ਵਿਆਨਾ ਘਟਨਾ ਤੋਂ ਬਾਅਦ ਝੂਠ, ਨਫ਼ਰਤ ਅਤੇ ...

ਵਿਆਨਾ ਘਟਨਾ ਤੋਂ ਬਾਅਦ ਝੂਠ, ਨਫ਼ਰਤ ਅਤੇ ਗੰਧਲੀ ਰਾਜਨੀਤੀ ਦਾ ਬੋਲਬਾਲਾ ਰਿਹਾ
- ਸਾਡਾ ਰੰਗਲਾ ਪੰਜਾਬ ਜਾਂ ਰੋਸ ਪ੍ਰਦਰਸ਼ਨ ਸਿਖਲਾਈ ਕੇਂਦਰ
ਲੇਖਕ: ਇਕਚਿੰਤਨ ਸਿੰਘ

ਵਿਆਨਾ ਵਿਚ ਵਾਪਰੀ ਘਟਨਾ ਤੋਂ ਬਾਅਦ ਦੇ ਹਲਾਤਾਂ ਬਾਰੇ ਗੱਲ ਕਰਨ ਤੋਂ ਪਹਿਲਾਂ ਸਿੱਖ ਅਤੇ ਪੰਜਾਬ ਵਿਰੋਧੀ ਤਾਕਤਾਂ ਬਾਰੇ ਗੱਲ ਕਰਨੀ ਬਣਦੀ ਹੈ।

ਸਿੱਖ ਅਤੇ ਪੰਜਾਬ ਵਿਰੋਧੀ ਤਾਕਤਾਂ ਦਾ ਮੁੱਖ ਮਕਸਦ ਕੀ ਹੈ?
• ਸਿੱਖਾਂ ਨੂੰ ਅੱਤਵਾਦੀ ਰੂਪ ਵਿਚ ਦੁਨੀਆ ਅੱਗੇ ਪੇਸ਼ ਕਰਨਾ।
• ਪੰਜਾਬ ਦੇ ਹਾਲਾਤ ਵਿਗਾੜਨਾ।


ਇਹ ਕਿਵੇਂ ਸੰਭਵ ਹੈ ਜਾਂ ਦਲਾਲਾਂ ਨੂੰ ਪੁੱਠੀ ਮੱਤ ਕੀ ਦਿੱਤੀ ਜਾਂਦੀ ਹੈ?
• ਉਹ ਸਾਰੇ ਕੰਮ ਕਰੋ ਜਿਸ ਨਾਲ ਸਿੱਖਾਂ ਦੇ ਮਨਾਂ ਨੂੰ ਠੇਸ ਪਹੁੰਚੇ।
• ਘਟਨਾ ਵਾਪਰਨ ਤੇ ਕਾਰਣ ਨੀਵੀਂ ਜਾਤ ਨਾਲ ਧੱਕਾ ਦੱਸੋ।
• ਆਪਣੇ ਧਰਮ ਦਾ ਪ੍ਰਚਾਰ ਕਰੋ ਅਤੇ ਦੂਜੇ ਧਰਮ (ਸਿੱਖ) ਨੂੰ ਪਛੜਿਆ ਹੋਇਆ ਦੱਸੋ।


ਇਹ ਦੋ ਕੰਮ ਹੋ ਜਾਣ ਬਾਅਦ ਜਾਂ ਦੌਰਾਨ ਸਿੱਖ ਅਤੇ ਪੰਜਾਬ ਵਿਰੋਧੀ ਤਾਕਤਾਂ ਅਤੇ ਉਹਨਾਂ ਦੀਆਂ ਅਖ਼ਬਾਰਾਂ ਅਤੇ ਸੈਨਾਵਾਂ ਵਲੋਂ ਦਲਾਲਾਂ ਨੂੰ ਪੂਰਾ-ਪੂਰਾ ਸਹਿਯੋਗ ਦਿੱਤਾ ਜਾਂਦਾ ਹੈ। ਮੁੱਕਦੀ ਗੱਲ ਤੁਸੀਂ ਚੰਗਿਆੜੀ ਲਾਓ, ਉੱਤੇ ਤੇਲ ਪਾ ਕੇ ਭਾਂਬੜ ਅਸੀਂ ਆਪ ਹੀ ਬਣਾ ਦੇਣਾ ਹੈ।

ਸਭ ਕੁਝ ਹੋਇਆ ਵੀ ਇਸੇ ਤਰ੍ਹਾਂ। ਘਟਨਾ ਦੇ ਕੁਝ ਸਮੇਂ ਬਾਅਦ ਹੀ 'ਗੁਰੂਘਰ ਸ਼੍ਰੀ ਗੁਰੂ ਰਵਿਦਾਸ ਸਭਾ' ਦੇ ਪ੍ਰਧਾਨ ਬਲਵਿੰਦਰ ਕੁਮਾਰ ਵਲੋਂ ਗ਼ੈਰ ਜ਼ਿੰਮੇਵਾਰਾਨਾ ਤਰੀਕੇ ਨਾਲ ਬਿਨ੍ਹਾਂ ਪੁਲਿਸ ਨਤੀਜੇ ਦੀ ਉਡੀਕ ਕੀਤੇ ਵਿਦੇਸ਼ੀ ਮੀਡੀਆ ਅੱਗੇ ਘਟਨਾ ਦੇ ਕਾਰਣ ਵਿਆਨਾ ਦੇ ਗੁਰਦੁਆਰਿਆਂ (ਗੁਰਦੁਆਰਾ ਨਾਨਕਸਰ, ਗੁਰਦੁਆਰਾ ਸਿੰਘ ਸਭਾ) ਨਾਲ ਰੰਜਸ਼ ਅਤੇ ਨੀਵੀਂ ਜਾਤ ਨਾਲ ਧੱਕਾ ਦੱਸਿਆ ਗਿਆ।

ਬਾਅਦ ਵਿਚ ਵੀਡੀਓ ਸਾਰੀ ਦੁਨੀਆ ਦੇ ਮੀਡੀਆ ਵਿਚ ਦਿਖਾਈ ਗਈ। ਜਿਸਦੇ ਸਿੱਟੇ ਵਜੋਂ ਪੰਜਾਬ ਨੂੰ ਦੋ ਦਿਨ ਅੱਗ ਵਿਚ ਸਾੜਿਆ ਗਿਆ। ਇਸ ਦੇ ਹੀ ਫਲਸਰੂਪ ਵੀਡੀਓ ਦੇਖ ਕੇ ਸਾਰੀ ਦੁਨੀਆ ਵਿਚ ਵਸਦੇ ਇਨ੍ਹਾਂ ਦੇ ਪੈਰੋਕਾਰ 'ਧਰਮ ਸੇਵਾ' ਵਿਚ ਲੱਗ ਗਏ। ਧਰਮ ਸੇਵਾ ਕਰਨ ਲਈ ਸਭ ਤੋਂ ਆਸਾਨ ਢੰਗ ਇਹ ਸੀ ਕਿ ਕੰਪਿਊਟਰ ਦੀ ਆੜ ਵਿਚ ਲੁਕ ਕੇ ਊਟ-ਪਟਾਂਗ ਨਾਮ ਹੇਠ ਈਮੇਲ ਅਕਾਊਂਟ ਬਣਾ ਕੇ ਸਿੱਖ ਗੁਰਦੁਆਰਿਆਂ ਨੂੰ ਮੂਰਖਤਾ ਭਰੇ ਸਵਾਲਾਂ ਅਤੇ ਘਟੀਆ ਵਿਚਾਰਾਂ ਦੀਆਂ ਈਮੇਲਾਂ ਕਰਨੀਆਂ ਜਾਂ 'ਯੂ ਟਿਊਬ' ਵਿਚ ਨੀਚਤਾ ਭਰੇ ਵਿਚਾਰ ਥੋਪਣੇ ਸ਼ੁਰੂ ਕਰ ਦਿੱਤੇ ਗਏ। ਉਨ੍ਹਾਂ ਸਾਰਿਆਂ ਨੂੰ ਜਿਹੜੇ ਊਟ-ਪਟਾਂਗ ਨਾਮ ਹੇਠ ਇਸ 'ਸੇਵਾ' ਵਿਚ ਲੱਗੇ ਹੋਏ ਹਨ, ਸਾਡਾ ਜਵਾਬ ਹੈ, ਇਤਿਹਾਸ ਗਵਾਹ ਹੈ ਕਿ ਸ਼ੇਰਾਂ ਨੇ ਹਮੇਸ਼ਾਂ ਪਾਪੀ ਨੂੰ ਉਸ ਦੇ ਘਰ ਵਿਚ ਵੜ ਕੇ ਸੋਧਿਆ ਹੈ, ਪਹਿਲਾਂ ਤੁਸੀਂ ਆਪਣੇ ਘਰਦਿਆਂ ਦਾ ਪਤਾ ਕਰ ਕੇ ਆਪਣਾ ਨਾਮਕਰਨ ਕਰਵਾ ਲਵੋ ਫਿਰ ਤੁਹਾਨੂੰ ਤੁਹਾਡੀ 'ਸੇਵਾ' ਦਾ ਫਲ ਦਿੱਤਾ ਜਾਵੇਗਾ।

ਬਲਵਿੰਦਰ ਕੁਮਾਰ ਨੇ ਪੈਰ ਥੱਲੇ ਆਏ ਬਟੇਰੇ ਵਾਂਗ ਵਿਆਨਾ ਦੇ ਗੁਰਦੁਆਰਿਆਂ ਦੇ ਪ੍ਰਬੰਧਕਾਂ ਦੇ ਨਾਮ ਅਤੇ ਕੁਝ ਹੋਰ ਸਿੱਖਾਂ ਦੇ ਨਾਮ, ਜਿਨ੍ਹਾਂ ਨੇ ਕਦੇ ਬਲਵਿੰਦਰ ਕੁਮਾਰ ਅਤੇ ਉਸ ਦੇ ਸਾਥੀਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ, ਪੁਲਿਸ ਨੂੰ ਦੇ ਦਿੱਤੇ ਗਏ। ਨਤੀਜਾ ਇਹ ਹੋਇਆ ਕਿ ਜਿਨ੍ਹਾਂ ਦੇ ਨਾਮ ਦਿੱਤੇ ਗਏ ਸੀ ਉਨ੍ਹਾਂ ਨੂੰ ਪੁੱਛ-ਪੜਤਾਲ ਲਈ ਤਰੀਕਾਂ ਪੈ ਗਈਆਂ। ਹਾਲਾਤ 'ਜਿਹੜਾ ਬੋਲੇ, ਪੁਲਿਸ ਉਸ ਦਾ ਕੁੰਡਾ ਖੋਲ੍ਹੇ' ਵਰਗੇ ਹੋ ਗਏ। ਸਿੱਖਾਂ ਨੇ ਹਾਲ ਦੀ ਘੜੀ ਵਿਚ ਇਕ ਚੁੱਪ, ਸੋ ਸੁੱਖ ਨੂੰ ਹੀ ਠੀਕ ਸਮਝਿਆ। ਇਸ ਚੁੱਪੀ ਬਾਰੇ ਆਸਟਰੀਅਨ ਮੀਡੀਆ ਨੂੰ ਵੀ ਬਹੁਤ ਹੈਰਾਨੀ ਹੋਈ ਅਤੇ ਉਨ੍ਹਾਂ ਨੇ ਆਪਣੀਆਂ ਅਖ਼ਬਾਰਾਂ ਵਿਚ ਇਸ ਦਾ ਜ਼ਿਕਰ ਕੀਤਾ। ਕਿਉਂਕਿ ਜਦ ਮੀਡੀਆ ਵਾਲੇ ਸਿੱਖਾਂ ਦੇ ਗੁਰਦੁਆਰਿਆਂ ਵਿਚ ਉਨ੍ਹਾਂ ਦੇ ਵਿਚਾਰ ਲੈਣ ਪਹੁੰਚੇ ਤਾਂ ਕਿਸੇ ਨੇ ਵੀ ਖੁੱਲ੍ਹ ਕੇ ਗੱਲ ਨਾ ਕਰਨਾ ਹੀ ਸਮਝਦਾਰੀ ਸਮਝੀ, ਇਸ ਦਾ ਇਕ ਕਾਰਣ ਇਹ ਵੀ ਸੀ ਕਿ ਉਨ੍ਹੀ ਦਿਨੀ ਪੰਜਾਬ ਵਿਚ ਗੁੰਡਾਰਾਜ ਸ਼ੁਰੂ ਹੋ ਚੁੱਕਾ ਸੀ ਅਤੇ ਵਿਆਨਾ ਵਾਸੀ ਸਿੱਖਾਂ ਨੂੰ ਆਪਣੇ ਪੰਜਾਬ ਵਿਚ ਵਸਦੇ ਪਰਿਵਾਰਾਂ ਦੀ ਚਿੰਤਾ ਸੀ, ਇਸ ਕਰਕੇ ਆਸਟਰੀਅਨ ਚੈਨਲ ਵਿਚ ਵੀ ਸਿਰਫ਼ ਇਕ ਨੇ ਹੀ ਘਟਨਾ ਸੰਬੰਧੀ ਅੱਗੇ ਆ ਕੇ ਵਿਚਾਰ ਸਾਂਝੇ ਕੀਤੇ ਅਤੇ ਬਾਕੀਆਂ ਨੇ ਸ਼ਕਲ ਦਿਖਾਉਣ ਤੋਂ ਇਨਕਾਰ ਕਰ ਦਿੱਤਾ (ਦੇਖੋ ਵੀਡੀਓ)।

'ਬਲਵਿੰਦਰ ਕੁਮਾਰ' ਨੇ ਝੂਠ ਅਤੇ ਨਫ਼ਰਤ ਪ੍ਰਚਾਰ ਕੀਤਾ

ਜਦ ਕਿਸੇ ਪਰਿਵਾਰ ਵਿਚ ਦੁੱਖਦਾਈ ਘਟਨਾ ਵਾਪਰਦੀ ਹੈ ਤਾਂ ਉਸ ਪਰਿਵਾਰ ਦੇ ਹਮਦਰਦੀ 'ਪਰਿਵਾਰ ਮੁੱਖੀ' ਨਾਲ ਦੁੱਖ ਵਿਚ ਸ਼ਰੀਕ ਹੋਣ ਦਾ ਸੁਨੇਹਾ ਘੱਲਦੇ ਹਨ। ਤੇ ਇੱਥੇ ਕੀ ਹੋਇਆ? ਸਾਰੀਆਂ ਸਿੱਖ ਜਥੇਬੰਦੀਆਂ ਵਲੋਂ ਘਟਨਾ ਦੀ ਨਿਖੇਧੀ ਅਤੇ ਜ਼ਖ਼ਮੀਆਂ ਲਈ ਅਰਦਾਸ ਕੀਤੀ ਗਈ। ਪਰ ਸਭਾ ਮੁਖੀ ਬਲਵਿੰਦਰ ਕੁਮਾਰ ਨੇ ਆਸਟਰੀਆ ਦੀ ਨੰਬਰ 1 ਅਖ਼ਬਾਰ ਵਿਚ ਸਿੱਖਾਂ ਨੂੰ ਤਾਲੀਬਾਨ ਕਹਿ ਛੱਡਿਆ।

ਬਲਵਿੰਦਰ ਕੁਮਾਰ ਨੂੰ ਆਸਟਰੀਅਨ ਮੀਡੀਆ ਰਾਹੀ ਜਦ ਸਿੱਖਾਂ ਦੀ ਚੁੱਪੀ ਬਾਰੇ ਪਤਾ ਲੱਗਾ ਅਤੇ ਪਿਛੋਂ ਮਿਲਦੀ ਫੂਕ ਅਸਰ ਹੇਠ 'ਪਹਿਲਾਂ ਬੋਲੋ, ਕਦੇ ਨਾ ਤੋਲੋ' ਅਧਾਰ ਹੇਠ ਸਿੱਖਾਂ ਬਾਰੇ ਅਵਾ-ਤਵਾ ਬੋਲਣਾ ਸ਼ੁਰੂ ਕਰ ਦਿੱਤਾ। ਪੰਜਾਬੀ ਰੂਪ ਇਸ ਤਰ੍ਹਾਂ ਹੈ: "ਸਿੱਖ ਤਾਲੀਬਾਨ ਦੀ ਤਰ੍ਹਾਂ ਹਨ। ਉਹ ਪੱਗਾਂ ਬੰਨ੍ਹਦੇ ਹਨ, ਦਾੜ੍ਹੀਆਂ ਰੱਖਦੇ ਹਨ ਅਤੇ ਸੀਰੀ ਸਾਹਿਬ ਪਹਿਨਦੇ ਹਨ। ਸਿੱਖ ਪੁਰਾਣੇ ਸਮੇਂ ਵਿਚ ਚਲੇ ਗਏ ਹਨ, ਅਸੀਂ ਖੁੱਲ੍ਹੇ ਵਿਚਾਰਾਂ ਵਾਲੇ ਹਾਂ ਅਤੇ ਇਸ ਤਰ੍ਹਾਂ ਦੀਆਂ ਮਰਿਆਦਾਵਾਂ ਸਾਡੇ ਵਿੱਚ ਨਹੀਂ ਹਨ।" ਇਸ ਦੇ ਸਾਥੀਆਂ ਵਲੋਂ ਵੀ ਘੱਟ ਨਹੀਂ ਕੀਤੀ ਗਈ, ਫ਼ਰਕ ਸਿਰਫ਼ ਇੰਨਾ ਸੀ ਕਿ ਜਿਵੇਂ ਤੋਤੇ ਨੂੰ ਪਾਠ ਰਟਾਇਆ ਜਾਂਦਾ ਹੈ ਉਸੇ ਤਰ੍ਹਾਂ ਇਸ ਨੂੰ 'ਸਿੱਖ ਵਿਰੋਧੀ ਝੂਠ ਅਤੇ ਨਫ਼ਰਤ ਪ੍ਰਚਾਰ' ਦਾ ਪਾਠ ਰਟਾਇਆ ਗਿਆ ਸੀ ਅਤੇ ਬਾਕੀਆਂ ਨੂੰ 'ਸਾਡਾ ਧਰਮ ਇੱਦਾਂ, ਸਾਡਾ ਧਰਮ ਓਦਾਂ' ਪਾਠ ਰਟਾਇਆ ਗਿਆ ਸੀ। ਜਦ ਵਿਆਨਾ ਵਾਸੀ ਸਿੱਖਾਂ ਨੇ ਇੰਟਰਨੈੱਟ ਉੱਤੇ ਇਸ ਦੀ ਘਟੀਆ ਸੋਚ ਪੜ੍ਹੀ ਤਾਂ ਸਿੱਖਾਂ ਦੇ ਮਨਾਂ ਨੂੰ ਬਹੁਤ ਠੇਸ ਪਹੁੰਚੀ ਅਤੇ ਉਨ੍ਹਾਂ ਆਪਣੀ ਚੁੱਪੀ ਤੋੜੀ। ਜਿਸ ਦੇ ਨਤੀਜੇ ਵਜੋਂ ਇੰਟਰਨੈੱਟ ਤੇ ਲੱਗੀ ਇਹ ਮੁਲਾਕਾਤ ਕੁਝ ਸਮੇਂ ਬਾਅਦ ਹੀ ਹਟਾ ਲਈ ਗਈ। ਪਰ ਤੀਰ ਤਾਂ ਕਮਾਨ ਵਿਚੋਂ ਨਿਕਲ ਚੁੱਕਾ ਸੀ ਭਾਵ ਮੁਲਾਕਾਤ ਛਪਣ ਲਈ ਭੇਜ ਦਿੱਤੀ ਗਈ ਸੀ ਅਤੇ ਅਗਲੇ ਦਿਨ ਇਹ ਝੂਠ ਤੇ ਨਫ਼ਰਤ ਪ੍ਰਚਾਰ ਸਾਰੇ ਵਿਆਨਾ ਵਾਸੀਆਂ ਨੇ ਪੜ੍ਹਿਆ।

ਇਸ ਮੋਟੀ ਮੱਤ ਦੇ ਮਾਲਕ ਨੇ ਕਹਿਣ ਲੱਗੇ ਇੰਨਾ ਵੀ ਨਹੀਂ ਸੋਚਿਆ ਕਿ ਉਸਦੇ ਆਪਣੇ ਸੰਤਾਂ ਨੇ ਵੀ ਤਾਂ ਪੱਗਾਂ ਤੇ ਦਾੜ੍ਹੀਆਂ ਰੱਖੀਆਂ ਹੋਈਆਂ ਹਨ, ਜਿਸ ਦਾ ਜ਼ਿਕਰ ਆਸਟਰੀਅਨ ਅਖ਼ਬਾਰਾਂ ਵਾਲਿਆਂ ਨੇ ਵੀ ਕੀਤਾ। ਪਰ ਤੋਤੇ ਨੇ ਤਾਂ ਬਿਨ੍ਹਾਂ ਸੋਚੇ ਸਮਝੇ ਰਟਿਆ-ਰਟਾਇਆ ਪਾਠ ਬੋਲਣਾ ਸੀ। ਜਦ ਇਸ ਤੋਤੇ ਨੂੰ ਆਪਣੀ ਗ਼ਲਤੀ ਦਾ ਅਹਿਸਾਸ ਹੋਇਆ ਤਾਂ ਅਖ਼ਬਾਰ ਵਿਚ ਉਸ ਤੋਂ ਅਗਲੇ ਦਿਨ 'ਤਾਲੀਬਾਨ ਬਿਆਨ' ਸੰਬੰਧੀ ਸਪੱਸ਼ਟੀਕਰਨ ਦਿੱਤਾ ਕਿ "ਇਹ ਇਕ ਗ਼ਲਤਫ਼ਹਿਮੀ ਹੈ, ਮੇਰੇ ਕਹਿਣ ਦਾ ਮਤਲਬ ਸੀ ਕਿ ਸਿੱਖ ਦਾੜ੍ਹੀਆਂ ਤੇ ਪੱਗਾਂ ਨਾਲ ਤਾਲੀਬਾਨ ਦੀ ਤਰ੍ਹਾਂ ਦਿਸਦੇ ਹਨ, ਪਰ ਉਹ ਤਾਲੀਬਾਨ ਬਿਲਕੁਲ ਨਹੀਂ ਹਨ, ਮੈਂ ਸਿੱਖ ਧਰਮ ਦੇ ਵਿਰੁੱਧ ਨਹੀਂ ਹਾਂ।" ਸ਼ੇਰਾਂ ਦੇ ਗਰਜਣ ਨਾਲ ਹੁਣ ਇਹ ਤੋਤਾ ਘਟਨਾ ਸੰਬੰਧੀ ਕੋਈ ਬਿਆਨ ਨਹੀਂ ਦੇ ਰਿਹਾ ਅਤੇ ਮੀਡੀਆ ਨੂੰ ਭਾਰਤੀ ਦੂਤਾਵਾਸ ਤੋਂ ਪੁੱਛ-ਗਿੱਛ ਕਰਨ ਲਈ ਕਹਿ ਰਿਹਾ ਹੈ। ਇਸ 'ਤਾਲੀਬਾਨ ਬਿਆਨ' ਤੋਂ ਬਾਅਦ ਸਿੱਖਾਂ ਨੇ ਵੀ ਮੀਡੀਆ ਰਾਹੀ ਬੋਲਣਾ ਸ਼ੁਰੂ ਕਰ ਦਿੱਤਾ ਸੀ, ਕਿਉਂਕਿ ਹੁਣ ਤੱਕ ਪੰਜਾਬ ਵਿਚ ਵੀ ਗੁੰਡਾਰਾਜ ਖ਼ਤਮ ਹੋ ਚੁੱਕਾ ਸੀ ਅਤੇ ਗੰਧਲੀ ਰਾਜਨੀਤੀ ਸ਼ੁਰੂ ਹੋ ਚੁੱਕੀ ਸੀ।

ਬਲਵਿੰਦਰ ਕੁਮਾਰ ਨੇ ਝੂਠ ਪ੍ਰਚਾਰ ਪਾਠ ਹੇਠ ਆਸਟਰੀਅਨ ਪੁਲਿਸ ਨੂੰ ਵੀ ਨਹੀਂ ਬਖਸ਼ਿਆ। ਘਟਨਾ ਤੋਂ ਕੁਝ ਸਮੇਂ ਬਾਅਦ ਹੀ ਆਪਣੀ ਗ਼ਲਤੀ ਨੂੰ ਛਪਾਉਣ ਲਈ ਮੀਡੀਆ ਅੱਗੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਅਸੀਂ ਪੁਲਿਸ ਸੁਰੱਖਿਆ ਮੰਗੀ ਸੀ। ਪਰ ਸਾਨੂੰ ਦਿੱਤੀ ਨਹੀਂ ਗਈ। ਪਰ ਅਗਲੇ ਦਿਨ ਪੂਰੀ ਜਾਂਚ ਪੜਤਾਲ ਕਰਕੇ ਪੁਲਿਸ ਪ੍ਰਧਾਨ ਨੇ ਗੱਲ ਸਾਫ਼ ਕੀਤੀ ਕਿ ਸਾਡੇ ਨਾਲ ਦੋ ਵਾਰੀ ਸੰਪਰਕ ਕੀਤਾ ਗਿਆ। ਪਹਿਲੀ ਵਾਰੀ ਕੁਝ ਦਿਨ ਪਹਿਲਾਂ ਸਭਾ ਪ੍ਰਧਾਨ ਨੇ ਦੱਸਿਆ 'ਖ਼ਤਰੇ ਵਾਲੀ ਕੋਈ ਗੱਲ ਨਹੀਂ' ਦੂਜੀ ਵਾਰੀ ਘਟਨਾ ਤੋਂ ਕੁਝ ਮਿੰਟ ਪਹਿਲਾਂ ਫੋਨ ਤੇ ਪੁਲਿਸ ਨੂੰ ਦੱਸਿਆ ਗਿਆ ਕਿ ਉਮੀਦ ਤੋਂ ਜ਼ਿਆਦਾ ਲੋਕ ਆ ਪਹੁੰਚੇ ਹਨ। ਇਸ ਕਰਕੇ ਉਸੇ ਸਮੇਂ ਇਕ ਪੁਲਿਸ ਕਾਰ ਘਟਨਾ ਸਥਾਨ ਵੱਲ ਭੇਜੀ ਗਈ (ਦੇਖੋ ਵੀਡੀਓ)। ਜਿਸ ਕਰਕੇ ਪੁਲਿਸ ਘਟਨਾ ਤੋਂ ਕੁਝ ਮਿੰਟ ਬਾਅਦ ਹੀ ਮੌਕੇ ਤੇ ਪਹੁੰਚ ਗਈ ਸੀ। ਅਖ਼ਬਾਰਾਂ ਮੁਤਾਬਿਕ 'ਗੁਰਦੁਆਰਾ ਨਾਨਕਸਰ' ਦੇ ਪ੍ਰਧਾਨ ਵਲੋਂ ਫੋਨ ਤੇ ਸਾਵਧਾਨ ਰਹਿਣ ਕਿਹਾ ਗਿਆ ਸੀ, ਇਸ ਕਰਕੇ ਸਵਾਲ ਹੈ, ਕੀ ਪੁਲਿਸ ਨੂੰ ਕਿਤੇ ਸੋਚੀ ਸਮਝੀ ਸਾਜ਼ਿਸ਼ ਕਰਕੇ ਪੂਰੀ ਤੇ ਸਹੀ ਜਾਣਕਾਰੀ ਨਹੀਂ ਦਿੱਤੀ ਗਈ ਜਾਂ ਕਾਰਣ ਬਲਵਿੰਦਰ ਕੁਮਾਰ ਦੀ ਅਯੋਗਤਾ ਹੈ?

ਮੁੱਕਦੀ ਗੱਲ, ਆਪਣੀਆਂ ਗ਼ਲਤੀਆਂ ਤੇ ਪਰਦਾ ਪਾਉਣ ਲਈ ਬਲਵਿੰਦਰ ਕੁਮਾਰ 'ਇਹ ਇਕ ਗ਼ਲਤਫ਼ਹਿਮੀ ਹੈ' (ਤਾਲੀਬਾਨ ਬਿਆਨ) ਦਾ ਬਹਾਨਾ ਲਾ ਰਿਹਾ ਹੈ ਤੇ ਕਦੇ ਪੁਲਿਸ ਨੂੰ ਦੋਸ਼ੀ ਠਹਿਰਾ ਰਿਹਾ ਹੈ ਕਿਉਂਕਿ ਪੁਲਿਸ ਦਾ ਵੀ ਕਹਿਣਾ ਹੈ ਕਿ ਘਟਨਾ ਵਾਪਰਨ ਤੇ ਸਾਨੂੰ 'ਬਲੀ ਦਾ ਬੱਕਰਾ' ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

'ਸਿੰਘ' ਨਾਮ ਪਿੱਛੇ ਲਾਉਣ ਦਾ ਅਰਥ ਹੀ ਜਾਤ ਪਾਤ ਦੇ ਫ਼ਰਕ ਮਿਟਾਉਣਾ ਹੈ। 'ਸਿੰਘ' ਨਾਮ ਇਨਸਾਨੀ ਬਰਾਬਰਤਾ ਦਾ ਪ੍ਰਤੀਕ ਹੈ। ਅਫਸੋਸ ਇਸ ਗੱਲ ਦਾ ਹੈ ਕਿ ਇਸ ਝੂਠ ਅਤੇ ਨਫ਼ਰਤ ਪ੍ਰਚਾਰ ਨੇ ਜਾਤ ਪਾਤ ਵਿਚ ਪਈ ਦਰਾੜ ਨੂੰ ਪਾੜੇ ਵਿਚ ਬਦਲ ਦਿੱਤਾ ਹੈ।

ਪੈਰੋਕਾਰਾਂ ਵਲੋਂ ਵੀ ਝੂਠ ਪ੍ਰਚਾਰ ਕੀਤਾ ਗਿਆ

ਜਦ ਸਿੱਖਾਂ ਨੇ ਚੁੱਪੀ ਵੱਟ ਲਈ ਸੀ ਤਾਂ ਪੈਰੋਕਾਰਾਂ ਵਲੋਂ ਆਪਣੇ ਧਰਮ ਨੂੰ ਸਿੱਖ ਧਰਮ ਨਾਲੋਂ ਵਧੀਆ ਅਤੇ ਨੀਵੀਂ ਜਾਤੀ ਨੂੰ ਗੁਲਾਮ ਅਤੇ ਉੱਚ ਜਾਤੀ ਨੂੰ ਜ਼ਾਲਮ ਰੂਪ ਵਿਚ ਪੇਸ਼ ਕਰਨ ਦੀਆਂ ਚਾਲਾਂ ਚੱਲੀਆਂ ਗਈਆਂ। ਇੱਕ ਪਾਸੇ ਬਲਵਿੰਦਰ ਕੁਮਾਰ ਅਖ਼ਬਾਰਾਂ ਵਿਚ ਕਹਿ ਰਿਹਾ ਸੀ। ਸਾਡੀ ਜਾਤੀ ਨੂੰ ਉੱਚ-ਨੌਕਰੀਆਂ ਨਹੀਂ ਦਿੱਤੀਆਂ ਜਾਂਦੀਆਂ। ਦੂਜੇ ਪਾਸੇ ਆਸਟਰੀਅਨ ਟੀਵੀ ਚੈਨਲ ਵਾਲਿਆਂ ਨੂੰ ਜਦੋਂ 'ਦਾਲ ਵਿਚ ਕੁਝ ਕਾਲਾ ਲੱਗਾ' ਤਾਂ ਉਨ੍ਹਾਂ ਨੇ ਪੰਜਾਬ ਵਿਚ ਵੀਡੀਓ ਰਿਪੋਰਟ ਲਈ ਆਪਣੇ ਬੰਦੇ ਭੇਜੇ। ਵੀਡੀਓ ਵਿਚ ਬਲਵਿੰਦਰ ਕੁਮਾਰ ਦੀ ਮੰਡਲੀ ਵਿਚੋਂ ਹੀ ਇਕ ਪੜ੍ਹਿਆ ਲਿਖਿਆ ਦੱਸ ਰਿਹਾ ਹੈ "ਪਹਿਲਾਂ ਅਸੀਂ ਇਨ੍ਹਾਂ ਦੇ ਖੇਤਾਂ ਵਿਚ ਕੰਮ ਕਰਦੇ ਸਨ। ਹੁਣ ਅਸੀਂ ਪੜ੍ਹ ਲਿਖ ਗਏ ਹਾਂ। ਸਾਡੇ ਕੋਲ ਨੌਕਰੀਆਂ ਹਨ। ਹੁਣ ਅਸੀਂ ਸਮਾਜਿਕ ਬਰਾਬਰੀ ਦੀ ਮੰਗ ਕਰਦੇ ਹਾਂ।" ਇੱਥੇ ਹੀ ਬਲਵਿੰਦਰ ਕੁਮਾਰ ਦਾ ਝੂਠ ਫੜ ਹੁੰਦਾ ਹੈ। ਕਿਉਂਕਿ ਬਲਵਿੰਦਰ ਕੁਮਾਰ ਨੇ 'ਤਾਲੀਬਾਨ ਮੁਲਾਕਾਤ' ਵਿਚ ਕਿਹਾ ਹੈ ਕਿ ਸਾਨੂੰ ਉੱਚ ਨੌਕਰੀਆਂ ਨਹੀਂ ਦਿੱਤੀਆਂ ਜਾਂਦੀਆਂ। ਵੀਡੀਓ ਵਿਚ ਇਕ ਹੋਰ ਕਹਿ ਰਿਹਾ ਹੈ ਕਿ ਗੁਰੂ ਰਵਿਦਾਸ ਅੱਗੇ ਇਹ 'ਸ੍ਰੀ' ਨਹੀਂ ਲਾਉਂਦੇ ਇਸ ਕਰਕੇ ਅਸੀਂ 'ਸ੍ਰੀ' ਅੱਗੇ ਲਗਾਉਣ ਦੀ ਮੰਗ ਕਰਦੇ ਹਾਂ। ਜਦ ਵੀਡੀਓ ਵਾਲੇ ਇਨ੍ਹਾਂ ਨਾਲ ਇਨ੍ਹਾਂ ਦੇ 'ਸ੍ਰੀ ਗੁਰੂ ਰਵਿਦਾਸ ਮੰਦਰ' ਜਾਂਦੇ ਹਨ ਤਾਂ ਉਥੇ ਸਾਫ ਦੇਖਿਆ ਜਾ ਸਕਦਾ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਬਰਾਬਰ ਭਗਤ ਰਵਿਦਾਸ ਦੀ ਮੂਰਤੀ ਸਥਾਪਿਤ ਕੀਤੀ ਗਈ ਹੈ (ਦੇਖੋ ਵੀਡੀਓ)।

ਇਕ 'ਯੂ ਟਿਊਬ' ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਬੀਬੀਸੀ ਨਿਊਜ਼ ਵਿਚ ਬਲਵਿੰਦਰ ਕੁਮਾਰ ਕਹਿ ਰਿਹਾ ਕਿ ਇਹ ਸਾਡੇ ਧਰਮ ਨੂੰ ਨੀਵਾਂ ਕਰਨਾ ਚਾਹੁੰਦੇ ਹਨ, ਇਹ ਦੋ ਤਿੰਨ ਸਦੀਆਂ ਪਿੱਛੇ ਹਨ, ਅਸੀਂ ਇੱਕ੍ਹੀਵੀਂ ਸਦੀ ਵਿਚ ਹਾਂ। ਵਿਆਨਾ ਵਿਚ ਬਾਬੇ ਦੇ ਅੰਤਿਮ ਦਰਸ਼ਨ ਵਾਲੀ ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਪੈਰੋਕਾਰ ਝੂਠ ਪ੍ਰਚਾਰ ਨੂੰ ਪੱਠੇ ਪਾ ਰਹੇ ਹਨ। ਇਕ ਕਹਿ ਰਿਹਾ ਹੈ 'ਦੂਜਾ ਧਰਮ (ਸਿੱਖ) ਸਾਡੇ ਧਰਮ ਨੂੰ ਹਮੇਸ਼ਾ ਦੱਬਦਾ ਆਇਆ ਹੈ, ਇਸ ਗੁਰੂ ਨੇ ਸਾਨੂੰ ਉਪਰ ਉਠਾਇਆ ...।' ਲੰਡਨ ਤੋਂ ਪਹੁੰਚੀ ਇਕ ਬੀਬੀ ਕਹਿ ਰਹੀ ਹੈ 'ਗਰੀਬਾਂ ਨੂੰ ਲੰਬੇ ਸਮੇਂ ਤੱਕ ਗੁਲਾਮਾਂ ਦੀ ਤਰ੍ਹਾਂ ਰੱਖਿਆ ਗਿਆ, ਇਸ ਗੁਰੂ ਨੇ ਕ੍ਰਾਂਤੀ ਲਿਆਂਦੀ ...।'

ਹੋਰ ਖ਼ਬਰਾਂ ਅਨੁਸਾਰ ਬਲਵਿੰਦਰ ਕੁਮਾਰ ਅਤੇ ਹੋਰ ਤੋਤਿਆਂ ਵਲੋਂ 'ਗੁਰਦੁਆਰਾ ਨਾਨਕਸਰ' ਦੇ ਪ੍ਰਬੰਧਕਾਂ ਨੂੰ ਘਟਨਾ ਲਈ ਸਿੱਧਾ ਦੋਸ਼ੀ ਠਹਿਰਾਇਆ ਗਿਆ ਹੈ। ਕਾਰਣ ਦਾਨ-ਪੂੰਜੀ ਵਿਚ ਕਮੀ ਦੱਸੀ ਗਈ ਹੈ। ਇਨ੍ਹਾਂ ਤੋਤਿਆਂ ਨੂੰ ਸਾਡਾ ਜਵਾਬ ਇਹ ਹੀ ਹੈ ਕਿ 'ਗੁਰਦੁਆਰਾ ਨਾਨਕਸਰ' ਦੀ ਨਵੀਂ ਬਣੀ ਖ਼ੂਬਸੂਰਤ ਇਮਾਰਤ ਇਨ੍ਹਾਂ ਦੇ ਹਰ ਦੋਸ਼ ਨੂੰ ਗ਼ਲਤ ਠਹਿਰਾਉਂਦੀ ਹੈ। 'ਗੁਰਦੁਆਰਾ ਨਾਨਕਸਰ' ਦੀ ਖ਼ੂਬਸੂਰਤ ਇਮਾਰਤ ਸਿੱਖਾਂ ਦੇ ਪੱਕੇ ਇਰਾਦਿਆਂ ਦਾ ਸਬੂਤ ਹੈ ਭਾਵੇਂ ਜਿੰਨੇ ਮਰਜ਼ੀ ਪੈਰੋਕਾਰ ਗੁਰਦੁਆਰਿਆਂ ਤੋਂ ਬੇਮੁਖ ਹੋਣ ਜਾਣ, ਗੁਰਦੁਆਰਿਆਂ ਦੀ ਚੜ੍ਹਦੀ ਕਲਾ ਵਿਚ ਕੋਈ ਵਿਘਨ ਨਹੀਂ ਪਾ ਸਕਦਾ। ਇਕ ਹੋਰ ਕਾਰਣ ਜੋ ਦੱਸਿਆ ਗਿਆ ਹੈ ਕਿ ਗੁਰਦੁਆਰਿਆਂ ਨੂੰ ਵਿਆਹਾਂ ਤੇ ਬਹੁਤ ਕਮਾਈ ਹੁੰਦੀ ਹੈ। ਹੁਣ ਅਸੀਂ ਆਪਣੇ ਗੁਰੂਘਰ ਵਿਚ ਵਿਆਹ ਕਰਨ ਲੱਗ ਪਏ ਹਾਂ। ਇਸ ਕਰਕੇ ਗੁਰਦੁਆਰਿਆਂ ਨੂੰ ਬਹੁਤ ਘਾਟਾ ਪੈ ਰਿਹਾ ਹੈ। ਅਸੀਂ ਜਵਾਬ ਵਜੋਂ 'ਤੋਤੇ ਪਾਠ' ਦੀ ਗੱਲ ਨਹੀਂ ਕਰਾਂਗੇ ਬਲਕਿ ਤੱਥ ਪੇਸ਼ ਕਰਨਾ ਚਾਹਾਂਗੇ। 31.05.09 ਪੰਜਾਬੀ ਇੰਟਰਨੈੱਟ ਅਖ਼ਬਾਰ 'ਮੀਡੀਆ ਪੰਜਾਬ' ਮੁਤਾਬਿਕ 2794 ਸਿੱਖ ਆਸਟਰੀਆ ਵਿਚ ਰਹਿ ਰਹੇ ਹਨ ਭਾਵ ਵਿਆਨਾ ਵਿਚ 2794 ਨਾਲੋਂ ਘੱਟ ਹੋਣਗੇ। ਜ਼ਿਆਦਾ ਗਹਿਰਾਈ ਵਿਚ ਨਾ ਜਾਂਦੇ ਹੋਏ, ਮੁੱਕਦੀ ਗੱਲ ਇਹ ਹੈ ਕਿ ਵਿਆਨਾ ਵਿਚ ਹਾਲਾਤ ਇਹ ਨਹੀਂ ਕਿ ਹਰ ਹਫ਼ਤੇ ਜਾਂ ਹਰ ਮਹੀਨੇ ਵਿਆਹ ਹੁੰਦਾ ਹੋਵੇ। ਨਾਲੇ ਜਿੱਥੇ ਮਿਲਿਅਨ ਦੇ ਹਿਸਾਬ ਨਾਲ ਖ਼ਰਚਾ ਕੀਤਾ ਹੋਵੇ ਭਾਵ ਗੁਰਦੁਆਰਾ ਨਾਨਕਸਰ ਦੀ ਨਵੀਂ ਬਣੀ ਇਮਾਰਤ ਅਤੇ ਗੁਰਦੁਆਰਾ ਸਿੰਘ ਸਭਾ ਵਾਲਿਆਂ ਵਲੋਂ ਆਸਟਰੀਆ ਦੀ ਰਾਜਧਾਨੀ ਵਿਆਨਾ ਦੀ ਸੰਘਣੀ ਵਸੋਂ ਵਾਲੇ ਇਲਾਕੇ ਵਿਚ ਵਿਸ਼ਾਲ ਜਗ੍ਹਾ ਲੈਣਾ ਸਿੱਧ ਕਰਦਾ ਹੈ ਕਿ ਵਿਆਹਾਂ ਤੇ ਹਜ਼ਾਰ-ਪੰਜ ਸੋ ਯੂਰੋ ਦੇ ਘਾਟੇ ਨਾਲ ਗੁਰਦੁਆਰਿਆਂ ਨੂੰ ਕੋਈ ਫ਼ਰਕ ਨਹੀਂ ਪੈਣ ਲੱਗਾ।

ਭਾਰਤੀ ਅਖ਼ਬਾਰਾਂ ਵਲੋਂ ਬਲਦੀ ਤੇ ਤੇਲ ਪਾਇਆ ਗਿਆ

ਜਿਵੇਂ ਕਿ ਉਪਰ ਲਿਖਿਆ ਹੈ ਕਿ ਸਿੱਖ ਅਤੇ ਪੰਜਾਬ ਵਿਰੋਧੀ ਤਾਕਤਾਂ ਦੀਆਂ ਸੈਨਾਵਾਂ-ਅਖ਼ਬਾਰਾਂ, ਦਲਾਲਾਂ ਨੂੰ ਪੂਰਾ-ਪੂਰਾ ਸਹਿਯੋਗ ਦਿੰਦੀਆਂ ਹਨ, ਠੀਕ ਇੰਝ ਹੀ ਹੋਇਆ। 27.05.09 ਦੀ ਆਸਟਰੀਅਨ ਅਖ਼ਬਾਰ 'ਸਟੈਂਡਰਡ' (ਇੰਟਰਨੈੱਟ ਤੇ ਵੀ) ਅਤੇ ਹੋਰ ਅਖ਼ਬਾਰਾਂ ਲਿਖਦੀਆਂ ਹਨ ਕਿ 'ਹਿੰਦੁਸਤਾਨ ਟਾਈਮਜ਼' ਨੇ ਘਟਨਾ ਦਾ ਕਾਰਣ 'ਜਾਤ-ਪਾਤ ਜੰਗ' ਲਿਖਿਆ ਹੈ। ਵਿਆਨਾ ਗੁਰੂਘਰ ਦੇ ਉਪ-ਪ੍ਰਧਾਨ ਮਾਹੀ ਦਾ ਬਿਆਨ ਅਤੇ 'ਹਿੰਦੁਸਤਾਨ ਟਾਈਮਜ਼' ਦਾ ਪੰਜਾਬੀ ਰੂਪ: ਭਾਰਤੀ ਮੀਡੀਆ ਨੂੰ ਸ਼ੱਕ ਹੈ ਕਿ ਘਟਨਾ ਪਿੱਛੇ ਉੱਚ-ਜਾਤੀਆਂ ਦੇ ਸਿੱਖ-ਖਾੜਕੂਆਂ ਦਾ ਹੱਥ ਹੈ, ਜਿਨ੍ਹਾਂ ਦੀਆਂ ਅੱਖਾਂ ਵਿਚ ਦਲਿਤ-ਜਾਤੀ ਦੀ ਤਰੱਕੀ ਰੜਕਦੀ ਸੀ। ਕਿਉਂਕਿ ਦਲਿਤ-ਜਾਤੀ ਦੇ ਲੋਕਾਂ ਨੇ ਦੁਨੀਆ ਭਰ ਵਿਚ ਆਪਣੇ 'ਗੁਰੂਘਰ' ਖੋਲ ਲਏ ਹਨ। ਇਸ ਕਰਕੇ ਸਿੱਖਾਂ ਦੇ ਗੁਰਦੁਆਰਿਆਂ ਦੇ ਸ਼ਰਧਾਲੂਆਂ ਦੀ ਗਿਣਤੀ ਘਟ ਗਈ ਹੈ ਜਿਸ ਕਾਰਣ ਉਨ੍ਹਾਂ ਦੀ ਦਾਨ-ਪੂੰਜੀ ਵਿਚ ਕਮੀ ਆਈ ਹੈ। 'ਹਿੰਦੁਸਤਾਨ ਟਾਈਮਜ਼' ਨੇ ਤਾਂ 'ਗੁਰਦੁਆਰਾ ਨਾਨਕਸਰ' ਨੂੰ ਖ਼ਾਲਿਸਤਾਨੀਆਂ ਦਾ ਗੁਰਦੁਆਰਾ ਕਰਾਰ ਦੇ ਦਿੱਤਾ ਹੈ।

ਲੈ ਦੇ ਕੇ ਭਾਰਤੀ ਅਖ਼ਬਾਰਾਂ ਅਤੇ ਆਸਟਰੀਅਨ ਅਖ਼ਬਾਰਾਂ ਨੂੰ ਪੈਰੋਕਾਰਾਂ (ਮਾਹੀ ਤੇ ਹੋਰ) ਵਲੋਂ ਜੋ ਜਾਣਕਾਰੀ ਦਿੱਤੀ ਗਈ ਹੈ। ਉਸਦਾ ਨਿਚੋੜ ਇਹ ਬਣਦਾ ਹੈ ਕਿ ਸਾਡਾ ਗੁਰੂ (13ਵੀ ਸਦੀ) ਇਨ੍ਹਾਂ ਦੇ ਗੁਰੂ (15ਵੀ ਸਦੀ) ਨਾਲੋਂ ਪਹਿਲਾਂ ਹੋਇਆ ਸੀ। ਸਿੱਖਾਂ ਅਤੇ ਉੱਚ-ਜਾਤੀਆਂ ਨੇ ਨੀਵੀਂ ਅਤੇ ਅਛੂਤ ਜਾਤੀਆਂ ਨੂੰ ਹਮੇਸ਼ਾਂ ਦਬਾ ਕੇ ਰੱਖਿਆ ਸੀ। ਪਹਿਲਾਂ ਅਸੀਂ ਸਿੱਖਾਂ ਲਈ ਘਟੀਆ ਕੰਮ (ਖੇਤਾਂ ਵਿਚ) ਕਰਦੇ ਸੀ। ਹੁਣ ਅਸੀਂ ਪੜ੍ਹ-ਲਿਖ ਗਏ ਹਾਂ ਅਤੇ ਸਾਡਾ ਰਹਿਣ-ਸਹਿਣ ਇਨ੍ਹਾਂ ਵਾਂਗੂ ਹੈ। ਬਸ, ਇਹ ਹੀ ਇਨ੍ਹਾਂ ਕੋਲੋਂ ਦੇਖਿਆ ਨਹੀਂ ਜਾਂਦਾ। ਵਿਆਨਾ ਗੁਰੂਘਰ ਵਿਚ ਜੋ ਘਟਨਾ ਵਾਪਰੀ ਹੈ, ਉਹ ਈਰਖਾ ਦਾ ਹੀ ਨਤੀਜਾ ਹੈ। ਨਾਲੇ, ਜਦੋਂ ਪੈਰੋਕਾਰਾਂ ਵਲੋਂ ਗੁਰੂ ਨੂੰ ਸਰੋਪਾ ਦਿੱਤਾ ਗਿਆ, ਸਿੱਖਾਂ ਨੂੰ ਇਸ ਗੱਲ ਬਹੁਤ ਗੁੱਸਾ ਲੱਗਾ ਕਿਉਂਕਿ ਅਛੂਤਾਂ ਨੂੰ ਇਸ ਗੱਲ ਦੀ ਇਜਾਜ਼ਤ ਨਹੀਂ।

ਹੁਣ ਇੱਥੇ ਜ਼ਿਕਰਯੋਗ ਹੈ ਕਿ ਇਹ 'ਨਫ਼ਰਤ ਪਾਠ' ਸਿਰਫ਼ ਆਸਟਰੀਆ ਦੇ ਅਖੌਤੀ ਪੰਜਾਬੀ ਹੀ ਨਹੀਂ ਰਟ ਰਹੇ ਸਗੋਂ ਲੰਡਨ ਤੋਂ ਆਈ ਬੀਬੀ ਨੇ ਵੀ ਆਸਟਰੀਅਨ ਟੈਲੀਵੀਜ਼ਨ ਅੱਗੇ ਇਹ ਹੀ ਕੁਝ ਰਟਿਆ ਹੈ। ਮਹਾਨ ਸ਼ਖ਼ਸੀਅਤਾਂ ਦੇ ਜਨਮ ਦਿਹਾੜੇ ਸਮਾਗਮਾਂ ਅਤੇ ਧਾਰਮਿਕ ਸਥਾਨਾਂ ਤੇ ਉੱਚ-ਜਾਤੀਆਂ ਖ਼ਿਲਾਫ਼ ਜੋ 'ਨਫ਼ਰਤ ਪਾਠ' ਪੜ੍ਹਾਇਆ ਜਾਂਦਾ ਹੈ। ਇਹ ਸਭ ਉਸੇ ਦਾ ਨਤੀਜਾ ਹੈ। ਲੰਡਨ ਵਾਲੀ ਬੀਬੀ ਨੇ ਸਿੱਧ ਕਰ ਦਿੱਤਾ ਕਿ ਕੱਲ ਨੂੰ ਜੇ ਇਹੀ ਘਟਨਾ ਹੋਰ ਮੁਲਕ ਵਿਚ ਵਾਪਰਦੀ ਹੈ ਤਾਂ ਉੱਥੇ ਵੀ ਇਹ ਝੂਠ ਅਤੇ ਨਫ਼ਰਤ ਭਰੀ ਜਾਣਕਾਰੀ ਖਿਲਾਰੀ ਜਾਵੇਗੀ। ਸਾਰੀਆਂ ਮੁਲਾਕਾਤਾਂ ਅਤੇ ਖ਼ਬਰਾਂ ਵਿਚ ਪੈਰੋਕਾਰਾਂ ਨੇ ਇਕ ਵਾਰ ਵੀ ਸਰਕਾਰੀ ਸਹੂਲਤਾਂ ਦਾ ਜ਼ਿਕਰ ਨਹੀਂ ਕੀਤਾ। ਸਿਰਫ਼ ਤੇ ਸਿਰਫ਼ ਕੋਸ਼ਿਸ਼ ਇਹ ਕੀਤੀ ਗਈ ਆਪਣੇ ਆਪ ਨੂੰ ਸਿੱਖਾਂ ਅਤੇ ਉੱਚ-ਜਾਤੀਆਂ ਵਲੋਂ ਦੱਬੇ-ਕੁਚਲੇ ਦਰਸਾਇਆ ਜਾਵੇ।

ਲੋੜ ਹੈ ਇਕ ਸੂਚੀ ਜਾਰੀ ਕਰਨ ਦੀ ਜਿਸ ਵਿਚ ਇਨ੍ਹਾਂ ਨੂੰ ਕਾਨੂੰਨੀ ਸਹੂਲਤਾਂ ਰਾਹੀ ਮਿਲਦੀ ਮਾਲੀ ਮਦਦ, ਨੌਕਰੀਆਂ ਅਤੇ ਜਾਤੀ ਸੂਚਕ ਸ਼ਬਦ ਕਹਿਣ ਤੇ ਕਾਨੂੰਨੀ ਉਲੰਘਣਾ ਬਾਰੇ ਵਿਸਥਾਰਪੂਰਵਕ ਦੱਸਿਆ ਗਿਆ ਹੋਵੇ ਤਾਂ ਕਿ ਵਿਆਨਾ ਵਿਚ ਜੋ ਇਨ੍ਹਾਂ ਵਲੋਂ ਝੂਠ ਪ੍ਰਚਾਰ ਕੀਤਾ ਗਿਆ ਹੈ ਉਸਦਾ ਮੂੰਹ-ਤੋੜ ਜਵਾਬ ਦਿੱਤਾ ਜਾਵੇ।

ਅਖ਼ਬਾਰਾਂ ਦੱਸਦੀਆਂ ਹਨ ਕਿ ਭਾਰਤ ਸਰਕਾਰ ਵਲੋਂ ਜਲਦ ਤੋਂ ਜਲਦ ਕੇਸ ਹੱਲ ਕਰਨ ਲਈ ਆਸਟਰੀਆ ਤੇ ਦਬਾਅ ਪਾਇਆ ਗਿਆ। ਘਟਨਾ ਦੀ ਜਾਂਚ ਕਰਨ ਲਈ ਭਾਰਤ ਸਰਕਾਰ ਤਾਂ ਆਪਣੇ ਜਾਂਚਕਰਤਾ ਭੇਜਣ ਲਈ ਤਿਆਰ ਹੋ ਗਈ ਸੀ। ਭਾਰਤੀ ਅਖ਼ਬਾਰਾਂ 'ਦਾ ਹਿੰਦੂਜ਼', 'ਹਿੰਦੂ ਟਾਈਮਜ਼', ਸਭਾ ਪ੍ਰਧਾਨ ਬਲਵਿੰਦਰ ਕੁਮਾਰ ਅਤੇ ਪੈਰੋਕਾਰ (ਲੰਦਨ ਤੋਂ ਵੀ) ਲਗਾਤਾਰ ਝੂਠ ਅਤੇ ਨਫ਼ਰਤ ਪ੍ਰਚਾਰ ਕਰਨ ਵਿਚ ਇੰਨਾ ਰੁੱਝੇ ਹੋਏ ਸਨ ਕਿ ਕਿਸੇ ਇੱਕ ਨੇ ਵੀ 'ਗੁਰੂ ਗ੍ਰੰਥ ਸਾਹਿਬ' ਦਾ ਸੁੱਖ ਆਸਣ ਕਰਵਾਉਣ ਦੀ ਗੱਲ ਨਹੀਂ ਕੀਤੀ। ਇਸ ਸੰਬੰਧੀ ਕੋਈ ਖ਼ਬਰ ਪੜ੍ਹਨ ਜਾਂ ਸੁਣਨ ਨੂੰ ਨਹੀਂ ਮਿਲੀ। ਪਹਿਲਾਂ ਫਰਜ਼ ਬਲਵਿੰਦਰ ਕੁਮਾਰ ਦਾ ਬਣਦਾ ਸੀ ਜੋ ਕਿ 'ਗੁਰੂਘਰ ਸ਼੍ਰੀ ਗੁਰੂ ਰਵਿਦਾਸ ਸਭਾ' ਦਾ ਪ੍ਰਧਾਨ ਹੈ। ਜਦ ਭਾਰਤ ਸਰਕਾਰ ਵਲੋਂ ਪੂਰਾ ਸਹਿਯੋਗ ਮਿਲ ਰਿਹਾ ਹੈ ਤਾਂ ਇਸ ਵਲੋਂ 'ਸੁੱਖ ਆਸਣ' ਸੰਬੰਧੀ ਭਾਰਤ ਸਰਕਾਰ ਨਾਲ ਮਿਲ ਕੇ ਆਸਟਰੀਅਨ ਸਰਕਾਰ ਨੂੰ ਬੇਨਤੀ ਕਿਉਂ ਨਹੀਂ ਕੀਤੀ ਗਈ?

ਪਰ ਇੱਥੇ ਤਾਂ ਮਕਸਦ ਸਿਰਫ਼ ਪੰਜਾਬ ਨੂੰ ਅੱਗ ਲਾ ਕੇ ਆਪਣੀ ਤਾਕਤ ਦਾ ਪ੍ਰਦਰਸ਼ਨ ਕਰਨਾ ਅਤੇ ਆਪਣੇ ਧਰਮ ਦਾ ਪ੍ਰਚਾਰ ਕਰਨਾ ਸੀ। ਦੂਜੀ ਗੱਲ ਇਹ ਵੀ ਹੈ ਕਿ ਜਿਸ ਤਰ੍ਹਾਂ ਭਾਰਤ ਸਰਕਾਰ ਅਤੇ ਹਿੰਦੂ ਅਖ਼ਬਾਰਾਂ ਨੇ ਘਟਨਾ ਸੰਬੰਧੀ ਦਿਲਚਸਪੀ ਦਿਖਾਈ ਹੈ ਉਸ ਤੋਂ ਇਹ ਪ੍ਰਤੀਤ ਹੁੰਦਾ ਹੈ ਕਿ ਜਿਵੇਂ ਮਸਲਾ ਸਿੱਖਾਂ ਅਤੇ ਰਵਿਦਾਸੀਆਂ ਵਿਚਕਾਰ ਨਹੀਂ ਸਗੋਂ ਸਿੱਖਾਂ ਅਤੇ ਹਿੰਦੂਆਂ ਵਿਚ ਹੋਵੇ। ਭਵਿੱਖ ਦੱਸੇਗਾ, ਰੱਬ ਨਾ ਕਰੇ ਜੇਕਰ ਕੋਈ ਘਟਨਾ ਗੁਰਦੁਆਰਿਆਂ ਵਿਚ ਵਾਪਰਦੀ ਹੈ ਤਾਂ ਫਿਰ ਵੀ ਭਾਰਤੀ ਅਖ਼ਬਾਰਾਂ ਅਤੇ ਸਰਕਾਰ ਉਵੇਂ ਹੀ ਵਿਦੇਸ਼ੀ ਸਰਕਾਰ ਤੇ ਦਬਾਅ ਪਾਉਂਦੀ ਹੈ ਜਿਵੇਂ ਹੁਣ ਪਾ ਰਹੀ ਹੈ।

ਚਿੱਠੀਆਂ ਵਿਚ ਸਿੱਖ ਅਤੇ ਪੰਜਾਬ ਵਿਰੋਧੀ ਤਾਕਤਾਂ ਵਲੋਂ ਘਾਲ਼ਾ-ਮਾਲ਼ਾ

ਸਿੱਖ ਅਤੇ ਪੰਜਾਬ ਵਿਰੋਧੀ ਤਾਕਤਾਂ ਨੇ ਆਪਣਾ ਖੁੱਲ੍ਹੇ-ਆਮ ਪ੍ਰਗਟਾਵਾ ਉਸ ਸਮੇਂ ਕਰ ਦਿੱਤਾ ਜਦੋਂ ਖ਼ਾਲਿਸਤਾਨ ਜ਼ਿੰਦਾਬਾਦ ਫ਼ੋਰਸ ਵਲੋਂ 25-05-09 ਨੂੰ ਭੇਜੀ ਗਈ ਚਿੱਠੀ ਨਾਲ ਛੇੜ-ਛਾੜ ਕਰ ਕੇ ਮੀਡੀਆ ਵਾਲਿਆਂ ਨੂੰ ਭੇਜ ਦਿੱਤੀ ਗਈ। 28-05-09 ਹੇਠ ਭੇਜਿਆ ਗਿਆ ਸਪਸ਼ਟੀਕਰਨ ਅਤੇ ਮੁਆਫ਼ੀਨਾਮਾ ਵਿਚ ਸਾਫ਼ ਹੀ ਦੇਖਿਆ ਜਾ ਸਕਦਾ ਹੈ ਕਿ ਕਿਵੇਂ 25 ਨੂੰ 28 ਬਣਾਇਆ ਗਿਆ ਹੈ। ਤਰੀਕ ਬਿਲਕੁਲ ਉਸੇ ਜਗ੍ਹਾ ਹੈ ਅਤੇ ਤਰੀਕ ਦਾ ਕੋਈ ਨੰਬਰ ਬਿਲਕੁਲ ਨਹੀਂ ਹਿੱਲਿਆ। ਜੋ ਕਿ ਹੱਥ ਲਿਖਤ ਵਿਚ ਬਿਲਕੁਲ ਅਸੰਭਵ ਹੈ। ਖੋਜੀ ਇਹ ਸਿੱਧ ਕਰ ਚੁੱਕੇ ਹਨ ਕਿ ਹੱਥ ਲਿਖਤ ਵਿਚ ਕੋਈ ਵੀ ਇਨਸਾਨ ਆਪਣੇ ਦਸਤਖ਼ਤ ਹੂਬਹੂ ਦੁਬਾਰਾ ਨਹੀਂ ਕਰ ਸਕਦਾ। ਸਾਫ਼ ਹੀ ਦਿਖਾਈ ਦਿਸਦਾ ਹੈ ਕਿ 28-05-09 ਦੇ ਦਸਖ਼ਤ 25-05-09 ਤੋਂ ਲਏ ਗਏ ਹਨ। ਇਸ ਦਾ ਸਬੂਤ ਇਹ ਵੀ ਹੈ ਕਿ 29-05-09 ਦੇ 'ਦਸਖ਼ਤ-ਤਰੀਕ' 25-05-09 ਨਾਲ ਬਿਲਕੁਲ ਨਹੀਂ ਮਿਲਦੀ। ਦੂਜੀ ਗੱਲ 25-05-09 (ਘਨੋਣੀਆਂ) ਅਤੇ 28-05-09 (ਘਿਣਾਉਣੀ) ਸ਼ਬਦਾਵਲੀ ਬਿਲਕੁਲ ਮੇਲ ਨਹੀਂ ਕਰਦੀ।

ਪੰਜਾਬ ਵਿਚਲਾ ਦੋ ਦਿਨ ਦਾ ਰੋਸ ਪ੍ਰਦਰਸ਼ਨ ਜਾਂ ਗੁੰਡਾਗਰਦੀ

ਰੋਸ ਪ੍ਰਦਰਸ਼ਨ ਹੇਠ ਜਨਤਕ ਅਤੇ ਸਰਕਾਰੀ ਸਮਾਨ ਦੀ ਭੰਨਤੋੜ ਅਤੇ ਸਾੜਫੂਕ ਕਰਨੀ ਸ਼ਾਇਦ ਸਿਰਫ਼ ਸਾਡੇ ਰੰਗਲੇ ਪੰਜਾਬ ਵਿਚ ਹੀ ਸੰਭਵ ਹੈ। ਅਨਪੜ੍ਹ ਤੇ ਰੂੜ੍ਹੀਵਾਦੀ ਸੋਚ ਦੇ ਧਾਰਨੀ ਲੋਕ ਜੋ ਆਪਣੀਆਂ ਗ਼ਲਤ ਆਦਤਾਂ ਜਾਂ ਮਾੜੇ ਪਾਲਣ ਪੋਸ਼ਣ ਕਰਕੇ ਆਪ ਤਾਂ ਕੁਝ ਜੋੜਨ ਵਿਚ ਅਸਮਰੱਥ ਹੁੰਦੇ ਹਨ, ਪਰ ਦੂਸਰੇ ਦੀ ਹੱਡ ਭੰਨਵੀਂ ਮਿਹਨਤ ਨਾਲ ਬਣਾਈ ਨਿਜੀ ਜਾਇਦਾਦ ਨੂੰ ਜਲਾਉਣ ਵਿਚ ਇਨ੍ਹਾਂ ਨੂੰ ਬਹੁਤ ਮਜ਼ਾ ਆਉਂਦਾ ਹੈ। ਰੋਜ਼ਾਨਾ ਪੰਜਾਬ ਵਿਚੋਂ ਰੋਸ ਪ੍ਰਦਰਸ਼ਨ ਦੀ ਖ਼ਬਰਾਂ ਸੁਣ ਕੇ ਪ੍ਰਵਾਸੀ ਮਨ ਪੁੱਛਦਾ ਹੈ, ਕੀ ਇਹ ਉਹੀ ਸਾਡਾ ਰੰਗਲਾ ਪੰਜਾਬ ਹੈ ਜਿਸ ਨੂੰ ਅਸੀਂ ਛੱਡ ਕੇ ਆਏ ਸੀ ਜਾਂ ਇਹ ਕੋਈ 'ਰੋਸ ਪ੍ਰਦਰਸ਼ਨ ਸਿਖਲਾਈ ਕੇਂਦਰ' ਬਣ ਗਿਆ ਹੈ, ਜਿਸ ਦਾ ਸਰਟੀਫਿਕੇਟ ਸਿਖਿਆਰਥੀ ਨੂੰ ਸ਼ਾਂਤੀ ਮਾਰਚ ਕੱਢ ਕੇ ਮਿਲਦਾ ਹੈ। ਕਿਉਂਕਿ ਜੇਕਰ ਪਾਕਿਸਤਾਨ ਵਿਚ ਬੰਬ ਚਲਦਾ ਹੈ ਤਾਂ ਉਸ ਦਾ ਵੀ ਰੋਸ ਪ੍ਰਦਰਸ਼ਨ ਮੇਰੇ ਰੰਗਲੇ ਪੰਜਾਬ-ਅੰਮ੍ਰਿਤਸਰ ਵਿਚ ਹੁੰਦਾ ਹੈ। ਜਿਸ ਕਰਕੇ ਪਰੇਸ਼ਾਨੀ ਆਮ ਜਨਤਾ ਨੂੰ ਹੀ ਝੇਲਣੀ ਪੈਂਦੀ ਹੈ।

ਪੰਜਾਬ ਵਿਚ ਦੋ ਦਿਨ ਰੱਜ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਕਿਸੇ ਜਥੇਬੰਦੀ ਜਾਂ ਸੰਤਾਂ ਦੀ ਸ਼ਾਂਤੀ ਅਪੀਲ ਕਿਸੇ ਦੇ ਕੰਨਾਂ ਤੱਕ ਨਹੀਂ ਪਹੁੰਚੀ। ਸੜਕਾਂ 'ਤੇ ਭੀੜ ਬਣਾ ਕੇ ਨਾਅਰੇਬਾਜ਼ੀ ਕਰਦਿਆਂ ਤੁਰਦੇ ਜਾਣਾ ਜਾਂ ਚੌਕਾਂ 'ਤੇ ਧਰਨਾ ਦੇ ਕੇ ਚੱਕਾ ਜਾਮ ਕਰਨ ਨੂੰ ਰੋਸ ਪ੍ਰਦਰਸ਼ਨ ਕਿਹਾ ਜਾ ਸਕਦਾ ਹੈ। ਪਰ ਜਿਸ ਰੋਸ ਪ੍ਰਦਰਸ਼ਨ ਹੇਠ ਕੋਈ ਵੀ ਨਹੀਂ ਬਖ਼ਸ਼ਿਆ ਗਿਆ ਹੋਵੇ ਭਾਵੇਂ ਉਹ ਰੇਹੜੀਆਂ ਵਾਲੇ, ਰਿਕਸ਼ਾ ਚਾਲਕ, ਦੁਕਾਨਦਾਰ, ਖੋਖੇ ਵਾਲੇ, ਟਰੱਕ ਚਾਲਕ ਜਾਂ ਮੀਡੀਆ ਕਰਮੀ ਹੋਣ, ਇੱਥੋਂ ਤੱਕ ਪੁਲਿਸ ਮੁਲਾਜ਼ਮਾਂ ਦੀ ਵੀ ਕੁੱਟ ਮਾਰ ਕੀਤੀ ਗਈ ਹੋਵੇ ਅਤੇ ਉਨ੍ਹਾਂ ਨੂੰ ਚੌਂਕੀ ਛੱਡ ਕੇ ਭੱਜਣਾ ਪਵੇ, ਇਸ ਨੂੰ ਜੰਗਲ ਰਾਜ ਜਾਂ ਗੁੰਡਾਗਰਦੀ (ਸੈਨਾ ਸੇਵਕ ਕਾਰਾ) ਹੀ ਕਿਹਾ ਜਾ ਸਕਦਾ ਹੈ।

ਗੁੰਡਾਗਰਦੀ ਦੌਰਾਨ ਮੰਗਾਂ ਜਾਂ ਬਹਾਨੇ?

ਹੁੱਲੜਬਾਜ਼ਾਂ ਦੀ ਮੰਗ ਸੀ ਕਿ ਸੰਤਾਂ ਤੇ ਹਮਲਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਹੁਣ ਜੇ ਇਹ ਘਟਨਾ ਭਾਰਤ ਵਿਚ ਵਾਪਰੀ ਹੁੰਦੀ ਤਾਂ ਉੱਥੇ ਰੋਸ ਪ੍ਰਦਰਸ਼ਨ ਕਰਕੇ ਇਸ ਤਰ੍ਹਾਂ ਦੀ ਮੰਗ ਕਰਨਾ ਸਮਝ ਵਿਚ ਆਉਂਦੀ ਹੈ। ਕਿਉਂਕਿ ਕੁਝ ਪੀੜਤ ਤਾਂ ਪਿਛਲੇ 25 ਸਾਲਾਂ ਤੋਂ ਇਨਸਾਫ ਦੀ ਉਡੀਕ ਕਰ ਰਹੇ ਹਨ। ਪਰ ਆਸਟਰੀਆ ਵਿਚ ਵਾਪਰੀ ਘਟਨਾ ਲਈ ਇਸ ਤਰ੍ਹਾਂ ਦੀ ਮੰਗ ਕਰਨ ਨੂੰ 'ਆਪਣਾ ਝੱਗਾ ਚੱਕ ਕੇ ਢਿੱਡ ਨੰਗਾ ਕਰਨਾ' ਹੀ ਕਿਹਾ ਜਾ ਸਕਦਾ ਹੈ। ਕਈ ਤਾਂ ਦੋਸ਼ੀਆਂ ਦੀ ਗ੍ਰਿਫ਼ਤਾਰੀ ਦੀ ਮੰਗ ਕਰ ਰਹੇ ਸਨ। ਜਦ ਕਿ ਹਕੀਕਤ ਵਿਚ ਸਾਰੇ ਸਿੰਘ ਘਟਨਾ ਦੌਰਾਨ ਜ਼ਖ਼ਮੀ ਹੋਣ ਕਰਕੇ ਪੁਲਿਸ ਨਿਗਰਾਨੀ ਹੇਠ ਸਨ। ਮੁੱਕਦੀ ਗੱਲ ਸਭ ਭੇਡਚਾਲ ਹੇਠ ਹੋ ਰਿਹਾ ਸੀ। ਕੁਝ ਜਲਦੀ ਤੋਂ ਜਲਦੀ ਦੋਸ਼ੀਆਂ ਨੂੰ ਫਾਂਸੀ ਤੇ ਲਟਕਾਉਣ ਦੀ ਮੰਗ ਕਰ ਰਹੇ ਸਨ। ਉਨ੍ਹਾਂ ਦੀ ਜਾਣਕਾਰੀ ਲਈ ਦੱਸ ਦੇਈਏ ਕਿ ਪੂਰੇ ਯੂਰਪ ਵਿਚ ਮੌਤ ਦੀ ਸਜ਼ਾ ਨਹੀਂ ਹੁੰਦੀ। ਸਭ ਤੋਂ ਵੱਡੀ ਸਜ਼ਾ ਉਮਰ ਕੈਦ ਹੀ ਹੈ।

ਇਕ ਪਾਸੇ ਤਾਂ ਜਲਦ ਤੋਂ ਜਲਦ ਦੋਸ਼ੀਆਂ ਨੂੰ ਸਜ਼ਾ ਦੇਣ ਦੀ ਮੰਗ ਕੀਤੀ ਜਾ ਰਹੀ ਸੀ, ਦੂਜੇ ਪਾਸੇ ਇਨ੍ਹਾਂ ਵਿਚੋਂ ਹੀ ਕਿਸੇ ਸ਼ਰਾਰਤੀ ਅਨਸਰ ਵਲੋਂ ਅਫ਼ਵਾਹ ਉਡਾ ਦਿੱਤੀ ਗਈ ਕਿ ਦੋਵੇਂ ਸੰਤ ਨਹੀਂ ਰਹੇ। ਵਿਆਨਾ ਪੁਲਿਸ ਟੀਮ ਜੋ ਚੌਵੀ ਘੰਟੇ ਇਸ ਘਟਨਾ ਦੇ 300 ਸਬੂਤਾਂ ਅਤੇ 20 ਗਵਾਹਾਂ ਦੇ ਬਿਆਨਾਂ ਦੀ ਜਾਚ ਕਰ ਰਹੀ ਸੀ। ਪੁਲਿਸ ਪ੍ਰਧਾਨ ਨੂੰ ਵਿਚ ਹੀ ਸਾਰੇ ਕੰਮ ਛੱਡ ਕੇ ਇਨ੍ਹਾਂ ਹੁੱਲੜਬਾਜ਼ਾਂ ਨੂੰ ਸ਼ਾਂਤ ਕਰਨ ਲਈ, ਜੋ ਆਪਣੇ ਸੰਤਾਂ ਦੀ ਸ਼ਾਂਤੀ ਅਪੀਲ ਨੂੰ ਵੀ ਛਿੱਕੇ ਤੇ ਟੰਗ ਕੇ ਪੰਜਾਬ ਨੂੰ ਅੱਗ ਲਾ ਰਹੇ ਸਨ, ਫੋਟੋ ਵੀਡੀਓ ਬਣਾ ਕੇ ਪੰਜਾਬ ਭੇਜਣੀ ਪਈ (ਦੇਖੋ ਵੀਡੀਓ)। ਪੰਜਾਬ ਬਾਰੂਦ ਦੇ ਢੇਰ 'ਤੇ ਬੈਠਾ ਹੈ, ਇਸ ਦਾ ਇਸ ਗੱਲ ਤੋਂ ਪਤਾ ਲੱਗਦਾ ਹੈ ਕਿ ਤੀਜੇ ਦਿਨ ਵੀ ਖੁੱਲ੍ਹੀਆਂ ਦੁਕਾਨਾਂ ਅਫ਼ਵਾਹਾਂ ਕਰਕੇ ਬੰਦ ਹੋ ਗਈਆਂ। ਪੰਜਾਬ ਦੀ ਅਮਨ ਸ਼ਾਂਤੀ ਭੰਗ ਕਰਨ ਲਈ ਇਕ ਛੋਟੀ ਜਿਹੀ ਅਫ਼ਵਾਹ ਹੀ ਕਾਫ਼ੀ ਹੈ।

ਹੁਣ ਸਵਾਲ ਇਹ ਪੈਦਾ ਹੁੰਦਾ ਹੈ, ਕੀ ਇਨ੍ਹਾਂ ਅਫ਼ਵਾਈਆਂ ਨੂੰ ਫੜ ਕੇ ਕੋਈ ਕਾਨੂੰਨੀ ਕਾਰਵਾਈ ਕੀਤੀ ਗਈ ਹੈ ਜਾਂ ਇਨ੍ਹਾਂ ਨੂੰ ਪੰਦਰਾਂ ਪੰਦਰਾਂ ਲੱਖ ਦੇ ਕੇ ਅਤੇ ਇਨ੍ਹਾਂ ਦੇ ਇਕ ਪਰਿਵਾਰਕ ਮੈਂਬਰ ਨੂੰ ਸਰਕਾਰੀ ਨੌਕਰੀ ਦੇ ਕੇ ਸਨਮਾਨਿਤ ਕਰ ਦਿੱਤਾ ਗਿਆ ਹੈ?

ਸੱਚੇ ਪੰਜਾਬੀ ਜਾਂ ਅਖੌਤੀ ਪੰਜਾਬੀਓ?

ਕੀ ਤੁਹਾਨੂੰ ਪੰਜਾਬ ਵਿਚ ਹੋਏ ਗੁੰਡਾਰਾਜ ਦੀ ਖ਼ਬਰ ਸੁਣ ਕੇ ਖ਼ੁਸ਼ੀ ਹੋਈ?
ਕੀ ਤੁਸੀਂ ਕਦੇ ਪੰਜਾਬ, ਪੰਜਾਬੀਅਤ ਜਾਂ ਪੰਜਾਬੀ ਲਈ ਬਣਦਾ ਫਰਜ਼ ਨਿਭਾਇਆ ਹੈ ਜਾਂ ਜਿਹੜੇ ਫਰਜ਼ ਨਿਭਾ ਰਹੇ ਹਨ, ਉਨ੍ਹਾਂ ਦੀਆਂ ਲੱਤਾਂ ਖਿੱਚਣ ਵਾਲਿਆਂ ਵਿਚੋਂ ਹੋ?
ਕੀ ਤੁਹਾਨੂੰ ਧਾਰਮਿਕ ਸਥਾਨਾਂ ਅਤੇ ਮਹਾਨ ਸ਼ਖ਼ਸੀਅਤਾਂ ਦੇ ਸਮਾਗਮਾਂ ਤੇ ਉੱਚ ਜਾਤੀਆਂ ਬਨਾਮ ਜ਼ਾਲਮ ਜਾਤੀਆਂ ਦਾ ਪਾਠ ਪੜ੍ਹਾਇਆ ਜਾਂਦਾ ਹੈ?
ਪੰਜਾਬ ਵਿਚ ਜੰਮ-ਪਲ ਕੇ, ਕੀ ਤੁਸੀਂ ਆਪਣੀ ਮਾਂ ਬੋਲੀ ਪੰਜਾਬੀ ਦੱਸਦੇ ਹੋ?

'ਵਾਹ ਰੇ' ਸਾਡੇ ਪੰਜਾਬ ਦੀ ਰਾਜਨੀਤੀ

ਇਕ ਖ਼ਬਰ ਅਨੁਸਾਰ ਹਵੇਲੀ ਹੈਰੀਟੇਜ ਨੂੰ ਵੀ ਹੁੱਲੜਬਾਜ਼ਾਂ ਨੇ ਆਪਣਾ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਪਰ ਹਿੰਸਾ ਦੀ ਖ਼ਬਰ ਮਿਲਦੇ ਹੀ ਸੁਰੱਖਿਆ ਸਟਾਫ ਨੂੰ ਚੌਕਸ ਕਰ ਦਿੱਤਾ ਅਤੇ ਹੁੱਲੜਬਾਜ਼ ਸਫਲ ਨਹੀਂ ਹੋਏ। ਹੁਣ ਜੇ ਇਕ ਹਵੇਲੀ ਦਾ ਐਮ.ਡੀ. ਹਾਲਾਤ ਨੂੰ ਸਮਝਦਿਆਂ ਵੇਲੇ ਸਿਰ ਸੁਰੱਖਿਆ ਦੇ ਢੁਕਵੇਂ ਪ੍ਰਬੰਧ ਕਰ ਸਕਦਾ ਹੈ ਤਾਂ ਪੰਜਾਬ ਦੇ ਨੇਤਾ ਕਿਉਂ ਨਹੀਂ? ਸ਼ਾਇਦ ਉਨ੍ਹਾਂ ਨੇ ਪੰਜਾਬ ਨਾਲੋਂ ਆਪਣੀਆਂ ਬੱਸਾਂ ਨੂੰ ਸੁਰਖਿਆ ਪਹਿਲਾਂ ਦੇਣੀ ਠੀਕ ਸਮਝਿਆ। ਸਵਾਲ ਇਹ ਵੀ ਹੈ ਕਿ ਹਿੰਸਕ ਘਟਨਾਵਾਂ ਦੌਰਾਨ ਪੁਲਿਸ ਦੀਆਂ ਦੰਗਾ ਨਿਰੋਧਕ ਗੱਡੀਆਂ ਅਤੇ ਪਾਣੀ ਤੋਪਾਂ ਕਿੱਥੇ ਸਨ? ਉਹ ਵੀ ਸ਼ਾਇਦ ਪੜ੍ਹੇ ਲਿਖੇ ਮਾਸਟਰਾਂ ਤੇ ਚਲਾਉਣ ਲਈ ਹੈ ਨਾ ਕਿ ਅਨਪੜ੍ਹ ਤੇ ਰੂੜ੍ਹੀਵਾਦੀ ਗੁੰਡਿਆਂ ਲਈ।

ਪਹਿਲਾਂ ਅਰਬਾਂ ਰੁਪਇਆ ਦਾ ਨੁਕਸਾਨ ਕਰਵਾ ਲਿਆ, ਹੁਣ ਸਰਕਾਰ ਵੱਲੋਂ ਨਿਜੀ ਜਾਇਦਾਦ ਦੇ ਨੁਕਸਾਨ ਲਈ ਮੁਆਵਜ਼ੇ ਦਾ ਐਲਾਨ ਕਰ ਦਿੱਤਾ ਗਿਆ। ਕਰੋੜਾਂ ਰੁਪਏ ਮਿਸ਼ਨ 'ਪੰਜਾਬ ਵਾਪਸੀ' ਲਈ ਖ਼ਰਚ ਕਰ ਦਿੱਤੇ ਗਏ। ਜਦੋਂ ਪੰਜਾਬ ਦੇ ਅੰਨਦਾਤਾ ਦੀ ਬਾਰੀ ਆਵੇਗੀ ਤਾਂ ਕਹਿ ਦਿੱਤਾ ਜਾਵੇਗਾ ਕਿ ਖ਼ਜ਼ਾਨਾ ਖ਼ਾਲੀ ਹੈ।

"ਸ਼ਾਬਾਸ਼ ਸਾਡੇ ਅਖੌਤੀ ਪੰਜਾਬੀਓ!"