ਸਿੱਖ ਦਿਮਾਗ ਵਿੱਚ ਬੈਠੇ ਮੰਨੂ ... - ਦਰਸ਼ਨ ਸਿੰਘ ਦਰਸ਼ਕ

ਸਿੱਖ ਦਿਮਾਗ ਵਿੱਚ ਬੈਠੇ ਮੰਨੂ ਬਾਹਰ ਕੱਢਣ - ਦਰਸ਼ਨ ਸਿੰਘ ਦਰਸ਼ਕ
''ਭਾਰਤੀ ਲੋਕ ਨੀਚ ਕਿਵੇਂ ਬਣੇ" ਨਾਮਕ ਪੁਸਤਕ ਰਾਹੀਂ ਚਰਚਾ ਵਿੱਚ ਰਹੇ ਪ੍ਰੋ. ਗੁਰਨਾਮ ਸਿੰਘ ਜਿਨ੍ਹਾਂ ਨੇ ਦਲਿਤ ਸਮੱਸਿਆਵਾਂ ਅਤੇ ਦਲਿਤਾਂ ਨੂੰ ਜਗਾਉਣ ਲਈ ਬਹੁਤ ਸਾਰਾ ਸਾਹਿਤ ਰਚਿਆ ਹੈ, ਦਾ ਇੱਕ ਲੇਖ ਮੇਰੇ ਕੋਲ ਛਪਣ ਲਈ ਆਇਆ, ਜਿਸ ਵਿੱਚ ਉਨ੍ਹਾਂ ਨੇ ਹਾਲ ਹੀ ਵਿੱਚ ਪੰਜਾਬ ਅੰਦਰ ਵਿਆਨਾ ਕਾਂਡ ਤੋਂ ਬਾਅਦ ਵਾਪਰੀਆਂ ਘਟਨਾਵਾਂ ਦੇ ਸੰਦਰਭ ਵਿੱਚ 'ਖਾਲਿਸਤਾਨ ਜ਼ਿੰਦਾਬਾਦ' ਜਥੇਬੰਦੀ ਨੂੰ ਸੰਬੋਧਿਤ ਹੁੰਦੇ ਹੋਏ ਦਲਿਤਾਂ ਦੇ ਦਰਦ ਦੀ ਵਿਆਖਿਆ ਕਰਨ ਦਾ ਯਤਨ ਕੀਤਾ ਹੈ। ਮੈਂ ਉਸ ਲੇਖ ਨੂੰ ਬਾਰੀਕੀ ਨਾਲ ਪੜ੍ਹਿਆ ਅਤੇ ਲੱਗਿਆ ਕਿ ਉਨ੍ਹਾਂ ਨੇ ਬਹੁਤ ਭਾਵੁਕ ਹੋ ਕੇ ਲਿਖਿਆ ਹੈ।

ਇਸ ਲਈ ਮੈਂ ਉਨ੍ਹਾਂ ਨੂੰ ਫ਼ੋਨ ਕਰ ਦਿੱਤਾ ਅਤੇ ਕਿਹਾ ਕਿ ਉਹ ਲਿਖਣ ਲੱਗੇ ਕੁੱਝ ਜ਼ਿਆਦਾ ਹੀ ਉਲਾਰ ਹੋ ਗਏ ਹਨ। ਉਨ੍ਹਾਂ ਨੇ ਜੋ ਕੁਝ ਕਿਹਾ ਕਿ ਉਸ ਤੋਂ ਉਨ੍ਹਾਂ ਦੀ ਦਲੀਲ ਜਾਇਜ਼ ਵੀ ਨਜ਼ਰ ਆਈ। ਉਨ੍ਹਾਂ ਕਿਹਾ ਕਿ ਦਲਿਤ ਸਦੀਆਂ ਤੋਂ ਸਮਾਜਿਕ, ਆਰਥਿਕ ਅਤੇ ਬੌਧਿਕ ਗ਼ੁਲਾਮੀ ਹੰਢਾਉਂਦੇ ਆਏ ਹਨ। ਅੱਜ ਜੇਕਰ ਕੁੱਝ ਦਲਿਤ ਕੁੱਝ ਚੰਗਾ ਹੰਢਾਉਣ ਜੋਗੇ ਹੋਏ ਹਨ ਤਾਂ ਉਨ੍ਹਾਂ ਉੱਤੇ ਕਈ ਪਾਸਿਉਂ ਤੋਂ ਹਮਲੇ ਹੋਣ ਲੱਗ ਪਏ ਹਨ। ਵਿਆਨਾ ਕਾਂਡ ਵੀ ਉਸੇ ਲੜੀ ਦਾ ਇੱਕ ਹਿੱਸਾ ਹੈ। ਉਨ੍ਹਾਂ ਦੇ ਲੇਖ ਦੀਆਂ ਬਾਕੀ ਗੱਲਾਂ ਨੂੰ ਜੇਕਰ ਛੱਡ ਦੇਈਏ ਤਾਂ ਇੱਕ ਗੱਲ ਮਹੱਤਵਪੂਰਨ ਵੀ ਹੈ ਅਤੇ ਖ਼ਤਰਨਾਕ ਵੀ। ਉਹ ਇਹ ਹੈ ਕਿ ਉਨ੍ਹਾਂ ਕੋਲ ਬਹੁਤ ਸਾਰੇ ਦਲਿਤਾਂ ਦੇ ਫ਼ੋਨ ਆਉਂਦੇ ਹਨ ਕਿ ਕਿਉਂ ਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਿੱਖ ਧਾਰਮਿਕ ਲੀਡਰਾਂ ਦੇ ਹਵਾਲੇ ਕਰ ਆਈਏ ਅਤੇ ਖ਼ੁਦ ਦਲਿਤ ਗੁਰੂਆਂ ਤੇ ਮਹਾਂ ਪੁਰਸ਼ਾਂ ਦੀ ਬਾਣੀ ਨਾਲ ਹੀ ਗੁਜ਼ਾਰਾ ਕਰ ਲਈਏ।

ਭਾਵੇਂ ਕਿ ਪ੍ਰੋ. ਗੁਰਨਾਮ ਸਿੰਘ ਨੇ ਇਸ ਕਦਮ ਨਾਲ ਸਹਿਮਤੀ ਨਹੀਂ ਪ੍ਰਗਟਾਈ ਪਰ ਇਹ ਚੇਤਾਵਨੀ ਜ਼ਰੂਰ ਦਿੱਤੀ ਹੈ ਕਿ ਜੇਕਰ ਅਜਿਹੀਆਂ ਘਟਨਾਵਾਂ ਵਾਪਰਦੀਆਂ ਰਹੀਆਂ ਤਾਂ ਇਹ ਭਾਣਾ ਵਾਪਰ ਵੀ ਸਕਦਾ ਹੈ। ਹੁਣ ਜੇਕਰ ਆਪਾਂ ਨਿਰਪੱਖ ਹੋ ਕੇ ਸੋਚੀਏ ਤਾਂ ਇਹ ਧਾਰਮਿਕ ਵਰਤਾਰਾ ਸਮਾਜ ਨੂੰ ਕਿਧਰ ਲਿਜਾ ਸਕਦਾ ਹੈ। ਇਹ ਗੱਲ ਸਿੱਖ ਧਾਰਮਿਕ ਸਿਆਸੀ ਲੀਡਰਾਂ ਅਤੇ ਬੁੱਧੀਜੀਵੀਆਂ ਨੂੰ ਜ਼ਰੂਰ ਹੀ ਸੋਚਣੀ ਚਾਹੀਦੀ ਹੈ।

ਸਿੱਖ ਧਰਮ ਮੁੱਢ ਤੋਂ ਜ਼ਾਤ ਪਾਤ ਦੇ ਖ਼ਿਲਾਫ਼ ਹੈ। ਬੇਸ਼ੱਕ ਹੁਣ ਤੱਕ ਜ਼ਾਤ ਪਾਤ ਖ਼ਤਮ ਨਹੀਂ ਹੋ ਸਕੀ ਪਰ ਜੋ ਹਾਲ ਬਾਕੀ ਭਾਰਤ ਵਿੱਚ ਹੈ ਉਹ ਹਾਲ ਪੰਜਾਬ ਵਿੱਚ ਨਹੀਂ ਹੈ। ਭਾਰਤ ਵਿੱਚ ਕਿਸੇ ਵੀ ਮੰਦਿਰ ਵਿੱਚ ਦਲਿਤ ਪੁਜਾਰੀ ਨਹੀਂ ਪਰ ਗੁਰਦੁਆਰਿਆਂ ਵਿੱਚ ਦਲਿਤ ਪਾਠੀ ਵੀ ਹਨ ਅਤੇ ਰਾਗੀ ਸਿੰਘ ਵੀ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੈੱਡ ਗ੍ਰੰਥੀ ਸਿੰਘ ਸਾਹਿਬ ਭਗਵਾਨ ਸਿੰਘ ਰਹਿ ਚੁੱਕੇ ਹਨ। ਪਦਮਸ੍ਰੀ ਭਾਈ ਨਿਰਮਲ ਸਿੰਘ ਖਾਲਸਾ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਹਨ। ਪਰ ਅਜਿਹੀਆਂ ਬਹੁਤ ਘੱਟ ਉਦਾਹਰਨਾਂ ਹਨ। ਜ਼ਿਆਦਾਤਰ ਦਲਿਤ ਹਾਲੇ ਤੱਕ ਵੀ ਸਮਾਜਿਕ ਅਤੇ ਧਾਰਮਿਕ ਵਿਤਕਰੇ ਦਾ ਸ਼ਿਕਾਰ ਹਨ। ਇਹੀ ਕਾਰਨ ਹੈ ਕਿ ਉਨ੍ਹਾਂ ਦੀ ਆਸਥਾ ਡੇਰਿਆਂ ਜਾਂ ਦੇਹਧਾਰੀ ਗੁਰੂਆਂ ਵਿੱਚ ਬਣਦੀ ਜਾ ਰਹੀ ਹੈ। ਲੇਕਿਨ ਸਿੱਖ ਧਾਰਮਿਕ, ਸਮਾਜਿਕ ਅਤੇ ਸਿਆਸੀ ਲੀਡਰਾਂ ਤੇ ਸਿੱਖ ਬੁੱਧੀਜੀਵੀਆਂ ਨੇ ਕਦੇ ਵੀ ਇਸ ਗੱਲ ਨੂੰ ਗੰਭੀਰਤਾ ਨਾਲ ਨਹੀਂ ਲਿਆ। ਅਸਲ ਵਿੱਚ ਅਸੀਂ ਮੁੱਢੋਂ ਹੀ ਗ਼ਲਤੀ ਕਰਦੇ ਆ ਰਹੇ ਹਾਂ। ਇੱਕ ਸਮੇਂ ਸਾਹਿਬ ਸ੍ਰੀ ਡਾ. ਭੀਮ ਰਾਓ ਅੰਬੇਡਕਰ ਕਰੋੜਾਂ ਦਲਿਤਾਂ ਨਾਲ ਸਿੱਖ ਬਣਨ ਲਈ ਤਿਆਰ ਹੋ ਗਏ ਸਨ ਪਰ ਉਦੋਂ ਅਖੌਤੀ ਸਿੱਖ ਲੀਡਰਾਂ ਅੰਦਰ ਅਸੁਰੱਖਿਆ ਦੀ ਭਾਵਨਾ ਪੈਦਾ ਹੋ ਗਈ ਅਤੇ ਉਨ੍ਹਾਂ ਨੇ ਇਤਿਹਾਸ ਦੀ ਮਹਾਨ ਘਟਨਾ ਸਾਰਥਿਕ ਨਹੀਂ ਹੋਣ ਦਿੱਤੀ।

ਉਦੋਂ ਤੋਂ ਹੁਣ ਤੱਕ ਵੀ ਇਹੀ ਹਾਲ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦੇਖ ਲਵੋ ਜਾਂ ਸ਼੍ਰੋਮਣੀ ਅਕਾਲੀ ਦਲ ਨੂੰ ਦੇਖ ਲਵੋ-ਇਨ੍ਹਾਂ ਸਭ ਵਿੱਚ ਭਾਵੇਂ ਦਲਿਤਾਂ ਨੂੰ ਪ੍ਰਤੀਨਿਧਤਾ ਦਿੱਤੀ ਜਾਂਦੀ ਹੈ ਪਰ ਉਹ ਮਾਣ ਸਤਿਕਾਰ ਨਹੀਂ ਦਿੱਤਾ ਜਾਂਦਾ ਜਿਸ ਦੇ ਉਹ ਹੱਕਦਾਰ ਹਨ। ਉਥੋਂ ਹੀ ਪਿੰਡਾਂ ਦੀ ਰਾਜਨੀਤੀ ਪ੍ਰਭਾਵ ਕਬੂਲਦੀ ਹੈ। ਉਥੇ ਤਾਂ ਦਲਿਤਾਂ ਨੂੰ ਬਹੁਤ ਹੀ ਨਫ਼ਰਤ ਦੀ ਨਿਗਾਹ ਨਾਲ ਦੇਖਿਆ ਜਾਂਦਾ ਹੈ। ਪੰਚਾਇਤਾਂ ਵਿੱਚ ਪ੍ਰਤੀਨਿਧਤਾ ਤਾਂ ਮਿਲ ਜਾਂਦੀ ਹੈ ਪਰ ਦਲਿਤ ਸਰਪੰਚ ਦੀ ਇਹ ਜੁਅਰਤ ਨਹੀਂ ਹੈ ਕਿ ਉਹ ਕਥਿਤ ਵੱਡੀ ਜ਼ਾਤ ਦੇ ਦੋਸ਼ੀ ਨੂੰ ਕੋਈ ਸਜ਼ਾ ਸੁਣਾ ਸਕੇ। ਇਸੇ ਪ੍ਰਕਾਰ ਉਨ੍ਹਾਂ ਨੂੰ ਧਾਰਮਿਕ ਤੌਰ 'ਤੇ ਨਫ਼ਰਤ ਦਾ ਸ਼ਿਕਾਰ ਹੋਣਾ ਪੈਂਦਾ ਹੈ। ਜੇਕਰ ਕੋਈ ਦਲਿਤ ਲੰਗਰ ਵਰਤਾਉਣ ਲੱਗ ਪੈਂਦਾ ਹੈ ਤਾਂ ਜ਼ਿਆਦਾਤਰ ਲੋਕ ਉਸ ਦੇ ਹੱਥੋਂ ਲੰਗਰ ਖਾਣਾ ਹੀ ਪਸੰਦ ਨਹੀਂ ਕਰਦੇ। ਇਸ ਸਮਾਜਿਕ ਜਾਂ ਧਾਰਮਿਕ ਵਿਤਕਰੇ ਨੂੰ ਸ਼੍ਰੋਮਣੀ ਕਮੇਟੀ ਜਾਂ ਸ਼੍ਰੋਮਣੀ ਅਕਾਲੀ ਦਲ ਜਾਂ ਹੋਰ ਕਿਸੇ ਜਥੇਬੰਦੀ ਨੇ ਦੂਰ ਕਰਨ ਲਈ ਗੰਭੀਰ ਰੂਪ ਵਿੱਚ ਕਦਮ ਨਹੀਂ ਉਠਾਏ। ਇਸੇ ਕਾਰਨ ਦਲਿਤਾਂ ਨੂੰ ਪਿੰਡਾਂ ਵਿੱਚ ਅਲੱਗ ਧਾਰਮਿਕ ਸਥਾਨ ਕਾਇਮ ਕਰਨੇ ਪੈ ਗਏ ਹਨ। ਇਸ ਨਫ਼ਰਤ ਦਾ ਲਾਭ ਕੁੱਝ ਡੇਰੇ ਉਠਾ ਰਹੇ ਹਨ।

ਡੇਰੇ ਦਲਿਤਾਂ ਦੀ ਤਾਕਤ ਦੇ ਸਿਰ 'ਤੇ ਸ਼੍ਰੋਮਣੀ ਕਮੇਟੀ ਅਤੇ ਅਕਾਲੀ ਦਲ ਲਈ ਚੁਣੌਤੀ ਬਣ ਰਹੇ ਹਨ। ਵਿਧਾਨ ਸਭਾ ਚੋਣਾਂ ਦੌਰਾਨ ਅਕਾਲੀ ਦਲ ਮਾਲਵਾ ਖੇਤਰ ਵਿੱਚ ਇਸ ਦਾ ਖ਼ਮਿਆਜ਼ਾ ਭੁਗਤ ਚੁੱਕਿਆ ਹੈ। ਇਸ ਤੋਂ ਬਾਅਦ ਵਾਲੇ ਘਟਨਾਕ੍ਰਮ ਨੇ ਪ੍ਰੇਮੀ ਖ਼ਾਸ ਕਰ ਕੇ ਦਲਿਤ ਸਿੱਖ ਧਰਮ ਨਾਲੋਂ ਪਾਸਾ ਹੀ ਵੱਟ ਗਏ ਕਿਉਂਕਿ ਸੌਦੇ ਸਾਧ ਦੀ ਗ਼ਲਤੀ ਤੋਂ ਬਾਅਦ ਪ੍ਰੇਮੀਆਂ ਨਾਲ ਰੋਟੀ-ਬੇਟੀ ਦੀ ਸਾਂਝ ਤੋੜਨ ਦਾ ਜੋ ਹੁਕਮਨਾਮਾ ਜਾਰੀ ਹੋਇਆ ਉਸ ਨਾਲ ਪ੍ਰੇਮੀਆਂ ਦਾ ਸਮਾਜਿਕ ਬਾਈਕਾਟ ਹੋ ਗਿਆ। ਅੱਜ ਉਨ੍ਹਾਂ ਨੂੰ ਵਿਆਹੁਣ ਸਮੇਂ ਆਨੰਦ ਕਾਰਜ ਲਈ, ਪੁੱਤਰ ਜੰਮਣ ਦੀ ਖੁਸ਼ੀ ਲਈ ਅਤੇ ਮਰਗ ਦੇ ਭੋਗ ਲਈ ਗੁਰਦੁਆਰਾ ਸਾਹਿਬ ਤੋਂ ਗੁਰੂ ਗ੍ਰੰਥ ਸਾਹਿਬ ਨਹੀਂ ਮਿਲਦਾ। ਕੁੱਝ ਸਮਾਂ ਪਹਿਲਾਂ ਤੱਕ ਇਹ ਪ੍ਰੇਮੀ ਭਾਵੇਂ ਡੇਰੇ ਜਾਂਦੇ ਸਨ ਪਰ ਆਪਣੇ ਧਾਰਮਿਕ ਕਾਰਜਾਂ ਲਈ ਘਰ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਹੀ ਪਾਠ ਕਰਵਾਉਂਦੇ ਹਨ। ਇਸ ਲਈ ਉਨ੍ਹਾਂ ਵਿੱਚ ਸਿੱਖੀ ਪ੍ਰਤੀ ਪ੍ਰੇਮ ਸੀ। ਹੁਣ ਜਦੋਂ ਉਨ੍ਹਾਂ ਉੱਤੇ ਧਾਰਮਿਕ ਬੰਦਸ਼ਾਂ ਲੱਗ ਗਈਆਂ ਹਨ ਤਾਂ ਇਹ ਕਿਵੇਂ ਲੱਗ ਗਈਆਂ ਹਨ ਤਾਂ ਇਹ ਕਿਵੇਂ ਸੰਭਵ ਹੈ ਕਿ ਉਹ ਸਿੱਖੀ ਸਿਧਾਂਤਾਂ ਅਨੁਸਾਰ ਚੱਲਣ ਬਾਰੇ ਸੋਚ ਸਕਦੇ ਹਨ। ਸੌਦੇ ਸਾਧ ਦੀ ਗ਼ਲਤੀ ਕਾਰਨ ਸਿੱਖਾਂ ਨੇ ਜੋ ਇਹ ਸਖ਼ਤ ਕਦਮ ਚੁੱਕਿਆ ਉਸ ਨੇ ਪ੍ਰੇਮੀਆਂ ਦੇ ਗੁਰਦੁਆਰਿਆਂ 'ਚ ਅਰਦਾਸ ਕਰਨ ਦੇ ਦਰਵਾਜ਼ੇ ਹੀ ਬੰਦ ਕਰ ਦਿੱਤੇ।

ਇਸ ਤੋਂ ਪਹਿਲਾਂ ਤੱਲ੍ਹਣ ਕਾਂਡ ਇਸੇ ਧਾਰਮਿਕ ਵਿਤਕਰੇ ਦੀ ਉਦਾਹਰਣ ਹੈ। ਹੁਣ ਵਿਆਨਾ ਕਾਂਡ ਸਾਹਮਣੇ ਆ ਗਿਆ ਹੈ। ਅਜਿਹੇ ਕਾਂਡ ਅੱਗੇ ਵੀ ਹੁੰਦੇ ਰਹਿਣਗੇ। ਇਸ ਲਈ ਇਹ ਬਹੁਤ ਜ਼ਰੂਰੀ ਹੈ ਕਿ ਸਿੱਖ ਸਮਾਜ ਆਪਣੀ ਸੋਚ ਵਿੱਚ ਬੈਠੇ ਮੰਨੂ ਅਤੇ ਬ੍ਰਾਹਮਣ ਨੂੰ ਬਾਹਰ ਕੱਢੇ। ਗੁਰੂ ਸਾਹਿਬਾਨ ਨੇ ਜੋ ਸਿੱਖਿਆਵਾਂ ਦਿੱਤੀਆਂ ਹਨ, ਉਨ੍ਹਾਂ ਅਨੁਸਾਰ ਚੱਲ ਕੇ ਸਭ ਨੂੰ ਮਾਨ ਸਤਿਕਾਰ ਦੇਣਾ ਹੀ ਪਵੇਗਾ। ਜੇਕਰ ਅਜਿਹਾ ਨਹੀਂ ਹੁੰਦਾ ਤਾਂ ਪੰਜਾਬ ਵਿੱਚ ਤਾਂ ਬਹੁਤੇ ਦਲਿਤ ਆਪਣੇ ਨਾਵਾਂ ਨਾਲੋਂ 'ਸਿੰਘ' ਹਟਾਉਣਾ ਸ਼ੁਰੂ ਕਰ ਦੇਣਗੇ।

ਅਜੀਤ ਵੀਕਲੀ ਲਿੰਕ