ਵਿਆਨਾ ਕਾਂਡ ਵਿਚ ਕੀ ਵਾਪਰਿਆ?

ਵਿਆਨਾ ਕਾਂਡ ਵਿਚ ਕੀ ਵਾਪਰਿਆ? ਭਰੋਸੇਯੋਗ ਸੂਤਰਾਂ ਰਾਹੀ ਸੰਭਾਵੀ ਕਹਾਣੀ!
ਲੇਖਕ: ਇਕਚਿੰਤਨ ਸਿੰਘ

ਹੁਣ ਤੱਕ ਦੀ ਖ਼ਬਰਾਂ ਤੋਂ ਇਕ ਗੱਲ ਸਾਫ਼ ਹੋ ਗਈ ਕਿ ਨਿਰੰਜਣ ਦਾਸ ਅਤੇ ਰਾਮਾਨੰਦ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਗੱਦੀ ਲਾ ਕੇ ਮੱਥੇ ਟਕਵਾਉਂਦੇ ਸਨ। ਜਿਸਦੀ ਵੀਡੀਓ ਯੂ ਟੂਬ ਤੇ ਵੀ ਦੇਖੀ ਜਾ ਸਕਦੀ ਹੈ। ਖ਼ਬਰਾਂ ਅਤੇ ਵੀਡੀਓ ਰਾਹੀ ਜਦ ਆਮ ਸਿੱਖ ਨੂੰ ਮੱਥਾ ਟਕਵਾਉਣ ਦੀ ਗੱਲ ਪਤਾ ਲੱਗਦੀ ਹੈ ਤਾਂ ਉਹ ਇਸ ਵਿਰੁੱਧ ਕੋਈ ਕਾਰਵਾਈ ਕਰਨ ਤੋਂ ਪਹਿਲਾਂ ਇਹ ਕਾਰਾ ਅੱਖੀਂ ਦੇਖਣਾ ਚਾਹੇਗਾ।

ਇਸੇ ਕਰਕੇ ਸਤੰਬਰ 2008 ਨੂੰ ਜਦ ਵਿਆਨਾ ਦੇ ਸਿੱਖਾਂ ਨੂੰ ਪਤਾ ਲੱਗਾ ਕਿ ਸੈਕਟਰ 15 ਦੇ 'ਗੁਰੂ ਘਰ ਸ੍ਰੀ ਗੁਰੂ ਰਵਿਦਾਸ ਸਭਾ' ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਅਤੇ ਹੋਰ ਕਾਰਵਾਈਆਂ ਰਹਿਤ ਮਰਿਯਾਦਾ ਅਨੁਸਾਰ ਨਹੀਂ ਹੋ ਰਹੀਆਂ ਹਨ ਤਾਂ ਸੈਕਟਰ 12 ਅਤੇ 22 ਦੇ ਗੁਰਦੁਆਰਿਆਂ ਦੇ 50-60 ਸਿੱਖ, ਸੈਕਟਰ 15 ਦੇ ਗੁਰੂ ਘਰ ਪਹੁੰਚੇ। ਉਸ ਸਮੇਂ ਨਿਰਮਲ ਦਾਸ ਆਇਆ ਹੋਇਆ ਸੀ। ਨਿਰਮਲ ਦਾਸ ਨੇ 12 ਅਤੇ 22 ਦੇ ਸਿੱਖਾਂ ਨੂੰ ਭਰੋਸਾ ਦਵਾਇਆ ਕਿ ਉਸ ਦੀ ਹਾਜ਼ਰੀ ਸਭ ਕੁਝ ਰਹਿਤ ਮਰਿਆਦਾ ਅਨੁਸਾਰ ਹੋ ਰਿਹਾ ਹੈ। ਸਿੱਖਾਂ ਨੂੰ ਵੀ ਕਿੰਤੂ-ਪਰੂੰਤ ਵਾਲੀ ਕੋਈ ਗੱਲ ਨਹੀਂ ਲੱਭੀ। ਸਭ ਕੁਝ ਠੀਕ-ਠਾਕ ਸੀ। ਸੈਕਟਰ 15 ਦੇ ਪ੍ਰਬੰਧਕਾਂ ਨੇ ਸਿੱਖਾਂ ਨੂੰ ਸਿਰੋਪੇ ਭੇਟ ਕੀਤੇ। ਸਿੱਖਾਂ ਨੇ ਸੈਕਟਰ 15 ਦੇ ਪ੍ਰਬੰਧਕਾਂ ਕੋਲੋਂ ਮਿਲ-ਬੈਠ ਕੇ ਗੱਲਬਾਤ ਲਈ ਸਮਾਂ ਮੰਗਿਆ ਅਤੇ ਵਾਪਸ ਘਰਾਂ ਨੂੰ ਆ ਗਏ। ਪਰ ਬਾਅਦ ਵਿਚ ਸੈਕਟਰ 15 ਦੇ ਪ੍ਰਬੰਧਕ ਬੈਠਕ ਲਈ ਲਾਰੇ-ਲੱਪੇ ਲਾਉਂਦੇ ਰਹੇ ਅਤੇ ਮਿਲ-ਬੈਠ ਕੇ ਗੱਲਬਾਤ ਲਈ ਬੈਠਕ ਹੋ ਨਹੀਂ ਸਕੀ, ਕਿਉਂਕਿ ਸੈਕਟਰ 15 ਦੇ ਪ੍ਰਬੰਧਕਾਂ ਵਲੋਂ ਕੁਝ ਹੱਥ-ਪੱਲਾ ਨਹੀਂ ਫੜਾਇਆ ਗਿਆ।

ਫਿਰ ਦੁਬਾਰਾ 24 ਮਈ ਨੂੰ ਜਦ ਪਤਾ ਲੱਗਾ ਕਿ ਸੈਕਟਰ 15 ਕੋਈ ਸੰਤ ਆਇਆ ਹੋਇਆ ਹੈ ਤਾਂ 12 ਅਤੇ 22 ਦੇ ਪ੍ਰਬੰਧਕਾਂ ਅਤੇ ਸਿੱਖਾਂ ਨੇ ਸੈਕਟਰ 15 ਵਿਚ ਪਹੁੰਚਣ ਦਾ ਫੈਸਲਾ ਕੀਤਾ। ਪਰ ਬਾਅਦ ਵਿਚ ਰੋਕ ਲਾ ਦਿੱਤੀ ਗਈ। ਪਰ ਫਿਰ ਵੀ 15-20 ਸਿੱਖ ਆਪਣੇ ਤੌਰ ਤੇ ਨਿਰੰਜਣ ਦਾਸ ਕੇ ਕਾਰੇ ਨੂੰ ਅੱਖੀਂ ਦੇਖਣ ਦੇ ਲਈ 24 ਮਈ ਨੂੰ ਸੈਕਟਰ 15 ਵਿਚ ਪਹੁੰਚ ਗਏ। ਜਿਨ੍ਹਾਂ ਵਿਚੋਂ 6 ਸਿੱਖ ਮੁੱਖ ਹਾਲ ਵਿਚ ਸਭ ਤੋਂ ਅੱਗੇ ਚਲੇ ਗਏ। ਕੁਝ ਪਿੱਛੇ ਅਤੇ ਕੁਝ ਬਾਹਰ ਹੀ ਖੜ੍ਹੇ ਰਹੇ।

ਇੱਥੇ ਜ਼ਿਕਰਯੋਗ ਹੈ ਕਿ ਸੈਕਟਰ 22 ਦੇ ਪ੍ਰਧਾਨ ਨੇ 15 ਦੇ ਪ੍ਰਧਾਨ ਨੂੰ ਪਹਿਲਾਂ ਹੀ ਫ਼ੋਨ ਕਰ ਕੇ ਸੂਚਿਤ ਕਰ ਦਿੱਤਾ ਸੀ ਕਿ ਕੁਝ ਗਰਮ ਖ਼ਿਆਲੀ ਸਿੱਖ ਨਿਰੰਜਣ ਦਾਸ ਦੇ ਕਾਰੇ ਨੂੰ ਦੇਖਣ ਆ ਰਹੇ ਹਨ। ਇਸ ਸੰਬੰਧੀ ਕੁਝ ਸਿੱਖਾਂ ਨੂੰ 22 ਦੇ ਪ੍ਰਧਾਨ ਨਾਲ ਰੋਸਾ ਹੈ ਕਿ ਜੇਕਰ ਉਸ ਨੂੰ ਅਣਸੁਖਾਵੀ ਘਟਨਾ ਦਾ ਅੰਦਾਜ਼ਾ ਹੋ ਗਿਆ ਸੀ ਤਾਂ ਉਸ ਨੂੰ ਪੁਲਿਸ ਨੂੰ ਫੋਨ ਕਰਨਾ ਚਾਹੀਦਾ ਸੀ। ਜੇਕਰ 22 ਦਾ ਪ੍ਰਧਾਨ ਪੁਲਿਸ ਨੂੰ ਫੋਨ ਕਰ ਦਿੰਦਾ ਤਾਂ ਪੁਲਿਸ ਨੇ ਪਹਿਲਾਂ ਹੀ ਸੁਰੱਖਿਆ ਪ੍ਰਬੰਧ ਕਰ ਦੇਣੇ ਸਨ ਅਤੇ ਸਿੱਖਾਂ ਨੂੰ ਅੱਤਵਾਦੀ ਦਰਸਾਉਣ ਦੀ ਯੋਜਨਾ ਸਫ਼ਲ ਨਾ ਹੁੰਦੀ। 22 ਦੇ ਪ੍ਰਧਾਨ ਦੇ ਫੋਨ ਕਰਨ ਨਾਲ ਸਿੱਖੀ ਨੂੰ ਬਹੁਤ ਨੁਕਸਾਨ ਹੋਇਆ। ਇਸ ਨਾਲ ਡੇਰੇ ਦੇ ਚੇਲੇ ਪਹਿਲਾਂ ਹੀ ਸੁਚੇਤ ਹੋ ਗਏ ਅਤੇ ਗਿਣੀ ਮਿਥੀ ਸਾਜ਼ਿਸ਼ ਨਾਲ ਸਿੱਖਾਂ ਨੂੰ ਕੁੱਟਣ ਲਈ ਯੋਜਨਾ ਅਤੇ ਹਥਿਆਰ ਤਿਆਰ ਕਰ ਲਏ ਗਏ। ਭਾਵ, ਆਪ ਹੀਰੋ ਬਣਨ ਦੇ ਚੱਕਰ ਵਿਚ ਆਉਣ ਵਾਲੀ ਮੁਸੀਬਤ ਸੰਬੰਧੀ ਪੁਲਿਸ ਨੂੰ ਵੀ ਸਹੀ ਜਾਣਕਾਰੀ ਨਹੀਂ ਦਿੱਤੀ ਗਈ।

24 ਮਈ ਨੂੰ ਜਸਪਾਲ ਸਿੰਘ ਅਤੇ ਹੋਰ ਪੰਜ ਸਿੱਖ ਸੈਕਟਰ 15 ਦੇ ਗੁਰੂ ਘਰ ਪਹੁੰਚੇ। ਪੰਜ ਸਿੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਮੱਥਾ ਟੇਕ ਕੇ ਬੈਠ ਗਏ। ਜਿਵੇਂ ਕਿ ਦੱਸਿਆ ਜਾ ਰਿਹਾ ਹੈ ਕਿ ਜਸਪਾਲ ਸਿੰਘ ਨੇ ਮੱਥਾ ਟੇਕਣ ਉਪਰੰਤ ਗੋਲੀਆਂ ਚਲਾ ਦਿੱਤੀਆਂ। ਇਹ ਦੇਖ ਕਿ ਕੁਝ ਨਿਰੰਜਣ ਦਾਸ ਅਤੇ ਰਾਮਾਨੰਦ ਦੇ ਬਚਾਅ ਲਈ ਅੱਗੇ ਆਏ ਚੇਲਿਆਂ ਦੇ ਵੀ ਗੋਲੀਆਂ ਲੱਗੀਆਂ ਅਤੇ ਹੋਰ ਚੇਲਿਆਂ ਨੇ ਜਸਪਾਲ ਸਿੰਘ ਨੂੰ ਕਾਬੂ ਕਰ ਲਿਆ ਅਤੇ ਮਾਰ-ਕੁਟ ਸ਼ੁਰੂ ਕਰ ਦਿੱਤੀ। ਚੇਲਿਆਂ ਦੀ ਗਿਣਤੀ ਜ਼ਿਆਦਾ ਹੋਣ ਕਰਕੇ, ਪਹਿਲਾਂ ਤੋਂ ਤਿਆਰ ਯੋਜਨਾ ਅਧੀਨ ਚੇਲਿਆਂ ਦੀ ਨਜ਼ਰ ਹੁਣ ਪੱਗੜੀਧਾਰੀ ਸਿੱਖਾਂ ਵੱਲ ਸੀ ਅਤੇ 10-15 ਚੇਲਿਆਂ ਦਾ ਗਰੁੱਪ ਬਣਾ ਸਿੱਖਾਂ ਨੂੰ ਕਾਬੂ ਕਰ ਆਤਮ-ਰੱਖਿਆ ਹੇਠ ਅਣਮਨੁੱਖੀ ਤਸ਼ੱਦਦ ਸ਼ੁਰੂ ਕਰ ਦਿੱਤਾ ਗਿਆ।

ਚੇਲਿਆਂ ਵਲੋਂ ਸਿੱਖਾਂ ਦੀ ਬੁਰੀ ਤਰ੍ਹਾਂ ਕੁੱਟ-ਮਾਰ ਕਰਦਿਆਂ ਉਨ੍ਹਾਂ ਦੇ ਕੱਪੜੇ ਫਾੜ ਕੇ ਸਰੀਰ ਤੇ ਹਰ ਉਹ ਗਰਮ ਤਰਲ ਪਦਾਰਥ ਜੋ ਉੱਥੇ ਮੌਜੂਦ ਸੀ, ਉਬਲਦੀਆਂ ਦਾਲਾਂ, ਗਰਮ-ਗਰਮ ਪਾਣੀ ਤੇ ਚਾਹ ਪਾ ਕੇ ਅਧਮੋਇਆ ਕਰ ਦਿੱਤਾ ਗਿਆ। ਮੌਕੇ ਦੀਆਂ ਤਸਵੀਰਾਂ ਤੋਂ ਦੇਖਿਆ ਜਾ ਸਕਦਾ ਹੈ ਕਿ ਸਿੱਖਾਂ ਦੇ ਤਨਾਂ ਤੇ ਸਿਰਫ਼ ਕਛਹਿਰੇ ਹੀ ਹਨ। ਸਿੱਖਾਂ ਨੂੰ ਕੇਸਾਂ ਤੋਂ ਫੜ ਕੇ ਧੂਹਿਆ ਗਿਆ, ਜਿਸ ਨਾਲ ਸਿਰ ਦੇ ਕੇਸ ਚਮੜੀ ਸਮੇਤ ਜੜ੍ਹੋਂ ਪੁੱਟੇ ਗਏ। ਕੁੱਟ-ਮਾਰ ਵਿਚ ਚੇਲੀਆਂ ਨੇ ਵੀ ਰਸੋਈ ਬਰਤਨਾਂ, ਜਿਵੇਂ ਫਰਾਈਪੈਨ ਅਤੇ ਮਾਇਕ ਸਟੈਂਡ ਆਦਿ ਦੀ ਵੀ ਵਰਤੋਂ ਕਰਕੇ ਸਿੱਖਾਂ ਨੂੰ ਮੌਤ ਦੇ ਕਿਨਾਰੇ ਪਹੁੰਚਾ ਦਿੱਤਾ। ਜ਼ਿਆਦਾ ਚੋਟਾਂ ਸਿੱਖਾਂ ਦੇ ਸਿਰਾਂ ਨੂੰ ਪਹੁੰਚਾਈਆਂ ਗਈਆਂ। ਜਸਪਾਲ ਸਿੰਘ ਦੇ ਸਿਰ ਵਿਚ ਤਿੱਖੀਆਂ ਸੀਖਾਂ ਮਾਰੀਆਂ ਗਈਆਂ, ਜਿਸ ਕਰਕੇ ਜਸਪਾਲ ਸਿੰਘ ਡੇਢ ਮਹੀਨਾ ਕੌਮਾਂ ਵਿਚ ਰਿਹਾ ਅਤੇ ਹੁਣ ਉਸ ਦੇ ਦਿਮਾਗੀ ਹਾਲਾਤ ਠੀਕ ਨਹੀਂ ਹਨ। ਬਾਕੀ ਦੇ ਪੰਜ ਸਿੱਖ ਦਿਮਾਗੀ ਅਤੇ ਸਰੀਰਕ ਤੌਰ ਤੇ ਹੁਣ ਠੀਕ-ਠਾਕ ਹਨ।

ਧਿਆਨ ਦੇਣ ਯੋਗ ਹੈ ਕਿ ਹਾਲ ਵਿਚ ਚੇਲਿਆਂ ਦੀ ਗਿਣਤੀ 250-300 ਤੱਕ ਸੀ। ਪਿਸਤੌਲ ਸਿਰਫ਼ ਜਸਪਾਲ ਸਿੰਘ ਕੋਲ ਸੀ। ਜਿਸ ਨੂੰ ਕੁਝ ਸਮੇਂ ਬਾਅਦ ਹੀ ਕਾਬੂ ਕਰ ਲਿਆ ਗਿਆ ਸੀ। ਬਾਕੀ ਪੰਜ ਸਿੰਘ ਸਿਰਫ਼ ਕਿਰਪਾਨ ਧਾਰੀ ਸਨ। ਜੇਕਰ ਗੱਲ ਸਿਰਫ਼ ਕਾਬੂ ਕਰਨ ਦੀ ਸੀ ਤਾਂ ਚੇਲੇ ਬਹੁ-ਗਿਣਤੀ ਹੋਣ ਕਰਕੇ ਉਨ੍ਹਾਂ ਨੂੰ ਵੀ ਅਸਾਨੀ ਨਾਲ ਕਾਬੂ ਕੀਤਾ ਜਾ ਸਕਦਾ ਸੀ। ਭਰੋਸੇਯੋਗ ਸੂਤਰ ਦੱਸਦੇ ਹਨ ਕਿ ਇਨ੍ਹਾਂ 6 ਸਿੱਖਾਂ ਤੋਂ ਇਲਾਵਾ ਹੋਰ ਵੀ ਪੱਗੜੀਧਾਰੀ, ਜਿਨ੍ਹਾਂ ਵਿਚ ਹਰੀਜਨ ਸਿੱਖ ਵੀ ਸ਼ਾਮਿਲ ਸਨ। ਚੇਲੇ ਉਨ੍ਹਾਂ ਵੱਲ ਵੀ ਵਧੇ ਸਨ ਪਰ ਹਰੀਜਨ ਸਿੱਖਾਂ ਦੇ ਰਿਸ਼ਤੇਦਾਰਾਂ ਅਤੇ ਜਾਣਕਾਰਾਂ ਨੇ ਵਿਚ ਪੈ ਕੇ ਹਰੀਜਨ ਪੱਗੜੀਧਾਰੀ ਸਿੱਖਾਂ ਨੂੰ ਬਚਾ ਲਿਆ।

25 ਮਈ ਦੀ ਅਜੀਤ ਜਲੰਧਰ ਅਨੁਸਾਰ ਨਿਰੰਜਣ ਦਾਸ ਦੇ ਪੇਟ ਅਤੇ ਪੱਟ ਵਿਚ ਇਕ-ਇਕ ਗੋਲੀ ਲੱਗੀ ਜਦ ਕਿ ਰਾਮਾਨੰਦ ਦੇ ਪੇਟ ਤੇ ਮੋਢੇ ਵਿਚ ਦੋ ਗੋਲੀਆਂ ਲੱਗੀਆਂ। ਉਨ੍ਹਾਂ ਦੇ ਬਚਾਅ ਲਈ ਅੱਗੇ ਆਏ ਇਕ ਸੇਵਕ ਕਿਸ਼ਨ ਲਾਲ ਦੇ ਵੀ ਪੇਟ ਅਤੇ ਪੱਟ ਵਿਚ ਗੋਲੀ ਲੱਗੀ। ਸ. ਸਰਨਾ ਸਾਹਿਬ ਦੇ ਵਕੀਲ ਭਾਰਤੀ ਨੇ ਆਪਣੀ ਰਿਪੋਰਟ ਵਿਚ ਕਿਹਾ ਕਿ 15 ਤੋਂ ਵੱਧ ਫਾਇਰ ਹੋਣ ਦੇ ਸਬੂਤ ਮਿਲੇ ਹਨ। ਪਰ ਪੁਲਿਸ ਵਲੋਂ ਬਰਾਮਦ ਕੀਤਾ ਪਿਸਤੌਲ ਵਿਚੋਂ ਅੱਠ ਹੀ ਗੋਲੀਆਂ ਚੱਲ ਸਕਦੀਆਂ ਹਨ। ਇਸ ਸੰਬੰਧੀ ਇਹ ਕਿਹਾ ਜਾ ਸਕਦਾ ਹੈ ਕਿ ਪੁਲਿਸ ਨੂੰ 15 ਤੋਂ ਵੱਧ ਗੋਲੀਆਂ ਦੇ ਨਿਸ਼ਾਨ ਮਿਲੇ ਹਨ। ਕਿਉਂਕਿ ਜਸਪਾਲ ਸਿੰਘ ਵਲੋਂ ਲਾਗੀਓ ਗੋਲੀਆਂ ਚਲਾਇਆਂ ਗਈਆਂ ਸਨ। ਹੋ ਸਕਦਾ ਹੈ, ਗੋਲੀਆਂ ਨਿਰੰਜਣ ਦਾਸ, ਰਾਮਾਨੰਦ ਅਤੇ ਇੱਕ ਚੇਲੇ ਦੇ ਸਰੀਰ ਅੰਗਾਂ (ਪੇਟ, ਪੱਟ, ਮੋਢਾ) ਵਿਚੋਂ ਦੀ ਆਰ ਪਾਰ ਹੁੰਦੀਆਂ ਕੰਧਾਂ ਵਿਚ ਜਾ ਲੱਗੀਆਂ ਹੋਣ। ਸੋ ਇਸ ਹਿਸਾਬ ਨਾਲ ਇਕ ਗੋਲੀ ਦੇ ਤਿੰਨ ਨਿਸ਼ਾਨ ਗਿਣੇ ਜਾ ਸਕਦੇ ਹਨ।

ਇਹ ਵੀ ਜ਼ਿਕਰਯੋਗ ਹੈ ਕਿ ਸੈਕਟਰ 15 ਦੇ ਗੁਰਦੁਆਰੇ ਦੀ ਸਥਾਪਨਾ ਲਈ ਵਿਆਨਾ ਦੇ ਸਿੱਖਾਂ ਕੋਲੋਂ ਉਗਰਾਹੀ ਕੀਤੀ ਗਈ ਸੀ ਕਿ ਅਸੀਂ ਨਵਾਂ ਗੁਰਦੁਆਰਾ ਬਣਾਉਣ ਜਾ ਰਹੇ ਹਾਂ। 25 ਦਸੰਬਰ 2005 ਨੂੰ ਗੁਰਦੁਆਰਾ ਸਥਾਪਿਤ ਹੋਣ ਤੋਂ ਬਾਅਦ ਸਿਰਫ਼ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੀ ਕੀਤਾ ਗਿਆ ਸੀ। ਬਾਕੀ ਸਭ ਡੇਰੇ ਦੀ ਮਰਿਆਦਾ ਅਨੁਸਾਰ ਹੁੰਦਾ ਸੀ, ਨਾ ਕਿ ਪੰਥ ਦੀ ਰਹਿਤ ਮਰਿਆਦਾ ਅਨੁਸਾਰ। ਅੰਬੇਡਕਰ ਦੀ ਫੋਟੋ ਹਾਲ ਵਿਚ ਟੰਗਣਾ, ਬਹੁਤ ਸਾਰੀਆਂ ਡੇਰਾ ਮਰਿਆਦਾ ਵਿਚ ਇਕ ਹੈ। ਜਿਸਦਾ ਜ਼ਿਕਰ 26 ਮਈ ਦੀ ਅਜੀਤ ਜਲੰਧਰ ਨੇ ਆਪਣੀ ਖ਼ਬਰ ਵਿਚ ਕੀਤਾ ਹੈ।

ਵਿਆਨਾ ਕਾਂਡ ਨੂੰ ਹਰ ਕਿਸੇ ਨੇ ਆਪਣੇ ਮਕਸਦ ਲਈ ਵਰਤਿਆ। ਪੁਲਿਸ ਆਉਣ ਤੋਂ ਬਾਅਦ ਚੇਲਿਆਂ ਨੇ ਗਿਣੀ-ਮਿਥੀ ਸਾਜ਼ਿਸ਼ ਦੇ ਤਹਿਤ ਵਿਦੇਸ਼ੀ ਮੀਡੀਆ ਅੱਗੇ ਸਿੱਖਾਂ ਨੂੰ ਖਲਨਾਇਕ ਅਤੇ ਆਪਣੇ ਆਪ ਨੂੰ ਪੀੜਤ (ਸਦੀਆਂ ਤੋਂ) ਦੱਸਿਆ। ਭਾਰਤੀ ਬ੍ਰਾਹਮਣਵਾਦੀ ਮੀਡੀਆ ਅਤੇ ਦਲਿਤ ਮੀਡੀਆ ਨੇ ਵਿਆਨਾ ਕਾਂਡ ਨੂੰ ਜਾਤ-ਪਾਤ ਦੀ ਲੜਾਈ ਦਾ ਜਾਮਾ ਪਹਿਨਾ ਕੇ ਦਲਿਤਾਂ ਤੇ ਸਿੱਖਾਂ ਵਿਚਕਾਰ ਪਾੜਾ ਵਧਾਉਣ ਵਿਚ ਸਫਲਤਾ ਹਾਸਲ ਕੀਤੀ। ਬਾਦਲ ਸਰਕਾਰ ਨੇ ਵਿਆਨਾ ਕਾਂਡ ਤੋ ਬਾਅਦ ਡੇਰੇ ਤੇ ਹੱਦੋਂ ਵੱਧ ਕ੍ਰਿਪਾ-ਦ੍ਰਿਸ਼ਟੀ ਕਰਕੇ ਦਲਿਤ ਵੋਟ ਬੈਂਕ ਨੂੰ ਪੱਕਾ ਕੀਤਾ। ਭਾਰਤ ਸਰਕਾਰ ਨੇ ਆਸਟਰੀਆ ਸਰਕਾਰ ਦੇ ਦਬਾਓ ਪਾ ਕੇ ਨਿਰੰਜਣ ਦਾਸ ਦੀ ਘਰ ਵਾਪਸੀ ਕਰਵਾ ਕੇ ਆਪਣਾ ਰੋਲ ਨਿਭਾਇਆ। ਪਰ ਇਸ ਸਾਰੀ ਦੌੜ ਵਿਚ ਕਿਸੇ ਨੇ ਵੀ ਸੈਕਟਰ 15 ਵਿਚ 24 ਮਈ ਤੋਂ ਪਏ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦਾ ਸੁੱਖ ਆਸਣ ਕਰਵਾਉਣ ਬਾਰੇ ਇੱਕ ਬਾਰ ਵੀ ਨਹੀਂ ਕਿਹਾ ਗਿਆ।