ਵਕੀਲ ਦਾ ਦਾਅਵਾ ਖ਼ਬਰ - ਅੰਬੇਦਕਰ ਲਹਿਰ ਸਟਾਇਲ 'ਚ

ਸਰਨਾ ਨੇ ਕਾਂਗਰਸ ਦੇ ਇਸ਼ਾਰੇ ‘ਤੇ ਸਿੱਖਾਂ ਤੇ ਰਵਿਦਾਸੀਆਂ ਨੂੰ ਲੜਾਉਣ ਦੀ ਰਚੀ ਸਾਜ਼ਿਸ਼
ਮਨੂੰਵਾਦੀ ਵਕੀਲ ਰਾਹੀਂ ਕੀਤਾ ਝੂਠਾ ਦਾਅਵਾ ਬਾਬਾ ਰਾਮਾਨੰਦ ਦੇ ਕਤਲ ਦਾ ਕਾਰਨ ਲੱਖਾਂ ਡਾਲਰ ਤੇ ਕਈ ਕਿੱਲੋ ਸੋਨਾ
ਸੰਤ ਨਿਰੰਜਨ ਦਾਸ ‘ਤੇ ਕੀਤਾ ਵਿਚਾਰਧਾਰਕ ਹਮਲਾ ਵਿਆਨਾ ਪੁਲੀਸ ਸੰਤਾਂ ਤੋਂ ਸੱਚ ਉਗਲਾਵੇ

ਨਵੀਂ ਦਿੱਲੀ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਕਾਂਗਰਸ ਦੇ ਇਸ਼ਾਰੇ ‘ਤੇ ਪੰਜਾਬ ਦਾ ਅਮਨ ਤਬਾਹ ਕਰਨ ਲਈ ਰੁੱਝ ਪਏ ਹਨ। ਉਨ੍ਹਾਂ ਦੀ ਸਾਜ਼ਿਸ਼ ਇਹੀ ਹੈ ਕਿ ਉਹ ਸਿੱਖਾਂ ਤੇ ਰਵਿਦਾਸੀਆਂ ਵਿੱਚ ਦੰਗੇ ਕਰਵਾ ਕੇ ਤੇ ਬਾਦਲ ਸਰਕਾਰ ਨੂੰ ਬਦਨਾਮ ਕਰਕੇ ਸ਼੍ਰੋਮਣੀ ਕਮੇਟੀ ਉੱਪਰ ਕਬਜ਼ਾ ਕਰ ਸਕਣ। ਪਰ ਇਸ ਰਾਜਨੀਤਕ ਲਾਲਸਾ ਕਾਰਨ ਦੋ ਭਾਈਚਾਰਿਆਂ ਸਿੱਖ ਤੇ ਰਵਿਦਾਸ ਭਾਈਚਾਰੇ ਦੀ ਲੰਬੀ ਚੱਲੀ ਆ ਰਹੀ ਸਾਂਝ ਨੂੰ ਤਬਾਹ ਕਰਨ ‘ਚ ਰੁੱਝ ਪਏ।


ਸਰਨਾ ਵੱਲੋਂ ਵੀਆਨਾ ਦੁਖਾਂਤ ਲਈ ਵਿਆਨਾ ਭੇਜੇ ਗਏ ਦਿੱਲੀ ਹਾਈਕੋਰਟ ਦੇ ਐਡਵੋਕੇਟ ਜੀ.ਕੇ. ਭਾਰਤੀ ਨੇ ਬਿਨਾਂ ਸਬੂਤਾਂ ਦੇ ਆਧਾਰ ‘ਤੇ ਇਹ ਨਤੀਜਾ ਕੱਢ ਮਾਰਿਆ ਕਿ ਵੀਆਨਾ ਦੀ ਪੁਲਿਸ ਨੇ ਸੰਤ ਰਾਮਾਨੰਦ ਦੇ ਕਤਲ ਦੇ ਲਈ ਉਨ੍ਹਾਂ ਸਿੱਖ ਨੌਜਵਾਨਾਂ ਦੇ ਵਿਰੁਧ ਤਾਂ ਮਾਮਲਾ ਦਰਜ ਕਰ ਲਿਆ ਹੈ, ਜਿਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਅਪਮਾਨ ਹੁੰਦਾ ਵੇਖ ਕੇ ਉਸ ਦਾ ਵਿਰੋਧ ਕੀਤਾ ਸੀ, ਪਰ ਉਨ੍ਹਾਂ ਲੋਕਾਂ ਦੇ ਵਿਰੁੱਧ ਕੋਈ ਮਾਮਲਾ ਦਰਜ ਨਹੀਂ ਕੀਤਾ ਗਿਆ, ਜਿਨ੍ਹਾਂ ਨੇ ਉਹਨਾਂ ਨੌਜਵਾਨਾਂ ਨੂੰ ਰਾਡਾਂ, ਤਲਵਾਰਾਂ, ਆਦਿ ਦੇ ਨਾਲ ਅਧਮੋਇਆ ਕਰਕੇ ਉਨ੍ਹਾਂ ਉਪਰ ਗਰਮਾ-ਗਰਮ ਚਾਹ, ਪਾਣੀ ਤੇ ਦਾਲਾਂ ਪਾ ਕੇ ਮੌਤ ਦੇ ਕਿਨਾਰੇ ਪਹੁੰਚਾ ਦਿੱਤਾ। ਪੁਲਿਸ ਨੇ ਢਾਈ ਸੌ ਦੇ ਲਗਭਗ ਅਜਿਹੇ ਹਥਿਆਰ ਤੇ ਸਮਾਨ ਵੀ ਗੁਰਦੁਆਰੇ ਵਿਚੋਂ ਬਰਾਮਦ ਕੀਤੇ, ਜਿਸ ਦੇ ਨਾਲ ਨੌਜਵਾਨਾਂ ਨੂੰ ਮਾਰਿਆ ਕੁੱਟਿਆ ਤੇ ਜਲਾਇਆ ਗਿਆ ਸੀ। ਉਨ੍ਹਾਂ ਵਿਆਨਾ ਦੀਆਂ ਕਈ ਅਖ਼ਬਾਰਾਂ ਸਬੂਤ ਵਜੋਂ ਪੇਸ਼ ਕੀਤੀਆਂ, ਜਿਨ੍ਹਾਂ ‘ਚ ਉਕਤ ਘਟਨਾ ਨਾਲ ਸੰਬੰਧਿਤ ਸਿੱਖਾਂ ਨੂੰ ਲਾਦੇਨ ਦੀ ਜਥੇਬੰਦੀ ਦੇ ਮੈਂਬਰ ਗਰਦਾਨਿਆ ਗਿਆ।

ਐਡਵੋਕੇਟ ਭਾਰਤੀ ਨੇ ਇੱਕ ਹੋਰ ਗੱਪ ਮਾਰਦਿਆਂ ਦੱਸਿਆ ਕਿ ਜਦੋਂ ਉਥੋਂ ਦੀਆਂ ਵੱਖ-ਵੱਖ ਕੌਮਾਂ ਨਾਲ ਸੰਬੰਧਿਤ ਲੋਕਾਂ ਨਾਲ ਰਾਬਤਾ ਕਾਇਮ ਕੀਤਾ ਤਾਂ ਪਤਾ ਲੱਗਾ ਕਿ ਸੰਤ ਰਾਮਾਨੰਦ ਜੀ ਤੇ ਸੰਤ ਨਿਰੰਜਨ ਦਾਸ ਜੀ ਵੱਲੋਂ ਪਿਛਲੇ ਕਈ ਸਾਲਾਂ ਤੋਂ ਗੁਰਦੁਆਰੇ ‘ਚ ਗੁਰੂ ਗ੍ਰੰਥ ਸਾਹਿਬ ਦੇ ਇਕ ਪਾਸੇ ਆਸਣ ਲਗਾ ਕੇ ਤੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਭਾਰੀ ਠੇਸ ਪਹੁੰਚਾਈ ਜਾ ਰਹੀ ਸੀ, ਇਹ ਕੁਫਰ ਇੱਥੋਂ ਤੱਕ ਵਧ ਗਿਆ ਸੀ ਕਿ ਗੁਰੂ ਗ੍ਰੰਥ ਸਾਹਿਬ ‘ਤੇ ਰੁਮਾਲੇ ਚੜ੍ਹਾਉਣ ਤੋਂ ਪਹਿਲਾਂ ਪੈਰਾਂ ਨਾਲ ਛੁਹਾਉਣ ਦੀ ਕਾਰਵਾਈ ਕੀਤੀ ਜਾ ਰਹੀ ਸੀ। ਸ੍ਰੀ ਭਾਰਤੀ ਨੇ ਡੇਰਾ ਸੱਚਖੰਡ ਬੱਲਾਂ ਦੇ ਸ਼ਰਧਾਲੂਆਂ ਦੇ ਅੱਲੇ ਜ਼ਖ਼ਮਾਂ ‘ਤੇ ਲੂਣ ਛਿੜਕਦਿਆਂ ਦੱਸਿਆ ਪੰਜਾਬ ਦਾ ਜੋ ਵਿਆਨਾ ਵਿਖੇ ਚਾਰਟਰ ਜਹਾਜ਼ ਬਾਬਾ ਰਾਮਾਨੰਦ ਦੀ ਲਾਸ਼ ਨੂੰ ਲੈਣ ਗਿਆ ਸੀ, ਉਸ ਵਿਚ ਸੰਤ ਨਿਰੰਜਨ ਦਾਸ ਜੀ ਨੂੰ ਵੀ ਲਿਆਂਦਾ ਗਿਆ, ਜਦ ਕਿ ਪੁੱਛ-ਗਿੱਛ ਲਈ ਉਨ੍ਹਾਂ ਦਾ ਉਥੇ ਟਿਕਿਆ ਰਹਿਣਾ ਜਰੂਰੀ ਸੀ।


ਮਨੂੰਵਾਦੀ ਵਕੀਲ ਭਾਰਤੀ ਨੇ ਸੰਤ ਨਿਰੰਜਨ ਦਾਸ ਜੀ ‘ਤੇ ਇਕ ਹੋਰ ਹੋਝਾ ਵਾਰ ਕਰਦਿਆਂ ਕਿਹਾ ਕਿ ਸੰਤ ਨਿਰੰਜਨ ਦਾਸ ਆਪਣੇ ਨਾਲ ਬਿਨ੍ਹਾਂ ਐਲਾਨੇ ਲੱਖਾਂ ਡਾਲਰ ਤੇ ਕਈ ਕਿਲੋ ਸੋਨਾ ਲੈ ਆਏ ਹਨ। ਕਿਧਰੇ ਇਹ ਧਨ ਦੌਲਤ ਹੀ ਤਾਂ ਬਾਬਾ ਰਾਮਾ ਨੰਦ ਦੇ ਕਤਲ ਦਾ ਕਾਰਣ ਤਾਂ ਨਹੀਂ ਬਣੀ। ਇਸ ਦੇ ਲਈ ਵੀਆਨਾ ਪੁਲਿਸ ਵੱਲੋਂ ਸੰਤ ਨਿਰੰਜਨ ਦਾਸ ਪਾਸੋਂ ਪੁੱਛ-ਪੜਤਾਲ ਕਰਨੀ ਹੋਵੇਗੀ। ਉਨ੍ਹਾਂ ਨੇ ਗੁਰੂ ਘਰ ਦੀ ਸੰਗਤ ਨੂੰ ਇਸ ਕਾਂਡ ਦੀ ਜ਼ਿੰਮੇਵਾਰ ਠਹਿਰਾਉਂਦਿਆਂ ਕਿ ਜੋ ਰਿਵਾਲਵਰ ਮੌਕੇ ਤੋਂ ਪੁਲਿਸ ਨੇ ਬਰਾਮਦ ਕੀਤਾ ਹੈ, ਉਸ ਵਿਚੋਂ ਅੱਠ ਹੀ ਗੋਲੀਆਂ ਚੱਲ ਸਕਦੀਆਂ ਹਨ, ਜਦ ਕਿ ਪੁਲਿਸ ਅਨੁਸਾਰ ਮੌਕੇ ਤੇ 15 ਤੋਂ ਵੱਧ ਫਾਇਰ ਹੋਣ ਦੇ ਸਬੂਤ ਮਿਲੇ ਹਨ।

ਐਡਵੋਕੇਟ ਜੀ. ਕੇ. ਭਾਰਤੀ ਨੇ ਦੱਸਿਆ ਕਿ ਵੀਆਨਾ ਪੁਲਿਸ ਨੂੰ ਕੁੱਝ ਅੰਤਰ ਰਾਸ਼ਟਰੀ ਤੇ ਭਾਰਤੀ ਕਾਨੂੰਨਾਂ ਅਨੁਸਾਰ ਸੱਚ ਸਾਹਮਣੇ ਲਿਆਉਣ ਦੀ ਕਾਰਵਾਈ ਕਰਨ ਵਾਸਤੇ ਮਜਬੂਰ ਕਰਾਂਗੇ। ਇਸ ਮੌਕੇ ਤੇ ਮੌਜੂਦ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ੍ਰੋਮਣੀ ਅਕਾਲੀ ਦਲ, ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੱਚਾਈ ਸਾਹਮਣੇ ਲਿਆਉਣ ਅਤੇ ਦੋਸ਼ੀਆਂ ਨੂੰ ਸਜ਼ਾ ਦੁਆਉਣ ਅਤੇ ਬੇਗੁਨਾਹਾਂ ਨੂੰ ਬਚਾਉਣ ਲਈ ਹਰ ਕੋਸ਼ਿਸ਼ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਜਿਨ੍ਹਾਂ ਪਰਿਵਾਰਾਂ ਦੇ ਬੱਚਿਆਂ ਨੂੰ ਖੋਹਿਆ ਗਿਆ ਹੈ, ਜੇ ਉਨ੍ਹਾਂ ਪਰਿਵਾਰਾਂ ਦਾ ਕੋਈ ਜੀਅ ਆਰਥਿਕ ਤੰਗੀ ਕਾਰਣ ਆਪਣੇ ਬੱਚੇ ਨੂੰ ਮਿਲਣ ਨਹੀਂ ਜਾ ਸਕਦਾ ਤਾਂ ਉਨ੍ਹਾਂ ਦਾ ਪਰਿਵਾਰ ਦਾ ਇਕ ਜੀਅ ਆਪਣੇ ਬੱਚੇ ਨੂੰ ਮਿਲਣ ਜਾਣ ਦਾ ਖਰਚਾ ਗੁਰਦੁਆਰਾ ਕਮੇਟੀ ਕਰਨ ਲਈ ਤਿਆਰ ਹੈ।

ਵਿਆਨਾ ਕਾਂਡ ਦਾ ਅਸਲੀ ਜ਼ਿੰਮੇਵਾਰ ਕੌਣ?
ਵਿਆਨਾ ਕਾਂਡ ਦਾ ਅਸਲੀ ਜ਼ਿੰਮੇਵਾਰ ਉਹੀ ਕੱਟੜ ਲੋਕ ਹਨ, ਜੋ ਔਰੰਗਜੇਬੀ ਵਿਚਾਰਧਾਰਾ ‘ਤੇ ਚੱਲ ਕੇ ਗੁਰੂ ਘਰ ‘ਚ ਸੰਤ ਰਾਮਾਨੰਦ ਜੀ ਤੇ ਸੰਤ ਨਿਰੰਜਨ ਦਾਸ ਜੀ ਉੱਪਰ ਹਮਲਾ ਬੋਲਣ ਆਏ ਸਨ। ਜੇ ਕੋਈ ਕਿਸੇ ਦੇ ਘਰ ‘ਤੇ ਹਮਲਾ ਬੋਲਣ ਆਵੇ ਤਾਂ ਕਾਨੂੰਨ ਇਹ ਇਜਾਜਤ ਦਿੰਦਾ ਹੈ ਕਿ ਸੈਲਫ ਡਿਫੈਂਸ ਦੇ ਲਈ ਆਪਣੀ ਰੱਖਿਆ ਕਰੋ। ਜੇਕਰ ਸੰਤਾਂ ‘ਤੇ ਹਮਲਾ ਬੋਲਿਆ ਗਿਆ ਤਾਂ ਸੰਗਤ ਕਿਵੇਂ ਬਰਦਾਸ਼ਤ ਕਰ ਸਕਦੀ ਸੀ? ਇਸ ਲਈ ਕਾਤਲਾਂ ਨਾਲ ਇਹੀ ਸਲੂਕ ਕੀਤਾ ਜਾਣਾ ਸੀ, ਜਿਹੋ ਜਿਹਾ ਸਰਨਾ ਦੱਸ ਰਹੇ ਹਨ। ਸੰਗਤ ਨੇ ਕਾਨੂੰਨ ਵਿਰੋਧੀ ਕੋਈ ਕੰਮ ਨਹੀਂ ਕੀਤਾ। ਇਕ ਸੰਗਤ ਦਾ ਪ੍ਰਚਾਰਕ ਸੰਤ ਰਾਮਾਨੰਦ ਕਤਲ ਕਰ ਦਿੱਤਾ ਹੋਵੇ ਤੇ ਦੂਸਰੇ ਪਾਸੇ ਕਾਤਲਾਂ ਨੂੰ ਬਚਾਉਣ ਦੀ ਸਾਜ਼ਿਸ਼ ਹੋਵੇ ਤਾਂ ਇਹ ਗੱਲਾਂ ਕਿਵੇਂ ਬਰਦਾਸ਼ਤ ਯੋਗ ਹਨ।

ਜਿੱਥੋਂ ਤੱਕ ਰਹਿਤ ਮਰਿਯਾਦਾ ਦਾ ਸੁਆਲ ਹੈ, ਉਹ ਪਿਆਰ ਨਾਲ ਵੀ ਮਸਲਾ ਹੱਲ ਕੀਤਾ ਜਾ ਸਕਦਾ ਸੀ। ਬੰਦੂਕਾਂ, ਤਲਵਾਰਾਂ ਨਾਲ ਲੈਸ ਹੋ ਕੇ ਗੁਰੂ ਘਰ ‘ਚ ਧਮਕਾਉਣ ਤੇ ਕਤਲ ਕਰਨ ਦੀ ਕੀ ਜ਼ਰੂਰਤ ਸੀ। ਦੋਸ਼ੀ ਕੌਣ ਹੈ? ਇਹੋ ਜਿਹੀ ਤਸਵੀਰ ਸਿੱਖ ਕੌਮ ਦੀ ਕੌਣ ਉਸਾਰ ਰਿਹਾ ਹੈ? ਅੱਜ ਕੀ ਕਾਰਨ ਹੈ ਕਿ ਵਿਆਨਾ ‘ਚ ਸਿੱਖ ਕੌਮ ਨੂੰ ਕੱਟੜਵਾਦੀ ਲੋਕਾਂ ਕਾਰਨ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਰਨਾ ਨੂੰ ਸਿੱਖ ਕੌਮ ਨੂੰ ਹੋਰ ਸੰਕਟ ‘ਚ ਨਹੀਂ ਪਾਉਣਾ ਚਾਹੀਦਾ। ਅਦਾਰਾ ਇੰਟਰਨੈਸ਼ਨਲ ਅੰਬੇਡਕਰ ਲਹਿਰ ਸਿੱਖ ਕੌਮ ਤੇ ਰਵਿਦਾਸ ਭਾਈਚਾਰੇ ਦੀ ਏਕਤਾ ਦੇ ਹੱਕ ‘ਚ ਹੈ ਪਰ ਸਰਨੇ ਵਰਗੇ ਚੌਧਰੀਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ, ਜੋ ਮਨੂੰਵਾਦੀ ਚਾਲਾਂ ਤਹਿਤ ਰਵਿਦਾਸ ਭਾਈਚਾਰੇ ਤੇ ਸਿੱਖ ਕੌਮ ‘ਚ ਫੁੱਟ ਪਾ ਰਹੇ ਹਨ।

ਧੰਨਵਾਦ ਸਾਹਿਤ ਇੰਟਰਨੈਸ਼ਨਲ ਅੰਬੇਡਕਰ ਲਹਿਰ, 22 ਅਗਸਤ 2009 ਵਿਚੋਂ


ਜਾਗਰੂਕ ਜੱਟ ਦਾ ਜਵਾਬ
ਜੇ ਕੋਈ ਕਿਸੇ ਦੇ ਘਰ ‘ਤੇ ਹਮਲਾ ਬੋਲਣ ਆਵੇ ਤਾਂ ਕਾਨੂੰਨ ਇਹ ਇਜਾਜਤ ਦਿੰਦਾ ਹੈ ਕਿ ਸੈਲਫ ਡਿਫੈਂਸ ਦੇ ਲਈ ਆਪਣੀ ਰੱਖਿਆ ਕਰੋ।
ਸੈਲਫ ਡਿਫੈਂਸ ਤਦ ਤੱਕ ਹੁੰਦੀ ਹੈ, ਜਦ ਤੱਕ ਸਾਹਮਣੇ ਵਾਲੇ ਨੂੰ ਕਾਬੂ ਨਾ ਲਿਆ ਜਾਵੇ। ਜੇਕਰ ਸਾਹਮਣੇ ਵਾਲੇ ਅੱਧ ਮੋਇਆ ਪਿਆ ਹੈ ਅਤੇ ਤੁਸੀਂ ਉਪਰ ਗਰਮ ਗਰਮ ਤਰਲ ਪਦਾਰਥ ਪਾ ਰਹੇ ਹੋ ਤਾਂ ਤੁਸੀਂ ਮੂਰਖਾਂ ਨੂੰ ਮਹਾ ਮੂਰਖ ਬਣਾਉਣ ਲਈ ‘ਸੈਲਫ ਡਿਫੈਂਸ’ਦੱਸ ਸਕਦੇ ਹੋ ਪਰ ਜੱਟਾਂ ਤੇ ਅਸਲੀ ਪੰਜਾਬੀਆਂ ਨੂੰ ਨਹੀਂ।

ਜੇਕਰ ਸੰਤਾਂ ‘ਤੇ ਹਮਲਾ ਬੋਲਿਆ ਗਿਆ ਤਾਂ ਸੰਗਤ ਕਿਵੇਂ ਬਰਦਾਸ਼ਤ ਕਰ ਸਕਦੀ ਸੀ?
 ਜੇ ਸ੍ਰੀ ਗੁਰੂ ਗ੍ਰੰਥ ਦੀ ਬੇਅਦਬੀ ਹੋ ਰਹੀ ਹੋਵੇ ਤਾਂ ਸਿੱਖ ਸੰਗਤ ਬਰਦਾਸ਼ਤ ਕਰ ਲਵੇਗੀ?

ਜਿੱਥੋਂ ਤੱਕ ਰਹਿਤ ਮਰਿਯਾਦਾ ਦਾ ਸੁਆਲ ਹੈ, ਉਹ ਪਿਆਰ ਨਾਲ ਵੀ ਮਸਲਾ ਹੱਲ ਕੀਤਾ ਜਾ ਸਕਦਾ ਸੀ।
 2002 ਦਾ ਪਿਆਰ ਨਾਲ ਐਲਾਨ ਕੀਤਾ ਹੋਇਆ ਸੀ। ਕੀ ਗੱਲ, ਸੱਤਾਂ ਸਾਲਾਂ ਵਿਚ ਪੜ੍ਹਨ ਦਾ ਸਮਾਂ ਨਹੀਂ ਲੱਗਾ?

ਦੋਸ਼ੀ ਕੌਣ ਹੈ? ਇਹੋ ਜਿਹੀ ਤਸਵੀਰ ਸਿੱਖ ਕੌਮ ਦੀ ਕੌਣ ਉਸਾਰ ਰਿਹਾ ਹੈ?
ਸਾਰੇ ਪੁਆੜੇ ਦਾ ਜੜ੍ਹ ਤਾਂ ਅੰਬੇਡਕਰ ਲਹਿਰ ਰਸਾਲਾ ਹੀ ਹੈ। ਮੈਨੂੰ ਸਮਝ ਆ ਗਈ ਹੈ। ਬਾਕੀਆਂ ਨੂੰ ਜਲਦ ਹੀ ਖੁਲਾਸਾ ਕਰਾਂਗਾ।   

ਵੀਆਨਾ ਕਾਂਡ ਦੀ ਜਾਂਚ ਸੀ ਬੀ ਆਈ ਨੂੰ ਸੌਂਪੀ ਜਾਵੇ - ਜਗਜੀਤ ਸਿੰਘ
ਜਲੰਧਰ (08 ਅਗਸਤ) - ਪੰਜਾਬ ਦੇ ਸਾਬਕਾ ਲੋਕਲ ਬਾਡੀਜ਼ ਮੰਤਰੀ ਚੌਧਰੀ ਜਗਜੀਤ ਸਿੰਘ ਨੇ ਦਿੱਲੀ ਅਕਾਲੀ ਦਲ ਦੇ ਪ੍ਰਧਾਨ ਰਣਜੀਤ ਸਿੰਘ ਸਰਨਾ ਵਲੋਂ ਸੰਤ ਰਾਮਾਨੰਦ ਦੇ ਕਾਤਿਲਾਂ ਦੇ ਕੇਸ ਦੀ ਪੈਰਵੀ ਕਰਨ ਦੇ ਦਿੱਤੇ ਗਏ ਬਿਆਨ ਨੂੰ ਕਰੜੇ ਹੱਥੀਂ ਲੈਂਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਪੰਜਾਬ ਵਿਚ ਅੱਗ ਫੈਲਾਉਣ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ ਕਿਉਂਕਿ ਪੰਜਾਬ ਦਾ ਕਾਫੀ ਨੁਕਸਾਨ ਹੋ ਚੁੱਕਾ ਹੈ।

ਚੌਧਰੀ ਜਗਜੀਤ ਸਿੰਘ ਨੇ ਕਿਹਾ ਕਿ ਵੀਆਨਾ ਕਾਂਡ ਦੀ ਜਾਂਚ ਸੀ ਬੀ ਆਈ ਦੇ ਹਵਾਲੇ ਹੋਣੀ ਚਾਹੀਦੀ ਹੈ ਤਾਂਕਿ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋ ਜਾਵੇ। ਉਨ੍ਹਾਂ ਕਿਹਾ ਕਿ ਸੰਤ ਰਾਮਾਨੰਦ ਦੀ ਹੱਤਿਆ ਕਰਨ ਵਾਲਿਆਂ ਨੂੰ ਸਮਾਜ ਕਦੀ ਮੁਆਫ ਨਹੀਂ ਕਰੇਗਾ।

ਕਾਂਗਰਸ ਨੇ ਪਹਿਲਾਂ ਹੀ ਵਿਦੇਸ਼ ਮੰਤਰੀ ਐੱਸ ਐੱਮ ਕ੍ਰਿਸ਼ਨਾ ਅਤੇ ਵਿਦੇਸ਼ ਰਾਜ ਮੰਤਰੀ ਪ੍ਰਨੀਤ ਕੌਰ ਨਾਲ ਮੁਲਾਕਾਤ ਕਰਕੇ ਸੀ ਬੀ ਆਈ ਜਾਂਚ ਦੀ ਮੰਗ ਕੀਤੀ ਹੈ, ਹੁਣ ਪੰਜਾਬ ਸਰਕਾਰ ਦਾ ਫਰਜ਼ ਬਣਦਾ ਹੈ ਕਿ ਉਹ ਇਸ ਕੇਸ ਨੂੰ ਸੀ ਬੀ ਆਈ ਨੂੰ ਸੌਪਣ ਲਈ ਪਹਿਲ ਕਰੇ ਪਰ ਸੂਬਾ ਸਰਕਾਰ ਹੁਣ ਤੱਕ ਖਾਮੋਸ਼ ਬੈਠੀ ਹੈ। ਜਗਜੀਤ ਸਿੰਘ ਨੇ ਕਿਹਾ ਕਿ ਉਹ ਡੇਰੇ ਨਾਲ 57 ਸਾਲ ਤੋਂ ਜੁੜੇ ਹੋਏ ਹਨ ਅਤੇ ਡੇਰਾ ਸੱਚਖੰਡ ਬੱਲਾਂ ਨੇ ਹਮੇਸ਼ਾ ਹੀ ਭਾਈਚਾਰੇ ਦਾ ਸੰਦੇਸ਼ ਦਿੱਤਾ ਹੈ।