ਬੀਬੀ ਨੂੰ ਨਫਰਤ ਫੈਲਾਉਣ ਦੀ ਕੀ ਜ਼ਰੂਰਤ ਹੈ? - ਰਾਜਵੀਰ ਕੌਰ, ਸਪੇਨ
ਬਾਰਸਿਲੋਨਾ: 17 ਜੁਲਾਈ: ਰਾਜਵੀਰ: ਇਹ ਲੇਖ ਮੈਂ ਉਨ੍ਹਾਂ ਵੀਰਾਂ ਅਤੇ ਭੈਣਾਂ ਵਾਸਤੇ ਲਿਖ ਰਹੀ ਜੋ ਮੇਰੇ ਨਾਲ ਇਸ ਕਰਕੇ ਨਿਰਾਸ਼ ਹਨ ਕਿਉਂਕਿ ਮੈ ਬੀਬੀ ਕਮਲੇਸ਼ ਅਹੀਰ ਦੇ ਭਾਸ਼ਣ ਦੇਣ ਦੇ ਲਹਿਜੇ ਨੂੰ ਨਫਰਤ ਭਰਪੂਰ, ਖੁਦਗਰਜ਼, ਭੜਕਾਊ ਤੇ ਨਿਹਾਇਤ ਸ਼ਰਮਨਾਕ ਕਿਸਮ ਦਾ ਕਿਹਾ ਅਤੇ ਸਤਿਕਾਰਯੋਗ ਸ਼੍ਰੀਮਤੀ ਕਮਲੇਸ਼ ਅਹੀਰ ਨੂੰ ਨਿਹਾਇਤ ਬਦਤਮੀਜ਼ ਔਰਤ ਦਾ ਖਿਤਾਬ ਬਖਸ਼ਿਆ ਕਿਉਂਕਿ ਉਨ੍ਹਾਂ ਨੂੰ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁਚਾਉਣ ਦਾ ਕੋਈ ਹੱਕ ਨਹੀਂ ਹੈ । ਉਹ ਆਪਣੇ ਧਰਮ ਦਾ ਪ੍ਰਚਾਰ ਜੀ ਸਦਕੇ ਜਿਦ੍ਹਾਂ ਮਰਜ਼ੀ ਕਰਨ ਪਰ ਉਹ ਕਿਸੇ ਧਰਮ ਜਾਂ ਜਾਤ ਦੀ ਨਿੰਦਾ ਜਾਂ ਆਲੋਚਨਾ ਨਾ ਕਰਨ ਅਤੇ ਕਿਸੇ ਹੋਰ ਧਰਮ ਦੀ ਨਕਲ ਨਾ ਦਸੱਣ। ਵੀਡੀੳ ਦੇ ਮੁਤਾਬਕ ਇਹ ਬੀਬੀ ਜੀ ਤੇ ਰੱਬ ਨੂੰ ਮੰਨਦੀ ਨਹੀਂ ਹੈ ਪਰ ਫਿਰ ਵੀ ਮੈ ਕਹਿਣਾ ਚਾਹੁੰਦੀ ਹਾਂ ਕਿ ਰੱਬ ਇੱਕ ਹੀ ਹੈ, ਪਰ ਧਰਮ ਇਕ ਵਿਸ਼ਵਾਸ ਹੈ ਜੋ ਬੰਦੇ ਨੂੰ ਸਚਾਈ ਦੇ ਰਾਹ ਤੇ ਚਲੱਣ ਲਈ ਪ੍ਰੇਰਨਾ ਦਿੰਦਾ ਹੈ ਅਤੇ ਜਿਵੇਂ ਅਸੀਂ ਸਾਰੇ ਜਾਣਦੇ ਹਾਂ ਕਿ ਆਦਰਯੋਗ ਡਾ. ਬੀ.ਆਰ.ਅੰਬੇਦਕਰ ਨੇ ਸਾਡੇ ਦੇਸ਼ ਦਾ ਸਵਿੰਧਾਨ ਲਿਖਿਆ ਜਿਸ ਵਿਚ ਲਿਖਿਆ ਹਰ ਬੰਦੇ ਨੂੰ ਕੋਈ ਵੀ ਧਰਮ ਬਦਲਣ ਜਾਂ ਅਪਨਾੳਣ ਦਾ ਹੱਕ ਹੈ।
ਰਹੀ ਗੱਲ ਭਾਰਤੀ ਸਮਾਜ ਵਿੱਚ ਦਲਿਤਾਂ ਦੀ ਇਸ ਗੱਲ ਨਾਲ ਹਰ ਵਿਆਕਤੀ ਸਹਿਮਤ ਹੈ ਕਿ ਉਹਨਾਂ ਦੇ ਨਾਲ ਸਦੀਆਂ ਤੋਂ ਵਿਤਕਰਾ ਹੁੰਦਾ ਰਿਹਾ ਹੈ ਪਰ ਅੱਜ ਹਲਾਤ ਬਦਲ ਚੁੱਕੇ ਹਨ। ਅੱਜ ਜੇਕਰ ਕੋਈ ਕਿਸੇ ਲਈ ਜਾਤੀ ਸੂਚਕ ਸ਼ਬਦ ਵੀ ਵਰਤਦਾ ਹੈ ਤਾਂ ਉਸ ਲਈ ਭਾਰਤੀ ਸੰਵਿਧਾਨ ਵਿੱਚ ਸਜ਼ਾ ਆਇਦ ਹੈ। ਪੂਰੇ ਭਾਰਤ ਦੀ ਗੱਲ ਨਾ ਕਰਕੇ ਮੈਂ ਜੇ ਸਿਰਫ ਪੰਜਾਬ ਦੀ ਗੱਲ ਕਰਾਂ ਤਾਂ ਅੰਕੜੇ ਇਹ ਦੱਸਦੇ ਹਨ ਕਿ ਪੰਜਾਬ ਦੇ ਖੇਤਾਂ ਦਾ ਰਾਜਾ ਜੱਟ ਆਰਥਿਕ ਤੌਰ ਤੇ ਦਲਿਤਾਂ ਨਾਲੋਂ ਵੀ ਪਿੱਛੇ ਚਲਾ ਗਿਆ ਹੈ? ਇਹ ਬੀਬੀ ਕਮਲਿਆਂ ਵਾਂਗ ਸਟੇਜ ਤੇ ਵਾਲ ਖਿਲਾਰ ਕਿਸ ਨਵੇਂ ਇਤਿਹਾਸ ਨੂੰ ਸਿਰਜਣਾ ਚਾਹੰਦੀ ਹੈ, ਮੈਂ ਇਹ ਜਾਨਣਾ ਚਾਹੁੰਦੀ ਹਾਂ। ਇਹ ਬੀਬੀ ਡਾ. ਬੀ.ਆਰ.ਅੰਬੇਦਕਰ ਦੀਆਂ ਸਿਖਿਆਵਾਂ ਦਾ ਪ੍ਰਚਾਰ ਕਰੇ ਜਾਂ ਬੁੱਧ ਧਰਮ ਦੀਆਂ ਦਾ, ਪਰ ਕਰੇ ਕਿਸੇ ਢੰਗ ਨਾਲ ਤਾਂ ਜੋ ਦੂਸਰੇ ਧਰਮਾਂ ਦੇ ਲੋਕਾਂ ਦੇ ਮਨਾਂ ਨੂੰ ਠੇਸ ਨਾ ਪਹੁੰਚੇ । ਕੋਈ ਇਸ ਬੀਬੀ ਨੂੰ ਮੰਚ ਤੇ ਚੜਾਉਣ ਤੋਂ ਪਹਿਲਾਂ ਇਸ ਨੂੰ ਧਾਰਮਿਕ ਗੁਰੂਆਂ, ਦੇਵਤਿਆਂ ਅਤੇ ਪ੍ਰਚਾਰਕ ਵਿਚ ਫਰਕ ਸਮਝਾਵੇ ਅਤੇ ਇਸ ਨੂੰ ਥੋੜੀ ਜਿਹੀ ਤਮੀਜ਼ ਸਿਖਾਵੇ ਕਿ ਸਟੇਜ ਤੇ ਜਾ ਕਿ ਗਾਲ਼ਾਂ ਵਾਲੀ ਸ਼ਬਦਾਵਲੀ ਨਹੀਂ ਵਰਤਣੀ ਚਾਹੀਦੀ।
ਠੀਕ ਹੈ ਕਿ ਪਹਿਲਾਂ ਦਲਿਤਾਂ ਨਾਲ ਬੁਰਾ ਵਿਵਹਾਰ ਹੁੰਦਾ ਸੀ , ਪਰ ਉਹ ਸਭ ਅਜ਼ਾਦੀ ਤੋਂ ਪਹਿਲਾਂ ਦੀਆ ਗੱਲਾਂ ਹਨ। ਡਾ. ਬੀ.ਆਰ.ਅੰਬੇਦਕਰ ਨੇ ਸਾਡੇ ਦੇਸ਼ ਦਾ ਸੰਵਿਧਾਨ ਲਿਖਿਆ ਜਿਸ ਵਿਚ ਸਭ ਦੇ ਅਧਿਕਾਰ ਬਰਾਬਰ ਹਨ। ਮੈਨੂੰ ਇਹ ਬੀਬੀ ਕੋਈ ਇੱਕ ਅਧਿਕਾਰ ਦੱਸ ਦੇਵੇ ਜੋ ਦਲਿਤਾਂ ਕੋਲ ਬਾਕੀਆਂ ਦੇ ਮੁਕਾਬਲੇ ਘੱਟ ਹੈ। ਸਗੋਂ ਹਰ ਜਗ੍ਹਾ ਦਲਿਤਾਂ ਲਈ ਸੁਵਿਧਾਵਾਂ ਜਿਆਦਾ ਹਨ ਅਤੇ ਹਰ ਜਗ੍ਹਾ ਦਲਿਤਾਂ ਨੂੰ ਪਹਿਲ ਦਿੱਤੀ ਜਾਂਦੀ ਹੈ। ਅਤੇ ਮੈਨੂੰ ਇਹ ਬੀਬੀ ਇਹ ਵੀ ਦੱਸ ਦੇਵੇ ਕਿ ਬਾਕੀ ਜਾਤੀਆਂ ਨੂੰ ਵੀ ਇਹੋ ਜਿਹੀ ਕਹਿੜੀ ਸੁਵਿਧਾ ਜ਼ਿਆਦਾ ਹੈ ਜੋ ਦਲਿਤਾਂ ਨੂੰ ਨਹੀਂ ਹੈ।
ਅੱਜ ਦਾ ਭਾਰਤ 50 ਸਾਲ ਪਹਿਲਾਂ ਦੇ ਭਾਰਤ ਨਾਲੋਂ ਵੱਖਰਾ ਹੈ। ਰਹੀ ਗੱਲ ਅਮੀਰੀ ਤੇ ਗਰੀਬੀ ਦੀ ਦੁਨੀਆ ਵਿਚ ਅਜਿਹਾ ਕੋਈ ਦੇਸ਼ ਨਹੀਂ, ਕੋਈ ਜਗ੍ਹਾ ਨਹੀ ਜਿੱਥੇ ਅਮੀਰ ਗਰੀਬ ਨਾ ਹੋਣ। ਡਾ. ਬੀ.ਆਰ.ਅੰਬੇਦਕਰ ਜਿਨ੍ਹਾਂ ਨੂੰ ਅਸੀਂ ਇੱਕ ਫਿਲਾਸਫਰ, ਸਮਾਜ ਸੁਧਾਰਿਕ, ਸਕੋਲਰ, ਰਾਜਨੀਨਿਤ ਨੇਤਾ, ਆਰਥ ਸ਼ਾਸਤਰ ਵਿਗਿਆਨੀ ਦੇ ਰੂਪ ਵਿਚ ਜਾਣਦੇ ਹਨ, ਇਸ ਬੀਬੀ ਲਈ ਰੱਬ ਹਨ ਤਾਂ ਠੀਕ ਹੈ ਸਾਨੂੰ ਇਸ ਗੱਲ ਨਾਲ ਕੋਈ ਸ਼ਿਕਵਾ ਨਹੀਂ। ਪਰ ਇਸ ਬੀਬੀ ਨੂੰ ਕੋਈ ਹੱਕ ਨਹੀਂ ਕਿ ਇਹ ਗੁਰੂ ਨਾਨਕ ਦੇਵ ਜੀ ਅਤੇ ਦਸ਼ਮੇਸ਼ ਪਿਤਾ ਦਾ ਮੁਕਾਬਲਾ ਕਿਸੇ ਵੀ ਹੋਰ ਸ਼ਖਸੀਅਤ ਨਾਲ ਕਰੇ। ਜੇ ਬੀਬੀ ਦੀ ਆਪਣੀ ਸੋਚ ਮੁਤਾਬਕ ਇਸ ਵਿਚ ਕੋਈ ਫਰਕ ਨਹੀਂ ਹੈ ਤਾਂ ਇਹ ਇਸ ਸੋਚ ਨੂੰ ਆਪਣੇ ਤੱਕ ਸੀਮਿਤ ਰੱਖੇ ਨਾਂ ਕਿ ਜਨਤਕ ਤੌਰ ਤੇ ਬਦਤਮੀਜ਼ ਕਿਸਮ ਨਾਲ ਭਾਸ਼ਣ ਦੇ ਕਿ ਲੋਕਾਂ ਦੇ ਦਿਲਾਂ ਵਿਚ ਨਫਰਤ ਪੈਦਾ ਕਰੇ ਅਤੇ ਧਾਰਮਿਕ ਦੰਗੇ ਫਸਾਦਾਂ ਦੀ ਜੜ੍ਹ ਬਣੇ।
ਇਸ ਤਰਾਂ ਦੇ ਭਾਸ਼ਣ ਲੋਕਾਂ ਨੂੰ ਇਕੱਠੇ ਕਰਨ ਦੀ ਬਜਾਏ ਪਾੜਦੇ ਹਨ। ਬੀਬੀ ਪਬਲੀਸਿਟੀ ਚਹੁੰਦੀ ਹੈ ਤਾਂ ਕੋਈ ਹੋਰ ਤਰੀਕਾ ਵਰਤੇ, ਇਹ ਲੋਕਾਂ ਨੂੰ ਆਪਸ ਵਿਚ ਲੜਾਉਣ ਦਾ ਤਰੀਕਾ ਗਲਤ ਹੈ। ਇਸ ਬੀਬੀ ਦੀ ਸ਼ੋਹਰਤ ਉਦੋਂ ਜ਼ਿਆਦਾ ਹੋਵੇਗੀ ਜਦੋਂ ਇਹ ਲੋਕਾਂ ਵਿਚ ਏਕਤਾ ਦੀ ਅਪੀਲ ਕਰੇ ਨਾਂ ਕਿ ਨਿੰਦਾ ਕਰਕੇ ਨਫਰਤ ਦੇ ਬੀਜ ਬੀਜੇ। ਦੁਨੀਆ ਵਿਚ ਹਮੇਸ਼ਾ ਹਰ ਜਗ੍ਹਾ ਨਸਲੀ ਵਿਤਕਰੇ ਦੇ ਕੇਸ ਸਾਹਮਣੇ ਆਉਂਦੇ ਹਨ। ਪਰ ਇਹ ਸਮਝਦਾਰੀ ਨਹੀਂ ਕਿ ਕਿਸੇ ਜਾਤ ਲਈ ਜਨਤਕ ਤੌਰ ਤੇ ਗਲਤ ਸ਼ਬਦਾਬਲੀ ਵਰਤੀ ਜਾਵੇ। ਅੱਜ ਦੇ ਭਾਰਤ ਵਿਚ ਇਹੋ ਜਿਹਾ ਕੋਈ ਵੀ ਖੇਤਰ ਨਹੀਂ ਹੈ ਜਿੱਥੇ ਦਲਿਤਾਂ ਨੂੰ ਕਿਸੇ ਵੀ ਜਾਤ ਤੋਂ ਘੱਟ ਸਮਝਿਆ ਜਾਂਦਾ ਹੈ ਜਾਂ ਅਸ਼ੂਤ ਕਿਹਾ ਜਾਂਦਾ ਹੈ। ਜੇ ਇਹ ਗਲ੍ਹਾਂ ਹੁਣ ਸਾਡੇ ਦੇਸ਼ ਵਿਚ ਨਹੀਂ ਹੋ ਰਹੀਆਂ ਤਾਂ ਫਿਰ ਇਸ ਬੀਬੀ ਨੂੰ ਨਫਰਤ ਫੈਲਾਉਣ ਦੀ ਕੀ ਜ਼ਰੂਰਤ ਹੈ। ਇਸ ਬੀਬੀ ਵਲੋਂ ਘਟੀਆ ਸ਼ਬਦਾਬਲੀ ਅਤੇ ਲਹਿਜੇ ਵਿਚ ਸਿੱਖ ਧਰਮ ਨੂੰ ਕਿਸੇ ਹੋਰ ਧਰਮ ਦੀ ਨਕਲ ਦੱਸਣਾ ਇਕ ਪਬਲੀਸਿਟੀ ਸਟੰਟ ਜਾਂ ਲੋਕਾਂ ਵਿਚ ਨਫਰਤ ਪੈਦਾ ਕਰਨ ਦੀ ਸਾਜਿਸ਼ ਨਹੀਂ ਹੈ ਤਾਂ ਫਿਰ ਕੀ ਹੈ ।
ਬੀਬੀ ਬਾਹਰ ਬੈਠੀ ਹੈ, ਇਸ ਬੀਬੀ ਨੂੰ ਇਹੋ ਜਿਹੇ ਭਾਸ਼ਣ ਤੋਂ ਬਾਅਦ ਪੰਜਾਬ ਵਿਚ ਟ੍ਰੇਨਾਂ ਜਲਣ, ਦੰਗੇ ਫਸਾਦ ਹੋਣ ਜਾਂ ਲੋਕਾਂ ਦੇ ਬੱਚੇ ਅਨਾਥ ਹੋਣ ਕੋਈ ਫਰਕ ਨਹੀਂ ਪੈਣਾ, ਜਿਵੇਂ ਸਦੀਆਂ ਤੋਂ ਚੱਲਿਆ ਆ ਰਿਹਾ ਕਿ ਲੋਕ ਦੰਗੇ ਫਸਾਦਾਂ ਵਿਚ ਲੜ੍ਹ ਲੜ੍ਹ ਮਰ ਜਾਂਦੇ, ਲੀਡਰ ਇਹੋ ਜਿਹੇ ਭੜਕਾਊ ਭਾਸ਼ਣ ਦੇ ਕੇ ਏ.ਸੀ ਚਲਾ ਕਿ ਸੁੱਤੇ ਰਹਿੰਦੇ । ਇਸ ਤਰਾਂ ਦੇ ਹੀ ਇਰਾਦੇ ਇਸ ਬੀਬੀ ਦੇ ਲੱਗਦੇ ਹਨ । ਇਸ ਬੀਬੀ ਨੂੰ ਮੁਫਤ ਵਿਚ ਪਬਲੀਸਿਟੀ ਮਿਲ ਜਾਣੀ ਚੋਣਾਂ ਲੜਨ ਵਾਸਤੇ । ਸੋਚਿਆ ਜਾਵੇ ਤਾਂ 1984 ਵਿਚ ਸਿੱਖਾਂ ਨਾਲ ਕੀ ਨਹੀਂ ਬੀਤੀ, ਪਰ ਇਸ ਲਈ ਅਸੀਂ ਸਾਰੇ ਹਿੰਦੂ ਕੌਮ ਨੂੰ ਜਿੰਮੇਵਾਰ ਨਹੀਂ ਠਹਿਰਾ ਸਕਦੇ ਜਾਂ ਸਾਰੀ ਹਿੰਦੂ ਕੌਮ ਨੂੰ ਨਫਰਤ ਨਹੀਂ ਕਰ ਸਕਦੇ। ਇਦ੍ਹਾਂ ਹੀ ਜਦੋਂ ਹਿੰਦੂ ਜਾਂ ਮੁਸਲਮਾਨਾਂ ਨਾਲ ਬੇਇਸਾਫੀ ਹੁੰਦੀ ਹੈ ਤਾਂ ਉਸ ਵਾਸਤੇ ਕੁਝ ਕੁ ਸ਼ਰਾਰਤੀ ਅਨਸਰ ਜਿੰਮੇਵਾਰ ਹੁੰਦੇ ਹਨ ਪਰ ਉਸਦੀ ਸਜ਼ਾ ਸਾਰੀ ਭੋਲੀ ਭਾਲੀ ਜਨਤਾ ਨੂੰ ਕਿਉਂ ਮਿਲੇ।
ਹਜ਼ਾਰਾਂ ਸਿੱਖ 1984 ਤੋਂ ਬਾਅਦ ਹਾਲਾਤ ਤੋਂ ਮਜ਼ਬੂਰ ਹੋ ਆਪਣੇ ਬਣੇ ਬਣਾਏ ਘਰ ਜ਼ਮੀਨਾਂ ਛੱਡ ਕੇ ਦੇਸ਼ ਛਡੱਣ ਲਈ ਮਜ਼ਬੂਰ ਹੋ ਗਏ ਤੇ ਅੱਜ ਤੱਕ ਦੇਸ਼ ਵਾਪਸ ਨਹੀਂ ਜਾ ਸਕੇ । ਇਨ੍ਹਾਂ ਨੇ ਦਿਨ ਰਾਤ ਦੀ ਮਿਹਨਤ ਤੋਂ ਬਾਅਦ ਬਾਹਰਲੇ ਦੇਸ਼ਾਂ ਵਿਚ ਆ ਕੇ ਆਪਣੀ ਨਵੀਂ ਦੁਨੀਆ ਵਸਾ ਲਈ ਅਤੇ ਅੱਜ ਵਧੀਆ ਜ਼ਿੰਦਗੀ ਜੀ ਰਹੇ ਹਨ, ਇਹ ਉਨ੍ਹਾਂ ਦੀ ਆਪਣੀ ਮਿਹਨਤ ਦਾ ਨਤੀਜਾ ਹੈ । ਜੇ ਸਿੱਖਾਂ ਦੀ ਸਫਲਤਾ ਨਾਲ ਕਿਸੇ ਨੂੰ ਕੋਈ ਨਿਰਾਸ਼ਾ ਹੈ ਤਾਂ ਇਸ ਦਾ ਮਤਲਬ ਉਹ ਆਪਣੀ ਜ਼ਿੰਦਗੀ ਤੋਂ ਨਰਾਜ਼ ਹੈ ।
ਮੈਂ ਇਸ ਬੀਬੀ ਦਾ ਧਿਆਨ ਇੱਕ ਹੋਰ ਗੱਲ ਵੱਲ ਵੀ ਦਿਵਾਉਣਾ ਚਾਹੁਂਦੀ ਹਾਂ, ਹਰ ਬੰਦੇ ਨੂੰ ਆਪਣੀ ਕਿਸਮਤ ਤੇ ਮਿਹਨਤ ਦਾ ਫਲ ਮਿਲਦਾ ਹੈ , ਸਾਰੇ ਹਿੰਦੂ ਟਾਟਾ, ਬਿਰਲਾ, ਮਿਤੱਲ ਨਹੀਂ ਹਨ ਅਤੇ ਸਾਰੇ ਜੱਟ ਸਿੱਖ ਵੀ ਅਮੀਰ ਜਾਂ ਪੜ੍ਹੇ ਲਿਖੇ ਨਹੀਂ ਹਨ ਅਤੇ ਸਾਰਿਆਂ ਕੋਲ ਕਰੋੜਾਂ ਦੀ ਜ਼ਮੀਨ ਨਹੀਂ ਹੈ ਅਤੇ ਬੀਬੀ ਨੂਂ ਇਹ ਵੀ ਪਤਾ ਹੋਣਾਂ ਚਾਹੀਦਾ ਹੈ ਕਿ ਸਾਰੇ ਦਲਿਤ ਵੀ ਗਰੀਬ ਜਾਂ ਅਨਪੜ ਨਹੀਂ ਹੈ, ਪਰ ਬੀਬੀ ਦੇ ਲਹਿਜੇ ਤੋਂ ਇਹ ਪੜ੍ਹੀ ਲਿਖੀ ਅਨਪੜ੍ਹ ਜ਼ਰੂਰ ਲਗਦੀ ਹੈ।
ਲੇਖ ਲਿੰਕ