ਲੁਧਿਆਣਾ 'ਚ ਹਿੰਸਾ ਤੇ ਸਾੜਫੂਕ-ਕਰਫ਼ਿਊ ਲਾਗੂ
ਪ੍ਰਵਾਸੀ ਮਜ਼ਦੂਰਾਂ ਵੱਲੋਂ ਹੁੱਲੜਬਾਜ਼ੀ
ਲੁਧਿਆਣਾ, 4 ਦਸੰਬਰ-ਪਰਮਿੰਦਰ ਸਿੰਘ ਆਹੂਜਾ-ਸਥਾਨਕ ਢੰਡਾਰੀ ਕਲਾਂ ਇਲਾਕੇ ਵਿਚ ਬੀਤੀ ਰਾਤ ਪ੍ਰਵਾਸੀ ਮਜ਼ਦੂਰ ਨੂੰ ਲੁੱਟਣ ਦੇ ਮਾਮਲੇ ਨੂੰ ਲੈ ਕੇ ਸ਼ੁਰੂ ਹੋਇਆ ਵਿਵਾਦ ਅੱਜ ਤੜਕੇ ਦੰਗਿਆਂ ਦਾ ਰੂਪ ਧਾਰਨ ਕਰ ਗਿਆ। 6-7 ਹਜ਼ਾਰ ਦੇ ਕਰੀਬ ਪ੍ਰਵਾਸੀ ਮਜ਼ਦੂਰਾਂ ਵੱਲੋਂ 16 ਵਾਹਨਾਂ ਅਤੇ 6 ਖੋਖਿਆਂ ਨੂੰ ਅੱਗ ਲਗਾ ਦਿੱਤੀ ਗਈ। ਪੁਲਿਸ ਨੂੰ ਸਥਿਤੀ 'ਤੇ ਕਾਬੂ ਪਾਉਣ ਲਈ ਹਵਾ ਵਿਚ ਗੋਲੀਆਂ ਚਲਾਉਣੀਆਂ ਪਈਆਂ ਅਤੇ ਬਾਅਦ ਵਿਚ ਸਥਿਤੀ ਬੇਕਾਬੂ ਹੁੰਦੀ ਦੇਖਦਿਆਂ 5 ਥਾਣਾ ਖੇਤਰਾਂ ਵਿਚ ਅਣਮਿੱਥੇ ਸਮੇਂ ਦਾ ਕਰਫ਼ਿਊ ਲਗਾ ਦਿੱਤਾ ਗਿਆ। ਦੰਗਾਕਾਰੀਆਂ ਵੱਲੋਂ ਢੰਡਾਰੀ ਸਟੇਸ਼ਨ 'ਤੇ ਖੜ੍ਹੀ ਸੱਚਖੰਡ ਐਕਸਪ੍ਰੈਸ ਨੂੰ ਅੱਗ ਲਗਾਉਣ ਦੀ ਵੀ ਕੋਸ਼ਿਸ਼ ਕੀਤੀ ਗਈ ਪਰ ਪਿੰਡ ਵਾਲਿਆਂ ਨੇ ਗੱਡੀ ਦੇ ਅੱਗੇ ਆ ਕੇ ਦੰਗਾਕਾਰੀਆਂ ਦੀ ਇਸ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ। ਦੰਗਾਕਾਰੀਆਂ ਅਤੇ ਪਿੰਡ ਵਾਲਿਆਂ ਵਿਚਾਲੇ ਹੋਏ ਜ਼ਬਰਦਸਤ ਖੂਨ ਖਰਾਬੇ ਵਿਚ 80 ਵਿਅਕਤੀ ਜ਼ਖਮੀ ਹੋ ਗਏ ਹਨ, ਜਿਨ੍ਹਾਂ ਵਿਚ ਦੰਗਾਕਾਰੀਆਂ ਦਾ ਵਿਰੋਧ ਕਰ ਰਹੇ 15 ਨੌਜਵਾਨ ਅਤੇ 10 ਦੇ ਕਰੀਬ ਪੁਲਿਸ ਮੁਲਾਜ਼ਮ ਵੀ ਸ਼ਾਮਿਲ ਹਨ।
ਦਰਜਨ ਤੋਂ ਵੱਧ ਵਾਹਨ ਸਾੜੇ - 80 ਜ਼ਖ਼ਮੀ
12 ਦੀ ਹਾਲਤ ਗੰਭੀਰ ੲ ਛੇ ਘੰਟੇ ਹਾਵੀ ਰਹੇ ਮਜ਼ਦੂਰ,
ਪੁਲਿਸ ਰਹੀ ਲਾਚਾਰ ਗ ਸੱਚਖੰਡ ਐਕਸਪ੍ਰੈੱਸ ਨੂੰ ਅੱਗ ਲਾਉਣ ਦਾ ਯਤਨ ੲ ਯੂਥ ਅਕਾਲੀ ਦਲ ਲੇਬਰ ਵਿੰਗ ਦੇ ਪ੍ਰਧਾਨ ਸਮੇਤ 70 ਖਿਲਾਫ਼ ਕੇਸ ਦਰਜ
ਇਨ੍ਹਾਂ ਵਿਚੋਂ 12 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਇਹ ਦੰਗੇ ਬੀਤੀ ਰਾਤ ਤੋਂ ਹੀ ਢੰਡਾਰੀ ਅਤੇ ਆਸ ਪਾਸ ਦੇ ਇਲਾਕੇ ਤੋਂ ਹੋਣੇ ਸ਼ੁਰੂ ਹੋ ਗਏ ਸਨ। ਬੀਤੀ ਰਾਤ ਫੋਕਲ ਪੁਆਇੰਟ ਇਲਾਕੇ ਵਿਚ ਦੋ ਅਣਪਛਾਤੇ ਹਥਿਆਰਬੰਦ ਨੌਜਵਾਨ ਇਕ ਪ੍ਰਵਾਸੀ ਮਜ਼ਦੂਰ ਨੂੰ ਜ਼ਖਮੀ ਕਰਨ ਉਪਰੰਤ ਉਸ ਨੂੰ ਲੁੱਟ ਕੇ ਲੈ ਗਏ ਸਨ। ਇਨ੍ਹਾਂ ਦੰਗਾਕਾਰੀਆਂ ਦਾ ਕਹਿਣਾ ਸੀ ਕਿ ਜਦੋਂ ਉਹ ਢੰਡਾਰੀ ਚੌਕੀ ਰਿਪੋਰਟ ਲਿਖਵਾਉਣ ਗਏ ਤਾਂ ਪੁਲਿਸ ਨੇ ਉਨ੍ਹਾਂ ਦੀ ਸੁਣਵਾਈ ਨਹੀਂ ਕੀਤੀ। ਬੀਤੀ ਰਾਤ ਤੋਂ ਹੀ ਇਨ੍ਹਾਂ ਦੰਗਾਕਾਰੀਆਂ ਨੇ ਲੁਧਿਆਣਾ-ਦਿੱਲੀ ਮੁੱਖ ਸੜਕ ਅਤੇ ਲੁਧਿਆਣਾ-ਦਿੱਲੀ ਰੇਲ ਮਾਰਗ ਉੱਤੇ ਧਰਨਾ ਦਿੱਤਾ ਹੋਇਆ ਸੀ, ਜਿਸ ਕਾਰਨ ਬੀਤੀ ਰਾਤ ਤੋਂ ਹੀ ਇਸ ਮਾਰਗ ਉੱਤੇ ਸੜਕੀ ਅਤੇ ਰੇਲ ਆਵਾਜਾਈ ਬਿਲਕੁਲ ਬੰਦ ਸੀ। ਅੱਜ ਤੜਕੇ ਪੁਲਿਸ ਨੇ ਸੜਕੀ ਆਵਾਜਾਈ ਤਾਂ ਬਹਾਲ ਕਰਾ ਦਿੱਤੀ ਸੀ ਪਰ ਰੇਲ ਲਾਈਨ 'ਤੇ ਇਨ੍ਹਾਂ ਦੰਗਾਕਾਰੀਆਂ ਵੱਲੋਂ ਕਬਜ਼ਾ ਨਹੀਂ ਛੱਡਿਆ ਗਿਆ ਸੀ। ਅੱਜ ਸਵੇਰੇ ਮੁੜ ਤੋਂ ਸਾਢੇ 8 ਵਜੇ ਦੇ ਕਰੀਬ ਇਹ ਦੰਗਾਕਾਰੀ ਢੰਡਾਰੀ ਨੇੜੇ ਲੁਧਿਆਣਾ ਦਿੱਲੀ ਮੁੱਖ ਸੜਕ 'ਤੇ ਆ ਗਏ ਅਤੇ ਉਥੇ ਜਾ ਰਹੇ ਵਾਹਨਾਂ ਨੂੰ ਅੱਗ ਲਗਾਉਣੀ ਸ਼ੁਰੂ ਕਰ ਦਿੱਤੀ। ਦੰਗਾਕਾਰੀਆਂ ਵੱਲੋਂ ਇਨ੍ਹਾਂ ਵਾਹਨ ਚਾਲਕਾਂ ਨੂੰ ਪਹਿਲਾਂ ਰੋਕਿਆ ਜਾਂਦਾ ਅਤੇ ਲੁੱਟਮਾਰ ਕਰਨ ਉਪਰੰਤ ਉਨ੍ਹਾਂ ਦੇ ਵਾਹਨਾਂ ਨੂੰ ਅੱਗ ਲਗਾ ਦਿੱਤੀ ਜਾਂਦੀ ਰਹੀ।
ਦੰਗਾਕਾਰੀਆਂ ਵੱਲੋਂ ਕੁੱਲ 16 ਵਾਹਨਾਂ ਨੂੰ ਅੱਗ ਲਗਾ ਦਿੱਤੀ ਗਈ ਜਿਨ੍ਹਾਂ ਵਿਚ ਇਕ ਫੌਜ ਦੀ ਗੱਡੀ ਵੀ ਸ਼ਾਮਿਲ ਹੈ, ਜੋ ਕਿ ਆਟਾ ਅਤੇ ਹੋਰ ਸਮਾਨ ਲੈ ਕੇ ਉਥੋਂ ਲੰਘ ਰਹੀ ਸੀ। ਅੱਗ ਲਗਾਏ ਵਾਹਨਾਂ ਵਿਚ ਟਰੱਕ, ਮਿੰਨੀ ਬੱਸਾਂ, ਕਾਰ, ਸਕੂਟਰ ਅਤੇ ਟੈਂਕਰ ਸ਼ਾਮਿਲ ਹਨ। ਦੰਗਾਕਾਰੀ 6 ਘੰਟੇ ਦੇ ਕਰੀਬ ਪੁਲਿਸ 'ਤੇ ਹਾਵੀ ਰਹੇ, ਇਹ ਸਭ ਕੁਝ ਪੁਲਿਸ ਮੁਲਾਜ਼ਮਾਂ ਦੀ ਮੌਜੂਦਗੀ ਵਿਚ ਹੁੰਦਾ ਰਿਹਾ, ਪਰ ਉਚ ਅਧਿਕਾਰੀਆਂ ਦੇ ਹੁਕਮਾਂ ਦੀ ਉਡੀਕ ਕਰਦੇ ਪੁਲਿਸ ਅਧਿਕਾਰੀ ਦੰਗਾਕਾਰੀਆਂ ਅੱਗੇ ਮਿੰਨਤਾਂ ਤਰਲੇ ਕਰਦੇ ਨਜ਼ਰ ਆਏ।
ਸੱਚਖੰਡ ਐਕਸਪ੍ਰੈਸ
ਦੰਗਾਕਾਰੀਆਂ ਨੇ ਢੰਡਾਰੀ ਸਟੇਸ਼ਨ 'ਤੇ ਖੜ੍ਹੀ ਸੱਚਖੰਡ ਐਕਸਪ੍ਰੈਸ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਅਤੇ ਮੁਸਾਫ਼ਰਾਂ ਦੀ ਲੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਇਨ੍ਹਾਂ ਦੰਗਾਕਾਰੀਆਂ ਵੱਲੋਂ ਗੱਡੀ ਦੇ ਇਕ ਡੱਬੇ ਵਿਚ ਤੇਲ ਪਾ ਕੇ ਅੱਗ ਲਗਾਉਣ ਦੀ ਕੋਸ਼ਿਸ਼ ਵੀ ਕੀਤੀ ਗਈ। ਦੰਗਾਕਾਰੀਆਂ ਵੱਲੋਂ ਪੁਲਿਸ 'ਤੇ ਪੈਟਰੋਲ ਬੰਬ ਅਤੇ ਪੱਥਰ ਸੁੱਟੇ ਗਏ। ਪਹਿਲਾਂ ਪੁਲਿਸ ਨੇ ਦੰਗਾਕਾਰੀਆਂ ਨੂੰ ਭਜਾਉਣ ਲਈ ਅੱਥਰੂ ਗੈਸ ਦੇ ਗੋਲੇ ਛੱਡੇ ਪਰ ਜਦੋਂ ਇਸ ਕਾਰਵਾਈ ਦਾ ਅਸਰ ਨਾ ਹੋਇਆ ਤਾਂ ਪੁਲਿਸ ਨੇ ਹਵਾ ਵਿਚ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ, ਜਿਸ 'ਤੇ ਦੰਗਾਕਾਰੀ ਹੋਰ ਭੜਕ ਗਏ ਅਤੇ ਨਾਲ ਸਥਿਤ ਕੁਝ ਖੋਖਿਆਂ ਨੂੰ ਅੱਗ ਲਗਾ ਦਿੱਤੀ ਅਤੇ ਟਾਇਰਾਂ ਨੂੰ ਵੀ ਅੱਗ ਲਗਾ ਕੇ ਸੜਕ ਦੇ ਵਿਚਕਾਰ ਸੁੱਟ ਦਿੱਤਾ। ਪੁਲਿਸ ਦੀ ਇਸ ਕਾਰਵਾਈ ਦਾ ਦੰਗਾਕਾਰੀਆਂ 'ਤੇ ਕੋਈ ਅਸਰ ਨਾ ਹੋਇਆ ਅਤੇ ਉਨ੍ਹਾਂ ਨੇ ਵੀ ਅੱਗੋਂ ਹਵਾ ਵਿਚ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਪੁਲਿਸ ਵੱਲੋਂ ਚਲਾਈ ਗੋਲੀ ਨਾਲ ਛੱਤ 'ਤੇ ਖੜ੍ਹੇ ਦੋ ਲੜਕੇ ਜੋ ਸੜਕ 'ਤੇ ਹੋ ਰਹੀ ਹਿੰਸਾ ਨੂੰ ਵੇਖ ਰਹੇ ਸਨ, ਜ਼ਖਮੀ ਹੋ ਗਏ।
ਰੇਲ ਆਵਾਜਾਈ ਪ੍ਰਭਾਵਿਤ
ਅੰਮ੍ਰਿਤਸਰ, (ਰੇਸ਼ਮ ਸਿੰਘ)-ਲੁਧਿਆਣਾ ਵਿਖੇ ਵਾਪਰੀਆਂ ਹਿੰਸਕ ਘਟਨਾਵਾਂ ਉਪਰੰਤ ਅੱਜ ਇਥੇ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ 'ਤੇ ਰੇਲ ਆਵਾਜਾਈ ਵੀ ਪ੍ਰਭਾਵਿਤ ਹੋਈ ਹੈ। ਅੰਮ੍ਰਿਤਸਰ ਪੁੱਜਣ ਵਾਲੀਆਂ ਸਾਰੀਆਂ ਰੇਲ ਗੱਡੀਆਂ ਦੇ ਦੇਰੀ ਨਾਲ ਪੁੱਜਣ ਦੀ ਖ਼ਬਰ ਹੈ। ਮਿਲੇ ਵੇਰਵਿਆਂ ਅਨੁਸਾਰ ਦਿੱਲੀ ਤੋਂ ਅੰਮ੍ਰਿਤਸਰ ਪੁੱਜਣ ਵਾਲੀ ਸ਼ਾਨ-ਏ-ਪੰਜਾਬ ਗੱਡੀ ਅੱਜ ਲੁਧਿਆਣੇ ਤੋਂ ਹੀ ਵਾਪਸ ਪਰਤ ਗਈ ਹੈ, ਜਦਕਿ ਸੱਚਖੰਡ, ਡੀਲਕਸ, ਸ਼ਤਾਬਦੀ ਆਦਿ ਰੇਲ ਗੱਡੀਆਂ ਦੇਰੀ ਨਾਲ ਪੁੱਜੀਆਂ। ਇਸ ਦੇ ਨਾਲ ਹੀ ਅੰਮ੍ਰਿਤਸਰ ਤੋਂ ਸ਼ਾਮ ਵੇਲੇ ਦਿੱਲੀ ਜਾਣ ਵਾਲੀ ਸ਼ਤਾਬਦੀ ਗੱਡੀ ਦੇ ਨਿਰਧਾਰਤ ਸਮੇਂ ਤੋਂ 2 ਘੰਟੇ ਦੇਰੀ ਨਾਲ ਰਵਾਨਾ ਹੋਈ।
12 ਵਜੇ ਦੇ ਕਰੀਬ ਪਿੰਡ ਦੇ ਲੋਕਾਂ ਦੇ ਸਬਰ ਦਾ ਬੰਨ੍ਹ ਟੁੱਟਿਆ ਤੇ 100 ਦੇ ਕਰੀਬ ਪਿੰਡ ਦੇ ਨੌਜਵਾਨਾਂ ਇਨ੍ਹਾਂ ਦੰਗਾਕਾਰੀਆਂ ਨੂੰ ਸਬਕ ਸਿਖਾਉਣ ਦਾ ਪ੍ਰਣ ਕੀਤਾ। ਇਨ੍ਹਾਂ ਨੌਜਵਾਨਾਂ ਨੇ ਦੰਗਾਕਾਰੀਆਂ ਦੇ ਪੱਥਰ ਅਤੇ ਗੋਲੀਆਂ ਦਾ ਮੂੰਹ ਤੋੜਵਾਂ ਜਵਾਬ ਦਿੱਤਾ ਅਤੇ ਉਨ੍ਹਾਂ 'ਤੇ ਧਾਵਾ ਬੋਲ ਦਿੱਤਾ। ਇਨ੍ਹਾਂ ਨੌਜਵਾਨਾਂ ਦੀ ਦਲੇਰੀ ਦੇਖਦਿਆਂ ਕੁਝ ਪੁਲਿਸ ਮੁਲਾਜ਼ਮ ਅੱਗੇ ਆਏ ਅਤੇ ਉਨ੍ਹਾਂ ਨੇ ਵੀ ਦੰਗਾਕਾਰੀਆਂ ਨੂੰ ਪਛਾੜ ਦਿੱਤਾ, ਪਰ ਪੁਲਿਸ, ਨੌਜਵਾਨਾਂ ਅਤੇ ਦੰਗਾਕਾਰੀਆਂ ਵਿਚਾਲੇ ਹੋਏ ਇਸ ਜ਼ਬਰਦਸਤ ਟਕਰਾਅ ਵਿਚ 10 ਪੁਲਿਸ ਮੁਲਾਜ਼ਮਾਂ ਦੇ ਸੱਟਾਂ ਲੱਗੀਆਂ, ਜਿਨ੍ਹਾਂ ਵਿਚ ਤਿੰਨ ਐਸ. ਐਚ. ਓ ਗੁਰਬੰਸ ਬੈਂਸ ਥਾਣਾ ਸਾਹਨੇਵਾਲ, ਸ: ਗੁਰਪ੍ਰੀਤ ਸਿੰਘ ਥਾਣਾ ਹੈਬੋਵਾਲ ਅਤੇ ਮਨਿੰਦਰ ਬੇਦੀ ਥਾਣਾ ਡਵੀਜ਼ਨ ਨੰਬਰ 8 ਸ਼ਾਮਿਲ ਹਨ, ਜਦ ਕਿ ਦੰਗਾਕਾਰੀਆਂ ਵੱਲੋਂ ਕੀਤੇ ਪਥਰਾਅ ਵਿਚ ਪਿੰਡ ਦੇ 15 ਨੌਜਵਾਨਾਂ ਨੂੰ ਸੱਟਾਂ ਲੱਗੀਆਂ। 55 ਦੇ ਕਰੀਬ ਦੰਗਾਕਾਰੀ ਜ਼ਖਮੀ ਹੋਏ ਹਨ। ਪੁਲਿਸ ਵੱਲੋਂ ਇਨ੍ਹਾਂ ਦੰਗਾਕਾਰੀਆਂ ਦੀ ਕਲੋਨੀ ਵਿਚ ਕੀਤੀ ਛਾਪੇਮਾਰੀ ਦੌਰਾਨ 100 ਦੇ ਕਰੀਬ ਨੌਜਵਾਨਾਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ।
ਪੁਲਿਸ ਦਿਸੀ ਲਾਚਾਰ
ਹਾਲਾਤ ਇੰਨੇ ਵਿਗੜ ਚੁੱਕੇ ਸਨ ਕਿ ਲੁਧਿਆਣਾ ਪੁਲਿਸ ਫੋਰਸ ਹਾਲਾਤ ਨੂੰ ਕਾਬੂ 'ਚ ਲਿਆਉਣ ਵਿਚ ਅਸਮਰੱਥ ਦਿਖ ਰਹੀ ਸੀ । ਪੁਲਿਸ ਨੂੰ ਫਿਲੌਰ, ਹੁਸ਼ਿਆਰਪੁਰ, ਸਮਰਾਲਾ, ਖੰਨਾ, ਜਗਰਾਉਂ, ਰੇਲਵੇ ਪ੍ਰੋਟੈਕਸ਼ਨ ਫੋਰਸ ਅਤੇ ਕੁਝ ਹੋਰ ਜ਼ਿਲ੍ਹਿਆਂ ਤੋਂ ਫੋਰਸ ਮੰਗਵਾਉਣੀ ਪਈ। ਸੂਚਨਾ ਮਿਲਦੇ ਆਈ ਜੀ ਜ਼ੋਨਲ ਸ੍ਰੀ ਸੰਜੀਵ ਕਾਲੜਾ, ਡੀ. ਆਈ. ਜੀ. ਸ੍ਰੀ ਸਰਦ ਸਤਿਆ ਚੌਹਾਨ, ਡੀ. ਸੀ. ਵਿਕਾਸ ਸ੍ਰੀ ਗਰਗ, ਐਸ. ਐਸ. ਪੀ. ਡਾ: ਸੁਖਚੈਨ ਸਿੰਘ ਗਿੱਲ ਅਤੇ ਹੋਰ ਕਈ ਅਧਿਕਾਰੀ ਮੌਕੇ 'ਤੇ ਪਹੁੰਚੇ ਅਤੇ ਉਨ੍ਹਾਂ ਨੇ ਪੁਲਿਸ ਮੁਲਾਜ਼ਮਾਂ ਨੂੰ ਦੰਗਾਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੇ ਹੁਕਮ ਦਿੱਤੇ। ਪੁਲਿਸ ਵੱਲੋਂ ਯੂਥ ਅਕਾਲੀ ਦਲ ਲੇਬਰ ਵਿੰਗ ਦੇ ਪ੍ਰਧਾਨ ਸਿਤੰਬਰ ਠਾਕੁਰ, ਮਜ਼ਦੂਰ ਆਗੂ ਚਿਤਰੰਜਨ, ਪ੍ਰੇਮ ਕੁਮਾਰ ਪਾਂਡੇ, ਸ਼ੋਭਾ ਲਾਲ, ਮੁਕੇਸ਼ਵਰ ਕੁਮਾਰ, ਵਰਿੰਦਰ, ਵਿਨੋਦ ਕੁਮਾਰ, ਅਰਬਿੰਦ ਕੁਮਾਰ, ਬਾਬੂ ਲਾਲ ਸਮੇਤ 70 ਵਿਅਕਤੀਆਂ ਖਿਲਾਫ਼ ਧਾਰਾ 160, 186, 332, 353, 307, 436, 427, 120 ਬੀ ਅਤੇ 148, 149 ਤਹਿਤ ਕੇਸ ਦਰਜ ਕਰ ਲਿਆ ਹੈ। ਇਹ ਕਥਿਤ ਦੋਸ਼ੀ ਬੀਤੀ ਰਾਤ ਤੋਂ ਹੀ ਫਰਾਰ ਦੱਸੇ ਜਾਂਦੇ ਹਨ। ਘਟਨਾ ਵਾਲੀ ਥਾਂ 'ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਈ. ਜੀ. ਜ਼ੋਨਲ ਸ੍ਰੀ ਸੰਜੀਵ ਕਾਲੜਾ ਨੇ ਦੱਸਿਆ ਕਿ ਪੁਲਿਸ ਵੱਲੋਂ ਸਾਵਧਾਨੀ ਵਜੋਂ ਉਕਤ ਥਾਣਾ ਖੇਤਰਾਂ ਵਿਚ ਕਰਫ਼ਿਊ ਲਗਾਇਆ ਗਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਹਾਲਾਤ ਪੂਰੀ ਤਰ੍ਹਾਂ ਕਾਬੂ ਹੇਠ ਹਨ, ਕਿਸੇ ਨੂੰ ਵੀ ਅਮਨ ਕਾਨੂੰਨ ਭੰਗ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਦੰਗਾਕਾਰੀਆਂ ਦੀ ਸ਼ਨਾਖਤ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਡਿਪਟੀ ਮੇਅਰ ਖਿਲਾਫ਼ ਨਾਅਰੇਬਾਜ਼ੀ
ਇਨ੍ਹਾਂ ਦੰਗਾਕਾਰੀਆਂ ਦੀ ਹਮਾਇਤ ਵਿਚ ਆਈ ਭਾਜਪਾ ਆਗੂ ਅਤੇ ਡਿਪਟੀ ਮੇਅਰ ਸ੍ਰੀਮਤੀ ਸੁਨੀਤਾ ਅਗਰਵਾਲ ਖਿਲਾਫ਼ ਪਿੰਡ ਵਾਲਿਆਂ ਵੱਲੋਂ ਜ਼ੋਰਦਾਰ ਨਾਹਰੇਬਾਜ਼ੀ ਕੀਤੀ ਗਈ। ਸ੍ਰੀਮਤੀ ਅਗਰਵਾਲ ਪੁਲਿਸ ਵੱਲੋਂ ਪ੍ਰਵਾਸੀ ਮਜ਼ਦੂਰਾਂ ਉੱਤੇ ਕੀਤੀ ਕਾਰਵਾਈ ਦਾ ਵਿਰੋਧ ਕਰ ਰਹੀ ਸੀ, ਜਿਸ 'ਤੇ ਪਿੰਡ ਵਾਲੇ ਭੜਕ ਪਏ ਅਤੇ ਉਨ੍ਹਾਂ ਨੇ ਸ੍ਰੀਮਤੀ ਅਗਰਵਾਲ ਦੀ ਕਾਰ ਘੇਰ ਲਈ ਪਰ ਪੁਲਿਸ ਨੇ ਚੌਕਸੀ ਵਰਤਦਿਆਂ ਸ੍ਰੀਮਤੀ ਅਗਰਵਾਲ ਦੀ ਕਾਰ ਨੂੰ ਪਿੰਡ ਵਾਲਿਆਂ ਦੇ ਕਬਜ਼ੇ ਵਿਚੋਂ ਛੁਡਵਾਇਆ। ਸਥਿਤੀ ਅਜੇ ਵੀ ਤਣਾਅਪੂਰਨ ਬਣੀ ਹੋਈ ਹੈ।
ਮੁਸਾਫ਼ਿਰ ਪ੍ਰੇਸ਼ਾਨ
ਦੰਗਾਕਾਰੀਆਂ ਵੱਲੋਂ ਢੰਡਾਰੀ ਨੇੜੇ ਰੇਲ ਲਾਈਨ ਨੂੰ ਕਬਜ਼ੇ ਵਿਚ ਲੈਣ ਦੀ ਕਾਰਵਾਈ ਨੂੰ ਵੇਖਦਿਆਂ ਹੋਇਆਂ ਰੇਲਵੇ ਪ੍ਰਸ਼ਾਸਨ ਵੱਲੋਂ ਲੁਧਿਆਣਾ-ਦਿੱਲੀ ਰੇਲ ਆਵਾਜਾਈ ਬੀਤੀ ਰਾਤ ਤੋਂ ਹੀ ਬੰਦ ਕਰ ਦਿੱਤੀ ਗਈ ਸੀ। ਕੁਝ ਰੇਲ ਗੱਡੀਆਂ ਨੂੰ ਰੱਦ ਕਰ ਦਿੱਤਾ ਗਿਆ ਸੀ ਅਤੇ ਕੁਝ ਨੂੰ ਲੁਧਿਆਣਾ, ਜਲੰਧਰ, ਗੁਰਾਇਆ ਰੋਕ ਦਿੱਤਾ ਗਿਆ ਸੀ, ਜਦ ਕਿ ਦਿੱਲੀ ਤੋਂ ਆਉਣ ਵਾਲੀਆਂ ਰੇਲ ਗੱਡੀਆਂ ਨੂੰ ਸਾਹਨੇਵਾਲ, ਰਾਜਪੁਰਾ, ਅੰਬਾਲਾ ਸਟੇਸ਼ਨਾਂ 'ਤੇ ਰੋਕ ਦਿੱਤਾ ਗਿਆ ਸੀ। ਕੁਝ ਰੇਲ ਗੱਡੀਆਂ ਦੇ ਰੂਟ ਵੀ ਤਬਦੀਲ ਕੀਤੇ ਗਏ।
ਫਾਇਰ ਬ੍ਰਿਗੇਡ 'ਤੇ ਪਥਰਾਅ
ਢੰਡਾਰੀ ਕਲਾਂ ਵਿਚ ਦੰਗਾਕਾਰੀਆਂ ਵੱਲੋਂ ਵਾਹਨਾਂ ਨੂੰ ਲਗਾਈ ਅੱਗ ਤੋਂ ਬਾਅਦ ਜਦੋਂ ਫਾਇਰ ਬ੍ਰਿਗੇਡ ਦਾ ਅਮਲਾ ਉਥੇ ਪਹੁੰਚਿਆ ਤਾਂ ਦੰਗਾਕਾਰੀਆਂ ਨੇ ਫਾਇਰ ਬ੍ਰਿਗੇਡ ਦੀ ਗੱਡੀ 'ਤੇ ਵੀ ਪਥਰਾਅ ਕੀਤਾ ਤੇ ਗੱਡੀ ਦੇ ਸ਼ੀਸ਼ੇ ਭੰਨ ਦਿੱਤੇ। ਫਾਇਰ ਬ੍ਰਿਗੇਡ ਦੀਆਂ 6 ਗੱਡੀਆਂ ਨੇ 4 ਘੰਟੇ ਦੀ ਮਿਹਨਤ ਤੋਂ ਬਾਅਦ ਵਾਹਨਾਂ ਨੂੰ ਲੱਗੀ ਅੱਗ ਬੁਝਾਈ।
ਪੰਜਾਬ ਨੇ ਕੇਂਦਰ ਤੋਂ ਸੁਰੱਖਿਆ ਬਲਾਂ ਦੀਆਂ ਦੋ ਬਟਾਲੀਅਨਾਂ ਮੰਗੀਆਂ
ਚੰਡੀਗੜ੍ਹ, 4 ਦਸੰਬਰ-ਹਰਕਵਲਜੀਤ ਸਿੰਘ-ਲੁਧਿਆਣਾ ਵਿਖੇ ਪ੍ਰਵਾਸੀ ਮਜ਼ਦੂਰਾਂ ਵਿਚਲੇ ਰੋਸ ਕਾਰਨ ਵਾਪਰੀਆਂ ਹਿੰਸਕ ਘਟਨਾਵਾਂ ਤੋਂ ਬਾਅਦ ਪੰਜਾਬ ਪੁਲਿਸ ਵੱਲੋਂ ਕੇਂਦਰ ਸਰਕਾਰ ਤੋਂ ਕੇਂਦਰੀ ਸੁਰੱਖਿਆ ਬਲਾਂ ਦੀਆਂ ਦੋ ਬਟਾਲੀਅਨਾਂ ਮੰਗੀਆਂ ਗਈਆਂ ਹਨ। ਇਸ ਗੱਲ ਦੀ ਜਾਣਕਾਰੀ ਅੱਜ ਇੱਥੇ ਦਿੰਦਿਆਂ ਪੰਜਾਬ ਦੇ ਡੀ. ਜੀ. ਪੀ. ਸ: ਪਰਮਦੀਪ ਸਿੰਘ ਗਿੱਲ ਨੇ ਕਿਹਾ ਕਿ ਕੇਂਦਰੀ ਗ੍ਰਹਿ ਵਿਭਾਗ ਨੂੰ ਉਕਤ ਫੋਰਸ ਪੰਜਾਬ ਨੂੰ ਤੁਰੰਤ ਮੁਹੱਈਆ ਕਰਵਾਉਣ ਲਈ ਕਿਹਾ ਗਿਆ ਹੈ ਤਾਂ ਜੋ ਹਾਲਾਤ ਨਾਲ ਨਿਪਟਿਆ ਜਾ ਸਕੇ। ਅੱਜ ਸ਼ਾਮ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਲੁਧਿਆਣਾ ਵਿਖੇ ਕੱਲ੍ਹ ਰਾਤ ਤੇ ਅੱਜ ਸਵੇਰੇ ਤੋੜ-ਫੋੜ ਦੀਆਂ ਵਾਪਰੀਆਂ ਘਟਨਾਵਾਂ ਤੋਂ ਬਾਅਦ ਹਾਲਾਤ ਹੁਣ ਕਾਬੂ ਹੇਠ ਹਨ ਅਤੇ ਬਾਅਦ ਦੁਪਹਿਰ 12.30 ਵਜੇ ਗੜਬੜ ਵਾਲੇ ਖੇਤਰਾਂ 'ਚ ਕਰਫਿਊ ਲਾਗੂ ਹੋਣ ਤੋਂ ਬਾਅਦ ਹਾਲਾਤ ਸ਼ਾਂਤ ਹੋ ਗਏ ਸਨ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਘਟਨਾਵਾਂ 'ਚ 15 ਪੁਲਿਸ ਕਰਮਚਾਰੀ ਜ਼ਖ਼ਮੀ ਹੋਏ ਹਨ ਤੇ ਪੰਜਾਬ ਪੁਲਿਸ ਦੇ ਵਧੀਕ ਡੀ. ਜੀ. ਪੀ. (ਅਮਨ ਤੇ ਕਾਨੂੰਨ) ਸ੍ਰੀ ਜੇ. ਪੀ. ਵਿਰਦੀ ਹਾਲਾਤ ਨਾਲ ਨਿਪਟਣ ਲਈ ਲੁਧਿਆਣਾ ਟਿਕੇ ਹੋਏ ਹਨ। ਉਨ੍ਹਾਂ ਦੱਸਿਆ ਕਿ ਲੁਧਿਆਣਾ ਸ਼ਹਿਰ ਦਾ ਕੰਟਰੋਲ ਇਸ ਵੇਲੇ ਆਈ. ਜੀ. ਜ਼ੋਨਲ ਕੋਲ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਕੱਲ੍ਹ ਰਾਤ ਪ੍ਰਵਾਸੀ ਮਜ਼ਦੂਰਾਂ ਵੱਲੋਂ ਡਕੈਤੀ ਸਬੰਧੀ ਕੀਤੀ ਗਈ ਸ਼ਿਕਾਇਤ ਦਾ ਢੰਡਾਰੀ ਕਲਾਂ ਪੁਲਿਸ ਵੱਲੋਂ ਤੁਰੰਤ ਨੋਟਿਸ ਇਸ ਲਈ ਨਹੀਂ ਲਿਆ ਜਾ ਸਕਿਆ ਕਿਉਂਕਿ ਐਸ. ਐਚ. ਓ. ਤੇ ਸਟਾਫ ਇਕ ਜਨਤਕ ਰੈਲੀ ਦੇ ਪ੍ਰਬੰਧਾਂ 'ਚ ਵਿਅਸਤ ਸੀ। ਪ੍ਰੰਤੂ ਉਨ੍ਹਾਂ ਕਿਹਾ ਕਿ ਅਗਰ ਪਹਿਲਾਂ ਵੀ ਵਾਪਰੀਆਂ ਅਜਿਹੀਆਂ ਘਟਨਾਵਾਂ ਦਾ ਪੁਲਿਸ ਵੱਲੋਂ ਨੋਟਿਸ ਨਹੀਂ ਲਿਆ ਗਿਆ ਤਾਂ ਉਹ ਅਜਿਹੇ ਦੋਸ਼ਾਂ ਦੀ ਜਾਂਚ ਕਰਨਗੇ। ਉਨ੍ਹਾਂ ਦੱਸਿਆ ਕਿ ਲੋਕਾਂ ਦਾ ਅਮਨ-ਕਾਨੂੰਨ ਵਿਚ ਵਿਸ਼ਵਾਸ ਬਹਾਲ ਕਰਨ ਲਈ ਸੁਰੱਖਿਆ ਬਲਾਂ ਨੂੰ ਸ਼ਹਿਰ 'ਚ ਫਲੈਗ ਮਾਰਚ ਕਰਨ ਲਈ ਕਿਹਾ ਗਿਆ ਹੈ ਤੇ ਪੰਜਾਬ ਆਰਮਡ ਪੁਲਿਸ ਤੇ ਆਈ. ਆਰ. ਬੀ. ਦੀਆਂ ਕੋਈ 8 ਕੰਪਨੀਆਂ ਲੁਧਿਆਣਾ ਵਿਖੇ ਤਾਇਨਾਤ ਹਨ। ਉਨ੍ਹਾਂ ਨਾਲ ਹਾਜ਼ਰ ਵਧੀਕ ਡੀ. ਜੀ. ਪੀ. ਇੰਟੈਲੀਜੈਂਸ ਸ੍ਰੀ ਸੁਰੇਸ਼ ਅਰੋੜਾ ਨੇ ਇਕ ਸਵਾਲ ਦੇ ਜਵਾਬ 'ਚ ਦੱਸਿਆ ਕਿ ਰਾਜ ਸਰਕਾਰ ਨੂੰ ਕਿਸੇ ਹੋਰ ਜ਼ਿਲ੍ਹੇ ਤੋਂ ਪ੍ਰਵਾਸੀ ਮਜ਼ਦੂਰਾਂ ਦੇ ਇਕੱਠੇ ਹੋਣ ਦੀ ਰਿਪੋਰਟ ਨਹੀਂ ਹੈ।
ਢੰਡਾਰੀ ਕਲਾਂ ਲੁਧਿਆਣਾ ਵਿਖੇ ਹੋਈ ਹਿੰਸਾ ਤੋਂ ਬਾਅਦ ਲੋਕਾਂ ਦੀ ਭੀੜ।
ਇਸੇ ਦੌਰਾਨ ਪਤਾ ਲੱਗਾ ਹੈ ਕਿ ਲੁਧਿਆਣਾ ਪ੍ਰਸ਼ਾਸਨ ਤੇ ਪੁਲਿਸ ਵਿਭਾਗ ਵੱਲੋਂ ਰਾਜ ਸਰਕਾਰ ਨੂੰ ਕੱਲ੍ਹ ਲੁਧਿਆਣਾ ਵਿਖੇ ਧਾਰਮਿਕ ਆਗੂ ਆਸ਼ੂਤੋਸ਼ ਦੇ ਹੋਣ ਵਾਲੇ ਸਮਾਗਮ ਨੂੰ ਕੁਝ ਦਿਨ ਅੱਗੇ ਪਾਉਣ ਲਈ ਕੀਤੀ ਗਈ ਬੇਨਤੀ ਨੂੰ ਰਾਜ ਸਰਕਾਰ ਵੱਲੋਂ ਪ੍ਰਵਾਨ ਨਹੀਂ ਕੀਤਾ ਗਿਆ। ਜਗਰਾਉਂ ਦੇ ਜ਼ਿਲ੍ਹਾ ਪੁਲਿਸ ਮੁਖੀ ਸ: ਹਰਿੰਦਰ ਸਿੰਘ ਚਾਹਲ ਨੂੰ ਕੱਲ੍ਹ ਹੋਣ ਵਾਲੇ ਇਸ ਵਿਸ਼ੇਸ਼ ਸਮਾਗਮ ਦੇ ਪੰਡਾਲ ਦੀ ਅੰਦਰ ਦੀ ਸੁਰੱਖਿਆ ਦਾ ਚਾਰਜ ਦਿੱਤਾ ਗਿਆ ਹੈ ਜਦੋਂਕਿ ਐਸ. ਐਸ. ਪੀ. ਜਗਰਾਉਂ ਨੂੰ ਇਸ ਸਮਾਗਮ ਤੋਂ ਬਾਹਰ ਦੀ ਸੁਰੱਖਿਆ ਦਾ ਚਾਰਜ ਦਿੱਤਾ ਗਿਆ ਹੈ। ਐਸ. ਐਸ. ਪੀ. ਪਟਿਆਲਾ ਨੂੰ ਉਕਤ ਸਮਾਗਮ ਦਾ ਵਿਰੋਧ ਕਰਨ ਵਾਲੇ ਅਕਾਲੀ ਆਗੂਆਂ ਜਿਨ੍ਹਾਂ 'ਚ ਦਿੱਲੀ ਦੇ ਸ: ਪਰਮਜੀਤ ਸਿੰਘ ਸਰਨਾ ਤੋਂ ਇਲਾਵਾ ਕੁਝ ਹੋਰ ਅਕਾਲੀ ਧੜੇ ਵੀ ਸ਼ਾਮਿਲ ਹਨ, ਨਾਲ ਨਿਪਟਣ ਦਾ ਚਾਰਜ ਦਿੱਤਾ ਗਿਆ ਹੈ।
ਅਜੀਤ ਜਲੰਧਰ 05.12.09