ਅਤਿਅੰਤ ਗੰਭੀਰ ਗੱਲ ਨੂੰ ਲੈ ਕੇ ਚਰਚਾ ਛੇੜ ਦਿੱਤੀ ਹੈ। ਦਰਸ਼ਕ ਹੋਰਾਂ ਨੇ ਆਪਣੇ ਲੇਖ 'ਸਿੱਖ ਦਿਮਾਗ ਵਿਤਚ ਬੈਠੇ ਮਨੂੰ ਨੂੰ ਬਾਹਰ ਕੱਢਣ' ਵਿਤਚ ਪ੍ਰੋ. ਗੁਰਨਾਮ ਸਿੰਘ ਦੇ ਹਵਾਲੇ ਨਾਲ ਕਿਹਾ ਕਿ ਦਲਿਤ ਸਦੀਆਂ ਤੋਂ ਸਮਾਜਿਕ, ਆਰਥਿਕ ਅਤੇ ਬੌਧਿਕ ਗੁਲਾਮੀ ਹੰਢਾਉਂਦੇ ਆਏ ਹਨ। ਅੱਜ ਜੇਕਰ ਕੁਝ ਦਲਿਤ ਚੰਗਾ ਹੰਢਾਉਣ ਜੋਗੇ ਹੋਏ ਹਨ ਤਾਂ ਉਹਨਾਂ ਉੱਤੇ ਕਈ ਪਾਸਿਉਂ ਹਮਲੇ ਹੋਣ ਲੱਗ ਪਏ ਹਨ। ਵਿਆਨਾ ਕਾਂਡ ਵੀ ਉਸੇ ਲੜੀ ਦਾ ਇੱਕ ਹਿੱਸਾ ਹੈ। ਦਰਸ਼ਕ ਅਨੁਸਾਰ ਪ੍ਰੋ. ਗੁਰਨਾਮ ਸਿੰਘ ਇਹ ਕਹਿੰਦੇ ਹਨ ਕਿ ਬਹੁਤ ਸਾਰੇ ਦਲਿਤ ਹੁਣ ਇਹ ਕਹਿਣ ਲੱਗੇ ਹਨ ਕਿ ਕਿਉਂ ਨਾ ਗੁਰੂ ਗ੍ਰੰਥ ਸਾਹਿਬ ਨੂੰ ਸਿੱਖ ਧਾਰਮਿਕ ਲੀਡਰਾਂ ਦੇ ਹਵਾਲੇ ਕਰ ਆਈਏ ਅਤੇ ਖ਼ੁਦ ਦਲਿਤ ਗੁਰੂਆਂ ਤੇ ਮਹਾਂਪੁਰਖਾਂ ਦੀ ਬਾਣੀ ਨਾਲ ਹੀ ਗੁਜ਼ਾਰਾ ਕਰ ਲਈਏ। ਇਹ ਚਿਤਾਵਨੀ ਦੇਣ ਦੇ ਨਾਲ-ਨਾਲ ਦਰਸ਼ਨ ਦਰਸ਼ਕ ਖ਼ੁਦ ਇੱਕ ਹੋਰ ਗੰਭੀਰ ਚਿਤਾਵਨੀ ਦਿੰਦੇ ਹਨ ਕਿ ਜੇ ਸਿੱਖ ਸਮਾਜ ਨੇ ਦਲਿਤਾਂ ਨੂੰ ਬਣਦਾ ਸਤਿਕਾਰ ਨਾ ਦਿੱਤਾ ਤਾਂ ਉਹ ਆਪਣੇ ਨਾਵਾਂ ਨਾਲੋਂ 'ਸਿੰਘ' ਹਟਾਉਣਾ ਸ਼ੁਰੂ ਕਰ ਦੇਣਗੇ।

ਦਰਸ਼ਨ ਸਿੰਘ ਦਰਸ਼ਕ ਅਤੇ ਪ੍ਰੋ. ਗੁਰਨਾਮ ਸਿੰਘ ਵਰਗੇ ਲੇਖਕਾਂ ਦੀਆਂ ਲਿਖਤਾਂ ਨੂੰ ਗੰਭੀਰਤਾ ਨਾਲ ਵਿਚਾਰਨਾ ਸਮੇਂ ਦੀ ਲੋੜ ਹੈ। ਨਹੀਂ ਤਾਂ ਪਹਿਲਾਂ ਹੀ ਜ਼ਾਤ-ਪਾਤ, ਧਾਰਮਿਕ ਫ਼ਿਰਕਿਆਂ ਤੇ ਡੇਰਿਆਂ ਵਿੱਚ ਵੰਡੇ ਸਮਾਜ ਵਿੱਚ ਇੱਕ ਹੋਰ ਵੱਡੀ ਦਰਾੜ ਪੈ ਜਾਵੇਗੀ, ਜਿਸਦਾ ਸਿਆਸੀ ਤੌਰ 'ਤੇ ਸਿੱਖਾਂ ਦੀ ਪ੍ਰਤੀਨਿਧੀ ਕਹਾਉਣ ਵਾਲੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਨੁਕਸਾਨ ਹੋਵੇਗਾ। ਇਸ ਦਾ ਇੱਕ ਵੱਡਾ ਕਾਰਨ ਇਹ ਵੀ ਹੈ ਕਿ ਪੰਜਾਬ ਦੀ ਕੁੱਲ ਵੱਸੋਂ ਦਾ 28.9 ਫ਼ੀਸਦੀ ਅਨੁਸੂਚਿਤ ਜਾਤੀਆਂ ਨਾਲ ਸਬੰਧਿਤ ਹੈ। 2001 ਦੀ ਮਰਦਮ ਸ਼ੁਮਾਰੀ ਅਨੁਸਾਰ ਪੰਜਾਬ ਦੀ ਤਾਂ ਅਨੁਸੂਚਿਤ ਜਾਤਾਂ ਦੀ ਕੁੱਲ ਵੱਸੋਂ 70,28,723 ਹੈ। ਇਹਨਾਂ ਵਿੱਚੋਂ 75.7 ਫੀਸਦੀ ਪਿੰਡਾਂ ਵਿੱਚ ਵੱਸਦੇ ਹਨ। ਅੰਮ੍ਰਿਤਸਰ, ਲੁਧਿਆਣਾ, ਜਲੰਧਰ, ਸੰਗਰੂਰ, ਗੁਰਦਾਸਪੁਰ, ਹੁਸ਼ਿਆਰਪੁਰ ਅਤੇ ਪਟਿਆਲਾ ਜ਼ਿਲ੍ਹਿਆਂ ਵਿੱਚ ਪਿੰਡਾਂ ਵਿੱਚ ਐਸੀ ਵੱਸੋਂ ਦਾ 62.5 ਫੀਸਦੀ ਹਿੱਸਾ ਰਹਿੰਦਾ ਹੈ। ਮੁਕਤਸਰ, ਮੋਗਾ, ਨਵਾਂ ਸ਼ਹਿਰ ਅਤੇ ਮਾਨਸਾ ਜ਼ਿਲ੍ਹਿਆਂ ਵਿਚ 64.6 ਫੀਸਦੀ ਅਨੁਸੂਚਿਤ ਜਾਤੀਆਂ ਦੇ ਲੋਕ ਰਹਿੰਦੇ ਹਨ। ਕੁੱਲ ਅਨੁਸੂਚਿਤ ਜਾਤੀਆਂ ਵਿੱਚੋਂ ਇਹਨਾਂ ਜ਼ਾਤੀਆਂ ਦੇ 59.6 ਫੀਸਦੀ ਲੋਕ ਸਿੱਖ, 39.6 ਫੀਸਦੀ ਹਿੰਦੂ ਅਤੇ 0.5 ਫੀਸਦੀ ਬੋਧੀ ਹਨ। ਮਜ਼ਹਬੀ ਜਮਾਤ ਵਿੱਚੋਂ ਪੰਜਾਬ ਦੇ 98.5 ਫੀਸਦੀ ਮਜ਼ਹਬੀ ਸਿੱਖ ਹਨ। ਜੇ ਵਿਆਨਾ ਅਤੇ ਸੱਚੇ ਸੌਦੇ ਵਰਗੀਆਂ ਘਟਨਾਵਾਂ ਹੋਰ ਵਾਪਰਦੀਆਂ ਹਨ ਤਾਂ ਦਲਿਤਾਂ ਅਤੇ ਸਿੱਖ ਸਮਾਜ ਖ਼ਾਸ ਤੌਰ 'ਤੇ ਜੱਟਾਂ ਵਿੱਚ ਪਾੜਾ ਵਧਦਾ ਹੈ ਤਾਂ ਸਿਆਸੀ ਤੌਰ 'ਤੇ ਅਕਾਲੀ ਦਲ ਹੋਰ ਕਮਜ਼ੋਰ ਹੋ ਜਾਵੇਗਾ, ਜਿਸਦਾ ਫ਼ਾਇਦਾ ਕਾਂਗਰਸ ਅਤੇ ਬੀ.ਐਸ.ਪੀ. ਵਰਗੀਆਂ ਪਾਰਟੀਆਂ ਨੂੰ ਹੋਵੇਗਾ। ਸਿਆਸੀ ਫ਼ਾਇਦੇ ਅਤੇ ਨੁਕਸਾਨ ਦੀਆਂ ਗੱਲਾਂ ਤਾਂ ਬਹੁਤ ਛੋਟੀਆਂ ਹਨ ਪਰ ਸਮੁੱਚੇ ਸਮਾਜਿਕ ਤਾਣੇ-ਬਾਣੇ ਨੂੰ ਇਸ ਦਾ ਵੱਡਾ ਨੁਕਸਾਨ ਹੋਵੇਗਾ।

ਇਸ ਸਮਾਜਿਕ ਤਾਣੇ-ਬਾਣੇ ਨੂੰ ਹੋਰ ਗਹਿਰਾਈ ਵਿੱਚ ਵੇਖਿਆਂ ਪਤਾ ਲੱਗਦਾ ਹੈ ਕਿ ਪੰਜਾਬ ਦੀਆਂ ਤਾਂ ਦਲਿਤ ਜਾਂ ਅਨੁਸੂਚਿਤ ਕਹੀਆਂ ਜਾਣ ਵਾਲੀਆਂ ਜਾਤਾਂ ਵਿੱਚ ਮਜ਼ਹਬੀ, ਰਾਮਦਾਸੀਏ ਅਤੇ ਆਦਿ ਧਰਮੀ, ਬਾਲਮੀਕੀ ਅਤੇ ਬਾਜ਼ੀਗਰ ਕੁੱਲ ਦਲਿਤ ਵੱਸੋਂ ਦਾ 86.81 ਫੀਸਦੀ ਹਨ। ਮਜਹ਼ਬੀਆਂ ਦੀ ਗਿਣਤੀ 22,20945 ਹੈ ਜੋ ਕੁੱਲ ਐਸ.ਸੀ. ਵਸੋਂ ਦਾ 31.6 ਫੀਸਦੀ ਹਨ। ਦੂਜੇ ਨੰਬਰ 'ਤੇ ਰਾਮਦਾਸੀਏ 26.2 ਫ਼ੀਸਦੀ ਅਤੇ ਆਦਿ ਧਰਮੀ 14.9 ਫ਼ੀਸਦੀ ਹਨ। ਬਾਲਮੀਕੀਆਂ ਦੀ ਗਿਣਤੀ 11.2 ਫੀਸਦੀ ਅਤੇ ਬਾਜ਼ੀਗਰ 3 ਫੀਸਦੀ ਹਨ। ਬਾਕੀ 32 ਜ਼ਾਤਾਂ ਦੀ ਗਿਣਤੀ ਕੁੱਲ ਦਲਿਤ ਵੱਸੋਂ ਦਾ 13.2 ਫ਼ੀਸਦੀ ਹੈ। ਇਸ ਵੱਸੋਂ ਵਿੱਚ ਆਦਿ ਧਰਮੀ ਸਭ ਤੋਂ ਵੱਧ ਪੜ੍ਹੇ-ਲਿਖੇ ਹਨ। ਇਹਨਾਂ ਦਾ ਸਾਖਰਤਾ ਰੇਟ 76.2 ਫੀਸਦੀ ਹੈ। ਬਾਲਮੀਕੀ 56 ਫੀਸਦੀ ਅਤੇ ਮਜਹ਼ਬੀ 42.3 ਫੀਸਦੀ ਸਾਖਰ ਹਨ। 20.3 ਫ਼ੀਸਦੀ ਦਲਿਤ ਦਸਵੀਂ ਪੜ੍ਹੇ ਹੋਏ ਹਨ, ਸਿਰਫ 2 ਫੀਸਦੀ ਬੀ.ਏ. ਤੱਕ ਪੜ੍ਹੇ ਹਨ। ਮਜ਼ਹਬੀਆਂ ਦੇ ਮੁਕਾਬਲੇ ਰਾਮਦਾਸੀਏ, ਆਦਿ ਧਰਮੀ ਅਤੇ ਬਾਲਮੀਕੀ ਜ਼ਿਆਦਾ ਪੜ੍ਹੇ ਹਨ। ਮਜ਼ਹਬੀਆਂ ਦੇ ਮੁਕਾਬਲੇ ਰਾਮਦਾਸੀਏ, ਆਦਿ ਧਰਮੀ ਅਤੇ ਬਾਲਮੀਕੀ ਬੀ.ਏ. ਜਾਂ ਉਸ ਤੋਂ ਵੱਧ ਦੀ ਪੜ੍ਹਾਈ ਵਿੱਚ ਅੱਗੇ ਹਨ। ਪੰਜਾਬ ਵਿੱਚ ਦਲਿਤ ਸਮਾਜ ਦੇ 38.4 ਫ਼ੀਸਦੀ ਲੋਕ ਖੇਤ ਮਜ਼ਦੂਰੀ ਕਰ ਕੇ ਆਪਣਾ ਢਿੱਡ ਭਰਦੇ ਹਨ, ਪਰ ਪਿੰਡਾਂ ਵਿੱਚ ਰਹਿਣ ਵਾਲੇ ਦਲਿਤਾਂ ਦੀ ਗਿਣਤੀ 75 ਫ਼ੀਸਦੀ ਤੋਂ ਵੱਧ ਹੈ।

ਇੱਥੇ ਇਕ ਗੱਲ ਸਮਝਣੀ ਅਤੇ ਮੰਨਣੀ ਪੈਣੀ ਹੈ ਕਿ ਭਾਵੇਂ ਸਿਧਾਂਤਕ ਤੌਰ 'ਤੇ ਸਿੱਖੀ ਵਿੱਚ ਜ਼ਾਤ-ਪਾਤ ਨੂੰ ਕੋਈ ਥਾਂ ਨਹੀਂ ਪਰ ਅਸਲ ਜ਼ਿੰਦਗੀ ਵਿੱਚ ਇੱਥੇ ਸਭ ਕੁਝ ਹਿੰਦੂ ਸਮਾਜ ਵਾਲਾ ਹੀ ਹੈ। 1880 ਵਿੱਚ ਸਿੰਘ ਸਭਾ ਲਹਿਰ ਦੌਰਾਨ ਭਾਈ ਕਾਹਨ ਸਿੰਘ ਨਾਭਾ ਦੁਆਰਾ 'ਹਮ ਹਿੰਦੂ ਨਹੀਂ' ਲਿਖੀ ਕਿਤਾਬ ਵਿੱਚ ਇੱਕ ਵੱਡਾ ਤਰਕ ਸਿੱਖੀ ਵਿੱਚ ਜ਼ਾਤ-ਪਾਤ ਨੂੰ ਨਾ ਮੰਨਣ ਦਾ ਦਿੱਤਾ ਗਿਆ ਸੀ। ਪਰ ਅਸਲੀਅਤ ਇਸ ਤੋਂ ਉਲਟ ਸੀ। ਗਿਆਨੀ ਪ੍ਰਤਾਪ ਸਿੰਘ ਜਿਹੜੇ ਬਾਅਦ ਵਿੱਚ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਵੀ ਰਹੇ, ਨੇ 1933 ਵਿੱਚ ਲਿਖਿਆ ਸੀ ਕਿ ਮਜ਼ਹਬੀਆਂ ਨੂੰ ਹਰਿਮੰਦਰ ਸਾਹਿਬ ਵਿੱਚ ਜਾਣ ਤੋਂ ਰੋਕਿਆ ਜਾਂਦਾ ਸੀ, ਉਹਨਾਂ ਵੱਲੋਂ ਕੜਾਹ ਪ੍ਰਸ਼ਾਦ ਭੇਟ ਕਰਨਾ ਵੀ ਮਨ੍ਹਾ ਸੀ। ਹਰਜੋਤ ਉਬਰਾਏ ਆਪਣੀ ਲਿਖਤ ਵਿੱਚ ਜ਼ਿਕਰ ਕਰਦਾ ਹੈ ਕਿ ਸੰਨ 1900 ਵਿੱਚ ਜਦੋਂ ਸਿੱਖਾਂ ਦੇ ਇੱਕ ਜਥੇ ਨੇ ਸ੍ਰੀ ਹਰਿਮੰਦਰ ਸਾਹਿਬ ਵਿੱਚ ਜਾਣ ਦੀ ਕੋਸ਼ਿਸ਼ ਕੀਤੀ ਤਾਂ ਉਸ ਸਮੇਂ ਦੇ ਮੈਨੇਜਰ ਜਵਾਲਾ ਸਿੰਘ ਨੇ ਜਥੇ ਦੀ ਗ੍ਰਿਫ਼ਤਾਰੀ ਦੇ ਹੁਕਮ ਦਿੱਤੇ ਸਨ। ਉਹਨਾਂ ਨੂੰ ਕੁੱਟਿਆ ਗਿਆ ਸੀ ਅਤੇ ਗਾਲ੍ਹ਼ਾਂ ਕੱਢੀਆਂ ਗਈਆਂ। ਉਬਰਾਏ ਅੱਗੇ ਲਿਖਦਾ ਹੈ ਕਿ ਅਛੂਤਾਂ ਨੂੰ ਚਾਰ ਕਦਮ ਤੋਂ ਅੱਗੇ ਜਾਣ ਦੀ ਆਗਿਆ ਨਹੀਂ ਸੀ।

ਇਸ ਤਰ੍ਹਾਂ ਪੰਜਾਬ ਦੇ ਪਿੰਡਾਂ ਵਿੱਚ ਆਰਥਿਕ, ਸਮਾਜਿਕ ਅਤੇ ਧਾਰਮਿਕ ਪਾੜਾ ਨਜ਼ਰ ਆਉਂਦਾ ਹੈ। ਸ੍ਰੀ ਗੁਰੂ ਹਰਿਗੋਬਿੰਦ ਜੀ ਵੇਲੇ ਤੋਂ ਸ਼ੁਰੂ ਹੋਇਆ ਸਿੱਖੀ ਵਿੱਚ ਜੱਟਾਂ ਦੇ ਪ੍ਰਵੇਸ਼ ਦਾ ਸਿਲਸਿਲਾ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵੇਲੇ ਪੂਰੀ ਤਰ੍ਹਾਂ ਚੜ੍ਹਤ ਵਿੱਚ ਬਦਲ ਚੁੱਕਿਆ ਸੀ। ਸਰਦਾਰਾਂ, ਜਾਗੀਰਦਾਰਾਂ ਅਤੇ ਜ਼ਿਮੀਦਾਰਾਂ ਦੀ ਇੱਕ ਵੱਡੀ ਜਮਾਤ ਪੈਦਾ ਹੋ ਚੁੱਕੀ ਸੀ ਅਤੇ ਬ੍ਰਾਹਮਣਾਂ ਦੀ ਸਨਾਤਨੀ ਪ੍ਰਥਾ ਵਾਂਗ ਦਲਿਤਾਂ ਨੂੰ ਅਛੂਤ ਸਮਝਦੀ ਸੀ।

ਸਿੱਖਾਂ ਵਿੱਚ ਜ਼ਾਤ ਪਾਤ ਨੂੰ ਕਾਨੂੰਨੀ ਜਾਮਾ ਉਸ ਸਮੇਂ ਪਹਿਨਾਇਆ ਗਿਆ, ਜਦੋਂ 1948 ਵਿੱਚ ਈਸਟ ਪੰਜਾਬ ਦੀ ਅਸੈਂਬਲੀ ਦੇ 22 ਸਿੱਖ ਮੈਂਬਰਾਂ ਨੇ ਸਰਬ ਸੰਮਤੀ ਨਾਲ ਸਿੱਖ ਅਨੁਸੂਚਿਤ ਜ਼ਾਤਾਂ ਲਈ ਉਹੀ ਹੱਕ ਮੰਗੇ ਜੋ ਹਿੰਦੂ ਦਲਿਤਾਂ ਨੂੰ ਮਿਲੇ ਸਨ। ਵੱਲਭ ਭਾਈ ਪਟੇਲ ਨੇ ਲਿਖਿਆ ਹੈ ਕਿ ਮੈਂ ਸਿੱਖਾਂ ਨੂੰ ਕਿਹਾ ਕਿ ਇਹ ਸਿੱਖੀ ਸਪਿਰਟ ਦੇ ਖ਼ਿਲਾਫ਼ ਹੈ। ਫਿਰ 1953 ਵਿੱਚ ਮਾਸਟਰ ਤਾਰਾ ਸਿੰਘ ਨੇ ਐਲਾਨ ਕੀਤਾ ਕਿ ਜੇ ਸਿੱਖਾਂ ਦੀਆਂ ਅਛੂਤ ਜ਼ਾਤਾਂ ਨੂੰ ਹਿੰਦੂਆਂ ਵਾਂਗ ਐਸ.ਸੀ. ਨਾ ਮੰਨਿਆ ਗਿਆ ਤਾਂ ਉਹ ਮਰਨ ਵਰਤ 'ਤੇ ਬੈਠ ਜਾਣਗੇ। ਇੱਕ ਅਕਤੂਬਰ 1953 ਨੂੰ ਸਰਕਾਰ ਨੇ ਮਾਸਟਰ ਸਿੰਘ ਦੀ ਗੱਲ ਮੰਨ ਲਈ ਗਈ ਅਤੇ ਹਿੰਦੂਆਂ ਵਾਂਗ ਸਿੱਖੀ ਵਿੱਚ ਵੀ ਜ਼ਾਤ-ਪਾਤ ਕਾਨੂੰਨੀ ਰੂਪ ਲੈ ਗਈ। ਇਸ ਤਰ੍ਹਾਂ ਸਿੱਖ ਗੁਰਦੁਆਰਾ ਕਾਨੂੰਨ 1925 ਵਿੱਚ ਵੀ ਤਰਮੀਮ ਕਰਕੇ 20 ਸੀਟਾਂ ਸਿੱਖ ਅਨੁਸੂਚਿਤ ਜਾਤੀਆਂ ਲਈ ਵੱਖਰੀਆਂ ਰੱਖੀਆਂ ਗਈਆਂ। ਕਿਹੋ ਜਿਹੀ ਵਿਡੰਬਨਾ ਹੈ ਕਿ ਜੋ ਸੰਘਰਸ਼ ਜ਼ਾਤ ਪਾਤ ਖ਼ਤਮ ਕਰਨ ਦਾ ਸਿੱਖ ਗੁਰੂ ਸਾਹਿਬਾਨ ਨੇ ਕੀਤਾ ਸੀ, ਅਸੀਂ ਉਹ ਸਿਆਸਤ ਦੀ ਭੇਟ ਚੜ੍ਹਾ ਦਿੱਤਾ। ਸਿਆਸੀ ਲਾਹਾ ਲੈਣ ਲਈ ਇੱਕ ਰਵਾਇਤ ਇਹ ਵੀ ਚਲਾ ਦਿੱਤੀ ਕਿ ਕਮੇਟੀ ਦਾ ਜੂਨੀਅਰ ਮੀਤ ਪ੍ਰਧਾਨ ਪ੍ਰਧਾਨ ਐਸ.ਸੀ. ਲਿਆ ਜਾਵੇ।

ਇਹ ਸਭ ਕੁਝ ਵਾਪਰਨ ਤੋਂ ਬਾਅਦ ਦੁੱਖ ਤਾਂ ਇਸ ਗੱਲ ਦਾ ਹੈ ਕਿ ਸਮਾਜ ਵਿੱਚ ਇਹ ਪਾੜਾ ਹੋਰ ਵੱਧ ਗਿਆ। ਅੱਜ ਵੀ ਪੰਜਾਬ ਦੇ ਲਗਭਗ ਹਰ ਵੱਡੇ ਪਿੰਡ ਵਿੱਚ ਰਾਮਦਾਸੀਆਂ ਜਾਂ ਮਜ਼ਹਬੀਆਂ ਨੇ ਆਪਣੇ ਵੱਖਰੇ ਗੁਰਦੁਆਰੇ ਬਣਾਏ ਹੋਏ ਹਨ, ਇਹੀ ਹਾਲ ਵਿਦੇਸ਼ਾਂ ਵਿੱਚ ਹੈ। ਕਾਰਨ ਸਪਸ਼ਟ ਹੈ ਕਿ ਦਲਿਤ ਰਾਗੀ ਹੋ ਸਕਦੇ ਹਨ, ਗ੍ਰੰਥੀ ਹੋ ਸਕਦੇ ਹਨ ਅਤੇ ਹੋਰ ਸੇਵਾਦਾਰ ਹੋ ਸਕਦੇ ਹਨ ਪਰ ਪ੍ਰਬੰਧ ਵਿੱਚ ਹਿੱਸੇਦਾਰ ਨਹੀਂ। ਛੂਤ-ਛਾਤ ਜਾਰੀ ਹੈ, ਜਿਉਂਦੇ ਜੀਅ ਤਾਂ ਕੀ ਮਰਨ ਤੋਂ ਬਾਅਦ ਵੀ ਲਗਭਗ ਹਰ ਪਿੰਡ ਵਿੱਚ ਦਲਿਤਾਂ ਦੀਆਂ ਮੜ੍ਹੀਆਂ ਵੱਖ ਹਨ। ਇਸੇ ਕਰ ਕੇ ਤਾਂ ਕਵੀ ਲਾਲ ਸਿੰਘ ਦਿਲ ਨੇ ਲਿਖਿਆ ਸੀ;

ਮੈਨੂੰ ਪਿਆਰ ਕਰਦੀਏ, ਪਰ ਜੱਟ ਕੁੜੀਏ
ਸਾਡੇ ਮੁਰਦੇ ਵੀ ਤਾਂ ਇੱਕ ਥਾਂ 'ਤੇ ਨਹੀਂ ਜਲਾਉਂਦੇ।

ਸਮਾਜ ਵਿੱਚ ਅਜੇ ਵੀ ਖ਼ਬਰਾਂ ਪੜ੍ਹਨ ਨੂੰ ਮਿਲਦੀਆਂ ਹਨ ਕਿ 'ਗੁਰੂ ਦੇ ਲੰਗਰ' ਦੇ ਦੋ ਹਿੱਸੇ ਹਨ, ਇੱਕ ਵਿੱਚ ਜੱਟ ਅਤੇ ਉੱਚ ਜ਼ਾਤੀਆਂ ਲੰਗਰ ਛਕਣਗੀਆਂ ਅਤੇ ਦੂਜੇ ਪਾਸੇ ਨੀਚ। ਬਾਬਾ ਨਾਨਕ ਦੇ ਬੋਲ ਅੱਜ ਕੌਣ ਸੁਣਦੈ।

ਸਮਾਜ ਵਿੱਚ ਜਦੋਂ ਵੱਡਾ ਹਿੱਸਾ ਆਪਣੀ ਹਉਮੈ ਦਾ ਸ਼ਿਕਾਰ ਹੋ ਕੇ ਕਿਸੇ ਦੀ ਧੀ ਭੈਣ ਦੀ ਇੱਜ਼ਤ ਨਹੀਂ ਕਰੂ ਤਾਂ ਸਮਾਜ ਕੀ ਕਰੂ। ਵਾਰ-ਵਾਰ ਸਮਾਜਿਕ ਅਤੇ ਆਰਥਿਕ ਬਾਈਕਾਟ ਦੀ ਧਮਕੀ ਦਿਓ। ਧਾਰਮਿਕ ਤੌਰ 'ਤੇ ਨਕਾਰੋਗੇ ਤਾਂ ਫਿਰ ਲੋਕ ਡੇਰਿਆਂ ਵੱਲ ਨੂੰ ਮੂੰਹ ਕਿਉਂ ਨਹੀਂ ਕਰਨਗੇ। ਇਹ ਵੀ ਤਾਂ ਕਮਾਲ ਹੈ 'ਆਪ ਛਾਤੀ ਨਾਲ ਲਾਉਣਾ ਨਹੀਂ ਡੇਰੇ ਜਾਣ ਨਹੀਂ ਦੇਣਾ' ਇਹ ਜ਼ਿਆਦਾ ਦੇਰ ਨਹੀਂ ਚੱਲ ਸਕਣਾ।

ਪੜ੍ਹਾਈ-ਲਿਖਾਈ ਅਤੇ ਮੀਡੀਆ ਕਾਰਨ ਦਲਿਤ ਭਾਈਚਾਰੇ ਵਿੱਚ ਚੇਤਨਾ ਆਈ ਅਤੇ ਨੌਜਵਾਨ ਪੀੜ੍ਹੀ ਆਪਣੇ ਆਪ ਨੂੰ ਦਲਿਤ ਕਹਾਉਣ ਵਿੱਚ ਸ਼ਰਮ ਕਰਨੋਂ ਹਟ ਗਈ ਹੈ। ਨਤੀਜੇ ਵਜੋਂ ਉਨ੍ਹਾਂ ਸੰਗਠਿਤ ਹੋ ਕੇ ਇਸ ਸਮਾਜਿਕ ਵਰਤਾਰੇ ਖ਼ਿਲਾਫ਼ ਆਵਾਜ਼ ਉਠਾਉਣੀ ਸ਼ੁਰੂ ਕਰ ਦਿੱਤੀ ਹੈ। ਉਹਨਾਂ ਕੋਲ ਤਰਕ ਹੈ, ਸਮਝ ਹੈ ਅਤੇ ਅੱਗੇ ਨਾਲੋਂ ਆਰਥਿਕ ਸਾਧਨ ਵੀ ਜ਼ਿਆਦਾ ਹਨ।

ਇੱਕ ਗੱਲ ਹੋਰ ਵੀ ਸਮਝਣੀ ਚਾਹੀਦੀ ਹੈ ਕਿ ਦਲਿਤ ਭਾਈਚਾਰੇ ਨਾਲ ਅਫ਼ਸਰਸ਼ਾਹੀ ਦਾ ਆਪਸ ਵਿੱਚ ਗੂੜ੍ਹਾ ਰਾਬਤਾ ਹੈ। ਉਹ ਆਪਣੇ ਰੁਤਬੇ ਦੇ ਪ੍ਰਭਾਵ ਨਾਲ ਸਿਆਸਤ ਨੂੰ ਪ੍ਰਭਾਵਿਤ ਕਰਨ ਲੱਗੇ ਹਨ ਅਤੇ ਸਮਾਜ ਨੂੰ ਵੀ। ਵਿਆਨਾ ਤੋਂ ਬਾਅਦ ਜੋ ਰੋਸ ਮੁਜ਼ਾਹਰੇ ਸਾਰੇ ਪੰਜਾਬ ਵਿੱਚ ਹੋਏ ਹਨ, ਉਹ ਇਸੇ ਨੈੱਟਵਰਕ ਦਾ ਨਤੀਜਾ ਹੈ। ਇਹਨਾਂ ਰੋਸ ਮੁਜ਼ਾਹਰਿਆਂ ਨੇ ਸਿਆਸੀ ਲੋਕਾਂ ਦੀ ਖ਼ਾਸ ਤੌਰ 'ਤੇ ਅਕਾਲੀਆਂ ਦੀ ਨੀਂਦ ਹਰਾਮ ਕਰ ਦਿੱਤੀ ਹੈ।

ਦਲਿਤ ਬੁੱਧੀਜੀਵੀ ਵਰਗ ਦਾ ਆਪਣਾ ਇੱਕ ਵੱਖਰਾ ਰੋਲ ਹੈ। ਇਕੱਲੇ ਪਟਿਆਲੇ ਵਿੱਚ ਦੋ ਤਿੰਨ ਪੇਪਰ ਇਸ ਮੰਤਵ ਨੂੰ ਲੈ ਕੇ ਚੱਲ ਰਹੇ ਹਨ। ਕੁਲਵੰਤ ਨਾਰੀਕੇ ਦਾ ਸੀ੍ਰ ਬੇਗਮਪੁਰਾ ਮਿਸ਼ਨ ਵੱਲੋਂ 'ਗੁਸਾਈਆਂ' ਤੇ ਗੁਰਮੀਤ ਕੱਲਰ ਮਾਜਰੀ ਦਾ 'ਹਾਸ਼ੀਆ' ਸਬੂਤ ਵਜੋਂ ਲਏ ਜਾ ਸਕਦੇ ਹਨ। ਗੁਰਨਾਮ ਅਕੀਦਾ ਵਰਗੇ ਪੱਤਰਕਾਰ 'ਕੱਖ ਕੰਡੇ' ਵਰਗੀਆਂ ਕਿਤਾਬਾਂ ਰਾਹੀਂ ਆਪਣੇ ਭਾਈਚਾਰੇ ਨੂੰ ਲਾਮਬੰਦ ਕਰ ਰਹੇ ਹਨ।

ਇਸ ਤਰ੍ਹਾਂ ਡੇਰਿਆਂ ਵੱਲ ਇਸ ਭਾਈਚਾਰੇ ਦਾ ਵਹੀਰਾਂ ਘੱਤਣਾ ਸਿੱਖੀ ਲਈ ਕੋਈ ਸ਼ੁਭ ਸੰਕੇਤ ਨਹੀਂ। ਮਾਲਵੇ ਵਿੱਚ ਡੇਰਾ ਸੱਚਾ ਸੌਦਾ ਦੀ ਘਟਨਾ ਤੋਂ ਬਾਅਦ ਪ੍ਰੇਮੀਆਂ ਅਤੇ ਸਿੱਖਾਂ ਵਿੱਚ ਪਾੜਾ ਵਧਿਆ ਹੈ। ਦਰਸ਼ਨ ਦਰਸ਼ਕ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਵਾਲੇ ਲੋਕਾਂ ਦਾ ਇਤਰਾਜ਼ ਸੀ ਕਿ ਤੁਸੀਂ ਵਿਆਨਾ ਦੇ ਗੁਰਦੁਆਰੇ ਵਿੱਚ 30 ਸਿੱਖ ਜ਼ਖਮੀ ਕਿਉਂ ਲਿਖਿਆ। ਜ਼ਖਮੀ ਸਿੱਖ ਨਹੀਂ ਸਨ। ਸਿੱਖਾਂ ਦੀ ਹੁਣ ਜੱਟਾਂ ਨਾਲ ਸ਼ਨਾਖ਼ਤ ਹੋਣ ਲੱਗ ਪਈ ਹੈ, ਜਿਵੇਂ ਜੱਟਾਂ ਤੋਂ ਬਿਨਾਂ ਕੋਈ ਹੋਰ ਸਿੱਖ ਨਹੀਂ। ਇਹ ਵਰਤਾਰਾ ਕੋਈ ਜ਼ਿਆਦਾ ਵਧੀਆ ਨਹੀਂ। ਹਰ ਗੰਭੀਰ ਚਿੰਤਕ, ਹਰ ਗੁਰੂ ਮੰਨਣ ਵਾਲਾ ਸਿੱਖ ਅਤੇ ਸਮਾਜਿਕ ਬਰਾਬਰੀ ਵਿੱਚ ਵਿਸ਼ਵਾਸ ਰੱਖਣ ਵਾਲਾ ਹਰ ਪੰਜਾਬੀ ਅੱਜ ਚਿੰਤਤ ਹੈ, ਗੰਭੀਰ ਨਹੀਂ ਹਨ ਤਾਂ ਸੱਤਾ ਦੇ ਖਿਡਾਰੀ ਗੰਭੀਰ ਨਹੀਂ। ਉਹ ਤਾਂ ਅੱਜ ਵੀ ਸਿਆਸੀ ਰੋਟੀਆਂ ਸੇਕਣ ਲਈ ਅੱਗ ਬਾਲਣ ਲਈ ਤੀਲੀ ਲਾਉਣ ਨੂੰ ਫਿਰਦੇ ਹਨ। ਲੋੜ ਹੈ ਅਜਿਹੇ ਲੋਕਾਂ ਨੂੰ ਅਤੇ ਅਜਿਹੇ ਵਰਤਾਰੇ ਨੂੰ ਨੰਗਾ ਕਰਨ ਦੀ ਅਤੇ ਲੋੜ ਹੈ ਸਮਾਜ ਦੇ ਹਰ ਵਰਗ ਨੂੰ ਸਤਿਕਾਰ ਅਤੇ ਹੱਕ ਦੇਣ ਦੀ। ਅਜੇ ਵੀ ਮੌਕਾ ਹੈ ਕਿ ਸਨਾਤਨੀ ਅਤੇ ਬ੍ਰਾਹਮਣਵਾਦੀ ਰਵਾਇਤਾਂ ਤੋਂ ਖਹਿੜਾ ਛੁਡਾ ਕੇ ਗੁਰੂ ਸਾਹਿਬਾਨ ਦੇ ਆਸ਼ੇ ਮੁਤਾਬਕ ਸਮਾਜ ਨੂੰ ਬਣਾਉਣ ਵੱਲ ਵਧੀਏ।

ਅਜੀਤ ਵੀਕਲੀ ਲਿੰਕ