ਜਲੰਧਰ, 26 ਮਈ (ਜਸਪਾਲ ਸਿੰਘ)-ਆਸਟਰੀਆ ਦੀ ਰਾਜਧਾਨੀ ਵਿਆਨਾ ਵਿਖੇ ਬੱਲਾਂ ਵਾਲੇ ਸੰਤਾਂ 'ਤੇ ਹੋਏ ਹਮਲੇ ਕਾਰਨ ਜਲੰਧਰ ਅਤੇ ਆਸ-ਪਾਸ ਦੇ ਖੇਤਰਾਂ 'ਚ ਫੈਲੀ ਹਿੰਸਾ ਨੇ ਬੀਤੀ ਰਾਤ ਇਕ ਹੋਰ ਜਾਨ ਲੈ ਲਈ। ਸਦਰ ਥਾਣੇ ਅਧੀਨ ਆਉਂਦੇ ਇਲਾਕੇ ਢਿੱਲਵਾਂ 'ਚ ਬੀਤੀ ਰਾਤ ਗੋਲੀ ਚੱਲਣ ਕਾਰਨ ਇਕ ਪ੍ਰਦਰਸ਼ਨਕਾਰੀ ਮਾਰਿਆ ਗਿਆ, ਜਦਕਿ ਅੱਧੀ ਦਰਜਨ ਦੇ ਕਰੀਬ ਹੋਰ ਜ਼ਖਮੀ ਹੋ ਗਏ। ਮ੍ਰਿਤਕ ਦੀ ਪਛਾਣ ਵਿਜੇ ਕੁਮਾਰ (17) ਪੁੱਤਰ ਯਸ਼ਪਾਲ ਵਾਸੀ ਢਿੱਲਵਾਂ ਵਜੋਂ ਹੋਈ ਹੈ। ਇਸੇ ਤਰ੍ਹਾਂ ਦੁਪਹਿਰ ਵੇਲੇ ਧੰਨੋਵਾਲੀ ਵਿਖੇ ਪ੍ਰਦਰਸ਼ਨਕਾਰੀਆਂ ਨੂੰ ਇਕੱਠੇ ਹੁੰਦੇ ਦੇਖ ਕੇ ਪੁਲਿਸ ਵਲੋਂ ਹਵਾਈ ਫਾਇਰ ਕੀਤੇ ਗਏ। ਓਧਰ ਜਲੰਧਰ ਛਾਉਣੀ ਸਟੇਸ਼ਨ, ਜਿਥੇ ਬੀਤੇ ਦਿਨ ਮਦਰਾਸ ਐਕਸਪ੍ਰੈੱਸ ਗੱਡੀ ਨੂੰ ਅੱਗ ਲਗਾਉਣ ਅਤੇ ਜੰਮੂ ਮੇਲ ਸਮੇਤ ਹੋਰਨਾਂ ਗੱਡੀਆਂ 'ਤੇ ਪਥਰਾਅ ਕਰਨ ਦੀਆਂ ਘਟਨਾਵਾਂ ਵਾਪਰੀਆਂ ਸਨ, 'ਤੇ ਅੱਜ ਮਾਹੌਲ ਸ਼ਾਂਤੀਪੂਰਨ ਬਣਿਆ ਰਿਹਾ। ਸਟੇਸ਼ਨ ਤੋਂ ਅੱਧੀ ਦਰਜਨ ਦੇ ਕਰੀਬ ਗੱਡੀਆਂ ਸੁੱਖੀ-ਸਾਂਦੀ ਹਜ਼ਾਰਾਂ ਯਾਤਰੀਆਂ ਨੂੰ ਲੈ ਕੇ ਰਵਾਨਾ ਹੋਈਆਂ। ਇਸੇ ਤਰ੍ਹਾਂ ਜਲੰਧਰ-ਫਗਵਾੜਾ ਜੀ. ਟੀ. ਰੋਡ 'ਤੇ ਫਸੇ ਹੋਏ ਵਾਹਨ ਆਪਣੀ ਮੰਜ਼ਿਲ ਵੱਲ ਨੂੰ ਸੁਰੱਖਿਅਤ ਵਧੇ।
ਢਿੱਲਵਾਂ 'ਚ ਨੌਜਵਾਨ ਦੀ ਮੌਤ
ਬੀਤੀ ਰਾਤ ਪਿੰਡ ਢਿੱਲਵਾਂ ਵਿਖੇ ਵਾਪਰੀ ਇਕ ਹਿੰਸਕ ਘਟਨਾ 'ਚ ਢਿੱਲਵਾਂ 'ਚ ਇਕ ਕਾਂਗਰਸੀ ਆਗੂ ਸ੍ਰੀ ਗੁਰਚਰਨ ਦੁੱਗਲ ਦੇ ਭਤੀਜੇ ਵਿਜੇ ਕੁਮਾਰ (17) ਪੁੱਤਰ ਯਸ਼ਪਾਲ ਵਾਸੀ ਢਿੱਲਵਾਂ ਦੀ ਮੌਤ ਹੋ ਗਈ ਜਦਕਿ ਅੱਧੀ ਦਰਜਨ ਦੇ ਕਰੀਬ ਹੋਰ ਵਿਅਕਤੀ ਜ਼ਖਮੀ ਹੋ ਗਏ। ਮਿਲੀ ਜਾਣਕਾਰੀ ਅਨੁਸਾਰ ਪਿੰਡ ਢਿੱਲਵਾਂ 'ਚ ਕੁੱਝ ਲੋਕਾਂ ਵਲੋਂ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਤੇ ਇਨ੍ਹਾਂ ਲੋਕਾਂ ਨੇ ਵਿਰੋਧ ਪ੍ਰਦਰਸ਼ਨ ਕਰਦੇ ਹੋਏ ਨਗਰ ਨਿਗਮ ਜਲੰਧਰ ਦੇ ਵਾਰਡ ਨੰਬਰ-11 ਦੇ ਕੌਂਸਲਰ ਸ੍ਰੀ ਬਲਬੀਰ ਸਿੰਘ ਬਿੱਟੂ ਦੇ ਘਰ, ਦੁਕਾਨ ਅਤੇ ਦਫਤਰ 'ਤੇ ਹਮਲਾ ਕਰਕੇ ਤੋੜ-ਭੰਨ ਕੀਤੀ ਗਈ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਵੱਲੋਂ ਕੌਂਸਲਰ ਬਲਬੀਰ ਸਿੰਘ ਬਿੱਟੂ ਦੀ ਕਾਰ ਦੀ ਵੀ ਭਾਰੀ ਭੰਨ-ਤੋੜ ਕੀਤੀ ਗਈ ਅਤੇ ਤੂੜੀ ਵਾਲੇ ਕੁੱਪ ਆਦਿ ਸਾੜ੍ਹ ਦਿੱਤੇ ਗਏ, ਜਿਨ੍ਹਾਂ ਨੂੰ ਖਦੇੜਨ ਲਈ ਬਿੱਟੂ ਦੇ ਕਿਸੇ ਸਮਰਥਕ ਵਲੋਂ ਕੀਤੀ ਗਈ ਫਾਈਰਿੰਗ 'ਚ ਵਿਜੇ ਕੁਮਾਰ ਮਾਰਿਆ ਗਿਆ, ਜਿਸ ਨੂੰ ਸਿਵਲ ਹਸਪਤਾਲ ਲਿਜਾਂਦਾ ਗਿਆ। ਉਥੇ ਆਪ੍ਰੇਸ਼ਨ ਸਮੇਂ ਉਸ ਦੀ ਮੌਤ ਹੋ ਗਈ।
ਉਸ ਦੀ ਮੌਤ ਦੀ ਖਬਰ ਸੁਣਦੇ ਸਾਰ ਹੀ ਪਿੰਡ 'ਚ ਮਾਹੌਲ ਤਣਾਅਪੂਰਨ ਤੇ ਸੋਗਮਈ ਬਣ ਗਿਆ। ਸੀਨੀਅਰ ਮਹਿਲਾ ਕਾਂਗਰਸੀ ਆਗੂ ਸ੍ਰੀਮਤੀ ਅੰਜੂ ਦੁੱਗਲ ਅਤੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਗਾਇਆ ਹੈ ਕਿ ਵਿਜੇ ਕੁਮਾਰ ਦੀ ਮੌਤ ਕੌਂਸਲਰ ਬਲਬੀਰ ਸਿੰਘ ਬਿੱਟੂ ਵਲੋਂ ਚਲਾਈ ਗਈ ਗੋਲੀ ਨਾਲ ਹੀ ਹੋਈ ਹੈ। ਓਧਰ ਬਲਬੀਰ ਸਿੰਘ ਬਿੱਟੂ ਨੇ ਆਪਣੇ ਉੱਪਰ ਲਗਾਏ ਗਏ ਦੋਸ਼ਾਂ ਨੂੰ ਝੂਠੇ ਅਤੇ ਬੇਬੁਨਿਆਦ ਦੱਸਦੇ ਹੋਏ ਕਿਹਾ ਹੈ ਕਿ ਉਨ੍ਹਾਂ ਕੋਲ ਨਾ ਤਾਂ ਕੋਈ ਹਥਿਆਰ ਹੈ ਤੇ ਨਾ ਹੀ ਕੋਈ ਲਾਈਸੈਂਸ, ਇਸ ਲਈ ਉਨ੍ਹਾਂ ਵਲੋਂ ਗੋਲੀ ਕਿਸ ਤਰ੍ਹਾਂ ਚਲਾਈ ਜਾ ਸਕਦੀ ਹੈ। ਇਸ ਮੌਕੇ ਉਨ੍ਹਾਂ ਮੰਨਿਆ ਕਿ ਕੁੱਝ ਲੋਕਾਂ ਨੇ ਉਨ੍ਹਾਂ ਦੀ ਦੁਕਾਨ ਅਤੇ ਦਫਤਰ 'ਤੇ ਹਮਲਾ ਕੀਤਾ ਸੀ ਤੇ ਉਸ ਸਮੇਂ ਦੌਰਾਨ ਸਵੈ-ਰੱਖਿਆ ਲਈ ਉਨ੍ਹਾਂ ਦੇ ਕਿਸੇ ਸਮਰਥਕ ਵਲੋਂ ਚਲਾਈ ਗਈ ਗੋਲੀ ਦੀ ਲਪੇਟ 'ਚ ਆ ਕੇ ਉਕਤ ਨੌਜਵਾਨ ਮਾਰਿਆ, ਜਿਸਦੀ ਮੌਤ 'ਤੇ ਉਨ੍ਹਾਂ ਨੂੰ ਭਾਰੀ ਅਫਸੋਸ ਹੈ। ਇਥੇ ਜ਼ਿਕਰਯੋਗ ਹੈ ਕਿ ਮ੍ਰਿਤਕ ਨੌਜਵਾਨ ਵਿਜੇ ਕੁਮਾਰ ਤਿੰਨ ਭੈਣਾਂ ਦਾ ਇਕੋ-ਇਕ ਭਰਾ ਸੀ।
ਕੌਂਸਲਰ ਬਿੱਟੂ ਤੇ ਸਾਥੀਆਂ ਦੇ ਖਿਲਾਫ ਕੇਸ ਦਰਜ
ਜਲੰਧਰ, 26 ਮਈ (ਪ. ਪ.)-ਬੀਤੀ ਰਾਤ ਪਿੰਡ ਢਿੱਲਵਾਂ ਵਿਖੇ ਵਾਪਰੀ ਗੋਲੀ ਚੱਲਣ ਦੀ ਘਟਨਾ 'ਚ ਮਾਰੇ ਗਏ ਨੌਜਵਾਨ ਵਿਜੇ ਕੁਮਾਰ ਪੁੱਤਰ ਯਸ਼ਪਾਲ ਦੀ ਮੌਤ ਦੇ ਸਬੰਧ 'ਚ ਥਾਣਾ ਸਦਰ ਦੀ ਪੁਲਿਸ ਨੇ ਨਗਰ ਨਿਗਮ ਦੇ ਵਾਰਡ ਨੰਬਰ-11 ਦੇ ਕੌਂਸਲਰ ਸ੍ਰੀ ਬਲਬੀਰ ਸਿੰਘ ਬਿੱਟੂ ਅਤੇ ਉਨ੍ਹਾਂ ਦੇ ਸਾਥੀਆਂ ਸਰੂਪ ਸਿੰਘ, ਜੀਤਾ, ਭਜਨ ਸਿੰਘ ਤੇ ਸੁੱਖੇ ਦੇ ਖਿਲਾਫ ਧਾਰਾ 302 ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਸਦਰ ਦੇ ਮੁਖੀ ਸ. ਲਖਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਉਕਤ ਮਾਮਲਾ ਮ੍ਰਿਤਕ ਦੇ ਵਾਰਸਾਂ ਦੇ ਬਿਆਨਾਂ 'ਤੇ ਦਰਜ ਕੀਤਾ ਗਿਆ ਹੈ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਹਰ ਵਾਰ 'ਵਿਜੇ ਕੁਮਾਰ' ਹੀ ਕਿਉਂ ਬਣਦੈ ਸ਼ਿਕਾਰ
ਜਲੰਧਰ, 26 ਮਈ (ਜਸਪਾਲ ਸਿੰਘ, ਸੁਮਿਤ ਦੁੱਗਲ)-ਇਹ ਇਤਫਾਕ ਹੈ ਜਾਂ ਫਿਰ ਕੁਝ ਹੋਰ। ਇਹ ਤਾਂ ਪਰਮਾਤਮਾ ਹੀ ਜਾਣੇ ਪਰ ਪਿਛਲੇ ਕੁਝ ਸਮੇਂ ਦੌਰਾਨ ਜ਼ਿਲ੍ਹੇ 'ਚ ਦਲਿਤਾਂ ਨਾਲ ਵਾਪਰੀਆਂ ਹਿੰਸਕ ਘਟਨਾਵਾਂ 'ਚ ਹਰ ਵਾਰ 'ਵਿਜੇ ਕੁਮਾਰ' ਹੀ ਕਿਉਂ ਮਾਰਿਆ ਜਾਂਦਾ ਹੈ। ਇਨ੍ਹਾਂ ਘਟਨਾਵਾਂ 'ਚ ਮਾਰਿਆ ਜਾਣ ਵਾਲਾ ਵਿਜੇ ਕੁਮਾਰ ਇਕ ਹੀ ਆਦਮੀ ਨਹੀਂ ਹੈ, ਜੋ ਵਾਰ-ਵਾਰ ਮਰ ਰਿਹਾ ਹੈ। ਹਾਂ, ਇਹ ਸੰਯੋਗ ਜਰੂਰ ਹੈ ਕਿ ਅਜਿਹੀਆਂ ਘਟਨਾਵਾਂ 'ਚ ਮਾਰੇ ਗਏ ਵਿਅਕਤੀ ਦਾ ਨਾਂ ਵਿਜੇ ਕੁਮਾਰ ਹੀ ਹੁੰਦਾ ਹੈ। ਇਕੱਤਰ ਕੀਤੀ ਗਈ ਜਾਣਕਾਰੀ ਅਨੁਸਾਰ ਬੀਤੇ ਸਮੇਂ ਦੌਰਾਨ ਸ਼ਾਹਕੋਟ ਵਿਖੇ ਥਾਣੇ 'ਚ ਪੁਲਿਸ ਦੀ ਕੁੱਟ ਨਾਲ ਮਾਰੇ ਗਏ ਦਲਿਤ ਵਿਅਕਤੀ ਦਾ ਨਾਂ ਜੇਕਰ ਵਿਜੇ ਕੁਮਾਰ ਸੀ ਤਾਂ ਨੂਰਮਹਿਲ 'ਚ ਪੁਲਿਸ ਗੋਲੀ ਨਾਲ ਮਾਰਿਆ ਗਿਆ ਵਿਅਕਤੀ ਵੀ ਵਿਜੇ ਕੁਮਾਰ ਹੀ ਸੀ ਤੇ ਤੱਲ੍ਹਣ ਕਾਂਡ ਵੇਲੇ ਪੁਲਿਸ ਗੋਲੀ ਦਾ ਸ਼ਿਕਾਰ ਹੋਣ ਵਾਲਾ ਨੌਜਵਾਨ ਦਾ ਨਾਂ ਵੀ ਵਿਜੇ ਕੁਮਾਰ ਕਾਲਾ ਸੀ ਜਦਕਿ ਬੀਤੀ ਰਾਤ ਢਿੱਲਵਾਂ ਵਿਖੇ ਗੋਲੀ ਲੱਗਣ ਕਾਰਨ ਮਾਰੇ ਗਏ 17 ਸਾਲਾ ਨੌਜਵਾਨ ਦਾ ਨਾਂ ਵੀ ਵਿਜੇ ਕੁਮਾਰ ਹੀ ਸੀ।
ਪਿੰਡ ਨੂਰਪੁਰ ਨੇੜੇ ਰਸਤਾ ਰੋਕ ਕੇ ਰੋਸ ਪ੍ਰਦਰਸ਼ਨ - ਪੁਲਿਸ ਵੱਲੋਂ ਲਾਠੀਚਾਰਜ
ਜਲੰਧਰ, 26 ਮਈ (ਮਨਵੀਰ ਸਿੰਘ ਵਾਲੀਆ)-ਜਲੰਧਰ 'ਚ ਬੀਤੇ ਐਤਵਾਰ ਤੋਂ ਸ਼ੁਰੂ ਹੋਈ ਹਿੰਸਾ ਤੋਂ ਬਾਅਦ ਛਿੱਟ-ਪੁੱਟ ਘਟਨਾਵਾਂ ਅੱਜ ਤੀਜੇ ਦਿਨ ਵੀ ਜਾਰੀ ਰਹੀਆਂ। ਹਾਲਾਂ ਕਿ ਪੁਲਿਸ ਅਧਿਕਾਰੀ ਸਥਿਤੀ ਦੇ ਪੂਰੀ ਤਰ੍ਹਾਂ ਕਾਬੂ ਹੇਠ ਹੋਣ ਦਾ ਦਾਅਵਾ ਕਰ ਰਹੇ ਹਨ ਪਰ ਇਸ ਦੇ ਬਾਵਜੂਦ ਸਭ ਪਾਸੇ ਡਰ ਅਤੇ ਸਹਿਮ ਦਾ ਮਾਹੌਲ ਹੈ। ਅੱਜ ਸਾਰਾ ਦਿਨ ਵੀ ਪੁਲਿਸ ਅਧਿਕਾਰੀਆਂ ਨੂੰ ਭਾਜੜਾਂ ਪਈਆਂ ਰਹੀਆਂ। ਦਿਨ 'ਚ ਵਾਪਰੀਆਂ ਘਟਨਾਵਾਂ ਤੋਂ ਇਲਾਵਾ ਇਹ ਹੰਗਾਮੇ ਦੇਰ ਸ਼ਾਮ ਤੋਂ ਲੈ ਕੇ ਰਾਤ ਤੱਕ ਵੀ ਜਾਰੀ ਰਹੇ। ਸਥਾਨਕ ਪਠਾਨਕੋਟ ਰੋਡ 'ਤੇ ਸਥਿਤ ਪਿੰਡ ਨੂਰਪੁਰ ਦੇ ਨੇੜੇ ਅੱਜ ਸ਼ਾਮ ਖੇਤਰ ਦੇ ਸੈਂਕੜੇ ਵਿਅਕਤੀਆਂ ਨੇ ਰਾਸ਼ਟਰੀ ਮਾਰਗ 'ਤੇ ਧਰਨਾ ਦੇ ਕੇ ਟ੍ਰੈਫਿਕ ਜਾਮ ਕਰ ਦਿੱਤਾ। ਇਹ ਪ੍ਰਦਰਸ਼ਨ ਕਾਫੀ ਦੇਰ ਤੱਕ ਜਾਰੀ ਰਿਹਾ, ਜਿਸ ਕਾਰਨ ਉਕਤ ਸੜਕ 'ਤੇ ਵਾਹਨਾਂ ਦੀ ਆਵਾਜਾਈ ਪੂਰੀ ਤਰ੍ਹਾਂ ਕਟ ਗਈ। ਇਸ ਸਬੰਧੀ ਸੂਚਨਾ ਮਿਲਣ 'ਤੇ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚ ਗਏ ਪਰ ਵਾਰ-ਵਾਰ ਸਮਝਾਏ ਜਾਣ 'ਤੇ ਵੀ ਪ੍ਰਦਰਸ਼ਨਕਾਰੀ ਜਾਮ ਖੋਲ੍ਹਣ ਲਈ ਤਿਆਰ ਨਹੀਂ ਹੋਏ, ਜਿਸ ਤੋਂ ਬਾਅਦ ਪੁਲਿਸ ਨੇ ਤਾਕਤ ਦੀ ਵਰਤੋਂ ਕਰਕੇ ਪ੍ਰਦਰਸ਼ਨਕਾਰੀਆਂ ਨੂੰ ਉਥੋਂ ਹਟਾਇਆ, ਜਿਸ ਦੌਰਾਨ ਪੁਲਿਸ ਨੇ ਅੱਥਰੂ ਗੈਸ ਦੇ ਗੋਲੇ ਛੱਡੇ ਅਤੇ ਲਾਠੀਚਾਰਜ ਵੀ ਕੀਤਾ। ਸੜਕ ਤੋਂ ਹਟਾਏ ਜਾਣ ਉਪਰੰਤ ਪ੍ਰਦਰਸ਼ਨਕਾਰੀ ਪਿੰਡ ਦੇ ਅੰਦਰ ਚਲੇ ਗਏ ਅਤੇ ਪੁਲਿਸ ਮੁਲਾਜ਼ਮਾਂ ਉੱਕਦ ਜ਼ੋਰਦਾਰ ਪਥਰਾਅ ਕਰਨ ਲੱਗੇ। ਇਕ ਵਾਰ ਤਾਂ ਪੁਲਿਸ ਨੂੰ ਭਾਜੜਾਂ ਪੈ ਗਈਆਂ। ਉਪਰੰਤ ਪੁਲਿਸ ਨੇ ਸਥਿਤੀ ਉੱਕਦ ਕਾਬੂ ਪਾ ਲਿਆ। ਇਸ ਹੰਗਾਮੇ ਦੌਰਾਨ ਪੁਲਿਸ ਨੇ ਪਥਰਾਅ ਕਰ ਰਹੇ 4-5 ਵਿਅਕਤੀਆਂ ਨੂੰ ਵੀ ਕਾਬੂ ਕਰ ਲਿਆ। ਇਸੇ ਤਰ੍ਹਾਂ ਸਥਾਨਕ ਪਠਾਨਕੋਟ ਚੌਕ ਨੇੜੇ ਵੀ ਰਸਤਾ ਰੋਕ ਕੇ ਰੋਸ ਪ੍ਰਦਰਸ਼ਨ ਕਰ ਰਹੇ ਪ੍ਰਦਰਸ਼ਨਕਾਰੀਆਂ ਨੂੰ ਪੁਲਿਸ ਨੇ ਤਾਕਤ ਦੀ ਵਰਤੋਂ ਕਰਕੇ ਉਥੋਂ ਖਦੇੜ ਦਿੱਤਾ।
ਇਕ ਪ੍ਰਦਰਸ਼ਨਕਾਰੀ ਕਾਬੂ - ਦਰਜਨਾਂ ਮੋਟਰਸਾਈਕਲ ਕਬਜ਼ੇ 'ਚ ਲਏ
ਨੂਰਪੁਰ ਅੱਡੇ ਨੇੜੇ ਪਥਰਾਅ ਕਰਕੇ ਭੱਜ ਰਹੇ ਸ਼ਰਾਰਤੀ ਅਨਸਰਾਂ ਦਾ ਪੁਲਿਸ ਅਤੇ ਫੌਜ ਨੇ ਪਿੱਛਾ ਕੀਤਾ ਤਾਂ ਉਹ ਆਪਣੇ ਮੋਟਰਸਾਈਕਲ ਉਥੇ ਹੀ ਛੱਡ ਕੇ ਭੱਜ ਪਏ। ਪੁਲਿਸ ਨੇ ਕਰੀਬ ਦੋ ਦਰਜਨ ਮੋਟਰਸਾਈਕਲ ਕਬਜ਼ੇ 'ਚ ਲੈ ਲਏ। ਪ੍ਰਦਰਸ਼ਨਕਾਰੀਆਂ ਦੀ ਪਥਰਾਅ ਕਾਰਨ ਵੇਲੇ ਅਗਵਾਈ ਕਰ ਰਿਹਾ ਅਮਰਜੀਤ ਕੁਮਾਰ ਨਾਮਕ ਨੌਜਵਾਨ ਫੌਜ ਦੇ ਜਵਾਨਾਂ ਦੀ ਨਜ਼ਰ ਪੈ ਜਾਣ ਤੋਂ ਬਾਅਦ ਭੱਜ ਕੇ ਖੇਤਾਂ 'ਚ ਖੜ੍ਹੀ ਇਕ ਕੰਬਾਈਨ ਹੇਠਾਂ ਲੁੱਕ ਗਿਆ, ਜਿਸ ਨੂੰ ਪੁਲਿਸ ਨੇ ਕਾਬੂ ਕਰ ਲਿਆ।
ਘਰ ਦੇ ਬਾਹਰ ਖੜ੍ਹਾ ਸਕੂਟਰ ਫੂਕਿਆ
ਸਥਾਨਕ ਵੇਰਕਾ ਮਿਲਕ ਪਲਾਂਟ ਦੇ ਨੇੜੇ ਸਥਿਤ ਬਾਬਾ ਮੋਹਨ ਦਾਸ ਨਗਰ ਵਿਖੇ ਇਕ ਘਰ ਦੇ ਬਾਹਰ ਖੜ੍ਹਾ ਕੀਤਾ ਹੋਇਆ ਇਕ ਵਿਅਕਤੀ ਦਾ ਸਕੂਟਰ ਸ਼ਰਾਰਤੀ ਅਨਸਰਾਂ ਨੇ ਫੂਕ ਦਿੱਤਾ। ਉਕਤ ਸਕੂਟਰ ਘਰ ਦੇ ਬਾਹਰ ਖੜ੍ਹਾ ਸੀ ਕਿ ਕੁਝ ਨੌਜਵਾਨਾਂ ਨੇ ਹੱਥ ਵਿਚ ਫੜੀ ਪੈਟਰੋਲ ਦੀ ਕੈਨੀ ਵਿਚੋਂ ਪੈਟਰੋਲ ਪਾ ਕੇ ਸਕੂਟਰ ਨੂੰ ਅੱਗ ਲਗਾ ਦਿੱਤੀ।
ਛੋਟਾ ਸਈਪੁਰ ਰੋਡ 'ਤੇ ਪਥਰਾਅ
ਜਲੰਧਰ, 26 ਮਈ (ਵਾਲੀਆ)-ਸਥਾਨਕ ਸੋਡਲ ਖੇਤਰ 'ਚ ਸਥਿਤ ਛੋਟਾ ਸਈਪੁਰ ਰੋਡ 'ਤੇ ਵੀ ਅੱਜ ਦੁਪਹਿਰ ਕੁਝ ਸ਼ਰਾਰਤੀ ਅਨਸਰ ਇਕੱਠੇ ਹੋ ਗਏ ਅਤੇ ਉਨ੍ਹਾਂ ਨੇ ਭਾਰੀ ਪਥਰਾਅ ਕੀਤਾ ਜਿਸ ਕਾਰਨ ਪੂਰੀ ਸੜਕ ਇੱਟਾਂ, ਪੱਥਰਾਂ ਦੇ ਨਾਲ ਭਰ ਗਈ। ਮੌਕੇ 'ਤੇ ਪੁੱਜੀ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਉਥੋਂ ਭਜਾਇਆ।
ਕਰਫ਼ਿਊ 'ਚ ਰਾਹਤ ਦੌਰਾਨ ਲੋਕਾਂ ਨੇ ਖੁੱਲ੍ਹ ਕੇ ਕੀਤੀ ਖਰੀਦਦਾਰੀ
ਜਲੰਧਰ, 26 ਮਈ (ਚੰਦੀਪ ਭੱਲਾ)-ਵਿਆਨਾ ਦੀ ਘਟਨਾ ਤੋਂ ਬਾਅਦ ਜਲੰਧਰ 'ਚ ਲਗਾਏ ਗਏ ਕਰਫ਼ਿਊ 'ਚ ਅੱਜ ਸਵੇਰੇ ਮਿਲੀ 8 ਤੋਂ 10 ਵਜੇ ਅਤੇ ਸ਼ਾਮ 4 ਤੋਂ 6 ਵਜੇ ਤੱਕ ਦੀ ਢਿੱਲ ਦੌਰਾਨ ਲੋਕਾਂ ਨੇ ਖੂਬ ਖਰੀਦਦਾਰੀ ਕੀਤੀ ਤੇ ਘਰਾਂ ਲਈ ਲੋੜ ਅਨੁਸਾਰ ਜ਼ਰੂਰੀ ਵਸਤਾਂ ਖਰੀਦ ਲਈਆਂ ਤਾਂ ਕਿ ਅੱਗੋਂ ਹੋਰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਘਰੇਲੂ ਜ਼ਰੂਰਤ ਦੇ ਸਾਮਾਨ ਵਾਲੀਆਂ ਦੁਕਾਨਾਂ, ਕਰਿਆਨਾ ਸਟੋਰ, ਦੁੱਧ, ਦਹੀਂ ਦੀਆਂ ਦੁਕਾਨਾਂ ਅਤੇ ਸਬਜ਼ੀ ਦੀਆਂ ਦੁਕਾਨਾਂ 'ਤੇ ਵੀ ਖਰੀਦਦਾਰੀ ਕਰਨ ਵਾਲੇ ਲੋਕਾਂ ਦੀ ਖੂਬ ਭੀੜ ਨਜ਼ਰ ਆਈ। ਇਸੇ ਤਰ੍ਹਾਂ ਗਲੀਆਂ ਮੁਹੱਲਿਆਂ 'ਚ ਸਥਿਤ ਦੁਕਾਨਾਂ 'ਤੇ ਵੀ ਘਰੇਲੂ ਵਸਤਾਂ ਖਰੀਦਣ ਵਾਲੇ ਗਾਹਕਾਂ ਦੀ ਖੂਬ ਭੀੜ ਨਜ਼ਰ ਆਈ। ਇਸੇ ਤਰ੍ਹਾਂ ਮਕਸੂਦਾਂ ਸਬਜ਼ੀ ਮੰਡੀ 'ਚ ਵੀ ਖਰੀਦਦਾਰੀ ਕਰਨ ਆਏ ਲੋਕਾਂ ਦੀ ਖੂਬ ਭੀੜ ਨਜ਼ਰ ਆਈ।
ਖਾਸਮ-ਖਾਸ ਲੋਕਾਂ ਨੂੰ ਮਿਲਦਾ ਰਿਹਾ ਪੈਟਰੋਲ
ਸਥਾਨਕ ਨਹਿਰੂ ਗਾਰਡਨ ਰੋਡ 'ਤੇ ਸਥਿਤ ਅਤੇ ਹੋਰ ਕਈ ਪੈਟਰੋਲ ਪੰਪ ਮਾਲਕਾਂ ਨੇ ਆਮ ਲੋਕਾਂ ਨੂੰ ਭਾਵੇਂ ਪੈਟਰੋਲ ਨਹੀਂ ਦਿੱਤਾ ਪਰ ਖਾਸਮ-ਖਾਸ ਲੋਕਾਂ ਨੂੰ ਉਹ ਸਾਰਾ ਦਿਨ ਬੋਤਲਾਂ ਅਤੇ ਕੈਨੀਆਂ 'ਚ ਪੈਟਰੋਲ ਦਿੰਦੇ ਵੇਖੇ ਗਏ, ਜਿਸ ਕਰਕੇ ਦੂਜੇ ਲੋਕਾਂ 'ਚ ਨਿਰਾਸ਼ਾ ਅਤੇ ਰੋਹ ਵੇਖਣ ਨੂੰ ਮਿਲਿਆ।
ਫੋਨ 'ਤੇ ਹਾਲ ਪੁੱਛਦੇ ਰਹੇ ਲੋਕ
ਸੋਮਵਾਰ ਦੀ ਤਰ੍ਹਾਂ ਅੱਜ ਵੀ ਕਰਫ਼ਿਊ ਕਰਕੇ ਲੋਕ ਇਕ-ਦੂਜੇ ਤੋਂ ਫੋਨ 'ਤੇ ਸ਼ਹਿਰ ਦੇ ਹਾਲਾਤ ਬਾਰੇ ਜਾਣਕਾਰੀ ਲੈਂਦੇ ਰਹੇ।
ਬੱਚਿਆਂ ਨੇ ਆਨੰਦ ਲਿਆ
ਜਿਥੇ ਕਰਫ਼ਿਊ ਦੌਰਾਨ ਸ਼ਹਿਰ 'ਚ ਸੁੰਨਸਾਨ ਜਿਹਾ ਮਾਹੌਲ ਰਿਹਾ ਉਥੇ ਨਾਲ ਹੀ ਦੂਜੇ ਪਾਸੇ ਇਸ ਹਾਲਾਤ ਤੋਂ ਅਨਜਾਣ ਬੱਚੇ ਮਕਸੂਦਾਂ ਨਹਿਰ 'ਚ ਨਹਾ ਕੇ ਗਰਮੀ ਤੋਂ ਰਾਹਤ ਲੈਂਦੇ ਨਜ਼ਰ ਆਏ ਤੇ ਸਾਰਾ ਦਿਨ ਇਥੇ ਬੱਚਿਆਂ ਨੇ ਖੂਬ ਮੌਜ ਮਸਤੀ ਕੀਤੀ।
ਜਲੰਧਰ 'ਚ ਤੀਜੇ ਦਿਨ ਵੀ ਜਾਰੀ ਰਿਹਾ ਕਰਫ਼ਿਊ - ਸਥਿਤੀ ਤਣਾਅਪੂਰਨ ਪਰ ਕਾਬੂ ਹੇਠ ਰਹੀ
ਜਲੰਧਰ, 26 ਮਈ (ਮਨਵੀਰ ਸਿੰਘ ਵਾਲੀਆ, ਪਵਨ ਖਰਬੰਦਾ)-ਵਿਆਨਾ ਦੇ ਇਕ ਧਾਰਮਿਕ ਅਸਥਾਨ 'ਚ ਵਾਪਰੀ ਘਟਨਾ ਤੋਂ ਬਾਅਦ ਜਲੰਧਰ ਅਤੇ ਪੰਜਾਬ ਦੇ ਹੋਰ ਕਈ ਸ਼ਹਿਰਾਂ 'ਚ ਪੈਦਾ ਹੋਇਆ ਤਣਾਅ ਅੱਜ ਵੀ ਜਾਰੀ ਰਿਹਾ। ਬੀਤੇ ਐਤਵਾਰ ਦੀ ਸ਼ਾਮ ਤੋਂ ਜਲੰਧਰ ਵਿਚ ਲਗਾਇਆ ਗਿਆ ਕਰਫ਼ਿਊ ਅੱਜ ਤੀਜੇ ਦਿਨ ਵੀ ਜਾਰੀ ਰਿਹਾ, ਜਿਸ ਕਾਰਨ ਆਮ ਜਨ-ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਹਾਲਾਂਕਿ ਅੱਜ ਕੁਝ ਸਮੇਂ ਲਈ ਕਰਫ਼ਿਊ ਵਿਚ ਢਿੱਲ੍ਹ ਵੀ ਦਿੱਤੀ ਗਈ ਜਿਸ ਦੌਰਾਨ ਲੋਕਾਂ ਨੇ ਜ਼ਰੂਰੀ ਵਸਤਾਂ ਦੀ ਖਰੀਦਦਾਰੀ ਕੀਤੀ। ਸ਼ਹਿਰ 'ਚ ਭਾਰੀ ਗਿਣਤੀ 'ਚ ਪੁਲਿਸ ਫੋਰਸ, ਨੀਮ ਫ਼ੌਜੀ ਬਲਾਂ ਅਤੇ ਫ਼ੌਜ ਦੇ ਜਵਾਨ ਤਾਇਨਾਤ ਕੀਤੇ ਗਏ ਹਨ ਜਿਸ ਕਾਰਨ ਤਣਾਅ ਹੋਣ ਦੇ ਬਾਵਜੂਦ ਵੀ ਸਥਿਤੀ ਲਗਭਗ ਕਾਬੂ ਹੇਠ ਰਹੀ। ਇਸ ਦੇ ਬਾਵਜੂਦ ਵੀ ਅੱਜ ਸ਼ਹਿਰ 'ਚ ਛਿੱਟ-ਪੁੱਟ ਘਟਨਾਵਾਂ ਵਾਪਰੀਆਂ ਅਤੇ ਹੰਗਾਮੇ ਹੁੰਦੇ ਰਹੇ।
ਨਜ਼ਦੀਕੀ ਪਿੰਡ ਢਿਲਵਾਂ ਵਿਖੇ ਬੀਤੀ ਰਾਤ ਗੋਲੀ ਨਾਲ ਇਕ ਪ੍ਰਦਸ਼ਨਕਾਰੀ ਨੋਜਵਾਨ ਦੀ ਮੌਤ ਹੋ ਗਈ। ਸਥਾਨਕ ਭਾਰਗੋ ਕੈਂਪ 'ਚ ਪੁਲਿਸ ਕਾਰਵਾਈ ਦੌਰਾਨ ਇਕ ਬਜ਼ੁਰਗ ਔਰਤ ਦੀ ਮੌਤ ਹੋ ਗਈ। ਉਕਤ ਔਰਤ ਦੇ ਰਿਸ਼ਤੇਦਾਰਾਂ ਨੇ ਦੋਸ਼ ਲਗਾਇਆ ਹੈ ਕਿ ਉਕਤ ਔਰਤ ਦੀ ਮੌਤ ਪੁਲਿਸ ਵਲੋਂ ਧੱਕਾ ਮਾਰੇ ਜਾਣ ਕਾਰਨ ਹੋਈ ਹੈ।
ਇਕ ਮਨਿਆਰੀ ਦੀ ਦੁਕਾਨ ਵੀ ਅੱਜ ਫੂਕ ਦਿੱਤੀ ਗਈ। ਕਰਫਿਊ ਦੇ ਬਾਵਜੂਦ ਵੀ ਅੱਜ ਕਈ ਥਾਂਈ ਧਰਨੇ ਪ੍ਰਦਰਸ਼ਨਾਂ ਦਾ ਸਿਲਸਿਲਾ ਜ਼ਾਰੀ ਰਿਹਾ ਅਤੇ ਕਈ ਥਾਈਂ ਪੱਥਰਬਾਜ਼ੀ ਵੀ ਹੋਈ। ਉਧਰ ਜ਼ਿਲ੍ਹੇ 'ਚ ਅਮਨ ਕਾਨੂੰਨ ਦੀ ਸਥਿਤੀ ਨੂੰ ਬਿਹਤਰ ਬਨਾਉਣ ਲਈ ਜ਼ਿਲ੍ਹੇ ਦੇ ਪੁਲਿਸ ਅਤੇ ਸਿਵਲ ਅਧਿਕਾਰੀ ਅੱਜ ਯਤਨ ਕਰਨ 'ਚ ਲੱਗੇ ਰਹੇ ਅਤੇ ਮੀਟਿੰਗਾ ਦਾ ਸਿਲਸਿਲਾ ਜਾਰੀ ਰਿਹਾ ਜਦਕਿ ਕਈ ਰਾਜਨੀਤਕ ਅਤੇ ਧਾਰਮਿਕ ਆਗੂ ਵੀ ਸ਼ਾਂਤੀ ਬਹਾਲ ਕਰਨ ਦੇ ਯਤਨਾਂ 'ਚ ਰੁੱਝੇ ਰਹੇ।
ਨਿਊ ਸੁਰਾਜ ਗੰਜ 'ਚ ਔਰਤ ਦੀ ਮੌਤ-ਸਥਾਨਕ ਨਕੋਦਰ ਰੋਡ ਵਿਖੇ ਭਾਰਗੋ ਕੈਂਪ ਦੇ ਨਾਲ ਲੱਗਦੇ ਮੁਹੱਲਾ ਸੁਰਾਜ ਗੰਜ ਵਿਖੇ ਅੱਜ ਪੁਲਿਸ ਦੀ ਕਾਰਵਾਈ ਦੌਰਾਨ ਇਕ ਬਜ਼ੁਰਗ ਔਰਤ ਦੀ ਮੌਤ ਹੋ ਗਈ। ਪੁਲਿਸ ਦਾ ਕਹਿਣਾ ਸੀ ਕਿ ਉਕਤ ਔਰਤ ਦੀ ਮੌਤ ਦਿਲ ਫੇਲ੍ਹ ਹੋ ਜਾਣ ਕਾਰਨ ਹੋਈ ਹੈ ਜਦਕਿ ਉਕਤ ਔਰਤ ਦੇ ਪਰਿਵਾਰਕ ਮੈਂਬਰਾਂ ਦਾ ਇਹ ਕਹਿਣਾ ਹੈ ਕਿ ਦੋ ਪੁਲਿਸ ਕਰਮਚਾਰੀਆਂ ਵਲੋਂ ਧੱਕਾ ਮਾਰੇ ਜਾਣ ਕਾਰਨ ਉਸ ਦੀ ਮੌਤ ਹੋਈ ਹੈ। ਮਰਨ ਵਾਲੀ ਦੀ ਪਛਾਣ ਰੂਪ ਰਾਣੀ (55) ਪਤਨੀ ਬਚਨ ਲਾਲ ਵਾਸੀ ਨਿਊ ਸੁਰਾਜ ਗੰਜ ਜਲੰਧਰ ਦੇ ਤੌਰ 'ਤੇ ਹੋਈ ਹੈ। ਇਸ ਤੋਂ ਬਾਅਦ ਖੇਤਰ ਵਾਸੀ ਭੜਕ ਉਠੇ ਅਤੇ ਉਹ ਲਾਸ਼ ਨੂੰ ਲੈ ਕੇ ਬਾਹਰ ਸੜਕ 'ਤੇ ਪੰਹੁਚ ਗਏ ਅਤੇ ਦੋਸ਼ੀਆਂ ਖਿਲਾਫ ਕਾਰਵਾਈ ਦੀ ਮੰਗ ਨੂੰ ਲੈ ਕੇ ਰੋਸ ਪ੍ਰਦਰਸ਼ਨ ਕਰਨ ਲੱਗੇ, ਜਿਸ ਕਾਰਨ ਉਥੇ ਸਥਿਤੀ ਤਣਾਅਪੂਰਨ ਹੋ ਗਈ। ਹੰਗਾਮੇ ਦੀ ਸੂਚਨਾ ਮਿਲਦੇ ਹੀ ਥਾਣਾ-6 ਦੇ ਮੁਖੀ ਸਕੱਤਰ ਸਿੰਘ ਪੁਲਿਸ ਫੋਰਸ ਸਮੇਤ ਉਥੇ ਪੰਹੁਚ ਗਏ ਅਤੇ ਉਨ੍ਹਾਂ ਭੀੜ੍ਹ ਨੂੰ ਕਰਫਿਊ ਦੌਰਾਨ ਬਾਹਰ ਨਾ ਨਿਕਲਣ ਲਈ ਕਿਹਾ ਅਤੇ ਦੋਸ਼ੀਆਂ ਖਿਲਾਫ ਕਾਰਵਾਈ ਦਾ ਭਰੋਸਾ ਦਿੱਤਾ ਜਿਸ ਤੋਂ ਬਾਅਦ ਪ੍ਰਦਰਸ਼ਨਕਾਰੀ ਸ਼ਾਂਤ ਹੋ ਗਏ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।
ਮਨਿਆਰੀ ਦੀ ਦੁਕਾਨ ਫੂਕੀ
ਅੱਜ ਸਵੇਰੇ ਕੁਝ ਸ਼ਰਾਰਤੀ ਅਨਸਰਾਂ ਨੇ ਸਥਾਨਕ ਆਰੀਆ ਨਗਰ ਵਿਖੇ ਇਕ ਮਨਿਆਰੀ ਦੀ ਦੁਕਾਨ ਨੂੰ ਭੰਨ- ਤੋੜ ਕਰਨ ਉਪਰੰਤ ਅੱਗ ਲਗਾ ਦਿੱਤੀ। ਜਿਸ ਕਾਰਨ ਹਜ਼ਾਰਾਂ ਰੁਪਏ ਦਾ ਨੁਕਸਾਨ ਹੋਇਆ। ਦੁਕਾਨ ਦੇ ਮਾਲਕ ਅਵਤਾਰ ਸਿੰਘ ਪੁੱਤਰ ਨਾਨਕ ਸਿੰਘ ਵਾਸੀ ਆਰੀਆ ਨਗਰ ਜਲੰਧਰ ਨੇ ਦੱਸਿਆ ਕਿ ਅੱਜ ਸਵੇਰੇ ਕਰੀਬ 6-30 ਵਜੇ ਉਹ ਦੁਕਾਨ ਦੇ ਬਾਹਰ ਲੱਗੀ ਹੋਈ ਪਾਣੀ ਵਾਲੀ ਟੂਟੀ 'ਤੇ ਨਹਾਉਣ ਲਈ ਗਿਆ ਸੀ। ਇਸੇ ਦੌਰਾਨ ਉਸ ਨੇ ਦੁਕਾਨ ਦੇ ਅੰਦਰ ਪਿਆ ਤੌਲ੍ਹੀਆ ਲੈਣ ਲਈ ਦੁਕਾਨ ਦਾ ਸ਼ਟਰ ਉਪਰ ਚੁੱਕਿਆ ਹੀ ਸੀ ਕਿ 15-20 ਨੌਜਵਾਨ ਆ ਧਮਕੇ, ਉਨ੍ਹਾਂ ਨੇ ਆਪਣੇ ਚਿਹਰੇ ਢਕੇ ਹੋਏ ਸਨ। ਉਕਤ ਨੌਜਵਾਨਾਂ ਨੇ ਦੁਕਾਨ ਅੰਦਰ ਭੰਨ-ਤੋੜ੍ਹ ਕੀਤੀ ਅਤੇ ਕਾਫੀ ਸਾਰਾ ਸਾਮਾਨ ਚੁੱਕ ਲਿਆ ਅਤੇ ਦੁਕਾਨ ਨੂੰ ਅੱਗ ਲਗਾ ਕੇ ਫਰਾਰ ਹੋ ਗਏ। ਹਮਲਾਵਰਾਂ ਨੇ ਉਸ ਦੀ ਕੁੱਟਮਾਰ ਵੀ ਕੀਤੀ।
ਚੁਗਿੱਟੀ ਚੋਕ 'ਚ ਰੋਸ ਪ੍ਰਦਰਸ਼ਨ
ਵਿਆਨਾ 'ਚ ਹੋਈ ਘਟਨਾ ਪ੍ਰਤੀ ਰੋਸ ਕਰਨ ਲਈ ਅੱਜ ਸੈਂਕੜੇ ਵਿਅਕਤੀਆਂ ਜਿਨ੍ਹਾਂ ਵਿਚ ਔਰਤਾਂ ਵੀ ਸ਼ਾਮਲ ਸਨ ਵਲੋਂ ਅੱਜ ਸਥਾਨਕ ਚੁਗਿੱਟੀ ਚੌਕ ਵਿਖੇ ਮੁੱਖ ਰਾਸ਼ਟਰੀ ਮਾਰਗ ਉੱਪਰ ਰੋਸ ਪ੍ਰਦਰਸ਼ਨ ਕੀਤਾ ਗਿਆ। ਪਰ ਆਮ ਦਿਨਾਂ ਦੇ ਉਲਟ ਅੱਜ ਦਾ ਇਹ ਰੋਸ ਪ੍ਰਦਰਸ਼ਨ ਸ਼ਾਂਤੀਪੂਰਨ ਰਿਹਾ। ਪੁਲੀਸ ਦੀ ਮੋਜੂਦਗੀ 'ਚ ਕਰਫਿਊ ਦੇ ਦੋਰਾਨ ਇਹ ਰੋਸ ਪ੍ਰਦਰਸ਼ਨ ਜ਼ਾਰੀ ਰਿਹਾ। ਸਥਾਨਕ ਪਠਾਨਕੋਟ ਚੌਕ ਅਤੇ ਹੋਰ ਕਈ ਖੇਤਰਾਂ ਵਿਚ ਵੀ ਕਰਫਿਊ ਦੇ ਬਾਵਜੂਦ ਧਰਨੇ ਪ੍ਰਦਰਸ਼ਨ ਜ਼ਾਰੀ ਰਹੇ।
ਸ਼ਹਿਰ ਦੇ ਵੱਖ-ਵੱਖ ਖੇਤਰਾਂ 'ਚ ਫਲੈਗ ਮਾਰਚ-ਸ਼ਹਿਰ ਵਾਸੀਆਂ ਦੇ ਦਿਲਾਂ 'ਚ ਸੁੱਰਖਿਆ ਦੀ ਭਾਵਨਾ ਪੈਦਾ ਕਰਨ ਦੇ ਮੰਤਵ ਨਾਲ ਅੱਜ ਸੈਨਾ ਅਤੇ ਪੁਲਿਸ ਦੀਆਂ ਟੁਕੜੀਆਂ ਵੱਲੋਂ ਸ਼ਹਿਰ ਦੇ ਗੜਬੜ੍ਹ ਗ੍ਰਸਤ ਖੇਤਰਾਂ 'ਚ ਫਲੈਗ ਮਾਰਚ ਕੀਤਾ ਗਿਆ। ਅੱਜ ਦੁਪਹਿਰ ਆਈ. ਜੀ. ਜ਼ੋਨਲ ਸ੍ਰੀ ਸੰਜੀਵ ਕਾਲੜ੍ਹਾ ਦੀ ਅਗਵਾਈ ਹੇਠ ਫਲੈਗ ਮਾਰਚ ਕੀਤਾ ਗਿਆ ਜੋ ਕਿ ਸ਼ਹਿਰ ਦੇ ਵੱਖ-ਵੱਖ ਭਾਗਾਂ 'ਚ ਗਿਆ।
ਲਾਡੋਵਾਲੀ ਰੋਡ ਵਿਖੇ ਪਥਰਾਅ
ਸਥਾਨਕ ਲਾਡੋਵਾਲੀ ਰੋਡ ਵਿਖੇ ਬੀ. ਐਸ. ਐਫ. ਚੌਕ ਦੇ ਨੇੜ੍ਹੇ ਇਕੱਤਰ ਹੋਏ ਕੁਝ ਵਿਅਕਤੀਆਂ ਵਲੋਂ ਅੱਜ ਪਥਰਾਅ ਕੀਤਾ ਗਿਆ ਜਿਸ ਦੌਰਾਨ ਕੁਝ ਵਾਹਨਾਂ ਨੂੰ ਨੁਕਸਾਨ ਪੁੱਜਾ। ਮੌਕੇ 'ਤੇ ਪੁੱਜੀ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਹਲਕੀ ਤਾਕਤ ਦੀ ਵਰਤੋਂ ਕਰ ਕੇ ਉਥੋਂ ਖਦੇੜ ਦਿੱਤਾ। ਨਜ਼ਦੀਕੀ ਪਿੰਡ ਬੁਲੰਦਪੁਰ ਵਿਖੇ ਵੀ ਅੱਜ ਸਵੇਰੇ ਕਾਫੀ ਹੰਗਾਮਾ ਹੋਇਆ ਅਤੇ ਪੱਥਰ ਚੱਲੇ। ਪੁਲਿਸ ਨੇ ਮੌਕੇ 'ਤੇ ਪੰਹੁਚ ਕੇ ਸਥਿਤੀ 'ਤੇ ਕਾਬੂ ਪਾਇਆ।
ਕਰਫਿਊ 'ਚ ਢਿੱਲ੍ਹ ਦੋਰਾਨ ਲੋਕਾਂ ਨੇ ਕੀਤੀ ਖਰੀਦਦਾਰੀ
ਸਥਿਤੀ ਵਿਚ ਮਾਮੂਲੀ ਸੁਧਾਰ ਹੋਣ ਕਾਰਨ ਅੱਜ ਅਧਿਕਾਰੀਆਂ ਵਲੋਂ ਸਵੇਰੇ 9-00 ਤੋਂ 10-00 ਵਜੇ ਅਤੇ ਸ਼ਾਮ 4-00 ਤੋਂ 6-00 ਵਜੇ ਤੱਕ ਕਰਫਿਊ 'ਚ ਢਿੱਲ੍ਹ ਦਿੱਤੀ ਗਈ ਜਿਸ ਦੌਰਾਨ ਲੋਕ ਘਰਾਂ ਤੋਂ ਬਾਹਰ ਬਾਜ਼ਾਰਾਂ 'ਚ ਨਿਕਲੇ ਅਤੇ ਜ਼ਰੂਰੀ ਵਸਤਾਂ ਦੀ ਖਰੀਦਦਾਰੀ ਕੀਤੀ। ਕਈ ਦੁਕਾਨਦਾਰਾਂ ਨੇ ਦੁੱਧ, ਆਟਾ, ਦਾਲ ਅਤੇ ਸਬਜ਼ੀਆਂ ਆਦਿ ਦੇ ਮੂੰਹ ਮੰਗੀਆਂ ਕੀਮਤਾਂ ਵਸੂਲ ਕਰ ਕੇ ਮੋਟੀ ਕਮਾਈ ਕੀਤੀ। ਮਿਲਕ ਪਲਾਂਟ ਤੋਂ ਅੱਜ ਦੁੱਧ ਦੀਆਂ ਗੱਡੀਆਂ ਪੁਲੀਸ ਦੀ ਨਿਗਰਾਨੀ ਹੇਠ ਸ਼ਹਿਰ ਦੇ ਵੱਖ-ਵੱਖ ਭਾਗਾਂ 'ਚ ਭੇਜੀਆਂ ਗਈਆਂ ਤਾਂ ਜੋ ਸ਼ਹਿਰ ਵਾਸੀਆਂ ਨੂੰ ਦੁੱਧ ਸਮੇਂ ਸਿਰ ਮਿਲ ਸਕੇ।
ਰੈਪਿਡ ਐਕਸ਼ਨ ਫੋਰਸ ਨੇ ਕਾਬੂ ਕੀਤਾ ਲੁਟੇਰਾ
ਜਲੰਧਰ, 26 ਮਈ (ਸ਼ਿਵ)-ਹਿੰਸਕ ਵਾਰਦਾਤਾਂ ਦੀ ਆੜ੍ਹ ਵਿਚ ਲੁੱਟਾਂ-ਖੋਹਾਂ ਕਰਨ ਵਾਲੇ ਵੀ ਸਰਗਰਮ ਹੋ ਗਏ ਹਨ ਤੇ ਅੱਜ ਦੁਪਹਿਰ ਬਾਅਦ ਦਿੱਲੀ ਪਬਲਿਕ ਸਕੂਲ ਦੇ ਲਾਗੇ ਇਕ ਸਕੂਟਰ 'ਤੇ ਜਾਂਦੀ ਮਹਿਲਾ ਨੂੰ ਲੁੱਟਾਂ-ਖੋਹਾਂ ਕਰਨ ਵਾਲਿਆਂ ਨੇ ਲੁੱਟ ਲਿਆ ਜਿਨ੍ਹਾਂ ਵਿਚ ਆਰ. ਏ. ਐਫ. ਨੇ ਬਾਅਦ ਵਿਚ ਇਕ ਨੂੰ ਕਾਬੂ ਕਰ ਲਿਆ ਤੇ ਬਾਕੀ ਦੌੜ ਗਏ। ਮਿਲੀ ਜਾਣਕਾਰੀ ਮੁਤਾਬਿਕ ਉਕਤ ਸਕੂਲ ਦੇ ਲਾਗੇ ਤੋਂ ਇਕ ਜੋੜਾ ਸਕੂਟਰ 'ਤੇ ਲੰਘ ਰਿਹਾ ਸੀ ਕਿ ਕਿ ਚਾਰ-ਪੰਜ ਲੁੱਟਾਂ ਖੋਹਾਂ ਕਰਨ ਵਾਲਿਆਂ ਨੇ ਉਨ੍ਹਾਂ ਨੂੰ ਘੇਰ ਲਿਆ ਤੇ ਔਰਤ ਦੇ ਸੋਨੇ ਦੇ ਗਹਿਣੇ ਖੋਹ ਲਏ ਤੇ ਬਾਅਦ ਵਿਚ ਸਕੂਟਰ ਨੂੰ ਤੇਲ ਪਾ ਕੇ ਅੱਗ ਲਗਾਉਣ ਲੱਗੇ ਸਨ ਕਿ ਇਹ ਨਜ਼ਾਰਾ ਆਉਂਦੇ ਕੁਝ ਲੋਕਾਂ ਨੇ ਦੇਖ ਲਿਆ ਤੇ ਇਹ ਦੇਖ ਕੇ ਲੁੱਟਾਂ-ਖੋਹਾਂ ਕਰਨ ਵਾਲੇ ਦੇਖਣ ਵਾਲਿਆਂ ਦੇ ਪਿੱਛੇ ਦੌੜੇ। ਪਰ ਲੋਕਾਂ ਨੇ ਰਾਮਾ ਮੰਡੀ ਚੌਕ ਵਿਚ ਖੜ੍ਹੇ ਆਰ. ਏ. ਐਫ. ਨੂੰ ਦੱਸਿਆ ਤੇ ਫੋਰਸ ਦੇ ਕਈ ਜਵਾਨਾਂ ਨੇ ਸਕੂਲ ਦੇ ਲਾਗੇ ਇਕ ਪਿੰਡ ਨੂੰ ਜਾ ਕੇ ਘੇਰ ਲਿਆ ਜਿੱਥੇ ਕਿ ਇਕ ਘਰ ਵਿਚ ਉਕਤ ਲੁੱਟਾਂ-ਖੋਹਾਂ ਕਰਨ ਵਾਲੇ ਲੁਕੇ ਹੋਏ ਸਨ। ਜਵਾਨਾਂ ਨੇ ਉਨ੍ਹਾਂ ਵਿਚੋਂ ਇਕ ਨੂੰ ਕਾਬੂ ਕਰ ਲਿਆ ਤੇ ਬਾਕੀ ਦੌੜ ਗਏ।
ਅਵਤਾਰ ਨਗਰ 'ਚ ਕ੍ਰਿਪਾਨਾਂ ਚੱਲੀਆਂ - ਚਾਰ ਜ਼ਖਮੀ
ਜਲੰਧਰ, 26 ਮਈ (ਮਨਵੀਰ ਸਿੰਘ ਵਾਲੀਆ)-ਸਥਾਨਕ ਮੁਹੱਲਾ ਅਵਤਾਰ ਨਗਰ 'ਚ ਅੱਜ ਉਸ ਸਮੇਂ ਦਹਿਸ਼ਤ ਫੈਲ ਗਈ ਜਦੋਂ ਮਾਮੂਲੀ ਵਿਵਾਦ ਨੂੰ ਲੈ ਕੇ ਨੌਜਵਾਨਾਂ ਦੇ ਦੋ ਧੜ੍ਹੇ ਆਪਸ 'ਚ ਭਿੜ੍ਹ ਪਏ ਜਿਸ ਦੌਰਾਨ ਤੇਜ਼ਧਾਰ ਹਥਿਆਰਾਂ ਅਤੇ ਬੇਸ ਬੈਟਾਂ ਆਦਿ ਦੀ ਖੁੱਲ੍ਹੀ ਵਰਤੋਂ ਕੀਤੀ ਗਈ। ਕਰਫ਼ਿਊ ਦੇ ਦੋਰਾਨ ਹੋਈ ਇਸ ਲੜਾਈ ਕਾਰਨ ਖੇਤਰ ਵਿਚ ਦਹਿਸ਼ਤ ਫੈਲ ਗਈ। ਇਸ ਝਗੜ੍ਹੇ ਵਿਚ ਦੋਵਾਂ ਧਿਰਾਂ ਦੇ ਚਾਰ ਨੌਜਵਾਨ ਜ਼ਖਮੀ ਹੋ ਗਏ। ਸਿਵਲ ਹਸਪਤਾਲ 'ਚ ਇਲਾਜ ਅਧੀਨ ਅਰੁਣ ਕੁਮਾਰ ਪੁੱਤਰ ਅਨਿਲ ਕਮਾਰ ਵਾਸੀ ਟੈਗੋਰ ਨਗਰ ਜਲੰਧਰ ਨੇ ਦੱਸਿਆ ਕਿ ਅੱਜ ਉਹ ਅਤੇ ਉਸ ਦਾ ਭਰਾ ਰਵੀ ਸਕੂਟਰ 'ਤੇ ਜਾ ਰਹੇ ਸਨ ਰਸਤੇ ਵਿਚ ਅਵਤਾਰ ਨਗਰ ਨਿਵਾਸੀ ਟਿੰਕੂ ਅਤੇ ਗੋਪੀ ਸਾਥੀਆਂ ਦੇ ਨਾਲ ਸੜਕ 'ਤੇ ਕ੍ਰਿਕਟ ਖੇਡ ਰਹੇ ਸਨ। ਇਸ ਦੌਰਾਨ ਮਾਮੂਲੀ ਟੱਕਰ ਹੋ ਗਈ ਅਤੇ ਗੋਪੀ ਅਤੇ ਟਿੰਕੂ ਨੇ ਸਾਥੀਆਂ ਨਾਲ ਮਿਲ ਕੇ ਹਮਲਾ ਕਰ ਦਿੱਤਾ ਜਿਸ ਕਾਰਨ ਉਹ ਦੋਵੇਂ ਭਰਾ ਜ਼ਖਮੀ ਹੋ ਗਏ। ਦੂਜੇ ਪਾਸਿਓਂ ਜ਼ਖਮੀ ਹੋਏ ਗੋਪੀ ਅਤੇ ਟਿੰਕੂ ਨੇ ਦੱਸਿਆ ਕਿ ਉਹ ਕ੍ਰਿਕਟ ਖੇਡ ਰਹੇ ਸਨ ਕਿ ਅਰੁਣ ਅਤੇ ਉਸ ਦਾ ਭਰਾ ਰਵੀ ਉਨ੍ਹਾਂ ਨੂੰ ਗਾਲ੍ਹੀ-ਗਲੋਚ ਕਰਨ ਲੱਗ ਪਏ। ਜਦੋਂ ਉਨ੍ਹਾਂ ਨੇ ਵਿਰੋਧ ਕੀਤਾ ਤਾਂ ਉਹ ਧਮਕੀਆਂ ਦਿੰਦੇ ਹੋਏ ਚਲੇ ਗਏ ਅਤੇ ਕੁਝ ਦੇਰ ਬਾਅਦ ਉਹ ਦੁਬਾਰਾ ਸਾਥੀਆਂ ਸਮੇਤ ਆ ਗਏ ਅਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਉਨ੍ਹਾਂ ਨੂੰ ਜ਼ਖਮੀ ਕਰ ਦਿੱਤਾ। ਘਟਨਾ ਸੰਬਧੀ ਪੁਲੀਸ ਨੂੰ ਸੂਚਿਤ ਕੀਤਾ ਗਿਆ ਹੈ।
ਮਕਸੂਦਾਂ ਖੇਤਰ ਵਿਚ ਕਰਫ਼ਿਊ 'ਚ ਢਿੱਲ ਦੌਰਾਨ ਹਾਲਤ ਠੀਕ ਰਹੀ
ਮਕਸੂਦਾਂ, 26 ਮਈ (ਠੱਠਗੜ੍ਹ)-ਮਕਸੂਦਾਂ ਖੇਤਰ ਵਿਚ ਸੰਤਾਂ ਦੇ ਸ਼ਰਧਾਲੂਆਂ ਵਿਚ ਬਹੁਤ ਭਾਰੀ ਰੋਸ ਪਾਇਆ ਗਿਆ, ਜਿਸ ਨੂੰ ਡੇਰਾ ਸੱਚਖੰਡ ਬੱਲਾਂ ਵਾਲੇ ਮਹਾਂਪੁਰਸ਼ ਬਾਬਾ ਸੁਰਿੰਦਰ ਦਾਸ ਬਾਵਾ ਜੀ ਵੱਲੋਂ ਵਾਰ-ਵਾਰ ਸ਼ਾਂਤ ਰਹਿਣ ਦੀ ਅਪੀਲ ਨਾਲ ਅੱਜ ਮਕਸੂਦਾਂ ਇਲਾਕੇ ਵਿਚ ਬਿਲਕੁਲ ਸ਼ਾਂਤੀ ਰਹੀ। ਇਸ ਦੌਰਾਨ ਫੌਜ ਵੱਲੋਂ ਆਪਣੀ ਗਸ਼ਤ ਜਾਰੀ ਸੀ। ਭਾਵੇਂ ਮਕਸੂਦਾਂ ਤੋਂ ਅੰਮ੍ਰਿਤਸਰ ਬਿਧੀਪੁਰ ਫਾਟਕ ਨੂੰ ਜਾਂਦੀ ਸੜਕ ਬੰਦ ਕੀਤੀ ਸੀ, ਪਰ ਰੋਸ 'ਤੇ ਬੈਠੇ ਧਰਨਾਕਾਰੀਆਂ ਨੇ ਕਿਸੇ ਨੂੰ ਰੋਕਿਆ ਨਹੀਂ। ਲੋਕ ਸੜਕ ਦੇ ਆਸੇ-ਪਾਸੇ ਰਸਤਾ ਵੇਖ ਕੇ ਲੰਘਦੇ ਗਏ।
40 ਰੁਪਏ ਕਿਲੋ ਵਿਕਿਆ ਦੁੱਧ
ਜਲੰਧਰ, 26 ਮਈ (ਜਸਪਾਲ ਸਿੰਘ)-ਸ਼ਹਿਰ 'ਚ ਕਰਫਿਊ ਲੱਗਣ ਕਾਰਨ ਰੋਜ਼ਾਨਾ ਘਰੇਲੂ ਵਰਤੋਂ ਦੀਆਂ ਚੀਜ਼ਾਂ ਦੇ ਬਾਹਰੋਂ ਨਾ ਆਉਣ ਕਾਰਨ ਉਨ੍ਹਾਂ ਦੀਆਂ ਕੀਮਤਾਂ ਅਸਮਾਨੀ ਜਾ ਚੜ੍ਹੀਆਂ ਤੇ ਕੁਝ ਲੋਕਾਂ ਨੇ ਜਾਣਬੁੱਝ ਕੇ ਅਜਿਹੀ ਸਥਿਤੀ ਦਾ ਫਾਇਦਾ ਉਠਾਇਆ। ਸ਼ਹਿਰ 'ਚ ਜਿੱਥੇ ਹੋਰ ਚੀਜ਼ਾਂ ਆਮ ਭਾਅ ਨਾਲੋਂ ਵੱਧ ਭਾਅ 'ਤੇ ਵਿਕੀਆਂ ਤੇ ਲੋਕ ਉਨ੍ਹਾਂ ਨੂੰ ਖਰੀਦਣ ਲਈ ਮਜ਼ਬੂਰ ਸਨ, ਉਨ੍ਹਾਂ 'ਚ ਸਭ ਤੋਂ ਅਹਿਮ ਸੀ ਦੁੱਧ। ਸ਼ਹਿਰ ਦੇ ਵੱਖ-ਵੱਖ ਹਿੱਸਿਆਂ 'ਚ ਦੁੱਧ 40-40 ਰੁਪਏ ਕਿਲੋ ਦੇ ਹਿਸਾਬ ਨਾਲ ਵਿਕਿਆ।
ਫਿਲੌਰ ਰੇਲਵੇ ਸਟੇਸ਼ਨ ਦਾ 65-70 ਲੱਖ ਦਾ ਨੁਕਸਾਨ - ਬਲਬੀਰ ਸਿੰਘ
ਫਿਲੌਰ, 26 ਮਈ (ਸਤਿੰਦਰ ਸ਼ਰਮਾ)-ਰੇਲਵੇ ਸਟੇਸ਼ਨ ਫਿਲੌਰ ਦੇ ਸਟੇਸ਼ਨ ਸੁਪਰਡੈਂਟ ਸ੍ਰੀ ਬਲਬੀਰ ਸਿੰਘ ਨੇ ਦੱਸਿਆ ਕਿ ਵਿਆਨਾ ਕਾਂਡ ਨੂੰ ਲੈ ਕੇ 26 ਮਈ ਨੂੰ ਪ੍ਰਦਰਸ਼ਨਕਾਰੀਆਂ ਨੇ ਰੇਲਵੇ ਸਟੇਸ਼ਨ ਦੇ ਵੱਖ-ਵੱਖ ਕਮਰਿਆਂ ਅੰਦਰ ਘੁਸ ਕੇ ਬੁਰੀ ਤਰਾਂ ਤੋੜ-ਭੰਨ ਕੀਤੀ ਜਿਸ ਕਰਕੇ ਲੱਗਭਗ 65-70 ਲੱਖ ਰੁਪਏ ਤੋਂ ਜ਼ਿਆਦਾ ਦਾ ਨੁਕਸਾਨ ਹੋਇਆ ਹੈ। ਸਟੇਸ਼ਨ ਸੁਪਰਡੈਂਟ ਨੇ ਦੱਸਿਆ ਕਿ ਪ੍ਰਦਰਸ਼ਨਕਾਰੀ 12 ਵਜੇ ਦੇ ਕਰੀਬ 2 ਗਰੁੱਪਾਂ ਵਿਚ ਆਏ ਅਤੇ ਡਿਊਟੀ ਸਟਾਫ ਦੇ ਰੋਕਣ ਦੇ ਬਾਵਜੂਦ ਜ਼ਬਰਦਸਤੀ ਸਟੇਸ਼ਨ ਦੇ ਵੱਖ-ਵੱਖ ਕਮਰਿਆਂ ਅੰਦਰ ਘੁਸ ਗਏ।
ਜਲੰਧਰ 'ਚ ਰੈਪਿਡ ਐਕਸ਼ਨ ਫੋਰਸ ਤਾਇਨਾਤ
ਜਲੰਧਰ, 26 ਮਈ (ਜਸਪਾਲ ਸਿੰਘ)-ਆਸਟਰੀਆ ਵਿਖੇ ਬੱਲਾਂ ਵਾਲੇ ਸੰਤਾਂ 'ਤੇ ਹੋਏ ਹਮਲੇ ਤੋਂ ਬਾਅਦ ਭੜਕੀ ਹਿੰਸਾ 'ਤੇ ਕਾਬੂ ਪਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਜਿੱਥੇ ਪੈਰਾ ਮਿਲਟਰੀ ਫੋਰਸਿਜ਼ ਦੀ ਸਹਾਇਤਾ ਲਈ ਗਈ ਹੈ ਉਥੇ ਪ੍ਰਸ਼ਾਸਨ ਵਲੋਂ ਬੁਲਾਈ ਗਈ ਰੈਪਿਡ ਐਕਸ਼ਨ ਫੋਰਸ ਵਲੋਂ ਵੀ ਗਸ਼ਤ ਕੀਤੀ ਗਈ। ਨੀਲੀ ਵਰਦੀ 'ਚ ਐਕਸ਼ਨ ਫੋਰਸ ਦੇ ਜਵਾਨ ਅਤੇ ਔਰਤਾਂ ਸ਼ਹਿਰ ਦੇ ਵੱਖ-ਵੱਖ ਹਿੱਸਿਆਂ 'ਚ ਤਾਇਨਾਤ ਹਨ।
ਆਰ. ਪੀ. ਐਫ. ਦੇ ਡੀ. ਆਈ. ਜੀ. ਵੱਲੋਂ ਸਟੇਸ਼ਨਾਂ ਦਾ ਮੁਆਇਨਾ ਕੀਤਾ
ਜਲੰਧਰ, 26 ਮਈ (ਮਦਨ ਭਾਰਦਵਾਜ)-ਭੜਕੇ ਲੋਕਾਂ ਵੱਲੋਂ ਤੋੜ-ਫੋੜ ਦੀਆਂ ਘਟਨਾਵਾਂ ਅਤੇ ਜਲੰਧਰ ਛਾਉਣੀ ਰੇਲਵੇ ਸਟੇਸ਼ਨ 'ਤੇ ਹੋਏ ਭਾਰੀ ਨੁਕਸਾਨ ਦਾ ਜਾਇਜ਼ਾ ਲੈਣ ਆਏ ਆਰ. ਪੀ. ਐਫ. ਦੇ ਡੀ. ਆਈ. ਜੀ. ਸ੍ਰੀ ਪੀ. ਐਸ. ਰਾਵਤ ਨੇ ਜਲੰਧਰ ਅਤੇ ਜਲੰਧਰ ਛਾਉਣੀ ਦੇ ਸਟੇਸ਼ਨਾਂ ਦਾ ਮੁਆਇਨਾ ਕੀਤਾ। ਸ੍ਰੀ ਰਾਵਤ ਨੇ ਦੱਸਿਆ ਕਿ ਸੋਮਵਾਰ ਨੂੰ ਜਲੰਧਰ ਛਾਉਣੀ ਸਟੇਸ਼ਨ 'ਤੇ ਭੜਕੇ ਲੋਕਾਂ ਵੱਲੋਂ ਜਿਹੜੀ ਮਦਰਾਸ ਐਕਸਪ੍ਰੈੱਸ ਅਤੇ ਆਰ. ਪੀ. ਐਫ. ਦੇ ਥਾਣੇ ਦੀ ਸਾੜ-ਫੂਕ ਕੀਤੀ ਉਹ ਬਹੁਤ ਹੀ ਮੰਦਭਾਗੀ ਘਟਨਾ ਸੀ। ਉਨ੍ਹਾਂ ਨੇ ਅੱਜ ਸੜੀ ਹੋਈ ਮਦਰਾਸ ਐਕਸਪ੍ਰੈੱਸ ਨੂੰ ਵੀ ਦੇਖਿਆ ਅਤੇ ਸਾਰੀ ਸਥਿਤੀ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਕਿਹਾ ਕਿ ਰੇਲ ਦੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਣਾ ਸਰਕਾਰੀ ਜਾਇਦਾਦ ਦਾ ਹੀ ਨੁਕਸਾਨ ਹੈ। ਇਸ ਮੌਕੇ ਉਨ੍ਹਾਂ ਨਾਲ ਜੰਮੂ ਦੇ ਕਮਾਂਡੈਂਟ ਸ੍ਰੀ ਅੰਜਨੀ ਕੁਮਾਰ (ਜਿਨ੍ਹਾਂ ਕੋਲ ਫਿਰੋਜ਼ਪੁਰ ਕਮਾਨ ਦਾ ਚਾਰਜ ਵੀ ਹੈ), ਜੀ. ਆਰ. ਪੀ. ਦੇ ਐਸ. ਪੀ. ਸ੍ਰੀ ਜੰਗ ਬਹਾਦਰ ਸ਼ਰਮਾ ਵੀ ਸਨ।
ਪੈਟਰੋਲ ਪੰਪ 'ਤੇ ਹੋਇਆ ਹੰਗਾਮਾ
ਜਲੰਧਰ, 26 ਮਈ (ਖਰਬੰਦਾ)-ਕਰਫਿਊ ਦੌਰਾਨ ਪ੍ਰਸ਼ਾਸਨ ਵੱਲੋਂ ਮਿਲੀ ਖੁੱਲ੍ਹ ਕਾਰਨ ਮਦਨ ਫਿਲੌਰ ਮਿਲ ਚੌਕ ਨੇੜੇ ਸਥਿਤ ਇਕ ਪੈਟਰੋਲ ਪੰਪ 'ਤੇ ਤੇਲ ਭਰਵਾਉਣ ਲਈ ਖੜੇ ਦਰਜਨਾਂ ਵਾਹਨ ਚਾਲਕਾਂ ਨੂੰ ਉਸ ਸਮੇਂ ਭਾਜੜਾਂ ਪੈ ਗਈਆਂ ਜਦੋਂ ਭੀੜ ਨੂੰ ਦੇਖ ਕੇ ਕਈ ਪੁਲਿਸ ਕਰਮਚਾਰੀ ਉਨ੍ਹਾਂ ਨੂੰ ਭਜਾਉਣ ਲਈ ਆ ਗਏ। ਇਸ ਦੌਰਾਨ ਕਾਫ਼ੀ ਹੰਗਾਮਾ ਹੋਇਆ।
ਅਜੀਤ ਜਲੰਧਰ ਦਾ ਖ਼ਬਰ ਪੰਨਾ - ਸੰਕਟ ‘ਚ ਘਿਰਿਆ ਜਲੰਧਰ
8) ਰੋਸ ਵਜੋਂ ਕਪੂਰਥਲਾ ਦੂਜੇ ਦਿਨ ਵੀ ਬੰਦ ਰਿਹਾ