ਸਾਊਥਾਲ 12.12.09 ਪੰਥਕ ਇਕੱਠ ਦੇ ਅਹਿਮ ਫ਼ੈਸਲੇ

ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਵਿਖੇ 12 ਦਸੰਬਰ 2009 ਦੇ ਪੰਥਕ ਇਕੱਠ ਵਿਚ ਕੀਤੇ ਗਏ ਅਹਿਮ ਫ਼ੈਸਲੇ

ਅੱਜ ਦਾ ਪੰਥਕ ਇਕੱਠ ਇਹ ਮਹਿਸੂਸ ਕਰਦਾ ਹੈ ਕਿ

'ਜੇ ਜੀਵੈ ਪਤਿ ਲਥੀ ਜਾਇ ॥ ਸਭੁ ਹਰਾਮੁ ਜੇਤਾ ਕਿਛੁ ਖਾਇ ॥'

12-12-2009 ਜ਼ਿੰਦਗੀ ਵਿਚ ਗ਼ੈਰਤਮੰਦ ਕੌਮਾਂ ਵੱਡੀ ਤੋਂ ਵੱਡੀ ਚੁਣੌਤੀ ਨੂੰ ਵੀ ਖਿੜੇ ਮੱਥੇ ਪ੍ਰਵਾਨ ਕਰਦੀਆਂ ਹਨ । 5 ਦਸੰਬਰ 2009 ਨੂੰ ਲੁਧਿਆਣੇ ਵਿਖੇ ਬਾਦਲ-ਬੀ ਜੇ ਪੀ ਸਰਕਾਰ ਨੇ ਹਕੂਮਤ ਦੇ ਨਸ਼ੇ ਦੀ ਮਸਤੀ ਵਿਚ ਆਪਣੇ ਕਰਿੰਦਿਆਂ ਰਾਹੀਂ ਬੁਰਸ਼ਾ-ਗਰਦੀ ਕਰਕੇ ਸ਼ਾਂਤਮਈ ਢੰਗ ਨਾਲ ਪ੍ਰੋਟੈਸਟ ਕਰਦੇ ਸਿੰਘਾਂ ਦੇ ਸੀਨਿਆਂ ਅਤੇ ਸਿਰਾਂ ਵਿਚ ਸਿੱਧੀਆਂ ਗੋਲੀਆਂ ਮਾਰ ਕੇ ਸ: ਦਰਸ਼ਣ ਸਿੰਘ ਲੁਹਾਰਾ ਨੂੰ ਸ਼ਹੀਦ ਅਤੇ ਦਰਜਣਾਂ ਹੋਰ ਸਿੰਘ ਨੂੰ ਜਖਮੀ ਕੀਤਾ ਹੈ । ਇਸ ਸਾਕੇ ਨੇ ਵਿਸਾਖੀ 1978 ਦੇ ਨਰਕਧਾਰੀ ਕਾਂਡ ਦੀ ਖੂਨੀ ਯਾਦ ਨੂੰ ਹੂ-ਬਾ-ਹੂ ਤਾਜ਼ਾ ਕੀਤਾ ਹੈ, ਉਸ ਵਕਤ ਤੇਰਾਂ ਸਿੰਘਾਂ ਨੂੰ ਸ਼ਹੀਦ ਕਰਾ ਕੇ ਗੁਰਬਚਨੇ ਨੂੰ ਹਿਫ਼ਾਜ਼ਤ ਨਾਲ ਬਾਹਰ ਕੱਢਣ ਵਾਲੀ ਵੀ ਬਾਦਲ ਸਰਕਾਰ ਸੀ ਅਤੇ ਅੱਜ ਵੀ ਬਦਕਿਸਮਤੀ ਨਾਲ ਉਹੋ ਜੁੰਡਲੀ ਹੀ ਰਾਜ ਭਾਗ ਦੀ ਮਾਲਕ ਹੈ, ਜਿਹੜੀ:

''ਸੰਤਾ ਨਾਲਿ ਵੈਰੁ ਕਮਾਵਦੇ, ਦੁਸਟਾ ਨਾਲਿ ਮੋਹ ਪਿਆਰੁ ॥''

ਵਾਲੀ ਨੀਤੀ 'ਤੇ ਚਲਦੀ ਹੈ । ਬਾਦਲ ਨੇ ਲੋਕਾਂ ਦੇ ਪੁੱਤਰ ਮਰਵਾ ਕੇ ਅਤੇ ਜੇਹਲਾਂ ਵਿਚ ਪਾ ਕੇ ਆਪਣੇ ਪੁੱਤਰ ਨੂੰ ਰਾਜ ਤਿਲਕ ਦਿੱਤਾ ਅਤੇ ਬੁੱਚੜ ਖੂਨੀ ਪੁਲਸ ਅਫ਼ਸਰਾਂ ਨੂੰ ਤਰੱਕੀਆਂ ਦੇ ਕੇ ਨਿਵਾਜਿਆ ਹੈ । ਇਹਨਾਂ ਦੀ ਭਾਈਵਾਲ ਪਾਰਟੀ ਭਾਰਤੀ ਜਨਤਾ ਪਾਰਟੀ 1984 ਦੇ ਬਲਿਊ ਸਟਾਰ ਅਪ੍ਰੇਸ਼ਨ ਵਾਰੇ ਹਿੱਕ ਥਾਪੜ ਕੇ ਆਖ ਰਹੀ ਹੈ ਕਿ ਅਕਾਲ ਤਖ਼ਤ 'ਤੇ ਹਮਲਾ ਅਸੀਂ ਜ਼ੋਰ ਪਾ ਕੇ ਕਰਵਾਇਆ ਸੀ । ਇਹ ਦੇਰ ਨਾਲ ਚੁੱਕਿਆ 'ਦਰੁਸਤ ਕਦਮ' ਆਖ ਕੇ ਇਹਨੀਂ ਹਰਿਮੰਦਰ ਸਾਹਿਬ 'ਤੇ ਹਮਲੇ ਵੇਲੇ ਮਠਿਆਈਆਂ ਵੰਡੀਆਂ ਅਤੇ ਲੰਗਰ ਲਾਏ । ਅੱਜ ਇਸੇ ਪਾਰਟੀ ਦੇ ਵਿਧਾਇਕ ਹਰੀਸ਼ ਬੇਦੀ ਅਤੇ ਉਸ ਦੇ ਲੜਕੇ ਹਨੀ ਬੇਦੀ ਨਾਲ ਸਾਜਿਸ਼ ਕਰਕੇ ਬਾਦਲ ਨੇ ਇਕ ਪਾਖੰਡੀ ਸਾਧ ਆਸ਼ੂਤੋਸ਼ ਨੂੰ ਲੁਧਿਆਣੇ ਵਿਚ ਸੱਦ ਕੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਨਜ਼ਰ ਅੰਦਾਜ ਕਰਕੇ ਜਨਰਲ ਡਾਇਰ ਵਾਂਗ ਸ਼ਰੇਆਮ ਗੋਲੀਆਂ ਮਾਰਕੇ ਸਿੰਘ ਸ਼ਹੀਦ ਕੀਤੇ ਅਤੇ ਆਸ਼ੂਤੋਸ਼ ਨੂੰ ਹਿਫ਼ਾਜ਼ਤ ਨਾਲ ਉਸ ਦੇ ਡੇਰੇ ਪਹੁੰਚਾਇਆ ਹੈ ।

ਇਹ ਕੋਈ ਪਹਿਲੀ ਵਾਰ ਨਹੀਂ ਹੋਇਆ, ਸਾਕਾ ਭਾਵੇਂ 1978 ਦਾ ਹੋਵੇ, ਪਾਖੰਡੀ ਸਾਧ ਰਾਮ ਰਹੀਮ ਦਾ ਹੋਵੇ ਜਾਂ ਆਸ਼ੂਤੋਸ਼ੀਏ ਠੱਗ ਦਾ, ਬਾਦਲ ਜੁੰਡਲੀ ਵੱਲੋਂ ਗੋਲੀਆਂ ਸਦਾ ਸਿੱਖਾਂ ਨੂੰ ਹੀ ਮਾਰੀਆਂ ਜਾਂਦੀਆਂ ਹਨ ।

ਪੰਜਾਬ ਵਿਚ ਨਿੱਤ ਆਏ ਦਿਨ ਵੱਖ ਵੱਖ ਧਰਮਾਂ ਦੇ ਪ੍ਰਚਾਰਕ ਆਪਣੇ ਸੰਮੇਲਨ ਕਰਦੇ ਹਨ, ਕਿਸੇ ਵੀ ਸਿੱਖ ਨੇ ਕਿਸੇ ਵੀ ਧਰਮ ਜਾਂ ਪ੍ਰਚਾਰਕ ਦਾ ਕਦੇ ਵਿਰੋਧ ਨਹੀਂ ਕੀਤਾ ।

ਸਿੱਖ ਤਾਂ 'ਏਕੁ ਪਿਤਾ ਏਕਸ ਕੇ ਹਮ ਬਾਰਿਕ' ਦਾ ਹੋਕਾ ਦੇ ਕੇ ਰੋਜ਼ਾਨਾ ਸਰਬੱਤ ਦਾ ਭਲਾ ਮੰਗਦਾ ਹੈ । ਪਰ ਇਹ ਆਸ਼ੂਤੋਸ਼, ਪਿਆਰਾ, ਭਨਿਆਰਾ ਜਾਂ ਸੌਦਾ ਸਾਧ ਗੁਰੂ ਸਾਹਿਬਾਨ ਦੀ ਨਿੰਦਿਆ ਕਰਨ ਦੇ ਨਾਲ ਨਾਲ ਹਰ ਗੁਰੂ, ਪੀਰ, ਪੈਗੰਬਰ ਦਾ ਸਗੋਂ ਮਜ਼ਾਕ ਉਡਾਉਂਦੇ ਹਨ । ਸਿੱਖ ਕਦੇ ਵੀ ਆਪਣੇ ਸਤਿਗੁਰੂ ਸਾਹਿਬਾਨ ਦੀ ਨਿੰਦਾ ਸੁਣ ਕੇ ਚੁੱਪ ਨਹੀਂ ਬੈਠ ਸਕਦਾ । ਜਿੱਥੇ ਹਰ ਕਿਸੇ ਨੂੰ ਆਪਣਾ ਧਰਮ ਪ੍ਰਚਾਰਨ ਦੀ ਖੁੱਲ੍ਹ ਹੈ, ਉਥੇ ਦੂਜੇ ਦੇ ਧਰਮ ਜਾਂ ਧਰਮ ਗੁਰੂਆਂ ਦੀ ਨਿੰਦਿਆ ਕਰਕੇ ਮਖੌਲ ਉਡਾਉਣ ਵਾਲੇ ਮਾੜੇ ਅਨਸਰਾਂ ਦਾ ਮੂੰਹ ਤੋੜਨਾ ਵੀ ਹਰ ਧਰਮੀ ਦਾ ਫ਼ਰਜ਼ ਹੈ । ਤਿੰਨ ਅਤੇ ਚਾਰ ਦਸੰਬਰ 2009 ਨੂੰ ਲੁਧਿਆਣਾ ਵਿਖੇ ਬਿਹਾਰੀ ਮਜ਼ਦੂਰਾਂ ਨੇ ਦੋ ਦਿਨ ਲਗਾਤਾਰ ਪੁਲਸ ਨੂੰ ਘੇਰ ਘੇਰ ਕੇ ਕੁੱਟਿਆ, ਗੱਡੀਆਂ, ਬੱਸਾਂ, ਟਰੱਕਾਂ, ਕਾਰਾਂ ਅਤੇ ਹੋਰ ਸੰਪਤੀ ਦਾ 400 ਕਰੋੜ ਰੁਪਏ ਤੋਂ ਵੱਧ ਦਾ ਨੁਕਸਾਨ ਕੀਤਾ, ਪਰ ਕਿਸੇ ਮਜ਼ਦੂਰ ਦੇ ਪੁਲਸ ਦੀ ਗੋਲੀ ਨਹੀਂ ਲੱਗੀ, ਪ੍ਰੰਤੂ ਸਿੱਖਾਂ ਦੇ ਬਿਨਾ ਕਿਸੇ ਭੜਕਾਹਟ ਸਿੱਧੀਆਂ ਗੋਲੀਆਂ ਮਾਰੀਆਂ ਗਈਆਂ । ਗੋਲੀਆਂ ਨਾਲ ਜਖਮੀ ਹੋਏ ਸਿੰਘਾਂ ਦੇ ਸਿਰਾਂ ਵਿਚ ਵਾਰੀ ਵਾਰੀ ਪੁਲਸ ਵਾਲੇ ਡਾਂਗਾਂ ਮਾਰਦੇ ਸਾਰੇ ਸੰਸਾਰ ਨੇ ਵੇਖੇ ਹਨ ।

ਇਕ ਪਾਸੇ ਸਿੱਖਾਂ ਸਿਰ ਝੂਠੇ ਕੇਸ ਪਾ ਕੇ ਪਰਿਵਾਰਾਂ ਸਮੇਤ ਜੇਹਲੀਂ ਬੰਦ ਕਰਕੇ ਤਸ਼ੱਦਦ ਕੀਤਾ ਜਾ ਰਿਹਾ ਹੈ ਜਦ ਕਿ ਦੂਜੇ ਪਾਸੇ ਸਿੱਖੀ ਦੇ ਦੁਸ਼ਮਣਾਂ; ਸੌਦਾ ਸਾਧ, ਭਨਿਆਰੇ ਵਾਲਾ ਜਾਂ ਆਸ਼ੂਤੋਸ਼ ਵਰਗਿਆਂ ਨੂੰ ਜ਼ੈੱਡ ਸੁਰੱਖਿਆ ਦੇ ਕੇ ਪੁਲਿਸ ਡੇਰਿਆਂ ਦੀ ਰਾਖੀ ਕਰ ਰਹੀ ਹੈ ।

ਸਿੰਘੋ ਜਾਗੋ ! ਸਮਾਂ ਆ ਗਿਆ ਹੈ ਕਿ:-

''ਡਗਮਗ ਛਾਡਿ ਰੇ ਮਨ ਬਉਰਾ ॥''

ਲੋਕਾਂ ਦੀ ਇੱਜ਼ਤ ਮਾਲ ਦੀ ਰਾਖੀ ਕਰਨ ਵਾਲਾ ਖਾਲਸਾ ਅੱਜ ਬੇਬਸ ਕਿਉਂ ?
ਹੁਣ:
ਗਗਨ ਦਮਾਮਾ ਬਾਜਿਓ ਪਰਿਓ ਨੀਸਾਨੈ ਘਾਓ ॥
ਖੇਤੁ ਜੁ ਮਾਂਡਿਓ ਸੂਰਮਾ ਅਬ ਜੂਝਨ ਕੋ ਦਾਉ ॥
ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ ॥
ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ ॥


ਆਓ ਆਪਾਂ ਸਾਰੇ ਰਲ-ਮਿਲ, ਆਪਸੀ ਮਤ-ਭੇਦ ਭੁਲਾ ਕੇ ਇਹਨਾਂ ਪੰਥ ਵਿਰੋਧੀ ਸਾਜਸ਼ਾਂ ਰਚਣ ਵਾਲੇ ਮਨੁੱਖਾਂ ਨੂੰ ਮੂੰਹ ਤੋੜ ਜਵਾਬ ਦੇਈਏ ॥

ਅੱਜ ਦੇ ਇਕੱਠ ਵਿਚ ਯੂ ਕੇ ਦੀ ਸੰਗਤ ਵੱਲੋਂ ਪਾਸ ਕੀਤੇ ਮਤੇ:

1) ਅਸੀਂ ਅੱਜ ਲੁਧਿਆਣਾ ਕਾਂਡ ਵਿਚ ਸ਼ਹੀਦ ਦਰਸ਼ਣ ਸਿੰਘ ਜੀ ਦੀ ਗੁਰੂ ਚਰਨਾਂ ਵਿਚ ਸਮਾਈ ਲਈ ਅਤੇ ਜ਼ਖਮੀ ਸਿੰਘਾਂ ਦੀ ਚੜ੍ਹਦੀ ਕਲਾ ਲਈ ਅਰਦਾਸ ਕਰਦੇ ਹਾਂ । ਸ: ਦਰਸ਼ਣ ਸਿੰਘ ਹੋਰਾਂ ਨੂੰ ਇੱਕੀਵੀਂ ਸਦੀ ਵਿਚ ਸਿੱਖ ਵਿਰੋਧੀ ਡੇਰਾਵਾਦ ਦਾ ਚੌਥਾ ਕੌਮੀ ਸ਼ਹੀਦ ਐਲਾਨਦੇ ਹਾਂ ।

2) ਸਾਰੇ ਤੱਥਾਂ ਦੀ ਰੌਸ਼ਨੀ ਵਿਚ ਅੱਜ ਦਾ ਇਹ ਪੰਥਕ ਇਕੱਠ ਇਸ ਕਾਂਡ ਲਈ ਪਿਓ ਪੁੱਤਰ ਬਾਦਲ, ਬੀ ਜੇ ਪੀ ਵਿਧਾਇਕ ਹਰੀਸ਼ ਬੇਦੀ ਇਸ ਦਾ ਲੜਕਾ ਹਨੀ, ਠੱਗ ਆਸ਼ੂਤੋਸ਼, ਡੀ ਸੀ ਗਰਗ, ਐਸ ਐਸ ਪੀ, ਅਤੇ ਡੀ ਐਸ ਪੀ ਸੁਖਦੇਵ ਸਿੰਘ ਆਦਿ ਨੂੰ ਸਿੱਧੇ ਤੌਰ ਤੇ ਜਿੰਮੇਵਾਰ ਠਹਿਰਾਉਂਦਾ ਹੈ ਅਤੇ ਪੁਰਜ਼ੋਰ ਲਫ਼ਜ਼ਾਂ ਵਿਚ ਬਾਦਲ ਦੇ ਅਸਤੀਫ਼ੇ ਦੀ ਮੰਗ ਕਰਦਾ ਹੈ ।

3) ਅੱਜ ਅਸੀਂ ਇਹ ਵੀ ਪੁਰਜ਼ੋਰ ਲਫ਼ਜ਼ਾਂ ਵਿਚ ਮੰਗ ਕਰਦੇ ਹਾਂ ਕਿ ਉਪਰੋਕਤ ਵਿਅਕਤੀਆਂ ਉੱਤੇ ਕਤਲ ਦਾ ਅਤੇ ਇਰਾਦਾ ਕਤਲ ਦਾ ਮੁਕੱਦਮਾ ਦਰਜ ਕਰਕੇ ਫੌਰੀ ਗ੍ਰਿਫ਼ਤਾਰ ਕੀਤਾ ਜਾਵੇ ।

4) ਆਸ਼ੂਤੋਸ਼ ਜਾਂ ਸੌਦਾ ਸਾਧ ਗੁਰਮੀਤ ਰਾਮ ਰਹੀਮ ਦੇ ਪ੍ਰੋਗਰਾਮਾਂ ਉੱਤੇ ਪੂਰਨ ਤੌਰ 'ਤੇ ਪਾਬੰਦੀ ਲਾਈ ਜਾਵੇ । ਅਗਰ ਅਜਿਹਾ ਨਾ ਹੋਇਆ ਤਾਂ ਸਿੱਖ ਕੌਮ ਨੂੰ ਮਜ਼ਬੂਰ ਹੋ ਕੇ ਕੋਈ ਹੋਰ ਹੀਲਾ ਵਰਤਣਾ ਪਵੇਗਾ ਅਤੇ ਅਮਨ ਕਾਨੂੰਨ ਭੰਗ ਹੋਣ ਦੀ ਸਾਰੀ ਜਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ । ਇਸ ਦੇ ਨਾਲ ਹੀ ਦੇਸ਼ ਵਿਚ ਵਿਚਰ ਰਹੀਆਂ ਸਮੁੱਚੀਆਂ ਪੰਥਕ ਜਥੇਬੰਦੀਆਂ ਅਤੇ ਸਿੱਖ ਸੰਗਤਾਂ ਨੂੰ ਪੁਰਜ਼ੋਰ ਬੇਨਤੀ ਕਰਦੇ ਹਾਂ ਕਿ ਬਾਦਲ ਪਰਿਵਾਰ ਦੀਆਂ ਨੀਤੀਆਂ ਕੌਮ ਘਾਤਕ ਹਨ ਇਸ ਲਈ ਬਾਦਲ ਪਰਿਵਾਰ ਦਾ ਪੂਰਨ ਤੌਰ ਤੇ ਸਮਾਜਿਕ, ਧਾਰਮਿਕ ਅਤੇ ਰਾਜਨੀਤਕ ਬਾਈਕਾਟ ਕੀਤਾ ਜਾਵੇ ।

5) ਬਾਦਲ ਦਲ, ਭਾਜਪਾ ਕਾਂਗਰਸ ਪਾਰਟੀ ਦਾ ਕੋਈ ਨੁਮਾਇੰਦਾ ਜਾਂ ਉਹ ਪੁਲਿਸ ਅਫ਼ਸਰ ਜੋ ਸਿੱਖਾਂ ਦੀ ਨਸਲਕੁਸ਼ੀ, ਤਸ਼ੱਦਦ ਜਾਂ ਸਿੱਖ ਵਿਰੋਧੀ ਸਾਜਸ਼ਾਂ ਵਿਚ ਸ਼ਾਮਿਲ ਹਨ ਦਾ ਬਾਹਰਲੇ ਮੁਲਕਾਂ ਵਿਚ ਆਉਣ ਤੇ ਪੂਰਨ ਤੌਰ ਤੇ ਬਾਈਕਾਟ ਅਤੇ ਵਿਰੋਧ ਕੀਤਾ ਜਾਵੇਗਾ ।

6) ਤਖ਼ਤਾਂ ਦੇ ਜਥੇਦਾਰ ਸਿੰਘ ਸਾਹਿਬਾਨ ਨੂੰ ਵੀ ਅਸੀਂ ਬੇਨਤੀ ਕਰਦੇ ਹਾਂ ਕਿ ਇਸ ਬਿਖੜੇ ਸਮੇਂ ਬਾਬਾ ਫੂਲਾ ਸਿੰਘ ਜੀ ਵਾਂਗ ਅਗਵਾਈ ਕਰਕੇ ਬਾਦਲ ਸਰਕਾਰ ਦੀਆਂ ਪੰਥ ਮਾਰੂ ਨੀਤੀਆਂ ਅਤੇ ਗਲਤ ਕੰਮਾਂ ਨੂੰ ਅੱਗੇ ਲੱਗ ਕੇ ਰੋਕੋ । ਅਗਰ ਜਥੇਦਾਰੀਆਂ ਨੂੰ ਬਾਦਲ ਦੀ ਮਿਹਰਬਾਨੀ ਜਾਣ ਕੇ ਭਾਈਵਾਲੀ ਪਾਲਦਿਆਂ ਤੁਸਾਂ ਆਪਣਾ ਫਰਜ਼ ਨਾ ਨਿਭਾਹਿਆ ਤਾਂ ਕੌਮ ਆਪਣਾ ਫਰਜ਼ ਨਿਭਾਉਣਾ ਜਾਣਦੀ ਹੈ ਅਤੇ ਇਤਿਹਾਸ ਤੁਹਾਨੂੰ ਕਦੇ ਵੀ ਮੁਆਫ਼ ਨਹੀਂ ਕਰੇਗਾ ।

7) ਅੱਜ ਦਾ ਇਹ ਇਕੱਠ ਪੰਥਕ ਸੋਚ ਅਤੇ ਜਮੀਰ ਵਾਲੇ ਹਰ ਪੰਥ ਦਰਦੀ ਨੂੰ ਬੇਨਤੀ ਕਰਦਾ ਹੈ ਕਿ ਪਾਰਟੀ, ਗਰੁੱਪ ਜਾਂ ਧੜੇ ਨਾਲ ਬੱਝ ਕੇ ਕੌਮ ਦਾ ਹੋਰ ਨੁਕਸਾਨ ਨਾ ਕਰੋ । ਇਨ੍ਹਾਂ ਉਪਰੋਕਤ ਲੋਕਾਂ ਦੀਆਂ ਸਾਜਿਸ਼ਾਂ ਨੂੰ ਸਮਝੋ ਅਤੇ ਇਹਨਾਂ ਨੂੰ ਛੱਡ ਕੇ ਕੌਮ ਦੇ ਨਾਲ ਖੜ੍ਹੇ ਹੋਵੋ, ਤਾਂ ਜੋ ਸਾਰੇ ਇਕੱਠੇ ਹੋ ਕੇ ਕੌਮ ਦੇ ਗਲੇ ਨਾਲ ਚਿੰਬੜੀਆਂ ਇਨ੍ਹਾਂ ਜੋਕਾਂ ਨੂੰ ਲਾਹ ਸਕੀਏ ।

8) ਅੱਜ ਦੀ ਇਕੱਤਰਤਾ ਵਿਚ ਇਹ ਫ਼ੈਸਲਾ ਕੀਤਾ ਗਿਆ ਕਿ ਯੂ ਕੇ ਦੀ ਸੰਗਤ ਵੱਲੋਂ ਸ਼ਹੀਦ ਦਰਸ਼ਨ ਸਿੰਘ ਹੋਰਾਂ ਦੇ ਪਰਿਵਾਰ ਨੂੰ ਪੰਜ ਲੱਖ ਅਤੇ ਜਿਸ ਸਿੰਘ ਦੇ ਗੁਰਦੇ ਵਿਚ ਗੋਲੀ ਲੱਗ ਕੇ ਗੁਰਦਾ ਖਰਾਬ ਹੋ ਗਿਆ ਹੈ ਨੂੰ ਦੋ ਲੱਖ ਰੁਪਏ ਅਤੇ ਬਾਕੀ ਜਖਮੀ ਸਿੰਘਾਂ ਨੂੰ ਇਕ-ਇਕ ਲੱਖ ਰੁਪਏ ਮਾਇਕ ਸਹਾਇਤਾ ਦਿੱਤੀ ਜਾਵੇਗੀ ।

9) ਵਿਆਨਾ ਕਾਂਡ ਸਮੇਂ ਖਰੂਦੀਆਂ ਵੱਲੋਂ ਸਾਰਾ ਪੰਜਾਬ ਸਾੜ-ਫੂਕ ਕੇ ਤਬਾਹ ਕੀਤਾ ਗਿਆ ਤੇ ਤਕਰੀਬਨ 500 ਕਰੋੜ ਰੁਪਏ ਦੀ ਸਰਕਾਰੀ ਤੇ ਗ਼ੈਰ-ਸਰਕਾਰੀ ਜਾਇਦਾਦ ਦਾ ਨੁਕਸਾਨ ਕੀਤਾ ਗਿਆ, ਪਰ ਉਹਨਾਂ ਉੱਤੇ ਕੋਈ ਲਾਠੀ ਜਾਂ ਗੱਲੀ ਨਹੀਂ ਚਲਾਈ ਗਈ । ਦੂਜੇ ਪਾਸੇ 5 ਦਸੰਬਰ 2009 ਨੂੰ ਸਿੱਖ ਸੰਗਤਾਂ ਦੇ ਸ਼ਾਂਤੀਪੂਰਨ ਰੋਸ ਮੁਜ਼ਾਹਰੇ ਉੱਤੇ ਪੁਲਿਸ ਵੱਲੋਂ ਲਾਠੀਆਂ ਤੇ ਗੋਲੀਆਂ ਵਰ੍ਹਾਈਆਂ ਗਈਆਂ ਤੇ ਸਿੱਖਾਂ ਨੂੰ ਜ਼ਖਮੀ ਅਤੇ ਸ਼ਹੀਦ ਕੀਤਾ ਗਿਆ । ਅਸੀਂ ਪੰਜਾਬ ਸਰਕਾਰ ਵੱਲੋਂ ਸਿੱਖਾਂ ਨਾਲ ਦੂਜੇ ਦਰਜੇ ਵਾਲੇ ਕੀਤੇ ਜਾਂਦੇ ਸਲੂਕ ਦੀ ਜ਼ੋਰਦਾਰ ਨਿੰਦਾ ਕਰਦੇ ਹਾਂ ।

10) ਆਸ਼ੂਤੋਸ਼ ਦੇ ਡੇਰੇ ਤੇ ਸਾਲਾਨਾ ਸਮਾਗਮ ਵਿਚ ਅਕਾਲੀ ਤੇ ਕਾਂਗਰਸੀ ਐਮ ਐਲ ਏ ਹਾਜ਼ਰੀਆਂ ਭਰਦੇ ਹਨ । ਉਨ੍ਹਾਂ ਨੂੰ ਸ੍ਰੀ ਅਕਾਲ ਤਖ਼ਤ ਤੇ ਤਲਬ ਕੀਤਾ ਜਾਵੇ ਤੇ ਇਥੇ ਯੂ ਕੇ ਵਿਚ ਉਨ੍ਹਾਂ ਆਇਆਂ ਨੂੰ ਪੁੱਛਗਿੱਛ ਕਰਨੀ ਚਾਹੀਦੀ ਹੈ ।

ਨੋਟ: ਇਨ੍ਹਾਂ ਉਪ੍ਰੋਕਤ ਮਤਿਆਂ ਨੂੰ ਇਟਲੀ ਸਿੱਖ ਕੌਂਸਲ ਅਤੇ ਸਬੰਧਿਤ ਗੁਰਦੁਆਰਾ ਸਾਹਿਬਾਨ, ਫਰਾਂਸ ਦੇ ਗੁਰਦੁਆਰਾ ਸਾਹਿਬਾਨ ਅਤੇ ਜਰਮਨੀ ਦੀਆਂ ਪੰਥਕ ਜਥੇਬੰਦੀਆਂ ਵੱਲੋਂ ਵੀ ਸਹਿਮਤੀ ਦਿੱਤੀ ਗਈ ਹੈ ।