ਲੁਧਿਆਣਾ ‘ਚ ਪੁਲਿਸ ਗੋਲੀ ਨਾਲ 1 ਮੌਤ 12 ਜ਼ਖ਼ਮੀ, ਕਰਫ਼ਿਊ ਲਾਗੂ
ਗੁਰਿੰਦਰ ਸਿੰਘ/ਪਰਮਿੰਦਰ ਸਿੰਘ ਆਹੂਜਾ
ਲੁਧਿਆਣਾ, 5 ਦਸੰਬਰ-ਦਿਵਿਆ ਜਯੋਤੀ ਜਾਗ੍ਰਿਤੀ ਸੰਸਥਾਨ ਵੱਲੋਂ ਗਲਾਡਾ ਮੈਦਾਨ ਚੰਡੀਗੜ੍ਹ ਰੋਡ ਵਿਖੇ ਕੀਤੇ ਜਾ ਰਹੇ ਸਮਾਗਮ ਦਾ ਵਿਰੋਧ ਕਰ ਰਹੀਆਂ ਸੰਗਤਾਂ ਉਪਰ ਪੁਲਿਸ ਵੱਲੋਂ ਚਲਾਈਆਂ ਅੰਨ੍ਹੇਵਾਹ ਗੋਲੀਆਂ ਨਾਲ 1 ਸਿੰਘ ਦੀ ਮੌਤ ਹੋ ਗਈ ਹੈ, ਜਦ ਕਿ 12 ਹੋਰ ਜ਼ਖ਼ਮੀ ਹੋ ਗਏ ਜਿਨ੍ਹਾਂ ਵਿਚੋਂ 4 ਦੀ ਹਾਲਤ ਗੰਭੀਰ ਦੱਸੀ ਜਾਂਦੀ ਹੈ। ਦੂਜੇ ਪਾਸੇ ਦਿਵਿਆ ਜਯੋਤੀ ਜਾਗ੍ਰਿਤੀ ਸੰਸਥਾਨ ਦੇ ਪ੍ਰਬੰਧਕਾਂ ਨੇ 6 ਦਸੰਬਰ ਦਾ ਸਮਾਗਮ ਰੱਦ ਕਰ ਦਿੱਤਾ ਹੈ। ਪੁਲਿਸ ਵੱਲੋਂ ਗੋਲੀ ਚਲਾਏ ਜਾਣ ਦੀ ਘਟਨਾ ਉਪਰੰਤ ਲੁਧਿਆਣਾ ਸ਼ਹਿਰ ਵਿਚ ਭੜਕੇ ਨੌਜਵਾਨਾਂ ਨੇ 3-4 ਥਾਵਾਂ ‘ਤੇ ਪਥਰਾਅ ਕੀਤਾ ਅਤੇ ਪੀ ਸੀ ਆਰ ਦੇ ਦੋ ਮੋਟਰਸਾਇਕਲਾਂ ਨੂੰ ਅੱਗ ਲਗਾ ਦਿੱਤੀ। ਇਸ ਤੋਂ ਪਹਿਲਾਂ ਗੁਰਦੁਆਰਾ ਸ਼ਹੀਦਾਂ ਤੋਂ ਰੋਸ ਮਾਰਚ ਸ਼ੁਰੂ ਹੋਣ ਸਮੇਂ ਪੁਲਿਸ ਨਾਲ ਹੋਈ ਝੜਪ ਵਿਚ ਇਕ ਨੌਜਵਾਨ ਜ਼ਖ਼ਮੀ ਹੋ ਗਿਆ, ਜਦ ਕਿ ਡੀ. ਐਸ. ਪੀ. ਸਮੇਤ 3 ਪੁਲਿਸ ਮੁਲਾਜ਼ਮਾਂ ਦੇ ਵੀ ਸੱਟਾਂ ਲੱਗੀਆਂ। ਭੜਕੇ ਨੌਜਵਾਨਾਂ ਨੇ ਪੁਲਿਸ ਦੀਆਂ 3 ਜਿਪਸੀਆਂ ਸਮੇਤ 6 ਵਾਹਨਾਂ ਨੂੰ ਨੁਕਸਾਨ ਪਹੁੰਚਾਇਆ। ਹਾਲਾਤ ਬੇਕਾਬੂ ਹੁੰਦੇ ਵੇਖ ਕੇ ਡਿਪਟੀ ਕਮਿਸ਼ਨਰ ਸ੍ਰੀ ਵਿਕਾਸ ਗਰਗ ਨੇ ਦੇਰ ਸ਼ਾਮ ਹੁਕਮ ਜਾਰੀ ਕਰਕੇ ਪੂਰੇ ਲੁਧਿਆਣਾ ਸ਼ਹਿਰ ਵਿਚ ਅਣਮਿਥੇ ਸਮੇਂ ਲਈ ਕਰਫ਼ਿਊ ਲਾਗੂ ਕਰ ਦਿੱਤਾ ਹੈ। ਡਿਪਟੀ ਕਮਿਸ਼ਨਰ ਵੱਲੋਂ ਪਹਿਲਾਂ ਸਿਰਫ਼ ਪੁਰਾਣੇ ਲੁਧਿਆਣਾ ਸ਼ਹਿਰ ਵਿਚ ਕਰਫ਼ਿਊ ਲਾਗੂ ਕੀਤਾ ਗਿਆ ਸੀ ਪਰ ਬਾਅਦ ਵਿਚ ਹਾਲਾਤ ਨੂੰ ਵੇਖਦਿਆਂ ਹੋਇਆਂ ਪੁਲਿਸ ਥਾਣਾ ਸਿਵਲ ਲਾਈਨ, ਮਾਡਲ ਟਾਊਨ, ਸਰਾਭਾ ਨਗਰ, ਬਸਤੀ ਜੋਧੇਵਾਲ ਅਤੇ ਕੈਲਾਸ਼ ਚੌਕ ਪੁਲਿਸ ਥਾਣੇ ਨੂੰ ਵੀ ਕਰਫ਼ਿਊ ਅਧੀਨ ਕਰ ਦਿੱਤਾ ਗਿਆ।
ਗੁਰਮਤਿ ਸਿਧਾਂਤ ਪ੍ਰਚਾਰਕ ਸੰਤ ਸਮਾਜ, ਸਿੱਖ ਸਟੂਡੈਂਟਸ ਫੈਡਰੇਸ਼ਨ (ਮਹਿਤਾ), ਖਾਲਸਾ ਐਕਸ਼ਨ ਕਮੇਟੀ ਅਤੇ ਲੁਧਿਆਣਾ ਸ਼ਹਿਰ ਦੀਆਂ ਪੰਥਕ ਜਥੇਬੰਦੀਆਂ ਦੇ ਸੱਦੇ ‘ਤੇ 1000 ਦੇ ਕਰੀਬ ਨੌਜਵਾਨ ਸਵੇਰ ਤੋਂ ਹੀ ਗੁਰਦੁਆਰਾ ਸ਼ਹੀਦਾਂ ਚੌਕ ਢੋਲੇਵਾਲ ਵਿਖੇ ਪੁੱਜਣੇ ਸ਼ੁਰੂ ਹੋ ਗਏ ਸਨ। ਪੁਲਿਸ ਵੱਲੋਂ ਨੌਜਵਾਨਾਂ ਨੂੰ ਰੋਕਣ ਲਈ ਥਾਂ-ਥਾਂ ਨਾਕੇ ਲਗਾਏ ਹੋਏ ਸਨ ਅਤੇ ਜਗਰਾਉਂ ਪੁਲ ਵਿਖੇ ਰੋਕਾਂ ਲਗਾਈਆਂ ਹੋਈਆਂ ਸਨ, ਪਰ ਇਸ ਦੇ ਬਾਵਜੂਦ ਨੌਜਵਾਨ ਦੂਸਰਿਆਂ ਰਸਤਿਆਂ ਤੋਂ ਹੁੰਦੇ ਹੋਏ ਗੁਰਦੁਆਰਾ ਸਾਹਿਬ ਵਿਖੇ ਪੁੱਜ ਰਹੇ ਸਨ।
ਇਸ ਸਮੇਂ ਸਜੇ ਦੀਵਾਨ ਵਿਚ ਸੰਤ ਸਮਾਜ ਦੇ ਪ੍ਰਧਾਨ ਬਾਬਾ ਹਰਨਾਮ ਸਿੰਘ ਖ਼ਾਲਸਾ, ਖ਼ਾਲਸਾ ਐਕਸ਼ਨ ਕਮੇਟੀ ਦੇ ਭਾਈ ਮੋਹਕਮ ਸਿੰਘ, ਭਾਈ ਕੰਵਰਪਾਲ ਸਿੰਘ ਬਿੱਟੂ, ਸਿੰਘ ਸਾਹਿਬ ਭਾਈ ਜਸਬੀਰ ਸਿੰਘ ਰੋਡੇ, ਸੂਰਤ ਸਿੰਘ ਖ਼ਾਲਸਾ, ਸੰਤ ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲੇ, ਸੰਤ ਅਮੀਰ ਸਿੰਘ ਜਵੱਦੀ, ਫੈਡਰੇਸ਼ਨ (ਮਹਿਤਾ) ਦੇ ਪ੍ਰਧਾਨ ਭਾਈ ਪਰਮਜੀਤ ਸਿੰਘ ਖ਼ਾਲਸਾ, ਸੰਤ ਬਲਜੀਤ ਸਿੰਘ ਦਾਦੂਵਾਲ, ਸ਼੍ਰੋਮਣੀ ਕਮੇਟੀ ਮੈਂਬਰ ਸ: ਕੰਵਲਇੰਦਰ ਸਿੰਘ ਠੇਕੇਦਾਰ, ਬੀਬੀ ਸੁਰਿੰਦਰ ਕੌਰ ਦਿਆਲ ਅਤੇ ਜਥੇਦਾਰ ਅਨੂਪ ਸਿੰਘ ਸੰਧੂ ਨੇ ਸਮਾਗਮ ਰੋਕਣ ਲਈ ਸਰਕਾਰ ਨੂੰ ਅਪੀਲਾਂ ਕੀਤੀਆਂ। ਗਿਆਰਾਂ ਵਜੇ ਦੇ ਕਰੀਬ ਸੰਤ ਬਾਬਾ ਹਰਨਾਮ ਸਿੰਘ ਖ਼ਾਲਸਾ ਨੇ ਰੋਸ ਮਾਰਚ ਦੀ ਆਰੰਭਤਾ ਦੀ ਅਰਦਾਸ ਕੀਤੀ। ਉਪਰੰਤ ਹੁਕਮਨਾਮਾ ਲੈ ਕੇ ਸੰਗਤਾਂ ਸਤਿਨਾਮ ਵਾਹਿਗੁਰੂ ਦਾ ਜਾਪ ਕਰਦੀਆਂ ਗੁਰਦੁਆਰਾ ਸਾਹਿਬ ਤੋਂ ਬਾਹਰ ਆਈਆਂ। ਇਸ ਮੌਕੇ ਐਸ ਐਸ ਪੀ ਪਟਿਆਲਾ ਸ: ਰਣਬੀਰ ਸਿੰਘ ਖਟੜਾ ਦੀ ਅਗਵਾਈ ਹੇਠ ਭਾਰੀ ਪੁਲਿਸ ਫੋਰਸ ਮੌਜੂਦ ਸੀ ਜਿਨ੍ਹਾਂ ਮੁਜ਼ਾਹਰਾਕਾਰੀਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਉਹ ਕਾਮਯਾਬ ਨਾ ਹੋ ਸਕੇ। ਇਸ ਸਮੇਂ ਭੜਕੇ ਨੌਜਵਾਨਾਂ ਨੇ ਉਥੇ ਖੜ੍ਹੇ ਪੁਲਿਸ ਵਾਹਨਾਂ ਦੇ ਸ਼ੀਸ਼ੇ ਤੋੜ ਦਿੱਤੇ। ਨੌਜਵਾਨਾਂ ਨਾਲ ਹੋਈ ਧੱਕਾਮੁੱਕੀ ਵਿਚ ਡੀ. ਐਸ. ਪੀ. ਸੁਖਦੇਵ ਸਿੰਘ ਵਿਰਕ ਦੀ ਪੱਗ ਲੱਥ ਗਈ, ਜਦੋਂ ਉਸ ਨੇ ਇਕ ਨੌਜਵਾਨ ਹੱਥੋਂ ਨੰਗੀ ਕਿਰਪਾਨ ਖੋਹਣ ਦੀ ਕੋਸ਼ਿਸ਼ ਕੀਤੀ ਤਾਂ ਉਸ ਦੇ ਹੱਥ ਵਿਚੋਂ ਖੂਨ ਨਿਕਲਣ ਲੱਗ ਪਿਆ।
ਨੌਜਵਾਨਾਂ ਨੇ ਜਿਪਸੀ ਨੰਬਰ ਪੀ. ਬੀ. 11 ਏ-1360, ਪੀ. ਬੀ. 11 ਏ. ਬੀ. 9091, ਪੀ. ਬੀ. 11 ਏ ਬੀ 1352, ਪੀ. ਬੀ. 11 ਬੀ-8804, ਟਾਟਾ 407, ਪੀ. ਬੀ. 11 ਬੀ 5213 ਅਤੇ ਪੀ. ਬੀ. 10 ਏ ਬੀ 0044 ਦੇ ਸਾਰੇ ਸ਼ੀਸ਼ੇ ਭੰਨ ਦਿੱਤੇ। ਇਸ ਤੋਂ ਪਹਿਲਾਂ ਫੈਡਰੇਸ਼ਨ ਆਗੂ ਸ: ਗੁਰਦੀਪ ਸਿੰਘ ਗੋਸ਼ਾ ਤੇ ਸਾਬਕਾ ਕੌਂਸਲਰ ਰਜਿੰਦਰ ਸਿੰਘ ਭਾਟੀਆ ਦੀ ਅਗਵਾਈ ਹੇਠ 40-50 ਦੇ ਕਰੀਬ ਨੌਜਵਾਨਾਂ ਨੇ ਨਾਕਾ ਤੋੜਣ ਦੀ ਕੋਸ਼ਿਸ਼ ਕੀਤੀ, ਪਰ ਪੁਲਿਸ ਨੇ ਉਨ੍ਹਾਂ ਨੂੰ ਪਰ੍ਹੇ ਧੱਕ ਦਿੱਤਾ। ਇਸ ਸਮੇਂ ਪੁਲਿਸ ਨੇ ਤੱਤ ਖ਼ਾਲਸਾ ਦੇ ਜਰਨੈਲ ਸਿੰਘ ਨੂੰ ਹਿਰਾਸਤ ਵਿਚ ਲੈ ਲਿਆ, ਪਰ ਭੜਕੇ ਨੌਜਵਾਨਾਂ ਨੇ ਪੁਲਿਸ ਉਪਰ ਪਥਰਾਅ ਸ਼ੁਰੂ ਕਰ ਦਿੱਤਾ, ਜਿਸ ਨਾਲ ਕੋਈ ਨੁਕਸਾਨ ਨਹੀਂ ਹੋਇਆ। ਨੌਜਵਾਨਾਂ ਦੇ ਰੋਹ ਨੂੰ ਦੇਖਦਿਆਂ ਡੀ ਐਸ ਪੀ ਸ: ਪਰਮਜੀਤ ਸਿੰਘ ਪੰਨੂ ਉਸ ਨੂੰ ਜਿਪਸੀ ਵਿਚ ਬਿਠਾ ਕੇ ਵਾਪਸ ਲੈ ਆਏ ਜਿਸ ‘ਤੇ ਨੌਜਵਾਨਾਂ ਨੇ ਜੈਕਾਰੇ ਛੱਡੇ।
ਸਤਿਨਾਮ ਵਾਹਿਗੁਰੂ ਦਾ ਜਾਪ ਕਰ ਰਹੀਆਂ ਸੰਗਤਾਂ ਨੂੰ ਪੁਲਿਸ ਨੇ ਚੀਮਾ ਚੌਕ ਲਾਗੇ ਵੀ ਰੋਕਣ ਦੀ ਕੋਸ਼ਿਸ਼ ਕੀਤੀ ਪਰ ਨੌਜਵਾਨ ਪੁਲਿਸ ਦੇ ਸਾਰੇ ਨਾਕੇ ਤੋੜਕੇ ਅੱਗੇ ਵੱਧ ਗਏ। ਇਥੇ ਜਲੰਧਰ ਤੋਂ ਲੁਧਿਆਣਾ ਆਈ ਬੱਸ ਜਿਸ ਦਾ ਨੰਬਰ ਪੀ. ਬੀ. 10 ਬੀ ਵਾਈ-8927 ਸੀ ਦੇ ਸ਼ੀਸ਼ੇ ਤੋੜੇ ਗਏ। ਇਕ ਹੋਰ ਬੱਸ ਪੀ. ਬੀ. 10 ਵਾਈ 6817 ਨੂੰ ਵੀ ਨੁਕਸਾਨ ਪਹੁੰਚਾਇਆ ਗਿਆ।
ਡੀ. ਸੀ. ਗਰਗ ਨੇ ਦਿੱਤਾ ਹੁਕਮ
ਰੋਸ ਮਾਰਚ ਜਿਉਂ ਹੀ 11.45 ਵਜੇ ਦੇ ਕਰੀਬ ਸਮਰਾਲਾ ਚੌਂਕ ਲਾਗੇ ਪੁੱਜਾ ਤਾਂ ਉਥੇ ਤੈਨਾਤ ਭਾਰੀ ਪੁਲਿਸ ਫੋਰਸ ਨੇ ਜਥੇ ਨੂੰ ਰੋਕ ਲਿਆ, ਇਥੇ ਧੱਕਾਮੁੱਕੀ ਵੀ ਹੋਈ ਅਤੇ ਜਦੋਂ ਨੌਜਵਾਨ ਨਾ ਰੁਕੇ ਤਾਂ ਡੀ. ਸੀ ਸ੍ਰੀ ਵਿਕਾਸ ਗਰਗ ਦੇ ਹੁਕਮਾਂ ‘ਤੇ ਸਿੱਧੇ ਹੀ ਗੋਲੀ ਚਲਾ ਦਿੱਤੀ, ਜਿਸ ਨਾਲ 13 ਵਿਅਕਤੀ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਸੀ. ਐਮ. ਸੀ. ਹਸਪਤਾਲ ਲਿਜਾਇਆ ਗਿਆ, ਜਿਥੇ ਦਰਸ਼ਨ ਸਿੰਘ ਵਾਸੀ ਲੁਹਾਰਾ ਜ਼ਿਲ੍ਹਾ ਲੁਧਿਆਣਾ ਉਮਰ 60 ਸਾਲ ਦੀ ਮੌਤ ਹੋ ਗਈ, ਜਦ ਕਿ 4 ਵਿਅਕਤੀਆਂ ਦੇ ਆਪ੍ਰੇਸ਼ਨ ਕਰਕੇ ਗੋਲੀਆਂ ਕੱਢੀਆਂ ਗਈਆਂ। ਜ਼ਖ਼ਮੀਆਂ ਵਿਚ ਸੰਤ ਹਰਨਾਮ ਸਿੰਘ ਖ਼ਾਲਸਾ ਦੇ ਨਜ਼ਦੀਕੀ ਸਾਥੀ ਗੁਰਜਿੰਦਰ ਸਿੰਘ ਪੱਪੂ ਤੇ ਬਲਜਿੰਦਰ ਸਿੰਘ ਤੋਂ ਇਲਾਵਾ ਸੰਤ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਸਾਥੀ ਬਾਬਾ ਮੰਗਲ ਸਿੰਘ ਵੀ ਸ਼ਾਮਿਲ ਹਨ। ਹੋਰ ਜ਼ਖ਼ਮੀ ਹੋਣ ਵਾਲਿਆਂ ਵਿਚ ਜ਼ਿਲ੍ਹਾ ਅਕਾਲੀ ਜਥਾ (ਅ) ਦੇ ਪ੍ਰਧਾਨ ਜਥੇਦਾਰ ਅਨੂਪ ਸਿੰਘ ਸੰਧੂ, ਇਸਤਰੀ ਅਕਾਲੀ ਦਲ ਦੀ ਆਗੂ ਬੀਬੀ ਸੁਰਿੰਦਰ ਕੌਰ ਦਿਆਲ, ਮਨਜਿੰਦਰ ਸਿੰਘ (28) ਪਟਿਆਲਾ, ਕੰਵਲਪ੍ਰੀਤ ਸਿੰਘ (18) ਜਮਾਲਪੁਰ, ਜਸਵਿੰਦਰ ਸਿੰਘ (21), ਗੁਰਪ੍ਰੀਤ ਸਿੰਘ (28), ਪਰਮਿੰਦਰ ਸਿੰਘ (21), ਇੰਦਰਜੀਤ ਸਿੰਘ ਕਾਲੂ (39), ਅਮਰਜੀਤ ਸਿੰਘ ਮਦਾਨ (52) ਆਦਿ ਸ਼ਾਮਿਲ ਹਨ। ਇਨ੍ਹਾਂ ਵਿਚੋਂ 4 ਜ਼ਖ਼ਮੀਆਂ ਦੇ ਸੀ ਐਮ ਸੀ ਹਸਪਤਾਲ ਵਿਚ ਅਪਰੇਸ਼ਨ ਕਰਕੇ ਗੋਲੀਆਂ ਕੱਢੀਆਂ ਗਈਆਂ।
ਬਿਨਾਂ ਭੜਕਾਹਟ ਚਲਾਈ ਗੋਲੀ
ਇਸ ਸਮੇਂ ‘ਅਜੀਤ’ ਨਾਲ ਗੱਲਬਾਤ ਕਰਦਿਆਂ ਆਗੂਆਂ ਨੇ ਦੱਸਿਆ ਕਿ ਪੁਲਿਸ ਨੇ ਬਿਨ੍ਹਾਂ ਕਿਸੇ ਭੜਕਾਹਟ ਦੇ ਗੋਲੀ ਚਲਾਈ ਹੈ, ਜਦ ਕਿ ਇਸ ਤੋਂ ਪਹਿਲਾਂ ਨਾ ਤਾਂ ਕੋਈ ਚੇਤਾਵਨੀ ਦਿੱਤੀ ਗਈ ਅਤੇ ਨਾ ਹੀ ਅੱਥਰੂ ਗੈਸ ਛੱਡੀ ਅਤੇ ਹਵਾਈ ਫਾਇਰਿੰਗ ਕੀਤੀ ਗਈ। ਉਨ੍ਹਾਂ ਦੱਸਿਆ ਕਿ ਗੋਲੀ ਚੱਲਣ ਉਪਰੰਤ ਜਦੋਂ ਭਗਦੜ ਮੱਚ ਗਈ ਅਤੇ ਨੌਜਵਾਨਾਂ ਵਿਚ ਗੁੱਸਾ ਫੈਲ ਗਿਆ ਤਾਂ ਉਨ੍ਹਾਂ ਸਮਾਗਮ ਵਾਲੀ ਥਾਂ ਵੱਲ ਜਾਣਾ ਸ਼ੁਰੂ ਕਰ ਦਿੱਤਾ, ਜਿਸ ‘ਤੇ ਪੁਲਿਸ ਨੇ ਲਾਠੀਚਾਰਜ ਕੀਤਾ ਅਤੇ ਅੱਥਰੂ ਗੈਸ ਦੇ ਗੋਲੇ ਛੱਡੇ। ਇਸ ਵੇਲੇ ਪੁਲਿਸ ਵੱਲੋਂ ਮਨੁੱਖੀ ਦੀਵਾਰਾਂ ਬਣਾ ਕੇ ਮੁਜ਼ਾਹਰਾਕਾਰੀਆਂ ਨੂੰ ਪਿੱਛੇ ਧੱਕ ਦਿੱਤਾ ਗਿਆ। ਇਥੇ ਵਰਨਣਯੋਗ ਹੈ ਕਿ ਇਹ ਥਾਂ ਸਮਾਗਮ ਵਾਲੀ ਥਾਂ ਤੋਂ ਇਕ ਕਿਲੋਮੀਟਰ ਪਹਿਲਾਂ ਆਉਂਦੀ ਹੈ। ਪੁਲਿਸ ਨੇ ਸਮਰਾਲਾ ਚੌਕ ਦੇ ਸਾਰੇ ਇਲਾਕੇ ਨੂੰ ਫੌਜੀ ਛਾਉਣੀ ਵਿਚ ਬਦਲਿਆ ਹੋਇਆ ਸੀ, ਜਿਥੇ ਲੁਧਿਆਣਾ ਤੋਂ ਇਲਾਵਾ ਬਰਨਾਲਾ, ਬਟਾਲਾ, ਪਟਿਆਲਾ, ਰੋਪੜ, ਗੁਰਦਾਸਪੁਰ, ਜਲੰਧਰ, ਫਿਲੌਰ ਅਤੇ ਪੀ. ਏ. ਪੀ. ਫੋਰਸ ਤੋਂ ਇਲਾਵਾ ਰੈਪਿਡ ਐਕਸ਼ਨ ਫੋਰਸ ਦੇ 50-60 ਜਵਾਨ ਤੈਨਾਤ ਸਨ ਜੋ ਕਿ ਮਨੁੱਖੀ ਦੀਵਾਰ ਬਣਾ ਕੇ ਖੜ੍ਹੇ ਸਨ। ਇਸ ਸਮੇਂ ਪੁਲਿਸ ਵੱਲੋਂ ਟਰੱਕ ਅਤੇ ਹੋਰ ਵਾਹਨ ਵੀ ਖੜ੍ਹੇ ਕੀਤੇ ਗਏ ਸਨ। ਇਸ ਦੌਰਾਨ ਨੌਜਵਾਨਾਂ ਵੱਲੋਂ ਕੀਤੇ ਪਥਰਾਓ ਨਾਲ ਸੁਖਦੇਵ ਸਿੰਘ ਵਿਰਕ ਤੋਂ ਇਲਾਵਾ ਇੰਸਪੈਕਟਰ ਜਸਵੰਤ ਸਿੰਘ ਮਾਂਗਟ ਅਤੇ ਸਬ ਇੰਸਪੈਕਟਰ ਬਿਕਰਮਜੀਤ ਸਿੰਘ ਦੇ ਵੀ ਸੱਟਾਂ ਲੱਗੀਆਂ।
ਸੰਗਤਾਂ ਨੇ ਧਰਨਾ ਦਿੱਤਾ
ਇਸ ਦੌਰਾਨ ਸੰਗਤਾਂ ਨੇ ਸਮਰਾਲਾ ਚੌਕ ਲਾਗੇ ਹੀ ਧਰਨਾ ਦੇ ਦਿੱਤਾ ਅਤੇ ਸਤਿਨਾਮ ਵਾਹਿਗੁਰੂ ਦਾ ਜਾਪ ਸ਼ੁਰੂ ਕੀਤਾ। ਇਸ ਸਮੇਂ ਸੰਤ ਹਰਨਾਮ ਸਿੰਘ ਖ਼ਾਲਸਾ ਨੇ ਐਲਾਨ ਕੀਤਾ ਕਿ ਸੰਗਤਾਂ ਇਥੇ ਧਰਨਾ ਦੇ ਕੇ ਬੈਠਣਗੀਆਂ। ਬਾਬਾ ਹਰਨਾਮ ਸਿੰਘ ਖ਼ਾਲਸਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਸ ਸਾਰੇ ਘਟਨਾਕ੍ਰਮ ਲਈ ਪੰਜਾਬ ਦੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਕਿਹਾ ਕਿ ਨਿਰਦੋਸ਼ ਸਿੱਖਾਂ ਦਾ ਖੂਨ ਬਾਦਲ ਸਰਕਾਰ ਦੇ ਪਤਨ ਦਾ ਕਾਰਨ ਬਣੇਗਾ। ਉਨ੍ਹਾਂ ਕਿਹਾ ਕਿ ਪੁਲਿਸ ਨੇ ਬਿਨਾਂ ਕਿਸੇ ਭੜਕਾਹਟ ਦੇ ਗੋਲੀਆਂ ਚਲਾ ਕੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਸਿੱਖ ਕੌਮ ਇਸ ਸੂਬੇ ਵਿਚ ਦੂਜੇ ਨੰਬਰ ਦੀ ਸ਼ਹਿਰੀ ਹੈ। ਉਨ੍ਹਾਂ ਕਿਹਾ ਕਿ ਕੱਲ੍ਹ ਲੁਧਿਆਣਾ ਵਿਚ ਪ੍ਰਵਾਸੀ ਮਜ਼ਦੂਰਾਂ ਵੱਲੋਂ ਕੀਤੀ ਭੰਨਤੋੜ ਅਤੇ ਅਗਜ਼ਨੀ ਦੀਆਂ ਘਟਨਾਵਾਂ ਦੇ ਬਾਵਜੂਦ ਪੁਲਿਸ ਨੇ ਗੁੰਡਾਗਰਦੀ ਕਰ ਰਹੇ ਲੋਕਾਂ ਨੂੰ ਕਾਬੂ ਕਰਨ ਲਈ ਸਿਰਫ਼ ਅੱਥਰੂ ਗੈਸ ਹੀ ਛੱਡੀ ਸੀ, ਜਦ ਕਿ ਅੱਜ ਸਤਿਨਾਮ ਵਾਹਿਗੁਰੂ ਦਾ ਜਾਪ ਕਰ ਰਹੀਆਂ ਸੰਗਤਾਂ ਉਪਰ ਗੋਲੀਆਂ ਚਲਾਈਆਂ ਗਈਆਂ ਹਨ।
ਬਾਬਾ ਹਰਨਾਮ ਸਿੰਘ, ਸੰਤ ਰਣਜੀਤ ਸਿੰਘ ਢੱਡਰੀਆਂ, ਭਾਈ ਮੋਹਕਮ ਸਿੰਘ, ਭਾਈ ਬਲਜੀਤ ਸਿੰਘ ਦਾਦੂਵਾਲ, ਸੰਤ ਹਰੀ ਸਿੰਘ ਰੰਧਾਵਾ, ਫੈਡਰੇਸ਼ਨ ਪ੍ਰਧਾਨ ਭਾਈ ਪਰਮਜੀਤ ਸਿੰਘ ਖ਼ਾਲਸਾ, ਭਾਈ ਜਸਬੀਰ ਸਿੰਘ ਰੋਡੇ ਅਤੇ ਭਾਈ ਕੰਵਰਪਾਲ ਸਿੰਘ ਨੇ ਮੰਗ ਕੀਤੀ ਕਿ ਅੱਜ ਦੇ ਗੋਲੀ ਕਾਂਡ ਲਈ ਪੁਲਿਸ ਨੂੰ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ, ਭਾਜਪਾ ਪ੍ਰਧਾਨ ਪ੍ਰੋ: ਰਜਿੰਦਰ ਭੰਡਾਰੀ, ਵਿਧਾਇਕ ਹਰੀਸ਼ ਬੇਦੀ ਅਤੇ ਆਸ਼ੂਤੋਸ਼ ਖਿਲਾਫ਼ ਕਤਲ ਦਾ ਮੁਕੱਦਮਾ ਦਰਜ ਕਰਨਾ ਚਾਹੀਦਾ ਹੈ। ਇਸ ਸਮੇਂ ਭਾਈ ਮੇਜਰ ਸਿੰਘ, ਭੁਪਿੰਦਰ ਸਿੰਘ ਨਾਗੋਕੇ, ਗੁਰਜੀਤ ਸਿੰਘ ਗੱਗੀ, ਕੁਲਜੀਤ ਸਿੰਘ ਧੰਜਲ, ਪਰਮਜੀਤ ਸਿੰਘ ਧਰਮ ਸਿੰਘ ਵਾਲਾ, ਹਰਭਜਨ ਸਿੰਘ ਡੰਗ, ਬਾਬਾ ਅਜੀਤ ਸਿੰਘ, ਜਸਵੰਤ ਸਿੰਘ ਚੀਮਾ, ਅੰਗਰੇਜ਼ ਸਿੰਘ ਸੰਧੂ, ਸਾਬਕਾ ਕੌਂਸਲਰ ਅਰਜਨ ਸਿੰਘ ਚੀਮਾ, ਸੂਰਤ ਸਿੰਘ ਖਾਲਸਾ, ਸੁਰਜੀਤ ਸਿੰਘ ਦੁੱਗਰੀ, ਬੀਬੀ ਗੁਰਦੀਪ ਕੌਰ, ਇੰਦਰਜੀਤ ਸਿੰਘ ਡਿਪਟੀ, ਪ੍ਰੀਤਮ ਸਿੰਘ ਭਰੋਵਾਲ, ਜਸਬੀਰ ਸਿੰਘ ਦੂਆ, ਗੁਰਦੀਪ ਸਿੰਘ ਗੋਸ਼ਾ, ਮਨਪ੍ਰੀਤ ਸਿੰਘ ਬੰਟੀ, ਜਰਨੈਲ ਸਿੰਘ ਖਾਲਸਾ, ਅਮਰਜੀਤ ਸਿੰਘ ਟੋਨੀ, ਬੀਬੀ ਰਵਿੰਦਰ ਕੌਰ ਧਾਲੀਵਾਲ, ਸਰਬਜੀਤ ਕੌਰ ਭਿੰਡਰ, ਰਾਜਵੰਤ ਕੌਰ, ਪ੍ਰਿੰ: ਹਰਦੀਪ ਕੌਰ, ਰਛਪਾਲ ਸਿੰਘ ਫ਼ੌਜੀ, ਜਸਪਾਲ ਸਿੰਘ ਇਸਲਾਮਗੰਜ, ਬਲਜੀਤ ਸਿੰਘ ਬੀਤਾ, ਗੁਰਦੇਵ ਸਿੰਘ ਲਾਡੀ, ਸੁਖਦੇਵ ਸਿੰਘ ਮਾਲਵਾ, ਸਤਨਾਮ ਸਿੰਘ ਸ਼ੰਟੀ, ਹਰਦੇਵ ਸਿੰਘ ਢੋਲਣ, ਗੁਰਦੀਪ ਸਿੰਘ ਲੀਲ ਅਤੇ ਮਾਸਟਰ ਬਲਰਾਜ ਸਿੰਘ ਆਦਿ ਹਾਜ਼ਰ ਸਨ।
ਪੁਲਿਸ ਮੋਟਰਸਾਈਕਲਾਂ ਨੂੰ ਅੱਗ
ਸੀ. ਐਮ. ਸੀ. ਹਸਪਤਾਲ ਜਿਥੇ ਕਿ ਗੋਲੀ ਕਾਂਡ ਵਿਚ ਜ਼ਖ਼ਮੀ ਹੋਏ ਨੌਜਵਾਨਾਂ ਦਾ ਇਲਾਜ ਚੱਲ ਰਿਹਾ ਸੀ, ਦੇ ਬਾਹਰ ਭੜਕੇ ਨੌਜਵਾਨਾਂ ਨੇ ਪੁਲਿਸ ਅਤੇ ਸਰਕਾਰ ਖਿਲਾਫ਼ ਡਟਕੇ ਨਾਅਰੇਬਾਜ਼ੀ ਕੀਤੀ ਅਤੇ ਕਿਰਪਾਨਾਂ ਲਹਿਰਾ ਕੇ ਪੁਲਿਸ ਖਿਲਾਫ਼ ਮੁਜ਼ਾਹਰਾ ਕੀਤਾ। ਇਸ ਸਮੇਂ ਕੁਝ ਨੌਜਵਾਨਾਂ ਨੇ ਪੀ. ਸੀ. ਆਰ. ਦੇ ਮੋਟਰਸਾਇਕਲ ਨੰਬਰ 6 ਅਤੇ 9 ਨੂੰ ਅੱਗ ਲਗਾ ਦਿੱਤੀ, ਜਦ ਕਿ ਪੁਲਿਸ ਮੁਲਾਜ਼ਮਾਂ ਰਾਜ ਕੁਮਾਰ, ਦਵਿੰਦਰ ਕੁਮਾਰ, ਹਰਜਿੰਦਰ ਸਿੰਘ ਅਤੇ ਸਤਨਾਮ ਸਿੰਘ ਦੀ ਕੁੱਟਮਾਰ ਕੀਤੀ, ਜਿਸ ਕਾਰਨ ਰਾਜ ਕੁਮਾਰ ਦੀ ਹਾਲਤ ਗੰਭੀਰ ਦੱਸੀ ਜਾਂਦੀ ਹੈ।
ਆਗੂ ਹਸਪਤਾਲ ਪੁੱਜੇ
ਸ਼੍ਰੋਮਣੀ ਅਕਾਲੀ ਦਲ (ਅ) ਦੇ ਪ੍ਰਧਾਨ ਸ: ਸਿਮਰਨਜੀਤ ਸਿੰਘ ਮਾਨ, ਖ਼ਾਲਸਾ ਐਕਸ਼ਨ ਕਮੇਟੀ ਦੇ ਭਾਈ ਕੰਵਰਪਾਲ ਸਿੰਘ, ਗੁਰਦੁਆਰਾ ਦੂਖ ਨਿਵਾਰਨ ਸਾਹਿਬ ਦੇ ਸ: ਪ੍ਰਿਤਪਾਲ ਸਿੰਘ, ਜਥੇਦਾਰ ਕੁਲਵੰਤ ਸਿੰਘ ਦੁਖੀਆ, ਨੌਜਵਾਨ ਆਗੂ ਬਲਜੀਤ ਸਿੰਘ ਬਿੰਦਰਾ, ਸਤਨਾਮ ਸਿੰਘ ਸ਼ੰਟੀ ਸਮੇਤ ਕਈ ਆਗੂਆਂ ਨੇ ਜ਼ਖ਼ਮੀਆਂ ਦਾ ਹਾਲ-ਚਾਲ ਪੁੱਛਿਆ ਅਤੇ ਉਨ੍ਹਾਂ ਦੇ ਆਪ੍ਰੇਸ਼ਨ ਲਈ ਖੂਨ ਦੀ ਪੇਸ਼ਕਸ਼ ਕੀਤੀ। ਇਸ ਮੌਕੇ ਸ: ਜਸਵਿੰਦਰ ਸਿੰਘ ਬਲੀਏਵਾਲ ਨੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ: ਪਰਮਜੀਤ ਸਿੰਘ ਸਰਨਾ ਵੱਲੋਂ ਮ੍ਰਿਤਕ ਦਰਸ਼ਨ ਸਿੰਘ ਦੇ ਪ੍ਰੀਵਾਰ ਨੂੰ ਇਕ ਲੱਖ ਰੁਪਏ ਅਤੇ ਜ਼ਖਮੀਆਂ ਨੂੰ 25-25 ਹਜ਼ਾਰ ਦੀ ਸਹਾਇਤਾ ਦੇਣ ਦਾ ਐਲਾਨ ਕੀਤਾ।
ਬੇਦੀ ਦਾ ਪੁਤਲਾ ਫੂਕਿਆ
ਇਸ ਦੌਰਾਨ ਗੋਲੀ ਕਾਂਡ ਦੀ ਸੂਚਨਾ ਮਿਲਦਿਆਂ ਹੀ ਫੀਲਡਗੰਜ ਇਲਾਕੇ ਵਿਚ ਸੈਂਕੜਿਆਂ ਦੀ ਗਿਣਤੀ ਵਿਚ ਨੌਜਵਾਨ ਇਕੱਠੇ ਹੋ ਗਏ ਜਿਨ੍ਹਾਂ ਨੇ ਭਾਜਪਾ ਵਿਧਾਇਕ ਸ੍ਰੀ ਹਰੀਸ਼ ਬੇਦੀ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਉਨ੍ਹਾਂ ਦੋਸ਼ ਲਗਾਇਆ ਕਿ ਵਿਧਾਇਕ ਬੇਦੀ ਨੇ ਆਸ਼ੂਤੋਸ਼ ਸਮਾਗਮ ਨੂੰ ਵਕਾਰ ਦਾ ਸਵਾਲ ਬਣਾ ਕੇ ਪੰਜਾਬ ਦੇ ਅਮਨ ਨੂੰ ਅੱਗ ਲਗਾਈ ਹੈ। ਉਨ੍ਹਾਂ ਇਸ ਮੌਕੇ ਵਿਧਾਇਕ ਬੇਦੀ ਦਾ ਪੁਤਲਾ ਵੀ ਫੂਕਿਆ ਅਤੇ ਐਲਾਨ ਕੀਤਾ ਕਿ ਵਿਧਾਇਕ ਬੇਦੀ ਦਾ ਸਮਾਜਿਕ ਬਾਈਕਾਟ ਕੀਤਾ ਜਾਵੇਗਾ ਅਤੇ ਉਹ ਜਿਥੇ ਵੀ ਜਾਵੇਗਾ ਉਸ ਖਿਲਾਫ਼ ਮੁਜ਼ਾਹਰਾ ਕੀਤਾ ਜਾਵੇਗਾ।
ਘਰ ਨੂੰ ਅੱਗ ਲਾਉਣ ਦੀ ਕੋਸ਼ਿਸ਼
ਅੱਜ ਦੇਰ ਸ਼ਾਮ 150 ਦੇ ਕਰੀਬ ਸਿੱਖ ਨੌਜਵਾਨਾਂ ਵੱਲੋਂ ਇਥੇ ਜਨਕਪੁਰੀ ਸਥਿਤ ਭਾਜਪਾ ਵਿਧਾਇਕ ਸ੍ਰੀ ਹਰੀਸ਼ ਬੇਦੀ ਦੇ ਘਰ ਨੂੰ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਪੁਲਿਸ ਵੱਲੋਂ ਮੌਕੇ ‘ਤੇ ਕਾਰਵਾਈ ਕਰਕੇ ਇਹ ਕੋਸ਼ਿਸ਼ ਨਾਕਾਮ ਕਰ ਦਿੱਤੀ ਗਈ। ਜਾਣਕਾਰੀ ਅਨੁਸਾਰ 150 ਦੇ ਕਰੀਬ ਸਿੱਖ ਨੌਜਵਾਨ ਵਿਧਾਇਕ ਬੇਦੀ ਦੇ ਘਰ ਦੇ ਬਾਹਰ ਇਕੱਠੇ ਹੋਏ ਅਤੇ ਉਥੇ ਉਨ੍ਹਾਂ ਨੇ ਬੇਦੀ ਅਤੇ ਆਸ਼ੂਤੋਸ਼ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਸੂਚਨਾ ਮਿਲਦੇ ਹੀ ਜ਼ਿਲ੍ਹੇ ਦੇ ਉਚ ਪੁਲਿਸ ਅਧਿਕਾਰੀ ਮੌਕੇ ‘ਤੇ ਪਹੁੰਚੇ ਤੇ ਉਨ੍ਹਾਂ ਨੇ ਹਲਕੀ ਤਾਕਤ ਦੀ ਵਰਤੋਂ ਕਰਦਿਆਂ ਨੌਜਵਾਨਾਂ ਨੂੰ ਖਦੇੜ ਦਿੱਤਾ। ਉਸ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਬੇਦੀ ਦੇ ਘਰ ਬਾਹਰ ਨੀਮ ਫ਼ੌਜੀ ਬਲ ਤਾਇਨਾਤ ਕਰ ਦਿੱਤੇ।
ਬਾਬਾ ਹਰਨਾਮ ਸਿੰਘ ਮਾਮੂਲੀ ਜ਼ਖ਼ਮੀ
ਪੁਲਿਸ ਵੱਲੋਂ ਜਦੋਂ ਸੰਗਤਾਂ ਦੇ ਜੱਥੇ ਨੂੰ ਸਮਰਾਲਾ ਚੌਕ ਲਾਗੇ ਰੋਕਿਆ ਗਿਆ ਤਾਂ ਉਸ ਮੌਕੇ ਦਮਦਮੀ ਟਕਸਾਲ ਦੇ ਮੁਖੀ ਸੰਤ ਹਰਨਾਮ ਸਿੰਘ ਵੀ ਜ਼ਖ਼ਮੀ ਹੋ ਗਏ। ਇਕ ਪੁਲਿਸ ਅਧਿਕਾਰੀ ਨੇ ਉਨ੍ਹਾਂ ਨੂੰ ਜਦੋਂ ਬਾਂਹ ਤੋਂ ਫੜਕੇ ਖਿੱਚਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਦੇ ਨਾਲ ਖੜ੍ਹੇ ਇਕ ਨੌਜਵਾਨ ਦੇ ਹੱਥ ਵਿਚ ਫੜੀ ਨੰਗੀ ਕਿਰਪਾਨ ਉਨ੍ਹਾਂ ਦੀਆਂ ਉਂਗਲੀਆਂ ਉਪਰ ਫਿਰ ਗਈ, ਜਿਸ ਕਾਰਨ ਉਂਗਲੀਆਂ ਵਿਚੋਂ ਖੂਨ ਨਿਕਲ ਆਇਆ।
ਅੱਜ ਦਾ ਸਮਾਗਮ ਰੱਦ
ਦਿਵਿਆ ਜਯੋਤੀ ਜਾਗ੍ਰਿਤੀ ਸੰਸਥਾਨ ਦੇ ਬੁਲਾਰੇ ਸਵਾਮੀ ਵਿਸ਼ਵਾਨੰਦ ਨੇ ਦੱਸਿਆ ਹੈ ਕਿ ਅਮਨ-ਕਾਨੂੰਨ ਦੀ ਹਾਲਤ ਨੂੰ ਵੇਖਦਿਆਂ ਪ੍ਰਬੰਧਕਾਂ ਨੇ 6 ਦਸੰਬਰ ਨੂੰ ਕੀਤਾ ਜਾਣ ਵਾਲਾ ਸਮਾਗਮ ਰੱਦ ਕਰ ਦਿੱਤਾ ਹੈ, ਤਾਂ ਜੋ ਸ਼ਰਾਰਤੀ ਅਨਸਰ ਇਸ ਸਮਾਗਮ ਦੀ ਆੜ ਹੇਠ ਭੜਕਾਊ ਕਾਰਵਾਈ ਕਰਕੇ ਪੰਜਾਬ ਦੇ ਸ਼ਾਂਤ ਮਾਹੌਲ ਨੂੰ ਖ਼ਰਾਬ ਨਾ ਕਰ ਸਕਣ। ਉਨ੍ਹਾਂ ਸਮਾਗਮ ਲਈ ਸਹਿਯੋਗ ਦੇਣ ਵਾਲੀਆਂ ਸਾਰੀਆਂ ਸਮਾਜਿਕ, ਧਾਰਮਿਕ ਅਤੇ ਭਾਈਚਾਰਕ ਜਥੇਬੰਦੀਆਂ ਦਾ ਧੰਨਵਾਦ ਵੀ ਕੀਤਾ।
ਕਰਫ਼ਿਊ ਲਾਗੂ
ਜ਼ਿਲ੍ਹਾ ਪ੍ਰਸ਼ਾਸਨ ਨੇ ਗੋਲੀ ਕਾਂਡ ਤੋਂ ਬਾਅਦ ਪੈਦਾ ਹੋਏ ਹਾਲਾਤ ਨਾਲ ਨਿਪਟਣ ਲਈ ਪੁਲਿਸ ਡਵੀਜ਼ਨ ਨੰਬਰ 1, 2, 3, 4, 6, 7 ਥਾਣਾ ਫੋਕਲ ਪੁਆਇੰਟ, ਥਾਣਾ ਸਾਹਨੇਵਾਲ ਅਤੇ ਥਾਣਾ ਸ਼ਿਮਲਾਪੁਰੀ ਅਧੀਨ ਪੈਂਦੇ ਇਲਾਕਿਆਂ ਵਿਚ ਅਣਮਿਥੇ ਸਮੇਂ ਲਈ ਕਰਫ਼ਿਊ ਲਾਗੂ ਕਰ ਦਿੱਤਾ ਹੈ। ਡਿਪਟੀ ਕਮਿਸ਼ਨਰ ਸ੍ਰੀ ਵਿਕਾਸ ਗਰਗ ਨੇ ਦੱਸਿਆ ਕਿ ਇਹ ਹੁਕਮ ਤੁਰੰਤ ਲਾਗੂ ਹੋ ਗਏ ਹਨ।
ਮ੍ਰਿਤਕ ਦਾ ਪੋਸਟਮਾਰਟਮ
ਸਮਰਾਲਾ ਚੌਕ ਵਿਖੇ ਅੱਜ ਵਾਪਰੇ ਗੋਲੀ ਕਾਂਡ ਦੌਰਾਨ ਮਾਰੇ ਗਏ ਦਰਸ਼ਨ ਸਿੰਘ ਦੀ ਲਾਸ਼ ਦਾ ਪੋਸਟਮਾਰਟਮ 6 ਦਸੰਬਰ ਨੂੰ ਸੀ. ਐਮ. ਸੀ. ਹਸਪਤਾਲ ਵਿਖੇ ਹੀ ਹੋਵੇਗਾ। ਇਸ ਸਬੰਧੀ ਮਿਲੀ ਜਾਣਕਾਰੀ ਤੋਂ ਪਤਾ ਲੱਗਾ ਹੈ ਕਿ ਪ੍ਰਸ਼ਾਸਨ ਵੱਲੋਂ ਡਾਕਟਰਾਂ ਦੀ ਟੀਮ ਨੂੰ ਤੜਕੇ 6 ਵਜੇ ਹਸਪਤਾਲ ਪੁੱਜਣ ਲਈ ਕਿਹਾ ਗਿਆ ਹੈ। ਪੁਲਿਸ ਵੱਲੋਂ ਇਹ ਕਾਰਵਾਈ ਲੋਕਾਂ ਵਿਚ ਵਧ ਰਹੇ ਰੋਸ ਨੂੰ ਵੇਖਦਿਆਂ ਕੀਤੀ ਗਈ ਹੈ ਤਾਂ ਜੋ ਸਿਵਲ ਹਸਪਤਾਲ ਵਿਖੇ ਲੋਕਾਂ ਦੀ ਭੀੜ ਇਕੱਠੀ ਨਾ ਹੋ ਸਕੇ, ਜਿਥੇ ਕਿ ਆਮ ਤੌਰ ‘ਤੇ ਪੋਸਟਮਾਰਟਮ ਕੀਤੇ ਜਾਂਦੇ ਹਨ।
ਭਲਕੇ ਪੰਜਾਬ ਬੰਦ ਦਾ ਸੱਦਾ
ਲੁਧਿਆਣਾ, 5 ਦਸੰਬਰ (ਗੁਰਿੰਦਰ ਸਿੰਘ)-ਦਿਵਿਆ ਜਯੋਤੀ ਜਾਗ੍ਰਿਤੀ ਸੰਸਥਾਨ ਵੱਲੋਂ ਅੱਜ ਲੁਧਿਆਣਾ ਵਿਖੇ ਕੀਤੇ ਗਏ ਸਮਾਗਮ ਦਾ ਵਿਰੋਧ ਕਰ ਰਹੇ ਸਿੰਘਾਂ ਉਪਰ ਪੁਲਿਸ ਵੱਲੋਂ ਚਲਾਈ ਗੋਲੀ ਦੇ ਰੋਸ ਵਜੋਂ ਪੰਥਕ ਜਥੇਬੰਦੀਆਂ ਨੇ 7 ਦਸੰਬਰ ਦਿਨ ਸੋਮਵਾਰ ਨੂੰ ਪੰਜਾਬ ਬੰਦ ਦਾ ਸੱਦਾ ਦਿੱਤਾ ਹੈ। ਇਹ ਫ਼ੈਸਲਾ ਅੱਜ ਸ਼ਾਮ ਪੰਥਕ ਜਥੇਬੰਦੀਆਂ ਦੇ ਆਗੂਆਂ ਦੀ ਸੰਤ ਬਾਬਾ ਹਰਨਾਮ ਸਿੰਘ ਖਾਲਸਾ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿਚ ਕੀਤਾ ਗਿਆ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਸਿੱਖ ਸਟੂਡੈਂਟਸ ਫੈਡਰੇਸ਼ਨ ਮਹਿਤਾ ਦੇ ਪ੍ਰਧਾਨ ਪਰਮਜੀਤ ਸਿੰਘ ਖਾਲਸਾ ਨੇ ਦੱਸਿਆ ਕਿ ਸੰਤ ਬਾਬਾ ਹਰਨਾਮ ਸਿੰਘ ਖਾਲਸਾ ਨੇ ਪੰਜਾਬ ਬੰਦ ਦੌਰਾਨ ਡਾਕਟਰੀ ਸੇਵਾਵਾਂ, ਰੇਲ ਆਵਾਜਾਈ ਅਤੇ ਬੱਸ ਸੇਵਾ ਨੂੰ ਛੱਡ ਕੇ ਮੁਕੰਮਲ ਬੰਦ ਰੱਖਣ ਦੀ ਅਪੀਲ ਕੀਤੀ ਹੈ। ਉਨ੍ਹਾਂ ਸਮੂਹ ਪੰਜਾਬ ਵਾਸੀਆਂ ਅਤੇ ਖਾਸ ਕਰਕੇ ਸਿੱਖ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਉਹ ਪੰਜਾਬ ਬੰਦ ਨੂੰ ਸਫ਼ਲ ਕਰਨ ਲਈ ਆਪਣੀ ਜ਼ਿੰਮੇਵਾਰੀ ਸੰਭਾਲਣ। ਉਨ੍ਹਾਂ ਦੱਸਿਆ ਕਿ ਮੀਟਿੰਗ ਦੌਰਾਨ ਇਹ ਵੀ ਫ਼ੈਸਲਾ ਕੀਤਾ ਗਿਆ ਹੈ ਕਿ ਗੋਲੀ ਕਾਂਡ ਦੇ ਮ੍ਰਿਤਕ ਦਰਸ਼ਨ ਸਿੰਘ ਦਾ ਉਦੋਂ ਤੱਕ ਅੰਤਿਮ ਸੰਸਕਾਰ ਨਹੀਂ ਕੀਤਾ ਜਾਵੇਗਾ ਜਦੋਂ ਤੱਕ ਪੁਲਿਸ ਵੱਲੋਂ ਵਿਧਾਇਕ ਹਰੀਸ਼ ਬੇਦੀ ਸਮੇਤ ਗੋਲੀ ਕਾਂਡ ਲਈ ਜ਼ਿੰਮੇਵਾਰ ਲੋਕਾਂ ਖਿਲਾਫ਼ ਕਤਲ ਦਾ ਮੁਕੱਦਮਾ ਦਰਜ ਨਹੀਂ ਕੀਤਾ ਜਾਂਦਾ। ਮੀਟਿੰਗ ਵਿਚ ਸੰਤ ਸਮਾਜ, ਖਾਲਸਾ ਐਕਸ਼ਨ ਕਮੇਟੀ, ਸਿੱਖ ਸਟੂਡੈਂਟਸ ਫੈਡਰੇਸ਼ਨ ਮਹਿਤਾ, ਸਿੱਖ ਸਟੂਡੈਂਟਸ ਫੈਡਰੇਸ਼ਨ ਗਰੇਵਾਲ ਅਤੇ ਲੁਧਿਆਣਾ ਸ਼ਹਿਰ ਦੀਆਂ ਪੰਥਕ ਜਥੇਬੰਦੀਆਂ ਦੇ ਪ੍ਰਤੀਨਿਧਾਂ ਨੇ ਹਿੱਸਾ ਲਿਆ।
ਸਿੰਘ ਸਾਹਿਬਾਨ ਵੱਲੋਂ ਲੁਧਿਆਣਾ ਘਟਨਾ ਦੀ ਨਿਖੇਧੀ
ਅੰਮ੍ਰਿਤਸਰ, 5 ਦਸੰਬਰ (ਲਾਂਬਾ)-ਦਿਵਿਯਾ ਜਯੋਤੀ ਜਾਗ੍ਰਿਤੀ ਸੰਸਥਾਨ ਦੇ ਸਮਾਗਮ ਦਾ ਵਿਰੋਧ ਕਰ ਰਹੀਆਂ ਸਿੱਖ ਜਥੇਬੰਦੀਆਂ ‘ਤੇ ਚੱਲੀ ਗੋਲੀ ਦੀ ਘਟਨਾ ਨੂੰ ਦੁਖਦਾਈ ਦੱਸਦਿਆਂ ਪੰਜ ਸਿੰਘ ਸਾਹਿਬਾਨ ਨੇ ਇਸ ਘਟਨਾ ਦੀ ਸਖ਼ਤ ਨਿਖੇਧੀ ਕੀਤੀ ਹੈ ਅਤੇ ਇਸ ਘਟਨਾ ਲਈ ਪ੍ਰਸ਼ਾਸਨ ਨੂੰ ਜ਼ਿੰਮੇਵਾਰ ਠਹਿਰਾਇਆ। ਅੱਜ ਇਥੇ ਪੰਜ ਸਿੰਘ ਸਾਹਿਬਾਨ ਦੀ ਹੋਈ ਇਕੱਤਰਤਾ ਸਮੇਂ ਇਸ ਬਾਰੇ ਗੱਲ ਕਰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਸਿੱਖ ਜਥੇਬੰਦੀਆਂ ਨੇ ਪ੍ਰਸ਼ਾਸਨ ਕੋਲੋਂ ਪਹਿਲਾਂ ਹੀ ਮੰਗ ਕੀਤੀ ਸੀ ਕਿ ਇਸ ਸਮਾਗਮ ਦੀ ਆਗਿਆ ਨਾ ਦਿੱਤੀ ਜਾਵੇ ਕਿਉਂਕਿ ਇਸ ਨਾਲ ਨੁਕਸਾਨ ਹੋਣ ਦਾ ਡਰ ਹੈ। ਉਨ੍ਹਾਂ ਕਿਹਾ ਕਿ ਇਸ ਘਟਨਾ ਲਈ ਪ੍ਰਸ਼ਾਸਨ ਪੂਰੀ ਤਰ੍ਹਾਂ ਜ਼ਿੰਮੇਵਾਰ ਹੈ, ਜਿਸ ਨੇ ਇਹ ਸਮਾਗਮ ਦੀ ਆਗਿਆ ਦਿੱਤੀ ਹੈ। ਇਸ ਮੌਕੇ ਉਨ੍ਹਾਂ ਸਿੱਖ ਸੰਗਤ ਨੂੰ ਅਪੀਲ ਕੀਤੀ ਕਿ ਉਹ ਸੰਜਮ ਤੋਂ ਕੰਮ ਲੈਣ ਅਤੇ ਭੜਕਾਹਟ ਵਿਚ ਆ ਕੇ ਕੋਈ ਕਾਰਵਾਈ ਨਾ ਕਰਨ। ਉਨ੍ਹਾਂ ਅਪੀਲ ਕੀਤੀ ਕਿ ਅਜਿਹੇ ਕਠਿਨ ਸਮੇਂ ਸਿੱਖ ਸੰਗਤ ਆਪਸੀ ਭਾਈਚਾਰਕ ਸਾਂਝ ਬਣਾਈ ਰੱਖੇ। ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਪੰਜ ਸਿੰਘ ਸਾਹਿਬਾਨ ਵੱਲੋਂ ਜਲਦੀ ਹੀ ਨੂਰਮਹਿਲੀਆਂ ਅਤੇ ਡੇਰਾ ਸਿਰਸਾ ਆਦਿ ਮਾਮਲਿਆਂ ਬਾਰੇ ਵਿਚਾਰ ਕੀਤਾ ਜਾਵੇਗਾ। ਅੱਜ ਇਥੇ ਲੁਧਿਆਣਾ ਵਿਖੇ ਗੋਲੀ ਚੱਲਣ ਕਾਰਨ ਇਕ ਸਿੰਘ ਦੀ ਮੌਤ ਅਤੇ ਕਈਆਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਜਦੋਂ ਪੁੱਜੀ ਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹਾਜ਼ਰ ਸਿੱਖ ਜਥੇਬੰਦੀਆਂ ਵਿਚ ਵੱਡੇ ਰੋਸ ਦੀ ਭਾਵਨਾ ਪੈਦਾ ਹੋ ਗਈ। ਕੁਝ ਸਿੱਖ ਜਥੇਬੰਦੀਆਂ ਦੇ ਆਗੂਆਂ ਨੇ ਪੰਜ ਸਿੰਘ ਸਾਹਿਬਾਨ ਨਾਲ ਮੁਲਾਕਾਤ ਕੀਤੀ ਅਤੇ ਇਸ ਮਾਮਲੇ ‘ਚ ਸਿੱਖ ਸੰਗਤ ਦੀ ਅਗਵਾਈ ਕਰਨ ਦੀ ਅਪੀਲ ਕੀਤੀ।
ਗਿਆਨੀ ਕੇਵਲ ਸਿੰਘ ਵੱਲੋਂ ਨਿਖੇਧੀ
ਸਿੰਘ ਸਾਹਿਬ ਗਿਆਨੀ ਕੇਵਲ ਸਿੰਘ ਨੇ ਲੁਧਿਆਣਾ ਕਾਂਡ ਦੀ ਨਿਖੇਧੀ ਕੀਤੀ ਹੈ ਤੇ ਨਾਲ ਗੋਲੀ ਨਾਲ ਸ਼ਹੀਦ ਹੋਏ ਸ: ਦਰਸ਼ਨ ਸਿੰਘ ਦੇ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਸਰਕਾਰ ਨੂੰ ਇਸ ਸਮਾਗਮ ‘ਤੇ ਪਹਿਲਾਂ ਹੀ ਪਾਬੰਦੀ ਲਗਾ ਦੇਣੀ ਚਾਹੀਦੀ ਸੀ।
ਅਜੀਤ ਜਲੰਧਰ 06.12.09