ਕੀ ਕਰੀਏ? ਜੇ ਘਟਨਾ ਵਾਪਰਨ ਤੇ ਇਲਜ਼ਾਮ ਸਿੱਖ ਅਤੇ ਉੱਚ ਜਾਤੀਆਂ ਤੇ ਥੋਪਿਆ ਜਾਵੇ
ਲੇਖਕ: ਇਕਚਿੰਤਨ ਸਿੰਘ
ਜਦ ਕੋਈ ਘਟਨਾ ਵਾਪਰਦੀ ਹੈ ਤਾਂ ਪਹਿਲਾਂ ਤੋਂ ਹੀ ਤਿਆਰ ਪ੍ਰੋਗਰਾਮ ਜਾਂ ਸੋਚੀ ਸਮਝੀ ਸਾਜ਼ਿਸ਼ ਹੇਠ ਸਿੱਖਾਂ ਅਤੇ ਉੱਚ-ਜਾਤੀਆਂ ਖ਼ਿਲਾਫ਼ ਅਖ਼ਬਾਰਾਂ ਅਤੇ ਟੀਵੀ ਚੈਨਲਾਂ ਤੇ ਝੂਠ ਅਤੇ ਨਫ਼ਰਤ ਪ੍ਰਚਾਰ ਸ਼ੁਰੂ ਕਰ ਦਿੱਤਾ ਜਾਂਦਾ ਹੈ। ਇਸ ਝੂਠ ਅਤੇ ਨਫ਼ਰਤ ਪ੍ਰਚਾਰ ਬਾਰੇ ਪਰਤਵੇਂ ਵਿਚਾਰ ਦੇਣ ਲਈ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਇਸ ਬਾਰੇ ਤੁਹਾਡੇ ਕੋਲ ਪੱਕੇ ਸਬੂਤ ਹੋਣ। ਇਹ ਸਬੂਤ ਤੁਸੀਂ ਕਿਵੇਂ ਇਕੱਠੇ ਕਰ ਸਕਦੇ ਹੋ? ਇਸ ਲਈ ਕੁਝ ਨੁਕਤੇ ਹੇਠਾਂ ਲਿਖੇ ਹਨ:-
ਆਮ ਆਦਮੀ ਲਈ:-
• ਸਾਰੀਆਂ 'ਰੋਜ਼ਾਨਾ ਅਤੇ ਹਫ਼ਤਾਵਾਰ' ਅਖ਼ਬਾਰਾਂ ਅਤੇ ਰਸਾਲੇ ਖਰੀਦੋ। ਕਿਉਂਕਿ ਝੂਠ ਅਤੇ ਨਫ਼ਰਤ ਪ੍ਰਚਾਰ ਸਿਰਫ਼ ਵਿਦੇਸ਼ੀ ਅਖ਼ਬਾਰਾਂ ਲਈ ਨਹੀਂ ਹੁੰਦਾ, ਇਸ ਲਈ ਇੱਥੇ ਜ਼ਰੂਰੀ ਹੈ ਕਿ ਨਾ ਸਿਰਫ਼ ਵਿਦੇਸ਼ੀ ਸਗੋਂ ਦੇਸੀ ਅਖ਼ਬਾਰਾਂ ਵੀ ਖ਼ਰੀਦੀਆਂ ਜਾਣ।
• ਜੇਕਰ ਤੁਸੀਂ ‘ਘਟਨਾ ਦੇਸ਼’ ਦੇ ਗੁਆਂਢੀ ਮੁਲਕ ਵਿਚ ਰਹਿੰਦੇ ਹੋ ਅਤੇ ਦੋਵੇਂ ਦੇਸ਼ਾਂ ਦੀ ਭਾਸ਼ਾ ਇਕ ਹੈ ਤਾਂ ‘ਘਟਨਾ ਦੇਸ਼’ ਦੀਆਂ ਅਖ਼ਬਾਰਾਂ ਅਤੇ ਰਸਾਲੇ ਤੁਹਾਡੇ ਦੇਸ਼ ਵਿਚ ਵੀ ਜ਼ਰੂਰ ਵਿਕਦੇ ਹੋਣਗੇ। ਇਸ ਬਾਰੇ ਪਤਾ ਕਰੋ।
• ਇਕੱਲੇ ਸਥਾਨਕ ਟੀਵੀ ਚੈਨਲ ਹੀ ਨਹੀਂ ਹੋਰ ਚੈਨਲ ਵੀ ਜਿਵੇਂ ਅੰਗ੍ਰੇਜ਼ੀ ਚੈਨਲ ਵੀ ਦੇਖੋ।
ਕੰਪਿਊਟਰ ਮਾਹਿਰ ਲਈ:-
ਇੰਟਰਨੈੱਟ ਨੇ ਸਾਰੀ ਦੁਨੀਆ ਨੂੰ ਇਕ 'ਗਲੋਬਲ ਪਿੰਡ' ਬਣ ਦਿੱਤਾ ਹੈ। ਘਟਨਾ ਜਿਸ ਦੇਸ਼ ਵਿਚ ਹੋਈ ਹੁੰਦੀ ਹੈ, ਉਸ ਦੇਸ਼ ਦੇ ਸਾਰੇ ਟੀਵੀ ਚੈਨਲ, ਅਖ਼ਬਾਰਾਂ ਅਤੇ ਰਸਾਲੇ ਘਟਨਾ ਸੰਬੰਧੀ ਲੇਖ ਅਤੇ ਖ਼ਬਰਾਂ ਲਗਾ ਕੇ ਘਟਨਾ ਦੀ ਗਹਿਰਾਈ ਤੱਕ ਜਾਂਦੇ ਹਨ। ਹੁਣ ਜੇਕਰ ‘ਘਟਨਾ ਦੇਸ਼’ ਅਤੇ ਤੁਹਾਡੇ ਦੇਸ਼ ਦੀ ਭਾਸ਼ਾ ਇੱਕ ਹੈ ਤਾਂ ਤੁਸੀਂ ਆਪਣੇ ਨਿਜੀ ਕੰਪਿਊਟਰ ਨਾਲ ਇੰਟਰਨੈੱਟ ਰਾਹੀਂ ‘ਘਟਨਾ ਦੇਸ਼’ ਵਿਚ ਪੇਸ਼ ਹੋ ਰਹੇ ਝੂਠ ਸੱਚ ਤੇ ਨਜ਼ਰ ਰੱਖ ਸਕਦੇ ਹੋ।
• ਸਭ ਤੋਂ ਪਹਿਲਾਂ ਇਹ ਪਤਾ ਕਰੋ ਕਿ ‘ਘਟਨਾ ਦੇਸ਼’ ਤੋਂ ਕਿਹੜੀਆਂ-ਕਿਹੜੀਆਂ ਅਖ਼ਬਾਰਾਂ ਛਪਦੀਆਂ ਹਨ ਭਾਵ ਅਖ਼ਬਾਰਾਂ ਦੇ ਨਾਮ ਕੀ ਹਨ? ਇੰਟਰਨੈੱਟ ਖੋਜ ਮਸ਼ੀਨ ਨਾਲ ਇੱਕ ਅਜਿਹੀ ਵੈੱਬ-ਸਾਈਟ ਵੀ ਲੱਭੀ ਜਾ ਸਕਦੀ ਹੈ ਜਿਸ ਤੇ ‘ਘਟਨਾ ਦੇਸ਼’ ਦੀਆਂ ਸਾਰੀਆਂ ਅਖ਼ਬਾਰਾਂ ਦੇ ਲਿੰਕ ਹੋਣ। ਇਸੇ ਤਰ੍ਹਾਂ ‘ਘਟਨਾ ਦੇਸ਼’ ਦੇ ਸਾਰੇ ਟੀਵੀ ਚੈਨਲਾਂ ਦੇ ਇੰਟਰਨੈੱਟ ਲਿੰਕ ਵੀ ਲੱਭੇ ਜਾ ਸਕਦੇ ਹਨ।
• ‘ਘਟਨਾ ਦੇਸ਼’ ਅਖ਼ਬਾਰ ਦੀ ਵੈੱਬ-ਸਾਈਟ ਤੇ ਜਾ ਕੇ 'ਵੈੱਬ-ਸਾਈਟ ਦੀ ਖੋਜ ਮਸ਼ੀਨ' ਦੀ ਵਰਤੋਂ ਕਰੋ। ਖੋਜ ਮਸ਼ੀਨ ਵਿਚ ਖੋਜ ਸ਼ਬਦ 'ਸਿੱਖ' ਜਾਂ ਘਟਨਾ ਸੁਰਖ਼ੀ ਪਾ ਕੇ ਆਪਣੀ ਖੋਜ ਨੂੰ ਅਸਾਨ ਬਣਾਓ। ਖੋਜ ਨਤੀਜਿਆਂ ਨਿਕਲਣ ਤੇ ਸੁਰਖਿਆਂ ਤੇ ਕਲਿੱਕ ਕਰ ਕੇ ਵੈੱਬ-ਪੰਨੇ ਖੋਲ੍ਹੋ, ਲੋੜ ਪੈਣ ਤੇ ਆਪਣੇ ਨਿਜੀ ਜਾਣਕਾਰੀ ਲਈ ਸਕਰੀਨਸ਼ੌਟ (ਹਾਡਕਾਪੀ) ਕਰੋ।
• ਇੰਟਰਨੈੱਟ ਅਖ਼ਬਾਰਾਂ ਤੇ ਲੱਗੇ ਲੇਖ ਸੰਬੰਧੀ ਆਮ ਕੰਪਿਊਟਰ ਵਰਤੋਂਕਾਰ ਅਕਾਊਂਟ ਬਣਾ ਕੇ ਆਪਣੀ ਟਿੱਪਣੀ ਲਿਖ ਸਕਦੇ ਹਨ। ਪਰ ਬਹੁਤੀਆਂ ਟਿੱਪਣੀਆਂ ਪ੍ਰਵਾਸੀਆਂ ਪ੍ਰਤੀ ਨਫ਼ਰਤ ਭਰੀਆਂ ਹੁੰਦੀਆਂ ਹਨ। ਸੋ, ਇਨ੍ਹਾਂ ਟਿੱਪਣੀ-ਚਰਚਾ ਵਿਚ ਨਹੀਂ ਪੈਣਾ ਚਾਹੀਦਾ। ਟਿੱਪਣੀਆਂ ਦੀ ਸ਼ਬਦਾਵਲੀ ਤੋਂ ਪਤਾ ਲਗਾਇਆ ਜਾ ਸਕਦਾ ਹੈ ਕਿ ਟਿੱਪਣੀਕਾਰ ਕਿੰਨੇ ਕੁ ਪੜ੍ਹੇ ਲਿਖੇ ਹਨ। ਜਿਸ ਟਿੱਪਣੀ-ਚਰਚਾ ਵਿਚ ਪੜ੍ਹੇ ਲਿਖੇ ਹਿੱਸਾ ਲੈਣ ਉੱਥੇ ਹੀ ਹਿੱਸਾ ਲੈਣਾ ਚਾਹੀਦਾ ਹੈ।
• ‘ਘਟਨਾ ਦੇਸ਼’ ਦੇ ਟੀਵੀ ਚੈਨਲਾਂ ਦੀਆ ਵੈੱਬ-ਸਾਈਟਾਂ ਤੇ ਜਾ ਕੇ ਖ਼ਬਰਾਂ ਦੇਖੋ। ਉਦਾਹਰਣ ਦੇ ਤੌਰ ਤੇ ਤੁਸੀਂ ਜਰਮਨੀ ਵਿਚ ਬੈਠ ਕੇ ਆਸਟਰੀਆ ਦੇ ਟੀਵੀ ਚੈਨਲ ਦੀਆਂ ਖ਼ਬਰਾਂ ਅਤੇ ਪ੍ਰੋਗਰਾਮ ਆਨ ਲਾਈਨ ਦੇਖ ਸਕਦੇ ਹੋ। ਇੱਥੇ ਜ਼ਿਕਰਯੋਗ ਹੈ ਕਿ ਸਿਰਫ਼ ਇਕੋ ਸਮੇਂ ਦੀਆਂ ਖ਼ਬਰਾਂ ਹੀ ਨਹੀਂ ਦੇਖਣੀਆਂ ਚਾਹੀਦੀ ਬਲਕਿ ਵੱਖ ਵੱਖ ਸਮੇਂ ਤੇ ਆਉਂਦੀਆਂ ਖ਼ਬਰਾਂ ਜਿਵੇਂ 20 ਵਜੇ, 24 ਵਜੇ ਦੇਖਣੀਆਂ ਚਾਹੀਦੀਆਂ ਹਨ। ਜਿਸ ਸ਼ਹਿਰ ਵਿਚ ਘਟਨਾ ਵਾਪਰਦੀ ਹੈ, ਸਿਰਫ਼ ਉਸ ਸ਼ਹਿਰ ਦੀਆ ਖ਼ਬਰਾਂ ਦਾ ਵੀ ਵੱਖਰਾ ਪ੍ਰੋਗਰਾਮ ਹੁੰਦਾ ਹੈ।
• ਆਨ ਲਾਈਨ ਟੀਵੀ ਚੈਨਲ ਖ਼ਬਰਾਂ ਦੇ ਬਹੁਤ ਸਾਰੇ ਫ਼ਾਇਦੇ ਹਨ ਜਿਵੇਂ ਕਿ ਤੁਹਾਨੂੰ 24 ਵਜੇ ਵਾਲੀਆਂ ਖ਼ਬਰਾਂ ਲਈ 24 ਵਜੇ ਤੱਕ ਜਾਗ ਕੇ ਦੇਖਣ ਦੀ ਲੋੜ ਨਹੀਂ ਪੈਂਦੀ। ਤੁਹਾਡੇ ਕੋਲ ਜਦੋਂ ਸਮਾਂ ਹੋਵੇ ਉਸ ਸਮੇਂ ਅਤੇ ਵਾਰ-ਵਾਰ ਦੇਖ ਸਕਦੇ ਹੋ। ਝੂਠ ਪ੍ਰਚਾਰ ਦਿਸਣ ਤੇ ਸਬੂਤ ਲਈ 'ਸਕਰੀਨ ਵੀਡੀਓ ਰਿਕਾਰਡਿੰਗ' ਕਰ ਸਕਦੇ ਹੋ।
• ਬਹੁਤੇ ਟੀਵੀ ਚੈਨਲ ਪ੍ਰੋਗਰਾਮ ਆਨ ਲਾਈਨ ਨਹੀਂ ਕੀਤੇ ਜਾਂਦੇ। ਇਸ ਕਰਕੇ ਜੇਕਰ ਤੁਹਾਨੂੰ ਪਤਾ ਲਗਦਾ ਹੈ ਕਿ ਘਟਨਾ ਸੰਬੰਧੀ ਕੋਈ ਪ੍ਰੋਗਰਾਮ ਆ ਰਿਹਾ ਹੈ ਅਤੇ ਤੁਸੀਂ ‘ਘਟਨਾ ਦੇਸ਼’ ਵਿਚ ਰਹਿੰਦੇ ਹੋ ਤਾਂ ਆਪਣੇ ਕੰਪਿਊਟਰ ਤੇ ਟੀਵੀ ਦੇਖਣ ਦੀ ਸਹੂਲਤ ਦਾ ਬੰਦੋਬਸਤ ਕਰੋ। ਇਸ ਨਾਲ ਰਿਕਾਰਡਿੰਗ ਕਰਨਾ ਸੌਖਾ ਹੋ ਜਾਵੇਗਾ।
• ਇਸ ਤੋਂ ਇਲਾਵਾ ਕਈ ਟੀਵੀ ਚੈਨਲ ਵੈੱਬ-ਸਾਈਟ Video-on-Demand ਦੀ ਸਹੂਲਤ ਵੀ ਦਿੰਦੇ ਹਨ। ਪ੍ਰੋਗਰਾਮ ਲੰਘ ਜਾਣ ਤੇ ਤੁਸੀਂ ਈਮੇਲ ਕਰਕੇ ਦੁਬਾਰਾ ਪ੍ਰੋਗਰਾਮ ਆਨ ਲਾਈਨ ਕਰਨ ਦੀ ਬੇਨਤੀ ਵੀ ਕਰ ਸਕਦੇ ਹੋ।
• ਕਿਉਂਕਿ ਖ਼ਬਰਾਂ ਵਿਚ ਸਮਾਂ ਸੀਮਿਤ ਹੁੰਦਾ ਹੈ ਇਸ ਕਰਕੇ ਘਟਨਾ ਬਾਰੇ ਵਿਸਥਾਰ ਵਿਚ ਗੱਲ ਨਹੀਂ ਕੀਤੀ ਜਾਂਦੀ। ਵਿਸਥਾਰ ਵਿਚ ਗੱਲ ਕਰਨ ਲਈ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮੁਲਾਕਾਤਾਂ ਲਈ ਵੱਖਰੇ ਪ੍ਰੋਗਰਾਮ ਹੁੰਦੇ ਹਨ, ਉਹ ਵੀ ਦੇਖਣੇ ਚਾਹੀਦੇ ਹਨ। ਇਸ ਤੋਂ ਇਲਾਵਾ ਧਾਰਮਿਕ ਪ੍ਰੋਗਰਾਮ ਅਤੇ ਹਫ਼ਤਾ-ਝਾਤ ਪ੍ਰੋਗਰਾਮ ਵੀ ਜ਼ਰੂਰੀ ਹਨ।
• 'ਯੂ ਟਿਊਬ' ਵਿਚ ਘਟਨਾ ਸੁਰਖ਼ੀ ਪਾ ਕੇ ਖੋਜ ਕਰੋ। ਕੁਝ ਵਰਤੋਂਕਾਰ ਰਿਕਾਰਡਿੰਗ ਕਰਕੇ 'ਯੂ ਟਿਊਬ' ਉੱਤੇ ਲਗਾਉਣਾ ਸ਼ੁਰੂ ਕਰ ਦਿੰਦੇ ਹਨ। ਵੀਡੀਓ ਅਤੇ ਲੇਖਾਂ ਦੇ ਇੰਟਰਨੈੱਟ ਲਿੰਕ ਜਿਨ੍ਹਾਂ ਵਿਚ ਝੂਠ ਪ੍ਰਚਾਰ ਕੀਤਾ ਗਿਆ ਹੋਵੇ ਉਹ ਕੰਪਿਊਟਰ ਵਿਚ ਸੰਭਾਲ ਲੈਣੇ ਚਾਹੀਦੇ ਹਨ।
• ਕਿਉਂਕਿ ਘਟਨਾ ਅਚਾਨਕ ਹੀ ਵਾਪਰਦੀ ਹੈ ਇਸ ਲਈ ਟੀਵੀ ਚੈਨਲ 'ਕਾਗਜ਼ੀ ਹਫ਼ਤਾਵਾਰ ਪ੍ਰੋਗਰਾਮ' ਜਾਂ 'ਕੰਪਿਊਟਰ ਹਫ਼ਤਾਵਾਰ ਪ੍ਰੋਗਰਾਮ' ਬੇਲੋੜੇ ਹੋ ਜਾਂਦੇ ਹਨ। ਇਸ ਕਰਕੇ ਇਨ੍ਹਾਂ ਵਿਚ ਲਿਖੇ ਪ੍ਰੋਗਰਾਮਾਂ ਸੰਬੰਧੀ ਜਾਣਕਾਰੀ ਸੂਚੀ ਬੇਅਰਥੀ ਹੋ ਜਾਂਦੀ ਹੈ। ਪ੍ਰੋਗਰਾਮਾਂ ਸੰਬੰਧੀ ਤਾਜ਼ਾ ਜਾਣਕਾਰੀ ਲਈ ਟੀਵੀ ਚੈਨਲ ਦੀ ਵੈੱਬ ਸਾਈਟ ਤੇ ਜਾ ਕੇ ਆਨ ਲਾਈਨ ਪ੍ਰੋਗਰਾਮ ਸੂਚੀ ਦੇਖਣੀ ਚਾਹੀਦੀ ਹੈ।
ਮੰਨਣਯੋਗ ਹੈ ਕਿ ਆਮ ਆਦਮੀ ਜਾਂ ਆਮ ਕੰਪਿਊਟਰ ਵਰਤੋਂਕਾਰ ਕੋਲ ਸਾਰੇ ਸਾਧਨ ਅਤੇ ਉਸ ਵਿਚ ਉਪਰ ਲਿਖਿਆਂ ਸਾਰੀਆਂ ਯੋਗਤਾਵਾਂ ਹੋਣੀਆਂ ਸੰਭਵ ਨਹੀਂ ਹਨ। ਪਰ ਜਦ ਸਾਰੀ ਸਿੱਖ ਕੌਮ ਤੇ ਕੋਈ ਉਂਗਲ ਕਰੇ ਤਾਂ ਸਾਨੂੰ ਆਪਣਾ ਫਰਜ਼ ਸਮਝਦਿਆਂ ਜਿਸ ਕੋਲ ਜਿਸ ਤਰ੍ਹਾਂ ਦੀ ਯੋਗਤਾ ਜਾਂ ਸਾਧਨ ਹੈ ਉਸ ਤਰ੍ਹਾਂ ਦੀ ਸਮੱਗਰੀ ਇਕੱਠੀ ਕਰ ਲੈਣੀ ਚਾਹੀਦੀ ਹੈ ਤਾਂ ਕਿ ਜਦ ਕੋਈ ਨਿਡਰ ਇਨਸਾਨ, ਵੈੱਬ ਸਾਈਟ ਜਾਂ ਸੰਸਥਾ ਇਸ ਝੂਠ ਅਤੇ ਨਫ਼ਰਤ ਪ੍ਰਚਾਰ ਖ਼ਿਲਾਫ਼ ਕਦਮ ਚੁੱਕੇ ਤਾਂ ਅਸੀਂ ਗੁਪਤ ਢੰਗ ਨਾਲ ਜਾਂ ਖੁੱਲ੍ਹੇਆਮ ਉਸ ਨੂੰ ਲੋੜੀਂਦੀ ਸਮੱਗਰੀ ਪਹੁੰਚਦੀ ਕਰ ਸਕੀਏ।
ਰੇਹੜੀਦਾਰ ਜੋ ਰੇਹੜੀ ਤੇ ਨਿਕ-ਸੁਕ ਵੇਚ ਕੇ ਆਪਣੇ ਟੱਬਰ ਦਾ ਢਿੱਡ ਪਾਲਦੇ ਹਨ ਰੋਸ ਪ੍ਰਦਰਸ਼ਨ ਦੌਰਾਨ ਉਨ੍ਹਾਂ ਦੀਆਂ ਰੇਹੜੀਆਂ ਵੀ ਜਲਾ ਦਿੱਤੀਆਂ ਗਈਆਂ ਪਰ ਇੱਕ ‘ਸੱਚਾ ਪੰਜਾਬੀ’ ਕਦੇ ਸੁਫਨੇ ਵੀ ਕਿਸੇ ਗਰੀਬ ਦੇ ਢਿੱਡ ਵਿਚ ਲੱਤ ਮਾਰ ਕੇ ਇਹ ਨਹੀਂ ਕਹੇਗਾ ਕਿ ਸਾਨੂੰ ਆਪਣੀ ਤਾਕਤ ਦਾ ਅੰਦਾਜ਼ਾ ਤਾਂ ਹੁਣ ਹੋਇਆ ਹੈ। ਅਸਲੀ ਤਾਕਤ ਦਾ ਅੰਦਾਜ਼ਾ ਉਦੋਂ ਲੱਗਦਾ ਹੈ ਜਦੋਂ ਪਾਪੀ ਨੂੰ ਉਸ ਦੇ ਘਰ ਵਿਚ ਵੜ ਕੇ ਮਾਰਿਆ ਜਾਂਦਾ ਹੈ।