ਜਲੰਧਰ, 25 ਮਈ: (ਮਨਵੀਰ ਸਿੰਘ ਵਾਲੀਆ, ਜਸਪਾਲ ਸਿੰਘ, ਪਵਨ ਖਰਬੰਦਾ) ਆਸਟਰੀਆ ਦੀ ਰਾਜਧਾਨੀ ਵਿਆਨਾ ਵਿਖੇ ਇਕ ਧਾਰਮਿਕ ਅਸਥਾਨ ਵਿਚ ਹੋਈ ਗੋਲੀਬਾਰੀ ਦੀ ਘਟਨਾ ਤੋਂ ਬਾਅਦ ਪੰਜਾਬ ਦੇ ਪ੍ਰਮੁੱਖ ਸ਼ਹਿਰ ਜਲੰਧਰ ਤੋਂ ਸ਼ੁਰੂ ਹੋਈ ਹਿੰਸਾ ਅੱਜ ਦੂਜੇ ਦਿਨ ਵੀ ਜਾਰੀ ਰਹੀ ਤੇ ਇਹ ਹਿੰਸਾ ਪੰਜਾਬ ਦੇ ਹੋਰ ਸ਼ਹਿਰਾਂ 'ਚ ਵੀ ਫੈਲ ਗਈ। ਜਲੰਧਰ 'ਚ ਲਗਾਤਾਰ ਤਣਾਅਪੂਰਨ ਸਥਿਤੀ ਹੈ ਅਤੇ ਸ਼ਹਿਰ ਦੇ ਕਈ ਭਾਗਾਂ 'ਚ ਫੌਜ ਦੇ ਦਸਤੇ ਅਤੇ ਨੀਮ ਫੌਜੀ ਬਲ ਤਾਇਨਾਤ ਕੀਤੇ ਗਏ ਹਨ। ਅੱਜ ਜਲੰਧਰ 'ਚ ਕਈ ਥਾਈਂ ਗੋਲੀਬਾਰੀ, ਪਥਰਾਅ ਅਤੇ ਅਗਜ਼ਨੀ ਦੀਆਂ ਘਟਨਾਵਾਂ ਹੋਈਆਂ। ਲਾਂਬੜਾ ਖੇਤਰ ਵਿਚ ਨੀਮ ਫੌਜੀ ਬਲਾਂ ਵੱਲੋਂ ਚਲਾਈ ਗਈ ਗੋਲੀ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ, ਜਦ ਕਿ ਵੱਖ-ਵੱਖ ਥਾਈਂ ਕਈ ਹੋਰ ਵਿਅਕਤੀ ਜ਼ਖਮੀ ਹੋਏ। ਪ੍ਰਦਰਸ਼ਨਕਾਰੀਆਂ ਵਲੋਂ ਛਾਉਣੀ ਰੇਲਵੇ ਸਟੇਸ਼ਨ ਦੇ ਨੇੜੇ ਮਦਰਾਸ ਮੇਲ ਗੱਡੀ ਨੂੰ ਅੱਗ ਲਗਾ ਦਿੱਤੀ ਗਈ ਅਤੇ ਹੋਰ ਗੱਡੀਆਂ 'ਤੇ ਵੀ ਪਥਰਾਓ ਕੀਤਾ ਗਿਆ। ਅੱਜ ਦੂਜੇ ਦਿਨ ਵੀ ਕਰਫ਼ਿਊ ਲਗਾਤਾਰ ਬਿਨਾਂ ਕਿਸੇ ਢਿੱਲ ਤੋਂ ਜਾਰੀ ਰਿਹਾ।
ਲਾਂਬੜਾ 'ਚ ਗੋਲੀਬਾਰੀ
ਲਾਂਬੜਾ ਖੇਤਰ 'ਚ ਅੱਜ ਸੁਰੱਖਿਆ ਬਲਾਂ ਨੂੰ ਉਸ ਸਮੇਂ ਫਾਇਰਿੰਗ ਕਰਨੀ ਜਦੋਂ ਉਥੇ ਪੁੱਜੇ ਆਈ. ਜੀ. ਜ਼ੋਨਲ ਸ੍ਰੀ ਸੰਜੀਵ ਕਾਲੜਾ ਉੱਕਦ ਪ੍ਰਦਰਸ਼ਨਕਾਰੀਆਂ ਨੇ ਧਾਵਾ ਬੋਲ ਦਿੱਤਾ। ਉਕਤ ਖੇਤਰ 'ਚ ਸਥਿਤੀ ਤਣਾਅਪੂਰਨ ਹੋਣ ਦੀ ਸੂਚਨਾ ਮਿਲਣ 'ਤੇ ਆਈ. ਜੀ. ਅਤੇ ਤਹਿਸੀਲਦਾਰ ਮਨਿੰਦਰ ਸਿੰਘ ਉਥੇ ਪੁੱਜੇ ਤਾਂ ਉਥੇ ਸੈਂਕੜੇ ਵਿਅਕਤੀਆਂ ਦਾ ਹਜੂਮ ਹੰਗਾਮਾ ਕਰ ਰਿਹਾ ਸੀ। ਜਦੋਂ ਆਈ. ਜੀ. ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਭੀੜ ਨੇ ਹੱਲਾ ਬੋਲ ਦਿੱਤਾ ਅਤੇ ਪਥਰਾਅ ਕਰਨਾ ਸ਼ੁਰੂ ਕਰ ਦਿੱਤਾ। ਭੀੜ ਨੇ ਪੁਲਿਸ ਦੀਆਂ ਗੱਡੀਆਂ ਨੂੰ ਵੀ ਨੁਕਸਾਨ ਪਹੁੰਚਾਇਆ। ਕਈ ਪੁਲਿਸ ਕਰਮਚਾਰੀ ਵੀ ਜ਼ਖ਼ਮੀ ਹੋ ਗਏ। ਆਈ. ਜੀ. ਸ੍ਰੀ ਕਾਲੜਾ ਵੀ ਭੀੜ 'ਚ ਘਿਰ ਗਏ। ਆਈ. ਜੀ. ਪੱਥਰ ਲੱਗਣ ਕਾਰਨ ਮਾਮੂਲੀ ਜ਼ਖ਼ਮੀ ਵੀ ਹੋ ਗਏ। ਉਨ੍ਹਾਂ ਨੂੰ ਬਚਾਉਣ ਲਈ ਅੱਗੇ ਆਇਆ ਅੰਗ ਰੱਖਿਅਕ ਵੀ ਜ਼ਖ਼ਮੀ ਹੋ ਗਿਆ, ਜਿਸ ਤੋਂ ਬਾਅਦ ਉਥੇ ਮੌਜੂਦ ਫੌਜ ਦੇ ਜਵਾਨਾਂ ਨੇ ਚਿਤਾਵਨੀ ਦੇਣ ਉਪਰੰਤ ਗੋਲੀ ਚਲਾ ਦਿੱਤੀ, ਜਿਸ ਕਾਰਨ ਇਕ ਅਣਪਛਾਤੇ ਵਿਅਕਤੀ ਦੀ ਮੌਤ ਹੋ ਗਈ। ਪੁਲਿਸ ਵੱਲੋਂ ਪ੍ਰਦਰਸ਼ਨਕਾਰੀਆਂ ਨੂੰ ਖਿੰਡਾਉਣ ਲਈ ਲਾਠੀਚਾਰਜ ਵੀ ਕੀਤਾ ਗਿਆ। ਗੋਲੀ ਲੱਗਣ ਕਾਰਨ ਤਿੰਨ ਵਿਅਕਤੀ ਜ਼ਖ਼ਮੀ ਹੋ ਗਏ, ਜਿਨ੍ਹਾਂ ਦੀ ਪਛਾਣ ਵਿਜੇ ਕੁਮਾਰ ਪੁੱਤਰ ਲਾਲ ਚੰਦ ਵਾਸੀ ਹੁਸੈਨਪੁਰ, ਸੰਜੀਵ ਕੁਮਾਰ ਪੁੱਤਰ ਤਰਸੇਮ ਲਾਲ ਵਾਸੀ ਲਾਂਬੜਾ ਅਤੇ ਵਿਨੇ ਕੁਮਾਰ ਪੁੱਤਰ ਮਨੋਹਰ ਲਾਲ ਵਾਸੀ ਲਾਂਬੜਾ ਕਾਲੋਨੀ ਤੌਰ 'ਤੇ ਹੋਈ ਹੈ। ਜ਼ਖਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਪਥਰਾਅ ਅਤੇ ਲਾਠੀਚਾਰਜ ਦੌਰਾਨ ਇਕ ਦਰਜਨ ਤੋਂ ਵੱਧ ਵਿਅਕਤੀ ਅਤੇ ਪੁਲਿਸ ਕਰਮਚਾਰੀ ਜ਼ਖਮੀ ਹੋ ਗਏ। ਕਈ ਜ਼ਖਮੀਆਂ ਨੂੰ ਵੱਖ-ਵੱਖ ਨਿੱਜੀ ਹਸਪਤਾਲਾਂ 'ਚ ਦਾਖਲ ਕਰਵਾਇਆ ਗਿਆ ਹੈ। ਉਕਤ ਘਟਨਾ ਤੋਂ ਬਾਅਦ ਖੇਤਰ 'ਚ ਸਥਿਤੀ ਬੇਹੱਦ ਤਣਾਅਪੂਰਨ ਹੈ ਅਤੇ ਪੁਲਿਸ ਦੇ ਨਾਲ ਫੌਜ ਅਤੇ ਨੀਮ ਫੌਜੀ ਬਲਾਂ ਦੇ ਜਵਾਨ ਤਾਇਨਾਤ ਕੀਤੇ ਗਏ ਹਨ।
ਫ਼ੌਜ ਤਾਇਨਾਤ ਕੀਤੀ ਜਾ ਰਹੀ ਹੈ - ਆਈ. ਜੀ.
ਆਈ. ਜੀ. ਸ੍ਰੀ ਸੰਜੀਵ ਕਾਲੜਾ ਨੇ ਕਿਹਾ ਹੈ ਕਿ ਸਥਿਤੀ 'ਤੇ ਕਾਬੂ ਪਾਉਣ ਲਈ ਹੋਰਨਾਂ ਜ਼ਿਲ੍ਹਿਆਂ ਤੋਂ ਫੋਰਸ ਮੰਗਵਾਈ ਗਈ ਹੈ ਅਤੇ ਫੌਜ ਵੀ ਤਾਇਨਾਤ ਕੀਤੀ ਜਾ ਰਹੀ ਹੈ।
ਚੁਗਿੱਟੀ ਫਲਾਈਓਵਰ 'ਤੇ ਗੋਲੀਬਾਰੀ
ਅੱਜ ਸਵੇਰੇ ਕਰੀਬ 11.00 ਵਜੇ ਸੈਂਕੜੇ ਪ੍ਰਦਰਸ਼ਨਕਾਰੀ ਇਕੱਠੇ ਹੋ ਕੇ ਪੀ. ਏ. ਪੀ. ਕੰਪਲੈਕਸ ਕੋਲ ਰੋਸ ਪ੍ਰਦਰਸ਼ਨ ਕਰਨ ਲੱਗੇ ਅਤੇ ਵਾਹਨਾਂ ਦੀ ਭੰਨ-ਤੋੜ ਕਰਨ ਲੱਗੇ ਤੇ ਚੁਗਿੱਟੀ ਫਲਾਈ ਉਵਰ ਤੋਂ ਪੀ. ਏ. ਪੀ. ਕੰਪਲੈਕਸ 'ਤੇ ਪਥਰਾਅ ਕਰਨਾ ਸ਼ੁਰੂ ਕਰ ਦਿੱਤਾ। ਜਿਸ ਤੋਂ ਬਾਅਦ ਪ੍ਰਦਰਸ਼ਨਕਾਰੀ ਕੰਪਲੈਕਸ ਦੀਆਂ ਕੰਧਾਂ ਟੱਪ ਕੇ ਅੰਦਰ ਜਾ ਵੜੇ ਅਤੇ ਪੁਲਿਸ ਮੁਲਾਜ਼ਮਾਂ ਦੇ ਕੁਆਰਟਰਾਂ 'ਚ ਭੰਨ-ਤੋੜ ਕਰਨ ਲੱਗੇ। ਪੀ. ਏ. ਪੀ. ਦੇ ਪੁਲਿਸ ਮੁਲਾਜ਼ਮਾਂ ਨੇ ਆਪਣੇ ਬਚਾਅ ਲਈ ਗੋਲੀ ਚਲਾਈ ਅਤੇ ਪ੍ਰਦਰਸ਼ਨਕਾਰੀਆਂ ਨੂੰ ਚੁਗਿੱਟੀ ਚੌਕ ਤੋਂ ਅੱਗੇ ਤੱਕ ਖਦੇੜ ਦਿੱਤਾ। ਇਸ ਘਟਨਾ 'ਚ ਇਕ ਔਰਤ ਸਮੇਤ ਚਾਰ ਵਿਅਕਤੀ ਗੋਲੀ ਲੱਗਣ ਕਾਰਨ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਪ੍ਰਦਰਸ਼ਨਕਾਰੀਆਂ 'ਚ ਸ਼ਾਮਿਲ ਵਿੱਕੀ ਪੁੱਤਰ ਬਿੱਲਾ ਵਾਸੀ ਚੁਗਿੱਟੀ ਦੇ ਪੈਰ 'ਤੇ ਗੋਲੀ ਲੱਗੀ ਹੈ। ਜ਼ਖਮੀ ਹੋਈ ਜਸਪਾਲ ਦੀ ਪਤਨੀ ਸੋਮਨਾਥ ਵਾਸੀ ਗੁਰੂ ਨਾਨਕਪੁਰਾ (ਚੁਗਿੱਟੀ) ਅਨੁਸਾਰ ਉਹ ਆਪਣੇ ਪੁੱਤਰ ਕੁਲਦੀਪ, ਜਿਸ ਦੀ 30 ਮਈ ਨੂੰ ਸ਼ਾਦੀ ਹੈ, ਉਸ ਨੂੰ ਤਲਾਸ਼ ਕਰਨ ਲਈ ਗਈ ਸੀ ਕਿ ਜ਼ਖਮੀ ਹੋ ਗਈ। ਡੀਜ਼ਲ ਪੰਪ ਮਕੈਨਿਕ ਦਸੂਹਾ ਨਿਵਾਸੀ ਬਲਕਾਰ ਸਿੰਘ ਨੇ ਦੱਸਿਆ ਹੈ ਕਿ ਉਹ ਪਾਣੀ ਪੀਣ ਲਈ ਦੁਕਾਨ ਤੋਂ ਬਾਹਰ ਨਿਕਲਿਆ ਸੀ ਕਿ ਉਸ ਦੇ ਪੇਟ ਕੋਲ ਗੋਲੀ ਲੱਗ ਗਈ।
ਇਕ ਹੋਰ ਜ਼ਖਮੀ
ਅਨਿਲ ਸੈਣੀ ਪੁੱਤਰ ਅਸ਼ਵਨੀ ਕੁਮਾਰ ਵਾਸੀ ਪਠਾਨਕੋਟ ਨੇ ਦੱਸਿਆ ਕਿ ਉਹ ਜੈਟਕਿੰਗ ਸੰਸਥਾ ਦਾ ਵਿਦਿਆਰਥੀ ਹੈ। ਅੱਜ ਉਹ ਵਾਪਸ ਆਇਆ ਸੀ ਅਤੇ ਪਠਾਨਕੋਟ ਚੌਕ ਨੇੜੇ ਬੱਸ ਤੋਂ ਉਤਰ ਕੇ ਪੈਦਲ ਹੀ ਜਾ ਰਿਹਾ ਸੀ ਕਿ ਗੋਲੀਬਾਰੀ ਦੀ ਲਪੇਟ 'ਚ ਆ ਗਿਆ।
ਪੀ. ਸੀ. ਆਰ. ਮੁਲਾਜ਼ਮਾਂ ਨੂੰ ਜ਼ਖ਼ਮੀ ਕੀਤਾ
ਅੱਜ ਸਵੇਰੇ ਮਕਸੂਦਾਂ ਖੇਤਰ 'ਚ ਜਨਤਾ ਕਾਲੋਨੀ ਨੇੜੇ ਪ੍ਰਦਰਸ਼ਨਕਾਰੀਆਂ ਨੂੰ ਸਮਝਾਉਣ ਦੀ ਕੋਸ਼ਿਸ਼ ਦਰ ਰਹੇ ਪੀ. ਸੀ. ਆਰ. ਮੋਟਰਸਾਈਕਲ ਨੰਬਰ 55 'ਤੇ ਤਾਇਨਾਤ ਹੌਲਦਾਰ ਕੁਲਦੀਪ ਸਿੰਘ ਅਤੇ ਸਿਪਾਹੀ ਜਸਬੀਰ ਸਿੰਘ ਉੱਕਦ ਸੈਂਕੜੇ ਪ੍ਰਦਰਸ਼ਨਕਾਰੀਆਂ ਨੇ ਹਮਲਾ ਕਰ ਦਿੱਤਾ, ਜਿਸ ਕਾਰਨ ਉਹ ਦੋਵੇਂ ਜ਼ਖ਼ਮੀ ਹੋ ਗਏ। ਮੌਕੇ 'ਤੇ ਪੁੱਜੇ ਥਾਣਾ ਮਕਸੂਦਾਂ ਦੇ ਮੁਖੀ ਹਰਜਿੰਦਰ ਸਿੰਘ ਨੇ ਉਕਤ ਪੁਲਿਸ ਮੁਲਾਜ਼ਮਾਂ ਨੂੰ ਬਚਾਇਆ। ਪ੍ਰਦਰਸ਼ਨਕਾਰੀਆਂ ਨੇ ਮੋਟਰ ਸਾਈਕਲ ਅੱਗ ਲਗਾ ਕੇ ਫੂਕ ਦਿੱਤਾ।
ਫ਼ੌਜ ਵੱਲੋਂ ਫਲੈਗ ਮਾਰਗ
ਪ੍ਰਦਰਸ਼ਨ-ਕਾਰੀਆਂ ਨੂੰ ਖਦੇੜਨ ਲਈ ਅਤੇ ਆਮ ਜਨਤਾ 'ਚ ਸੁਰੱਖਿਆ ਦੀ ਭਾਵਨਾ ਪੈਦਾ ਕਰਨ ਦੇ ਮੰਤਵ ਨਾਲ ਅੱਜ ਫੌਜ ਅਤੇ ਨੀਮ ਫੌਜੀ ਬਲਾਂ ਵੱਲੋਂ ਸ਼ਹਿਰ ਦੇ ਵੱਖ-ਵੱਖ ਭਾਗਾਂ 'ਚ ਫਲੈਗ ਮਾਰਚ ਕੀਤਾ ਗਿਆ।
ਗਦਈਪੁਰ 'ਚ ਹਿੰਸਾ
ਅੱਜ ਤੇਜ਼ਧਾਰ ਹਥਿਆਰਾਂ ਨਾਲ ਲੈਸ ਦਰਜਨਾਂ ਪ੍ਰਦਰਸ਼ਨਕਾਰੀਆਂ ਨੇ ਗਦਈਪੁਰ ਖੇਤਰ 'ਚ ਖੁੱਲ੍ਹੀਆਂ ਦੁਕਾਨਾਂ 'ਤੇ ਹੱਲਾ ਬੋਲ ਦਿੱਤਾ ਅਤੇ ਭੰਨ ਤੋੜ ਕਰਨ ਤੋਂ ਇਲਾਵਾ ਕੁੱਟਮਾਰ ਕਰਕੇ ਕਈ ਦੁਕਾਨਦਾਰਾਂ ਨੂੰ ਜ਼ਖ਼ਮੀ ਕਰ ਦਿੱਤਾ।
ਰੇਲ ਗੱਡੀ ਦੇ ਡੱਬੇ ਫੂਕੇ
ਛਾਉਣੀ ਰੇਲਵੇ ਸਟੇਸ਼ਨ ਦੇ ਨੇੜੇ ਪ੍ਰਦਰਸ਼ਨਕਾਰੀਆਂ ਨੇ ਰੇਲ ਗੱਡੀਆਂ ਨੂੰ ਰੋਕ ਕੇ ਪਥਰਾਅ ਕੀਤਾ, ਜਿਸ ਕਾਰਨ ਕਈ ਯਾਤਰੀਆਂ ਦੇ ਸੱਟਾਂ ਲੱਗੀਆਂ। ਪ੍ਰਦਰਸ਼ਨਕਾਰੀਆਂ ਨੇ ਜੰਮੂ ਮੇਲ ਗੱਡੀ ਨੂੰ ਅੱਗ ਲਗਾ ਦਿੱਤੀ। ਇਸ ਤੋਂ ਬਾਅਦ ਇਕ ਸ਼ੰਟਿੰਗ ਇੰਜਣ ਅਤੇ ਇਕ ਹੋਰ ਗੱਡੀ ਨੂੰ ਵੀ ਅੱਗ ਲਗਾਈ। ਪ੍ਰਦਰਸ਼ਨਕਾਰੀਆਂ ਨੇ ਜੀ. ਆਰ. ਪੀ. ਥਾਣੇ 'ਤੇ ਵੀ ਹਮਲਾ ਕੀਤਾ, ਜਿਸ ਦੌਰਾਨ ਜੀ. ਆਰ. ਪੀ. ਮੁਲਾਜ਼ਮਾਂ ਨੇ ਸਵੈ-ਰੱਖਿਆ ਲਈ ਗੋਲੀਬਾਰੀ ਕੀਤੀ ਜਿਸ ਦੌਰਾਨ ਦੋ ਵਿਅਕਤੀ ਮਨੀ ਪੁੱਤਰ ਮਹਿੰਦਰ ਸਿੰਘ ਵਾਸੀ ਦਕੋਹਾ, ਸੋਹਣ ਲਾਲ ਪੁੱਤਰ ਗੁਰਬਚਨ ਜ਼ਖਮੀ ਹੋ ਗਏ। ਮਨੀ ਦੇ ਸਿਰ 'ਚ ਗੋਲੀ ਲੱਗੀ ਹੈ ਅਤੇ ਉਸ ਨੂੰ ਇਕ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।
ਚੈਨਲ ਪੱਤਰਕਾਰਾਂ ਦੀ ਕੁੱਟਮਾਰ
ਛਾਉਣੀ ਰੇਲਵੇ ਸਟੇਸ਼ਨ ਨੇੜੇ ਕਵਰੇਜ ਲਈ ਪੁੱਜੇ 'ਆਜ ਤੱਕ' ਚੈਨਲ ਦੇ ਪੱਤਰਕਾਰ ਭੁਪਿੰਦਰ ਨਾਰਾਇਣ ਸਿੰਘ ਅਤੇ ਕੈਮਰਾਮੈਨ ਓਮਗਣਾ ਨੂੰ ਪ੍ਰਦਰਸ਼ਨਕਾਰੀਆਂ ਨੇ ਘੇਰ ਕੇ ਕੁੱਟਮਾਰ ਕੀਤੀ ਅਤੇ ਕੈਮਰਾ ਖੋਹ ਕੇ ਤੋੜ ਭੰਨ ਦਿੱਤਾ। ਸਥਾਨਕ ਨਕੋਦਰ ਚੌਕ ਸਥਿਤ ਇਕ ਛੋਟੀ ਅਖ਼ਬਾਰ ਦੇ ਦਫਤਰ 'ਚ ਵੀ ਭੰਨ-ਤੋੜ ਕੀਤੀ ਗਈ।
ਪਠਾਨਕੋਟ ਚੌਕ ਨੇੜੇ ਗੋਲੀਬਾਰੀ
ਅੱਜ ਦੁਪਹਿਰ ਪ੍ਰਦਰਸ਼ਨਕਾਰੀਆਂ ਵੱਲੋਂ ਸਥਾਨਕ ਰਣਬੀਰ ਕਲਾਸਿਕ ਹੋਟਲ ਦੇ ਨੇੜੇ ਸਥਿਤ ਜਗਤ ਬਾਡੀ ਬਿਲਡਰ ਨਾਮਕ ਵਰਕਸ਼ਾਪ 'ਚ ਭੰਨ-ਤੋੜ ਕੀਤੀ ਗਈ। ਮੌਕੇ 'ਤੇ ਪੁੱਜੀ ਪੁਲਿਸ ਨੇ ਫਾਇਰਿੰਗ ਕਰਕੇ ਪ੍ਰਦਰਸ਼ਨਕਾਰੀਆਂ ਨੂੰ ਉਥੋਂ ਖਦੇੜ ਦਿੱਤਾ।
ਮੈਰਿਜ ਪੈਲੇਸ 'ਚ ਭੰਨ ਤੋੜ
ਸਥਾਨਕ ਸੋਡਲ ਰੋਡ ਸਥਿਤ ਸੰਯੋਗ ਪੈਲੇਸ 'ਚ ਜਾ ਕੇ ਪ੍ਰਦਰਸ਼ਨਕਾਰੀਆਂ ਨੇ ਭਾਰੀ ਭੰਨ-ਤੋੜ ਕੀਤੀ। ਇਸ ਤੋਂ ਇਲਾਵਾ ਦੁਆਬਾ ਚੌਕ ਨੇੜੇ ਚਾਹ ਦੇ ਖੋਖਿਆਂ ਨੂੰ ਅੱਗ ਲਗਾ ਦਿੱਤੀ। ਇਕ ਡਰਾਈਵਿੰਗ ਸਕੂਲ ਦੀ ਮਾਰੂਤੀ ਕਾਰ ਵੀ ਭੰਨ-ਤੋੜ ਦਿੱਤੀ ਗਈ।
ਮਾਡਲ ਹਾਊਸ 'ਚ ਭੰਨ ਤੋੜ
ਮਾਡਲ ਹਾਊਸ ਚੌਕ ਵਿਚ ਸਥਿਤ ਹਲਵਾਈ ਦੀਆਂ ਦੋ ਦੁਕਾਨਾਂ 'ਚ ਵੀ ਕਾਫੀ ਭੰਨ-ਤੋੜ ਕੀਤੀ ਗਈ। ਸਥਾਨਕ ਟਾਂਡਾ ਰੋਡ ਸਥਿਤ ਗੋਗਨਾ ਪੈਟਰੋਲ ਪੰਪ 'ਤੇ ਵੀ ਭੰਨ-ਤੋੜ ਕੀਤੀ ਗਈ।
ਥਾਣਾ ਮਕਸੂਦਾਂ 'ਤੇ ਹਮਲਾ
ਭੜਕੇ ਹੋਏ ਹਜੂਮ ਵੱਲੋਂ ਅੱਜ ਸਵੇਰੇ ਥਾਣਾ ਮਕਸੂਦਾਂ 'ਤੇ ਹਮਲਾ ਕਰ ਦਿੱਤਾ ਗਿਆ। ਉਥੇ ਮੌਜੂਦ ਜਵਾਨਾਂ ਦੀ ਚੌਕਸੀ ਕਾਰਨ ਪ੍ਰਦਰਸ਼ਨਕਾਰੀ ਆਪਣੇ ਇਰਾਦਿਆਂ 'ਚ ਸਫਲ ਨਹੀਂ ਹੋਏ। ਪਰ ਉਨ੍ਹਾਂ ਥਾਣੇ ਦੇ ਬਾਹਰ ਕੇਸ ਪ੍ਰਾਪਰਟੀ ਵਜੋਂ ਪਈ ਇਕ ਸੂਮੋ ਨੂੰ ਫੂਕ ਦਿੱਤਾ।
ਐਸ. ਪੀ. ਦੀ ਗੱਡੀ ਫੂਕੀ
ਏ. ਐਸ. ਪੀ. ਇੰਦਰਬੀਰ ਸਿੰਘ ਦੇ ਬਿਅਨਾਂ 'ਤੇ ਥਾਣਾ ਲਾਂਬੜਾ 'ਚ ਹਮਲਾਵਰਾਂ ਖਿਲਾਫ ਇਰਾਦਾ ਕਤਲ ਅਤੇ ਭੰਨ-ਤੋੜ ਦਾ ਮਾਮਲਾ ਦਰਜ ਕੀਤਾ ਗਿਆ ਹੈ। ਏ. ਐਸ. ਪੀ. ਅਨੁਸਾਰ ਉਹ ਭੰਨ-ਤੋੜ ਕਰ ਰਹੇ ਪ੍ਰਦਰਸ਼ਨਕਾਰੀਆਂ ਨੂੰ ਉਥੋਂ ਹਟਾਅ ਰਹੇ ਸਨ ਕਿ ਪ੍ਰਦਰਸ਼ਨਕਾਰੀਆਂ ਨੇ ਹਮਲਾ ਕਰ ਦਿੱਤਾ ਅਤੇ ਉਥੇ ਮੌਜੂਦ ਐਸ. ਪੀ. ਸਿਟੀ (ਦੋ) ਸ: ਸਰਬਜੀਤ ਸਿੰਘ ਦੀ ਗੱਡੀ ਨੂੰ ਅੱਗ ਲਗਾ ਦਿੱਤੀ। ਇਸ ਹਮਲੇ 'ਚ ਏ. ਐਸ. ਆਈ. ਅਰਜਨ ਸਿੰਘ ਸਮੇਤ 4-5 ਪੁਲਿਸ ਕਰਮਚਾਰੀ ਜ਼ਖਮੀ ਹੋ ਗਏ। ਉਥੇ ਮੌਜੂਦ ਆਈ. ਜੀ. ਸ੍ਰੀ ਕਾਲੜਾ ਦੇ ਵੀ ਪੱਥਰ ਵੱਜੇ। ਜਿਸ ਤੋਂ ਬਾਅਦ ਫੌਜ ਵੱਲੋਂ ਫਾਇਰਿੰਗ ਕੀਤੀ ਗਈ।
ਜੰਮੂ ਮੇਲ 'ਤੇ ਪਥਰਾਅ
ਬੋਲੀਨਾ ਰੇਲਵੇ ਸਟੇਸ਼ਨ ਨੂੰ ਅੱਗ ਲਗਾ ਕੇ ਬੁਰੀ ਤਰ੍ਹਾਂ ਸਾੜ੍ਹ ਦਿੱਤਾ ਗਿਆ। ਦੁਪਹਿਰ ਵੇਲੇ ਨੰਗਲ ਸ਼ਾਮਾਂ ਖੇਤਰ 'ਚ ਵੀ ਗੋਲੀ ਚੱਲਣ ਦਾ ਪਤਾ ਲੱਗਾ ਹੈ, ਪਰ ਖਬਰ ਲਿਖੇ ਜਾਣ ਤੱਕ ਇਸ ਦੀ ਪੁਸ਼ਟੀ ਨਹੀਂ ਸੀ ਹੋ ਸਕੀ। ਜ਼ਿਆਦਾ ਤਨਾਅ ਦਕੋਹਾ ਅਤੇ ਧੰਨੋਵਾਲੀ ਦੇ ਫਾਟਕਾਂ 'ਤੇ ਬਣਿਆ ਹੋਇਆ ਸੀ। ਜਿੱਥੇ ਵੱਡੀ ਗਿਣਤੀ ਭੀੜ ਦੇਰ ਸ਼ਾਮ ਤੱਕ ਜਮ੍ਹਾਂ ਸੀ ਤੇ ਆਉਣ-ਜਾਣ ਵਾਲੇ ਵਾਹਨਾਂ 'ਤੇ ਪਥਰਾਅ ਕੀਤੇ ਜਾਣ ਕਾਰਨ ਜੀ. ਟੀ. ਰੋਡ 'ਤੇ ਵਾਹਨਾਂ ਦੀ ਆਵਾਜਾਈ ਮੁਕੰਮਲ ਬੰਦ ਸੀ। ਇਕ ਮੌਕੇ ਤਾਂ ਫੌਜ, ਪੁਲਿਸ ਅਤੇ ਭੀੜ ਦੇ ਆਹਮੋ-ਸਾਹਮਣੇ ਆਉਣ ਕਾਰਨ ਸਥਿਤੀ ਕਿਸੇ ਵੇਲੇ ਵੀ ਵਿਸਫੋਟਕ ਹੋ ਸਕਦੀ ਸੀ, ਪਰ ਐਸ. ਡੀ. ਐਮ. ਸ੍ਰੀ ਕਸ਼ਿਅੱਪ ਵਲੋਂ ਸਥਿਤੀ ਦੀ ਗੰਭੀਰਤਾ ਨੂੰ ਸਮਝਦੇ ਹੋਏ ਭੀੜ ਨੂੰ ਸ਼ਾਂਤ ਕੀਤੇ ਜਾਣ ਕਾਰਨ ਬਹੁਤ ਵੱਡੀ ਘਟਨਾ ਵਾਪਰਨ ਤੋਂ ਟਲ ਗਈ। ਛਾਉਣੀ ਸਟੇਸ਼ਨ 'ਤੇ ਗੋਲੀ ਚਲਾਉਣ ਸਬੰਧੀ ਪੁਲਿਸ ਟੁਕੜੀ ਦੀ ਅਗਵਾਈ ਕਰ ਰਹੇ ਸਬ-ਇੰਸਪੈਕਟਰ ਸ੍ਰੀ ਗੁਰਨਾਮ ਸਿੰਘ ਨੇ ਦੱਸਿਆ ਕਿ ਭੀੜ ਵਲੋਂ ਦਕੋਹਾ ਫਾਟਕ 'ਤੇ ਗੇਟਮੈਨ ਅਤੇ ਕੈਬਿਨ ਨੂੰ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਤੇ ਜਦ ਪੁਲਿਸ ਵੱਲੋਂ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਭੀੜ ਵਲੋਂ ਪੁਲਿਸ 'ਤੇ ਹੱਲਾ ਬੋਲ ਦਿੱਤਾ ਗਿਆ। ਇਸੇ ਦੌਰਾਨ ਭੀੜ ਵੱਲੋਂ ਜੀ. ਆਰ. ਪੀ. ਦੀ ਪੁਲਿਸ ਚੌਂਕੀ 'ਤੇ ਹਮਲਾ ਕਰਕੇ ਹਥਿਆਰ ਆਦਿ ਲੁੱਟਣ ਦੀ ਕੋਸ਼ਿਸ ਕੀਤੀ ਗਈ। ਜਿਸ 'ਤੇ ਪੁਲਿਸ ਨੂੰ ਮਜਬੂਰਨ ਫਾਇਰਿੰਗ ਕਰਨੀ ਪਈ।
ਬੋਲੀਨਾ ਸਟੇਸ਼ਨ ਨੂੰ ਅੱਗ ਲਗਾਈ
ਰਾਮਾ ਮੰਡੀ ਦੇ ਨੇੜੇ ਸਥਿਤ ਪਿੰਡ ਬੋਲੀਨਾ ਦੁਆਬਾ ਵਿਖੇ ਸਥਿਤ ਰੇਲਵੇ ਸਟੇਸ਼ਨ ਨੂੰ ਅੱਜ ਦੁਪਹਿਰ ਵੇਲੇ ਭੜਕੀ ਹੋਈ ਭੀੜ ਵਲੋਂ ਅੱਗ ਲਗਾ ਕੇ ਸਾੜ੍ਹ ਦਿੱਤਾ ਗਿਆ। ਜਿਸ ਕਾਰਨ ਇਲਾਕੇ 'ਚ ਸਥਿਤੀ ਕਾਫੀ ਤਨਾਅਪੂਰਨ ਬਣੀ ਹੋਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਚੌਂਕੀ ਨੰਗਲ ਸ਼ਾਮਾਂ ਦੇ ਇੰਚਾਰਜ ਸ. ਸੁਖਦੇਵ ਸਿੰਘ ਨੇ ਸਟੇਸ਼ਨ ਨੂੰ ਅੱਗ ਲਗਾਏ ਜਾਣ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਸਟੇਸ਼ਨ ਨੂੰ ਅੱਗ ਲਗਾਉਣ ਤੋਂ ਪਹਿਲਾਂ ਭੀੜ ਵਲੋਂ ਚੌਂਕੀ ਦੇ ਬਾਹਰ ਪੁਲਿਸ ਦੇ 2 ਮੋਟਰ ਸਾਈਕਲਾਂ ਨੂੰ ਵੀ ਅੱਗ ਲਗਾਈ ਗਈ। ਇਸੇ ਤਰ੍ਹਾਂ ਪਿੰਡ ਧੰਨੋਵਾਲੀ, ਬੜਿੰਗਾਂ, ਦਕੋਹਾ, ਦੀਪਨਗਰ, ਨੰਗਲ ਕਰਾਰ ਖਾਂ, ਸੋਫੀ ਪਿੰਡ, ਖੁਸਰੋਪੁਰ ਅਤੇ ਹੋਰਨਾਂ ਪਿੰਡਾਂ 'ਚ ਵੀ ਲੋਕਾਂ ਵਲੋਂ ਵੱਡੀ ਪੱਧਰ 'ਤੇ ਵਿਰੋਧ ਕੀਤੇ ਜਾਣ ਕਾਰਨ ਆਮ ਲੋਕਾਂ 'ਚ ਸਹਿਮ ਪਾਇਆ ਜਾ ਰਿਹਾ ਹੈ।
ਛਾਉਣੀ ਸਟੇਸ਼ਨ ਫੌਜ ਦੇ ਹਵਾਲੇ
ਦਕੋਹਾ, ਕਾਕੀ ਪਿੰਡ, ਬੜਿੰਗ ਅਤੇ ਹੋਰਨਾਂ ਆਸ ਪਾਸ ਦੇ ਖੇਤਰਾਂ ਦੇ ਲੋਕਾਂ ਵਲੋਂ ਛਾਉਣੀ ਸਟੇਸ਼ਨ ਨੂੰ ਬਣਾਏ ਜਾ ਰਹੇ ਨਿਸ਼ਾਨੇ ਨੂੰ ਦੇਖਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਛਾਉਣੀ ਸਟੇਸ਼ਨ ਨੂੰ ਲੱਗਪੱਗ ਫੌਜ ਦੇ ਹਵਾਲੇ ਕਰ ਦਿੱਤਾ ਗਿਆ ਹੈ ਤੇ ਫੌਜੀ ਜਵਾਨਾਂ ਵਲੋਂ ਸਟੇਸ਼ਨ ਦੀ ਸੁਰੱਖਿਆ ਕੀਤੀ ਜਾ ਰਹੀ ਹੈ। ਇਸ ਮੌਕੇ ਡੀ. ਸੀ. ਸ. ਅਜੀਤ ਸਿੰਘ ਪਨੂੰ ਅਤੇ ਐਸ. ਐਸ. ਪੀ. ਸ੍ਰੀ ਜਾਇਸਵਾਲ ਵਲੋਂ ਛਾਉਣੀ ਸਟੇਸ਼ਨ ਦਾ ਦੌਰਾ ਕੀਤਾ ਗਿਆ।
ਜੀ. ਟੀ. ਰੋਡ 'ਤੇ ਸਥਿਤ ਸਾਰੇ ਸ਼ੋਅ ਰੂਮ ਤੋੜੇ
ਜਲੰਧਰ-ਫਗਵਾੜਾ ਜੀ. ਟੀ. ਰੋਡ 'ਤੇ ਸਥਿਤ ਸਾਰੇ ਸ਼ੋਅ ਰੂਮਾਂ ਦੀ ਵੀ ਭੀੜ ਵਲੋਂ ਭਾਰੀ ਭੰਨਤੋੜ ਕੀਤੀ ਗਈ। ਚੌਂਕੀ ਪਰਾਗਪੁਰ ਦੇ ਇੰਚਾਰਜ ਸ੍ਰੀ ਇੰਦਰਪਾਲ ਨੇ ਦੱਸਿਆ ਕਿ ਜੀ. ਟੀ. ਰੋਡ 'ਤੇ ਸਥਿਤ ਜੈਨ ਆਟੋ, ਕਾਰਗੋ ਆਟੋਜ਼, ਰਾਗਾ ਮੋਟਰਜ ਸਮੇਤ ਗੱਡੀਆਂ ਦੇ ਸ਼ੋਅ ਰੂਮ, ਮੈਕਡੋਨਲਡ, ਹਵੇਲੀ ਢਾਬਾ ਤੇ ਹੋਰਨਾਂ ਥਾਵਾਂ 'ਤੇ ਵੀ ਭਾਰੀ ਭੰਨਤੋੜ ਕੀਤੀ ਗਈ।
ਪੁਲਿਸ ਦੇ ਵਾਹਨਾਂ ਨੂੰ ਅੱਗ
ਪ੍ਰਸ਼ਾਸਨ ਵੱਲੋਂ ਲਾਏ ਗਏ ਕਰਫਿਉ ਦੀ ਪਰਵਾਹ ਨਾ ਕਰਦੇ ਹੋਏ ਅੱਜ ਪ੍ਰਦਸ਼ਨ ਕਰ ਰਹੇ ਲੋਕਾਂ ਨੇ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ਤੇ ਭੰਨ-ਤੋੜ ਕੀਤੀ ਤੇ ਕਈ ਪੁਲਿਸ ਅਧੀਕਾਰੀਆਂ ਦੀਆਂ ਗੱਡੀਆਂ ਨੂੰ ਵੀ ਅੱਗ ਦੇ ਹਵਾਲੇ ਕਰ ਦਿੱਤਾ, ਜਿਸ ਦੌਰਾਨ ਪੁਲਿਸ ਨੂੰ ਪ੍ਰਦਸ਼ਨਕਾਰੀਆਂ 'ਤੇ ਗੋਲੀਬਾਰੀ ਵੀ ਕਰਨੀ ਪਈ। 10 ਤੋਂ ਵੱਧ ਪ੍ਰਦਸ਼ਨਕਾਰੀ ਗੋਲੀ ਲੱਗਣ ਕਾਰਨ ਜ਼ਖ਼ਮੀ ਹੋ ਗਏ ਤੇ ਇਕ ਪ੍ਰਦਸ਼ਨਕਾਰੀ ਦੀ ਮੌਤ ਹੋ ਗਈ ਦੱਸੀ ਜਾ ਰਹੀ ਹੈ। ਰਾਮਾਂ ਮੰਡੀ ਹੁਸ਼ਿਆਰਪੁਰ ਰੋਡ ਵਿਖੇ ਉਸ ਵਕਤ ਭਾਰੀ ਹੰਗਾਮਾ ਹੋ ਗਿਆ, ਜਦੋਂ ਕੁਝ ਪੁਲਿਸ ਕਰਮਚਾਰੀਆਂ ਨੇ ਇੱਕਠੇ ਖੜੇ ਕੁਝ ਨੌਜਵਾਨਾਂ ਨੂੰ ਘਰਾਂ 'ਚ ਜਾਣ ਲਈ ਕਿਹਾ। ਜਿਸ ਦੌਰਾਨ ਉਕਤ ਨੌਜਵਾਨਾਂ ਦੀ ਪੁਲਿਸ ਕਰਮਚਾਰੀਆਂ ਨਾਲ ਬਹਿਸ ਹੋ ਗਈ ਤੇ ਇਕ ਪੁਲਿਸ ਕਰਮਚਾਰੀ ਨੇ ਨੌਜਵਾਨ ਦੇ ਡੰਡੇ ਮਾਰ ਦਿੱਤੇ। ਜਿਸ ਤੋਂ ਬਾਅਦ ਭੜਕੇ ਹੋਏ ਲੋਕਾਂ ਨੇ ਦੋ ਪੁਲਿਸ ਕਰਮਚਾਰੀਆਂ ਦੇ ਮੋਟਰਸਾਈਕਲ ਸਾੜ ਦਿੱਤੇ। ਦਕੋਹਾ ਰੇਲਵੇ ਫਾਟਕ ਦੇ ਨੇੜੇ ਕਰੋੜਾਂ ਰੁਪਏ ਦੀ ਰੇਲਵੇ ਦੀ ਮਸ਼ੀਨਰੀ ਨੂੰ ਵੀ ਅੱਗ ਲਾ ਦਿੱਤੀ, ਜਿਸ ਤੋਂ ਬਾਅਦ ਭੜਕੇ ਹੋਏ ਲੋਕਾਂ ਨੂੰ ਘਟਨਾ ਵਾਲੀ ਥਾਂ ਤੋਂ ਭਜਾਉਣ ਲਈ ਪੁਲਿਸ ਨੇ ਪ੍ਰਦਸ਼ਨਕਾਰੀਆਂ 'ਤੇ ਫਾਈਰਿੰਗ ਵੀ ਕੀਤੀ, ਜਿਸ ਦੌਰਾਨ ਕਰੀਬ ਦੋ ਨੌਜਵਾਨ ਜ਼ਖ਼ਮੀ ਹੋ ਗਏ। ਪੁਲਿਸ ਵੱਲੋਂ ਗੁਰੂ ਨਾਨਕ ਪੁਰਾ, ਚੁੱਗਿਟੀ, ਤੇ ਸੁੱਚੀ ਪਿੰਡ ਵਿਖੇ ਗੋਲੀ ਚਲਾਈ ਗਈ, ਜਿਸ ਦੌਰਾਨ ਇਕ ਵਿਦਿਆਥੀ ਜ਼ਖ਼ਮੀ ਹੋ ਗਿਆ। ਦੁਪਿਹਰ ਸਮੇਂ ਦਕੋਹਾ ਰੇਲਵੇ ਫਾਟਕ ਪਾਸ ਪ੍ਰਦਸ਼ਨਕਾਰੀਆਂ ਨੂੰ ਸ਼ਾਂਤ ਕਰਨ ਗਏ ਆਈ.ਜੀ ਤੇ ਡੀ.ਆਈ.ਜੀ. ਨੂੰ ਵੀ ਪ੍ਰਦਸ਼ਨਕਾਰੀਆਂ ਦੇ ਗੁੱਸੇ ਦਾ ਸਾਹਮਣਾ ਕਰਨਾ ਪਿਆ, ਜਿਸ ਕਾਰਨ ਪੁਲਿਸ ਕਰਮਚਾਰੀਆਂ ਨੂੰ ਕੁਝ ਹਵਾਈ ਫਾਈਰ ਵੀ ਕਰਨੇ ਪਏ।
ਛਾਉਣੀ ਸਟੇਸ਼ਨ ਦਾ ਸਿਗਨਲ ਕੈਬਿਨ ਸਾੜਿਆ
ਭੜਕੀ ਭੀੜ ਨੇ ਅੱਜ ਜਲੰਧਰ ਛਾਉਣ ਵਿਚ ਭੰਨ ਤੋੜ ਦੇ ਨਾਲ ਆਉਣ ਜਾਣ ਵਾਲੀਆਂ ਰੇਲ ਗੱਡੀਆਂ ਦੀ ਸਥਿਤੀ ਬਾਰੇ ਜਾਣਕਾਰੀ ਦੇਣ ਵਾਲਾ ਪੂਰਬੀ ਕੈਬਿਨ ਸਾੜ ਦਿੱਤਾ ਜਿਸ ਕਾਰਨ ਉਸ ਦੇ ਪੈਡਲ ਸੜ ਗਏ ਅਤੇ ਗੱਡੀਆਂ ਦੀ ਆਵਾਜਾਈ ਦਾ ਕੰਮ ਫੇਲ੍ਹ ਹੋ ਗਿਆ। ਇਸੇ ਕਾਰਨ ਹੀ ਜਲੰਧਰ ਅਤੇ ਲੁਧਿਆਣਾ ਵੱਲੋਂ ਛਾਉਣੀ ਤੱਕ ਕਿਸੇ ਗੱਡੀ ਦੀ ਸਥਿਤੀ ਦਾ ਪਤਾ ਰੱਖਣ ਅਸਫਲ ਹੋ ਗਿਆ। ਪੈਡਲ ਨਾਲ ਰੇਲਵੇ ਦਾ ਸਿਗਨਲ ਸਿਸਟਮ ਚਲਦਾ ਹੈ ਜੋ ਸੜਨ ਕਾਰਨ ਫੇਲ੍ਹ ਹੋ ਗਿਆ।
ਡੀ. ਐਮ. ਯੂ. 'ਤੇ ਪਥਰਾਓ
ਅੱਜ ਸਵੇਰੇ ਜਦੋਂ 1 ਜੇ. ਐਫ. ਡੀ ਐਮ ਯੂ ਜੋ ਜਲੰਧਰ ਤੋਂ ਫਿਰੋਜ਼ਪੁਰ ਲਈ ਸਵੇਰੇ 7 ਵਜੇ ਰਵਾਨਾ ਹੋਈ ਤਾਂ ਜਦੋਂ ਉਹ ਨਾਗਰਾ ਪਿੰਡ ਲਾਗੇ ਪੁੱਜੀ ਤਾਂ ਉਸ ਨੂੰ ਭੜਕੀ ਭੀੜ ਨੇ ਰੋਕ ਲਿਆ ਅਤੇ ਫਿਰ ਗੱਡੀ ਵਾਪਸ ਡੀ. ਏ. ਵੀ. ਕਾਲਜ ਹਾਲਟ 'ਤੇ ਪੁੱਜੀ ਤਾਂ ਭੜਕੀ ਭੀੜ ਨੇ ਉਸ 'ਤੇ ਪਥਰਾਓ ਕਰਕੇ ਉਸ ਦੇ ਸ਼ੀਸ਼ੇ ਆਦਿ ਤੋੜ ਦਿੱਤੇ ਅਤੇ ਗੱਡੀ ਨੂੰ ਨੁਕਸਾਨ ਪਹੁੰਚਾਇਆ। ਘਟਨਾ ਦੀ ਸੂਚਨਾ ਮਿਲਣ 'ਤੇ ਆਰ. ਪੀ. ਐਫ. ਅਤੇ ਹੋਰ ਪੁਲਿਸ ਫੋਰਸ ਨੇ ਭੀੜ ਨੂੰ ਖਿੰਡਾ ਦਿੱਤਾ ਅਤੇ ਗੱਡੀ ਲਗਭਗ ਸਾਢੇ 12 ਵਜੇ ਵਾਪਸ ਜਲੰਧਰ ਸਟੇਸ਼ਨ 'ਤੇ ਲਿਆਂਦੀ ਗਈ। ਭੜਕੀ ਭੀੜ ਨੇ ਸੁੱਚੀ ਪਿੰਡ ਨੇੜੇ 1 ਜੇ ਐਮ ਪੀ ਅਤੇ 403 ਰੇਲ ਗੱਡੀਆਂ ਨੂੰ ਵੀ ਰੋਕਿਆ।
ਗੋਲੀ ਨਾਲ ਮਰਨ ਵਾਲੇ ਦੀ ਸ਼ਨਾਖਤ
ਲਾਂਬੜਾ, ਗੁਰਨੇਕ ਸਿੰਘ ਵਿਰਦੀ ਅਨੁਸਾਰ ਗੁੱਸੇ ਵਿਚ ਆਏ ਭਗਤਾਂ ਨੇ ਅੱਡਾ ਲਾਂਬੜਾ ਤੋਂ ਇਲਾਵਾ ਅੱਡਾ ਪ੍ਰਤਾਪ ਪੁਰਾ ਅਤੇ ਤਾਜਪੁਰ ਵਿਚ ਵੀ ਸੜਕ ਵਿਚਕਾਰ ਧਰਨਾ ਦਿੱਤਾ ਤੇ ਦੋਸ਼ੀਆਂ ਵਿਰੁੱਧ ਢੁਕਵੀਂ ਕਾਰਵਾਈ ਕਰਨ ਦੀ ਮੰਗ ਕੀਤੀ। ਪੁਲਿਸ ਨੇ ਸਥਿਤੀ ਕਾਬੂ ਕਰਨ ਲਈ ਲਾਂਬੜਾ, ਆਸਪਾਸ ਦੇ ਪਿੰਡ ਤੇ ਲਾਂਬੜਾ ਆਬਾਦੀ ਵਿਚ ਮਾਰਚ ਕੀਤਾ। ਲੋਕਾਂ ਦਾ ਦੋਸ਼ ਹੈ ਕਿ ਉਨ੍ਹਾਂ ਨੂੰ ਘਰੋਂ ਬਾਹਰ ਨਿਕਲਣ ਤੋਂ ਰੋਕਿਆ ਜਾ ਰਿਹਾ ਹੈ। ਲਾਂਬੜਾ ਆਬਾਦੀ ਵਿਚ ਪੁਲਿਸ ਅਤੇ ਕਾਲੋਨੀ ਵਾਲਿਆਂ ਵਿਚ ਹੋਏ ਤਕਰਾਰ ਕਾਰਨ ਭੜਕੇ ਲੋਕਾਂ ਨੇ ਪੁਲਿਸ ਦੇ ਅੱਧੀ ਦਰਜਨ ਤੋਂ ਵੱਧ ਜਵਾਨਾਂ ਨੂੰ ਇਕ ਘਰ ਦੇ ਅੰਦਰ ਬੰਦ ਕਰ ਦਿੱਤਾ, ਜਿਸ ਦੀ ਭਿਣਕ ਥਾਣਾ ਲਾਂਬੜਾ ਦੇ ਮੁਖੀ ਅੰਡਰ ਸਿਖਲਾਈ ਆਈ. ਪੀ. ਐਸ. ਇੰਦਰਬੀਰ ਸਿੰਘ ਨੂੰ ਲੱਗੀ ਤੇ ਕਾਲੋਨੀ ਦੇ ਕੁਝ ਮੋਹਤਬਰ ਵਿਅਕਤੀਆਂ ਦੀ ਪੁਲਿਸ ਨਾਲ ਹੋਈ ਗੱਲਬਾਤ ਉਪਰੰਤ ਪੁਲਿਸ ਕਰਮੀਆਂ ਨੂੰ ਬੰਦ ਘਰ ਵਿਚੋਂ ਬਾਹਰ ਭੇਜ ਦਿੱਤਾ ਗਿਆ। ਆਸ-ਪਾਸ ਦੇ ਪਿੰਡਾਂ ਵਿਚੋਂ ਆਏ ਵਿਅਕਤੀਆਂ ਨੇ ਅੱਡਾ ਲਾਂਬੜਾ ਵਿਚ ਧਰਨਾ ਲਗਾ ਦਿੱਤਾ।
ਇਸੇ ਤਰ੍ਹਾਂ ਪਿੰਡ ਪ੍ਰਤਾਪ ਪੁਰਾ ਗੇਟ ਤੋਂ ਅੱਗੇ ਕਬਾੜ ਦੀਆਂ ਦੁਕਾਨਾਂ ਦੇ ਅੱਗੇ ਵੀ ਸੜਕ ਵਿਚਕਾਰ ਟਾਇਰਾਂ ਨੂੰ ਅੱਗ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਪੁਲਿਸ ਦੀ ਕੁਆਲਿਸ ਗੱਡੀ ਨੰਬਰ 12 ਜੀ. 2785 ਨੂੰ ਅੱਗ ਲਗਾ ਕੇ ਸਾੜ ਦਿੱਤਾ। ਗੋਲੀ ਚੱਲਣ ਕਾਰਨ ਮਰਨ ਵਾਲੇ ਦੀ ਸ਼ਨਾਖਤ ਤੇਲੂ ਰਾਮ ਪੁੱਤਰ ਰੂੜਾ ਰਾਮ ਵਾਸੀ ਹੁਸੈਨਪੁਰ ਵਜੋਂ ਹੋਈ ਜੋ ਕਿ ਮੌਕੇ 'ਤੇ ਹੀ ਮਾਰਿਆ ਗਿਆ ਸੀ, ਜਦੋਂ ਕਿ ਵਿਜੇ ਕੁਮਾਰ ਪੁੱਤਰ ਲਾਲ ਚੰਦ ਵਾਸੀ ਹੁਸੈਨਪੁਰ, ਵਿਜੇ ਕੁਮਾਰ ਪੁੱਤਰ ਮਨੋਹਰ ਲਾਲ ਵਾਸੀ ਹੁਸੈਨਪੁਰ ਅਤੇ ਸੰਜੀਵ ਕੁਮਾਰ ਪੁੱਤਰ ਤਰਸੇਮ ਲਾਲ ਵਾਸੀ ਲਾਂਬੜਾ ਗੋਲੀਆਂ ਲੱਗਣ ਕਾਰਨ ਜ਼ਖਮੀ ਹੋ ਗਏ, ਜਿਨ੍ਹਾਂ ਵਿਚੋਂ ਦੋ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਲਾਂਬੜਾ ਵਿਚ ਲਗਾਏ ਕਰਫ਼ਿਊ ਵਿਚ ਸ਼ਾਮ ਪੰਜ ਤੋਂ ਛੇ ਵਜੇ ਤੱਕ ਢਿੱਲ ਦਿੱਤੀ ਗਈ ਤਾਂ ਕਿ ਲੋਕ ਆਪਣਾ ਲੋੜੀਂਦਾ ਸਾਮਾਨ ਖ੍ਰੀਦ ਸਕਣ।
ਸ਼ਹਿਰ 'ਚ ਛਾਈ ਵੀਰਾਨੀ ਤੇ ਸੁੰਨਸਾਨ
ਜਲੰਧਰ, (ਪ੍ਰਿਤਪਾਲ ਸਿੰਘ)-ਬੀਤੇ ਦਿਨ ਸੱਚਖੰਡ ਬੱਲਾਂ ਦੇ ਸੰਤ ਮਹਾਂਪੁਰਸ਼ਾਂ ਉੱਕਦ ਆਸਟਰੀਆ ਦੀ ਰਾਜਧਾਨੀ ਵਿਆਨਾ ਵਿਖੇ ਜੋ ਕਾਤਲਾਨਾ ਹਮਲਾ ਹੋਇਆ ਉਸ ਕਾਰਨ ਰੋਸ ਵਜੋਂ ਭੜਕੇ ਉਨ੍ਹਾਂ ਦੇ ਸ਼ਰਧਾਲੂਆਂ ਨੇ ਰਾਤ ਜਲੰਧਰ ਵਿਚ ਜੋ ਸਾੜਫੂਕ ਤੇ ਭੰਨ ਤੋੜ ਕੀਤੀ, ਉਸ ਕਾਰਨ ਹਾਲਾਤ 'ਤੇ ਕਾਬੂ ਪਾਉਣ ਅਤੇ ਸ਼ਾਂਤੀ ਬਣਾਈ ਰੱਖਣ ਲਈ ਜਲੰਧਰ ਵਿਚ ਭਾਵੇਂ ਕਰਫਿਊ ਲਗਾਇਆ ਗਿਆ ਹੈ ਤੇ ਨਾਜ਼ਕ ਥਾਵਾਂ 'ਤੇ ਫੌਜੀ ਜਵਾਨ ਤਾਇਨਾਤ ਕੀਤੇ ਗਏ ਹਨ ਇਸ ਦੇ ਬਾਵਜੂਦ ਜਲੰਧਰ ਤੇ ਆਲੇ-ਦੁਆਲੇ ਦੇ ਪਿੰਡਾਂ ਵਿਚ ਸਥਿਤੀ ਤਣਾਅਪੂਰਨ ਬਣੀ ਹੋਈ ਹੈ।
ਸਕੂਲ-ਕਾਲਜ ਤੇ ਦਫਤਰ ਬੰਦ
ਕਰਫਿਊ ਕਾਰਨ ਦੁਕਾਨਾਂ, ਸਕੂਲ, ਕਾਲਜ, ਬੈਂਕ, ਦਫਤਰ ਤੇ ਕਚਹਿਰੀਆਂ ਬੰਦ ਹੋਣ ਕਾਰਨ ਸਾਰੇ ਪਾਸੇ ਵੀਰਾਨੀ ਛਾਈ ਹੋਈ ਹੈ। ਸੜਕਾਂ ਸੁੰਨਸਾਨ ਪਈਆਂ ਹਨ। ਲੋਕ ਬੱਚਿਆਂ ਸਮੇਤ ਘਰਾਂ ਵਿਚ ਸਹਿਮੇ ਹੋਏ ਬੈਠੇ ਹਨ। ਗੜਬੜ ਵਾਲੇ ਹਾਲਾਤ ਕਿੰਨੇ ਦਿਨ ਚੱਲਣਗੇ, ਇਸ ਬਾਰੇ ਕੋਈ ਕੁਝ ਨਹੀਂ ਕਹਿ ਸਕਦਾ।
ਸੜਕਾਂ 'ਤੇ ਪਏ ਹਨ ਸੜੇ ਵਾਹਨ
ਅੱਜ 'ਅਜੀਤ' ਦੀ ਟੀਮ ਨੇ ਗੜਬੜ ਵਾਲੇ ਇਲਾਕਿਆਂ ਦਾ ਜਦੋਂ ਦੌਰਾ ਕੀਤਾ ਤਾਂ ਵੇਖਿਆ ਕਿ ਸੜਕਾਂ 'ਤੇ ਸੜੇ ਹੋਏ ਵਾਹਨ ਖੜ੍ਹੇ ਸਨ। ਨਕੋਦਰ ਰੋਡ ਤੇ ਭਾਰਗਵ ਨਗਰ ਸਾਹਮਣੇ ਖਰਬੂਜ਼ਿਆਂ ਦਾ ਭਰਿਆ ਟਰੱਕ ਸੜਿਆ ਹੋਇਆ ਖੜ੍ਹਾ ਸੀ। ਇਸੇ ਤਰ੍ਹਾਂ ਰਾਮਾਂਮੰਡੀ ਵਿਚ ਇਕ ਸਰਕਾਰੀ ਪੁਲਿਸ ਦੀ ਜੀਪ ਬੁਰੀ ਤਰ੍ਹਾਂ ਸੜੀ ਹੋਈ ਸੀ। ਰਾਤ ਪ੍ਰਿਥਵੀ ਪਲੈਨੇਟ ਦੇ ਬਾਹਰ ਖੜ੍ਹੇ ਬਹੁਤ ਸਾਰੀਆਂ ਕਾਰਾਂ ਦੀ ਭੰਨ ਤੋੜ ਕੀਤੀ ਗਈ। ਇਸੇ ਤਰ੍ਹਾਂ ਚਹੇੜੂ ਦੇ ਲਾਗੇ ਵੀ ਬੱਸਾਂ ਦੀ ਭੰਨ-ਤੋੜ ਕੀਤੀ ਗਈ। ਕਰਫਿਊ ਦੌਰਾਨ ਬਹੁਤੀ ਸਖਤੀ ਨਹੀਂ ਸੀ ਵਰਤੀ ਜਾ ਰਹੀ। ਇੱਕਾ-ਦੁੱਕਾ ਲੋਕਾਂ ਨੂੰ ਵਾਹਨਾਂ ਸਮੇਤ ਲੰਘਣ ਦਿੱਤਾ ਜਾਂਦਾ ਸੀ। ਅਸ਼ੋਕ ਨਗਰ ਵੱਲੋਂ ਜਾਂਦੀ ਬਸਤੀ ਸ਼ੇਖ ਰੋਡ, ਲਾਡੋਵਾਲੀ ਰੋਡ ਤੇ ਹੋਰ ਥਾਵਾਂ 'ਤੇ ਬੱਚੇ ਸੁੰਨਸਾਨ ਸੜਕਾਂ 'ਤੇ ਕ੍ਰਿਕਟ ਖੇਡ ਰਹੇ ਸਨ।
ਬੱਸ ਅੱਡੇ 'ਤੇ ਸੁੰਨਸਾਨ
ਜਨਰਲ ਬੱਸ ਅੱਡੇ 'ਤੇ ਸੈਂਕੜੇ ਬੱਸਾਂ ਖੜ੍ਹੀਆਂ ਹਨ। ਕੋਈ ਬੱਸ ਨਹੀਂ ਚੱਲੀ। ਕੁਝ ਸਵਾਰੀਆਂ ਫਸੀਆਂ ਹੋਈਆਂ ਸਨ। ਪੁੱਛਣ 'ਤੇ ਪਤਾ ਲੱਗਾ ਕਿ ਜੰਮੂ-ਕਸ਼ਮੀਰ, ਰਾਜਸਥਾਨ ਅਤੇ ਮੋਗੇ ਲਈ ਇਕ-ਇਕ ਬੱਸ ਪੁਲਿਸ ਪਹਿਰੇ ਵਿਚ ਭੇਜਣ ਦੀ ਤਿਆਰੀ ਕੀਤੀ ਜਾ ਰਹੀ ਸੀ। ਦਕੋਹੇ ਦੇ ਗੁਰਦੁਆਰੇ ਅਤੇ ਮੰਦਿਰ ਵਿਚ ਵੀ ਲੋਕਾਂ ਨੇ ਸ਼ਰਨ ਲਈ ਹੋਈ ਹੈ। ਕਰਫਿਊ ਕਾਰਨ ਸਵੇਰੇ ਲੋਕਾਂ ਨੂੰ ਦੁੱਧ ਵੀ ਨਸੀਬ ਨਹੀਂ ਹੋਇਆ। ਪੈਟਰੋਲ ਪੰਪ ਵੀ ਬੰਦ ਹਨ। ਸਬਜ਼ੀ ਦੀਆਂ ਰੇਹੜੀਆਂ ਵੀ ਗਲੀਆਂ ਵਿਚ ਨਹੀਂ ਗਈਆਂ। ਖਾਣ-ਪੀਣ ਦੀਆਂ ਰੇਹੜੀਆਂ ਤੇ ਦਿਹਾੜੀਦਾਰ ਮਜ਼ਦੂਰ ਕਰਫਿਊ ਕਾਰਨ ਪ੍ਰੇਸ਼ਨ ਹਨ। ਪੁਲਿਸ ਥਾਂ-ਥਾਂ ਤਾਇਨਾਤ ਹੈ।
ਅੱਪਰਾ 'ਚ ਰੋਸ ਪ੍ਰਦਰਸ਼ਨ
ਅੱਪਰਾ, (ਮਨਜਿੰਦਰ ਸਿੰਘ ਅਰੋੜਾ)-ਕਸਬਾ ਅੱਪਰਾ ਅਤੇ ਇਸ ਦੇ ਆਸ-ਪਾਸ ਦੇ ਇਲਾਕੇ ਭਰ ਤੋਂ ਸ੍ਰੀ ਗੁਰੂ ਰਵਿਦਾਸ ਜੀ ਦੀ ਨਾਮ ਲੇਵਾ ਸੰਗਤਾਂ ਸਮਾਜਿਕ ਅਤੇ ਧਾਰਮਿਕ ਸੰਗਠਨਾਂ ਵੱਲੋਂ ਵੱਖ-ਵੱਖ ਰਾਜਨੀਤਕ ਪਾਰਟੀਆਂ ਵੱਲੋਂ ਅੱਪਰਾ ਵਿਖੇ ਸ਼ਾਂਤੀਪੂਰਵਕ ਰੋਸ ਮਾਰਚ ਕੱਢਿਆ ਗਿਆ। ਰੋਸ ਮਾਰਚ ਵਜੋਂ ਕਸਬੇ ਦੇ ਬਾਜ਼ਾਰ ਸਰਕਾਰੀ ਅਤੇ ਗੈਰ-ਸਰਕਾਰੀ ਦਫਤਰ, ਸਕੂਲ ਅਤੇ ਕਾਰਖਾਨੇ ਬੰਦ ਰੱਖੇ ਗਏ। ਇਸ ਰੋਸ ਪ੍ਰਦਰਸ਼ਨ ਵਿਚ ਲਗਭਗ ਦੋ ਹਜ਼ਾਰ ਸ਼ਰਧਾਲੂਆਂ ਨੇ ਭਾਗ ਲਿਆ ਅਤੇ ਸ਼ਾਂਤੀਪੂਰਵਕ ਪ੍ਰਦਰਸ਼ਨ ਤੋਂ ਬਾਅਦ ਪੁਰਾਣਾ ਬੱਸ ਅੱਡਾ ਮਾਤਾ ਰਾਣੀ ਚੌਕ ਵਿਖੇ ਹਮਲਾਵਰਾਂ ਦਾ ਪੁਤਲਾ ਸਾੜਿਆ।
ਫਿਲੌਰ-ਨਵਾਂਸ਼ਹਿਰ ਮਾਰਗ ਜਾਮ ਕਰ ਦਿੱਤਾ ਗਿਆ
ਸ਼ਰਧਾਲੂਆਂ ਵੱਲੋਂ ਸੜਕਾਂ ਦੇ ਕਿਨਾਰੇ ਖੜ੍ਹੇ ਭਾਰੀ ਦਰੱਖਤ ਵੱਢ ਕੇ ਸੜਕਾਂ 'ਤੇ ਸੁੱਟ ਦਿੱਤੇ ਜਿਸ ਕਾਰਨ ਪਿੰਡ ਲਸਾੜਾ ਤੱਕ ਵਾਹਨਾਂ ਦੀਆਂ ਲੰਬੀਆਂ ਲਾਈਨਾਂ ਲੱਗ ਗਈਆਂ।
ਜੰਡਿਆਲਾ 'ਚ ਜ਼ਬਰਦਸਤ ਰੋਸ ਪ੍ਰਦਰਸ਼ਨ
ਜੰਡਿਆਲਾ ਮੰਜਕੀ, (ਮਨਜਿੰਦਰ ਸਿੰਘ/ਸੁਰਜੀਤ ਸਿੰਘ ਜੰਡਿਆਲਾ)-ਅੱਜ ਜੰਡਿਆਲਾ ਵਿਚ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ। ਅੱਜ ਸਵੇਰੇ ਹੀ ਰਵਿਦਾਸ ਭਾਈਚਾਰੇ ਦੇ ਲੋਕ ਸਥਾਨਕ ਜਲੰਧਰ ਚੌਕ ਵਿਚ ਜਮ੍ਹਾਂ ਹੋਣੇ ਸ਼ੁਰੂ ਹੋ ਗਏ ਸੀ। ਪਹਿਲਾਂ ਇਕੱਤਰ ਲੋਕਾਂ ਵੱਲੋਂ ਜੰਡਿਆਲਾ ਦੇ ਸਾਰੇ ਬਾਜ਼ਾਰਾਂ ਅਤੇ ਸਰਕਾਰੀ ਅਦਾਰਿਆਂ ਨੂੰ ਬੰਦ ਕਰਵਾਇਆ ਗਿਆ ਅਤੇ ਰੋਸ ਮਾਰਚ ਕੀਤਾ ਗਿਆ। ਬਾਅਦ ਵਿਚ ਚੌਕ ਵਿਚ ਲਗਭਗ ਤਿੰਨ ਘੰਟੇ ਧਰਨਾ ਦਿੱਤਾ ਗਿਆ ਅਤੇ ਆਵਾਜਾਈ ਪੂਰਨ ਤੌਰ 'ਤੇ ਰੋਕੀ ਗਈ। ਇਸ ਰੋਸ ਪ੍ਰਦਰਸ਼ਨ ਵਿਚ ਜੰਡਿਆਲਾ, ਪੰਡੋਰੀ, ਸਮਰਾਏ, ਧਾਲੀਵਾਲ ਅਤੇ ਥਾਬਲਕੇ ਆਦਿ ਪਿੰਡਾਂ ਦੇ ਰਵਿਦਾਸ ਭਾਈਚਾਰੇ ਦੇ ਲੋਕਾਂ ਦੇ ਨਾਲ-ਨਾਲ ਸਥਾਨਕ ਸਾਰੀਆਂ ਹੀ ਰਾਜਨੀਤਕ ਪਾਰਟੀਆਂ ਦੇ ਆਗੂਆਂ ਨੇ ਹਾਜ਼ਰੀ ਲਗਵਾਈ।
ਘਰੇਲੂ ਚੀਜ਼ਾਂ ਲਈ ਘੁੰਮਦੇ ਰਹੇ ਲੋਕ
ਜਲੰਧਰ, (ਚੰਦੀਪ ਭੱਲਾ)-ਕਰਫ਼ਿਊ ਕਰਕੇ ਜਿਥੇ ਇਕ ਪਾਸੇ ਲੋਕਾਂ ਨੂੰ ਆਉਣ-ਜਾਣ ਸਬੰਧੀ ਜਾਂ ਹੋਰ ਪ੍ਰੇਸ਼ਾਨੀਆਂ ਪੇਸ਼ ਆਈਆਂ ਉਥੇ ਨਾਲ ਹੀ ਲੋਕਾਂ ਨੂੰ ਘਰੇਲੂ ਖਾਣ-ਪੀਣ ਦੀਆਂ ਚੀਜ਼ਾਂ ਅਤੇ ਹੋਰ ਸਾਮਾਨ ਲੈਣ ਲਈ ਵੀ ਦੂਰ-ਦੂਰ ਤੱਕ ਗਲੀਆਂ ਮੁਹੱਲਿਆਂ ਵਿਚੋਂ ਹੋ ਕੇ ਜਾਣਾ ਪਿਆ ਪਰ ਉਨ੍ਹਾਂ ਨੂੰ ਉਸ ਵੇਲੇ ਨਿਰਾਸ਼ਾ ਹੱਥ ਲੱਗੀ ਜਦੋਂ ਕਿ ਗਲੀਆਂ ਦੇ ਅੰਦਰ-ਅੰਦਰ ਦੀਆਂ ਦੁਕਾਨਾਂਵੀ ਬੰਦ ਵੇਖੀਆਂ। ਜਿਸ ਕਰਕੇ ਲੋਕਾਂ ਨੇ ਇਕ-ਦੂਜੇ ਗਵਾਂਢੀਆਂ ਤੋਂ ਸਾਮਾਨ ਲੈ ਕੇ ਗੁਜ਼ਾਰਾ ਕੀਤਾ ਤੇ ਛੇਤੀ ਕਰਫਿਊ ਖੁੱਲ੍ਹਣ ਦੀ ਆਸ ਕਰਦੇ ਰਹੇ।
ਦਿਹਾੜੀਦਾਰ ਵੀ ਨਿਰਾਸ਼ ਹੋਏ
ਇਸ ਕਰਫਿਊ ਕਰਕੇ ਜਿਥੇ ਆਮ ਜਨਤਾ ਨੂੰ ਖਾਣ-ਪੀਣ ਦੇ ਸਾਮਾਨ ਦੀ ਅਤੇ ਹੋਰ ਕਈ ਪ੍ਰੇਸ਼ਾਨੀਆਂ ਝੱਲਣੀਆਂ ਪਈਆਂ ਉਥੇ ਨਾਲ ਹੀ ਦੂਜੇ ਪਾਸੇ ਦਿਹਾੜੀਦਾਰ ਵੀ ਸਾਰਾ ਦਿਨ ਕੰਮ ਨਾ ਹੋਣ ਕਰਕੇ ਨਿਰਾਸ਼ ਹੋਏ। ਰਿਕਸ਼ਾ ਚਾਲਕ, ਆਟੋ ਰਿਕਸ਼ਾ ਚਾਲਕ, ਸਬਜ਼ੀਆਂ ਵੇਚਣ ਵਾਲੇ ਅਤੇ ਹਰ ਰੋਜ਼ ਸਾਮਾਨ ਵੇਚ ਰੋਜ਼ੀ, ਰੋਟੀ ਕਮਾਉਣ ਵਾਲਿਆਂ ਲਈ ਵੀ ਇਹ ਦਿਨ ਮੁਸ਼ਕਿਲਾਂ ਭਰਿਆ ਰਿਹਾ।
ਰਾਹਤ ਦੀ ਸੂਚਨਾ ਮਿਲਦੇ ਹੀ ਬਾਜ਼ਾਰ ਵੱਲ ਨਿਕਲੇ ਲੋਕ
ਇਸ ਸਾਰੇ ਦਿਨ ਦੇ ਕਰਫਿਊ ਤੋਂ ਬਾਅਦ ਸ਼ਾਮ ਵੇਲੇ ਕਰਫਿਊ ਤੋਂ ਰਾਹਤ ਮਿਲਣ ਦੀ ਸੂਚਨਾ ਮਿਲਦੇ ਹੀ ਲੋਕ ਜ਼ਰੂਰੀ ਵਸਤਾਂ ਅਤੇ ਪੈਟਰੋਲ ਡੀਜ਼ਲ ਲੈਣ ਲਈ ਸੜਕਾਂ ਤੇ ਬਾਜ਼ਾਰਾਂ 'ਚ ਨਿਕਲ ਆਏ ਤਾਂ ਕਿ ਆਉਣ ਵਾਲੇ ਸਮੇਂ 'ਚ ਉਨ੍ਹਾਂ ਨੂੰ ਕਿਸੇ ਵੀ ਤੰਗੀ ਦਾ ਸਾਹਮਣਾ ਨਾ ਕਰਨਾ ਪਵੇ।
ਲੋਹੀਆਂ 'ਚ ਮੁਕੰਮਲ ਬੰਦ
ਲੋਹੀਆਂ, (ਸੁਭੇਂਦੂ ਸ਼ਰਮਾ)-ਲੋਹੀਆਂ 'ਚ ਮੁਕੰਮਲ ਬੰਦ ਰਿਹਾ। ਇਹ ਬੰਦ ਏਨਾ ਬੇਮਿਸਾਲ ਸੀ ਕਿ ਸਾਰਾ ਦਿਨ ਪੂਰੇ ਸ਼ਹਿਰ ਵਿਚ ਕੋਈ ਹਲਵਾਈ ਦੀ ਦੁਕਾਨ ਤੱਕ ਨਹੀਂ ਖੁੱਲ੍ਹੀ ਅਤੇ ਨਾ ਹੀ ਚਾਹ ਜਾਂ ਸਬਜ਼ੀ ਆਦਿ ਦੀ ਕੋਈ ਰੇਹੜੀ ਲੱਗੀ। ਪੂਰਾ ਦਿਨ ਸਾਰਾ ਸ਼ਹਿਰ ਕਰਫ਼ਿਊ ਵਾਂਗ ਬੰਦ ਰਿਹਾ। ਗਲੀਆਂ-ਬਾਜ਼ਾਰਾਂ ਵਿਚ ਕਿਧਰੇ ਵੀ ਕੋਈ ਆਵਾਜਾਈ ਨਹੀਂ ਸੀ। ਸਰਕਾਰੀ ਅਤੇ ਗ਼ੈਰ-ਸਰਕਾਰੀ ਵਿਦਿਅਕ ਅਦਾਰੇ ਵੀ ਬੰਦ ਰਹੇ।
ਵੀਰਾਨ ਹੋਈਆਂ ਸ਼ਹਿਰ ਦੀਆਂ ਸੜ੍ਹਕਾਂ
ਜਲੰਧਰ, (ਵਾਲੀਆ) - ਬੀਤੇ ਦਿਨ ਤੋਂ ਸ਼ਹਿਰ 'ਚ ਜ਼ਾਰੀ ਕਰਫਿਊ ਕਾਰਨ ਹਰ ਸਮੇਂ ਹੱਸਦੇ ਗਾਉਂਦੇ ਰਹਿਣ ਵਾਲੇ ਜਲੰਧਰ ਸ਼ਹਿਰ ਦੀ ਰੋਣਕ ਨੂੰ ਜਿਵੇਂ ਗ੍ਰਹਿਣ ਹੀ ਲੱਗ ਗਿਆ ਹੈ। ਸ਼ਹਿਰ ਦੀ ਜੀ.ਟੀ. ਰੋਡ, ਮਾਡਲ ਟਾਊਨ ਮਾਰਕੀਟ, ਰੈਣਕ ਬਾਜ਼ਾਰ, ਸ਼ੇਖਾਂ ਬਾਜ਼ਾਰ, ਪਰਾਗਪੁਰ ਅਤੇ ਹੋਰ ਗਹਿਮਾ ਗਹਿਮੀ ਵਾਲੇ ਖੇਤਰ ਵੀਰਾਨ ਪਏ ਸਨ। ਕਿਧਰੇ ਵੀ ਕੋਈ ਵਿਅਕਤੀ ਨਜ਼ਰ ਨਹੀ ਆ ਰਿਹਾ ਸੀ। ਜਿਨ੍ਹਾਂ ਬਾਜ਼ਾਰਾਂ ਅਤੇ ਸੜਕਾਂ ਉੱਪਰ ਪੈਰ ਧਰਨ ਨੂੰ ਥਾਂ ਨਹੀ ਲੱਬਦੀ ਹੁੰਦੀ ਸੀ ਉਹ ਅੱਜ ਭਾਂਅ-ਭਾਂਅ ਕਰ ਰਹੇ ਸਨ ਅਤੇ ਉਥੇ ਆਵਾਰਾ ਜਾਨਵਰ ਘੁੰਮ ਰਹੇ ਸਨ। ਕਈ ਮੁੱਹਲਿਆ ਦੀਆਂ ਸੜਕਾਂ ਉੱਪਰ ਬੱਚੇ ਕ੍ਰਿਕੇਟ ਖੇਡ ਰਹੇ ਸਨ। ਸ਼ਹਿਰ ਦੀਆਂ ਸੜਕਾਂ ਉੱਪਰ ਵਾਹਨ ਵੀ ਨਜ਼ਰ ਨਹੀ ਆ ਰਹੇ ਸਨ ਜੇ ਕਿਧਰੇ ਕੁੱਝ ਨਜ਼ਰ ਆ ਰਿਹਾ ਸੀ ਤਾਂ ਫੋਜ ਅਤੇ ਪੁਲੀਸ ਦੇ ਵਾਹਨ ਅਤੇ ਗਸ਼ਤ ਕਰ ਰਹੇ ਜਵਾਨ।
ਅਚਾਨਕ ਹੀ ਰਾਤੋ ਰਾਤ ਇਕ ਘਟਨਾ ਨੇ ਸ਼ਹਿਰ ਦੀ ਰੋਣਕ ਨੂੰ ਜਿਵੇਂ ਗ੍ਰਹਿਣ ਹੀ ਲਗਾ ਦਿੱਤਾ ਹੈ। ਸ਼ਹਿਰ ਦੇ ਲੋਕ ਅੱਜ ਰਾਸ਼ਨ ਸਬਜ਼ੀਆਂ ਅਤੇ ਦੁੱਧ ਆਦਿ ਤੋਂ ਵੀ ਵਾਂਝੇ ਰਹੇ। ਇਨ੍ਹਾਂ ਹੀ ਨਹੀ ਜ਼ਰੂਰੀ ਦਵਾਈਆ ਅਤੇ ਸਿਹਤ ਸਹੂਲਤਾਂ ਦੀ ਵੀ ਘਾਟ ਮਹਿਸੂਸ ਕੀਤੀ ਗਈ। ਸ਼ਹਿਰ ਦੇ ਕਈ ਪ੍ਰਮੁੱਖ ਹਸਪਤਾਲਾਂ 'ਤੇ ਵੀ ਬੀਤੇ ਦਿਨ ਪਥਰਾਅ ਕੀਤਾ ਗਿਆ ਸੀ ਜਿਸ ਕਾਰਨ ਹਸਪਤਾਲ ਵੀ ਵੀਰਾਨ ਦੇਖੇ ਗਏ। ਕਰਫਿਊ ਦਾ ਸਭ ਤੋਂ ਮਾੜ੍ਹਾ ਪ੍ਰਭਾਵ ਗਰੀਬ ਲੋਕਾਂ 'ਤੇ ਪਿਆ ਜੋ ਕਿ ਸਾਰਾ ਦਿਨ ਮਿਹਨਤ ਕਰਦੇ ਹਨ ਤਾਂ ਜਾ ਕੇ ਸ਼ਾਮ ਨੂੰ ਉਨ੍ਹਾਂ ਦੇ ਘਰੀਂ ਚੁੱਲ੍ਹਾ ਜਲਦਾ ਹੈ। ਕਈ ਘਰਾਂ 'ਚ ਮਾਸੂਮ ਅੱਜ ਦੁੱਧ ਦੀ ਬੂੰਦ ਲਈ ਵੀ ਤਰਸਦੇ ਰਹੇ। ਆਮ ਜਨਤਾ ਰੱਬ ਅੱਗੇ ਇਹੀ ਅਰਦਾਸ ਕਰ ਰਹੇ ਹਨ ਕਿ ਚੇਤੀ ਹੀ ਸਭ ਪਾਸੇ ਅਮਨ ਸ਼ਾਂਤੀ ਹੋ ਜਾਵੇ ਅਤੇ ਉਹ ਫੇਰ ਤੋਂ ਆਮ ਵਰਗੀ ਜ਼ਿੰਦਗੀ ਜੀਅ ਸਕਣ।
ਆਦਮਪੁਰ 'ਚ ਕਈ ਵਾਹਨ ਸਾੜੇ
ਆਦਮਪੁਰ, (ਤਰਨਜੋਤ ਸਿੰਘ ਖਾਲਸਾ)-ਆਦਮਪੁਰ ਵਿਚ ਸ਼ਰੇਆਮ ਕਰਫ਼ਿਊ ਨੂੰ ਤੋੜਨ ਦੀ ਉਲੰਘਣਾ ਦੇ ਨਾਲ-ਨਾਲ ਥਾਣੇ ਦੇ ਬਾਹਰ ਖੜ੍ਹੀ ਪੁਲਿਸ ਬੱਸ, ਦੋ ਕਾਰਾਂ, ਇਕ ਟਰੈਕਟਰ, ਬੱਸ ਸਟੈਂਡ ਤੇ ਦੁਆਬਾ ਟਰਾਂਸਪੋਰਟ ਦੀ ਬੱਸ ਅਤੇ 15 ਦੇ ਕਰੀਬ ਸਕੂਟਰ ਅਤੇ ਮੋਟਰਸਾਈਕਲਾਂ ਨੂੰ ਅੱਗ ਲਾ ਕੇ ਸਾੜ ਦਿੱਤਾ ਅਤੇ ਪੁਲਿਸ ਸਟੇਸ਼ਨ ਦੇ ਨਾਲ ਲਗਦੇ ਯੂਕੋ ਬੈਂਕ ਦੇ ਦਰਵਾਜ਼ੇ ਤੋੜ ਕੇ ਉਸ ਵਿਚ ਪਏ ਕੰਪਿਊਟਰ ਅਤੇ ਹੋਰ ਰਿਕਾਰਡ ਸੜਕ 'ਤੇ ਸੁੱਟ ਕੇ ਪੂਰੀ ਤਰ੍ਹਾਂ ਸੜ ਕੇ ਸਵਾਹ ਕਰ ਦਿੱਤਾ। ਇਸ ਤੋਂ ਇਲਾਵਾ ਸਟੇਟ ਬੈਂਕ ਆਫ ਪਟਿਆਲਾ, ਯੂਕੋ ਬੈਂਕ, ਪੰਜਾਬ ਨੈਸ਼ਨਲ ਬੈਂਕ ਦੇ ਏ. ਟੀ. ਐਮ. ਪੁੱਟ ਕੇ ਸੜਕਾਂ 'ਤੇ ਅੱਗ ਲਾ ਕੇ ਤਬਾਹ ਕਰ ਦਿੱਤੇ। ਆਦਮਪੁਰ ਦੀਆਂ ਸਾਰੀਆਂ ਦੁਕਾਨਾਂ 'ਤੇ ਲੱਗੇ ਸਾਈਨ ਬੋਰਡ, ਦੁਕਾਨਾਂ ਦੇ ਬਾਹਰ ਖੜ੍ਹੇ ਜਨਰੇਟਰ 15ੱ਼, ਸ਼ੋਅ ਕੇਸ, ਵੱਖ-ਵੱਖ ਕੰਮਾਂ ਦੇ ਖੋਖੇ, ਰੇਹੜੀਆਂ ਦੀ ਪੂਰੀ ਤਰ੍ਹਾਂ ਭੰਨ-ਤੋੜ ਕਰਕੇ ਸਾੜ-ਫੂਕ ਕੀਤੀ। ਦੋ ਸ਼ਰਾਬ ਦੇ ਠੇਕੇ, ਇਕ ਬੂਟਾਂ ਦੀ ਦੁਕਾਨ, ਫਰੂਟ ਦੀਆਂ ਦੁਕਾਨਾਂ ਦੇ ਸ਼ਟਰ ਤੋੜ ਕੇ ਸਾਮਾਨ ਲੁੱਟ ਕੇ ਲੈ ਗਏ।
ਸਿਵਲ ਹਸਪਤਾਲ 'ਚ ਲੱਗਾ ਰਿਹਾ ਮਰੀਜ਼ਾਂ ਦਾ ਤਾਂਤਾ
ਜਲੰਧਰ, (ਵਾਲੀਆ)-ਜਲੰਧਰ 'ਚ ਹੋਈ ਗੜਬੜ ਦੌਰਾਨ ਸਿਹਤ ਸੇਵਾਵਾਂ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈਆਂ ਹਨ। ਸ਼ਹਿਰ ਦੇ ਕਈ ਪ੍ਰਮੁੱਖ ਹਸਪਤਾਲਾਂ 'ਚ ਕੰਮ-ਕਾਜ਼ ਲਗਭਗ ਠੱਪ ਹੀ ਰਿਹਾ ਕਿਉਂਕਿ ਬੀਤੀ ਰਾਤ ਕਈ ਹਸਪਤਾਲਾਂ 'ਚ ਕਾਫੀ ਭੰਨ-ਤੋੜ ਹੋਈ ਸੀ।ਜਿਸ ਕਾਰਨ ਅੱਜ ਬਹੁਤ ਸਾਰੇ ਲੋਕ ਬਿਮਾਰੀ 'ਚ ਇਲਾਜ ਲਈ ਸਿਵਲ ਹਸਪਤਾਲ ਪੁੱਜੇ। ਜਿਥੇ ਸਿਰਫ ਐਮਰਜੈਂਸੀ ਵਿਭਾਗ ਹੀ ਚਲ ਰਿਹਾ ਸੀ ਅਤੇ ਡਾਕਟਰਾਂ ਦੀ ਟੀਮ ਪੂਰੀ ਤਨਦੇਹੀ ਨਾਲ ਮਰੀਜ਼ਾਂ ਦਾ ਇਲਾਜ ਕਰ ਰਹੀ ਸੀ। ਹਾਲਾਂਕਿ ਸਿਵਲ ਹਸਪਤਾਲ 'ਚ ਅੱਜ ਹੋਈ ਗੋਲੀਬਾਰੀ ਅਤੇ ਗੜਬੜ ਦੌਰਾਨ ਜ਼ਖਮੀ ਹੋਏ ਬਹੁਤ ਸਾਰੇ ਵਿਅਕਤੀ ਵੀ ਦਾਖਲ ਕਰਵਾਏ ਗਏ ਸਨ। ਉਧਰੋਂ ਜਲੰਧਰ ਪੁਲਿਸ ਵੱਲੋਂ ਹਸਪਤਾਲ 'ਚ ਸੁਰੱਖਿਆ ਦੇ ਸਖ਼ਤ ਇੰਤਜ਼ਾਮ ਕੀਤੇ ਗਏ ਸਨ।
ਕਰਫ਼ਿਊ ਦੌਰਾਨ ਕਈ ਦੁਕਾਨਦਾਰਾਂ ਨੇ ਵੀ ਖੂਬ ਰੰਗੇ ਹੱਥ
ਜਲੰਧਰ, (ਵਾਲੀਆ)-ਕਰਫਿਊ ਦੌਰਾਨ ਸ਼ਹਿਰ 'ਚ ਜ਼ਰੂਰੀ ਅਤੇ ਖਾਣ-ਪੀਣ ਦੀਆਂ ਵਸਤਾਂ ਦੀ ਕਾਫੀ ਕਿੱਲਤ ਪੈਦਾ ਹੋ ਗਈ ਹੈ। ਇਸ ਸਥਿਤੀ ਦਾ ਫਾਇਦਾ ਉਠਾਉਣ ਵਿਚ ਵੀ ਕਾਲਾਬਾਜ਼ਾਰੀ ਕਰਨ ਵਾਲੇ ਕਈ ਦੁਕਾਨਦਾਰ ਪਿੱਛੇ ਨਹੀਂ ਰਹੇ। ਅੱਜ ਸ਼ਾਮ ਇਕ ਘੰਟੇ ਲਈ ਕਰਫਿਊ 'ਚ ਢਿੱਲ ਦਿੱਤੀ ਗਈ ਤਾਂ ਦੁਕਾਨਦਾਰਾਂ ਨੇ ਜ਼ਰੂਰੀ ਵਸਤਾਂ ਦੇ ਮੂੰਹ ਮੰਗੇ ਮੁੱਲ ਵਸੂਲ ਕੀਤੇ। ਆਮ ਤੌਰ 'ਤੇ 10 ਰੁਪਏ ਤੱਕ ਵਿਕਣ ਵਾਲਾ ਦੁੱਧ ਦਾ ਪੈਕਟ ਕਈ ਥਾਈਂ 20 ਰੁਪਏ ਤੱਕ ਵਿਕਿਆ। ਆਟਾ, ਖੰਡ, ਚਾਹ ਪੱਤੀ, ਚੌਲ, ਘਿਓ ਆਦਿ ਵੀ ਮਹਿੰਗੇ ਭਾਅ ਵੇਚੇ ਗਏ। ਇੰਨਾ ਹੀ ਨਹੀਂ ਕਈ ਸਬਜ਼ੀ ਵੇਚਣ ਵਾਲਿਆਂ ਨੇ ਵੀ ਮੂੰਹ ਮੰਗੇ ਪੈਸੇ ਵਸੂਲੇ। ਇਸ ਦੇ ਬਾਵਜੂਦ ਵੀ ਕਈ ਘਰਾਂ 'ਚ ਚੁੱਲ੍ਹੇ ਠੰਢੇ ਹੀ ਰਹੇ।
ਰਾਮਾ ਮੰਡੀ 'ਚ ਸਥਿਤੀ ਕਾਬੂ ਤੋਂ ਬਾਹਰ
ਜਲੰਧਰ, (ਜਸਪਾਲ ਸਿੰਘ)-ਰਾਮਾ ਮੰਡੀ ਖੇਤਰ 'ਚ ਦੇਰ ਰਾਤ ਤੱਕ ਸਥਿਤੀ ਕਾਬੂ ਤੋਂ ਬਾਹਰ ਬਣੀ ਹੋਈ ਸੀ ਅਤੇ ਫਾਈਰਿੰਗ ਦੀਆਂ ਆਵਾਜ਼ਾਂ ਸੁਣ ਕੇ ਲੋਕ ਸਹਿਮੇ ਰਹੇ। ਇਸ ਮੌਕੇ ਪੁਲਿਸ ਮੂਕ ਦਰਸ਼ਕ ਬਣੀ ਰਹੀ। ਰਾਮਾ ਮੰਡੀ 'ਚ ਭੜਕੀ ਭੀੜ 'ਤੇ ਕਾਬੂ ਪਾਉਣ ਲਈ ਥਾਣਾ ਸਦਰ ਤੋਂ ਗਈ ਪੁਲਿਸ ਪਾਰਟੀ 'ਤੇ ਕਾਕੀ ਪਿੰਡ ਨੇੜੇ ਪ੍ਰਦਰਸ਼ਨਕਾਰੀਆਂ ਵਲੋਂ ਕੀਤੇ ਗਏ ਪਥਰਾਅ ਕਾਰਨ ਪੁਲਿਸ ਦੀ ਗੱਡੀ ਪਲਟ ਗਈ, ਜਿਸ ਕਾਰਨ ਗੱਡੀ ਦੇ ਡਰਾਈਵਰ ਦੇ ਮਾਮੂਲੀ ਸੱਟਾਂ ਲੱਗੀਆਂ ਹਨ। ਮੌਕੇ 'ਤੇ ਜ਼ਿਲ੍ਹਾ ਪੁਲਿਸ ਮੁਖੀ ਹਾਲਾਤ 'ਤੇ ਜ਼ਾਇਜਾ ਲੈਣ ਲਈ ਪੁੱਜੇ ਹੋਏ ਸਨ ਪਰ ਦੇਰ ਰਾਤ ਤੱਕ ਪ੍ਰਦਰਸ਼ਨਕਾਰੀ ਡਟੇ ਹੋਏ ਸਨ।
ਰੇਲਵੇ ਸਟੇਸ਼ਨਾਂ 'ਤੇ 7 ਹਜ਼ਾਰ ਤੋਂ ਵੱਧ ਯਾਤਰੀ ਫਸੇ
ਜਲੰਧਰ, 25 ਮਈ (ਮਦਨ ਭਾਰਦਵਾਜ)-ਆਸਟ੍ਰਿਆ ਦੀ ਰਾਜਧਾਨੀ ਵਿਆਨਾ ਵਿਚ ਹੋਈ ਘਟਨਾ ਦੇ ਬਾਅਦ ਪੈਦਾ ਹੋਈ ਤਣਾਅਪੂਰਨ ਸਥਿਤੀ ਅਤੇ ਫਿਰੋਜ਼ਪੁਰ ਡਵੀਜ਼ਨ ਵਿਚ ਲੱਗਭਗ ਸਾਰੀਆਂ ਗੱਡੀਆਂ ਰੱਦ ਹੋਣ ਦੇ ਬਾਅਦ ਜਲੰਧਰ, ਜਲੰਧਰ ਛਾਉਣੀ ਅਤੇ ਲੁਧਿਆਣਾ ਵਿਖੇ ਲਗਭਗ 7 ਹਜ਼ਾਰ ਯਾਤਰੀ ਫਸ ਗਏ ਹਨ। ਰੇਲਵੇ ਸੂਤਰਾਂ ਅਨੁਸਾਰ ਇਹ ਯਾਤਰੀ ਜਿਨ੍ਹਾਂ ਵਿਚ ਮਰਦ, ਔਰਤਾਂ ਅਤੇ ਬੱਚੇ ਵੀ ਸ਼ਾਮਿਲ ਹਨ, ਗੱਡੀਆਂ ਰੱਦ ਹੋਣ ਦੇ ਬਾਅਦ ਸੜਕੀ ਮਾਰਗ ਤੋ ਬੱਸਾਂ ਨਾ ਚੱਲਣ ਕਾਰਨ ਉਕਤ ਸਟੇਸ਼ਨਾਂ 'ਤੇ ਫਸ ਗਏ ਹਨ। ਰੇਲ ਪ੍ਰਸ਼ਾਸਨ ਨੇ ਇਨ੍ਹਾਂ ਦੇ ਸਾਰੇ ਸਟੇਸ਼ਨ ਸੁਪਰਡੈਂਟਾਂ ਨੂੰ ਹਦਾਇਤਾਂ ਕੀਤੀਆਂ ਹਨ ਕਿ ਉਹ ਰੇਲਵੇ ਸਟੇਸ਼ਨਾਂ 'ਤੇ ਯਾਤਰੀਆਂ ਨੂੰ ਖਾਣ- ਪੀਣ ਦੀਆਂ ਚੀਜ਼ਾਂ ਮੁਹੱਈਆ ਕਰਾਉਣ। ਇਹ ਵਰਨਣਯੋਗ ਹੈ ਕਿ ਲੁਣਿਆਣਾ ਰੇਲਵੇ ਸਟੇਸ਼ਨ 'ਤੇ ਸਭ ਤੋਂ ਵੱਧ ਲੱਗਭਗ 6 ਹਜ਼ਾਰ ਯਾਤਰੀ ਫਸੇ ਹੋਏ ਹਨ ਜਦਕਿ ਜਲੰਧਰ ਅਤੇ ਜਲੰਧਰ ਛਾਉਣੀ ਵਿਖੇ ਪੰਜ-ਪੰਜ ਸੌ ਯਾਤਰੀ ਰੇਲਵੇ ਸਟੇਸ਼ਨਾਂ 'ਤੇ ਫਸੇ ਹੋਏ ਹਨ, ਜਿਨ੍ਹਾਂ ਲਈ ਪ੍ਰਸ਼ਾਸਨ ਵੱਲੋਂ ਅਜੇ ਤੱਕ ਕੋਈ ਵਿਵਸਥਾ ਨਹੀਂ ਕੀਤੀ ਗਈ ਹੈ।
ਰੇਰੂ ਚੌਕ ਵਿਚ ਬੀਅਰ ਨਾਲ ਭਰਿਆ ਟਰੱਕ ਸਾੜਿਆ
ਜਲੰਧਰ, 25 ਮਈ (ਸ਼ਿਵ)-ਅੱਜ ਦੇਰ ਸ਼ਾਮ 7.55 'ਤੇ ਕੁਝ ਪ੍ਰਦਰਸ਼ਨਕਾਰੀਆਂ ਨੇ ਰੇਰੂ ਗੇਟ ਦੇ ਬਾਹਰ ਜਾ ਰਹੇ ਬੀਅਰ ਨਾਲ ਭਰੇ ਟਰੱਕ ਨੂੰ ਅੱਗ ਲਗਾ ਦਿੱਤੀ। ਮਿਲੀ ਜਾਣਕਾਰੀ ਮੁਤਾਬਿਕ ਉਕਤ ਗੇਟ ਕੋਲ ਪ੍ਰਦਰਸ਼ਨਕਾਰੀਆਂ ਦੀ ਟੋਲੀ ਆਈ ਜਿਸ ਨੇ ਲੰਘ ਰਹੇ ਟਰੱਕ ਨੂੰ ਰੋਕ ਕੇ ਅੱਗ ਲਗਾ ਦਿੱਤੀ।
ਇਨਸਾਨੀ ਭਾਈਚਾਰੇ ਦੀ ਕਾਇਮ ਕੀਤੀ ਮਿਸਾਲ
ਗੁਰਾਇਆ, (ਚਰਨਜੀਤ ਦੁਸਾਂਝ)-ਗੁਰਾਇਆ ਅਤੇ ਫਿਲੌਰ ਦੇ ਦਰਮਿਆਨ ਭੱਟੀਆਂ ਦੇ ਰੇਲਵੇ ਸਟੇਸ਼ਨ 'ਤੇ ਅੱਜ ਸਵੇਰ ਵੇਲੇ ਤੋਂ ਜੰਮੂ ਤਵੀ-ਕਾਠ ਗੁਦਾਮ-ਕਾਨਪੁਰ ਗਰੀਬ ਰੱਥ ਗੱਡੀ ਰੁਕੀ ਹੋਈ ਸੀ। ਕੱਲ ਰਾਤ 11 ਵਜੇ ਤੋਂ ਜੰਮੂ ਤਵੀ ਤੋਂ ਚੱਲੀ ਇਹ ਮੁਸਾਫਰ ਗੱਡੀ 'ਚ ਖਾਣ ਪੀਣ ਲਈ ਕੋਈ ਸਮਾਨ ਨਾ ਹੋਣ ਕਾਰਨ ਮੁਸਾਫਰਾਂ ਨੂੰ ਭੁੱਖ ਅਤੇ ਪਿਆਸ ਦਾ ਸਾਹਮਣਾ ਕਰਨਾ ਪਿਆ ਪਰ ਪਿੰਡ ਦੁਸਾਂਝ ਖੁਰਦ ਅਤੇ ਮੁਠੱਡਾ ਕਲਾਂ ਦੇ ਵਾਸੀਆਂ ਨੇ ਚਾਹ ਪਾਣੀ ਅਤੇ ਲੰਗਰ ਦਾ ਐਸਾ ਪ੍ਰਬੰਧ ਕੀਤਾ ਕਿ ਮੁਸਾਫਿਰਾਂ ਨੂੰ ਕਿਸੇ ਵੀ ਕਿਸਮ ਦੀ ਮੁਸ਼ਕਲ ਨਹੀਂ ਆਉਣ ਦਿੱਤੀ।
10 ਹਜ਼ਾਰ ਤੋਂ ਵੱਧ ਟਿਕਟਾਂ ਦਾ ਰਿਫੰਡ
ਜਲੰਧਰ, (ਮਦਨ ਭਾਰਦਵਾਜ)-ਰੇਲ ਪ੍ਰਸ਼ਾਸਨ ਵੱਲੋਂ ਦੋ ਦਰਜਨ ਤੋਂ ਵੱਧ ਰੇਲ ਗੱਡੀਆਂ ਰੱਦ ਕਰਨ ਦੇ ਐਲਾਨ ਦੇ ਬਾਅਦ ਜਲੰਧਰ ਸਟੇਸ਼ਨ ਦੀ ਰਿਜ਼ਰਵੇਸ਼ਨ ਅਤੇ ਚਾਲੂ ਟਿਕਟ ਬੁਕਿੰਗ ਤੋਂ ਯਾਤਰੀਆਂ ਨੇ 10 ਹਜ਼ਾਰ ਤੋਂ ਵੱਧ ਦਾ ਟਿਕਟ ਰੱਦ ਕਰਾ ਕੇ ਰਿਫੰਡ ਲਿਆ। ਗੱਡੀਆਂ ਰੱਦ ਹੋਣ ਕਾਰਨ ਰੇਲਵੇ ਨੇ ਅੱਜ ਯਾਤਰੀਆਂ ਨੂੰ ਪੂਰਾ ਰਿਫੰਡ ਅਦਾ ਕੀਤਾ। ਗੱਡੀਆਂ ਰੱਦ ਹੋਣ ਕਾਰਨ ਰੇਲਵੇ ਟਿਕਟ ਬੁਕਿੰਗ ਅਤੇ ਚਾਲੂ ਟਿਕਟ ਕਾਉਂਟਰ ਨਹੀਂ ਖੁੱਲ੍ਹੇ। ਦੋਵਾਂ ਪਾਸੇ 1-1 ਕਾਊਂਟਰ ਹੀ ਖੋਲ੍ਹਿਆ ਗਿਆ ਸੀ।
ਇਨਕੁਆਰੀ 'ਤੇ ਭੀੜ
ਅੱਜ ਰੇਲ ਗੱਡੀਆਂ ਰੱਦ ਹੋਣ ਕਾਰਨ ਪ੍ਰੇਸ਼ਾਨ ਯਾਤਰੀਆਂ ਦੀ ਭੀੜ ਰੇਲਵੇ ਇਨਕੁਆਰੀ 'ਤੇ ਗੱਡੀਆਂ ਬਾਰੇ ਪੁਛਗਿਛ ਕਰਦੀ ਰਹੀ। ਕੁਝ ਯਾਤਰੀਆਂ ਨੇ ਅੱਜ ਰੇਲਵੇ ਡੋਰਮੈਟਰੀ ਵਿਚ ਕਮਰੇ ਲੈ ਕੇ ਦਿਨ ਗੁਜ਼ਾਰਿਆ। ਜਦੋਂਕਿ ਵਧੇਰੇ ਯਾਤਰੀ ਸਟੇਸ਼ਨ ਦੇ ਉਡੀਕ ਹਾਲ ਅਤੇ ਉਡੀਕ ਕਮਰਿਆਂ ਤੋਂ ਇਲਾਵਾ ਪਲੇਟ ਫਾਰਮਾਂ 'ਤੇ ਲੇਟੇ ਦੇਖੇ ਗਏ ।
ਰਾਮਾ ਮੰਡੀ 'ਚ ਸਥਿਤੀ ਨਾਜ਼ੁਕ-ਗੋਲੀ ਲੱਗਣ ਕਾਰਨ ਇਕ ਜ਼ਖਮੀ
ਜਲੰਧਰ ਛਾਉਣੀ, (ਜਸਪਾਲ ਸਿੰਘ)-ਰਾਮਾ ਮੰਡੀ ਖੇਤਰ 'ਚ ਪੁਲਿਸ ਵਲੋਂ ਭੜਕੀ ਭੀੜ 'ਤੇ ਕਾਬੂ ਪਾਉਣ 'ਚ ਅਸਫਲ ਰਹਿਣ ਕਾਰਨ ਸਥਿਤੀ ਦੇਰ ਸ਼ਾਮ ਤੱਕ ਨਾਜ਼ੁਕ ਰਹੀ। ਕਰਫਿਊ ਦੇ ਬਾਵਜੂਦ ਭੜਕੀ ਭੀੜ ਦੇ ਅੱਗੇ ਪੁਲਿਸ ਅਤੇ ਫੌਜ ਦੇ ਜਵਾਨ ਬੇਬੱਸ ਸਨ, ਜਿਸ ਕਾਰਨ ਭੀੜ ਵਲੋਂ ਦੁਕਾਨਾਂ ਅਤੇ ਵਾਹਨਾਂ ਨੂੰ ਅੱਗ ਲਗਾਉਣ ਦਾ ਸਿਲਸਿਲਾ ਲਗਾਤਾਰ ਜਾਰੀ ਰਿਹਾ। ਦੇਰ ਸ਼ਾਮ ਭੜਕੀ ਭੀੜ ਵਲੋਂ ਰਾਮਾ ਮੰਡੀ ਸਥਿਤ ਜੌਹਲ ਹਸਪਤਾਲ ਨੂੰ ਅੱਗ ਲਗਾ ਦਿੱਤੀ ਗਈ। ਇਸ ਦੌਰਾਨ ਹਸਪਤਾਲ ਦੇ ਮਾਲਕ ਡਾ. ਬਲਜੀਤ ਸਿੰਘ ਜੌਹਲ ਅਤੇ ਪੁਲਿਸ ਵਲੋਂ ਆਤਮ ਰੱਖਿਆ ਲਈ ਚਲਾਈ ਗਈ ਗੋਲੀ 'ਚ ਇਕ ਪ੍ਰਦਰਸ਼ਨਕਾਰੀ ਜ਼ਖਮੀ ਹੋ ਗਿਆ। ਘਟਨਾ ਦੀ ਜਾਣਕਾਰੀ ਦਿੰਦੇ ਹੋਏ ਡਾ. ਜੌਹਲ ਨੇ ਦੱਸਿਆ ਕਿ ਉਨ੍ਹਾਂ ਹਸਪਤਾਲ ਨੂੰ ਤਾਲਾ ਲਗਾਇਆ ਹੋਇਆ ਸੀ ਕਿ ਭੀੜ ਨੇ ਹਸਪਤਾਲ ਦਾ ਤਾਲਾ ਤੋੜ ਕੇ ਅੰਦਰ ਪਏ ਸਾਰੇ ਸਾਮਾਨ ਨੂੰ ਅੱਗ ਲਗਾ ਦਿੱਤੀ, ਜਿਸ ਕਾਰਨ ਉਨ੍ਹਾਂ ਨੂੰ ਮਜ਼ਬੂਰਨ ਆਪਣੀ, ਸਟਾਫ ਅਤੇ ਮਰੀਜ਼ਾਂ ਦੀ ਰੱਖਿਆ ਲਈ ਹਵਾਈ ਫਾਇਰ ਕਰਨੇ ਪਏ। ਜ਼ਖਮੀ ਹੋਏ ਪ੍ਰਦਰਸ਼ਨਕਾਰੀ ਦੀ ਪਛਾਣ ਭਗਤ ਸਿੰਘ ਪੁੱਤਰ ਹਰਭਜਨ ਸਿੰਘ (ਵੈਲਡਿੰਗ ਵਾਲੇ) ਵਜੋਂ ਹੋਈ ਹੈ। ਗੋਲੀ ਭਗਤ ਸਿੰਘ ਦੇ ਪੱਟ 'ਚ ਲੱਗੀ ਗਈ ਦੱਸੀ ਜਾ ਰਹੀ ਹੈ।
ਸ਼ਾਹਕੋਟ 'ਚ ਫਲੈਗ ਮਾਰਚ
ਸ਼ਾਹਕੋਟ, (ਡਾ: ਬਾਂਸਲ, ਪ੍ਰਿਤਪਾਲ ਸਿੰਘ)-ਸ਼ਾਹਕੋਟ ਵਿਚ ਅੱਜ ਸਵੇਰ ਤੋਂ ਹੀ ਭਾਵੇਂ ਮੁਕੰਮਲ ਬੰਦ ਦੇ ਦੌਰਾਨ ਸ਼ਾਂਤੀ ਬਣੀ ਰਹੀ, ਪਰ ਇਹਤਿਆਦ ਵਜੋਂ ਅੱਜ ਸ਼ਾਮ ਵੇਲੇ ਇਥੇ ਸੀਮਾ ਸੁਰੱਖਿਆ ਬਲ ਦੇ ਜਵਾਨ ਵੀ ਤਾਇਨਾਤ ਕਰ ਦਿੱਤੇ ਗਏ ਹਨ। ਸ਼ਾਹਕੋਟ ਪੁਲਿਸ ਵੱਲੋਂ ਸ਼ਾਮ ਵੇਲੇ ਸੈਨਾ ਦੇ ਜਵਾਨਾਂ ਨਾਲ ਸ਼ਹਿਰ 'ਚ ਫਲੈਗ ਮਾਰਚ ਕੀਤਾ ਗਿਆ। ਡੀ. ਐਸ. ਪੀ. ਸ਼ਾਹਕੋਟ ਸ: ਦਿਲਜਿੰਦਰ ਸਿੰਘ ਢਿੱਲੋਂ ਅਤੇ ਐਸ. ਐਚ. ਓ. ਸ੍ਰੀ ਬਿਮਲ ਕਾਂਤ ਸ਼ਰਮਾ ਨੇ ਦੱਸਿਆ ਕਿ ਸ਼ਾਹਕੋਟ 'ਚ ਸਥਿਤੀ ਪੂਰੀ ਤਰ੍ਹਾਂ ਕਾਬੂ ਹੇਠ ਹੈ।
2 ਪ੍ਰਦਰਸ਼ਨਕਾਰੀ ਕਾਬੂ
ਜਲੰਧਰ ਛਾਉਣੀ, (ਜਸਪਾਲ ਸਿੰਘ)-ਸਥਾਨਕ ਰੇਲਵੇ ਸਟੇਸ਼ਨ ਦੇ ਬਾਹਰ ਪੁਲਿਸ ਨਾਲ ਉਲਝ ਰਹੇ ਪ੍ਰਦਰਸ਼ਨਕਾਰੀਆਂ ਵਿਚੋਂ ਪੁਲਿਸ ਨੇ 2 ਨੂੰ ਕਾਬੂ ਕਰ ਲਿਆ। ਇਸ ਦੌਰਾਨ ਪੁਲਿਸ ਨੇ ਉਕਤ ਨੌਜਵਾਨਾਂ ਦੇ ਮੋਟਰ ਸਾਈਕਲ ਨੂੰ ਵੀ ਕਬਜ਼ੇ 'ਚ ਲੈ ਲਿਆ।
2 ਮੋਟਰ ਸਾਈਕਲਾਂ ਤੇ ਇਕ ਸਕੂਟਰ ਨੂੰ ਅੱਗ ਲਗਾਈ
ਜਲੰਧਰ ਛਾਉਣੀ, (ਜਸਪਾਲ ਸਿੰਘ)-ਜ਼ਿਲ੍ਹਾ ਪ੍ਰਸ਼ਾਸਨ ਵਲੋਂ ਅੱਜ ਸ਼ਾਮੀਂ ਕੁਝ ਸਮੇਂ ਲਈ ਕਰਫਿਊ 'ਚ ਢਿੱਲ ਦਿੱਤੇ ਜਾਣ ਮੌਕੇ ਰਾਮਾ ਮੰਡੀ ਖੇਤਰ 'ਚ ਪ੍ਰਦਰਸ਼ਨਕਾਰੀਆਂ ਨੇ ਦੁਬਾਰਾ ਆਪਣੇ ਗੁੱਸੇ ਦਾ ਇਜ਼ਹਾਰ ਕਰਦੇ ਹੋਏ 2 ਮੋਟਰਸਾਈਕਲਾਂ ਅਤੇ 1 ਸਕੂਟਰ ਨੂੰ ਅੱਗ ਲਗਾ ਕੇ ਸਾੜ ਦਿੱਤਾ। ਮਿਲੀ ਜਾਣਕਾਰੀ ਅਨੁਸਾਰ ਸਕੂਟਰ ਦਕੋਹਾ ਨਿਵਾਸੀ ਇਕ ਪੱਤਰਕਾਰ ਦਾ ਹੈ ਜਦਕਿ ਮੋਟਰ ਸਾਈਕਲ ਇਕ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੇ ਹਨ।
ਲੱਖਾਂ ਰੁਪਏ ਦੀਆਂ ਗੱਡੀਆਂ ਤੇ ਸ਼ੋ ਰੂਮ ਭੰਨੇ
ਜਲੰਧਰ, (ਪਵਨ ਖਰਬੰਦਾ)-ਭੜਕੇ ਹੋਏ ਲੋਕਾਂ ਵੱਲੋਂ ਜਿੱਥੇ ਪੂਰੇ ਸ਼ਹਿਰ 'ਚ ਕਈ ਕੀਮਤੀ ਚੀਜ਼ਾਂ ਨੂੰ ਨੁਕਸਾਨ ਪਹੁੰਚਾਇਆ ਉੱਥੇ ਹੀ ਦਕੋਹਾ ਫਾਟਕ ਨੇੜੇ ਸਥਿਤ ਮੁੱਖ ਮਾਰਗ ਦੇ ਆਸ-ਪਾਸ ਖੁੱਲ੍ਹੇ ਕਈ ਗੱਡੀਆਂ ਦੇ ਸ਼ੋ ਰੂਮਾਂ 'ਚ ਜੰਮ ਕੇ ਭੰਨ-ਤੋੜ ਕੀਤੀ ਗਈ ਤੇ ਕਈ ਗੱਡੀਆਂ ਨੂੰ ਨੁਕਸਾਨ ਪਹੁੰਚਾਇਆ ਗਿਆ ਹੈ, ਜਿਸ ਦੌਰਾਨ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਦੱਸਿਆ ਜਾ ਰਿਹਾ ਹੈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਦਕੋਹਾ ਨੇੜੇ ਸਥਿਤ ਕੁਝ ਭੜਕੇ ਹੋਏ ਲੋਕਾਂ ਨੇ ਕਾਰਾਂ ਦੇ ਸ਼ੋ ਰੂਮਾਂ ਤੇ ਹੋਰ ਕਈ ਗੱਡੀਆਂ ਦੇ ਸ਼ੋ ਰੂਮਾਂ 'ਚ ਜਾ ਕੇ ਜੰਮ ਕੇ ਭੰਨ-ਤੋੜ ਕੀਤੀ ਤੇ ਕਈ ਗੱਡੀਆਂ ਨੂੰ ਨੁਕਸਾਨ ਪਹੰਚਾਇਆ। ਜਿਸ ਕਾਰਨ ਲੱਖਾਂ ਰੁਪਏ ਦੀ ਗੱਡੀਆਂ ਨੁਕਸਾਨੀਆਂ ਗਈਆਂ।
ਬਿਲਗਾ ਮੁਕਮੰਲ ਬੰਦ ਰਿਹਾ
ਬਿਲਗਾ, (ਰਾਜਿਦੰਰ ਬਿਲਗਾ)-ਪੰਜਾਬ ਬੰਦ ਦੇ ਸੱਦੇ 'ਤੇ ਬਿਲਗਾ ਮੁਕੰਮਲ ਤੌਰ 'ਤੇ ਬੰਦ ਰਿਹਾ। ਬਿਲਗਾ, ਤਲਵਣ, ਪ੍ਰਤਾਬਪੁਰਾ, ਫਰਵਾਲਾ ਆਦਿ ਪਿੰਡਾਂ 'ਚ ਸ਼ਾਂਤੀ ਪੂਰਵਕ ਰੋਸ ਮਾਰਚ ਕੀਤੇ ਗਏ ਅਤੇ ਇਸ ਸੰਬੰਧ 'ਚ ਬਿਲਗਾ ਦੇ ਮੁਹੱਲਾ ਨੀਲੋਵਾਲ 'ਚ ਇਕ ਸ਼ੋਕ ਸਭਾ ਹੋਈ। ਇਸੇ ਤਰ੍ਹਾਂ ਪਿੰਡ ਪ੍ਰਤਾਬਪੁਰਾ, ਬੇਗਮਪੁਰ, ਸੰਗਤਪੁਰ, ਕਲਿਆਣਪੁਰ, ਸ਼ੇਖੂਪੁਰ, ਤਲਵਣ, ਮੌ ਸਾਹਿਬ, ਰਾਮੇਵਾਲ, ਥੰਮਣਵਾਲ 'ਚ ਸ਼ੋਕ ਮੀਟਿੰਗਾਂ ਹੋਈਆਂ।
ਗੁਰਾਇਆ ਵਿਖੇ ਜ਼ਬਰਦਸਤ ਪ੍ਰਦਰਸ਼ਨ
ਗੁਰਾਇਆ, (ਵਿਸ਼ੇਸ਼ ਪ੍ਰਤੀਨਿਧ, ਪੱਤਰ ਪ੍ਰੇਰਕ)-ਆਸਟਰੀਆ ਵਿਚ ਬੱਲਾਂ ਵਾਲੇ ਸੰਤਾਂ 'ਤੇ ਹੋਏ ਹਮਲੇ ਦੇ ਵਿਰੋਧ ਵਿਚ ਅੱਜ ਗੁਰਾਇਆ ਪੂਰਨ ਤੌਰ 'ਤੇ ਬੰਦ ਰਿਹਾ। ਪਹਿਲਾਂ ਪ੍ਰਦਰਸ਼ਨਕਾਰੀਆਂ ਨੇ ਸ੍ਰੀ ਗੁਰੂ ਰਵਿਦਾਸ ਗੁਰਦੁਆਰਾ, ਰੁੜਕਾ ਰੋਡ, ਗੁਰਾਇਆ ਤੋਂ ਚਲ ਕੇ ਪੂਰੇ ਸ਼ਹਿਰ ਵਿਚ ਰੋਸ ਮਾਰਚ ਕੀਤਾ। ਉਨ੍ਹਾਂ ਪੁਰਾਣੇ ਟਾਇਰਾਂ ਨੂੰ ਚੌਕ ਵਿਚ ਇਕੱਠੇ ਕਰਕੇ ਅੱਗ ਲਗਾ ਦਿੱਤੀ। ਮਾਹੌਲ ਦਹਿਸ਼ਤ ਭਰਿਆ ਹੋਣ ਤੇ ਪੁਲਿਸ ਨੇ ਹਵਾਈ ਫਾਇਰਿੰਗ ਕਰਕੇ ਮੁਜ਼ਾਹਰਾਕਾਰੀਆਂ ਨੂੰ ਬੜਾ ਪਿੰਡ ਰੋਡ ਵੱਲ ਖਦੇੜ ਦਿੱਤਾ। ਕੁਝ ਪ੍ਰਦਰਸ਼ਨਕਾਰੀ ਰਾਮ ਬਾਜ਼ਾਰ ਵਿਚ ਦੁਕਾਨਾਂ ਦੀ ਭੰਨਤੋੜ ਕਰਨ ਲੱਗੇ,ਉਨਾਂ ਦੋ ਫਲਾਂ ਦੀਆਂ ਦੁਕਾਨਾਂ 'ਤੇ ਲੁੱਟ-ਖਸੁਟ ਕੀਤੀ। ਇਸ 'ਤੇ ਬਾਜ਼ਾਰ ਦੇ ਦੁਕਾਨਦਾਰਾਂ ਅਤੇ ਸ਼ਹਿਰ ਵਾਸੀਆਂ ਨੇ ਇਕੱਠੇ ਹੋ ਕੇ ਪ੍ਰਦਰਸ਼ਨਕਾਰੀਆਂ ਨੂੰ ਦੌੜਾ ਦਿੱਤਾ।
ਭੀੜ ਨੇ ਪ੍ਰਦਰਸ਼ਨਕਾਰੀਆਂ ਦੇ ਅੱਧੀ ਦਰਜਨ ਮੋਟਰਸਾਇਕਲਾਂ ਨੂੰ ਅੱਗ ਲਗਾ ਦਿੱਤੀ। ਬੇਸ਼ੱਕ ਕਰਫਿਊ ਵਰਗਾ ਮਾਹੌਲ ਸੀ, ਪਰ ਮੁਜ਼ਾਹਰਾਕਾਰੀ ਕ੍ਰਿਪਾਨਾਂ, ਰਾਡ ਤੇ ਹੋਰ ਹਥਿਆਰ ਲੈ ਕੇ ਮੋਟਰ ਸਾਈਕਲਾਂ 'ਤੇ ਸ਼ਰੇਆਮ ਘੁੰਮਦੇ ਰਹੇ। ਚਚਰਾੜੀ ਜੀ.ਟੀ.ਰੋਡ, ਤੇ ਵੀ ਸੜਕ ਵਿਚ ਪ੍ਰਦਰਸ਼ਨਕਾਰੀਆਂ ਨੇ ਧਰਨਾ ਦੇ ਕੇ ਪ੍ਰਦਰਸ਼ਨ ਕੀਤਾ। ਬਾਅਦ ਵਿਚ ਗੁਰਾਇਆ ਰੇਲਵੇ ਸਟੇਸ਼ਨ ਦੇ ਸਾਹਮਣੇ ਵੀ ਇਕ ਮੋਟਰ ਸਾਈਕਲ ਨੂੰ ਅੱਗ ਲਗਾ ਕੇ ਸਾੜ ਦਿੱਤਾ ਗਿਆ।
ਕਰਫ਼ਿਊ ਦੇ ਬਾਵਜੂਦ ਵੀ ਪ੍ਰਦਸ਼ਨਕਾਰੀ ਘੁੰਮਦੇ ਰਹੇ
ਜਲੰਧਰ, (ਵਾਲੀਆ)-ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹਾਂਲਾਕਿ ਧਾਰਾ 144 ਅਤੇ ਕਰਫਿਊ ਲਗਾਇਆ ਹੋਇਆ ਹੈ, ਪਰ ਇਸ ਦੇ ਬਾਵਜੂਦ ਵੀ ਪ੍ਰਦਰਸ਼ਨਕਾਰੀ ਕਰਫਿਊ ਦੀ ਘੱਟ ਹੀ ਪ੍ਰਵਾਹ ਕਰਦੇ ਦੇਖੇ ਗਏ। ਕਰਫਿਊ ਦੇ ਬਾਵਜੂਦ ਵੀ ਭੰਨ ਤੋੜ ਦੀਆਂ ਇੱਕਾ-ਦੁੱਕਾ ਘਟਨਾਵਾਂ ਜਾਰੀ ਰਹੀਆਂ । ਕਰਫਿਊ ਦੇ ਬਾਵਜੂਦ ਵੀ ਅੱਜ ਸ਼ਾਮ ਸਮੇਂ ਪ੍ਰਦਸ਼ਨਕਾਰੀ ਸਥਾਨਕ ਪਠਾਨਕੋਟ ਚੌਕ ਵਿਖੇ ਧਰਨਾ ਪ੍ਰਦਰਸ਼ਨ ਅਤੇ ਹੰਗਾਮਾ ਕਰਦੇ ਰਹੇ। ਇਸ ਤੋਂ ਇਲਾਵਾ ਦੇਰ ਸ਼ਾਮ ਕੁਝ ਵਿਅਕਤੀ ਫੋਕਲ ਪੁਆਇੰਟ ਚੌਕ ਨੇੜੇ ਵੀ ਰੋਸ ਪ੍ਰਦਸ਼ਨ ਕਰਦੇ ਰਹੇ ਪਰ ਉਨ੍ਹਾਂ ਨੂੰ ਰੋਕਣ ਵਾਲਾ ਕੋਈ ਨਹੀਂ ਸੀ। ਕਰਫਿਊ ਦੇ ਬਾਵਜੂਦ ਵੀ ਪ੍ਰਦਸ਼ਨਕਾਰੀ ਸ਼ਹਿਰ ਦੇ ਮੁੱਖ ਚੌਰਾਹਿਆਂ 'ਤੇ ਇਕੱਠੇ ਹੋ ਕੇ ਨਾਅਰੇਬਾਜ਼ੀ ਕਰਦੇ ਰਹੇ ਅਤੇ ਪੁਤਲੇ ਆਦਿ ਫੂਕਦੇ ਰਹੇ। ਜਦਕਿ ਮੌਕੇ 'ਤੇ ਹਾਜ਼ਰ ਪੁਲਿਸ ਅਧਿਕਾਰੀ ਮੂਕਦਰਸ਼ਕ ਬਣ ਕੇ ਤਮਾਸ਼ਾ ਦੇਖਦੇ ਰਹੇ। ਅੱਜ ਸ਼ਾਮ ਤੱਕ ਵੀ ਸ਼ਹਿਰ ਦੀਆਂ ਸੜਕਾਂ 'ਤੇ ਜੰਗਲ ਰਾਜ ਸਾਫ਼ ਨਜ਼ਰ ਆ ਰਿਹਾ ਸੀ। ਸਥਾਨਕ ਜੀ. ਟੀ. ਰੋਡ ਬਾਈਪਾਸ ਉੱਕਦ ਫੋਕਲ ਪੁਆਇੰਟ ਨੇੜੇ ਬੀਤੀ ਰਾਤ ਸਾੜੀਆਂ ਗਈਆਂ ਚਾਰ ਬੱਸਾਂ ਦੇ ਪਿੰਜਰ ਉਵੇਂ ਹੀ ਪਏ ਸਨ ਅਤੇ 24 ਘੰਟੇ ਬਾਅਦ ਵੀ ਉਕਤ ਬੱਸਾਂ ਨੂੰ ਲੱਗੀ ਅੱਗ ਵਿਚੋਂ ਧੂੰਆਂ ਉੱਠ ਰਿਹਾ ਸੀ।
ਯਾਤਰੀਆਂ ਨੇ ਗੁਰਦੁਆਰਾ ਸਾਹਿਬ ਅਤੇ ਮੰਦਿਰਾਂ ‘ਚ ਲਈ ਸ਼ਰਨ
ਜਲੰਧਰ, 25 ਮਈ (ਜਸਪਾਲ ਸਿੰਘ)-ਦਕੋਹਾ ਫਾਟਕ ਦੇ ਕੋਲ ਭੀੜ ਵਲੋਂ ਅੱਗ ਦੀ ਭੇਟ ਕੀਤੀ ਗਈ ਮਦਰਾਸ ਦੇ ਯਾਤਰੀਆਂ ਨੇ ਦਕੋਹਾ ਦੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਅਤੇ ਬੜਿੰਗਾ ਦੇ ਗੁਰਦੁਆਰਾ ਸਾਹਿਬ ਤੋਂ ਇਲਾਵਾ ਇਲਾਕੇ ਦੇ ਮੰਦਿਰਾਂ ਅਤੇ ਧਰਮਸ਼ਾਲਾਵਾਂ ‘ਚ ਸ਼ਰਨ ਲਈ, ਜਿਥੇ ਇਨ੍ਹਾਂ ਪਿੰਡਾਂ ਦੇ ਨਿਵਾਸੀਆਂ ਵੱਲੋਂ ਯਾਤਰੀਆਂ ਦੀ ਸੇਵਾ ਲਈ ਲੰਗਰ ਅਤੇ ਠੰਡੇ-ਮਿੱਠੇ ਜਲ ਦੀ ਛਬੀਲਾਂ ਵੀ ਲਗਾਈਆਂ ਗਈਆਂ। ਪਿੰਡ ਬੜਿੰਗ ਦੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸ. ਮਹਿੰਦਰ ਸਿੰਘ ਅਤੇ ਸ੍ਰੀ ਸਰਵਨ ਸਿੰਘ ਛੱਬੋ ਨੇ ਦੱਸਿਆ ਕਿ ਪਿੰਡ ਦੇ ਲੋਕਾਂ ਵਲੋਂ ਯਾਤਰੀਆਂ ਨੂੰ ਟਰਾਲੀਆਂ ਰਾਹੀਂ ਗੁਰਦੁਆਰਾ ਸਾਹਿਬ ਵਿਖੇ ਲਿਆਂਦਾ ਗਿਆ, ਜਿੱਥੇ ਉਨ੍ਹਾਂ ਦੀ ਸੇਵਾ ਲਈ ਲੰਗਰ ਅਤੇ ਰਹਿਣ ਦੇ ਪ੍ਰਬੰਧ ਕੀਤੇ ਗਏ। ਇਸੇ ਤਰ੍ਹਾਂ ਦਕੋਹਾ ਦੇ ਗੁਰਦੁਆਰਾ ਸਾਹਿਬ ਵਿਖੇ ਕੌਂਸਲਰ ਬਲਬੀਰ ਸਿੰਘ ਬਿੱਟੂ, ਸ. ਹਰਿੰਦਰ ਸਿੰਘ ਕਾਹਲੋਂ ਅਤੇ ਹੋਰਨਾਂ ਨੇ ਯਾਤਰੀਆਂ ਦੇ ਲਈ ਲੰਗਰ ਅਤੇ ਜਲ-ਪਾਣੀ ਦੀ ਸੇਵਾ ਕੀਤੀ। ਇਸ ਮੌਕੇ ਆਂਧਰਾ ਪ੍ਰਦੇਸ਼ ਨਿਵਾਸੀ ਰਾਮ ਨਿਵਾਸੀ ਅਤੇ ਹੇਮਾ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਨਾਲ ਪੰਜਾਬ ਘੁੰਮਣ ਆਏ ਸਨ ਤੇ ਇਥੇ ਫਸ ਗਏ ਹਨ ਪਰ ਪਿੰਡ ਵਾਸੀਆਂ ਦੀ ਮਹਿਮਾਨ ਨਿਵਾਜ਼ੀ ਤੋਂ ਉਹ ਬਹੁਤ ਪ੍ਰਭਾਵਿਤ ਹਨ। ਇਸ ਤਰ੍ਹਾਂ ਕੰਨਿਆ ਕੁਮਾਰੀ ਤੋਂ ਆਏ ਸ੍ਰੀ ਪ੍ਰਵੀਨ ਕੁਮਾਰ ਅਤੇ ਫੌਜੀ ਜਵਾਨ ਸੂਜੀ ਵੀ ਆਪਣੇ ਪਰਿਵਾਰ ਨਾਲ ਇਥੇ ਗੁਰਦੁਆਰਾ ਸਾਹਿਬ ‘ਚ ਠਹਿਰੇ ਹੋਏ ਸਨ। ਇਸੇ ਤਰ੍ਹਾਂ ਸਟੇਸ਼ਨ ‘ਤੇ ਖੜ੍ਹੀ ਜੰਮੂ ਮੇਲ ਦੇ ਯਾਤਰੀਆਂ ਨੂੰ ਛਾਉਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਹੋਰਨਾਂ ਨੇ ਗੱਡੀ ਵਿਚੋਂ ਕੱਢ ਕੇ ਗੁਰਦੁਆਰਾ ਸਾਹਿਬ, ਬਾਵੜੀ ਧਰਮਸ਼ਾਲਾ ਤੇ ਹੋਰਨਾਂ ਥਾਵਾਂ ‘ਤੇ ਸੁਰੱਖਿਅਤ ਪਹੁੰਚਾਇਆ।
ਸਟੇਸ਼ਨ 'ਤੇ ਪਹੁੰਚਾਇਆ ਲੰਗਰ
ਗੱਡੀਆਂ ਰੱਦ ਹੋਣ ਕਾਰਨ ਜਲੰਧਰ ਰੇਲਵੇ ਸਟੇਸ਼ਨ ਅਤੇ ਜਲੰਧਰ ਛਾਉਣੀ ਦੇ ਰੇਲਵੇ ਸਟੇਸ਼ਨ 'ਤੇ ਸਵਾਰੀਆਂ ਫਸੀਆਂ ਹੋਈਆਂ ਸਨ। ਬਹੁਤ ਸਾਰੀਆਂ ਸਵਾਰੀਆਂ ਜਲੰਧਰ ਛਾਉਣੀ ਵਿਚ ਖੜ੍ਹੀ ਜੰਮੂ-ਤਵੀ ਐੱਕਸਪ੍ਰੈੱਸ ਗੱਡੀ ਵਿਚ ਬੈਠੀਆਂ ਸਨ ਜੋ ਸਾੜਫੂਕ ਕਾਰਨ ਇਥੇ ਰੋਕ ਦਿੱਤੀ ਗਈ ਹੈ। ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਜਲੰਧਰ ਛਾਉਣੀ ਦੀ ਪ੍ਰਬੰਧਕ ਕਮੇਟੀ, ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਫਾਊਂਡੇਸ਼ਨ ਦੇ ਮੈਂਬਰ ਸਵਾਰੀਆਂ ਲਈ ਲੰਗਰ ਤਿਆਰ ਕਰਵਾ ਕੇ ਛਾਉਣੀ ਸਟੇਸ਼ਨ 'ਤੇ ਲੈ ਆਏ ਤੇ ਸਾਰਿਆਂ ਨੂੰ ਛਕਾਇਆ। ਇਨ੍ਹਾਂ ਵਿਚ 80 ਬੱਚੇ ਵੀ ਸਨ। ਬਾਅਦ ਵਿਚ ਗੁਰਦੁਆਰਾ ਕਮੇਟੀ ਵਾਲੇ ਆਪਣੀਆਂ ਕਾਰਾਂ ਵਿਚ ਉਨ੍ਹਾਂ ਸਾਰਿਆਂ ਨੂੰ ਛਾਉਣੀ ਦੇ ਗੁਰਦੁਆਰਾ ਸਾਹਿਬ ਵਿਖੇ ਲੈ ਗਏ ਜਿਥੇ ਨਵੀਂ ਗੱਡੀ ਚੱਲਣ ਤੱਕ ਉਨ੍ਹਾਂ ਪਾਸ ਰਹਿਣਗੇ।
ਲੰਗਰ ਦੀ ਸੇਵਾ ਕਰਨ ਵਾਲਿਆਂ ਵਿਚ ਸ: ਬਲਜੀਤ ਸਿੰਘ ਖਾਲਸਾ ਐਡਵੋਕੇਟ, ਸਾਬਕਾ ਪ੍ਰਧਾਨ ਸ: ਅਮਰਜੀਤ ਸਿੰਘ, ਸ: ਚਰਨਜੀਤ ਸਿੰਘ ਚੱਢਾ ਤੇ ਸ: ਪ੍ਰੀਤਮ ਸਿੰਘ ਚੱਢਾ ਸ਼ਾਮਿਲ ਸਨ। ਏਕ ਨੂਰ ਵੈਲਫੇਅਰ ਸੁਸਾਇਟੀ ਵਾਲੇ ਵੀ ਲੰਗਰ ਦੀ ਸੇਵਾ ਕਰ ਰਹੇ ਸਨ। ਜਲੰਧਰ ਰੇਲਵੇ ਸਟੇਸ਼ਨ 'ਤੇ ਵੀ ਫਸੇ ਹੋਏ ਯਾਤਰੂ ਪ੍ਰੇਸ਼ਾਨ ਹਨ। ਗੱਡੀਆਂ ਚਾਲੂ ਹੋਣ ਦੀ ਉਡੀਕ ਵਿਚ ਸਟੇਸ਼ਨ 'ਤੇ ਕੁਝ ਸੁੱਤੇ ਹੋਏ ਸਨ ਤੇ ਕੁਝ ਇਧਰ ਉਧਰ ਬੇਚੈਨੀ ਵਿਚ ਘੁੰਮ ਰਹੇ ਸਨ। ਸਟੇਸ਼ਨ 'ਤੇ ਜੋ ਆਮ ਦਿਨਾਂ ਵਿਚ ਚਹਿਲ-ਪਹਿਲ ਹੁੰਦੀ ਹੈ ਅੱਜ ਬੇਰੌਣਕੀ ਸੀ। ਟੈਕਸੀਆਂ ਤੇ ਆਟੋ ਰਿਕਸ਼ਾ ਤੇ ਦੂਸਰੇ ਰਿਕਸ਼ਾ ਸਟੇਸ਼ਨ ਦੇ ਬਾਹਰ ਬੇਕਾਰ ਖੜ੍ਹੇ ਸਨ। ਕਚਹਿਰੀਆਂ ਤੇ ਤਹਿਸੀਲ ਵਿਚ ਵੀ ਸੁੰਨਸਾਨ ਸੀ। ਬਾਹਰਲੇ ਫਸੇ ਲੋਕਾਂ ਨੂੰ ਖਾਣ-ਪੀਣ ਲਈ ਕੁਝ ਨਹੀਂ ਮਿਲ ਰਿਹਾ।
ਅਜੀਤ ਜਲੰਧਰ ਦਾ ਖ਼ਬਰ ਪੰਨਾ - ਕਰਫ਼ਿਊ ਦੇ ਬਾਵਜੂਦ ਦੂਜੇ ਦਿਨ ਵੀ ਭਾਰੀ ਹਿੰਸਾ
6) ਕਪੂਰਥਲਾ ਜ਼ਿਲ੍ਹਾ ਮੁਕੰਮਲ ਬੰਦ ਰਿਹਾ