ਵਿਆਨਾ ‘ਚ ਰਵਿਦਾਸ ਭਾਈਚਾਰੇ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਹਟਾਏ
ਲੇਖਕ: ਇਕਚਿੰਤਨ ਸਿੰਘ
ਜੁਲਾਈ 2009 ਦੇ ਸ਼ੁਰੂਆਤ ਵਿਚ ਸੈਕਟਰ 15 ਦੇ ਗੁਰੂ ਘਰ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਹਟਾਉਣ ਲਈ ਪਿਛੋਂ ਹੁਕਮ ਆ ਗਏ। ਇਸ ਲਈ ਸੈਕਟਰ 12 ਅਤੇ 22 ਦੇ ਗੁਰਦੁਆਰਿਆਂ ਨੂੰ ਸਰੂਪ ਸਵੀਕਾਰ ਕਰਨ ਲਈ ਫੋਨ ਕੀਤੇ ਗਏ। ਸੈਕਟਰ 12 ਅਤੇ 22 ਦੇ ਗੁਰਦੁਆਰਿਆਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸੰਪਰਕ ਕੀਤਾ ਅਤੇ ਦਿਸ਼ਾ-ਨਿਰਦੇਸ਼ ਮੰਗੇ। ਕਿਉਂਕਿ ਇਹ ਸਿੱਖ ਕੌਮ ਦਾ ਸਾਂਝਾਂ ਮਸਲਾ ਸੀ ਇਸ ਲਈ ਉਹ ਆਪਣੇ ਵਲੋਂ ਕੋਈ ਫੈਸਲਾ ਨਹੀਂ ਲੈਣਾ ਚਾਹੁੰਦੇ ਸਨ, ਭਾਵ ਜੇਕਰ ਬਾਅਦ ਵਿਚ ਲਿਆ ਹੋਇਆ ਫੈਸਲਾ ਗ਼ਲਤ ਸਿੱਧ ਹੁੰਦਾ ਤਾਂ ਨਤੀਜੇ ਸਾਰੀ ਸਿੱਖ ਕੌਮ ਨੂੰ ਭੁਗਤਣੇ ਪੈ ਸਕਦੇ ਸਨ। ਜਿਵੇਂ ਕਿ ਵਿਆਨਾ ਘਟਨਾਕ੍ਰਮ ਤੋਂ ਬਾਅਦ ਹੋਇਆ।
ਸੈਕਟਰ 12 ਅਤੇ 22 ਦੇ ਗੁਰਦੁਆਰਿਆਂ ਵਲੋਂ ਸਰੂਪ ਸਵੀਕਾਰ ਕਰਨ ਸੰਬੰਧੀ ਹਾਮੀ ਨਾ ਭਰਨ ਕਰਕੇ ਸਮਾਂ ਬੀਤਦਾ ਜਾ ਰਿਹਾ ਸੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਕੋਈ ਇਕ ਟੁੱਕ ਜਵਾਬ ਨਹੀਂ ਆਇਆ ਅਤੇ ਦੋ ਹਫ਼ਤੇ ਲੰਘ ਗਏ। ਭਾਵ, ਕਿਹਾ ਜਾ ਰਿਹਾ ਸੀ, ਅਸੀਂ ਮੀਟਿੰਗ ਰੱਖੀ ਹੈ, ਸਬਰ ਕਰੋ, ਭਾਈਚਾਰਾ ਬਣਾਈ ਰੱਖੋ, ਵਗੈਰਾ ਵਗੈਰਾ। ਇਧਰ ਚੇਲਿਆਂ ਨੂੰ ਚੌਂਹ ਤਰਫ਼ਾਂ ਸਹਿਯੋਗ ਮਿਲਣ ਕਰਕੇ ਉਨ੍ਹਾਂ ਦਾ ਹੰਕਾਰ ਸਿਰ ਚੜ੍ਹ ਕੇ ਬੋਲਣ ਲੱਗ ਪਿਆ ਸੀ। ਇਸ ਕਰਕੇ ਸਰੂਪ ਵਾਪਸ ਦੇਣ ਦੀ ਕਾਰਵਾਈ ਦੌਰਾਨ ਚੇਲੇ ਅਤੇ ਚੇਲੀਆਂ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰਤੀ (ਫਸਾਦ ਦੀ ਜੜ੍ਹ, ਚੱਕ ਕੇ ਲੈ ਜਾਓ ਆਪਣੀ ਕਿਤਾਬ-ਕੂਤੂਬ) ਬਹੁਤ ਹੀ ਮੰਦੇ ਸ਼ਬਦ ਬੋਲੇ ਗਏ। ਜਿਨ੍ਹਾਂ ਨੂੰ ਸੁਣ ਕੇ ਕੁਝ ਗੁਰੂ ਸਿੱਖਾਂ ਦੇ ਮਨਾਂ ਨੂੰ ਬਹੁਤ ਠੇਸ ਪਹੁੰਚੀ ਅਤੇ ਉਨ੍ਹਾਂ ਐਲਾਨ ਕੀਤਾ ਕਿ ਜੇਕਰ ਗੁਰਦੁਆਰੇ ਸਰੂਪ ਸਵੀਕਾਰ ਨਹੀਂ ਕਰਦੇ ਤਾਂ ਉਹ ਆਪਣੇ ਘਰਾਂ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਨ ਨੂੰ ਤਿਆਰ ਹਨ।
ਇਸ ਦੌਰਾਨ ਸੈਕਟਰ 15 ਦੇ ਗੁਰੂ ਘਰ ਵਲੋਂ ਅੰਦਰ ਖਾਤੇ ਫੈਸਲਾ ਕਰ ਲਿਆ ਗਿਆ ਕਿ ਜੇਕਰ ਗੁਰਦੁਆਰਿਆਂ ਵਲੋਂ ਜਲਦ ਹੀ ਹਾਮੀ ਨਹੀਂ ਭਰੀ ਜਾਂਦੀ ਤਾਂ ਸਰੂਪ ਕੋਰੀਅਰ ਕਰ ਦਿੱਤੇ ਜਾਣਗੇ। ਇਸ ਦੀ ਖ਼ਬਰ ਮਿਲਦਿਆਂ ਵਿਆਨਾ ਦੇ ਕੁਝ ਗੁਰੂ ਸਿੱਖਾਂ ਨੇ ਇਹ ਮਸਲਾ 'ਅਕਾਸ਼ ਰੇਡੀਓ ਯੂ. ਕੇ.' ਰਾਹੀ ਦੁਨੀਆ ਦੀ ਸਮੂਚੀ ਸਿੱਖ ਸੰਗਤ ਅੱਗੇ ਰੱਖਣ ਦੀ ਸੋਚੀ। ਆਕਾਸ਼ ਰੇਡੀਓ ਦੇ ਚਾਲਕ ਸ. ਸੁਖਵਿੰਦਰ ਸਿੰਘ ਨੇ ਰੇਡੀਓ ਤੇ ਸਿੱਖ ਸੰਗਤਾਂ ਨਾਲ ਵਿਚਾਰ ਵਟਾਂਦਰਾ ਕੀਤਾ। ਸਿੱਖ ਸੰਗਤ ਵਲੋਂ ਭਰਵਾਂ ਹੁੰਗਾਰਾ ਮਿਲਿਆ। ਕਈ ਗੁਰੂ ਪਿਆਰਿਆਂ ਨੇ ਤਾਂ ਇਹ ਵੀ ਕਿਹਾ ਕਿ ਜੇਕਰ ਤੁਹਾਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਤਲਬ ਕੀਤਾ ਜਾਵੇਗਾ ਤਾਂ ਅਸੀਂ ਤਲਬ ਹੋਣ ਨਾਲ ਜਾਵਾਂਗੇ। ਸੋ, ਸਮੂਹ ਸਿੱਖ ਸੰਗਤ ਦੀ ਪੁਰਜ਼ੋਰ ਦੇਣ ਤੇ ਨਤੀਜਾ ਇਹ ਨਿਕਲਿਆ ਕਿ ਸਰੂਪ ਸਵੀਕਾਰ ਕਰ ਲਏ ਜਾਣ।
11 ਜੁਲਾਈ 09 ਨੂੰ ਸ੍ਰੀ ਗੁਰੂ ਰਵਿਦਾਸ ਸਭਾ (ਵਿਆਨਾ, ਸੈਕਟਰ 15) ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਤਿੰਨ ਸਰੂਪ ਸ਼ਰਧਾ ਪੂਰਵਕ ਅਤੇ ਸਤਿਕਾਰ ਨਾਲ ਗੁਰਦੁਆਰਾ ਸਿੰਘ ਸਭਾ (ਵਿਆਨਾ, ਸੈਕਟਰ 12) ਦੇ ਸਪੁਰਦ ਕਰ ਦਿੱਤੇ ਗਏ। ਜਿਸ ਦੀ ਵੀਡੀਓ ਅਤੇ ਤਸਵੀਰਾਂ ਤੁਸੀਂ www.youtube.com/gssvienna ਤੇ ਦੇਖ ਸਕਦੇ ਹੋ।
ਇੱਥੇ ਜ਼ਿਕਰਯੋਗ ਹੈ ਕਿ ਸਿਰਫ਼ 'ਆਕਾਸ਼ ਰੇਡੀਓ ਯੂ. ਕੇ.' ਤੇ ਸ. ਸੁਖਵਿੰਦਰ ਸਿੰਘ ਨੇ ਕਈ ਮਹੀਨੇ ਲਗਾਤਾਰ ਹਰ ਵੀਰਵਾਰ ਦੋ ਘੰਟੇ ਵਿਆਨਾ ਕਾਂਡ ਵਿਸ਼ੇ ਤੇ ਪ੍ਰੋਗਰਾਮ ਕੀਤੇ ਅਤੇ ਡੇਰੇ ਚੇਲਿਆਂ ਦੀਆਂ ਨਿਰਮੂਲ ਸ਼ਿਕਾਇਤਾਂ ਅਤੇ ਬੇਬੁਨਿਆਦ ਗੱਲਾਂ ਦਾ ਸਹਿਜਤਾ, ਨਿਮਰਤਾ ਅਤੇ ਦਲੀਲ ਭਰਪੂਰ ਜਵਾਬ ਦਿੱਤਾ ਅਤੇ ਫੜੇ ਹੋਏ ਸਿੱਖਾਂ ਲਈ ਆਵਾਜ਼ ਉਠਾਈ। ਸ. ਸੁਖਵਿੰਦਰ ਸਿੰਘ ਦੀ ਜਿੰਨੀ ਵੀ ਪ੍ਰਸੰਸਾ ਕੀਤੀ ਜਾਵੇ ਘੱਟ ਹੈ। ਇਸ ਦੇ ਉਲਟ ਵਿਆਨਾ 'ਚ ਵਾਪਰੇ ਘਟਨਾਕ੍ਰਮ ਤੋਂ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਭੂਮਿਕਾ ਤੋਂ ਸਮੂਚੀ ਸਿੱਖ ਕੌਮ ਨੂੰ ਨਿਰਾਸ਼ਾ ਹੋਈ।
ਇੱਥੇ ਹੀ ਬੱਸ ਨਹੀਂ, ਜਦ ਚੇਲੇ ਅਤੇ ਭਾਰਤੀ ਬ੍ਰਾਹਮਣਵਾਦ ਮੀਡੀਆ ਸਿੱਖਾਂ ਨੂੰ ਅੱਤਵਾਦੀ ਠਹਿਰਾਉਣ ਵਿਚ ਕਾਮਯਾਬ ਹੋ ਗਏ ਤਾਂ ਆਸਟਰੀਅਨ ਸਰਕਾਰ ਨੇ ਸਖ਼ਤੀ ਵਰਤਦਿਆਂ ਸਿੱਖ ਸ਼ਰਨਾਰਥੀਆਂ ਨੂੰ ਕੱਢਣਾ ਸ਼ੁਰੂ ਕਰ ਦਿੱਤਾ। 17 ਅਗਸਤ ਦੀ ਜਗ ਬਾਣੀ ਅਨੁਸਾਰ ਆਸਟਰੀਆ ਵਿਚ 8 ਸਾਲ ਲਗਾ ਕੇ ਮਲਕੀਤ ਸਿੰਘ ਨੇ ਪੱਤਰਕਾਰ ਸੰਮੇਲਨ ਵਿਚ ਆਪਣੀ ਹੱਡ ਬੀਤੀ ਸੁਣਾਈ। ਜਿਸ ਨੂੰ ਸੁਣ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ 'ਇੱਕ ਕਮੇਟੀ ਆਸਟਰੀਆ ਭੇਜਾਂਗੇ' ਦਾ ਐਲਾਨ ਕਰ ਦਿੱਤਾ। ਜੋ ਕਿ ਹੋਰ ਫੋਕੇ ਐਲਾਨ ਵਾਂਗ ਸਿਰਫ਼ ਐਲਾਨ ਬਣ ਕੇ ਹੀ ਰਹਿ ਗਿਆ। ਕੋਈ ਕਮੇਟੀ ਅੱਜ ਤੱਕ ਆਸਟਰੀਆ ਨਹੀਂ ਭੇਜੀ ਗਈ।