ਵਿਆਨਾ ਕਾਂਡ ਯੋਜਨਾਬੱਧ ਤਰੀਕੇ ਨਾਲ? ਪਰ ਕਿਨ੍ਹਾਂ ਵਲੋਂ?

ਵਿਆਨਾ ਕਾਂਡ ਯੋਜਨਾਬੱਧ ਤਰੀਕੇ ਨਾਲ? ਪਰ ਕਿਨ੍ਹਾਂ ਵਲੋਂ?
ਲੇਖਕ - ਇਕਚਿੰਤਨ ਸਿੰਘ

ਵਿਆਨਾ ਕਾਂਡ ਤੋਂ ਬਾਅਦ ਜਿਸ ਤਰ੍ਹਾਂ ਚੇਲਿਆਂ ਨੂੰ ਵਿਆਨਾ ਵਿਚ ਚੁਤਰਫ਼ਾ ਮਦਦ ਆਉਣੀ ਸ਼ੁਰੂ ਹੋ ਗਈ ਸੀ। ਇੰਝ ਹੀ ਪ੍ਰਤੀਤ ਹੁੰਦਾ ਸੀ ਕਿ ਜਿਵੇਂ ਕਿਸੇ ਮੰਤਰੀ ਤੇ ਹਮਲਾ ਹੋ ਗਿਆ ਹੈ। ਇੰਗਲੈਂਡ ਤੋਂ ਡਾਕਟਰ ਪਹੁੰਚ ਗਿਆ। ਇੰਗਲੈਂਡ ਤੋਂ ਹੀ ਵਕੀਲ ਫ਼ੋਨ ਤੇ ਵਿਆਨਾ ਦੇ ਰਸਾਲਿਆਂ ਨੂੰ ਜਾਣਕਾਰੀ ਦੇ ਲੱਗ ਪਿਆ। ਭਾਰਤ ਦੇ ਮੰਤਰੀ-ਸੰਤਰੀ ਵੀ ਪਿੱਛੇ ਨਾ ਰਹੇ। ਭਾਰਤ ਸਰਕਾਰ ਕੇਸ ਦੀ ਪੜਤਾਲ ਲਈ ਮਾਹਿਰ ਭੇਜਣ ਨੂੰ ਤਿਆਰ ਹੋ ਗਈ। ਪੰਜਾਬ ਸਰਕਾਰ ਦੀ ਕਰਤੂਤਾਂ ਦਾ ਸਭ ਨੂੰ ਪਤਾ ਹੈ। ਅਖ਼ਬਾਰਾਂ ਸਿੱਖ ਅਤੇ ਗੈਰ-ਸਿੱਖ ਸੰਸਥਾਵਾਂ ਦੀਆਂ ਨਿਖੇਧੀਆਂ ਨਾਲ ਭਰ ਗਈਆਂ। ਨਿਰੰਜਣ ਦਾਸ ਅਤੇ ਰਾਮਾ ਨੰਦ ਨੂੰ ਲੱਖਾਂ ਕਰੋੜਾਂ ਦਾ ਗੁਰੂ ਅਤੇ ਸਿੱਖਾਂ ਨੂੰ ਅੱਤਵਾਦੀ, ਪਛੜਿਆ ਹੋਇਆ ਧਰਮ ਦੱਸਿਆ ਜਾਣ ਲੱਗ ਪਿਆ।

ਮੁੱਕਦੀ ਗੱਲ ਜਦ ਚੇਲਿਆਂ ਨੂੰ ਪਤਾ ਸੀ ਕਿ ਨਿਰੰਜਣ ਦਾਸ ਅਤੇ ਰਾਮਾ ਨੰਦ ਲੱਖਾਂ ਕਰੋੜਾਂ ਦੀ ਧੜਕਣ ਹਨ ਤਾਂ 22 ਸੈਕਟਰ ਦੇ ਗੁਰਦੁਆਰਾ ਪ੍ਰਧਾਨ ਦੀ ਚੇਤਾਵਨੀ ਦੇਣ ਦੇ ਬਾਵਜੂਦ ਸੁਰੱਖਿਆ ਪ੍ਰਬੰਧ ਕਿਉਂ ਨਹੀਂ ਕੀਤੇ ਗਏ? ਕਿਉਂ, ਆਪ ਹੀਰੋ ਬਣਨ ਦੇ ਚੱਕਰ ਵਿਚ ਨਾਸਮਝੀ ਕੀਤੀ ਗਈ? ਮਾਮਲੇ ਦੀ ਨਾਜ਼ੁਕਤਾ ਨੂੰ ਕਿਉਂ ਨਹੀਂ ਸਮਝਿਆ ਗਿਆ? ਦੂਜੇ ਪਾਸੇ ਜੋ ਅਖ਼ਬਾਰਾਂ ਵਿਚ ਹੁਣ ਤੱਕ ਦੱਸਿਆ ਜਾ ਰਿਹਾ ਹੈ ਕਿ ਜਿਹੜੇ 6 ਸਿੰਘ ਫੜੇ ਗਏ ਉਹਨਾਂ ਵਿਚ ਸਿਰਫ਼ ਇੱਕ ਹੀ ਜੰਗ ਲੱਗਾ ਪਿਸਤੌਲ ਲੈ ਕੇ ਗਿਆ ਸੀ। ਬਾਕੀ ਪੰਜ ਸਿੰਘ ਸਿਰਫ਼ ਪੰਜ ਕਕਾਰ ਧਾਰਨੀ ਸਨ। ਜੇਕਰ ਛੇ ਦੇ ਛੇ ਯੋਜਨਾਬੱਧ ਕਤਲ ਇਰਾਦੇ ਨਾਲ ਗਏ ਸਨ ਤਾਂ ਉਹ 250-300 ਤੱਕ ਚੇਲਿਆਂ ਵਿਚ ਇੱਕ ਤੋ ਛੁੱਟ ਬਾਕੀ ਪੰਜ ਨਿਹੱਥੇ ਹੋ ਕੇ ਕਿਹੜੀ ਸੋਚ ਨਾਲ ਗਏ ਸਨ?

ਕੀ ਡੇਰਿਆਂ ਦੀਆਂ ਸੈਨਾਵਾਂ ਅਤੇ ਸੰਸਥਾਵਾਂ ਵੀ ਆਰ. ਐਸ. ਐਸ ਤੋਂ ਪ੍ਰੇਰਿਤ ਹਨ? ਜਿਸ ਤਰ੍ਹਾਂ ਆਰ. ਐਸ. ਐਸ. ਆਪਣੀਆਂ ਸੰਸਥਾਵਾਂ ਵਿਚ ਸੇਵਕ ਭਰਤੀ ਕਰਕੇ ਹਥਿਆਰ ਚਲਾਉਣਾ ਸਿਖਾਉਂਦੀ ਹੈ। ਆਪਣੇ ਰਸਾਲਿਆਂ ਦੀਆਂ ਲਿਖਤਾਂ ਨਾਲ ਨਫ਼ਰਤ ਅਤੇ ਝੂਠ ਫੈਲਾਉਂਦੀ ਹੈ। ਕਈ ਕਈ ਸਾਲ ਇਹ ਤਿਆਰੀਆਂ ਚਲਦੀਆਂ ਰਹਿੰਦੀਆਂ ਹਨ। ਫਿਰ 84 ਵਰਗਾ ਮੌਕਾ ਮਿਲਦੇ ਹੀ ਆਪਣਾ ਪੂਰਾ ਰੰਗ ਦਿਖਾ ਦਿੰਦੀਆਂ ਹਨ। ਕੀ 24-25 ਮਈ ਨੂੰ ਵਿਆਨਾ ਕਾਂਡ ਮਗਰਲੀ ਹਿੰਸਾ ਵੀ ਸਾਲਾਂ ਬੱਧੀ ਤਿਆਰੀ ਦਾ ਹੀ ਨਤੀਜਾ ਸੀ? ਕਿਉਂਕਿ ਇਨ੍ਹਾਂ ਦੇ ਰਸਾਲਿਆਂ ਵਿਚਲੀਆਂ ਲਿਖਤਾਂ ਨੂੰ ਪੜ੍ਹਿਆ ਜਾਵੇ ਤਾਂ ਪਤਾ ਲੱਗਦਾ ਹੈ ਕਿ ਕਿਸ ਤਰ੍ਹਾਂ ਖ਼ਬਰਾਂ ਨੂੰ ਤੋੜ ਮੋਰੜ ਕੇ ਮੰਨੂਵਾਦ ਦੀ ਚਾਦਰ ਹੇਠ ਪੇਸ਼ ਕੀਤਾ ਜਾਂਦਾ ਹੈ ਅਤੇ ਖੁੱਲ੍ਹੇਆਮ ਸਿੱਖਾਂ ਅਤੇ ਜੱਟਾਂ ਵਿਰੁੱਧ ਨਫ਼ਰਤ ਅਤੇ ਝੂਠ ਫੈਲਾਇਆ ਜਾਂਦਾ ਹੈ। ਇਕ ਪਾਸੇ ਸਿੱਖੀ ਵਿਚ ਜਾਤ ਪਾਤ ਪੂਰੇ ਜ਼ੋਰਾਂ ਤੇ ਦੱਸੀ ਜਾਂਦੀ ਹੈ, ਦੂਜੇ ਪਾਸੇ ਸਿੱਖੀ ਵਿਚੋਂ ਚੁਣ ਚੁਣ ਕੇ ਸੂਰਬੀਰ ਦਲਿਤ ਸਿੱਖਾਂ ਦੀਆਂ ਜੀਵਨ ਗਾਥਾ 'ਦਲਿਤ ਸਿੱਖ' ਹੇਠ ਪੇਸ਼ ਕੀਤੀਆਂ ਜਾਂਦੀਆਂ ਹਨ। ਭਗਤਾਂ ਅਤੇ ਗੁਰੂਆਂ ਨੂੰ ਸਤਿਗੁਰੂ ਹੇਠ ਪੇਸ਼ ਕੀਤਾ ਜਾਂਦਾ ਹੈ, ਭਾਵ ਭਗਤ ਅਤੇ ਗੁਰੂ ਵਿਚ ਕੋਈ ਫ਼ਰਕ ਨਹੀਂ, ਦੋਵੇਂ ਇਕ ਬਰਾਬਰ ਹਨ। ਗੱਲ ਗੱਲ ਤੇ ਪੰਜਾਬ ਬੰਦ ਦਾ ਐਲਾਨ ਕਰ ਦਿੱਤਾ ਜਾਂਦਾ ਹੈ। ਫਿਰ ਬਾਦਲ ਵਲੋਂ ਹਰੀ ਝੰਡੀ ਨਾ ਮਿਲਣ ਤੇ 'ਮੰਗਾਂ ਮੰਨ ਲਈਆਂ' ਕਹਿ ਕੇ ਐਲਾਨ ਵਾਪਸ ਲਿਆ ਜਾਂਦਾ ਹੈ।

ਨਿਚੋੜ ਇਹ ਹੀ ਹੈ ਕਿ ਸਭ ਕੁਝ ਚੇਲਿਆਂ ਵਲੋਂ ਯੋਜਨਾ ਅਧੀਨ ਹੋਇਆ। 24-25 ਮਈ ਦੀ ਹਿੰਸਾ ਦੀ ਤਿਆਰੀ ਸਾਲਾਂ ਤੋਂ ਚੱਲ ਰਹੀ ਸੀ, ਸਿਰਫ਼ ਮੌਕੇ ਦੀ ਉਡੀਕ ਸੀ ਤੇ ਮੌਕਾ ਉਦੋਂ ਮਿਲ ਗਿਆ ਜਦ 22 ਸੈਕਟਰ ਦੇ ਗੁਰਦੁਆਰਾ ਪ੍ਰਧਾਨ ਨੇ ਸਾਵਧਾਨ ਰਹਿਣ ਲਈ ਫ਼ੋਨ ਕਰ ਦਿੱਤਾ। ਗਿਣੀ-ਮਿਥੀ ਸਾਜ਼ਿਸ਼ ਹੇਠ ਪੁਲਿਸ ਨੂੰ ਸਹੀ ਜਾਣਕਾਰੀ ਨਹੀਂ ਦਿੱਤੀ ਗਈ ਅਤੇ ਨਾ ਹੀ ਨਿਜੀ ਸੁਰੱਖਿਆ ਕੰਪਨੀ ਦਾ ਸਹਾਰਾ ਲਿਆ ਗਿਆ। ਸਾਜ਼ਿਸ਼ ਦਾ ਪਹਿਲਾਂ ਪਹਿਲੂ ਸੀ ਕਿ ਸਿੱਖ ਆਉਣਗੇ ਤੇ ਉਨ੍ਹਾਂ ਨੂੰ ਕੁੱਟ-ਮਾਰ ਕੇ 'ਇਰਾਦੇ ਕਤਲ' ਹੇਠ ਇਲਜ਼ਾਮ ਲਗਾ ਕੇ ਫੜ੍ਹਾਂ ਦਵਾਂਗੇ। ਦੂਸਰਾ ਉਸ ਤੋਂ ਬਾਅਦ ਸਾਰੀ ਮੀਡੀਆ ਸਾਹਮਣੇ ਆਪਣੇ ਧਰਮ ਦਾ ਪ੍ਰਚਾਰ, ਭਾਵ ਆਧੁਨਿਕ ਧਰਮ ਕਹਾਂਗੇ ਅਤੇ ਸਿੱਖ ਧਰਮ ਨੂੰ ਪਛੜਿਆ ਅਤੇ ਅੱਤਵਾਦੀ ਠਹਿਰਾਵਾਂਗੇ। ਤੀਸਰਾ ਪੰਜਾਬ ਵਿਚ ਹਿੰਸਾ ਕਰਕੇ ਆਪਣੀ ਤਾਕਤ ਪ੍ਰਦਰਸ਼ਨ ਰਾਹੀ ਆਪਣੇ ਭਾਈਚਾਰੇ ਦੇ ਹੌਸਲੇ ਬੁਲੰਦ ਕਰਾਂਗੇ।

ਹਿੰਸਕ ਕੋਣ? ਇਕ ਸਿੱਖ ਜਾਂ ਹਜ਼ਾਰ ਚੇਲੇ?

ਜਿਵੇਂ ਅਖ਼ਬਾਰਾਂ ਦੱਸਦੀਆਂ ਹਨ ਕਿ ਜਸਪਾਲ ਸਿੰਘ ਕੋਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਸਹਿਣ ਨਹੀਂ ਹੋਈ ਅਤੇ ਉਸ ਨੇ ਪਿਸਤੌਲ ਰਾਹੀ ਆਪਣਾ ਰੋਸ ਦਿਖਾਇਆ। ਭਾਵ ਉਹ ਜੋਸ਼ ਵਿਚ ਹੋਸ਼ ਖੋ ਬੈਠਾ। ਸਾਰੀਆਂ ਸਿੱਖ ਅਤੇ ਗੈਰ-ਸਿੱਖ ਸੰਸਥਾਵਾਂ ਨੇ ਇਸ ਦੀ ਨਿੰਦਾ ਕੀਤੀ। ਦੂਜੇ ਪਾਸੇ ਚੇਲਿਆਂ ਵਲੋਂ 6 ਸਿੱਖਾਂ ਤੇ ਅਣਮਨੁੱਖੀ ਤਸ਼ੱਦਦ ਢਾਇਆ ਗਿਆ। ਜਿਸ ਨੂੰ ਕਈਆਂ ਨੇ ਨਜ਼ਰ-ਅੰਦਾਜ਼ ਅਤੇ ਕਈਆਂ ਨੇ ਜਾਇਜ਼ ਠਹਿਰਾਇਆ ਗਿਆ। ਦਲੀਲ ਦਿੱਤੀ ਗਈ ਕਿ ਸੰਤਾਂ 'ਤੇ ਹਮਲਾ ਬੋਲਿਆ ਗਿਆ ਤਾਂ ਸੰਗਤ ਕਿਵੇਂ ਬਰਦਾਸ਼ਤ ਕਰ ਸਕਦੀ ਸੀ? ਇਸ ਲਈ ਕਾਤਲਾਂ ਨਾਲ ਇਹੀ ਸਲੂਕ ਕੀਤਾ ਜਾਣਾ ਸੀ। ਸੰਗਤ ਨੇ ਕਾਨੂੰਨ ਵਿਰੋਧੀ ਕੋਈ ਕੰਮ ਨਹੀਂ ਕੀਤਾ।

ਜੇਕਰ ਇੱਕ ਸਿੱਖ ਨੇ ਜੋਸ਼ ਵਿਚ ਹੋਸ਼ ਗਵਾ ਲਏ ਤਾਂ ਮੌਤ ਦੀ ਸਜ਼ਾ ਦੀ ਮੰਗ। ਜੇ ਵਿਆਨਾ ਦੇ ਚੇਲਿਆਂ ਨੇ ਹੋਸ਼ ਗਵਾ ਕੇ ਅਤੇ ਕਾਨੂੰਨ ਨੂੰ ਛਿੱਕੇ ਤੇ ਟੰਗ ਕੇ ਸਿੰਘਾਂ ਨੂੰ ਅੱਧ ਮੋਇਆ ਕਰ ਦਿੱਤਾ ਤਾਂ ਕਿਹਾ ਜਾ ਰਿਹਾ ਬਿਲਕੁਲ ਠੀਕ ਕੀਤਾ। ਪੰਜਾਬ ਵਿਚ ਹਜ਼ਾਰਾਂ ਚੇਲਿਆਂ ਨੇ ਜੋਸ਼ ਵਿਚ ਹੋਸ਼ ਗਵਾ ਕੇ ਅਰਬਾਂ ਰੁਪਇਆ ਦਾ ਨੁਕਸਾਨ ਕਰ ਦਿੱਤਾ ਤਾਂ ਲੱਖਾਂ ਰੁਪਇਆ ਦੇ ਇਨਾਮ ਦਿੱਤੇ ਗਏ। ਪਰਿਵਾਰਕ ਮੈਂਬਰਾਂ ਨੂੰ ਸਰਕਾਰੀ ਨੌਕਰੀਆਂ ਗਈਆਂ। ਇਸ ਤੋਂ ਸਿੱਧ ਹੁੰਦਾ ਹੈ ਕਿ ਆਉਣ ਵਾਲਾ ਸਮਾਂ ਇਸ ਤੋਂ ਵੀ ਖ਼ਤਰਨਾਕ ਹੋ ਸਕਦਾ ਹੈ, ਹੁਣ ਤਾਂ ਚੇਲਿਆਂ ਨੇ 24-25 ਮਈ ਨੂੰ ਹਿੰਸਾ ਕਰਕੇ ਪੰਜਾਬ ਵਿਰੋਧੀ ਤਾਕਤਾਂ ਨੂੰ ਦੱਸ ਦਿੱਤਾ ਹੈ ਕਿ ਪੰਜਾਬ ਵਿਚ ਹਿੰਸਾ ਕਰਵਾਉਣੀ ਕਿੰਨੀ ਸੋਖੀ ਹੈ ਭਾਵ ਤੁਸੀਂ ਸਾਡੇ ਬਾਬੇ ਤੇ ਹਮਲੇ ਕਰਵਾਓ। ਬਾਕੀ ਕੰਮ ਤੁਹਾਡਾ ਅਸੀਂ ਆਪ ਹੀ ਕਰ ਦੇਣਾ ਹੈ। ਸੋ, ਲੋੜ ਹੈ ਸੋਚ-ਵਿਚਾਰ ਕਰਕੇ ਪੰਜਾਬ ਅਤੇ ਸਿੱਖੀ ਨੂੰ ਬਚਾਉਣ ਦੀ।
... ਅੱਗੇ ਪੜ੍ਹੋ

ਵਿਆਨਾ ‘ਚ ਰਵਿਦਾਸ ਭਾਈਚਾਰੇ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਹਟਾਏ

ਵਿਆਨਾ ‘ਚ ਰਵਿਦਾਸ ਭਾਈਚਾਰੇ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਹਟਾਏ
ਲੇਖਕ: ਇਕਚਿੰਤਨ ਸਿੰਘ

ਜੁਲਾਈ 2009 ਦੇ ਸ਼ੁਰੂਆਤ ਵਿਚ ਸੈਕਟਰ 15 ਦੇ ਗੁਰੂ ਘਰ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਹਟਾਉਣ ਲਈ ਪਿਛੋਂ ਹੁਕਮ ਆ ਗਏ। ਇਸ ਲਈ ਸੈਕਟਰ 12 ਅਤੇ 22 ਦੇ ਗੁਰਦੁਆਰਿਆਂ ਨੂੰ ਸਰੂਪ ਸਵੀਕਾਰ ਕਰਨ ਲਈ ਫੋਨ ਕੀਤੇ ਗਏ। ਸੈਕਟਰ 12 ਅਤੇ 22 ਦੇ ਗੁਰਦੁਆਰਿਆਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸੰਪਰਕ ਕੀਤਾ ਅਤੇ ਦਿਸ਼ਾ-ਨਿਰਦੇਸ਼ ਮੰਗੇ। ਕਿਉਂਕਿ ਇਹ ਸਿੱਖ ਕੌਮ ਦਾ ਸਾਂਝਾਂ ਮਸਲਾ ਸੀ ਇਸ ਲਈ ਉਹ ਆਪਣੇ ਵਲੋਂ ਕੋਈ ਫੈਸਲਾ ਨਹੀਂ ਲੈਣਾ ਚਾਹੁੰਦੇ ਸਨ, ਭਾਵ ਜੇਕਰ ਬਾਅਦ ਵਿਚ ਲਿਆ ਹੋਇਆ ਫੈਸਲਾ ਗ਼ਲਤ ਸਿੱਧ ਹੁੰਦਾ ਤਾਂ ਨਤੀਜੇ ਸਾਰੀ ਸਿੱਖ ਕੌਮ ਨੂੰ ਭੁਗਤਣੇ ਪੈ ਸਕਦੇ ਸਨ। ਜਿਵੇਂ ਕਿ ਵਿਆਨਾ ਘਟਨਾਕ੍ਰਮ ਤੋਂ ਬਾਅਦ ਹੋਇਆ।

ਸੈਕਟਰ 12 ਅਤੇ 22 ਦੇ ਗੁਰਦੁਆਰਿਆਂ ਵਲੋਂ ਸਰੂਪ ਸਵੀਕਾਰ ਕਰਨ ਸੰਬੰਧੀ ਹਾਮੀ ਨਾ ਭਰਨ ਕਰਕੇ ਸਮਾਂ ਬੀਤਦਾ ਜਾ ਰਿਹਾ ਸੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਕੋਈ ਇਕ ਟੁੱਕ ਜਵਾਬ ਨਹੀਂ ਆਇਆ ਅਤੇ ਦੋ ਹਫ਼ਤੇ ਲੰਘ ਗਏ। ਭਾਵ, ਕਿਹਾ ਜਾ ਰਿਹਾ ਸੀ, ਅਸੀਂ ਮੀਟਿੰਗ ਰੱਖੀ ਹੈ, ਸਬਰ ਕਰੋ, ਭਾਈਚਾਰਾ ਬਣਾਈ ਰੱਖੋ, ਵਗੈਰਾ ਵਗੈਰਾ। ਇਧਰ ਚੇਲਿਆਂ ਨੂੰ ਚੌਂਹ ਤਰਫ਼ਾਂ ਸਹਿਯੋਗ ਮਿਲਣ ਕਰਕੇ ਉਨ੍ਹਾਂ ਦਾ ਹੰਕਾਰ ਸਿਰ ਚੜ੍ਹ ਕੇ ਬੋਲਣ ਲੱਗ ਪਿਆ ਸੀ। ਇਸ ਕਰਕੇ ਸਰੂਪ ਵਾਪਸ ਦੇਣ ਦੀ ਕਾਰਵਾਈ ਦੌਰਾਨ ਚੇਲੇ ਅਤੇ ਚੇਲੀਆਂ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰਤੀ (ਫਸਾਦ ਦੀ ਜੜ੍ਹ, ਚੱਕ ਕੇ ਲੈ ਜਾਓ ਆਪਣੀ ਕਿਤਾਬ-ਕੂਤੂਬ) ਬਹੁਤ ਹੀ ਮੰਦੇ ਸ਼ਬਦ ਬੋਲੇ ਗਏ। ਜਿਨ੍ਹਾਂ ਨੂੰ ਸੁਣ ਕੇ ਕੁਝ ਗੁਰੂ ਸਿੱਖਾਂ ਦੇ ਮਨਾਂ ਨੂੰ ਬਹੁਤ ਠੇਸ ਪਹੁੰਚੀ ਅਤੇ ਉਨ੍ਹਾਂ ਐਲਾਨ ਕੀਤਾ ਕਿ ਜੇਕਰ ਗੁਰਦੁਆਰੇ ਸਰੂਪ ਸਵੀਕਾਰ ਨਹੀਂ ਕਰਦੇ ਤਾਂ ਉਹ ਆਪਣੇ ਘਰਾਂ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਨ ਨੂੰ ਤਿਆਰ ਹਨ।

ਇਸ ਦੌਰਾਨ ਸੈਕਟਰ 15 ਦੇ ਗੁਰੂ ਘਰ ਵਲੋਂ ਅੰਦਰ ਖਾਤੇ ਫੈਸਲਾ ਕਰ ਲਿਆ ਗਿਆ ਕਿ ਜੇਕਰ ਗੁਰਦੁਆਰਿਆਂ ਵਲੋਂ ਜਲਦ ਹੀ ਹਾਮੀ ਨਹੀਂ ਭਰੀ ਜਾਂਦੀ ਤਾਂ ਸਰੂਪ ਕੋਰੀਅਰ ਕਰ ਦਿੱਤੇ ਜਾਣਗੇ। ਇਸ ਦੀ ਖ਼ਬਰ ਮਿਲਦਿਆਂ ਵਿਆਨਾ ਦੇ ਕੁਝ ਗੁਰੂ ਸਿੱਖਾਂ ਨੇ ਇਹ ਮਸਲਾ 'ਅਕਾਸ਼ ਰੇਡੀਓ ਯੂ. ਕੇ.' ਰਾਹੀ ਦੁਨੀਆ ਦੀ ਸਮੂਚੀ ਸਿੱਖ ਸੰਗਤ ਅੱਗੇ ਰੱਖਣ ਦੀ ਸੋਚੀ। ਆਕਾਸ਼ ਰੇਡੀਓ ਦੇ ਚਾਲਕ ਸ. ਸੁਖਵਿੰਦਰ ਸਿੰਘ ਨੇ ਰੇਡੀਓ ਤੇ ਸਿੱਖ ਸੰਗਤਾਂ ਨਾਲ ਵਿਚਾਰ ਵਟਾਂਦਰਾ ਕੀਤਾ। ਸਿੱਖ ਸੰਗਤ ਵਲੋਂ ਭਰਵਾਂ ਹੁੰਗਾਰਾ ਮਿਲਿਆ। ਕਈ ਗੁਰੂ ਪਿਆਰਿਆਂ ਨੇ ਤਾਂ ਇਹ ਵੀ ਕਿਹਾ ਕਿ ਜੇਕਰ ਤੁਹਾਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਤਲਬ ਕੀਤਾ ਜਾਵੇਗਾ ਤਾਂ ਅਸੀਂ ਤਲਬ ਹੋਣ ਨਾਲ ਜਾਵਾਂਗੇ। ਸੋ, ਸਮੂਹ ਸਿੱਖ ਸੰਗਤ ਦੀ ਪੁਰਜ਼ੋਰ ਦੇਣ ਤੇ ਨਤੀਜਾ ਇਹ ਨਿਕਲਿਆ ਕਿ ਸਰੂਪ ਸਵੀਕਾਰ ਕਰ ਲਏ ਜਾਣ।

11 ਜੁਲਾਈ 09 ਨੂੰ ਸ੍ਰੀ ਗੁਰੂ ਰਵਿਦਾਸ ਸਭਾ (ਵਿਆਨਾ, ਸੈਕਟਰ 15) ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਤਿੰਨ ਸਰੂਪ ਸ਼ਰਧਾ ਪੂਰਵਕ ਅਤੇ ਸਤਿਕਾਰ ਨਾਲ ਗੁਰਦੁਆਰਾ ਸਿੰਘ ਸਭਾ (ਵਿਆਨਾ, ਸੈਕਟਰ 12) ਦੇ ਸਪੁਰਦ ਕਰ ਦਿੱਤੇ ਗਏ। ਜਿਸ ਦੀ ਵੀਡੀਓ ਅਤੇ ਤਸਵੀਰਾਂ ਤੁਸੀਂ www.youtube.com/gssvienna ਤੇ ਦੇਖ ਸਕਦੇ ਹੋ।

ਇੱਥੇ ਜ਼ਿਕਰਯੋਗ ਹੈ ਕਿ ਸਿਰਫ਼ 'ਆਕਾਸ਼ ਰੇਡੀਓ ਯੂ. ਕੇ.' ਤੇ ਸ. ਸੁਖਵਿੰਦਰ ਸਿੰਘ ਨੇ ਕਈ ਮਹੀਨੇ ਲਗਾਤਾਰ ਹਰ ਵੀਰਵਾਰ ਦੋ ਘੰਟੇ ਵਿਆਨਾ ਕਾਂਡ ਵਿਸ਼ੇ ਤੇ ਪ੍ਰੋਗਰਾਮ ਕੀਤੇ ਅਤੇ ਡੇਰੇ ਚੇਲਿਆਂ ਦੀਆਂ ਨਿਰਮੂਲ ਸ਼ਿਕਾਇਤਾਂ ਅਤੇ ਬੇਬੁਨਿਆਦ ਗੱਲਾਂ ਦਾ ਸਹਿਜਤਾ, ਨਿਮਰਤਾ ਅਤੇ ਦਲੀਲ ਭਰਪੂਰ ਜਵਾਬ ਦਿੱਤਾ ਅਤੇ ਫੜੇ ਹੋਏ ਸਿੱਖਾਂ ਲਈ ਆਵਾਜ਼ ਉਠਾਈ। ਸ. ਸੁਖਵਿੰਦਰ ਸਿੰਘ ਦੀ ਜਿੰਨੀ ਵੀ ਪ੍ਰਸੰਸਾ ਕੀਤੀ ਜਾਵੇ ਘੱਟ ਹੈ। ਇਸ ਦੇ ਉਲਟ ਵਿਆਨਾ 'ਚ ਵਾਪਰੇ ਘਟਨਾਕ੍ਰਮ ਤੋਂ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਭੂਮਿਕਾ ਤੋਂ ਸਮੂਚੀ ਸਿੱਖ ਕੌਮ ਨੂੰ ਨਿਰਾਸ਼ਾ ਹੋਈ।

ਇੱਥੇ ਹੀ ਬੱਸ ਨਹੀਂ, ਜਦ ਚੇਲੇ ਅਤੇ ਭਾਰਤੀ ਬ੍ਰਾਹਮਣਵਾਦ ਮੀਡੀਆ ਸਿੱਖਾਂ ਨੂੰ ਅੱਤਵਾਦੀ ਠਹਿਰਾਉਣ ਵਿਚ ਕਾਮਯਾਬ ਹੋ ਗਏ ਤਾਂ ਆਸਟਰੀਅਨ ਸਰਕਾਰ ਨੇ ਸਖ਼ਤੀ ਵਰਤਦਿਆਂ ਸਿੱਖ ਸ਼ਰਨਾਰਥੀਆਂ ਨੂੰ ਕੱਢਣਾ ਸ਼ੁਰੂ ਕਰ ਦਿੱਤਾ। 17 ਅਗਸਤ ਦੀ ਜਗ ਬਾਣੀ ਅਨੁਸਾਰ ਆਸਟਰੀਆ ਵਿਚ 8 ਸਾਲ ਲਗਾ ਕੇ ਮਲਕੀਤ ਸਿੰਘ ਨੇ ਪੱਤਰਕਾਰ ਸੰਮੇਲਨ ਵਿਚ ਆਪਣੀ ਹੱਡ ਬੀਤੀ ਸੁਣਾਈ। ਜਿਸ ਨੂੰ ਸੁਣ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ 'ਇੱਕ ਕਮੇਟੀ ਆਸਟਰੀਆ ਭੇਜਾਂਗੇ' ਦਾ ਐਲਾਨ ਕਰ ਦਿੱਤਾ। ਜੋ ਕਿ ਹੋਰ ਫੋਕੇ ਐਲਾਨ ਵਾਂਗ ਸਿਰਫ਼ ਐਲਾਨ ਬਣ ਕੇ ਹੀ ਰਹਿ ਗਿਆ। ਕੋਈ ਕਮੇਟੀ ਅੱਜ ਤੱਕ ਆਸਟਰੀਆ ਨਹੀਂ ਭੇਜੀ ਗਈ।

... ਅੱਗੇ ਪੜ੍ਹੋ

ਵਿਆਨਾ ਕਾਂਡ ਵਿਚ ਕੀ ਵਾਪਰਿਆ?

ਵਿਆਨਾ ਕਾਂਡ ਵਿਚ ਕੀ ਵਾਪਰਿਆ? ਭਰੋਸੇਯੋਗ ਸੂਤਰਾਂ ਰਾਹੀ ਸੰਭਾਵੀ ਕਹਾਣੀ!
ਲੇਖਕ: ਇਕਚਿੰਤਨ ਸਿੰਘ

ਹੁਣ ਤੱਕ ਦੀ ਖ਼ਬਰਾਂ ਤੋਂ ਇਕ ਗੱਲ ਸਾਫ਼ ਹੋ ਗਈ ਕਿ ਨਿਰੰਜਣ ਦਾਸ ਅਤੇ ਰਾਮਾਨੰਦ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਗੱਦੀ ਲਾ ਕੇ ਮੱਥੇ ਟਕਵਾਉਂਦੇ ਸਨ। ਜਿਸਦੀ ਵੀਡੀਓ ਯੂ ਟੂਬ ਤੇ ਵੀ ਦੇਖੀ ਜਾ ਸਕਦੀ ਹੈ। ਖ਼ਬਰਾਂ ਅਤੇ ਵੀਡੀਓ ਰਾਹੀ ਜਦ ਆਮ ਸਿੱਖ ਨੂੰ ਮੱਥਾ ਟਕਵਾਉਣ ਦੀ ਗੱਲ ਪਤਾ ਲੱਗਦੀ ਹੈ ਤਾਂ ਉਹ ਇਸ ਵਿਰੁੱਧ ਕੋਈ ਕਾਰਵਾਈ ਕਰਨ ਤੋਂ ਪਹਿਲਾਂ ਇਹ ਕਾਰਾ ਅੱਖੀਂ ਦੇਖਣਾ ਚਾਹੇਗਾ।

ਇਸੇ ਕਰਕੇ ਸਤੰਬਰ 2008 ਨੂੰ ਜਦ ਵਿਆਨਾ ਦੇ ਸਿੱਖਾਂ ਨੂੰ ਪਤਾ ਲੱਗਾ ਕਿ ਸੈਕਟਰ 15 ਦੇ 'ਗੁਰੂ ਘਰ ਸ੍ਰੀ ਗੁਰੂ ਰਵਿਦਾਸ ਸਭਾ' ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਅਤੇ ਹੋਰ ਕਾਰਵਾਈਆਂ ਰਹਿਤ ਮਰਿਯਾਦਾ ਅਨੁਸਾਰ ਨਹੀਂ ਹੋ ਰਹੀਆਂ ਹਨ ਤਾਂ ਸੈਕਟਰ 12 ਅਤੇ 22 ਦੇ ਗੁਰਦੁਆਰਿਆਂ ਦੇ 50-60 ਸਿੱਖ, ਸੈਕਟਰ 15 ਦੇ ਗੁਰੂ ਘਰ ਪਹੁੰਚੇ। ਉਸ ਸਮੇਂ ਨਿਰਮਲ ਦਾਸ ਆਇਆ ਹੋਇਆ ਸੀ। ਨਿਰਮਲ ਦਾਸ ਨੇ 12 ਅਤੇ 22 ਦੇ ਸਿੱਖਾਂ ਨੂੰ ਭਰੋਸਾ ਦਵਾਇਆ ਕਿ ਉਸ ਦੀ ਹਾਜ਼ਰੀ ਸਭ ਕੁਝ ਰਹਿਤ ਮਰਿਆਦਾ ਅਨੁਸਾਰ ਹੋ ਰਿਹਾ ਹੈ। ਸਿੱਖਾਂ ਨੂੰ ਵੀ ਕਿੰਤੂ-ਪਰੂੰਤ ਵਾਲੀ ਕੋਈ ਗੱਲ ਨਹੀਂ ਲੱਭੀ। ਸਭ ਕੁਝ ਠੀਕ-ਠਾਕ ਸੀ। ਸੈਕਟਰ 15 ਦੇ ਪ੍ਰਬੰਧਕਾਂ ਨੇ ਸਿੱਖਾਂ ਨੂੰ ਸਿਰੋਪੇ ਭੇਟ ਕੀਤੇ। ਸਿੱਖਾਂ ਨੇ ਸੈਕਟਰ 15 ਦੇ ਪ੍ਰਬੰਧਕਾਂ ਕੋਲੋਂ ਮਿਲ-ਬੈਠ ਕੇ ਗੱਲਬਾਤ ਲਈ ਸਮਾਂ ਮੰਗਿਆ ਅਤੇ ਵਾਪਸ ਘਰਾਂ ਨੂੰ ਆ ਗਏ। ਪਰ ਬਾਅਦ ਵਿਚ ਸੈਕਟਰ 15 ਦੇ ਪ੍ਰਬੰਧਕ ਬੈਠਕ ਲਈ ਲਾਰੇ-ਲੱਪੇ ਲਾਉਂਦੇ ਰਹੇ ਅਤੇ ਮਿਲ-ਬੈਠ ਕੇ ਗੱਲਬਾਤ ਲਈ ਬੈਠਕ ਹੋ ਨਹੀਂ ਸਕੀ, ਕਿਉਂਕਿ ਸੈਕਟਰ 15 ਦੇ ਪ੍ਰਬੰਧਕਾਂ ਵਲੋਂ ਕੁਝ ਹੱਥ-ਪੱਲਾ ਨਹੀਂ ਫੜਾਇਆ ਗਿਆ।

ਫਿਰ ਦੁਬਾਰਾ 24 ਮਈ ਨੂੰ ਜਦ ਪਤਾ ਲੱਗਾ ਕਿ ਸੈਕਟਰ 15 ਕੋਈ ਸੰਤ ਆਇਆ ਹੋਇਆ ਹੈ ਤਾਂ 12 ਅਤੇ 22 ਦੇ ਪ੍ਰਬੰਧਕਾਂ ਅਤੇ ਸਿੱਖਾਂ ਨੇ ਸੈਕਟਰ 15 ਵਿਚ ਪਹੁੰਚਣ ਦਾ ਫੈਸਲਾ ਕੀਤਾ। ਪਰ ਬਾਅਦ ਵਿਚ ਰੋਕ ਲਾ ਦਿੱਤੀ ਗਈ। ਪਰ ਫਿਰ ਵੀ 15-20 ਸਿੱਖ ਆਪਣੇ ਤੌਰ ਤੇ ਨਿਰੰਜਣ ਦਾਸ ਕੇ ਕਾਰੇ ਨੂੰ ਅੱਖੀਂ ਦੇਖਣ ਦੇ ਲਈ 24 ਮਈ ਨੂੰ ਸੈਕਟਰ 15 ਵਿਚ ਪਹੁੰਚ ਗਏ। ਜਿਨ੍ਹਾਂ ਵਿਚੋਂ 6 ਸਿੱਖ ਮੁੱਖ ਹਾਲ ਵਿਚ ਸਭ ਤੋਂ ਅੱਗੇ ਚਲੇ ਗਏ। ਕੁਝ ਪਿੱਛੇ ਅਤੇ ਕੁਝ ਬਾਹਰ ਹੀ ਖੜ੍ਹੇ ਰਹੇ।

ਇੱਥੇ ਜ਼ਿਕਰਯੋਗ ਹੈ ਕਿ ਸੈਕਟਰ 22 ਦੇ ਪ੍ਰਧਾਨ ਨੇ 15 ਦੇ ਪ੍ਰਧਾਨ ਨੂੰ ਪਹਿਲਾਂ ਹੀ ਫ਼ੋਨ ਕਰ ਕੇ ਸੂਚਿਤ ਕਰ ਦਿੱਤਾ ਸੀ ਕਿ ਕੁਝ ਗਰਮ ਖ਼ਿਆਲੀ ਸਿੱਖ ਨਿਰੰਜਣ ਦਾਸ ਦੇ ਕਾਰੇ ਨੂੰ ਦੇਖਣ ਆ ਰਹੇ ਹਨ। ਇਸ ਸੰਬੰਧੀ ਕੁਝ ਸਿੱਖਾਂ ਨੂੰ 22 ਦੇ ਪ੍ਰਧਾਨ ਨਾਲ ਰੋਸਾ ਹੈ ਕਿ ਜੇਕਰ ਉਸ ਨੂੰ ਅਣਸੁਖਾਵੀ ਘਟਨਾ ਦਾ ਅੰਦਾਜ਼ਾ ਹੋ ਗਿਆ ਸੀ ਤਾਂ ਉਸ ਨੂੰ ਪੁਲਿਸ ਨੂੰ ਫੋਨ ਕਰਨਾ ਚਾਹੀਦਾ ਸੀ। ਜੇਕਰ 22 ਦਾ ਪ੍ਰਧਾਨ ਪੁਲਿਸ ਨੂੰ ਫੋਨ ਕਰ ਦਿੰਦਾ ਤਾਂ ਪੁਲਿਸ ਨੇ ਪਹਿਲਾਂ ਹੀ ਸੁਰੱਖਿਆ ਪ੍ਰਬੰਧ ਕਰ ਦੇਣੇ ਸਨ ਅਤੇ ਸਿੱਖਾਂ ਨੂੰ ਅੱਤਵਾਦੀ ਦਰਸਾਉਣ ਦੀ ਯੋਜਨਾ ਸਫ਼ਲ ਨਾ ਹੁੰਦੀ। 22 ਦੇ ਪ੍ਰਧਾਨ ਦੇ ਫੋਨ ਕਰਨ ਨਾਲ ਸਿੱਖੀ ਨੂੰ ਬਹੁਤ ਨੁਕਸਾਨ ਹੋਇਆ। ਇਸ ਨਾਲ ਡੇਰੇ ਦੇ ਚੇਲੇ ਪਹਿਲਾਂ ਹੀ ਸੁਚੇਤ ਹੋ ਗਏ ਅਤੇ ਗਿਣੀ ਮਿਥੀ ਸਾਜ਼ਿਸ਼ ਨਾਲ ਸਿੱਖਾਂ ਨੂੰ ਕੁੱਟਣ ਲਈ ਯੋਜਨਾ ਅਤੇ ਹਥਿਆਰ ਤਿਆਰ ਕਰ ਲਏ ਗਏ। ਭਾਵ, ਆਪ ਹੀਰੋ ਬਣਨ ਦੇ ਚੱਕਰ ਵਿਚ ਆਉਣ ਵਾਲੀ ਮੁਸੀਬਤ ਸੰਬੰਧੀ ਪੁਲਿਸ ਨੂੰ ਵੀ ਸਹੀ ਜਾਣਕਾਰੀ ਨਹੀਂ ਦਿੱਤੀ ਗਈ।

24 ਮਈ ਨੂੰ ਜਸਪਾਲ ਸਿੰਘ ਅਤੇ ਹੋਰ ਪੰਜ ਸਿੱਖ ਸੈਕਟਰ 15 ਦੇ ਗੁਰੂ ਘਰ ਪਹੁੰਚੇ। ਪੰਜ ਸਿੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਮੱਥਾ ਟੇਕ ਕੇ ਬੈਠ ਗਏ। ਜਿਵੇਂ ਕਿ ਦੱਸਿਆ ਜਾ ਰਿਹਾ ਹੈ ਕਿ ਜਸਪਾਲ ਸਿੰਘ ਨੇ ਮੱਥਾ ਟੇਕਣ ਉਪਰੰਤ ਗੋਲੀਆਂ ਚਲਾ ਦਿੱਤੀਆਂ। ਇਹ ਦੇਖ ਕਿ ਕੁਝ ਨਿਰੰਜਣ ਦਾਸ ਅਤੇ ਰਾਮਾਨੰਦ ਦੇ ਬਚਾਅ ਲਈ ਅੱਗੇ ਆਏ ਚੇਲਿਆਂ ਦੇ ਵੀ ਗੋਲੀਆਂ ਲੱਗੀਆਂ ਅਤੇ ਹੋਰ ਚੇਲਿਆਂ ਨੇ ਜਸਪਾਲ ਸਿੰਘ ਨੂੰ ਕਾਬੂ ਕਰ ਲਿਆ ਅਤੇ ਮਾਰ-ਕੁਟ ਸ਼ੁਰੂ ਕਰ ਦਿੱਤੀ। ਚੇਲਿਆਂ ਦੀ ਗਿਣਤੀ ਜ਼ਿਆਦਾ ਹੋਣ ਕਰਕੇ, ਪਹਿਲਾਂ ਤੋਂ ਤਿਆਰ ਯੋਜਨਾ ਅਧੀਨ ਚੇਲਿਆਂ ਦੀ ਨਜ਼ਰ ਹੁਣ ਪੱਗੜੀਧਾਰੀ ਸਿੱਖਾਂ ਵੱਲ ਸੀ ਅਤੇ 10-15 ਚੇਲਿਆਂ ਦਾ ਗਰੁੱਪ ਬਣਾ ਸਿੱਖਾਂ ਨੂੰ ਕਾਬੂ ਕਰ ਆਤਮ-ਰੱਖਿਆ ਹੇਠ ਅਣਮਨੁੱਖੀ ਤਸ਼ੱਦਦ ਸ਼ੁਰੂ ਕਰ ਦਿੱਤਾ ਗਿਆ।

ਚੇਲਿਆਂ ਵਲੋਂ ਸਿੱਖਾਂ ਦੀ ਬੁਰੀ ਤਰ੍ਹਾਂ ਕੁੱਟ-ਮਾਰ ਕਰਦਿਆਂ ਉਨ੍ਹਾਂ ਦੇ ਕੱਪੜੇ ਫਾੜ ਕੇ ਸਰੀਰ ਤੇ ਹਰ ਉਹ ਗਰਮ ਤਰਲ ਪਦਾਰਥ ਜੋ ਉੱਥੇ ਮੌਜੂਦ ਸੀ, ਉਬਲਦੀਆਂ ਦਾਲਾਂ, ਗਰਮ-ਗਰਮ ਪਾਣੀ ਤੇ ਚਾਹ ਪਾ ਕੇ ਅਧਮੋਇਆ ਕਰ ਦਿੱਤਾ ਗਿਆ। ਮੌਕੇ ਦੀਆਂ ਤਸਵੀਰਾਂ ਤੋਂ ਦੇਖਿਆ ਜਾ ਸਕਦਾ ਹੈ ਕਿ ਸਿੱਖਾਂ ਦੇ ਤਨਾਂ ਤੇ ਸਿਰਫ਼ ਕਛਹਿਰੇ ਹੀ ਹਨ। ਸਿੱਖਾਂ ਨੂੰ ਕੇਸਾਂ ਤੋਂ ਫੜ ਕੇ ਧੂਹਿਆ ਗਿਆ, ਜਿਸ ਨਾਲ ਸਿਰ ਦੇ ਕੇਸ ਚਮੜੀ ਸਮੇਤ ਜੜ੍ਹੋਂ ਪੁੱਟੇ ਗਏ। ਕੁੱਟ-ਮਾਰ ਵਿਚ ਚੇਲੀਆਂ ਨੇ ਵੀ ਰਸੋਈ ਬਰਤਨਾਂ, ਜਿਵੇਂ ਫਰਾਈਪੈਨ ਅਤੇ ਮਾਇਕ ਸਟੈਂਡ ਆਦਿ ਦੀ ਵੀ ਵਰਤੋਂ ਕਰਕੇ ਸਿੱਖਾਂ ਨੂੰ ਮੌਤ ਦੇ ਕਿਨਾਰੇ ਪਹੁੰਚਾ ਦਿੱਤਾ। ਜ਼ਿਆਦਾ ਚੋਟਾਂ ਸਿੱਖਾਂ ਦੇ ਸਿਰਾਂ ਨੂੰ ਪਹੁੰਚਾਈਆਂ ਗਈਆਂ। ਜਸਪਾਲ ਸਿੰਘ ਦੇ ਸਿਰ ਵਿਚ ਤਿੱਖੀਆਂ ਸੀਖਾਂ ਮਾਰੀਆਂ ਗਈਆਂ, ਜਿਸ ਕਰਕੇ ਜਸਪਾਲ ਸਿੰਘ ਡੇਢ ਮਹੀਨਾ ਕੌਮਾਂ ਵਿਚ ਰਿਹਾ ਅਤੇ ਹੁਣ ਉਸ ਦੇ ਦਿਮਾਗੀ ਹਾਲਾਤ ਠੀਕ ਨਹੀਂ ਹਨ। ਬਾਕੀ ਦੇ ਪੰਜ ਸਿੱਖ ਦਿਮਾਗੀ ਅਤੇ ਸਰੀਰਕ ਤੌਰ ਤੇ ਹੁਣ ਠੀਕ-ਠਾਕ ਹਨ।

ਧਿਆਨ ਦੇਣ ਯੋਗ ਹੈ ਕਿ ਹਾਲ ਵਿਚ ਚੇਲਿਆਂ ਦੀ ਗਿਣਤੀ 250-300 ਤੱਕ ਸੀ। ਪਿਸਤੌਲ ਸਿਰਫ਼ ਜਸਪਾਲ ਸਿੰਘ ਕੋਲ ਸੀ। ਜਿਸ ਨੂੰ ਕੁਝ ਸਮੇਂ ਬਾਅਦ ਹੀ ਕਾਬੂ ਕਰ ਲਿਆ ਗਿਆ ਸੀ। ਬਾਕੀ ਪੰਜ ਸਿੰਘ ਸਿਰਫ਼ ਕਿਰਪਾਨ ਧਾਰੀ ਸਨ। ਜੇਕਰ ਗੱਲ ਸਿਰਫ਼ ਕਾਬੂ ਕਰਨ ਦੀ ਸੀ ਤਾਂ ਚੇਲੇ ਬਹੁ-ਗਿਣਤੀ ਹੋਣ ਕਰਕੇ ਉਨ੍ਹਾਂ ਨੂੰ ਵੀ ਅਸਾਨੀ ਨਾਲ ਕਾਬੂ ਕੀਤਾ ਜਾ ਸਕਦਾ ਸੀ। ਭਰੋਸੇਯੋਗ ਸੂਤਰ ਦੱਸਦੇ ਹਨ ਕਿ ਇਨ੍ਹਾਂ 6 ਸਿੱਖਾਂ ਤੋਂ ਇਲਾਵਾ ਹੋਰ ਵੀ ਪੱਗੜੀਧਾਰੀ, ਜਿਨ੍ਹਾਂ ਵਿਚ ਹਰੀਜਨ ਸਿੱਖ ਵੀ ਸ਼ਾਮਿਲ ਸਨ। ਚੇਲੇ ਉਨ੍ਹਾਂ ਵੱਲ ਵੀ ਵਧੇ ਸਨ ਪਰ ਹਰੀਜਨ ਸਿੱਖਾਂ ਦੇ ਰਿਸ਼ਤੇਦਾਰਾਂ ਅਤੇ ਜਾਣਕਾਰਾਂ ਨੇ ਵਿਚ ਪੈ ਕੇ ਹਰੀਜਨ ਪੱਗੜੀਧਾਰੀ ਸਿੱਖਾਂ ਨੂੰ ਬਚਾ ਲਿਆ।

25 ਮਈ ਦੀ ਅਜੀਤ ਜਲੰਧਰ ਅਨੁਸਾਰ ਨਿਰੰਜਣ ਦਾਸ ਦੇ ਪੇਟ ਅਤੇ ਪੱਟ ਵਿਚ ਇਕ-ਇਕ ਗੋਲੀ ਲੱਗੀ ਜਦ ਕਿ ਰਾਮਾਨੰਦ ਦੇ ਪੇਟ ਤੇ ਮੋਢੇ ਵਿਚ ਦੋ ਗੋਲੀਆਂ ਲੱਗੀਆਂ। ਉਨ੍ਹਾਂ ਦੇ ਬਚਾਅ ਲਈ ਅੱਗੇ ਆਏ ਇਕ ਸੇਵਕ ਕਿਸ਼ਨ ਲਾਲ ਦੇ ਵੀ ਪੇਟ ਅਤੇ ਪੱਟ ਵਿਚ ਗੋਲੀ ਲੱਗੀ। ਸ. ਸਰਨਾ ਸਾਹਿਬ ਦੇ ਵਕੀਲ ਭਾਰਤੀ ਨੇ ਆਪਣੀ ਰਿਪੋਰਟ ਵਿਚ ਕਿਹਾ ਕਿ 15 ਤੋਂ ਵੱਧ ਫਾਇਰ ਹੋਣ ਦੇ ਸਬੂਤ ਮਿਲੇ ਹਨ। ਪਰ ਪੁਲਿਸ ਵਲੋਂ ਬਰਾਮਦ ਕੀਤਾ ਪਿਸਤੌਲ ਵਿਚੋਂ ਅੱਠ ਹੀ ਗੋਲੀਆਂ ਚੱਲ ਸਕਦੀਆਂ ਹਨ। ਇਸ ਸੰਬੰਧੀ ਇਹ ਕਿਹਾ ਜਾ ਸਕਦਾ ਹੈ ਕਿ ਪੁਲਿਸ ਨੂੰ 15 ਤੋਂ ਵੱਧ ਗੋਲੀਆਂ ਦੇ ਨਿਸ਼ਾਨ ਮਿਲੇ ਹਨ। ਕਿਉਂਕਿ ਜਸਪਾਲ ਸਿੰਘ ਵਲੋਂ ਲਾਗੀਓ ਗੋਲੀਆਂ ਚਲਾਇਆਂ ਗਈਆਂ ਸਨ। ਹੋ ਸਕਦਾ ਹੈ, ਗੋਲੀਆਂ ਨਿਰੰਜਣ ਦਾਸ, ਰਾਮਾਨੰਦ ਅਤੇ ਇੱਕ ਚੇਲੇ ਦੇ ਸਰੀਰ ਅੰਗਾਂ (ਪੇਟ, ਪੱਟ, ਮੋਢਾ) ਵਿਚੋਂ ਦੀ ਆਰ ਪਾਰ ਹੁੰਦੀਆਂ ਕੰਧਾਂ ਵਿਚ ਜਾ ਲੱਗੀਆਂ ਹੋਣ। ਸੋ ਇਸ ਹਿਸਾਬ ਨਾਲ ਇਕ ਗੋਲੀ ਦੇ ਤਿੰਨ ਨਿਸ਼ਾਨ ਗਿਣੇ ਜਾ ਸਕਦੇ ਹਨ।

ਇਹ ਵੀ ਜ਼ਿਕਰਯੋਗ ਹੈ ਕਿ ਸੈਕਟਰ 15 ਦੇ ਗੁਰਦੁਆਰੇ ਦੀ ਸਥਾਪਨਾ ਲਈ ਵਿਆਨਾ ਦੇ ਸਿੱਖਾਂ ਕੋਲੋਂ ਉਗਰਾਹੀ ਕੀਤੀ ਗਈ ਸੀ ਕਿ ਅਸੀਂ ਨਵਾਂ ਗੁਰਦੁਆਰਾ ਬਣਾਉਣ ਜਾ ਰਹੇ ਹਾਂ। 25 ਦਸੰਬਰ 2005 ਨੂੰ ਗੁਰਦੁਆਰਾ ਸਥਾਪਿਤ ਹੋਣ ਤੋਂ ਬਾਅਦ ਸਿਰਫ਼ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੀ ਕੀਤਾ ਗਿਆ ਸੀ। ਬਾਕੀ ਸਭ ਡੇਰੇ ਦੀ ਮਰਿਆਦਾ ਅਨੁਸਾਰ ਹੁੰਦਾ ਸੀ, ਨਾ ਕਿ ਪੰਥ ਦੀ ਰਹਿਤ ਮਰਿਆਦਾ ਅਨੁਸਾਰ। ਅੰਬੇਡਕਰ ਦੀ ਫੋਟੋ ਹਾਲ ਵਿਚ ਟੰਗਣਾ, ਬਹੁਤ ਸਾਰੀਆਂ ਡੇਰਾ ਮਰਿਆਦਾ ਵਿਚ ਇਕ ਹੈ। ਜਿਸਦਾ ਜ਼ਿਕਰ 26 ਮਈ ਦੀ ਅਜੀਤ ਜਲੰਧਰ ਨੇ ਆਪਣੀ ਖ਼ਬਰ ਵਿਚ ਕੀਤਾ ਹੈ।

ਵਿਆਨਾ ਕਾਂਡ ਨੂੰ ਹਰ ਕਿਸੇ ਨੇ ਆਪਣੇ ਮਕਸਦ ਲਈ ਵਰਤਿਆ। ਪੁਲਿਸ ਆਉਣ ਤੋਂ ਬਾਅਦ ਚੇਲਿਆਂ ਨੇ ਗਿਣੀ-ਮਿਥੀ ਸਾਜ਼ਿਸ਼ ਦੇ ਤਹਿਤ ਵਿਦੇਸ਼ੀ ਮੀਡੀਆ ਅੱਗੇ ਸਿੱਖਾਂ ਨੂੰ ਖਲਨਾਇਕ ਅਤੇ ਆਪਣੇ ਆਪ ਨੂੰ ਪੀੜਤ (ਸਦੀਆਂ ਤੋਂ) ਦੱਸਿਆ। ਭਾਰਤੀ ਬ੍ਰਾਹਮਣਵਾਦੀ ਮੀਡੀਆ ਅਤੇ ਦਲਿਤ ਮੀਡੀਆ ਨੇ ਵਿਆਨਾ ਕਾਂਡ ਨੂੰ ਜਾਤ-ਪਾਤ ਦੀ ਲੜਾਈ ਦਾ ਜਾਮਾ ਪਹਿਨਾ ਕੇ ਦਲਿਤਾਂ ਤੇ ਸਿੱਖਾਂ ਵਿਚਕਾਰ ਪਾੜਾ ਵਧਾਉਣ ਵਿਚ ਸਫਲਤਾ ਹਾਸਲ ਕੀਤੀ। ਬਾਦਲ ਸਰਕਾਰ ਨੇ ਵਿਆਨਾ ਕਾਂਡ ਤੋ ਬਾਅਦ ਡੇਰੇ ਤੇ ਹੱਦੋਂ ਵੱਧ ਕ੍ਰਿਪਾ-ਦ੍ਰਿਸ਼ਟੀ ਕਰਕੇ ਦਲਿਤ ਵੋਟ ਬੈਂਕ ਨੂੰ ਪੱਕਾ ਕੀਤਾ। ਭਾਰਤ ਸਰਕਾਰ ਨੇ ਆਸਟਰੀਆ ਸਰਕਾਰ ਦੇ ਦਬਾਓ ਪਾ ਕੇ ਨਿਰੰਜਣ ਦਾਸ ਦੀ ਘਰ ਵਾਪਸੀ ਕਰਵਾ ਕੇ ਆਪਣਾ ਰੋਲ ਨਿਭਾਇਆ। ਪਰ ਇਸ ਸਾਰੀ ਦੌੜ ਵਿਚ ਕਿਸੇ ਨੇ ਵੀ ਸੈਕਟਰ 15 ਵਿਚ 24 ਮਈ ਤੋਂ ਪਏ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦਾ ਸੁੱਖ ਆਸਣ ਕਰਵਾਉਣ ਬਾਰੇ ਇੱਕ ਬਾਰ ਵੀ ਨਹੀਂ ਕਿਹਾ ਗਿਆ।

... ਅੱਗੇ ਪੜ੍ਹੋ

ਵਿਆਨਾ ਕਾਂਡ ਦੇ ਸੰਭਾਵੀ ਕਾਰਣ ਅਤੇ ਕਹਾਣੀਆਂ

ਲੇਖਕ: ਇਕਚਿੰਤਨ ਸਿੰਘ

ਕਾਰਣ ਕਹਾਣੀ 1
ਸ੍ਰੀ ਗੁਰੂ ਰਵਿਦਾਸ ਸਭਾ ਯੂ. ਕੇ. ਵਲੋਂ ਜਾਣਕਾਰੀ
ਸਭ ਜਾਗਰੂਕ ਸਿੱਖਾਂ ਨੂੰ ਪਤਾ ਹੈ ਕਿ ਸ੍ਰੀ ਗੁਰੂ ਰਵਿਦਾਸ ਸਭਾ ਯੂ. ਕੇ. ਵਲੋਂ 15 ਮਈ 2002 ਦੇ ਪੰਜਾਬ ਟਾਈਮਜ਼ (ਯੂ. ਕੇ.) ਵਿਚ ਨਿਰੰਜਣ ਦਾਸ ਅਤੇ ਰਾਮਾਨੰਦ ਸੰਬੰਧੀ ਜਾਣਕਾਰੀ-ਇਸ਼ਤਿਹਾਰ ਲਗਾਵਾਂ ਕੇ ਸਮੂਹ ਸਿੱਖ ਸੰਗਤ ਨੂੰ ਸੁਚੇਤ ਕੀਤਾ ਅਤੇ ਨਿਰੰਜਣ ਦਾਸ, ਰਾਮਾਨੰਦ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਗੱਦੀ ਲਾ ਕੇ ਆਪਣੇ ਆਪ ਨੂੰ ਨੋਟਾਂ ਨਾਲ ਮੱਥੇ ਨਾ ਟਕਵਾਉਣ ਲਈ ਨਿਮਰਤਾ ਸਾਹਿਤ ਬੇਨਤੀ ਕੀਤੀ। ਸ੍ਰੀ ਗੁਰੂ ਰਵਿਦਾਸ ਸਭਾ ਯੂ. ਕੇ. ਦੇ ਪ੍ਰਧਾਨ ਪਰਮਜੀਤ ਰੇਤੂ ਅਨੁਸਾਰ ਉਹ ਪਿਛਲੇ ਚਾਰ-ਪੰਜ ਸਾਲਾਂ ਤੋਂ ਸੰਤਾਂ ਨੂੰ ਇਸ ਸੰਬੰਧੀ ਸੁਨੇਹੇ ਭੇਜਦੇ ਰਹੇ ਹਨ ਕਿ ਇਹ ਕੰਮ ਗ਼ਲਤ ਹੈ।

15 ਮਈ 2002 ਦੇ ਪੰਜਾਬ ਟਾਈਮਜ਼ ਵਿਚਲੇ ਜਾਣਕਾਰੀ ਇਸ਼ਤਿਹਾਰ ਅਤੇ ਖ਼ਬਰ ਦਾ ਸੰਖੇਪ ਸਾਰ ਕੁਝ ਇਸ ਤਰ੍ਹਾਂ ਹੈ:

" ਬੱਲਾਂ ਵਾਲੇ ਡੇਰੇ ਦੇ ਸੰਤ ਅਤੇ ਉਨ੍ਹਾਂ ਦੇ ਸ਼ਰਧਾਲੂਆਂ ਵਲੋਂ ਗੁਰੂ ਘਰਾਂ ਵਿਚ ਆਪਹੁਦਰੀਆਂ ਕਰ ਕੇ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਜਾਂਦੀ ਹੈ, ਉੱਥੇ ਬੇਸਮਝੀ ਦਾ ਵੀ ਨੰਗਾ ਨਾਚ ਕੀਤਾ ਜਾਂਦਾ ਹੈ। ਇਹ ਸਾਧ ਸੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਗੱਦੀ ਲਾ ਕੇ ਆਪਣੇ ਆਪ ਨੂੰ ਨੋਟਾਂ ਨਾਲ ਮੱਥੇ ਟਿਕਾਉਂਦੇ ਹਨ।
" ਇੰਗਲੈਂਡ, ਕਨੇਡਾ, ਅਮਰੀਕਾ ਅਤੇ ਹੋਰਨਾਂ ਦੇਸ਼ਾਂ ਦੇ ਸ੍ਰੀ ਗੁਰੂ ਰਵਿਦਾਸ ਭਵਨਾਂ ਅਤੇ ਸੰਗਤ ਤੋਂ ਅਣਗਿਣਤ ਮਾਇਆ ਲੈ ਕੇ ਇਨ੍ਹਾਂ ਨੇ ਆਪਣੇ ਨਾਂ ਤੇ ਕਰੋੜਾਂ ਦੀਆਂ ਜਾਇਦਾਦਾਂ ਬਣਾ ਲਈਆਂ ਅਤੇ ਸੰਗਤ ਨੂੰ ਕਹਿੰਦੇ ਰਹੇ ਕਿ ਇਹ ਸਭ ਕੁਝ ਕੌਮ ਲਈ ਕਰ ਰਹੇ ਹਾਂ।
" ਸੰਗਤ ਨੇ ਆਪਣੀ ਕਿਰਤ ਕਮਾਈ ਵਿਚੋਂ ਬੇਅੰਤ ਮਾਇਆ ਤੇ ਸੋਨਾ ਸ੍ਰੀ ਗੁਰੂ ਰਵਿਦਾਸ ਜੀ ਦੇ ਜਨਮ ਅਸਥਾਨ ਸੀਰ ਗੋਵਰਧਨਪੁਰ ਕਾਂਸ਼ੀ ਲਾਉਣ ਲਈ ਇਨ੍ਹਾਂ ਦੀ ਝੋਲੀ ਪਾਇਆ, ਜਦ ਕਾਂਸ਼ੀ ਦਾ ਮੰਦਰ ਬਣ ਕੇ ਤਿਆਰ ਹੋ ਗਿਆ ਤਾਂ ਇਨ੍ਹਾਂ ਸੰਤਾਂ ਨੇ ਕਾਂਸ਼ੀ ਮੰਦਰ ਆਪਣੇ ਨਾਮ ਲੁਆ ਲਿਆ ਅਤੇ ਆਪਣੇ ਡੇਰੇ ਬੱਲਾਂ ਦੀ ਬ੍ਰਾਂਚ ਹੋਣ ਦਾ ਐਲਾਨ ਕਰ ਦਿੱਤਾ ਅਤੇ ਆਪਣਾ ਕਬਜ਼ਾ ਜਮਾ ਕੇ ਬੈਠ ਗਏ।
" ਜਿਹੜਾ ਅਸਥਾਨ ਦੁਨੀਆ ਭਰ ਦੇ ਸ੍ਰੀ ਗੁਰੂ ਰਵਿਦਾਸ ਨਾਮ ਲੇਵਾ ਸੰਗਤ ਲਈ ਮੱਕਾ, ਹਰਿਮੰਦਰ ਅਤੇ ਪਵਿੱਤਰ ਤੀਰਥ ਹੋਣਾ ਚਾਹੀਦਾ ਸੀ, ਉਹ ਅਸਥਾਨ ਲਿਖਤੀ ਰੂਪ ਵਿਚ ਡੇਰਾ ਬੱਲਾਂ ਦੀ ਬ੍ਰਾਂਚ ਬਣ ਗਿਆ ਅਤੇ ਡੇਰਾ ਬੱਲਾਂ ਹੈੱਡ ਆਫਿਸ ਬਣਾ ਦਿੱਤਾ ਗਿਆ।
" 25 ਮਾਰਚ 2002 ਨੂੰ ਇਕ ਗੱਡੀ 300 ਯਾਤਰੀਆਂ ਸ਼ਰਧਾਲੂਆਂ ਸਮੇਤ ਕਾਂਸ਼ੀ ਗੁਰੂ ਘਰ ਲੈ ਕੇ ਗਏ ਸਨ ਤੇ ਸੰਤ ਰਾਮਾਨੰਦ ਜੀ ਵੀ ਮਗਰੇ ਹੀ ਪੁੱਜ ਗਏ। ਪਹਿਲਾਂ ਤਾਂ ਰਾਮਾਨੰਦ ਨੇ ਪ੍ਰਬੰਧਕਾਂ ਨੂੰ ਕਿਹਾ ਕਿ ਤੁਸੀਂ ਬਿਨਾਂ ਇਤਲਾਹ ਦੇ ਮੰਦਰ ਵਿਚ ਕਿਉਂ ਆਏ ਹੋ, ਏਥੇ ਆਉਣ ਤੋਂ ਪਹਿਲਾਂ ਸਾਨੂੰ ਦੱਸਣਾ ਚਾਹੀਦਾ ਸੀ।
" 27 ਮਾਰਚ ਨੂੰ ਸ੍ਰੀ ਅਖੰਡ ਪਾਠ ਦੇ ਭੋਗ ਪੈਣ ਉਪਰੰਤ ਆਰਤੀ ਆਰਤੇ ਦਾ ਗਾਇਨ ਸੰਤ ਸੇਵਾ ਦਾਸ ਜੀ (ਗੱਦੀ ਨਸ਼ੀਨ) ਡੇਰਾ ਮਹਾਨ ਪੁਰੀ ਸਾਹਰੀ ਹੁਸ਼ਿਆਰਪੁਰ ਜੀ ਨੇ ਕਰਨਾ ਸੀ ਤਾਂ ਰਾਮਾਨੰਦ ਜੀ ਬੱਲਾਂ ਵਾਲਿਆਂ ਨੇ ਸੰਤ ਸੇਵਾਦਾਰ ਜੀ ਤੋਂ ਜਬਰਦਸਤੀ ਹਾਰਮੋਨੀਅਮ ਖੋਹ ਲਿਆ ਅਤੇ ਆਪ ਕੀਰਤਨ ਕਰਨ ਲੱਗ ਪਏ।
" ਸੰਤਾਂ ਨੇ ਸਭ ਤੋਂ ਪਹਿਲਾਂ 108 ਸੰਤ ਸਰਵਣ ਦਾਸ ਚੈਰੀਟੇਬਲ ਟਰੱਸਟ ਬਣਾਇਆ। ਜਦ ਇਹ ਆਪਣੇ ਮਕਸਦ ਵਿਚ ਕਾਮਯਾਬ ਨਾ ਹੋਏ ਤਾਂ ਇਨ੍ਹਾਂ ਨੇ ਹੁਣ ਸ੍ਰੀ ਗੁਰੂ ਰਵਿਦਾਸ ਇੰਟਰਨੈਸ਼ਨਲ ਹਿਊਮਨ ਰਾਇਟਸ ਸਭਾ ਬਣਾ ਦਿੱਤੀ ਹੈ।
" ਅੱਜ ਹਾਲਤ ਇਹ ਹੈ ਕਿ ਇਹ ਮੰਡਲੀ ਪ੍ਰਾਈਵੇਟ ਸਕਿਊਰਿਟੀ ਅਤੇ ਪੁਲਿਸ ਲੈ ਕੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਗੁਰੂ ਘਰਾਂ ਦੀ ਸ਼ਾਂਤੀ ਭੰਗ ਕਰ ਰਹੀ ਹੈ।

ਨੋਟ: ਇਹ ਜਾਣਕਾਰੀ ਇਸ਼ਤਿਹਾਰ, ਖ਼ਬਰ ਅਤੇ ਮੱਥਾ ਟਕਵਾਉਂਦੇ ਦੀਆਂ ਤਸਵੀਰਾਂ ਇੱਕ ਵੈੱਬ ਪੰਨੇ ਰਾਹੀ panthicnews.com ਤੇ ਜਨਤਕ ਕੀਤੀਆਂ, ਜੋ ਕੁਝ ਸਮੇਂ ਬਾਅਦ ਹਟਾ ਲਈ ਗਈਆਂ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ 5 ਮਈ 2002 ਦੇ ਪੰਜਾਬ ਟਾਈਮਜ਼ ਵਿਚ ਇਸੇ ਵਿਸ਼ੇ ਸੰਬੰਧੀ ਕੋਈ ਖ਼ਬਰ ਲੱਗੀ ਸੀ। ਜੋ ਇੰਟਰਨੈੱਟ ਤੇ ਉਪਲਬਧ ਨਹੀਂ ਹੈ। ਜੇਕਰ ਕਿਸੇ ਸੱਜਣ ਕੋਲ ਇਹ ਜਾਣਕਾਰੀ ਹੋਵੇ ਤਾਂ ਉਹ ਵੀ ਸਾਂਝੀ ਕਰ ਸਕਦਾ ਹੈ।

ਅਕਾਸ਼ ਰੇਡੀਓ ਦੀ ਵੈੱਬ ਸਾਈਟ ਤੇ ਖ਼ਾਲਿਸਤਾਨ ਜ਼ਿੰਦਾਬਾਦ ਫੋਰਸ ਦਾ ਪੱਤਰ
akashradio.com ਤੇ ਖ਼ਾਲਿਸਤਾਨ ਜ਼ਿੰਦਾਬਾਦ ਫੋਰਸ ਦਾ 25-05-09 ਪੱਤਰ ਜਨਤਕ ਕੀਤਾ ਗਿਆ ਸੀ। ਜਿਸ ਵਿਚ ਐਲਾਨ ਕੀਤਾ:
ਅਸਟਰੀਆ ਚ ਪਖੰਡੀ ਸਾਧਾਂ ਨੂੰ ਸੋਧਨ ਦੀ ਜਿਮੇਵਾਰੀ, ਖਾਲਿਸਤਾਨ ਜਿੰਦਾਬਾਦ ਫੋਰਸ, ਅਪਨੇ ਸਿਰ ਲੈਂਦੀ ਹੈ, ਬਹੁਤ ਚਿਰਾਂ ਤੋਂ ਇਹ ਪਖੰਡੀ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਆਸਨ ਬਰਾਬਰ ਅਪਨਾ ਆਸਨ ਲਗਵਾਕੇ ਮੱਥਾ ਟਿਕਵਾਦਾਂ ਅਤੇ ਸਿੱਖ ਮਰਿਯਾਦਾ ਦੇ ਉਲਟ ਹੋਰ ਕਈ ਕੰਮ ਕਰਕੇ , ਘੌਰ ਅਪਰਾਦ ਕਰੀ ਜਾ ਰਿਹਾ ਸੀ, ਬਾਜ ਨਾ ਆਉਣ ਤੇ ਹੀ ਇਹ ਕਾਰਵਾਈ ਕੀਤੀ ਗਈ। ... ।

ਰਣਜੀਤ ਸਿੰਘ ਜੰਮੂ ਦੀ ਜ਼ਿੰਮੇਵਾਰੀ ਖ਼ਬਰ ਅਜੀਤ ਅਖ਼ਬਾਰ ਤੇ
www.ajitjalandhar.com/20090527 ਤੇ ਰਣਜੀਤ ਸਿੰਘ ਜੰਮੂ ਉਰਫ਼ ਨੀਟਾ ਦੀ ਖ਼ਬਰ ਹਾਲੇ ਵੀ ਲੱਗੀ ਹੈ। ਜਿਸ ਵਿਚ ਜਨਤਕ ਕੀਤਾ ਗਿਆ ਹੈ ਕਿ ਸੰਤ ਨਿਰੰਜਣ ਦਾਸ ਅਤੇ ਸੰਤ ਰਾਮਾਨੰਦ 'ਤੇ ਹਮਲੇ ਦੀ ਜ਼ਿੰਮੇਵਾਰੀ ਰਣਜੀਤ ਸਿੰਘ ਜੰਮੂ ਉਰਫ਼ ਨੀਟਾ ਨੇ ਇਕ ਲਿਖਤੀ ਬਿਆਨ ਵਿਚ ਲਈ ਹੈ।

ਕਾਰਣ ਕਹਾਣੀ 2
ਵਕੀਲ ਭਾਰਤੀ ਦੀ ਰਿਪੋਰਟ, ਸਰਬਜੀਤ ਸਿੰਘ ਸੰਪਾਦਕ 'ਇੰਡੀਆ ਅਵੇਅਰਨੈੱਸ' ਦਾ ਸ਼ੱਕ
ਸਰਬਜੀਤ ਸਿੰਘ ਸੰਪਾਦਕ 'ਇੰਡੀਆ ਅਵੇਅਰਨੈੱਸ' (indiaawareness.com) ਸਤੰਬਰ 2009 ਦੇ ਰਸਾਲੇ ਵਿਚਲੇ ਲੇਖ 'ਡੇਰੇਦਾਰ ਰਾਮਾਨੰਦ ਦੇ ਕਤਲ ਮਾਮਲੇ ਦੇ ਲੁਕਵੇਂ ਤੱਥ ...' ਵਿਚ ਲਿਖਦਾ ਹੈ,

'... ਆਪਣੀ ਯੂਰਪ ਫੇਰੀ ਦੌਰਾਨ ਨਿਰੰਜਨ ਦਾਸ ਅਤੇ ਰਾਮਾਨੰਦ ਨੇ ਬਨਾਰਸ ਵਿਖੇ ਕਥਿਤ ਤੌਰ 'ਤੇ ਰਵਿਦਾਸ ਮੰਦਰ ਬਣਾਉਣ ਦਾ ਨਾਅਰਾ ਲਗਾ ਕੇ ਉੱਥੋਂ ਦੇ ਦਲਿਤ ਸ਼ਰਧਾਲੂਆਂ ਤੋਂ ਲਗਭਗ ਢਾਈ ਲੱਖ ਯੂਰੋ (ਲਗਭਗ ਡੇਢ ਭਾਰਤੀ ਕਰੋੜ ਰੁਪਏ) ਅਤੇ 7 ਕਿਲੋ ਸੋਨਾ (ਲਗਭਗ 1 ਕਰੋੜ ਰੁਪਏ ਕੀਮਤ ਦਾ) ਇਕੱਤਰ ਕਰ ਲਏ ਸਨ (ਭਰੋਸੇਯੋਗ ਸੂਤਰ, ਜਿਹੜੀ ਆਪਣੀ ਪਛਾਣ ਜਨਤਕ ਨਹੀਂ ਕਰਨਾ ਚਾਹੁੰਦੇ, ਤੋਂ ਮਿਲੀ ਜਾਣਕਾਰੀ ਮੁਤਾਬਿਕ, ਡੇਰਾ ਬੱਲਾਂ ਦੇ ਉਪ-ਮੁਖੀ ਯਾਨੀ ਡੇਰੇਦਾਰ ਰਾਮਾਨੰਦ ਦਾ ਪ੍ਰਭਾਵ ਅਤੇ ਗਤੀਵਿਧੀਆਂ ਕੁਝ ਇਸ ਤਰ੍ਹਾਂ ਦੀਆਂ ਸਨ ਕਿ ਜਲੰਧਰ ਅਤੇ ਵਿਦੇਸ਼ਾਂ ਤੋਂ ਮਿਲਣ ਵਾਲੀ ਜ਼ਿਆਦਾਤਰ ਉਗਰਾਹੀ ਦੀ 'ਸੰਭਾਲ' ਉਹੀ ਕਰਦੇ ਸਨ। ਯੂਰਪ ਫੇਰੀ ਦੌਰਾਨ ਇਕੱਤਰ ਹੋ ਰਹੀ ਮਾਇਆ ਦੀ ਨਿਗਰਾਨੀ ਵੀ ਰਾਮਾਨੰਦ ਦੀ ਦੇਖ ਰੇਖ ਵਿੱਚ ਹੋ ਰਹੀ ਸੀ। ਡੇਰਾ ਮੁਖੀ ਨਿਰੰਜਨ ਦਾਸ ਇਸ ਸਥਿਤੀ ਨੂੰ ਪਸੰਦ ਨਹੀਂ ਕਰਦਾ ਸੀ। ਇਸ ਲਈ ਉਸਨੇ ਆਪਣੇ ਖ਼ਾਸਮ-ਖ਼ਾਸ ਚੇਲਿਆਂ ਰਾਹੀਂ ਰਾਮਾਨੰਦ ਨੂੰ ਰਸਤੇ 'ਚੋਂ ਹਟਵਾਉਣ ਦਾ ਮਨ ਬਣਾਇਆ ਸੀ ਅਤੇ ਇਹ ਚੇਲੇ ਅਜਿਹੇ ਕਿਸੇ ਮੌਕੇ ਦੀ ਤਲਾਸ਼ ਵਿੱਚ ਸਨ ਜਦ ਰਾਮਾਨੰਦ ਮਾਰਿਆ ਜਾਵੇ ਪਰ ਇਸ ਦਾ ਦੋਸ਼ ਕਿਸੇ ਹੋਰ ਵਿਅਕਤੀ/ਸਮੂਹ 'ਤੇ ਮੜ੍ਹਿਆ ਜਾਵੇ। ਇਸ ਮਕਸਦ ਲਈ ਜਾਣ ਬੁਝ ਕੇ ਸਿੱਖਾਂ ਨਾਲ ਤਲਖ਼ੀ ਪੈਦਾ ਕੀਤੀ ਗਈ ਅਤੇ ਵੀਆਨਾ ਮੰਦਰ ਵਿੱਚ ਆਪਣੇ 250-300 ਸ਼ਰਧਾਲੂਆਂ ਦੀ ਹਾਜ਼ਰੀ ਵਿੱਚ ਸਿਰਫ਼ 6 ਸਿੱਖਾਂ ਵੱਲੋਂ ਵਿਰੋਧ ਕਰਨ 'ਤੇ ਵੀ ਗੱਲ ਨੂੰ ਬੇਹੱਦ ਵਧਾ ਕੇ ਲੜਾਈ-ਝਗੜੇ ਵਾਲਾ ਮਾਹੌਲ ਪੈਦਾ ਕੀਤਾ ਗਿਆ ਅਤੇ ਇਸ ਦੌਰਾਨ ਇਕ ਤੋਂ ਜ਼ਿਆਦਾ ਵਿਅਕਤੀਆਂ ਨੇ ਵੱਖ-ਵੱਖ ਪਿਸਤੌਲਾਂ ਨਾਲ ਰਾਮਾਨੰਦ ਨੂੰ ਗੋਲੀਆਂ ਨਾਲ ਮਾਰ ਦਿੱਤਾ - ਹਾਲਾਂਕਿ ਘੜਮੱਸ ਦੌਰਾਨ ਜਾਂ ਜਾਣ-ਬੁੱਝ ਕੇ, ਦੋ ਗੋਲੀਆਂ ਨਿਰੰਜਨ ਦਾਸ ਨੂੰ ਵੀ ਜਾ ਵੱਜੀਆਂ ਪਰ ਉਸਦੀ ਜਾਨ ਬੱਚ ਗਈ। ਇਥੇ ਇਹ ਵੀ ਵਰਣਨਯੋਗ ਹੈ ਕਿ ਡੇਰਾ ਬੱਲਾਂ ਵਿੱਚ ਹੀ ਇਕ ਹੋਰ ਸਾਧ ਸੁਰਿੰਦਰ ਦਾਸ ਬਾਵਾ, ਜਿਸਦਾ ਪ੍ਰਭਾਵ ਕਾਫ਼ੀ ਵੱਧ ਰਿਹਾ ਸੀ, ਨੂੰ ਵੀ 7 ਮਾਰਚ 2008 ਨੂੰ ਡੇਰੇ ਵਿੱਚ ਹੀ ਜ਼ਹਿਰ ਦੇ ਕੇ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਜ਼ਹਿਰ ਕਾਰਨ ਇਹ ਸਾਧ ਮਰਿਆ ਤਾਂ ਨਹੀਂ ਪਰ ਮਾਨਸਿਕ ਰੋਗੀ ਬਣ ਕੇ ਹਾਲਾਂ ਵੀ ਡੇਰੇ ਵਿੱਚ ਹੀ ਰਹਿ ਰਿਹਾ ਹੈ। ਆਸਟਰੀਅਨ ਪੁਲਿਸ ਅਤੇ ਭਾਰਤੀ ਜਾਂਚ ਏਜੰਸੀਆਂ ਨੂੰ ਚਾਹੀਦਾ ਹੈ ਕਿ ਉਹ ਇਸ ਡੇਰੇਦਾਰ ਦੀ ਜਾਨ 'ਤੇ ਹੋਏ ਕਾਤਲਾਨਾ ਹਮਲੇ ਦੀ ਵੀ ਜਾਂਚ ਕਰਵਾਉਣ ਕਿ ਉਸਨੂੰ ਮਰਵਾ ਕੇ ਕਿਸ ਨੂੰ ਲਾਭ ਹੋ ਸਕਦਾ ਸੀ?) ...।
ਨੋਟ: ਇਹ ਲੇਖ ਇੰਟਰਨੈੱਟ ਤੇ ਹਾਲੇ ਵੀ ਉਪਲਬਧ ਹੈ।

ਰੋਜ਼ਾਨਾ ਸਪੋਕਸਮੈਨ ਦੀਆਂ ਖ਼ਬਰਾਂ
ਨਵੀਂ ਦਿੱਲੀ, 18 ਅਗਸਤ ਨੂੰ ਵਕੀਲ ਭਾਰਤੀ ਨੇ ਆਪਣੀ ਰਿਪੋਰਟ ਦੇ ਅਧਾਰ ਤੇ ਸਵਾਲ ਕੀਤਾ, ਕੀ ਬਾਬਾ ਰਾਮਨੰਦ ਦੇ ਕਤਲ ਦਾ ਕਾਰਨ ਲੱਖਾਂ ਡਾਲਰ ਤੇ ਕਈ ਕਿਲੋ ਸੋਨਾ ਹੋ ਸਕਦਾ ਹੈ? ... ।
ਨਵੀਂ ਦਿੱਲੀ, 1 ਸਤੰਬਰ ਨੂੰ ਸ. ਸਰਨਾ ਨੇ ਕਿਹਾ, ਜੋ ਤੱਥ ਇਕੱਤਰ ਕੀਤੇ ਗਏ ਹਨ ਉਹ ਸਿੱਧੇ ਤੌਰ 'ਤੇ ਇਹੀ ਦਰਸਾਉਂਦੇ ਹਨ ਕਿ ਵੀਆਨਾ ਦੇ ਗੁਰਦਵਾਰੇ ਵਿਚ ਕਤਲ ਹੋਏ ਬਾਬਾ ਰਾਮਾਨੰਦ ਨੂੰ ਸਿੱਖ ਨੌਜਵਾਨਾਂ ਨੇ ਕਤਲ ਨਹੀਂ ਸੀ ਕੀਤਾ, ਬਲਕਿ ਇਹ ਉਕਤ ਡੇਰੇਦਾਰਾਂ ਦਾ ਗੋਲਕ ਦਾ ਆਪਸੀ ਝਗੜਾ ਸੀ, ਪਰ ਬਾਦਲ ਐਂਡ ਕੰਪਨੀ ਨੇ ਸਿੱਖ ਸਿਧਾਂਤਾਂ ਦੀ ਉਲੰਘਣਾ ਕਰਦਿਆਂ ਉਕਤ ਬਾਬੇ ਨੂੰ ਸਰਕਾਰੀ ਸਨਮਾਨਾਂ ਨਾਲ ਨਿਵਾਜਿਆ। ...।

ਨਿਰੰਜਣ ਦਾਸ ਤੇ ਰਾਮ ਨੰਦ ਉਤੇ ਦੋਸ਼ ਅਤੇ ਸਬੂਤ

... ਅੱਗੇ ਪੜ੍ਹੋ

ਵਿਆਨਾ ਕੋਬਰਾ ਪੁਲਿਸ ਤੇ ਗੋਲੀ ਚਲਾਉਣ ਵਾਲੇ ਅੰਮ੍ਰਿਤ ਸਿੰਘ ਦਾ ਸੱਚ

ਵਿਆਨਾ ਕੋਬਰਾ ਪੁਲਿਸ ਤੇ ਗੋਲੀ ਚਲਾਉਣ ਵਾਲੇ ਅੰਮ੍ਰਿਤ ਸਿੰਘ ਦਾ ਸੱਚ
ਲੇਖਕ: ਇਕਚਿੰਤਨ ਸਿੰਘ

ਘਟਨਾ ਦੌਰਾਨ ਫੜੇ ਗਏ ਸਿੱਖਾਂ ਵਿਰੁੱਧ ਸਬੂਤ ਇਕੱਠੇ ਕਰਨ ਅਤੇ ਉਨ੍ਹਾਂ ਦੇ ਹੋਰ ਸਾਥੀਆਂ ਨੂੰ ਫੜਨ ਦੇ ਇਰਾਦੇ ਨਾਲ 15 ਜੂਨ 09 ਨੂੰ ਇੱਕ ਵੱਡੀ ਕਾਰਵਾਈ ਦੌਰਾਨ 150 ਪੁਲਿਸ ਅਧਿਕਾਰੀਆਂ ਦੇ ਸੰਗਠਨ ਨੇ ਇੱਕੋ ਦਿਨ ਵਿਚ 9 ਸ਼ੱਕੀ ਸਿੱਖਾਂ ਦੇ ਘਰਾਂ ਵਿਚ ਛਾਪੇ ਮਾਰੇ ਗਏ।

ਇੱਥੇ ਜ਼ਿਕਰਯੋਗ ਹੈ ਕਿ 24-25 ਮਈ ਦੀ ਸਫ਼ਲ ਗੁੰਡਾਗਰਦੀ ਅਤੇ ਬਾਦਲ ਸਰਕਾਰ ਵਲੋਂ ਸ਼ਹਿ ਕਰਕੇ ਨਾ ਕਿ ਪੰਜਾਬ ਵਿਚ ਚੇਲਿਆਂ ਦੀ ਚੜ੍ਹਤ ਹੋ ਗਈ ਸੀ, ਬਲਕਿ ਭਾਰਤ ਸਰਕਾਰ ਅਤੇ ਭਾਰਤੀ ਮੀਡੀਆ ਦੇ ਸਹਿਯੋਗ ਅਤੇ ਸਿੱਖਾਂ ਦੀ ਚੁੱਪੀ ਕਰਕੇ ਬਾਹਰਲੇ ਮੁਲਕਾਂ ਵਿਚ ਬੈਠੇ ਚੇਲੇ ਵੀ ਮਨ ਆਈਆਂ ਕਰਨ ਲੱਗ ਪਏ ਸਨ। ਜਿਵੇਂ ਕਿ ਪਿਛਲੇ ਲੇਖ ਵਿਚ ਲਿਖਿਆ ਸੀ ਕਿ ਕੁਝ ਕੰਪਿਊਟਰ ਤੇ ਉਟ-ਪਟਾਂਗ ਨਾਮ ਹੇਠ ਅਕਾਊਂਟ ਬਣਾ ਕੇ ਸਿੱਖਾਂ ਨੂੰ ਤੰਗ ਕਰ ਰਹੇ ਸਨ ਅਤੇ ਕੁਝ ਫੋਨ ਤੇ ਮਾਰਨ ਦੀਆਂ ਧਮਕੀਆਂ ਦੇ ਰਹੇ ਸਨ। ਇਸੇ ਦਹਿਸ਼ਤ ਵਿਚ ਅੰਮ੍ਰਿਤ ਸਿੰਘ ਨੇ ਕੋਬਰਾ ਪੁਲਿਸ ਤੇ ਗੋਲੀਆਂ ਚਲਾ ਦਿੱਤੀਆਂ।

ਸੋਮਵਾਰ ਦੁਪਹਿਰ ਦੇ ਇੱਕ ਵਜੇ ਜਦੋਂ ਕੋਬਰਾ ਪੁਲਿਸ ਨੇ ਅੰਮ੍ਰਿਤ ਸਿੰਘ ਦੇ ਫ਼ਲੈਟ ਦਾ ਦਰਵਾਜ਼ਾ ਖੜਕਾਇਆ ਤਾਂ 26 ਸਾਲਾਂ ਦੇ ਅੰਮ੍ਰਿਤ ਸਿੰਘ ਨੇ ਦਹਿਸ਼ਤ ਵਿਚ ਅਤੇ ਡਰ ਕਾਰਨ ਫਲੈਟ ਦੇ ਅੰਦਰੋਂ ਬੰਦ ਦਰਵਾਜ਼ੇ ਤੇ ਦੋ ਗੋਲੀਆਂ ਚਲਾ ਦਿੱਤੀਆਂ। ਇੱਕ ਗੋਲੀ ਦਰਵਾਜ਼ੇ ਦੇ ਆਰ-ਪਾਰ ਹੁੰਦੀ ਹੋਈ ਕੋਬਰਾ ਪੁਲਿਸ ਕਰਮੀਂ ਦੇ ਮੋਢੇ ਉਪਰੋਂ ਦੀ ਹੁੰਦੀ ਹੋਈ ਇਮਾਰਤ ਦੇ ਵਿਹੜੇ ਦੀ ਕੰਧ ਵਿਚ ਜਾ ਫਸੀ। ਦੂਸਰੀ ਗੋਲੀ ਦੋ ਦਿਨ ਬਾਅਦ, ਜਦ ਪੁਲਿਸ ਕਰਮੀਂ ਆਪਣੀ ਬੂਲਟ ਪਰੂਫ਼ ਜਾਕਟ ਸਾਫ਼ ਕਰ ਰਿਹਾ ਸੀ, ਉਸ ਨੂੰ ਜਾਕਟ ਦੇ ਖੱਬੇ ਮੋਢੇ ਵਾਲੇ ਹਿੱਸੇ ਵਿਚੋਂ ਮਿਲੀ। ਪੁਲਿਸ ਕਰਮੀਂ ਨੂੰ ਬਿਲਕੁਲ ਹੀ ਨਹੀਂ ਮਹਿਸੂਸ ਹੋਇਆ ਕਿ ਉਸ ਦੇ (ਜਾਕਟ ਵਿਚ) ਗੋਲੀ ਲੱਗੀ ਹੈ।

ਸ਼ਾਇਦ ਫੜੇ ਹੋਏ ਸਿੱਖਾਂ ਦੇ ਮੋਬਾਇਲ ਫੋਨ ਵਿਚ ਭਰੇ ਹੋਏ ਨੰਬਰਾਂ ਕਰਕੇ ਕਾਰਵਾਈਆਂ ਕੀਤੀਆਂ ਗਈਆਂ। ਕਿਉਂਕਿ ਅੰਮ੍ਰਿਤ ਸਿੰਘ ਫੜੇ ਹੋਏ ਸਿੱਖਾਂ ਨੂੰ ਜਾਣਦਾ ਸੀ। ਸ਼ਾਇਦ ਫ਼ੋਨ ਤੇ ਵੀ ਗੱਲਬਾਤ ਕੀਤੀ ਹੋਵੇਗੀ। ਪੁਲਿਸ ਨੂੰ ਸ਼ੱਕ ਸੀ ਕਿ ਅੰਮ੍ਰਿਤ ਸਿੰਘ ਨੇ ਘਟਨਾ ਦੌਰਾਨ ਵਰਤੇ ਜਾਣ ਵਾਲੇ ਪਿਸਤੌਲ ਦਾ ਬੰਦੋਬਸਤ ਕੀਤਾ ਹੈ। ਪਰ ਬਾਅਦ ਵਿਚ ਪੁਲਿਸ ਨੇ ਸਾਰੀ ਜਾਂਚ-ਪੜਤਾਲ ਕਰਕੇ ਬਿਆਨ ਦਿੱਤਾ ਕਿ ਵਿਆਨਾ ਘਟਨਾ ਨਾਲ ਅੰਮ੍ਰਿਤ ਸਿੰਘ ਦਾ ਜ਼ਿਆਦਾ ਡੂੰਘਾ ਸੰਬੰਧ ਨਹੀਂ ਹੈ।

ਅੰਮ੍ਰਿਤ ਸਿੰਘ ਦਾ ਜਨਮ ਭਾਰਤ ਵਿਚ ਹੋਇਆ ਹੈ ਅਤੇ ਉਸ ਕੋਲ ਆਸਟਰੀਅਨ ਨਾਗਰਿਕਤਾ ਹੈ। ਉਹ ਸੁਰੱਖਿਆ ਪ੍ਰਦਾਨ ਕਰਨ ਵਾਲੀ ਕੰਪਨੀ ਵਿਚ ਕੰਮ ਕਰਦਾ ਹੋਣ ਕਰਕੇ ਉਸ ਨੂੰ ਹਥਿਆਰ ਚਲਾਉਣ ਅਤੇ ਰੱਖਣ ਦੀ ਇਜਾਜ਼ਤ ਹੈ। ਉਸ ਕੋਲ ਜਿੰਨੇ ਹਥਿਆਰ ਫੜੇ ਗਏ ਉਹ ਕਾਨੂੰਨ ਧਾਰਾ ਵਿਚ ਆਉਂਦੇ ਹਨ। ਅੰਮ੍ਰਿਤ ਸਿੰਘ ਨੇ ਕਿਹਾ, ਮੈਂ ਪੁਲਿਸ ਤੇ ਗੋਲੀ ਨਹੀਂ ਚਲਾਉਣਾ ਚਾਹੁੰਦਾ ਸੀ, ਪਰ ਮੈਨੂੰ ਡਰ ਸੀ ਕਿ ਬਦਲਾ ਭਾਵਨਾ ਨਾਲ ਮੈਨੂੰ ਮਾਰਨ ਆਏ ਹਨ।

ਪੁਲਿਸ ਨੇ ਹੋਰ ਸਿੱਖਾਂ ਦੇ ਘਰਾਂ ਦੀਆਂ ਵੀ ਤਲਾਸ਼ੀਆਂ ਲਈਆਂ। ਬਾਕੀ ਘਰਾਂ ਦੀ ਤਲਾਸ਼ੀ ਬਿਨ੍ਹਾਂ ਕਿਸੇ ਰੁਕਾਵਟ ਨਿਪਰੇ ਚੜ੍ਹੀ। ਜਿਹੜੇ ਘਰ ਨਹੀਂ ਸਨ, ਉਨ੍ਹਾਂ ਦੇ ਦਰਵਾਜ਼ੇ ਤੋੜ ਕੇ ਕੰਪਿਊਟਰ ਅਤੇ ਸ਼ੱਕੀ ਲਿਖਤਾਂ (ਧਾਰਮਿਕ) ਆਪਣੇ ਨਾਲ ਲੈ ਗਏ ਅਤੇ ਬਿੱਲ ਉਨ੍ਹਾਂ ਨੂੰ ਭੇਜ ਦਿੱਤੇ। ਪੁਲਿਸ ਸ਼ੱਕੀ ਲਿਖਤਾਂ (ਧਾਰਮਿਕ) ਨੂੰ 6 ਭਾਸ਼ਾ ਅਨੁਵਾਦਕ ਰਾਹੀ ਜਰਮਨ ਵਿਚ ਕਰਵਾਉਂਦੀ ਹੈ।

ਜਿਵੇਂ ਇੱਕ ਅਫ਼ਵਾਹ ਫੈਲਾਈ ਗਈ ਸੀ ਕਿ ਨਿਰੰਜਣ ਦਾਸ ਵੀ ਮਾਰਿਆ ਗਿਆ। ਇਸੇ ਤਰ੍ਹਾਂ ਸਿੱਖਾਂ ਦਾ ਅਕਸ ਵਿਗਾੜਨ ਦੇ ਮਕਸਦ ਨਾਲ ਪੰਜਾਬ ਵਿਚ ਵੀ ਇਸ ਖ਼ਬਰ ਨੂੰ ਹੋਰ ਖ਼ਬਰਾਂ ਦੀ ਤਰ੍ਹਾਂ ਵਧਾ ਚੜ੍ਹਾ ਕੇ ਦੱਸਿਆ ਗਿਆ। ਮੁੱਕਦੀ ਗੱਲ ਇਹ ਹੈ ਕਿ ਜੇਕਰ ਵਿਆਨਾ ਘਟਨਾ ਵਿਚ ਅੰਮ੍ਰਿਤ ਸਿੰਘ ਦਾ ਹੱਥ ਹੁੰਦਾ ਤਾਂ ਜਿੰਨੇ ਹਥਿਆਰ ਉਸ ਕੋਲ ਘਰ ਵਿਚ ਪਏ ਸਨ, ਜੇ ਉਹ ਉੰਨੇ ਹਥਿਆਰ ਘਟਨਾ ਸਥਾਨ ਤੇ ਲੈ ਕੇ ਜਾਂਦੇ, ਤਾਂ ਕੀ ਭਾਣਾ ਵਾਪਰਨਾ ਸੀ? ਸਮਝਦਾਰ ਨੂੰ ਦੱਸਣ ਦੀ ਲੋੜ ਨਹੀਂ।

... ਅੱਗੇ ਪੜ੍ਹੋ

ਧਮਕੀਆਂ ਨਜ਼ਰ ਅੰਦਾਜ਼ ਕੀਤੀਆਂ ਗਈਆਂ

ਧਮਕੀਆਂ ਨਜ਼ਰ ਅੰਦਾਜ਼ ਕੀਤੀਆਂ ਗਈਆਂ - ਵਕੀਲ ਲੇਖ ਰਾਜ ਬਿਰਦੀ
ਖਾੜਕੂਆਂ ਦੇ ਇਰਾਦੇ ਅਤੇ ਆਸਟਰੀਅਨ ਪ੍ਰਸ਼ਾਸਨ ਦੀ ਨਾਕਾਰੀ

29 ਮਈ 2009 ਰਸਾਲਾ Profil ਵਿਚ ਛਪੀ ਵਕੀਲ ਲੇਖ ਰਾਜ ਬਿਰਦੀ (54) ਦੀ ਪ੍ਰੋਫੀਲ ਨਾਲ ਹੋਈ ਟੈਲੀਫੋਨ ਗੱਲਬਾਤ ਦਾ ਪੰਜਾਬੀ ਰੂਪ - ਇਕਚਿੰਤਨ ਸਿੰਘ

ਪ੍ਰੋਫੀਲ: ਤੁਹਾਨੂੰ ਗੁਰੂਆਂ ਨੂੰ ਦਿੱਤੀਆਂ ਧਮਕੀਆਂ ਬਾਰੇ ਪਤਾ ਸੀ?
ਬਿਰਦੀ: ਮੈਂ ਪਿਛਲੇ ਕੁਝ ਸਮੇਂ ਤੋਂ ਇਸ ਸੇਵਾ ਵਿਚ ਹਾਂ। ਅਸੀਂ ਉਨ੍ਹਾਂ ਨੂੰ ਗੁਰੂ ਨਹੀਂ ਕਹਿੰਦੇ, ਬਲਕਿ ਮਹਾਂ ਪੁਰਸ਼ ਨਾਲ ਸੰਬੋਧਨ ਕਰਦੇ ਹਾਂ। ਮੈਨੂੰ ਪਤਾ ਹੈ ਕਿ ਬਾਹਰਲੇ ਮੁਲਕਾਂ ਵਿਚ ਇਹ ਸ਼ਬਦ ਹੋਰ ਤਰੀਕੇ ਨਾਲ ਵਰਤਿਆ ਜਾਂਦਾ ਹੈ। ਪਰ ਸਾਡੇ ਲਈ ਉਹ ਮਹਾਂ ਪੁਰਸ਼ ਹਨ। ਕੁਝ ਸਮੇਂ ਪਹਿਲਾਂ ਇੰਗਲੈਂਡ ਵਿਚ ਧਮਕੀਆਂ ਮਿਲੀਆਂ ਸਨ। ਜਿੱਥੋਂ ਤੱਕ ਮੈਨੂੰ ਪਤਾ ਹੈ, ਆਸਟਰੀਆ ਵਿਚ ਵੀ ਧਮਕੀਆਂ ਦਿੱਤੀਆਂ ਗਈਆਂ ਸਨ। ਪਰ ਇੰਗਲੈਂਡ ਵਿਚ ਧਮਕੀਆਂ ਨੂੰ ਗੰਭੀਰਤਾ ਨਾਲ ਲਿਆ ਗਿਆ।

ਪ੍ਰੋਫੀਲ: ਕਿਸ ਤਰ੍ਹਾਂ ਦੀ ਧਮਕੀਆਂ ਦਿੱਤੀਆਂ ਗਈਆਂ?
ਬਿਰਦੀ: ਇਸ ਸੰਬੰਧੀ ਮੈਂ ਜ਼ਿਆਦਾ ਨਹੀਂ ਕਹਿਣਾ ਚਾਹੁੰਦਾ। ਇਹ ਬੜਾ ਗੰਭੀਰ ਮਸਲਾ ਹੈ। ਮੁੱਕਦੀ ਗੱਲ ਇਹ ਹੈ ਕਿ ਇੰਗਲੈਂਡ ਵਿਚ ਕਦਮ ਉਠਾਏ ਗਏ, ਜਿਸ ਨਾਲ ਖ਼ਤਰਾ ਘਟਾਇਆ ਜਾ ਸਕਿਆ।

ਪ੍ਰੋਫੀਲ: ਪ੍ਰਸ਼ਾਸਨ ਵਲੋਂ ਕਦਮ ਉਠਾਏ ਗਏ ਸਨ?
ਬਿਰਦੀ: ਵਿਸਥਾਰ ਰੂਪ ਵਿਚ ਮੈਂ ਦੱਸਣਾ ਨਹੀਂ ਚਾਹੁੰਦਾ।

ਪ੍ਰੋਫੀਲ: ਆਸਟਰੀਆ ਦੇ ਰਵੀਦਾਸੀਆਂ ਵਲੋਂ ਪੁਲਿਸ ਨੂੰ ਦੱਸਿਆ ਗਿਆ ਸੀ, ਪਰ ਪੁਲਿਸ ਨੇ ਕੁਝ ਨਹੀਂ ਕੀਤਾ।
ਬਿਰਦੀ: ਮੁਸ਼ਕਲ ਇਹ ਹੈ ਕਿ ਰਵੀਦਾਸ ਭਾਈਚਾਰਾ ਆਸਟਰੀਆ ਵਿਚ ਬਹੁਤ ਛੋਟਾ ਹੈ। ਜਿੰਨਾ ਵੱਡਾ ਸੰਪਰਕ ਇੰਗਲੈਂਡ ਦੇ ਭਾਈਚਾਰੇ ਦਾ ਪੁਲਿਸ ਨਾਲ ਹੈ, ਉਹ ਆਸਟਰੀਆ ਵਿਚ ਨਹੀਂ ਹੈ। ਰਵੀਦਾਸੀ ਇੰਗਲੈਂਡ ਵਿਚ ਰਾਜਨੀਤਿਕ ਅਤੇ ਸਮਾਜਿਕ ਤੌਰ ਤੇ ਵੱਡੇ ਪੱਧਰ ਤੇ ਸਰਗਰਮ ਹਨ। ਸਾਡਾ ਇੱਥੇ ਕਾਫ਼ੀ ਪ੍ਰਭਾਵ ਹੈ। ਮੇਰੀ ਜਾਣਕਾਰੀ ਮੁਤਾਬਿਕ ਮਹਾਂ ਪੁਰਸ਼ਾਂ ਨੂੰ ਬਚਾਉਣ ਲਈ ਆਸਟਰੀਆ ਪ੍ਰਸ਼ਾਸਨ ਨੇ ਕੁਝ ਨਹੀਂ ਕੀਤਾ।

ਇੱਕ ਦੋ ਸਾਲ ਪਹਿਲਾਂ ਜਦੋਂ ਮਹਾਂ ਪੁਰਸ਼ ਆਸਟਰੀਆ ਵਿਚ ਆਏ ਸਨ, ਉਸ ਸਮੇਂ ਵੀ ਧਮਕੀਆਂ ਦਿੱਤੀਆਂ ਗਈਆਂ ਸਨ। ਪਰ ਇਸ ਵਾਰ ਧਮਕੀਆਂ ਨੂੰ ਹਕੀਕਤ ਵਿਚ ਬਦਲ ਦਿੱਤਾ ਗਿਆ।

ਪ੍ਰੋਫੀਲ: ਜਦੋਂ ਤੁਹਾਨੂੰ ਘਟਨਾ ਦਾ ਪਤਾ ਲੱਗਾ ਤਾਂ ਤੁਸੀਂ ਉਸ ਸਮੇਂ ਹੀ ਸਮਝ ਗਏ ਕਿ ਖਾੜਕੂ ਸਿੱਖਾਂ ਦਾ ਇਹ ਕੰਮ ਹੈ?
ਬਿਰਦੀ: ਹਾਂ, ਇਹ ਲੋਕ ਬਹੁਤ ਘੱਟ ਗਿਣਤੀ ਵਿਚ ਹਨ। ਜਿਨ੍ਹਾਂ ਦੀ ਸੋਚ ਮੁੱਖ ਧਾਰਾ ਵਾਲੇ ਸਿੱਖਾਂ ਨਾਲ ਮੇਲ ਨਹੀਂ ਖਾਂਦੀ। ਖਾੜਕੂਆਂ ਨੇ ਸਾਫ਼ ਕਿਹਾ ਸੀ ਕਿ ਸੰਤ ਰਾਮਾਨੰਦ ਅਤੇ ਸੰਤ ਨਿਰੰਜਣ ਦਾਸ ਵਲੋਂ ਗੁਰੂ ਗ੍ਰੰਥ ਸਾਹਿਬ ਦੀ ਬੇਕਦਰੀ ਕੀਤੀ ਜਾ ਰਹੀ ਹੈ।

ਪ੍ਰੋਫੀਲ: ਕਿੱਥੇ ਕਿਹਾ ਸੀ?
ਬਿਰਦੀ: ਆਪਣੀਆਂ ਧਮਕੀਆਂ ਵਿਚ ਉਨ੍ਹਾਂ ਨੇ ਲਿਖਿਆ ਸੀ। ਉਨ੍ਹਾਂ ਦੀ ਆਪਣੀ ਸਮਝ ਹੈ ਕਿ ਗੁਰੂ ਗ੍ਰੰਥ ਸਾਹਿਬ ਕੀ ਕਹਿੰਦੇ ਹਨ। ਜਿੱਥੋਂ ਤੱਕ ਮੈਨੂੰ ਸਮਝ ਆਉਂਦੀ ਹੈ ਕਿ ਉਨ੍ਹਾਂ ਦਾ ਕਹਿਣਾ ਹੈ, ਮਹਾਂ ਪੁਰਸ਼ਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਕਦਰੀ ਕੀਤੀ ਹੈ, ਇਹ ਬੇਅਰਥੀ ਗੱਲ੍ਹਾਂ ਹਨ। ਇਸ ਤਰ੍ਹਾਂ ਦਾ ਦੋਵੇਂ ਮਹਾਂ ਪੁਰਸ਼ਾਂ ਨੇ ਕੁਝ ਵੀ ਨਹੀਂ ਕੀਤਾ। ਦੋਵਾਂ ਨੇ ਹਮੇਸ਼ਾਂ ਸ਼ਾਂਤੀ ਅਤੇ ਬਰਾਬਰਤਾ ਦੇ ਪ੍ਰਚਾਰ ਕੀਤਾ। ਮਨੁੱਖੀ ਕਦਰਾਂ-ਕੀਮਤਾਂ ਦੀ ਗੱਲ ਕੀਤੀ ਜਿਸ ਤਰ੍ਹਾਂ ਹੋਰ ਵੀ ਧਰਮ ਕਰਦੇ ਹਨ। ਉਨ੍ਹਾਂ ਨੇ ਹਮੇਸ਼ਾ ਗੁਰੂ ਗ੍ਰੰਥ ਸਾਹਿਬ ਦੀ ਪੂਰੀ ਕਦਰ ਕੀਤੀ। ਬੈਠਣ ਲੱਗੇ ਹਮੇਸ਼ਾ ਗੁਰੂ ਗ੍ਰੰਥ ਸਾਹਿਬ ਅੱਗੇ ਨਤ-ਮਸਤਕ ਹੋਏ।

ਪ੍ਰੋਫੀਲ: ਪਰ ਚੇਲੇ ਗੁਰੂ ਗ੍ਰੰਥ ਸਾਹਿਬ ਤੋਂ ਪਹਿਲਾਂ ਸੰਤਾਂ ਅੱਗੇ ਨਤ-ਮਸਤਕ ਹੁੰਦੇ ਸਨ, ਇਸ ਕਰਕੇ ਕੁਝ ਲੋਕਾਂ ਨੂੰ ਇਹ ਪਸੰਦ ਨਹੀਂ ਸੀ।
ਬਿਰਦੀ: ਮਹਾਂ ਪੁਰਸ਼ਾਂ ਨੇ ਸਤਿਕਾਰ ਕਰਨ ਲਈ ਕਿਸੇ ਖ਼ਾਸ ਢੰਗ-ਤਰੀਕੇ ਦੀ ਮੰਗ ਨਹੀਂ ਕੀਤੀ। ਜੇਕਰ ਕੋਈ ਮਹਾਂ ਪੁਰਸ਼ਾਂ ਅੱਗੇ ਨਤ-ਮਸਤਕ ਹੁੰਦਾ ਹੈ ਤਾਂ ਉਹ ਉਸਨੂੰ ਆਸ਼ੀਰਵਾਦ ਦਿੰਦੇ ਹਨ। ਉਨ੍ਹਾਂ ਨੇ ਕਿਸੇ ਨੇ ਕੋਈ ਹੁਕਮ ਨਹੀਂ ਕੀਤਾ। ਉਨ੍ਹਾਂ ਦੀ ਸਿੱਖਿਆ ਹੈ, ਸਿਰਫ਼ ਇੱਕ ਰੱਬ ਹੈ ਅਤੇ ਉਸ ਨੂੰ ਸਤਿਕਾਰ ਕਰਨ ਦਾ ਹੱਕ ਹਰ ਕਿਸੇ ਨੂੰ ਹੈ।
ਭਾਰਤੀ ਸਮਾਜ ਵਿਚ ਸਾਡਾ ਭਾਈਚਾਰਾ ਨੀਵੀਂ ਜਾਤੀ ਨਾਲ ਸੰਬੰਧਿਤ ਹੈ। ਸਾਰਾ ਭਾਰਤੀ ਸਮਾਜ ਇੱਕ ਜਾਤ-ਜਮਾਤ ਵਿਚ ਵੰਡਿਆ ਹੋਇਆ ਹੈ। ਮੈਨੂੰ ਗ਼ਲਤ ਨਾ ਸਮਝਿਆ ਜਾਵੇ। ਲੜਾਈ ਇਹ ਨਹੀਂ ਹੈ ਕਿ ਸਿੱਖ ਭਾਈਚਾਰੇ ਦਾ ਇੱਕ ਹਿੱਸਾ ਦੂਸਰੇ ਨਾਲ ਲੜ ਰਿਹਾ ਹੈ। ਖਾੜਕੂ ਹਮੇਸ਼ਾ ਹੁੰਦੇ ਆਏ ਹਨ, ਇਹ ਹੁਣ ਉਹ ਇਸ ਪਾਸੇ ਹੋਣ ਜਾਂ ਦੂਜੇ ਪਾਸੇ। ਸਾਰੀ ਦੁਨੀਆ ਨੂੰ ਖਾੜਕੂਆਂ ਵਿਰੁੱਧ ਲੜਨਾ ਚਾਹੀਦਾ ਹੈ।

ਅਫਸੋਸ ਦੀ ਗੱਲ ਹੈ ਕਿ ਆਸਟਰੀਅਨ ਪ੍ਰਸ਼ਾਸਨ ਨੇ ਇਸ ਮਸਲੇ ਨੂੰ ਨਜ਼ਰ ਅੰਦਾਜ਼ ਕੀਤਾ। ਪਰ ਇੰਗਲੈਂਡ ਤੋਂ ਆਸਟਰੀਆ ਪਹੁੰਚੇ ਰਵੀਦਾਸੀਆਂ ਨੇ ਮੈਨੂੰ ਦੱਸਿਆ ਕੀ ਹੁਣ ਆਸਟਰੀਅਨ ਪ੍ਰਸ਼ਾਸਨ ਇਸ ਮਸਲੇ ਨੂੰ ਗੰਭੀਰਤਾ ਨਾਲ ਲੈ ਰਿਹਾ ਹੈ। ਪਰ ਅਫਸੋਸ ਹੈ ਕਿ ਸਾਡੇ ਮਹਾਂ ਪੁਰਸ਼ ਦੇ ਮਰਨ ਉਪਰੰਤ ਆਸਟਰੀਅਨ ਪ੍ਰਸ਼ਾਸਨ ਹਰਕਤ ਵਿਚ ਆਇਆ।

ਪ੍ਰੋਫੀਲ: ਕੀ ਕਿਸੇ ਖਾਸ ਨਾਮ ਹੇਠਾਂ ਖਾੜਕੂ ਕੰਮ ਰਹੇ ਹਨ?
ਬਿਰਦੀ: ਨਹੀਂ, ਮੈਨੂੰ ਕਿਸੇ ਨਾਮ ਬਾਰੇ ਜਾਣਕਾਰੀ ਨਹੀਂ ਹੈ। ਪਰ ਮੈਂ ਤੁਹਾਨੂੰ ਇੰਗਲੈਂਡ ਸੰਬੰਧੀ ਹੀ ਜਾਣਕਾਰੀ ਦੇ ਸਕਦਾ ਹਾਂ।

ਪ੍ਰੋਫੀਲ: ਸੰਤ ਰਾਮਾਨੰਦ ਅਤੇ ਸੰਤ ਨਿਰੰਜਣ ਦਾਸ ਯੂਰਪ ਟੂਰ ਤੇ ਸਨ?
ਬਿਰਦੀ: ਜਿੱਥੇ ਉਨ੍ਹਾਂ ਨੂੰ ਸੱਦਿਆ ਜਾਂਦਾ ਸੀ, ਉੱਥੇ ਉਹ ਜਾਂਦੇ ਸਨ। ਉਹ ਸਾਰੇ ਪੈਰੋਕਾਰਾਂ ਲਈ ਹਾਜ਼ਰ ਹਨ।

ਪ੍ਰੋਫੀਲ: ਸਿੱਖ-ਭਾਈਚਾਰਾ ਮੀਡੀਆ ਨਾਲ ਗੱਲ-ਬਾਤ ਕਿਉਂ ਨਹੀਂ ਕਰ ਰਿਹਾ?
ਬਿਰਦੀ: ਰਾਜਨੀਤਿਕ ਤੌਰ ਤੇ ਬਹੁਤ ਹੀ ਪੇਚੀਦਾ ਮਸਲਾ ਹੈ। ਤੁਸੀਂ ਦੇਖ ਸਕਦੇ ਹੋ ਕਿ ਭਾਰਤ ਵਿਚ ਕੀ ਕੁਝ ਹੋਇਆ ਹੈ। ਗੱਡੀਆਂ ਅਤੇ ਘਰਾਂ ਨੂੰ ਅੱਗ ਲਾ ਦਿੱਤੀ ਗਈ। ਇਸ ਦੀ ਬਿਲਕੁਲ ਹੀ ਲੋੜ ਨਹੀਂ ਸੀ। ਕੋਈ ਵੀ ਨਹੀਂ ਚਾਹੁੰਦਾ ਕਿ ਹਾਲਾਤ ਹੋਰ ਵਿਗੜਨ। ਇਸ ਕਰਕੇ ਕਈ ਲੋਕ ਇਸ ਸੰਬੰਧੀ ਕੁਝ ਵੀ ਨਹੀਂ ਕਹਿਣਾ ਚਾਹੁੰਦੇ। ਮੈਂ ਸਿਰਫ਼ ਆਪਣੇ ਵਲੋਂ ਦੱਸ ਸਕਦਾ ਹਾਂ ਕਿ ਮਹਾਂ ਪੁਰਸ਼ਾਂ ਨੇ ਕੁਝ ਵੀ ਗ਼ਲਤ ਨਹੀਂ ਕੀਤਾ।

ਉਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਬੇਕਦਰੀ ਕਰਨ ਦੀ ਕੀ ਲੋੜ ਸੀ? ਸਾਡੇ ਆਪਣੇ ਗੁਰੂ ਦੀ ਬਾਣੀ ਵੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ। ਸੱਚ ਤਾਂ ਇਹ ਹੈ ਕਿ ਕੱਟੜਵਾਦੀਆਂ ਨੇ ਖ਼ੁਦ ਗੁਰੂ ਗ੍ਰੰਥ ਸਾਹਿਬ ਦੀ ਬੇਕਦਰੀ ਕੀਤੀ ਹੈ, ਕਿਉਂਕਿ ਗੁਰੂ ਗ੍ਰੰਥ ਸਾਹਿਬ ਵਿਚ ਕਿੱਥੇ ਲਿਖਿਆ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਵਿਚ ਮਾਰ-ਕੁਟ ਕਰ ਸਕਦੇ ਹੋ? ਕੱਟੜਵਾਦੀ ਉਹ ਲੋਕ ਹਨ, ਜੋ ਕੁਝ ਗੱਲ੍ਹਾਂ ਕਿਤਾਬ ਵਿਚ ਲੈਂਦੇ ਹਨ ਅਤੇ ਆਪਣੇ ਹਿਸਾਬ ਨਾਲ ਅਰਥ ਦੱਸਦੇ ਹਨ ਅਤੇ ਅਸਲੀ ਸੰਦੇਸ਼ ਵੱਲ ਧਿਆਨ ਨਹੀਂ ਦਿੰਦੇ।
-----

ਜਿਵੇਂ ਕਿ ਤੁਸੀਂ ਪੜ੍ਹ ਸਕਦੇ ਹੋ ਕਿ ਵਕੀਲ ਨੇ ਵੀ ਆਸਟਰੀਅਨ ਪ੍ਰਸ਼ਾਸਨ ਅਤੇ ਪੁਲਿਸ ਤੇ ਇਲਜ਼ਾਮ ਲਾਇਆ ਹੈ ਕਿ ਸੁਰੱਖਿਆ ਸੰਬੰਧੀ ਕੁਝ ਨਹੀਂ ਕੀਤਾ ਗਿਆ। ਮੈਂ ਪਿਛਲੇ ਲੇਖ ਵਿਚ ਵੀ ਲਿਖਿਆ ਸੀ ਕਿ ਪੁਲਿਸ ਬੁਲਾਰੇ ਨੇ ਜਾਂਚ ਪੜਤਾਲ ਕਰਕੇ ਕਿਹਾ, ਸਾਨੂੰ ਸਮਾਗਮ ਜਾਣਕਾਰੀ ਕਰਕੇ ਸੰਪਰਕ ਕੀਤਾ ਗਿਆ ਪਰ ਇਸ ਗੱਲ ਵੱਲ ਸੰਕੇਤ ਨਹੀਂ ਦਿੱਤਾ ਗਿਆ ਕਿ ਹਮਲਾ ਹੋ ਸਕਦਾ ਹੈ। ਆਮ ਤੌਰ ਤੇ 500 ਤੋਂ ਜ਼ਿਆਦਾ ਲੋਕਾਂ ਦੇ ਇਕੱਠ ਵਿਚ ਸੁਰੱਖਿਆ ਪ੍ਰਦਾਨ ਕੀਤੀ ਜਾਂਦੀ ਹੈ। ਇਸ ਕਰਕੇ ਸਿਰਫ਼ ਸਾਧਾਰਨ ਕਦਮ ਹੀ ਚੁੱਕੇ ਗਏ ਸਨ, ਜੋ 500 ਤੋਂ ਘੱਟ ਇਕੱਠ ਵਿਚ ਕੀਤੇ ਜਾਂਦੇ ਹਨ।

... ਅੱਗੇ ਪੜ੍ਹੋ

ਕੀ ਕਰੀਏ? ਜੇ ਘਟਨਾ ਵਾਪਰਨ ਤੇ ਇਲਜ਼ਾਮ ਸਿੱਖ ਅਤੇ ...

ਕੀ ਕਰੀਏ? ਜੇ ਘਟਨਾ ਵਾਪਰਨ ਤੇ ਇਲਜ਼ਾਮ ਸਿੱਖ ਅਤੇ ਉੱਚ ਜਾਤੀਆਂ ਤੇ ਥੋਪਿਆ ਜਾਵੇ
ਲੇਖਕ: ਇਕਚਿੰਤਨ ਸਿੰਘ
ਜਦ ਕੋਈ ਘਟਨਾ ਵਾਪਰਦੀ ਹੈ ਤਾਂ ਪਹਿਲਾਂ ਤੋਂ ਹੀ ਤਿਆਰ ਪ੍ਰੋਗਰਾਮ ਜਾਂ ਸੋਚੀ ਸਮਝੀ ਸਾਜ਼ਿਸ਼ ਹੇਠ ਸਿੱਖਾਂ ਅਤੇ ਉੱਚ-ਜਾਤੀਆਂ ਖ਼ਿਲਾਫ਼ ਅਖ਼ਬਾਰਾਂ ਅਤੇ ਟੀਵੀ ਚੈਨਲਾਂ ਤੇ ਝੂਠ ਅਤੇ ਨਫ਼ਰਤ ਪ੍ਰਚਾਰ ਸ਼ੁਰੂ ਕਰ ਦਿੱਤਾ ਜਾਂਦਾ ਹੈ। ਇਸ ਝੂਠ ਅਤੇ ਨਫ਼ਰਤ ਪ੍ਰਚਾਰ ਬਾਰੇ ਪਰਤਵੇਂ ਵਿਚਾਰ ਦੇਣ ਲਈ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਇਸ ਬਾਰੇ ਤੁਹਾਡੇ ਕੋਲ ਪੱਕੇ ਸਬੂਤ ਹੋਣ। ਇਹ ਸਬੂਤ ਤੁਸੀਂ ਕਿਵੇਂ ਇਕੱਠੇ ਕਰ ਸਕਦੇ ਹੋ? ਇਸ ਲਈ ਕੁਝ ਨੁਕਤੇ ਹੇਠਾਂ ਲਿਖੇ ਹਨ:-

ਆਮ ਆਦਮੀ ਲਈ:-
• ਸਾਰੀਆਂ 'ਰੋਜ਼ਾਨਾ ਅਤੇ ਹਫ਼ਤਾਵਾਰ' ਅਖ਼ਬਾਰਾਂ ਅਤੇ ਰਸਾਲੇ ਖਰੀਦੋ। ਕਿਉਂਕਿ ਝੂਠ ਅਤੇ ਨਫ਼ਰਤ ਪ੍ਰਚਾਰ ਸਿਰਫ਼ ਵਿਦੇਸ਼ੀ ਅਖ਼ਬਾਰਾਂ ਲਈ ਨਹੀਂ ਹੁੰਦਾ, ਇਸ ਲਈ ਇੱਥੇ ਜ਼ਰੂਰੀ ਹੈ ਕਿ ਨਾ ਸਿਰਫ਼ ਵਿਦੇਸ਼ੀ ਸਗੋਂ ਦੇਸੀ ਅਖ਼ਬਾਰਾਂ ਵੀ ਖ਼ਰੀਦੀਆਂ ਜਾਣ।
• ਜੇਕਰ ਤੁਸੀਂ ‘ਘਟਨਾ ਦੇਸ਼’ ਦੇ ਗੁਆਂਢੀ ਮੁਲਕ ਵਿਚ ਰਹਿੰਦੇ ਹੋ ਅਤੇ ਦੋਵੇਂ ਦੇਸ਼ਾਂ ਦੀ ਭਾਸ਼ਾ ਇਕ ਹੈ ਤਾਂ ‘ਘਟਨਾ ਦੇਸ਼’ ਦੀਆਂ ਅਖ਼ਬਾਰਾਂ ਅਤੇ ਰਸਾਲੇ ਤੁਹਾਡੇ ਦੇਸ਼ ਵਿਚ ਵੀ ਜ਼ਰੂਰ ਵਿਕਦੇ ਹੋਣਗੇ। ਇਸ ਬਾਰੇ ਪਤਾ ਕਰੋ।
• ਇਕੱਲੇ ਸਥਾਨਕ ਟੀਵੀ ਚੈਨਲ ਹੀ ਨਹੀਂ ਹੋਰ ਚੈਨਲ ਵੀ ਜਿਵੇਂ ਅੰਗ੍ਰੇਜ਼ੀ ਚੈਨਲ ਵੀ ਦੇਖੋ।

ਕੰਪਿਊਟਰ ਮਾਹਿਰ ਲਈ:-
ਇੰਟਰਨੈੱਟ ਨੇ ਸਾਰੀ ਦੁਨੀਆ ਨੂੰ ਇਕ 'ਗਲੋਬਲ ਪਿੰਡ' ਬਣ ਦਿੱਤਾ ਹੈ। ਘਟਨਾ ਜਿਸ ਦੇਸ਼ ਵਿਚ ਹੋਈ ਹੁੰਦੀ ਹੈ, ਉਸ ਦੇਸ਼ ਦੇ ਸਾਰੇ ਟੀਵੀ ਚੈਨਲ, ਅਖ਼ਬਾਰਾਂ ਅਤੇ ਰਸਾਲੇ ਘਟਨਾ ਸੰਬੰਧੀ ਲੇਖ ਅਤੇ ਖ਼ਬਰਾਂ ਲਗਾ ਕੇ ਘਟਨਾ ਦੀ ਗਹਿਰਾਈ ਤੱਕ ਜਾਂਦੇ ਹਨ। ਹੁਣ ਜੇਕਰ ‘ਘਟਨਾ ਦੇਸ਼’ ਅਤੇ ਤੁਹਾਡੇ ਦੇਸ਼ ਦੀ ਭਾਸ਼ਾ ਇੱਕ ਹੈ ਤਾਂ ਤੁਸੀਂ ਆਪਣੇ ਨਿਜੀ ਕੰਪਿਊਟਰ ਨਾਲ ਇੰਟਰਨੈੱਟ ਰਾਹੀਂ ‘ਘਟਨਾ ਦੇਸ਼’ ਵਿਚ ਪੇਸ਼ ਹੋ ਰਹੇ ਝੂਠ ਸੱਚ ਤੇ ਨਜ਼ਰ ਰੱਖ ਸਕਦੇ ਹੋ।

• ਸਭ ਤੋਂ ਪਹਿਲਾਂ ਇਹ ਪਤਾ ਕਰੋ ਕਿ ‘ਘਟਨਾ ਦੇਸ਼’ ਤੋਂ ਕਿਹੜੀਆਂ-ਕਿਹੜੀਆਂ ਅਖ਼ਬਾਰਾਂ ਛਪਦੀਆਂ ਹਨ ਭਾਵ ਅਖ਼ਬਾਰਾਂ ਦੇ ਨਾਮ ਕੀ ਹਨ? ਇੰਟਰਨੈੱਟ ਖੋਜ ਮਸ਼ੀਨ ਨਾਲ ਇੱਕ ਅਜਿਹੀ ਵੈੱਬ-ਸਾਈਟ ਵੀ ਲੱਭੀ ਜਾ ਸਕਦੀ ਹੈ ਜਿਸ ਤੇ ‘ਘਟਨਾ ਦੇਸ਼’ ਦੀਆਂ ਸਾਰੀਆਂ ਅਖ਼ਬਾਰਾਂ ਦੇ ਲਿੰਕ ਹੋਣ। ਇਸੇ ਤਰ੍ਹਾਂ ‘ਘਟਨਾ ਦੇਸ਼’ ਦੇ ਸਾਰੇ ਟੀਵੀ ਚੈਨਲਾਂ ਦੇ ਇੰਟਰਨੈੱਟ ਲਿੰਕ ਵੀ ਲੱਭੇ ਜਾ ਸਕਦੇ ਹਨ।
• ‘ਘਟਨਾ ਦੇਸ਼’ ਅਖ਼ਬਾਰ ਦੀ ਵੈੱਬ-ਸਾਈਟ ਤੇ ਜਾ ਕੇ 'ਵੈੱਬ-ਸਾਈਟ ਦੀ ਖੋਜ ਮਸ਼ੀਨ' ਦੀ ਵਰਤੋਂ ਕਰੋ। ਖੋਜ ਮਸ਼ੀਨ ਵਿਚ ਖੋਜ ਸ਼ਬਦ 'ਸਿੱਖ' ਜਾਂ ਘਟਨਾ ਸੁਰਖ਼ੀ ਪਾ ਕੇ ਆਪਣੀ ਖੋਜ ਨੂੰ ਅਸਾਨ ਬਣਾਓ। ਖੋਜ ਨਤੀਜਿਆਂ ਨਿਕਲਣ ਤੇ ਸੁਰਖਿਆਂ ਤੇ ਕਲਿੱਕ ਕਰ ਕੇ ਵੈੱਬ-ਪੰਨੇ ਖੋਲ੍ਹੋ, ਲੋੜ ਪੈਣ ਤੇ ਆਪਣੇ ਨਿਜੀ ਜਾਣਕਾਰੀ ਲਈ ਸਕਰੀਨਸ਼ੌਟ (ਹਾਡਕਾਪੀ) ਕਰੋ।
• ਇੰਟਰਨੈੱਟ ਅਖ਼ਬਾਰਾਂ ਤੇ ਲੱਗੇ ਲੇਖ ਸੰਬੰਧੀ ਆਮ ਕੰਪਿਊਟਰ ਵਰਤੋਂਕਾਰ ਅਕਾਊਂਟ ਬਣਾ ਕੇ ਆਪਣੀ ਟਿੱਪਣੀ ਲਿਖ ਸਕਦੇ ਹਨ। ਪਰ ਬਹੁਤੀਆਂ ਟਿੱਪਣੀਆਂ ਪ੍ਰਵਾਸੀਆਂ ਪ੍ਰਤੀ ਨਫ਼ਰਤ ਭਰੀਆਂ ਹੁੰਦੀਆਂ ਹਨ। ਸੋ, ਇਨ੍ਹਾਂ ਟਿੱਪਣੀ-ਚਰਚਾ ਵਿਚ ਨਹੀਂ ਪੈਣਾ ਚਾਹੀਦਾ। ਟਿੱਪਣੀਆਂ ਦੀ ਸ਼ਬਦਾਵਲੀ ਤੋਂ ਪਤਾ ਲਗਾਇਆ ਜਾ ਸਕਦਾ ਹੈ ਕਿ ਟਿੱਪਣੀਕਾਰ ਕਿੰਨੇ ਕੁ ਪੜ੍ਹੇ ਲਿਖੇ ਹਨ। ਜਿਸ ਟਿੱਪਣੀ-ਚਰਚਾ ਵਿਚ ਪੜ੍ਹੇ ਲਿਖੇ ਹਿੱਸਾ ਲੈਣ ਉੱਥੇ ਹੀ ਹਿੱਸਾ ਲੈਣਾ ਚਾਹੀਦਾ ਹੈ।
• ‘ਘਟਨਾ ਦੇਸ਼’ ਦੇ ਟੀਵੀ ਚੈਨਲਾਂ ਦੀਆ ਵੈੱਬ-ਸਾਈਟਾਂ ਤੇ ਜਾ ਕੇ ਖ਼ਬਰਾਂ ਦੇਖੋ। ਉਦਾਹਰਣ ਦੇ ਤੌਰ ਤੇ ਤੁਸੀਂ ਜਰਮਨੀ ਵਿਚ ਬੈਠ ਕੇ ਆਸਟਰੀਆ ਦੇ ਟੀਵੀ ਚੈਨਲ ਦੀਆਂ ਖ਼ਬਰਾਂ ਅਤੇ ਪ੍ਰੋਗਰਾਮ ਆਨ ਲਾਈਨ ਦੇਖ ਸਕਦੇ ਹੋ। ਇੱਥੇ ਜ਼ਿਕਰਯੋਗ ਹੈ ਕਿ ਸਿਰਫ਼ ਇਕੋ ਸਮੇਂ ਦੀਆਂ ਖ਼ਬਰਾਂ ਹੀ ਨਹੀਂ ਦੇਖਣੀਆਂ ਚਾਹੀਦੀ ਬਲਕਿ ਵੱਖ ਵੱਖ ਸਮੇਂ ਤੇ ਆਉਂਦੀਆਂ ਖ਼ਬਰਾਂ ਜਿਵੇਂ 20 ਵਜੇ, 24 ਵਜੇ ਦੇਖਣੀਆਂ ਚਾਹੀਦੀਆਂ ਹਨ। ਜਿਸ ਸ਼ਹਿਰ ਵਿਚ ਘਟਨਾ ਵਾਪਰਦੀ ਹੈ, ਸਿਰਫ਼ ਉਸ ਸ਼ਹਿਰ ਦੀਆ ਖ਼ਬਰਾਂ ਦਾ ਵੀ ਵੱਖਰਾ ਪ੍ਰੋਗਰਾਮ ਹੁੰਦਾ ਹੈ।
• ਆਨ ਲਾਈਨ ਟੀਵੀ ਚੈਨਲ ਖ਼ਬਰਾਂ ਦੇ ਬਹੁਤ ਸਾਰੇ ਫ਼ਾਇਦੇ ਹਨ ਜਿਵੇਂ ਕਿ ਤੁਹਾਨੂੰ 24 ਵਜੇ ਵਾਲੀਆਂ ਖ਼ਬਰਾਂ ਲਈ 24 ਵਜੇ ਤੱਕ ਜਾਗ ਕੇ ਦੇਖਣ ਦੀ ਲੋੜ ਨਹੀਂ ਪੈਂਦੀ। ਤੁਹਾਡੇ ਕੋਲ ਜਦੋਂ ਸਮਾਂ ਹੋਵੇ ਉਸ ਸਮੇਂ ਅਤੇ ਵਾਰ-ਵਾਰ ਦੇਖ ਸਕਦੇ ਹੋ। ਝੂਠ ਪ੍ਰਚਾਰ ਦਿਸਣ ਤੇ ਸਬੂਤ ਲਈ 'ਸਕਰੀਨ ਵੀਡੀਓ ਰਿਕਾਰਡਿੰਗ' ਕਰ ਸਕਦੇ ਹੋ।
• ਬਹੁਤੇ ਟੀਵੀ ਚੈਨਲ ਪ੍ਰੋਗਰਾਮ ਆਨ ਲਾਈਨ ਨਹੀਂ ਕੀਤੇ ਜਾਂਦੇ। ਇਸ ਕਰਕੇ ਜੇਕਰ ਤੁਹਾਨੂੰ ਪਤਾ ਲਗਦਾ ਹੈ ਕਿ ਘਟਨਾ ਸੰਬੰਧੀ ਕੋਈ ਪ੍ਰੋਗਰਾਮ ਆ ਰਿਹਾ ਹੈ ਅਤੇ ਤੁਸੀਂ ‘ਘਟਨਾ ਦੇਸ਼’ ਵਿਚ ਰਹਿੰਦੇ ਹੋ ਤਾਂ ਆਪਣੇ ਕੰਪਿਊਟਰ ਤੇ ਟੀਵੀ ਦੇਖਣ ਦੀ ਸਹੂਲਤ ਦਾ ਬੰਦੋਬਸਤ ਕਰੋ। ਇਸ ਨਾਲ ਰਿਕਾਰਡਿੰਗ ਕਰਨਾ ਸੌਖਾ ਹੋ ਜਾਵੇਗਾ।
• ਇਸ ਤੋਂ ਇਲਾਵਾ ਕਈ ਟੀਵੀ ਚੈਨਲ ਵੈੱਬ-ਸਾਈਟ Video-on-Demand ਦੀ ਸਹੂਲਤ ਵੀ ਦਿੰਦੇ ਹਨ। ਪ੍ਰੋਗਰਾਮ ਲੰਘ ਜਾਣ ਤੇ ਤੁਸੀਂ ਈਮੇਲ ਕਰਕੇ ਦੁਬਾਰਾ ਪ੍ਰੋਗਰਾਮ ਆਨ ਲਾਈਨ ਕਰਨ ਦੀ ਬੇਨਤੀ ਵੀ ਕਰ ਸਕਦੇ ਹੋ।
• ਕਿਉਂਕਿ ਖ਼ਬਰਾਂ ਵਿਚ ਸਮਾਂ ਸੀਮਿਤ ਹੁੰਦਾ ਹੈ ਇਸ ਕਰਕੇ ਘਟਨਾ ਬਾਰੇ ਵਿਸਥਾਰ ਵਿਚ ਗੱਲ ਨਹੀਂ ਕੀਤੀ ਜਾਂਦੀ। ਵਿਸਥਾਰ ਵਿਚ ਗੱਲ ਕਰਨ ਲਈ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮੁਲਾਕਾਤਾਂ ਲਈ ਵੱਖਰੇ ਪ੍ਰੋਗਰਾਮ ਹੁੰਦੇ ਹਨ, ਉਹ ਵੀ ਦੇਖਣੇ ਚਾਹੀਦੇ ਹਨ। ਇਸ ਤੋਂ ਇਲਾਵਾ ਧਾਰਮਿਕ ਪ੍ਰੋਗਰਾਮ ਅਤੇ ਹਫ਼ਤਾ-ਝਾਤ ਪ੍ਰੋਗਰਾਮ ਵੀ ਜ਼ਰੂਰੀ ਹਨ।
• 'ਯੂ ਟਿਊਬ' ਵਿਚ ਘਟਨਾ ਸੁਰਖ਼ੀ ਪਾ ਕੇ ਖੋਜ ਕਰੋ। ਕੁਝ ਵਰਤੋਂਕਾਰ ਰਿਕਾਰਡਿੰਗ ਕਰਕੇ 'ਯੂ ਟਿਊਬ' ਉੱਤੇ ਲਗਾਉਣਾ ਸ਼ੁਰੂ ਕਰ ਦਿੰਦੇ ਹਨ। ਵੀਡੀਓ ਅਤੇ ਲੇਖਾਂ ਦੇ ਇੰਟਰਨੈੱਟ ਲਿੰਕ ਜਿਨ੍ਹਾਂ ਵਿਚ ਝੂਠ ਪ੍ਰਚਾਰ ਕੀਤਾ ਗਿਆ ਹੋਵੇ ਉਹ ਕੰਪਿਊਟਰ ਵਿਚ ਸੰਭਾਲ ਲੈਣੇ ਚਾਹੀਦੇ ਹਨ।
• ਕਿਉਂਕਿ ਘਟਨਾ ਅਚਾਨਕ ਹੀ ਵਾਪਰਦੀ ਹੈ ਇਸ ਲਈ ਟੀਵੀ ਚੈਨਲ 'ਕਾਗਜ਼ੀ ਹਫ਼ਤਾਵਾਰ ਪ੍ਰੋਗਰਾਮ' ਜਾਂ 'ਕੰਪਿਊਟਰ ਹਫ਼ਤਾਵਾਰ ਪ੍ਰੋਗਰਾਮ' ਬੇਲੋੜੇ ਹੋ ਜਾਂਦੇ ਹਨ। ਇਸ ਕਰਕੇ ਇਨ੍ਹਾਂ ਵਿਚ ਲਿਖੇ ਪ੍ਰੋਗਰਾਮਾਂ ਸੰਬੰਧੀ ਜਾਣਕਾਰੀ ਸੂਚੀ ਬੇਅਰਥੀ ਹੋ ਜਾਂਦੀ ਹੈ। ਪ੍ਰੋਗਰਾਮਾਂ ਸੰਬੰਧੀ ਤਾਜ਼ਾ ਜਾਣਕਾਰੀ ਲਈ ਟੀਵੀ ਚੈਨਲ ਦੀ ਵੈੱਬ ਸਾਈਟ ਤੇ ਜਾ ਕੇ ਆਨ ਲਾਈਨ ਪ੍ਰੋਗਰਾਮ ਸੂਚੀ ਦੇਖਣੀ ਚਾਹੀਦੀ ਹੈ।

ਮੰਨਣਯੋਗ ਹੈ ਕਿ ਆਮ ਆਦਮੀ ਜਾਂ ਆਮ ਕੰਪਿਊਟਰ ਵਰਤੋਂਕਾਰ ਕੋਲ ਸਾਰੇ ਸਾਧਨ ਅਤੇ ਉਸ ਵਿਚ ਉਪਰ ਲਿਖਿਆਂ ਸਾਰੀਆਂ ਯੋਗਤਾਵਾਂ ਹੋਣੀਆਂ ਸੰਭਵ ਨਹੀਂ ਹਨ। ਪਰ ਜਦ ਸਾਰੀ ਸਿੱਖ ਕੌਮ ਤੇ ਕੋਈ ਉਂਗਲ ਕਰੇ ਤਾਂ ਸਾਨੂੰ ਆਪਣਾ ਫਰਜ਼ ਸਮਝਦਿਆਂ ਜਿਸ ਕੋਲ ਜਿਸ ਤਰ੍ਹਾਂ ਦੀ ਯੋਗਤਾ ਜਾਂ ਸਾਧਨ ਹੈ ਉਸ ਤਰ੍ਹਾਂ ਦੀ ਸਮੱਗਰੀ ਇਕੱਠੀ ਕਰ ਲੈਣੀ ਚਾਹੀਦੀ ਹੈ ਤਾਂ ਕਿ ਜਦ ਕੋਈ ਨਿਡਰ ਇਨਸਾਨ, ਵੈੱਬ ਸਾਈਟ ਜਾਂ ਸੰਸਥਾ ਇਸ ਝੂਠ ਅਤੇ ਨਫ਼ਰਤ ਪ੍ਰਚਾਰ ਖ਼ਿਲਾਫ਼ ਕਦਮ ਚੁੱਕੇ ਤਾਂ ਅਸੀਂ ਗੁਪਤ ਢੰਗ ਨਾਲ ਜਾਂ ਖੁੱਲ੍ਹੇਆਮ ਉਸ ਨੂੰ ਲੋੜੀਂਦੀ ਸਮੱਗਰੀ ਪਹੁੰਚਦੀ ਕਰ ਸਕੀਏ।

ਰੇਹੜੀਦਾਰ ਜੋ ਰੇਹੜੀ ਤੇ ਨਿਕ-ਸੁਕ ਵੇਚ ਕੇ ਆਪਣੇ ਟੱਬਰ ਦਾ ਢਿੱਡ ਪਾਲਦੇ ਹਨ ਰੋਸ ਪ੍ਰਦਰਸ਼ਨ ਦੌਰਾਨ ਉਨ੍ਹਾਂ ਦੀਆਂ ਰੇਹੜੀਆਂ ਵੀ ਜਲਾ ਦਿੱਤੀਆਂ ਗਈਆਂ ਪਰ ਇੱਕ ‘ਸੱਚਾ ਪੰਜਾਬੀ’ ਕਦੇ ਸੁਫਨੇ ਵੀ ਕਿਸੇ ਗਰੀਬ ਦੇ ਢਿੱਡ ਵਿਚ ਲੱਤ ਮਾਰ ਕੇ ਇਹ ਨਹੀਂ ਕਹੇਗਾ ਕਿ ਸਾਨੂੰ ਆਪਣੀ ਤਾਕਤ ਦਾ ਅੰਦਾਜ਼ਾ ਤਾਂ ਹੁਣ ਹੋਇਆ ਹੈ। ਅਸਲੀ ਤਾਕਤ ਦਾ ਅੰਦਾਜ਼ਾ ਉਦੋਂ ਲੱਗਦਾ ਹੈ ਜਦੋਂ ਪਾਪੀ ਨੂੰ ਉਸ ਦੇ ਘਰ ਵਿਚ ਵੜ ਕੇ ਮਾਰਿਆ ਜਾਂਦਾ ਹੈ।

... ਅੱਗੇ ਪੜ੍ਹੋ

ਵਿਆਨਾ ਘਟਨਾ ਤੋਂ ਬਾਅਦ ਝੂਠ, ਨਫ਼ਰਤ ਅਤੇ ...

ਵਿਆਨਾ ਘਟਨਾ ਤੋਂ ਬਾਅਦ ਝੂਠ, ਨਫ਼ਰਤ ਅਤੇ ਗੰਧਲੀ ਰਾਜਨੀਤੀ ਦਾ ਬੋਲਬਾਲਾ ਰਿਹਾ
- ਸਾਡਾ ਰੰਗਲਾ ਪੰਜਾਬ ਜਾਂ ਰੋਸ ਪ੍ਰਦਰਸ਼ਨ ਸਿਖਲਾਈ ਕੇਂਦਰ
ਲੇਖਕ: ਇਕਚਿੰਤਨ ਸਿੰਘ

ਵਿਆਨਾ ਵਿਚ ਵਾਪਰੀ ਘਟਨਾ ਤੋਂ ਬਾਅਦ ਦੇ ਹਲਾਤਾਂ ਬਾਰੇ ਗੱਲ ਕਰਨ ਤੋਂ ਪਹਿਲਾਂ ਸਿੱਖ ਅਤੇ ਪੰਜਾਬ ਵਿਰੋਧੀ ਤਾਕਤਾਂ ਬਾਰੇ ਗੱਲ ਕਰਨੀ ਬਣਦੀ ਹੈ।

ਸਿੱਖ ਅਤੇ ਪੰਜਾਬ ਵਿਰੋਧੀ ਤਾਕਤਾਂ ਦਾ ਮੁੱਖ ਮਕਸਦ ਕੀ ਹੈ?
• ਸਿੱਖਾਂ ਨੂੰ ਅੱਤਵਾਦੀ ਰੂਪ ਵਿਚ ਦੁਨੀਆ ਅੱਗੇ ਪੇਸ਼ ਕਰਨਾ।
• ਪੰਜਾਬ ਦੇ ਹਾਲਾਤ ਵਿਗਾੜਨਾ।


ਇਹ ਕਿਵੇਂ ਸੰਭਵ ਹੈ ਜਾਂ ਦਲਾਲਾਂ ਨੂੰ ਪੁੱਠੀ ਮੱਤ ਕੀ ਦਿੱਤੀ ਜਾਂਦੀ ਹੈ?
• ਉਹ ਸਾਰੇ ਕੰਮ ਕਰੋ ਜਿਸ ਨਾਲ ਸਿੱਖਾਂ ਦੇ ਮਨਾਂ ਨੂੰ ਠੇਸ ਪਹੁੰਚੇ।
• ਘਟਨਾ ਵਾਪਰਨ ਤੇ ਕਾਰਣ ਨੀਵੀਂ ਜਾਤ ਨਾਲ ਧੱਕਾ ਦੱਸੋ।
• ਆਪਣੇ ਧਰਮ ਦਾ ਪ੍ਰਚਾਰ ਕਰੋ ਅਤੇ ਦੂਜੇ ਧਰਮ (ਸਿੱਖ) ਨੂੰ ਪਛੜਿਆ ਹੋਇਆ ਦੱਸੋ।


ਇਹ ਦੋ ਕੰਮ ਹੋ ਜਾਣ ਬਾਅਦ ਜਾਂ ਦੌਰਾਨ ਸਿੱਖ ਅਤੇ ਪੰਜਾਬ ਵਿਰੋਧੀ ਤਾਕਤਾਂ ਅਤੇ ਉਹਨਾਂ ਦੀਆਂ ਅਖ਼ਬਾਰਾਂ ਅਤੇ ਸੈਨਾਵਾਂ ਵਲੋਂ ਦਲਾਲਾਂ ਨੂੰ ਪੂਰਾ-ਪੂਰਾ ਸਹਿਯੋਗ ਦਿੱਤਾ ਜਾਂਦਾ ਹੈ। ਮੁੱਕਦੀ ਗੱਲ ਤੁਸੀਂ ਚੰਗਿਆੜੀ ਲਾਓ, ਉੱਤੇ ਤੇਲ ਪਾ ਕੇ ਭਾਂਬੜ ਅਸੀਂ ਆਪ ਹੀ ਬਣਾ ਦੇਣਾ ਹੈ।

ਸਭ ਕੁਝ ਹੋਇਆ ਵੀ ਇਸੇ ਤਰ੍ਹਾਂ। ਘਟਨਾ ਦੇ ਕੁਝ ਸਮੇਂ ਬਾਅਦ ਹੀ 'ਗੁਰੂਘਰ ਸ਼੍ਰੀ ਗੁਰੂ ਰਵਿਦਾਸ ਸਭਾ' ਦੇ ਪ੍ਰਧਾਨ ਬਲਵਿੰਦਰ ਕੁਮਾਰ ਵਲੋਂ ਗ਼ੈਰ ਜ਼ਿੰਮੇਵਾਰਾਨਾ ਤਰੀਕੇ ਨਾਲ ਬਿਨ੍ਹਾਂ ਪੁਲਿਸ ਨਤੀਜੇ ਦੀ ਉਡੀਕ ਕੀਤੇ ਵਿਦੇਸ਼ੀ ਮੀਡੀਆ ਅੱਗੇ ਘਟਨਾ ਦੇ ਕਾਰਣ ਵਿਆਨਾ ਦੇ ਗੁਰਦੁਆਰਿਆਂ (ਗੁਰਦੁਆਰਾ ਨਾਨਕਸਰ, ਗੁਰਦੁਆਰਾ ਸਿੰਘ ਸਭਾ) ਨਾਲ ਰੰਜਸ਼ ਅਤੇ ਨੀਵੀਂ ਜਾਤ ਨਾਲ ਧੱਕਾ ਦੱਸਿਆ ਗਿਆ।

ਬਾਅਦ ਵਿਚ ਵੀਡੀਓ ਸਾਰੀ ਦੁਨੀਆ ਦੇ ਮੀਡੀਆ ਵਿਚ ਦਿਖਾਈ ਗਈ। ਜਿਸਦੇ ਸਿੱਟੇ ਵਜੋਂ ਪੰਜਾਬ ਨੂੰ ਦੋ ਦਿਨ ਅੱਗ ਵਿਚ ਸਾੜਿਆ ਗਿਆ। ਇਸ ਦੇ ਹੀ ਫਲਸਰੂਪ ਵੀਡੀਓ ਦੇਖ ਕੇ ਸਾਰੀ ਦੁਨੀਆ ਵਿਚ ਵਸਦੇ ਇਨ੍ਹਾਂ ਦੇ ਪੈਰੋਕਾਰ 'ਧਰਮ ਸੇਵਾ' ਵਿਚ ਲੱਗ ਗਏ। ਧਰਮ ਸੇਵਾ ਕਰਨ ਲਈ ਸਭ ਤੋਂ ਆਸਾਨ ਢੰਗ ਇਹ ਸੀ ਕਿ ਕੰਪਿਊਟਰ ਦੀ ਆੜ ਵਿਚ ਲੁਕ ਕੇ ਊਟ-ਪਟਾਂਗ ਨਾਮ ਹੇਠ ਈਮੇਲ ਅਕਾਊਂਟ ਬਣਾ ਕੇ ਸਿੱਖ ਗੁਰਦੁਆਰਿਆਂ ਨੂੰ ਮੂਰਖਤਾ ਭਰੇ ਸਵਾਲਾਂ ਅਤੇ ਘਟੀਆ ਵਿਚਾਰਾਂ ਦੀਆਂ ਈਮੇਲਾਂ ਕਰਨੀਆਂ ਜਾਂ 'ਯੂ ਟਿਊਬ' ਵਿਚ ਨੀਚਤਾ ਭਰੇ ਵਿਚਾਰ ਥੋਪਣੇ ਸ਼ੁਰੂ ਕਰ ਦਿੱਤੇ ਗਏ। ਉਨ੍ਹਾਂ ਸਾਰਿਆਂ ਨੂੰ ਜਿਹੜੇ ਊਟ-ਪਟਾਂਗ ਨਾਮ ਹੇਠ ਇਸ 'ਸੇਵਾ' ਵਿਚ ਲੱਗੇ ਹੋਏ ਹਨ, ਸਾਡਾ ਜਵਾਬ ਹੈ, ਇਤਿਹਾਸ ਗਵਾਹ ਹੈ ਕਿ ਸ਼ੇਰਾਂ ਨੇ ਹਮੇਸ਼ਾਂ ਪਾਪੀ ਨੂੰ ਉਸ ਦੇ ਘਰ ਵਿਚ ਵੜ ਕੇ ਸੋਧਿਆ ਹੈ, ਪਹਿਲਾਂ ਤੁਸੀਂ ਆਪਣੇ ਘਰਦਿਆਂ ਦਾ ਪਤਾ ਕਰ ਕੇ ਆਪਣਾ ਨਾਮਕਰਨ ਕਰਵਾ ਲਵੋ ਫਿਰ ਤੁਹਾਨੂੰ ਤੁਹਾਡੀ 'ਸੇਵਾ' ਦਾ ਫਲ ਦਿੱਤਾ ਜਾਵੇਗਾ।

ਬਲਵਿੰਦਰ ਕੁਮਾਰ ਨੇ ਪੈਰ ਥੱਲੇ ਆਏ ਬਟੇਰੇ ਵਾਂਗ ਵਿਆਨਾ ਦੇ ਗੁਰਦੁਆਰਿਆਂ ਦੇ ਪ੍ਰਬੰਧਕਾਂ ਦੇ ਨਾਮ ਅਤੇ ਕੁਝ ਹੋਰ ਸਿੱਖਾਂ ਦੇ ਨਾਮ, ਜਿਨ੍ਹਾਂ ਨੇ ਕਦੇ ਬਲਵਿੰਦਰ ਕੁਮਾਰ ਅਤੇ ਉਸ ਦੇ ਸਾਥੀਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ, ਪੁਲਿਸ ਨੂੰ ਦੇ ਦਿੱਤੇ ਗਏ। ਨਤੀਜਾ ਇਹ ਹੋਇਆ ਕਿ ਜਿਨ੍ਹਾਂ ਦੇ ਨਾਮ ਦਿੱਤੇ ਗਏ ਸੀ ਉਨ੍ਹਾਂ ਨੂੰ ਪੁੱਛ-ਪੜਤਾਲ ਲਈ ਤਰੀਕਾਂ ਪੈ ਗਈਆਂ। ਹਾਲਾਤ 'ਜਿਹੜਾ ਬੋਲੇ, ਪੁਲਿਸ ਉਸ ਦਾ ਕੁੰਡਾ ਖੋਲ੍ਹੇ' ਵਰਗੇ ਹੋ ਗਏ। ਸਿੱਖਾਂ ਨੇ ਹਾਲ ਦੀ ਘੜੀ ਵਿਚ ਇਕ ਚੁੱਪ, ਸੋ ਸੁੱਖ ਨੂੰ ਹੀ ਠੀਕ ਸਮਝਿਆ। ਇਸ ਚੁੱਪੀ ਬਾਰੇ ਆਸਟਰੀਅਨ ਮੀਡੀਆ ਨੂੰ ਵੀ ਬਹੁਤ ਹੈਰਾਨੀ ਹੋਈ ਅਤੇ ਉਨ੍ਹਾਂ ਨੇ ਆਪਣੀਆਂ ਅਖ਼ਬਾਰਾਂ ਵਿਚ ਇਸ ਦਾ ਜ਼ਿਕਰ ਕੀਤਾ। ਕਿਉਂਕਿ ਜਦ ਮੀਡੀਆ ਵਾਲੇ ਸਿੱਖਾਂ ਦੇ ਗੁਰਦੁਆਰਿਆਂ ਵਿਚ ਉਨ੍ਹਾਂ ਦੇ ਵਿਚਾਰ ਲੈਣ ਪਹੁੰਚੇ ਤਾਂ ਕਿਸੇ ਨੇ ਵੀ ਖੁੱਲ੍ਹ ਕੇ ਗੱਲ ਨਾ ਕਰਨਾ ਹੀ ਸਮਝਦਾਰੀ ਸਮਝੀ, ਇਸ ਦਾ ਇਕ ਕਾਰਣ ਇਹ ਵੀ ਸੀ ਕਿ ਉਨ੍ਹੀ ਦਿਨੀ ਪੰਜਾਬ ਵਿਚ ਗੁੰਡਾਰਾਜ ਸ਼ੁਰੂ ਹੋ ਚੁੱਕਾ ਸੀ ਅਤੇ ਵਿਆਨਾ ਵਾਸੀ ਸਿੱਖਾਂ ਨੂੰ ਆਪਣੇ ਪੰਜਾਬ ਵਿਚ ਵਸਦੇ ਪਰਿਵਾਰਾਂ ਦੀ ਚਿੰਤਾ ਸੀ, ਇਸ ਕਰਕੇ ਆਸਟਰੀਅਨ ਚੈਨਲ ਵਿਚ ਵੀ ਸਿਰਫ਼ ਇਕ ਨੇ ਹੀ ਘਟਨਾ ਸੰਬੰਧੀ ਅੱਗੇ ਆ ਕੇ ਵਿਚਾਰ ਸਾਂਝੇ ਕੀਤੇ ਅਤੇ ਬਾਕੀਆਂ ਨੇ ਸ਼ਕਲ ਦਿਖਾਉਣ ਤੋਂ ਇਨਕਾਰ ਕਰ ਦਿੱਤਾ (ਦੇਖੋ ਵੀਡੀਓ)।

'ਬਲਵਿੰਦਰ ਕੁਮਾਰ' ਨੇ ਝੂਠ ਅਤੇ ਨਫ਼ਰਤ ਪ੍ਰਚਾਰ ਕੀਤਾ

ਜਦ ਕਿਸੇ ਪਰਿਵਾਰ ਵਿਚ ਦੁੱਖਦਾਈ ਘਟਨਾ ਵਾਪਰਦੀ ਹੈ ਤਾਂ ਉਸ ਪਰਿਵਾਰ ਦੇ ਹਮਦਰਦੀ 'ਪਰਿਵਾਰ ਮੁੱਖੀ' ਨਾਲ ਦੁੱਖ ਵਿਚ ਸ਼ਰੀਕ ਹੋਣ ਦਾ ਸੁਨੇਹਾ ਘੱਲਦੇ ਹਨ। ਤੇ ਇੱਥੇ ਕੀ ਹੋਇਆ? ਸਾਰੀਆਂ ਸਿੱਖ ਜਥੇਬੰਦੀਆਂ ਵਲੋਂ ਘਟਨਾ ਦੀ ਨਿਖੇਧੀ ਅਤੇ ਜ਼ਖ਼ਮੀਆਂ ਲਈ ਅਰਦਾਸ ਕੀਤੀ ਗਈ। ਪਰ ਸਭਾ ਮੁਖੀ ਬਲਵਿੰਦਰ ਕੁਮਾਰ ਨੇ ਆਸਟਰੀਆ ਦੀ ਨੰਬਰ 1 ਅਖ਼ਬਾਰ ਵਿਚ ਸਿੱਖਾਂ ਨੂੰ ਤਾਲੀਬਾਨ ਕਹਿ ਛੱਡਿਆ।

ਬਲਵਿੰਦਰ ਕੁਮਾਰ ਨੂੰ ਆਸਟਰੀਅਨ ਮੀਡੀਆ ਰਾਹੀ ਜਦ ਸਿੱਖਾਂ ਦੀ ਚੁੱਪੀ ਬਾਰੇ ਪਤਾ ਲੱਗਾ ਅਤੇ ਪਿਛੋਂ ਮਿਲਦੀ ਫੂਕ ਅਸਰ ਹੇਠ 'ਪਹਿਲਾਂ ਬੋਲੋ, ਕਦੇ ਨਾ ਤੋਲੋ' ਅਧਾਰ ਹੇਠ ਸਿੱਖਾਂ ਬਾਰੇ ਅਵਾ-ਤਵਾ ਬੋਲਣਾ ਸ਼ੁਰੂ ਕਰ ਦਿੱਤਾ। ਪੰਜਾਬੀ ਰੂਪ ਇਸ ਤਰ੍ਹਾਂ ਹੈ: "ਸਿੱਖ ਤਾਲੀਬਾਨ ਦੀ ਤਰ੍ਹਾਂ ਹਨ। ਉਹ ਪੱਗਾਂ ਬੰਨ੍ਹਦੇ ਹਨ, ਦਾੜ੍ਹੀਆਂ ਰੱਖਦੇ ਹਨ ਅਤੇ ਸੀਰੀ ਸਾਹਿਬ ਪਹਿਨਦੇ ਹਨ। ਸਿੱਖ ਪੁਰਾਣੇ ਸਮੇਂ ਵਿਚ ਚਲੇ ਗਏ ਹਨ, ਅਸੀਂ ਖੁੱਲ੍ਹੇ ਵਿਚਾਰਾਂ ਵਾਲੇ ਹਾਂ ਅਤੇ ਇਸ ਤਰ੍ਹਾਂ ਦੀਆਂ ਮਰਿਆਦਾਵਾਂ ਸਾਡੇ ਵਿੱਚ ਨਹੀਂ ਹਨ।" ਇਸ ਦੇ ਸਾਥੀਆਂ ਵਲੋਂ ਵੀ ਘੱਟ ਨਹੀਂ ਕੀਤੀ ਗਈ, ਫ਼ਰਕ ਸਿਰਫ਼ ਇੰਨਾ ਸੀ ਕਿ ਜਿਵੇਂ ਤੋਤੇ ਨੂੰ ਪਾਠ ਰਟਾਇਆ ਜਾਂਦਾ ਹੈ ਉਸੇ ਤਰ੍ਹਾਂ ਇਸ ਨੂੰ 'ਸਿੱਖ ਵਿਰੋਧੀ ਝੂਠ ਅਤੇ ਨਫ਼ਰਤ ਪ੍ਰਚਾਰ' ਦਾ ਪਾਠ ਰਟਾਇਆ ਗਿਆ ਸੀ ਅਤੇ ਬਾਕੀਆਂ ਨੂੰ 'ਸਾਡਾ ਧਰਮ ਇੱਦਾਂ, ਸਾਡਾ ਧਰਮ ਓਦਾਂ' ਪਾਠ ਰਟਾਇਆ ਗਿਆ ਸੀ। ਜਦ ਵਿਆਨਾ ਵਾਸੀ ਸਿੱਖਾਂ ਨੇ ਇੰਟਰਨੈੱਟ ਉੱਤੇ ਇਸ ਦੀ ਘਟੀਆ ਸੋਚ ਪੜ੍ਹੀ ਤਾਂ ਸਿੱਖਾਂ ਦੇ ਮਨਾਂ ਨੂੰ ਬਹੁਤ ਠੇਸ ਪਹੁੰਚੀ ਅਤੇ ਉਨ੍ਹਾਂ ਆਪਣੀ ਚੁੱਪੀ ਤੋੜੀ। ਜਿਸ ਦੇ ਨਤੀਜੇ ਵਜੋਂ ਇੰਟਰਨੈੱਟ ਤੇ ਲੱਗੀ ਇਹ ਮੁਲਾਕਾਤ ਕੁਝ ਸਮੇਂ ਬਾਅਦ ਹੀ ਹਟਾ ਲਈ ਗਈ। ਪਰ ਤੀਰ ਤਾਂ ਕਮਾਨ ਵਿਚੋਂ ਨਿਕਲ ਚੁੱਕਾ ਸੀ ਭਾਵ ਮੁਲਾਕਾਤ ਛਪਣ ਲਈ ਭੇਜ ਦਿੱਤੀ ਗਈ ਸੀ ਅਤੇ ਅਗਲੇ ਦਿਨ ਇਹ ਝੂਠ ਤੇ ਨਫ਼ਰਤ ਪ੍ਰਚਾਰ ਸਾਰੇ ਵਿਆਨਾ ਵਾਸੀਆਂ ਨੇ ਪੜ੍ਹਿਆ।

ਇਸ ਮੋਟੀ ਮੱਤ ਦੇ ਮਾਲਕ ਨੇ ਕਹਿਣ ਲੱਗੇ ਇੰਨਾ ਵੀ ਨਹੀਂ ਸੋਚਿਆ ਕਿ ਉਸਦੇ ਆਪਣੇ ਸੰਤਾਂ ਨੇ ਵੀ ਤਾਂ ਪੱਗਾਂ ਤੇ ਦਾੜ੍ਹੀਆਂ ਰੱਖੀਆਂ ਹੋਈਆਂ ਹਨ, ਜਿਸ ਦਾ ਜ਼ਿਕਰ ਆਸਟਰੀਅਨ ਅਖ਼ਬਾਰਾਂ ਵਾਲਿਆਂ ਨੇ ਵੀ ਕੀਤਾ। ਪਰ ਤੋਤੇ ਨੇ ਤਾਂ ਬਿਨ੍ਹਾਂ ਸੋਚੇ ਸਮਝੇ ਰਟਿਆ-ਰਟਾਇਆ ਪਾਠ ਬੋਲਣਾ ਸੀ। ਜਦ ਇਸ ਤੋਤੇ ਨੂੰ ਆਪਣੀ ਗ਼ਲਤੀ ਦਾ ਅਹਿਸਾਸ ਹੋਇਆ ਤਾਂ ਅਖ਼ਬਾਰ ਵਿਚ ਉਸ ਤੋਂ ਅਗਲੇ ਦਿਨ 'ਤਾਲੀਬਾਨ ਬਿਆਨ' ਸੰਬੰਧੀ ਸਪੱਸ਼ਟੀਕਰਨ ਦਿੱਤਾ ਕਿ "ਇਹ ਇਕ ਗ਼ਲਤਫ਼ਹਿਮੀ ਹੈ, ਮੇਰੇ ਕਹਿਣ ਦਾ ਮਤਲਬ ਸੀ ਕਿ ਸਿੱਖ ਦਾੜ੍ਹੀਆਂ ਤੇ ਪੱਗਾਂ ਨਾਲ ਤਾਲੀਬਾਨ ਦੀ ਤਰ੍ਹਾਂ ਦਿਸਦੇ ਹਨ, ਪਰ ਉਹ ਤਾਲੀਬਾਨ ਬਿਲਕੁਲ ਨਹੀਂ ਹਨ, ਮੈਂ ਸਿੱਖ ਧਰਮ ਦੇ ਵਿਰੁੱਧ ਨਹੀਂ ਹਾਂ।" ਸ਼ੇਰਾਂ ਦੇ ਗਰਜਣ ਨਾਲ ਹੁਣ ਇਹ ਤੋਤਾ ਘਟਨਾ ਸੰਬੰਧੀ ਕੋਈ ਬਿਆਨ ਨਹੀਂ ਦੇ ਰਿਹਾ ਅਤੇ ਮੀਡੀਆ ਨੂੰ ਭਾਰਤੀ ਦੂਤਾਵਾਸ ਤੋਂ ਪੁੱਛ-ਗਿੱਛ ਕਰਨ ਲਈ ਕਹਿ ਰਿਹਾ ਹੈ। ਇਸ 'ਤਾਲੀਬਾਨ ਬਿਆਨ' ਤੋਂ ਬਾਅਦ ਸਿੱਖਾਂ ਨੇ ਵੀ ਮੀਡੀਆ ਰਾਹੀ ਬੋਲਣਾ ਸ਼ੁਰੂ ਕਰ ਦਿੱਤਾ ਸੀ, ਕਿਉਂਕਿ ਹੁਣ ਤੱਕ ਪੰਜਾਬ ਵਿਚ ਵੀ ਗੁੰਡਾਰਾਜ ਖ਼ਤਮ ਹੋ ਚੁੱਕਾ ਸੀ ਅਤੇ ਗੰਧਲੀ ਰਾਜਨੀਤੀ ਸ਼ੁਰੂ ਹੋ ਚੁੱਕੀ ਸੀ।

ਬਲਵਿੰਦਰ ਕੁਮਾਰ ਨੇ ਝੂਠ ਪ੍ਰਚਾਰ ਪਾਠ ਹੇਠ ਆਸਟਰੀਅਨ ਪੁਲਿਸ ਨੂੰ ਵੀ ਨਹੀਂ ਬਖਸ਼ਿਆ। ਘਟਨਾ ਤੋਂ ਕੁਝ ਸਮੇਂ ਬਾਅਦ ਹੀ ਆਪਣੀ ਗ਼ਲਤੀ ਨੂੰ ਛਪਾਉਣ ਲਈ ਮੀਡੀਆ ਅੱਗੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਅਸੀਂ ਪੁਲਿਸ ਸੁਰੱਖਿਆ ਮੰਗੀ ਸੀ। ਪਰ ਸਾਨੂੰ ਦਿੱਤੀ ਨਹੀਂ ਗਈ। ਪਰ ਅਗਲੇ ਦਿਨ ਪੂਰੀ ਜਾਂਚ ਪੜਤਾਲ ਕਰਕੇ ਪੁਲਿਸ ਪ੍ਰਧਾਨ ਨੇ ਗੱਲ ਸਾਫ਼ ਕੀਤੀ ਕਿ ਸਾਡੇ ਨਾਲ ਦੋ ਵਾਰੀ ਸੰਪਰਕ ਕੀਤਾ ਗਿਆ। ਪਹਿਲੀ ਵਾਰੀ ਕੁਝ ਦਿਨ ਪਹਿਲਾਂ ਸਭਾ ਪ੍ਰਧਾਨ ਨੇ ਦੱਸਿਆ 'ਖ਼ਤਰੇ ਵਾਲੀ ਕੋਈ ਗੱਲ ਨਹੀਂ' ਦੂਜੀ ਵਾਰੀ ਘਟਨਾ ਤੋਂ ਕੁਝ ਮਿੰਟ ਪਹਿਲਾਂ ਫੋਨ ਤੇ ਪੁਲਿਸ ਨੂੰ ਦੱਸਿਆ ਗਿਆ ਕਿ ਉਮੀਦ ਤੋਂ ਜ਼ਿਆਦਾ ਲੋਕ ਆ ਪਹੁੰਚੇ ਹਨ। ਇਸ ਕਰਕੇ ਉਸੇ ਸਮੇਂ ਇਕ ਪੁਲਿਸ ਕਾਰ ਘਟਨਾ ਸਥਾਨ ਵੱਲ ਭੇਜੀ ਗਈ (ਦੇਖੋ ਵੀਡੀਓ)। ਜਿਸ ਕਰਕੇ ਪੁਲਿਸ ਘਟਨਾ ਤੋਂ ਕੁਝ ਮਿੰਟ ਬਾਅਦ ਹੀ ਮੌਕੇ ਤੇ ਪਹੁੰਚ ਗਈ ਸੀ। ਅਖ਼ਬਾਰਾਂ ਮੁਤਾਬਿਕ 'ਗੁਰਦੁਆਰਾ ਨਾਨਕਸਰ' ਦੇ ਪ੍ਰਧਾਨ ਵਲੋਂ ਫੋਨ ਤੇ ਸਾਵਧਾਨ ਰਹਿਣ ਕਿਹਾ ਗਿਆ ਸੀ, ਇਸ ਕਰਕੇ ਸਵਾਲ ਹੈ, ਕੀ ਪੁਲਿਸ ਨੂੰ ਕਿਤੇ ਸੋਚੀ ਸਮਝੀ ਸਾਜ਼ਿਸ਼ ਕਰਕੇ ਪੂਰੀ ਤੇ ਸਹੀ ਜਾਣਕਾਰੀ ਨਹੀਂ ਦਿੱਤੀ ਗਈ ਜਾਂ ਕਾਰਣ ਬਲਵਿੰਦਰ ਕੁਮਾਰ ਦੀ ਅਯੋਗਤਾ ਹੈ?

ਮੁੱਕਦੀ ਗੱਲ, ਆਪਣੀਆਂ ਗ਼ਲਤੀਆਂ ਤੇ ਪਰਦਾ ਪਾਉਣ ਲਈ ਬਲਵਿੰਦਰ ਕੁਮਾਰ 'ਇਹ ਇਕ ਗ਼ਲਤਫ਼ਹਿਮੀ ਹੈ' (ਤਾਲੀਬਾਨ ਬਿਆਨ) ਦਾ ਬਹਾਨਾ ਲਾ ਰਿਹਾ ਹੈ ਤੇ ਕਦੇ ਪੁਲਿਸ ਨੂੰ ਦੋਸ਼ੀ ਠਹਿਰਾ ਰਿਹਾ ਹੈ ਕਿਉਂਕਿ ਪੁਲਿਸ ਦਾ ਵੀ ਕਹਿਣਾ ਹੈ ਕਿ ਘਟਨਾ ਵਾਪਰਨ ਤੇ ਸਾਨੂੰ 'ਬਲੀ ਦਾ ਬੱਕਰਾ' ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

'ਸਿੰਘ' ਨਾਮ ਪਿੱਛੇ ਲਾਉਣ ਦਾ ਅਰਥ ਹੀ ਜਾਤ ਪਾਤ ਦੇ ਫ਼ਰਕ ਮਿਟਾਉਣਾ ਹੈ। 'ਸਿੰਘ' ਨਾਮ ਇਨਸਾਨੀ ਬਰਾਬਰਤਾ ਦਾ ਪ੍ਰਤੀਕ ਹੈ। ਅਫਸੋਸ ਇਸ ਗੱਲ ਦਾ ਹੈ ਕਿ ਇਸ ਝੂਠ ਅਤੇ ਨਫ਼ਰਤ ਪ੍ਰਚਾਰ ਨੇ ਜਾਤ ਪਾਤ ਵਿਚ ਪਈ ਦਰਾੜ ਨੂੰ ਪਾੜੇ ਵਿਚ ਬਦਲ ਦਿੱਤਾ ਹੈ।

ਪੈਰੋਕਾਰਾਂ ਵਲੋਂ ਵੀ ਝੂਠ ਪ੍ਰਚਾਰ ਕੀਤਾ ਗਿਆ

ਜਦ ਸਿੱਖਾਂ ਨੇ ਚੁੱਪੀ ਵੱਟ ਲਈ ਸੀ ਤਾਂ ਪੈਰੋਕਾਰਾਂ ਵਲੋਂ ਆਪਣੇ ਧਰਮ ਨੂੰ ਸਿੱਖ ਧਰਮ ਨਾਲੋਂ ਵਧੀਆ ਅਤੇ ਨੀਵੀਂ ਜਾਤੀ ਨੂੰ ਗੁਲਾਮ ਅਤੇ ਉੱਚ ਜਾਤੀ ਨੂੰ ਜ਼ਾਲਮ ਰੂਪ ਵਿਚ ਪੇਸ਼ ਕਰਨ ਦੀਆਂ ਚਾਲਾਂ ਚੱਲੀਆਂ ਗਈਆਂ। ਇੱਕ ਪਾਸੇ ਬਲਵਿੰਦਰ ਕੁਮਾਰ ਅਖ਼ਬਾਰਾਂ ਵਿਚ ਕਹਿ ਰਿਹਾ ਸੀ। ਸਾਡੀ ਜਾਤੀ ਨੂੰ ਉੱਚ-ਨੌਕਰੀਆਂ ਨਹੀਂ ਦਿੱਤੀਆਂ ਜਾਂਦੀਆਂ। ਦੂਜੇ ਪਾਸੇ ਆਸਟਰੀਅਨ ਟੀਵੀ ਚੈਨਲ ਵਾਲਿਆਂ ਨੂੰ ਜਦੋਂ 'ਦਾਲ ਵਿਚ ਕੁਝ ਕਾਲਾ ਲੱਗਾ' ਤਾਂ ਉਨ੍ਹਾਂ ਨੇ ਪੰਜਾਬ ਵਿਚ ਵੀਡੀਓ ਰਿਪੋਰਟ ਲਈ ਆਪਣੇ ਬੰਦੇ ਭੇਜੇ। ਵੀਡੀਓ ਵਿਚ ਬਲਵਿੰਦਰ ਕੁਮਾਰ ਦੀ ਮੰਡਲੀ ਵਿਚੋਂ ਹੀ ਇਕ ਪੜ੍ਹਿਆ ਲਿਖਿਆ ਦੱਸ ਰਿਹਾ ਹੈ "ਪਹਿਲਾਂ ਅਸੀਂ ਇਨ੍ਹਾਂ ਦੇ ਖੇਤਾਂ ਵਿਚ ਕੰਮ ਕਰਦੇ ਸਨ। ਹੁਣ ਅਸੀਂ ਪੜ੍ਹ ਲਿਖ ਗਏ ਹਾਂ। ਸਾਡੇ ਕੋਲ ਨੌਕਰੀਆਂ ਹਨ। ਹੁਣ ਅਸੀਂ ਸਮਾਜਿਕ ਬਰਾਬਰੀ ਦੀ ਮੰਗ ਕਰਦੇ ਹਾਂ।" ਇੱਥੇ ਹੀ ਬਲਵਿੰਦਰ ਕੁਮਾਰ ਦਾ ਝੂਠ ਫੜ ਹੁੰਦਾ ਹੈ। ਕਿਉਂਕਿ ਬਲਵਿੰਦਰ ਕੁਮਾਰ ਨੇ 'ਤਾਲੀਬਾਨ ਮੁਲਾਕਾਤ' ਵਿਚ ਕਿਹਾ ਹੈ ਕਿ ਸਾਨੂੰ ਉੱਚ ਨੌਕਰੀਆਂ ਨਹੀਂ ਦਿੱਤੀਆਂ ਜਾਂਦੀਆਂ। ਵੀਡੀਓ ਵਿਚ ਇਕ ਹੋਰ ਕਹਿ ਰਿਹਾ ਹੈ ਕਿ ਗੁਰੂ ਰਵਿਦਾਸ ਅੱਗੇ ਇਹ 'ਸ੍ਰੀ' ਨਹੀਂ ਲਾਉਂਦੇ ਇਸ ਕਰਕੇ ਅਸੀਂ 'ਸ੍ਰੀ' ਅੱਗੇ ਲਗਾਉਣ ਦੀ ਮੰਗ ਕਰਦੇ ਹਾਂ। ਜਦ ਵੀਡੀਓ ਵਾਲੇ ਇਨ੍ਹਾਂ ਨਾਲ ਇਨ੍ਹਾਂ ਦੇ 'ਸ੍ਰੀ ਗੁਰੂ ਰਵਿਦਾਸ ਮੰਦਰ' ਜਾਂਦੇ ਹਨ ਤਾਂ ਉਥੇ ਸਾਫ ਦੇਖਿਆ ਜਾ ਸਕਦਾ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਬਰਾਬਰ ਭਗਤ ਰਵਿਦਾਸ ਦੀ ਮੂਰਤੀ ਸਥਾਪਿਤ ਕੀਤੀ ਗਈ ਹੈ (ਦੇਖੋ ਵੀਡੀਓ)।

ਇਕ 'ਯੂ ਟਿਊਬ' ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਬੀਬੀਸੀ ਨਿਊਜ਼ ਵਿਚ ਬਲਵਿੰਦਰ ਕੁਮਾਰ ਕਹਿ ਰਿਹਾ ਕਿ ਇਹ ਸਾਡੇ ਧਰਮ ਨੂੰ ਨੀਵਾਂ ਕਰਨਾ ਚਾਹੁੰਦੇ ਹਨ, ਇਹ ਦੋ ਤਿੰਨ ਸਦੀਆਂ ਪਿੱਛੇ ਹਨ, ਅਸੀਂ ਇੱਕ੍ਹੀਵੀਂ ਸਦੀ ਵਿਚ ਹਾਂ। ਵਿਆਨਾ ਵਿਚ ਬਾਬੇ ਦੇ ਅੰਤਿਮ ਦਰਸ਼ਨ ਵਾਲੀ ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਪੈਰੋਕਾਰ ਝੂਠ ਪ੍ਰਚਾਰ ਨੂੰ ਪੱਠੇ ਪਾ ਰਹੇ ਹਨ। ਇਕ ਕਹਿ ਰਿਹਾ ਹੈ 'ਦੂਜਾ ਧਰਮ (ਸਿੱਖ) ਸਾਡੇ ਧਰਮ ਨੂੰ ਹਮੇਸ਼ਾ ਦੱਬਦਾ ਆਇਆ ਹੈ, ਇਸ ਗੁਰੂ ਨੇ ਸਾਨੂੰ ਉਪਰ ਉਠਾਇਆ ...।' ਲੰਡਨ ਤੋਂ ਪਹੁੰਚੀ ਇਕ ਬੀਬੀ ਕਹਿ ਰਹੀ ਹੈ 'ਗਰੀਬਾਂ ਨੂੰ ਲੰਬੇ ਸਮੇਂ ਤੱਕ ਗੁਲਾਮਾਂ ਦੀ ਤਰ੍ਹਾਂ ਰੱਖਿਆ ਗਿਆ, ਇਸ ਗੁਰੂ ਨੇ ਕ੍ਰਾਂਤੀ ਲਿਆਂਦੀ ...।'

ਹੋਰ ਖ਼ਬਰਾਂ ਅਨੁਸਾਰ ਬਲਵਿੰਦਰ ਕੁਮਾਰ ਅਤੇ ਹੋਰ ਤੋਤਿਆਂ ਵਲੋਂ 'ਗੁਰਦੁਆਰਾ ਨਾਨਕਸਰ' ਦੇ ਪ੍ਰਬੰਧਕਾਂ ਨੂੰ ਘਟਨਾ ਲਈ ਸਿੱਧਾ ਦੋਸ਼ੀ ਠਹਿਰਾਇਆ ਗਿਆ ਹੈ। ਕਾਰਣ ਦਾਨ-ਪੂੰਜੀ ਵਿਚ ਕਮੀ ਦੱਸੀ ਗਈ ਹੈ। ਇਨ੍ਹਾਂ ਤੋਤਿਆਂ ਨੂੰ ਸਾਡਾ ਜਵਾਬ ਇਹ ਹੀ ਹੈ ਕਿ 'ਗੁਰਦੁਆਰਾ ਨਾਨਕਸਰ' ਦੀ ਨਵੀਂ ਬਣੀ ਖ਼ੂਬਸੂਰਤ ਇਮਾਰਤ ਇਨ੍ਹਾਂ ਦੇ ਹਰ ਦੋਸ਼ ਨੂੰ ਗ਼ਲਤ ਠਹਿਰਾਉਂਦੀ ਹੈ। 'ਗੁਰਦੁਆਰਾ ਨਾਨਕਸਰ' ਦੀ ਖ਼ੂਬਸੂਰਤ ਇਮਾਰਤ ਸਿੱਖਾਂ ਦੇ ਪੱਕੇ ਇਰਾਦਿਆਂ ਦਾ ਸਬੂਤ ਹੈ ਭਾਵੇਂ ਜਿੰਨੇ ਮਰਜ਼ੀ ਪੈਰੋਕਾਰ ਗੁਰਦੁਆਰਿਆਂ ਤੋਂ ਬੇਮੁਖ ਹੋਣ ਜਾਣ, ਗੁਰਦੁਆਰਿਆਂ ਦੀ ਚੜ੍ਹਦੀ ਕਲਾ ਵਿਚ ਕੋਈ ਵਿਘਨ ਨਹੀਂ ਪਾ ਸਕਦਾ। ਇਕ ਹੋਰ ਕਾਰਣ ਜੋ ਦੱਸਿਆ ਗਿਆ ਹੈ ਕਿ ਗੁਰਦੁਆਰਿਆਂ ਨੂੰ ਵਿਆਹਾਂ ਤੇ ਬਹੁਤ ਕਮਾਈ ਹੁੰਦੀ ਹੈ। ਹੁਣ ਅਸੀਂ ਆਪਣੇ ਗੁਰੂਘਰ ਵਿਚ ਵਿਆਹ ਕਰਨ ਲੱਗ ਪਏ ਹਾਂ। ਇਸ ਕਰਕੇ ਗੁਰਦੁਆਰਿਆਂ ਨੂੰ ਬਹੁਤ ਘਾਟਾ ਪੈ ਰਿਹਾ ਹੈ। ਅਸੀਂ ਜਵਾਬ ਵਜੋਂ 'ਤੋਤੇ ਪਾਠ' ਦੀ ਗੱਲ ਨਹੀਂ ਕਰਾਂਗੇ ਬਲਕਿ ਤੱਥ ਪੇਸ਼ ਕਰਨਾ ਚਾਹਾਂਗੇ। 31.05.09 ਪੰਜਾਬੀ ਇੰਟਰਨੈੱਟ ਅਖ਼ਬਾਰ 'ਮੀਡੀਆ ਪੰਜਾਬ' ਮੁਤਾਬਿਕ 2794 ਸਿੱਖ ਆਸਟਰੀਆ ਵਿਚ ਰਹਿ ਰਹੇ ਹਨ ਭਾਵ ਵਿਆਨਾ ਵਿਚ 2794 ਨਾਲੋਂ ਘੱਟ ਹੋਣਗੇ। ਜ਼ਿਆਦਾ ਗਹਿਰਾਈ ਵਿਚ ਨਾ ਜਾਂਦੇ ਹੋਏ, ਮੁੱਕਦੀ ਗੱਲ ਇਹ ਹੈ ਕਿ ਵਿਆਨਾ ਵਿਚ ਹਾਲਾਤ ਇਹ ਨਹੀਂ ਕਿ ਹਰ ਹਫ਼ਤੇ ਜਾਂ ਹਰ ਮਹੀਨੇ ਵਿਆਹ ਹੁੰਦਾ ਹੋਵੇ। ਨਾਲੇ ਜਿੱਥੇ ਮਿਲਿਅਨ ਦੇ ਹਿਸਾਬ ਨਾਲ ਖ਼ਰਚਾ ਕੀਤਾ ਹੋਵੇ ਭਾਵ ਗੁਰਦੁਆਰਾ ਨਾਨਕਸਰ ਦੀ ਨਵੀਂ ਬਣੀ ਇਮਾਰਤ ਅਤੇ ਗੁਰਦੁਆਰਾ ਸਿੰਘ ਸਭਾ ਵਾਲਿਆਂ ਵਲੋਂ ਆਸਟਰੀਆ ਦੀ ਰਾਜਧਾਨੀ ਵਿਆਨਾ ਦੀ ਸੰਘਣੀ ਵਸੋਂ ਵਾਲੇ ਇਲਾਕੇ ਵਿਚ ਵਿਸ਼ਾਲ ਜਗ੍ਹਾ ਲੈਣਾ ਸਿੱਧ ਕਰਦਾ ਹੈ ਕਿ ਵਿਆਹਾਂ ਤੇ ਹਜ਼ਾਰ-ਪੰਜ ਸੋ ਯੂਰੋ ਦੇ ਘਾਟੇ ਨਾਲ ਗੁਰਦੁਆਰਿਆਂ ਨੂੰ ਕੋਈ ਫ਼ਰਕ ਨਹੀਂ ਪੈਣ ਲੱਗਾ।

ਭਾਰਤੀ ਅਖ਼ਬਾਰਾਂ ਵਲੋਂ ਬਲਦੀ ਤੇ ਤੇਲ ਪਾਇਆ ਗਿਆ

ਜਿਵੇਂ ਕਿ ਉਪਰ ਲਿਖਿਆ ਹੈ ਕਿ ਸਿੱਖ ਅਤੇ ਪੰਜਾਬ ਵਿਰੋਧੀ ਤਾਕਤਾਂ ਦੀਆਂ ਸੈਨਾਵਾਂ-ਅਖ਼ਬਾਰਾਂ, ਦਲਾਲਾਂ ਨੂੰ ਪੂਰਾ-ਪੂਰਾ ਸਹਿਯੋਗ ਦਿੰਦੀਆਂ ਹਨ, ਠੀਕ ਇੰਝ ਹੀ ਹੋਇਆ। 27.05.09 ਦੀ ਆਸਟਰੀਅਨ ਅਖ਼ਬਾਰ 'ਸਟੈਂਡਰਡ' (ਇੰਟਰਨੈੱਟ ਤੇ ਵੀ) ਅਤੇ ਹੋਰ ਅਖ਼ਬਾਰਾਂ ਲਿਖਦੀਆਂ ਹਨ ਕਿ 'ਹਿੰਦੁਸਤਾਨ ਟਾਈਮਜ਼' ਨੇ ਘਟਨਾ ਦਾ ਕਾਰਣ 'ਜਾਤ-ਪਾਤ ਜੰਗ' ਲਿਖਿਆ ਹੈ। ਵਿਆਨਾ ਗੁਰੂਘਰ ਦੇ ਉਪ-ਪ੍ਰਧਾਨ ਮਾਹੀ ਦਾ ਬਿਆਨ ਅਤੇ 'ਹਿੰਦੁਸਤਾਨ ਟਾਈਮਜ਼' ਦਾ ਪੰਜਾਬੀ ਰੂਪ: ਭਾਰਤੀ ਮੀਡੀਆ ਨੂੰ ਸ਼ੱਕ ਹੈ ਕਿ ਘਟਨਾ ਪਿੱਛੇ ਉੱਚ-ਜਾਤੀਆਂ ਦੇ ਸਿੱਖ-ਖਾੜਕੂਆਂ ਦਾ ਹੱਥ ਹੈ, ਜਿਨ੍ਹਾਂ ਦੀਆਂ ਅੱਖਾਂ ਵਿਚ ਦਲਿਤ-ਜਾਤੀ ਦੀ ਤਰੱਕੀ ਰੜਕਦੀ ਸੀ। ਕਿਉਂਕਿ ਦਲਿਤ-ਜਾਤੀ ਦੇ ਲੋਕਾਂ ਨੇ ਦੁਨੀਆ ਭਰ ਵਿਚ ਆਪਣੇ 'ਗੁਰੂਘਰ' ਖੋਲ ਲਏ ਹਨ। ਇਸ ਕਰਕੇ ਸਿੱਖਾਂ ਦੇ ਗੁਰਦੁਆਰਿਆਂ ਦੇ ਸ਼ਰਧਾਲੂਆਂ ਦੀ ਗਿਣਤੀ ਘਟ ਗਈ ਹੈ ਜਿਸ ਕਾਰਣ ਉਨ੍ਹਾਂ ਦੀ ਦਾਨ-ਪੂੰਜੀ ਵਿਚ ਕਮੀ ਆਈ ਹੈ। 'ਹਿੰਦੁਸਤਾਨ ਟਾਈਮਜ਼' ਨੇ ਤਾਂ 'ਗੁਰਦੁਆਰਾ ਨਾਨਕਸਰ' ਨੂੰ ਖ਼ਾਲਿਸਤਾਨੀਆਂ ਦਾ ਗੁਰਦੁਆਰਾ ਕਰਾਰ ਦੇ ਦਿੱਤਾ ਹੈ।

ਲੈ ਦੇ ਕੇ ਭਾਰਤੀ ਅਖ਼ਬਾਰਾਂ ਅਤੇ ਆਸਟਰੀਅਨ ਅਖ਼ਬਾਰਾਂ ਨੂੰ ਪੈਰੋਕਾਰਾਂ (ਮਾਹੀ ਤੇ ਹੋਰ) ਵਲੋਂ ਜੋ ਜਾਣਕਾਰੀ ਦਿੱਤੀ ਗਈ ਹੈ। ਉਸਦਾ ਨਿਚੋੜ ਇਹ ਬਣਦਾ ਹੈ ਕਿ ਸਾਡਾ ਗੁਰੂ (13ਵੀ ਸਦੀ) ਇਨ੍ਹਾਂ ਦੇ ਗੁਰੂ (15ਵੀ ਸਦੀ) ਨਾਲੋਂ ਪਹਿਲਾਂ ਹੋਇਆ ਸੀ। ਸਿੱਖਾਂ ਅਤੇ ਉੱਚ-ਜਾਤੀਆਂ ਨੇ ਨੀਵੀਂ ਅਤੇ ਅਛੂਤ ਜਾਤੀਆਂ ਨੂੰ ਹਮੇਸ਼ਾਂ ਦਬਾ ਕੇ ਰੱਖਿਆ ਸੀ। ਪਹਿਲਾਂ ਅਸੀਂ ਸਿੱਖਾਂ ਲਈ ਘਟੀਆ ਕੰਮ (ਖੇਤਾਂ ਵਿਚ) ਕਰਦੇ ਸੀ। ਹੁਣ ਅਸੀਂ ਪੜ੍ਹ-ਲਿਖ ਗਏ ਹਾਂ ਅਤੇ ਸਾਡਾ ਰਹਿਣ-ਸਹਿਣ ਇਨ੍ਹਾਂ ਵਾਂਗੂ ਹੈ। ਬਸ, ਇਹ ਹੀ ਇਨ੍ਹਾਂ ਕੋਲੋਂ ਦੇਖਿਆ ਨਹੀਂ ਜਾਂਦਾ। ਵਿਆਨਾ ਗੁਰੂਘਰ ਵਿਚ ਜੋ ਘਟਨਾ ਵਾਪਰੀ ਹੈ, ਉਹ ਈਰਖਾ ਦਾ ਹੀ ਨਤੀਜਾ ਹੈ। ਨਾਲੇ, ਜਦੋਂ ਪੈਰੋਕਾਰਾਂ ਵਲੋਂ ਗੁਰੂ ਨੂੰ ਸਰੋਪਾ ਦਿੱਤਾ ਗਿਆ, ਸਿੱਖਾਂ ਨੂੰ ਇਸ ਗੱਲ ਬਹੁਤ ਗੁੱਸਾ ਲੱਗਾ ਕਿਉਂਕਿ ਅਛੂਤਾਂ ਨੂੰ ਇਸ ਗੱਲ ਦੀ ਇਜਾਜ਼ਤ ਨਹੀਂ।

ਹੁਣ ਇੱਥੇ ਜ਼ਿਕਰਯੋਗ ਹੈ ਕਿ ਇਹ 'ਨਫ਼ਰਤ ਪਾਠ' ਸਿਰਫ਼ ਆਸਟਰੀਆ ਦੇ ਅਖੌਤੀ ਪੰਜਾਬੀ ਹੀ ਨਹੀਂ ਰਟ ਰਹੇ ਸਗੋਂ ਲੰਡਨ ਤੋਂ ਆਈ ਬੀਬੀ ਨੇ ਵੀ ਆਸਟਰੀਅਨ ਟੈਲੀਵੀਜ਼ਨ ਅੱਗੇ ਇਹ ਹੀ ਕੁਝ ਰਟਿਆ ਹੈ। ਮਹਾਨ ਸ਼ਖ਼ਸੀਅਤਾਂ ਦੇ ਜਨਮ ਦਿਹਾੜੇ ਸਮਾਗਮਾਂ ਅਤੇ ਧਾਰਮਿਕ ਸਥਾਨਾਂ ਤੇ ਉੱਚ-ਜਾਤੀਆਂ ਖ਼ਿਲਾਫ਼ ਜੋ 'ਨਫ਼ਰਤ ਪਾਠ' ਪੜ੍ਹਾਇਆ ਜਾਂਦਾ ਹੈ। ਇਹ ਸਭ ਉਸੇ ਦਾ ਨਤੀਜਾ ਹੈ। ਲੰਡਨ ਵਾਲੀ ਬੀਬੀ ਨੇ ਸਿੱਧ ਕਰ ਦਿੱਤਾ ਕਿ ਕੱਲ ਨੂੰ ਜੇ ਇਹੀ ਘਟਨਾ ਹੋਰ ਮੁਲਕ ਵਿਚ ਵਾਪਰਦੀ ਹੈ ਤਾਂ ਉੱਥੇ ਵੀ ਇਹ ਝੂਠ ਅਤੇ ਨਫ਼ਰਤ ਭਰੀ ਜਾਣਕਾਰੀ ਖਿਲਾਰੀ ਜਾਵੇਗੀ। ਸਾਰੀਆਂ ਮੁਲਾਕਾਤਾਂ ਅਤੇ ਖ਼ਬਰਾਂ ਵਿਚ ਪੈਰੋਕਾਰਾਂ ਨੇ ਇਕ ਵਾਰ ਵੀ ਸਰਕਾਰੀ ਸਹੂਲਤਾਂ ਦਾ ਜ਼ਿਕਰ ਨਹੀਂ ਕੀਤਾ। ਸਿਰਫ਼ ਤੇ ਸਿਰਫ਼ ਕੋਸ਼ਿਸ਼ ਇਹ ਕੀਤੀ ਗਈ ਆਪਣੇ ਆਪ ਨੂੰ ਸਿੱਖਾਂ ਅਤੇ ਉੱਚ-ਜਾਤੀਆਂ ਵਲੋਂ ਦੱਬੇ-ਕੁਚਲੇ ਦਰਸਾਇਆ ਜਾਵੇ।

ਲੋੜ ਹੈ ਇਕ ਸੂਚੀ ਜਾਰੀ ਕਰਨ ਦੀ ਜਿਸ ਵਿਚ ਇਨ੍ਹਾਂ ਨੂੰ ਕਾਨੂੰਨੀ ਸਹੂਲਤਾਂ ਰਾਹੀ ਮਿਲਦੀ ਮਾਲੀ ਮਦਦ, ਨੌਕਰੀਆਂ ਅਤੇ ਜਾਤੀ ਸੂਚਕ ਸ਼ਬਦ ਕਹਿਣ ਤੇ ਕਾਨੂੰਨੀ ਉਲੰਘਣਾ ਬਾਰੇ ਵਿਸਥਾਰਪੂਰਵਕ ਦੱਸਿਆ ਗਿਆ ਹੋਵੇ ਤਾਂ ਕਿ ਵਿਆਨਾ ਵਿਚ ਜੋ ਇਨ੍ਹਾਂ ਵਲੋਂ ਝੂਠ ਪ੍ਰਚਾਰ ਕੀਤਾ ਗਿਆ ਹੈ ਉਸਦਾ ਮੂੰਹ-ਤੋੜ ਜਵਾਬ ਦਿੱਤਾ ਜਾਵੇ।

ਅਖ਼ਬਾਰਾਂ ਦੱਸਦੀਆਂ ਹਨ ਕਿ ਭਾਰਤ ਸਰਕਾਰ ਵਲੋਂ ਜਲਦ ਤੋਂ ਜਲਦ ਕੇਸ ਹੱਲ ਕਰਨ ਲਈ ਆਸਟਰੀਆ ਤੇ ਦਬਾਅ ਪਾਇਆ ਗਿਆ। ਘਟਨਾ ਦੀ ਜਾਂਚ ਕਰਨ ਲਈ ਭਾਰਤ ਸਰਕਾਰ ਤਾਂ ਆਪਣੇ ਜਾਂਚਕਰਤਾ ਭੇਜਣ ਲਈ ਤਿਆਰ ਹੋ ਗਈ ਸੀ। ਭਾਰਤੀ ਅਖ਼ਬਾਰਾਂ 'ਦਾ ਹਿੰਦੂਜ਼', 'ਹਿੰਦੂ ਟਾਈਮਜ਼', ਸਭਾ ਪ੍ਰਧਾਨ ਬਲਵਿੰਦਰ ਕੁਮਾਰ ਅਤੇ ਪੈਰੋਕਾਰ (ਲੰਦਨ ਤੋਂ ਵੀ) ਲਗਾਤਾਰ ਝੂਠ ਅਤੇ ਨਫ਼ਰਤ ਪ੍ਰਚਾਰ ਕਰਨ ਵਿਚ ਇੰਨਾ ਰੁੱਝੇ ਹੋਏ ਸਨ ਕਿ ਕਿਸੇ ਇੱਕ ਨੇ ਵੀ 'ਗੁਰੂ ਗ੍ਰੰਥ ਸਾਹਿਬ' ਦਾ ਸੁੱਖ ਆਸਣ ਕਰਵਾਉਣ ਦੀ ਗੱਲ ਨਹੀਂ ਕੀਤੀ। ਇਸ ਸੰਬੰਧੀ ਕੋਈ ਖ਼ਬਰ ਪੜ੍ਹਨ ਜਾਂ ਸੁਣਨ ਨੂੰ ਨਹੀਂ ਮਿਲੀ। ਪਹਿਲਾਂ ਫਰਜ਼ ਬਲਵਿੰਦਰ ਕੁਮਾਰ ਦਾ ਬਣਦਾ ਸੀ ਜੋ ਕਿ 'ਗੁਰੂਘਰ ਸ਼੍ਰੀ ਗੁਰੂ ਰਵਿਦਾਸ ਸਭਾ' ਦਾ ਪ੍ਰਧਾਨ ਹੈ। ਜਦ ਭਾਰਤ ਸਰਕਾਰ ਵਲੋਂ ਪੂਰਾ ਸਹਿਯੋਗ ਮਿਲ ਰਿਹਾ ਹੈ ਤਾਂ ਇਸ ਵਲੋਂ 'ਸੁੱਖ ਆਸਣ' ਸੰਬੰਧੀ ਭਾਰਤ ਸਰਕਾਰ ਨਾਲ ਮਿਲ ਕੇ ਆਸਟਰੀਅਨ ਸਰਕਾਰ ਨੂੰ ਬੇਨਤੀ ਕਿਉਂ ਨਹੀਂ ਕੀਤੀ ਗਈ?

ਪਰ ਇੱਥੇ ਤਾਂ ਮਕਸਦ ਸਿਰਫ਼ ਪੰਜਾਬ ਨੂੰ ਅੱਗ ਲਾ ਕੇ ਆਪਣੀ ਤਾਕਤ ਦਾ ਪ੍ਰਦਰਸ਼ਨ ਕਰਨਾ ਅਤੇ ਆਪਣੇ ਧਰਮ ਦਾ ਪ੍ਰਚਾਰ ਕਰਨਾ ਸੀ। ਦੂਜੀ ਗੱਲ ਇਹ ਵੀ ਹੈ ਕਿ ਜਿਸ ਤਰ੍ਹਾਂ ਭਾਰਤ ਸਰਕਾਰ ਅਤੇ ਹਿੰਦੂ ਅਖ਼ਬਾਰਾਂ ਨੇ ਘਟਨਾ ਸੰਬੰਧੀ ਦਿਲਚਸਪੀ ਦਿਖਾਈ ਹੈ ਉਸ ਤੋਂ ਇਹ ਪ੍ਰਤੀਤ ਹੁੰਦਾ ਹੈ ਕਿ ਜਿਵੇਂ ਮਸਲਾ ਸਿੱਖਾਂ ਅਤੇ ਰਵਿਦਾਸੀਆਂ ਵਿਚਕਾਰ ਨਹੀਂ ਸਗੋਂ ਸਿੱਖਾਂ ਅਤੇ ਹਿੰਦੂਆਂ ਵਿਚ ਹੋਵੇ। ਭਵਿੱਖ ਦੱਸੇਗਾ, ਰੱਬ ਨਾ ਕਰੇ ਜੇਕਰ ਕੋਈ ਘਟਨਾ ਗੁਰਦੁਆਰਿਆਂ ਵਿਚ ਵਾਪਰਦੀ ਹੈ ਤਾਂ ਫਿਰ ਵੀ ਭਾਰਤੀ ਅਖ਼ਬਾਰਾਂ ਅਤੇ ਸਰਕਾਰ ਉਵੇਂ ਹੀ ਵਿਦੇਸ਼ੀ ਸਰਕਾਰ ਤੇ ਦਬਾਅ ਪਾਉਂਦੀ ਹੈ ਜਿਵੇਂ ਹੁਣ ਪਾ ਰਹੀ ਹੈ।

ਚਿੱਠੀਆਂ ਵਿਚ ਸਿੱਖ ਅਤੇ ਪੰਜਾਬ ਵਿਰੋਧੀ ਤਾਕਤਾਂ ਵਲੋਂ ਘਾਲ਼ਾ-ਮਾਲ਼ਾ
ਸਿੱਖ ਅਤੇ ਪੰਜਾਬ ਵਿਰੋਧੀ ਤਾਕਤਾਂ ਨੇ ਆਪਣਾ ਖੁੱਲ੍ਹੇ-ਆਮ ਪ੍ਰਗਟਾਵਾ ਉਸ ਸਮੇਂ ਕਰ ਦਿੱਤਾ ਜਦੋਂ ਖ਼ਾਲਿਸਤਾਨ ਜ਼ਿੰਦਾਬਾਦ ਫ਼ੋਰਸ ਵਲੋਂ 25-05-09 ਨੂੰ ਭੇਜੀ ਗਈ ਚਿੱਠੀ ਨਾਲ ਛੇੜ-ਛਾੜ ਕਰ ਕੇ ਮੀਡੀਆ ਵਾਲਿਆਂ ਨੂੰ ਭੇਜ ਦਿੱਤੀ ਗਈ। 28-05-09 ਹੇਠ ਭੇਜਿਆ ਗਿਆ ਸਪਸ਼ਟੀਕਰਨ ਅਤੇ ਮੁਆਫ਼ੀਨਾਮਾ ਵਿਚ ਸਾਫ਼ ਹੀ ਦੇਖਿਆ ਜਾ ਸਕਦਾ ਹੈ ਕਿ ਕਿਵੇਂ 25 ਨੂੰ 28 ਬਣਾਇਆ ਗਿਆ ਹੈ। ਤਰੀਕ ਬਿਲਕੁਲ ਉਸੇ ਜਗ੍ਹਾ ਹੈ ਅਤੇ ਤਰੀਕ ਦਾ ਕੋਈ ਨੰਬਰ ਬਿਲਕੁਲ ਨਹੀਂ ਹਿੱਲਿਆ। ਜੋ ਕਿ ਹੱਥ ਲਿਖਤ ਵਿਚ ਬਿਲਕੁਲ ਅਸੰਭਵ ਹੈ। ਖੋਜੀ ਇਹ ਸਿੱਧ ਕਰ ਚੁੱਕੇ ਹਨ ਕਿ ਹੱਥ ਲਿਖਤ ਵਿਚ ਕੋਈ ਵੀ ਇਨਸਾਨ ਆਪਣੇ ਦਸਤਖ਼ਤ ਹੂਬਹੂ ਦੁਬਾਰਾ ਨਹੀਂ ਕਰ ਸਕਦਾ। ਸਾਫ਼ ਹੀ ਦਿਖਾਈ ਦਿਸਦਾ ਹੈ ਕਿ 28-05-09 ਦੇ ਦਸਖ਼ਤ 25-05-09 ਤੋਂ ਲਏ ਗਏ ਹਨ। ਇਸ ਦਾ ਸਬੂਤ ਇਹ ਵੀ ਹੈ ਕਿ 29-05-09 ਦੇ 'ਦਸਖ਼ਤ-ਤਰੀਕ' 25-05-09 ਨਾਲ ਬਿਲਕੁਲ ਨਹੀਂ ਮਿਲਦੀ। ਦੂਜੀ ਗੱਲ 25-05-09 (ਘਨੋਣੀਆਂ) ਅਤੇ 28-05-09 (ਘਿਣਾਉਣੀ) ਸ਼ਬਦਾਵਲੀ ਬਿਲਕੁਲ ਮੇਲ ਨਹੀਂ ਕਰਦੀ।

ਪੰਜਾਬ ਵਿਚਲਾ ਦੋ ਦਿਨ ਦਾ ਰੋਸ ਪ੍ਰਦਰਸ਼ਨ ਜਾਂ ਗੁੰਡਾਗਰਦੀ

ਰੋਸ ਪ੍ਰਦਰਸ਼ਨ ਹੇਠ ਜਨਤਕ ਅਤੇ ਸਰਕਾਰੀ ਸਮਾਨ ਦੀ ਭੰਨਤੋੜ ਅਤੇ ਸਾੜਫੂਕ ਕਰਨੀ ਸ਼ਾਇਦ ਸਿਰਫ਼ ਸਾਡੇ ਰੰਗਲੇ ਪੰਜਾਬ ਵਿਚ ਹੀ ਸੰਭਵ ਹੈ। ਅਨਪੜ੍ਹ ਤੇ ਰੂੜ੍ਹੀਵਾਦੀ ਸੋਚ ਦੇ ਧਾਰਨੀ ਲੋਕ ਜੋ ਆਪਣੀਆਂ ਗ਼ਲਤ ਆਦਤਾਂ ਜਾਂ ਮਾੜੇ ਪਾਲਣ ਪੋਸ਼ਣ ਕਰਕੇ ਆਪ ਤਾਂ ਕੁਝ ਜੋੜਨ ਵਿਚ ਅਸਮਰੱਥ ਹੁੰਦੇ ਹਨ, ਪਰ ਦੂਸਰੇ ਦੀ ਹੱਡ ਭੰਨਵੀਂ ਮਿਹਨਤ ਨਾਲ ਬਣਾਈ ਨਿਜੀ ਜਾਇਦਾਦ ਨੂੰ ਜਲਾਉਣ ਵਿਚ ਇਨ੍ਹਾਂ ਨੂੰ ਬਹੁਤ ਮਜ਼ਾ ਆਉਂਦਾ ਹੈ। ਰੋਜ਼ਾਨਾ ਪੰਜਾਬ ਵਿਚੋਂ ਰੋਸ ਪ੍ਰਦਰਸ਼ਨ ਦੀ ਖ਼ਬਰਾਂ ਸੁਣ ਕੇ ਪ੍ਰਵਾਸੀ ਮਨ ਪੁੱਛਦਾ ਹੈ, ਕੀ ਇਹ ਉਹੀ ਸਾਡਾ ਰੰਗਲਾ ਪੰਜਾਬ ਹੈ ਜਿਸ ਨੂੰ ਅਸੀਂ ਛੱਡ ਕੇ ਆਏ ਸੀ ਜਾਂ ਇਹ ਕੋਈ 'ਰੋਸ ਪ੍ਰਦਰਸ਼ਨ ਸਿਖਲਾਈ ਕੇਂਦਰ' ਬਣ ਗਿਆ ਹੈ, ਜਿਸ ਦਾ ਸਰਟੀਫਿਕੇਟ ਸਿਖਿਆਰਥੀ ਨੂੰ ਸ਼ਾਂਤੀ ਮਾਰਚ ਕੱਢ ਕੇ ਮਿਲਦਾ ਹੈ। ਕਿਉਂਕਿ ਜੇਕਰ ਪਾਕਿਸਤਾਨ ਵਿਚ ਬੰਬ ਚਲਦਾ ਹੈ ਤਾਂ ਉਸ ਦਾ ਵੀ ਰੋਸ ਪ੍ਰਦਰਸ਼ਨ ਮੇਰੇ ਰੰਗਲੇ ਪੰਜਾਬ-ਅੰਮ੍ਰਿਤਸਰ ਵਿਚ ਹੁੰਦਾ ਹੈ। ਜਿਸ ਕਰਕੇ ਪਰੇਸ਼ਾਨੀ ਆਮ ਜਨਤਾ ਨੂੰ ਹੀ ਝੇਲਣੀ ਪੈਂਦੀ ਹੈ।

ਪੰਜਾਬ ਵਿਚ ਦੋ ਦਿਨ ਰੱਜ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਕਿਸੇ ਜਥੇਬੰਦੀ ਜਾਂ ਸੰਤਾਂ ਦੀ ਸ਼ਾਂਤੀ ਅਪੀਲ ਕਿਸੇ ਦੇ ਕੰਨਾਂ ਤੱਕ ਨਹੀਂ ਪਹੁੰਚੀ। ਸੜਕਾਂ 'ਤੇ ਭੀੜ ਬਣਾ ਕੇ ਨਾਅਰੇਬਾਜ਼ੀ ਕਰਦਿਆਂ ਤੁਰਦੇ ਜਾਣਾ ਜਾਂ ਚੌਕਾਂ 'ਤੇ ਧਰਨਾ ਦੇ ਕੇ ਚੱਕਾ ਜਾਮ ਕਰਨ ਨੂੰ ਰੋਸ ਪ੍ਰਦਰਸ਼ਨ ਕਿਹਾ ਜਾ ਸਕਦਾ ਹੈ। ਪਰ ਜਿਸ ਰੋਸ ਪ੍ਰਦਰਸ਼ਨ ਹੇਠ ਕੋਈ ਵੀ ਨਹੀਂ ਬਖ਼ਸ਼ਿਆ ਗਿਆ ਹੋਵੇ ਭਾਵੇਂ ਉਹ ਰੇਹੜੀਆਂ ਵਾਲੇ, ਰਿਕਸ਼ਾ ਚਾਲਕ, ਦੁਕਾਨਦਾਰ, ਖੋਖੇ ਵਾਲੇ, ਟਰੱਕ ਚਾਲਕ ਜਾਂ ਮੀਡੀਆ ਕਰਮੀ ਹੋਣ, ਇੱਥੋਂ ਤੱਕ ਪੁਲਿਸ ਮੁਲਾਜ਼ਮਾਂ ਦੀ ਵੀ ਕੁੱਟ ਮਾਰ ਕੀਤੀ ਗਈ ਹੋਵੇ ਅਤੇ ਉਨ੍ਹਾਂ ਨੂੰ ਚੌਂਕੀ ਛੱਡ ਕੇ ਭੱਜਣਾ ਪਵੇ, ਇਸ ਨੂੰ ਜੰਗਲ ਰਾਜ ਜਾਂ ਗੁੰਡਾਗਰਦੀ (ਸੈਨਾ ਸੇਵਕ ਕਾਰਾ) ਹੀ ਕਿਹਾ ਜਾ ਸਕਦਾ ਹੈ।

ਗੁੰਡਾਗਰਦੀ ਦੌਰਾਨ ਮੰਗਾਂ ਜਾਂ ਬਹਾਨੇ?

ਹੁੱਲੜਬਾਜ਼ਾਂ ਦੀ ਮੰਗ ਸੀ ਕਿ ਸੰਤਾਂ ਤੇ ਹਮਲਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਹੁਣ ਜੇ ਇਹ ਘਟਨਾ ਭਾਰਤ ਵਿਚ ਵਾਪਰੀ ਹੁੰਦੀ ਤਾਂ ਉੱਥੇ ਰੋਸ ਪ੍ਰਦਰਸ਼ਨ ਕਰਕੇ ਇਸ ਤਰ੍ਹਾਂ ਦੀ ਮੰਗ ਕਰਨਾ ਸਮਝ ਵਿਚ ਆਉਂਦੀ ਹੈ। ਕਿਉਂਕਿ ਕੁਝ ਪੀੜਤ ਤਾਂ ਪਿਛਲੇ 25 ਸਾਲਾਂ ਤੋਂ ਇਨਸਾਫ ਦੀ ਉਡੀਕ ਕਰ ਰਹੇ ਹਨ। ਪਰ ਆਸਟਰੀਆ ਵਿਚ ਵਾਪਰੀ ਘਟਨਾ ਲਈ ਇਸ ਤਰ੍ਹਾਂ ਦੀ ਮੰਗ ਕਰਨ ਨੂੰ 'ਆਪਣਾ ਝੱਗਾ ਚੱਕ ਕੇ ਢਿੱਡ ਨੰਗਾ ਕਰਨਾ' ਹੀ ਕਿਹਾ ਜਾ ਸਕਦਾ ਹੈ। ਕਈ ਤਾਂ ਦੋਸ਼ੀਆਂ ਦੀ ਗ੍ਰਿਫ਼ਤਾਰੀ ਦੀ ਮੰਗ ਕਰ ਰਹੇ ਸਨ। ਜਦ ਕਿ ਹਕੀਕਤ ਵਿਚ ਸਾਰੇ ਸਿੰਘ ਘਟਨਾ ਦੌਰਾਨ ਜ਼ਖ਼ਮੀ ਹੋਣ ਕਰਕੇ ਪੁਲਿਸ ਨਿਗਰਾਨੀ ਹੇਠ ਸਨ। ਮੁੱਕਦੀ ਗੱਲ ਸਭ ਭੇਡਚਾਲ ਹੇਠ ਹੋ ਰਿਹਾ ਸੀ। ਕੁਝ ਜਲਦੀ ਤੋਂ ਜਲਦੀ ਦੋਸ਼ੀਆਂ ਨੂੰ ਫਾਂਸੀ ਤੇ ਲਟਕਾਉਣ ਦੀ ਮੰਗ ਕਰ ਰਹੇ ਸਨ। ਉਨ੍ਹਾਂ ਦੀ ਜਾਣਕਾਰੀ ਲਈ ਦੱਸ ਦੇਈਏ ਕਿ ਪੂਰੇ ਯੂਰਪ ਵਿਚ ਮੌਤ ਦੀ ਸਜ਼ਾ ਨਹੀਂ ਹੁੰਦੀ। ਸਭ ਤੋਂ ਵੱਡੀ ਸਜ਼ਾ ਉਮਰ ਕੈਦ ਹੀ ਹੈ।

ਇਕ ਪਾਸੇ ਤਾਂ ਜਲਦ ਤੋਂ ਜਲਦ ਦੋਸ਼ੀਆਂ ਨੂੰ ਸਜ਼ਾ ਦੇਣ ਦੀ ਮੰਗ ਕੀਤੀ ਜਾ ਰਹੀ ਸੀ, ਦੂਜੇ ਪਾਸੇ ਇਨ੍ਹਾਂ ਵਿਚੋਂ ਹੀ ਕਿਸੇ ਸ਼ਰਾਰਤੀ ਅਨਸਰ ਵਲੋਂ ਅਫ਼ਵਾਹ ਉਡਾ ਦਿੱਤੀ ਗਈ ਕਿ ਦੋਵੇਂ ਸੰਤ ਨਹੀਂ ਰਹੇ। ਵਿਆਨਾ ਪੁਲਿਸ ਟੀਮ ਜੋ ਚੌਵੀ ਘੰਟੇ ਇਸ ਘਟਨਾ ਦੇ 300 ਸਬੂਤਾਂ ਅਤੇ 20 ਗਵਾਹਾਂ ਦੇ ਬਿਆਨਾਂ ਦੀ ਜਾਚ ਕਰ ਰਹੀ ਸੀ। ਪੁਲਿਸ ਪ੍ਰਧਾਨ ਨੂੰ ਵਿਚ ਹੀ ਸਾਰੇ ਕੰਮ ਛੱਡ ਕੇ ਇਨ੍ਹਾਂ ਹੁੱਲੜਬਾਜ਼ਾਂ ਨੂੰ ਸ਼ਾਂਤ ਕਰਨ ਲਈ, ਜੋ ਆਪਣੇ ਸੰਤਾਂ ਦੀ ਸ਼ਾਂਤੀ ਅਪੀਲ ਨੂੰ ਵੀ ਛਿੱਕੇ ਤੇ ਟੰਗ ਕੇ ਪੰਜਾਬ ਨੂੰ ਅੱਗ ਲਾ ਰਹੇ ਸਨ, ਫੋਟੋ ਵੀਡੀਓ ਬਣਾ ਕੇ ਪੰਜਾਬ ਭੇਜਣੀ ਪਈ (ਦੇਖੋ ਵੀਡੀਓ)। ਪੰਜਾਬ ਬਾਰੂਦ ਦੇ ਢੇਰ 'ਤੇ ਬੈਠਾ ਹੈ, ਇਸ ਦਾ ਇਸ ਗੱਲ ਤੋਂ ਪਤਾ ਲੱਗਦਾ ਹੈ ਕਿ ਤੀਜੇ ਦਿਨ ਵੀ ਖੁੱਲ੍ਹੀਆਂ ਦੁਕਾਨਾਂ ਅਫ਼ਵਾਹਾਂ ਕਰਕੇ ਬੰਦ ਹੋ ਗਈਆਂ। ਪੰਜਾਬ ਦੀ ਅਮਨ ਸ਼ਾਂਤੀ ਭੰਗ ਕਰਨ ਲਈ ਇਕ ਛੋਟੀ ਜਿਹੀ ਅਫ਼ਵਾਹ ਹੀ ਕਾਫ਼ੀ ਹੈ।

ਹੁਣ ਸਵਾਲ ਇਹ ਪੈਦਾ ਹੁੰਦਾ ਹੈ, ਕੀ ਇਨ੍ਹਾਂ ਅਫ਼ਵਾਈਆਂ ਨੂੰ ਫੜ ਕੇ ਕੋਈ ਕਾਨੂੰਨੀ ਕਾਰਵਾਈ ਕੀਤੀ ਗਈ ਹੈ ਜਾਂ ਇਨ੍ਹਾਂ ਨੂੰ ਪੰਦਰਾਂ ਪੰਦਰਾਂ ਲੱਖ ਦੇ ਕੇ ਅਤੇ ਇਨ੍ਹਾਂ ਦੇ ਇਕ ਪਰਿਵਾਰਕ ਮੈਂਬਰ ਨੂੰ ਸਰਕਾਰੀ ਨੌਕਰੀ ਦੇ ਕੇ ਸਨਮਾਨਿਤ ਕਰ ਦਿੱਤਾ ਗਿਆ ਹੈ?

ਸੱਚੇ ਪੰਜਾਬੀ ਜਾਂ ਅਖੌਤੀ ਪੰਜਾਬੀਓ?

ਕੀ ਤੁਹਾਨੂੰ ਪੰਜਾਬ ਵਿਚ ਹੋਏ ਗੁੰਡਾਰਾਜ ਦੀ ਖ਼ਬਰ ਸੁਣ ਕੇ ਖ਼ੁਸ਼ੀ ਹੋਈ?
ਕੀ ਤੁਸੀਂ ਕਦੇ ਪੰਜਾਬ, ਪੰਜਾਬੀਅਤ ਜਾਂ ਪੰਜਾਬੀ ਲਈ ਬਣਦਾ ਫਰਜ਼ ਨਿਭਾਇਆ ਹੈ ਜਾਂ ਜਿਹੜੇ ਫਰਜ਼ ਨਿਭਾ ਰਹੇ ਹਨ, ਉਨ੍ਹਾਂ ਦੀਆਂ ਲੱਤਾਂ ਖਿੱਚਣ ਵਾਲਿਆਂ ਵਿਚੋਂ ਹੋ?
ਕੀ ਤੁਹਾਨੂੰ ਧਾਰਮਿਕ ਸਥਾਨਾਂ ਅਤੇ ਮਹਾਨ ਸ਼ਖ਼ਸੀਅਤਾਂ ਦੇ ਸਮਾਗਮਾਂ ਤੇ ਉੱਚ ਜਾਤੀਆਂ ਬਨਾਮ ਜ਼ਾਲਮ ਜਾਤੀਆਂ ਦਾ ਪਾਠ ਪੜ੍ਹਾਇਆ ਜਾਂਦਾ ਹੈ?
ਪੰਜਾਬ ਵਿਚ ਜੰਮ-ਪਲ ਕੇ, ਕੀ ਤੁਸੀਂ ਆਪਣੀ ਮਾਂ ਬੋਲੀ ਪੰਜਾਬੀ ਦੱਸਦੇ ਹੋ?

'ਵਾਹ ਰੇ' ਸਾਡੇ ਪੰਜਾਬ ਦੀ ਰਾਜਨੀਤੀ

ਇਕ ਖ਼ਬਰ ਅਨੁਸਾਰ ਹਵੇਲੀ ਹੈਰੀਟੇਜ ਨੂੰ ਵੀ ਹੁੱਲੜਬਾਜ਼ਾਂ ਨੇ ਆਪਣਾ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਪਰ ਹਿੰਸਾ ਦੀ ਖ਼ਬਰ ਮਿਲਦੇ ਹੀ ਸੁਰੱਖਿਆ ਸਟਾਫ ਨੂੰ ਚੌਕਸ ਕਰ ਦਿੱਤਾ ਅਤੇ ਹੁੱਲੜਬਾਜ਼ ਸਫਲ ਨਹੀਂ ਹੋਏ। ਹੁਣ ਜੇ ਇਕ ਹਵੇਲੀ ਦਾ ਐਮ.ਡੀ. ਹਾਲਾਤ ਨੂੰ ਸਮਝਦਿਆਂ ਵੇਲੇ ਸਿਰ ਸੁਰੱਖਿਆ ਦੇ ਢੁਕਵੇਂ ਪ੍ਰਬੰਧ ਕਰ ਸਕਦਾ ਹੈ ਤਾਂ ਪੰਜਾਬ ਦੇ ਨੇਤਾ ਕਿਉਂ ਨਹੀਂ? ਸ਼ਾਇਦ ਉਨ੍ਹਾਂ ਨੇ ਪੰਜਾਬ ਨਾਲੋਂ ਆਪਣੀਆਂ ਬੱਸਾਂ ਨੂੰ ਸੁਰਖਿਆ ਪਹਿਲਾਂ ਦੇਣੀ ਠੀਕ ਸਮਝਿਆ। ਸਵਾਲ ਇਹ ਵੀ ਹੈ ਕਿ ਹਿੰਸਕ ਘਟਨਾਵਾਂ ਦੌਰਾਨ ਪੁਲਿਸ ਦੀਆਂ ਦੰਗਾ ਨਿਰੋਧਕ ਗੱਡੀਆਂ ਅਤੇ ਪਾਣੀ ਤੋਪਾਂ ਕਿੱਥੇ ਸਨ? ਉਹ ਵੀ ਸ਼ਾਇਦ ਪੜ੍ਹੇ ਲਿਖੇ ਮਾਸਟਰਾਂ ਤੇ ਚਲਾਉਣ ਲਈ ਹੈ ਨਾ ਕਿ ਅਨਪੜ੍ਹ ਤੇ ਰੂੜ੍ਹੀਵਾਦੀ ਗੁੰਡਿਆਂ ਲਈ।

ਪਹਿਲਾਂ ਅਰਬਾਂ ਰੁਪਇਆ ਦਾ ਨੁਕਸਾਨ ਕਰਵਾ ਲਿਆ, ਹੁਣ ਸਰਕਾਰ ਵੱਲੋਂ ਨਿਜੀ ਜਾਇਦਾਦ ਦੇ ਨੁਕਸਾਨ ਲਈ ਮੁਆਵਜ਼ੇ ਦਾ ਐਲਾਨ ਕਰ ਦਿੱਤਾ ਗਿਆ। ਕਰੋੜਾਂ ਰੁਪਏ ਮਿਸ਼ਨ 'ਪੰਜਾਬ ਵਾਪਸੀ' ਲਈ ਖ਼ਰਚ ਕਰ ਦਿੱਤੇ ਗਏ। ਜਦੋਂ ਪੰਜਾਬ ਦੇ ਅੰਨਦਾਤਾ ਦੀ ਬਾਰੀ ਆਵੇਗੀ ਤਾਂ ਕਹਿ ਦਿੱਤਾ ਜਾਵੇਗਾ ਕਿ ਖ਼ਜ਼ਾਨਾ ਖ਼ਾਲੀ ਹੈ।

"ਸ਼ਾਬਾਸ਼ ਸਾਡੇ ਅਖੌਤੀ ਪੰਜਾਬੀਓ!"

... ਅੱਗੇ ਪੜ੍ਹੋ