ਸ਼ਹੀਦ ਭਾਈ ਦਰਸ਼ਨ ਸਿੰਘ ..., ਬਾਦਲ ਨੂੰ ਤਲਬ ਕਰਨ ਦੀ ਮੰਗ

ਸ਼ਹੀਦ ਭਾਈ ਦਰਸ਼ਨ ਸਿੰਘ ਬੋਪਾਰਾਏ ਦੀ ਸ਼ਹੀਦੀ ਨੇ ਰਾੜਾ ਸਾਹਿਬ ਦੀ ਧਰਤੀ ਦਾ ਮਾਣ ਵਧਾਇਆ

ਜਲੰਧਰ, 9 ਦਸੰਬਰ (ਮਲਕੀਤ ਸਿੰਘ ਬਰਾੜ)-ਸਿੱਖੀ ਨੂੰ ਢਾਅ ਲਗਾਉਣ ਵਾਲੇ ਕਥਿਤ ਸਾਧ ਆਸ਼ੂਤੋਸ਼ ਵਿਰੁੱਧ ਲੁਧਿਆਣਾ ਵਿਖੇ 5 ਦਸੰਬਰ ਨੂੰ ਕੀਤੇ ਗਏ ਰੋਸ ਪ੍ਰਦਰਸ਼ਨ ਦੌਰਾਨ ਸ਼ਹੀਦ ਹੋਏ ਭਾਈ ਦਰਸ਼ਨ ਸਿੰਘ ਬੋਪਾਰਾਏ ਦੀ ਸ਼ਹੀਦੀ ਨੇ ਇਲਾਕਾ ਰਾੜਾ ਸਾਹਿਬ ਦੀ ਧਰਤੀ ਦੀ ਇੱਜ਼ਤ ਅਤੇ ਮਾਣ ਦੇਸ਼-ਵਿਦੇਸ਼ ਵਿੱਚ ਵਧਾਉਂਦਿਆਂ ਹੋਇਆ ਉਨ੍ਹਾਂ ਸੰਤਾਂ ਮਹਾਂਪੁਰਸ਼ਾਂ ਦੇ ਉਪਦੇਸ਼ਾਂ ਦੀ ਲਾਜ ਰੱਖ ਲਈ ਹੈ ਜਿਨ੍ਹਾਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਦਾ ਪ੍ਰਚਾਰ ਕਰਦਿਆਂ ਦੇਸ਼-ਵਿਦੇਸ਼ ਦੀ ਸੰਗਤ ਨੂੰ ਗੁਰੂ ਲੜ ਲਾਉਂਦਿਆਂ ਆਪਣਾ ਤਨ ਮਨ ਗੁਰੂ ਜੀ ਦੇ ਅਰਪਣ ਕਰਕੇ ਜੀਵਨ ਸਫ਼ਲਾ ਕਰਨ ਦੇ ਵਚਨ ਕੀਤੇ ਸਨ।

‘ਅੱਜ ਦੀ ਆਵਾਜ਼’ ਵੱਲੋਂ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਸ਼ਹੀਦ ਭਾਈ ਦਰਸ਼ਨ ਸਿੰਘ ਬੋਪਾਰਾਏ ਦਾ ਜੱਦੀ ਪਿੰਡ ਘੁੜਾਨੀ ਨੇੜੇ ਰਾੜਾ ਸਾਹਿਬ ਵਿਖੇ ਹੈ। ਪ੍ਰੰਤੂ ਉਹ ਆਪਣੀ ਕਿਰਤ ਕਮਾਈ ਕਰਨ ਦੀ ਸਹੂਲਤ ਕਾਰਨ ਪਿਛਲੇ 15 ਸਾਲਾਂ ਤੋਂ ਲੁਧਿਆਣਾ ਨੇੜੇ ਪਿੰਡ ਲੋਹਾਰਾ ਵਿਖੇ ਰਹਿ ਰਹੇ ਸਨ। ਆਪਣੇ ਪਰਿਵਾਰ ਦਾ ਪੇਟ ਪਾਲਣ ਲਈ ਉਹ ਆਟੋ ਰਿਕਸ਼ਾ ਚਲਾਉਂਦੇ ਸਨ। ਉਨ੍ਹਾਂ ਦੇ ਦੋ ਸਪੁੱਤਰ ਵੱਡਾ ਗੁਰਪ੍ਰੀਤ ਸਿੰਘ ਅਤੇ ਛੋਟਾ ਜਸਵੰਤ ਸਿੰਘ ਹੈ। ਲੜਕੀ ਅਮਨਪ੍ਰੀਤ ਕੌਰ ਵਿਆਹੀ ਹੋਈ ਹੈ ਅਤੇ ਮੁੱਲਾਂਪੁਰ ਵਿਖੇ ਰਹਿ ਰਹੀ ਹੈ। ਭਾਈ ਦਰਸ਼ਨ ਸਿੰਘ ਬੋਪਾਰਾਏ ਦਾ ਇਕ ਭਰਾ ਮੁਖਤਿਆਰ ਸਿੰਘ ਬੋਪਾਰਾਏ ਯੂ.ਪੀ. ਵਿੱਚ ਜ਼ਿਲ੍ਹਾ ਛਾਇਆਪੁਰ ਦੇ ਪਿੰਡ ਬੰਡਾ ਵਿਖੇ ਰਹਿ ਰਿਹਾ ਹੈ ਅਤੇ ਖੇਤੀਬਾੜੀ ਦੇ ਕੰਮ ਵਿੱਚ ਰੁਝਿਆ ਹੋਇਆ ਹੈ। ਉਸ ਦੇ ਵੀ ਦੋ ਪੁੱਤਰ ਹਨ ਜਸਵਿੰਦਰ ਸਿੰਘ ਅਤੇ ਕੁਲਵਿੰਦਰ ਹਨ।

ਉਨ੍ਹਾਂ ਨੇ ਦੱਸਿਆ ਕਿ ਭਾਈ ਦਰਸ਼ਨ ਸਿੰਘ ਬੀਤੇ 15 ਸਾਲਾਂ ਤੋਂ ਲੁਧਿਆਣਾ ਵਿਖੇ ਆਟੋ ਰਿਕਸ਼ਾ ਚਲਾ ਰਿਹਾ ਸੀ। ਇਸ ਦੇ ਨਾਲ ਹੀ ਉਨ੍ਹਾਂ ਦੀ ਸਿੱਖੀ ਪ੍ਰਤੀ ਵੀ ਅਤੁੱਟ ਸ਼ਰਧਾ ਸੀ। ਆਪਣੀ ਸਿੱਖੀ ਸੇਵਾ ਸਿਮਰਨ ਦੀ ਰੂਹਾਨੀ ਖੁਰਾਕ ਦੀ ਪੂਰਤੀ ਲਈ ਉਹ ਗੁਰਬਾਣੀ ਅਤੇ ਸਿੱਖ ਇਤਿਹਾਸ ਨੂੰ ਜਾਣਨ ਅਤੇ ਵੱਧ ਤੋਂ ਵੱਧ ਗੁਰੂ ਜਸ ਸੁਣਨ ਲਈ ਦੇਸ਼-ਵਿਦੇਸ਼ ਵਿੱਚ ਸਿੱਖੀ ਪ੍ਰਚਾਰ ਲਈ ਪ੍ਰਮੁੱਖ ਸਥਾਨ ਰੱਖਦੇ ਸਨ। ਸੰਤ ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਦੀਵਾਨਾਂ ਵਿੱਚ ਅਕਸਰ ਹੀ ਜਾਂਦੇ ਰਹਿੰਦੇ ਸਨ।

ਲੁਧਿਆਣਾ ਵਿਖੇ ਰੋਸ ਮਾਰਚ ਬਾਰੇ ਵੀ ਜਦੋਂ ਉਨ੍ਹਾਂ ਨੇ ਸੰਤ ਢੱਡਰੀਆਂ ਵਾਲਿਆਂ ਦੀ ਅਪੀਲ ਪੜ੍ਹੀ ਤਾਂ ਉਹ ਆਪਣੇ-ਆਪ ਨੂੰ ਰੋਕ ਨਹੀਂ ਸਕੇ ਅਤੇ ਉਸ ਜੱਥੇ ਦੀ ਪਹਿਲੀ ਕਤਾਰ ਵਿੱਚ ਸ਼ਾਮਿਲ ਹੋ ਗਏ ਜੋ ਪੁਲਿਸ ਦੀਆਂ ਗੋਲੀਆਂ ਅਤੇ ਖਿੱਚ ਧੂਹ ਦਾ ਸਭ ਤੋਂ ਪਹਿਲਾਂ ਸ਼ਿਕਾਰ ਹੋਇਆ। ਭਾਈ ਦਰਸ਼ਨ ਸਿੰਘ ਦੀ ਸ਼ਹੀਦੀ ਨੇ ਇਤਿਹਾਸ ਦੇ ਉਨ੍ਹਾਂ ਵਰਕਿਆਂ ਨੂੰ ਫੇਰ ਦੁਹਰਾਇਆ ਹੈ ਕਿ ਸਿੱਖੀ ਦੀ ਜੜ੍ਹ ਗ਼ਰੀਬ ਸਿੱਖਾਂ ਵਿੱਚ ਹੈ ਅਤੇ ਇਨ੍ਹਾਂ ਗ਼ਰੀਬ ਸਿੱਖਾਂ ਦੀ ਬਦੌਲਤ ਹੀ ਸਿੱਖੀ ਹੋਰ ਧਰਮਾਂ ਤੋਂ ਵਧੇਰੇ ਆਤਮਿਕ ਅਤੇ ਅਧਿਆਤਮਕ ਤੌਰ ’ਤੇ ਮਜਬੂਤ ਹੋ ਰਹੀ ਹੈ।

ਵੱਖ-ਵੱਖ ਸਿੱਖ ਜਥੇਬੰਦੀਆਂ ਵੱਲੋਂ ਭਾਈ ਦਰਸ਼ਨ ਸਿੰਘ ਜੀ ਸ਼ਹੀਦੀ ਸਮੇਂ ਵਿੱਤੀ ਮਦਦ ਦੇ ਐਲਾਨ ਕੀਤੇ ਗਏ ਜਿਨ੍ਹਾਂ ਵਿੱਚੋਂ ਸ਼੍ਰੋਮਣੀ ਕਮੇਟੀ ਵੱਲੋਂ 5 ਲੱਖ ਰੁਪਏ ਅਤੇ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਵੱਲੋਂ ਢਾਈ ਲੱਖ ਰੁਪਏ ਦੀ ਵਿੱਤੀ ਮਦਦ ਦੇਣ ਦਾ ਐਲਾਨ ਕੀਤਾ ਗਿਆ ਹੈ। ਸੰਭਵ ਹੈ ਕਿ 14 ਦਸੰਬਰ ਨੂੰ ਸ਼ਹੀਦੀ ਭਾਈ ਦਰਸ਼ਨ ਸਿੰਘ ਦੇ ਨਮਿੱਤ ਹੋ ਰਹੀ ਅੰਤਿਮ ਅਰਦਾਸ ਦੌਰਾਨ ਹੋਰ ਵੀ ਦੇਸ਼-ਵਿਦੇਸ਼ ਦੀਆਂ ਜਥੇਬੰਦੀਆਂ ਅਤੇ ਅਨੇਕਾਂ ਵਿਅਕਤੀਆਂ ਵੱਲੋਂ ਨਿੱਜੀ ਤੌਰ ’ਤੇ ਭਾਈ ਦਰਸ਼ਨ ਸਿੰਘ ਦੇ ਪਰਿਵਾਰ ਦੀ ਵੱਧ ਤੋਂ ਵੱਧ ਵਿੱਤੀ ਮਦਦ ਕੀਤੀ ਜਾਵੇ। ਇਸੇ ਦੌਰਾਨ ਪੰਜਾਬ ਦੇ ਉਪ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਵੱਲੋਂ ਵੀ ਪੀੜ੍ਹਤ ਪਰਿਵਾਰ ਦੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦੀ ਪੇਸ਼ਕਸ਼ ਕੀਤੀ ਗਈ ਹੈ।

ਇਸ ਪਰਿਵਾਰ ਨੂੰ ਦਿੱਤੀ ਜਾ ਰਹੀ ਇਸ ਨੈਤਿਕ ਅਤੇ ਆਰਥਿਕ ਮਦਦ ਦੇ ਸੰਕੇਤ ਦੱਸ ਰਹੇ ਹਨ ਕਿ ਸਿੱਖੀ ਲਈ ਮਰਨ ਵਾਲਿਆਂ ਦੇ ਪਰਿਵਾਰਾਂ ਦਾ ਸਿੱਖ ਕੌਮ ਵੱਲੋਂ ਕਿਸ ਤਰ੍ਹਾਂ ਕੌਮੀ ਪਰਿਵਾਰ ਦੇ ਰੂਪ ਵਿੱਚ ਮਾਣ ਸਤਿਕਾਰ ਕੀਤਾ ਜਾਂਦਾ ਹੈ। ਇਸ ਨਾਲ ਇਹ ਵੀ ਭਾਵਨਾ ਉੱਭਰ ਕੇ ਸਾਹਮਣੇ ਆਉਂਦੀ ਹੈ ਕਿ ਸ਼ਹੀਦੀਆਂ ਨਾਲ ਅਮੀਰ ਹੋਈ ਸਿੱਖੀ ਵਿੱਚ ਧਰਮ ਦੀ ਸ਼ਾਨ ਅਤੇ ਅਣਖ ਦੀ ਰਾਖੀ ਲਈ ਸਮੁੱਚੀ ਸਿੱਖ ਕੌਮ ਇਕਮੁੱਠ ਹੋ ਕੇ ਸਿੱਖੀ ਦੇ ਦੁਸ਼ਮਣਾਂ ਵਿਰੁੱਧ ਡਟ ਕੇ ਖੜ੍ਹ ਸਕਦੀ ਹੈ। ਸ਼ਹੀਦ ਭਾਈ ਦਰਸ਼ਨ ਸਿੰਘ ਦੇ ਪਰਿਵਾਰ ਵੱਲੋਂ ਜੋ ਸਿਦਕ ਅਤੇ ਸਬਰ ਵਿਖਾਇਆ ਜਾ ਰਿਹਾ ਹੈ, ਉਹ ਇਸ ਗੱਲ ਦਾ ਪ੍ਰਤੀਕ ਹੈ ਕਿ ਸਮੁੱਚੇ ਪਰਿਵਾਰ ਵਿੱਚ ਸਿੱਖੀ ਦੀ ਮੂਲ ਭਾਵਨਾ ਤਿਆਗ ਅਤੇ ਕੁਰਬਾਨੀ ਕੁੱਟ-ਕੁੱਟ ਕੇ ਭਰੀ ਹੋਈ ਹੈ।

ਬਾਦਲ ਨੂੰ ਸ੍ਰੀ ਅਕਾਲ ਤਖਤ ਸਾਹਿਬ ’ਤੇ ਤਲਬ ਕਰਨ ਦੀ ਮੰਗ

ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਚੌਂਕ ਵਿਖੇ ਹੋਈ ਮੀਟਿੰਗ
ਸੰਤ ਸਮਾਜ ਅਤੇ ਵੱਖ-ਵੱਖ ਸਿੱਖ ਜੱਥੇਬੰਦੀਆਂ ਦੇ 50 ਦੇ ਲਗਭਗ ਸੰਤ ਮਹਾਂਪੁਰਸ਼ ਪੁੱਜੇ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਰੋਲ ਦੀ ਵੀ ਸਖਤ ਸ਼ਬਦਾਂ ਵਿੱਚ ਨਿੰਦਾ
ਹਰੀਸ਼ ਬੇਦੀ ਨੂੰ ਗ੍ਰਿਫ਼ਤਾਰ ਨਾ ਕੀਤਾ ਤਾਂ 30 ਨੂੰ ਫਤਹਿਗੜ੍ਹ ਸਾਹਿਬ ਤੋਂ ਚੰਡੀਗੜ੍ਹ ਤੱਕ ਰੋਸ ਮਾਰਚ ਹੋਵੇਗਾ
ਮਹਿਤਾ ਚੌਂਕ, ਅੰਮ੍ਰਿਤਸਰ, 12 ਦਸੰਬਰ (ਮੋਤਾ ਸਿੰਘ) ਇੱਥੇ ਦਮਦਮੀ ਟਕਸਾਲ (ਜੱਥਾ ਭਿੰਡਰਾਂ) ਦੇ ਹੈੱਡਕੁਆਟਰ ਵਿਖੇ ਗੁਰਮਤਿ ਸਿਧਾਂਤ ਪ੍ਰਚਾਰਕ ਸੰਤ ਸਮਾਜ ਅਤੇ ਹੋਰ ਪੰਥਕ ਜੱਥੇਬੰਦੀਆਂ ਦੀ ਸ਼ਾਂਤਪੂਰਵਕ ਮੀਟਿੰਗ ਵਿੱਚ ਲੁਧਿਆਣਾ ਦੀਆਂ ਘਟਨਾਵਾਂ ਵਿੱਚ ਆਸ਼ੂਤੋਸ਼ ਦੀ ਮਦਦ ਕਰਨ ਅਤੇ ਮਾੜੇ ਰੋਲ ਤੇ ਸਖਤ ਰੋਸ ਪ੍ਰਗਟ ਕਰਦਿਆਂ ਇੱਕ ਮਤੇ ਰਾਹੀ ਸ੍ਰੋਮਣੀ ਅਕਾਲੀ ਦਲ ਦੇ ਸ੍ਰਪ੍ਰਸਤ ਅਤੇ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਤਲਬ ਕਰਕੇ ਸਖਤ ਸਜਾ ਦੇਣ ਦੀ ਮੰਗ ਕੀਤੀ ਗਈ। ਇਹ ਮੀਟਿੰਗ ਵਿੱਚ ਸੰਤ ਸਮਾਜ ਅਤੇ ਵੱਖ-ਵੱਖ ਸਿੱਖ ਜੱਥੇਬੰਦੀਆਂ ਦੇ 50 ਦੇ ਲਗਭਗ ਸੰਤ ਮਹਾਂਪੁਰਸ਼, ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜੱਥੇਦਾਰ ਭਾਈ ਜਸਵੀਰ ਸਿੰਘ ਖਾਲਸਾ,
ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦਲ ਖਾਲਸਾ ਅਤੇ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਵੱਖ-ਵੱਖ ਪ੍ਰਤੀਨਿਧ ਸ਼ਾਮਲ ਹੋਏ ਸਨ। ਮੀਟਿੰਗ ਵਿੱਚ ਸਰਕਾਰ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਰੋਲ ਦੀ ਵੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ। ਇਹ ਵੀ ਚੇਤਾਵਨੀ ਦਿੱਤੀ ਕਿ ਜੇਕਰ 30 ਦਸੰਬਰ ਤੱਕ ਲੁਧਿਆਣਾ ਦੇ ਭਾਜਪਾ ਵਿਧਾਇਕ ਹਰੀਸ਼ ਬੇਦੀ ਜਿਸ ਦਾ ਆਸੂਤੋਸ਼ ਦਾ ਸਮਾਗਮ ਕਰਾਉਣ ਵਿੱਚ ਅਹਿਮ ਰੋਲ ਹੈ, ਗ੍ਰਿਫਤਾਰ ਨਾ ਕੀਤਾ ਤਾਂ ਸਿੱਖ ਜੱਥੇਬੰਦੀਆਂ 30 ਦਸੰਬਰ ਨੂੰ ਫਤਹਿਗੜ੍ਹ ਸਾਹਿਬ ਤੋਂ ਚੰਡੀਗੜ੍ਹ ਤੱਕ ਰੋਸ ਮਾਰਚ ਕਰਨਗੀਆਂ।

ਮੀਟਿੰਗ ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਦੇ ਰੋਲ ਦੀ ਵੀ ਨਿਖੇਧੀ ਕੀਤੀ। ਮੀਟਿੰਗ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਵਿੱਚ ਚੰਗੀ ਦਿਖ ਵਾਲੇ ਸਿੱਖ ਧਰਮ ਦਾ ਪ੍ਰਚਾਰ ਕਰਨ ਵਾਲੇ ਪ੍ਰਤੀਨਿਧ ਚੁਣਨ ਦਾ ਵੀ ਨਿਰਣਾ ਲਿਆ। ਸ਼੍ਰੋਮਣੀ ਕਮੇਟੀ ਤੇ ਧਰਮ ਪ੍ਰਚਾਰ ਦੇ ਮਾਮਲੇ ਵਿੱਚ ਫੇਲ੍ਹ ਹੋਣ ਦੇ ਦੋਸ਼ ਲਾਉਂਦਿਆਂ ਸਿੱਖ ਜੱਥੇਬੰਦੀਆਂ ਨੇ ਰੋਸ ਪ੍ਰਗਟ ਕੀਤਾ ਕਿ ਲੁਧਿਆਣਾ ਕਾਂਡ ਵਿੱਚ ਜ਼ਖਮੀ ਸਿੱਖ ਦੀ ਵੀ ਸ਼੍ਰੋਮਣੀ ਕਮੇਟੀ ਨੇ ਕੋਈ ਸਾਰ ਨਹੀਂ ਲਈ। ਇਹ ਵੀ ਦੋਸ਼ ਲਾਇਆ ਕਿ ਬਾਦਲ ਦੀ ਸਰਕਾਰ ਪੰਥਕ ਸਰਕਾਰ ਆਖਵਾਉਂਦੀ ਹੈ, ਪਰ ਇਸ ਦਾ ਕੋਈ ਕੰਮ ਪੰਥਕ ਨਹੀਂ ਸੰਤ ਸਮਾਜ ਹੀ ਸਿੱਖਾਂ ਦੇ ਮਾਮਲਿਆਂ ਲਈ ਮੋਹਰੀ ਹੋ ਕੇ ਵਿਚਰਦਾ ਹੈ।

ਮੀਟਿੰਗ ਨੇ ਸਮੂਹ ਸਿੱਖ ਸੰਗਤ ਨੂੰ ਅਪੀਲ ਕੀਤੀ ਕਿ ਉਹ 14 ਨਵੰਬਰ ਨੂੰ ਲੁਧਿਆਣਾ (ਲੁਹਾਰਾ ਵਿਖੇ) ਸ਼ਹੀਦ ਭਾਈ ਦਰਸ਼ਨ ਸਿੰਘ ਦੇ ਭੋਗ ਮੌਕੇ ਵੱਡੀ ਗਿਣਤੀ ਵਿੱਚ ਸ਼ਾਮਲ ਹੋਣ। ਅੱਜ ਚੌਂਕ ਮਹਿਤਾ ਵਿਖੇ ਹੋਈ ਮੀਟਿੰਗ ’ਚ ਜਿਹੜੀਆਂ ਸਖ਼ਸ਼ੀਅਤਾਂ ਹਾਜ਼ਰ ਹੋਈਆਂ ਉਨ੍ਹਾਂ ’ਚ ਬਾਬਾ ਹਰਨਾਮ ਸਿੰਘ ਮੁਖੀ ਦਮਦਮੀ ਟਕਸਾਲ, ਭਾਈ ਜਸਵੀਰ ਸਿੰਘ ਖਾਲਸਾ ਸਾਬਕਾ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ, ਬਾਬਾ ਪਰਮਜੀਤ ਸਿੰਘ ਮਾਹਲਪੁਰ,ਸੰਤ ਰਣਜੀਤ ਸਿੰਘ ਢੱਡਰੀਆਂਵਾਲੇ, ਬਾਬਾ ਹਰੀ ਸਿੰਘ ਰੰਧਾਵੇ ਵਾਲੇ, ਬਾਬਾ ਸੇਵਾ ਸਿੰਘ ਰਾਮਪੁਰ ਖੇੜਾ, ਬਾਬਾ ਬੂਟਾ ਸਿੰਘ ਗੁਰਥੜੀ, ਸੰਤ ਸੁਖਚੈਨ ਸਿੰਘ ਧਰਮਪੁਰਾ, ਬਾਬਾ ਬਲਜੀਤ ਸਿੰਘ ਦਾਦੂ, ਭਾਈ ਮੋਹਕਮ ਸਿੰਘ, ਬਾਬਾ ਚਰਨਜੀਤ ਸਿੰਘ ਹੁਸ਼ਿਆਰਪੁਰ, ਬਾਬਾ ਮਨਮੋਹਨ ਸਿੰਘ ਗੁੰਬਦਸਰ, ਭਾਈ ਗੁਰਦੀਪ ਸਿੰਘ ਬਠਿੰਡਾ, ਭਾਈ ਪ੍ਰਮਜੀਤ ਸਿੰਘ ਸਹੋਲੀ, ਭਾਈ ਹਰਨਾਮ ਸਿੰਘ ਚੀਮਾ ਪੰਚ ਪ੍ਰਧਾਨਗੀ, ਭਾਈ ਕੰਵਰਪਾਲ ਸਿੰਘ ਦਲ ਖਾਲਸਾ, ਭਾਈ ਮਨਜੀਤ ਸਿੰਘ ਭੋਮਾ, ਭਾਈ ਕਰਨੈਲ ਸਿੰਘ ਪੀਰ ਮੁਹੰਮਦ, ਭਾਈ ਸਵਰਨ ਸਿੰਘ ਖਾਲਸਾ, ਭਾਈ ਨਰਾਇਣ ਸਿੰਘ ਚੌੜਾ, ਭਾਈ ਤੇਜਵੰਤ ਸਿੰਘ ਗਰੇਵਾਲ, ਭਾਈ ਬਲਦੇਵ ਸਿੰਘ ਸਰਸਾ, ਭਾਈ ਅਜੈਬ ਸਿੰਘ ਅਭਿਆਸੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸਿੱਖ ਸੰਗਤ ਹਾਜ਼ਰ ਸੀ।