ਧਮਕੀਆਂ ਨਜ਼ਰ ਅੰਦਾਜ਼ ਕੀਤੀਆਂ ਗਈਆਂ - ਵਕੀਲ ਲੇਖ ਰਾਜ ਬਿਰਦੀ
ਖਾੜਕੂਆਂ ਦੇ ਇਰਾਦੇ ਅਤੇ ਆਸਟਰੀਅਨ ਪ੍ਰਸ਼ਾਸਨ ਦੀ ਨਾਕਾਰੀ
29 ਮਈ 2009 ਰਸਾਲਾ Profil ਵਿਚ ਛਪੀ ਵਕੀਲ ਲੇਖ ਰਾਜ ਬਿਰਦੀ (54) ਦੀ ਪ੍ਰੋਫੀਲ ਨਾਲ ਹੋਈ ਟੈਲੀਫੋਨ ਗੱਲਬਾਤ ਦਾ ਪੰਜਾਬੀ ਰੂਪ - ਇਕਚਿੰਤਨ ਸਿੰਘ
ਪ੍ਰੋਫੀਲ: ਤੁਹਾਨੂੰ ਗੁਰੂਆਂ ਨੂੰ ਦਿੱਤੀਆਂ ਧਮਕੀਆਂ ਬਾਰੇ ਪਤਾ ਸੀ?
ਬਿਰਦੀ: ਮੈਂ ਪਿਛਲੇ ਕੁਝ ਸਮੇਂ ਤੋਂ ਇਸ ਸੇਵਾ ਵਿਚ ਹਾਂ। ਅਸੀਂ ਉਨ੍ਹਾਂ ਨੂੰ ਗੁਰੂ ਨਹੀਂ ਕਹਿੰਦੇ, ਬਲਕਿ ਮਹਾਂ ਪੁਰਸ਼ ਨਾਲ ਸੰਬੋਧਨ ਕਰਦੇ ਹਾਂ। ਮੈਨੂੰ ਪਤਾ ਹੈ ਕਿ ਬਾਹਰਲੇ ਮੁਲਕਾਂ ਵਿਚ ਇਹ ਸ਼ਬਦ ਹੋਰ ਤਰੀਕੇ ਨਾਲ ਵਰਤਿਆ ਜਾਂਦਾ ਹੈ। ਪਰ ਸਾਡੇ ਲਈ ਉਹ ਮਹਾਂ ਪੁਰਸ਼ ਹਨ। ਕੁਝ ਸਮੇਂ ਪਹਿਲਾਂ ਇੰਗਲੈਂਡ ਵਿਚ ਧਮਕੀਆਂ ਮਿਲੀਆਂ ਸਨ। ਜਿੱਥੋਂ ਤੱਕ ਮੈਨੂੰ ਪਤਾ ਹੈ, ਆਸਟਰੀਆ ਵਿਚ ਵੀ ਧਮਕੀਆਂ ਦਿੱਤੀਆਂ ਗਈਆਂ ਸਨ। ਪਰ ਇੰਗਲੈਂਡ ਵਿਚ ਧਮਕੀਆਂ ਨੂੰ ਗੰਭੀਰਤਾ ਨਾਲ ਲਿਆ ਗਿਆ।
ਪ੍ਰੋਫੀਲ: ਕਿਸ ਤਰ੍ਹਾਂ ਦੀ ਧਮਕੀਆਂ ਦਿੱਤੀਆਂ ਗਈਆਂ?
ਬਿਰਦੀ: ਇਸ ਸੰਬੰਧੀ ਮੈਂ ਜ਼ਿਆਦਾ ਨਹੀਂ ਕਹਿਣਾ ਚਾਹੁੰਦਾ। ਇਹ ਬੜਾ ਗੰਭੀਰ ਮਸਲਾ ਹੈ। ਮੁੱਕਦੀ ਗੱਲ ਇਹ ਹੈ ਕਿ ਇੰਗਲੈਂਡ ਵਿਚ ਕਦਮ ਉਠਾਏ ਗਏ, ਜਿਸ ਨਾਲ ਖ਼ਤਰਾ ਘਟਾਇਆ ਜਾ ਸਕਿਆ।
ਪ੍ਰੋਫੀਲ: ਪ੍ਰਸ਼ਾਸਨ ਵਲੋਂ ਕਦਮ ਉਠਾਏ ਗਏ ਸਨ?
ਬਿਰਦੀ: ਵਿਸਥਾਰ ਰੂਪ ਵਿਚ ਮੈਂ ਦੱਸਣਾ ਨਹੀਂ ਚਾਹੁੰਦਾ।
ਪ੍ਰੋਫੀਲ: ਆਸਟਰੀਆ ਦੇ ਰਵੀਦਾਸੀਆਂ ਵਲੋਂ ਪੁਲਿਸ ਨੂੰ ਦੱਸਿਆ ਗਿਆ ਸੀ, ਪਰ ਪੁਲਿਸ ਨੇ ਕੁਝ ਨਹੀਂ ਕੀਤਾ।
ਬਿਰਦੀ: ਮੁਸ਼ਕਲ ਇਹ ਹੈ ਕਿ ਰਵੀਦਾਸ ਭਾਈਚਾਰਾ ਆਸਟਰੀਆ ਵਿਚ ਬਹੁਤ ਛੋਟਾ ਹੈ। ਜਿੰਨਾ ਵੱਡਾ ਸੰਪਰਕ ਇੰਗਲੈਂਡ ਦੇ ਭਾਈਚਾਰੇ ਦਾ ਪੁਲਿਸ ਨਾਲ ਹੈ, ਉਹ ਆਸਟਰੀਆ ਵਿਚ ਨਹੀਂ ਹੈ। ਰਵੀਦਾਸੀ ਇੰਗਲੈਂਡ ਵਿਚ ਰਾਜਨੀਤਿਕ ਅਤੇ ਸਮਾਜਿਕ ਤੌਰ ਤੇ ਵੱਡੇ ਪੱਧਰ ਤੇ ਸਰਗਰਮ ਹਨ। ਸਾਡਾ ਇੱਥੇ ਕਾਫ਼ੀ ਪ੍ਰਭਾਵ ਹੈ। ਮੇਰੀ ਜਾਣਕਾਰੀ ਮੁਤਾਬਿਕ ਮਹਾਂ ਪੁਰਸ਼ਾਂ ਨੂੰ ਬਚਾਉਣ ਲਈ ਆਸਟਰੀਆ ਪ੍ਰਸ਼ਾਸਨ ਨੇ ਕੁਝ ਨਹੀਂ ਕੀਤਾ।
ਇੱਕ ਦੋ ਸਾਲ ਪਹਿਲਾਂ ਜਦੋਂ ਮਹਾਂ ਪੁਰਸ਼ ਆਸਟਰੀਆ ਵਿਚ ਆਏ ਸਨ, ਉਸ ਸਮੇਂ ਵੀ ਧਮਕੀਆਂ ਦਿੱਤੀਆਂ ਗਈਆਂ ਸਨ। ਪਰ ਇਸ ਵਾਰ ਧਮਕੀਆਂ ਨੂੰ ਹਕੀਕਤ ਵਿਚ ਬਦਲ ਦਿੱਤਾ ਗਿਆ।
ਪ੍ਰੋਫੀਲ: ਜਦੋਂ ਤੁਹਾਨੂੰ ਘਟਨਾ ਦਾ ਪਤਾ ਲੱਗਾ ਤਾਂ ਤੁਸੀਂ ਉਸ ਸਮੇਂ ਹੀ ਸਮਝ ਗਏ ਕਿ ਖਾੜਕੂ ਸਿੱਖਾਂ ਦਾ ਇਹ ਕੰਮ ਹੈ?
ਬਿਰਦੀ: ਹਾਂ, ਇਹ ਲੋਕ ਬਹੁਤ ਘੱਟ ਗਿਣਤੀ ਵਿਚ ਹਨ। ਜਿਨ੍ਹਾਂ ਦੀ ਸੋਚ ਮੁੱਖ ਧਾਰਾ ਵਾਲੇ ਸਿੱਖਾਂ ਨਾਲ ਮੇਲ ਨਹੀਂ ਖਾਂਦੀ। ਖਾੜਕੂਆਂ ਨੇ ਸਾਫ਼ ਕਿਹਾ ਸੀ ਕਿ ਸੰਤ ਰਾਮਾਨੰਦ ਅਤੇ ਸੰਤ ਨਿਰੰਜਣ ਦਾਸ ਵਲੋਂ ਗੁਰੂ ਗ੍ਰੰਥ ਸਾਹਿਬ ਦੀ ਬੇਕਦਰੀ ਕੀਤੀ ਜਾ ਰਹੀ ਹੈ।
ਪ੍ਰੋਫੀਲ: ਕਿੱਥੇ ਕਿਹਾ ਸੀ?
ਬਿਰਦੀ: ਆਪਣੀਆਂ ਧਮਕੀਆਂ ਵਿਚ ਉਨ੍ਹਾਂ ਨੇ ਲਿਖਿਆ ਸੀ। ਉਨ੍ਹਾਂ ਦੀ ਆਪਣੀ ਸਮਝ ਹੈ ਕਿ ਗੁਰੂ ਗ੍ਰੰਥ ਸਾਹਿਬ ਕੀ ਕਹਿੰਦੇ ਹਨ। ਜਿੱਥੋਂ ਤੱਕ ਮੈਨੂੰ ਸਮਝ ਆਉਂਦੀ ਹੈ ਕਿ ਉਨ੍ਹਾਂ ਦਾ ਕਹਿਣਾ ਹੈ, ਮਹਾਂ ਪੁਰਸ਼ਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਕਦਰੀ ਕੀਤੀ ਹੈ, ਇਹ ਬੇਅਰਥੀ ਗੱਲ੍ਹਾਂ ਹਨ। ਇਸ ਤਰ੍ਹਾਂ ਦਾ ਦੋਵੇਂ ਮਹਾਂ ਪੁਰਸ਼ਾਂ ਨੇ ਕੁਝ ਵੀ ਨਹੀਂ ਕੀਤਾ। ਦੋਵਾਂ ਨੇ ਹਮੇਸ਼ਾਂ ਸ਼ਾਂਤੀ ਅਤੇ ਬਰਾਬਰਤਾ ਦੇ ਪ੍ਰਚਾਰ ਕੀਤਾ। ਮਨੁੱਖੀ ਕਦਰਾਂ-ਕੀਮਤਾਂ ਦੀ ਗੱਲ ਕੀਤੀ ਜਿਸ ਤਰ੍ਹਾਂ ਹੋਰ ਵੀ ਧਰਮ ਕਰਦੇ ਹਨ। ਉਨ੍ਹਾਂ ਨੇ ਹਮੇਸ਼ਾ ਗੁਰੂ ਗ੍ਰੰਥ ਸਾਹਿਬ ਦੀ ਪੂਰੀ ਕਦਰ ਕੀਤੀ। ਬੈਠਣ ਲੱਗੇ ਹਮੇਸ਼ਾ ਗੁਰੂ ਗ੍ਰੰਥ ਸਾਹਿਬ ਅੱਗੇ ਨਤ-ਮਸਤਕ ਹੋਏ।
ਪ੍ਰੋਫੀਲ: ਪਰ ਚੇਲੇ ਗੁਰੂ ਗ੍ਰੰਥ ਸਾਹਿਬ ਤੋਂ ਪਹਿਲਾਂ ਸੰਤਾਂ ਅੱਗੇ ਨਤ-ਮਸਤਕ ਹੁੰਦੇ ਸਨ, ਇਸ ਕਰਕੇ ਕੁਝ ਲੋਕਾਂ ਨੂੰ ਇਹ ਪਸੰਦ ਨਹੀਂ ਸੀ।
ਬਿਰਦੀ: ਮਹਾਂ ਪੁਰਸ਼ਾਂ ਨੇ ਸਤਿਕਾਰ ਕਰਨ ਲਈ ਕਿਸੇ ਖ਼ਾਸ ਢੰਗ-ਤਰੀਕੇ ਦੀ ਮੰਗ ਨਹੀਂ ਕੀਤੀ। ਜੇਕਰ ਕੋਈ ਮਹਾਂ ਪੁਰਸ਼ਾਂ ਅੱਗੇ ਨਤ-ਮਸਤਕ ਹੁੰਦਾ ਹੈ ਤਾਂ ਉਹ ਉਸਨੂੰ ਆਸ਼ੀਰਵਾਦ ਦਿੰਦੇ ਹਨ। ਉਨ੍ਹਾਂ ਨੇ ਕਿਸੇ ਨੇ ਕੋਈ ਹੁਕਮ ਨਹੀਂ ਕੀਤਾ। ਉਨ੍ਹਾਂ ਦੀ ਸਿੱਖਿਆ ਹੈ, ਸਿਰਫ਼ ਇੱਕ ਰੱਬ ਹੈ ਅਤੇ ਉਸ ਨੂੰ ਸਤਿਕਾਰ ਕਰਨ ਦਾ ਹੱਕ ਹਰ ਕਿਸੇ ਨੂੰ ਹੈ।
ਭਾਰਤੀ ਸਮਾਜ ਵਿਚ ਸਾਡਾ ਭਾਈਚਾਰਾ ਨੀਵੀਂ ਜਾਤੀ ਨਾਲ ਸੰਬੰਧਿਤ ਹੈ। ਸਾਰਾ ਭਾਰਤੀ ਸਮਾਜ ਇੱਕ ਜਾਤ-ਜਮਾਤ ਵਿਚ ਵੰਡਿਆ ਹੋਇਆ ਹੈ। ਮੈਨੂੰ ਗ਼ਲਤ ਨਾ ਸਮਝਿਆ ਜਾਵੇ। ਲੜਾਈ ਇਹ ਨਹੀਂ ਹੈ ਕਿ ਸਿੱਖ ਭਾਈਚਾਰੇ ਦਾ ਇੱਕ ਹਿੱਸਾ ਦੂਸਰੇ ਨਾਲ ਲੜ ਰਿਹਾ ਹੈ। ਖਾੜਕੂ ਹਮੇਸ਼ਾ ਹੁੰਦੇ ਆਏ ਹਨ, ਇਹ ਹੁਣ ਉਹ ਇਸ ਪਾਸੇ ਹੋਣ ਜਾਂ ਦੂਜੇ ਪਾਸੇ। ਸਾਰੀ ਦੁਨੀਆ ਨੂੰ ਖਾੜਕੂਆਂ ਵਿਰੁੱਧ ਲੜਨਾ ਚਾਹੀਦਾ ਹੈ।
ਅਫਸੋਸ ਦੀ ਗੱਲ ਹੈ ਕਿ ਆਸਟਰੀਅਨ ਪ੍ਰਸ਼ਾਸਨ ਨੇ ਇਸ ਮਸਲੇ ਨੂੰ ਨਜ਼ਰ ਅੰਦਾਜ਼ ਕੀਤਾ। ਪਰ ਇੰਗਲੈਂਡ ਤੋਂ ਆਸਟਰੀਆ ਪਹੁੰਚੇ ਰਵੀਦਾਸੀਆਂ ਨੇ ਮੈਨੂੰ ਦੱਸਿਆ ਕੀ ਹੁਣ ਆਸਟਰੀਅਨ ਪ੍ਰਸ਼ਾਸਨ ਇਸ ਮਸਲੇ ਨੂੰ ਗੰਭੀਰਤਾ ਨਾਲ ਲੈ ਰਿਹਾ ਹੈ। ਪਰ ਅਫਸੋਸ ਹੈ ਕਿ ਸਾਡੇ ਮਹਾਂ ਪੁਰਸ਼ ਦੇ ਮਰਨ ਉਪਰੰਤ ਆਸਟਰੀਅਨ ਪ੍ਰਸ਼ਾਸਨ ਹਰਕਤ ਵਿਚ ਆਇਆ।
ਪ੍ਰੋਫੀਲ: ਕੀ ਕਿਸੇ ਖਾਸ ਨਾਮ ਹੇਠਾਂ ਖਾੜਕੂ ਕੰਮ ਰਹੇ ਹਨ?
ਬਿਰਦੀ: ਨਹੀਂ, ਮੈਨੂੰ ਕਿਸੇ ਨਾਮ ਬਾਰੇ ਜਾਣਕਾਰੀ ਨਹੀਂ ਹੈ। ਪਰ ਮੈਂ ਤੁਹਾਨੂੰ ਇੰਗਲੈਂਡ ਸੰਬੰਧੀ ਹੀ ਜਾਣਕਾਰੀ ਦੇ ਸਕਦਾ ਹਾਂ।
ਪ੍ਰੋਫੀਲ: ਸੰਤ ਰਾਮਾਨੰਦ ਅਤੇ ਸੰਤ ਨਿਰੰਜਣ ਦਾਸ ਯੂਰਪ ਟੂਰ ਤੇ ਸਨ?
ਬਿਰਦੀ: ਜਿੱਥੇ ਉਨ੍ਹਾਂ ਨੂੰ ਸੱਦਿਆ ਜਾਂਦਾ ਸੀ, ਉੱਥੇ ਉਹ ਜਾਂਦੇ ਸਨ। ਉਹ ਸਾਰੇ ਪੈਰੋਕਾਰਾਂ ਲਈ ਹਾਜ਼ਰ ਹਨ।
ਪ੍ਰੋਫੀਲ: ਸਿੱਖ-ਭਾਈਚਾਰਾ ਮੀਡੀਆ ਨਾਲ ਗੱਲ-ਬਾਤ ਕਿਉਂ ਨਹੀਂ ਕਰ ਰਿਹਾ?
ਬਿਰਦੀ: ਰਾਜਨੀਤਿਕ ਤੌਰ ਤੇ ਬਹੁਤ ਹੀ ਪੇਚੀਦਾ ਮਸਲਾ ਹੈ। ਤੁਸੀਂ ਦੇਖ ਸਕਦੇ ਹੋ ਕਿ ਭਾਰਤ ਵਿਚ ਕੀ ਕੁਝ ਹੋਇਆ ਹੈ। ਗੱਡੀਆਂ ਅਤੇ ਘਰਾਂ ਨੂੰ ਅੱਗ ਲਾ ਦਿੱਤੀ ਗਈ। ਇਸ ਦੀ ਬਿਲਕੁਲ ਹੀ ਲੋੜ ਨਹੀਂ ਸੀ। ਕੋਈ ਵੀ ਨਹੀਂ ਚਾਹੁੰਦਾ ਕਿ ਹਾਲਾਤ ਹੋਰ ਵਿਗੜਨ। ਇਸ ਕਰਕੇ ਕਈ ਲੋਕ ਇਸ ਸੰਬੰਧੀ ਕੁਝ ਵੀ ਨਹੀਂ ਕਹਿਣਾ ਚਾਹੁੰਦੇ। ਮੈਂ ਸਿਰਫ਼ ਆਪਣੇ ਵਲੋਂ ਦੱਸ ਸਕਦਾ ਹਾਂ ਕਿ ਮਹਾਂ ਪੁਰਸ਼ਾਂ ਨੇ ਕੁਝ ਵੀ ਗ਼ਲਤ ਨਹੀਂ ਕੀਤਾ।
ਉਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਬੇਕਦਰੀ ਕਰਨ ਦੀ ਕੀ ਲੋੜ ਸੀ? ਸਾਡੇ ਆਪਣੇ ਗੁਰੂ ਦੀ ਬਾਣੀ ਵੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ। ਸੱਚ ਤਾਂ ਇਹ ਹੈ ਕਿ ਕੱਟੜਵਾਦੀਆਂ ਨੇ ਖ਼ੁਦ ਗੁਰੂ ਗ੍ਰੰਥ ਸਾਹਿਬ ਦੀ ਬੇਕਦਰੀ ਕੀਤੀ ਹੈ, ਕਿਉਂਕਿ ਗੁਰੂ ਗ੍ਰੰਥ ਸਾਹਿਬ ਵਿਚ ਕਿੱਥੇ ਲਿਖਿਆ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਵਿਚ ਮਾਰ-ਕੁਟ ਕਰ ਸਕਦੇ ਹੋ? ਕੱਟੜਵਾਦੀ ਉਹ ਲੋਕ ਹਨ, ਜੋ ਕੁਝ ਗੱਲ੍ਹਾਂ ਕਿਤਾਬ ਵਿਚ ਲੈਂਦੇ ਹਨ ਅਤੇ ਆਪਣੇ ਹਿਸਾਬ ਨਾਲ ਅਰਥ ਦੱਸਦੇ ਹਨ ਅਤੇ ਅਸਲੀ ਸੰਦੇਸ਼ ਵੱਲ ਧਿਆਨ ਨਹੀਂ ਦਿੰਦੇ।
-----
ਜਿਵੇਂ ਕਿ ਤੁਸੀਂ ਪੜ੍ਹ ਸਕਦੇ ਹੋ ਕਿ ਵਕੀਲ ਨੇ ਵੀ ਆਸਟਰੀਅਨ ਪ੍ਰਸ਼ਾਸਨ ਅਤੇ ਪੁਲਿਸ ਤੇ ਇਲਜ਼ਾਮ ਲਾਇਆ ਹੈ ਕਿ ਸੁਰੱਖਿਆ ਸੰਬੰਧੀ ਕੁਝ ਨਹੀਂ ਕੀਤਾ ਗਿਆ। ਮੈਂ ਪਿਛਲੇ ਲੇਖ ਵਿਚ ਵੀ ਲਿਖਿਆ ਸੀ ਕਿ ਪੁਲਿਸ ਬੁਲਾਰੇ ਨੇ ਜਾਂਚ ਪੜਤਾਲ ਕਰਕੇ ਕਿਹਾ, ਸਾਨੂੰ ਸਮਾਗਮ ਜਾਣਕਾਰੀ ਕਰਕੇ ਸੰਪਰਕ ਕੀਤਾ ਗਿਆ ਪਰ ਇਸ ਗੱਲ ਵੱਲ ਸੰਕੇਤ ਨਹੀਂ ਦਿੱਤਾ ਗਿਆ ਕਿ ਹਮਲਾ ਹੋ ਸਕਦਾ ਹੈ। ਆਮ ਤੌਰ ਤੇ 500 ਤੋਂ ਜ਼ਿਆਦਾ ਲੋਕਾਂ ਦੇ ਇਕੱਠ ਵਿਚ ਸੁਰੱਖਿਆ ਪ੍ਰਦਾਨ ਕੀਤੀ ਜਾਂਦੀ ਹੈ। ਇਸ ਕਰਕੇ ਸਿਰਫ਼ ਸਾਧਾਰਨ ਕਦਮ ਹੀ ਚੁੱਕੇ ਗਏ ਸਨ, ਜੋ 500 ਤੋਂ ਘੱਟ ਇਕੱਠ ਵਿਚ ਕੀਤੇ ਜਾਂਦੇ ਹਨ।