ਪਿਛਲੇ ਕੁਝ ਦਿਨਾਂ ਤੋ ਮੀਡੀਏ ਵਿੱਚ ਜੋ ਕੁਝ ਕਮਲੇਸ ਅਹੀਰ ਦੇ ਵਿਚਾਰਾਂ ਵਾਰੇ ਚਰਚਾ ਕੀਤੀ ਜਾ ਰਹੀ ਹੈ। ਅਸੀ ਸੱਭ ਤੋ ਪਹਿਲਾਂ ਜਾਣਕਾਰੀ ਦੇ ਤੌਰ ਤੇ ਦੱਸ ਦੇਣਾ ਜਰੂਰੀ ਸਮਝਦੇ ਹਾਂ ਜਿਸ ਦਿਨ ਇਹ ਪ੍ਰੋਗਰਾਮ ਕੀਤਾ ਗਿਆ ਸੀ ਉਸ ਪ੍ਰੋਗਰਾਮ ਵਿੱਚ ਯੌਰਪ ਦਾ ਸਾਰਾ ਮੀਡੀਆ ਜਿਸ ਵਿੱਚ ਰਿਆਤ ਟੀ ਵੀ ,ਵੀਨਸ ਟੀ ਵੀ ਅਤੇ ਰਾਜ ਰੇਡੀਓ ਪਹੁੰਚਿਆ ਹੋਇਆ ਸੀ। ਜਿਸ ਦਾ ਸਿੱਧਾ ਪ੍ਰਸਾਰਣ ਰਾਜ ਰੇਡੀਓ ਤੋ ਕੀਤਾ ਗਿਆ ਸੀ। ਇਸ ਤੋ ਇਲਾਵਾ ਇਹ ਪ੍ਰੋਗਰਾਮ ਯੌਰਪ ਵਿੱਚ ਇਸ ਹਫਤੇ ਰਿਆਤ ਟੀ ਵੀ ਉਤੇ ਵੀ ਵਿਖਾਇਆ ਗਿਆ। ਇਹ ਪ੍ਰੋਗਰਾਮ ਭਾਰਤ ਰਤਨ ਡਾ: ਬੀ ਆਰ ਅੰਬੇਦਕਰ ਦੇ ਜ਼ਨਮ ਦੇ ਸਬੰਧ ਵਿੱਚ 20 ਅਪਰੈਲ 2008 ਨੂੰ ਬੈਰਗਾਮੋ ਇਟਲੀ ਵਿਖੇ ਮਨਾਇਆ ਗਿਆ ਸੀ। ਉਸ ਵਕਤ ਕਿਸੇ ਨੇ ਵੀ ਕੋਈ ਇਤਰਾਜ ਜਾਂ ਟਿਪਣੀ ਨਹੀ ਕੀਤੀ।
ਅੱਜ ਲੱਗ ਭੱਗ ਡੇਢ ਸਾਲ ਬਾਅਦ ਕਿਸੇ ਸ਼ਰਾਰਤੀ ਅਨਸਰ ਨੇ ਯੂ ਟੂਬੇ ਤੇ ਇਹ ਵੀਡੀਓ ਪਾ ਕੇ ਵਿਆਨਾਂ ਕਾਂਢ ਨੂੰ ਮੁੱਖ ਰੱਖ ਕੇ ਇਹ ਸ਼ਰਾਰਤ ਕੀਤੀ ਹੈ। ਜੋ ਲੋਕ ਇਹ ਨਹੀ ਚਾਹੁੰਦੇ ਕਿ ਸਾਡੇ ਵਿੱਚ ਆਪਸੀ ਸਾਂਝ ਬਣੀ ਰਹੇ। ਆਪਸੀ ਭਾਈ ਚਾਰੇ ਨੂੰ ਖਰਾਬ ਕਰਕੇ ਨਫਰਤ ਪੈਦਾ ਕੀਤੀ ਗਈ ਹੈ। ਜੋ ਕਮਲੇਸ ਅਹੀਰ ਨੇ ਵਿਚਾਰ ਦਿੱਤੇ ਸਨ ਜੇ ਕਰ ਉਨਾਂ ਦੀ ਪੂਰੀ ਵੀਡੀਓ ਵੇਖੀ ਜਾਵੇ ਤਾਂ ਪਤਾ ਲਗਦਾ ਹੈ ਕਿ ਉਨਾਂ ਦੀ ਗੁਰੂਆਂ ਪ੍ਰਤੀ ਕਿੰਨੀ ਇੱਜਤ ਤੇ ਸਰਧਾ ਹੈ। ਉਸ ਨੇ ਸਾਡੀ ਕੌਮ ਨੂੰ ਆਪਣੇ ਵਿਚਾਰਾਂ ਰਾਂਹੀ ਸਮਝਾਉਦੇ ਹੋਏ ਕਿਹਾ ਕਿ ਮਹਾਤਮਾਂ ਬੁੱਧ ਨੇ ਆਪਣੇ ਸਮੇ ਜਾਤ ਪਾਤ ਨੂੰ ਤੋੜਨ ਲਈ ਅਤੇ ਆਪਸੀ ਭਾਈਚਾਰੇ ਨੂੰ ਵਧਾਉਣ ਲਈ ਸੰਘਰਸ਼ ਕੀਤਾ। ਉਸ ਤੋ ਬਾਅਦ ਸਾਡੇ ਗੁਰੂਆਂ ਨੇ ਵੀ ਜ਼ੁਲਮ ਅਤੇ ਜ਼ਾਲਮ ਖਿਲਾਫ ਆਪਣੀ ਅਵਾਜ਼ ਬੁਲੰਦ ਕਰਕੇ ਗਰੀਬ ਤੇ ਮਜਲੂਮ ਨੂੰ ਬਰਾਬਰ ਦਾ ਅਧਿਕਾਰ ਦੇਣ ਲਈ ਵੱਡੀ ਪੱਧਰ ਤੇ ਕੰਮ ਕੀਤਾ।
ਗੁਰੂਆਂ ਦੀ ਇਸ ਲਹਿਰ ਨੂੰ ਡਾ: ਬੀ ਆਰ ਅੰਬੇਦਕਰ ਨੇ ਅੱਗੇ ਵਧਾਇਆ। ਉਸ ਤੋ ਬਾਅਦ ਕਾਂਸੀ ਰਾਮ ਨੇ ਵੀ ਗੁਰੂ ਸਹਿਬਾਨ ਦੀ ਸੱਚੀ ਤੇ ਸੁਚੀ ਵਿਚਾਰਧਾਰਾ ਤੋ ਸੇਧ ਲੈ ਕੇ ਦਲਿੱਤਾਂ ਦੇ ਹੱਕਾਂ ਲਈ ਕੰਮ ਕੀਤਾ। ਪੂਰਾ ਜਗਤ ਜਾਣਦਾ ਹੈ ਕਿ ਡਾ: ਬੀ ਆਰ ਅੰਬੇਦਕਰ ਸੰਸਥਾਵਾਂ ਗੁਰੂਆਂ ਦੀ ਵਿਚਾਰ ਧਾਰਾ ਨੂੰ ਮੁਖ ਰੱਖਕੇ ਆਪਣੇ ਮਿਸ਼ਨ ਨੂੰ ਅੱਗੇ ਵਧਾ ਰਹੀਆਂ ਹਨ। ਅਸੀ ਕਦੇ ਵੀ ਕਿਸੇ ਧਰਮ ਦਾ ਵਿਰੋਧ ਨਹੀ ਕੀਤਾ। ਪਰ ਮੰਨੂਵਾਦੀ ਸਿਸਟਮ ਨੇ ਮੰਨੂ ਸਿਮਰਤੀ ਦੇ ਅਧਾਰ ਤੇ ਦਲਿੱਤਾਂ ਉਪਰ ਕਾਲੇ ਕਾਨੂੰਨ ਥੱਪਣ ਕਰਕੇ ਉਸ ਦਾ ਡੱਟ ਕੇ ਵਿਰੋਧ ਕੀਤਾ। ਅਸੀ ਭਾਰਤ ਵਿੱਚ ਸੱਭ ਤੋ ਲਿਤਾੜੇ ਤੇ ਦੁਖੀ ਲੋਕ ਹਾਂ। ਅੱਜ 21 ਵੀ ਸਦੀ ਵਿੱਚ ਅਸੀ ਆਪਣੇ ਹੱਕਾਂ ਦੀ ਰਾਖੀ ਕਰਦੇ ਹਾਂ ਤਾਂ ਸਾਡੀ ਹੱਕ ਸੱਚ ਦੀ ਅਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾਦੀ ਹੈ। ਅਤੇ ਸਾਨੂੰ ਹੀ ਜੁਲਮ ਦਾ ਸ਼ਿਕਾਰ ਹੋਣਾ ਪੈਂਦਾ ਹੈ। ਅਸੀਂ ਸਮੁੱਚੇ ਸਮਾਜ ਨੂੰ ਬੇਨਤੀ ਕਰਦੇ ਹਾਂ ਕਿ ਜਿਸ ਸਿਸਟਮ ਵਿੱਚ ਅਸੀ ਕੰਮ ਕਰ ਰਹੇ ਹਾਂ ਉਹ ਮੰਨੂਵਾਦੀ ਸਿਸਟਮ ਬਹੁਤ ਹੀ ਚਲਾਕ ਦਿਮਾਗ ਹੈ ਜੋ ਸਾਡੀ ਆਪਸੀ ਸਾਂਝ ਨੂੰ ਤੋੜ ਕੇ ਨਫ਼ਰਤ ਪੈਦਾ ਕਰ ਰਿਹਾ ਹੈ। ਜਿਹੜੀ ਸਾਡੀ ਲੜਾਈ ਸਮਤਾ, ਸਮਾਨਤਾ ਤੇ ਬਰਾਬਰਤਾ ਦੀ ਹੈ ਉਸ ਤੋ ਸਾਡਾ ਧਿਆਨ ਤੋੜ ਕੇ ਸਾਨੂੰ ਆਪਸੀ ਟਕਰਾਅ ਵੱਲ ਤੋਰਨ ਦਾ ਯਤਨ ਹੋ ਰਿਹਾ ਹੈ। ਸਾਨੂੰ ਇਸ ਪ੍ਰਤੀ ਕਿਸੇ ਵੀ ਮੀਡੀਏ ਵਿੱਚ ਬਿਆਨ ਦੇਣ ਤੋ ਗਰੇਜ ਕਰਨਾਂ ਚਾਹੀਦਾ ਹੈ ਜੋ ਸਾਡੇ ਵਿੱਚ ਨਫਰਤ ਅਤੇ ਲੜਾਈ ਪੈਦਾ ਕਰੇ।
ਫਿਰ ਵੀ ਅਗਰ ਸਿੱਖ ਭਾਈਚਾਰੇ ਨੂੰ ਠੇਸ ਪਹੁੰਚੀ ਹੈ ਤਾਂ ਅਸੀ ਖਿਮਾ ਦੇ ਜਾਚਕ ਹਾਂ। ਸਾਡਾ ਮਕਸਦ ਕਿਸੇ ਨੂੰ ਵੀ ਠੇਸ ਪਹੁੰਚਉਣਾ ਨਹੀ ਹੈ। ਅਸੀ ਕੋਸ਼ਿਸ ਕਰਾਗੇ ਕਿ ਅੱਗੇ ਤੋਂ ਤਿੱਖੇ ਸ਼ਬਦਾਂ ਦਾ ਇਸਤੇਮਾਲ ਨਾ ਕੀਤਾ ਜਾਵੇ।
ਵੱਲੋ:- ਭਾਰਤ ਰਤਨ ਬਾਲਾ ਸਾਹਿਬ ਡਾ: ਬੀ ਆਰ ਅੰਬੇਦਕਰ ਐਸੋਸੀਏਸ਼ਨ ਰਜਿ: ਇੱਟਲੀ