ਸਰਨੇ ਵਲੋਂ ਮਦਦ ਕਰਨ ਦਾ ਐਲਾਨ, ਵਕੀਲ ਦਾ ਦਾਅਵਾ

ਸਰਦਾਰ ਸਰਨਾ ਸਾਹਿਬ ਦੇ 23.07.2009 ਨੂੰ ਦਿੱਤੇ ਗਏ ਭਾਸ਼ਣ ਦੀ ਵੀਡੀਓ







ਵੱਖਰੀ ਸ੍ਰੋਮਣੀ ਕਮੇਟੀ ਲਈ ਬਾਦਲਕਿਆਂ ਨੇ ਖੁਦ ਦਸਤਖਤ ਕੀਤੇ : ਸਰਨਾ ਕਿਹਾ, ਬਾਦਲ ਗ੍ਰਿਫਤਾਰ ਕਰਕੇ ਵਿਖਾਵੇ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਅੱਜ ਲੁਧਿਆਣਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਿਸ ਤਰ੍ਹਾਂ ਦਿੱਲੀ ਦੇ ਗੁਰਧਾਮਾਂ ਦੀ ਸੇਵਾ ਸੰਭਾਲ ਲਈ ਦਿੱਲੀ ਵਿਖੇ ਗੁਰਦੁਆਰਾ ਪ੍ਰਬੰਧਕ ਬਣਾਈ ਗਈ ਸੀ। ਉਸੇ ਹੀ ਤਰਜ ਤੇ ਹਰਿਆਣਾ ਵਿੱਚ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਉਣ ਦੇ ਉਹ ਹੱਕ ਵਿੱਚ ਹਨ। ਉਹਨਾਂ ਨੇ ਵੱਖਰੀ ਹਰਿਆਣਾ ਕਮੇਟੀ ਬਣਾਉਣ ਦਾ ਵਿਰੋਧ ਕਰ ਰਹੇ ਸ੍ਰੋਮਣੀ ਕਮੇਟੀ ਦੇ ਮੌਜੂਦਾ ਪ੍ਰਧਾਨ ਅਵਤਾਰ ਸਿੰਘ ਮੱਕੜ ਅਤੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਲੋਂ ਲਗਾਤਾਰ ਕੀਤੀ ਜਾ ਰਹੀ ਬਿਆਨਬਾਜੀ ਸਬੰਧੀ ਪੁੱਛੇ ਗਏ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਜਦੋਂ ਵੀ ਕਿਸੇ ਡਿਕਟੇਟਰ ਨੂੰ ਆਪਣੇ ਹੱਥੋ ਆਪਣੀ ਕੋਈ ਵਸਤੂ ਜਾਂ ਅਹੁਦਾ ਖੁਸਦਾ ਨਜਰ ਆਉਂਦਾ ਹੈ ਤਾਂ ਉਹ ਇਸ ਤਰ੍ਹਾਂ ਹੀ ਤਿਲਮਿਲਾਉਂਦਾ ਹੈ। ਜਿਸ ਤਰ੍ਹਾਂ ਬਾਦਲ ਹੱਥੋ ਸ੍ਰੋਮਣੀ ਕਮੇਟੀ ਦੀ ਰਾਜ ਸੱਤਾ ਖੁਸਦੀ ਜਾ ਰਹੀ ਹੈ।

ਜਦੋਂ ਪੱਤਰਕਾਰਾਂ ਵਲੋਂ ਸਰਨਾ ਨੂੰ ਪੁਛਿਆ ਗਿਆ ਕਿ ਵੱਖਰੀ ਹਰਿਆਣਾ ਕਮੇਟੀ ਨੂੰ ਬਣਨ ਤੋਂ ਰੋਕਣ ਲਈ ਜਿਸ ਤਰ੍ਹਾਂ ਸ੍ਰੋਮਣੀ ਅਕਾਲੀ ਦਲ ਦੇ ਐਮ ਪੀ ਸੰਸਦ ਵਿੱਚ ਆਪਣੀ ਅਵਾਜ ਬੁਲੰਦ ਕਰਕੇ ਇਸ ਸਮੁੱਚੇ ਵਰਤਾਰੇ ਪਿੱਛੇ ਵਰਤਾਰੇ ਪਿਛੇ ਕਾਂਗਰਸ ਪਾਰਟੀ ਦਾ ਹੱਥ ਦੱਸ ਕੇ ਕਾਂਗਰਸ ਪਾਰਟੀ ਨੂੰ ਸਿੱਧੇ ਰੂਪ ਵਿੱਚ ਸਿੱਖ ਧਰਮ ਅੰਦਰ ਦਖਲ ਅੰਦਾਜੀ ਕਰਨ ਦੇ ਦੋਸ਼ ਲਗਾ ਰਹੇ ਹਨ। ਕੀ ਉਹ ਦੋਸ਼ ਸਹੀ ਹਨ? ਇਸ ਸਬੰਧੀ ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਕਾਂਗਰਸ ਪਾਰਟੀ ਸਿੱਖ ਦੇ ਧਾਰਮਿਕ ਮਸਲਿਆ ਵਿੱਚ ਕੋਈ ਦਖਲ ਅੰਦਾਜੀ ਨਹੀਂ ਕਰ ਰਹੀ। ਬਲਕਿ ਬਾਦਲ ਭਾਜਪਾ ਦੀ ਮਦਦ ਲੈ ਕੇ ਸੰਸਦ ਅੰਦਰ ਇਸ ਮੁੱਦੇ ਸਬੰਧੀ ਬੇਲੋੜੀ ਖੱਪ ਪਾ ਰਿਹਾ ਹੈ।

ਸ੍ਰੋਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਵਲੋਂ ਕਿਸੇ ਵੀ ਸੂਰਤ ਵਿੱਚ ਹਰਿਆਣਾ ਦੇ ਗੁਰਦੁਆਰੇ ਵੱਖਰੀ ਕਮੇਟੀ ਨੂੰ ਨਾ ਦਿੱਤੇ ਜਾਣ ਸਬੰਧੀ ਆਪਣਾ ਉੱਤਰ ਦਿੰਦਿਆ ਸਰਨਾ ਨੇ ਕਿਹਾ ਕਿ ਜਿਨ੍ਹਾਂ ਦਾ 500 ਕਰੋੜ ਰੁਪਏ ਦੀ ਰਾਸ਼ੀ ਤੇ ਗੁਰੂ ਦੀਆਂ ਗੋਲਕਾਂ ਨਾਲ ਢਿੱਡ ਨਹੀ ਭਰਦਾ ਉਹ ਹਰਿਆਣਾ ਦੇ ਗੁਰਦੁਆਰਿਆਂ ਦੀ 5 ਕਰੋੜ ਰੁਪਏ ਦੀ ਗੋਲਕ ਕਿਉ ਛੱਡਣਗੇ। ਸਰਨਾ ਨੇ ਸਪੱਸ਼ਟ ਕੀਤਾ ਕਿ ਹਰਿਆਣਾ ਮੰਦਰ ਵੱਖਰੀ ਪ੍ਰਬੰਧਕ ਕਮੇਟੀ ਦਾ ਪ੍ਰਬੰਧ ਕਈ ਹਿੰਦੂ ਬ੍ਰਾਮਣਾਂ, ਇਸਾਈਆਂ ਜਾਂ ਮੁਸਲਮਾਨਾਂ ਕੋਲ ਨਹੀਂ ਜਾ ਰਿਹਾ ਬਲ ਕਿ ਆਪਣੇ ਸਿੱਖ ਭਰਾਵਾਂ ਕੋਲ ਹੀ ਜਾ ਰਿਹਾ ਹੈ। ਇਸ ਲਈ ਮੱਕੜ ਤੇ ਬਾਦਲ ਨੂੰ ਕੀ ਤਕਲੀਫ ਹੈ? ਉਹਨਾਂ ਨੇ ਕਿਹਾ ਕਿ 1966 ਵਿੱਚ ਜਦੋਂ ਪੰਜਾਬੀ ਸੂਬਾ ਬਣਿਆ ਸੀ ਤਾਂ ਉਸ ਵੇਲੇ ਹਰਿਆਣਾ ਵਿੱਚ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਉਣ ਦੇ ਇਕਰਾਰਨਾਮੇ ਉਪਰ ਪੰਥਕ ਆਗੂਆਂ ਨੇ ਆਪਣੇ ਦਸਖਤ ਕੀਤੇ ਸਨ ਹੁਣ ਉਹ ਆਪਣੇ ਵਾਅਦੇ ਤੋਂ ਕਿਉਂ ਮੁਕਰ ਰਹੇ ਹਨ।

ਵਿਆਨਾ ਕਾਂਡ ਸਬੰਧੀ ਤੁਹਾਡੇ ਵਲੋ ਕੀਤੀ ਗਈ ਬਿਆਨਬਾਜੀ ਨਾਲ ਡੇਰਾ ਸੱਚ ਖੰਡ ਬੱਲਾ ਦੇ ਸ਼ਰਧਾਲੂਆਂ ਵਲੋਂ ਜੋ ਥਾਂ ਥਾਂ ਤੇ ਪੁੱਤਲੇ ਸਾੜੇ ਗਏ। ਉਸ ਸਬੰਧੀ ਤੁਸੀ ਕੀ ਕਹਿਣਾ ਚਾਹੋਗੇ? ਇਸ ਤੇ ਸਰਨਾ ਨੇ ਰੋਹ ਭਰੇ ਅੰਦਾਜ ਵਿੱਚ ਕਿਹਾ ਕਿ ਇਸ ਸਮੁੱਚੀ ਕਾਰਵਾਈ ਪਿਛੇ ਸਿੱਧੇ ਰੂਪ ਵਿੱਚ ਬਾਦਲ ਸਰਕਾਰ ਦਾ ਹੱਥ ਹੈ ਪਰ ਮੈਂ ਵਿਆਨਾ ਵਿੱਚ ਵਾਪਰੇ ਸਮੁੱਚੇ ਕਾਂਡ ਦੀ ਸਹੀ ਢੰਗ ਨਾਲ ਜਾਂਚ ਕਰਵਾਕੇ ਹੀ ਦਮ ਲਵਾਂਗਾ ਕਿਉਂਕਿ ਇਸ ਕਾਂਡ ਦੇ ਪਿਛੇ ਇੱਕ ਬਹੁਤ ਵੱਡੀ ਸਾਜਿਸ਼ ਸੀ ਜਿਸ ਵਿੱਚ ਬੇਰੁਜ਼ਗਾਰ ਸਿੱਖ ਨੌਜਵਾਨਾਂ ਨੂੰ ਫਸਾਇਆ ਗਿਆ ਹੈ।

ਜਦੋ ਸਰਨਾ ਨੂੰ ਸਵਾਲ ਕੀਤਾ ਗਿਆ ਕਿ ਸਰਕਾਰ ਤੁਹਾਡੇ ਫਿਰਕੂ ਬਿਆਨਬਾਜੀ ਦੇ ਦੋਸ਼ ਲਗਾ ਕੇ ਤੁਹਾਨੂੰ ਗ੍ਰਿਫਤਾਰ ਕਰਨ ਦੀਆਂ ਸਕੀਮਾਂ ਬਣਾ ਰਹੀ ਹੈ ਤਾਂ ਉਹਨਾਂ ਨੇ ਹੱਸਦਿਆ ਕਿਹਾ ਕਿ ਸਰਕਾਰ ਜਦੋਂ ਚਾਹੇ ਮੈਨੂੰ ਗ੍ਰਿਫਤਾਰ ਕਰ ਲਵੇ ਮੈਂ ਆਪਣੇ ਕੱਪੜੇ ਸੂਟਕੇਸ ਵਿੱਚ ਤਿਆਰ ਰੱਖੇ ਹੋਏ ਹਨ। ਉਹਨਾਂ ਨੇ ਦੱਸਿਆ ਕਿ ਵਿਆਨਾ ਕਾਂਡ ਵਿੱਚ ਫਸੇ ਸਿੱਖ ਨੌਜਵਾਨਾਂ ਨੂੰ ਇਨਸਾਫ ਦਿਵਾਉਣ ਦੇ ਲਈ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੂਰੀ ਤਰ੍ਹਾਂ ਵਚਣਬੱਧ ਹੈ। ਇਸ ਲਈ ਅਸੀ ਆਪਣਾ ਵਕੀਲ ਜੀ ਕੇ ਭਾਰਤੀ ਵਿਆਨਾ ਭੇਜ ਦਿੱਤਾ ਹੈ।

ਆਗਾਮੀ ਸ੍ਰੋਮਣੀ ਕਮੇਟੀ ਚੋਣਾਂ ਸਬੰਧੀ ਪੁਛੇ ਗਏ ਸਵਾਲ ਦਾ ਜਵਾਬ ਦਿੰਦਿਆਂ ਸਰਨਾ ਨੇ ਕਿਹਾ ਕਿ ਅਸੀ ਜੋਰ ਸ਼ੋਰ ਨਾਲ ਸ੍ਰੋਮਣੀ ਕਮੇਟੀ ਦੀਆਂ ਚੋਣਾਂ ਲੜਾਂਗੇ ਤਾਂ ਕਿ ਸ੍ਰੋਮਣੀ ਕਮੇਟੀ ਬਾਦਲਕਿਆ ਤੋਂ ਮੁਕਤ ਕਰਵਾਇਆ ਜਾ ਸਕੇ। ਸੁਰਜੀਤ ਸਿੰਘ ਬਰਨਾਲਾ ਵਲੋਂ ਬਣਾਏ ਜਾ ਰਹੇ ਵੱਖਰੇ ਅਕਾਲੀ ਦਲ ਨੂੰ ਆਪਣਾ ਸਮਰੱਥਣ ਦੇਣ ਸਬੰਧੀ ਪੁਛੇ ਗਏ ਸਵਾਲਾਂ ਦਾ ਜਵਾਬ ਦਿੰਦਿਆਂ ਉਹਨਾਂ ਨੇ ਕਿਹਾ ਕਿ ਉਹ ਬਾਹਰੀ ਤੌਰ ਤੇ ਆਪਣਾ ਸਮਰਥਨ ਦੇ ਸਕਦੇ ਹਨ। ਸਰਨਾ ਨੇ ਕਿਹਾ ਕਿ ਉਹ ਸਮੁੱਚੇ ਰਵਿਦਾਸ ਭਾਈਚਾਰੇ ਦਾ ਸੱਚੇ ਦਿਲੋ ਸਨਮਾਨ ਕਰਦੇ ਹਨ ਕਿਉਂਕਿ ਸਾਡੇ ਗੁਰੂ ਸਾਹਿਬਾਨ ਨੇ ਰਵਿਦਾਸ ਭਗਤ ਸਮੇਤ ਸਮੂਹ ਭਗਤਾਂ ਦੀ ਬਾਣੀ ਨੂੰ ਗੁਰੂ ਦਾ ਦਰਜਾ ਦਿੱਤਾ ਹੈ। ਉਹਨਾਂ ਕਿਹਾ ਕਿ ਉਹ ਇਸੇ ਮੁੱਦੇ ਦੇ ਸਬੰਧ ਵਿੱਚ ਜਲਦੀ ਹੀ ਦਿੱਲੀ ਵਿਖੇ ਸਮੁੱਚੇ ਰਵਿਦਾਸ ਭਾਈਚਾਰੇ ਨਾਲ ਸਬੰਧਤ ਸਮੂਹ ਸੰਪਰਦਾਵਾਂ ਦੀਆਂ ਦੀ ਇੱਕ ਵਿਸ਼ੇਸ਼ ਇਕੱਤਰਤਾ ਬੁਲਾ ਰਹੇ ਹਨ। ਜੋ ਕਿ ਆਪਣੀ ਆਸਥਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਾਲ ਰੱਖਦੀਆਂ ਹਨ।

ਇਸ ਮੌਕੇ ਤੇ ਉਹਨਾਂ ਦੇ ਨਾਲ ਜਥੇਦਾਰ ਜਸਵਿੰਦਰ ਸਿੰਘ, ਪਰਮਜੀਤ ਸਿੰਘ ਮੈਂਬਰ ਬਲਾਕ ਸੰਮਤੀ, ਅਜੀਤ ਸਿੰਘ ਤੇ ਰੁਪਿੰਦਰਪਾਲ ਸਿੰਘ ਗਰੇਵਾਲ ਸਮੇਤ ਲੁਧਿਆਣਾ ਸ਼ਹਿਰ ਦੀਆਂ ਕਈ ਪ੍ਰਮੁੱਖ ਸ਼ਖਸ਼ੀਅਤਾਂ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਇਸ ਤੋਂ ਪਹਿਲਾ ਅੱਜ ਸੰਗਰੂਰ ਤੋਂ ਉਚੇਚੇ ਤੌਰ ਤੇ ਪਰਮਜੀਤ ਸਿੰਘ ਸਰਨਾ ਦਾ ਪਿੰਡ ਫੁੱਲਾਬਾਲ ਵਿਖੇ ਬਲਾਕ ਸੰਮਤੀ ਮੈਂਬਰ ਪਰਮਜੀਤ ਸਿੰਘ ਦੇ ਗ੍ਰਹਿ ਵਿਖੇ ਪੁੱਜਣ ਤੇ ਇਲਾਕੇ ਦੀਆਂ ਪ੍ਰਮੁੱਖ ਸ਼ਖਸ਼ੀਅਤਾਂ ਵਲੋਂ ਉਹਨਾਂ ਦਾ ਭਰਵਾ ਸਵਾਗਤ ਕੀਤਾ ਗਿਆ ਤੇ ਉਹਨਾਂ ਨੂੰ ਜੈ ਕਾਰਿਆ ਦੀ ਗੂੰਜ ਵਿੱਚ ਸਿਰੋਪਾ ਤੇ ਸ੍ਰੀ ਸਾਹਿਬ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ।


ਦਿੱਲੀ ਕਮੇਟੀ ਵਲੋਂ ਵੀਆਨਾ ਘਟਨਾ ਦੀ ਜਾਂਚ ਲਈ ਭੇਜੇ ਵਕੀਲ ਦਾ ਦਾਅਵਾ

ਘਟਨਾ ਨਾਲ ਸਬੰਧਤ ਸਿੱਖਾਂ ਨੂੰ ਉਸਾਮਾ ਬਿਨ ਲਾਦੇਨ ਦੀ ਜਥੇਬੰਦੀ ਦੇ ਮੈਂਬਰ ਵੀ ਦਸਿਆ ਗਿਆ
ਬਾਬਾ ਰਾਮਾਨੰਦ ਦੇ ਕਤਲ ਦਾ ਕਾਰਨ ਲੱਖਾਂ ਡਾਲਰ ਤੇ ਕਈ ਕਿਲੋ ਸੋਨਾ ਹੋ ਸਕਦਾ ਹੈ?
ਸੱਚ ਸਾਹਮਣੇ ਲਿਆਉਣ ਅਤੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ: ਸਰਨਾ

ਨਵੀਂ ਦਿੱਲੀ,18 ਅਗਸਤ (ਜਗਤਾਰ ਸਿੰਘ); ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਰੁਕਵਾਉਣ ਦੇ ਮਸਲੇ ਨੂੰ ਲੈ ਕੇ ਵੀਆਨਾ ਵਿਖੇ ਵਾਪਰੀ ਘਟਨਾ ਦੀ ਜਿਹੜੀ ਤਸਵੀਰ ਦੁਨੀਆਂ ਸਾਹਮਣੇ ਪੇਸ਼ ਕੀਤੀ ਜਾ ਰਹੀ ਹੈ, ਉਹ ਅਸਲ ਤੱਥਾਂ ਤੋਂ ਬਿਲਕੁਲ ਉਲਟ ਹੈ। ਅਜਿਹਾ ਕਰਨ ਦਾ ਮਕਸਦ ਸਿੱਖ ਕੌਮ ਨੂੰ ਅਤਿਵਾਦੀ ਦੇ ਰੂਪ ਵਿਚ ਪੇਸ਼ ਕਰਨਾ ਹੈ। ਇਹ ਪ੍ਰਗਟਾਵਾ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਵਲੋਂ ਵੀਆਨਾ ਵਿਚ ਬਾਬਾ ਰਾਮਾਨੰਦ ਕਤਲ ਕਾਂਡ ਦੀ ਜਾਂਚ ਕਰਨ ਲਈ ਭੇਜੇ ਗਏ ਹਾਈ ਕੋਰਟ ਦੇ ਵਕੀਲ ਸ੍ਰੀ ਜੀ.ਕੇ. ਭਾਰਤੀ ਨੇ ਅੱਜ ਇਥੇ ਦਿੱਲੀ ਕਮੇਟੀ ਦੇ ਦਫ਼ਤਰ ਵਿਚ ਇਕ ਪ੍ਰੈੱਸ ਕਾਨਫਰੰਸ ਦੌਰਾਨ ਕੀਤਾ। ਉਨ੍ਹਾਂ ਵੀਆਨਾ ਦੀਆਂ ਕਈ ਅਖ਼ਬਾਰਾਂ ਦੀਆਂ ਕਟਿੰਗ ਵੀ ਮੀਡੀਆ ਸਾਹਮਣੇ ਪੇਸ਼ ਕੀਤੀਆਂ ਜਿੰਨਾਂ ਵਿਚ ਉਕਤ ਘਟਨਾ ਨਾਲ ਸਬੰਧਤ ਸਿੱਖਾਂ ਨੂੰ ਉਸਾਮਾ ਬਿਨ ਲਾਦੇਨ ਦੀ ਜੱਥੇਬੰਦੀ ਦੇ ਮੈਂਬਰ ਤੱਕ ਗਰਦਾਨਿਆ ਗਿਆ ਸੀ। ਉਨਾਂ ਦੱਸਿਆ ਕਿ ਘਟਨਾ ਨਾਲ ਸਬੰਧਤ ਜੇਲ ਵਿਚ ਬੰਦ ਸਾਰੇ ਸਿੱਖਾਂ ਦੀ ਹਾਲਤ ਵੇਖ ਕੇ ਅਹਿਸਾਸ ਹੋ ਜਾਦਾਂ ਹੈ ਕਿ ਉਨ੍ਹਾਂ ਉੱਤੇ ਕਿੰਨਾ ਜ਼ੁਲਮ ਕੀਤਾ ਗਿਆ ਹੋਵੇਗਾ ਕਿਉਂਕਿ ਤਸੀਹੇ ਦੇਣ ਤੋਂ ਇਲਾਵਾ ਸਿੱਖਾਂ ਦੇ ਕੇਸਾਂ ਉਪਰ ਡੇਰੇ ਦੇ ਸਮਰਥਕਾਂ ਵਲੋਂ ਹਰ ਉਹ ਚੀਜ਼ ਪਾਈ ਗਈ ਜਿਹੜੀ ਉਸ ਵੇਲੇ ਗਰਮ ਭੱਠੀ ਉੱਤੇ ਰੱਖੀ ਹੋਈ ਸੀ।

ਸ੍ਰੀ ਭਾਰਤੀ ਨੇ ਦੱਸਿਆ ਕਿ ਅਸਲੀਅਤ ਜਾਨਣ ਸਬੰਧੀ ਜਦੋਂ ਉੱਥੋਂ ਦੀਆਂ ਵੱਖ-ਵੱਖ ਕੌਮਾਂ ਨਾਲ ਸਬੰਧਤ ਲੋਕਾਂ ਨਾਲ ਰਾਬਤਾ ਕਾਇਮ ਕੀਤਾ ਗਿਆ ਤਾਂ ਪਤਾ ਲੱਗਾ ਕਿ ਰਾਮਾਨੰਦ ਤੇ ਨਿਰੰਜਣ ਦਾਸ ਵਲੋਂ ਪਿਛਲੇ ਕਈ ਸਾਲਾਂ ਤੋਂ ਗੁਰਦੁਆਰੇ ਵਿਚ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਇਕ ਪਾਸੇ ਆਸਣ ਲਗਾ ਕੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਭਾਰੀ ਠੇਸ ਪਹੁੰਚਾਈ ਜਾ ਰਹੀ ਸੀ ਤੇ ਇਹ ਕੁਫਰ ਇੱਥੋਂ ਤਕ ਵੱਧ ਗਿਆ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਉੱਤੇ ਰੁਮਾਲਾ ਚੜ੍ਹਾਉਣ ਤੋਂ ਪਹਿਲਾਂ ਉਕਤ ਬਾਬਿਆਂ ਦੇ ਪੈਰਾਂ ਨਾਲ ਛੁਹਾਉਣ ਦੀ ਕਾਰਵਾਈ ਕੀਤੀ ਜਾ ਰਹੀ ਸੀ। ਉਨਾਂ ਹੈਰਾਨੀ ਪ੍ਰਗਟਾਈ ਕਿ ਵੀਆਨਾ ਦੀ ਪੁਲਿਸ ਨੇ ਉਨਾਂ ਸਿੱਖਾਂ ਵਿਰੁੱਧ ਤਾਂ ਮੁੱਕਦਮਾ ਦਰਜ ਕਰ ਲਿਆ, ਜਿਨਾਂ ਨੇ ਗੁਰੂ ਸਾਹਿਬ ਦੀ ਬੇਅਦਬੀ ਦਾ ਵਿਰੋਧ ਕੀਤਾ ਸੀ ਪਰ ਉਨਾਂ ਲੋਕਾਂ ਵਿਰੁਧ ਕੋਈ ਮੁਕਦਮਾ ਦਰਜ ਨਾ ਕੀਤਾ ਜਿਨਾਂ ਨੇ ਉਨਾਂ ਨੌਜਵਾਨਾਂ ਨੂੰ ਸਰੀਏ, ਤਲਵਾਰਾਂ,ਆਦਿ ਨਾਲ ਅਧ ਮਰਿਆ ਕਰ ਕੇ ਉਨਾਂ ’ਤੇ ਗਰਮ-ਗਰਮ ਚਾਹ,ਪਾਣੀ ਤੇ ਦਾਲ ਪਾ ਕੇ ਮੌਤ ਦੇ ਕਿਨਾਰੇ ਪਹੁੰਚਾ ਦਿੱਤਾ ਸੀ। ਸ੍ਰੀ ਭਾਰਤੀ ਨੇ ਦੱਸਿਆ ਕਿ ਵੀਆਨਾ ਪੁਲਿਸ ਨੇ ਘਟਨਾ ਵਾਲੀ ਥਾਂ ਤੋਂ ਢਾਈ ਸੌ ਤੋਂ ਵੱਧ ਹਥਿਆਰ ਤੇ ਹੋਰ ਸਾਮਾਨ ਵੀ ਬਰਾਮਦ ਕੀਤਾ ਜਿਸ ਨਾਲ ਨੋਜਵਾਨਾਂ ਨੂੰ ਮਾਰਿਆ-ਕੁਟਿਆ ਗਿਆ ਸੀ।

ਸ੍ਰੀ ਭਾਰਤੀ ਨੇ ਦੱਸਿਆ ਕਿ ਪੰਜਾਬ ਦਾ ਜੋ ਵਿਸ਼ੇਸ਼ ਚਾਰਟਰਡ ਜਹਾਜ਼ ਬਾਬਾ ਰਾਮਾਨੰਦ ਦੀ ਲਾਸ਼ ਲੈਣ ਗਿਆ ਸੀ, ਉਸ ਵਿਚ ਹੀ ਬਾਬਾ ਨਿਰੰਜਣਦਾਸ ਨੂੰ ਵੀ ਲਿਆਂਦਾ ਗਿਆ ਜਦਕਿ ਪੁਛਗਿੱਛ ਲਈ ਉਸ ਦਾ ਉੱਥੇ ਟਿੱਕਿਆ ਰਹਿਣਾ ਬਹੁਤ ਜਰੂਰੀ ਸੀ। ਉਨਾਂ ਦੱਸਿਆ ਕਿ ਬਾਬਾ ਨਿਰੰਜਣ ਦਾਸ ਆਪਣੇ ਨਾਲ ਬਿਨਾਂ ਐਲਾਨੇ ਲੱਖਾਂ ਡਾਲਰ ਤੇ ਕਈ ਕਿਲੋ ਸੋਨਾ ਲੈ ਆਇਆ ਹੈ। ਐਡਵੋਕੇਟ ਭਾਰਤੀ ਨੇ ਸਵਾਲ ਉਠਾਇਆ ਕਿ ਕਿਧਰੇ ਇਹ ਧਨ ਦੌਲਤ ਹੀ ਤਾਂ ਬਾਬਾ ਰਾਮਾਨੰਦ ਦੇ ਕਤਲ ਦਾ ਕਾਰਨ ਤਾਂ ਨਹੀਂ ਬਣੀ? ਇਸ ਲਈ ਵੀਆਨਾ ਪੁਲਿਸ ਨੂੰ ਨਿਰੰਜਨ ਦਾਸ ਪਾਸੋਂ ਪੁੱਛਗਿੱਛ ਕਰਨੀ ਹੋਵੇਗੀ। ਉਹਨਾਂ ਇਹ ਵੀ ਦੱਸਿਆ ਕਿ ਜੋ ਰਿਵਾਲਵਰ ਮੌਕੇ ਤੋਂ ਪੁਲਿਸ ਨੇ ਬਰਾਮਦ ਕੀਤਾ, ਉਸ ਵਿਚੋਂ ਅੱਠ ਗੋਲੀਆਂ ਹੀ ਚੱਲ ਸਕਦੀਆਂ ਸਨ ਜਦਕਿ ਪੁਲਿਸ ਅਨੁਸਾਰ ਮੌਕੇ ਤੋਂ 15 ਤੋਂ ਵੱਧ ਫਾਇਰ ਹੋਣ ਦੇ ਸਬੂਤ ਮਿਸੇ ਹਨ। ਉਨਾਂ ਕਿਹਾ ਕਿ ਵੀਆਨਾ ਪੁਲਿਸ ਨੂੰ ਕੁੱਝ ਅੰਤਰਰਾਸ਼ਟਰੀ ਤੇ ਭਾਰਤੀ ਕਾਨੂੰਨ ਅਨੁਸਾਰ ਸੋਚ ਸਾਹਮਣੇ ਲਿਆਉਣ ਦੀ ਕਾਰਵਾਈ ਕਰਨ ਲਈ ਮਜਬੂਰ ਕਰਨਾ ਪਵੇਗਾ। ਪ੍ਰੈਸ ਕਾਨਫਰੰਸ ਵਿਚ ਮੌਜੂਦ ਸ. ਪਰਮਜੀਤ ਸਿੰਘ ਸਰਨਾ ਨੇ ਸਰਕਾਰ ਤੋਂ ਮੰਗ ਕੀਤੀ ਕਿ ਇਸ ਘਟਨਾ ਦੀ ਆਈ.ਬੀ. ਤੋਂ ਜਾਂਚ ਕਰਵਾਈ ਜਾਵੇ।

ਉਹਨਾਂ ਕਿਹਾ ਕਿ ਦਿੱਲੀ ਕਮੇਟੀ ਵਲੋਂ ਘਟਨਾ ਦੀ ਸਚਾਈ ਸਾਹਮਣੇ ਲਿਆਉਣ ਅਤੇ ਦੋਸ਼ੀਆਂ ਨੂੰ ਸਜਾ ਦਿਵਾਉਣ ਤੇ ਬੇਗੁਨਾਹਾਂ ਨੂੰ ਬਚਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ। ਉਹਨਾਂ ਦੇ ਪਰਿਵਾਰਕ ਮੈਂਬਰਾਂ ਦੀ ਵੀ ਹਰ ਪੱਖੋਂ ਮਦਦ ਕੀਤੀ ਜਾਵੇਗੀ। ਸ. ਸਰਨਾ ਨੇ ਸਪੱਸ਼ਟ ਕੀਤਾ ਕਿ ਦਿੱਲੀ ਕਮੇਟੀ ਤੇ ਅਕਾਲੀ ਦਲ ਦਿੱਲੀ ਵਲੋਂ ਸੰਸਾਰ ਦੇ ਕਿਸੇ ਵੀ ਕੋਨੇ ਵਿਚ ਵਸਦੇ ਸਿੱਖ ਨੂੰ ਲਾਵਾਰਿਸ ਹੋਣ ਦਾ ਅਹਿਸਾਸ ਨਹੀਂ ਹੋਣ ਦਿੱਤਾ ਜਾਵੇਗਾ। ਇਸ ਮੋਕੇ ਵੀਅਨਾ ਤੋਂ ਇੱਥੇ ਪੁੱਜੇ ਸ. ਗੁਰਦੇਵ ਸਿੰਘ ਤੇ ਜ਼ਖਮੀ ਹੋਏ ਸਿੱਖਾਂ ਦੇ ਪਰਵਾਰਕ ਮੈਂਬਰ ਤੋਂ ਇਲਾਵਾ ਵੱਡੀ ਗਿਣਤੀ ਵਿਚ ਦਿੱਲੀ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਆਗੂ ਮੌਜੂਦ ਸਨ।



ਡੇਰੇਦਾਰ ਰਾਮਾਨੰਦ ਦੇ ਕਤਲ ਮਾਮਲੇ ਦੇ ਲੁਕਵੇਂ ਤੱਥ ਅਤੇ ਸਰਨਾ ਵੱਲੋਂ ਕਾਂਗਰਸੀਆਂ ਦੇ ਤਲਵੇ ਚੱਟਣ ਲਈ ਮੁੱਦੇ ਨੂੰ ਸਿਆਸੀ ਰੰਗਤ ਦੇਣ ਦੀ ਕੋਸ਼ਿਸ਼

ਸਿੱਖਾਂ ਦੀ ਤਰ੍ਹਾਂ ਰਵਿਦਾਸੀਏ ਵੀ ਬ੍ਰਾਹਮਣਵਾਦੀਆਂ ਦੀ ਕਠਪੁਤਲੀ ਬਣੇ

ਵਿਆਨਾ ਘਟਨਾ ਰਾਮਾ ਨੰਦ ਵੱਲੋਂ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਗੱਦੀ ਲਾ ਕੇ ਮੱਥਾ ਟਿਕਾਉਣ ਕਾਰਨ ਹੋਈ ਸੀ

ਸਰਨੇ ਵਲੋਂ ਵੀਆਨਾ ਕਾਂਡ ਦੇ ਸਿੱਖ ਨੌਜਵਾਨਾਂ ਦੀ ਮਦਦ ਕਰਨ ਦਾ ਐਲਾਨ