ਵਿਆਨਾ ਪੁਲਿਸ ਨੇ ਸਖ਼ਤ ਸੁਰੱਖਿਆ ਘੇਰੇ ...

ਵਿਆਨਾ ਪੁਲਿਸ ਨੇ ਸਖ਼ਤ ਸੁਰੱਖਿਆ ਘੇਰੇ 'ਚ ਰੱਖਿਆ ਪੰਜਾਬ ਤੋਂ ਗਈ ਟੀਮ ਨੂੰ

ਚੰਡੀਗੜ੍ਹ, 5 ਜੂਨ - (ਬਲਜੀਤ ਬੱਲੀ) - ਪੰਜਾਬ ਸਰਕਾਰ ਵੱਲੋਂ ਆਸਟਰੀਆ ਦੀ ਰਾਜਧਾਨੀ ਵਿਆਨਾ ਤੋਂ ਡੇਰਾ ਸਚਖੰਡ ਬੱਲਾਂ ਦੇ ਸੰਤ ਰਾਮਾਨੰਦ ਦੀ ਮ੍ਰਿਤਕ ਦੇਹ ਅਤੇ ਇਸ ਡੇਰੇ ਦੇ ਮੁਖੀ ਸੰਤ ਨਿਰੰਜਣ ਦਾਸ ਨੂੰ ਜ਼ਖ਼ਮੀ ਹਾਲਤ ਵਿਚ ਵਾਪਸ ਪੰਜਾਬ ਲਿਆਉਣ ਦੇ ਮਿਸ਼ਨ ਦੇ ਸਫ਼ਲਤਾਪੂਰਵਕ ਸਿਰੇ ਚੜ੍ਹ ਜਾਣ 'ਤੇ ਤਸੱਲੀ ਅਤੇ ਰਾਹਤ ਮਹਿਸੂਸ ਕੀਤੀ ਹੈ। ਭਾਵੇਂ ਕੁਝ ਹਲਕਿਆਂ ਵੱਲੋਂ ਇਸ ਫ਼ੈਸਲੇ 'ਤੇ ਕਿੰਤੂ ਪ੍ਰੰਤੂ ਵੀ ਕੀਤੇ ਗਏ ਅਤੇ ਹੈਰਾਨੀ ਵੀ ਜ਼ਾਹਿਰ ਕੀਤੀ ਗਈ ਸੀ, ਪਰ ਸਰਕਾਰ ਦਾ ਇਹੀ ਦਾਅਵਾ ਹੈ ਕਿ ਇਨ੍ਹਾਂ ਯਤਨਾਂ ਕਰਕੇ ਹੀ ਅੰਤਿਮ ਸੰਸਕਾਰ ਵਾਲੇ ਦਿਨ ਸਭ ਕੁਝ ਪੁਰਅਮਨ ਢੰਗ ਨਾਲ ਨਿਪਟ ਗਿਆ।

ਇਹ ਵੀ ਪਤਾ ਲੱਗਾ ਹੈ ਕਿ ਮੁੱਖ ਮੰਤਰੀ ਸ. ਬਾਦਲ ਅਤੇ ਉਪ-ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਇਸ ਟੀਮ ਵੱਲੋਂ ਨਿਭਾਈ ਜ਼ਿੰਮੇਵਾਰੀ 'ਤੇ ਵੀ ਤਸੱਲੀ ਦਾ ਪ੍ਰਗਟਾਵਾ ਕੀਤਾ ਹੈ। ਕੱਲ੍ਹ ਸਵੇਰੇ ਵਾਪਸ ਆਈ ਇਸ ਟੀਮ ਦੇ ਕੁਝ ਮੈਂਬਰਾਂ ਨੇ ਆਪਣੀ ਵਿਆਨਾ ਫੇਰੀ ਬਾਰੇ ਬੜੇ ਦਿਲਚਸਪ ਪ੍ਰਗਟਾਵੇ ਕੀਤੇ ਹਨ।

ਮੁੱਖ ਮੰਤਰੀ ਦੇ ਪ੍ਰਿੰਸੀਪਲ ਸਕੱਤਰ ਸ: ਦਰਬਾਰਾ ਸਿੰਘ ਗੁਰੂ ਅਤੇ ਬਾਕੀ ਟੀਮ ਮੈਂਬਰਾਂ ਨੂੰ ਵਿਆਨਾ ਦੀ ਪੁਲਿਸ ਨੇ ਜਿਸ ਤਰ੍ਹਾਂ ਦੀ ਸਿੱਕੇਬੰਦ ਸੁਰੱਖਿਆ ਮੁਹੱਈਆ ਕੀਤੀ ਅਤੇ ਜਿਸ ਤਰ੍ਹਾਂ ਉਨ੍ਹਾਂ ਨੂੰ ਹਰ ਪਲ ਸਖ਼ਤ ਸੁਰੱਖਿਆ ਘੇਰੇ ਵਿਚ ਰੱਖਿਆ, ਇਹ ਉਨ੍ਹਾਂ ਲਈ ਇਕ ਹੈਰਾਨੀਜਨਕ ਵਰਤਾਰਾ ਸੀ। ਇਹ ਟੀਮ 2 ਜੂਨ ਨੂੰ ਸਪੇਨ ਏਅਰਲਾਈਨਜ਼ ਦੇ 15 ਸੀਟਰ ਚਾਰਟਰਡ ਹਵਾਈ ਜਹਾਜ਼ 'ਤੇ ਲਗਭਗ 10 ਘੰਟਿਆਂ ਦਾ ਸਫ਼ਰ ਕਰਕੇ ਵਿਆਨਾ ਹਵਾਈ ਅੱਡੇ 'ਤੇ ਪੁੱਜੀ। ਪੰਜਾਬ ਸਰਕਾਰ ਦੀ ਟੀਮ 2 ਕਾਰਾਂ ਵਿਚ ਸਵਾਰ ਸੀ, ਜਿਨ੍ਹਾਂ ਦੀ ਸੁਰੱਖਿਆ ਲਈ ਵਿਆਨਾ ਪੁਲਿਸ ਦੀਆਂ 3 ਐਸਕਾਰਟ ਕਾਰਾਂ ਤੇ 2 ਮੋਟਰਸਾਈਕਲ ਸਾਰੇ ਰਸਤੇ ਵਿਚ ਨਾਲੋ-ਨਾਲ ਚਲਦੇ ਰਹੇ। ਜਿਸ ਹੋਟਲ ਵਿਚ ਇਹ ਟੀਮ ਰਹੀ, ਉਥੇ ਵੀ ਉਨ੍ਹਾਂ ਨੂੰ ਪੂਰੀ ਸੁਰੱਖਿਆ ਮੁਹੱਈਆ ਕੀਤੀ ਗਈ, ਜਿੱਥੇ ਟੀਮ ਦੇ ਮੈਂਬਰਾਂ ਨਾਲ ਲਿਫਟ ਵਿਚ ਵੀ ਸੁਰੱਖਿਆ ਅਧਿਕਾਰੀ ਜਾਂਦੇ ਰਹੇ।

ਟੀਮ ਦੇ ਮੈਂਬਰਾਂ ਦਾ ਕਹਿਣਾ ਸੀ ਕਿ ਵਿਆਨਾ ਪੁਲਿਸ ਨੂੰ ਸ਼ਾਇਦ ਇਹ ਖਦਸ਼ਾ ਸੀ ਕਿ ਪੰਜਾਬ ਸਰਕਾਰ ਦੀ ਟੀਮ ਜਾਂ ਸੰਤ ਨਿਰੰਜਣ ਦਾਸ 'ਤੇ ਦੁਬਾਰਾ ਹਮਲਾ ਨਾ ਹੋ ਜਾਵੇ, ਇਸ ਲਈ ਪੁਲਿਸ ਨੇ ਉਸ ਹਸਪਤਾਲ ਦੇ ਅੰਦਰ ਤੇ ਬਾਹਰ ਵੀ ਕਾਫੀ ਸੁਰੱਖਿਆ ਮੁਹੱਈਆ ਕੀਤੀ ਸੀ, ਜਿੱਥੇ ਸੰਤ ਨਿਰੰਜਣ ਦਾਸ ਜ਼ੇਰੇ ਇਲਾਜ ਸਨ। ਜਿਸ ਇਮਾਰਤ ਵਿਚ ਸਵਰਗੀ ਸੰਤ ਰਾਮਾਨੰਦ ਦੀ ਮ੍ਰਿਤਕ ਦੇਹ ਰੱਖੀ ਸੀ, ਉਥੇ ਵੀ ਵਿਆਨਾ ਪੁਲਿਸ ਦਾ ਸਖ਼ਤ ਪਹਿਰਾ ਸੀ।

ਤਾਬੂਤ ਦਾ ਖ਼ਰਚਾ ਵੀ ਪੰਜਾਬ ਸਰਕਾਰ ਦਾ
ਪੰਜਾਬੋਂ ਗਈ ਟੀਮ ਨੂੰ ਆਸਟਰੀਆ ਵਿਚਲੇ ਭਾਰਤੀ ਦੂਤਘਰ ਵੱਲੋਂ ਪੂਰਾ ਸਹਿਯੋਗ ਦਿੱਤਾ ਗਿਆ। ਸ: ਦਰਬਾਰਾ ਸਿੰਘ ਗੁਰੂ ਦਾ ਕਹਿਣਾ ਸੀ ਕਿ ਦੂਤਘਰ ਦੇ ਸਾਰੇ ਅਧਿਕਾਰੀਆਂ ਅਤੇ ਖਾਸ ਕਰਕੇ ਇਸ ਦੇ ਮੰਤਰੀ ਅਤੇ ਮਿਸ਼ਨ ਦੇ ਡਿਪਟੀ ਮੁਖੀ ਸ੍ਰੀ ਅਚਲ ਮਲਹੋਤਰਾ ਦਾ ਵਿਸ਼ੇਸ਼ ਯੋਗਦਾਨ ਰਿਹਾ। ਵਾਪਸੀ ਮੌਕੇ ਭਾਰਤੀ ਰਾਜਦੂਤ ਸ੍ਰੀ ਸੌਰਵ ਕੁਮਾਰ ਖੁਦ ਹਵਾਈ ਅੱਡੇ 'ਤੇ ਉਨ੍ਹਾਂ ਨੂੰ ਵਿਦਾ ਕਰਨ ਆਏ। ਸੰਤ ਰਾਮਾਨੰਦ ਦੀ ਮ੍ਰਿਤਕ ਦੇਹ ਨੂੰ ਤਾਬੂਤ ਵਿਚ ਸੰਭਾਲਣ ਆਦਿ ਦੀ ਕਾਰਵਾਈ ਵੀ ਦੂਤਘਰ ਨੇ ਪੂਰੀ ਕਰਵਾਈ ਪਰ ਇਸ ਦਾ ਸਾਰਾ ਖ਼ਰਚਾ ਪੰਜਾਬ ਸਰਕਾਰ ਨੇ ਅਦਾ ਕੀਤਾ। ਚੇਤੇ ਰਹੇ ਕਿ ਚਾਰਟਰਡ ਜਹਾਜ਼ ਤੋਂ ਇਲਾਵਾ ਦਿੱਲੀ ਤੋਂ ਹਵਾਈ ਸੈਨਾ ਦੇ ਜਿਸ ਹੈਲੀਕਾਪਟਰ ਰਾਹੀਂ ਸੰਤ ਰਾਮਾਨੰਦ ਦੀ ਦੇਹ ਜਲੰਧਰ ਲਿਆਂਦੀ ਗਈ, ਇਸ ਦਾ ਇਹ ਸਾਰਾ ਖ਼ਰਚਾ ਵੀ ਬਾਦਲ ਸਰਕਾਰ ਨੇ ਅਦਾ ਕੀਤਾ ਹੈ। ਰਾਜ ਸਰਕਾਰ ਵੱਲੋਂ ਜਿਹੜਾ ਜਹਾਜ਼ ਲਿਜਾਇਆ ਗਿਆ ਸੀ, ਉਸ ਵਿਚ 4 ਸੀਟਾਂ ਨੂੰ ਖੋਲ੍ਹ ਕੇ ਸੰਤ ਨਿਰੰਜਣ ਦਾਸ ਲਈ ਬੈੱਡ ਬਣਾਇਆ ਗਿਆ, ਤਾਂ ਕਿ ਉਹ ਆਰਾਮ ਨਾਲ ਸਫ਼ਰ ਕਰ ਸਕਣ।

ਦਿਲਚਸਪ ਗੱਲ ਇਹ ਹੈ ਕਿ ਇਹ ਚਾਰਟਰਡ ਜਹਾਜ਼ ਉਹੀ ਹੈ, ਜਿਸ ਵਿਚ ਕੁਝ ਮੌਕਿਆਂ 'ਤੇ ਸ੍ਰੀਮਤੀ ਸੋਨੀਆ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਨੇ ਵੀ ਸਫ਼ਰ ਕੀਤਾ ਹੋਇਆ ਹੈ। 50 ਸੀਟਾਂ ਵਾਲੇ ਇਸ ਜਹਾਜ਼ ਨੂੰ ਆਰਾਮਦਾਇਕ ਬਣਾਉਣ ਲਈ 15 ਸੀਟਰ ਵਿਚ ਤਬਦੀਲ ਕੀਤਾ ਗਿਆ ਸੀ। ਰੌਚਕ ਗੱਲ ਹੈ ਕਿ ਇਸ ਜਹਾਜ਼ ਦੀ ਏਅਰ ਹੋਸਟੈਸ ਅਮਨਦੀਪ ਗਿੱਲ ਵੀ ਪੰਜਾਬੀ ਸੀ।

ਪੰਜਾਬ ਸਰਕਾਰ ਦੀ ਟੀਮ ਵਿਚ ਮੁੱਖ ਪਾਰਲੀਮਾਨੀ ਸਕੱਤਰ ਸ੍ਰੀ ਅਵਿਨਾਸ਼ ਚੰਦਰ, ਭਾਜਪਾ ਆਗੂ ਤੇ ਸਾਬਕਾ ਆਈ. ਏ. ਐਸ. ਸ੍ਰੀ ਸੋਮ ਪ੍ਰਕਾਸ਼ ਤੋਂ ਇਲਾਵਾ ਪੰਜਾਬ ਸਰਕਾਰ ਦਾ ਇਕ ਡਾਕਟਰ ਅਤੇ ਇਕ ਮਰਦਾਨਾ ਨਰਸ ਵੀ ਸ਼ਾਮਿਲ ਸਨ। ਜਦੋਂ ਹਸਪਤਾਲ 'ਚ ਜਾ ਕੇ ਸੰਤ ਨਿਰੰਜਣ ਦਾਸ ਨੂੰ ਇਹ ਦੱਸਿਆ ਗਿਆ ਕਿ ਸ. ਬਾਦਲ ਨੇ ਉਨ੍ਹਾਂ ਲਈ ਉਚੇਚਾ ਹਵਾਈ ਜਹਾਜ਼ ਅਤੇ ਇਹ ਟੀਮ ਭੇਜੀ ਹੈ, ਤਾਂ ਉਨ੍ਹਾਂ ਇਸ 'ਤੇ ਸੰਤੁਸ਼ਟੀ ਜ਼ਾਹਿਰ ਕਰਦਿਆਂ ਕਿਹਾ, 'ਪਰਮਾਤਮਾ ਸ: ਬਾਦਲ ਦੀ ਉਮਰ ਲੰਮੀ ਕਰੇ'। ਟੀਮ ਦੇ ਮੈਂਬਰਾਂ ਦਾ ਕਹਿਣਾ ਸੀ ਕਿ ਸੰਤ ਨਿਰੰਜਣ ਦਾਸ ਬਹੁਤ ਸ਼ਾਂਤ ਸੁਭਾਅ ਵਾਲੀ ਅਧਿਆਤਮਕ ਹਸਤੀ ਹਨ।

ਵਿਆਨਾ ਗਈ ਪੰਜਾਬ ਦੀ ਟੀਮ ਨੂੰ ਇਹ ਜ਼ਰੂਰ ਜਾਣਕਾਰੀ ਮਿਲੀ ਕਿ ਸੰਤ ਨਿਰੰਜਣ ਦਾਸ ਤੇ ਸੰਤ ਰਾਮਾਨੰਦ 'ਤੇ ਹਮਲਾ ਕਰਨ ਵਾਲੇ ਸਾਰੇ 6 ਦੇ 6 ਦੋਸ਼ੀ ਜ਼ਿੰਦਾ ਹਨ ਤੇ ਪੁਲਿਸ ਹਿਰਾਸਤ ਵਿਚ ਹਨ, ਪਰ ਹਮਲੇ ਦੇ ਕਾਰਨਾਂ ਅਤੇ ਦੋਸ਼ੀਆਂ ਦੇ ਪਿਛੋਕੜ ਬਾਰੇ ਕੋਈ ਵਿਸਥਾਰ ਨਹੀਂ ਮਿਲਿਆ।

ਅਜੀਤ ਖ਼ਬਰ ਪੰਨਾ

ਸਰਕਾਰ ਨੂੰ ਬਰਤਰਫ਼ ਕੀਤਾ ਜਾਵੇ - ਕੈਪਟਨ
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਆਨਾ ਦੀ ਘਟਨਾ ਮਗਰੋਂ ਪੰਜਾਬ ਵਿਚ ਸਥਿਤੀ ਸੰਭਾਲਣ ਵਿਚ ਰਾਜ ਸਰਕਾਰ 'ਤੇ ਨਾਕਾਮ ਰਹਿਣ ਦਾ ਦੋਸ਼ ਲਾਉਂਦਿਆਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹ ਇਸ ਅਯੋਗ ਸਰਕਾਰ ਨੂੰ ਬਰਤਰਫ਼ ਕਰੇ।

ਹੋਰਨਾਂ ਕਾਂਗਰਸ ਆਗੂਆਂ ਦੇ ਨਾਲ ਸੰਤ ਰਾਮਾ ਨੰਦ ਦੇ ਅੰਤਿਮ ਸੰਸਕਾਰ ਮੌਕੇ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਪੁੱਜੇ ਕੈਪਟਨ ਅਮਰਿੰਦਰ ਸਿੰਘ ਨੇ ਡੇਰਾ ਬੱਲਾਂ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਬੜੇ ਦੁੱਖ ਦੀ ਗੱਲ ਹੈ ਕਿ ਵਿਆਨਾ ਵਿਚ ਹੋਈ ਘਟਨਾ ਕਾਰਨ ਸੰਤ ਰਾਮਾਨੰਦ ਦਾ ਵਿਛੋੜਾ ਸਹਿਣਾ ਪਿਆ ਹੈ ਪਰ ਇਸ ਤੋਂ ਵੀ ਅਫ਼ਸੋਸ ਦੀ ਗੱਲ ਇਹ ਹੈ ਕਿ ਉਪ-ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਜੋ ਰਾਜ ਦੇ ਗ੍ਰਹਿ ਮੰਤਰੀ ਵੀ ਹਨ, ਦੇ ਕਹਿਣ ਅਤੇ ਕਰਫ਼ਿਊ ਲਾਉਣ ਦੇ ਬਾਵਜੂਦ ਸਰਕਾਰ 36 ਘੰਟੇ ਰਾਜ ਵਿਚ ਅਮਨ ਅਤੇ ਕਾਨੂੰਨ ਦੀ ਸਥਿਤੀ ਨੂੰ ਸੰਭਾਲਣ ਵਿਚ ਅਸਫ਼ਲ ਰਹੀ।

ਅਜੀਤ ਖ਼ਬਰ ਪੰਨਾ


... ਅੱਗੇ ਪੜ੍ਹੋ

ਕਿਸੇ ਨੂੰ ਵੀ ਸ਼ਾਂਤੀ ਭੰਗ ਕਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ - ਸੁਖਬੀਰ

ਸਰਕਾਰ ਵੱਲੋਂ ਨਿੱਜੀ ਜਾਇਦਾਦ ਦੇ ਨੁਕਸਾਨ ਲਈ ਮੁਆਵਜ਼ੇ ਦਾ ਐਲਾਨ
ਚੰਡੀਗੜ੍ਹ, 31 ਮਈ (ਬਲਜੀਤ ਬੱਲੀ)-ਪੰਜਾਬ ਦੇ ਉਪ ਮੁੱਖ ਮੰਤਰੀ ਅਤੇ ਗ੍ਰਹਿ ਵਿਭਾਗ ਦੇ ਇੰਚਾਰਜ ਸ: ਸੁਖਬੀਰ ਸਿੰਘ ਬਾਦਲ ਨੇ ਅੱਜ ਇਥੇ ਕਿਹਾ ਕਿ ਵਿਆਨਾ ਘਟਨਾਵਾਂ ਤੋਂ ਬਾਅਦ ਹਾਲ ਹੀ ਵਿਚ ਹੋਈ ਹਿੰਸਾ ਦੌਰਾਨ ਨਿੱਜੀ ਜਾਇਦਾਦ ਨੂੰ ਹੋਏ ਨੁਕਸਾਨ ਲਈ ਸਰਕਾਰ ਮੁਆਵਜ਼ੇ ਦਾ ਭੁਗਤਾਨ ਕਰੇਗੀ। ਅੱਜ ਇੱਥੇ ਜਾਰੀ ਇਕ ਬਿਆਨ ਵਿਚ ਸ: ਬਾਦਲ ਨੇ ਕਿਹਾ ਕਿ ਗੱਡੀਆਂ ਅਤੇ ਵਪਾਰਕ ਜਾਂ ਕਾਰੋਬਾਰੀ ਅਦਾਰਿਆਂ ਸਣੇ ਨਿੱਜੀ ਜਾਇਦਾਦ ਨੂੰ ਹੋਏ ਨੁਕਸਾਨ ਦਾ ਅਨੁਮਾਨ ਲਾਇਆ ਜਾ ਰਿਹਾ ਹੈ। ਪ੍ਰਭਾਵਿਤ ਲੋਕਾਂ ਅਤੇ ਅਦਾਰਿਆਂ ਦੀ ਸ਼ਨਾਖਤ ਕਰਨ ਲਈ ਇਕ ਵਿਆਪਕ ਸਰਵੇਖਣ ਕਰਨ ਦਾ ਹੁਕਮ ਦਿੱਤਾ ਗਿਆ ਹੈ ਤਾਂ ਜੋ ਹਰੇਕ ਮਾਮਲੇ ਵਿਚ ਹੋਏ ਨੁਕਸਾਨ ਦੀ ਕਿਸਮ ਅਤੇ ਮਾਤਰਾ ਦਾ ਅਨੁਮਾਨ ਲਾਇਆ ਜਾ ਸਕੇ।

ਸਬੰਧਤ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਕਰਮਚਾਰੀਆਂ ਅਤੇ ਹੋਰ ਆਜ਼ਾਦ ਵਸੀਲਿਆਂ ਦੁਆਰਾ ਅੰਕੜੇ ਇੱਕਤਰ ਕਰਵਾ ਕੇ ਰਿਪੋਰਟ ਤਿਆਰ ਕਰਨ ਲਈ ਕਿਹਾ ਗਿਆ ਹੈ। ਸ: ਬਾਦਲ ਨੇ ਕਿਹਾ ਕਿ ਇਸ ਹਿੰਸਾ ਵਿਚ ਜ਼ਖ਼ਮੀ ਹੋਏ ਵਿਅਕਤੀਆਂ ਦੇ ਇਲਾਜ ਦਾ ਪੂਰਾ ਖ਼ਰਚਾ ਸਰਕਾਰ ਸਹਿਣ ਕਰੇਗੀ। ਸਰਕਾਰ ਹੋਰ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਨਾਲ ਪ੍ਰਭਾਵਿਤ ਵਿਅਕਤੀਆਂ ਨੂੰ ਢੁੱਕਵਾਂ ਮੁਆਵਜ਼ਾ ਦੇਣ ਲਈ ਢੰਗ ਤਰੀਕਿਆਂ ਬਾਰੇ ਵੀ ਵਿਚਾਰ ਕਰ ਰਹੀ ਹੈ। ਸਰਕਾਰ ਨੇ ਸਮਾਜ ਵਿਰੋਧੀ ਤੱਤਾਂ ਵੱਲੋਂ ਪੈਦਾ ਕੀਤੀ ਅਰਾਜਕਤਾ ਦੀ ਸਥਿਤੀ ਵਿਚ ਸੱਟਾਂ ਲੱਗਣ ਵਾਲੇ ਕਰਮਚਾਰੀਆਂ ਨੂੰ ਢੁੱਕਵੀਂ ਰਾਹਤ ਮੁੱਹਈਆ ਕਰਾਉਣ ਦਾ ਪਹਿਲਾਂ ਹੀ ਫ਼ੈਸਲਾ ਕੀਤਾ ਹੋਇਆ ਹੈ। ਇਸ ਵਿਚ ਉਹ ਪੁਲਿਸ ਮਲਾਜ਼ਮ ਵੀ ਸ਼ਾਮਿਲ ਹਨ, ਜਿਨ੍ਹਾਂ ਨੂੰ ਇਸ ਸਮੇਂ ਦੌਰਾਨ ਹਮਲਿਆਂ ਦਾ ਸਾਹਮਣਾ ਕਰਨਾ ਪਿਆ ਹੈ।

ਉਪ ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਰਾਜ ਵਿਚ ਸ਼ਾਂਤੀ, ਕਾਨੂੰਨ ਵਿਵਸਥਾ ਅਤੇ ਫਿਰਕੂ ਇਕਸੁਰਤਾ ਦੇ ਮਾਮਲੇ ਵਿਚ ਕੋਈ ਵੀ ਸਮਝੌਤਾ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਕਿਸੇ ਨੂੰ ਵੀ ਸ਼ਾਂਤੀ ਭੰਗ ਕਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਅਜਿਹਾ ਕਰਨ ਦਾ ਯਤਨ ਕਰਨ ਵਾਲਿਆਂ ਨਾਲ ਕਾਨੂੰਨ ਹੇਠ ਸਖ਼ਤੀ ਨਾਲ ਨਿਪਟਿਆ ਜਾਵੇਗਾ। ਪਿਛਲੇ ਹਫਤੇ ਰਾਜ ਦੇ ਕੁਝ ਹਿੱਸਿਆਂ ਵਿਚ ਹੋਈ ਗੜਬੜ ਦਾ ਜ਼ਿਕਰ ਕਰਦੇ ਹੋਏ ਸ: ਬਾਦਲ ਨੇ ਕਿਹਾ ਕਿ ਪੁਲਿਸ, ਨੀਮ ਫੌਜੀ ਦਸਤਿਆਂ ਅਤੇ ਫੌਜ ਨੂੰ ਇਕੱਠੇ ਕਰਕੇ ਤਾਇਨਾਤ ਕਰਨ ਵਿਚ ਕੁਝ ਸਮਾਂ ਲੱਗਾ, ਕਿਉਂਕਿ ਇਹ ਸਥਿਤੀ ਅਚਾਨਕ ਹੀ ਅਣਕਿਆਸੇ ਢੰਗ ਨਾਲ ਪੈਦਾ ਹੋ ਗਈ।

ਉਨ੍ਹਾਂ ਕਿਹਾ ਕਿ ਸਰਕਾਰ ਨੇ ਬਿਨਾਂ ਕੋਈ ਸਮਾਂ ਗੁਆਇਆਂ ਕਾਨੂੰਨ ਨੂੰ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਇਕ ਦਮ ਵੱਡੀ ਪੱਧਰ 'ਤੇ ਹਰਕਤ ਵਿਚ ਲਿਆਂਦਾ। ਗੜਬੜੀ ਪੈਦਾ ਹੋਣ ਦੇ ਕੁਝ ਘੰਟਿਆਂ ਵਿਚ ਹੀ ਕੇਂਦਰੀ ਨੀਮ ਫੌਜੀ ਬਲਾਂ ਅਤੇ ਫੌਜ ਨੂੰ ਸੱਦ ਲਿਆ ਗਿਆ ਭਾਵੇਂ ਕਿ ਨੀਮ ਫੌਜੀ ਬਲਾਂ ਅਤੇ ਹਥਿਆਰਬੰਦ ਫੌਜਾਂ ਨੂੰ ਪੰਹੁਚਣ ਵਿਚ 8 ਤੋਂ 12 ਘੰਟੇ ਲਗੇ ਅਤੇ ਤਾਇਨਾਤ ਕਰਨ ਉਤੇ ਵੀ ਕੁਝ ਹੋਰ ਸਮਾਂ ਲੱਗਾ ਪਰ ਫੇਰ ਵੀ ਪੂਰੀ ਸਥਿਤੀ 24 ਘੰਟਿਆਂ ਵਿਚ ਕਾਬੂ ਹੇਠ ਆ ਗਈ। ਸ: ਬਾਦਲ ਨੇ ਕਿਹਾ ਕਿ ਜੋ ਪੁਲਿਸ, ਨੀਮ ਫੌਜੀ ਦਸਤਿਆਂ ਅਤੇ ਫੌਜ ਦੇ ਕੰਮ ਕਾਜ ਵਿਚ ਗਲਤੀਆਂ ਲੱਭਣ ਦੀ ਕੋਸ਼ਿਸ ਕਰ ਰਹੇ ਹਨ, ਉਹ ਇਸ ਸਮੱਸਿਆ ਦੇ ਭਾਵਨਾਤਮਕ ਪੱਖ ਦੀ ਗੰਭੀਰਤਾ ਨੂੰ ਸਾਹਮਣੇ ਨਹੀਂ ਰੱਖ ਰਹੇ। ਉਨ੍ਹਾਂ ਕਿਹਾ ਕਿ ਸਰਕਾਰ ਕਿਸੇ ਵੀ ਤਰ੍ਹਾਂ ਦੀ ਬਦਅਮਨੀ ਅਤੇ ਸਮਾਜ ਵਿਰੋਧੀ ਤੱਤਾਂ ਨੂੰ ਪੂਰੀ ਸਖ਼ਤੀ ਨਾਲ ਨਿਪਟਣ ਦੇ ਸਬੰਧ ਵਿਚ ਪੂਰੀ ਤਰ੍ਹਾਂ ਸਪੱਸ਼ਟ ਹੈ। ਪਰ ਇਸ ਦੇ ਨਾਲ ਹੀ ਇਸ ਨੇ ਸਖ਼ਤੀ ਅਤੇ ਧੱਕੇ ਦੀ ਪੇਤਲੀ ਰੇਖਾ ਨੂੰ ਨਜ਼ਰ ਅੰਦਾਜ਼ ਨਹੀਂ ਕੀਤਾ।

ਉਪ ਮੁੱਖ ਮੰਤਰੀ ਨੇ ਕਿਹਾ ਕਿ ਸਮੁੱਚੀ ਸਥਿਤੀ ਨਾਲ ਯੋਜਨਾਬੱਧ ਢੰਗ ਨਾਲ ਪੂਰੀ ਤਰ੍ਹਾਂ ਜ਼ਾਬਤੇ ਅਤੇ ਸਖ਼ਤੀ ਦੇ ਸੁਮੇਲ ਨਾਲ ਨਜਿੱਠਿਆ ਗਿਆ ਹੈ।

ਅਜੀਤ ਖ਼ਬਰ ਪੰਨਾ

ਪੀੜਤਾਂ ਨੂੰ ਮੁਆਵਜ਼ਾ ਛੇਤੀ ਦਿੱਤਾ ਜਾਵੇ
ਜਲੰਧਰ, 18 ਜੂਨ (ਸ਼ਿਵ)-ਹਿੰਸਕ ਘਟਨਾਵਾਂ 'ਚ ਹੋਏ ਨੁਕਸਾਨ ਦੇ ਪੀੜਤਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਜਿਹੜੇ ਨੁਕਸਾਨ ਦਾ ਮੁਆਵਜਾ ਦੇਣ ਦਾ ਵਾਅਦਾ ਕੀਤਾ ਗਿਆ ਸੀ ਉਹ ਜਲਦੀ ਹੀ ਜਾਰੀ ਕੀਤਾ ਜਾਵੇ। ਜਲੰਧਰ ਦੇ ਕਿਸ਼ਨਪੁਰਾ ਨਿਵਾਸੀ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਟਰੱਕ ਜਲੰਧਰ ਵਿਚ ਹੋਈ ਹਿੰਸਾ ਵਿਚ ਸਾੜ ਦਿੱਤਾ ਗਿਆ ਸੀ ਤੇ ਜਲੰਧਰ ਪ੍ਰਸ਼ਾਸਨ ਨੇ ਇਸ ਨੁਕਸਾਨ ਦੀ ਸੂਚੀ ਵੀ ਤਿਆਰ ਕਰਵਾ ਲਈ ਸੀ। ਗੁਰਵਿੰਦਰ ਸਿੰਘ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਨੇ ਪਹਿਲਾਂ ਵਾਅਦਾ ਕੀਤਾ ਸੀ ਕਿ ਸਰਕਾਰ ਨੂੰ ਮੁਆਵਜੇ ਬਾਰੇ ਜਾਣਕਾਰੀ ਭੇਜ ਦਿੱਤੀ ਗਈ ਹੈ ਤੇ ਇਸ ਲਈ ਸਰਕਾਰ ਮੁਆਵਜਾ ਭੇਜੇਗੀ। ਉਸ ਦਾ ਗੁਜਾਰਾ ਹੀ ਟਰੱਕ ਨਾਲ ਹੋ ਰਿਹਾ ਸੀ ਤੇ ਹੁਣ ਉਸ ਕੋਲ ਰੋਟੀ ਕਮਾਉਣ ਦਾ ਹੋਰ ਜਰੀਆ ਵੀ ਨਹੀਂ ਹੈ। ਜਿਨ੍ਹਾਂ ਲੋਕਾਂ ਦਾ ਨੁਕਸਾਨ ਹੋਇਆ ਹੈ ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਉਨ੍ਹਾਂ ਨੂੰ ਮੁਆਵਜ਼ਾ ਛੇਤੀ ਜਾਰੀ ਕਰੇ।

ਵਿਆਨਾ ਘਟਨਾ ਪਿੱਛੋਂ ਹਿੰਸਾ ਕਾਰਨ ਹੋਏ ਨੁਕਸਾਨ ਦਾ 4 ਕਰੋੜ ਰੁਪਏ ਮੁਆਵਜ਼ਾ
ਚੰਡੀਗੜ੍ਹ, 3 ਜੁਲਾਈ (ਹਰਕਵਲਜੀਤ ਸਿੰਘ)-ਵਿਆਨਾ (ਆਸਟਰੀਆ) ਵਿਖੇ ਸੰਤ ਰਾਮਾਨੰਦ ਦੇ ਹੋਏ ਕਤਲ ਤੋਂ ਬਾਅਦ ਦੁਆਬੇ ਦੇ ਖੇਤਰ ਵਿਚ ਹਿੰਸਕ ਘਟਨਾਵਾਂ ਕਾਰਨ ਜਲੰਧਰ, ਕਪੂਰਥਲਾ, ਹੁਸ਼ਿਆਰਪੁਰ ਅਤੇ ਸ਼ਹੀਦ ਭਗਤ ਸਿੰਘ ਨਗਰ ਵਿਚ ਸਰਕਾਰੀ ਅਤੇ ਗੈਰ-ਸਰਕਾਰੀ ਜਾਇਦਾਦਾਂ ਤੇ ਵਾਹਨਾਂ ਨੂੰ ਵੱਡਾ ਨੁਕਸਾਨ ਪਹੁੰਚਾਇਆ ਗਿਆ ਸੀ। ਇਸ ਨੁਕਸਾਨ ਬਦਲੇ ਸਰਕਾਰ ਵੱਲੋਂ ਕੇਵਲ 4 ਕਰੋੜ ਰੁਪਏ ਦਾ ਮੁਆਵਜ਼ਾ ਹੀ ਮਿਲ ਸਕੇਗਾ। ਰਾਜ ਸਰਕਾਰ ਵੱਲੋਂ ਉਕਤ ਹਿੰਸਕ ਘਟਨਾਵਾਂ ਵਿਚ ਹੋਏ ਨੁਕਸਾਨ ਦਾ ਮੁਆਵਜ਼ਾ ਦੇਣ ਦਾ ਜੋ ਐਲਾਨ ਕੀਤਾ ਗਿਆ ਸੀ ਅਤੇ ਉਸ ਸਬੰਧੀ ਜ਼ਿਲ੍ਹਾ ਪੱਧਰ ‘ਤੇ ਨੁਕਸਾਨ ਸਬੰਧੀ ਜੋ ਦਾਅਵੇ ਜ਼ਿਲ੍ਹਾ ਪ੍ਰਸ਼ਾਸਨ ਰਾਹੀਂ ਇਕੱਠੇ ਕੀਤੇ ਗਏ ਹਨ, ਉਨ੍ਹਾਂ ਵਿਚ ਸਭ ਤੋਂ ਵੱਧ ਮੁਆਵਜ਼ਾ ਜਲੰਧਰ ਜ਼ਿਲ੍ਹੇ ਵਿਚ ਦਿੱਤਾ ਜਾਵੇਗਾ ਜਿਸ ਦੀ ਕੁੱਲ ਰਾਸ਼ੀ ਕੋਈ 1 ਕਰੋੜ, 98 ਲੱਖ ਰੁਪਏ ਬਣਦੀ ਹੈ। ਲੇਕਿਨ ਸਰਕਾਰ ਵੱਲੋਂ ਫੈਸਲਾ ਲਿਆ ਗਿਆ ਹੈ ਕਿ ਜਿਨ੍ਹਾਂ ਵੀ ਵਪਾਰਕ ਅਦਾਰਿਆਂ, ਦੁਕਾਨਾਂ, ਬੱਸਾਂ, ਕਾਰਾਂ ਅਤੇ ਸਕੂਟਰਾਂ ਆਦਿ ਦਾ ਹਿੰਸਾ ਘਟਨਾਵਾਂ ਦੌਰਾਨ ਨੁਕਸਾਨ ਹੋਇਆ ਹੈ, ਉਨ੍ਹਾਂ ਸਬੰਧੀ ਬੀਮੇ ਦੇ ਰੂਪ ਵਿਚ ਮਿਲਣ ਵਾਲੇ ਮੁਆਵਜ਼ੇ ਤੋਂ ਇਲਾਵਾ ਅਗਰ ਮਾਲਕਾਂ ਦੀ ਕੋਈ ਰਾਸ਼ੀ ਰਹਿ ਜਾਵੇਗੀ, ਉਹ ਸਰਕਾਰ ਵੱਲੋਂ ਦਿੱਤੀ ਜਾਵੇਗੀ।

ਸਰਕਾਰ ਵੱਲੋਂ ਹਿੰਸਕ ਘਟਨਾਵਾਂ ਵਿਚ ਜਿਨ੍ਹਾਂ ਕੋਈ 170 ਵਾਹਨਾਂ ਦਾ ਨੁਕਸਾਨ ਹੋਇਆ ਸੀ, ਉਨ੍ਹਾਂ ਦੀਆਂ ਬੀਮਾ ਪਾਲਿਸੀਆਂ ਵੀ ਮਾਲਕਾਂ ਤੋਂ ਇਕੱਠੀਆਂ ਕਰਵਾਈਆਂ ਗਈਆਂ ਸਨ। ਵਰਨਣਯੋਗ ਹੈ ਕਿ ਇਕੱਲੇ ਜਲੰਧਰ ਵਿਚ 121 ਵਾਹਨਾਂ ਦਾ ਨੁਕਸਾਨ ਹੋਇਆ ਸੀ। ਮੁੱਖ ਮੰਤਰੀ ਪੰਜਾਬ ਸ: ਪ੍ਰਕਾਸ਼ ਸਿੰਘ ਬਾਦਲ ਵੱਲੋਂ ਇਸ ਮੰਤਵ ਲਈ ਕੀਤੀ ਮੀਟਿੰਗ ਜਿਸ ਵਿਚ ਰਾਜ ਦੇ ਖਜ਼ਾਨਾ ਕਮਿਸ਼ਨਰ ਮਾਲ ਵੱਲੋਂ ਮੁਆਵਜ਼ੇ ਸਬੰਧੀ ਦਾਅਵੇ ਵੀ ਰੱਖੇ ਗਏ, ਦੌਰਾਨ ਫ਼ੈਸਲਾ ਲਿਆ ਗਿਆ ਕਿ ਸਰਕਾਰ ਵੱਲੋਂ ਕਿਸੇ ਵੀ ਵਿਅਕਤੀ ਨੂੰ ਵੱਧ ਤੋਂ ਵੱਧ ਇਕ ਲੱਖ ਰੁਪਏ ਦਾ ਅਜਿਹੀਆਂ ਘਟਨਾਵਾਂ ਵਿਚ ਮੁਆਵਜ਼ਾ ਦੇਣ ਦੀ ਸ਼ਰਤ ਨੂੰ ਉਕਤ ਕੇਸਾਂ ਵਿਚ ਖ਼ਤਮ ਸਮਝਿਆ ਜਾਵੇ ਅਤੇ ਨਿੱਜੀ ਖੇਤਰ ਦੇ ਉਨ੍ਹਾਂ ਸਾਰੇ ਦਾਅਵਿਆਂ ਲਈ ਮੁਆਵਜ਼ਾ ਪ੍ਰਵਾਨ ਕੀਤਾ ਜਾਵੇ ਜੋ ਬੀਮੇ ਹੇਠ ਕਵਰ ਨਹੀਂ ਕੀਤੇ ਜਾ ਸਕੇ।

ਰਾਜ ਸਰਕਾਰ ਵੱਲੋਂ ਮਾਲ ਵਿਭਾਗ ਨੂੰ ਇਸ ਮੰਤਵ ਲਈ ਚਾਰ ਕਰੋੜ ਦੀ ਵਿਸ਼ੇਸ਼ ਰਾਸ਼ੀ ਜਾਰੀ ਕੀਤੀ ਜਾਵੇਗੀ ਲੇਕਿਨ ਸਰਕਾਰੀ ਅਦਾਰਿਆਂ ਅਤੇ ਸਰਕਾਰੀ ਵਾਹਨਾਂ ਦੇ ਹੋਏ ਨੁਕਸਾਨ ਸਬੰਧੀ ਰਾਜ ਸਰਕਾਰ ਵੱਲੋਂ ਕਿਸੇ ਤਰ੍ਹਾਂ ਦਾ ਕੋਈ ਮੁਆਵਜ਼ਾ ਨਹੀਂ ਦਿੱਤਾ ਜਾਵੇਗਾ ਜਦੋਂਕਿ ਕੇਵਲ ਰੇਲਵੇ ਦੀ ਜਾਇਦਾਦ ਨੂੰ ਹੀ ਕੋਈ 26 ਕਰੋੜ ਤੋਂ ਵੱਧ ਦਾ ਨੁਕਸਾਨ ਹੋਣ ਸਬੰਧੀ ਰੇਲਵੇ ਵੱਲੋਂ ਰਾਜ ਸਰਕਾਰ ਨੂੰ ਰਿਪੋਰਟ ਭੇਜੀ ਗਈ ਹੈ। ਮੁੱਖ ਮੰਤਰੀ ਵੱਲੋਂ ਲਈ ਗਈ ਅੱਜ ਦੀ ਇਸ ਮੀਟਿੰਗ ਵਿਚ ਮਾਲ ਮੰਤਰੀ ਸ: ਅਜੀਤ ਸਿੰਘ ਕੋਹਾੜ ਅਤੇ ਖਜ਼ਾਨਾ ਕਮਿਸ਼ਨਰ ਮਾਲ ਸ੍ਰੀ ਰੋਮਿਲਾ ਦੂਬੇ ਤੋਂ ਇਲਾਵਾ ਦੂਜੇ ਸੀਨੀਅਰ ਅਧਿਕਾਰੀ ਵੀ ਹਾਜ਼ਰ ਸਨ।

ਵਿਆਨਾ ਕਾਂਡ ਤੋਂ ਬਾਅਦ ਮਾਰੇ ਗਏ ਵਿਅਕਤੀਆਂ ਦੇ ਪਰਿਵਾਰਾਂ ਨੂੰ ਅਮਰੀਕਾ ਤੋਂ ਸਹਾਇਤਾ
ਜਲੰਧਰ, 7 ਜੁਲਾਈ (ਬਾਵਾ)-ਵਿਆਨਾ ਕਾਂਡ ਤੋਂ ਬਾਅਦ ਪੰਜਾਬ ‘ਚ ਵਾਪਰੇ ਘਟਨਾਚੱਕਰ ਵਿਚ ਮਾਰੇ ਗਏ 4 ਦਲਿਤ ਵਿਅਕਤੀਆਂ ਦੇ ਪੀੜਤ ਪਰਿਵਾਰਾਂ ਨੂੰ ਅਮਰੀਕਾ ਦੀ ਇੰਟਰਨੈਸ਼ਨਲ ਮਾਇਨਾਰਟੀ ਕੌਂਸਲ ਵੱਲੋਂ ਆਰਥਿਕ ਮਦਦ ਭੇਜੀ ਗਈ ਹੈ। ਮਦਦ ਦੀ ਇਹ ਰਕਮ ਕੌਂਸਲ ਦੇ ਨੁਮਾਇੰਦਿਆਂ ਵੱਲੋਂ ਸਬੰਧਿਤ ਪਰਿਵਾਰਾਂ ਦੇ ਘਰਾਂ ਵਿਚ ਜਾ ਕੇ ਸੌਂਪੀ। ਕੌਂਸਲ ਦੇ ਬਾਨੀ ਅਹੁਦੇਦਾਰਾਂ ਸ੍ਰੀ ਵਿਨੋਦ ਕੁਮਾਰ ਚੁੰਬਰ, ਸ੍ਰੀ ਬਲਦੇਵ ਸੁਮਨ, ਸ੍ਰੀ ਧਰਮਪਾਲ ਝੰਮਟ ਅਤੇ ਸ੍ਰੀ ਹਰਬੰਸ ਮਹੇ ਵੱਲੋਂ ਭੇਜੀ 2 ਲੱਖ ਰੁਪਏ ਦੀ ਰਕਮ ਕੌਂਸਲ ਦੇ ਭਾਰਤ ਵਿਚਲੇ ਨੁਮਾਇੰਦਿਆਂ ਸ੍ਰੀ ਦੇਸ ਰਾਜ ਜੱਸਲ ਸਾਬਕਾ ਕੌਂਸਲਰ, ਸ੍ਰੀ ਗਿਆਨ ਚੰਦ, ਸ੍ਰੀ ਸੁਰਿੰਦਰ ਪਾਲ, ਸ੍ਰੀ ਰੇਸ਼ਮ ਲਾਲ, ਸ੍ਰੀ ਰਾਕੇਸ਼ ਕੁਮਾਰ, ਸ੍ਰੀ ਪਵਨ ਕੁਮਾਰ, ਸ੍ਰੀ ਸੁਰਿੰਦਰ ਕੁਮਾਰ ਅਤੇ ਸ੍ਰੀ ਹਰਬੰਸ ਲਾਲ ਵੱਲੋਂ ਉਕਤ ਘਟਨਾ ਚੱਕਰ ਵਿਚ ਮਾਰੇ ਗਏ ਸ੍ਰੀ ਵਿਜੇ ਕੁਮਾਰ ਪੁੱਤਰ ਸ੍ਰੀ ਜਸਪਾਲ ਵਾਸੀ ਢਿਲਵਾਂ, ਜਲੰਧਰ, ਸ੍ਰੀ ਰਜਿੰਦਰ ਕੁਮਾਰ ਪੁੱਤਰ ਸ੍ਰੀ ਅਨੰਤ ਰਾਮ ਵਾਸੀ ਰਾਮਗੜ੍ਹ ਫ਼ਿਲੌਰ, ਸ੍ਰੀ ਤੇਲੂ ਰਾਮ ਪੁੱਤਰ ਸ੍ਰੀ ਬੇਰੂ ਰਾਮ, ਹੁਸੈਨਪੁਰ, ਲਾਂਬੜਾ ਅਤੇ ਸ: ਬਲਕਾਰ ਸਿੰਘ ਪੁੱਤਰ ਸ੍ਰੀ ਗੁਰਦਾਸ ਰਾਮ ਵਾਸੀ ਦਵਾਖੜੀ, ਦਸੂਹਾ ਦੇ ਪਰਿਵਾਰਾਂ ਵਿਚ ਵੰਡੀ ਗਈ। ਹਰ ਪਰਿਵਾਰ ਨੂੰ 50 ਹਜ਼ਾਰ ਰੁਪਏ ਦੀ ਆਰਥਿਕ ਮਦਦ ਦਿੱਤੀ ਗਈ ਹੈ।

21) ਵਿਆਨਾ ਪੁਲਿਸ ਨੇ ਸਖ਼ਤ ਸੁਰੱਖਿਆ ਘੇਰੇ ...

... ਅੱਗੇ ਪੜ੍ਹੋ

ਸੰਤਾਂ 'ਤੇ ਹਮਲਾ ਕਾਇਰਤਾਪੂਰਨ ਕਾਰਵਾਈ - ਬਾਦਲ

ਡੇਰਾ ਸੰਕਟ ਨਾਲ ਜੁੜੇ ਮਾਮਲਿਆਂ ਲਈ ਦੋ ਮੈਂਬਰੀ ਕਮੇਟੀ ਦਾ ਗਠਨ

ਜਲੰਧਰ, 30 ਮਈ (ਐਚ. ਐਸ. ਬਾਵਾ) - ਡੇਰਾ ਸੱਚਖੰਡ ਬੱਲਾਂ ਦੇ ਮੁਖੀ ਸੰਤ ਨਿਰੰਜਣ ਦਾਸ ਤੇ ਸੰਤ ਰਾਮਾਨੰਦ 'ਤੇ ਵਿਆਨਾ ਵਿਖੇ ਹੋਏ ਹਮਲੇ ਨੂੰ ਕਾਇਰਤਾਪੂਰਨ ਕਾਰਵਾਈ ਕਰਾਰ ਦਿੰਦਿਆਂ ਪੰਜਾਬ ਦੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੇ ਇਸ ਘਟਨਾ ਦੀ ਸਖ਼ਤ ਸ਼ਬਦਾਂ 'ਚ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਹਮਲੇ 'ਚ ਸਦੀਵੀ ਵਿਛੋੜਾ ਦੇ ਗਏ ਸੰਤ ਰਾਮਾਨੰਦ ਦਾ ਅੰਤਿਮ ਸੰਸਕਾਰ ਸਰਕਾਰੀ ਸਨਮਾਨਾਂ ਨਾਲ ਕੀਤਾ ਜਾਵੇਗਾ। ਪੰਜਾਬ ਦੇ ਉੱਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ, ਸਥਾਨਿਕ ਸਰਕਾਰਾਂ ਮੰਤਰੀ ਸ੍ਰੀ ਮਨੋਰੰਜਨ ਕਾਲੀਆ, ਸਲਾਹਕਾਰ ਡਾ: ਦਲਜੀਤ ਸਿੰਘ ਚੀਮਾ ਦੇ ਨਾਲ ਅੱਜ ਡੇਰਾ ਸੱਚਖੰਡ ਬੱਲਾਂ ਵਿਖੇ ਪੁੱਜੇ।

ਸ.ਬਾਦਲ ਨੇ ਕਿਹਾ ਕਿ ਉਹ ਇੱਥੇ ਡੇਰੇ ਨਾਲ ਸੰਬੰਧਿਤ ਸੰਤਾਂ ਤੇ ਸੰਗਤਾਂ ਦੇ ਦੁੱਖ 'ਚ ਸ਼ਰੀਕ ਹੋਣ ਲਈ ਆਏ ਹਨ। ਸ: ਬਾਦਲ ਨੇ ਵਿਆਨਾ 'ਚ ਵਾਪਰੀ ਘਟਨਾ ਤੋਂ ਬਾਅਦ ਡੇਰਾ ਸੱਚਖੰਡ ਬੱਲਾਂ ਵੱਲੋਂ ਨਿਭਾਈ ਗਈ ਭੂਮਿਕਾ ਤੇ ਅਮਨਸ਼ਾਂਤੀ ਨੂੰ ਕਾਇਮ ਰੱਖਣ ਲਈ ਪਾਏ ਗਏ ਯੋਗਦਾਨ ਦੀ ਭਰਪੂਰ ਸ਼ਲਾਘਾ ਕਰਦਿਆਂ ਡੇਰੇ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ। ਵਿਆਨਾ 'ਚ ਸੰਤਾਂ 'ਤੇ ਹੋਏ ਹਮਲੇ ਦੇ ਪ੍ਰਤੀਕਰਮ ਵਜੋਂ ਪੰਜਾਬ 'ਚ ਹੋਈਆਂ ਤੋੜ-ਭੰਨ ਤੇ ਸਾੜਫ਼ੂਕ ਦੀਆਂ ਘਟਨਾਵਾਂ ਕਾਰਨ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਨੂੰ ਛੱਡੇ ਜਾਣ ਦੀ ਉੱਠ ਰਹੀ ਮੰਗ ਸੰਬੰਧੀ ਪੁੱਛੇ ਜਾਣ 'ਤੇ ਸ: ਬਾਦਲ ਨੇ ਕਿਹਾ ਕਿ ਉਨ੍ਹਾਂ ਨੇ ਇਸ ਮਾਮਲੇ ਨਾਲ ਜੁੜੇ ਹਰ ਪਹਿਲੂ ਦੇ ਹੱਲ ਲਈ ਦੋ ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ।

ਇਸ ਕਮੇਟੀ ਦੇ ਦੋ ਮੈਂਬਰਾਂ 'ਚ ਜਲੰਧਰ ਡਿਵੀਜ਼ਨ ਦੇ ਕਮਿਸ਼ਨਰ ਸ੍ਰੀ ਐਸ. ਆਰ. ਲੱਧੜ ਤੇ ਆਈ. ਜੀ. ਜ਼ੋਨਲ ਸ੍ਰੀ ਸੰਜੀਵ ਕਾਲੜਾ ਸ਼ਾਮਿਲ ਹਨ। ਸੰਤਾਂ 'ਤੇ ਹੋਏ ਹਮਲੇ ਦੀ ਖ਼ਬਰ ਆਉਣ ਮਗਰੋਂ ਪੰਜਾਬ 'ਚ ਹੋਈ ਤੋੜ-ਭੰਨ ਤੇ ਸਾੜਫ਼ੂਕ 'ਚ ਲੋਕਾਂ ਦੇ ਹੋਏ ਨੁਕਸਾਨ ਸੰਬੰਧੀ ਪੁੱਛਿਆਂ ਮੁੱਖ ਮੰਤਰੀ ਨੇ ਕਿਹਾ ਕਿ ਲੋਕਾਂ ਦੀ ਜਾਇਦਾਦ ਦੇ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਮੁਲਾਂਕਣ ਕਰਵਾਇਆ ਜਾਵੇਗਾ। ਆਸਟ੍ਰੇਲੀਆ 'ਚ ਪੜ੍ਹਾਈ ਲਈ ਗਏ ਭਾਰਤੀ ਨੌਜਵਾਨਾਂ 'ਤੇ ਹੋ ਰਹੇ ਹਮਲਿਆਂ ਸੰਬੰਧੀ ਸ: ਬਾਦਲ ਨੇ ਕਿਹਾ ਕਿ ਰਾਜ ਸਰਕਾਰ ਇਸ ਬਾਰੇ ਆਸਟ੍ਰੇਲੀਆ ਸਰਕਾਰ ਨਾਲ ਕੋਈ ਗੱਲ ਨਹੀਂ ਕਰ ਸਕਦੀ ਹਾਲਾਂਕਿ ਇਸ ਸੰਬੰਧ 'ਚ ਕੇਂਦਰ ਸਰਕਾਰ ਨੂੰ ਆਸਟ੍ਰੇਲੀਆ ਸਰਕਾਰ ਨਾਲ ਗੱਲਬਾਤ ਕਰਨ ਦੀ ਬੇਨਤੀ ਕੀਤੀ ਜਾ ਸਕਦੀ ਹੈ, ਜੋ ਕੀਤੀ ਜਾ ਰਹੀ ਹੈ।

ਸ: ਬਾਦਲ ਸਵੇਰੇ 9.15 ਵਜੇ ਹੈਲੀਕਾਪਟਰ ਰਾਹੀਂ ਡੇਰਾ ਸੱਚਖੰਡ ਬੱਲਾਂ ਪੁੱਜੇ। ਉਨ੍ਹਾਂ ਦਾ ਹੈਲੀਕਾਪਟਰ ਡੇਰੇ ਦੇ ਨੇੜੇ ਹੀ ਉੱਤਰਿਆ। ਉਹ ਜਥੇਦਾਰ ਅਵਤਾਰ ਸਿੰਘ, ਸ: ਸੁਖਬੀਰ ਸਿੰਘ ਬਾਦਲ, ਸ੍ਰੀ ਮਨੋਰੰਜਨ ਕਾਲੀਆ ਤੇ ਡਾ: ਦਲਜੀਤ ਸਿੰਘ ਚੀਮਾ ਦੇ ਨਾਲ ਡੇਰੇ ਦੇ ਅੰਦਰ ਗਏ ਜਿੱਥੇ ਮੱਥਾ ਟੇਕਣ ਉਪਰੰਤ ਉਨ੍ਹਾਂ ਸਵਰਗੀ ਸੰਤ ਰਾਮਾਨੰਦ ਜੀ ਦੀ ਤਸਵੀਰ 'ਤੇ ਫੁੱਲਮਾਲਾਵਾਂ ਭੇਟ ਕੀਤੀਆਂ। ਇਸ ਤੋਂ ਬਾਅਦ ਉਹ ਕੁਝ ਸਮੇਂ ਲਈ ਸੰਗਤ ਰੂਪ 'ਚ ਡੇਰੇ ਦੇ ਸੰਤ ਸੁਰਿੰਦਰ ਦਾਸ ਕਠਾਰ ਵਾਲੇ, ਸੁਰਿੰਦਰ ਦਾਸ ਬਾਵਾ ਜੀ, ਸੰਤ ਲੇਖ ਰਾਜ ਨੂਰਪੁਰ ਵਾਲੇ, ਸੇਠ ਸੱਤ ਪਾਲ ਮਲ੍ਹ, ਡੇਰੇ ਦੇ ਜਨਰਲ ਸਕੱਤਰ ਸ੍ਰੀ ਐਸ. ਆਰ. ਹੀਰ ਤੇ ਹੋਰਨਾਂ ਨਾਲ ਬੈਠੇ। ਇਸ ਮੌਕੇ ਮੁੱਖ ਪਾਰਲੀਮਾਨੀ ਸਕੱਤਰ ਸ: ਸਰਵਣ ਸਿੰਘ ਫ਼ਿਲੌਰ, ਮੁੱਖ ਪਾਰਲੀਮਾਨੀ ਸਕੱਤਰ ਸ੍ਰੀ ਅਵਿਨਾਸ਼ ਚੰਦਰ, ਵਿਧਾਇਕ ਸ: ਸਰਬਜੀਤ ਸਿੰਘ ਮੱਕੜ, ਵਿਧਾਇਕ ਸ੍ਰੀ ਕੇ. ਡੀ. ਭੰਡਾਰੀ, ਪੰਜਾਬ ਖ਼ਾਦੀ ਬੋਰਡ ਦੇ ਚੇਅਰਮੈਨ ਸ੍ਰੀ ਵਿਜੇ ਸਾਂਪਲਾ, ਭਾਜਪਾ ਨੇਤਾ ਸ੍ਰੀ ਸੋਮ ਪ੍ਰਕਾਸ਼, ਸਾਬਕਾ ਵਿਧਾਇਕ ਸ: ਪ੍ਰਕਾਸ਼ ਸਿੰਘ ਗੜ੍ਹਦੀਵਾਲ, ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸ੍ਰੀ ਰਵੀ ਮਹਿੰਦਰੂ, ਸ੍ਰੀ ਦਰਸ਼ਨ ਲਾਲ ਜੇਠੂਮਜਾਰਾ, ਸ: ਜਰਨੈਲ ਸਿੰਘ ਗੜ੍ਹਦੀਵਾਲ, ਸ੍ਰੀ ਸੁਰਿੰਦਰ ਮਹੇ, ਸ੍ਰੀ ਬੰਟੀ ਮਲ੍ਹ ਆਦਿ ਹਾਜ਼ਰ ਸਨ।

ਇਸ ਮਗਰੋਂ ਸ: ਬਾਦਲ ਨੇ ਡੇਰੇ ਦੇ ਸੰਤਾਂ ਤੇ ਪ੍ਰਬੰਧਕਾਂ ਨਾਲ ਚੋਣਵੇਂ ਆਗੂਆਂ ਦੀ ਹਾਜ਼ਰੀ 'ਚ ਇਕ ਬੰਦ ਕਮਰਾ ਮੀਟਿੰਗ ਕੀਤੀ। ਸ: ਬਾਦਲ ਲਗਪਗ 50 ਮਿੰਟ ਬਾਅਦ ਹੈਲੀਕਾਪਟਰ ਰਾਹੀਂ ਵਾਪਸ ਰਵਾਨਾ ਹੋ ਗਏ। ਸ: ਬਾਦਲ ਦੀ ਫੇਰੀ ਮੌਕੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ।

ਗ੍ਰਿਫ਼ਤਾਰ ਵਿਅਕਤੀ ਬਿਨਾਂ ਸ਼ਰਤ ਰਿਹਾਅ ਕੀਤੇ ਜਾਣ ਬਾਦਲ ਤੋਂ ਮੰਗ
ਜਲੰਧਰ, 30 ਮਈ (ਬਾਵਾ) - ਡੇਰਾ ਸੱਚਖੰਡ ਬੱਲਾਂ ਪੁੱਜੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਅਤੇ ਉਪ-ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਤੋਂ ਡੇਰੇ ਦੇ ਪ੍ਰਬੰਧਕਾਂ ਨੇ ਮੰਗ ਕੀਤੀ ਹੈ ਕਿ ਡੇਰੇ ਦੇ ਮੁਖੀ ਸੰਤ ਨਿਰੰਜਣ ਦਾਸ ਅਤੇ ਸੰਤ ਰਾਮਾਨੰਦ ਜੀ 'ਤੇ ਵਿਆਨਾ ਵਿਖੇ ਹੋਏ ਹਮਲੇ ਦੇ ਪ੍ਰਤੀਕਰਮ ਵਜੋਂ ਪੰਜਾਬ ਵਿਚ ਆਮ ਲੋਕਾਂ ਅਤੇ ਸਰਕਾਰ ਦੀ ਜਾਇਦਾਦ ਨੂੰ ਨੁਕਸਾਨ ਪੁਚਾਉਣ ਦੇ ਮਾਮਲਿਆਂ ਵਿਚ ਗ੍ਰਿਫ਼ਤਾਰ ਕੀਤੇ ਗਏ ਸਾਰੇ ਵਿਅਕਤੀ ਬਿਨਾਂ ਸ਼ਰਤ ਰਿਹਾਅ ਕੀਤੇ ਜਾਣ ਅਤੇ ਸਭਨਾਂ 'ਤੇ ਦਰਜ ਕੀਤੇ ਪਰਚੇ ਰੱਦ ਕੀਤੇ ਜਾਣ। ਸੂਤਰਾਂ ਅਨੁਸਾਰ ਡੇਰਾ ਪ੍ਰਬੰਧਕਾਂ ਵੱਲੋਂ ਇਹ ਗੱਲ ਡੇਰਾ ਟਰਸਟ ਦੇ ਜਨਰਲ ਸਕੱਤਰ ਸ੍ਰੀ ਐਸ.ਆਰ.ਹੀਰ ਅਤੇ ਸੇਠ ਸੱਤਪਾਲ ਜੱਅ ਨੇ ਮੁੱਖ ਮੰਤਰੀ ਅਤੇ ਉਪ-ਮੁੱਖ ਮੰਤਰੀ ਨਾਲ ਹੋਈ ਬੰਦ ਕਮਰਾ ਮੀਟਿੰਗ ਵਿਚ ਉਠਾਈ। ਪਤਾ ਲੱਗਾ ਹੈ ਕਿ ਹਜ਼ਾਰਾਂ ਵਿਅਕਤੀਆਂ 'ਤੇ ਪਰਚੇ ਦਰਜ ਹੋਣ ਦੀ ਗੱਲ ਰੱਖਦਿਆਂ ਇਹ ਵੀ ਮੰਗ ਕੀਤੀ ਗਈ ਕਿ ਸਾਰੇ ਕੇਸ ਬਿਨਾਂ ਸ਼ਰਤ ਵਾਪਿਸ ਲਏ ਜਾਣ।
ਸੂਤਰਾਂ ਅਨੁਸਾਰ ਇਸ ਸੰਬੰਧ ਵਿਚ ਉਪ-ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਨੇ ਦੱਸਿਆ ਕਿ ਰਾਜ ਭਰ ਵਿਚ ਕੇਵਲ ਲਗਪਗ 65 ਵਿਅਕਤੀਆਂ ਦੇ ਖਿਲਾਫ਼ ਕੇਸ ਦਰਜ ਹਨ। ਉਨ੍ਹਾਂ ਨੇ ਇਹ ਵੀ ਸਪੱਸ਼ਟ ਕੀਤਾ ਕਿ ਕੁਝ ਵਿਅਕਤੀਆਂ ਦੇ ਖਿਲਾਫ਼ ਗੰਭੀਰ ਕਿਸਮ ਦੇ ਕੇਸ ਹਨ ਅਤੇ ਕੁਝ ਵਿਅਕਤੀ ਡੇਰੇ ਦੇ ਸ਼ਰਧਾਲੂ ਨਾ ਹੋ ਕੇ ਅਪਰਾਧਿਕ ਪਿਛੋਕੜ ਵਾਲੇ ਹਨ, ਉਨ੍ਹਾਂ 'ਤੇ ਦਰਜ ਕੀਤੇ ਕੇਸ ਵਾਪਸ ਲੈਣੇ ਔਖੇ ਹੋਣਗੇ। ਇਕ ਤਰਕ ਇਹ ਵੀ ਸਾਹਮਣੇ ਆਇਆ ਕਿ ਹੋਏ ਨੁਕਸਾਨ ਬਾਰੇ ਐਫ਼. ਆਈ. ਆਰ. ਦਰਜ ਕਰਨੀ ਜ਼ਰੂਰੀ ਹੋਵੇਗੀ, ਕਿਉਂਕਿ ਇਸ ਤਰ੍ਹਾਂ ਨਾ ਕੀਤੇ ਜਾਣ 'ਤੇ ਪ੍ਰਭਾਵਿਤ ਲੋਕਾਂ ਨੂੰ ਜਾਇਦਾਦ ਦੇ ਨੁਕਸਾਨ ਸੰਬੰਧੀ 'ਕਲੇਮ' ਨਹੀਂ ਮਿਲ ਸਕਣਗੇ। ਉਂਜ ਮੰਗ ਕਰਨ ਵਾਲਿਆਂ ਨੇ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਕਿ ਸਵਰਗੀ ਸੰਤ ਰਾਮਾਨੰਦ ਦੇ ਅੰਤਿਮ ਸੰਸਕਾਰ ਤੋਂ ਪਹਿਲਾਂ ਹੀ ਇਹ ਕੇਸ ਰੱਦ ਕੀਤੇ ਜਾਣ।

ਪਤਾ ਲੱਗਾ ਹੈ ਕਿ ਇਸੇ ਮੰਗ ਦੇ ਮੱਦੇਨਜ਼ਰ ਹੀ ਮੁੱਖ ਮੰਤਰੀ ਨੇ ਡਵੀਜ਼ਨਲ ਕਮਿਸ਼ਨਰ ਸ੍ਰੀ ਐਸ.ਆਰ.ਲੱਧੜ ਅਤੇ ਆਈ.ਜੀ. ਜ਼ੋਨਲ ਸ੍ਰੀ ਸੰਜੀਵ ਕਾਲੜਾ 'ਤੇ ਆਧਾਰਿਤ ਦੋ ਮੈਂਬਰੀ ਕਮੇਟੀ ਬਣਾਉਣ ਦਾ ਫ਼ੈਸਲਾ ਲਿਆ। ਸੂਤਰਾਂ ਨੇ ਦੱਸਿਆ ਕਿ ਮੁੱਖ ਮੰਤਰੀ ਅਤੇ ਉਪ-ਮੁੱਖ ਮੰਤਰੀ ਇਸ ਗੱਲ 'ਤੇ ਵੀ ਚਿੰਤਿਤ ਨਜ਼ਰ ਆਏ ਕਿ ਵਿਆਨਾ ਵਿਚ ਸੰਤਾਂ 'ਤੇ ਹੋਏ ਹਮਲੇ ਅਤੇ ਉਸ ਦੇ ਪ੍ਰਤੀਕਰਮ ਵਜੋਂ ਪੰਜਾਬ ਵਿਚ ਹੋਈਆਂ ਘਟਨਾਵਾਂ ਨੂੰ ਬਹੁਤ ਹੀ ਗਲਤ ਮੋੜ ਦਿੱਤਾ ਜਾ ਰਿਹਾ ਹੈ। ਉਨ੍ਹਾਂ ਨੇ ਇਸ ਤਰ੍ਹਾਂ ਦੋ ਭਾਈਚਾਰਿਆਂ ਵਿਚ ਦੂਰੀ ਵਧਾਉਣ ਵਾਲੀਆਂ ਕਾਰਵਾਈਆਂ ਤੋਂ ਗੁਰੇਜ਼ ਕਰਨ ਅਤੇ ਅਮਨ, ਸ਼ਾਂਤੀ ਅਤੇ ਭਾਈਚਾਰਕ ਸਾਂਝ ਬਣਾਈ ਰੱਖਣ ਲਈ ਅਪੀਲ ਕੀਤੀ।

ਰਾਜਨੀਤੀ ਦਾ ਸਮਾਂ ਨਹੀਂ - ਸੁਖਬੀਰ
ਜਲੰਧਰ, 30 ਮਈ (ਬਾਵਾ) - ਪੰਜਾਬ ਦੇ ਉਪ-ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਨੇ ਡੇਰਾ ਸੱਚਖੰਡ ਬੱਲਾਂ ਦੇ ਸੰਤਾਂ 'ਤੇ ਵਿਆਨਾ 'ਚ ਹੋਏ ਕਾਤਲਾਨਾ ਹਮਲੇ ਦੀ ਨਿੰਦਾ ਕਰਦਿਆਂ ਕਿਹਾ ਹੈ ਕਿ ਇਸ ਵੇਲੇ ਸਮੂਹ ਪੰਜਾਬੀਆਂ ਦੀ ਪਹਿਲ ਸੂਬੇ 'ਚ ਅਮਨ ਅਤੇ ਸ਼ਾਂਤੀ ਦੀ ਬਹਾਲੀ ਹੋਣੀ ਚਾਹੀਦੀ ਹੈ। ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਅੱਜ ਡੇਰਾ ਸੱਚਖੰਡ ਬੱਲਾਂ ਵਿਖੇ ਪੁੱਜੇ ਸ: ਸੁਖਬੀਰ ਸਿੰਘ ਬਾਦਲ ਨੇ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਪੀ. ਚਿਦੰਬਰਮ ਵੱਲੋਂ ਰਾਜ 'ਚ ਫ਼ੈਲੀ ਬਦਅਮਨੀ ਦੇ ਸੰਬੰਧ 'ਚ ਕੀਤੀਆਂ ਟਿੱਪਣੀਆਂ 'ਤੇ ਕੁਝ ਵੀ ਕਹਿਣ ਤੋਂ ਗੁਰੇਜ਼ ਕਰਦਿਆਂ ਕਿਹਾ ਕਿ ਇਹ ਸਮਾਂ ਇਨ੍ਹਾਂ ਗੱਲਾਂ ਦਾ ਨਹੀਂ ਤੇ ਇਸ ਮੁੱਦੇ ਉੱਤੇ ਕਿਸੇ ਤਰ੍ਹਾਂ ਦੀ ਵੀ ਰਾਜਨੀਤੀ ਨਹੀਂ ਹੋਣੀ ਚਾਹੀਦੀ।

ਅਜੀਤ ਖ਼ਬਰ ਪੰਨਾ

ਬੱਲਾਂ ਵਾਲੇ ਸੰਤਾਂ 'ਤੇ ਹੋਇਆ ਹਮਲਾ ਨਿੰਦਣਯੋਗ - ਨਾਹਰ
ਕਪੂਰਥਲਾ, 26 ਮਈ (ਵਿਸ਼ੇਸ਼ ਪ੍ਰਤੀਨਿਧ)-ਬਹੁਜਨ ਸਮਾਜ ਪਾਰਟੀ (ਅ) ਦੇ ਕੌਮੀ ਪ੍ਰਧਾਨ ਸ੍ਰੀ ਦੇਵੀ ਦਾਸ ਨਾਹਰ ਨੇ ਵਿਆਨਾ ਵਿਖੇ ਸੰਤ ਨਿਰੰਜਣ ਦਾਸ ਤੇ ਸੰਤ ਰਾਮਾਨੰਦ 'ਤੇ ਕੁਝ ਵਿਅਕਤੀਆਂ ਵੱਲੋਂ ਕੀਤੇ ਗਏ ਕਾਤਲਾਨਾ ਹਮਲੇ ਦੀ ਪੁਰਜ਼ੋਰ ਸ਼ਬਦਾਂ 'ਚ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਜਿਹੜੇ ਵੀ ਲੋਕਾਂ ਨੇ ਸੰਤ ਮਹਾਂਪੁਰਸ਼ਾਂ 'ਤੇ ਹਮਲਾ ਕਰਕੇ ਇਹ ਕਾਰਾ ਕੀਤਾ ਹੈ, ਉਹ ਮਨੁੱਖਤਾ ਦੇ ਕਾਤਲ ਹਨ, ਕਿਉਂਕਿ ਸੰਤ ਨਿਰੰਜਣ ਦਾਸ ਤੇ ਸੰਤ ਰਾਮਾਨੰਦ, ਜੋ ਡੇਰਾ ਸੱਚਖੰਡ ਬੱਲਾਂ ਵਿਖੇ ਪਿਛਲੇ ਲੰਬੇ ਅਰਸੇ ਤੋਂ ਸੰਗਤਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਦੀ ਬਾਣੀ ਨਾਲ ਜੋੜ ਰਹੇ ਸਨ। ਉਨ੍ਹਾਂ ਕਿਹਾ ਕਿ ਇਸ ਹਮਲੇ 'ਚ ਸੰਤ ਰਾਮਾਨੰਦ ਦੀ ਮੌਤ ਬਹੁਤ ਹੀ ਦੁੱਖਦਾਈ ਹੈ, ਪ੍ਰੰਤੂ ਜੋ ਕੁਝ ਪੰਜਾਬ 'ਚ ਵਾਪਰ ਰਿਹਾ ਹੈ, ਉਹ ਬਹੁਤ ਹੀ ਨਿੰਦਣਯੋਗ ਹੈ।

ਉਨ੍ਹਾਂ ਕਿਹਾ ਕਿ ਵਿਆਨਾ ਵਿਖੇ ਹੋਏ ਇਸ ਹਮਲੇ ਨਾਲ ਸਮਾਜ ਦੇ ਇਕ ਵੱਡੇ ਵਰਗ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਦੁੱਖ ਦੀ ਘੜੀ 'ਚ ਫਿਰਕੂ ਸਦਭਾਵਨਾ ਬਣਾਈ ਰੱਖਣ। ਉਨ੍ਹਾਂ ਪ੍ਰਸ਼ਾਸਨ ਨੂੰ ਕਿਹਾ ਕਿ ਜਿਹੜੇ ਸ਼ਰਾਰਤੀ ਅਨਸਰ ਇਸ ਹਾਲਾਤ ਨੂੰ ਹੋਰ ਵਿਗਾੜਨ ਦਾ ਯਤਨ ਕਰ ਰਹੇ ਹਨ, ਨਾਲ ਸਖ਼ਤੀ ਨਾਲ ਨਿਪਟਿਆ ਜਾਵੇ। ਸ੍ਰੀ ਨਾਹਰ ਨੇ ਇਹ ਵੀ ਮੰਗ ਕੀਤੀ ਕਿ ਜਿਹੜੇ ਲੋਕਾਂ ਦੀ ਇਸ ਦੌਰਾਨ ਮੌਤ ਹੋਈ ਹੈ ਉਨ੍ਹਾਂ ਦੇ ਪਰਿਵਾਰਾਂ ਨੂੰ 15-15 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇ ਅਤੇ ਪੀੜਤ ਪਰਿਵਾਰਾਂ ਦੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ।

5-5 ਲੱਖ ਰੁਪਏ ਰਾਹਤ ਐਲਾਨ
ਜਲੰਧਰ, 26 ਮਈ (ਪੀ.ਟੀ.ਆਈ.) - ਜਲੰਧਰ 'ਚ ਵਿਰੋਧ ਕਰ ਰਹੇ ਪ੍ਰਦਰਸ਼ਨਕਾਰੀਆਂ ਨੂੰ ਖਿੰਡਾਉਣ ਲਈ ਪੁਲਿਸ ਵੱਲੋਂ ਬੀਤੇ ਦਿਨੀ ਕੀਤੀ ਫਾਇਰਿੰਗ 'ਚ ਮਾਰੇ ਗਏ ਵਿਅਕਤੀਆਂ ਦੇ ਰਿਸ਼ਤੇਦਾਰਾਂ ਨੂੰ ਅੱਜ ਪੰਜਾਬ ਸਰਕਾਰ ਨੇ 5-5 ਲੱਖ ਰੁਪਏ ਐਕਸ ਗਰੇਸ਼ੀਆ ਰਾਹਤ ਦੇਣ ਦਾ ਐਲਾਨ ਕੀਤਾ ਹੈ। ਸਰਕਾਰੀ ਸੂਤਰਾਂ ਨੇ ਦੱਸਿਆ ਕਿ ਇਹ ਗ੍ਰਾਂਟ ਫਿਲੌਰ ਦੇ ਪਿੰਡ ਰਾਮਗੜ੍ਹ ਦੇ ਰਜਿੰਦਰ ਤੇ ਜਲੰਧਰ ਦੇ ਪਿੰਡ ਹੁਸੈਨਪੁਰ ਦੇ ਤੇਲੂ ਰਾਮ ਜੋ ਕਿ ਪੁਲਿਸ ਵੱਲੋਂ ਪ੍ਰਦਰਸ਼ਨਕਾਰੀਆਂ ਨੂੰ ਖਿਡੰਉਣ ਲਈ ਚਲਾਈ ਗਈ ਗੋਲੀ ਦੌਰਾਨ ਮਾਰੇ ਗਏ ਸਨ, ਦੇ ਰਿਸ਼ਤੇਦਾਰਾਂ ਨੂੰ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਐਤਵਾਰ ਤੋਂ ਹੁਣ ਤੱਕ ਹੋਈਆਂ ਝੜਪਾਂ 'ਚ ਤਿੰਨ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਇਸੇ ਤਰਾਂ ਇਕ ਮੁਜ਼ਾਹਰਾਕਾਰੀ ਦੀ ਉਸ ਸਮੇਂ ਮੌਤ ਹੋ ਗਈ ਜਦੋਂ ਢਿੱਲਵਾਂ ਪਿੰਡ 'ਚ ਅਕਾਲੀ ਦਲ ਦੇ ਇਕ ਕੌਂਸਲਰ ਨੇ ਆਪਣੇ ਬਚਾਅ ਲਈ ਗੋਲੀ ਚਲਾ ਦਿੱਤੀ।

ਗ੍ਰਿਫ਼ਤਾਰ ਕੀਤੇ ਲੋਕਾਂ ਨੂੰ ਰਿਹਾਅ ਕੀਤੇ ਬਿਨਾਂ ਸ਼ਾਂਤੀ ਸੰਭਵ ਨਹੀਂ - ਬਸਪਾ
ਜਲੰਧਰ, 26 ਮਈ (ਬਾਵਾ) - ਬਹੁਜਨ ਸਮਾਜ ਪਾਰਟੀ ਨੇ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਸੁਚੇਤ ਕੀਤਾ ਹੈ ਕਿ ਡੇਰਾ ਸੱਚਖੰਡ ਬੱਲਾਂ ਦੇ ਸੰਤਾਂ 'ਤੇ ਹੋਏ ਕਾਤਿਲਾਨਾ ਹਮਲੇ ਪ੍ਰਤੀ ਰੋਸ ਪ੍ਰਗਟ ਕਰਨ ਲਈ ਗ੍ਰਿਫ਼ਤਾਰ ਕੀਤੇ ਗਏ ਲੋਕਾਂ ਨੂੰ ਰਿਹਾਅ ਕਰਨ ਅਤੇ ਪੁਲਿਸ ਵੱਲੋਂ ਅੱਗੋਂ ਭੜਕਾਹਟ ਭਰੀਆਂ ਕਾਰਵਾਈਆਂ ਬੰਦ ਕੀਤੇ ਬਿਨਾਂ ਸ਼ਾਂਤੀ ਸੰਭਵ ਨਹੀਂ ਹੋਵੇਗੀ। ਬਸਪਾ ਪੰਜਾਬ ਦੇ ਜਨਰਲ ਸਕੱਤਰ ਸ: ਸੁਖਵਿੰਦਰ ਸਿੰਘ ਕੋਟਲੀ ਅਤੇ ਸ: ਐਮ. ਪੀ. ਸਿੰਘ ਗੁਰਾਇਆ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸ੍ਰੀ ਬਲਦੇਵ ਖਹਿਰਾ, ਜ਼ਿਲ੍ਹਾ ਪ੍ਰਧਾਨ ਸ੍ਰੀ ਰਾਮ ਸਰੂਪ ਸਰੋਏ, ਸ਼ਹਿਰੀ ਪ੍ਰਧਾਨ ਸ੍ਰੀ ਬਲਵਿੰਦਰ ਰੱਲ੍ਹ, ਸ੍ਰੀ ਸੱਤ ਪਾਲ ਵਿਰਕ, ਸ੍ਰੀ ਨਰਿੰਦਰ ਬਿੱਲਾ, ਸ੍ਰੀ ਬਲਿਹਾਰ ਮੁਠੱਡਾ, ਸ੍ਰੀ ਲੇਖ ਰਾਜ ਬਿਲਗਾ ਆਦਿ ਨੇ ਇਕ ਸਾਂਝੇ ਬਿਆਨ ਵਿਚ ਕਿਹਾ ਕਿ ਬੀਤੇ ਕੱਲ੍ਹ ਬਸਪਾ ਵੱਲੋਂ ਭਾਈਚਾਰੇ ਦੇ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਤੋਂ ਬਾਅਦ ਇਸ ਦਾ ਅਸਰ ਸਪੱਸ਼ਟ ਰੂਪ ਵਿਚ ਵੇਖਣ ਵਿਚ ਆਇਆ ਅਤੇ ਅੱਜ ਕਿਸੇ ਤਰ੍ਹਾਂ ਦੀ ਕੋਈ ਮਾੜੀ ਘਟਨਾ ਕਿਤੇ ਨਹੀਂ ਵਾਪਰੀ।

ਸਰਕਾਰ ਵਿਆਨਾ ਹਮਲੇ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਕਾਰਵਾਈ ਕਰੇਗੀ-ਪ੍ਰਨੀਤ ਕੌਰ
ਪੰਜਾਬ 'ਚ ਹਾਲਾਤ ਤੇਜ਼ੀ ਨਾਲ ਸੁਧਰੇ
ਨਵੀਂ ਦਿੱਲੀ, 29 ਮਈ (ਜਗਮੇਲ ਸਿੰਘ ਭਾਠੂਆਂ) - ਮਹਾਰਾਣੀ ਪ੍ਰਨੀਤ ਕੌਰ ਜਿਨ੍ਹਾਂ ਅੱਜ ਵਿਦੇਸ਼ ਰਾਜ ਮੰਤਰੀ ਵਜੋਂ ਆਪਣਾ ਕਾਰਜਭਾਰ ਸੰਭਾਲ ਲਿਆ ਹੈ, ਨੇ ਅੱਜ ਕਿਹਾ ਕਿ ਵਿਆਨਾ ਵਿਚ ਡੇਰਾ ਸੱਚਖੰਡ ਬੱਲਾਂ ਵਾਲੇ ਸੰਤਾਂ 'ਤੇ ਹਮਲੇ ਲਈ ਜ਼ਿੰਮੇਵਾਰ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਜੋ ਕੁਝ ਵੀ ਜ਼ਰੂਰੀ ਹੋਇਆ, ਸਰਕਾਰ ਕਰੇਗੀ। ਉਨ੍ਹਾਂ ਸੰਤਾਂ 'ਤੇ ਹਮਲੇ ਨੂੰ ਬੇਹੱਦ ਦੁੱਖਦਾਈ ਘਟਨਾ ਦੱਸਦਿਆਂ ਕਿਹਾ ਕਿ ਇਸ ਘਟਨਾ ਪਿੱਛੋਂ ਪੰਜਾਬ ਵਿਚ ਫੈਲੀ ਹਿੰਸਾ ਨਾਲ ਨਜਿੱਠਣ ਲਈ ਕੇਂਦਰ ਸਰਕਾਰ ਨੇ ਬੜੀ ਸੂਝ-ਬੂਝ ਤੋਂ ਕੰਮ ਲਿਆ ਹੈ ਜਿਸ ਕਾਰਨ ਸੂਬੇ ਵਿਚ ਹਾਲਾਤ ਸੁਧਰ ਰਹੇ ਹਨ।

ਮਹਾਰਾਣੀ ਪ੍ਰਨੀਤ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਮੰਗ ਮੁਤਾਬਿਕ ਕੇਂਦਰੀ ਗ੍ਰਹਿ ਮੰਤਰਾਲੇ ਨੇ ਨੀਮ ਫ਼ੌਜੀ ਬਲਾਂ ਅਤੇ ਫ਼ੌਜ ਨੂੰ ਪੰਜਾਬ ਵਿਚ ਭੇਜਿਆ ਹੈ। ਉਨ੍ਹਾਂ ਕਿਹਾ ਕਿ ਮੈਨੂੰ ਯਕੀਨ ਹੈ ਕਿ ਸੂਬੇ ਵਿਚ ਛੇਤੀ ਅਮਨ ਅਤੇ ਸ਼ਾਂਤੀ ਕਾਇਮ ਹੋ ਜਾਵੇਗੀ। ਆਪਣੇ ਪਹਿਲ ਵਾਲੇ ਖੇਤਰਾਂ ਬਾਰੇ ਪੁੱਛੇ ਜਾਣ 'ਤੇ ਉਨ੍ਹਾਂ ਕਿਹਾ ਕਿ ਅੱਤਵਾਦ ਰਹਿਤ ਵਾਤਾਵਰਨ ਵਿਚ ਸ਼ਾਂਤੀ ਅਤੇ ਖੁਸ਼ਹਾਲੀ ਨੂੰ ਸਭ ਤੋਂ ਵੱਧ ਪਹਿਲ ਦੇਣਗੇ। ਵਿਦੇਸ਼ ਰਾਜ ਮੰਤਰੀ ਨੇ ਕਿਹਾ ਕਿ ਭਾਰਤ ਸਦਾ ਹੀ ਪਾਕਿਸਤਾਨ ਨਾਲ ਚੰਗੇ ਸਬੰਧ ਚਾਹੁੰਦਾ ਹੈ ਪਰ ਜ਼ੋਰ ਦੇ ਕੇ ਕਿਹਾ ਕਿ ਉਨ੍ਹਾਂ ਦਾ ਦੇਸ਼ ਅੱਤਵਾਦ ਸਹਿਣ ਨਹੀਂ ਕਰੇਗਾ। ਉਨ੍ਹਾਂ ਕਿਹਾ ਕਿ ਭਾਰਤ ਸਾਰੇ ਹੀ ਗੁਆਂਢੀ ਮੁਲਕਾਂ ਨਾਲ ਦੋਸਤਾਨਾ ਸਬੰਧ ਚਾਹੁੰਦਾ ਹੈ।

ਅਜੀਤ ਖ਼ਬਰ ਪੰਨਾ



20) ਕਿਸੇ ਨੂੰ ਵੀ ਸ਼ਾਂਤੀ ਭੰਗ ਕਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ - ਸੁਖਬੀਰ

... ਅੱਗੇ ਪੜ੍ਹੋ

ਵਾਇਆ ਵਿਆਨਾ ਸੜੇ ਪੰਜਾਬ ...- ਪਾਲ ਸਿੰਘ ਨੌਲੀ (ਲੇਖ ਵਿਚੋਂ)

ਵਾਇਆ ਵਿਆਨਾ ਸੜੇ ਪੰਜਾਬ ਦੀ ਚੰਗਿਆੜੀ ਕਿੱਥੇ?
ਪਾਲ ਸਿੰਘ ਨੌਲੀ ਦੇ ਲੇਖ ਵਿਚੋਂ:
ਵਿਆਨਾ ਵਿਖੇ ਡੇਰਾ ਬੱਲਾਂ ਦੇ ਸੰਤਾਂ ਉੱਤੇ ਹੋਏ ਹਮਲੇ ਨੂੰ ਲੈ ਕੇ ਭੜਕੀ ਹਿੰਸਾ ਦੀ ਅੱਗ ਜਿੱਥੇ ਪੰਜਾਬ ਵਿਚ ਹੋਰ ਫੈਲੀ, ਉੱਥੇ ਇਸ ਨੇ ਹਰਿਆਣਾ ਨੂੰ ਵੀ ਲਪੇਟ ਵਿਚ ਲੈ ਲਿਆ ਹੈ। ਹਿੰਸਾ ਦੀਆਂ ਤਾਜ਼ਾ ਘਟਨਾਵਾਂ ਦੌਰਾਨ 5 ਵਿਅਕਤੀ ਜਿਹਨਾਂ ਵਿਚੋਂ ਦੋ ਜਲੰਧਰ ਅਤੇ 3 ਫਿਲੌਰ ਵਿਖੇ ਮਾਰੇ ਗਏ ਹਨ। ਪੰਜਾਬ ਵਿਚ ਹਾਲਾਤ ਬੇਕਾਬੂ ਹੋਣ ਕਾਰਨ ਜਲੰਧਰ, ਲੁਧਿਆਣਾ, ਫਗਵਾੜਾ ਅਤੇ ਹੁਸ਼ਿਆਰਪੁਰ ਵਿਚ ਕਰਫਿਊ ਲਾ ਕੇ ਇਹਨਾਂ ਨੂੰ ਫੌਜ ਹਵਾਲੇ ਕਰ ਦਿੱਤਾ ਗਿਆ ਹੈ। ਫੌਜੀ ਸੂਤਰਾਂ ਮੁਤਾਬਕ ਇਹਨਾਂ ਸ਼ਹਿਰਾਂ ਵਿਚ 2500 ਜਵਾਨ ਤਾਇਨਾਤ ਕੀਤੇ ਗਏ ਹਨ। ਅੰਮ੍ਰਿਤਸਰ, ਮੋਗਾ ਅਤੇ ਫਰੀਦਕੋਟ ਤੋਂ ਵੀ ਵਿਰੋਧ ਵਿਖਾਵੇ ਹੋਣ ਦੀਆਂ ਖਬਰਾਂ ਮਿਲੀਆਂ ਹਨ। ਫਿਲੌਰ ਵਿਚ ਪਥਰਾਅ ਕਾਰਨ ਉਲਟੀ ਕਾਰ ਕਾਰਨ ਕਾਰ ਸਵਾਰ ਵਕੀਲ ਦੀ ਮੌਤ ਹੋ ਗਈ।

ਲੁਧਿਆਣਾ ਵਿਚ ਵੀ ਕਰਫਿਊ

ਸੋਮਵਾਰ ਨੂੰ ਲੁਧਿਆਣਾ ਵਿਚ ਵੀ ਕਰਫਿਊ ਲਾ ਦਿੱਤਾ ਗਿਆ। ਮਿਲੀਆਂ ਖ਼ਬਰਾਂ ਮੁਤਾਬਕ ਕੁਝ ਲੋਕਾਂ ਨੇ ਚੌੜਾ ਬਾਜ਼ਾਰ ਤੋਂ ਜ਼ਿਲੇ ਦੇ ਡਿਪਟੀ ਕਮਿਸ਼ਨਰ ਦੇ ਦਤਰ ਤੱਕ ਮਾਰਚ ਕੱਢਿਆ ਅਤੇ ਧਰਨਾ ਦਿੱਤਾ। ਵਿਖਾਵਾਕਾਰੀਆਂ ਨੇ ਇਸ ਦੌਰਾਨ ਇਕ ਪੈਟਰੋਲ ਪੰਪ ਵਿਚ ਤਬਾਹੀ ਮਚਾਈ ਅਤੇ 12 ਕਾਰਾਂ, ਸਕੂਟਰਾਂ ਤੇ ਮੋਟਰ ਸਾਈਕਲਾਂ ਨੂੰ ਨੁਕਸਾਨ ਪਹੁੰਚਾਇਆ। ਇਸ ਕਰਫਿਊ ਕਾਰਨ ਦਿੱਲੀ ਤੋਂ ਲਾਹੌਰ ਲਈ ਚੱਲੀ ਬੱਸ ਨੂੰ ਸੁਰੱਖਿਆ ਕਾਰਨਾਂ ਕਰਕੇ ਲੁਧਿਆਣਾ ਵਿਖੇ ਹੀ ਰੋਕ ਲਿਆ ਗਿਆ।

ਹੁਸ਼ਿਆਰਪੁਰ ਵਿਚ ਵੀ ਕਰਫਿਊ
ਸੋਮਵਾਰ ਹੁਸ਼ਿਆਰਪੁਰ ਵਿਚ ਅਹਿਤਿਆਤ ਵਜੋਂ ਕਰਫਿਊ ਲਾ ਦਿੱਤਾ ਗਿਆ। ਸ਼ਹਿਰ ਵਿਚ ਕੁਝ ਥਾਵਾਂ ਉੱਤੇ ਜਨਤਕ ਮੋਟਰ ਗੱਡੀਆਂ ਨੂੰ ਅੱਗ ਲਾਏ ਜਾਣ ਦੀ ਖਬਰ ਹੈ। ਭੀੜ ਨੇ ਜਲੰਧਰ-ਹੁਸ਼ਿਆਰਪੁਰ ਮੁੱਖ ਸੜਕ ’ਤੇ ਆਵਾਜਾਈ ਠੱਪ ਕੀਤੀ।

ਫਗਵਾੜਾ ਵਿਚ ਫੌਜ ਸੱਦੀ
ਕਰਫਿਊ ਲੱਗੇ ਫਗਵਾੜਾ ਸ਼ਹਿਰ ਵਿਚ ਸੋਮਵਾਰ ਫੌਜ ਨੂੰ ਸੱਦ ਲਿਆ ਗਿਆ। ਵਿਖਾਵਾਕਾਰੀਆਂ ਨੇ ਇੱਥੇ ਸੁਰੱਖਿਆ ਫੋਰਸਾਂ ਦੀ ਮੌਜੂਦਗੀ ਦੇ ਬਾਵਜੂਦ ਇਕ ਟਰੇਨ ਦੇ ਇੰਜਣ ਅਤੇ ਕੁਝ ਦੁਕਾਨਾਂ ਨੂੰ ਨੁਕਸਾਨ ਪਹੁੰਚਾਇਆ। ਕਈ ਰਾਹ ਜਾਂਦੇ ਲੋਕਾਂ ਉੱਤੇ ਹਮਲੇ ਵੀ ਕੀਤੇ ਗਏ।

ਅੰਮ੍ਰਿਤਸਰ ਵਿਖੇ ਵੀ ਹਿੰਸਾ
ਲੋਕਾਂ ਦੀ ਭੀੜ ਨੇ ਅੰਮ੍ਰਿਤਸਰ ਦੇ ਮੁੱਖ ਬੱਸ ਅੱਡੇ ਵਿਖੇ ਇਕ ਦਰਜਨ ਤੋਂ ਵੱਧ ਬੱਸਾਂ ਨੂੰ ਸਾੜ ਦਿੱਤਾ, ਜਿਸ ਪਿੱਛੋਂ ਪੁਲਿਸ ਨੇ ਲਾਠੀਚਾਰਜ ਕੀਤਾ ਅਤੇ ਅੱਥਰੂ ਗੈਸ ਦੇ ਗੋਲੇ ਛੱਡੇ। ਵਿਖਾਵਾਕਾਰੀਆਂ ਨੇ ਸ਼ਹਿਰ ਵਿਚ ਪ੍ਰਮੁੱਖ ਵਪਾਰਕ ਕੇਂਦਰਾਂ ਵਿਖੇ ਜਾਇਦਾਦ ਨੂੰ ਨੁਕਸਾਨ ਪਹੁੰਚਾਇਆ।

ਲਾਂਬੜਾ ਵਿਚ ਫਾਇਰਿੰਗ, ਇਕ ਹਲਾਕ
ਜਲੰਧਰ ਨੇੜਲੇ ਲਾਂਬੜਾ ਵਿਖੇ ਪੁਲਿਸ ਵਲੋਂ ਚਲਾਈ ਗਈ ਗੋਲੀ ਨਾਲ ਇਕ ਅਣਪਛਾਤੇ ਵਿਅਕਤੀ ਦੀ ਮੌਤ ਹੋ ਗਈ। ਫਾਇਰਿੰਗ ਵਿਚ 12 ਜ਼ਖ਼ਮੀ। ਲਾਂਬੜਾ ਖੇਤਰ ਵਿਚ ਹੋਈ ਪੁਲਿਸ ਫਾਇਰਿੰਗ ਨਾਲ ਇਕ ਦਰਜਨ ਦੇ ਲਗਭਗ ਵਿਅਕਤੀ ਜ਼ਖ਼ਮੀ ਵੀ ਹੋ ਗਏ। ਮਕਸੂਦਾਂ ਖੇਤਰ ਵਿਚ ਵੀ ਲੋਕਾਂ ਦੇ ਹਮਲੇ ਵਿਚ ਪੀਸੀਆਰ ਦੇ ਦੋ ਮੁਲਾਜ਼ਮ ਜ਼ਖ਼ਮੀ ਹੋਏ।

ਭੀੜ ਨੇ ਜੰਮੂ-ਤਵੀ ਐਕਸਪ੍ਰੈੱਸ ਤੇ ਟਰੈਕਿੰਗ ਮਸ਼ੀਨ ਸਾੜੀ
ਜਲੰਧਰ ਛਾਉਣੀ ਰੇਲਵੇ ਸਟੇਸ਼ਨ ਉੱਤੇ ਕੁਝ ਬੇਕਾਬੂ ਹੋਏ ਲੋਕਾਂ ਨੇ ਭਾਰੀ ਹੰਗਾਮਾ ਕੀਤਾ ਅਤੇ ਜੰਮੂ ਤਵੀ ਐਕਸਪ੍ਰੈੱਸ ਤੇ ਟਰੈਕਿੰਗ ਮਸ਼ੀਨ ਨੂੰ ਅੱਗ ਲਾ ਦਿੱਤੀ। ਇਸ ਅਗਨੀ ਕਾਂਡ ਦੌਰਾਨ 18 ਬੋਗੀਆਂ ਸੜ ਗਈਆਂ। ਇੱਥੇ ਬੇਕਾਬੂ ਭੀੜ ਨੂੰ ਤਿੱਤਰ ਬਿੱਤਰ ਕਰਨ ਲਈ ਜੀਆਰਪੀ ਨੂੰ ਗੋਲੀ ਚਲਾਉਣੀ ਪਈ। ਭੀੜ ਵਲੋਂ ਵੀ ਗੋਲੀ ਚਲਾਏ ਜਾਣ ਦੀ ਖਬਰ ਹੈ।

ਇਕ ਵਿਅਕਤੀ ਦੀ ਮੌਤ
ਇੱਥੇ ਜੀਆਰਪੀ ਦੇ ਜਵਾਨਾਂ ਵਲੋਂ ਲੋਕਾਂ ਨੂੰ ਖਦੇੜਨ ਲਈ ਚਲਾਈ ਗਈ ਗੋਲੀ ਨਾਲ ਇਕ ਵਿਅਕਤੀ ਮਾਰਿਆ ਗਿਆ। ਇਕ ਹੋਰ ਦੇ ਜ਼ਖ਼ਮੀ ਹੋਣ ਦੀ ਖਬਰ ਹੈ। ਸੁੱਚੀ ਪਿੰਡ ਨੇੜੇ ਲੋਕਾਂ ਨੇ ਇਕ ਮੁਸਾਫਰ ਗੱਡੀ ਨੂੰ ਵੀ ਰੋਕਿਆ।

ਗੱਡੀ ਰੋਕੀ
ਮਿਲੀਆਂ ਖਬਰਾਂ ਮੁਤਾਬਕ ਕੁਝ ਨੌਜਵਾਨਾਂ ਨੇ ਸੋਮਵਾਰ ਸਵੇਰੇ 9 ਵਜੇ ਡੀਏਵੀ ਕਾਲਜ ਫਾਟਕ ਨੇੜੇ ਫਿਰੋਜ਼ਪੁਰ ਵੱਲ ਜਾ ਰਹੀ ਡੀਐਮਯੂ ਨੂੰ ਰੋਕ ਕੇ ਤੋੜ ਭੰਨ ਕੀਤੀ। ਇਸ ਵਿਚ ਸਵਾਰ ਮੁਸਾਫਰਾਂ ਨੇ ਦੌੜ ਕੇ ਜਾਨ ਬਚਾਈ। ਜਲੰਧਰ ਸੰਪਰਕ ਕਰਾਂਤੀ ਅਤੇ ਦਕੋਹਾ ਫਾਟਕ ਨੇੜੇ ਕੰਨਿਆ ਕੁਮਾਰੀ-ਜੰਮੂ ਤਵੀ ਐਕਸਪ੍ਰੈਸ ਰੋਕ ਕੇ ਪਥਰਾਅ ਕੀਤਾ। ਰੇਲ ਮੁਸਾਫਰ ਆਪਣਾ ਸਮਾਨ ਛੱਡ ਕੇ ਭੱਜ ਗਏ।

ਨੂਰਮਹਿਲ ’ਚ ਤੋੜ ਭੰਨ, ਸਾੜ ਫੂਕ
ਨੂਰਮਹਿਲ ਵਿਖੇ ਵੀ ਕਈ ਥਾਈਂ ਤੋੜ ਭੰਨ ਤੇ ਸਾੜ ਫੂਕ ਹੋਈ। ਜਲੰਧਰ ਚੁੰਗੀ ਨੇੜੇ ਇਕ ਠੇਕੇ ਨੂੰ ਅੱਗ ਲਾ ਦਿੱਤੀ ਗਈ। ਇੱਥੋਂ ਦੇ ਬੱਸ ਅੱਡੇ ਵਿਚ ਖੜ੍ਹੀਆਂ 3 ਬੱਸਾਂ ਨੂੰ ਅੱਗ ਲਾਈ ਗਈ। ਇਹਨਾਂ ਬੱਸਾਂ ਵਿਚੋਂ ਦੁਪਹਿਰ ਤੋਂ ਬਾਅਦ ਵੀ ਧੂੰਆਂ ਨਿਕਲ ਰਿਹਾ ਸੀ। ਤਹਿਸੀਲ ਦਫਤਰ ਦੇ ਦਰਵਾਜ਼ੇ ਖਿੜਕੀਆਂ ਆਦਿ ਤੋੜੇ ਗਏ। ਸੁਵਿਧਾ ਸੈਂਟਰ ਅਤੇ ਦਫਤਰ ਦੇ 6 ਕੰਪਿਊਟਰਾਂ ਨੂੰ ਵੀ ਨੁਕਸਾਨ ਪਹੁੰਚਾਇਆ ਗਿਆ। ਨੂਰਮਹਿਲ ਦੇ ਨਾਲ ਨਾਲ ਬਿਲਗਾ ਤੇ ਤਲਵਣ ਵਿਚ ਵੀ ਬੰਦ ਰਿਹਾ।

ਫਿਲੌਰ ਵਿਖੇ ਪੁਲਿਸ ਦੀ ਗੱਡੀ ਸਾੜੀ
ਫਿਲੌਰ ਵਿਚ ਸੋਮਵਾਰ ਇਥੋਂ ਦੇ ਟੋਲ ਪਲਾਜ਼ਾ ਵਿਖੇ ਤੋੜ ਭੰਨ ਕੀਤੀ ਗਈ। ਸਵੇਰੇ 9 ਵਜੇ ਦੇ ਲਗਭਗ ਪੁਲਿਸ ਦੀ ਇਕ ਮੋਟਰ ਗੱਡੀ ਨੂੰ ਵੀ ਰਾਮਗੜ• ਬਾਈਪਾਸ ਨੇੜੇ ਅੱਗ ਲਾ ਕੇ ਸਾੜ ਦਿੱਤਾ ਗਿਆ। ਇਕ ਮਾਰੂਤੀ ਕਾਰ ਵਿਚ ਬੈਠੇ ਕੁਝ ਪੁਲਿਸ ਮੁਲਾਜ਼ਮਾਂ ਦੀ ਕਾਰ ਨੂੰ ਵੀ ਅੱਗ ਲਾਈ ਗਈ।

19) ਸੰਤਾਂ 'ਤੇ ਹਮਲਾ ਕਾਇਰਤਾਪੂਰਨ ਕਾਰਵਾਈ - ਬਾਦਲ

... ਅੱਗੇ ਪੜ੍ਹੋ

ਜਲੰਧਰ ਵਿਚ ਦੋ ਦਿਨ ਜੰਗਲ ਰਾਜ - ਅਜੀਤ ਰਿਪੋਰਟ

ਜਲੰਧਰ, 29 ਮਈ-ਡੇਰਾ ਸੱਚਖੰਡ ਬੱਲਾਂ ਦੇ ਸੰਤ ਨਿਰੰਜਣ ਦਾਸ ਅਤੇ ਸੰਤ ਰਾਮਾ ਨੰਦ 'ਤੇ ਵਿਆਨਾ ਵਿਚ ਹੋਏ ਹਮਲੇ ਦੀ ਖ਼ਬਰ ਪੁੱਜਣ ਤੋਂ ਕੁਝ ਹੀ ਸਮਾਂ ਬਾਅਦ ਜਲੰਧਰ ਵਿਚ ਸ਼ੁਰੂ ਹੋਏ ਰੋਸ ਮੁਜ਼ਾਹਰਿਆਂ ਨੇ ਜੋ ਹਿੰਸਕ ਰੂਪ ਧਾਰਨ ਕੀਤਾ ਉਸ ਨਾਲ ਨਾ ਕੇਵਲ ਡਰ, ਸਹਿਮ ਅਤੇ ਦਹਿਸ਼ਤ ਦਾ ਮਾਹੌਲ ਬਣਿਆ ਸਗੋਂ ਵਪਾਰੀਆਂ, ਸਨਅਤਕਾਰਾਂ ਅਤੇ ਹੋਰ ਨਾਗਰਿਕਾਂ ਦੀਆਂ ਜਾਇਦਾਦਾਂ ਅਤੇ ਸਰਕਾਰੀ ਸੰਪਤੀ ਨੂੰ ਵੱਡੇ ਪੱਧਰ 'ਤੇ ਨੁਕਸਾਨ ਪੁਚਾ ਕੇ ਜਲੰਧਰ ਦੀ ਆਰਥਿਕਤਾ ਦੀਆਂ ਚੂਲਾਂ ਹਿਲਾ ਕੇ ਰੱਖ ਦਿੱਤੀਆਂ ਗਈਆਂ।

ਚੋਣਵੀਆਂ ਦੁਕਾਨਾਂ, ਸ਼ੋਅਰੂਮਾਂ, ਹੋਟਲਾਂ, ਰੈਸਟੋਰੈਂਟਾਂ, ਹੋਰ ਕਾਰੋਬਾਰੀ ਅਤੇ ਸਨਅਤੀ ਅਦਾਰਿਆਂ ਨੂੰ ਹੀ ਭਾਰੀ ਨੁਕਸਾਨ ਨਹੀਂ ਪੁਚਾਇਆ ਗਿਆ ਸਗੋਂ ਇਨ੍ਹਾਂ ਦੀ ਲੁੱਟ-ਖਸੁੱਟ ਵੀ ਕੀਤੀ ਗਈ। ਰੇਲ ਗੱਡੀਆਂ ਦੀ ਸਾੜਫੂਕ ਵੀ ਕੀਤੀ ਗਈ। ਹੋਰ ਤਾਂ ਹੋਰ, ਰੋਸਮਈ ਪ੍ਰਦਰਸ਼ਨ ਦੇ ਨਾਂਅ 'ਤੇ ਸ਼ਰਾਬ ਦੇ ਠੇਕੇ ਲੁੱਟੇ ਗਏ ਅਤੇ ਹਸਪਤਾਲਾਂ ਨੂੰ ਵੀ ਨਹੀਂ ਬਖ਼ਸ਼ਿਆ ਗਿਆ। ਆਮ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਸਹੁੰ ਚੁੱਕ ਕੇ ਹੋਂਦ ਵਿਚ ਆਈ ਸਰਕਾਰ ਕਿਤੇ ਨਜ਼ਰ ਨਹੀਂ ਆਈ ਅਤੇ ਲੋਕਾਂ ਦੀ ਸੁਰੱਖਿਆ ਲਈ ਜ਼ਿੰਮੇਵਾਰ ਜ਼ਿਲ੍ਹਾ ਅਤੇ ਪੁਲਿਸ ਪ੍ਰਸ਼ਾਸਨ ਨੇ ਕਰਫ਼ਿਊ ਲੱਗ ਜਾਣ ਦੇ ਬਾਵਜੂਦ ਪ੍ਰਦਰਸ਼ਨਕਾਰੀਆਂ ਅੱਗੇ ਗੋਡੇ ਟੇਕਦੇ ਹੋਏ ਮੂਕ ਤਮਾਸ਼ਾਈ ਬਣ ਕੇ ਲੋਕਾਂ ਦੀਆਂ ਦੁਕਾਨਾਂ ਭੱਜਦੀਆਂ, ਸ਼ੋਅਰੂਮ ਲੁੱਟੇ ਜਾਂਦੇ ਵੇਖੇ। ਇਸ ਸਾਰੇ ਵਰਤਾਰੇ ਨੂੰ ਵੇਖ ਕੇ ਲੋਕ ਮਨਾਂ 'ਚ ਇਹ ਸਵਾਲ ਉੱਠ ਖੜ੍ਹਾ ਹੋਇਆ ਕਿ ਵਿਆਨਾ ਵਿਚ ਹੋਈ ਘਟਨਾ ਕਾਰਨ ਪੰਜਾਬ ਨੂੰ ਅੱਗ ਦੀ ਭੱਠੀ ਵਿਚ ਝੋਕਣ ਦੀ ਇਜਾਜ਼ਤ ਕਿਉਂ ਦਿੱਤੀ ਗਈ। ਬੁਰੀ ਤਰ੍ਹਾਂ ਪ੍ਰਭਾਵਿਤ ਲੋਕਾਂ ਦੇ ਨੁਕਸਾਨ ਦਾ ਸਹੀ ਅੰਦਾਜ਼ਾ ਲਾਉਣਾ ਔਖਾ ਹੈ ਪਰ ਇਸ ਦੇ ਬਾਵਜੂਦ 'ਅਜੀਤ' ਦੇ ਰਿਪੋਰਟਰਾਂ ਦੀ ਟੀਮ ਨੇ ਜਲੰਧਰ ਵਿਚ ਵਰਤੇ ਇਸ ਵਰਤਾਰੇ ਸੰਬੰਧੀ ਇਕ ਵਿਸਥਾਰਿਤ ਰਿਪੋਰਟ ਤਿਆਰ ਕੀਤੀ ਹੈ ਜਿਹੜੀ ਅਸੀਂ 'ਅਜੀਤ' ਦੇ ਪਾਠਕਾਂ ਲਈ ਪੇਸ਼ ਕਰ ਰਹੇ ਹਾਂ।

ਹਸਪਤਾਲਾਂ ਨੂੰ ਵੀ ਨਹੀਂ ਬਖਸ਼ਿਆ
ਹੁੱਲੜਬਾਜ਼ੀ ਕਰਨ ਵਾਲਿਆਂ ਨੇ ਜਲੰਧਰ 'ਚ ਕਰੀਬ ਅੱਧੀ ਦਰਜਨ ਹਸਪਤਾਲਾਂ ਨੂੰ ਨਿਸ਼ਾਨਾ ਬਣਾਇਆ। ਡੇਰਾ ਸੱਚਖੰਡ ਬੱਲਾਂ ਤੋਂ ਕੁਝ ਕਿਲੋਮੀਟਰ ਦੀ ਦੂਰੀ 'ਤੇ ਪਠਾਨਕੋਟ ਚੌਕ ਦੇ ਨੇੜੇ ਸਥਿਤ ਜਨਤਾ ਹਸਪਤਾਲ 'ਚ ਭਾਰੀ ਭੰਨ-ਤੋੜ ਕੀਤੀ ਗਈ। ਹਸਪਤਾਲ ਦੇ ਐਮ. ਡੀ. ਡਾ. ਜੀ . ਐਸ. ਗਿੱਲ ਨੇ ਦੱਸਿਆ ਕਿ ਐਤਵਾਰ ਦੀ ਰਾਤ ਸੈਂਕੜੇ ਵਿਅਕਤੀ ਹਸਪਤਾਲ ਦੇ ਬਾਹਰ ਆ ਡਟੇ ਤੇ ਹੰਗਾਮਾ ਕਰਨ ਲੱਗੇ, ਜਿਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਹਸਪਤਾਲ 'ਤੇ ਪਥਰਾਅ ਕਰਨਾ ਸ਼ੁਰੂ ਕਰ ਦਿੱਤਾ ਤੇ ਹਸਪਤਾਲ ਦੇ ਸ਼ੀਸ਼ੇ ਤੇ ਬਾਹਰ ਲੱਗੇ ਬੋਰਡ ਆਦਿ ਵੀ ਭੰਨ ਦਿੱਤੇ। ਮਦਦ ਲਈ ਤੁਰੰਤ ਪੁਲਿਸ ਨੂੰ ਫੋਨ ਕੀਤਾ ਪਰ ਕੋਈ ਮਦਦ ਨਹੀਂ ਮਿਲੀ।

ਦੋ ਐਂਬੂਲੈਂਸਾਂ ਭੰਨੀਆਂ
ਸਥਾਨਕ ਨਕੋਦਰ ਚੌਕ ਦੇ ਨਜ਼ਦੀਕ ਸਥਿਤ ਬੀ. ਬੀ. ਸੀ. ਹਾਰਟਕੇਅਰ ਪਰੂਥੀ ਹਸਪਤਾਲ 'ਚ ਵੀ ਹੁੱਲੜਬਾਜ਼ਾਂ ਵੱਲੋਂ ਭਾਰੀ ਭੰਨ-ਤੋੜ ਕੀਤੀ ਗਈ। ਡਾ. ਪਰੂਥੀ ਨੇ ਦੱਸਿਆ ਕਿ 100-150 ਪ੍ਰਦਰਸ਼ਨਕਾਰੀ ਹਸਪਤਾਲ 'ਚ ਆਏ ਤੇ ਸ਼ੀਸ਼ੇ ਭੰਨ ਦਿੱਤੇ। ਕਰੀਬ 10-10 ਲੱਖ ਰੁਪਏ ਮੁੱਲ ਦੀਆਂ ਐਂਬੂਲੈਂਸਾਂ ਬਾਹਰ ਖੜ੍ਹੀਆਂ ਸਨ, ਜਿਨ੍ਹਾਂ ਨੂੰ ਉਨ੍ਹਾਂ ਨੇ ਆਪਣਾ ਨਿਸ਼ਾਨਾ ਬਣਾਇਆ। ਵਾਰ-ਵਾਰ ਸੂਚਨਾ ਦਿੱਤੇ ਜਾਣ ਦੇ ਬਾਵਜੂਦ ਪੁਲਿਸ ਨਹੀਂ ਪੁੱਜੀ। ਹਮਲਾਵਰਾਂ ਨੇ ਮਰੀਜ਼ਾਂ ਦੇ ਰਿਸ਼ਤੇਦਾਰਾਂ ਦੀਆਂ ਵੀ ਕਈ ਗੱਡੀਆਂ ਭੰਨ ਸੁੱਟੀਆ।

ਜੌਹਲ ਹਸਪਤਾਲ 'ਚ ਭੰਨ-ਤੋੜ
ਸੈਂਕੜੇ ਪ੍ਰਦਰਸ਼ਨਕਾਰੀ ਸਥਾਨਕ ਰਾਮਾਂਮੰਡੀ ਖੇਤਰ 'ਚ ਸਥਿਤ ਜੌਹਲ ਹਸਪਤਾਲ 'ਚ ਆ ਪੁੱਜੇ। ਹਮਲਾਵਰਾਂ ਨੇ ਹਸਪਤਾਲ 'ਚ ਕਾਫੀ ਭੰਨ-ਤੋੜ ਕੀਤੀ ਤੇ ਕੀਮਤੀ ਮਸ਼ੀਨਾਂ ਨੂੰ ਅੱਗ ਲਗਾ ਦਿੱਤੀ। ਉਸ ਸਮੇਂ ਹਸਪਤਾਲ ਦੇ ਮੁਖੀ ਡਾ: ਬੀ. ਐਸ. ਜੌਹਲ ਤੇ ਇਕ-ਦੋ ਕਰਮਚਾਰੀ ਹੀ ਹਾਜ਼ਰ ਸਨ, ਜਿਨ੍ਹਾਂ ਨੇ ਹਮਲਾਵਰਾਂ ਦਾ ਮੁਕਾਬਲਾ ਕੀਤਾ। ਡਾ. ਜੌਹਲ ਨੇ ਦੱਸਿਆ ਕਿ ਵਾਰ-ਵਾਰ ਬੁਲਾਏ ਜਾਣ 'ਤੇ ਵੀ ਪੁਲਿਸ ਹਸਪਤਾਲ ਦੇ ਨੇੜੇ ਨਹੀਂ ਆਈ। ਡਾ: ਜੌਹਲ ਅਨੁਸਾਰ ਉਨ੍ਹਾਂ ਦਾ 35 ਲੱਖ ਰੁਪਏ ਦਾ ਨਕਸਾਨ ਹੋਇਆ ਹੈ। ਇਸ ਤੋਂ ਇਲਾਵਾ ਭੜਕੀ ਹੋਈ ਭੀੜ ਨੇ ਸਥਾਨਿਕ ਕਿਸ਼ਨਪੁਰਾ ਚੌਕ ਦੇ ਨਜ਼ਦੀਕ ਸਥਿਤ ਦੁੱਗਲ ਅੱਖਾਂ ਦੇ ਹਸਪਤਾਲ ਨੂੰ ਵੀ ਆਪਣਾ ਨਿਸ਼ਾਨਾ ਬਣਾਇਆ ਤੇ ਹਸਪਤਾਲ ਦੀ ਨਵੀਂ ਬਣੀ ਇਮਾਰਤ ਦਾ ਕਾਫੀ ਨੁਕਸਾਨ ਕੀਤਾ। ਇਥੇ ਨੇੜੇ ਹੀ ਸਥਿਤ ਮਹਿੰਦਰੂ ਸਕੈਨਿੰਗ ਸੈਂਟਰ ਤੇ ਸਿਗਮਾ ਲੈਬੋਰਟਰੀ 'ਤੇ ਵੀ ਪਥਰਾਅ ਕੀਤਾ ਗਿਆ।

ਕਮਲ ਹਸਪਤਾਲ
ਇਸ ਤੋਂ ਇਲਾਵਾ ਸੈਂਕੜੇ ਪ੍ਰਦਰਸ਼ਨਕਾਰੀਆਂ ਨੇ ਦੁਆਬਾ ਚੌਕ ਦੇ ਨੇੜੇ ਸਥਿਤ ਕਮਲ ਹਸਪਤਾਲ 'ਤੇ ਹੱਲਾ ਬੋਲ ਦਿੱਤਾ ਤੇ ਭਾਰੀ ਪਥਰਾਅ ਕੀਤਾ, ਜਿਸ ਕਾਰਨ ਹਸਪਤਾਲ ਦੇ ਸ਼ੀਸ਼ੇ ਟੁੱਟ ਗਏ ਤੇ ਰਿਸੈਪਸ਼ਨ ਕਾਉਂਟਰ ਤੇ ਉਥੇ ਪਏ ਕੰਪਿਊਟਰ ਵੀ ਨੁਕਸਾਨੇ ਗਏ। ਹਸਪਤਾਲ ਦੇ ਬਾਹਰ ਖੜ੍ਹੀਆਂ ਕਾਰਾਂ ਨੂੰ ਵੀ ਨੁਕਸਾਨ ਪੁਚਾਇਆ ਗਿਆ।

ਹੋਟਲ ਤੇ ਰੈਸਟੋਰੈਂਟ ਹਿੰਸਾ 'ਤੇ ਉਤਾਰੂ ਭੀੜ ਨੇ ਸ਼ਹਿਰ ਦੇ ਕਈ ਹੋਟਲਾਂ ਤੇ ਰੈਸਟੋਰੈਂਟਾਂ ਨੂੰ ਵੀ ਆਪਣਾ ਨਿਸ਼ਾਨਾ ਬਣਾਇਆ ਤੇ ਉਥੇ ਜੰਮ ਕੇ ਭੰਨ-ਤੋੜ ਕੀਤੀ।

ਪ੍ਰਿਥਵੀ ਪਲੈਨੇਟ
ਸਥਾਨਿਕ ਬੂਟਾ ਮੰਡੀ ਚੌਕ ਦੇ ਨਜ਼ਦੀਕ ਗੁਰੂ ਤੇਗ ਬਹਾਦਰ ਨਗਰ ਵਿਖੇ ਸਥਿਤ ਪ੍ਰਿਥਵੀ ਪਲੈਨੇਟ ਵੀ ਪ੍ਰਦਰਸ਼ਨਕਾਰੀਆਂ ਦਾ ਨਿਸ਼ਾਨਾ ਬਣਿਆ। ਐਤਵਾਰ ਦੀ ਰਾਤ ਸੈਂਕੜੇ ਪ੍ਰਦਰਸ਼ਨਕਾਰੀ ਉਥੇ ਜਾ ਪੁੱਜੇ ਤੇ ਭਾਰੀ ਪਥਰਾਅ ਕੀਤਾ ਜਿਸ ਕਾਰਨ ਰੈਸਟੋਰੈਂਟ ਦੇ ਸ਼ੀਸ਼ੇ ਟੁੱਟ ਗਏ। ਉਸ ਸਮੇਂ ਉਥੇ ਇਕ ਰਿੰਗ ਸੈਰਾਮਨੀ ਦੀ ਪਾਰਟੀ ਚੱਲ ਰਹੀ ਸੀ ਤੇ ਬਹੁਤ ਸਾਰੇ ਮਹਿਮਾਨ ਮੌਜੂਦ ਸਨ। ਇਸੇ ਦੌਰਾਨ ਹੁੱਲੜਬਾਜ਼ਾਂ ਨੇ ਰੈਸਟੋਰੈਂਟ ਦੇ ਬਾਹਰ ਖੜ੍ਹੀਆਂ ਕੀਤੀਆ ਗਈਆਂ ਮਹਿਮਾਨਾਂ ਦੀਆਂ 18 ਕਾਰਾਂ ਨੂੰ ਅੱਗ ਲਗਾ ਦਿੱਤੀ ਤੇ ਚਾਰ ਹੋਰ ਕਾਰਾਂ ਨੂੰ ਬੁਰੀ ਤਰ੍ਹਾਂ ਭੰਨ-ਤੋੜ ਦਿੱਤਾ।

ਹੋਟਲ ਤਾਰਾ ਮਾਊਂਟ
ਹਿੰਸਾ 'ਤੇ ਉਤਾਰੂ ਬੇਕਾਬੂ ਭੀੜ ਨੇ ਸਥਾਨਿਕ ਮਾਡਲ ਟਾਊਨ ਖੇਤਰ 'ਚ ਸਥਿਤ ਹੋਟਲ ਤਾਰਾ ਮਾਊਂਟ ਨੂੰ ਵੀ ਆਮਣਾ ਨਿਸ਼ਾਨਾ ਬਣਾਇਆ। ਭੀੜ ਨੇ ਉਕਤ ਹੋਟਲ ਉੱਪਰ ਭਾਰੀ ਪਥਰਾਅ ਕੀਤਾ, ਜਿਸ ਕਾਰਨ ਹੋਟਲ ਦਾ ਮੁੱਖ ਗੇਟ ਤੇ ਹੋਰ ਸ਼ੀਸ਼ੇ ਟੁੱਟ ਗਏ।

ਹਵੇਲੀ ਹੈਰੀਟੇਜ
ਸੈਲਾਨੀਆਂ ਲਈ ਆਕਰਸ਼ਨ ਦਾ ਮੁੱਖ ਕੇਂਦਰ ਬਣ ਚੁੱਕੇ ਹਵੇਲੀ ਹੈਰੀਟੇਜ ਰੈਸਟੋਰੈਂਟ ਨੂੰ ਵੀ ਪ੍ਰਦਰਸ਼ਨਕਾਰੀਆਂ ਨੇ ਆਪਣਾ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਸਫਲ ਨਹੀਂ ਹੋਏ। ਹਵੇਲੀ ਦੇ ਐਮ. ਡੀ. ਸ੍ਰੀ ਸਤੀਸ਼ ਜੈਨ ਨੇ ਦੱਸਿਆ ਕਿ ਵਿਆਨਾ 'ਚ ਵਾਪਰੀ ਘਟਨਾ ਤੋਂ ਬਾਅਦ ਸ਼ਹਿਰ 'ਚ ਹੋ ਰਹੀ ਹਿੰਸਾ ਦੀ ਖ਼ਬਰ ਮਿਲਦੇ ਹੀ ਉਨ੍ਹਾਂ ਨੇ ਸੁਰੱਖਿਆ ਸਟਾਫ ਨੂੰ ਚੌਕਸ ਕਰ ਦਿੱਤਾ ਤੇ ਵੇਲੇ ਸਿਰ ਸੁਰੱਖਿਆ ਦੇ ਢੁਕਵੇ ਪ੍ਰਬੰਧ ਕਰ ਲਏ ਸਨ।

ਅਮਰ ਪੈਲੇਸ ਦਾ ਨੁਕਸਾਨ
ਰਾਮਾ ਮੰਡੀ ਵਿਖੇ ਤੱਲ੍ਹਣ ਰੋਡ 'ਤੇ ਸਥਿਤ ਅਮਰ ਪੈਲੇਸ ਦੀ ਵੀ ਪ੍ਰਦਰਸ਼ਨਕਾਰੀਆਂ ਵਲੋਂ ਜੰਮ ਕੇ ਤੋੜ-ਭੰਨ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੈਲੇਸ ਦੇ ਮਾਲਕ ਬਲਬੀਰ ਸਿੰਘ ਨੇ ਦੱਸਿਆ ਕਿ ਪ੍ਰਦਰਸ਼ਨਕਾਰੀਆਂ ਨੇ ਪੈਲੇਸ ਦੇ ਸਾਰੇ ਸ਼ੀਸ਼ੇ ਅਤੇ ਲਾਈਟਾਂ ਦੀ ਭਾਰੀ ਤੋੜ-ਭੰਨ ਕੀਤੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਕਰੀਬ 40 ਹਜ਼ਾਰ ਰੁਪਏ ਦਾ ਨੁਕਸਾਨ ਹੋਇਆ ਹੈ।

ਰੇਲਵੇ ਦਾ ਭਾਰੀ ਨੁਕਸਾਨ
ਬੀਤੀ 25 ਅਤੇ 26 ਮਈ ਨੂੰ ਦੋ ਦਿਨਾਂ ਦੌਰਾਨ ਦੰਗਾ ਕਾਰੀਆਂ ਵੱਲੋਂ ਜਲੰਧਰ ਛਾਉਣੀ ਵਿਖੇ ਸਾੜੀ ਗਈ ਰੇਲ ਗੱਡੀ ਅਤੇ ਕੀਤੀ ਗਈ ਭੰਨ-ਤੋੜ ਦੌਰਾਨ 70 ਕਰੋੜ ਤੋਂ ਵੱਧ ਦਾ ਮਾਲੀ ਨੁਕਸਾਨ ਹੋਇਆ ਜਦੋਂ ਕਿ ਜਲੰਧਰ ਸਟੇਸ਼ਨ 'ਤੇ ਸਾਰਾ ਕੰਮ ਠੱਪ ਰਹਿਣ ਕਾਰਨ ਲਗਭਗ ਇਕ ਕਰੋੜ ਦਾ ਨੁਕਸਾਨ ਹੋਇਆ।

ਅਜੀਤ ਖ਼ਬਰ ਪੰਨਾ 1: ਜਲੰਧਰ ਵਿਚ ਦੋ ਦਿਨ ਜਦੋਂ ਜੰਗਲ ਦਾ ਰਾਜ ਰਿਹਾ

ਜਲੰਧਰ ਤੋਂ ਪ੍ਰਿਤਪਾਲ ਸਿੰਘ ਅਨੁਸਾਰ ਜਿਊਂ ਹੀ ਅਸਟਰੀਆ ਦੀ ਰਾਜਧਾਨੀ ਵਿਆਨਾ ਵਿਚ ਡੇਰਾ ਸੱਚਖੰਡ ਬੱਲਾਂ ਦੇ ਮਹਾਂਪੁਰਸ਼ਾਂ ਸੰਤ ਨਿਰੰਜਨ ਦਾਸ ਤੇ ਸੰਤ ਰਾਮਾਨੰਦ 'ਤੇ ਹਮਲੇ ਦੀ ਖ਼ਬਰ ਆਈ ਜਲੰਧਰ ਵਿਚ ਉਨ੍ਹਾਂ ਦੇ ਸ਼ਰਧਾਲੂਆਂ ਨੇ ਰੋਸ ਵਜੋਂ ਸੜਕਾਂ 'ਤੇ ਧਰਨੇ ਮਾਰ ਕੇ ਆਵਾਜਾਈ ਠੱਪ ਕਰ ਦਿੱਤੀ। ਭਾਰਗਵ ਚੌਕ ਵਿਚ ਬਸਪਾ ਨੇਤਾ ਸ੍ਰੀ ਅਸ਼ੋਕ ਚਾਂਦਲਾ ਅਤੇ ਪੀ. ਡੀ. ਸ਼ਾਂਤ ਦੀ ਅਗਵਾਈ ਵਿਚ ਸੰਗਤਾਂ ਨੇ ਰੋਸ ਵਜੋਂ ਧਰਨਾ ਦਿੱਤਾ। ਉਹ ਦੋਸ਼ੀਆਂ ਦੀ ਗ੍ਰਿਫ਼ਤਾਰੀ ਦੀ ਮੰਗ ਕਰ ਰਹੇ ਸਨ।

ਪੁਲਿਸ ਦੀ ਗੱਡੀ ਤੇ ਮੋਟਰ ਸਾਈਕਲ ਸਾੜੇ
ਜਲੰਧਰ ਛਾਉਣੀ ਤੋਂ ਜਸਪਾਲ ਸਿੰਘ ਅਨੁਸਾਰ ਅਸਟਰੀਆ ਵਿਖੇ ਵਾਪਰੀ ਗੋਲੀ ਚੱਲਣ ਦੀ ਘਟਨਾ ਦੇ ਵਿਰੋਧ 'ਚ ਇਕ ਸਮੁਦਾਏ ਦੇ ਭੜਕੇ ਹੋਏ ਨੌਜਵਾਨਾਂ ਦੀ ਭੀੜ ਨੇ ਰਾਮਾਮੰਡੀ ਚੌਕ ਵਿਖੇ ਪੁਲਿਸ ਦੀ ਇਕ ਨੀਲੀ ਬੱਤੀ ਲੱਗੀ ਸਰਕਾਰੀ ਗੱਡੀ, ਪੀ.ਸੀ.ਆਰ. ਦੇ ਮੋਟਰ ਸਾਈਕਲਾਂ ਅਤੇ ਇਕ ਸਕੂਟਰ ਨੂੰ ਸਾੜਨ ਤੋਂ ਇਲਾਵਾ ਜਲੰਧਰ ਛਾਉਣੀ ਰੇਲਵੇ ਸਟੇਸ਼ਨ ਦੇ ਬੁਕਿੰਗ ਕਾਊਂਟਰ, ਚੌਕੀ ਜੀ.ਆਰ.ਪੀ. ਅਤੇ ਪਲੇਟ ਫਾਰਮਾਂ 'ਤੇ ਲੱਗੀਆਂ ਦੁਕਾਨਾਂ ਦੀ ਭਾਰੀ ਤੋੜ-ਭੰਨ ਕੀਤੀ ਗਈ। ਇਸ ਮੌਕੇ ਭੀੜ ਨੇ ਸਟੇਸ਼ਨ 'ਤੇ ਡੀ.ਐਮ.ਯੂ. ਅਤੇ ਫਲਾਇੰਗ ਮੇਲ ਗੱਡੀ 'ਤੇ ਵੀ ਪਥਰਾਓ ਕੀਤਾ ਤੇ ਤੋੜ-ਭੰਨ੍ਹ ਕੀਤੀ। ਇਸੇ ਤਰ੍ਹਾਂ ਸਟੇਸ਼ਨ ਦੇ ਬਾਹਰ ਸਥਿਤ ਕੈਂਟ ਬੋਰਡ ਦੇ ਚੁੰਗੀ ਨਾਕੇ ਅਤੇ ਰਾਮਾ ਮੰਡੀ ਚੌਕ 'ਚ ਬਣੇ ਪੁਲਿਸ ਦੇ ਬੀਟ ਬੋਕਸ ਨੂੰ ਵੀ ਭੀੜ ਵੱਲੋਂ ਤਹਿਸ-ਨਹਿਸ ਕਰ ਦਿੱਤਾ ਗਿਆ। ਇਹ ਭੀੜ ਰਾਮਾ ਮੰਡੀ (ਕਾਕੀ ਪਿੰਡ) ਤੋਂ ਇਕੱਠੀ ਹੋ ਕੇ ਦੁਕਾਨਾਂ ਤੇ ਰੇਹੜੀਆਂ ਦੀ ਭੰਨ-ਤੋੜ ਕਰਦੀ ਹੋਈ ਰਾਮਾ ਮੰਡੀ ਚੌਕ ਵਿਖੇ ਪੁੱਜੀ, ਜਿਥੇ ਉਨ੍ਹਾਂ ਸਭ ਤੋਂ ਪਹਿਲਾਂ ਥਾਣਾ ਮੁਖੀ ਧਰਮਪਾਲ ਦੀ ਗੱਡੀ ਨੂੰ ਅੱਗ ਲਗਾਈ, ਉਸ ਤੋਂ ਬਾਅਦ ਉਨ੍ਹਾਂ ਪੀ.ਸੀ.ਆਰ. ਦੇ ਦੋ ਮੋਟਰ ਸਾਈਕਲ ਤੇ ਇਕ ਸਕੂਟਰ ਨੂੰ ਅੱਗ 'ਚ ਭੇਟ ਕਰ ਦਿੱਤਾ। ਭੀੜ ਨੇ ਸਟੇਸ਼ਨ ਦੀ ਭਾਰੀ ਤੋੜ-ਫੋੜ ਕਰਕੇ ਤਹਿਸ-ਨਹਿਸ ਕਰ ਦਿੱਤਾ। ਚੌਕੀ ਜੀ.ਆਰ.ਪੀ. ਦੇ ਮੁਲਾਜ਼ਮ ਚੌਕੀ ਛੱਡ ਕੇ ਭੱਜ ਗਏ ਤੇ ਭੀੜ ਨੇ ਚੌਕੀ ਨੂੰ ਵੀ ਆਪਣਾ ਨਿਸ਼ਾਨਾ ਬਣਾਇਆ।

ਜਾਣਕਾਰੀ ਅਨੁਸਾਰ ਰੇਲ ਗੇਜ ਲਾਈਨ ਦਾ ਇੰਜਣ ਸਾੜਨ ਦਾ ਲਗਭਗ 30 ਕਰੋੜ ਦਾ , ਛਾਉਣੀ ਰੇਲਵੇ ਸਟੇਸ਼ਨ 'ਤੇ ਪੂਰਬੀ ਕੈਬਿਨ ਅਤੇ ਸਿਗਨਲ ਸਿਸਟਮ ਤੋੜਨ ਅਤੇ ਸਟੇਸ਼ਨ ਦੇ ਵੱਖ-ਵੱਖ ਦਫਤਰਾਂ ਦੀ ਭੰਨ-ਤੋੜ ਦਾ ਲਗਭਗ 1 ਕਰੋੜ ਰੁਪਏ ਦਾ ਨੁਕਸਾਨ ਹੋਇਆ । ਕੇਵਲ ਸਿਗਨਲ ਪੈਨਲ ਹੀ ਇਕ ਕਰੋੜ ਦਾ ਹੈ। ਇਸ ਵਿਚ ਪਾਰਸਲ, ਚਾਲੂ ਅਤੇ ਪੇਸ਼ਗੀ ਟਿਕਟ ਬੁਕਿੰਗ ਵੀ ਸ਼ਾਮਿਲ ਹਨ। ਇਸ ਤੋਂ ਇਲਾਵਾ ਸਟੇਸ਼ਨ ਦੇ ਟੀ - ਸਟਾਲਾਂ ਦਾ ਨੁਕਸਾਨ ਅਲੱਗ ਦੱਸਿਆ ਗਿਆ ਹੈ। ਇਸ ਤੋਂ ਇਲਾਵਾ ਜਲੰਧਰ ਰੇਲਵੇ ਸਟੇਸ਼ਨ ਨੇ ਟਿਕਟਾਂ ਰੱਦ ਕਰਕੇ 7 ਲੱਖ ਰੁਪਏ ਤੋਂ ਵੱਧ ਦਾ ਰਿਫੰਡ ਯਾਤਰੀਆਂ ਨੂੰ ਦਿੱਤਾ।

ਮਦਰਾਸ ਐਕਸਪ੍ਰੈੱਸ ਸਾੜੀ
ਰੇਲਵੇ ਦੀ ਫਿਰੋਜ਼ਪੁਰ ਡਵੀਜ਼ਨ ਵਿਚ 25 ਅਤੇ 26 ਮਈ ਨੂੰ ਦੋ ਦਿਨ ਰੇਲ ਸੇਵਾ ਬੰਦ ਰਹਿਣ ਕਾਰਨ ਰੇਲਵੇ ਨੂੰ ਭਾਰੀ ਮਾਲੀ ਨੁਕਸਾਨ ਹੋਇਆ ਹੈ। ਫਿਰੋਜ਼ਪੁਰ ਰੇਲਵੇ ਮੰਡਲ ਦੇ ਸੀਨੀਅਰ ਵਣਜ ਪ੍ਰਬੰਧਕ (ਸੀਨੀਅਰ ਕਮਰਸ਼ੀਅਲ ਮੈਨੇਜਰ) ਸ੍ਰੀ ਧਰਮਿੰਦਰ ਕੁਮਾਰ ਨੇ ਦੱਸਿਆ ਕਿ ਸਭ ਤੋਂ ਵੱਡਾ ਨੁਕਸਾਨ 10 ਤੋਂ 11 ਕਰੋੜ ਦਾ ਛਾਉਣੀ ਰੇਲਵੇ ਸਟੇਸ਼ਨ 'ਤੇ ਮਦਰਾਸ ਐਕਸਪ੍ਰੈੱਸ ਨੂੰ ਦੰਗਾਕਾਰੀਆਂ ਵੱਲੋਂ ਸਾੜੇ ਜਾਣ ਕਾਰਨ ਹੋਇਆ।

ਬੁਕਿੰਗ ਬੰਦ ਰਹੀ
ਜਲੰਧਰ ਛਾਉਣੀ ਰੇਲਵੇ ਸਟੇਸ਼ਨ 'ਤੇ 25 ਮਈ ਨੂੰ ਚਾਲੂ ਟਿਕਟ ਅਤੇ ਬੁਕਿੰਗ ਬੰਦ ਰਹਿਣ ਕਾਰਨ ਲਗਭਗ 4 ਲੱਖ ਰੁਪਏ ਦਾ ਨੁਕਸਾਨ ਹੋਇਆ ਜਦੋਂਕਿ ਛਾਉਣੀ ਵਿਚ ਰੋਜ਼ਾਨਾ 8 ਹਜ਼ਾਰ ਰੁਪਏ ਦੀ ਪਾਰਸਲ ਤੋਂ ਆਮਦਨੀ ਸੀ ਅਤੇ ਦੋ ਦਿਨਾਂ ਵਿਚ 16 ਹਜ਼ਾਰ ਰੁਪਏ ਦਾ ਨੁਕਸਾਨ ਰੇਲਵੇ ਨੂੰ ਹੋਇਆ। ਦੋ ਦਿਨ ਦੀ ਰੇਲਵੇ ਬੁਕਿੰਗ ਨਾ ਹੋਣ ਅਤੇ ਚਾਲੂ ਟਿਕਟਾਂ ਬੰਦ ਰਹਿਣ ਕਾਰਨ 3 ਕਰੋੜ ਰੁਪਏ ਦਾ ਨੁਕਸਾਨ ਹੋਇਆ । ਇਸ ਵਿਚ ਪੌਣੇ 2 ਕਰੋੜ ਰੁਪਏ ਚਾਲੂ ਟਿਕਟ ਬੁਕਿੰਗ ਅਤੇ ਸਵਾ ਕਰੋੜ ਰੁਪਏ ਟਿਕਟ ਬੁਕਿੰਗ ਦੇ ਸ਼ਾਮਿਲ ਹਨ। ਇਸ ਤਰ੍ਹਾਂ ਜਲੰਧਰ ਤੋਂ ਰੋਜ਼ਾਨਾ ਚਾਲੂ ਟਿਕਟ ਬੁਕਿੰਗ 9 ਲੱਖ ਅਤੇ ਟਿਕਟ ਬੁਕਿੰਗ ਤੋਂ 6 ਲੱਖ ਰੁਪਏ ਦੀ ਕਮਾਈ ਹੁੰਦੀ ਸੀ। ਕੁੱਲ ਦੋ ਦਿਨ ਦਾ 30 ਲੱਖ ਰੁਪਏ ਦਾ ਨੁਕਸਾਨ ਹੋਇਆ।

30 ਕਰੋੜ ਦੀ ਗੇਜ਼ ਮਸ਼ੀਨ ਸਾੜੀ
ਰੋਜ਼ਾਨਾ ਪਾਰਸਲ ਬੁਕਿੰਗ ਦਾ ਦੋ ਦਿਨ ਦਾ 14 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ ਅਤੇ ਅਜੇ ਤੱਕ ਮੁੜ ਪੂਰੀ ਤਰ੍ਹਾਂ ਪਾਰਸਲ ਬੁਕਿੰਗ ਦਾ ਕੰਮ ਆਪਣੀ ਪਹਿਲੀ ਸਥਿਤੀ ਵਿਚ ਨਹੀਂ ਆਇਆ। ਸ੍ਰੀ ਕੁਮਾਰ ਨੇ ਦੱਸਿਆ ਕਿ ਜਿਹੜੇ ਛਾਉਣੀ ਰੇਲਵੇ ਸਟੇਸ਼ਨ ਦੇ ਕੈਬਿਨ ਦੇ ਪੈਨਲ ਟੁੱਟੇ ਅਤੇ ਤੋੜ-ਫੋੜ ਨਾਲ ਸਟੇਸ਼ਨ ਦਾ ਜਿਹੜਾ ਨੁਕਸਾਨ ਹੋਇਆ ਹੈ। ਉਸ ਦਾ ਅਜੇ ਅਨੁਮਾਨ ਲਗਾਇਆ ਜਾ ਰਿਹਾ ਹੈ। ਛਾਉਣੀ ਸਟੇਸ਼ਨ 'ਤੇ ਇਕ ਰੇਲ ਲਾਈਨ ਗੇਜ਼ ਮਸ਼ੀਨ ਵੀ ਸਾੜੀ ਗਈ ਹੈ ਉਸ ਦੀ ਕੀਮਤ 30 ਕਰੋੜ ਰੁਪਏ ਦੱਸੀ ਜਾਂਦੀ ਹੈ।

ਲੱਖਾਂ ਰੁਪਏ ਦਾ ਰੀਫੰਡ
ਉਕਤ ਦੋ ਦਿਨਾਂ ਦਾ 94 ਲਖ ਰੁਪਿਆ ਬੁੱਕ ਟਿਕਟਾਂ ਰੱਦ ਕਰਕੇ ਰੀਫੰਡ ਵਜੋਂ ਯਾਤਰੀਆਂ ਨੂੰ ਵਾਪਸ ਕੀਤਾ ਗਿਆ। ਗ਼ੈਰ ਸਰਕਾਰੀ ਸੂਤਰਾਂ ਅਨੁਸਾਰ ਛਾਉਣੀ ਰੇਲਵੇ ਸਟੇਸ਼ਨ 'ਤੇ ਜਿਹੜੀ ਤੋੜ-ਫੋੜ ਹੋਈ ਹੈ ਉਸ ਨਾਲ 40 ਤੋਂ 50 ਲੱਖ ਰੁਪਏ ਦਾ ਅਨੂਮਾਨਤ ਨੁਕਸਾਨ ਹੋਇਆ ਹੈ।

ਠੇਕਿਆਂ ਨੂੰ ਅੱਗ
ਪ੍ਰਦਰਸ਼ਨਕਾਰੀਆਂ ਨੇ ਜਲੰਧਰ-ਲੁਧਿਆਣਾ ਜੀ. ਟੀ. ਰੋਡ 'ਤੇ ਪਿੰਡ ਧੰਨੋਵਾਲੀ ਦੇ ਬਿਲਕੁੱਲ ਸਾਹਮਣੇ ਸਥਿਤ ਦਿੱਲੀ ਦੀ ਕੰਪਨੀ ਦੇ ਇਕ ਸ਼ਰਾਬ ਦੇ ਠੇਕੇ ਨੂੰ ਲੁੱਟਣ ਤੋਂ ਬਾਅਦ ਅੱਗ ਲਗਾ ਕੇ ਸਾੜ ਦਿੱਤਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਠੇਕੇਦਾਰ ਸ੍ਰੀ ਸ਼ੰਮੀ ਨੇ ਦੱਸਿਆ ਕਿ ਪ੍ਰਦਰਸ਼ਨਕਾਰੀਆਂ ਨੇ 25 ਮਈ ਦੀ ਦੁਪਹਿਰ ਨੂੰ ਕਰਫਿਊ ਦੇ ਬਾਵਜੂਦ ਠੇਕੇ 'ਤੇ ਧਾਵਾ ਬੋਲ ਦਿੱਤਾ। ਪ੍ਰਦਰਸ਼ਨਕਾਰੀਆਂ ਨੇ ਜਿੱਥੇ ਠੇਕੇ 'ਚੋਂ ਸ਼ਰਾਬ ਦੀ ਲੁੱਟ ਕੀਤੀ ਉਥੇ ਠੇਕੇ ਅੰਦਰ ਪਏ 16 ਹਜ਼ਾਰ ਰੁਪਏ ਨਗਦ ਵੀ ਲੁੱਟ ਲਏ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਪ੍ਰਦਰਸ਼ਨ ਕਾਰੀਆਂ ਵਲੋਂ ਲਗਾਈ ਗਈ ਅੱਗ ਕਾਰਨ ਉਨ੍ਹਾਂ ਦਾ ਕਰੀਬ ਸਾਢੇ 6 ਲੱਖ ਰੁਪਏ ਤੋਂ ਉੱਪਰ ਦਾ ਨੁਕਸਾਨ ਹੋਇਆ ਹੈ।

ਠੇਕਾ ਲੁੱਟਿਆ
ਨਕੋਦਰ ਰੋਡ 'ਤੇ ਸਥਿਤ ਮਨੀ ਢਾਬੇ ਦੇ ਕੋਲ ਮੋਹਨ ਲਾਲ ਅਤੇ ਕੰਪਨੀ ਦੇ ਸ਼ਰਾਬ ਦੇ ਠੇਕੇ ਦੀ ਵੀ ਪ੍ਰਦਰਸ਼ਨਕਾਰੀਆਂ ਵਲੋਂ ਵੱਡੀ ਪੱਧਰ 'ਤੇ ਲੁੱਟ ਕੀਤੀ ਗਈ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਜਿੱਥੇ ਠੇਕੇ 'ਚ ਤੋੜ-ਭੰਨ ਕੀਤੀ ਉਥੇ ਠੇਕੇ ਅੰਦਰ ਪਈਆਂ ਸ਼ਰਾਬ ਦੀਆਂ ਪੇਟੀਆਂ ਆਦਿ ਚੁੱਕ ਕੇ ਲੈ ਗਏ। ਠੇਕੇ 'ਤੇ ਕੰਮ ਕਰਦੇ ਸੂਰਤ ਸਿੰਘ ਨੇ ਦੱਸਿਆ ਕਿ ਪ੍ਰਦਰਸ਼ਨਕਾਰੀਆਂ ਵੱਲੋਂ ਉਨ੍ਹਾਂ ਦੇ ਠੇਕੇ 'ਚ 6 ਲੱਖ ਰੁਪਏ ਦੀ ਲੁੱਟ ਕੀਤੀ ਗਈ ਹੈ।

ਗਨੇਸ਼ ਸਵੀਟ ਸ਼ਾਪ
ਪ੍ਰਦਰਸ਼ਨਕਾਰੀਆਂ ਵੱਲੋਂ ਰਾਮਾਂ ਮੰਡੀ ਚੌਂਕ 'ਚ ਸਥਿਤ ਗਨੇਸ਼ ਸਵੀਟ ਸ਼ਾਪ ਨੂੰ ਆਪਣਾ ਨਿਸ਼ਾਨਾ ਬਣਾਉਂਦੇ ਹੋਏ 24 ਮਈ ਦੀ ਰਾਤ ਨੂੰ ਹੀ ਸ਼ੀਸ਼ੇ ਆਦਿ ਤੋੜ ਦਿੱਤੇ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਵੀਟ ਸ਼ਾਪ ਦੇ ਮਾਲਕ ਸ੍ਰੀ ਸੁਭਾਸ਼ ਨੇ ਦੱਸਿਆ ਕਿਂ ਉਨ੍ਹਾਂ ਦਾ 40 ਹਜ਼ਾਰ ਰੁਪਏ ਦੇ ਕਰੀਬ ਦਾ ਨੁਕਸਾਨ ਕੀਤਾ ਗਿਆ ਹੈ।

ਮਾਰਬਲ ਦੀਆਂ ਦੁਕਾਨਾਂ
ਸਥਾਨਕ ਨਕੋਦਰ ਰੋਡ 'ਤੇ ਸਥਿਤ ਉਬਰਾਏ ਮਾਰਬਲ, ਕੋਹਿਨੂਰ, ਜੈਨ, ਹਿੰਦੋਸਤਾਨ, ਬੰਬੇ, ਸ਼ਾਰਦਾ, ਜੈ ਹਿੰਦ, ਰਾਜਸਥਾਨ ਤੇ ਰਾਘਵ ਮਾਰਬਲ ਦੀਆਂ ਦੁਕਾਨਾਂ ਦੇ ਪ੍ਰਦਰਸ਼ਨਕਾਰੀਆਂ ਵਲੋਂ ਪੱਥਰ ਅਤੇ ਹੋਰ ਸਾਮਾਨ ਦੀ ਤੋੜ-ਭੰਨ ਕਰਕੇ ਕਰੀਬ 25 ਲੱਖ ਰੁਪਏ ਦਾ ਨੁਕਸਾਨ ਕੀਤਾ ਗਿਆ।

ਇਸੇ ਤਰ੍ਹਾਂ ਬਲਬੀਰ ਸਿੰਘ ਸ਼ੀਸ਼ਿਆਂ ਵਾਲਿਆਂ ਦੇ ਵੀ ਲੱਖਾਂ ਰੁਪਏ ਦੇ ਸ਼ੀਸ਼ੇ ਪ੍ਰਦਰਸ਼ਨਕਾਰੀਆਂ ਵਲੋਂ ਤੋੜ ਦਿੱਤੇ ਗਏ। ਉਨ੍ਹਾਂ ਦੱਸਿਆ ਕਿ ਪ੍ਰਦਰਸ਼ਨਕਾਰੀਆਂ ਨੇ ਦੁਕਾਨ ਦੇ ਬਾਹਰ ਪਏ ਸ਼ੀਸ਼ਿਆਂ ਦੇ ਕਰੇਟ ਤੋੜ ਦਿੱਤੇ।

ਸ਼ੋਅਰੂਮਾਂ 'ਚ ਨਵੀਆਂ ਗੱਡੀਆਂ ਭੰਨੀਆਂ
ਇਸ ਮਾਰਗ 'ਤੇ ਸਥਿਤ ਅੱਧੀ ਦਰਜਨ ਦੇ ਕਰੀਬ ਮਹਿੰਗੀਆਂ ਗੱਡੀਆਂ ਦੇ ਸ਼ੋਅਰੂਮਾਂ ਨੂੰ ਪ੍ਰਦਰਸ਼ਨਕਾਰੀਆਂ ਨੇ ਆਪਣਾ ਨਿਸ਼ਾਨਾ ਬਣਾਉਂਦੇ ਹੋਏ ਸ਼ੋਅਰੂਮਾਂ ਦੇ ਸ਼ੀਸ਼ੇ ਆਦਿ ਤੋੜਨ ਤੋਂ ਇਲਾਵਾ ਲੱਖਾਂ ਰੁਪਏ ਮੁੱਲ ਦੀਆਂ ਗੱਡੀਆਂ ਦੀ ਤੋੜ-ਭੰਨ ਕੀਤੀ ਤੇ ਲੱਖਾਂ ਦੇ ਕੰਪਿਊਟਰ, ਲੈਪਟਾਪ, ਗੱਡੀਆਂ ਦੇ ਸਟੀਰਓ ਤੇ ਹੋਰ ਕੀਮਤੀ ਸਾਮਾਨ ਨੂੰ ਲੁੱਟ ਲਿਆ।

ਸਟੈਨ ਆਟੋਜ਼
ਇਸ ਹਿੰਸਾ ਦੌਰਾਨ ਸਭ ਤੋਂ ਜ਼ਿਆਦਾ ਨੁਕਸਾਨ ਸਟੈਨ ਆਟੋਜ਼ ਨੂੰ ਉਠਾਉਣਾ ਪਿਆ। ਇਕ ਅੰਦਾਜ਼ੇ ਮੁਤਾਬਿਕ ਸਟੈਨ ਆਟੋਜ਼ 'ਚ 1 ਕਰੋੜ ਰੁਪਏ ਤੋਂ ਉੱਪਰ ਦਾ ਨੁਕਸਾਨ ਪ੍ਰਦਰਸ਼ਨਕਾਰੀਆਂ ਵੱਲੋਂ ਕੀਤਾ ਗਿਆ ਹੈ। ਸ਼ੋਅਰੂਮ ਦੇ ਜਨਰਲ ਮੈਨੇਜਰ ਸ੍ਰੀ ਜੇ. ਕੇ. ਸ਼ਰਮਾ ਨੇ ਦੱਸਿਆ ਕਿ 25 ਮਈ ਨੂੰ ਕਰਫਿਊ ਲੱਗੇ ਹੋਣ ਦੇ ਬਾਵਜੂਦ ਸੈਂਕੜੇ ਲੋਕਾਂ ਦੀ ਭੀੜ ਨੇ ਉਨ੍ਹਾਂ ਦੇ ਸ਼ੋਅ ਰੂਮ 'ਤੇ ਧਾਵਾ ਬੋਲ ਦਿੱਤਾ ਅਤੇ ਅੰਦਰ ਖੜ੍ਹੀਆਂ 20 ਦੇ ਕਰੀਬ ਨਵੀਆਂ ਗੱਡੀਆਂ ਦੀ ਤੋੜ-ਭੰਨ ਕਰਨ ਤੋਂ ਇਲਾਵਾ, ਸਾਰੇ ਸ਼ੋਅ ਰੂਮ ਦੇ ਸ਼ੀਸ਼ੇ ਤੋੜ ਦਿੱਤੇ, ਏ. ਸੀ. ਅਤੇ ਫ਼ਰਨੀਚਰ ਸਮੇਤ ਸਾਰੇ ਕੀਮਤੀ ਸਾਮਾਨ ਨੂੰ ਨਿਸ਼ਾਨਾ ਬਣਾਇਆ। ਇਸ ਦੌਰਾਨ ਪ੍ਰਦਰਸ਼ਨਕਾਰੀ 50-55 ਲੱਖ ਰੁਪਏ ਮੁੱਲ ਦੀ ਗੱਡੀਆਂ ਦੀ ਅਸੈਸਰੀ ਤੇ ਹੋਰ ਸਾਮਾਨ ਲੁੱਟ ਕੇ ਲੈ ਗਏ।

ਭਗਤ ਫੋਰਡ
ਭਗਤ ਫੋਰਡ ਦੇ ਅਕਾਊਂਟਸ ਮੈਨੇਜਰ ਸ੍ਰੀ ਜਤਿੰਦਰ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੇ ਸ਼ੋਅ ਰੂਮ 'ਚ 60 ਲੱਖ ਰੁਪਏ ਤੋਂ ਉੱਪਰ ਦਾ ਨੁਕਸਾਨ ਕੀਤਾ ਗਿਆ ਹੈ। ਪ੍ਰਦਰਸ਼ਨਕਾਰੀਆਂ ਨੇ ਸ਼ੋਅਰੂਮ 'ਚ 5 ਨਵੀਆਂ ਗੱਡੀਆਂ ਅਤੇ 2 ਡੈਮੋ ਗੱਡੀਆਂ ਦੀ ਤੋੜ-ਭੰਨ ਕਰਨ ਤੋਂ ਇਲਾਵਾ ਕੰਪਿਊਟਰਾਂ, ਕੀਮਤੀ ਸਾਮਾਨ ਤੇ ਫ਼ਰਨੀਚਰ ਆਦਿ ਨੂੰ ਵੀ ਕਾਫੀ ਨੁਕਸਾਨ ਪਹੁੰਚਾਇਆ ਤੇ ਗੱਡੀਆਂ ਦੀ ਅਸੈਸਰੀ ਆਦਿ ਨੂੰ ਲੁੱਟ ਲਿਆ।

ਮੱਕੜ ਮੋਟਰਜ਼
ਮੱਕੜ ਮੋਟਰਜ਼ ਦੇ ਮਾਲਕ ਸ: ਭੁਪਿੰਦਰ ਸਿੰਘ ਮੱਕੜ ਨੇ ਆਪਣੇ ਸ਼ੋਅ ਰੂਮ 'ਚ ਹੋਈ ਤੋੜ-ਭੰਨ ਲਈ ਪੁਲਿਸ ਨੂੰ ਜ਼ਿੰਮੇਵਾਰ ਦੱਸਦੇ ਹੋਏ ਕਿਹਾ ਕਿ ਪ੍ਰਦਰਸ਼ਨਕਾਰੀਆਂ ਨੇ ਮਹਿੰਗੀਆਂ ਗੱਡੀਆਂ ਅਤੇ ਸ਼ੋਅਰੂਮ ਦੇ ਸ਼ੀਸ਼ਿਆਂ ਦੀ ਤੋੜ-ਭੰਨ ਤੋਂ ਇਲਾਵਾ ਲੈਪ-ਟਾਪ ਤੇ ਹੋਰ ਕੀਮਤੀ ਸਾਮਾਨ ਆਦਿ ਵੀ ਲੁੱਟ ਲਿਆ। ਉਨ੍ਹਾਂ ਦੱਸਿਆ ਕਿ ਇਕ ਅੰਦਾਜ਼ੇ ਅਨੁਸਾਰ ਉਨ੍ਹਾਂ ਦਾ 25-30 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ।

ਕੋਸਮੋ ਹੁੰਡਈ
ਕੋਸਮੋ ਹੁੰਡਈ ਦੇ ਮਾਲਕ ਸ੍ਰੀ ਪ੍ਰਵੀਨ ਆਹੂਜਾ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਪ੍ਰਦਰਸ਼ਨਕਾਰੀਆਂ ਵੱਲੋਂ ਉਨ੍ਹਾਂ ਦੇ ਸ਼ੋਅਰੂਮ 'ਚ ਕੀਤੀ ਗਈ ਤੋੜ-ਭੰਨ ਅਤੇ ਲੁੱਟ-ਖੋਹ ਦੌਰਾਨ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਅਜੇ ਤੱਕ ਅਸਲ ਨੁਕਸਾਨ ਦਾ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ ਪਰ ਪ੍ਰਦਰਸ਼ਨਕਾਰੀ ਉਨ੍ਹਾਂ ਦੇ ਸ਼ੋਅਰੂਮ ਦੇ ਸ਼ੀਸ਼ੇ ਅਤੇ ਕਾਰਾਂ ਦੀ ਤੋੜ-ਭੰਨ ਕਰਨ ਤੋਂ ਇਲਾਵਾ ਕੰਪਿਊਟਰ ਤੇ ਹੋਰ ਕੀਮਤੀ ਸਾਮਾਨ ਵੀ ਲੁੱਟ ਕੇ ਲੈ ਗਏ।

ਰੀਬੌਕ ਸ਼ੋਅਰੂਮ
ਪ੍ਰਦਰਸ਼ਨਕਾਰੀਆਂ ਨੇ ਰੀਬੋਕ ਦੇ ਸ਼ੋਅਰੂਮ ਨੂੰ ਆਪਣਾ ਨਿਸ਼ਾਨਾ ਬਣਾਉਂਦੇ ਹੋਏ ਸ਼ੋਅਰੂਮ ਦੇ ਸ਼ੀਸ਼ੇ ਆਦਿ ਤੋੜ ਦਿੱਤੇ ਗਏ। ਸ਼ੋਅਰੂਮ ਦੇ ਮਾਲਕ ਸ੍ਰੀ ਇੰਦਰਸੰਜੀਤ ਸਿੰਘ ਨੇ ਦੱਸਿਆ ਕਿ ਪ੍ਰਦਰਸ਼ਨਕਾਰੀਆਂ ਵੱਲੋਂ ਸ਼ੋਅਰੂਮ ਦੇ ਸਾਰੇ ਸ਼ੀਸ਼ੇ ਤੋੜ ਕੇ ਉਨ੍ਹਾਂ ਦਾ ਕਰੀਬ 2 ਲੱਖ ਰੁਪਏ ਦਾ ਨੁਕਸਾਨ ਕੀਤਾ ਗਿਆ।

ਰੇਹੜੀਆਂ ਵਾਲਿਆਂ 'ਤੇ ਵੀ ਢਾਹਿਆ ਕਹਿਰ
ਪ੍ਰਦਰਸ਼ਨਕਾਰੀਆਂ ਨੇ ਜਿੱਥੇ ਖੇਤਰ 'ਚ ਵੱਡੇ-ਵੱਡੇ ਸ਼ੋਅ ਰੂਮਾਂ ਅਤੇ ਦੁਕਾਨਾਂ ਨੂੰ ਆਪਣਾ ਨਿਸ਼ਾਨਾ ਬਣਾਇਆ। ਉਥੇ ਉਨ੍ਹਾਂ ਰਾਮਾ ਮੰਡੀ 'ਚ ਰੇਹੜੀਆਂ ਵਾਲਿਆਂ ਨੂੰ ਵੀ ਨਹੀਂ ਬਖਸ਼ਿਆ। 24 ਮਈ ਦੇਰ ਸ਼ਾਮ ਨੂੰ ਹਿੰਸਾ ਦੌਰਾਨ ਕੁਝ ਰੇਹੜੀ ਚਾਲਕ ਜਲਦੀ-ਜਲਦੀ ਆਪਣਾ ਸਾਮਾਨ ਰੇਹੜੀਆਂ ਦੇ ਉੱਪਰ ਹੀ ਛੱਡ ਕੇ ਦੌੜ ਗਏ ਤੇ ਪ੍ਰਦਰਸ਼ਨਕਾਰੀਆਂ ਨੇ ਰੇਹੜੀਆਂ 'ਤੇ ਫਲ-ਫਰੂਟ ਅਤੇ ਸਬਜ਼ੀਆਂ ਆਦਿ ਨੂੰ ਲੁੱਟਣ ਤੋਂ ਇਲਾਵਾ ਸੜਕਾਂ 'ਤੇ ਸੁੱਟ ਦਿੱਤਾ ਤੇ ਰੇਹੜੀਆਂ ਆਦਿ ਪਲਟਾ ਦਿੱਤੀਆਂ। ਫਲਾਂ ਦੀ ਰੇਹੜੀ ਲਗਾਉਂਦੇ ਸ੍ਰੀ ਇੰਦਰਜੀਤ ਦੁੱਗਲ ਨੇ ਦੱਸਿਆ ਕਿ ਉਨ੍ਹਾਂ ਦਾ 60 ਹਜ਼ਾਰ ਰੁਪਏ ਦਾ ਕੇਲਾ ਇਸ ਹਿੰਸਾ ਦੀ ਭੇਟ ਚੜ੍ਹ ਗਿਆ ਤੇ ਹੋਰਨਾਂ ਰੇਹੜੀ ਵਾਲਿਆਂ ਦਾ ਵੀ ਭਾਰੀ ਨੁਕਸਾਨ ਹੋਇਆ।

ਸਿਟੀ ਬੱਸ ਦਾ ਨੁਕਸਾਨ ਹਿੰਸਕ ਘਟਨਾਵਾਂ ਵਿਚ ਜਲੰਧਰ ਦੀ ਸਿਟੀ ਬੱਸ ਕੰਪਨੀ ਨੂੰ ਵੀ ਭਾਰੀ ਨੁਕਸਾਨ ਪੁੱਜਿਆ। ਸਿਟੀ ਬੱਸ ਕੰਪਨੀ ਦੇ ਮੈਨੇਜਰ ਸ੍ਰੀ ਮੁਨੀਸ਼ ਕੁਮਾਰ ਨੇ ਜਾਣਕਾਰੀ ਦਿੰਦੇ ਕਿਹਾ ਕਿ ਐਤਵਾਰ ਦੀ ਰਾਤ ਨੂੰ ਉਨ੍ਹਾਂ ਦੀ ਬੱਸ ਡਿਪੂ ਲੰਬਾ ਪਿੰਡ ਜਾ ਰਹੀ ਸੀ ਤੇ ਉਕਤ ਬੱਸ ਨੂੰ ਹਿੰਸਕ ਭੀੜ ਨੇ ਸਾੜ ਦਿੱਤਾ ਤੇ ਉਕਤ ਬੱਸ ਦੇ ਸੜਨ ਕਰਕੇ 20 ਲੱਖ ਦਾ ਨੁਕਸਾਨ ਹੋਇਆ ਹੈ। ਉਨ੍ਹਾਂ ਹੋਰ ਜਾਣਕਾਰੀ ਦਿੰਦੇ ਕਿਹਾ ਕਿ ਡੀ. ਏ. ਵੀ. ਕਾਲਜ ਦੇ ਲਾਗੇ ਬੱਸ ਸਟਾਪ ਤੋੜੇ ਗਏ। ਸ਼ਹਿਰ ਵਿਚ 45 ਬੱਸ ਸਟਾਪ ਤਿਆਰ ਕਰਵਾਏ ਗਏ ਸਨ ਤੇ ਜਿਨ੍ਹਾਂ ਵਿਚੋਂ ਅੱਧੀ ਦਰਜਨ ਤੋਂ ਜ਼ਿਆਦਾ ਬੱਸ ਸਟਾਪ ਤੋੜੇ ਗਏ ਹਨ। ਉਨ੍ਹਾਂ ਕਿਹਾ ਕਿ ਇਕ ਬੱਸ ਸਟਾਪ 'ਤੇ 10 ਲੱਖ ਰੁਪਏ ਨਿਰਮਾਣ ਦਾ ਖਰਚਾ ਆਇਆ ਹੈ ਤੇ ਬੱਸ ਸਟਾਪਾਂ 'ਤੇ ਹੀ ਸਿਟੀ ਬੱਸ ਕੰਪਨੀ ਨੂੰ 50 ਲੱਖ ਰੁਪਏ ਤੋਂ ਜ਼ਿਆਦਾ ਦਾ ਨੁਕਸਾਨ ਉਠਾਉਣਾ ਪਿਆ ਹੈ।

ਟਰੱਕਾਂ ਦੀ ਸਾੜਫੂਕ
ਆਲ ਟਰੱਕ ਆਪ੍ਰੇਟਰ ਯੂਨੀਅਨ ਦੇ ਪ੍ਰਧਾਨ ਹੈਪੀ ਸੰਧੂ ਨੇ ਕਿਹਾ ਕਿ ਐਤਵਾਰ ਦੀ ਰਾਤ ਨੂੰ ਟਰੱਕਾਂ ਨਾਲ ਭਾਰੀ ਭੰਨ-ਤੋੜ ਕੀਤੀ ਗਈ ਤੇ ਟਰੱਕਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ। ਹੈਪੀ ਸੰਧੂ ਨੇ ਕਿਹਾ ਕਿ ਐਤਵਾਰ ਦੀ ਰਾਤ ਨੂੰ ਸ੍ਰੀ ਦੇਵੀ ਤਾਲਾਬ ਮੰਦਿਰ ਦੇ ਲਾਗੇ ਤੋਂ ਖੜ੍ਹੇ ਟਰੱਕਾਂ ਤੋਂ ਲੈ ਕੇ ਪਠਾਨਕੋਟ ਚੌਕ ਸਥਿਤ ਪੁਰਾਣੀ ਬੀ. ਡੀ. ਏ. ਸਟੀਲ ਦੀ ਜਗ੍ਹਾ ਵਿਚ ਖੜ੍ਹੇ ਟਰੱਕਾਂ ਨਾਲ ਬਹੁਤ ਭੰਨ-ਤੋੜ ਕੀਤੀ ਗਈ। ਉਨ੍ਹਾਂ ਕਿਹਾ ਕਿ ਪਰਾਗਪੁਰ ਚੁੰਗੀ ਨਾਕੇ ਦੇ ਕੋਲ ਦੂਸਰੇ ਰਾਜ ਦਾ ਟਰੱਕ ਵੀ ਖੜ੍ਹਾ ਸੀ, ਜਿਸ ਨੂੰ ਅੱਗ ਲਗਾ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਟਰੱਕਾਂ ਨਾਲ ਜਦੋਂ ਤੋੜ-ਭੰਨ ਕੀਤੀ ਗਈ ਉਸ ਵੇਲੇ ਕਿਸੇ ਨੇ ਵੀ ਉਨ੍ਹਾਂ ਨੂੰ ਨਹੀਂ ਰੋਕਿਆ ਤੇ ਜੇਕਰ ਸਮੇਂ ਸਿਰ ਪਹਿਲਾਂ ਹੀ ਕਦਮ ਉਠਾ ਲਿਆ ਜਾਂਦਾ ਤਾਂ ਭਾਰੀ ਨੁਕਸਾਨ ਹੋਣੋਂ ਟੱਲ ਜਾਣਾ ਸੀ।

ਰੋਡਵੇਜ਼ ਨੂੰ 30 ਲੱਖ ਦਾ ਨੁਕਸਾਨ
ਹਿੰਸਕ ਘਟਨਾਵਾਂ ਵਿਚ ਜਲੰਧਰ ਦੀ ਰੋਡਵੇਜ਼ ਤੇ ਨਿੱਜੀ ਬੱਸ ਕੰਪਨੀ ਨੂੰ 30 ਲੱਖ ਰੁਪਏ ਦਾ ਨੁਕਸਾਨ ਉਠਾਉਣਾ ਪਿਆ ਹੈ। ਜਿਸ ਵਿਚ ਬੱਸਾਂ ਦੇ ਨੁਕਸਾਨ ਤੋਂ ਇਲਾਵਾ ਅੱਡੇ ਨੂੰ ਮਿਲਦੀ ਫੀਸ ਵੀ ਸ਼ਾਮਿਲ ਹੈ। ਜਲੰਧਰ ਰੋਡਵੇਜ਼ ਡਿਪੂ ਦੇ ਜਨਰਲ ਮੈਨੇਜਰ ਇੰਦਰਜੀਤ ਸਿੰਘ ਚਾਵਲਾ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਡਿਪੂ ਦੀ ਬੱਸ ਜਲੰਧਰ-ਲੁਧਿਆਣਾ ਦੇ ਰਸਤੇ ਵਿਚਕਾਰ ਹਿੰਸਾ ਦਾ ਸ਼ਿਕਾਰ ਹੋ ਗਈ। ਇਸ ਤੋਂ ਇਲਾਵਾ ਡਿਪੂ ਨੰਬਰ ਦੋ ਦੀਆਂ ਦੋ ਬੱਸਾਂ ਨੂਰਮਹਿਲ ਤੇ ਲੁਧਿਆਣਾ ਨੂੰ ਜਾਣ ਵਾਲੀਆਂ ਸਾੜ ਦਿੱਤੀਆਂ ਗਈਆਂ ਸਨ। ਇਸ ਤੋਂ ਇਲਾਵਾ ਨਿੱਜੀ ਬੱਸ ਕੰਪਨੀ ਸਤਲੁਜ ਨੂੰ ਵੀ ਕਾਫੀ ਨੁਕਸਾਨ ਉਠਾਉਣਾ ਪਿਆ। ਸਤਲੁਜ ਬੱਸ ਕੰਪਨੀ ਦੇ ਜਸਬੀਰ ਸਿੰਘ ਜੌਹਲ ਦਾ ਕਹਿਣਾ ਸੀ ਕਿ ਉਨ੍ਹਾਂ ਦੀ ਬੱਸ 1081 ਨੰਬਰ ਫਗਵਾੜਾ ਲਾਗੇ ਸਾੜ ਦਿੱਤੀ ਗਈ ਸੀ ਤੇ ਇਸ ਤੋਂ ਇਲਾਵਾ 10 ਬੱਸਾਂ ਦੇ ਕਰੀਬ ਉਨ੍ਹਾਂ ਦੀ ਕੰਪਨੀ ਦੀਆਂ ਬੱਸਾਂ ਦੇ ਸ਼ੀਸ਼ੇ ਤੋੜ ਦਿੱਤੇ ਗਏ ਸਨ। ਸ: ਜੌਹਲ ਨੇ ਕਿਹਾ ਕਿ ਉਨ੍ਹਾਂ ਦਾ 10 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ।

18 ਲੱਖ ਦੀ ਪੇਵਰ ਮਸ਼ੀਨ ਸਾੜੀ
ਐਤਵਾਰ ਰਾਤ ਨੂੰ ਨੰਗਲ ਸ਼ਾਮਾਂ ਵਿਚ ਪੇਵਰ ਮਸ਼ੀਨ (ਬੱਜਰੀ ਵਿਛਾਉਣ ਵਾਲੀ ਮਸ਼ੀਨ) ਵੀ ਹਿੰਸਕ ਭੀੜ ਨੇ ਤੇਲ ਪਾ ਕੇ ਸਾੜ ਦਿੱਤੀ। ਇਸ ਦੇ ਮਾਲਕ ਠੇਕੇਦਾਰ ਕੁਲਵਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਕਿਹਾ ਕਿ ਉਨ੍ਹਾਂ ਨੇ ਮਸ਼ੀਨ ਕੁਝ ਦਿਨਾਂ ਪਹਿਲਾਂ ਹੀ 18 ਲੱਖ ਰੁਪਏ ਦੀ ਖਰੀਦੀ ਸੀ।

ਬੈਂਕਾਂ ਦਾ ਕਾਰੋਬਾਰ ਠੱਪ
ਹਿੰਸਕ ਘਟਨਾਵਾਂ ਦੇ ਤਿੰਨ ਦਿਨ ਬੈਂਕਿੰਗ ਕਾਰੋਬਾਰ ਲਈ ਵੱਡਾ ਨੁਕਸਾਨ ਹੋਇਆ ਤੇ 1350 ਕਰੋੜ ਦੀ ਬੈਂਕਾਂ ਦੀ ਕਲੀਅਰੈਂਸ ਤੋਂ ਇਲਾਵਾ ਨਕਦੀ ਲੈਣ ਦੇਣ ਦਾ ਕੰਮ ਵੀ ਰੁਕਿਆ ਰਿਹਾ। ਬੈਂਕ ਅਧਿਕਾਰੀ ਸ੍ਰੀ ਆਰ. ਐਸ. ਭੱਟੀ, ਸ੍ਰੀ ਅੰਮ੍ਰਿਤ ਲਾਲ, ਸ੍ਰੀ ਜੀ. ਕੇ. ਜੋਸ਼ੀ ਤੇ ਬਲਜੀਤ ਕੌਰ ਨੇ ਇਸ ਬਾਰੇ ਜਾਣਕਾਰੀ ਦਿੰਦੇ ਕਿਹਾ ਕਿ ਜਲੰਧਰ ਜ਼ਿਲ੍ਹੇ ਵਿਚ 350 ਸ਼ਾਖਾਵਾਂ ਹਨ ਤੇ ਇਨ੍ਹਾਂ ਵਿਚੋਂ 150 ਸ਼ਾਖਾਵਾਂ ਸ਼ਹਿਰ ਵਿਚ ਹਨ। ਉਨ੍ਹਾਂ ਕਿਹਾ ਕਿ ਸਾਰੇ ਬੈਂਕਾਂ ਵਿਚ ਰੋਜ਼ ਦੇ 300 ਕਰੋੜ ਦੇ ਚੈੱਕ ਲਗਦੇ ਹਨ ਤੇ ਤਿੰਨ ਦਿਨਾਂ ਵਿਚ 900 ਕਰੋੜ ਦੇ ਚੈੱਕਾਂ ਦਾ ਕਾਰੋਬਾਰ ਬੰਦ ਹੋਇਆ ਹੈ। ਇਸ ਤੋਂ ਇਲਾਵਾ ਬੈਂਕਾਂ ਵਿਚ ਰੋਜ਼ ਦਾ ਨਕਦੀ ਲੈਣ-ਦੇਣ ਵੀ 150 ਕਰੋੜ ਦਾ ਹੁੰਦਾ ਹੈ ਜਿਹੜਾ ਕਿ ਤਿੰਨ ਦਿਨਾਂ ਦਾ 450 ਕਰੋੜ ਦਾ ਪੁੱਜ ਗਿਆ ਹੈ। ਉਨ੍ਹਾਂ ਕਿਹਾ ਕਿ ਤਿੰਨ ਦਿਨਾਂ ਵਿਚ ਬੈਂਕ ਦਾ 1350 ਕਰੋੜ ਦਾ ਕਾਰੋਬਾਰ ਪ੍ਰਭਾਵਿਤ ਹੋਇਆ ਹੈ, ਜਿਸ ਕਰਕੇ ਲੋਕਾਂ ਦੇ ਵਪਾਰ ਨੂੰ ਧੱਕਾ ਲੱਗਾ ਹੈ। ਉਨ੍ਹਾਂ ਕਿਹਾ ਕਿ ਰਵਿਦਾਸ ਚੌਕ ਲਾਗੇ ਏ. ਟੀ. ਐਮ. ਸਾੜੇ ਜਾਣ ਕਰਕੇ ਵੀ ਬੈਂਕ ਦਾ ਲੱਖਾਂ ਦਾ ਨੁਕਸਾਨ ਹੋਇਆ ਹੈ ਤੇ ਕਾਰੋਬਾਰ ਨੂੰ ਠੀਕ ਕਰਨ ਵਿਚ ਕਾਫੀ ਸਮਾਂ ਵੀ ਲੱਗ ਜਾਏਗਾ ਜਿਸ ਕਰਕੇ ਹਿੰਸਕ ਘਟਨਾਵਾਂ ਨੂੰ ਰੋਕਣ ਲਈ ਪਹਿਲਾਂ ਹੀ ਯੋਜਨਾ ਬਣਾਈ ਜਾਣੀ ਜ਼ਰੂਰੀ ਹੁੰਦੀ ਹੈ ਤਾਂ ਜੋ ਹਿੰਸਕ ਘਟਨਾਵਾਂ ਵਿਚ ਲੋਕਾਂ ਦਾ ਨੁਕਸਾਨ ਨਾ ਹੋ ਸਕੇ।

ਬੀਮਾ ਕੰਪਨੀਆਂ 'ਤੇ ਵੀ ਪਏਗਾ ਭਾਰ
ਜਲੰਧਰ ਵਿਚ 50 ਦੇ ਕਰੀਬ ਵਾਹਨ ਸਾੜੇ ਗਏ ਹਨ, ਜਿਨ੍ਹਾਂ ਵਿਚ ਕਾਰਾਂ ਤੋਂ ਇਲਾਵਾ ਹੋਰ ਵੀ ਛੋਟੇ ਵਾਹਨ ਸ਼ਾਮਿਲ ਹਨ ਤੇ ਉਕਤ ਵਾਹਨਾਂ ਦਾ ਬੀਮਾ ਵੀ ਕਈਆਂ ਵੱਲੋਂ ਕਰਵਾਇਆ ਹੁੰਦਾ ਹੈ ਪਰ ਹੁਣ ਹਿੰਸਕ ਘਟਨਾਵਾਂ ਵਿਚ ਵਾਹਨਾਂ ਦੇ ਸੜਨ ਦੀਆਂ ਘਟਨਾਵਾਂ ਵਾਪਰੀਆਂ ਸਨ ਤੇ ਕਿਸੇ ਨੂੰ ਵੀ ਉਮੀਦ ਨਹੀਂ ਸੀ ਕਿ ਜਲੰਧਰ ਵਰਗੇ ਸ਼ਾਂਤ ਸ਼ਹਿਰ ਵਿਚ ਹਿੰਸਕ ਵਾਰਦਾਤ ਹੋਏਗੀ ਤੇ ਹੁਣ ਬੀਮਾ ਕੰਪਨੀਆਂ ਵੀ ਵਾਹਨਾਂ ਦੇ ਨੁਕਸਾਨ ਦੀ ਭਰਪਾਈ ਕਰਨ ਲਈ ਤਿਆਰ ਹੋ ਰਹੀਆਂ ਹਨ।

ਇੰਦਰਾ ਫਿਲਿੰਗ ਸਟੇਸ਼ਨ
ਪ੍ਰਦਰਸ਼ਨਕਾਰੀਆਂ ਨੇ ਜਲੰਧਰ-ਫਗਵਾੜਾ ਰੋਡ 'ਤੇ ਰਾਮਾ ਮੰਡੀ ਚੌਕ ਦੇ ਕੋਲ ਸਥਿਤ ਇੰਦਰਾ ਫਿਲਿੰਗ ਸਟੇਸ਼ਨ ਦੀ ਕਾਫੀ ਭੰਨ-ਤੋੜ ਕੀਤੀ। ਪੈਟਰੋਲ ਪੰਪ ਦੇ ਕਰਿੰਦੇ ਨੇ ਦੱਸਿਆ ਕਿ ਅਜੇ ਨੁਕਸਾਨ ਦਾ ਅੰਦਾਜ਼ਾ ਲਗਾਉਣਾ ਸੰਭਵ ਨਹੀਂ।

ਲਾਂਬੜਾਂ 'ਚ ਸਾੜਫੂਕ
ਲਾਂਬੜਾ ਵਿਚ ਮੁਜ਼ਾਹਰਾਕਾਰੀਆਂ ਨੇ ਐਸ. ਪੀ. ਸਿਟੀ ਦੋ ਦੀ ਕੁਆਇਲਸ ਗੱਡੀ, ਸੱਤ ਮੋਟਰਸਾਈਕਲ, ਇਕ ਸਕੂਟਰ ਅਤੇ ਇਕ ਸਾਈਕਲ ਅੱਗ ਲਾ ਕੇ ਸਾੜ ਦਿੱਤੇ। ਚੁੰਗੀ ਨਾਕਾ ਨੰਬਰ ਗਿਆਰਾਂ ਦੇ ਕੋਲ ਪੀ. ਐਸ. ਮੋਟਰ ਨਾਂਅ ਦੇ ਗੱਡੀਆਂ ਦੇ ਸ਼ੋਅਰੂਮ ਦੇ ਸਾਰੇ ਸ਼ੀਸ਼ੇ ਅਤੇ ਅੱਡਾ ਲਾਂਬੜਾ ਵਿਚ ਇਕ ਮਠਿਆਈ ਦੀ ਦੁਕਾਨ ਦੀ ਸ਼ੈੱਡ ਤੋੜੇ ਗਏ।

ਕੌਂਸਲਰ ਦੀ ਕਾਰ ਭੰਨੀ
ਪ੍ਰਦਰਸ਼ਨਕਾਰੀਆਂ ਵੱਲੋਂ ਨਗਰ ਨਿਗਮ ਦੇ ਕੌਂਸਲਰ ਤੇ ਅਕਾਲੀ ਆਗੂ ਸ੍ਰੀ ਬਲਬੀਰ ਸਿੰਘ ਬਿੱਟੂ ਦੀ ਐਸੇਂਟ ਕਾਰ ਅਤੇ ਦਫਤਰ ਦੀ ਵੀ ਕਾਫੀ ਭੰਨ-ਤੋੜ ਕੀਤੀ ਗਈ। ਸ੍ਰੀ ਬਿੱਟੂ ਨੇ ਦੱਸਿਆ ਕਿ ਉਨ੍ਹਾਂ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਆਪਣੇ ਲੋਕ ਉਨ੍ਹਾਂ ਨਾਲ ਇਸ ਤਰ੍ਹਾਂ ਦਾ ਵਰਤਾਓ ਕਰਨਗੇ।

ਅਜੀਤ ਖ਼ਬਰ ਪੰਨਾ 2: ਸ਼ਹਿਰ ਸੜਦਾ ਰਿਹਾ, ਪ੍ਰਸਾਸ਼ਨ ਮੂਕ ਦਰਸ਼ਕ, ਲੋਕ ਬੇਬਸ




18) ਵਾਇਆ ਵਿਆਨਾ ਸੜੇ ਪੰਜਾਬ ...- ਪਾਲ ਸਿੰਘ ਨੌਲੀ (ਲੇਖ ਵਿਚੋਂ)

... ਅੱਗੇ ਪੜ੍ਹੋ

ਹਿੰਸਾ ਦੌਰਾਨ ਪੰਜਾਬ 'ਚ ਹੋਇਆ ਅਰਬਾਂ ਦਾ ਨੁਕਸਾਨ

170 ਗੱਡੀਆਂ ਤਬਾਹ ਜਲੰਧਰ 'ਚ 121 ਗੱਡੀਆਂ ਸਾੜੀਆਂ
ਚੰਡੀਗੜ੍ਹ, 28 ਮਈ - ਹਰਕਵਲਜੀਤ ਸਿੰਘ-ਪੰਜਾਬ ਵਿਚ ਵਿਆਨਾ ਘਟਨਾ ਤੋਂ ਬਾਅਦ ਭੜਕੀ ਹਿੰਸਾ ਕਾਰਨ 24 ਅਤੇ 25 ਮਈ ਨੂੰ 170 ਗੱਡੀਆਂ ਤਬਾਹ ਹੋਈਆਂ। ਸਭ ਤੋਂ ਵੱਧ ਨੁਕਸਾਨ ਜਲੰਧਰ ਜ਼ਿਲ੍ਹੇ ਵਿਚ ਹੋਇਆ ਜਿੱਥੇ 121 ਗੱਡੀਆਂ ਨੂੰ ਨੁਕਸਾਨ ਪੁੱਜਾ ਅਤੇ ਇਸ ਵਿਚੋਂ 24 ਮਈ ਨੂੰ 61 ਅਤੇ 25 ਮਈ ਨੂੰ ਹੋਈ ਹਿੰਸਾ ਦੌਰਾਨ 60 ਗੱਡੀਆਂ ਤਬਾਹ ਕੀਤੀਆਂ ਗਈਆਂ। ਰਾਜ ਸਰਕਾਰ ਵੱਲੋਂ ਜ਼ਿਲ੍ਹਾ ਡਿਪਟੀ ਕਮਿਸ਼ਨਰਾਂ ਰਾਹੀਂ ਜੋ ਜਾਣਕਾਰੀ ਇਕੱਠੀ ਕੀਤੀ ਗਈ ਹੈ, ਉਸ ਅਨੁਸਾਰ ਸਾੜ-ਫੂਕ ਅਤੇ ਤੋੜ-ਫੋੜ ਕਾਰਨ ਕੋਈ 150 ਤੋਂ 200 ਕਰੋੜ ਤੱਕ ਦਾ ਨੁਕਸਾਨ ਹੋਇਆ ਜਿਸ ਵਿਚੋਂ ਇਕੱਲੇ ਰੇਲਵੇ ਵਿਭਾਗ ਦਾ ਹੀ ਕੋਈ 50 ਕਰੋੜ ਰੁਪਏ ਦਾ ਨੁਕਸਾਨ ਹੋਣ ਦਾ ਅੰਦਾਜ਼ਾ ਹੈ। ਜਦੋਂ ਕਿ ਪੰਜਾਬ ਰੋਡਵੇਜ਼ ਜਿਸ ਦੀਆਂ ਕੋਈ 31 ਬੱਸਾਂ ਸਾੜੀਆਂ ਗਈਆਂ ਅਤੇ ਕੁਝ ਥਾਵਾਂ 'ਤੇ ਬੱਸ ਅੱਡਿਆਂ ਦਾ ਵੀ ਨੁਕਸਾਨ ਹੋਇਆ, ਵੱਲੋਂ ਕੋਈ 23 ਕਰੋੜ ਰੁਪਏ ਦੇ ਨੁਕਸਾਨ ਦਾ ਅੰਦਾਜ਼ਾ ਦਿੱਤਾ ਗਿਆ ਹੈ ਜਿਸ ਵਿਚ ਬੱਸ ਸਰਵਿਸ ਬੰਦ ਰਹਿਣ ਕਾਰਨ ਰੋਡਵੇਜ਼ ਨੂੰ ਹੋਣ ਵਾਲਾ ਨੁਕਸਾਨ ਵੀ ਸ਼ਾਮਲ ਕੀਤਾ ਗਿਆ ਹੈ।

ਰਾਜ ਵਿਚ ਕੁੱਲ 23 ਪ੍ਰਾਈਵੇਟ ਬੱਸਾਂ ਅਤੇ 7 ਮਿੰਨੀ ਬੱਸਾਂ ਵੀ ਸਾੜੀਆਂ ਗਈਆਂ ਜਦੋਂ ਕਿ ਕੋਈ 56 ਨਿੱਜੀ ਕਾਰਾਂ, ਜੀਪਾਂ ਅਤੇ ਵੈਨਾਂ ਆਦਿ ਨੂੰ ਅੱਗ ਲਗਾਈ ਗਈ ਅਤੇ 17 ਨਿੱਜੀ ਟਰੱਕ ਤੇ ਇਕ ਸਰਕਾਰੀ ਟਰੱਕ ਵੀ ਸਾੜਿਆ ਗਿਆ। ਸਭ ਤੋਂ ਵੱਧ ਨਿੱਜੀ ਕਾਰਾਂ ਅਤੇ ਜੀਪਾਂ ਦੀ ਸਾੜ-ਫੂਕ ਜਲੰਧਰ ਵਿਚ ਹੋਈ ਜਿੱਥੇ 24 ਮਈ ਨੂੰ 43 ਅਤੇ 25 ਮਈ ਨੂੰ 9 ਕਾਰਾਂ-ਜੀਪਾਂ ਦੀ ਸਾੜਫੂਕ ਹੋਈ। ਵਾਪਰੀ ਇਸ ਹਿੱਸਾ ਦੌਰਾਨ ਹੁਸ਼ਿਆਰਪੁਰ ਜ਼ਿਲ੍ਹੇ ਵਿਚ ਕੁੱਲ 15 ਗੱਡੀਆਂ ਨੂੰ ਨੁਕਸਾਨ ਪੁੱਜਾ ਜਦੋਂ ਕਿ ਕਪੂਰਥਲਾ ਵਿਚ 20 ਅਤੇ ਨਵਾਂਸ਼ਹਿਰ ਵਿਖੇ ਕੋਈ 14 ਗੱਡੀਆਂ ਨੂੰ ਨੁਕਸਾਨ ਪਹੁੰਚਾਇਆ ਗਿਆ।

ਰੇਲ ਵਿਭਾਗ ਤੋਂ ਇਕੱਤਰ ਕੀਤੀ ਗਈ ਜਾਣਕਾਰੀ ਅਨੁਸਾਰ ਜੰਮੂ-ਤਵੀ ਰੇਲਗੱਡੀ ਦੀਆਂ ਜਲੰਧਰ ਸਟੇਸ਼ਨ 'ਤੇ 4 ਬੋਗੀਆਂ ਅਤੇ ਇਕ ਰਿਕਵਰੀ ਵੈਨ ਨੂੰ ਸਾੜਿਆ ਗਿਆ। ਮੁਜ਼ਾਹਰਾਕਾਰੀਆਂ ਵੱਲੋਂ ਜਲੰਧਰ ਛਾਉਣੀ ਅਤੇ ਫਿਲੌਰ ਸਟੇਸ਼ਨਾਂ ਦੀ ਸਾੜ-ਫੂਕ ਕਰਨ ਤੋਂ ਇਲਾਵਾ ਪਿੰਡ ਦਕੋਹਾ ਵਿਖੇ ਰੇਲਵੇ ਫਾਟਕ ਨੂੰ ਵੀ ਨੁਕਸਾਨ ਪਹੁੰਚਾਇਆ ਗਿਆ। ਕਪੂਰਥਲਾ ਵਿਖੇ ਵੀ ਇਕ ਰੇਲਵੇ ਗੱਡੀ ਨੂੰ ਨੁਕਸਾਨ ਪਹੁੰਚਾਉਣ ਤੋਂ ਇਲਾਵਾ ਉਸ ਦੇ ਇੰਜਣ ਨੂੰ ਅੱਗ ਲਗਾ ਕੇ ਸਾੜ ਦਿੱਤਾ ਗਿਆ ਜਦੋਂਕਿ ਫਗਵਾੜਾ ਰੇਲਵੇ ਸਟੇਸ਼ਨ ਨੂੰ ਵੀ ਕਾਫੀ ਨੁਕਸਾਨ ਪਹੁੰਚਾਇਆ ਗਿਆ। ਇਸੇ ਤਰ੍ਹਾਂ ਸਬ-ਤਹਿਸੀਲ ਨੂਰਮਹਿਲ ਨੂੰ ਵੀ ਅੱਗ ਲਗਾ ਕੇ ਸਾੜਿਆ ਗਿਆ ਜਦੋਂਕਿ ਕਪੂਰਥਲਾ ਵਿਚ ਕੁੱਝ ਦੁਕਾਨਾਂ ਨੂੰ ਨੁਕਸਾਨ ਪਹੁੰਚਾਉਣ ਤੋਂ ਇਲਾਵਾ ਸ਼ਹਿਰ ਵਿਚਲੀਆਂ ਮਿਉਂਸਪਲ ਲਾਈਟਾਂ ਦੀ ਵੀ ਵੱਡੇ ਪੱਧਰ 'ਤੇ ਤੋੜ-ਭੰਨ੍ਹ ਕੀਤੀ ਗਈ। ਨਵਾਂ ਸ਼ਹਿਰ ਵਿਖੇ ਸਰਕਾਰੀ ਹਸਪਤਾਲ ਅਤੇ ਸੁਵਿਧਾ ਕੇਂਦਰ ਤੋਂ ਇਲਾਵਾ ਮਿਉਂਸਪਲਟੀ ਦੇ ਦਫ਼ਤਰ ਨੂੰ ਵੀ ਅੱਗ ਲਗਾਈ ਗਈ ਅਤੇ ਤੋੜ-ਭੰਨ੍ਹ ਕੀਤੀ ਗਈ ਜਦੋਂਕਿ ਰਾਹੋਂ ਮਿਉਂਸਪਲਟੀ ਦੇ ਦਫ਼ਤਰ ਅਤੇ ਨਵਾਂ ਸ਼ਹਿਰ ਦੇ ਬੱਸ ਅੱਡੇ ਤੇ ਕੰਟੀਨ ਆਦਿ ਦਾ ਵੀ ਕਾਫੀ ਨੁਕਸਾਨ ਕੀਤਾ ਗਿਆ।

ਰਾਜ ਸਰਕਾਰ ਵੱਲੋਂ ਡਿਪਟੀ ਕਮਿਸ਼ਨਰਾਂ ਨੂੰ ਭਾਵੇਂ ਹੋਏ ਨੁਕਸਾਨ ਸਬੰਧੀ ਆਪਣੇ ਅੰਦਾਜ਼ੇ ਭੇਜਣ ਸਬੰਧੀ ਕੋਈ ਸਪੱਸ਼ਟ ਸਮਾਂ ਨਹੀਂ ਦਿੱਤਾ ਗਿਆ। ਲੇਕਿਨ ਪਤਾ ਲੱਗਾ ਹੈ ਕਿ ਸਰਕਾਰ ਵੱਲੋਂ ਇਸ ਪ੍ਰਕਿਰਿਆ ਨੂੰ ਸੰਤ ਰਾਮਾ ਨੰਦ ਦੇ ਅੰਤਿਮ ਸਸਕਾਰ ਤੋਂ ਬਾਅਦ ਤੇਜ਼ੀ ਨਾਲ ਸ਼ੁਰੂ ਕੀਤਾ ਜਾਵੇਗਾ ਕਿਉਂਕਿ ਇਸ ਸਮੇਂ ਬਹੁਤੇ ਸਥਾਨਕ ਅਧਿਕਾਰੀ ਅਮਨ-ਕਾਨੂੰਨ ਦੀਆਂ ਡਿਊਟੀਆਂ 'ਤੇ ਲੱਗੇ ਹੋਏ ਹਨ। ਰਾਜ ਸਰਕਾਰ ਵੱਲੋਂ ਹੋਏ ਨੁਕਸਾਨ ਸਬੰਧੀ ਭਾਵੇਂ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਗਿਆ ਹੈ ਲੇਕਿਨ ਸਨਅਤ ਅਤੇ ਵਪਾਰ ਦਾ ਕੰਮ ਬੰਦ ਰਹਿਣ ਕਾਰਨ ਜੋ ਨੁਕਸਾਨ ਹੋਇਆ ਹੈ, ਉਸ ਸਬੰਧੀ ਰਾਜ ਸਰਕਾਰ ਵੱਲੋਂ ਨਾ ਤਾਂ ਕੋਈ ਸਰਵੇ ਕਰਵਾਉਣ ਦਾ ਹੀ ਫੈਸਲਾ ਲਿਆ ਗਿਆ ਹੈ ਅਤੇ ਨਾ ਹੀ ਰਾਜ ਸਰਕਾਰ ਵੱਲੋਂ ਉਸ ਸਬੰਧੀ ਕਿਸੇ ਤਰ੍ਹਾਂ ਦਾ ਕੋਈ ਮੁਆਵਜ਼ਾ ਦੇਣਾ ਚਾਹੁੰਦੀ ਹੈ ਜਦੋਂਕਿ ਦਿੱਲੀ ਦੀ ਇਕ ਸੰਸਥਾ ਓਸ਼ਮ ਵੱਲੋਂ ਪੰਜਾਬ ਵਿਚ ਕੰਮ ਕਰਨ ਵਾਲੇ ਮਜ਼ਦੂਰਾਂ ਦੀਆਂ ਕੁੱਲ ਖਰਾਬ ਹੋਈਆਂ ਦਿਹਾੜੀਆਂ ਅਤੇ ਔਸਤਨ ਉਤਪਾਦ ਦੇ ਅੰਕੜਿਆਂ ਦੇ ਆਧਾਰ 'ਤੇ ਪੰਜਾਬ ਵਿਚ ਵਾਪਰੀਆਂ ਇਨ੍ਹਾਂ ਘਟਨਾਵਾਂ ਕਾਰਨ 6 ਤੋਂ 7 ਹਜ਼ਾਰ ਕਰੋੜ ਤੋਂ ਵੱਧ ਦਾ ਨੁਕਸਾਨ ਹੋਣ ਦਾ ਅੰਦਾਜ਼ਾ ਲਗਾਇਆ ਗਿਆ ਹੈ ਅਤੇ ਦੇਸ਼ ਵਿਚ ਸਨਅਤ ਅਤੇ ਵਪਾਰ ਦੀ ਇਸ ਸੰਸਥਾ ਵੱਲੋਂ ਸਰਕਾਰ ਤੋਂ ਸਨਅਤਾਂ ਅਤੇ ਵਪਾਰ ਨੂੰ ਪੁੱਜੇ ਨੁਕਸਾਨ ਲਈ ਵੀ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਗਈ ਹੈ।

ਅਜੀਤ ਖ਼ਬਰ ਪੰਨਾ

ਕਰਫ਼ਿਊ ਦੀ ਢਿੱਲ ਅਫ਼ਵਾਹਾਂ ਦੀ ਭੇਟ ਚੜ੍ਹੀ
ਅੱਜ ਵੀ ਸਵੇਰੇ 6 ਵਜੇ ਤੋਂ ਸ਼ਾਮ 6 ਵਜੇ ਤਕ ਰਹੇਗੀ ਢਿੱਲ

ਜਲੰਧਰ, 28 ਮਈ (ਐੱਚ. ਐੱਸ. ਬਾਵਾ, ਮਨਵੀਰ ਸਿੰਘ ਵਾਲੀਆ, ਪਵਨ ਖਰਬੰਦਾ)-ਡੇਰਾ ਸੱਚਖੰਡ ਬੱਲਾਂ ਦੇ ਸੰਤ ਨਿਰੰਜਣ ਦਾਸ ਅਤੇ ਸੰਤ ਰਾਮਾ ਨੰਦ 'ਤੇ ਵਿਆਨਾ ਵਿਚ ਹੋਏ ਹਮਲੇ ਮਗਰੋਂ ਐਤਵਾਰ ਰਾਤ ਤੋਂ ਜ਼ਿਲ੍ਹਾ ਜਲੰਧਰ ਵਿਚ ਚੱਲਦੇ ਆ ਰਹੇ ਕਰਫ਼ਿਊ ਵਿਚ ਵੀਰਵਾਰ, 28 ਮਈ ਨੂੰ ਪਹਿਲੀ ਵਾਰ 12 ਘੰਟਿਆਂ ਦੀ ਖੁਲ੍ਹ ਦਿੱਤੇ ਜਾਣ ਸਮੇਂ ਭਾਵੇਂ ਕੋਈ ਵੱਡੀ ਅਣਸੁਖਾਵੀਂ ਘਟਨਾ ਵਾਪਰਨ ਦੀ ਖ਼ਬਰ ਨਹੀਂ ਹੈ ਪਰ ਕਰਫ਼ਿਊ ਦੀ ਅੱਜ ਮਿਲੀ ਢਿੱਲ ਅਫ਼ਵਾਹਾਂ ਦੀ ਭੇਟ ਚੜ੍ਹ ਗਈ। ਡਿਪਟੀ ਕਮਿਸ਼ਨਰ ਸ: ਅਜੀਤ ਸਿੰਘ ਪੰਨੂੰ ਨੇ 'ਅਜੀਤ' ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸ਼ੁੱਕਰਵਾਰ 29 ਮਈ ਨੂੰ ਵੀ ਸਵੇਰੇ 6 ਵਜੇ ਤੋਂ ਸ਼ਾਮ 6 ਵਜੇ ਤਕ ਕਰਫ਼ਿਊ ਵਿਚ ਢਿੱਲ ਦਿੱਤੀ ਜਾਏਗੀ ਅਤੇ ਅੱਜ ਵਾਂਗ ਵਿਦਿਅਕ ਅਦਾਰੇ ਬੰਦ ਰੱਖਣ ਦਾ ਫ਼ੈਸਲਾ ਲਿਆ ਗਿਆ ਹੈ, ਪ੍ਰੰਤੂ ਜਿਨ੍ਹਾਂ ਅਦਾਰਿਆਂ 'ਚ ਪ੍ਰੀਖਿਆਵਾਂ ਹੋ ਰਹੀਆਂ ਹਨ ਉਹ ਖੁੱਲ੍ਹੇ ਰਹਿਣਗੇ।

ਅੱਜ ਸਵੇਰੇ ਕਰਫ਼ਿਊ ਲਗਪਗ ਸਾਰੇ ਦਿਨ ਲਈ ਖੁੱਲ੍ਹ ਜਾਣ ਤੋਂ ਉਤਸ਼ਾਹਿਤ ਦੁਕਾਨਦਾਰਾਂ ਅਤੇ ਹੋਰ ਅਦਾਰਿਆਂ ਦੇ ਮਾਲਕਾਂ ਨੇ ਸੁੱਖ ਦਾ ਸਾਹ ਲਿਆ ਅਤੇ ਦਿਨ ਦੀ ਸ਼ੁਰੂਆਤ ਆਮ ਵਾਂਗ ਹੀ ਹੋਈ ਅਤੇ ਐਤਵਾਰ ਰਾਤ ਤੋਂ ਘਰਾਂ ਵਿਚ ਬੱਝੇ ਲੋਕ ਵੱਡੀ ਗਿਣਤੀ ਵਿਚ ਘਰਾਂ ਤੋਂ ਬਾਹਰ ਨਿਕਲੇ ਜਿਸ ਨਾਲ ਸ਼ਹਿਰ ਆਮ ਵਰਗਾ ਨਜ਼ਾਰਾ ਪੇਸ਼ ਕਰਨ ਲੱਗਾ ਪਰ ਕੁਝ ਹੀ ਸਮੇਂ ਬਾਅਦ ਅਫ਼ਵਾਹਾਂ ਦਾ ਦੌਰ ਸ਼ੁਰੂ ਹੋ ਗਿਆ। ਅਫ਼ਵਾਹਾਂ ਦਾ ਬਾਜ਼ਾਰ ਦੁਪਹਿਰ ਹੁੰਦਿਆਂ ਹੁੰਦਿਆਂ ਏਨਾ ਜ਼ਿਆਦਾ ਗਰਮ ਹੋ ਗਿਆ ਕਿ ਕਦੇ ਕਿਸੇ ਪਾਸੇ ਅਤੇ ਕਦੇ ਕਿਸੇ ਪਾਸੇ ਗੜਬੜ ਹੋਣ ਅਤੇ ਗੋਲੀਆਂ ਚੱਲਣ ਤੱਕ ਦੀਆਂ ਅਫ਼ਵਾਹਾਂ ਫ਼ੈਲਣ ਲੱਗੀਆਂ ਜਿਹੜੀਆਂ ਫ਼ੋਨਾਂ ਅਤੇ ਮੋਬਾਇਲ ਫ਼ੋਨਾਂ ਜ਼ਰੀਏ ਹੋਰ ਸਿਖ਼ਰ ਵੱਲ ਜਾਂਦਿਆਂ ਏਨਾ ਗੰਭੀਰ ਰੂਪ ਧਾਰਨ ਕਰ ਗਈਆਂ ਕਿ ਜਿੱਥੇ ਖ਼ਰੀਦਦਾਰੀ ਅਤੇ ਚਹਿਲ ਪਹਿਲ ਲਈ ਨਿਕਲੇ ਲੋਕ ਘਰਾਂ ਨੂੰ ਵਾਪਸ ਹੋ ਤੁਰੇ ਉੱਥੇ ਦੁਕਾਨਦਾਰਾਂ ਅਤੇ ਹੋਰ ਅਦਾਰਿਆਂ ਨੇ ਵੀ ਸ਼ਟਰ ਸੁੱਟਣੇ ਸ਼ੁਰੂ ਕਰ ਦਿੱਤੇ। ਹਾਲਤ ਇਹ ਬਣ ਗਈ ਕਿ ਇਕ ਸਮੇਂ ਲਗਪਗ ਸਾਰਾ ਸ਼ਹਿਰ ਹੀ ਬੰਦ ਹੋਣ ਦੀਆਂ ਖ਼ਬਰਾਂ ਮਿਲਣ ਲੱਗੀਆਂ ਅਤੇ ਪ੍ਰਸ਼ਾਸਨ ਨੂੰ ਲੋਕਾਂ ਨੂੰ ਇਹ ਯਕੀਨ ਦਿਵਾਉਣ ਲਈ ਬਹੁਤ ਮਿਹਨਤ ਕਰਨੀ ਪਈ ਕਿ ਚੱਲ ਰਹੀਆਂ ਗੱਲਾਂ ਮਾਤਰ ਅਫ਼ਵਾਹਾਂ ਹਨ ਅਤੇ ਅਸਲ ਵਿਚ ਐਸਾ ਕੁਝ ਨਹੀਂ ਵਾਪਰਿਆ।

ਪਰ ਤਦ ਤਕ ਨੁਕਸਾਨ ਹੋ ਚੁੱਕਾ ਸੀ ਕਿਉਂਕਿ ਅਫ਼ਵਾਹਾਂ ਕਾਰਨ ਪੈਦਾ ਹੋਈ ਹਫ਼ੜਾ ਦਫ਼ੜੀ ਕਾਰਨ ਗਾਹਕ ਹੀ ਨਹੀਂ ਸਗੋਂ ਦੁਕਾਨਦਾਰ ਵੀ ਘਰਾਂ ਨੂੰ ਚਾਲੇ ਪਾ ਗਏ ਸਨ। ਐੱਸ. ਐੱਸ. ਪੀ. ਸ੍ਰੀ ਆਰ. ਕੇ. ਜੈਸਵਾਲ ਨੂੰ ਅੱਜ ਦੇ ਕਰਫ਼ਿਊ ਦੌਰਾਨ ਕਿਸੇ ਤਰ੍ਹਾਂ ਦੀ ਘਟਨਾ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਅੱਜ ਕਿਸੇ ਤਰ੍ਹਾਂ ਦੀ ਕੋਈ ਅਣਸੁਖਾਵੀਂ ਘਟਨਾ ਨਹੀਂ ਵਾਪਰੀ ਹਾਲਾਂਕਿ ਉਨ੍ਹਾਂ ਦਾ ਮੰਨਣਾ ਸੀ ਕਿ ਅਫ਼ਵਾਹਾਂ ਨੇ ਕਰਫ਼ਿਊ ਦੀ ਢਿੱਲ ਦਾ ਫ਼ਾਇਦਾ ਆਮ ਲੋਕਾਂ ਨੂੰ ਨਹੀਂ ਹੋਣ ਦਿੱਤਾ। ਵਰਣਨਯੋਗ ਹੈ ਕਿ ਅੱਜ ਸਰਕਾਰੀ ਬੈਂਕ ਆਮ ਵਾਂਗ ਸ਼ਾਮ ਦੇ 5 ਵਜੇ ਤੱਕ ਖੁਲ੍ਹੇ ਰਹੇ।

ਅਜੀਤ ਖ਼ਬਰ ਪੰਨਾ

17) ਜਲੰਧਰ ਵਿਚ ਦੋ ਦਿਨ ਜੰਗਲ ਰਾਜ - ਅਜੀਤ ਰਿਪੋਰਟ


... ਅੱਗੇ ਪੜ੍ਹੋ

ਕਿਧਰੇ ਨਹੀਂ ਦਿਸੇ ਪੁਲਿਸ ਦੇ ਦੰਗਾ ਨਿਰੋਧਕ ਵਾਹਨ

ਜਲੰਧਰ, 26 ਮਈ (ਵਾਲੀਆ) - ਬੀਤੇ ਐਤਵਾਰ ਤੋਂ ਜਲੰਧਰ ਅਤੇ ਜਲੰਧਰ ਛਾਉਣੀ ਖੇਤਰ 'ਚ ਵੱਡੇ ਪੱਧਰ 'ਤੇ ਹਿੰਸਕ ਵਾਰਦਾਤਾਂ ਅਤੇ ਦੰਗੇ-ਫਸਾਦ ਹੋ ਰਹੇ ਹਨ। ਸ਼ਹਿਰ ਦਾ ਅਮਨ ਭੰਗ ਕਰਨ ਵਾਲੇ ਸ਼ਰਾਰਤੀ ਅਨਸਰਾਂ ਉੱਕਦ ਕਾਬੂ ਪਾਉਣ 'ਚ ਜਲੰਧਰ ਪੁਲਿਸ ਬੁਰੀ ਤਰ੍ਹਾਂ ਅਸਫਲ ਹੋਈ ਹੈ। ਹਿੰਸਾ ਉੱਕਦ ਕਾਬੂ ਪਾਉਣ 'ਚ ਪੁਲਿਸ ਵਿਚ ਇੱਛਾ-ਸ਼ਕਤੀ ਦੀ ਜ਼ਬਰਦਸਤ ਘਾਟ ਦੇਖਣ ਨੂੰ ਮਿਲ ਰਹੀ ਹੈ ਜਾਂ ਫਿਰ ਕੋਈ ਹੋਰ ਮਜਬੂਰੀ ਹੈ। ਹਿੰਸਾ ਉੱਕਦ ਕਾਬੂ ਪਾਉਣ ਲਈ ਨੀਮ ਫੌਜੀ ਬਲ ਅਤੇ ਫੌਜ ਦੇ ਜਵਾਨ ਤਾਇਨਾਤ ਕੀਤੇ ਗਏ ਹਨ ਜਿਸ ਤੋਂ ਬਾਅਦ ਸਥਿਤੀ ਵਿਚ ਮਾਮੂਲੀ ਸੁਧਾਰ ਹੋਣ ਦੇ ਸੰਕੇਤ ਮਿਲੇ ਹਨ।

ਅੱਜ ਸ਼ਹਿਰ 'ਚ ਵੱਖ-ਵੱਖ ਖੇਤਰਾਂ 'ਚ ਦੰਗਾ ਨਿਰੋਧਕ ਪੁਲਿਸ (ਰੈਪਿਡ ਐਕਸ਼ਨ ਫੋਰਸ) ਵੀ ਤਾਇਨਾਤ ਕਰ ਦਿੱਤੀ ਗਈ ਹੈ। ਇਹ ਕੇਂਦਰੀ ਫੋਰਸ ਹੈ ਜੋ ਕਿ ਦੇਸ਼ ਦੇ ਵੱਖ-ਵੱਖ ਭਾਗਾਂ 'ਚ ਦੰਗਾਕਾਰੀਆਂ ਨਾਲ ਨਿਪਟਣ ਲਈ ਗਠਿਤ ਕੀਤੀ ਗਈ ਹੈ। ਪਰ ਹੈਰਾਨੀ ਦੀ ਗੱਲ ਇਹ ਹੈ ਕਿ ਇੰਨੇ ਵੱਡੇ ਪੱਧਰ 'ਤੇ ਹੰਗਾਮੇ ਹੋਣ ਦੇ ਬਾਵਜੂਦ ਪੁਲਿਸ ਦੇ ਦੰਗਾ ਨਿਰੋਧਕ ਵਾਹਨ ਅਤੇ ਪਾਣੀ ਵਾਲੀਆਂ ਤੋਪਾਂ ਕਿਧਰੇ ਵੀ ਨਜ਼ਰ ਨਹੀਂ ਆਈਆਂ।

16) ਹਿੰਸਾ ਦੌਰਾਨ ਪੰਜਾਬ 'ਚ ਹੋਇਆ ਅਰਬਾਂ ਦਾ ਨੁਕਸਾਨ

... ਅੱਗੇ ਪੜ੍ਹੋ

ਪੀੜਤ, ਪ੍ਰਭਾਵ ਅਤੇ ਮਦਦ ਖ਼ਬਰਾਂ

ਖਜੂਰਲਾ ਨਿਵਾਸੀਆਂ ਦੀ ਮਦਦ ਨਾਲ ਬਚੇ ਸੈਂਕੜੇ ਟਰੱਕ ਤੇ ਉਨ੍ਹਾਂ ਦੇ ਡਰਾਈਵਰ
ਜਲੰਧਰ, 26 ਮਈ (ਜਸਪਾਲ ਸਿੰਘ)-ਜਲੰਧਰ-ਫਗਵਾੜਾ ਜੀ.ਟੀ. ਰੋਡ 'ਤੇ ਸਥਿਤ ਪਿੰਡ ਖਜੂਰਲਾ ਨਿਵਾਸੀਆਂ ਦੀ ਮਦਦ ਨਾਲ
ਸੈਂਕੜੇ ਟਰੱਕ ਪ੍ਰਦਰਸ਼ਨਕਾਰੀਆਂ ਦੇ ਗੁੱਸੇ ਦਾ ਸ਼ਿਕਾਰ ਹੋਣੋਂ ਬਚ ਗਏ। ਮਿਲੀ ਜਾਣਕਾਰੀ ਬੀਤੀ ਰਾਤ ਜਦ ਸਾਰੇ ਪਾਸੇ ਪ੍ਰਦਰਸ਼ਨਕਾਰੀਆਂ ਵਲੋਂ ਤਬਾਹੀ ਮਚਾਈ ਜਾ ਰਹੀ ਸੀ ਤਾਂ ਪਰਾਗਪੁਰ ਚੌਂਕੀ ਦੇ ਕੋਲ ਸੈਂਕੜੇ ਟਰੱਕ ਵੀ ਪ੍ਰਦਰਸ਼ਨਕਾਰੀਆਂ ਵਲੋਂ ਘੇਰ ਲਏ ਗਏ ਸਨ ਪਰ ਸਮੇਂ ਸਿਰ ਪੁੱਜੇ ਖਜੂਰਲਾ ਨਿਵਾਸੀਆਂ ਵਲੋਂ ਇਨ੍ਹਾਂ ਟਰੱਕਾਂ ਅਤੇ ਉਨ੍ਹਾਂ ਦੇ ਚਾਲਕਾਂ ਨੂੰ ਸੁਰੱਖਿਅਤ ਖਜੂਰਲਾ ਨੇੜੇ ਸਥਿਤ ਖਾਲੀ ਪਲਾਟ 'ਚ ਪਹੁੰਚਾਇਆ ਗਿਆ। ਪ੍ਰਦਰਸ਼ਨਕਾਰੀਆਂ ਹੱਥੋਂ ਬਚ ਕੇ ਨਿਕਲੇ ਟਰੱਕ ਡਰਾਈਵਰਾਂ ਸ੍ਰੀ ਗੁਰਨਾਮ ਸਿੰਘ ਫਿਲੌਰ, ਅਸ਼ੋਕ ਕੁਮਾਰ ਟਾਂਡਾ, ਦਰਸ਼ਨ ਸਿੰਘ ਕਾਨ੍ਹਪੁਰ ਤੇ ਮਲਕੀਤ ਸਿੰਘ ਨਿਵਾਸੀ ਅੰਬਾਲਾ ਨੇ ਦੱਸਿਆ ਕਿ ਬੀਤੀ ਰਾਤ ਉਨ੍ਹਾਂ ਦੇ ਟਰੱਕਾਂ ਨੂੰ ਪਰਾਗਪੁਰ ਦੇ ਕੋਲ ਪ੍ਰਦਰਸ਼ਨਕਾਰੀਆਂ ਵਲੋਂ ਘੇਰ ਲਿਆ ਗਿਆ ਸੀ ਤੇ ਉਨ੍ਹਾਂ ਨੇ ਬਾਦਾਮਾਂ ਨਾਲ ਲੱਦੇ ਇਕ ਟਰੱਕ ਨੂੰ ਤਾਂ ਅੱਗ ਲਗਾ ਕੇ ਬੁਰੀ ਤਰ੍ਹਾਂ ਸਾੜ ਦਿੱਤਾ ਤੇ ਜਦ ਉਹ ਹੋਰਨਾਂ ਟਰੱਕਾਂ ਨੂੰ ਵੀ ਅੱਗ ਲਗਾਉਣ ਲੱਗੇ ਤਾਂ ਉਨ੍ਹਾਂ ਨੇ ਦੌੜ ਕੇ ਆਪਣੀ ਜਾਨ ਬਚਾਈ ਅਤੇ ਖਜੂਰਲਾ ਲਾਗੇ ਪਨਾਹ ਲਈ। ਜਿੱਥੇ ਪੁਲਿਸ ਨੇ ਰਾਤ 11 ਵਜੇ ਹੀ ਉਨ੍ਹਾਂ ਦੀ ਸੁਰੱਖਿਆ ਕਰਨ ਤੋਂ ਹੱਥ ਪਿੱਛੇ ਖਿੱਚ ਲਏ ਤੇ ਪਿੰਡ ਖਜੂਰਲਾ ਦੇ ਸਮੂਹ ਨਿਵਾਸੀਆਂ ਅਤੇ ਉੱਘੇ ਸਮਾਜ ਸੇਵਕ ਪ੍ਰਦੀਪ ਬਿੱਟਾ ਵਲੋਂ ਆਪਣੇ ਸਾਥੀਆਂ ਦੇ ਨਾਲ ਉਨ੍ਹਾਂ ਦੀ ਸੁਰੱਖਿਆ ਕੀਤੀ ਗਈ।

ਗੁਰਦੁਆਰਾ ਤੇ ਮੰਦਿਰ ਕਮੇਟੀਆਂ ਨੇ ਫਸੇ ਮੁਸਾਫਿਰਾਂ ਦੀ ਸੇਵਾ-ਸੰਭਾਲ ਕੀਤੀ
ਜਲੰਧਰ, 26 ਮਈ (ਪ੍ਰਿਤਪਾਲ ਸਿੰਘ)-ਆਸਟਰੀਆ ਦੀ ਰਾਜਧਾਨੀ ਵਿਆਨਾ ਵਿਚ ਡੇਰਾ ਸੱਚਖੰਡ ਬੱਲਾਂ ਦੇ ਸੰਤਾਂ ਉੱਕਦ ਹੋਏ
ਕਾਤਲਾਨਾ ਹਮਲੇ ਤੋਂ ਬਾਅਦ ਜਲੰਧਰ ਤੇ ਹੋਰਨਾਂ ਸ਼ਹਿਰਾਂ ਵਿਚ ਗੜਬੜ ਹੋਣ ਕਰਕੇ ਰੇਲ ਗੱਡੀਆਂ ਤੇ ਬੱਸ ਸੇਵਾ ਬੰਦ ਹੋਣ ਤੋਂ ਬਾਅਦ ਪਿਛਲੇ ਦੋ ਦਿਨਾਂ ਤੋਂ ਜਲੰਧਰ ਵਿਚ ਪੰਜਾਬ ਤੋਂ ਬਾਹਰੋਂ ਆਏ ਹਜ਼ਾਰਾਂ ਯਾਤਰੀ ਫਸੇ ਹੋਣ ਕਾਰਨ ਉਹ ਬਹੁਤ ਪ੍ਰੇਸ਼ਾਨ ਹਨ। ਇਨ੍ਹਾਂ ਯਾਤਰੂਆਂ ਨੇ ਗੁਰਦੁਆਰਿਆਂ, ਮੰਦਿਰਾਂ ਅਤੇ ਧਰਮਸ਼ਾਲਾਵਾਂ ਵਿਚ ਪਨਾਹ ਲਈ ਹੋਈ ਹੈ। ਗੁਰਦੁਆਰਾ ਕਮੇਟੀਆਂ, ਮੰਦਿਰ ਕਮੇਟੀਆਂ ਅਤੇ ਹੋਰ ਸਵੈ-ਸੇਵੀ ਸੰਸਥਾਵਾਂ ਇਨ੍ਹਾਂ ਦੀ ਦੇਖ-ਭਾਲ ਕਰ ਰਹੀਆਂ ਹਨ। ਛਾਉਣੀ, ਦਕੋਹਾ ਤੇ ਜਲੰਧਰ ਵਿਚ ਇਹ ਲੋਕ ਵੱਖ-ਵੱਖ ਥਾਵਾਂ 'ਤੇ ਠਹਿਰੇ ਹੋਏ ਹਨ। ਕਈ ਹੋਟਲਾਂ ਵਿਚ ਵੀ ਰਹਿ ਰਹੇ ਹਨ। ਸ੍ਰੀ ਗੁਰੂ ਹਰਿਗੋਬਿਦ ਸਾਹਿਬ ਗੱਤਕਾ ਪਾਰਟੀ ਦਕੋਹਾ ਦੇ ਮੈਂਬਰ ਸ: ਸੁਰਿੰਦਰ ਸਿੰਘ ਭਾਟੀਆ ਦੀ ਅਗਵਾਈ ਵਿਚ ਮੁਸਾਫਿਰਾਂ ਦੀ ਲੰਗਰ ਨਾਲ ਸੇਵਾ ਕਰਨ ਵਿਚ ਸਰਗਰਮ ਰਹੇ। ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਅਰਬਨ ਅਸਟੇਟ ਫੇਜ਼-1 ਦੀ ਕਮੇਟੀ ਦੇ ਮੈਂਬਰ ਪ੍ਰਧਾਨ ਕਮਾਂਡਰ ਬਲਬੀਰ ਸਿੰਘ ਦੀ ਅਗਵਾਈ ਵਿਚ ਬੱਸ ਅੱਡੇ 'ਤੇ ਮੁਸਾਫਿਰਾਂ ਲਈ ਲੰਗਰ ਲੈ ਕੇ ਗਏ। ਗੁਰਦੁਆਰਾ ਦੀਵਾਨ ਅਸਥਾਨ ਸੈਂਟਰਲ ਟਾਊਨ ਵਿਚ ਵੀ ਬੀਤੀ ਰਾਤ ਤੋਂ ਉਥੇ ਠਹਿਰ ਡੇਢ ਹਜ਼ਾਰ ਮੁਸਾਫਿਰਾਂ ਦੀ ਲੰਗਰ ਤੇ ਸਵੇਰੇ ਬਰੈੱਡ ਪਕੌੜਿਆਂ ਤੇ ਚਾਹ ਨਾਲ ਸੇਵਾ ਕੀਤੀ ਗਈ।

ਸਮਝੌਤਾ ਐਕਸਪ੍ਰੈਸ ਦੀਆਂ ਸਵਾਰੀਆਂ ਅਟਾਰੀ ਸਟੇਸ਼ਨ 'ਤੇ ਰੁਕੀਆਂ -
ਸ਼੍ਰੋਮਣੀ ਕਮੇਟੀ ਨੇ ਲੰਗਰ ਲਗਾਏ
ਅਟਾਰੀ ਸਰਹੱਦ, 26 ਮਈ (ਰਾਜਿੰਦਰ ਸਿੰਘ ਰੂਬੀ)-ਪੰਜਾਬ ਅੰਦਰ ਵਿਗੜੇ ਹਾਲਾਤ ਨੂੰ ਮੁੱਖ ਰੱਖਦਿਆਂ ਬੀਤੇ ਕੱਲ੍ਹ ਬਾਅਦ ਦੁਪਹਿਰ ਪਾਕਿਸਤਾਨ ਤੋਂ ਚੱਲ ਕੇ ਭਾਰਤੀ ਰੇਲਵੇ ਸਟੇਸ਼ਨ ਅਟਾਰੀ ਵਿਖੇ 257 ਦੇ ਕਰੀਬ ਭਾਰਤੀ ਅਤੇ ਪਾਕਿਸਤਾਨੀ ਸਵਾਰੀਆਂ ਲੈ ਕੇ ਆਈ ਸਮਝੌਤਾ ਐਕਸਪ੍ਰੈਸ ਰੇਲ ਗੱਡੀ ਨੂੰ ਰੇਲ ਅਧਿਕਾਰੀਆਂ ਨੇ ਸਵਾਰੀਆਂ ਦੀ ਸੁਰੱਖਿਆ ਨੂੰ ਲੈ ਕੇ ਰੇਲ ਦਿੱਲੀ ਲਈ ਰਵਾਨਾ ਨਹੀਂ ਕੀਤਾ ਤੇ ਰੇਲ 'ਚ ਸਵਾਰ ਦੋਵੇਂ ਦੇਸ਼ਾਂ ਦੀਆਂ ਸਵਾਰੀਆਂ ਦਾ ਇਮੀਗ੍ਰੇਸ਼ਨ, ਕਸਟਮ ਹੋਣ 'ਤੇ ਉਨ੍ਹਾਂ ਨੂੰ ਬੀਤੀ ਰਾਤ ਅਤੇ ਅੱਜ ਸਾਰੀ ਦਿਹਾੜੀ ਸਮਝੌਤਾ ਰੇਲ ਗੱਡੀ ਦੇ ਡੱਬਿਆਂ 'ਚ ਹੀ ਰਹਿਣ ਅਤੇ ਸੌਣ ਲਈ ਕਿਹਾ ਗਿਆ। ਬੀਤੇ ਕੱਲ੍ਹ ਬਾਅਦ ਦੁਪਹਿਰ 1.20 ਤੇ ਪਾਕਿਸਤਾਨ ਤੋਂ ਭਾਰਤ ਆਈ ਸਮਝੌਤਾ ਐਕਸਪ੍ਰੈਸ ਰੇਲ ਗੱਡੀ 'ਚ 105 ਪਾਕਿਸਤਾਨੀ ਅਤੇ ਬਾਕੀ ਭਾਰਤੀ ਸਨ। ਇਨ੍ਹਾਂ ਯਾਤਰੂਆਂ ਵਿਚੋਂ 59 ਯਾਤਰੂਆਂ, ਜਿਨ੍ਹਾਂ ਕਾਦੀਆਂ, ਮਾਲੇਰਕੋਟਲਾ, ਅੰਬਾਲਾ, ਜਾਂ ਪੰਜਾਬ ਦੇ ਕਿਸੇ ਹੋਰ ਜ਼ਿਲ੍ਹਿਆਂ 'ਚ ਜਾਣਾ ਸੀ, ਉਨ੍ਹਾਂ ਨੂੰ ਅਟਾਰੀ ਤੋਂ ਸਪੈਸ਼ਲ ਡੀ. ਐਮ. ਯੂ. ਰੇਲ ਰਾਹੀਂ ਅੰਮਿਤਸਰ ਲਈ ਰਵਾਨਾ ਕਰ ਦਿੱਤਾ ਗਿਆ।

ਰੁਕੇ ਯਾਤਰੂਆਂ 'ਚ ਸ਼ਾਮਿਲ ਰਜ਼ੀਆ ਸੁਲਤਾਨ ਬੇਗਮ ਨੇ ਦੱਸਿਆ ਕਿ ਉਹ ਆਪਣੀ ਲੜਕੀ ਨਾਲ ਪਾਕਿਸਤਾਨ ਦੇ ਸ਼ਹਿਰ ਗੁਜਰਾਂਵਾਲਾ ਤੋਂ ਭਾਰਤ ਵਿਖੇ ਰਹਿੰਦੇ ਮਾਤਾ-ਪਿਤਾ, ਭੈਣ-ਭਰਾ ਅਤੇ ਹੋਰ ਰਿਸ਼ਤੇਦਾਰਾਂ ਨੂੰ ਮਿਲਣ ਲਈ ਆਈ ਹੈ। ਉਨ੍ਹਾਂ ਕੋਲ ਪੈਸੇ ਖਤਮ ਹੋਣ ਕਾਰਨ ਦਿੱਲੀ ਵਿਖੇ ਉਨ੍ਹਾਂ ਨੂੰ ਲੈਣ ਆਏ ਰਿਸ਼ਤੇਦਾਰਾਂ ਨਾਲ ਰਾਬਤਾ ਨਹੀਂ ਹੋ ਸਕਿਆ ਤੇ ਨਾ ਹੀ ਉਨ੍ਹਾਂ ਦੀ ਕੋਈ ਵੀ ਗੱਲਬਾਤ ਪਾਕਿਸਤਾਨ ਵਿਖੇ ਰਹਿੰਦੇ ਪਤੀ ਅਤੇ ਬੱਚਿਆਂ ਨਾਲ ਹੋਈ। ਉਨ੍ਹਾਂ ਅਤੇ ਹੋਰ ਰੇਲ ਡੱਬੇ 'ਚ ਸਾਥੀਆਂ ਨੇ ਰਾਤ ਬਹੁਤ ਮੁਸ਼ਕਿਲ ਨਾਲ ਕੱਟੀ। ਉਨ੍ਹਾਂ ਭਾਰਤ ਸਰਕਾਰ ਕੋਲੋਂ ਮੰਗ ਕੀਤੀ ਕਿ ਉਨ੍ਹਾਂ ਨੂੰ ਜਲਦੀ ਸਹੀ ਸਲਾਮਤ ਦਿੱਲੀ ਪਹੁੰਚਾਇਆ ਜਾਵੇ। ਮਹੁੰਮਦ ਫਕੀਦ ਵਾਸੀ ਕਰਾਚੀ ਨੇ ਦੱਸਿਆ ਕਿ ਸਾਰੀ ਰੇਲ ਦੇ ਚਾਰੇ ਪਾਸੇ ਤਾਇਨਾਤ ਪੁਲਿਸ ਕਰਮਚਾਰੀਆਂ ਨੇ ਯਾਤਰੂਆਂ ਦੀ ਸੁਰੱਖਿਆ ਕੀਤੀ। ਉਨ੍ਹਾਂ ਮੰਗ ਕੀਤੀ ਕਿ ਉਨ੍ਹਾਂ ਨੂੰ ਇਥੋਂ ਜਲਦ ਕੱਢਿਆ ਜਾਵੇ। ਇਥੇ ਕਈ ਯਾਤਰੂਆਂ ਨੇ ਕਿਹਾ ਕਿ ਉਨ੍ਹਾਂ ਦੇ ਭਾਰਤੀ ਵੀਜ਼ੇ ਦੀ ਮਿਆਦ ਘੱਟ ਹੋਣ ਕਾਰਨ ਉਨ੍ਹਾਂ ਨੂੰ ਜਲਦੀ ਤੋਂ ਜਲਦੀ ਭਾਰਤ ਦੇ ਵੱਖ-ਵੱਖ ਰਾਜਾਂ 'ਚ ਰਹਿੰਦੇ ਰਿਸ਼ਤੇਦਾਰਾਂ ਕੋਲ ਭੇਜਿਆ ਜਾਵੇ। ਰੁਕੇ ਯਾਤਰੂਆਂ ਲਈ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇ: ਅਵਤਾਰ ਸਿੰਘ ਨੇ ਵਿਸ਼ੇਸ਼ ਤੌਰ 'ਤੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਲੰਗਰ, ਚਾਹ ਅਤੇ ਠੰਢਾ ਮਿੱਠਾ ਜਲ ਭੇਜਿਆ। ਯਾਤਰੂਆਂ ਦੀ ਸੁਰੱਖਿਆ ਲਈ ਭਾਰਤੀ ਰੇਲਵੇ, ਜੀ. ਆਰ. ਪੀ.ਤੇ ਰੇਲਵੇ ਪੁਲਿਸ ਵਲੋਂ ਬਹੁਤ ਵਧੀਆ ਪ੍ਰਬੰਧ ਕੀਤੇ ਗਏ ਤੇ ਅਟਾਰੀ ਸਟੇਸ਼ਨ ਨੂੰ ਚਾਰੇ ਪਾਸਿਓਂ ਸਖਤੀ ਨਾਲ ਸੀਲ ਕੀਤਾ ਹੋਇਆ ਹੈ।

ਜੰਮੂ ਰੇਲਵੇ ਸਟੇਸ਼ਨ 'ਤੇ ਫਸੇ 40 ਹਜ਼ਾਰ ਯਾਤਰੀ
ਜੰਮੂ, 26 ਮਈ (ਏਜੰਸੀ)-ਵਿਆਨਾ 'ਚ ਹੋਈ ਮੰਦਭਾਗੀ ਘਟਨਾ ਦੇ ਮੱਦੇਨਜ਼ਰ ਪੰਜਾਬ ਦੇ ਕੁਝ ਹਿੱਸਿਆਂ 'ਚ ਹੋਏ ਹਿੰਸਕ ਪ੍ਰਦਰਸ਼ਨਾਂ ਕਾਰਨ ਰੇਲ ਸੇਵਾਵਾਂ 'ਚ ਪਏ ਵਿਘਨ ਨਾਲ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਗਏ ਅਨੇਕਾਂ ਸ਼ਰਧਾਲੂਆਂ ਸਮੇਤ 40 ਹਜ਼ਾਰ ਦੇ ਕਰੀਬ ਯਾਤਰੀ ਜੰਮੂ ਦੇ ਰੇਲਵੇ ਸਟੇਸ਼ਨ 'ਤੇ ਫਸੇ ਹੋਏ ਹਨ। ਸਰਕਾਰੀ ਸੂਤਰਾਂ ਅਨੁਸਾਰ ਪੰਜਾਬ 'ਚ ਜਲੰਧਰ ਅਤੇ ਹੋਰ ਜ਼ਿਲ੍ਹਿਆਂ ਵਿਚ ਹਿੰਸਾ ਭੜਕਣ ਤੋਂ ਬਾਅਦ ਰੇਲਵੇ ਨੇ ਜੰਮੂ ਤੋਂ ਹੋ ਕੇ ਜਾਣ ਵਾਲੀਆਂ 19 ਰੇਲ ਗੱਡੀਆਂ ਦੀ ਅਵਾਜਾਈ ਰੱਦ ਕਰ ਦਿੱਤੀ ਹੈ। ਇਥੇ ਫਸੇ ਯਾਤਰੀਆਂ ਚ ਜ਼ਿਆਦਾਤਰ ਗਿਣਤੀ ਮਾਤਾ ਵੈਸ਼ਨੋ ਦੇਵੀ ਦੇ ਸ਼ਰਧਾਲੂਆਂ ਦੀ ਹੈ ਜੋ ਮਾਤਾ ਦੀ ਪਵਿੱਤਰ ਗੁਫ਼ਾ 'ਚ ਪੂਜਾ ਪ੍ਰਾਰਥਨਾ ਕਰ ਕੇ ਵਾਪਸ ਆ ਰਹੇ ਸਨ। ਸੜਕੀ ਰਸਤੇ ਵੀ ਆਵਾਜਾਈ 'ਚ ਵਿਘਨ ਪੈਣ ਕਾਰਨ ਲੋਕਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੁਝ ਸਮਾਜ ਸੇਵੀ ਸੰਸਥਾਵਾਂ ਨੇ ਇਨ੍ਹਾਂ ਮੁਸਾਫ਼ਿਰਾਂ ਨੂੰ ਖਾਣਾ ਮੁਹੱਈਆ ਕਰਵਾਇਆ।

ਦਿੱਲੀ ਦੇ ਰੇਲਵੇ ਸਟੇਸ਼ਨਾਂ 'ਤੇ ਫਸੇ ਯਾਤਰੀ ਪ੍ਰੇਸ਼ਾਨ
ਨਵੀਂ ਦਿੱਲੀ, 26 ਮਈ (ਸੋਢੀ)-ਦਿੱਲੀ ਦੇ ਦੋਵੇਂ ਰੇਲਵੇ ਸਟੇਸ਼ਨਾਂ ਨਵੀਂ ਦਿੱਲੀ ਅਤੇ ਪੁਰਾਣੀ ਦਿੱਲੀ ਤੇ ਕਾਫੀ ਯਾਤਰੀ ਫਸੇ ਹੋਣ 'ਤੇ ਉਨ੍ਹਾਂ ਨੂੰ ਕਾਫੀ ਦਿਕਤ ਮਹਿਸੂਸ ਹੋ ਰਹੀ ਹੈ। ਪੰਜਾਬ ਤੇ ਜੰਮੂ ਜਾਣ ਵਾਲੀਆਂ ਗੱਡੀਆਂ ਤੋਂ ਪ੍ਰੇਸ਼ਾਨ ਹੋਏ ਯਾਤਰੀਆਂ ਨੂੰ ਕੁਝ ਵੀ ਪਤਾ ਨਹੀਂ ਲੱਗ ਰਿਹਾ ਕਿ ਉਹ ਕੀ ਕਰਨ। ਬਹੁਤੇ ਯਾਤਰੀ ਪੁਰਾਣੀ ਦਿੱਲੀ ਰੇਲਵੇ ਸਟੇਸ਼ਨ 'ਤੇ ਆਪਣੀਆਂ ਟਿਕਟਾਂ ਰੱਦ ਕਰਾਉਣ ਵੀ ਲੱਗੇ ਹੋਏ ਹਨ। ਦਿੱਲੀ ਤੋਂ ਅੰਮ੍ਰਿਤਸਰ ਜਾਣ ਵਾਲੀ ਗੱਡੀ ਸਵਰਨ ਸ਼ਤਾਬਦੀ ਅਤੇ ਸ਼ਾਨੇ ਪੰਜਾਬ 15+1ਕ95ੱ1 ਗੱਡੀਆਂ ਵੀ ਰੱਦ ਕੀਤੀਆਂ ਗਈਆਂ ਹਨ ਅਤੇ ਹਰਿਆਣਾ ਵਿਚ ਵੀ ਕਾਫੀ ਗੱਡੀਆਂ ਰੱਦ ਕਰਨ 'ਤੇ ਯਾਤਰੀਆਂ ਨੂੰ ਕਾਫੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦਿੱਲੀ ਦੇ ਰੇਲਵੇ ਸਟੇਸ਼ਨਾਂ ਤੇ ਔਰਤਾਂ, ਬੱਚੇ ਤੇ ਪੁਰਸ਼ ਥਾਂ ਘੱਟ ਹੋਣ ਕਾਰਨ ਪ੍ਰੇਸ਼ਾਨ ਹਨ ਅਤੇ ਉਹ ਉਮੀਦ ਕਰ ਰਹੇ ਹਨ ਕਿ ਕਦੋਂ ਗੱਡੀਆਂ ਦੀ ਬਹਾਲੀ ਹੋਵੇ ਅਤੇ ਉਹ ਠੀਕ ਠਾਕ ਆਪੋ ਆਪਣੇ ਘਰਾਂ ਨੂੰ ਵਾਪਸ ਪਰਤਣ। ਰੇਲਵੇ ਵਿਭਾਗ ਵੀ ਇਹੀ ਚਾਹੁੰਦਾ ਹੈ ਕਿ ਜਲਦੀ ਤੋਂ ਜਲਦੀ ਇਹ ਸਮੱਸਿਆ ਹੱਲ ਹੋ ਜਾਵੇ ਤੇ ਰੱਦ ਕੀਤੀਆਂ ਗੱਡੀਆਂ ਜਲਦੀ ਬਹਾਲ ਹੋਣ। ਜ਼ਿਕਰਯੋਗ ਹੈ ਕਿ ਇਹ ਵਿਵਸਥਾ ਪੰਜਾਬ ਵਿਚ ਹੋ ਰਹੀਆਂ ਘਟਨਾਵਾਂ ਦੇ ਕਾਰਨ ਵਿਗੜ ਗਈ ਸੀ ਜਿਸ ਕਰਕੇ ਮਜਬੂਰਨ ਰੇਲਵੇ ਨੂੰ ਇਹ ਗੱਡੀਆਂ ਰੱਦ ਕਰਨੀਆਂ ਪਈਆਂ।

ਦੂਸਰੇ ਰਾਜਾਂ ਤੋਂ ਪੰਜਾਬ ਨਹੀਂ ਆਉਣਗੀਆਂ ਬੱਸਾਂ
ਜਲੰਧਰ, 26 ਮਈ (ਸ਼ਿਵ)-ਦੂਸਰੇ ਰਾਜਾਂ ਨੇ ਮਾਹੌਲ ਸ਼ਾਂਤ ਹੋਣ ਤੱਕ ਪੰਜਾਬ ਜਾਣ ਵਾਲੀਆਂ ਆਪਣੀਆਂ ਸਾਰੀਆਂ ਸੇਵਾਵਾਂ ਬੰਦ ਕਰ ਦਿੱਤੀਆਂ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਬਹੁਤ ਘੱਟ ਬੱਸਾਂ ਹੀ ਪੰਜਾਬ ਦੀ ਹੱਦ ਤੱਕ ਆ ਰਹੀਆਂ ਹਨ ਅਤੇ ਉਹ ਪੰਜਾਬ ਵਿਚ ਦਾਖਲ ਨਹੀਂ ਹੋ ਰਹੀਆਂ। ਪੰਜਾਬ ਵਿਚ ਵਾਪਰੀਆਂ ਹਿੰਸਕ ਘਟਨਾਵਾਂ ਮੱਦੇਨਜ਼ਰ ਹੀ ਦੂਸਰੇ ਰਾਜਾਂ ਨੇ ਇਹ ਫ਼ੈਸਲਾ ਲਿਆ ਹੈ। ਹਿੰਸਕ ਘਟਨਾਵਾਂ ਵਿਚ ਸਭ ਤੋਂ ਜ਼ਿਆਦਾ ਨਿਸ਼ਾਨਾ ਬੱਸਾਂ ਨੂੰ ਬਣਾਇਆ ਗਿਆ ਹੈ ਤੇ ਕਈ ਜਗ੍ਹਾ ਸਵਾਰੀਆਂ ਨਾਲ ਲੁੱਟ ਵੀ ਕੀਤੀ ਗਈ ਹੈ। ਮਿਲੀ ਜਾਣਕਾਰੀ ਮੁਤਾਬਿਕ ਪੰਜਾਬ ਦੇ ਗੁਆਂਢੀ ਰਾਜਾਂ ਜਿਨ੍ਹਾਂ ਵਿਚ ਹਿਮਾਚਲ ਪ੍ਰਦੇਸ਼ ਦੀਆਂ ਵੱਖ-ਵੱਖ ਰੂਟਾਂ ਦੀਆਂ 130, ਜੰਮੂ-ਕਸ਼ਮੀਰ ਦੀਆਂ 30, ਹਰਿਆਣਾ ਦੀਆਂ 100, ਚੰਡੀਗੜ੍ਹ ਤੋਂ 200 ਅਤੇ ਦਿੱਲੀ ਤੋਂ ਰੋਜ਼ਾਨਾ 30 ਬੱਸਾਂ ਪੰਜਾਬ ਵਿਚ ਆਉਂਦੀਆਂ ਹਨ। ਸਰਕਾਰੀ ਬੱਸਾਂ ਤੋਂ ਇਲਾਵਾ ਨਿੱਜੀ ਕੰਪਨੀਆਂ ਦੀਆਂ ਬੱਸਾਂ ਵੱਖਰੀਆਂ ਹਨ ਜਿਹੜੀਆਂ ਕਿ ਰਾਜ ਵਿਚ ਸਵਾਰੀਆਂ ਲੈ ਕੇ ਆਉਂਦੀਆਂ ਹਨ। ਇਨ੍ਹਾਂ ਵਿਚ ਟੂਰਿਸਟ ਬੱਸਾਂ ਵੀ ਸ਼ਾਮਿਲ ਹਨ। ਪ੍ਰਾਪਤ ਜਾਣਕਾਰੀ ਮੁਤਾਬਿਕ ਉਕਤ ਬੱਸਾਂ ਦੇ ਰੱਦ ਹੋਣ ਨਾਲ ਰਾਜ ਦੇ ਬੱਸ ਅੱਡਿਆਂ ਦੀ ਕਰੋੜਾਂ ਰੁਪਏ ਕਮਾਈ ਵੀ ਡੁੱਬ ਗਈ ਹੈ ਜਿਹੜੀ ਕਿ ਅੱਡਾ ਫੀਸ ਵੱਜੋਂ ਵਸੂਲ ਕੀਤੀ ਜਾਂਦੀ ਹੈ। ਦੂਸਰੇ ਰਾਜਾਂ ਨੇ ਇਸ ਕਰਕੇ ਵੀ ਪੰਜਾਬ ਵਿਚ ਬੱਸਾਂ ਦੇ ਜਾਣ ਨੂੰ ਬੰਦ ਕੀਤਾ ਹੈ ਕਿਉਂਕਿ ਅਜੇ ਪ੍ਰਮੁੱਖ ਸ਼ਹਿਰਾਂ ਵਿਚ ਮਾਹੌਲ ਸ਼ਾਂਤ ਹੋਣ ਦੇ ਬਾਵਜੂਦ ਬੱਸਾਂ ਨੂੰ ਖ਼ਤਰਾ ਹੈ।

15) ਕਿਧਰੇ ਨਹੀਂ ਦਿਸੇ ਪੁਲਿਸ ਦੇ ਦੰਗਾ ਨਿਰੋਧਕ ਵਾਹਨ

... ਅੱਗੇ ਪੜ੍ਹੋ

ਪੰਜਾਬ ਸਰਕਾਰ ਅਸਫਲ ਰਹੀ - ਸ. ਪਰਮਜੀਤ ਸਿੰਘ ਸਰਨਾ

ਪੰਜਾਬ ਵਿਚ ਭੜਕੀ ਹਿੰਸਾ ਨੂੰ ਕਾਬੂ ਕਰਨ ਵਿਚ ਪੰਜਾਬ ਸਰਕਾਰ ਅਸਫਲ ਰਹੀ
ਨਵੀਂ ਦਿੱਲੀ, 27 ਮਈ (ਡਾ: ਜਗਮੇਲ ਸਿੰਘ ਭਾਠੂਆਂ) - ਸ: ਪਰਮਜੀਤ ਸਿੰਘ ਸਰਨਾ ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ, ਦਿੱਲੀ ਨੇ ਇਥੇ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਵਿਆਨਾ (ਆਸਟਰੀਆ) ਦੇ ਗੁਰਦੁਆਰਾ ਵਿਖੇ ਹੋਈ ਹਿੰਸਕ ਘਟਨਾ, ਜਿਸ ਵਿਚ ਚਾਰ-ਕੁ ਵਿਅਕਤੀਆਂ ਦੇ ਮਾਰੇ ਜਾਣ ਦੀ ਖਬਰ ਹੈ ਅਤੇ ਇਸ ਦੇ ਪ੍ਰਤੀਕਰਮ ਵਜੋਂ ਸਮੁੱਚੇ ਪੰਜਾਬ ਵਿਚ ਹੋਈਆਂ ਹਿੰਸਕ ਅਤੇ ਤੋੜ-ਫੋੜ ਦੀਆਂ ਘਟਨਾਵਾਂ ਪੁਰ ਡੂੰਘੇ ਦੁੱਖ ਅਤੇ ਚਿੰਤਾ ਦਾ ਪ੍ਰਗਟਾਵਾ ਕੀਤਾ।

ਸ: ਪਰਮਜੀਤ ਸਿੰਘ ਸਰਨਾ ਨੇ ਪੰਜਾਬ ਵਿਚ ਹੋਈਆਂ ਹਿੰਸਕ ਤੇ ਤੋੜ-ਫੋੜ ਦੀਆਂ ਘਟਨਾਵਾਂ ਲਈ ਪੰਜਾਬ ਦੀ ਸ: ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਨੂੰ ਦੋਸ਼ੀ ਠਹਿਰਾਉਂਦਿਆਂ ਕਿਹਾ ਕਿ ਵਿਆਨਾ ਦੀ ਘਟਨਾ ਨੂੰ ਸਰਕਾਰ ਵੱਲੋਂ ਗੰਭੀਰਤਾ ਨਾਲ ਲੈ ਕੇ ਤੁਰੰਤ ਹੀ ਲੋੜੀਂਦੇ ਸੁਰੱਖਿਆ ਪ੍ਰਬੰਧ ਕੀਤੇ ਜਾਣੇ ਚਾਹੀਦੇ ਸਨ। ਪਰ ਉਸ ਨੇ ਇਸ ਨੂੰ ਗੰਭੀਰਤਾ ਨਾਲ ਨਾ ਲੈ ਕੇ ਜਾਨ ਮਾਲ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਨਿਭਾਉਣ ਪੱਖੋਂ ਅਣਗਹਿਲੀ ਵਰਤੀ ਜਿਸ ਦੇ ਫਲਸਰੂਪ ਸਮੁੱਚੇ ਪੰਜਾਬ ਵਿਚ ਇੰਨੇ ਵੱਡੇ ਪੱਧਰ 'ਤੇ ਹਿੰਸਕ ਤੇ ਤੋੜ-ਫੋੜ ਦੀਆਂ ਘਟਨਾਵਾਂ ਹੋਈਆਂ।

ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਇਕ ਪਾਸੇ ਹਿੰਸਕ ਭੀੜ ਤਬਾਹੀ ਮਚਾ ਰਹੀ ਸੀ ਤੇ ਦੂਜੇ ਪਾਸੇ ਪੰਜਾਬ ਪੁਲਿਸ ਤਮਾਸ਼ਬੀਨ ਬਣੀ ਸਭ ਕੁਝ ਵੇਖ ਰਹੀ ਸੀ। ਉਨ੍ਹਾਂ ਜ਼ੋਰ ਦੇ ਕੇ ਆਖਿਆ ਕਿ ਜੇ ਪੰਜਾਬ ਦੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਪੰਜਾਬ ਵਿਚ ਅਮਨ ਤੇ ਸ਼ਾਂਤੀ ਦਾ ਵਾਤਾਵਰਨ ਬਣਾਉਣ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾਉਣ ਵਿਚ ਸਫਲ ਨਹੀਂ ਹੋ ਸਕਦੇ ਤਾਂ ਉਨ੍ਹਾਂ ਨੂੰ ਆਪਣੇ ਅਹੁਦੇ 'ਤੇ ਬਣੇ ਰਹਿਣ ਦਾ ਕੋਈ ਅਧਿਕਾਰ ਨਹੀਂ ਰਹਿ ਜਾਂਦਾ।

ਸ: ਸਰਨਾ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਪੂਰੀ ਮਾਨਵਜਾਤੀ ਦਾ ਸਰਬ-ਸਾਂਝਾ ਗ੍ਰੰਥ ਹੈ, ਜਿਸ ਦੀ ਬਰਾਬਰੀ ਕਰਨ ਦਾ ਕਿਸੇ ਨੂੰ ਅਧਿਕਾਰ ਨਹੀਂ। ਇਸ ਅਦੁੱਤੀ ਗ੍ਰੰਥ ਵਿਚ ਗੁਰੂ ਸਾਹਿਬਾਨਾਂ ਦੀ ਬਾਣੀ ਦੇ ਨਾਲ ਹੀ ਭਗਤ ਰਵਿਦਾਸ ਜੀ ਦੀ ਬਾਣੀ ਦਰਜ ਹੈ, ਗੁਰੂ ਸਾਹਿਬਾਨ ਦੇ ਨਾਲ ਹੀ ਹਰ ਗੁਰੂ ਕਾ ਸਿੱਖ ਭਗਤ ਰਵਿਦਾਸ ਜੀ ਨੂੰ ਵੀ ਸੀਸ ਝੁਕਾਉਂਦਾ ਹੈ। ਉਨ੍ਹਾਂ ਡੇਰਾ ਸੱਚਖੰਡ ਬੱਲਾਂ ਦੇ ਪ੍ਰਬੰਧਕਾਂ ਤੇ ਸ਼ਰਧਾਲੂਆਂ ਨੂੰ ਅਪੀਲ ਕੀਤੀ ਕਿ ਉਹ ਅਮਨ ਅਤੇ ਸ਼ਾਂਤੀ ਵਾਲਾ ਮਾਹੌਲ ਸਿਰਜਣ ਦੇ ਯਤਨ ਕਰਨ।

ਅਜੀਤ ਜਲੰਧਰ ਖ਼ਬਰ ਪੰਨਾ

ਅੰਤਰਰਾਸ਼ਟਰੀ ਸਿੱਖ ਜਥੇਬੰਦੀ 'ਸ਼੍ਰੋਮਣੀ ਸਿੱਖ ਕੌਂਸਲ' ਦਾ ਗਠਨ
ਨਵੀਂ ਦਿੱਲੀ, 13 ਜੂਨ (ਡਾ: ਜਗਮੇਲ ਸਿੰਘ ਭਾਠੂਆਂ) - ਸੰਸਾਰ ਭਰ ਵਿਚ ਸਿੱਖ ਪੰਥ ਸਾਹਮਣੇ ਆਈਆਂ ਚੁਣੌਤੀਆਂ ਤੇ ਮਸਲਿਆਂ ਦੇ ਹੱਲ ਲਈ ਅੱਜ ਗੁਰਦੁਆਰਾ ਸ੍ਰੀ ਰਕਾਬਗੰਜ ਵਿਖੇ ਸਮੂਹ ਪੰਥਕ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਮਿਲ ਕੇ ਸ਼੍ਰੋਮਣੀ ਸਿੱਖ ਕੌਂਸਲ ਦਾ ਗਠਨ ਕੀਤਾ, ਜਿਸ ਦੌਰਾਨ ਸਰਬਸੰਮਤੀ ਨਾਲ ਸ: ਪਰਮਜੀਤ ਸਿੰਘ ਸਰਨਾ ਨੂੰ ਪ੍ਰਧਾਨ ਅਤੇ ਸਾਬਕਾ ਮੰਤਰੀ ਪੰਜਾਬ ਸ: ਮਨਜੀਤ ਸਿੰਘ ਕਲਕੱਤਾ ਨੂੰ ਕੌਂਸਲ ਦਾ ਸਰਪ੍ਰਸਤ ਚੁਣਿਆ ਗਿਆ।

ਸ: ਮਨਜੀਤ ਸਿੰਘ ਕਲਕੱਤਾ ਦੀ ਪ੍ਰਧਾਨਗੀ ਹੇਠ ਹੋਈ ਇਸ ਇਕੱਤਰਤਾ ਵਿਚ ਸਰਬਸੰਮਤੀ ਨਾਲ ਜੈਕਾਰਿਆਂ ਦੀ ਗੂੰਜ ਵਿਚ ਮਤੇ ਪਾਸ ਕਰਕੇ ਮੰਗ ਕੀਤੀ ਗਈ ਕਿ

  • ਆਪ੍ਰੇਸ਼ਨ ਬਲਿਊ ਸਟਾਰ ਉਪਰੰਤ ਬਣਾਈ ਸਿੱਖਾਂ ਦੀ ਕਾਲੀ ਸੂਚੀ ਉੱਪਰ ਮੁੜ ਵਿਚਾਰ ਲਈ ਸਰਕਾਰ ਵੱਲੋਂ ਉੱਚ ਪੱਧਰੀ ਕਮੇਟੀ ਬਣਾਈ ਜਾਵੇ, ਜਿਸ ਵਿਚ ਸਿੱਖਾਂ ਦੇ ਦੋ ਨੁਮਾਇੰਦੇ ਦਿੱਲੀ ਸਿੱਖ ਕਮੇਟੀ ਵਜੋਂ ਸ਼ਾਮਿਲ ਕੀਤੇ ਜਾਣ।
  • ਮੰਗ ਕੀਤੀ ਕਿ ਪ੍ਰੋ: ਦਵਿੰਦਰ ਸਿੰਘ ਭੁੱਲਰ ਦੀ ਫਾਂਸੀ ਦੀ ਸਜ਼ਾ ਮੁਆਫ ਕਰਕੇ ਉਮਰ ਕੈਦ ਵਿਚ ਤਬਦੀਲ ਕੀਤੀ ਜਾਵੇ ਅਤੇ
  • ਅਫਗਾਨਿਸਤਾਨ ਤੋਂ ਆਏ 15 ਹਜ਼ਾਰ ਹਿੰਦੂ ਸਿੱਖਾਂ ਨੂੰ ਬਿਨਾਂ ਦੇਰੀ ਭਾਰਤ ਦੀ ਨਾਗਰਿਕਤਾ ਪ੍ਰਦਾਨ ਕੀਤੀ ਜਾਵੇ।
  • ਆਸਟ੍ਰੇਲੀਆ ਦੇ ਨਸਲੀ ਹਮਲਿਆਂ 'ਤੇ ਚਿੰਤਾ ਪ੍ਰਗਟਾਉਂਦਿਆਂ ਮੰਗ ਕੀਤੀ ਕਿ ਪੀੜਤ ਵਿਦਿਆਰਥੀਆਂ ਤੇ ਮਾਪਿਆਂ ਤੇ ਰਿਸ਼ਤੇਦਾਰਾਂ ਨੂੰ ਸਰਕਾਰ ਆਪਣੇ ਖਰਚੇ 'ਤੇ ਆਸਟ੍ਰੇਲੀਆ ਭੇਜਣ ਦਾ ਪ੍ਰਬੰਧ ਕਰੇ।
  • ਇਕ ਮਤੇ ਦੁਆਰਾ ਪੰਜਾਬ ਵਿਚ ਸ੍ਰੀ ਹਰਿਮੰਦਰ ਸਾਹਿਬ ਦੀ ਨਕਲ 'ਤੇ ਗੁਰਦੁਆਰਾ ਬਣਾਏ ਜਾਣ ਦਾ ਵਿਰੋਧ ਕਰਦਿਆਂ ਦੁੱਖ ਪ੍ਰਗਟ ਕੀਤਾ।

ਉਪਰੋਕਤ ਇਕੱਠ ਨੂੰ ਸਭ ਤੋਂ ਪਹਿਲਾਂ ਸ: ਐਸ. ਪੀ. ਸਿੰਘ ਨੇ ਸੰਬੋਧਨ ਕਰਦਿਆਂ ਸਿੱਖ ਕੌਮ ਨੂੰ ਆ ਰਹੀਆਂ ਮੁਸ਼ਕਿਲਾਂ ਬਾਰੇ ਚਾਨਣਾ ਪਾਇਆ। ਇਸ ਤੋਂ ਇਲਾਵਾ ਇਸ ਭਾਰੀ ਇਕੱਤਰਤਾ ਨੂੰ ਡਾ: ਜੋਗਿੰਦਰ ਸਿੰਘ ਪੱਲਾ ਗੁਰਦੁਆਰਾ ਦਾਦਰ ਮੁੰਬਈ, ਡਾ: ਬਲਕਾਰ ਸਿੰਘ, ਸ: ਮਲਕੀਅਤ ਸਿੰਘ ਮੈਂਬਰ ਸ਼੍ਰੋਮਣੀ ਕਮੇਟੀ ਨਾਗਪੁਰ, ਸ: ਸੁਰਜੀਤ ਸਿੰਘ ਗਿੱਲ ਨਾਂਦੇੜ ਸਾਹਿਬ, ਸ: ਹਜ਼ੂਰ ਸਿੰਘ ਹੈਦਰਾਬਾਦ, ਡਾ: ਗੁਰਦਰਸ਼ਨ ਸਿੰਘ ਢਿੱਲੋਂ, ਡਾ: ਰਾਜਿੰਦਰ ਸਿੰਘ ਬਿੱਟਾ ਹੈਦਰਾਬਾਦ, ਸ: ਜੋਗਿੰਦਰ ਸਿੰਘ ਇਲਾਹਾਬਾਦ, ਸ੍ਰੀ ਐਚ. ਐਸ. ਰਾਡ, ਡਾ: ਜੋਗਿੰਦਰ ਸਿੰਘ ਸ਼ਾਨ ਜੰਮੂ ਕਸ਼ਮੀਰ, ਡਾ: ਅਮਰਜੀਤ ਸਿੰਘ ਦੇਹਰਾਦੂਨ, ਸ: ਪ੍ਰੀਤਮ ਸਿੰਘ ਭੋਪਾਲ, ਸ: ਬਲਦੇਵ ਸਿੰਘ ਮਾਨ, ਸ: ਜਗਦੀਸ਼ ਸਿੰਘ ਡੀਢਾ ਹਰਿਆਣਾ, ਸ: ਅਜੀਤ ਸਿੰਘ ਲਖੀਆ ਗੰਗਾਨਗਰ, ਸ: ਕਰਨੈਲ ਸਿੰਘ ਭਾਵੜਾ, ਸ: ਦੀਦਾਰ ਸਿੰਘ ਨਲਵੀ ਹਰਿਆਣਾ, ਸ: ਉਂਕਾਰ ਸਿੰਘ ਸ਼ਰੀਫਪੁਰਾ ਮੈਂਬਰ ਸ਼੍ਰੋਮਣੀ ਕਮੇਟੀ (ਅੰਮ੍ਰਿਤਸਰ), ਸ: ਇੰਦਰਜੀਤ ਸਿੰਘ ਸਹਾਰਨਪੁਰ, ਸ: ਚਰਨ ਸਿੰਘ ਸਭਰਾ, ਸ: ਇੰਦਰਜੀਤ ਸਿੰਘ ਜ਼ੀਰਾ (ਪੰਜਾਬ), ਨੇ ਸੰਬੋਧਨ ਕੀਤਾ।

ਅਜੀਤ ਜਲੰਧਰ ਖ਼ਬਰ ਵੈੱਬ-ਪੰਨਾ

14) ਪੀੜਤ, ਪ੍ਰਭਾਵ ਅਤੇ ਮਦਦ ਖ਼ਬਰਾਂ



... ਅੱਗੇ ਪੜ੍ਹੋ

ਗੁੰਡਾਗਰਦੀ ਲਈ ਸਿਰਫ਼ ਬਾਦਲ ਜ਼ਿਮੇਦਾਰ ਹੈ - ਡਾ. ਦਿਲਗੀਰ

ਵਿਆਨਾ ਘਟਨਾ ਮਗਰੋਂ ਪੰਜਾਬ ਵਿਚ ਜੋ ਸ਼ਰਮਨਾਕ ਗੁੰਡਾਗਰਦੀ ਹੋਈ ਉਸ ਦਾ ਜ਼ਿਮੇਦਾਰ ਸਿਰਫ਼ ਬਾਦਲ ਹੈ - ਡਾਕਟਰ ਹਰਜਿੰਦਰ ਸਿੰਘ ਦਿਲਗੀਰ
ਲੰਡਨ 29 ਮਈ – ਸਿੱਖ ਇਤਿਹਾਸਕਾਰ ਡਾਕਟਰ ਹਰਜਿੰਦਰ ਸਿੰਘ ਦਿਲਗੀਰ ਇਕ ਬਿਆਨ ਵਿਚ ਕਿਹਾ ਹੈ ਕਿ ਐਤ, ਸੋਮ ਤੇ ਮੰਗਲਵਾਰ ਨੂੰ ਜੋ ਕੁਝ ਵਿਆਨਾ (ਆਸਟਰੀਆ) ਅਤੇ ਪੰਜਾਬ ਵਿਚ ਹੋਇਆ ਹੈ ਉਹ ਭੀੜਾਂ ਦੀ ਮੂਰਖਤਾ, ਨੀਚਤਾ ਅਤੇ ਘਟੀਆਪਣ ਦਾ ਦਿਖਾਵਾ ਹੈ, ਅਤੇ ਪੰਜਾਬ ਸਰਕਾਰ ਦੀ ਨਾਅਹਿਲਤਾ ਦਾ ਸਬੂਤ ਹੈ।

ਵਿਆਨਾ ਵਿਚ ਡੇਰਾ ਬੱਲਾਂ ਦੇ ਆਗੂਆਂ ‘ਤੇ ਹਮਲੇ ਮਗਰੋਂ ਪੰਜਾਬ ਵਿਚ ਜੋ ਕੁਝ ਹੋਇਆ ਹੈ ਉਹ ਸਿਰਫ਼ ਤੇ ਸਿਰਫ਼ ਸ਼ਰਮਨਾਕ ਹੈ। ਮੁਜਰਮ ਅਤੇ ਗੁੰਡਾ ਅੰਸਰਾਂ ਨੇ ਪੰਜਾਬ ਦੇ ਲੋਕਾਂ ਦੀ ਜਾਇਦਾਦ ਨੂੰ ਨੁਕਸਾਨ ਪਹੁੰਚਾਇਆ; ਬੱਸਾਂ, ਰੇਲ ਗੱਡੀਆਂ, ਆਮ ਲੋਕਾਂ ਦੀਆਂ ਕਾਰਾਂ, ਘਰਾਂ ਵਗ਼ੈਰਾ ਨੂੰ ਅੱਗਾਂ ਲਾਈਆਂ; ਪਟਰੌਲ ਪੰਪਾਂ ਅਤੇ ਹੋਰ ਅਦਾਰਿਆਂ ਅਤੈ ਘਰਾਂ ਵਿਚ ਲੁੱਟ ਮਚਾਈ; ਰੇਲਾਂ ਰੋਕ ਕੇ ਮੁਸਾਫ਼ਰਾਂ ਨੂੰ ਪਰੇਸ਼ਾਨ ਕੀਤਾ; ਟਰੈਫ਼ਿਕ ਰੋਕ ਕੇ ਕਈ ਮਰੀਜ਼ਾਂ ਦੀ ਜਾਨ ਤਕ ਨੂੰ ਖ਼ਤਰੇ ਵਿਚ ਪਾਇਆ। ਇਹ ਸਾਰਾ ਕੁਝ ਉਨ੍ਹਾਂ ਬੇਗੁਨਾਹ ਲੋਕਾਂ, ਮੁਸਾਫ਼ਰਾਂ, ਮਰੀਜ਼ਾਂ ਨਾਲ ਕੀਤਾ ਗਿਆ ਜਿਨ੍ਹਾਂ ਦਾ ਕਿਸੇ ਤਰ੍ਹਾਂ ਦਾ ਕੋਈ ਵੀ ਕਸੂਰ ਨਹੀਂ ਸੀ। ਇਸ ਸਾਰੇ ਸਮੇਂ ਵਿਚ ਪੰਜਾਬ ਸਰਕਾਰ ‘ਚੁਪ ਦਰਸ਼ਕ’ ਵਜੋਂ ਖੜੀ ਰਹੀ ਤੇ ਸਗੋਂ ਸੈਂਟਰ ਸਰਕਾਰ ਦੀ ਮਦਦ ਉਡੀਕਦੀ ਰਹੀ। ਇੰਞ ਜਾਪਦਾ ਹੈ ਪੰਜਾਬ ਵਿਚ ਕੋਈ ਸਰਕਾਰ ਹੀ ਨਹੀਂ ਸੀ।

ਇਨ੍ਹਾਂ ਗੁੰਡਾ ਭੀੜਾਂ ਵੱਲੋਂ ਬੇਗੁਨਾਹਾਂ ਨਾਲ ਜੋ ਕੁਝ ਕੀਤਾ ਗਿਆ ਉਹ ਤਾਂ ਵਿਆਨਾ ਵਿਚ ਹੋਏ ਐਕਸ਼ਨ ਤੋਂ ਕਿਤੇ ਘਟੀਆ ਸੀ। ਫਿਰ ਵਿਆਨਾ ਵਿਚ ਸਾਧੂਆਂ ‘ਤੇ ਹਮਲਾ ਕਰਨ ਵਾਲਿਆਂ ਨੂੰ ਤਾਂ ਉੱਥੇ ਹੀ ਕੁੱਟ ਕੁੱਟ ਕੇ ਅਧਮਇਆ ਕਰ ਦਿੱਤਾ ਗਿਆ ਸੀ ਤੇ ਫਿਰ ਗ੍ਰਿਫ਼ਤਾਰ ਵੀ ਕਰ ਲਿਆ ਗਿਆ ਸੀ, ਤੇ ਉਹ ਹੁਣ ਵੀ ਜੇਲ੍ਹ ਵਿਚ ਹਨ ਤੇ ਉਨ੍ਹਾਂ ‘ਤੇ ਮੁਕੱਦਮਾ ਚਲਾਇਆ ਜਾਣਾ ਹੈ। ਇਹ ਵੀ ਖ਼ਬਰ ਹੈ ਕਿ ਸਾਧੂਆਂ ‘ਤੇ ਹਮਲਾ ਕਰਨ ਵਾਲਿਆਂ ਵਿਚੋਂ ਚਾਰ ਦੀ ਹਾਲਤ ਅਜੇ ਵੀ ਖ਼ਤਰੇ ਵਿਚ ਹੈ ਤੇ ਉਹ ਸਾਰੇ ਜਾਂ ਉਨ੍ਹਾਂ ਵਿਚੋਂ ਕੁਝ ਜਿਊਂਦੇ ਬਚਣੇ ਵੀ ਨਹੀਂ।

ਤਿੰਨ ਦਿਨ ਪੰਜਾਬ ਵਿਚ ਗੁੰਡਾਗਰਦੀ ਕਰਨ ਵਾਲਿਆਂ ਨੂੰ ਜਵਾਬ ਦੇਣਾ ਪਵੇਗਾ ਕਿ ਪੰਜਾਬ ਸਰਕਾਰ ਜਾਂ ਆਮ ਲੋਕ ਵਿਆਨਾ ਵਾਲੇ ਹਮਲੇ ਵਿਚ ਕਿਵੇਂ ਸ਼ਾਮਿਲ ਸਨ। ਏਨਾ ਹੀ ਨਹੀਂ ਉਸ ਹਮਲੇ ਨਾਲ ਪੰਜਾਬ ਦਾ ਵੀ ਕੀ ਸਬੰਧ ਸੀ ? ਫਿਰ ਪੰਜਾਬ ਸਰਕਾਰ ਇਸ ਵਿਚ ਕੀ ਰੋਲ ਅਦਾ ਕਰ ਸਕਦੀ ਸੀ ? ਜਵਾਬ ਹੈ: ਕੁਝ ਵੀ ਨਹੀਂ। ਨਾ ਤਾਂ ਪੰਜਾਬ ਸਰਕਾਰ ਜਾਂ ਕਿਸੇ ਆਮ-ਖਾਸ, ਯਾਨਿ ਕਿਸੇ ਵੀ ਬੰਦੇ ਦਾ ਵਿਆਨਾ ਘਟਨਾ ਵਿਚ ਨਾ ਤਾਂ ਕੋਈ ਰੋਲ ਸੀ ਤੇ ਨਾ ਹੀ ਉਹ ਕੋਈ ਹੱਲ ਕੱਢ ਸਕਦਾ ਸੀ। ਫਿਰ ਇਹ ਸਾਰਾ ਕੁਝ ਪੰਜਾਬ ਵਿਚ ਕਿਉਂ ਕੀਤਾ ਗਿਆ? ਸਾਫ਼ ਹੈ ਕਿ ਇਹ ਸਿਰਫ਼ ਤੇ ਸਿਰਫ਼ ਗੁੰਡਾਗਰਦੀ ਹੀ ਸੀ, ਹੋਰ ਕੁਝ ਵੀ ਨਹੀਂ। ਇਹ ਵੀ ਚਰਚਾ ਹੈ ਕਿ ਇਨ੍ਹਾਂ ਭੀੜਾਂ ਨੂੰ ਸ਼ਿਵ ਸੈਨਾ, ਵਿਸ਼ਵ ਹਿੰਦੂ ਪ੍ਰੀਸ਼ਦ ਅਤੇ ਭਾਜਪਾ ਵਰਕਰਾਂ ਨੇ ਭੜਕਾਇਆ ਸੀ।

ਪਰ ਇਸ ਵਿਚੋਂ ਹੋਰ ਅਹਿਮ ਸਵਾਲ ਵੀ ਪੈਦਾ ਹੁੰਦਾ ਹੈ ਕਿ ਪੰਜਾਬ ਸਰਕਾਰ ਨੇ ਇਸ ਗੁੰਡਾਗਰਦੀ ਨੂੰ ਕਿਉਂ ਨਹੀਂ ਰੋਕਿਆ? ਹੋਰ ਤਾਂ ਹੋਰ “ਕਰਫ਼ਿਊ” ਦੌਰਾਨ ਵੀ ਗੁੰਡਾਗਰਦੀ ਸ਼ਰੇਆਮ ਚਲਦੀ ਰਹੀ। ਸਲਾਬਤਪੁਰਾ ਜਾਂ ਸੌਦਾ ਸਾਧ ਦੇ ਖ਼ਿਲਾਫ਼ ਸਿੱਖਾਂ ਦੇ ਪੁਰਅਮਨ ਮੁਜ਼ਾਹਰਿਆਂ ਨੂੰ ਰੋਕਣ ਵਾਸਤੇ ਸਰਕਾਰ ਸੈਂਕੜੇ ਤੇ ਹਜ਼ਾਰਾਂ ਸਿਪਾਹੀ ਭੇਜ ਸਕਦੀ ਹੈ ਪਰ ਇਨ੍ਹਾਂ ਗੁੰਡਾ ਭੀੜਾਂ ਨੂੰ ਨੱਥ ਨਹੀਂ ਪਾ ਸਕਦੀ। ਕੀ ਇਹ ਸਾਬਿਤ ਨਹੀਂ ਕਰਦਾ ਕਿ ਸਿੱਖਾਂ ਨੂੰ ਪ੍ਰੋਟੈਸਟ ਕਰਨ ਦਾ ਵੀ ਹੱਕ ਨਹੀਂ ਪਰ ਹੋਰ ਸਾਰੇ ਜੋ ਮਰਜ਼ੀ ਕਰੀ ਜਾਣ।

ਖ਼ੈਰ ਜੇ ਇਸ ਨੁਕਤੇ ਨੂੰ ਵਖਰਾ ਵੀ ਕਰ ਲਈਏ ਤਾਂ ਵੀ ਇਹ ਸਵਾਲ ਉਠਦਾ ਹੈ ਕਿ ਕੀ ਪੰਜਾਬ ਸਰਕਾਰ ਨਾਅਹਿਲ ਸਾਬਿਤ ਨਹੀਂ ਹੋਈ? ਕੀ ਸਰਕਾਰ ਨੂੰ ਗੜਬੜ ਸ਼ੁਰੂ ਹੁੰਦਿਆ ਹੀ ਸਮਝ ਨਹੀਂ ਸੀ ਆਈ ਕਿ ਕੀ ਹੋਣ ਦੇ ਆਸਾਰ ਹਨ? ਕੀ ਸਰਕਾਰ ਦੀ ਇੰਟੈਲੀਜੈਂਸ ਸੌਂ ਰਹੀ ਸੀ ਜਾਂ ਬਾਦਲ ਸਰਕਾਰ ਸੂਬੇ ਦੇ ਲੋਕਾਂ ਦੀ ਜਾਨ ਮਾਲ ਦੀ ਹਿਫ਼ਾਜ਼ਤ ਵਿਚ ਕੋਈ ਦਿਲਚਸਪੀ ਨਹੀਂ ਰਖਦੀ। ਸੋ ਇਸ ਸਾਰੇ ਗੁਨਾਹਾਂ, ਜੁਰਮਾਂ, ਗੁੰਡਾਗਰਦੀ ਦਾ ਜ਼ਿੰਮਾ ਬਾਦਲ ਸਰਕਾਰ ਦਾ ਬਣਦਾ ਹੈ ਤੇ ਉਸ ਨੂੰ ਸਰਕਾਰ ਵਿਚ ਰਹਿਣ ਦਾ ਕੋਈ ਹੱਕ ਨਹੀਂ।

Nava ਪੰਗਾ ਖ਼ਬਰ ਪੰਨਾ
ਪੰਜਾਬ ਗਾਰਡੀਅਨ ਖ਼ਬਰ ਪੰਨਾ

ਵਿਆਨਾ ਘਟਨਾ ਰਾਮਾ ਨੰਦ ਵੱਲੋਂ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਗੱਦੀ ਲਾ ਕੇ ਮੱਥਾ ਟਿਕਾਉਣ ਕਾਰਨ ਹੋਈ ਸੀ
ਲੰਡਨ ਸਿੱਖ ਇਤਿਹਾਸਕਾਰ ਡਾਕਟਰ ਹਰਜਿੰਦਰ ਸਿੰਘ ਦਿਲਗੀਰ ਨੇ ਇਕ ਬਿਆਨ ਵਿਚ ਕਿਹਾ ਹੈ ਕਿ ਜੋ ਕੁਝ ਵਿਆਨਾ (ਆਸਟਰੀਆ) ਵਿਚ ਹੋਇਆ ਹੈ ਉਸ ਦਾ ਮੂਲ ਕਾਰਨ ਡੇਰਾ ਬੱਲਾਂ ਵਾਲੇ ਸਾਧੂ ਆਪ ਹਨ। ਡੇਰਾ ਬੱਲਾਂ ਵਾਲਾ ਸਾਧੂ ਰਾਮਾ ਨੰਦ ਗੁਰੂ ਗ੍ਰੰਥ ਸਾਹਿਬ ਦੀ ਤੌਹੀਨ ਦਾ ਜ਼ਿੰਮੇਦਾਰ ਸੀ ਕਿਉ ਕਿ ਉਹ ਗੁਰੁ ਗ੍ਰੰਥ ਸਾਹਿਬ ਦੇ ਬਰਾਬਾਰ ਗੱਦੀ ਲਾ ਕੇ ਬੈਠਦਾ ਸੀ। ਕੁਝ ਸਾਲ ਪਹਿਲਾਂ ਇੰਗਲੈਂਡ ਦੇ ਸ਼ਹਿਰ ਬ੍ਰਿਮਿੰਘਮ ਵਿਚ ਸੋਹੋ ਰੋਡ ਤੇ ਬਣੇ ਰਵਿਦਾਸ ਬਰਾਦਰੀ ਦੇ ਭਵਨ (ਉਹ ਇਸ ਨੂੰ ਗੁਰਦੁਆਰਾ ਨਹੀਂ ਕਹਿੰਦੇ) ਵਿਚ ਵੀ ਇਸ ਰਾਮਾ ਨੰਦ ਨੇ ਗੁਰੁ ਗ੍ਰੰਥ ਸਾਹਿਬ ਦੇ ਬਰਾਬਾਰ ਗੱਦੀ ਲਾ ਕੇ ਬੈਠਣ ਦੀ ਹਰਕਤ ਕੀਤੀ ਸੀ ਜਿਸ ਦਾ ਲੋਕਲ ਸੰਗਤਾਂ ਨੇ ਵਿਰੋਧ ਕੀਤਾ ਸੀ। ਉਹ ਗੁਰੁ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਮੱਥੇ ਵੀ ਟਿਕਾਉਂਦਾ ਸੀ। ਕੁਝ ਮਨਮਤੀਆਂ ਨੇ ਉਸ ਦੀ ਹਿਮਾਇਤ ਕਰਨ ਦੀ ਕੋਸ਼ਿਸ਼ ਵੀ ਕੀਤੀ ਸੀ। ਪਰ ਉਸ ਰਵਿਦਾਸ ਭਵਨਦੀ ਮੈਨੇਜਿੰਗ ਕਮੇਟੀ ਵਿਚ ਉਸ ਵੇਲੇ ਸਿਆਣੇ ਆਗੂਆਂ ਨੇ ਰਾਮਾਨੰਦ ਨੂੰ ਅਜਿਹੀ ਹਰਕਤ ਕਰਨ ਤੋਂ ਰੋਕਿਆ ਸੀ ਜਿਸ ਕਾਰਨ ਕਮੇਟੀ ਨੇ ਉਸ ਨੂੰ ਉੱਥੋਂ ਨਿਕਲ ਜਾਣ ਵਾਸਤੇ ਮਜਬੂਰ ਕਰ ਦਿੱਤਾ ਸੀ। ਇਸ ਮਗਰੋਂ ਕਿਸੇ ਅਦਾਰੇ ਨੇ ਉਸ ਨੂੰ ਵੜਨ ਵੀ ਨਹੀਂ ਸੀ ਦਿੱਤਾ।

ਇਸ ਸਭ ਜਾਣਦੇ ਹੋਏ ਵੀ ਆਸਟਰੀਆ ਦੇ ਸ਼ਹਿਰ ਵਿਆਨਾ ਵਿਚ ਭਗਤ ਬਾਬਾ ਰਵਿਦਾਸ ਜੀ ਦੇ ਨਾਂ ਤੇ ਬਣੇ ਗੁਰਦੁਆਰੇ ਦੀ ਮੈਨੇਜਮੈਂਟ ਨੇ ਇਸ ਰਾਮਾ ਨੰਦ ਨੂੰ ਸੱਦ ਲਿਆ। ਏਥੇ ਉਸ ਨੇ ਫੇਰ ਗੁਰੁ ਗ੍ਰੰਥ ਸਾਹਿਬ ਦੇ ਬਰਾਬਰ ਗੱਦੀ ਲਾਈ। ਸਿੰਘਾਂ ਨੇ ਰਾਮਾ ਨੰਦ ਨੂੰ ਗੁਰੁ ਗ੍ਰੰਥ ਸਾਹਿਬ ਦੇ ਬਰਾਬਰ ਗੱਦੀ ਲਾਉਣ ਦੀ ਹਰਕਤ ਨਾ ਕਰਨ ਤੋਂ ਵਰਜਿਆ, ਪਰ ਉਹ ਬਾਜ਼ ਨਹੀਂ ਆਇਆ। ਇਸ ਤੇ ਕੁਝ ਸਿੰਘਾਂ ਨੇ ਗੁਰੁ ਗ੍ਰੰਥ ਸਾਹਿਬ ਦੀ ਤੌਹੀਨ ਰੋਕਣ ਦੀ ਕੋਸ਼ਿਸ਼ ਵਿਚ ਹਥਿਆਰ ਚੁੱਕ ਲਏ। ਅਸੀਂ ਇਹ ਸਮਝਦੇ ਹਾਂ ਕਿ ਹਥਿਆਰ ਕਿਸੇ ਮਸਲੇ ਦਾ ਪੱਕਾ ਹੱਲ ਨਹੀਂ ਹਨ। ਪਰ ਮੌਜੂਦਾ ਘਟਨਾ ਦੀ ਸਾਰੀ ਜ਼ਿੰਮੇਦਾਰੀ ਰਾਮਾ ਨੰਦ ਅਤੇ ਬੱਲਾਂ ਵਾਲੇ ਡੇਰੇ ਵਾਲਿਆਂ ਦੀ ਹੈ।

ਡਾ: ਦਿਲਗੀਰ ਨੇ ਅਫ਼ਸੋਸ ਜ਼ਾਹਿਰ ਕਰਦਿਆਂ ਕਿਹਾ ਹੈ ਕਿ ਲੋਕ ਸਿੱਖ ਚੌਧਰੀ ਵਕਤ ਕੱਟਣ ਵਾਸਤੇ ਚੁੱਪਰਹਿਣ ਦੀ ਕੋਸ਼ਿਸ਼ ਕਰ ਰਹੇ ਹਨ ਤੇ ਸੱਚ ਨਹੀਂ ਬੋਲ ਰਹੇ। ਇਹ ਦਸਮ ਗ੍ਰੰਥੀਏ ਨਿੱਕੀ ਨਿੱਕੀ ਗੱਲ ਤੇ ਤੱਤ ਗੁਰਮਤਿ ਵਾਲਿਆਂ ਦੇ ਖ਼ਿਲਾਫ਼ ਬੰਦੂਕਾਂ ਚੁਕ ਲੈਂਦੇ ਹਨ ਪਰ ਗੁਰੂ ਦੀ ਤੌਹੀਨ ਦੇ ਮਸਲੇ ਤੇ ਹੁਣ ਚੁੱਪ ਬੈਠੇ ਹਨ। ਇਹ ਸ਼ਰਮਨਾਕ ਹੈ। ਜੇ ਉਹ ਮਰਦ ਹਨ ਤਾਂ ਉਹ ਸੱਚ ਬੋਲਣ ਐਵੇਂ ਫ਼ੈਡਰੇਸ਼ਨਾਂਬਣਾ ਕੇ ਡਰਾਮਾਬਾਜ਼ੀ ਨਾ ਕਰਨ। ਸਿੱਖ ਵਿਦਵਾਨ ਨੇ ਹੋਰ ਕਿਹਾ ਹੈ ਕਿ ਹੁਣ ਵੇਲਾ ਆ ਗਿਆ ਹੈ ਕਿ ਗੁਰਮਤਿ ਦੇ ਮਸਲੇ ਤੇ ਸਾਫ਼-ਸਾਫ਼ ਨਿਤਾਰਾ ਕਰ ਲਿਆ ਜਾਵੇ।

ਜਿਹੜੀਆਂ ਬਰਾਦਰੀਆਂ ਦੇ ਲੋਕ ਗੁਰੁ ਗ੍ਰੰਥ ਸਾਹਿਬ ਦਾ ਪਰਕਾਸ਼ ਕਰਨਾ ਚਾਹੁੰਦੇ ਹਨ ਉਹ ਗੁਰੁ ਗ੍ਰੰਥ ਸਾਹਿਬ ਦਾ ਪੂਰਾ ਅਦਬ ਰੱਖਣ, ਨਹੀਂ ਤਾਂ ਆਪਣੀ ਬਰਾਦਰੀ ਦੇ ਭਗਤ ਜਾਂ ਮੁਖੀ ਦੀ ਲਿਖਤ ਦਾ ਗ੍ਰੰਥ ਤਿਆਰ ਕਰ ਕੇ ਆਪਣੇ ਭਵਨਾਂ ਵਿਚ ਉਸ ਕਿਤਾਬ ਜਾਂ ਗ੍ਰੰਥ ਦੀ ਪੂਜਾ ਕਰਨ। ਉਂਞ ਕਿਸੇ ਨੂੰ ਇਹ ਭਰਮ ਨਹੀਂ ਰੱਖਣਾ ਚਾਹੀਦਾ ਕਿ ਗੁਰਦੁਆਰੇ ਜੱਟਾਂ ਦੇ ਹਨ। ਇਹ ਸਭ ਦੇ ਸਾਂਝੇ ਹਨ ਤੇ ਸਿੱਖੀ ਵਿਚ ਅਖੌਤੀ ਉੱਚੀ ਜਾਂ ਨੀਵੀਂ ਜ਼ਾਤ ਕੋਈ ਨਹੀਂ ਹੁੰਦੀ। ਜ਼ਾਤ ਦੇ ਨਾਂ ਤੇ ਵਿਤਕਰਾ ਕਰਨ ਵਾਲਾ ਸਿੱਖ ਨਹੀਂ ਹੁੰਦਾ ਤੇ ਗੁਰੁ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲਾ ਵੀ ਸਿੱਖ ਨਹੀਂ ਹੋ ਸਕਦਾ, ਹੋਰ ਜੋ ਮਰਜ਼ੀ ਹੋਵੇ।

ਖ਼ਬਰ ਪੰਨਾ ਲਿੰਕ

13) ਪੰਜਾਬ ਸਰਕਾਰ ਅਸਫਲ ਰਹੀ - ਸ. ਪਰਮਜੀਤ ਸਿੰਘ ਸਰਨਾ

... ਅੱਗੇ ਪੜ੍ਹੋ

ਸਰਬ-ਪਾਰਟੀ ਮੀਟਿੰਗ ਵੱਲੋਂ ਹਿੰਸਾ ਦੀ ਨਿੰਦਾ ਅਤੇ ਦੋ ਖ਼ਬਰਾਂ

ਚੰਡੀਗੜ੍ਹ, 26 ਮਈ (ਬਲਜੀਤ ਬੱਲੀ) - ਅੱਜ ਇਥੇ ਮੁੱਖ ਮੰਤਰੀ ਪੰਜਾਬ ਸ: ਪ੍ਰਕਾਸ਼ ਸਿੰਘ ਬਾਦਲ ਵੱਲੋਂ ਬੁਲਾਈ ਗਈ ਸਰਬ-ਪਾਰਟੀ ਮੀਟਿੰਗ ਨੇ ਪੰਜਾਬ ਵਿਚ ਵਾਪਰੀਆਂ ਹਿੰਸਕ ਘਟਨਾਵਾਂ ਦੀ ਨਿੰਦਾ ਕਰਦੇ ਹੋਏ ਸਮਾਜ ਵਿਰੋਧੀ ਅਨਸਰਾਂ ਨਾਲ ਸਖ਼ਤੀ ਨਾਲ ਨਜਿੱਠਣ ਲਈ ਕਿਹਾ। ਸਾਰੀਆਂ ਪਾਰਟੀਆਂ ਦੇ ਨੁਮਾਇੰਦਿਆਂ ਵੱਲੋਂ ਇਕ ਸਾਂਝੇ ਮਤੇ ਰਾਹੀਂ ਜਿਥੇ ਵਿਆਨਾ ਵਿਚ ਸੰਤ ਨਿਰੰਜਣ ਦਾਸ, ਸੰਤ ਰਾਮਾਨੰਦ ਅਤੇ ਹੋਰਨਾਂ 'ਤੇ ਕੀਤੇ ਗਏ ਹਮਲੇ ਦੀ ਸਖ਼ਤ ਨਿੰਦਾ ਕੀਤੀ ਗਈ, ਉਥੇ ਪੰਜਾਬ ਦੇ ਲੋਕਾਂ ਨੂੰ ਸੰਜਮ ਵਰਤਣ ਅਤੇ ਅਮਨ, ਭਾਈਚਾਰਕ ਸਦਭਾਵਨਾ ਅਤੇ ਪੰਜਾਬੀ ਏਕਤਾ ਬਣਾਈ ਰੱਖਣ ਦੀ ਅਪੀਲ ਵੀ ਕੀਤੀ ਗਈ।

ਰਾਜ ਦੀਆਂ ਸਾਰੀਆਂ ਧਾਰਮਿਕ ਤੇ ਸਮਾਜਿਕ ਸੰਸਥਾਵਾਂ ਅਤੇ ਧਰਮ ਵਿਚ ਵਿਸ਼ਵਾਸ ਰੱਖਣ ਵਾਲੇ ਵਿਅਕਤੀਆਂ ਨੂੰ ਉਚੇਚੀ ਅਪੀਲ ਕੀਤੀ ਗਈ ਕਿ ਉਹ ਰਾਜ ਵਿਚ ਭਾਈਚਾਰਕ ਏਕਤਾ ਬਣਾਈ ਰੱਖਣ ਲਈ ਆਪਣਾ ਯੋਗਦਾਨ ਪਾਉਣ। ਮਤੇ 'ਚ ਕਿਹਾ ਗਿਆ ਕਿ ਵਿਆਨਾ ਦੀ ਦੁਖਦਾਈ ਘਟਨਾ ਤੋਂ ਬਾਅਦ ਸ਼ਾਂਤਮਈ ਤਰੀਕੇ ਨਾਲ ਆਪਣੀਆਂ ਭਾਵਨਾਵਾਂ ਦਾ ਇਜ਼ਹਾਰ ਕਰਨਾ ਸੁਭਾਵਿਕ ਸੀ, ਪਰ ਇਨ੍ਹਾਂ ਦੀ ਆੜ ਹੇਠ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਕੀਤੀਆਂ ਗਈਆਂ ਭੰਨ-ਤੋੜ ਦੀਆਂ ਹਿੰਸਕ ਕਾਰਵਾਈਆਂ ਨੂੰ ਕਿਸੇ ਤਰ੍ਹਾਂ ਵੀ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ। ਮਤੇ ਵਿਚ ਇਹ ਕਿਹਾ ਗਿਆ ਕਿ 'ਇਹ ਅਨਸਰ ਬੇਸ਼ੁਮਾਰ ਕੁਰਬਾਨੀਆਂ ਕਰਕੇ ਹਾਸਲ ਕੀਤੇ ਪੰਜਾਬ ਦੇ ਅਮਨ, ਭਾਈਚਾਰੇ ਅਤੇ ਪੰਜਾਬੀ ਏਕਤਾ ਨੂੰ ਲਾਂਬੂ ਲਾਉਣਾ ਚਾਹੁੰਦੇ ਹਨ।'

ਇਹ ਵੀ ਪਤਾ ਲੱਗਾ ਹੈ ਕਿ ਇਸ ਮੀਟਿੰਗ ਵਿਚ ਕਾਂਗਰਸ ਪਾਰਟੀ ਅਤੇ ਬਸਪਾ ਦੇ ਨੁਮਾਇੰਦਿਆਂ ਨੇ ਅਮਨ-ਕਾਨੂੰਨ ਬਰਕਰਾਰ ਰੱਖਣ ਅਤੇ ਲੋਕਾਂ ਦੇ ਜਾਨ-ਮਾਲ ਦੀ ਰਾਖੀ ਪੱਖੋਂ ਸਰਕਾਰੀ ਮਸ਼ੀਨਰੀ ਦੀ ਢਿੱਲ-ਮੱਠ ਦੀ ਨੁਕਤਾਚੀਨੀ ਵੀ ਕੀਤੀ। ਜਿਥੇ ਕਾਂਗਰਸ ਵਿਧਾਇਕ ਦਲ ਦੀ ਨੇਤਾ ਬੀਬੀ ਰਾਜਿੰਦਰ ਕੌਰ ਭੱਠਲ ਨੇ ਇਹ ਕਿਹਾ ਕਿ ਹਿੰਸਾ ਅਤੇ ਭੰਨ-ਤੋੜ ਨੂੰ ਰੋਕਣ ਲਈ ਸਮੇਂ ਸਿਰ ਲੋੜੀਂਦੀ ਕਾਰਵਾਈ ਨਹੀਂ ਕੀਤੀ ਗਈ, ਉਥੇ ਬਸਪਾ ਮੁਖੀ ਸ: ਅਵਤਾਰ ਸਿੰਘ ਕਰੀਮਪੁਰੀ ਨੇ ਦਲਿਤ ਵਰਗ ਦੇ ਲੋਕਾਂ ਨਾਲ ਹੋ ਰਹੀ ਬੇਇਨਸਾਫੀ ਦੇ ਮੁੱਦੇ 'ਤੇ ਵੀ ਸਰਕਾਰ ਨੂੰ ਆੜੇ ਹੱਥੀਂ ਲਿਆ। ਮੀਟਿੰਗ ਵਿਚ ਇਹ ਸੁਝਾਅ ਵੀ ਆਇਆ ਕਿ ਪੰਜਾਬੀ ਏਕਤਾ ਅਤੇ ਸਦਭਾਵਨਾ ਲਈ ਸਰਬ-ਸਾਂਝੇ ਅਮਨ-ਜਲੂਸ ਕੱਢੇ ਜਾਣ, ਪਰ ਇਸ 'ਤੇ ਸਰਬ-ਸਹਿਮਤੀ ਨਹੀਂ ਹੋਈ, ਇਸ ਲਈ ਇਹ ਵਿਚਾਰ ਤਿਆਗ ਦਿੱਤਾ ਗਿਆ।

ਮੀਟਿੰਗ ਦੀ ਕਾਰਵਾਈ ਦਾ ਵੇਰਵਾ ਦਿੰਦਿਆਂ ਮੁੱਖ ਮੰਤਰੀ ਸ: ਬਾਦਲ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਸ ਮੀਟਿੰਗ ਵਿਚ ਭਾਰਤ ਸਰਕਾਰ ਨੂੰ ਜ਼ੋਰ ਦੇ ਕੇ ਕਿਹਾ ਗਿਆ ਕਿ ਉਹ ਆਸਟਰੀਆ ਦੀ ਸਰਕਾਰ ਨਾਲ ਰਾਬਤਾ ਕਰ ਕੇ ਤੁਰੰਤ ਉਥੋਂ ਦੀ ਘਟਨਾ ਦੇ ਜ਼ਿੰਮੇਵਾਰ ਦੋਸ਼ੀਆਂ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਯਕੀਨੀ ਬਣਾਏ। ਕੇਂਦਰ ਸਰਕਾਰ ਨੂੰ ਇਹ ਵੀ ਅਪੀਲ ਕੀਤੀ ਗਈ ਕਿ ਉਹ ਸੰਤ ਰਾਮਾ ਨੰਦ ਦੀ ਮ੍ਰਿਤਕ ਦੇਹ ਨੂੰ ਉਨ੍ਹਾਂ ਦੇ ਪੈਰੋਕਾਰਾਂ ਦੀ ਇੱਛਾ ਮੁਤਾਬਕ ਭਾਰਤ ਵਿਚ ਲਿਆਉਣ ਲਈ ਲੋੜੀਂਦਾ ਸਹਿਯੋਗ ਦੇਵੇ। ਇਕ ਸਵਾਲ ਦੇ ਜਵਾਬ 'ਚ ਸ: ਬਾਦਲ ਨੇ ਇਹ ਵੀ ਕਿਹਾ ਕਿ ਜੇਕਰ ਡੇਰਾ ਸੱਚਖੰਡ ਬੱਲਾਂ ਵੱਲੋਂ ਇੱਛਾ ਜ਼ਾਹਿਰ ਕੀਤੀ ਗਈ ਤਾਂ ਸੰਤ ਰਾਮਾ ਨੰਦ ਦਾ ਸਸਕਾਰ ਸਰਕਾਰੀ ਸਨਮਾਨਾਂ ਨਾਲ ਵੀ ਹੋ ਸਕਦਾ ਹੈ।

ਮੀਟਿੰਗ ਵਿਚ ਦੋ ਮਿੰਟ ਦਾ ਮੌਨ ਧਾਰ ਕੇ ਉਨ੍ਹਾਂ ਦੀ ਮੌਤ 'ਤੇ ਅਫ਼ਸੋਸ ਜ਼ਾਹਿਰ ਕੀਤਾ ਗਿਆ। ਇਸ ਦੇ ਨਾਲ ਹੀ ਪੰਜਾਬ ਵਿਚ ਹਿੰਸਾ ਦੌਰਾਨ ਮਾਰੇ ਗਏ ਵਿਅਕਤੀਆਂ ਦੀ ਮੌਤ 'ਤੇ ਵੀ ਅਫ਼ਸੋਸ ਜ਼ਾਹਿਰ ਕੀਤਾ ਗਿਆ। ਇਕ ਸਵਾਲ ਦੇ ਜਵਾਬ 'ਚ ਸ: ਬਾਦਲ ਨੇ ਇਹ ਵੀ ਦੱਸਿਆ ਕਿ ਮੀਟਿੰਗ ਵਿਚ ਸਾਰੀਆਂ ਪਾਰਟੀਆਂ ਦੇ ਨੁਮਾਇੰਦੇ ਇਸ ਗੱਲ 'ਤੇ ਸਹਿਮਤ ਸਨ ਕਿ ਮੌਜੂਦਾ ਹਾਲਤ ਵਿਚ ਨੂਰਮਹਿਲ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਮੁਲਤਵੀ ਕਰ ਦੇਣੀ ਚਾਹੀਦੀ ਹੈ। ਸਰਬ-ਪਾਰਟੀ ਮੀਟਿੰਗ ਵਿਚ ਇਸ ਗੱਲ 'ਤੇ ਵੀ ਸਹਿਮਤੀ ਹੋਈ ਕਿ ਵੱਖ-ਵੱਖ ਥਾਵਾਂ 'ਤੇ ਹੋਈਆਂ ਹਿੰਸਕ ਘਟਨਾਵਾਂ ਵਿਚ ਜਿਨ੍ਹਾਂ ਲੋਕਾਂ ਦੀ ਜਾਨ-ਮਾਲ ਦਾ ਨੁਕਸਾਨ ਹੋਇਆ ਹੈ, ਉਨ੍ਹਾਂ ਨੂੰ ਸਰਕਾਰ ਵੱਲੋਂ ਮੁਆਵਜ਼ੇ ਦੇ ਰੂਪ ਵਿਚ ਖੁੱਲ੍ਹੇ ਦਿਲ ਨਾਲ ਰਾਹਤ ਦਿੱਤੀ ਜਾਵੇ।

ਅੱਜ ਦੀ ਸਰਬ-ਪਾਰਟੀ ਮੀਟਿੰਗ ਵਿਚ ਸ਼ਾਮਿਲ ਹੋਣ ਵਾਲਿਆਂ ਵੱਖ-ਵੱਖ ਪਾਰਟੀਆਂ ਦੇ ਨੁਮਾਇੰਦਿਆਂ ਦੀ ਸੂਚੀ ਇਸ ਪ੍ਰਕਾਰ ਹੈ : ਸ਼੍ਰੋਮਣੀ ਅਕਾਲੀ ਦਲ ਵੱਲੋਂ ਡਿਪਟੀ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ, ਜਨਰਲ ਸਕੱਤਰ ਸੁਖਦੇਵ ਸਿੰਘ ਢੀਂਡਸਾ, ਲੋਕ ਸਭਾ ਮੈਂਬਰ ਸ਼ੇਰ ਸਿੰਘ ਘੁਬਾਇਆ, ਗੁਰਦੇਵ ਸਿੰਘ ਬਾਦਲ ਅਤੇ ਪ੍ਰੋ: ਪ੍ਰੇਮ ਸਿੰਘ ਚੰਦੂਮਾਜਰਾ, ਕਾਂਗਰਸ ਪਾਰਟੀ ਵੱਲੋਂ ਕਾਰਜਕਾਰੀ ਪ੍ਰਧਾਨ ਲਾਲ ਸਿੰਘ, ਵਿਧਾਇਕ ਦਲ ਦੀ ਨੇਤਾ ਬੀਬੀ ਰਾਜਿੰਦਰ ਕੌਰ ਭੱਠਲ ਅਤੇ ਜਨਰਲ ਸਕੱਤਰ ਪਰਮਿੰਦਰ ਸਿੰਘ ਪਿੰਕੀ, ਭਾਜਪਾ ਦੇ ਪ੍ਰਧਾਨ ਪ੍ਰੋ: ਰਾਜਿੰਦਰ ਭੰਡਾਰੀ, ਮਨੋਰੰਜਨ ਕਾਲੀਆ, ਤੀਕਸ਼ਣ ਸੂਦ ਅਤੇ ਬਲਰਾਮਜੀ ਦਾਸ ਟੰਡਨ, ਬਹੁਜਨ ਸਮਾਜ ਪਾਰਟੀ ਦੇ ਮੁਖੀ ਅਤੇ ਸੰਸਦ ਮੈਂਬਰ ਅਵਤਾਰ ਸਿੰਘ ਕਰੀਮਪੁਰੀ ਅਤੇ ਰਾਜਿੰਦਰ ਸਿੰਘ ਰਾਜਾ, ਕਮਿਊਨਿਸਟ ਪਾਰਟੀ ਦੇ ਸੀਨੀਅਰ ਆਗੂ ਡਾ: ਜੋਗਿੰਦਰ ਦਿਆਲ ਅਤੇ ਸੂਬਾ ਸਕੱਤਰ ਭੁਪਿੰਦਰ ਸਾਂਬਰ, ਮਾਰਕਸੀ ਪਾਰਟੀ ਦੇ ਸਕੱਤਰ ਚਰਨ ਸਿੰਘ ਵਿਰਦੀ ਅਤੇ ਰਤਨ ਸਿੰਘ, ਸ਼ਿਵ ਸੈਨਾ ਸਮਾਜਵਾਦੀ ਦੇ ਕਮਲੇਸ਼ ਭਾਰਦਵਾਜ ਅਤੇ ਬਲਜੀਤ ਸਿੰਘ ਢਿੱਲੋਂ।

ਮੀਟਿੰਗ ਵਿਚ ਡਾ: ਦਲਜੀਤ ਸਿੰਘ ਚੀਮਾ ਅਤੇ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਸ੍ਰੀ ਹਰਚਰਨ ਸਿੰਘ ਬੈਂਸ ਤੋਂ ਇਲਾਵਾ ਮੁੱਖ ਸਕੱਤਰ ਸ: ਰਮੇਸ਼ਇੰਦਰ ਸਿੰਘ, ਗ੍ਰਹਿ ਸਕੱਤਰ ਰਵਨੀਤ ਸਿੰਘ ਕੰਗ, ਮੁੱਖ ਮੰਤਰੀ ਦੇ ਪ੍ਰਿੰਸੀਪਲ ਸਕੱਤਰ ਦਰਬਾਰਾ ਸਿੰਘ ਗੁਰੂ ਅਤੇ ਡਾਇਰੈਕਟਰ ਲੋਕ ਸੰਪਰਕ ਗਗਨਦੀਪ ਸਿੰਘ ਬਰਾੜ ਵੀ ਮੌਜੂਦ ਸਨ। ਮੀਟਿੰਗ ਵਿਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਅਕਾਲੀ ਦਲ 1920 ਦਾ ਕੋਈ ਨੁਮਾਇੰਦਾ ਸ਼ਾਮਿਲ ਨਹੀਂ ਹੋਇਆ। ਮੁੱਖ ਮੰਤਰੀ ਨੇ ਪੰਜਾਬ ਦੇ ਤਾਜ਼ਾ ਤਣਾਅ ਭਰੇ ਮਾਹੌਲ ਦੌਰਾਨ ਮੀਡੀਆ ਵੱਲੋਂ ਵਰਤੇ ਗਏ ਸੰਜਮ ਦੀ ਪ੍ਰਸੰਸਾ ਕੀਤੀ ਅਤੇ ਅਪੀਲ ਕੀਤੀ ਕਿ ਅਮਨ ਬਰਕਰਾਰ ਰੱਖਣ ਲਈ ਅਖਬਾਰਾਂ ਅਤੇ ਟੀ. ਵੀ. ਚੈਨਲ ਆਪਣੀ ਉਸਾਰੂ ਭੂਮਿਕਾ ਨਿਭਾਉਂਦੇ ਰਹਿਣ।

ਆਸਟਰੀਆ ਦੂਤਘਰ ਅੱਗੇ ਮੁਜ਼ਾਹਰਾ
ਨਵੀਂ ਦਿੱਲੀ, 26 ਮਈ (ਸੋਢੀ)-ਅੱਜ ਤੀਨ ਮੂਰਤੀ ਵਿਖੇ ਸੈਂਟਰਲ ਕਮੇਟੀ ਸ੍ਰੀ ਗੁਰੂ ਰਵਿਦਾਸ ਧਰਮ ਸੰਸਥਾਨ ਮੋਤੀ ਬਾਗ ਦਿੱਲੀ ਵੱਲੋਂ ਇਕ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨਕਾਰੀ ਆਸਟਰੀਆ ਦੀ ਰਾਜਧਾਨੀ ਵਿਆਨਾ ਵਿਚ ਇਕ ਧਾਰਮਿਕ ਸਥਾਨ ਡੇਰਾ ਸੱਚਖੰਡ ਬੱਲਾਂ ਦੇ ਮੁਖੀ 'ਤੇ ਹੋਏ ਕਾਤਲਾਨਾ ਹਮਲੇ ਦੇ ਵਿਰੁੱਧ ਰੋਸ ਮੁਜ਼ਾਹਰਾ ਕਰ ਰਹੇ ਸਨ। ਪ੍ਰਦਰਸ਼ਨਕਾਰੀ ਹੱਥਾਂ ਵਿਚ ਬੈਨਰ ਲੈ ਕੇ ਬੜੇ ਜ਼ੋਸ਼ ਨਾਲ ਨਾਅਰੇ ਲਗਾ ਰਹੇ ਸਨ।

ਪ੍ਰਦਰਸ਼ਨਕਾਰੀਆਂ ਦੀ ਮੰਗ ਸੀ ਕਿ ਹਮਲਾ ਕਰਨ ਵਾਲਿਆਂ ਦੇ ਖਿਲਾਫ਼ ਸਖਤ ਕਾਰਵਾਈ ਕਰਦੇ ਹੋਏ ਉਨ੍ਹਾਂ ਨੂੰ ਜਲਦੀ ਤੋਂ ਜਲਦੀ ਫਾਂਸੀ ਦੀ ਸਜ਼ਾ ਦਿੱਤੀ ਜਾਵੇ। ਉਨ੍ਹਾਂ ਦਾ ਕਹਿਣਾ ਸੀ ਕਿ ਸੰਤਾਂ 'ਤੇ ਅਜਿਹਾ ਹਮਲਾ ਕਰਨਾ ਅਸਲੀਅਤ ਵਿਚ ਮਾਨਵਤਾ 'ਤੇ ਹਮਲਾ ਹੈ ਜੋ ਕਿ ਕਿਸੀ ਵੀ ਸੂਰਤ ਵਿਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਪ੍ਰਦਰਸ਼ਨ ਵਿਚ ਕਾਫੀ ਗਿਣਤੀ ਵਿਚ ਔਰਤਾਂ, ਬੱਚੇ ਅਤੇ ਆਦਮੀ ਮੌਜੂਦ ਸਨ। ਜ਼ਿਕਰਯੋਗ ਹੈ ਕਿ ਇਸ ਸੰਸਥਾਨ ਦੇ ਦਿੱਲੀ ਵਿਚ 15 ਦੇ ਲਗਭਗ ਮੰਦਿਰ ਹਨ।

ਚੱਕਾ ਜਾਮ ਕਰਕੇ ਅਤੇ ਟਾਇਰ ਸਾੜ ਕੇ ਰੋਸ ਪ੍ਰਦਰਸ਼ਨ ਕੀਤਾ
ਪਠਾਨਕੋਟ, 26 ਮਈ (ਆਰ. ਸਿੰਘ)-ਡੇਰਾ ਸੰਤ ਸਰਵਣ ਦਾਸ, ਸੱਚਖੰਡ ਬੱਲਾਂ ਦੇ ਗੱਦੀਨਸ਼ੀਨ ਸੰਤ ਨਿਰੰਜਣ ਦਾਸ ਅਤੇ ਉਹਨਾਂ ਦੇ ਸਹਿਯੋਗੀ ਸੰਤ ਰਾਮਾਨੰਦ 'ਤੇ ਵਿਆਨਾ (ਆਸਟਰੀਆ) ਵਿਖੇ ਹੋਏ ਹਮਲੇ ਦੇ ਰੋਸ ਵਜੋਂ ਅੱਜ ਡੇਰਾ ਸੁਆਮੀ ਜਗਤ ਗਿਰੀ ਜੀ ਪਠਾਨਕੋਟ ਦੇ ਡੇਰਾ ਪ੍ਰੇਮੀਆਂ ਵਲੋਂ ਜਲੰਧਰ ਬਾਈਪਾਸ ਚੱਕੀ ਪੁੱਲ 'ਤੇ ਟਾਇਰ ਸਾੜ ਕੇ ਅਤੇ ਨਾਅਰੇਬਾਜ਼ੀ ਕੀਤੀ। ਇਸ ਦੌਰਾਣ ਡੇਰਾ ਪ੍ਰੇਮੀਆਂ ਵਲੋਂ ਜੰਮੂ ਰੋਡ, ਢਾਂਗੂ ਰੋਡ, ਢਾਕੀ ਰੋਡ, ਸੈਲੀ ਕੁੱਲੀਆਂ ਰੋਡ ਅਤੇ ਸ਼ਹਿਰ ਬੰਦ ਕਰਵਾਉਣ ਦੀ ਕੋਸ਼ਿਸ਼ ਕੀਤੀ। ਜਿਸ ਦੌਰਾਣ ਪਠਾਨਕੋਟ ਸ਼ਹਿਰ ਕਰੀਬ 40 ਫੀਸਦੀ ਬੰਦ ਦੇਖਿਆ ਗਿਆ। ਇਸ ਸਮੇਂ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਹੋਏ ਸਨ। ਖ਼ਬਰ ਲਿਖੇ ਜਾਣ ਤੱਕ ਸ਼ਹਿਰ ਅੰਦਰ ਕੋਈ ਅਣਸੁਖਾਵੀਂ ਘਟਨਾ ਨਹੀਂ ਵਾਪਰੀ। ਇਸ ਸਮੇਂ ਐਸ. ਡੀ. ਐਮ. ਪਠਾਨਕੋਟ ਅਤੇ ਐਸ. ਪੀ. ਹਰਪ੍ਰੀਤ ਸਿੰਘ ਪੁਲਿਸ ਪਾਰਟੀ ਸਮੇਤ ਸ਼ਹਿਰ ਅੰਦਰ ਅਤੇ ਆਸ ਪਾਸ ਦੇ ਖੇਤਰਾਂ ਵਿਚ ਮਾਹੌਲ ਨੂੰ ਸ਼ਾਂਤਮਈ ਰੱਖਣ ਲਈ ਪੂਰੀ ਚੌਕਸੀ ਨਾਲ ਗਸ਼ਤ ਕਰ ਰਹੇ ਸਨ।

ਅਜੀਤ ਜਲੰਧਰ ਦੇ ਖ਼ਬਰ ਪੰਨੇ:
ਸਰਬ-ਪਾਰਟੀ ਮੀਟਿੰਗ ਵੱਲੋਂ ਹਿੰਸਾ ਦੀ ਨਿੰਦਾ
ਆਸਟਰੀਆ ਦੂਤਘਰ ਅੱਗੇ ਮੁਜ਼ਾਹਰਾ

12) ਗੁੰਡਾਗਰਦੀ ਲਈ ਸਿਰਫ਼ ਬਾਦਲ ਜ਼ਿਮੇਦਾਰ ਹੈ - ਡਾ. ਦਿਲਗੀਰ


... ਅੱਗੇ ਪੜ੍ਹੋ

ਸੰਤ ਨਿਰੰਜਨ ਦਾਸ ਦੀ ਸਿਹਤ 'ਚ ਸੁਧਾਰ

ਲੰਦਨ/ ਵਿਆਨਾ, 26 ਮਈ (ਪੀ. ਟੀ. ਆਈ) - ਡੇਰਾ ਸੱਚਖੰਡ ਬੱਲਾਂ ਦੇ ਮੁੱਖੀ ਸੰਤ ਨਿਰੰਜਨ ਦਾਸ ਜੋ ਕਿ ਵਿਆਨਾ ਵਿਖੇ ਇਕ ਗੁਰਦੁਆਰਾ ਵਿਚ ਹੋਈ ਝੜਪ ਦੌਰਾਨ ਜ਼ਖਮੀ ਹੋ ਗਏ ਸਨ, ਦੀ ਸਿਹਤ ਵਿਚ ਲਗਾਤਾਰ ਸੁਧਾਰ ਹੋ ਰਿਹਾ ਹੈ। ਅੱਜ ਆਸਟਰੀਆ (ਵਿਆਨਾ) ਵਿਖੇ ਸਥਿਤ ਭਾਰਤੀ ਦੂਤਘਰ ਵਲੋਂ ਇਸ ਸਬੰਧੀ ਜਾਣਕਾਰੀ ਦਿੰਦਿਆਂ ਇਹ ਵੀ ਦੱਸਿਆ ਗਿਆ ਕਿ ਗੁਰਦੁਆਰਾ ਜਿਥੇ ਇਹ ਝੜਪ ਹੋਈ ਹੈ ਦੇ ਪ੍ਰਬੰਧਕਾਂ ਵਲੋਂ ਪੁਲਿਸ ਨੂੰ ਪਹਿਲੋਂ ਹੀ ਅਜਿਹੀ ਘਟਨਾ ਵਾਪਰਨ ਬਾਰੇ ਖ਼ਦਸ਼ਾ ਪ੍ਰਗਟ ਕੀਤਾ ਸੀ। ਵਿਆਨਾ ਵਿਖੇ ਭਾਰਤੀ ਦੂਤਘਰ ਦੇ ਉਪ ਮੁੱਖੀ ਅਚਲ ਮਲਹੋਤਰਾ ਨੇ ਦੱਸਿਆ ਕਿ ਸੰਤ ਨਿਰੰਜਨ ਦਾਸ ਦੀ ਸਿਹਤ ਵਿਚ ਸੁਧਾਰ ਹੋ ਰਿਹਾ ਹੈ ਅਤੇ ਡਾਕਟਰਾਂ ਵੱਲੋਂ ਉਨ੍ਹਾਂ 'ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ। ਇਸ ਝੜਪ ਦੌਰਾਨ ਘੱਟੋ ਘੱਟ 16 ਵਿਅਕਤੀ ਜ਼ਖਮੀ ਹੋ ਗਏ ਸਨ। ਦੂਜੇ ਪਾਸੇ ਸਰਕਾਰੀ ਅਧਿਕਾਰੀਆਂ ਨੇ ਸੂਚਨਾ ਦਿੱਤੀ ਹੈ ਕਿ ਪੁਲਿਸ ਅਨੁਸਾਰ ਛੇ ਵਿਅਕਤੀ ਜਿਨ੍ਹਾਂ ਕੋਲ ਇਕ ਪਿਸਤੌਲ ਤੇ ਚਾਕੂ ਸਨ, ਨੇ ਹਮਲਾ ਕੀਤਾ। ਇਨ੍ਹਾਂ ਹਮਲਾਵਰਾਂ ਵਿਚੋਂ ਪੰਜ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਜਦਕਿ ਇਕ ਜ਼ਖਮੀ ਹਾਲਤ 'ਚ ਹਸਪਤਾਲ ਵਿਖੇ ਜ਼ੇਰੇ ਇਲਾਜ ਹੈ ਜਿਥੇ ਉਸਦੀ ਹਾਲਤ ਗੰਭੀਰ ਬਣੀ ਹੋਈ ਹੈ।

ਇਸ ਮਾਮਲੇ ਦੀ ਜਾਂਚ ਕਰ ਰਹੇ ਅਧਿਕਾਰੀ ਗ੍ਰੇਹਾਰਡ ਜਾਰੌਚ ਨੇ ਕਿਹਾ ਹੈ ਕਿ ਪੁਲਿਸ ਵੱਲੋਂ ਇਸ ਸਬੰਧੀ ਦੋ ਘਰਾਂ 'ਤੇ ਛਾਪੇ ਮਾਰੇ ਗਏ ਹਨ। ਇਸੇ ਦੌਰਾਨ ਲੰਦਨ ਵਿਖੇ ਸਥਿਤ ਰਵਿਦਾਸ ਸਭਾ ਦੇ ਪ੍ਰਧਾਨ ਯੋਗਰਾਜ ਦੀ ਅਗਵਾਈ ਵਿਚ ਇਕ 25 ਮੈਂਬਰੀ ਵਫ਼ਦ ਨੇ ਵਿਆਨਾ 'ਚ ਭਾਰਤੀ ਦੂਤਘਰ ਦੇ ਉੱਕ ਮੁੱਖੀ ਤੇ ਯੂਰਪੀਅਨ ਸਾਂਸਦ ਦੇ ਪ੍ਰਤੀਨਿਧਾਂ ਨਾਲ ਮੁਲਾਕਾਤ ਕੀਤੀ ਹੈ। ਇਸ ਵਫ਼ਦ ਨੇ ਆਸਟਰੀਆ ਦੀ ਸਰਕਾਰ ਨੂੰ ਇਸ ਹਿੰਸਕ ਕਾਰਵਾਈ ਲਈ ਜ਼ਿੰਮੇਵਾਰ ਵਿਅਕਤੀਆਂ ਵਿਰੁਧ ਸਖ਼ਤ ਤੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਸ੍ਰੀ ਯੋਗਰਾਜ ਨੇ ਸੰਤ ਨਿਰੰਜਣ ਦਾਸ ਦੀ ਸਿਹਤ ਦਾ ਹਾਲ-ਚਾਲ ਵੀ ਪੁੱਛਿਆ। ਉਨ੍ਹਾਂ ਨੇ ਸਮੂਹ ਭਾਈਚਾਰੇ ਨੂੰ
ਅਮਨ-ਸ਼ਾਂਤੀ ਕਾਇਮ ਰੱਖਣ ਦੀ ਅਪੀਲ ਕੀਤੀ ਹੈ।

ਹਸਪਤਾਲੋਂ ਛੇਤੀ ਛੁੱਟੀ ਦੀ ਸੰਭਾਵਨਾ
ਜਰਮਨੀ ਤੋਂ ਬਸੰਤ ਸਿੰਘ ਰਾਮੂਵਾਲੀਆ ਅਨੁਸਾਰ : ਡਾਕਟਰਾਂ ਅਨੁਸਾਰ ਜਲਦ ਹੀ ਸੰਤ ਨਿਰੰਜਨ ਦਾਸ ਨੂੰ ਹਸਪਤਾਲ ਵਿਚੋਂ ਛੁੱਟੀ ਦੇ ਦਿੱਤੀ ਜਾਵੇਗੀ। ਇਸ ਘਟਨਾ ਦੀ ਖ਼ਬਰ ਸੁਣਦਿਆਂ ਹੀ ਸੰਤਾਂ ਦੇ ਯੂਰਪ 'ਚ ਵੱਸਦੇ ਸ਼ਰਧਾਲੂ ਵਿਆਨਾ ਵੱਲ ਹੋ ਤੁਰੇ ਹਨ। ਆਸਟਰੀਆ ਦੀ ਪੁਲਿਸ ਕਿਸੇ ਹੋਰ ਅਜਿਹੀ ਘਟਨਾ ਜਾਂ ਬਦਲੇ ਦੀ ਭਾਵਨਾ ਵਾਲੇ ਬਣੇ ਹਾਲਾਤ ਨੂੰ ਕਾਬੂ 'ਚ ਰੱਖਣ ਲਈ ਬਾਜ਼ ਨਜ਼ਰ ਰੱਖ ਰਹੀ ਹੈ। ਪਤਾ ਲੱਗਾ ਹੈ ਕਿ ਆਸਟਰੀਆ ਦੀ ਅੱਤਵਾਦ ਰੋਕੂ ਪੁਲਿਸ ਵਿਸ਼ੇਸ਼ ਤੌਰ 'ਤੇ ਸਰਗਰਮ ਹੈ।

ਕਥਿਤ ਹਮਲਾਵਰ ਸ਼ਰਨਾਰਥੀ ਹਨ
ਸੰਤ ਨਿਰੰਜਣ ਦਾਸ ਤੇ ਸੰਤ ਰਾਮਾ ਨੰਦ 'ਤੇ ਹਮਲਾ ਕਰਨ ਵਾਲੇ ਕਥਿਤ ਹਮਲਾਵਰਾਂ ਵਿਚੋਂ ਦੋ ਸਿਆਸੀ ਪਨਾਹਗੀਰ
ਹਨ। ਇਕ ਸ਼ੱਕੀ ਵਿਅਕਤੀ ਨੇ ਅਜੇ ਤੱਕ ਕੋਈ ਸ਼ਬਦ ਮੂੰਹੋਂ ਨਹੀਂ ਕੱਢਿਆ। ਇਕ ਹੋਰ ਕਈ ਨਾਵਾਂ ਨਾਲ ਜਾਣਿਆ ਜਾਂਦਾ ਹੈ। ਪੁਲਿਸ ਬੁਲਾਰੇ ਨੇ ਦੱਸਿਆ ਕਿ ਘਟਨਾ ਵੇਲੇ ਗੋਲੀ, ਚਾਕੂ ਚੱਲਣ ਦੇ ਨਾਲ ਹੀ ਰੋਟੀਆਂ ਪਕਾਉਣ ਵਾਲੇ ਤਵੇ ਵੀ ਹਥਿਆਰ ਵਜੋਂ ਵਰਤੇ ਗਏ।

ਰਣਜੀਤ ਸਿੰਘ ਨੀਟਾ ਨੇ ਲਈ ਜ਼ਿੰਮੇਵਾਰੀ
ਜਲੰਧਰ, (ਅ. ਬ.)-ਰਣਜੀਤ ਸਿੰਘ ਜੰਮੂ ਉਰਫ ਨੀਟਾ ਜੋ ਖਾਲਿਸਤਾਨ ਜ਼ਿੰਦਾਬਾਦ ਫੋਰਸ ਦਾ ਮੁਖੀ ਹੈ, ਨੇ ਇਕਲਿਖਤੀ ਬਿਆਨ ਵਿਚ ਆਸਟਰੀਆ ਦੀ ਰਾਜਧਾਨੀ ਵਿਆਨਾ ਵਿਚ ਡੇਰਾ ਸੱਚਖੰਡ ਬੱਲਾਂ ਦੇ ਮੁਖੀ ਸੰਤ ਨਿਰੰਜਣਦਾਸ ਅਤੇ ਸੰਤ ਰਾਮਾਨੰਦ 'ਤੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਦੂਸਰੇ ਪਾਸੇ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਮੁਖੀਭਾਈ ਵਧਾਵਾ ਸਿੰਘ ਬੱਬਰ ਨੇ ਇਸ ਘਟਨਾ ਦੀ ਨਿਖੇਧੀ ਕਰਦੇ ਹੋਏ ਕਿਹਾ ਹੈ ਕਿ ਕਿਸੇ ਸਿੱਖ ਜਥੇਬੰਦੀ ਦਾ ਇਸਘਟਨਾ ਨਾਲ ਕੋਈ ਸੰਬੰਧ ਨਹੀਂ ਹੈ।

ਅਜੀਤ ਜਲੰਧਰ ਦਾ ਖ਼ਬਰ ਪੰਨਾ - ਪੰਜਾਬ 'ਚ ਹਿੰਸਾ ਦਾ ਦੌਰ ਜਾਰੀ

11) ਸਰਬ-ਪਾਰਟੀ ਮੀਟਿੰਗ ਵੱਲੋਂ ਹਿੰਸਾ ਦੀ ਨਿੰਦਾ ਅਤੇ ਦੋ ਖ਼ਬਰਾਂ

... ਅੱਗੇ ਪੜ੍ਹੋ

ਪੰਜਾਬ 'ਚ ਹਿੰਸਾ ਦਾ ਦੌਰ ਜਾਰੀ - ਇਕ ਹੋਰ ਮੌਤ

ਕਈ ਥਾਈਂ ਭੰਨ-ਤੋੜ ਅਤੇ ਸਾੜ-ਫੂਕ, ਸਥਿਤੀ ਤਣਾਅਪੂਰਨ

ਚੰਡੀਗੜ੍ਹ, 26 ਮਈ (ਏਜੰਸੀਆਂ ਰਾਹੀਂ)-ਵਿਆਨਾ ਵਿਚ ਸੱਚਖੰਡ ਡੇਰਾ ਬੱਲਾਂ ਵਾਲੇ ਸੰਤਾਂ 'ਤੇ ਹੋਏ ਹਮਲੇ ਪਿੱਛੋਂ ਪੰਜਾਬ ਵਿਚ ਫੈਲੀ ਹਿੰਸਾ ਰੁਕਣ ਦਾ ਨਾਂਅ ਨਹੀਂ ਲੈ ਰਹੀ। ਬੀਤੀ ਰਾਤ ਜਲੰਧਰ ਵਿਚ ਇਕ ਪ੍ਰਦਰਸ਼ਨਕਾਰੀ ਮਾਰਿਆ ਗਿਆ ਅਤੇ ਮਲੋਟ ਵਿਚ ਹਿੰਸਾ ਪਿੱਛੋਂ ਕਰਫਿਊ ਲਾ ਦਿੱਤਾ ਗਿਆ ਹੈ। ਸੂਬੇ ਵਿਚ ਕੁਝ ਥਾਂਵਾਂ 'ਤੇ ਸਥਿਤੀ 'ਚ ਸੁਧਾਰ ਨੂੰ ਦੇਖਦੇ ਹੋਏ ਕਰਫਿਊ ਵਿਚ ਢਿੱਲ ਦਿੱਤੀ ਗਈ। ਉਧਰ ਹਿਮਾਚਲ ਸਰਕਾਰ ਨੇ ਪੰਜਾਬ ਆਉਣ ਵਾਲੀਆਂ ਬੱਸਾਂ ਦੀਆਂ ਸੇਵਾਵਾਂ ਹਾਲ ਦੀ ਘੜੀ ਬੰਦ ਕਰ ਦਿੱਤੀਆਂ ਹਨ। ਹਰਿਆਣਾ ਵਿਚ ਵੀ ਕੁਝ ਥਾਈਂ ਹਿੰਸਾ ਹੋਣ ਦੀ ਖ਼ਬਰ ਹੈ।

ਮੁਜ਼ਾਹਰਾਕਾਰੀ ਦੀ ਮੌਤ
ਜਲੰਧਰ (ਮਨਵੀਰ ਸਿੰਘ ਵਾਲੀਆ, ਜਸਪਾਲ ਸਿੰਘ)-ਬੀਤੀ ਦੇਰ ਰਾਤ ਜਲੰਧਰ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਕੌਂਸਲਰ ਬਲਬੀਰ ਸਿੰਘ ਬਿੱਟੂ ਵੱਲੋਂ ਕਥਿਤ ਰੂਪ ਵਿਚ ਸਵੈ ਰੱਖਿਆ ਲਈ ਚਲਾਈ ਗੋਲੀ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ। ਪੁਲਿਸ ਨੇ ਦੱਸਿਆ ਕਿ ਬੀਤੀ ਦੇਰ ਭੀੜ ਨੇ 11 ਨੰਬਰ ਵਾਰਡ ਦੇ ਕੌਂਸਲਰ ਬਲਬੀਰ ਸਿੰਘ ਬਿੱਟੂ 'ਤੇ ਹਮਲਾ ਕਰਕੇ ਉਸ ਦੀ ਕਾਰ ਸਾੜ ਦਿੱਤੀ। ਇਸ ਪਿੱਛੋਂ ਉਸ ਵਲੋਂ ਸਵੈ ਰੱਖਿਆ ਲਈ ਚਲਾਈ ਗੋਲੀ ਨਾਲ ਇਕ ਮੁਜ਼ਾਹਰਾਕਾਰੀ ਵਿਜੇ ਕੁਮਾਰ ਵਾਸੀ ਢਿਲਵਾਂ ਮਾਰਿਆ ਗਿਆ। ਇਸੇ ਦੌਰਾਨ ਸ਼ਹਿਰ ਦੇ ਭਾਰਗੋ ਕੈਂਪ ਨਾਲ ਲਗਦੇ ਨਿਊ ਸੁਰਾਜ ਗੰਜ ਮੁਹੱਲੇ ਵਿਚ ਇਕ ਬਜ਼ੁਰਗ ਔਰਤ ਦੀ ਪੁਲਿਸ ਕਾਰਵਾਈ ਦੌਰਾਨ ਮੌਤ ਹੋ ਗਈ। ਪੁਲਿਸ ਅਨੁਸਾਰ ਔਰਤ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਜਦਕਿ ਉਸ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਿ ਉਸ ਦੀ ਮੌਤ ਪੁਲਿਸ ਵਲੋਂ ਧੱਕਾ ਦੇਣ ਨਾਲ ਹੋਈ ਹੈ।

ਅਧਿਕਾਰੀਆਂ ਨੇ ਦੱਸਿਆ ਕਿ ਸਥਿਤੀ ਤਣਾਅਪੂਰਨ ਪਰ ਕਾਬੂ ਹੇਠ ਹੈ। ਪੁਲਿਸ ਅਤੇ ਫ਼ੌਜ ਦੇ ਜਵਾਨ ਕਰਫਿਊ ਹੇਠਲੇ ਸ਼ਹਿਰਾਂ ਜਲੰਧਰ, ਲੁਧਿਆਣਾ, ਫਗਵਾੜਾ ਅਤੇ ਹੁਸ਼ਿਆਰਪੁਰ ਵਿਚ ਗਸ਼ਤ ਕਰ ਰਹੇ ਹਨ। ਜਲੰਧਰ ਦੇ ਡਿਪਟੀ ਕਮਿਸ਼ਨਰ ਏ ਐਸ ਪੰਨੂ ਨੇ ਦੱਸਿਆ ਕਿ ਸ਼ਹਿਰ ਵਿਚ ਸਵੇਰੇ 8 ਵਜੇ ਤੋਂ 10 ਵਜੇ ਤਕ ਕਰਫਿਊ ਵਿਚ ਢਿੱਲ ਦਿੱਤੀ ਗਈ ਤਾਂ ਜੋ ਲੋਕ ਜ਼ਰੂਰੀ ਵਸਤਾਂ ਦੀ ਖਰੀਦ ਕਰ ਸਕਣ। ਫਗਵਾੜਾ ਹੁਸ਼ਿਆਰਪੁਰ ਸੜਕ 'ਤੇ ਸਥਿਤ ਸਬਜ਼ੀ ਮੰਡੀ ਖੇਤਰ ਵਿਚ 4 ਖੋਖਿਆਂ ਨੂੰ ਅੱਗ ਲਗਾ ਦਿੱਤੀ।

ਇਸੇ ਦੌਰਾਨ ਬੀਤੀ ਰਾਤ ਇਸੇ ਸੜਕ 'ਤੇ ਇਥੋਂ 5 ਕਿਲੋਮੀਟਰ ਦੂਰ ਸਥਿਤ ਪਿੰਡ ਖਾਟੀ ਵਿਚ ਮਾਰਕਫੈੱਡ ਦੇ ਚੇਅਰਮੈਨ ਸ: ਜਰਨੈਲ ਸਿੰਘ ਵਾਹਦ ਦੇ ਫਾਰਮ ਹਾਊਸ ਵਿਚ ਪਏ ਲਗਪਗ 4 ਕਰੋੜ ਰੁਪਏ ਦੇ ਬਾਲਣ ਨੂੰ ਅੱਗ ਹਵਾਲੇ ਕਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿਚੋਂ ਲੰਘ ਰਿਹਾ ਕੌਮੀ ਮਾਰਗ ਆਵਾਜਾਈ ਲਈ ਖੋਲ੍ਹ ਦਿੱਤਾ ਗਿਆ ਹੈ ਅਤੇ ਜਲੰਧਰ-ਜੰਮੂ ਰੇਲ ਮਾਰਗ ਵੀ ਆਵਾਜਾਈ ਲਈ ਖੋਲ੍ਹ ਦਿੱਤਾ ਗਿਆ ਹੈ। ਡੀ. ਸੀ. ਕਪੂਰਥਲਾ ਅਨੁਸਾਰ ਫਗਵਾੜਾ ਵਿਚ ਸਵੇਰੇ 6 ਵਜੇ ਤੋਂ 3 ਘੰਟੇ ਲਈ ਕਰਫ਼ਿਊ 'ਚ ਢਿੱਲ ਦਿੱਤੀ ਜਾਵੇਗੀ।

ਕੌਂਸਲਰ ਬਿੱਟੂ ਅਤੇ ਸਾਥੀਆਂ 'ਤੇ ਕੇਸ ਦਰਜ
ਬੀਤੀ ਰਾਤ ਪਿੰਡ ਢਿੱਲਵਾਂ ਵਿਖੇ ਵਾਪਰੀ ਗੋਲੀ ਚੱਲਣ ਦੀ ਘਟਨਾ 'ਚ ਮਾਰੇ ਗਏ ਨੌਜਵਾਨ ਵਿਜੇ ਕੁਮਾਰ ਪੁੱਤਰ ਯਸ਼ਪਾਲ ਦੀ ਮੌਤ ਦੇ ਸਬੰਧ 'ਚ ਥਾਣਾ ਸਦਰ ਦੀ ਪੁਲਿਸ ਨੇ ਧਾਰਾ 302 ਤਹਿਤ ਵਾਰਡ ਨੰਬਰ-11 ਦੇ ਕੌਂਸਲਰ ਸ੍ਰੀ ਬਲਬੀਰ ਸਿੰਘ ਬਿੱਟੂ ਅਤੇ ਉਸਦੇ ਸਾਥੀਆਂ 'ਤੇ ਕੇਸ ਦਰਜ ਕਰ ਲਿਆ ਹੈ। ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਕੌਂਸਲਰ ਅਤੇ ਉਸਦੇ ਸਾਥੀਆਂ ਦੀ ਗ੍ਰਿਫਤਾਰੀ ਲਈ ਪੁਲਿਸ ਵਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ।

ਦੋ ਦਰਜਨ ਫੱਟੜ-ਕਰਫਿਊ ਲਾਗੂ
ਮਲੋਟ, (ਗੁਰਮੀਤ ਸਿੰਘ ਮੱਕੜ, ਪਾਟਿਲ)-ਵਿਆਨਾ ਗੋਲੀਕਾਂਡ ਨੂੰ ਲੈ ਕੇ ਅੱਜ ਸਥਿਤੀ ਉਸ ਵੇਲੇ ਬੇਕਾਬੂ ਹੋ ਗਈ ਜਦ ਪ੍ਰਦਰਸ਼ਨਕਾਰੀਆਂ ਨੂੰ ਪੁਲਿਸ ਵੱਲੋਂ ਰੋਕੇ ਜਾਣ 'ਤੇ ਹੋਈ ਝੜਪ ਵਿਚ ਐਡੀਸ਼ਨਲ ਡਿਪਟੀ ਕਮਿਸ਼ਨਰ ਦੀ ਗੱਡੀ ਨੂੰ ਨੁਕਸਾਨ ਪਹੁੰਚਾਇਆ ਗਿਆ ਅਤੇ ਪੁਲਿਸ ਤੇ ਇੱਟਾਂ ਵੱਟਿਆਂ ਨਾਲ ਹਮਲਾ ਕਰ ਦਿੱਤਾ ਗਿਆ ਅਤੇ ਸਥਿਤੀ ਪੂਰੀ ਤਰ੍ਹਾਂ ਬੇਕਾਬੂ ਹੋ ਗਈ। ਜਿਸ ਤੋਂ ਬਾਅਦ ਪੁਲਿਸ ਨੂੰ ਲਾਠੀਚਾਰਜ ਤੋਂ ਇਲਾਵਾ ਫਾਇਰਿੰਗ ਅਤੇ ਅੱਥਰੂ ਗੈਸ ਵੀ ਛੱਡਣੀ ਪਈ। ਮੌਕੇ ਤੋਂ ਇਕੱਤਰ ਜਾਣਕਾਰੀ ਅਨੁਸਾਰ ਅੱਜ ਸਵੇਰੇ ਪ੍ਰਸ਼ਾਸਨਿਕ ਅਧਿਕਾਰੀ ਜਿਨ੍ਹਾਂ ਵਿਚ ਐਡੀਸ਼ਨਲ ਡਿਪਟੀ ਕਮਿਸ਼ਨਰ ਸ੍ਰੀ ਵਰੁਣ ਰੁਜ਼ਮ, ਜ਼ਿਲ੍ਹਾ ਪੁਲਿਸ ਮੁਖੀ ਗੁਰਪ੍ਰੀਤ ਸਿੰਘ ਗਿੱਲ, ਐਸ. ਡੀ. ਐਮ. ਮਲੋਟ ਸ੍ਰੀ ਰਵੀ ਭਗਤ, ਉੱਕ ਪੁਲਿਸ ਕਪਤਾਨ ਸ੍ਰੀ ਮਨਮੋਹਨ ਸ਼ਰਮਾ ਸਮੇਤ ਭਾਰੀ ਗਿਣਤੀ ਵਿਚ ਗੁਰੂ ਰਵੀਦਾਸ ਨਗਰ ਪਹੁੰਚੇ। ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਸਮਝਾ ਬੁਝਾ ਕੇ ਮਾਮਲੇ ਨੂੰ ਸ਼ਾਂਤ ਕਰਨ ਦੀ ਅਪੀਲ ਕੀਤੀ ਪਰ ਪ੍ਰਦਰਸ਼ਨ ਕਰਨ 'ਤੇ ਅੜੇ ਲੋਕਾਂ ਵੱਲੋਂ ਪੱਥਰਾਂ ਨਾਲ ਪ੍ਰਸ਼ਾਸਨਿਕ ਅਧਿਕਾਰੀਆਂ 'ਤੇ ਹਮਲਾ ਕਰ ਦਿੱਤਾ ਗਿਆ ਅਤੇ ਏ.ਡੀ.ਸੀ. ਦੀ ਕਾਰ ਦੇ ਸੀਸ਼ੇ ਵੀ ਭੰਨ ਦਿੱਤੇ ਗਏ। ਪੁਲਿਸ ਨੂੰ ਪ੍ਰਦਰਸ਼ਨਕਾਰੀਆਂ ਦੀ ਭੀੜ ਨੂੰ ਖਿੰਡਾਉਣ ਲਈ ਲਾਠੀਚਾਰਜ ਦਾ ਸਹਾਰਾ ਲੈਣਾ ਪਿਆ। ਜਦਕਿ ਪ੍ਰਦਰਸ਼ਨਕਾਰੀਆਂ ਵੱਲੋਂ ਦੂਜੇ ਪਾਸੇ ਤੋਂ ਇੱਟਾਂ ਨਾਲ ਤਾਬੜਤੋੜ ਹਮਲਾ ਜਾਰੀ ਸੀ। ਜਿਨ੍ਹਾਂ ਨੂੰ ਖਿੰਡਾਉਣ ਲਈ ਪੁਲਿਸ ਨੇ ਪਹਿਲਾਂ ਹੰਝੂ ਗੈਸ ਦੀ ਵਰਤੋਂ ਕੀਤੀ ਅਤੇ ਫਿਰ ਗੋਲੀ ਚਲਾਈ। ਜਿਸ ਵਿਚ ਕਰੀਬ ਦੋ ਦਰਜਨ ਵਿਅਕਤੀਆਂ ਦੇ ਫੱਟੜ ਹੋ ਜਾਣ ਦੀ ਖ਼ਬਰ ਹੈ ਅਤੇ ਕਰੀਬ 50 ਪ੍ਰਦਰਸ਼ਨਕਾਰੀਆਂ ਨੂੰ ਕਾਬੂ ਕੀਤਾ ਗਿਆ।

ਫੱਟੜ ਹੋਣ ਵਾਲਿਆਂ ਵਿਚ ਪੱਪੂ ਪੁੱਤਰ ਅਮਰ ਸਿੰਘ ਨੂੰ ਗੋਲੀ ਲੱਗਣ ਕਰਕੇ ਗੰਭੀਰ ਸਥਿਤੀ ਨੂੰ ਦੇਖਦਿਆਂ ਲੁਧਿਆਣੇ ਭੇਜ ਦਿੱਤਾ ਗਿਆ। ਫੱਟੜ ਹੋਏ ਵਿਅਕਤੀ ਵਿੱਕੀ, ਬੰਟੀ, ਸੁਭਾਸ਼, ਰੋਸ਼ਨ ਲਾਲ, ਪ੍ਰਕਾਸ਼ ਆਦਿ ਸ਼ਾਮਲ ਹਨ। ਸਥਿਤੀ 'ਤੇ ਕਾਬੂ ਪਾਉਣ ਲਈ ਗੁਰੂ ਰਵੀਦਾਸ ਨਗਰ ਦੇ ਨਾਲ ਲੱਗਦੇ ਵਾਰਡ ਨੰਬਰ 14, 15 ਅਤੇ 16 ਵਿਚ ਕਰਫਿਊ ਲਾਉਣ ਦੇ ਨਾਲ ਨਾਲ ਇਨ੍ਹਾਂ ਵਾਰਡਾਂ ਵਿਚ ਬਿਜਲੀ ਦੀ ਸਪਲਾਈ ਵੀ ਬੰਦ ਕਰ ਦਿੱਤੀ ਗਈ। ਸਥਿਤੀ ਤਣਾਅਪੂਰਨ ਹੋਣ ਤੋਂ ਬਾਅਦ ਗੁਰੂ ਰਵੀਦਾਸ ਨਗਰ ਵਿਚ ਫੋਰਸ ਤਾਇਨਾਤ ਕਰ ਦਿੱਤੀ ਗਈ ਹੈ।

ਬੱਸ ਸਾੜ ਦਿੱਤੀ
ਮਲੇਰਕੋਟਲਾ-ਅੱਜ ਬਾਅਦ ਦੁਪਹਿਰ ਇਥੇ ਐਸ ਡੀ ਐਮ ਦੀ ਰਿਹਾਇਸ਼ ਸਾਹਮਣੇ ਪੀ. ਆਰ. ਟੀ. ਸੀ. ਦੀ ਸੰਗਰੂਰ ਡਿਪੂ ਦੀ ਬੱਸ ਨੂੰ ਰੋਕ ਕੇ ਕੁਝ ਸ਼ਰਾਰਤੀ ਨੌਜਵਾਨਾਂ ਨੇ ਅੱਗ ਲਾ ਦਿੱਤੀ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਵਿਰੁੱਧ ਕੇਸ ਦਰਜ ਕਰ ਲਿਆ ਹੈ।

ਹਰਿਆਣਾ 'ਚ ਹਿੰਸਾ
ਵਿਆਨਾ ਘਟਨਾ ਦੀ ਅੱਗ ਹਰਿਆਣਾ ਵਿਚ ਵੀ ਫੈਲ ਗਈ ਹੈ ਅਤੇ ਉਥੇ ਪ੍ਰਦਰਸ਼ਨਕਾਰੀਆਂ ਨੇ ਮੋਟਰਗੱਡੀਆਂ ਦੀ ਭੰਨਤੋੜ ਕੀਤੀ ਅਤੇ ਉਨ੍ਹਾਂ ਦੀਆਂ ਪੁਲਿਸ ਨਾਲ ਝੜਪਾਂ ਹੋਈਆਂ ਜਿਸ ਕਾਰਨ ਭੀੜ ਨੂੰ ਖਿੰਡਾਉਣ ਲਈ ਪੁਲਿਸ ਨੇ ਹਵਾ 'ਚ ਗੋਲੀ ਚਲਾਈ। ਪੁਲਿਸ ਨੇ ਦੱਸਿਆ ਕਿ ਅੰਬਾਲਾ-ਜਗਾਧਰੀ ਸੜਕ 'ਤੇ ਮੁਜ਼ਾਹਰਾਕਾਰੀਆਂ ਦੀ ਪੁਲਿਸ ਨਾਲ ਝੜਪ ਹੋ ਗਈ ਅਤੇ ਉਨ੍ਹਾਂ ਨੇ ਜਗਾਧਰੀ ਮਿਉਂਸਪਲ ਕਮੇਟੀ ਦੀ ਇਮਾਰਤ ਨੂੰ ਨੁਕਸਾਨ ਪਹੁੰਚਾਇਆ। ਪ੍ਰਦਰਸ਼ਨਕਾਰੀਆਂ ਨੇ ਇਕ ਮੋਟਰ ਸਾਈਕਲ ਵੀ ਅੱਗ ਲਾ ਕੇ ਸਾੜ ਦਿੱਤਾ। ਪੁਲਿਸ ਨੂੰ ਭੀੜ ਨੂੰ ਖਿੰਡਾਉਣ ਲਈ ਜਗਾਧਰੀ ਕਸਬੇ ਵਿਚ ਗੋਲੀ ਚਲਾਉਣੀ ਪਈ।

ਹਿਮਾਚਲ ਵੱਲੋਂ ਬੱਸ ਸੇਵਾ ਬੰਦ
ਹਿਮਾਚਲ ਪ੍ਰਦੇਸ਼ ਸਰਕਾਰ ਨੇ ਹਿਮਾਚਲ ਦੀਆਂ ਦੋ ਬੱਸਾਂ ਸਾੜੇ ਜਾਣ ਪਿੱਛੋਂ ਹਿੰਸਾਗ੍ਰਸਤ ਪੰਜਾਬ ਨੂੰ ਆਪਣੀ ਬੱਸ ਸੇਵਾ ਹਾਲ ਦੀ ਘੜੀ ਬੰਦ ਕਰਨ ਦਾ ਫ਼ੈਸਲਾ ਕੀਤਾ ਹੈ। ਹਿਮਾਚਲ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਦੇ ਮੈਨੇਜਿੰਗ ਡਾਇਰੈਕਟਰ ਟੀ ਸੀ ਜਨਾਰਥ ਨੇ ਦੱਸਿਆ ਕਿ ਅਸੀਂ ਜਲੰਧਰ, ਲੁਧਿਆਣਾ ਅਤੇ ਅੰਮ੍ਰਿਤਸਰ ਲਈ ਬੱਸ ਸੇਵਾ ਬੰਦ ਕਰ ਦਿੱਤੀ ਹੈ ਕਿਉਂਕਿ ਸਾਡੀਆਂ ਦੋ ਬੱਸਾਂ ਨੂੰ ਅੱਗ ਲਾ ਕੇ ਸਾੜ ਦਿੱਤਾ ਗਿਆ ਹੈ ਅਤੇ 6 ਦੀ ਭੰਨਤੋੜ ਕੀਤੀ ਗਈ ਹੈ। ਇਨ੍ਹਾਂ ਜ਼ਿਲ੍ਹਿਆਂ ਨੂੰ ਹਿਮਾਚਲ ਦੀਆਂ ਰੋਜ਼ਾਨਾ 40 ਬੱਸਾਂ ਚੱਲਦੀਆਂ ਹਨ।

ਰੇਲ ਆਵਾਜਾਈ ਸ਼ੁਰੂ
ਜਲੰਧਰ, 26 ਮਈ (ਮਦਨ ਭਾਰਦਵਾਜ)- ਉੱਤਰੀ ਰੇਲਵੇ ਦੀ ਫਿਰੋਜ਼ਪੁਰ ਡਵੀਜ਼ਨ ਵੱਲੋਂ ਅੱਜ ਦੁਪਹਿਰ ਬਾਅਦ ਅੱਧੀ ਦਰਜਨ ਐਕਸਪ੍ਰੈੱਸ ਅਤੇ 5 ਲੋਕਲ ਗੱਡੀਆਂ ਚਲਾਉਣ ਨਾਲ ਵੱਖ-ਵੱਖ ਸਟੇਸ਼ਨਾਂ 'ਤੇ ਫਸੇ ਯਾਤਰੀਆਂ ਨੇ ਸੁੱਖ ਦਾ ਸਾਹ ਲਿਆ ਹੈ। ਫਿਰੋਜ਼ਪੁਰ ਰੇਲਵੇ ਡਵੀਜ਼ਨ ਦੇ ਸੀਨੀਅਰ ਕਮਰਸ਼ੀਅਲ ਮੈਨੇਜਰ ਸ੍ਰੀ ਧਰਮਿੰਦਰ ਕੁਮਾਰ ਨੇ ਦੱਸਿਆ ਕਿ ਅੱਜ ਅੰਮ੍ਰਿਤਸਰ ਤੋਂ 6 ਡਾਊਨ ਗੱਡੀਆਂ ਚਲਾਉਣ ਦਾ ਫੈਸਲਾ ਕੀਤਾ ਗਿਆ ਅਤੇ ਪਹਿਲੀ ਗੱਡੀ 4674 ਫਲਾਇੰਗ ਮੇਲ (ਸ਼ਹੀਦ ਐਕਸਪ੍ਰੈੱਸ) ਸਾਢੇ 3 ਵਜੇ ਅੰਮ੍ਰਿਤਸਰ ਤੋਂ ਜੈ ਨਗਰ ਲਈ ਰਵਾਨਾ ਕੀਤੀ ਗਈ। ਇਸ ਤੋਂ ਪਹਿਲਾਂ ਇਕ ਪਾਇਲਟ ਇੰਜਣ ਚਲਾਇਆ ਗਿਆ ਅਤੇ ਉਸ ਦੇ ਬਾਅਦ ਇਹ ਰੇਲ ਗੱਡੀ ਰਵਾਨਾ ਕੀਤੀ ਗਈ। ਉਨ੍ਹਾਂ ਦੱਸਿਆ ਕਿ ਇਸ ਦੇ ਬਾਅਦ 8238 ਛੱਤੀਸਗੜ੍ਹ, 3006 ਹਾਵੜਾ ਮੇਲ, 2904 ਫਰੰਟੀਅਰ ਮੇਲ, 4632 ਅੰਮ੍ਰਿਤਸਰ-ਦੇਹਰਾਦੂਨ, 5212 ਜਨਸੇਵਾ ਐਕਸਪ੍ਰੈੱਸ, 8102 ਟਾਟਾ ਮੂਰੀ, 2414 ਪੂਜਾ ਐਕਸਪ੍ਰੈੱਸ ਅਤੇ 4034 ਜੰਮੂ ਮੇਲ ਗੱਡੀਆਂ ਵਾਰੀ-ਵਾਰੀ ਰਵਾਨਾ ਹੋਈਆਂ।

ਇਸ ਤੋਂ ਇਲਾਵਾ ਰੇਲ ਪ੍ਰਸ਼ਾਸਨ ਨੇ ਲੁਧਿਆਣਾ ਤੋਂ ਜੰਮੂ ਲਈ ਇਕ ਵਿਸ਼ੇਸ਼ ਗੱਡੀ ਵੀ ਚਲਾਈ ਜਿਸ ਨਾਲ ਜੰਮੂ ਜਾਣ ਵਾਲੇ ਯਾਤਰੀਆਂ ਨੇ ਵੀ ਰਾਹਤ ਮਹਿਸੂਸ ਕੀਤੀ। ਰੇਲ ਪ੍ਰਸ਼ਾਸਨ ਨੇ ਲੋਕਲ ਗੱਡੀਆਂ ਜਿਹੜੀਆਂ ਚਲਾਈਆਂ ਉਨ੍ਹਾਂ ਵਿਚ 6 ਜੇ. ਐੱਨ. ਜਲੰਧਰ ਤੋਂ ਨਕੋਦਰ, 5 ਜੇ. ਐੱਨ. ਨਕੋਦਰ ਤੋਂ ਜਲੰਧਰ, 9 ਜੇ. ਐੱਫ. ਜਲੰਧਰ ਤੋਂ ਫਿਰੋਜ਼ਪੁਰ , 10 ਜੇ. ਐੱਫ ਫਿਰੋਜ਼ਪੁਰ ਤੋਂ ਜਲੰਧਰ ਅਤੇ 6 ਜੇ. ਐੱਮ. ਪੀ. ਜਲੰਧਰ ਤੋਂ ਪਠਾਨਕੋਟ ਲਈ ਚਲਾਉਣ ਦਾ ਵੀ ਐਲਾਨ ਕੀਤਾ। ਭਾਵੇਂ ਗੱਡੀਆਂ ਆਪਣੇ ਨਿਰਧਾਰਤ ਸਮੇਂ ਤੋਂ ਦੇਰੀ ਨਾਲ ਰਵਾਨਾ ਹੋਈਆਂ ਪਰ ਲੋਕਾਂ ਨੂੰ ਆਪਣੇ ਘਰ ਪੁੱਜਣ ਦੀ ਖੁਸ਼ੀ ਮਹਿਸੂਸ ਹੋ ਰਹੀ ਸੀ। ਰੇਲ ਪ੍ਰਸ਼ਾਸਨ ਨੇ ਅੱਜ ਅੰਮ੍ਰਿਤਸਰ ਤੋਂ ਪਠਾਨਕੋਟ ਅਤੇ ਅੰਮ੍ਰਿਤਸਰ ਤੋਂ ਖੇਮਕਰਨ ਲਈ ਵੀ ਲੋਕਲ ਗੱਡੀਆਂ ਚਾਲੂ ਕੀਤੀਆਂ। ਸ੍ਰੀ ਧਰਮਿੰਦਰ ਕੁਮਾਰ ਨੇ ਦੱਸਿਆ ਕਿ ਅਜੇ ਤਾਂ ਡਾਊਨ ਦੀਆਂ ਗੱਡੀਆਂ ਹੀ ਚਾਲੂ ਕੀਤੀਆਂ ਗਈਆਂ ਹਨ ਅਤੇ ਜਿਸ ਤਰ੍ਹਾਂ ਹੀ ਸਥਿਤੀ ਵਿਚ ਸੁਧਾਰ ਹੁੰਦਾ ਗਿਆ ਤਾਂ ਅੱਪ ਗੱਡੀਆਂ ਲੁਧਿਆਣਾ ਤੋਂ ਜੰਮੂ, ਜਲੰਧਰ ਅਤੇ ਅੰਮ੍ਰਿਤਸਰ ਲਈ ਵੀ ਚਾਲੂ ਕਰ ਦਿੱਤੀਆਂ ਜਾਣਗੀਆਂ। ਇਸ ਤੋਂ ਪਹਿਲਾਂ ਅੱਜ ਜਲੰਧਰ ਤੋਂ 2331 ਹਿਮਗਿਰੀ ਐਕਸਪ੍ਰੈਸ ਸਾਢੇ 10 ਵਜੇ ਵਾਇਆ ਅੰਮ੍ਰਿਤਸਰ ਰਵਾਨਾ ਕੀਤੀ ਗਈ ਅਤੇ ਬਹੁਤ ਸਾਰੇ ਯਾਤਰੀ ਅੰਮ੍ਰਿਤਸਰ ਲਈ ਰਵਾਨਾ ਹੋ ਗਏ। ਇਸ ਦੇ ਬਾਅਦ ਜਲੰਧਰ ਤੋਂ 4 ਮਾਲ ਗੱਡੀਆਂ ਵੀ ਰਵਾਨਾ ਕੀਤੀਆਂ ਗਈਆਂ ਜਿਨ੍ਹਾਂ ਵਿਚੋਂ 3 ਲੁਧਿਆਣਾ ਅਤੇ ਇਕ ਕਪੂਰਥਲਾ ਲਈ ਸੀ।

ਅਜੀਤ ਜਲੰਧਰ ਦਾ ਖ਼ਬਰ ਪੰਨਾ - ਸੰਕਟ ‘ਚ ਘਿਰਿਆ ਜਲੰਧਰ

10) ਸੰਤ ਨਿਰੰਜਨ ਦਾਸ ਦੀ ਸਿਹਤ 'ਚ ਸੁਧਾਰ

... ਅੱਗੇ ਪੜ੍ਹੋ

ਰੋਸ ਵਜੋਂ ਕਪੂਰਥਲਾ ਦੂਜੇ ਦਿਨ ਵੀ ਬੰਦ ਰਿਹਾ

ਕਪੂਰਥਲਾ, 26 ਮਈ (ਅਮਰਜੀਤ ਕੋਮਲ)-ਵਿਆਨਾ 'ਚ ਵਾਪਰੀਆਂ ਦੁੱਖਦਾਈ ਘਟਨਾਵਾਂ ਦੇ ਰੋਸ ਵਜੋਂ ਅੱਜ ਦੂਜੇ ਦਿਨ ਵੀ ਕਪੂਰਥਲਾ ਮੁਕੰਮਲ ਬੰਦ ਰਿਹਾ। ਬੰਦ ਦੌਰਾਨ ਕਿਧਰੇ ਕੋਈ ਅਣਸੁਖਾਵੀਂ ਘਟਨਾ ਨਹੀਂ ਵਾਪਰੀ। ਅੱਜ ਜ਼ਿਲ੍ਹਾ ਦੇ ਸਾਰੇ ਵਿੱਦਿਅਕ ਅਦਾਰੇ ਬੰਦ ਰਹੇ ਅਤੇ ਸੁਵਿਧਾ ਕੇਂਦਰ ਬੰਦ ਬੰਦ ਰਿਹਾ ਜਦਕਿ ਦੂਜੇ ਸਰਕਾਰੀ ਦਫਤਰ ਆਮ ਦਿਨਾ ਵਾਂਗ ਖੁੱਲ੍ਹੇ ਤਾਂ ਰਹੇ ਪਰ ਮੁਲਾਜ਼ਮਾਂ ਤੋਂ ਬਿਨਾਂ ਬਾਹਰੋਂ ਕੋਈ ਇਥੇ ਕੰਮ ਕਰਵਾਉਣ ਨਹੀਂ ਆਇਆ। ਬੰਦ ਦੌਰਾਨ ਕਿਸੇ ਵੀ ਅਣਸੁਖਾਵੀਂ ਘਟਨਾ ਵਾਪਰਨ ਦੇ ਖਦਸ਼ੇ ਨੂੰ ਦੇਖਦਿਆਂ ਕਪੂਰਥਲਾ ਤੋਂ ਕਿਸੇ ਰੂਟ ਲਈ ਕੋਈ ਵੀ ਸਰਕਾਰੀ ਜਾਂ ਗੈਰ ਸਰਕਾਰੀ ਬੱਸ ਰਵਾਨਾ ਨਹੀਂ ਹੋਈ, ਇਸੇ ਤਰ੍ਹਾਂ 4.00 ਵਜੇ ਤੱਕ ਜਲੰਧਰ-ਫਿਰੋਜ਼ਪੁਰ ਰੇਲਵੇ ਸੈਕਸ਼ਨ 'ਤੇ ਰੇਲ ਆਵਾਜਾਈ ਬੁਰੀ ਤਰ੍ਹਾਂ ਠੱਪ ਰਹੀ। ਇਸ ਮੌਕੇ ਸ੍ਰੀ ਗੁਰੂ ਰਵਿਦਾਸ ਸਭਾ ਗੁਰਦੁਆਰਾ ਮੁਹੱਲਾ ਜੱਟਪੁਰਾ ਨਾਲ ਸਬੰਧਿਤ ਨੌਜਵਾਨਾਂ ਨੇ ਸ਼ਹਿਰ 'ਚ ਸ਼ਾਂਤਮਈ ਰੋਸ ਮਾਰਚ ਕੱਢਿਆ। ਰੋਸ ਮਾਰਚ ਗੁਰਦੁਆਰਾ ਸਾਹਿਬ ਤੋਂ ਸ਼ੁਰੂ ਹੋ ਕੇ ਅੰਮ੍ਰਿਤਸਰ ਰੋਡ, ਜਲੌਖਾਨਾ ਚੌਂਕ, ਸਦਰ ਬਾਜ਼ਾਰ, ਕਚਹਿਰੀ ਚੌਂਕ, ਫੁਹਾਰਾ ਚੌਂਕ ਤੋਂ ਹੁੰਦਾ ਹੋਇਆ ਮੁੜ ਗੁਰਦੁਆਰਾ ਸਾਹਿਬ ਵਿਖੇ ਆ ਕੇ ਸਮਾਪਤ ਹੋਇਆ। ਰੋਸ ਮਾਰਚ ਦੇ ਨਾਲ ਨਾਲ ਵੱਡੀ ਗਿਣਤੀ 'ਚ ਪੁਲਿਸ ਮੁਲਾਜ਼ਮ ਚੱਲ ਰਹੇ ਸਨ। ਇਸੇ ਦੌਰਾਨ ਹੀ ਜ਼ਿਲ੍ਹਾ ਮੈਜਿਸਟ੍ਰੇਟ ਕਪੂਰਥਲਾ ਸ੍ਰੀ ਰਾਜ ਕਮਲ ਚੌਧਰੀ ਨੇ 27 ਮਈ ਨੂੰ ਨਰਸਰੀ ਤੋਂ ਸੀਨੀਅਰ ਸੈਕੰਡਰੀ ਤੱਕ ਜ਼ਿਲ੍ਹੇ ਦੇ ਸਾਰੇ ਸਰਕਾਰੀ ਤੇ ਗੈਰ ਸਰਕਾਰੀ ਸੰਸਥਾਵਾਂ ਨੂੰ ਬੰਦ ਰੱਖਣ ਦਾ ਹੁਕਮ ਦਿੱਤਾ ਹੈ। ਜ਼ਿਲ੍ਹਾ ਮੈਜਿਸਟ੍ਰੇਟ ਨੇ ਦੱਸਿਆ ਕਿ ਫਗਵਾੜਾ ਸਬ ਡਵੀਜ਼ਨ 'ਚ ਹਾਲਾਤ ਕਾਬੂ ਹੇਠ ਹਨ, ਇਸ ਨੂੰ ਮੁੱਖ ਰੱਖਦਿਆਂ ਅੱਜ ਸ਼ਾਮ ਕਰਫਿਊ 'ਚ 5.00 ਤੋਂ 7.00 ਵਜੇ ਤੱਕ ਢਿੱਲ ਦਿੱਤੀ ਗਈ ਸੀ ਤੇ 27 ਮਈ ਨੂੰ ਸਵੇਰੇ 6.00 ਤੋਂ 9.00 ਵਜੇ ਤੱਕ ਕਰਫਿਊ 'ਚ ਢਿੱਲ ਦਿੱਤੀ ਜਾਵੇਗੀ।

ਫਿਰਕੂ ਸਦਭਾਵਨਾ ਬਣਾਈ ਰੱਖਣ ਦੀ ਅਪੀਲ
ਇਸੇ ਦੌਰਾਨ ਹੀ ਸ਼ਹਿਰ 'ਚ ਫਿਰਕੂ ਸਦਭਾਵਨਾ ਬਣਾਈ ਰੱਖਣ ਦੇ ਮਨੋਰਥ ਨਾਲ ਅਮਨ ਕਮੇਟੀ ਦੀ ਮੀਟਿੰਗ ਸਥਾਨਕ ਯੋਜਨਾ ਭਵਨ ਵਿਖੇ ਐਸ. ਡੀ. ਐਮ. ਮਿਸ ਅਨੂਪਮ ਕਲੇਰ ਦੀ ਪ੍ਰਧਾਨਗੀ ਹੇਠ ਹੋਈ, ਜਿਸ 'ਚ ਸ਼ਹਿਰ ਦੀਆਂ ਵੱਖ ਵੱਖ ਰਾਜਸੀ, ਧਾਰਮਿਕ, ਸਮਾਜਿਕ ਜਥੇਬੰਦੀਆਂ ਦੇ ਆਗੂਆਂ ਨੇ ਭਾਗ ਲਿਆ। ਮੀਟਿੰਗ 'ਚ ਐਸ. ਡੀ. ਐਮ. ਨੇ ਸਮੂਹ ਆਗੂਆਂ ਨੂੰ ਅਪੀਲ ਕੀਤੀ ਕਿ ਉਹ ਸ਼ਹਿਰ 'ਚ ਫਿਰਕੂ ਸਦਭਾਵਨਾ ਤੇ ਅਮਨ ਕਾਨੂੰਨ ਦੀ ਸਥਿਤੀ ਨੂੰ ਕਾਇਮ ਰੱਖਣ ਲਈ ਪ੍ਰਸ਼ਾਸਨ ਦਾ ਸਹਿਯੋਗ ਦੇਣ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸ੍ਰੀ ਗੁਰੂ ਰਵਿਦਾਸ ਸਭਾ ਦੇ ਪ੍ਰਧਾਨ ਸ੍ਰੀ ਰਾਮਪਾਲ ਬੰਗੜ ਅਤੇ ਜਨਰਲ ਸਕੱਤਰ ਸ੍ਰੀ ਰਾਕੇਸ਼ ਕੁਮਾਰ ਦਾਤਾਰਪੁਰੀ ਨੇ ਕਿਹਾ ਕਿ ਸੰਤ ਨਿਰੰਜਣ ਦਾਸ ਅਤੇ ਸੰਤ ਰਾਮਾਨੰਦ ਨੇ ਹਮੇਸ਼ਾ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਸ੍ਰੀ ਗੁਰੂ ਰਵਿਦਾਸ ਜੀ ਦੀ ਵਿਚਾਰਧਾਰਾ ਦਾ ਪ੍ਰਚਾਰ ਕੀਤਾ ਹੈ ਅਤੇ ਇਸ ਲਈ ਜਿਹੜੇ ਵੀ ਲੋਕਾਂ ਨੇ ਇਹ ਕਾਰਾ ਕੀਤਾ ਹੈ ਬਹੁਤ ਹੀ ਨਿੰਦਣਯੋਗ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਬਿਨਾਂ ਕਿਸੇ ਭੜਕਾਹਟ ਦੇ ਆਪਸੀ ਸਦਭਾਵਨਾ ਅਤੇ ਸ਼ਾਂਤੀ ਦਾ ਮਾਹੌਲ ਬਣਾਈ ਰੱਖਣ। ਇਸ ਮੌਕੇ ਡਾ: ਭੀਮ ਰਾਓ ਅੰਬੇਡਕਰ ਮਿਸ਼ਨ ਸੁਸਾਇਟੀ ਦੇ ਪ੍ਰਧਾਨ ਸ੍ਰੀ ਗੁਰਮੁੱਖ ਸਿੰਘ ਢੋਡ ਨੇ ਕਿਹਾ ਕਿ ਗੁਰੂ ਦੇ ਸੱਚੇ ਸ਼ਰਧਾਲੂ ਕਦੇ ਵੀ ਹਿੰਸਕ ਨਹੀਂ ਹੁੰਦੇ ਅਤੇ ਜਿੰਨੀਆਂ ਵੀ ਤੋੜ ਫੋੜ ਦੀਆਂ ਘਟਨਾਵਾਂ ਵਾਪਰੀਆਂ ਹਨ, ਉਸ ਵਿਚ ਸ਼ਰਾਰਤੀ ਅਨਸਰਾਂ ਨੇ ਮੌਕੇ ਦਾ ਫਾਇਦਾ ਉਠਾਇਆ ਹੈ।

ਮੀਟਿੰਗ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਜਨਰਲ ਕੌਂਸਲ ਦੇ ਮੈਂਬਰ ਜਥੇਦਾਰ ਜਰਨੈਲ ਸਿੰਘ ਡੋਗਰਾਂਵਾਲਾ, ਭਾਜਪਾ ਦੇ ਸੂਬਾਈ ਆਗੂ ਸ੍ਰੀ ਹੀਰਾ ਲਾਲ ਧੀਰ, ਸੀ.ਪੀ.ਆਈ. ਦੇ ਜ਼ਿਲ੍ਹਾ ਸਕੱਤਰ ਕਾਮਰੇਡ ਨਿਰੰਜਣ ਸਿੰਘ ਉੱਚਾ, ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸ੍ਰੀ ਸ਼ਾਮ ਸੁੰਦਰ ਅਗਰਵਾਲ, ਸ਼ਿਵ ਸੈਨਾ (ਬਾਲ ਠਾਕਰੇ) ਦੇ ਮੁੱਖ ਬੁਲਾਰੇ ਸ੍ਰੀ ਜਗਦੀਸ਼ ਕਟਾਰੀਆ, ਅਕਾਲੀ ਦਲ ਦੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਇੰਜ: ਛੱਜਾ ਸਿੰਘ, ਸ: ਸੁਖਪਾਲ ਸਿੰਘ ਭਾਟੀਆ, ਸ: ਹਰਬੰਸ ਸਿੰਘ ਵਾਲੀਆ, ਸ਼ਹਿਰੀ ਅਕਾਲੀ ਜਥੇ ਦੇ ਪ੍ਰਧਾਨ ਜਥੇਦਾਰ ਜਸਵਿੰਦਰ ਸਿੰਘ ਬੱਤਰਾ, ਭਾਜਪਾ ਦੇ ਵਪਾਰ ਸੈੱਲ ਦੇ ਜ਼ਿਲ੍ਹਾ ਪ੍ਰਧਾਨ ਸ੍ਰੀ ਰਾਜੇਸ਼ ਪਾਸੀ, ਕਾਂਗਰਸੀ ਆਗੂ ਸ੍ਰੀ ਸੁਦੇਸ਼ ਸ਼ਰਮਾ, ਨਗਰ ਕੌਂਸਲਰ ਸ੍ਰੀ ਸਤੀਸ਼ ਬਹਿਲ, ਸੀ.ਪੀ.ਆਈ. ਆਗੂ ਸ: ਭਜਨ ਸਿੰਘ ਸਮੇਤ ਸ਼ਹਿਰ ਦੀਆਂ ਹੋਰ ਸਿਆਸੀ, ਧਾਰਮਿਕ, ਸਮਾਜਿਕ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਵਿਆਨਾ ਅਤੇ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿਚ ਵਾਪਰੀਆਂ ਅਗਜ਼ਨੀ ਅਤੇ ਹਿੰਸਕ ਘਟਨਾਵਾਂ ਦੀ ਜ਼ੋਰਦਾਰ ਨਿੰਦਾ ਕੀਤੀ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਅਮਨ ਕਾਨੂੰਨ ਬਣਾਈ ਰੱਖਣ ਲਈ ਪੂਰਨ ਸਹਿਯੋਗ ਦਾ ਭਰੋਸਾ ਦਿਵਾਇਆ। ਮੀਟਿੰਗ ਦੇ ਅੰਤ ਵਿਚ ਮਿਸ ਅਨੂਪਮ ਕਲੇਰ ਅਤੇ ਡੀ.ਐਸ.ਪੀ. ਬਹਾਦਰ ਸਿੰਘ ਨੇ ਸਭ ਆਗੂਆਂ ਦਾ ਧੰਨਵਾਦ ਕੀਤਾ।

ਵਿੱਦਿਅਕ ਤੇ ਸਰਕਾਰੀ ਅਦਾਰੇ ਮੁਕੰਮਲ ਬੰਦ ਰਹੇ
ਸੁਲਤਾਨਪੁਰ ਲੋਧੀ, (ਸੋਨੀਆ, ਹੈਪੀ)-ਜ਼ਿਲ੍ਹਾ ਪ੍ਰਸ਼ਾਸਨ ਕਪੂਰਥਲਾ ਦੀਆਂ ਹਦਾਇਤਾਂ ਅਨੁਸਾਰ ਸਬ ਡਵੀਜ਼ਨ ਸੁਲਤਾਨਪੁਰ ਲੋਧੀ ਅੰਦਰ ਸਾਰੇ ਵਿੱਦਿਅਕ ਅਦਾਰੇ ਬੰਦ ਰਹੇ। ਬੱਸਾਂ ਦੀ ਆਵਾਜਾਈ ਨਾ ਹੋਣ ਕਾਰਨ ਬੈਂਕਾਂ ਤੇ ਹੋਰ ਸਰਕਾਰੀ ਦਫਤਰ ਵੀ ਬੰਦ ਰਹੇ ਤੇ ਕਈ ਦਫਤਰਾਂ 'ਚ ਹਾਜ਼ਰੀ ਘੱਟ ਰਹੀ। ਜਲੰਧਰ-ਫਿਰੋਜ਼ਪੁਰ ਰੇਲ ਲਾਈਨ 'ਤੇ ਗੱਡੀਆਂ ਨਾ ਚੱਲਣ ਕਾਰਨ ਵੀ ਆਵਾਜਾਈ ਪ੍ਰਭਾਵਿਤ ਰਹੀ। ਪਿੰਡਾਂ 'ਚੋਂ ਲੋਕਾਂ ਦੇ ਨਾ ਆਉਣ ਕਾਰਨ ਦੁਕਾਨਦਾਰ ਵਿਹਲੇ ਬੈਠੇ ਰਹੇ। ਸ੍ਰੀ ਗੁਰੂ ਰਵਿਦਾਸ ਨੌਜਵਾਨ ਸਭਾ ਦੇ ਮੈਂਬਰਾਂ ਦੀ ਮੀਟਿੰਗ ਰਵਿਦਾਸ ਭਵਨ 'ਚ ਹੋਈ, ਜਿਸ 'ਚ ਮਾਹੌਲ ਸ਼ਾਂਤ ਬਣਾਈ ਰੱਖਣ ਦਾ ਸੰਕਲਪ ਲਿਆ ਗਿਆ। ਮੀਟਿੰਗ 'ਚ 27 ਮਈ ਨੂੰ ਸਵੇਰੇ 9.00 ਤੋਂ 11.00 ਵਜੇ ਤੱਕ ਦੋ ਘੰਟੇ ਸ਼ਹਿਰ ਬੰਦ ਰੱਖਣ ਦਾ ਫੈਸਲਾ ਕੀਤਾ ਗਿਆ, ਜਿਸ ਸਬੰਧੀ ਸੂਚਨਾ ਬਾਜ਼ਾਰ 'ਚ ਜਾ ਕੇ ਦੁਕਾਨਦਾਰ ਨੂੰ ਦਿੱਤੀ ਗਈ। ਮੀਟਿੰਗ 'ਚ ਸਭਾ ਦੇ ਪ੍ਰਧਾਨ ਸ੍ਰੀ ਨਿਊਟਨ, ਚੌਧਰੀ ਤਰਸੇਮ ਲਾਲ, ਮਾ: ਗੁਰਚਰਨ ਦਾਸ, ਬਸਪਾ ਆਗੂ ਸ੍ਰੀ ਤਰਸੇਮ ਡੌਲਾ, ਹਰਭਜਨ ਸਿੰਘ ਸੱਦੂਵਾਲ ਜ਼ਿਲ੍ਹਾ ਸਕੱਤਰ ਬਸਪਾ, ਸੋਮ ਕਾਂਤ, ਨਿਰਮਲ ਸਿੰਘ ਸ਼ੇਰਪੁਰ ਸੱਧਾ ਪ੍ਰਧਾਨ ਪੇਂਡੂ ਮਜ਼ਦੂਰ ਯੂਨੀਅਨ, ਤੇਜਿੰਦਰ ਕੁਮਾਰ ਰਾਜੂ ਪ੍ਰਧਾਨ ਜ਼ਮਹੂਰੀ ਨੌਜਵਾਨ ਸਭਾ, ਸੋਮ ਪ੍ਰਕਾਸ਼, ਬੀਬੀ ਬਲਦੇਵ ਕੌਰ ਵੀ ਹਾਜ਼ਰ ਸਨ। ਇਸ ਤੋਂ ਪਹਿਲਾਂ ਸਭਾ ਦੇ 2 ਮੈਂਬਰਾਂ ਨੇ ਸ: ਕੁਲਦੀਪ ਸਿੰਘ ਚੰਦੀ ਐਸ. ਡੀ. ਐਮ. ਨਾਲ ਮੁਲਾਕਾਤ ਕੀਤੀ ਤੇ ਇਕ ਵਿਅਕਤੀ ਵੱਲੋਂ ਕੀਤੀਆਂ ਭੜਕਾਊ ਟਿਪਣੀਆਂ ਉੱਕਦ ਰੋਸ ਜ਼ਾਹਰ ਕੀਤਾ। ਬਾਅਦ 'ਚ ਸ੍ਰੀ ਚੰਦੀ ਦੀ ਪਹਿਲਕਦਮੀ ਉੱਕਦ ਬਰਜਿੰਦਰ ਸਿੰਘ ਐਸ. ਐਚ. ਓ. ਤਲਵੰਡੀ ਚੌਧਰੀਆਂ ਤੇ ਸ: ਸੁਰਿੰਦਰ ਸਿੰਘ ਏ. ਐਸ. ਆਈ. ਦੀ ਅਗਵਾਈ 'ਚ ਸ਼ਹਿਰ ਨਿਵਾਸੀਆਂ ਦੀ ਹਾਜ਼ਰੀ 'ਚ ਮਾਮਲਾ ਨਿਪਟਾਇਆ ਗਿਆ ਤੇ ਸ਼ਾਂਤੀ ਬਣਾਈ ਰੱਖਣ ਦਾ ਸੰਕਲਪ ਲਿਆ ਗਿਆ।

ਨਡਾਲਾ ਪੂਰਨ ਤੌਰ 'ਤੇ ਬੰਦ ਰਿਹਾ
ਨਡਾਲਾ (ਕੰਗ)-ਵਿਆਨਾ ਗੋਲੀ ਕਾਂਡ ਤੋਂ ਬਾਅਦ ਪੰਜਾਬ 'ਚ ਵਾਪਰੀਆਂ ਹਿੰਸਕ ਘਟਨਾਵਾਂ ਦੀ ਦਹਿਸ਼ਤ ਦੇ ਸਾਏ ਹੇਠ ਅੱਜ ਕਸਬਾ ਨਡਾਲਾ ਦੇ ਸਾਰੇ ਬਾਜ਼ਾਰ ਦੂਸਰੇ ਦਿਨ ਵੀ ਬੰਦ ਰਹੇ। ਸਵੇਰੇ ਦੋ ਦੁਕਾਨਦਾਰਾਂ ਨੇ ਇਕੱਤਰ ਹੋ ਕੇ ਦੁਕਾਨਾ ਖੋਹਲਣ ਬਾਰੇ ਸਲਾਹ ਮਸ਼ਵਰਾ ਕੀਤਾ। ਇਸ ਪੱਤਰਕਾਰ ਨਾਲ ਵੀ ਸੰਪਰਕ ਸਾਧਿਆ, ਪਰ ਜਦੋਂ ਪੁਲਿਸ ਚੌਂਕੀ ਨਡਾਲਾ ਨਾਲ ਸੰਪਰਕ ਕੀਤਾ ਤਾਂ ਪੁਲਿਸ ਵੱਲੋਂ ਹੱਥ ਖੜ੍ਹੇ ਕਰ ਦੇਣ ਕਾਰਨ ਕਿ ਸਾਡੀ ਕੋਈ ਜ਼ਿੰਮੇਵਾਰੀ ਨਹੀਂ, ਦੁਕਾਨਦਾਰਾਂ ਦਾ ਹੌਂਸਲਾ ਨਹੀਂ ਪਿਆ ਕਿ ਉਹ ਦੁਕਾਨਾਂ ਖੋਹਲ ਲੈਣ। ਇਸ ਦੌਰਾਨ ਕਸਬੇ ਦੇ ਸਾਰੇ ਵਿੱਦਿਅਕ ਅਦਾਰੇ, ਬੈਂਕਾਂ ਆਦਿ ਸਭ ਬੰਦ ਰਹੇ, ਕੁਝ ਇਕ ਮੈਡੀਕਲ ਸਟੋਰ ਹੀ ਖੁੱਲੇ ਵੇਖੇ ਗਏ। ਜਲੰਧਰ ਤੋਂ ਸਬਜ਼ੀ ਨਾ ਆਉਣ ਕਾਰਨ ਲੋਕ ਅੱਡੇ ਤੋਂ ਦੋ ਕਿਲੋਮੀਟਰ ਦੂਰ ਢਿਲਵਾਂ ਸੜਕ 'ਤੇ ਮੁਸਲਮਾਨਾਂ ਵੱਲੋਂ ਲਗਾਈਆਂ ਦੁਕਾਨਾਂ ਤੋਂ ਸਬਜ਼ੀ ਖਰੀਦੀ ਗਈ। ਇਸੇ ਦੌਰਾਨ ਅੱਜ ਨਡਾਲਾ 'ਚ ਵੀ ਬੱਸਾਂ ਦੀ ਆਵਾਜਾਈ ਬੰਦ ਰਹੀ ਹੈ, ਕੇਵਲ ਮਿੱਟੀ ਢੋਹਣ ਵਾਲੀਆਂ ਟਰਾਲੀਆਂ ਹੀ ਚੱਲਦੀਆਂ ਦੇਖੀਆਂ ਗਈਆਂ, ਅਜਿਹੀ ਸਥਿਤੀ 'ਚ ਦਿਨ ਭਰ ਬੱਸ ਅੱਡਾ ਤੇ ਮੇਨ ਬਾਜ਼ਾਰ ਨਡਾਲਾ 'ਚ ਸੁੰਨਸਾਨ ਪਈ ਰਹੀ। ਇਸੇ ਤਰ੍ਹਾਂ ਪਿੰਡ ਇਬਰਾਹੀਮਵਾਲ ਤੇ ਮਕਸੂਦਪੁਰ ਬੱਸ ਅੱਡਿਆਂ 'ਤੇ ਰੌਣਕ ਨਹੀਂ ਸੀ।

ਕਸਬਾ ਭੁਲੱਥ ਵਿਚ ਵੈਰਾਨਗੀ ਛਾਈ ਰਹੀ
ਭੁਲੱਥ, (ਤੱਖਰ, ਸਹਿਗਲ)-ਆਸਟਰੀਆ ਦੀ ਰਾਜਧਾਨੀ ਵਿਆਨਾ 'ਚ ਇਕ ਧਾਰਮਿਕ ਸਥਾਨ 'ਤੇ ਡੇਰਾ ਸੱਚਖੰਡ ਬੱਲਾਂ ਦੇ ਮੁਖੀ 'ਤੇ ਹੋਏ ਕਾਤਲਾਨਾ ਹਮਲੇ ਦੇ ਵਿਰੋਧ 'ਚ ਬੀਤੇ ਦਿਨ ਦੁਕਾਨਾਂ ਆਦਿ ਬੰਦ ਕਰਵਾਉਣ ਤੋਂ ਬਾਅਦ ਅੱਜ ਦੂਸਰੇ ਦਿਨ ਵੀ ਕਸਬਾ ਭੁਲੱਥ 'ਚ ਵੈਰਾਨਗੀ ਛਾਈ ਰਹੀ। ਅੱਜ ਸਵੇਰੇ ਪਹਿਲਾਂ ਕਸਬਾ ਭੁਲੱਥ ਦੀਆਂ ਅੱਧੀਆਂ ਕੁ ਦੁਕਾਨਾਂ ਖੁੱਲੀਆਂ ਰਹੀਆਂ, ਪਰ ਫਿਰ ਦੁਪਹਿਰ 12.00 ਵਜੇ ਦੇ ਕਰੀਬ ਸਮੁੱਚੇ ਕਸਬੇ ਦੀਆਂ ਸਾਰੀਆਂ ਦੁਕਾਨਾਂ ਕੁਝ ਅਫਵਾਹਾਂ ਫੈਲਣ ਕਾਰਨ ਬੰਦ ਹੋ ਗਈਆਂ, ਬਾਅਦ ਦੁਪਹਿਰ ਤਿੰਨ ਵਜੇ ਦੇ ਕਰੀਬ ਇੱਕਾ ਦੁੱਕਾ ਦੁਕਾਨਾਂ ਖੁੱਲ ਗਈਆਂ, ਪਰ ਫਿਰ ਮੋਟਰ ਸਾਈਕਲ ਸਵਾਰ ਕੁਝ ਕੁ ਨੌਜਵਾਨਾ ਨੇ ਫਿਰ ਜ਼ਬਰੀ ਦੁਕਾਨਾ ਬੰਦ ਕਰਵਾ ਦਿੱਤੀਆਂ। ਇਸ ਤੋਂ ਪਹਿਲਾਂ ਸੜਕਾਂ, ਬਾਜ਼ਾਰਾਂ 'ਚ ਪੂਰੀ ਤਰ੍ਹਾਂ ਨਾਲ ਸੁੰਨ ਛਾਈ ਹੋਈ ਸੀ, ਕੋਈ ਵੀ ਬੱਸ ਨਾ ਤਾਂ ਭੁਲੱਥ ਵਿਖੇ ਆਈ ਤੇ ਨਾ ਹੀ ਕਿਤੇ ਬਾਹਰ ਗਈ। ਸਾਰੀ ਨਿੱਜੀ ਤੇ ਸਰਕਾਰੀ ਵਿੱਦਿਅਕ ਅਦਾਰੇ ਪੂਰੀ ਤਰ੍ਹਾਂ ਬੰਦ ਰਹੇ। ਬੈਂਕਾਂ ਦੇ ਏ. ਟੀ. ਐਮ. ਸਮੇਤ ਸਾਰੀਆਂ ਬੈਂਕਾਂ ਤੇ ਹੋਰ ਸਰਕਾਰੀ ਅਦਾਰੇ ਵੀ ਬੰਦ ਸਨ। ਅੱਜ ਦੇਖਣ 'ਚ ਆਇਆ ਕਿ ਲੋਕਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨ ਨੂੰ ਮਿਲਿਆ ਤੇ ਆਮ ਜਨ ਜੀਵਨ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਇਆ ਹੈ।

ਦਹਿਸ਼ਤ ਕਾਰਨ ਦੂਜੇ ਦਿਨ ਵੀ ਬੇਗੋਵਾਲ ਬੰਦ ਰਿਹਾ
ਬੇਗੋਵਾਲ, (ਕੰਗ, ਸੁਖਜਿੰਦਰ ਸਿੰਘ)-ਆਸਟਰੀਆ ਦੇ ਵਿਆਨਾ ਸ਼ਹਿਰ 'ਚ ਬੱਲਾਂ ਵਾਲੇ ਸੰਤਾਂ 'ਤੇ ਹੋਏ ਜਾਨਲੇਵਾ ਹਮਲੇ ਦੇ ਰੋਸ ਵਜੋਂ ਭਾਵੇਂ ਕੱਲ੍ਹ ਕੁਝ ਜਥੇਬੰਦੀਆਂ ਨੇ ਆਪ ਆ ਕੇ ਦੁਕਾਨਾਂ ਨੂੰ ਬੰਦ ਕਰਵਾਇਆ ਸੀ, ਪ੍ਰੰਤੂ ਅੱਜ ਪੰਜਾਬ ਭਰ 'ਚ ਫੈਲੀ ਹਿੰਸਾ ਦੇ ਡਰੋਂ ਬੇਗੋਵਾਲ ਦੇ ਸਾਰੇ ਬਾਜ਼ਾਰ ਦੂਸਰੇ ਦਿਨ ਵੀ ਬੰਦ ਰਹੇ। ਭਾਵੇਂ ਸਬ ਡਵੀਜ਼ਨ ਭੁਲੱਥ 'ਚ ਕੋਈ ਅਣਸੁਖਾਵੀਂ ਘਟਨਾ ਨਹੀਂ ਵਾਪਰੀ, ਪਰ ਜਲੰਧਰ, ਫਗਵਾੜਾ, ਕਰਤਾਰਪੁਰ ਤੇ ਹੋਰ ਸ਼ਹਿਰਾਂ 'ਚ ਵਾਪਰੀਆਂ ਘਟਨਾਵਾਂ ਦਾ ਸੇਕ ਬੇਗੋਵਾਲ 'ਚ ਵੀ ਮਹਿਸੂਸ ਹੋ ਰਿਹਾ ਹੈ। ਦੁਕਾਨਦਾਰਾਂ ਨੇ ਕਿਸੇ ਵੀ ਮਾੜੀ ਘਟਨਾ ਤੋਂ ਬਚਣ ਲਈ ਆਪ ਹੀ ਦੁਕਾਨਾਂ ਨਹੀਂ ਖੋਲ੍ਹੀਆਂ, ਕੁਝ ਇਕ ਮੈਡੀਕਲ ਸਟੋਰਾਂ ਨੂੰ ਛੱਡ ਕੇ ਬਾਕੀ ਸਭ ਕਾਰੋਬਾਰ ਬੰਦ ਰਹੇ, ਇਥੋਂ ਤੱਕ ਕਿ ਫਲਾਂ ਤੇ ਸਬਜ਼ੀਆਂ ਦੀਆਂ ਰੇਹੜੀਆਂ ਵੀ ਨਹੀਂ ਲੱਗੀਆਂ। ਇਸੇ ਤਰ੍ਹਾਂ ਆਵਾਜਾਈ ਠੱਪ ਹੋਣ ਕਾਰਨ ਲੋਕਾਂ ਨੂੰ ਰੋਜ਼ਮਰਾਂ ਦੀਆਂ ਵਸਤਾਂ ਖਰੀਣ 'ਚ ਭਾਰੀ ਮੁਸ਼ਕਿਲ ਆਈ। ਇਸ ਦੌਰਾਨ ਪੁਲਿਸ ਵੱਲੋਂ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਸਨ। ਥਾਣਾ ਮੁਖੀ ਸ: ਹਰਨੀਲ ਸਿੰਘ ਦੇ ਫਗਵਾੜਾ ਡਿਊਟੀ 'ਤੇ ਗਏ ਹੋਣ ਕਾਰਨ ਐਡੀਸ਼ਨਲ ਐਸ. ਐਚ. ਓ. ਸ: ਨਛੱਤਰ ਸਿੰਘ ਸਾਥੀਆਂ ਸਮੇਤ ਪੂਰੀ ਚੌਕਸੀ ਨਾਲ ਨਿਗਰਾਨੀ ਰੱਖ ਰਹੇ ਸਨ। ਥਾਣਾ ਮੁਖੀ ਭੁਲੱਥ ਸ: ਪਰਮਿੰਦਰ ਸਿੰਘ ਹੀਰ ਦੀ ਅਗਵਾਈ ਹੇਠ ਦੋਹਾਂ ਥਾਣਾ ਖੇਤਰਾਂ ਦੀ ਪੁਲਿਸ ਵੱਲੋਂ ਗਸ਼ਤ ਕੀਤੀ ਜਾ ਰਹੀ ਸੀ।

ਬੀਬੀ ਜਗੀਰ ਕੌਰ ਵੱਲੋਂ ਨਿੰਦਾ
ਬੇਗੋਵਾਲ, 26 ਮਈ (ਪ. ਪ.)-ਡੇਰਾ ਸੰਤ ਪ੍ਰੇਮ ਸਿੰਘ ਬੇਗੋਵਾਲ ਦੇ ਮੁੱਖ ਸੇਵਾਦਾਰ ਤੇ ਸ਼੍ਰੋਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਆਸਟਰੀਆ ਦੇ ਸ਼ਹਿਰ ਵਿਆਨਾ 'ਚ ਡੇਰਾ ਸੰਤ ਸਰਵਣ ਦਾਸ ਸਰਮਤਪੁਰ ਬੱਲਾਂ ਦੇ ਮੁੱਖ ਸੇਵਾਦਾਰ ਸੰਤ ਨਿਰੰਜਣ ਦਾਸ ਤੇ ਸੰਤ ਰਾਮਾਨੰਦ 'ਤੇ ਹੋਏ ਜਾਨ ਲੇਵਾ ਹਮਲੇ ਦੀ ਜ਼ੋਰਦਾਰ ਸ਼ਬਦਾਂ 'ਚ ਨਿਖੇਧੀ ਕੀਤੀ ਹੈ। ਉਨ੍ਹਾਂ ਆਖਿਆ ਕਿ ਇਹ ਘਟਨਾ ਦੇਸ਼ ਤੋਂ ਬਾਹਰ ਹੋਈ, ਇਸ ਲਈ ਸਾਨੂੰ ਸਾਰਿਆਂ ਨੂੰ ਸੰਜਮ ਤੋਂ ਕੰਮ ਲੈ ਕੇ ਘਟਨਾ ਦੇ ਅਸਲੀ ਤੱਥਾਂ ਦੀ ਉਡੀਕ ਕਰਨੀ ਚਾਹੀਦੀ ਹੈ। ਰੋਸ ਮੁਜ਼ਾਹਰੇ ਸਾੜ ਫੂਕ, ਭੰਨ ਤੋੜ ਇਸ ਮਸਲੇ ਦਾ ਹੱਲ ਨਹੀਂ, ਸਾਨੂੰ ਸਾਰਿਆਂ ਨੂੰ ਸ਼ਾਂਤਮਈ ਰਹਿ ਕੇ ਇਸ ਘਟਨਾ ਦੇ ਖਿਲਾਫ ਰੋਸ ਪ੍ਰਗਟ ਕਰਨਾ ਚਾਹੀਦਾ ਹੈ ਤਾਂ ਕਿ ਪੰਜਾਬ 'ਚ ਅਮਨ ਸ਼ਾਂਤੀ ਤੇ ਆਪਸੀ ਭਾਈਚਾਰਕ ਸਾਂਝ ਨੂੰ ਕੋਈ ਆਂਚ ਨਾ ਆਵੇ। ਉਨ੍ਹਾਂ ਆਖਿਆ ਕਿ ਸਾਰੀ ਸਿੱਖ ਕੌਮ ਦੀਆਂ ਭਾਵਨਾਵਾਂ ਡੇਰਾ ਬੱਲਾਂ ਦੀਆਂ ਸੰਗਤਾਂ ਦੇ ਨਾਲ ਹਨ। ਉਨ੍ਹਾਂ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਨੂੰ ਅਪੀਲ ਕੀਤੀ ਕਿ ਉਹ ਆਪ ਇਸ ਮਾਮਲੇ 'ਚ ਦਖਲ ਦੇ ਕੇ ਜਲਦੀ ਹੱਲ ਕਰਵਾਉਣ।

ਅਜੀਤ ਜਲੰਧਰ ਦਾ ਖ਼ਬਰ ਪੰਨਾ - ਸੰਕਟ ‘ਚ ਘਿਰਿਆ ਜਲੰਧਰ

9) ਪੰਜਾਬ 'ਚ ਹਿੰਸਾ ਦਾ ਦੌਰ ਜਾਰੀ - ਇਕ ਹੋਰ ਮੌਤ


... ਅੱਗੇ ਪੜ੍ਹੋ

ਸੰਕਟ ‘ਚ ਘਿਰਿਆ ਜਲੰਧਰ

ਜਲੰਧਰ, 26 ਮਈ (ਜਸਪਾਲ ਸਿੰਘ)-ਆਸਟਰੀਆ ਦੀ ਰਾਜਧਾਨੀ ਵਿਆਨਾ ਵਿਖੇ ਬੱਲਾਂ ਵਾਲੇ ਸੰਤਾਂ 'ਤੇ ਹੋਏ ਹਮਲੇ ਕਾਰਨ ਜਲੰਧਰ ਅਤੇ ਆਸ-ਪਾਸ ਦੇ ਖੇਤਰਾਂ 'ਚ ਫੈਲੀ ਹਿੰਸਾ ਨੇ ਬੀਤੀ ਰਾਤ ਇਕ ਹੋਰ ਜਾਨ ਲੈ ਲਈ। ਸਦਰ ਥਾਣੇ ਅਧੀਨ ਆਉਂਦੇ ਇਲਾਕੇ ਢਿੱਲਵਾਂ 'ਚ ਬੀਤੀ ਰਾਤ ਗੋਲੀ ਚੱਲਣ ਕਾਰਨ ਇਕ ਪ੍ਰਦਰਸ਼ਨਕਾਰੀ ਮਾਰਿਆ ਗਿਆ, ਜਦਕਿ ਅੱਧੀ ਦਰਜਨ ਦੇ ਕਰੀਬ ਹੋਰ ਜ਼ਖਮੀ ਹੋ ਗਏ। ਮ੍ਰਿਤਕ ਦੀ ਪਛਾਣ ਵਿਜੇ ਕੁਮਾਰ (17) ਪੁੱਤਰ ਯਸ਼ਪਾਲ ਵਾਸੀ ਢਿੱਲਵਾਂ ਵਜੋਂ ਹੋਈ ਹੈ। ਇਸੇ ਤਰ੍ਹਾਂ ਦੁਪਹਿਰ ਵੇਲੇ ਧੰਨੋਵਾਲੀ ਵਿਖੇ ਪ੍ਰਦਰਸ਼ਨਕਾਰੀਆਂ ਨੂੰ ਇਕੱਠੇ ਹੁੰਦੇ ਦੇਖ ਕੇ ਪੁਲਿਸ ਵਲੋਂ ਹਵਾਈ ਫਾਇਰ ਕੀਤੇ ਗਏ। ਓਧਰ ਜਲੰਧਰ ਛਾਉਣੀ ਸਟੇਸ਼ਨ, ਜਿਥੇ ਬੀਤੇ ਦਿਨ ਮਦਰਾਸ ਐਕਸਪ੍ਰੈੱਸ ਗੱਡੀ ਨੂੰ ਅੱਗ ਲਗਾਉਣ ਅਤੇ ਜੰਮੂ ਮੇਲ ਸਮੇਤ ਹੋਰਨਾਂ ਗੱਡੀਆਂ 'ਤੇ ਪਥਰਾਅ ਕਰਨ ਦੀਆਂ ਘਟਨਾਵਾਂ ਵਾਪਰੀਆਂ ਸਨ, 'ਤੇ ਅੱਜ ਮਾਹੌਲ ਸ਼ਾਂਤੀਪੂਰਨ ਬਣਿਆ ਰਿਹਾ। ਸਟੇਸ਼ਨ ਤੋਂ ਅੱਧੀ ਦਰਜਨ ਦੇ ਕਰੀਬ ਗੱਡੀਆਂ ਸੁੱਖੀ-ਸਾਂਦੀ ਹਜ਼ਾਰਾਂ ਯਾਤਰੀਆਂ ਨੂੰ ਲੈ ਕੇ ਰਵਾਨਾ ਹੋਈਆਂ। ਇਸੇ ਤਰ੍ਹਾਂ ਜਲੰਧਰ-ਫਗਵਾੜਾ ਜੀ. ਟੀ. ਰੋਡ 'ਤੇ ਫਸੇ ਹੋਏ ਵਾਹਨ ਆਪਣੀ ਮੰਜ਼ਿਲ ਵੱਲ ਨੂੰ ਸੁਰੱਖਿਅਤ ਵਧੇ।

ਢਿੱਲਵਾਂ 'ਚ ਨੌਜਵਾਨ ਦੀ ਮੌਤ
ਬੀਤੀ ਰਾਤ ਪਿੰਡ ਢਿੱਲਵਾਂ ਵਿਖੇ ਵਾਪਰੀ ਇਕ ਹਿੰਸਕ ਘਟਨਾ 'ਚ ਢਿੱਲਵਾਂ 'ਚ ਇਕ ਕਾਂਗਰਸੀ ਆਗੂ ਸ੍ਰੀ ਗੁਰਚਰਨ ਦੁੱਗਲ ਦੇ ਭਤੀਜੇ ਵਿਜੇ ਕੁਮਾਰ (17) ਪੁੱਤਰ ਯਸ਼ਪਾਲ ਵਾਸੀ ਢਿੱਲਵਾਂ ਦੀ ਮੌਤ ਹੋ ਗਈ ਜਦਕਿ ਅੱਧੀ ਦਰਜਨ ਦੇ ਕਰੀਬ ਹੋਰ ਵਿਅਕਤੀ ਜ਼ਖਮੀ ਹੋ ਗਏ। ਮਿਲੀ ਜਾਣਕਾਰੀ ਅਨੁਸਾਰ ਪਿੰਡ ਢਿੱਲਵਾਂ 'ਚ ਕੁੱਝ ਲੋਕਾਂ ਵਲੋਂ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਤੇ ਇਨ੍ਹਾਂ ਲੋਕਾਂ ਨੇ ਵਿਰੋਧ ਪ੍ਰਦਰਸ਼ਨ ਕਰਦੇ ਹੋਏ ਨਗਰ ਨਿਗਮ ਜਲੰਧਰ ਦੇ ਵਾਰਡ ਨੰਬਰ-11 ਦੇ ਕੌਂਸਲਰ ਸ੍ਰੀ ਬਲਬੀਰ ਸਿੰਘ ਬਿੱਟੂ ਦੇ ਘਰ, ਦੁਕਾਨ ਅਤੇ ਦਫਤਰ 'ਤੇ ਹਮਲਾ ਕਰਕੇ ਤੋੜ-ਭੰਨ ਕੀਤੀ ਗਈ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਵੱਲੋਂ ਕੌਂਸਲਰ ਬਲਬੀਰ ਸਿੰਘ ਬਿੱਟੂ ਦੀ ਕਾਰ ਦੀ ਵੀ ਭਾਰੀ ਭੰਨ-ਤੋੜ ਕੀਤੀ ਗਈ ਅਤੇ ਤੂੜੀ ਵਾਲੇ ਕੁੱਪ ਆਦਿ ਸਾੜ੍ਹ ਦਿੱਤੇ ਗਏ, ਜਿਨ੍ਹਾਂ ਨੂੰ ਖਦੇੜਨ ਲਈ ਬਿੱਟੂ ਦੇ ਕਿਸੇ ਸਮਰਥਕ ਵਲੋਂ ਕੀਤੀ ਗਈ ਫਾਈਰਿੰਗ 'ਚ ਵਿਜੇ ਕੁਮਾਰ ਮਾਰਿਆ ਗਿਆ, ਜਿਸ ਨੂੰ ਸਿਵਲ ਹਸਪਤਾਲ ਲਿਜਾਂਦਾ ਗਿਆ। ਉਥੇ ਆਪ੍ਰੇਸ਼ਨ ਸਮੇਂ ਉਸ ਦੀ ਮੌਤ ਹੋ ਗਈ।

ਉਸ ਦੀ ਮੌਤ ਦੀ ਖਬਰ ਸੁਣਦੇ ਸਾਰ ਹੀ ਪਿੰਡ 'ਚ ਮਾਹੌਲ ਤਣਾਅਪੂਰਨ ਤੇ ਸੋਗਮਈ ਬਣ ਗਿਆ। ਸੀਨੀਅਰ ਮਹਿਲਾ ਕਾਂਗਰਸੀ ਆਗੂ ਸ੍ਰੀਮਤੀ ਅੰਜੂ ਦੁੱਗਲ ਅਤੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਗਾਇਆ ਹੈ ਕਿ ਵਿਜੇ ਕੁਮਾਰ ਦੀ ਮੌਤ ਕੌਂਸਲਰ ਬਲਬੀਰ ਸਿੰਘ ਬਿੱਟੂ ਵਲੋਂ ਚਲਾਈ ਗਈ ਗੋਲੀ ਨਾਲ ਹੀ ਹੋਈ ਹੈ। ਓਧਰ ਬਲਬੀਰ ਸਿੰਘ ਬਿੱਟੂ ਨੇ ਆਪਣੇ ਉੱਪਰ ਲਗਾਏ ਗਏ ਦੋਸ਼ਾਂ ਨੂੰ ਝੂਠੇ ਅਤੇ ਬੇਬੁਨਿਆਦ ਦੱਸਦੇ ਹੋਏ ਕਿਹਾ ਹੈ ਕਿ ਉਨ੍ਹਾਂ ਕੋਲ ਨਾ ਤਾਂ ਕੋਈ ਹਥਿਆਰ ਹੈ ਤੇ ਨਾ ਹੀ ਕੋਈ ਲਾਈਸੈਂਸ, ਇਸ ਲਈ ਉਨ੍ਹਾਂ ਵਲੋਂ ਗੋਲੀ ਕਿਸ ਤਰ੍ਹਾਂ ਚਲਾਈ ਜਾ ਸਕਦੀ ਹੈ। ਇਸ ਮੌਕੇ ਉਨ੍ਹਾਂ ਮੰਨਿਆ ਕਿ ਕੁੱਝ ਲੋਕਾਂ ਨੇ ਉਨ੍ਹਾਂ ਦੀ ਦੁਕਾਨ ਅਤੇ ਦਫਤਰ 'ਤੇ ਹਮਲਾ ਕੀਤਾ ਸੀ ਤੇ ਉਸ ਸਮੇਂ ਦੌਰਾਨ ਸਵੈ-ਰੱਖਿਆ ਲਈ ਉਨ੍ਹਾਂ ਦੇ ਕਿਸੇ ਸਮਰਥਕ ਵਲੋਂ ਚਲਾਈ ਗਈ ਗੋਲੀ ਦੀ ਲਪੇਟ 'ਚ ਆ ਕੇ ਉਕਤ ਨੌਜਵਾਨ ਮਾਰਿਆ, ਜਿਸਦੀ ਮੌਤ 'ਤੇ ਉਨ੍ਹਾਂ ਨੂੰ ਭਾਰੀ ਅਫਸੋਸ ਹੈ। ਇਥੇ ਜ਼ਿਕਰਯੋਗ ਹੈ ਕਿ ਮ੍ਰਿਤਕ ਨੌਜਵਾਨ ਵਿਜੇ ਕੁਮਾਰ ਤਿੰਨ ਭੈਣਾਂ ਦਾ ਇਕੋ-ਇਕ ਭਰਾ ਸੀ।

ਕੌਂਸਲਰ ਬਿੱਟੂ ਤੇ ਸਾਥੀਆਂ ਦੇ ਖਿਲਾਫ ਕੇਸ ਦਰਜ
ਜਲੰਧਰ, 26 ਮਈ (ਪ. ਪ.)-ਬੀਤੀ ਰਾਤ ਪਿੰਡ ਢਿੱਲਵਾਂ ਵਿਖੇ ਵਾਪਰੀ ਗੋਲੀ ਚੱਲਣ ਦੀ ਘਟਨਾ 'ਚ ਮਾਰੇ ਗਏ ਨੌਜਵਾਨ ਵਿਜੇ ਕੁਮਾਰ ਪੁੱਤਰ ਯਸ਼ਪਾਲ ਦੀ ਮੌਤ ਦੇ ਸਬੰਧ 'ਚ ਥਾਣਾ ਸਦਰ ਦੀ ਪੁਲਿਸ ਨੇ ਨਗਰ ਨਿਗਮ ਦੇ ਵਾਰਡ ਨੰਬਰ-11 ਦੇ ਕੌਂਸਲਰ ਸ੍ਰੀ ਬਲਬੀਰ ਸਿੰਘ ਬਿੱਟੂ ਅਤੇ ਉਨ੍ਹਾਂ ਦੇ ਸਾਥੀਆਂ ਸਰੂਪ ਸਿੰਘ, ਜੀਤਾ, ਭਜਨ ਸਿੰਘ ਤੇ ਸੁੱਖੇ ਦੇ ਖਿਲਾਫ ਧਾਰਾ 302 ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਸਦਰ ਦੇ ਮੁਖੀ ਸ. ਲਖਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਉਕਤ ਮਾਮਲਾ ਮ੍ਰਿਤਕ ਦੇ ਵਾਰਸਾਂ ਦੇ ਬਿਆਨਾਂ 'ਤੇ ਦਰਜ ਕੀਤਾ ਗਿਆ ਹੈ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਹਰ ਵਾਰ 'ਵਿਜੇ ਕੁਮਾਰ' ਹੀ ਕਿਉਂ ਬਣਦੈ ਸ਼ਿਕਾਰ
ਜਲੰਧਰ, 26 ਮਈ (ਜਸਪਾਲ ਸਿੰਘ, ਸੁਮਿਤ ਦੁੱਗਲ)-ਇਹ ਇਤਫਾਕ ਹੈ ਜਾਂ ਫਿਰ ਕੁਝ ਹੋਰ। ਇਹ ਤਾਂ ਪਰਮਾਤਮਾ ਹੀ ਜਾਣੇ ਪਰ ਪਿਛਲੇ ਕੁਝ ਸਮੇਂ ਦੌਰਾਨ ਜ਼ਿਲ੍ਹੇ 'ਚ ਦਲਿਤਾਂ ਨਾਲ ਵਾਪਰੀਆਂ ਹਿੰਸਕ ਘਟਨਾਵਾਂ 'ਚ ਹਰ ਵਾਰ 'ਵਿਜੇ ਕੁਮਾਰ' ਹੀ ਕਿਉਂ ਮਾਰਿਆ ਜਾਂਦਾ ਹੈ। ਇਨ੍ਹਾਂ ਘਟਨਾਵਾਂ 'ਚ ਮਾਰਿਆ ਜਾਣ ਵਾਲਾ ਵਿਜੇ ਕੁਮਾਰ ਇਕ ਹੀ ਆਦਮੀ ਨਹੀਂ ਹੈ, ਜੋ ਵਾਰ-ਵਾਰ ਮਰ ਰਿਹਾ ਹੈ। ਹਾਂ, ਇਹ ਸੰਯੋਗ ਜਰੂਰ ਹੈ ਕਿ ਅਜਿਹੀਆਂ ਘਟਨਾਵਾਂ 'ਚ ਮਾਰੇ ਗਏ ਵਿਅਕਤੀ ਦਾ ਨਾਂ ਵਿਜੇ ਕੁਮਾਰ ਹੀ ਹੁੰਦਾ ਹੈ। ਇਕੱਤਰ ਕੀਤੀ ਗਈ ਜਾਣਕਾਰੀ ਅਨੁਸਾਰ ਬੀਤੇ ਸਮੇਂ ਦੌਰਾਨ ਸ਼ਾਹਕੋਟ ਵਿਖੇ ਥਾਣੇ 'ਚ ਪੁਲਿਸ ਦੀ ਕੁੱਟ ਨਾਲ ਮਾਰੇ ਗਏ ਦਲਿਤ ਵਿਅਕਤੀ ਦਾ ਨਾਂ ਜੇਕਰ ਵਿਜੇ ਕੁਮਾਰ ਸੀ ਤਾਂ ਨੂਰਮਹਿਲ 'ਚ ਪੁਲਿਸ ਗੋਲੀ ਨਾਲ ਮਾਰਿਆ ਗਿਆ ਵਿਅਕਤੀ ਵੀ ਵਿਜੇ ਕੁਮਾਰ ਹੀ ਸੀ ਤੇ ਤੱਲ੍ਹਣ ਕਾਂਡ ਵੇਲੇ ਪੁਲਿਸ ਗੋਲੀ ਦਾ ਸ਼ਿਕਾਰ ਹੋਣ ਵਾਲਾ ਨੌਜਵਾਨ ਦਾ ਨਾਂ ਵੀ ਵਿਜੇ ਕੁਮਾਰ ਕਾਲਾ ਸੀ ਜਦਕਿ ਬੀਤੀ ਰਾਤ ਢਿੱਲਵਾਂ ਵਿਖੇ ਗੋਲੀ ਲੱਗਣ ਕਾਰਨ ਮਾਰੇ ਗਏ 17 ਸਾਲਾ ਨੌਜਵਾਨ ਦਾ ਨਾਂ ਵੀ ਵਿਜੇ ਕੁਮਾਰ ਹੀ ਸੀ।

ਪਿੰਡ ਨੂਰਪੁਰ ਨੇੜੇ ਰਸਤਾ ਰੋਕ ਕੇ ਰੋਸ ਪ੍ਰਦਰਸ਼ਨ - ਪੁਲਿਸ ਵੱਲੋਂ ਲਾਠੀਚਾਰਜ
ਜਲੰਧਰ, 26 ਮਈ (ਮਨਵੀਰ ਸਿੰਘ ਵਾਲੀਆ)-ਜਲੰਧਰ 'ਚ ਬੀਤੇ ਐਤਵਾਰ ਤੋਂ ਸ਼ੁਰੂ ਹੋਈ ਹਿੰਸਾ ਤੋਂ ਬਾਅਦ ਛਿੱਟ-ਪੁੱਟ ਘਟਨਾਵਾਂ ਅੱਜ ਤੀਜੇ ਦਿਨ ਵੀ ਜਾਰੀ ਰਹੀਆਂ। ਹਾਲਾਂ ਕਿ ਪੁਲਿਸ ਅਧਿਕਾਰੀ ਸਥਿਤੀ ਦੇ ਪੂਰੀ ਤਰ੍ਹਾਂ ਕਾਬੂ ਹੇਠ ਹੋਣ ਦਾ ਦਾਅਵਾ ਕਰ ਰਹੇ ਹਨ ਪਰ ਇਸ ਦੇ ਬਾਵਜੂਦ ਸਭ ਪਾਸੇ ਡਰ ਅਤੇ ਸਹਿਮ ਦਾ ਮਾਹੌਲ ਹੈ। ਅੱਜ ਸਾਰਾ ਦਿਨ ਵੀ ਪੁਲਿਸ ਅਧਿਕਾਰੀਆਂ ਨੂੰ ਭਾਜੜਾਂ ਪਈਆਂ ਰਹੀਆਂ। ਦਿਨ 'ਚ ਵਾਪਰੀਆਂ ਘਟਨਾਵਾਂ ਤੋਂ ਇਲਾਵਾ ਇਹ ਹੰਗਾਮੇ ਦੇਰ ਸ਼ਾਮ ਤੋਂ ਲੈ ਕੇ ਰਾਤ ਤੱਕ ਵੀ ਜਾਰੀ ਰਹੇ। ਸਥਾਨਕ ਪਠਾਨਕੋਟ ਰੋਡ 'ਤੇ ਸਥਿਤ ਪਿੰਡ ਨੂਰਪੁਰ ਦੇ ਨੇੜੇ ਅੱਜ ਸ਼ਾਮ ਖੇਤਰ ਦੇ ਸੈਂਕੜੇ ਵਿਅਕਤੀਆਂ ਨੇ ਰਾਸ਼ਟਰੀ ਮਾਰਗ 'ਤੇ ਧਰਨਾ ਦੇ ਕੇ ਟ੍ਰੈਫਿਕ ਜਾਮ ਕਰ ਦਿੱਤਾ। ਇਹ ਪ੍ਰਦਰਸ਼ਨ ਕਾਫੀ ਦੇਰ ਤੱਕ ਜਾਰੀ ਰਿਹਾ, ਜਿਸ ਕਾਰਨ ਉਕਤ ਸੜਕ 'ਤੇ ਵਾਹਨਾਂ ਦੀ ਆਵਾਜਾਈ ਪੂਰੀ ਤਰ੍ਹਾਂ ਕਟ ਗਈ। ਇਸ ਸਬੰਧੀ ਸੂਚਨਾ ਮਿਲਣ 'ਤੇ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚ ਗਏ ਪਰ ਵਾਰ-ਵਾਰ ਸਮਝਾਏ ਜਾਣ 'ਤੇ ਵੀ ਪ੍ਰਦਰਸ਼ਨਕਾਰੀ ਜਾਮ ਖੋਲ੍ਹਣ ਲਈ ਤਿਆਰ ਨਹੀਂ ਹੋਏ, ਜਿਸ ਤੋਂ ਬਾਅਦ ਪੁਲਿਸ ਨੇ ਤਾਕਤ ਦੀ ਵਰਤੋਂ ਕਰਕੇ ਪ੍ਰਦਰਸ਼ਨਕਾਰੀਆਂ ਨੂੰ ਉਥੋਂ ਹਟਾਇਆ, ਜਿਸ ਦੌਰਾਨ ਪੁਲਿਸ ਨੇ ਅੱਥਰੂ ਗੈਸ ਦੇ ਗੋਲੇ ਛੱਡੇ ਅਤੇ ਲਾਠੀਚਾਰਜ ਵੀ ਕੀਤਾ। ਸੜਕ ਤੋਂ ਹਟਾਏ ਜਾਣ ਉਪਰੰਤ ਪ੍ਰਦਰਸ਼ਨਕਾਰੀ ਪਿੰਡ ਦੇ ਅੰਦਰ ਚਲੇ ਗਏ ਅਤੇ ਪੁਲਿਸ ਮੁਲਾਜ਼ਮਾਂ ਉੱਕਦ ਜ਼ੋਰਦਾਰ ਪਥਰਾਅ ਕਰਨ ਲੱਗੇ। ਇਕ ਵਾਰ ਤਾਂ ਪੁਲਿਸ ਨੂੰ ਭਾਜੜਾਂ ਪੈ ਗਈਆਂ। ਉਪਰੰਤ ਪੁਲਿਸ ਨੇ ਸਥਿਤੀ ਉੱਕਦ ਕਾਬੂ ਪਾ ਲਿਆ। ਇਸ ਹੰਗਾਮੇ ਦੌਰਾਨ ਪੁਲਿਸ ਨੇ ਪਥਰਾਅ ਕਰ ਰਹੇ 4-5 ਵਿਅਕਤੀਆਂ ਨੂੰ ਵੀ ਕਾਬੂ ਕਰ ਲਿਆ। ਇਸੇ ਤਰ੍ਹਾਂ ਸਥਾਨਕ ਪਠਾਨਕੋਟ ਚੌਕ ਨੇੜੇ ਵੀ ਰਸਤਾ ਰੋਕ ਕੇ ਰੋਸ ਪ੍ਰਦਰਸ਼ਨ ਕਰ ਰਹੇ ਪ੍ਰਦਰਸ਼ਨਕਾਰੀਆਂ ਨੂੰ ਪੁਲਿਸ ਨੇ ਤਾਕਤ ਦੀ ਵਰਤੋਂ ਕਰਕੇ ਉਥੋਂ ਖਦੇੜ ਦਿੱਤਾ।

ਇਕ ਪ੍ਰਦਰਸ਼ਨਕਾਰੀ ਕਾਬੂ - ਦਰਜਨਾਂ ਮੋਟਰਸਾਈਕਲ ਕਬਜ਼ੇ 'ਚ ਲਏ
ਨੂਰਪੁਰ ਅੱਡੇ ਨੇੜੇ ਪਥਰਾਅ ਕਰਕੇ ਭੱਜ ਰਹੇ ਸ਼ਰਾਰਤੀ ਅਨਸਰਾਂ ਦਾ ਪੁਲਿਸ ਅਤੇ ਫੌਜ ਨੇ ਪਿੱਛਾ ਕੀਤਾ ਤਾਂ ਉਹ ਆਪਣੇ ਮੋਟਰਸਾਈਕਲ ਉਥੇ ਹੀ ਛੱਡ ਕੇ ਭੱਜ ਪਏ। ਪੁਲਿਸ ਨੇ ਕਰੀਬ ਦੋ ਦਰਜਨ ਮੋਟਰਸਾਈਕਲ ਕਬਜ਼ੇ 'ਚ ਲੈ ਲਏ। ਪ੍ਰਦਰਸ਼ਨਕਾਰੀਆਂ ਦੀ ਪਥਰਾਅ ਕਾਰਨ ਵੇਲੇ ਅਗਵਾਈ ਕਰ ਰਿਹਾ ਅਮਰਜੀਤ ਕੁਮਾਰ ਨਾਮਕ ਨੌਜਵਾਨ ਫੌਜ ਦੇ ਜਵਾਨਾਂ ਦੀ ਨਜ਼ਰ ਪੈ ਜਾਣ ਤੋਂ ਬਾਅਦ ਭੱਜ ਕੇ ਖੇਤਾਂ 'ਚ ਖੜ੍ਹੀ ਇਕ ਕੰਬਾਈਨ ਹੇਠਾਂ ਲੁੱਕ ਗਿਆ, ਜਿਸ ਨੂੰ ਪੁਲਿਸ ਨੇ ਕਾਬੂ ਕਰ ਲਿਆ।

ਘਰ ਦੇ ਬਾਹਰ ਖੜ੍ਹਾ ਸਕੂਟਰ ਫੂਕਿਆ
ਸਥਾਨਕ ਵੇਰਕਾ ਮਿਲਕ ਪਲਾਂਟ ਦੇ ਨੇੜੇ ਸਥਿਤ ਬਾਬਾ ਮੋਹਨ ਦਾਸ ਨਗਰ ਵਿਖੇ ਇਕ ਘਰ ਦੇ ਬਾਹਰ ਖੜ੍ਹਾ ਕੀਤਾ ਹੋਇਆ ਇਕ ਵਿਅਕਤੀ ਦਾ ਸਕੂਟਰ ਸ਼ਰਾਰਤੀ ਅਨਸਰਾਂ ਨੇ ਫੂਕ ਦਿੱਤਾ। ਉਕਤ ਸਕੂਟਰ ਘਰ ਦੇ ਬਾਹਰ ਖੜ੍ਹਾ ਸੀ ਕਿ ਕੁਝ ਨੌਜਵਾਨਾਂ ਨੇ ਹੱਥ ਵਿਚ ਫੜੀ ਪੈਟਰੋਲ ਦੀ ਕੈਨੀ ਵਿਚੋਂ ਪੈਟਰੋਲ ਪਾ ਕੇ ਸਕੂਟਰ ਨੂੰ ਅੱਗ ਲਗਾ ਦਿੱਤੀ।

ਛੋਟਾ ਸਈਪੁਰ ਰੋਡ 'ਤੇ ਪਥਰਾਅ
ਜਲੰਧਰ, 26 ਮਈ (ਵਾਲੀਆ)-ਸਥਾਨਕ ਸੋਡਲ ਖੇਤਰ 'ਚ ਸਥਿਤ ਛੋਟਾ ਸਈਪੁਰ ਰੋਡ 'ਤੇ ਵੀ ਅੱਜ ਦੁਪਹਿਰ ਕੁਝ ਸ਼ਰਾਰਤੀ ਅਨਸਰ ਇਕੱਠੇ ਹੋ ਗਏ ਅਤੇ ਉਨ੍ਹਾਂ ਨੇ ਭਾਰੀ ਪਥਰਾਅ ਕੀਤਾ ਜਿਸ ਕਾਰਨ ਪੂਰੀ ਸੜਕ ਇੱਟਾਂ, ਪੱਥਰਾਂ ਦੇ ਨਾਲ ਭਰ ਗਈ। ਮੌਕੇ 'ਤੇ ਪੁੱਜੀ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਉਥੋਂ ਭਜਾਇਆ।

ਕਰਫ਼ਿਊ 'ਚ ਰਾਹਤ ਦੌਰਾਨ ਲੋਕਾਂ ਨੇ ਖੁੱਲ੍ਹ ਕੇ ਕੀਤੀ ਖਰੀਦਦਾਰੀ
ਜਲੰਧਰ, 26 ਮਈ (ਚੰਦੀਪ ਭੱਲਾ)-ਵਿਆਨਾ ਦੀ ਘਟਨਾ ਤੋਂ ਬਾਅਦ ਜਲੰਧਰ 'ਚ ਲਗਾਏ ਗਏ ਕਰਫ਼ਿਊ 'ਚ ਅੱਜ ਸਵੇਰੇ ਮਿਲੀ 8 ਤੋਂ 10 ਵਜੇ ਅਤੇ ਸ਼ਾਮ 4 ਤੋਂ 6 ਵਜੇ ਤੱਕ ਦੀ ਢਿੱਲ ਦੌਰਾਨ ਲੋਕਾਂ ਨੇ ਖੂਬ ਖਰੀਦਦਾਰੀ ਕੀਤੀ ਤੇ ਘਰਾਂ ਲਈ ਲੋੜ ਅਨੁਸਾਰ ਜ਼ਰੂਰੀ ਵਸਤਾਂ ਖਰੀਦ ਲਈਆਂ ਤਾਂ ਕਿ ਅੱਗੋਂ ਹੋਰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਘਰੇਲੂ ਜ਼ਰੂਰਤ ਦੇ ਸਾਮਾਨ ਵਾਲੀਆਂ ਦੁਕਾਨਾਂ, ਕਰਿਆਨਾ ਸਟੋਰ, ਦੁੱਧ, ਦਹੀਂ ਦੀਆਂ ਦੁਕਾਨਾਂ ਅਤੇ ਸਬਜ਼ੀ ਦੀਆਂ ਦੁਕਾਨਾਂ 'ਤੇ ਵੀ ਖਰੀਦਦਾਰੀ ਕਰਨ ਵਾਲੇ ਲੋਕਾਂ ਦੀ ਖੂਬ ਭੀੜ ਨਜ਼ਰ ਆਈ। ਇਸੇ ਤਰ੍ਹਾਂ ਗਲੀਆਂ ਮੁਹੱਲਿਆਂ 'ਚ ਸਥਿਤ ਦੁਕਾਨਾਂ 'ਤੇ ਵੀ ਘਰੇਲੂ ਵਸਤਾਂ ਖਰੀਦਣ ਵਾਲੇ ਗਾਹਕਾਂ ਦੀ ਖੂਬ ਭੀੜ ਨਜ਼ਰ ਆਈ। ਇਸੇ ਤਰ੍ਹਾਂ ਮਕਸੂਦਾਂ ਸਬਜ਼ੀ ਮੰਡੀ 'ਚ ਵੀ ਖਰੀਦਦਾਰੀ ਕਰਨ ਆਏ ਲੋਕਾਂ ਦੀ ਖੂਬ ਭੀੜ ਨਜ਼ਰ ਆਈ।

ਖਾਸਮ-ਖਾਸ ਲੋਕਾਂ ਨੂੰ ਮਿਲਦਾ ਰਿਹਾ ਪੈਟਰੋਲ
ਸਥਾਨਕ ਨਹਿਰੂ ਗਾਰਡਨ ਰੋਡ 'ਤੇ ਸਥਿਤ ਅਤੇ ਹੋਰ ਕਈ ਪੈਟਰੋਲ ਪੰਪ ਮਾਲਕਾਂ ਨੇ ਆਮ ਲੋਕਾਂ ਨੂੰ ਭਾਵੇਂ ਪੈਟਰੋਲ ਨਹੀਂ ਦਿੱਤਾ ਪਰ ਖਾਸਮ-ਖਾਸ ਲੋਕਾਂ ਨੂੰ ਉਹ ਸਾਰਾ ਦਿਨ ਬੋਤਲਾਂ ਅਤੇ ਕੈਨੀਆਂ 'ਚ ਪੈਟਰੋਲ ਦਿੰਦੇ ਵੇਖੇ ਗਏ, ਜਿਸ ਕਰਕੇ ਦੂਜੇ ਲੋਕਾਂ 'ਚ ਨਿਰਾਸ਼ਾ ਅਤੇ ਰੋਹ ਵੇਖਣ ਨੂੰ ਮਿਲਿਆ।

ਫੋਨ 'ਤੇ ਹਾਲ ਪੁੱਛਦੇ ਰਹੇ ਲੋਕ
ਸੋਮਵਾਰ ਦੀ ਤਰ੍ਹਾਂ ਅੱਜ ਵੀ ਕਰਫ਼ਿਊ ਕਰਕੇ ਲੋਕ ਇਕ-ਦੂਜੇ ਤੋਂ ਫੋਨ 'ਤੇ ਸ਼ਹਿਰ ਦੇ ਹਾਲਾਤ ਬਾਰੇ ਜਾਣਕਾਰੀ ਲੈਂਦੇ ਰਹੇ।

ਬੱਚਿਆਂ ਨੇ ਆਨੰਦ ਲਿਆ
ਜਿਥੇ ਕਰਫ਼ਿਊ ਦੌਰਾਨ ਸ਼ਹਿਰ 'ਚ ਸੁੰਨਸਾਨ ਜਿਹਾ ਮਾਹੌਲ ਰਿਹਾ ਉਥੇ ਨਾਲ ਹੀ ਦੂਜੇ ਪਾਸੇ ਇਸ ਹਾਲਾਤ ਤੋਂ ਅਨਜਾਣ ਬੱਚੇ ਮਕਸੂਦਾਂ ਨਹਿਰ 'ਚ ਨਹਾ ਕੇ ਗਰਮੀ ਤੋਂ ਰਾਹਤ ਲੈਂਦੇ ਨਜ਼ਰ ਆਏ ਤੇ ਸਾਰਾ ਦਿਨ ਇਥੇ ਬੱਚਿਆਂ ਨੇ ਖੂਬ ਮੌਜ ਮਸਤੀ ਕੀਤੀ।

ਜਲੰਧਰ 'ਚ ਤੀਜੇ ਦਿਨ ਵੀ ਜਾਰੀ ਰਿਹਾ ਕਰਫ਼ਿਊ - ਸਥਿਤੀ ਤਣਾਅਪੂਰਨ ਪਰ ਕਾਬੂ ਹੇਠ ਰਹੀ
ਜਲੰਧਰ, 26 ਮਈ (ਮਨਵੀਰ ਸਿੰਘ ਵਾਲੀਆ, ਪਵਨ ਖਰਬੰਦਾ)-ਵਿਆਨਾ ਦੇ ਇਕ ਧਾਰਮਿਕ ਅਸਥਾਨ 'ਚ ਵਾਪਰੀ ਘਟਨਾ ਤੋਂ ਬਾਅਦ ਜਲੰਧਰ ਅਤੇ ਪੰਜਾਬ ਦੇ ਹੋਰ ਕਈ ਸ਼ਹਿਰਾਂ 'ਚ ਪੈਦਾ ਹੋਇਆ ਤਣਾਅ ਅੱਜ ਵੀ ਜਾਰੀ ਰਿਹਾ। ਬੀਤੇ ਐਤਵਾਰ ਦੀ ਸ਼ਾਮ ਤੋਂ ਜਲੰਧਰ ਵਿਚ ਲਗਾਇਆ ਗਿਆ ਕਰਫ਼ਿਊ ਅੱਜ ਤੀਜੇ ਦਿਨ ਵੀ ਜਾਰੀ ਰਿਹਾ, ਜਿਸ ਕਾਰਨ ਆਮ ਜਨ-ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਹਾਲਾਂਕਿ ਅੱਜ ਕੁਝ ਸਮੇਂ ਲਈ ਕਰਫ਼ਿਊ ਵਿਚ ਢਿੱਲ੍ਹ ਵੀ ਦਿੱਤੀ ਗਈ ਜਿਸ ਦੌਰਾਨ ਲੋਕਾਂ ਨੇ ਜ਼ਰੂਰੀ ਵਸਤਾਂ ਦੀ ਖਰੀਦਦਾਰੀ ਕੀਤੀ। ਸ਼ਹਿਰ 'ਚ ਭਾਰੀ ਗਿਣਤੀ 'ਚ ਪੁਲਿਸ ਫੋਰਸ, ਨੀਮ ਫ਼ੌਜੀ ਬਲਾਂ ਅਤੇ ਫ਼ੌਜ ਦੇ ਜਵਾਨ ਤਾਇਨਾਤ ਕੀਤੇ ਗਏ ਹਨ ਜਿਸ ਕਾਰਨ ਤਣਾਅ ਹੋਣ ਦੇ ਬਾਵਜੂਦ ਵੀ ਸਥਿਤੀ ਲਗਭਗ ਕਾਬੂ ਹੇਠ ਰਹੀ। ਇਸ ਦੇ ਬਾਵਜੂਦ ਵੀ ਅੱਜ ਸ਼ਹਿਰ 'ਚ ਛਿੱਟ-ਪੁੱਟ ਘਟਨਾਵਾਂ ਵਾਪਰੀਆਂ ਅਤੇ ਹੰਗਾਮੇ ਹੁੰਦੇ ਰਹੇ।

ਨਜ਼ਦੀਕੀ ਪਿੰਡ ਢਿਲਵਾਂ ਵਿਖੇ ਬੀਤੀ ਰਾਤ ਗੋਲੀ ਨਾਲ ਇਕ ਪ੍ਰਦਸ਼ਨਕਾਰੀ ਨੋਜਵਾਨ ਦੀ ਮੌਤ ਹੋ ਗਈ। ਸਥਾਨਕ ਭਾਰਗੋ ਕੈਂਪ 'ਚ ਪੁਲਿਸ ਕਾਰਵਾਈ ਦੌਰਾਨ ਇਕ ਬਜ਼ੁਰਗ ਔਰਤ ਦੀ ਮੌਤ ਹੋ ਗਈ। ਉਕਤ ਔਰਤ ਦੇ ਰਿਸ਼ਤੇਦਾਰਾਂ ਨੇ ਦੋਸ਼ ਲਗਾਇਆ ਹੈ ਕਿ ਉਕਤ ਔਰਤ ਦੀ ਮੌਤ ਪੁਲਿਸ ਵਲੋਂ ਧੱਕਾ ਮਾਰੇ ਜਾਣ ਕਾਰਨ ਹੋਈ ਹੈ।

ਇਕ ਮਨਿਆਰੀ ਦੀ ਦੁਕਾਨ ਵੀ ਅੱਜ ਫੂਕ ਦਿੱਤੀ ਗਈ। ਕਰਫਿਊ ਦੇ ਬਾਵਜੂਦ ਵੀ ਅੱਜ ਕਈ ਥਾਂਈ ਧਰਨੇ ਪ੍ਰਦਰਸ਼ਨਾਂ ਦਾ ਸਿਲਸਿਲਾ ਜ਼ਾਰੀ ਰਿਹਾ ਅਤੇ ਕਈ ਥਾਈਂ ਪੱਥਰਬਾਜ਼ੀ ਵੀ ਹੋਈ। ਉਧਰ ਜ਼ਿਲ੍ਹੇ 'ਚ ਅਮਨ ਕਾਨੂੰਨ ਦੀ ਸਥਿਤੀ ਨੂੰ ਬਿਹਤਰ ਬਨਾਉਣ ਲਈ ਜ਼ਿਲ੍ਹੇ ਦੇ ਪੁਲਿਸ ਅਤੇ ਸਿਵਲ ਅਧਿਕਾਰੀ ਅੱਜ ਯਤਨ ਕਰਨ 'ਚ ਲੱਗੇ ਰਹੇ ਅਤੇ ਮੀਟਿੰਗਾ ਦਾ ਸਿਲਸਿਲਾ ਜਾਰੀ ਰਿਹਾ ਜਦਕਿ ਕਈ ਰਾਜਨੀਤਕ ਅਤੇ ਧਾਰਮਿਕ ਆਗੂ ਵੀ ਸ਼ਾਂਤੀ ਬਹਾਲ ਕਰਨ ਦੇ ਯਤਨਾਂ 'ਚ ਰੁੱਝੇ ਰਹੇ।

ਨਿਊ ਸੁਰਾਜ ਗੰਜ 'ਚ ਔਰਤ ਦੀ ਮੌਤ-ਸਥਾਨਕ ਨਕੋਦਰ ਰੋਡ ਵਿਖੇ ਭਾਰਗੋ ਕੈਂਪ ਦੇ ਨਾਲ ਲੱਗਦੇ ਮੁਹੱਲਾ ਸੁਰਾਜ ਗੰਜ ਵਿਖੇ ਅੱਜ ਪੁਲਿਸ ਦੀ ਕਾਰਵਾਈ ਦੌਰਾਨ ਇਕ ਬਜ਼ੁਰਗ ਔਰਤ ਦੀ ਮੌਤ ਹੋ ਗਈ। ਪੁਲਿਸ ਦਾ ਕਹਿਣਾ ਸੀ ਕਿ ਉਕਤ ਔਰਤ ਦੀ ਮੌਤ ਦਿਲ ਫੇਲ੍ਹ ਹੋ ਜਾਣ ਕਾਰਨ ਹੋਈ ਹੈ ਜਦਕਿ ਉਕਤ ਔਰਤ ਦੇ ਪਰਿਵਾਰਕ ਮੈਂਬਰਾਂ ਦਾ ਇਹ ਕਹਿਣਾ ਹੈ ਕਿ ਦੋ ਪੁਲਿਸ ਕਰਮਚਾਰੀਆਂ ਵਲੋਂ ਧੱਕਾ ਮਾਰੇ ਜਾਣ ਕਾਰਨ ਉਸ ਦੀ ਮੌਤ ਹੋਈ ਹੈ। ਮਰਨ ਵਾਲੀ ਦੀ ਪਛਾਣ ਰੂਪ ਰਾਣੀ (55) ਪਤਨੀ ਬਚਨ ਲਾਲ ਵਾਸੀ ਨਿਊ ਸੁਰਾਜ ਗੰਜ ਜਲੰਧਰ ਦੇ ਤੌਰ 'ਤੇ ਹੋਈ ਹੈ। ਇਸ ਤੋਂ ਬਾਅਦ ਖੇਤਰ ਵਾਸੀ ਭੜਕ ਉਠੇ ਅਤੇ ਉਹ ਲਾਸ਼ ਨੂੰ ਲੈ ਕੇ ਬਾਹਰ ਸੜਕ 'ਤੇ ਪੰਹੁਚ ਗਏ ਅਤੇ ਦੋਸ਼ੀਆਂ ਖਿਲਾਫ ਕਾਰਵਾਈ ਦੀ ਮੰਗ ਨੂੰ ਲੈ ਕੇ ਰੋਸ ਪ੍ਰਦਰਸ਼ਨ ਕਰਨ ਲੱਗੇ, ਜਿਸ ਕਾਰਨ ਉਥੇ ਸਥਿਤੀ ਤਣਾਅਪੂਰਨ ਹੋ ਗਈ। ਹੰਗਾਮੇ ਦੀ ਸੂਚਨਾ ਮਿਲਦੇ ਹੀ ਥਾਣਾ-6 ਦੇ ਮੁਖੀ ਸਕੱਤਰ ਸਿੰਘ ਪੁਲਿਸ ਫੋਰਸ ਸਮੇਤ ਉਥੇ ਪੰਹੁਚ ਗਏ ਅਤੇ ਉਨ੍ਹਾਂ ਭੀੜ੍ਹ ਨੂੰ ਕਰਫਿਊ ਦੌਰਾਨ ਬਾਹਰ ਨਾ ਨਿਕਲਣ ਲਈ ਕਿਹਾ ਅਤੇ ਦੋਸ਼ੀਆਂ ਖਿਲਾਫ ਕਾਰਵਾਈ ਦਾ ਭਰੋਸਾ ਦਿੱਤਾ ਜਿਸ ਤੋਂ ਬਾਅਦ ਪ੍ਰਦਰਸ਼ਨਕਾਰੀ ਸ਼ਾਂਤ ਹੋ ਗਏ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।

ਮਨਿਆਰੀ ਦੀ ਦੁਕਾਨ ਫੂਕੀ
ਅੱਜ ਸਵੇਰੇ ਕੁਝ ਸ਼ਰਾਰਤੀ ਅਨਸਰਾਂ ਨੇ ਸਥਾਨਕ ਆਰੀਆ ਨਗਰ ਵਿਖੇ ਇਕ ਮਨਿਆਰੀ ਦੀ ਦੁਕਾਨ ਨੂੰ ਭੰਨ- ਤੋੜ ਕਰਨ ਉਪਰੰਤ ਅੱਗ ਲਗਾ ਦਿੱਤੀ। ਜਿਸ ਕਾਰਨ ਹਜ਼ਾਰਾਂ ਰੁਪਏ ਦਾ ਨੁਕਸਾਨ ਹੋਇਆ। ਦੁਕਾਨ ਦੇ ਮਾਲਕ ਅਵਤਾਰ ਸਿੰਘ ਪੁੱਤਰ ਨਾਨਕ ਸਿੰਘ ਵਾਸੀ ਆਰੀਆ ਨਗਰ ਜਲੰਧਰ ਨੇ ਦੱਸਿਆ ਕਿ ਅੱਜ ਸਵੇਰੇ ਕਰੀਬ 6-30 ਵਜੇ ਉਹ ਦੁਕਾਨ ਦੇ ਬਾਹਰ ਲੱਗੀ ਹੋਈ ਪਾਣੀ ਵਾਲੀ ਟੂਟੀ 'ਤੇ ਨਹਾਉਣ ਲਈ ਗਿਆ ਸੀ। ਇਸੇ ਦੌਰਾਨ ਉਸ ਨੇ ਦੁਕਾਨ ਦੇ ਅੰਦਰ ਪਿਆ ਤੌਲ੍ਹੀਆ ਲੈਣ ਲਈ ਦੁਕਾਨ ਦਾ ਸ਼ਟਰ ਉਪਰ ਚੁੱਕਿਆ ਹੀ ਸੀ ਕਿ 15-20 ਨੌਜਵਾਨ ਆ ਧਮਕੇ, ਉਨ੍ਹਾਂ ਨੇ ਆਪਣੇ ਚਿਹਰੇ ਢਕੇ ਹੋਏ ਸਨ। ਉਕਤ ਨੌਜਵਾਨਾਂ ਨੇ ਦੁਕਾਨ ਅੰਦਰ ਭੰਨ-ਤੋੜ੍ਹ ਕੀਤੀ ਅਤੇ ਕਾਫੀ ਸਾਰਾ ਸਾਮਾਨ ਚੁੱਕ ਲਿਆ ਅਤੇ ਦੁਕਾਨ ਨੂੰ ਅੱਗ ਲਗਾ ਕੇ ਫਰਾਰ ਹੋ ਗਏ। ਹਮਲਾਵਰਾਂ ਨੇ ਉਸ ਦੀ ਕੁੱਟਮਾਰ ਵੀ ਕੀਤੀ।

ਚੁਗਿੱਟੀ ਚੋਕ 'ਚ ਰੋਸ ਪ੍ਰਦਰਸ਼ਨ
ਵਿਆਨਾ 'ਚ ਹੋਈ ਘਟਨਾ ਪ੍ਰਤੀ ਰੋਸ ਕਰਨ ਲਈ ਅੱਜ ਸੈਂਕੜੇ ਵਿਅਕਤੀਆਂ ਜਿਨ੍ਹਾਂ ਵਿਚ ਔਰਤਾਂ ਵੀ ਸ਼ਾਮਲ ਸਨ ਵਲੋਂ ਅੱਜ ਸਥਾਨਕ ਚੁਗਿੱਟੀ ਚੌਕ ਵਿਖੇ ਮੁੱਖ ਰਾਸ਼ਟਰੀ ਮਾਰਗ ਉੱਪਰ ਰੋਸ ਪ੍ਰਦਰਸ਼ਨ ਕੀਤਾ ਗਿਆ। ਪਰ ਆਮ ਦਿਨਾਂ ਦੇ ਉਲਟ ਅੱਜ ਦਾ ਇਹ ਰੋਸ ਪ੍ਰਦਰਸ਼ਨ ਸ਼ਾਂਤੀਪੂਰਨ ਰਿਹਾ। ਪੁਲੀਸ ਦੀ ਮੋਜੂਦਗੀ 'ਚ ਕਰਫਿਊ ਦੇ ਦੋਰਾਨ ਇਹ ਰੋਸ ਪ੍ਰਦਰਸ਼ਨ ਜ਼ਾਰੀ ਰਿਹਾ। ਸਥਾਨਕ ਪਠਾਨਕੋਟ ਚੌਕ ਅਤੇ ਹੋਰ ਕਈ ਖੇਤਰਾਂ ਵਿਚ ਵੀ ਕਰਫਿਊ ਦੇ ਬਾਵਜੂਦ ਧਰਨੇ ਪ੍ਰਦਰਸ਼ਨ ਜ਼ਾਰੀ ਰਹੇ।

ਸ਼ਹਿਰ ਦੇ ਵੱਖ-ਵੱਖ ਖੇਤਰਾਂ 'ਚ ਫਲੈਗ ਮਾਰਚ-ਸ਼ਹਿਰ ਵਾਸੀਆਂ ਦੇ ਦਿਲਾਂ 'ਚ ਸੁੱਰਖਿਆ ਦੀ ਭਾਵਨਾ ਪੈਦਾ ਕਰਨ ਦੇ ਮੰਤਵ ਨਾਲ ਅੱਜ ਸੈਨਾ ਅਤੇ ਪੁਲਿਸ ਦੀਆਂ ਟੁਕੜੀਆਂ ਵੱਲੋਂ ਸ਼ਹਿਰ ਦੇ ਗੜਬੜ੍ਹ ਗ੍ਰਸਤ ਖੇਤਰਾਂ 'ਚ ਫਲੈਗ ਮਾਰਚ ਕੀਤਾ ਗਿਆ। ਅੱਜ ਦੁਪਹਿਰ ਆਈ. ਜੀ. ਜ਼ੋਨਲ ਸ੍ਰੀ ਸੰਜੀਵ ਕਾਲੜ੍ਹਾ ਦੀ ਅਗਵਾਈ ਹੇਠ ਫਲੈਗ ਮਾਰਚ ਕੀਤਾ ਗਿਆ ਜੋ ਕਿ ਸ਼ਹਿਰ ਦੇ ਵੱਖ-ਵੱਖ ਭਾਗਾਂ 'ਚ ਗਿਆ।

ਲਾਡੋਵਾਲੀ ਰੋਡ ਵਿਖੇ ਪਥਰਾਅ
ਸਥਾਨਕ ਲਾਡੋਵਾਲੀ ਰੋਡ ਵਿਖੇ ਬੀ. ਐਸ. ਐਫ. ਚੌਕ ਦੇ ਨੇੜ੍ਹੇ ਇਕੱਤਰ ਹੋਏ ਕੁਝ ਵਿਅਕਤੀਆਂ ਵਲੋਂ ਅੱਜ ਪਥਰਾਅ ਕੀਤਾ ਗਿਆ ਜਿਸ ਦੌਰਾਨ ਕੁਝ ਵਾਹਨਾਂ ਨੂੰ ਨੁਕਸਾਨ ਪੁੱਜਾ। ਮੌਕੇ 'ਤੇ ਪੁੱਜੀ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਹਲਕੀ ਤਾਕਤ ਦੀ ਵਰਤੋਂ ਕਰ ਕੇ ਉਥੋਂ ਖਦੇੜ ਦਿੱਤਾ। ਨਜ਼ਦੀਕੀ ਪਿੰਡ ਬੁਲੰਦਪੁਰ ਵਿਖੇ ਵੀ ਅੱਜ ਸਵੇਰੇ ਕਾਫੀ ਹੰਗਾਮਾ ਹੋਇਆ ਅਤੇ ਪੱਥਰ ਚੱਲੇ। ਪੁਲਿਸ ਨੇ ਮੌਕੇ 'ਤੇ ਪੰਹੁਚ ਕੇ ਸਥਿਤੀ 'ਤੇ ਕਾਬੂ ਪਾਇਆ।

ਕਰਫਿਊ 'ਚ ਢਿੱਲ੍ਹ ਦੋਰਾਨ ਲੋਕਾਂ ਨੇ ਕੀਤੀ ਖਰੀਦਦਾਰੀ
ਸਥਿਤੀ ਵਿਚ ਮਾਮੂਲੀ ਸੁਧਾਰ ਹੋਣ ਕਾਰਨ ਅੱਜ ਅਧਿਕਾਰੀਆਂ ਵਲੋਂ ਸਵੇਰੇ 9-00 ਤੋਂ 10-00 ਵਜੇ ਅਤੇ ਸ਼ਾਮ 4-00 ਤੋਂ 6-00 ਵਜੇ ਤੱਕ ਕਰਫਿਊ 'ਚ ਢਿੱਲ੍ਹ ਦਿੱਤੀ ਗਈ ਜਿਸ ਦੌਰਾਨ ਲੋਕ ਘਰਾਂ ਤੋਂ ਬਾਹਰ ਬਾਜ਼ਾਰਾਂ 'ਚ ਨਿਕਲੇ ਅਤੇ ਜ਼ਰੂਰੀ ਵਸਤਾਂ ਦੀ ਖਰੀਦਦਾਰੀ ਕੀਤੀ। ਕਈ ਦੁਕਾਨਦਾਰਾਂ ਨੇ ਦੁੱਧ, ਆਟਾ, ਦਾਲ ਅਤੇ ਸਬਜ਼ੀਆਂ ਆਦਿ ਦੇ ਮੂੰਹ ਮੰਗੀਆਂ ਕੀਮਤਾਂ ਵਸੂਲ ਕਰ ਕੇ ਮੋਟੀ ਕਮਾਈ ਕੀਤੀ। ਮਿਲਕ ਪਲਾਂਟ ਤੋਂ ਅੱਜ ਦੁੱਧ ਦੀਆਂ ਗੱਡੀਆਂ ਪੁਲੀਸ ਦੀ ਨਿਗਰਾਨੀ ਹੇਠ ਸ਼ਹਿਰ ਦੇ ਵੱਖ-ਵੱਖ ਭਾਗਾਂ 'ਚ ਭੇਜੀਆਂ ਗਈਆਂ ਤਾਂ ਜੋ ਸ਼ਹਿਰ ਵਾਸੀਆਂ ਨੂੰ ਦੁੱਧ ਸਮੇਂ ਸਿਰ ਮਿਲ ਸਕੇ।

ਰੈਪਿਡ ਐਕਸ਼ਨ ਫੋਰਸ ਨੇ ਕਾਬੂ ਕੀਤਾ ਲੁਟੇਰਾ
ਜਲੰਧਰ, 26 ਮਈ (ਸ਼ਿਵ)-ਹਿੰਸਕ ਵਾਰਦਾਤਾਂ ਦੀ ਆੜ੍ਹ ਵਿਚ ਲੁੱਟਾਂ-ਖੋਹਾਂ ਕਰਨ ਵਾਲੇ ਵੀ ਸਰਗਰਮ ਹੋ ਗਏ ਹਨ ਤੇ ਅੱਜ ਦੁਪਹਿਰ ਬਾਅਦ ਦਿੱਲੀ ਪਬਲਿਕ ਸਕੂਲ ਦੇ ਲਾਗੇ ਇਕ ਸਕੂਟਰ 'ਤੇ ਜਾਂਦੀ ਮਹਿਲਾ ਨੂੰ ਲੁੱਟਾਂ-ਖੋਹਾਂ ਕਰਨ ਵਾਲਿਆਂ ਨੇ ਲੁੱਟ ਲਿਆ ਜਿਨ੍ਹਾਂ ਵਿਚ ਆਰ. ਏ. ਐਫ. ਨੇ ਬਾਅਦ ਵਿਚ ਇਕ ਨੂੰ ਕਾਬੂ ਕਰ ਲਿਆ ਤੇ ਬਾਕੀ ਦੌੜ ਗਏ। ਮਿਲੀ ਜਾਣਕਾਰੀ ਮੁਤਾਬਿਕ ਉਕਤ ਸਕੂਲ ਦੇ ਲਾਗੇ ਤੋਂ ਇਕ ਜੋੜਾ ਸਕੂਟਰ 'ਤੇ ਲੰਘ ਰਿਹਾ ਸੀ ਕਿ ਕਿ ਚਾਰ-ਪੰਜ ਲੁੱਟਾਂ ਖੋਹਾਂ ਕਰਨ ਵਾਲਿਆਂ ਨੇ ਉਨ੍ਹਾਂ ਨੂੰ ਘੇਰ ਲਿਆ ਤੇ ਔਰਤ ਦੇ ਸੋਨੇ ਦੇ ਗਹਿਣੇ ਖੋਹ ਲਏ ਤੇ ਬਾਅਦ ਵਿਚ ਸਕੂਟਰ ਨੂੰ ਤੇਲ ਪਾ ਕੇ ਅੱਗ ਲਗਾਉਣ ਲੱਗੇ ਸਨ ਕਿ ਇਹ ਨਜ਼ਾਰਾ ਆਉਂਦੇ ਕੁਝ ਲੋਕਾਂ ਨੇ ਦੇਖ ਲਿਆ ਤੇ ਇਹ ਦੇਖ ਕੇ ਲੁੱਟਾਂ-ਖੋਹਾਂ ਕਰਨ ਵਾਲੇ ਦੇਖਣ ਵਾਲਿਆਂ ਦੇ ਪਿੱਛੇ ਦੌੜੇ। ਪਰ ਲੋਕਾਂ ਨੇ ਰਾਮਾ ਮੰਡੀ ਚੌਕ ਵਿਚ ਖੜ੍ਹੇ ਆਰ. ਏ. ਐਫ. ਨੂੰ ਦੱਸਿਆ ਤੇ ਫੋਰਸ ਦੇ ਕਈ ਜਵਾਨਾਂ ਨੇ ਸਕੂਲ ਦੇ ਲਾਗੇ ਇਕ ਪਿੰਡ ਨੂੰ ਜਾ ਕੇ ਘੇਰ ਲਿਆ ਜਿੱਥੇ ਕਿ ਇਕ ਘਰ ਵਿਚ ਉਕਤ ਲੁੱਟਾਂ-ਖੋਹਾਂ ਕਰਨ ਵਾਲੇ ਲੁਕੇ ਹੋਏ ਸਨ। ਜਵਾਨਾਂ ਨੇ ਉਨ੍ਹਾਂ ਵਿਚੋਂ ਇਕ ਨੂੰ ਕਾਬੂ ਕਰ ਲਿਆ ਤੇ ਬਾਕੀ ਦੌੜ ਗਏ।

ਅਵਤਾਰ ਨਗਰ 'ਚ ਕ੍ਰਿਪਾਨਾਂ ਚੱਲੀਆਂ - ਚਾਰ ਜ਼ਖਮੀ
ਜਲੰਧਰ, 26 ਮਈ (ਮਨਵੀਰ ਸਿੰਘ ਵਾਲੀਆ)-ਸਥਾਨਕ ਮੁਹੱਲਾ ਅਵਤਾਰ ਨਗਰ 'ਚ ਅੱਜ ਉਸ ਸਮੇਂ ਦਹਿਸ਼ਤ ਫੈਲ ਗਈ ਜਦੋਂ ਮਾਮੂਲੀ ਵਿਵਾਦ ਨੂੰ ਲੈ ਕੇ ਨੌਜਵਾਨਾਂ ਦੇ ਦੋ ਧੜ੍ਹੇ ਆਪਸ 'ਚ ਭਿੜ੍ਹ ਪਏ ਜਿਸ ਦੌਰਾਨ ਤੇਜ਼ਧਾਰ ਹਥਿਆਰਾਂ ਅਤੇ ਬੇਸ ਬੈਟਾਂ ਆਦਿ ਦੀ ਖੁੱਲ੍ਹੀ ਵਰਤੋਂ ਕੀਤੀ ਗਈ। ਕਰਫ਼ਿਊ ਦੇ ਦੋਰਾਨ ਹੋਈ ਇਸ ਲੜਾਈ ਕਾਰਨ ਖੇਤਰ ਵਿਚ ਦਹਿਸ਼ਤ ਫੈਲ ਗਈ। ਇਸ ਝਗੜ੍ਹੇ ਵਿਚ ਦੋਵਾਂ ਧਿਰਾਂ ਦੇ ਚਾਰ ਨੌਜਵਾਨ ਜ਼ਖਮੀ ਹੋ ਗਏ। ਸਿਵਲ ਹਸਪਤਾਲ 'ਚ ਇਲਾਜ ਅਧੀਨ ਅਰੁਣ ਕੁਮਾਰ ਪੁੱਤਰ ਅਨਿਲ ਕਮਾਰ ਵਾਸੀ ਟੈਗੋਰ ਨਗਰ ਜਲੰਧਰ ਨੇ ਦੱਸਿਆ ਕਿ ਅੱਜ ਉਹ ਅਤੇ ਉਸ ਦਾ ਭਰਾ ਰਵੀ ਸਕੂਟਰ 'ਤੇ ਜਾ ਰਹੇ ਸਨ ਰਸਤੇ ਵਿਚ ਅਵਤਾਰ ਨਗਰ ਨਿਵਾਸੀ ਟਿੰਕੂ ਅਤੇ ਗੋਪੀ ਸਾਥੀਆਂ ਦੇ ਨਾਲ ਸੜਕ 'ਤੇ ਕ੍ਰਿਕਟ ਖੇਡ ਰਹੇ ਸਨ। ਇਸ ਦੌਰਾਨ ਮਾਮੂਲੀ ਟੱਕਰ ਹੋ ਗਈ ਅਤੇ ਗੋਪੀ ਅਤੇ ਟਿੰਕੂ ਨੇ ਸਾਥੀਆਂ ਨਾਲ ਮਿਲ ਕੇ ਹਮਲਾ ਕਰ ਦਿੱਤਾ ਜਿਸ ਕਾਰਨ ਉਹ ਦੋਵੇਂ ਭਰਾ ਜ਼ਖਮੀ ਹੋ ਗਏ। ਦੂਜੇ ਪਾਸਿਓਂ ਜ਼ਖਮੀ ਹੋਏ ਗੋਪੀ ਅਤੇ ਟਿੰਕੂ ਨੇ ਦੱਸਿਆ ਕਿ ਉਹ ਕ੍ਰਿਕਟ ਖੇਡ ਰਹੇ ਸਨ ਕਿ ਅਰੁਣ ਅਤੇ ਉਸ ਦਾ ਭਰਾ ਰਵੀ ਉਨ੍ਹਾਂ ਨੂੰ ਗਾਲ੍ਹੀ-ਗਲੋਚ ਕਰਨ ਲੱਗ ਪਏ। ਜਦੋਂ ਉਨ੍ਹਾਂ ਨੇ ਵਿਰੋਧ ਕੀਤਾ ਤਾਂ ਉਹ ਧਮਕੀਆਂ ਦਿੰਦੇ ਹੋਏ ਚਲੇ ਗਏ ਅਤੇ ਕੁਝ ਦੇਰ ਬਾਅਦ ਉਹ ਦੁਬਾਰਾ ਸਾਥੀਆਂ ਸਮੇਤ ਆ ਗਏ ਅਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਉਨ੍ਹਾਂ ਨੂੰ ਜ਼ਖਮੀ ਕਰ ਦਿੱਤਾ। ਘਟਨਾ ਸੰਬਧੀ ਪੁਲੀਸ ਨੂੰ ਸੂਚਿਤ ਕੀਤਾ ਗਿਆ ਹੈ।

ਮਕਸੂਦਾਂ ਖੇਤਰ ਵਿਚ ਕਰਫ਼ਿਊ 'ਚ ਢਿੱਲ ਦੌਰਾਨ ਹਾਲਤ ਠੀਕ ਰਹੀ
ਮਕਸੂਦਾਂ, 26 ਮਈ (ਠੱਠਗੜ੍ਹ)-ਮਕਸੂਦਾਂ ਖੇਤਰ ਵਿਚ ਸੰਤਾਂ ਦੇ ਸ਼ਰਧਾਲੂਆਂ ਵਿਚ ਬਹੁਤ ਭਾਰੀ ਰੋਸ ਪਾਇਆ ਗਿਆ, ਜਿਸ ਨੂੰ ਡੇਰਾ ਸੱਚਖੰਡ ਬੱਲਾਂ ਵਾਲੇ ਮਹਾਂਪੁਰਸ਼ ਬਾਬਾ ਸੁਰਿੰਦਰ ਦਾਸ ਬਾਵਾ ਜੀ ਵੱਲੋਂ ਵਾਰ-ਵਾਰ ਸ਼ਾਂਤ ਰਹਿਣ ਦੀ ਅਪੀਲ ਨਾਲ ਅੱਜ ਮਕਸੂਦਾਂ ਇਲਾਕੇ ਵਿਚ ਬਿਲਕੁਲ ਸ਼ਾਂਤੀ ਰਹੀ। ਇਸ ਦੌਰਾਨ ਫੌਜ ਵੱਲੋਂ ਆਪਣੀ ਗਸ਼ਤ ਜਾਰੀ ਸੀ। ਭਾਵੇਂ ਮਕਸੂਦਾਂ ਤੋਂ ਅੰਮ੍ਰਿਤਸਰ ਬਿਧੀਪੁਰ ਫਾਟਕ ਨੂੰ ਜਾਂਦੀ ਸੜਕ ਬੰਦ ਕੀਤੀ ਸੀ, ਪਰ ਰੋਸ 'ਤੇ ਬੈਠੇ ਧਰਨਾਕਾਰੀਆਂ ਨੇ ਕਿਸੇ ਨੂੰ ਰੋਕਿਆ ਨਹੀਂ। ਲੋਕ ਸੜਕ ਦੇ ਆਸੇ-ਪਾਸੇ ਰਸਤਾ ਵੇਖ ਕੇ ਲੰਘਦੇ ਗਏ।

40 ਰੁਪਏ ਕਿਲੋ ਵਿਕਿਆ ਦੁੱਧ
ਜਲੰਧਰ, 26 ਮਈ (ਜਸਪਾਲ ਸਿੰਘ)-ਸ਼ਹਿਰ 'ਚ ਕਰਫਿਊ ਲੱਗਣ ਕਾਰਨ ਰੋਜ਼ਾਨਾ ਘਰੇਲੂ ਵਰਤੋਂ ਦੀਆਂ ਚੀਜ਼ਾਂ ਦੇ ਬਾਹਰੋਂ ਨਾ ਆਉਣ ਕਾਰਨ ਉਨ੍ਹਾਂ ਦੀਆਂ ਕੀਮਤਾਂ ਅਸਮਾਨੀ ਜਾ ਚੜ੍ਹੀਆਂ ਤੇ ਕੁਝ ਲੋਕਾਂ ਨੇ ਜਾਣਬੁੱਝ ਕੇ ਅਜਿਹੀ ਸਥਿਤੀ ਦਾ ਫਾਇਦਾ ਉਠਾਇਆ। ਸ਼ਹਿਰ 'ਚ ਜਿੱਥੇ ਹੋਰ ਚੀਜ਼ਾਂ ਆਮ ਭਾਅ ਨਾਲੋਂ ਵੱਧ ਭਾਅ 'ਤੇ ਵਿਕੀਆਂ ਤੇ ਲੋਕ ਉਨ੍ਹਾਂ ਨੂੰ ਖਰੀਦਣ ਲਈ ਮਜ਼ਬੂਰ ਸਨ, ਉਨ੍ਹਾਂ 'ਚ ਸਭ ਤੋਂ ਅਹਿਮ ਸੀ ਦੁੱਧ। ਸ਼ਹਿਰ ਦੇ ਵੱਖ-ਵੱਖ ਹਿੱਸਿਆਂ 'ਚ ਦੁੱਧ 40-40 ਰੁਪਏ ਕਿਲੋ ਦੇ ਹਿਸਾਬ ਨਾਲ ਵਿਕਿਆ।

ਫਿਲੌਰ ਰੇਲਵੇ ਸਟੇਸ਼ਨ ਦਾ 65-70 ਲੱਖ ਦਾ ਨੁਕਸਾਨ - ਬਲਬੀਰ ਸਿੰਘ
ਫਿਲੌਰ, 26 ਮਈ (ਸਤਿੰਦਰ ਸ਼ਰਮਾ)-ਰੇਲਵੇ ਸਟੇਸ਼ਨ ਫਿਲੌਰ ਦੇ ਸਟੇਸ਼ਨ ਸੁਪਰਡੈਂਟ ਸ੍ਰੀ ਬਲਬੀਰ ਸਿੰਘ ਨੇ ਦੱਸਿਆ ਕਿ ਵਿਆਨਾ ਕਾਂਡ ਨੂੰ ਲੈ ਕੇ 26 ਮਈ ਨੂੰ ਪ੍ਰਦਰਸ਼ਨਕਾਰੀਆਂ ਨੇ ਰੇਲਵੇ ਸਟੇਸ਼ਨ ਦੇ ਵੱਖ-ਵੱਖ ਕਮਰਿਆਂ ਅੰਦਰ ਘੁਸ ਕੇ ਬੁਰੀ ਤਰਾਂ ਤੋੜ-ਭੰਨ ਕੀਤੀ ਜਿਸ ਕਰਕੇ ਲੱਗਭਗ 65-70 ਲੱਖ ਰੁਪਏ ਤੋਂ ਜ਼ਿਆਦਾ ਦਾ ਨੁਕਸਾਨ ਹੋਇਆ ਹੈ। ਸਟੇਸ਼ਨ ਸੁਪਰਡੈਂਟ ਨੇ ਦੱਸਿਆ ਕਿ ਪ੍ਰਦਰਸ਼ਨਕਾਰੀ 12 ਵਜੇ ਦੇ ਕਰੀਬ 2 ਗਰੁੱਪਾਂ ਵਿਚ ਆਏ ਅਤੇ ਡਿਊਟੀ ਸਟਾਫ ਦੇ ਰੋਕਣ ਦੇ ਬਾਵਜੂਦ ਜ਼ਬਰਦਸਤੀ ਸਟੇਸ਼ਨ ਦੇ ਵੱਖ-ਵੱਖ ਕਮਰਿਆਂ ਅੰਦਰ ਘੁਸ ਗਏ।

ਜਲੰਧਰ 'ਚ ਰੈਪਿਡ ਐਕਸ਼ਨ ਫੋਰਸ ਤਾਇਨਾਤ
ਜਲੰਧਰ, 26 ਮਈ (ਜਸਪਾਲ ਸਿੰਘ)-ਆਸਟਰੀਆ ਵਿਖੇ ਬੱਲਾਂ ਵਾਲੇ ਸੰਤਾਂ 'ਤੇ ਹੋਏ ਹਮਲੇ ਤੋਂ ਬਾਅਦ ਭੜਕੀ ਹਿੰਸਾ 'ਤੇ ਕਾਬੂ ਪਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਜਿੱਥੇ ਪੈਰਾ ਮਿਲਟਰੀ ਫੋਰਸਿਜ਼ ਦੀ ਸਹਾਇਤਾ ਲਈ ਗਈ ਹੈ ਉਥੇ ਪ੍ਰਸ਼ਾਸਨ ਵਲੋਂ ਬੁਲਾਈ ਗਈ ਰੈਪਿਡ ਐਕਸ਼ਨ ਫੋਰਸ ਵਲੋਂ ਵੀ ਗਸ਼ਤ ਕੀਤੀ ਗਈ। ਨੀਲੀ ਵਰਦੀ 'ਚ ਐਕਸ਼ਨ ਫੋਰਸ ਦੇ ਜਵਾਨ ਅਤੇ ਔਰਤਾਂ ਸ਼ਹਿਰ ਦੇ ਵੱਖ-ਵੱਖ ਹਿੱਸਿਆਂ 'ਚ ਤਾਇਨਾਤ ਹਨ।

ਆਰ. ਪੀ. ਐਫ. ਦੇ ਡੀ. ਆਈ. ਜੀ. ਵੱਲੋਂ ਸਟੇਸ਼ਨਾਂ ਦਾ ਮੁਆਇਨਾ ਕੀਤਾ
ਜਲੰਧਰ, 26 ਮਈ (ਮਦਨ ਭਾਰਦਵਾਜ)-ਭੜਕੇ ਲੋਕਾਂ ਵੱਲੋਂ ਤੋੜ-ਫੋੜ ਦੀਆਂ ਘਟਨਾਵਾਂ ਅਤੇ ਜਲੰਧਰ ਛਾਉਣੀ ਰੇਲਵੇ ਸਟੇਸ਼ਨ 'ਤੇ ਹੋਏ ਭਾਰੀ ਨੁਕਸਾਨ ਦਾ ਜਾਇਜ਼ਾ ਲੈਣ ਆਏ ਆਰ. ਪੀ. ਐਫ. ਦੇ ਡੀ. ਆਈ. ਜੀ. ਸ੍ਰੀ ਪੀ. ਐਸ. ਰਾਵਤ ਨੇ ਜਲੰਧਰ ਅਤੇ ਜਲੰਧਰ ਛਾਉਣੀ ਦੇ ਸਟੇਸ਼ਨਾਂ ਦਾ ਮੁਆਇਨਾ ਕੀਤਾ। ਸ੍ਰੀ ਰਾਵਤ ਨੇ ਦੱਸਿਆ ਕਿ ਸੋਮਵਾਰ ਨੂੰ ਜਲੰਧਰ ਛਾਉਣੀ ਸਟੇਸ਼ਨ 'ਤੇ ਭੜਕੇ ਲੋਕਾਂ ਵੱਲੋਂ ਜਿਹੜੀ ਮਦਰਾਸ ਐਕਸਪ੍ਰੈੱਸ ਅਤੇ ਆਰ. ਪੀ. ਐਫ. ਦੇ ਥਾਣੇ ਦੀ ਸਾੜ-ਫੂਕ ਕੀਤੀ ਉਹ ਬਹੁਤ ਹੀ ਮੰਦਭਾਗੀ ਘਟਨਾ ਸੀ। ਉਨ੍ਹਾਂ ਨੇ ਅੱਜ ਸੜੀ ਹੋਈ ਮਦਰਾਸ ਐਕਸਪ੍ਰੈੱਸ ਨੂੰ ਵੀ ਦੇਖਿਆ ਅਤੇ ਸਾਰੀ ਸਥਿਤੀ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਕਿਹਾ ਕਿ ਰੇਲ ਦੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਣਾ ਸਰਕਾਰੀ ਜਾਇਦਾਦ ਦਾ ਹੀ ਨੁਕਸਾਨ ਹੈ। ਇਸ ਮੌਕੇ ਉਨ੍ਹਾਂ ਨਾਲ ਜੰਮੂ ਦੇ ਕਮਾਂਡੈਂਟ ਸ੍ਰੀ ਅੰਜਨੀ ਕੁਮਾਰ (ਜਿਨ੍ਹਾਂ ਕੋਲ ਫਿਰੋਜ਼ਪੁਰ ਕਮਾਨ ਦਾ ਚਾਰਜ ਵੀ ਹੈ), ਜੀ. ਆਰ. ਪੀ. ਦੇ ਐਸ. ਪੀ. ਸ੍ਰੀ ਜੰਗ ਬਹਾਦਰ ਸ਼ਰਮਾ ਵੀ ਸਨ।

ਪੈਟਰੋਲ ਪੰਪ 'ਤੇ ਹੋਇਆ ਹੰਗਾਮਾ
ਜਲੰਧਰ, 26 ਮਈ (ਖਰਬੰਦਾ)-ਕਰਫਿਊ ਦੌਰਾਨ ਪ੍ਰਸ਼ਾਸਨ ਵੱਲੋਂ ਮਿਲੀ ਖੁੱਲ੍ਹ ਕਾਰਨ ਮਦਨ ਫਿਲੌਰ ਮਿਲ ਚੌਕ ਨੇੜੇ ਸਥਿਤ ਇਕ ਪੈਟਰੋਲ ਪੰਪ 'ਤੇ ਤੇਲ ਭਰਵਾਉਣ ਲਈ ਖੜੇ ਦਰਜਨਾਂ ਵਾਹਨ ਚਾਲਕਾਂ ਨੂੰ ਉਸ ਸਮੇਂ ਭਾਜੜਾਂ ਪੈ ਗਈਆਂ ਜਦੋਂ ਭੀੜ ਨੂੰ ਦੇਖ ਕੇ ਕਈ ਪੁਲਿਸ ਕਰਮਚਾਰੀ ਉਨ੍ਹਾਂ ਨੂੰ ਭਜਾਉਣ ਲਈ ਆ ਗਏ। ਇਸ ਦੌਰਾਨ ਕਾਫ਼ੀ ਹੰਗਾਮਾ ਹੋਇਆ।

ਅਜੀਤ ਜਲੰਧਰ ਦਾ ਖ਼ਬਰ ਪੰਨਾ - ਸੰਕਟ ‘ਚ ਘਿਰਿਆ ਜਲੰਧਰ

8) ਰੋਸ ਵਜੋਂ ਕਪੂਰਥਲਾ ਦੂਜੇ ਦਿਨ ਵੀ ਬੰਦ ਰਿਹਾ


... ਅੱਗੇ ਪੜ੍ਹੋ