ਵਿਆਨਾ ਕਾਂਡ ਯੋਜਨਾਬੱਧ ਤਰੀਕੇ ਨਾਲ? ਪਰ ਕਿਨ੍ਹਾਂ ਵਲੋਂ?

ਵਿਆਨਾ ਕਾਂਡ ਯੋਜਨਾਬੱਧ ਤਰੀਕੇ ਨਾਲ? ਪਰ ਕਿਨ੍ਹਾਂ ਵਲੋਂ?
ਲੇਖਕ - ਇਕਚਿੰਤਨ ਸਿੰਘ

ਵਿਆਨਾ ਕਾਂਡ ਤੋਂ ਬਾਅਦ ਜਿਸ ਤਰ੍ਹਾਂ ਚੇਲਿਆਂ ਨੂੰ ਵਿਆਨਾ ਵਿਚ ਚੁਤਰਫ਼ਾ ਮਦਦ ਆਉਣੀ ਸ਼ੁਰੂ ਹੋ ਗਈ ਸੀ। ਇੰਝ ਹੀ ਪ੍ਰਤੀਤ ਹੁੰਦਾ ਸੀ ਕਿ ਜਿਵੇਂ ਕਿਸੇ ਮੰਤਰੀ ਤੇ ਹਮਲਾ ਹੋ ਗਿਆ ਹੈ। ਇੰਗਲੈਂਡ ਤੋਂ ਡਾਕਟਰ ਪਹੁੰਚ ਗਿਆ। ਇੰਗਲੈਂਡ ਤੋਂ ਹੀ ਵਕੀਲ ਫ਼ੋਨ ਤੇ ਵਿਆਨਾ ਦੇ ਰਸਾਲਿਆਂ ਨੂੰ ਜਾਣਕਾਰੀ ਦੇ ਲੱਗ ਪਿਆ। ਭਾਰਤ ਦੇ ਮੰਤਰੀ-ਸੰਤਰੀ ਵੀ ਪਿੱਛੇ ਨਾ ਰਹੇ। ਭਾਰਤ ਸਰਕਾਰ ਕੇਸ ਦੀ ਪੜਤਾਲ ਲਈ ਮਾਹਿਰ ਭੇਜਣ ਨੂੰ ਤਿਆਰ ਹੋ ਗਈ। ਪੰਜਾਬ ਸਰਕਾਰ ਦੀ ਕਰਤੂਤਾਂ ਦਾ ਸਭ ਨੂੰ ਪਤਾ ਹੈ। ਅਖ਼ਬਾਰਾਂ ਸਿੱਖ ਅਤੇ ਗੈਰ-ਸਿੱਖ ਸੰਸਥਾਵਾਂ ਦੀਆਂ ਨਿਖੇਧੀਆਂ ਨਾਲ ਭਰ ਗਈਆਂ। ਨਿਰੰਜਣ ਦਾਸ ਅਤੇ ਰਾਮਾ ਨੰਦ ਨੂੰ ਲੱਖਾਂ ਕਰੋੜਾਂ ਦਾ ਗੁਰੂ ਅਤੇ ਸਿੱਖਾਂ ਨੂੰ ਅੱਤਵਾਦੀ, ਪਛੜਿਆ ਹੋਇਆ ਧਰਮ ਦੱਸਿਆ ਜਾਣ ਲੱਗ ਪਿਆ।

ਮੁੱਕਦੀ ਗੱਲ ਜਦ ਚੇਲਿਆਂ ਨੂੰ ਪਤਾ ਸੀ ਕਿ ਨਿਰੰਜਣ ਦਾਸ ਅਤੇ ਰਾਮਾ ਨੰਦ ਲੱਖਾਂ ਕਰੋੜਾਂ ਦੀ ਧੜਕਣ ਹਨ ਤਾਂ 22 ਸੈਕਟਰ ਦੇ ਗੁਰਦੁਆਰਾ ਪ੍ਰਧਾਨ ਦੀ ਚੇਤਾਵਨੀ ਦੇਣ ਦੇ ਬਾਵਜੂਦ ਸੁਰੱਖਿਆ ਪ੍ਰਬੰਧ ਕਿਉਂ ਨਹੀਂ ਕੀਤੇ ਗਏ? ਕਿਉਂ, ਆਪ ਹੀਰੋ ਬਣਨ ਦੇ ਚੱਕਰ ਵਿਚ ਨਾਸਮਝੀ ਕੀਤੀ ਗਈ? ਮਾਮਲੇ ਦੀ ਨਾਜ਼ੁਕਤਾ ਨੂੰ ਕਿਉਂ ਨਹੀਂ ਸਮਝਿਆ ਗਿਆ? ਦੂਜੇ ਪਾਸੇ ਜੋ ਅਖ਼ਬਾਰਾਂ ਵਿਚ ਹੁਣ ਤੱਕ ਦੱਸਿਆ ਜਾ ਰਿਹਾ ਹੈ ਕਿ ਜਿਹੜੇ 6 ਸਿੰਘ ਫੜੇ ਗਏ ਉਹਨਾਂ ਵਿਚ ਸਿਰਫ਼ ਇੱਕ ਹੀ ਜੰਗ ਲੱਗਾ ਪਿਸਤੌਲ ਲੈ ਕੇ ਗਿਆ ਸੀ। ਬਾਕੀ ਪੰਜ ਸਿੰਘ ਸਿਰਫ਼ ਪੰਜ ਕਕਾਰ ਧਾਰਨੀ ਸਨ। ਜੇਕਰ ਛੇ ਦੇ ਛੇ ਯੋਜਨਾਬੱਧ ਕਤਲ ਇਰਾਦੇ ਨਾਲ ਗਏ ਸਨ ਤਾਂ ਉਹ 250-300 ਤੱਕ ਚੇਲਿਆਂ ਵਿਚ ਇੱਕ ਤੋ ਛੁੱਟ ਬਾਕੀ ਪੰਜ ਨਿਹੱਥੇ ਹੋ ਕੇ ਕਿਹੜੀ ਸੋਚ ਨਾਲ ਗਏ ਸਨ?

ਕੀ ਡੇਰਿਆਂ ਦੀਆਂ ਸੈਨਾਵਾਂ ਅਤੇ ਸੰਸਥਾਵਾਂ ਵੀ ਆਰ. ਐਸ. ਐਸ ਤੋਂ ਪ੍ਰੇਰਿਤ ਹਨ? ਜਿਸ ਤਰ੍ਹਾਂ ਆਰ. ਐਸ. ਐਸ. ਆਪਣੀਆਂ ਸੰਸਥਾਵਾਂ ਵਿਚ ਸੇਵਕ ਭਰਤੀ ਕਰਕੇ ਹਥਿਆਰ ਚਲਾਉਣਾ ਸਿਖਾਉਂਦੀ ਹੈ। ਆਪਣੇ ਰਸਾਲਿਆਂ ਦੀਆਂ ਲਿਖਤਾਂ ਨਾਲ ਨਫ਼ਰਤ ਅਤੇ ਝੂਠ ਫੈਲਾਉਂਦੀ ਹੈ। ਕਈ ਕਈ ਸਾਲ ਇਹ ਤਿਆਰੀਆਂ ਚਲਦੀਆਂ ਰਹਿੰਦੀਆਂ ਹਨ। ਫਿਰ 84 ਵਰਗਾ ਮੌਕਾ ਮਿਲਦੇ ਹੀ ਆਪਣਾ ਪੂਰਾ ਰੰਗ ਦਿਖਾ ਦਿੰਦੀਆਂ ਹਨ। ਕੀ 24-25 ਮਈ ਨੂੰ ਵਿਆਨਾ ਕਾਂਡ ਮਗਰਲੀ ਹਿੰਸਾ ਵੀ ਸਾਲਾਂ ਬੱਧੀ ਤਿਆਰੀ ਦਾ ਹੀ ਨਤੀਜਾ ਸੀ? ਕਿਉਂਕਿ ਇਨ੍ਹਾਂ ਦੇ ਰਸਾਲਿਆਂ ਵਿਚਲੀਆਂ ਲਿਖਤਾਂ ਨੂੰ ਪੜ੍ਹਿਆ ਜਾਵੇ ਤਾਂ ਪਤਾ ਲੱਗਦਾ ਹੈ ਕਿ ਕਿਸ ਤਰ੍ਹਾਂ ਖ਼ਬਰਾਂ ਨੂੰ ਤੋੜ ਮੋਰੜ ਕੇ ਮੰਨੂਵਾਦ ਦੀ ਚਾਦਰ ਹੇਠ ਪੇਸ਼ ਕੀਤਾ ਜਾਂਦਾ ਹੈ ਅਤੇ ਖੁੱਲ੍ਹੇਆਮ ਸਿੱਖਾਂ ਅਤੇ ਜੱਟਾਂ ਵਿਰੁੱਧ ਨਫ਼ਰਤ ਅਤੇ ਝੂਠ ਫੈਲਾਇਆ ਜਾਂਦਾ ਹੈ। ਇਕ ਪਾਸੇ ਸਿੱਖੀ ਵਿਚ ਜਾਤ ਪਾਤ ਪੂਰੇ ਜ਼ੋਰਾਂ ਤੇ ਦੱਸੀ ਜਾਂਦੀ ਹੈ, ਦੂਜੇ ਪਾਸੇ ਸਿੱਖੀ ਵਿਚੋਂ ਚੁਣ ਚੁਣ ਕੇ ਸੂਰਬੀਰ ਦਲਿਤ ਸਿੱਖਾਂ ਦੀਆਂ ਜੀਵਨ ਗਾਥਾ 'ਦਲਿਤ ਸਿੱਖ' ਹੇਠ ਪੇਸ਼ ਕੀਤੀਆਂ ਜਾਂਦੀਆਂ ਹਨ। ਭਗਤਾਂ ਅਤੇ ਗੁਰੂਆਂ ਨੂੰ ਸਤਿਗੁਰੂ ਹੇਠ ਪੇਸ਼ ਕੀਤਾ ਜਾਂਦਾ ਹੈ, ਭਾਵ ਭਗਤ ਅਤੇ ਗੁਰੂ ਵਿਚ ਕੋਈ ਫ਼ਰਕ ਨਹੀਂ, ਦੋਵੇਂ ਇਕ ਬਰਾਬਰ ਹਨ। ਗੱਲ ਗੱਲ ਤੇ ਪੰਜਾਬ ਬੰਦ ਦਾ ਐਲਾਨ ਕਰ ਦਿੱਤਾ ਜਾਂਦਾ ਹੈ। ਫਿਰ ਬਾਦਲ ਵਲੋਂ ਹਰੀ ਝੰਡੀ ਨਾ ਮਿਲਣ ਤੇ 'ਮੰਗਾਂ ਮੰਨ ਲਈਆਂ' ਕਹਿ ਕੇ ਐਲਾਨ ਵਾਪਸ ਲਿਆ ਜਾਂਦਾ ਹੈ।

ਨਿਚੋੜ ਇਹ ਹੀ ਹੈ ਕਿ ਸਭ ਕੁਝ ਚੇਲਿਆਂ ਵਲੋਂ ਯੋਜਨਾ ਅਧੀਨ ਹੋਇਆ। 24-25 ਮਈ ਦੀ ਹਿੰਸਾ ਦੀ ਤਿਆਰੀ ਸਾਲਾਂ ਤੋਂ ਚੱਲ ਰਹੀ ਸੀ, ਸਿਰਫ਼ ਮੌਕੇ ਦੀ ਉਡੀਕ ਸੀ ਤੇ ਮੌਕਾ ਉਦੋਂ ਮਿਲ ਗਿਆ ਜਦ 22 ਸੈਕਟਰ ਦੇ ਗੁਰਦੁਆਰਾ ਪ੍ਰਧਾਨ ਨੇ ਸਾਵਧਾਨ ਰਹਿਣ ਲਈ ਫ਼ੋਨ ਕਰ ਦਿੱਤਾ। ਗਿਣੀ-ਮਿਥੀ ਸਾਜ਼ਿਸ਼ ਹੇਠ ਪੁਲਿਸ ਨੂੰ ਸਹੀ ਜਾਣਕਾਰੀ ਨਹੀਂ ਦਿੱਤੀ ਗਈ ਅਤੇ ਨਾ ਹੀ ਨਿਜੀ ਸੁਰੱਖਿਆ ਕੰਪਨੀ ਦਾ ਸਹਾਰਾ ਲਿਆ ਗਿਆ। ਸਾਜ਼ਿਸ਼ ਦਾ ਪਹਿਲਾਂ ਪਹਿਲੂ ਸੀ ਕਿ ਸਿੱਖ ਆਉਣਗੇ ਤੇ ਉਨ੍ਹਾਂ ਨੂੰ ਕੁੱਟ-ਮਾਰ ਕੇ 'ਇਰਾਦੇ ਕਤਲ' ਹੇਠ ਇਲਜ਼ਾਮ ਲਗਾ ਕੇ ਫੜ੍ਹਾਂ ਦਵਾਂਗੇ। ਦੂਸਰਾ ਉਸ ਤੋਂ ਬਾਅਦ ਸਾਰੀ ਮੀਡੀਆ ਸਾਹਮਣੇ ਆਪਣੇ ਧਰਮ ਦਾ ਪ੍ਰਚਾਰ, ਭਾਵ ਆਧੁਨਿਕ ਧਰਮ ਕਹਾਂਗੇ ਅਤੇ ਸਿੱਖ ਧਰਮ ਨੂੰ ਪਛੜਿਆ ਅਤੇ ਅੱਤਵਾਦੀ ਠਹਿਰਾਵਾਂਗੇ। ਤੀਸਰਾ ਪੰਜਾਬ ਵਿਚ ਹਿੰਸਾ ਕਰਕੇ ਆਪਣੀ ਤਾਕਤ ਪ੍ਰਦਰਸ਼ਨ ਰਾਹੀ ਆਪਣੇ ਭਾਈਚਾਰੇ ਦੇ ਹੌਸਲੇ ਬੁਲੰਦ ਕਰਾਂਗੇ।

ਹਿੰਸਕ ਕੋਣ? ਇਕ ਸਿੱਖ ਜਾਂ ਹਜ਼ਾਰ ਚੇਲੇ?

ਜਿਵੇਂ ਅਖ਼ਬਾਰਾਂ ਦੱਸਦੀਆਂ ਹਨ ਕਿ ਜਸਪਾਲ ਸਿੰਘ ਕੋਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਸਹਿਣ ਨਹੀਂ ਹੋਈ ਅਤੇ ਉਸ ਨੇ ਪਿਸਤੌਲ ਰਾਹੀ ਆਪਣਾ ਰੋਸ ਦਿਖਾਇਆ। ਭਾਵ ਉਹ ਜੋਸ਼ ਵਿਚ ਹੋਸ਼ ਖੋ ਬੈਠਾ। ਸਾਰੀਆਂ ਸਿੱਖ ਅਤੇ ਗੈਰ-ਸਿੱਖ ਸੰਸਥਾਵਾਂ ਨੇ ਇਸ ਦੀ ਨਿੰਦਾ ਕੀਤੀ। ਦੂਜੇ ਪਾਸੇ ਚੇਲਿਆਂ ਵਲੋਂ 6 ਸਿੱਖਾਂ ਤੇ ਅਣਮਨੁੱਖੀ ਤਸ਼ੱਦਦ ਢਾਇਆ ਗਿਆ। ਜਿਸ ਨੂੰ ਕਈਆਂ ਨੇ ਨਜ਼ਰ-ਅੰਦਾਜ਼ ਅਤੇ ਕਈਆਂ ਨੇ ਜਾਇਜ਼ ਠਹਿਰਾਇਆ ਗਿਆ। ਦਲੀਲ ਦਿੱਤੀ ਗਈ ਕਿ ਸੰਤਾਂ 'ਤੇ ਹਮਲਾ ਬੋਲਿਆ ਗਿਆ ਤਾਂ ਸੰਗਤ ਕਿਵੇਂ ਬਰਦਾਸ਼ਤ ਕਰ ਸਕਦੀ ਸੀ? ਇਸ ਲਈ ਕਾਤਲਾਂ ਨਾਲ ਇਹੀ ਸਲੂਕ ਕੀਤਾ ਜਾਣਾ ਸੀ। ਸੰਗਤ ਨੇ ਕਾਨੂੰਨ ਵਿਰੋਧੀ ਕੋਈ ਕੰਮ ਨਹੀਂ ਕੀਤਾ।

ਜੇਕਰ ਇੱਕ ਸਿੱਖ ਨੇ ਜੋਸ਼ ਵਿਚ ਹੋਸ਼ ਗਵਾ ਲਏ ਤਾਂ ਮੌਤ ਦੀ ਸਜ਼ਾ ਦੀ ਮੰਗ। ਜੇ ਵਿਆਨਾ ਦੇ ਚੇਲਿਆਂ ਨੇ ਹੋਸ਼ ਗਵਾ ਕੇ ਅਤੇ ਕਾਨੂੰਨ ਨੂੰ ਛਿੱਕੇ ਤੇ ਟੰਗ ਕੇ ਸਿੰਘਾਂ ਨੂੰ ਅੱਧ ਮੋਇਆ ਕਰ ਦਿੱਤਾ ਤਾਂ ਕਿਹਾ ਜਾ ਰਿਹਾ ਬਿਲਕੁਲ ਠੀਕ ਕੀਤਾ। ਪੰਜਾਬ ਵਿਚ ਹਜ਼ਾਰਾਂ ਚੇਲਿਆਂ ਨੇ ਜੋਸ਼ ਵਿਚ ਹੋਸ਼ ਗਵਾ ਕੇ ਅਰਬਾਂ ਰੁਪਇਆ ਦਾ ਨੁਕਸਾਨ ਕਰ ਦਿੱਤਾ ਤਾਂ ਲੱਖਾਂ ਰੁਪਇਆ ਦੇ ਇਨਾਮ ਦਿੱਤੇ ਗਏ। ਪਰਿਵਾਰਕ ਮੈਂਬਰਾਂ ਨੂੰ ਸਰਕਾਰੀ ਨੌਕਰੀਆਂ ਗਈਆਂ। ਇਸ ਤੋਂ ਸਿੱਧ ਹੁੰਦਾ ਹੈ ਕਿ ਆਉਣ ਵਾਲਾ ਸਮਾਂ ਇਸ ਤੋਂ ਵੀ ਖ਼ਤਰਨਾਕ ਹੋ ਸਕਦਾ ਹੈ, ਹੁਣ ਤਾਂ ਚੇਲਿਆਂ ਨੇ 24-25 ਮਈ ਨੂੰ ਹਿੰਸਾ ਕਰਕੇ ਪੰਜਾਬ ਵਿਰੋਧੀ ਤਾਕਤਾਂ ਨੂੰ ਦੱਸ ਦਿੱਤਾ ਹੈ ਕਿ ਪੰਜਾਬ ਵਿਚ ਹਿੰਸਾ ਕਰਵਾਉਣੀ ਕਿੰਨੀ ਸੋਖੀ ਹੈ ਭਾਵ ਤੁਸੀਂ ਸਾਡੇ ਬਾਬੇ ਤੇ ਹਮਲੇ ਕਰਵਾਓ। ਬਾਕੀ ਕੰਮ ਤੁਹਾਡਾ ਅਸੀਂ ਆਪ ਹੀ ਕਰ ਦੇਣਾ ਹੈ। ਸੋ, ਲੋੜ ਹੈ ਸੋਚ-ਵਿਚਾਰ ਕਰਕੇ ਪੰਜਾਬ ਅਤੇ ਸਿੱਖੀ ਨੂੰ ਬਚਾਉਣ ਦੀ।