ਵਿਆਨਾ ਕੋਬਰਾ ਪੁਲਿਸ ਤੇ ਗੋਲੀ ਚਲਾਉਣ ਵਾਲੇ ਅੰਮ੍ਰਿਤ ਸਿੰਘ ਦਾ ਸੱਚ
ਲੇਖਕ: ਇਕਚਿੰਤਨ ਸਿੰਘ
ਇੱਥੇ ਜ਼ਿਕਰਯੋਗ ਹੈ ਕਿ 24-25 ਮਈ ਦੀ ਸਫ਼ਲ ਗੁੰਡਾਗਰਦੀ ਅਤੇ ਬਾਦਲ ਸਰਕਾਰ ਵਲੋਂ ਸ਼ਹਿ ਕਰਕੇ ਨਾ ਕਿ ਪੰਜਾਬ ਵਿਚ ਚੇਲਿਆਂ ਦੀ ਚੜ੍ਹਤ ਹੋ ਗਈ ਸੀ, ਬਲਕਿ ਭਾਰਤ ਸਰਕਾਰ ਅਤੇ ਭਾਰਤੀ ਮੀਡੀਆ ਦੇ ਸਹਿਯੋਗ ਅਤੇ ਸਿੱਖਾਂ ਦੀ ਚੁੱਪੀ ਕਰਕੇ ਬਾਹਰਲੇ ਮੁਲਕਾਂ ਵਿਚ ਬੈਠੇ ਚੇਲੇ ਵੀ ਮਨ ਆਈਆਂ ਕਰਨ ਲੱਗ ਪਏ ਸਨ। ਜਿਵੇਂ ਕਿ ਪਿਛਲੇ ਲੇਖ ਵਿਚ ਲਿਖਿਆ ਸੀ ਕਿ ਕੁਝ ਕੰਪਿਊਟਰ ਤੇ ਉਟ-ਪਟਾਂਗ ਨਾਮ ਹੇਠ ਅਕਾਊਂਟ ਬਣਾ ਕੇ ਸਿੱਖਾਂ ਨੂੰ ਤੰਗ ਕਰ ਰਹੇ ਸਨ ਅਤੇ ਕੁਝ ਫੋਨ ਤੇ ਮਾਰਨ ਦੀਆਂ ਧਮਕੀਆਂ ਦੇ ਰਹੇ ਸਨ। ਇਸੇ ਦਹਿਸ਼ਤ ਵਿਚ ਅੰਮ੍ਰਿਤ ਸਿੰਘ ਨੇ ਕੋਬਰਾ ਪੁਲਿਸ ਤੇ ਗੋਲੀਆਂ ਚਲਾ ਦਿੱਤੀਆਂ।
ਸੋਮਵਾਰ ਦੁਪਹਿਰ ਦੇ ਇੱਕ ਵਜੇ ਜਦੋਂ ਕੋਬਰਾ ਪੁਲਿਸ ਨੇ ਅੰਮ੍ਰਿਤ ਸਿੰਘ ਦੇ ਫ਼ਲੈਟ ਦਾ ਦਰਵਾਜ਼ਾ ਖੜਕਾਇਆ ਤਾਂ 26 ਸਾਲਾਂ ਦੇ ਅੰਮ੍ਰਿਤ ਸਿੰਘ ਨੇ ਦਹਿਸ਼ਤ ਵਿਚ ਅਤੇ ਡਰ ਕਾਰਨ ਫਲੈਟ ਦੇ ਅੰਦਰੋਂ ਬੰਦ ਦਰਵਾਜ਼ੇ ਤੇ ਦੋ ਗੋਲੀਆਂ ਚਲਾ ਦਿੱਤੀਆਂ। ਇੱਕ ਗੋਲੀ ਦਰਵਾਜ਼ੇ ਦੇ ਆਰ-ਪਾਰ ਹੁੰਦੀ ਹੋਈ ਕੋਬਰਾ ਪੁਲਿਸ ਕਰਮੀਂ ਦੇ ਮੋਢੇ ਉਪਰੋਂ ਦੀ ਹੁੰਦੀ ਹੋਈ ਇਮਾਰਤ ਦੇ ਵਿਹੜੇ ਦੀ ਕੰਧ ਵਿਚ ਜਾ ਫਸੀ। ਦੂਸਰੀ ਗੋਲੀ ਦੋ ਦਿਨ ਬਾਅਦ, ਜਦ ਪੁਲਿਸ ਕਰਮੀਂ ਆਪਣੀ ਬੂਲਟ ਪਰੂਫ਼ ਜਾਕਟ ਸਾਫ਼ ਕਰ ਰਿਹਾ ਸੀ, ਉਸ ਨੂੰ ਜਾਕਟ ਦੇ ਖੱਬੇ ਮੋਢੇ ਵਾਲੇ ਹਿੱਸੇ ਵਿਚੋਂ ਮਿਲੀ। ਪੁਲਿਸ ਕਰਮੀਂ ਨੂੰ ਬਿਲਕੁਲ ਹੀ ਨਹੀਂ ਮਹਿਸੂਸ ਹੋਇਆ ਕਿ ਉਸ ਦੇ (ਜਾਕਟ ਵਿਚ) ਗੋਲੀ ਲੱਗੀ ਹੈ।
ਸ਼ਾਇਦ ਫੜੇ ਹੋਏ ਸਿੱਖਾਂ ਦੇ ਮੋਬਾਇਲ ਫੋਨ ਵਿਚ ਭਰੇ ਹੋਏ ਨੰਬਰਾਂ ਕਰਕੇ ਕਾਰਵਾਈਆਂ ਕੀਤੀਆਂ ਗਈਆਂ। ਕਿਉਂਕਿ ਅੰਮ੍ਰਿਤ ਸਿੰਘ ਫੜੇ ਹੋਏ ਸਿੱਖਾਂ ਨੂੰ ਜਾਣਦਾ ਸੀ। ਸ਼ਾਇਦ ਫ਼ੋਨ ਤੇ ਵੀ ਗੱਲਬਾਤ ਕੀਤੀ ਹੋਵੇਗੀ। ਪੁਲਿਸ ਨੂੰ ਸ਼ੱਕ ਸੀ ਕਿ ਅੰਮ੍ਰਿਤ ਸਿੰਘ ਨੇ ਘਟਨਾ ਦੌਰਾਨ ਵਰਤੇ ਜਾਣ ਵਾਲੇ ਪਿਸਤੌਲ ਦਾ ਬੰਦੋਬਸਤ ਕੀਤਾ ਹੈ। ਪਰ ਬਾਅਦ ਵਿਚ ਪੁਲਿਸ ਨੇ ਸਾਰੀ ਜਾਂਚ-ਪੜਤਾਲ ਕਰਕੇ ਬਿਆਨ ਦਿੱਤਾ ਕਿ ਵਿਆਨਾ ਘਟਨਾ ਨਾਲ ਅੰਮ੍ਰਿਤ ਸਿੰਘ ਦਾ ਜ਼ਿਆਦਾ ਡੂੰਘਾ ਸੰਬੰਧ ਨਹੀਂ ਹੈ।
ਅੰਮ੍ਰਿਤ ਸਿੰਘ ਦਾ ਜਨਮ ਭਾਰਤ ਵਿਚ ਹੋਇਆ ਹੈ ਅਤੇ ਉਸ ਕੋਲ ਆਸਟਰੀਅਨ ਨਾਗਰਿਕਤਾ ਹੈ। ਉਹ ਸੁਰੱਖਿਆ ਪ੍ਰਦਾਨ ਕਰਨ ਵਾਲੀ ਕੰਪਨੀ ਵਿਚ ਕੰਮ ਕਰਦਾ ਹੋਣ ਕਰਕੇ ਉਸ ਨੂੰ ਹਥਿਆਰ ਚਲਾਉਣ ਅਤੇ ਰੱਖਣ ਦੀ ਇਜਾਜ਼ਤ ਹੈ। ਉਸ ਕੋਲ ਜਿੰਨੇ ਹਥਿਆਰ ਫੜੇ ਗਏ ਉਹ ਕਾਨੂੰਨ ਧਾਰਾ ਵਿਚ ਆਉਂਦੇ ਹਨ। ਅੰਮ੍ਰਿਤ ਸਿੰਘ ਨੇ ਕਿਹਾ, ਮੈਂ ਪੁਲਿਸ ਤੇ ਗੋਲੀ ਨਹੀਂ ਚਲਾਉਣਾ ਚਾਹੁੰਦਾ ਸੀ, ਪਰ ਮੈਨੂੰ ਡਰ ਸੀ ਕਿ ਬਦਲਾ ਭਾਵਨਾ ਨਾਲ ਮੈਨੂੰ ਮਾਰਨ ਆਏ ਹਨ।
ਪੁਲਿਸ ਨੇ ਹੋਰ ਸਿੱਖਾਂ ਦੇ ਘਰਾਂ ਦੀਆਂ ਵੀ ਤਲਾਸ਼ੀਆਂ ਲਈਆਂ। ਬਾਕੀ ਘਰਾਂ ਦੀ ਤਲਾਸ਼ੀ ਬਿਨ੍ਹਾਂ ਕਿਸੇ ਰੁਕਾਵਟ ਨਿਪਰੇ ਚੜ੍ਹੀ। ਜਿਹੜੇ ਘਰ ਨਹੀਂ ਸਨ, ਉਨ੍ਹਾਂ ਦੇ ਦਰਵਾਜ਼ੇ ਤੋੜ ਕੇ ਕੰਪਿਊਟਰ ਅਤੇ ਸ਼ੱਕੀ ਲਿਖਤਾਂ (ਧਾਰਮਿਕ) ਆਪਣੇ ਨਾਲ ਲੈ ਗਏ ਅਤੇ ਬਿੱਲ ਉਨ੍ਹਾਂ ਨੂੰ ਭੇਜ ਦਿੱਤੇ। ਪੁਲਿਸ ਸ਼ੱਕੀ ਲਿਖਤਾਂ (ਧਾਰਮਿਕ) ਨੂੰ 6 ਭਾਸ਼ਾ ਅਨੁਵਾਦਕ ਰਾਹੀ ਜਰਮਨ ਵਿਚ ਕਰਵਾਉਂਦੀ ਹੈ।
ਜਿਵੇਂ ਇੱਕ ਅਫ਼ਵਾਹ ਫੈਲਾਈ ਗਈ ਸੀ ਕਿ ਨਿਰੰਜਣ ਦਾਸ ਵੀ ਮਾਰਿਆ ਗਿਆ। ਇਸੇ ਤਰ੍ਹਾਂ ਸਿੱਖਾਂ ਦਾ ਅਕਸ ਵਿਗਾੜਨ ਦੇ ਮਕਸਦ ਨਾਲ ਪੰਜਾਬ ਵਿਚ ਵੀ ਇਸ ਖ਼ਬਰ ਨੂੰ ਹੋਰ ਖ਼ਬਰਾਂ ਦੀ ਤਰ੍ਹਾਂ ਵਧਾ ਚੜ੍ਹਾ ਕੇ ਦੱਸਿਆ ਗਿਆ। ਮੁੱਕਦੀ ਗੱਲ ਇਹ ਹੈ ਕਿ ਜੇਕਰ ਵਿਆਨਾ ਘਟਨਾ ਵਿਚ ਅੰਮ੍ਰਿਤ ਸਿੰਘ ਦਾ ਹੱਥ ਹੁੰਦਾ ਤਾਂ ਜਿੰਨੇ ਹਥਿਆਰ ਉਸ ਕੋਲ ਘਰ ਵਿਚ ਪਏ ਸਨ, ਜੇ ਉਹ ਉੰਨੇ ਹਥਿਆਰ ਘਟਨਾ ਸਥਾਨ ਤੇ ਲੈ ਕੇ ਜਾਂਦੇ, ਤਾਂ ਕੀ ਭਾਣਾ ਵਾਪਰਨਾ ਸੀ? ਸਮਝਦਾਰ ਨੂੰ ਦੱਸਣ ਦੀ ਲੋੜ ਨਹੀਂ।