ਬੀਬੀ ਕਮਲੇਸ਼ ਅਹੀਰ ਦੇ ਨਾਂ ਖੁੱਲ੍ਹਾ ਖਤ - ਵਿਸ਼ਾਲ ਇਟਲੀ

ਜਦ ਤੁਹਾਡੇ ਬੋਲਾਂ ਦਾ ਪੂਰੀ ਦੁਨੀਆਂ ਵਿਚ ਰੌਲਾ ਪੈ ਗਿਆ ਤੇ ਤੁਹਾਡੇ ਵੱਲੋਂ ਕਹੇ - ਅਣਕਹੇ ਸ਼ਬਦ ਤੇ ਸ਼ਬਦਾਂ ਅੰਦਰ ਲੁਕੇ ਡੂੰਘੇ ਅਰਥ ਸੂਝਵਾਨ ਲੋਕਾਂ ਨੇ ਸਮਝੇ ਤੋਂ ਉਸ ਤੋਂ ਬਾਅਦ ਹੋਏ ਪ੍ਰਤੀਕਰਮ ਤੋਂ ਬਾਅਦ ਇਹ ਕਹਿਣਾ ਕਿ ਮੈਂ ਸਿੱਖ ਧਰਮ ਬਾਰੇ ਅਪਸ਼ਬਦ ਨਹੀਂ ਬੋਲ ਸਕਦੀ , ਕਿੰਨੀ ਹਾਸੋਹੀਣੀ ਗੱਲ ਹੈ ਕਿ ' ਜੇਕਰ ਸਿੱਖ ਕੌਮ ਨੂੰ ਠੇਸ ਪਹੁੰਚੀ ਹੈ ਤੇ ਮੈਂ ਖਿਮਾ ਦੀ ਜਾਚਕ ਹਾਂ' ਤੁਸੀਂ ਇਹ ਕਹਿ ਕੇ ਆਪਣੇ ਆਪ ਇਸ ਸਾਰੇ ਵਰਤਾਰੇ ਤੋਂ ਵੱਖ ਕਰ ਲਿਆ ਪਰ ਦੋਸ਼ ਤੋਂ ਮੁਕਤ ਨਹੀਂ ਹੋ ਸਕਦੇ।

ਤੁਸੀਂ ਆਪਣੇ ਭਾਸ਼ਣ ਵਿਚ ਸਭ ਤੋਂ ਪਹਿਲਾਂ ਸਿੱਖ ਧਰਮ ਬੁਰੀ ਤਰ੍ਹਾਂ ਨਕਾਰਿਆ ਸੀ ਕਿ '' ਗੁਰੂ ਗੋਬਿੰਦ ਸਿੰਘ ਨੇ ਨਵਾਂ ਕੀ ਕੀਤਾ ? , ਸਿੱਖਾ ਲਫਜ਼ ਆਇਆ ਕਿੱਥੋਂ ? , ਕੇਸਰੀ ਰੰਗ ਕਿੱਥੋਂ ਆਇਆ ? , ਪੰਜ ਪਿਆਰੇ ਪੰਜ ਭਿਕਸ਼ੂਆਂ ਦੀ ਕਾਪੀ ਹੈ , ਇਹ ਅਜੇ ਵੀ ਕ੍ਰਿਪਾਨਾਂ ਪਾਈ ਫਿਰਦੇ ਆ ਜਦ ਕਿ ਮਿਜਾਇਲਾਂ ਦਾ ਜਮਾਨਾਂ ਆ ਗਿਆ ਬਗੈਰਾ ਬਗੈਰਾ '' ਤੁਸੀਂ ਤੇ ਪੰਜ ਪਿਆਰਿਆਂ ਦੇ ਇਤਿਹਾਸੀ ਤੱਤਾਂ ਦਾ ਵੀ ਮਖੌਲ ਉਡਾਇਆ ਸੀ ਤੇ ਹੁਣ ਕਹਿ ਰਹੇ ਹੋ ''ਕਿ ਦਸ਼ਮੇਸ਼ ਪਿਤਾ ਜੀ ਨੇ ਪੰਜ ਪਿਆਰੇ ਸਾਜ ਕੇ ਜਾਤ ਪਾਤ ਨੂੰ ਖਤਮ ਕਰਨ ਦੀ ਕੋਸ਼ਿਸ ਕੀਤੀ ਸੀ ''

ਹੁਣ ਤੁਸੀਂ ਸ਼ਪਸ਼ਟੀਕਰਨ ਦਿੰਦਿਆ ਕਹਿ ਰਹੇ ਹੋ ਕਿ ਤੁਸੀ ਆਪਣੇ ਆਪ ਨੂੰ ਕਦੀ ਵਿਦਵਾਨ ਬਣਨ ਦੀ ਕੋਸ਼ਿਸ ਨਹੀਂ ਕੀਤੀ ਤੇ ਨਾ ਹੀ ਮੈਂ ਹਾਂ । ਤੁਸੀਂ ਆਪਣੇ ਭਾਸ਼ਣ ਵਿਚ ਸਾਹਮਣੇ ਬੈਠੇ ਦਰਸ਼ਕਾਂ ਨੂੰ ਕਹਿ ਰਹੇ ਸੀ ਕਿ '' ਤੁਹਾਨੂੰ ਕੁਝ ਨਹੀਂ ਪਤਾ ਜਾਂ ਤੁਹਾਡਾ ਦਿਮਾਗ ਹੀ ਕੰਮ ਨਹੀਂ ਕਰਦਾ '' ਜਦੋਂ ਅਸੀਂ ਦੂਸਰੇ ਦੀ ਸਮਝ ਤੇ ਕਿੰਤੂ ਪ੍ਰੰਤੂ ਕਰਦੇ ਹਾਂ ਤੇ ਆਪਣੇ ਆਪ ਨੂੰ ਵਿਦਵਾਨ ਹੀ ਸਿੱਧ ਕਰ ਰਹੇ ਹੁੰਦੇ ਹਾਂ । ਇਸ ਵਿਚ ਮੀਡੀਏ ਨੇ ਕੋਈ ਕੋਝੀ ਸਾਜਿਸ਼ ਨਹੀਂ ਰਚੀ ਕਿ ਤੁਹਾਨੂੰ ਗੁਰੂ ਸਾਹਿਬਾਨਾਂ ਦੇ ਵਿਰੋਧੀ ਦਰਸਾਇਆ ਗਿਆ। ਜੋ ਤੁਸੀਂ ਕਿਹਾ ਓਹੀ ਤੇ ਲੋਕਾਂ ਨੇ ਸੁਣਿਆ ਤੇ ਤੁਹਾਡੇ ਵਿਚਾਰ ਕਿਸੇ ਪੱਤਰਕਾਰ ਨੇ ਤ੍ਰੋੜ ਮ੍ਰੋੜ ਕੇ ਪੇਸ਼ ਨਹੀਂ ਕੀਤੇ ਜੋ ਕੁਝ ਤੁਸੀਂ ਬੋਲਿਆ ਉਸ ਦੀ ਵੀਡੀਓ ਹੀ ਤਾਂ ਸੀ ਜੋ ਪੂਰੀ ਦੁਨੀਆਂ ਵਿਚ ਬੈਠੇ ਪੰਜਾਬੀਆਂ ਨੇ ਸੁਣੀ ਦੇਖੀ । ਮੈਨੂੰ ਤੁਹਾਡੀ ਸਿਆਣਪ ਤੇ ਕਿਸੇ ਵੀ ਤਰ੍ਹਾਂ ਦੀ ਕੋਈ ਸ਼ੰਕਾ ਨਹੀਂ ਹੈ ਪਰ ਦੁੱਖ ਜਰੂਰ ਹੋਇਆ ਓਸ ਦਾ ਜੋ ਮੈਂ ਸੁਣਿਆ ।

ਸਾਨੂੰ ਆਪਣੇ ਗੁਰੂ ਦੇ ਮਿਸ਼ਨ ਬਾਰੇ ਪ੍ਰਚਾਰ ਕਰਨ ਦਾ ਪੂਰਾ ਹੱਕ ਹੈ , ਪਰ ਕਿਸੇ ਧਰਮ ਦੀ ਫਿਲਾਸਫੀ ਤੇ ਕਿੰਤੂ ਕਰਨਾ ਕੋਈ ਚੰਗੀ ਗੱਲ ਨਹੀਂ ਹੈ । ਰਾਵਣ ਦੇ ਪੁੱਤਲੇ ਨੂੰ ਜਲਾਉਣ ਦੀ ਗੱਲ ਜਾਂ ਆਪਣੇ ਹੱਕਾਂ ਨੂੰ ਪ੍ਰਾਪਤ ਕਰਨ ਲਈ ਸੰਘਰਸ਼ ਜਿਹੜੀ ਤੁਹਾਡੀ ਸੋਚ ਵਿਚ ਬੈਠੀ ਹੋਈ ਹੈ ਮੈਂ ਤੇ ਵਰਗੇ ਹਰ ਇਸ ਦੀ ਕਦਰ ਕਰਦੇ ਹਨ , ਪਰ ਬਹੁਤ ਉੱਚੀ ਬੋਲ ਕੇ ਆਪਣੀ ਗੱਲ ਸਮਝਾਉਣ ਨਾਲੋਂ ਧੀਮੇ ਬੋਲ ਕਿਤੇ ਕਾਰਗਰ ਸਾਬਤ ਹੁੰਦੇ ਨੇ ਪਰ ਜਿਸ ਕਿਸੇ ਨੇ ਵੀ ਤੁਹਾਡੀ ਸਪੀਚ ਕੱਟ ਕੇ ਪੇਸ਼ ਕੀਤੀ ਹੈ ਉਸ ਕੋਲ ਪੂਰੀ ਡੀ. ਵੀ. ਡੀ ਵੀ ਤਾਂ ਪਈ ਹੋਵੇਗੀ , ਛੇਤੀ ਹੀ ਉਸ ਦਾ ਪ੍ਰਬੰਧ ਕਰਕੇ ਲੋਕਾਂ ਦੇ ਸਾਹਮਣੇ ਰੱਖੋ ਜਾਂ ਕਿਸੇ ਚੈਨਲ ਤੇ ਪੂਰੀ ਚਲਾਓ ਤੇ ਲੋਕਾਂ ਨੂੰ ਦੱਸੋ ਕਿ ਮੈਂ ਸਮੁੱਚੇ ਰੂਪ ਵਿਚ ਇਹ ਕਹਿਣਾ ਚਾਹੁੰਦੀ ਹਾਂ , ਆਪੇ ਹੀ ਸਾਰੇ ਤੱਥ ਸਾਹਮਣੇ ਆ ਜਾਣਗੇ ।

ਜ੍ਹਿਂਨਾਂ ਲੋਕਾਂ ਨੇ ਤੁਹਾਡੀ ਸਪੀਚ ਤੇ ਕਿੰਤੂ ਕੀਤਾ ਜੇ ਫਿਰ ਵੀ ਉਹਨਾਂ ਦੀ ਤਸੱਲੀ ਨਾ ਹੋਈ ਤਾਂ ਫਿਰ ਜੁਆਬ ਤੇ ਤੁਹਾਨੂੰ ਹੀ ਦੇਣਾ ਪਏਗਾ । ਨਾਲੇ ਕੱਟੀ ਹੋਈ ਕਿਹੜੀ ਸਪੀਚ ਲੋਕਾਂ ਨੇ ਸੁਣੀ ਹੈ ਜੇ ਤੁਹਾਨੂੰ ਆਪਣੇ ਆਪ ਤੇ ਪੂਰਾ ਯਕੀਨ ਹੈ ਕਿ ਮੈਂ ਜੋ ਕਿਹਾ ਉਹ ਕਿਸੇ ਵੀ ਧਰਮ ਦੇ ਖਿਲਾਫ ਨਹੀਂ ਹੈ ਤੇ ਉਸ ਦੇ ਕੱਟੇ ਹੋਏ ਹਿੱਸੇ ਦਾ ਪ੍ਰਬੰਧ ਕਰੋ । ਆਪਣੇ ਆਪ ਨੂੰ ਸੱਚਾ ਸਾਬਤ ਕਰਨ ਲਈ ਸਿਰ ਤਲੀ 'ਤੇ ਵੀ ਰੱਖਣੇ ਪੈਂਦੇ ਹਨ ਬਾਕੀ ਤੁਸੀਂ ਸਿੱਖ ਕੌਮ ਤੋਂ ਮੁਆਫੀ ਤੇ ਮੰਗ ਹੀ ਲਈ ਹੈ ਤੇ ਇਹ ਕੌਮ ਬੜੀ ਭੋਲੀ ਤੇ ਦਿਆਲੂ ਹੈ । ਸੰਗਤੀ ਸੇਵਾ ਲਾ ਕੇ ਮੁਆਫ ਕਰਕੇ ਸਭ ਨੂੰ ਗਲੇ ਲਗਾਉਂਦੀ ਹੈ।

ਮੁਆਫੀ ਮੰਗਦਾ ਹੋਇਆ
ਵਿਸ਼ਾਲ ਇਟਲੀ
ਸੰਪਾਦਕ ਇੰਡੋ ਇਟਾਲੀਅਨ ਯੌਰਪ ਟਾਈਮਜ਼

ਮੈਂ ਖਿਮਾਂ ਦੀ ਜਾਚਕ ਹਾਂ - ਕਮਲੇਸ਼ ਅਹੀਰ