ਕਪੂਰਥਲਾ ਜ਼ਿਲ੍ਹਾ ਮੁਕੰਮਲ ਬੰਦ ਰਿਹਾ

ਕਪੂਰਥਲਾ, 25 ਮਈ (ਅਜੀਤ ਬਿਊਰੋ) - ਆਸਟਰੀਆ ਦੇ ਸ਼ਹਿਰ ਵਿਆਨਾ ਵਿਖੇ ਬੱਲਾਂ ਵਾਲੇ ਸੰਤਾਂ ਨਰਿੰਜਣ ਦਾਸ ‘ਤੇ ਹੋਏ ਦੇ ਰੋਸ ਵਜੋਂ ਅੱਜ ਜ਼ਿਲ੍ਹੇ ‘ਚ ਪੂਰੀ ਤਰ੍ਹਾਂ ਵੈਰਾਨਗੀ ਛਾਈ ਰਹੀ। ਲੋਕ ਸਾਰਾ ਦਿਨ ਆਪਣੀ ਜ਼ਰੂਰੀ ਵਸਤਾਂ ਨੂੰ ਤਰਸਦੇ ਰਹੇ। ਬਾਜ਼ਾਰਾਂ ‘ਚ ਸਾਰੇ ਪਾਸੇ ਸੰਨਾਟਾ ਛਾਇਆ ਰਿਹਾ।

ਕਪੂਰਥਲਾ, (ਅਮਰਜੀਤ ਕੋਮਲ)-ਵਿਆਨਾ ਵਿਚ ਬੱਲਾਂ ਵਾਲੇ ਸੰਤ ਨਿਰੰਜਣ ਦਾਸ ਤੇ ਸੰਤ ਰਾਮਾਨੰਦ ਸਮੇਤ ਉਨ੍ਹਾਂ ਦੇ ਸ਼ਰਧਾਲੂਆਂ ‘ਤੇ ਗੁਰਦੁਆਰਾ ਸਾਹਿਬ ਵਿਖੇ ਹੋਏ ਹਮਲੇ, ਜਿਸ ਵਿਚ ਸੰਤ ਰਾਮਾਨੰਦ ਦੀ ਮੌਤ ਹੋ ਗਈ, ਦੇ ਰੋਸ ਵਜੋਂ ਕਪੂਰਥਲਾ ਜ਼ਿਲ੍ਹਾ ਮੁਕੰਮਲ ਬੰਦ ਰਿਹਾ ਹੈ। ਹਿੰਸਕ ਘਟਨਾਵਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਜ਼ਿਲ੍ਹਾ ਮੈਜਿਸਟ੍ਰੇਟ ਕਪੂਰਥਲਾ ਸ੍ਰੀ ਰਾਜ ਕਮਲ ਚੌਧਰੀ ਨੇ ਇਕ ਹੁਕਮ ਜਾਰੀ ਕਰਕੇ ਫਗਵਾੜਾ ਸਬ ਡਵੀਜ਼ਨ ਵਿਚ ਕਰਫਿਊ ਲਗਾ ਦਿੱਤਾ ਹੈ। ਜ਼ਿਲ੍ਹਾ ਮੈਜਿਸਟ੍ਰੇਟ ਨੇ ਦੱਸਿਆ ਕਿ ਕਰਫਿਊ ਦੇ ਹੁਕਮ ਵਰਦੀਧਾਰੀ ਪੁਲਿਸ ਜਵਾਨਾ, ਫੌਜ, ਅਰਧ ਸੈਨਿਕ ਬਲਾਂ ਕਾਰਜਕਾਰੀ ਮੈਜਿਸਟ੍ਰੇਟ ਸਮੇਤ ਉਨ੍ਹਾਂ ਵਿਅਕਤੀਆਂ ‘ਤੇ ਲਾਗੂ ਨਹੀਂ ਹੋਣਗੇ ਜਿਨ੍ਹਾ ਨੂੰ ਜ਼ਿਲ੍ਹਾ ਮੈਜਿਸਟ੍ਰੇਟ ਜਾਂ ਸਬ ਡਵੀਜ਼ਨ ਮੈਜਿਸਟ੍ਰੇਟ ਫਗਵਾੜਾ ਵੱਲੋਂ ਕਰਫਿਊ ਪਾਸ ਜਾਰੀ ਕੀਤਾ ਹੋਵੇਗਾ।

ਇਕ ਹੋਰ ਹੁਕਮ ਵਿਚ ਜ਼ਿਲ੍ਹਾ ਮੈਜਿਸਟ੍ਰੇਟ ਨੇ ਜ਼ਿਲ੍ਹੇ ਦੇ ਨਰਸਰੀ ਤੋਂ ਲੈ ਕੇ ਸੀਨੀਅਰ ਸੈਕੰਡਰੀ ਸਕੂਲ ਤਕ ਸਾਰੇ ਸਰਕਾਰੀ ਤੇ ਗੈਰ ਸਰਕਾਰੀ ਸਕੂਲਾਂ ਨੂੰ 26 ਮਈ ਤੱਕ ਬੰਦ ਕਰਨ ਦੇ ਹੁਕਮ ਦਿੱਤੇ ਹਨ। ਡਿਪਟੀ ਕਮਿਸ਼ਨਰ ਸ੍ਰੀ ਰਾਜ ਕਮਲ ਚੌਧਰੀ ਅਤੇ ਐਸ.ਐਸ.ਪੀ. ਸ੍ਰੀ ਰਾਮ ਸਿੰਘ ਨੇ ਲੋਕਾਂ ਨੂੰ ਆਪਸੀ ਸਦਭਾਵਨਾ ਬਣਾਈ ਰੱਖਣ ਦੀ ਅਪੀਲ ਕੀਤੀ। ਬੰਦ ਦੌਰਾਨ ਬੱਸ ਅੱਡਾ, ਪੈਟਰੋਲ ਪੰਪ, ਬੈਂਕਾਂ, ਸਰਕਾਰੀ ਤੇ ਗੈਰ ਸਰਕਾਰੀ ਸਕੂਲਾਂ ਸਮੇਤ ਬੈਂਕਾਂ ਦੇ ਏ. ਟੀ. ਐਮ. ਵੀ ਬੰਦ ਰਹੇ। ਇਸੇ ਦੌਰਾਨ ਜਲੰਧਰ ਫਿਰੋਜ਼ਪੁਰ ਰੇਲਵੇ ਸਟੇਸ਼ਨ ਤੋਂ ਬਠਿੰਡਾ ਜਾਣ ਵਾਲੀ ਜੰਮੂਤਵੀ 9226 ਤੇ 1 ਜੇ. ਐਫ. ਪੈਸੰਜਰ ਗੱਡੀ ਜਲੰਧਰ ਤੋਂ ਫਿਰੋਜ਼ਪੁਰ ਨੂੰ ਮਿੱਥੇ ਸਮੇਂ ‘ਤੇ ਫਿਰੋਜਪੁਰ ਲਈ ਰਵਾਨਾ ਹੋਈਆਂ ਪ੍ਰੰਤੂ ਜਦੋਂ ਜਲੰਧਰ ਵਿਚ ਵਿਖਾਵਾਕਾਰੀਆਂ ਵੱਲੋਂ ਰੇਲ ਗੱਡੀਆਂ ਨੂੰ ਰੋਕਣ ਦੀ ਸੂਚਨਾ ਮਿਲੀ ਤਾਂ ਰੇਲਵੇ ਅਧਿਕਾਰੀਆਂ ਨੇ ਫਿਰੋਜ਼ਪੁਰ ਤੋਂ ਜਲੰਧਰ ਜਾਣ ਵਾਲੀ 4 ਜੇ. ਐਫ. ਗੱਡੀ ਜੋ ਕਪੂਰਥਲਾ ਰੇਲਵੇ ਸਟੇਸ਼ਨ ‘ਤੇ 8.03 ਮਿੰਟ ‘ਤੇ ਪਹੁੰਚੀ, ਨੂੰ ਕਪੂਰਥਲਾ ਰੇਲਵੇ ਸਟੇਸ਼ਨ ‘ਤੇ ਹੀ ਰੋਕ ਲਿਆ ਗਿਆ, ਜੋ ਬਾਅਦ ਵਿਚ 9.40 ‘ਤੇ ਕਪੂਰਥਲਾ ਤੋਂ ਫਿਰੋਜਪੁਰ ਲਈ ਰਵਾਨਾ ਹੋਈ।

ਇਸੇ ਤਰ੍ਹਾਂ ਹੁਸ਼ਿਆਰਪੁਰ ਜਾਣ ਲਈ ਫਿਰੋਜ਼ਪੁਰ ਤੋਂ 6 ਜੇ. ਐਫ. ਗੱਡੀ 10.15 ਮਿੰਟ ‘ਤੇ ਕਪੂਰਥਲਾ ਸਟੇਸ਼ਨ ਪੁੱਜੀ, ਨੂੰ ਇਥੋਂ ਹੀ 3.30 ਵਜੇ ਵਾਪਿਸ ਫਿਰੋਜ਼ਪੁਰ ਭੇਜ ਦਿੱਤਾ ਗਿਆ। ਇਸੇ ਤਰ੍ਹਾਂ ਬੱਸ ਅੱਡਾ ਕਪੂਰਥਲਾ ਤੋਂ ਨਵੀਂ ਦਿੱਲੀ ਲਈ ਪੀ. ਆਰ. ਟੀ. ਸੀ. ਦੀਆਂ ਦੋ ਬੱਸਾਂ 9316 ਤੇ 9319 ਰਵਾਨਾ ਹੋਈਆਂ ਪ੍ਰੰਤੂ ਇਨ੍ਹਾਂ ਨੂੰ ਫਗਵਾੜਾ ਵਿਚ ਵਿਖਾਵਾਕਾਰੀਆਂ ਨੇ ਰੋਕ ਕੇ ਅੱਗ ਲਗਾ ਦਿੱਤੀ। ਰੇਲ ਗੱਡੀਆਂ ਤੇ ਬੱਸਾਂ ਦੇ ਬੰਦ ਹੋਣ ਨਾਲ ਸਵਾਰੀਆਂ ਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ।

ਸ੍ਰੀ ਗੁਰੂ ਰਵੀਦਾਸ ਸਭਾ ਵੱਲੋਂ ਸ਼ਹਿਰ ਵਿਚ ਰੋਸ ਵਿਖਾਵਾ
ਸੰਤ ਰਾਮਾਨੰਦ ਦੀ ਵਿਆਨਾ ਵਿਚ ਹੋਈ ਮੌਤ ਤੇ ਸੰਤ ਨਿਰੰਜਨ ਦਾਸ ਸਮੇਤ ਹੋਰ ਸ਼ਰਧਾਲੂਆਂ ਦੇ ਜ਼ਖ਼ਮੀ ਹੋਣ ਦੇ ਰੋਸ ਵਜੋਂ ਅੱਜ ਸ੍ਰੀ ਗੁਰੂ ਰਵੀਦਾਸ ਸਭਾ ਵੱਲੋਂ ਸ਼ਹਿਰ ਵਿਚ ਰੋਸ ਵਿਖਾਵਾ ਕਰਕੇ ਐਸ. ਡੀ. ਐਮ. ਕਪੂਰਥਲਾ ਮਿਸ ਅਨੂਪਮ ਕਲੇਰ ਨੂੰ ਮੰਗ ਪੱਤਰ ਦਿੱਤਾ ਗਿਆ। ਜਿਸ ਵਿਚ ਸ਼ਾਂਤੀ ਦੇ ਪੁੰਜ ਸੰਤ ਨਿਰੰਜਣ ਦਾਸ ‘ਤੇ ਹੋਏ ਹਮਲੇ ਦੀ ਪੁਰਜ਼ੋਰ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਮੰਗ ਕੀਤੀ ਗਈ ਕਿ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ। ਰੋਸ ਮਾਰਚ ਦੀ ਅਗਵਾਈ ਸਭਾ ਦੇ ਪ੍ਰਧਾਨ ਸ੍ਰੀ ਰਾਮਪਾਲ ਬੰਗੜ, ਜਰਨਲ ਸਕੱਤਰ ਸ: ਅਮਰਜੀਤ ਸਿੰਘ, ਸ੍ਰੀ ਰਾਕੇਸ਼ ਦਾਤਾਰਪੁਰੀ, ਗੁਰਦਾਸ ਰਾਮ, ਸ੍ਰੀ ਹਜ਼ਾਰੀ ਲਾਲ, ਬੂਟਾ ਰਾਮ ਵਿਰਦੀ, ਸ੍ਰੀ ਰਜਿੰਦਰਪਾਲ, ਸ੍ਰੀ ਰਜਿੰਦਰ ਕੁਮਾਰ, ਹਰਬੰਸ ਲਾਲ, ਸ੍ਰੀ ਮੁਲਖ ਰਾਜ, ਸ੍ਰੀ ਚਮਨ ਲਾਲ, ਸ੍ਰੀ ਗੁਰਮੁੱਖ ਸਿੰਘ ਸਮੇਤ ਹੋਰ ਕਈ ਆਗੂ ਸਨ। ਰੋਸ ਮਾਰਚ ਸ੍ਰੀ ਗੁਰੂ ਰਵੀਦਾਸ ਗੁਰਦੁਆਰਾ ਜੱਟਪੁਰਾ ਤੋਂ ਆਰੰਭ ਹੋ ਕੇ ਬੱਸ ਅੱਡਾ, ਅੰਮ੍ਰਿਤਸਰ ਰੋਡ, ਜਲੌਖਾਨਾ, ਸਦਰ ਬਾਜ਼ਾਰ ਤੋਂ ਹੁੰਦਿਆਂ ਜ਼ਿਲ੍ਹਾ ਕਚਹਿਰੀਆਂ ਪੁੱਜੇ ਜਿਥੇ ਐਸ. ਡੀ.ਐਮ. ਨੂੰ ਮੰਗ ਪੱਤਰ ਦਿੱਤਾ ਗਿਆ।

ਵੱਖ-ਵੱਖ ਥਾਵਾਂ ‘ਤੇ ਚੱਕਾ ਜਾਮ
ਇਸੇ ਦੌਰਾਨ ਹੀ ਸੰਤ ਨਿਰੰਜਨ ਦਾਸ ਤੇ ਸੰਤ ਰਾਮਾ ਨੰਦ ਦੇ ਪੈਰੋਕਾਰਾਂ ਵੱਲੋਂ ਵਿਆਨਾ ਵਿਖੇ ਵਾਪਰੀ ਘਟਨਾ ਦੇ ਰੋਸ ਵਜੋਂ ਜਲੰਧਰ ਕਪੂਰਥਲਾ ਰੋਡ ‘ਤੇ ਖੋਜੇਵਾਲੀ, ਸੁਲਤਾਨਪੁਰ ਕਪੂਰਥਲਾ ਸੜਕ ਤੇ ਰੇਲ ਕੋਚ ਫੈਕਟਰੀ ਦੇ ਗੁਰਦੁਆਰਾ ਸ੍ਰੀ ਗੁਰੂ ਰਵੀਦਾਸ ਸਾਹਮਣੇ ਚੱਕਾ ਜਾਮ ਕਰਕੇ ਧਰਨਾ ਦਿੱਤਾ ਗਿਆ। ਧਰਨਾਕਾਰੀ ਮੰਗ ਕਰ ਰਹੇ ਸਨ ਕਿ ਸੰਤ ਨਿਰੰਜਣ ਦਾਸ ਤੇ ਸੰਤ ਰਾਮਾਨੰਦ ‘ਤੇ ਹਮਲਾ ਕਰਨ ਵਾਲੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ। ਆਰ. ਸੀ. ਐਫ. ਦੇ ਸਾਹਮਣੇ ਦਿੱਤੇ ਰੋਸ ਧਰਨੇ ਨੂੰ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਸਭਾ ਦੇ ਪ੍ਰਧਾਨ ਸ੍ਰੀ ਦਰਬਾਰਾ ਸਿੰਘ, ਸ੍ਰੀ ਧਰਮਪਾਲ ਪੈਂਥਰ, ਬਸਪਾ ਆਗੂ ਸ੍ਰੀ ਤਰਸੇਮ ਡੌਲਾ, ਐਸ.ਸੀ.ਐਸ.ਟੀ. ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਪੂਰਨ ਸਿੰਘ, ਸ੍ਰੀ ਕ੍ਰਿਸ਼ਨ ਲਾਲ ਜੱਸਲ, ਸ੍ਰੀ ਅਵਤਾਰ ਚੱਮਟ, ਸ੍ਰੀ ਜਗਜੀਵਨ ਰਾਮ, ਸ੍ਰੀ ਰਾਜਪਾਲ ਕਟਾਰੀਆ, ਸ: ਗੁਰਮੁੱਖ ਸਿੰਘ, ਸ: ਕਰਨੈਲ ਸਿੰਘ ਸਮੇਤ ਤੇ ਹੋਰ ਆਗੂਆਂ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਕਿਹਾ ਕਿ ਜੇਕਰ ਇਨਸਾਫ ਨਾ ਮਿਲਿਆ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। ਇਸੇ ਦੌਰਾਨ ਹੀ ਐਸ. ਡੀ. ਐਮ. ਕਪੂਰਥਲਾ ਮਿਸ ਅਨੂਪਮ ਕਲੇਰ ਵੱਲੋਂ ਮੌਕੇ ‘ਤੇ ਪੁੱਜ ਕੇ ਮੰਗ ਪੱਤਰ ਲਏ ਜਾਣ ਤੋਂ ਬਾਅਦ ਧਰਨਾਕਾਰੀਆਂ ਨੇ ਧਰਨਾ ਸਮਾਪਤ ਕਰ ਦਿੱਤਾ। ਧਰਨੇ ਵਿਚ ਵੱਡੀ ਗਿਣਤੀ ਵਿਚ ਬੀਬੀਆਂ ਵੀ ਸ਼ਾਮਿਲ ਸਨ।

ਫਗਵਾੜਾ, (ਹਰੀਪਾਲ ਸਿੰਘ)-ਡੇਰਾ ਸੰਤ ਸਰਵਣ ਦਾਸ ਸੱਚਖੰਡ ਬੱਲਾਂ ਦੇ ਗੱਦੀ ਨਸ਼ੀਨ ਸੰਤ ਨਿਰੰਜਣ ਦਾਸ ਅਤੇ ਸੰਤ ਰਾਮਾਨੰਦ ਜੀ ‘ਤੇ ਵਿਆਨਾ (ਆਸਟਰੀਆ) ਵਿਖੇ ਗੋਲੀਆਂ ਚਲਾਉਣ ਦੇ ਰੋਸ ਵਿਚ ਅੱਜ ਦੂਸਰੇ ਦਿਨ ਵੀ ਦਲਿਤ ਸੰਗਠਨਾ ਨੇ ਜੀ.ਟੀ. ਰੋਡ ‘ਤੇ ਸਥਿੱਤ ਹਰਗੋਬਿੰਦ ਨਗਰ ਚੌਂਕ ਵਿਚ ਲੰਬਾ ਸਮਾਂ ਧਰਨਾ ਦੇ ਕੇ ਰੋਸ ਪ੍ਰਗਟਾਉਂਦੇ ਹੋਏ ਨਾਅਰੇਬਾਜ਼ੀ ਕੀਤੀ। ਬਾਜ਼ਾਰ ਸਵੇਰ ਤੋਂ ਹੀ ਪੂਰਨ ਰੂਪ ਵਿਚ ਬੰਦ ਸਨ। ਇਕ ਦੋ ਦੁਕਾਨਾ ਜਿਹੜੀਆਂ ਖੁੱਲ੍ਹੀਆਂ ਸਨ, ਉਨ੍ਹਾਂ ਦੀ ਭੰਨ-ਤੋੜ ਕਰਕੇ ਜ਼ਬਰੀ ਬੰਦ ਕਰਵਾ ਦਿੱਤਾ ਗਿਆ। ਸਾਰੇ ਬੈਂਕ, ਨਿੱਜੀ ਹਸਪਤਾਲ, ਸਕੂਲ ਆਦਿ ਵੀ ਪੂਰਨ ਤੌਰ ‘ਤੇ ਬੰਦ ਸਨ। ਮੁਜ਼ਾਹਰਾਕਾਰੀ ਨੌਜਵਾਨਾਂ ਨੇ ਬੰਦ ਦੁਕਾਨਾਂ ‘ਤੇ ਪਥਰਾਓ ਕਰਕੇ ਬਾਹਰ ਲੱਗੇ ਸ਼ੀਸ਼ੇ ਤੋੜ ਕੇ ਭਾਰੀ ਨੁਕਸਾਨ ਪਹੁੰਚਾਇਆ। ਪਥਰਾਓ ਦੌਰਾਨ ਡੀ.ਐਸ.ਪੀ. ਹੈੱਡ ਕੁਆਰਟਰ ਸਮੇਤ ਕੁਝ ਹੋਰ ਮੁਲਾਜ਼ਮ ਵੀ ਜ਼ਖ਼ਮੀ ਹੋ ਗਏ ਹਨ। ਅੱਧੀ ਦਰਜਨ ਦੇ ਕਰੀਬ ਵਾਹਨਾ ਨੂੰ ਸਾੜਿਆ ਗਿਆ ਅਤੇ ਕੁਝ ਵਾਹਨਾ ‘ਤੇ ਪਥਰਾਓ ਕਰਕੇ ਨੁਕਸਾਨ ਪਹੁੰਚਾਇਆ ਗਿਆ।

ਇਸ ਘਟਨਾ ਦੇ ਰੋਸ ਵਜੋਂ ਦਲਿਤ ਸੰਗਠਨਾ ਦੇ ਆਗੂ ਹਰਗੋਬਿੰਦ ਨਗਰ ਵਿਚ ਇਕੱਤਰ ਹੋਏ ਅਤੇ ਬਾਅਦ ਵਿਚ ਜੀ.ਟੀ. ਰੋਡ ‘ਤੇ ਸਥਿੱਤ ਹਰਗੋਬਿੰਦ ਨਗਰ ਚੌਕ ਵਿਚ ਧਰਨੇ ‘ਤੇ ਬੈਠ ਗਏ, ਜਿਥੇ ਉਨ੍ਹਾਂ ਪੰਜਾਬ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕਰਕੇ ਰੋਸ ਪ੍ਰਗਟਾਇਆ। ਫਗਵਾੜਾ ਵਿਚ ਮੁਜ਼ਾਹਰਾਕਾਰੀ ਕੁਝ ਨੌਜਵਾਨਾ ਨੇ ਸਥਾਨਕ ਰੇਲਵੇ ਸਟੇਸ਼ਨ ‘ਤੇ ਜੰਮੂ ਨੂੰ ਜਾਣ ਵਾਲੀ ਇਕ ਗੱਡੀ ਦੇ ਇੰਜਣ ਨੂੰ ਅੱਗ ਲਾਉਣ ਦਾ ਯਤਨ ਕੀਤਾ ਪਰ ਸਟੇਸ਼ਨ ਦੇ ਸਟਾਫ਼ ਅਤੇ ਪੁਲਿਸ ਨੇ ਅੱਗ ‘ਤੇ ਫੌਰਨ ਕਾਬੂ ਪਾ ਲਿਆ। ਨੌਜਵਾਨਾ ਨੇ ਜੀ.ਟੀ. ਰੋਡ ‘ਤੇ ਖੰਡ ਮਿੱਲ ਵਾਲੇ ਪੁਲ ‘ਤੇ ਡੀ.ਐਸ.ਪੀ. ਭੁਲੱਥ ਸ: ਮਹਿੰਦਰ ਸਿੰਘ ਦੀ ਗੱਡੀ ਨੂੰ ਨੁਕਸਾਨ ਪਹੁੰਚਾਇਆ। ਮੁਜ਼ਾਹਰਾਕਾਰੀਆਂ ਨੇ ਜੀ. ਟੀ. ਰੋਡ ‘ਤੇ ਖੜ੍ਹੀਆਂ ਬੱਸਾਂ, ਟਰੱਕਾਂ, ਕਾਰਾਂ ਅਤੇ ਦੁਕਾਨਾ ਹੋਰ ਇਮਾਰਤਾਂ ਦੇ ਪਥਰਾਓ ਕਰਕੇ ਨੁਕਸਾਨ ਪਹੁੰਚਾਇਆ। ਇਸੇ ਦੌਰਾਨ ਬੰਗਾ ਰੋਡ ‘ਤੇ ਅੱਧੀ ਦਰਜਨ ਦੇ ਕਰੀਬ ਦੋਪਹੀਆ ਵਾਹਨਾਂ ਨੂੰ ਸਾੜਿਆ ਗਿਆ। ਬੰਦ ਦੁਕਾਨਾ ‘ਤੇ ਪਥਰਾਓ ਕਰਨ ਦੇ ਬਾਜ਼ਾਰ ਦੇ ਕੁਝ ਦੁਕਾਨਦਾਰਾਂ ਅਤੇ ਸ਼ਹਿਰ ਵਾਸੀਆਂ ਨੇ ਵਿਰੋਧ ਕੀਤਾ ਜਿਸਦੇ ਚੱਲਦਿਆਂ ਮੁਜ਼ਾਹਰਾਕਾਰੀਆਂ ਅਤੇ ਸ਼ਹਿਰ ਵਾਸੀਆਂ ਵਿਚਾਲੇ ਝੜਪ ਹੋਈ ਅਤੇ ਪਥਰਾਓ ਹੋਇਆ। ਇਸੇ ਪਥਰਾਓ ਵਿਚ ਡੀ.ਐਸ.ਪੀ. ਹੈੱਡ ਕੁਆਰਟਰ ਸ: ਸੁਖਦੇਵ ਸਿੰਘ ਜ਼ਖ਼ਮੀ ਵੀ ਹੋ ਗਏ। ਮੁਜ਼ਾਹਰਾਕਾਰੀਆਂ ਨੇ ਤੇਜ਼ਧਾਰ ਹਥਿਆਰ ਚੁੱਕ ਕੇ ਸ਼ਹਿਰ ਵਿਚ ਦਹਿਸ਼ਤ ਦਾ ਮਾਹੌਲ ਬਣਾਈ ਰੱਖਿਆ। ਸ਼ਹਿਰ ਵਿਚ ਲੋਕਾਂ ਦਾ ਭਾਰੀ ਨੁਕਸਾਨ ਹੋਇਆ ਹੈ। ਮੁਜ਼ਾਹਰਾਕਾਰੀਆਂ ਵੱਲੋਂ ਕੁਝ ਪੱਤਰਕਾਰਾਂ ਨਾਲ ਵੀ ਧੱਕਾਮੁੱਕੀ ਕੀਤੀ ਗਈ। ਪੁਲਿਸ ਅਤੇ ਪ੍ਰਸ਼ਾਸਨ ਵੱਲੋਂ ਮੁਜ਼ਾਹਰਾਕਾਰੀਆਂ ‘ਤੇ ਕਾਬੂ ਪਾਉਣ ‘ਤੇ ਅਸਫਲ ਰਹਿਣ ‘ਤੇ ਬੀ.ਐਸ.ਐਫ. ਅਤੇ ਫੌਜ ਬੁਲਾਉਣੀ ਪਈ। ਇਨ੍ਹਾਂ ਦੋਹਾਂ ਫੌਜਾਂ ਦੇ ਆਉਣ ‘ਤੇ ਕਰੀਬ 12.00 ਵਜੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਫਗਵਾੜਾ ਵਿਚ ਕਰਿਫਊ ਲਗਾ ਦਿੱਤਾ ਗਿਆ।

ਸੂਚਨਾ ਹੈ ਕਿ ਕਰਫਿਊ ਦੌਰਾਨ ਵੀ ਕੁਝ ਥਾਵਾਂ ‘ਤੇ ਪ੍ਰਦਰਸ਼ਨ ਜਾਰੀ ਰਿਹਾ ਪਰ ਜਦੋਂ ਪੰਜਾਬ ਪੁਲਿਸ ਦੇ ਨਾਲ ਫੌਜ ਨੇ ਸ਼ਹਿਰ ਵਿਚ ਗਸ਼ਤ ਸ਼ੁਰੂ ਕੀਤੀ ਤਾਂ ਮਾਹੌਲ ਸ਼ਾਂਤ ਹੋ ਗਿਆ। ਇਹ ਵੀ ਸੂਚਨਾ ਹੈ ਕਿ ਫਗਵਾੜਾ ਵਿਖੇ ਹੋਏ ਮੁਜ਼ਾਹਰੇ ਕਾਰਨ ਡਿਪਟੀ ਕਮਿਸ਼ਨਰ ਕਪੂਰਥਲਾ ਦੇ ਅੰਗ ਰੱਖਿਅਕਾਂ ਅਤੇ ਫਗਵਾੜਾ ਦੇ ਕੁਝ ਪੁਲਿਸ ਮੁਲਾਜ਼ਮਾਂ ਤੋਂ ਇਲਾਵਾ ਕੁਝ ਹੋਰ ਵਿਅਕਤੀ ਵੀ ਜ਼ਖ਼ਮੀ ਹੋਏ। ਬੀ.ਐਸ.ਐਫ. ਅਤੇ ਫੌਜ ਤੋਂ ਇਲਾਵਾ ਜ਼ਿਲ੍ਹੇ ਦੇ ਹੋਰ ਸੀਨੀਅਰ ਪੁਲਿਸ ਅਧਿਕਾਰੀ ਅਤੇ ਫਗਵਾੜਾ ਦੇ ਪੁਲਿਸ ਅਧਿਕਾਰੀ ਵੱਖ-ਵੱਖ ਇਲਾਕਿਆਂ ਵਿਚ ਤਾਇਨਾਤ ਸਨ। ਸ਼ਹਿਰ ਦੇ ਲੋਕਾਂ ਵਿਚ ਇਹ ਚਰਚਾ ਸੀ ਕਿ ਜੇਕਰ ਰਾਤ ਨੂੰ ਹੀ ਫਗਵਾੜਾ ਵਿਚ ਕਰਫਿਊ ਲਗਾ ਦਿੱਤਾ ਜਾਂਦਾ ਤਾਂ ਅੱਜ ਵਾਲੀਆਂ ਹਿੰਸਕ ਝੜਪਾਂ ਨਾ ਹੁੰਦੀਆਂ। ਪੁਲਿਸ ਪ੍ਰਸ਼ਾਸਨ ਵੱਲੋਂ ਫਗਵਾੜਾ ਵਿਚ ਸ਼ਾਮ 5.30 ਵਜੇ ਤੋਂ 6.30 ਵਜੇ ਤੱਕ ਇਕ ਘੰਟੇ ਲਈ ਕਰਫਿਊ ਵਿਚ ਢਿੱਲ ਦਿੱਤੀ ਗਈ। ਸ਼ਾਮ ਵੇਲੇ ਐਸ.ਡੀ.ਐਮ. ਦਫ਼ਤਰ ਵਿਚ ਸਰਬ ਪਾਰਟੀ ਮੀਟਿੰਗ ਸੱਦੀ ਗਈ। ਫਗਵਾੜਾ ਵਿਚ ਫਸੀ ਰੇਲ ਗੱਡੀ ਦੇ ਮੁਸਾਫਰਾਂ ਨੂੰ ਸ਼ਹਿਰ ਵਿਚ ਗੁਰਦੁਆਰਿਆਂ ਅਤੇ ਮੰਦਿਰਾਂ ਵਿਚ ਲਿਆ ਕੇ ਉਨ੍ਹਾਂ ਦੇ ਲੰਗਰ ਆਦਿ ਦਾ ਪ੍ਰਬੰਧ ਕੀਤਾ ਗਿਆ।

ਚੌਕਾਂ ਵਿਚ ਲਗਾਈ ਟਾਇਰਾਂ ਨੂੰ ਅੱਗ
ਕਾਲਾ ਸੰਘਿਆਂ, (ਸੰਘਾ)-ਵਿਆਨਾ ਵਿਖੇ ਬੱਲਾਂ ਵਾਲੇ ਸੰਤਾਂ ‘ਤੇ ਹੋਏ ਜਾਨਲੇਵਾ ਹਮਲੇ ਦੇ ਵਿਰੋਧ ‘ਚ ਸਥਾਨਕ ਕਸਬੇ ‘ਚ ਅੱਜ ਆਧਰਮੀ ਭਾਈਚਾਰੇ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਕਾਲਾ ਸੰਘਿਆਂ ਦੇ ਵਿਦਿਅਕ ਅਦਾਰੇ, ਦੁਕਾਨਾ, ਬੱਸ ਸੇਵਾਵਾਂ ਆਦਿ ਪੂਰੀ ਤਰ੍ਹਾਂ ਬੰਦ ਰਹਿਣ ਕਾਰਨ ਆਮ ਜਨ ਜੀਵਨ ਅਸਥ ਵਿਅਸਤ ਹੋ ਗਿਆ ਤੇ ਕਾਲਾ ਸੰਘਿਆਂ ਸਵੇਰ ਤੋਂ ਹੀ ਮੁਕੰਮਲ ਬੰਦ ਰਿਹਾ। ਕਸਬੇ ਦੇ ਮੁੱਖ ਚੌਕਾਂ ‘ਚ ਵੱਡੀਆਂ ਵੱਡੀਆਂ ਲੱਕੜਾਂ, ਟਾਈਰ, ਬੋਰਡ ਆਦਿ ਸੁੱਟ ਕੇ ਅੱਗ ਲਗਾਈ ਗਈ ਤੇ ਸੜਕਾਂ ‘ਚ ਇੱਟਾਂ, ਕੱਚ ਤੇ ਪੱਥਰ ਸੁੱਟ ਕੇ ਚੱਕਾ ਜਾਮ ਕੀਤਾ ਗਿਆ। ਹਾਲਾਤ ‘ਤੇ ਕਾਬੂ ਰੱਖਣ ਲਈ ਕਪੂਰਥਲਾ ਦੇ ਡੀ. ਐਸ. ਪੀ. ਸ: ਬਹਾਦਰ ਸਿੰਘ, ਥਾਣਾ ਸਦਰ ਮੁਖੀ ਸ: ਸਰਬਜੀਤ ਸਿੰਘ ਰਾਏ, ਕਾਲਾ ਸੰਘਿਆਂ ਦੇ ਚੌਕੀ ਇੰਚਾਰਜ ਸ: ਸਰਬਜੀਤ ਸਿੰਘ ਤੇ ਭਾਰੀ ਪੁਲਿਸ ਫੋਰਸ ਪ੍ਰਦਰਸ਼ਨਕਾਰੀਆਂ ਨੂੰ ਸਮਝਾ ਕੇ ਤੇ ਨਾਲ ਰਹਿ ਕੇ ਭੰਨ-ਤੋੜ ਤੋਂ ਬਚਾਅ ਦੀ ਕੋਸ਼ਿਸ਼ ਕੀਤੀ ਗਈ। ਨੇੜਲੇ ਪਿੰਡ ਨਿੱਝਰਾਂ, ਬਨਵਾਲੀਪੁਰ, ਬਲੇਰਖਾਨਪੁਰ ਆਦਿ ‘ਚ ਬੰਦ ਦਾ ਪੂਰਾ ਪ੍ਰਭਾਵ ਰਿਹਾ। ਜਲੰਧਰ ਕਪੂਰਥਲਾ ਸੜਕ ‘ਤੇ ਸਥਿਤ ਮੰਡ ਵਿਖੇ ਮੁਕੰਮਲ ਬੰਦ ਰਿਹਾ ਤੇ ਬੀਤੀ ਰਾਤ ਵੀ ਟਰੈਫਿਕ ਜਾਮ ਕੀਤਾ ਗਿਆ।

ਐਸ. ਡੀ. ਐਮ. ਵੱਲੋਂ ਅਮਨ ਕਮੇਟੀ ਨਾਲ ਮੀਟਿੰਗ
ਸੁਲਤਾਨਪੁਰ ਲੋਧੀ, (ਨਰਿੰਦਰ ਸੋਨੀਆ, ਨਰੇਸ਼ ਹੈਪੀ)-ਵਿਆਨਾ ਵਿਖੇ ਸੰਤ ਨਿਰੰਜਨ ਦਾਸ ਤੇ ਸੰਤ ਰਾਮਾਨੰਦ ਬੱਲਾਂ ਵਾਲਿਆਂ ‘ਤੇ ਹੋਏ ਹਮਲੇ ਦੇ ਰੋਸ ਵਜੋਂ ਇਲਾਕਾ ਨਿਵਾਸੀਆ ‘ਚ ਫੈਲੇ ਜ਼ਬਰਦਸਤ ਗੁੱਸੇ ਦੇ ਮੱਦੇਨਜ਼ਰ ਸ: ਕੁਲਦੀਪ ਸਿੰਘ ਚੰਦੀ ਐਸ. ਡੀ. ਐਮ. ਸੁਲਤਾਨਪੁਰ ਲੋਧੀ ਦੀ ਪ੍ਰਧਾਨਗੀ ਹੇਠ ਸਬ ਡਵੀਜ਼ਨ ਸੁਲਤਾਨਪੁਰ ਲੋਧੀ ਦੀ ਅਮਨ ਕਮੇਟੀ ਦੀ ਮੀਟਿੰਗ ਹੋਈ। ਮੀਟਿੰਗ ‘ਚ ਦੋ ਮਿੰਟ ਦਾ ਮੋਨ ਧਾਰ ਕੇ ਸੰਤ ਰਾਮਾਨੰਦ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਮੀਟਿੰਗ ‘ਚ ਪਾਸ ਕੀਤੇ ਮਤੇ ‘ਚ ਸੰਤ ਨਿਰੰਜਨ ਦਾਸ ਤੇ ਹੋਰ ਜ਼ਖ਼ਮੀਆਂ ਦੀ ਜਲਦੀ ਸਿਹਤਯਾਬੀ ਦੀ ਕਾਮਨਾ ਵੀ ਕੀਤੀ ਗਈ। ਮੀਟਿੰਗ ‘ਚ ਪਾਸ ਕੀਤੇ ਮਤੇ ‘ਚ ਪੰਜਾਬ ਤੇ ਕੇਂਦਰ ਸਰਕਾਰ ਪਾਸੋਂ ਮੰਗ ਕੀਤੀ ਗਈ ਕਿ ਵਿਆਨਾ ਵਿਖੇ ਹੋਏ ਹਮਲੇ ਦੇ ਜ਼ਿੰਮੇਵਾਰ ਵਿਅਕਤੀਆਂ ਨੂੰ ਸਖ਼ਤ ਸਜ਼ਾਵਾਂ ਦਿਵਾਉਣ ਦਾ ਪ੍ਰਬੰਧ ਕੀਤਾ ਜਾਵੇ। ਮੀਟਿੰਗ ‘ਚ ਮਤਾ ਪਾਸ ਹੋਇਆ ਕਿ ਸ਼ਾਂਤੀ ਹਰ ਕੀਮਤ ‘ਤੇ ਬਣਾਈ ਰੱਖੀ ਜਾਵੇ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸ: ਕੁਲਦੀਪ ਸਿੰਘ ਚੰਦੀ ਨੇ ਸੰਤ ਨਿਰੰਜਨ ਦਾਸ ਤੇ ਸੰਤ ਰਾਮਾਨੰਦ ਦੇ ਸ਼ਰਧਾਲੂਆਂ ਨਾਲ ਗਹਿਰੀ ਹਮਦਰਦੀ ਦਾ ਪ੍ਰਗਟਾਵਾ ਕੀਤਾ।

ਮੀਟਿੰਗ ਨੂੰ ਜਥੇਦਾਰ ਗੁਰਦੀਪ ਸਿੰਘ ਭਾਗੋਰਾਈਆਂ ਚੇਅਰਮੈਨ ਪੰਚਾਇਤ ਸੰਮਤੀ, ਸ: ਪੂਰਨ ਸਿੰਘ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਕਪੂਰਥਲਾ, ਪ੍ਰਗਟ ਸਿੰਘ ਬੀ. ਡੀ. ਓ., ਸੁਰਿੰਦਰ ਸਿੰਘ ਏ. ਐਸ. ਆਈ., ਅਸ਼ੋਕ ਕੁਮਾਰ ਮੋਗਲਾ, ਪ੍ਰਿੰਸੀਪਲ ਪੰਨੂੰ ਰਾਮ, ਸੁਮਨ ਸਰਪ੍ਰਸਤ ਸ੍ਰੀ ਗੁਰੂ ਰਵਿਦਾਸ ਸਭਾ, ਰਜਿੰਦਰ ਸਿੰਘ ਰਾਣਾ ਐਡਵੋਕੇਟ, ਨਵਲ ਕਿਸ਼ੋਰ ਭਨੋਟ ਪ੍ਰਧਾਨ ਬ੍ਰਾਹਮਣ ਸਭਾ, ਸੰਤੋਖ ਸਿੰਘ ਭਾਗੋਰਾਈਆਂ ਸਾਬਕਾ ਚੇਅਰਮੈਨ, ਤੇਜਵੰਤ ਸਿੰਘ ਸਾਬਕਾ ਉਪ ਪ੍ਰਧਾਨ ਨਗਰ ਕੌਂਸਲ, ਸ੍ਰੀ ਨਿਊਟਨ ਪ੍ਰਧਾਨ ਸ੍ਰੀ ਗੁਰੂ ਰਵਿਦਾਸ ਸਭਾ, ਹਰਪ੍ਰੀਤ ਸਿੰਘ ਬਬਲਾ ਨੇ ਵੀ ਸੰਬੋਧਨ ਕੀਤਾ।

ਵੱਖ-ਵੱਖ ਜਥੇਬੰਦੀਆਂ ਵੱਲੋਂ ਰੋਸ ਮਾਰਚ
ਬੇਗੋਵਾਲ, (ਕੰਗ, ਸੁਖਜਿੰਦਰ ਸਿੰਘ)-ਇਥੇ ਵੱਖ ਵੱਖ ਜਥੇਬੰਦੀਆਂ ਦੇ ਵਰਕਰਾਂ ਵੱਲੋਂ ਦੁਪਹਿਰ ਬਾਅਦ ਤਿੰਨ ਵਜੇ ਪੁੱਜ ਕੇ ਰੋਸ ਮਾਰਚ ਕੀਤਾ ਗਿਆ ਤੇ ਦੁਕਾਨਾ ਬੰਦ ਕਰਵਾਈਆਂ ਗਈਆਂ। ਇਸ ਰੋਸ ਮੁਜ਼ਾਹਰੇ ਦੀ ਅਗਵਾਈ ਮਹਾਂਰਿਸ਼ੀ ਵਾਲਮੀਕ ਵਲੰਟੀਅਰ ਫੋਰਸ ਪੰਜਾਬ ਦੇ ਪ੍ਰਧਾਨ ਸ: ਜੋਗਿੰਦਰ ਸਿੰਘ ਮਾਨ, ਵਾਲਮੀਕ ਮਜ਼੍ਹਬੀ ਸਿੱਖ ਮੋਰਚਾ ਪੰਜਾਬ ਦੇ ਪ੍ਰਧਾਨ ਸ: ਮਹਿੰਦਰ ਸਿੰਘ ਹਮੀਰਾ, ਕ੍ਰਿਸ਼ਚੀਅਨ ਵੈਲਫੇਅਰ ਐਸੋਸੀਏਸ਼ਨ ਪੰਜਾਬ ਦੇ ਜਨਰਲ ਸਕੱਤਰ ਤੇ ਜ਼ਿਲ੍ਹਾ ਪ੍ਰਧਾਨ ਸ੍ਰੀ ਸਟੀਫਨ ਕਾਲਾ, ਵਲੰਟੀਅਰ ਫੋਰਸ ਦੇ ਜਨਰਲ ਸਕੱਤਰ ਇੰਦਰਜੀਤ ਸਿੰਘ ਮਾਨਾ ਤਲਵੰਡੀ ਕਰ ਰਹੇ ਸਨ। ਇਨ੍ਹਾਂ ਬੁਲਾਰਿਆਂ ਨੇ ਇਸ ਸ਼ਰਮਨਾਕ ਘਟਨਾ ਦੀ ਜ਼ੋਰਦਾਰ ਸ਼ਬਦਾਂ ‘ਚ ਨਿਖੇਧੀ ਕਰਦਿਆਂ ਭਾਰਤ ਸਰਕਾਰ ਤੋਂ ਮੰਗ ਕੀਤੀ ਕਿ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਆਸਟਰੀਆ ਸਰਕਾਰ ‘ਤੇ ਦਬਾਅ ਬਣਾਇਆ ਜਾਵੇ ਤੇ ਉਨ੍ਹਾਂ ਖਿਲਾਫ ਕਾਰਵਾਈ ਕਰਕੇ ਸਮੁੱਚੇ ਭਾਈਚਾਰੇ ਦੀਆਂ ਭਾਵਨਾਵਾਂ ਸ਼ਾਂਤ ਕੀਤੀਆਂ ਜਾਣ। ਬੇਗੋਵਾਲ ਦੇ ਬਾਜ਼ਾਰ ਬੰਦ ਹੋਣ ਦੀ ਖਬਰ ਮਿਲਦਿਆਂ ਹੀ ਨੇੜਲੇ ਕਸਬਿਆਂ ਅਕਬਰਪੁਰ, ਨੰਗਲ ਲੁਬਾਣਾ, ਅੱਡਾ ਮਕਸੂਦਪੁਰ ਦੇ ਬਾਜ਼ਾਰ ਆਪਣੇ ਆਪ ਬੰਦ ਹੋ ਗਏ।

ਸ੍ਰੀ ਗੁਰੂ ਰਵਿਦਾਸ ਸਭਾ ਤੇ ਨੌਜਵਾਨ ਸਭਾ ਵੱਲੋਂ ਰੋਸ ਪ੍ਰਦਰਸ਼ਨ
ਸੁਲਤਾਨਪੁਰ ਲੋਧੀ, (ਸੋਨੀਆ, ਹੈਪੀ)-ਵਿਆਨਾ ਵਿਖੇ ਬੱਲਾਂ ਵਾਲੇ ਸੰਤਾਂ ‘ਤੇ ਹੋਏ ਹਮਲੇ ਦੇ ਵਿਰੋਧ ‘ਚ ਸ੍ਰੀ ਗੁਰੂ ਰਵਿਦਾਸ ਸਭਾ ਸੁਲਤਾਨਪੁਰ ਲੋਧੀ ਤੇ ਨੌਜਵਾਨ ਸਭਾ ਵੱਲੋਂ ਸ਼ਹਿਰ ‘ਚ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਹਮਲਾਵਰਾਂ ਨੂੰ ਸਖ਼ਤ ਸਜ਼ਾਵਾਂ ਦਿੱਤੇ ਜਾਣ ਦੀ ਮੰਗ ਕੀਤੀ ਗਈ। ਵੱਡੀ ਗਿਣਤੀ ‘ਚ ਸ਼ਹਿਰ ਨਿਵਾਸੀ ਸ੍ਰੀ ਗੁਰੂ ਰਵਿਦਾਸ ਭਵਨ ਮੁਹੱਲਾ ਸੱਥ ਰੰਗੜਾ ਵਿਖੇ ਇਕੱਤਰ ਹੋਏ, ਜਿਥੋਂ ਵੱਖ ਵੱਖ ਬਾਜ਼ਾਰਾਂ ‘ਚ ਮਾਰਚ ਕਰਦੇ ਹੋਏ ਵਾਪਿਸ ਭਵਨ ਪੁੱਜੇ।

ਪੈਟਰੋਲ ਨਾ ਪਾਉਣ ਨੇ ਹੁੱਲੜਬਾਜ਼ਾਂ ਨੇ ਪੰਪ ਭੰਨਿਆ
ਰਿਹਾਣਾ ਜੱਟਾਂ, (ਜੁਨੇਜਾ)-ਇਥੇ ਅੱਜ ਸਵੇਰੇ ਵਿਆਨਾ ਦੇ ਗੁਰਦੁਆਰਾ ਸਾਹਿਬ ਵਿਖੇ ਵਾਪਰੀ ਘਟਨਾ ਦੇ ਰੋਸ ਵਜੋਂ ਸਾਰਾ ਬਾਜ਼ਾਰ ਪੂਰੀ ਤਰ੍ਹਾਂ ਬੰਦ ਰਿਹਾ। ਪੈਟਰੋਲ ਪੰਪ ਜੋ ਕਿ ਬੱਸ ਅੱਡੇ ‘ਤੇ ਸਥਿਤ ਹੈ, ਵੀ ਬੰਦ ਸੀ, ਜਿਥੇ ਕਰੀਬ ਸਵੇਰੇ ਦਸ ਵਜੇ 9-10 ਮੋਟਰ ਸਾਈਕਲਾਂ ਸਵਾਰ ਹੁੱਲੜਬਾਜ਼ ਨੌਜਵਾਨ ਪੈਟਰੋਲ ਪੰਪ ਦੇ ਕਰਿੰਦਿਆਂ ਨੂੰ ਕਹਿਣ ਲੱਗੇ ਕਿ ਸਾਡੇ ਮੋਟਰ ਸਾਈਕਲਾਂ ‘ਚ ਪੈਟਰੋਲ ਪਾ ਕੇ ਦਿਉ, ਕਰਿੰਦਿਆਂ ਨੇ ਕਿਹਾ ਕਿ ਪੈਟਰੋਲ ਪੰਪ ਅਸੀਂ ਮਾਲਕਾਂ ਤੇ ਮਾਰਕੀਟ ਦੇ ਵਿਅਕਤੀਆਂ ਦੇ ਕਹਿਣ ‘ਤੇ ਬੰਦ ਕਰ ਦਿੱਤਾ ਹੈ, ਜਿਨ੍ਹਾਂ ਨੇ ਗੁੱਸੇ ‘ਚ ਆ ਕੇ ਪੰਪ ਦੀਆਂ ਮਸ਼ੀਨਾ ਭੰਨ ਦਿੱਤੀਆਂ ਤੇ ਭਾਰੀ ਨੁਕਸਾਨ ਕੀਤਾ।

ਚਹਿਲ ਪਹਿਲ ਤੋਂ ਬਾਅਦ ਨਡਾਲਾ ਬੰਦ
ਨਡਾਲਾ (ਕੰਗ)-ਅੱਜ ਦੁਪਹਿਰ ਵੇਲੇ ਕਰੀਬ ਡੇਢ ਵਜੇ ਅੱਡਾ ਨਡਾਲਾ ‘ਚ ਉਸ ਸਮੇਂ ਦੁਕਾਨਦਾਰਾਂ ‘ਚ ਭੱਜਦੜ ਮੱਚ ਗਈ, ਜਦੋਂ ਭੁਲੱਥ ਤੋਂ ਦੁਕਾਨਾਂ ਬੰਦ ਕਰਵਾਉਣ ਦੇ ਬਾਅਦ ਵੱਖ-ਵੱਖ ਜਥੇਬੰਦੀਆਂ ਦੇ ਆਗੂ ਤੇ ਮੁਜ਼ਾਹਰਾਕਾਰੀਆਂ ਨੇ ਦੁਕਾਨਾਂ ਬੰਦ ਕਰਵਾਉਣੀਆਂ ਸ਼ੁਰੂ ਕਰ ਦਿੱਤੀਆਂ। ਇਹ ਮੁਜ਼ਾਹਰਾਕਾਰੀ ਆਸਟਰੀਆ ਦੇ ਵਿਆਨਾ ਸ਼ਹਿਰ ‘ਚ ਡੇਰਾ ਬੱਲਾਂ ਦੇ ਮੁਖੀ ਸੰਤਾਂ ‘ਤੇ ਹੋਏ ਜਾਨਲੇਵਾ ਹਮਲੇ ਦੇ ਖਿਲਾਫ ਰੋਸ ਪ੍ਰਗਟ ਕਰ ਰਹੇ ਸਨ। ਇਨ੍ਹਾਂ ਆਗੂਆਂ ਜੋਗਿੰਦਰ ਸਿੰਘ ਮਾਨ ਪ੍ਰਧਾਨ ਮਹਾਂਰਿਸ਼ੀ ਵਾਲਮੀਕ ਵਲੰਟੀਅਰ ਫੋਰਸ ਪੰਜਾਬ, ਵਾਲਮੀਕ ਮਜ਼੍ਹਬੀ ਸਿੱਖ ਮੋਰਚਾ ਪੰਜਾਬ ਦੇ ਪ੍ਰਧਾਨ ਸ: ਮਹਿੰਦਰ ਸਿੰਘ ਹਮੀਰਾ, ਸ੍ਰੀ ਸਟੀਫਨ ਕਾਲਾ, ਇੰਦਰਜੀਤ ਸਿੰਘ ਮਾਨਾ ਤਲਵੰਡੀ ਆਦਿ ਨੇ ਇਸ ਸ਼ਰਮਨਾਕ ਘਟਨਾ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੀ ਮੰਗ ਕੀਤੀ। ਮੁਜ਼ਾਹਰਾਕਰੀਆਂ ਕੋਲ ਨੰਗੀਆਂ ਕਿਰਪਾਨਾ, ਡਾਂਗਾ, ਸੋਟੇ, ਸਰੀਏ, ਰਾਡਾਂ ਤੇ ਹੋਰ ਮਾਰੂ ਹਥਿਆਰ ਫੜ੍ਹੇ ਹੋਏ ਸਨ, ਪਰ ਕਿਸੇ ਤਰ੍ਹਾਂ ਦੀ ਕੋਈ ਅਣਸੁਖਾਵੀਂ ਘਟਨਾ ਨਹੀਂ ਵਾਪਰੀ।

ਮਜ੍ਹਬੀ ਸਿੱਖ ਮੋਰਚਾ ਨੇ ਬਾਜ਼ਾਰ ਬੰਦ ਕਰਵਾਏ
ਭੁਲੱਥ, (ਸਹਿਗਲ, ਤੱਖਰ)-ਆਸਟਰੀਆ ‘ਚ ਸੰਤ ਨਿਰੰਜਨ ਦਾਸ ਤੇ ਸੰਤ ਰਾਮਾਨੰਦ ਬੱਲਾਂ ਵਾਲਿਆਂ ‘ਤੇ ਹੋਏ ਹਮਲੇ ਦੇ ਵਿਰੋਧ ‘ਚ ਅੱਜ ਕਸਬਾ ਭੁਲੱਥ ‘ਚ ਭਗਵਾਨ ਵਾਲਮੀਕ ਤੀਰਥ ਗਿਆਨ ਆਸ਼ਰਮ ਵਲੰਟੀਅਰ ਫੋਰਸ ਪੰਜਾਬ ਤੇ ਵਾਲਮੀਕ ਮਜ਼੍ਹਬੀ ਸਿੱਖ ਮੋਰਚਾ ਪੰਜਾਬ ਵੱਲੋਂ ਪੂਰਨ ਤੌਰ ‘ਤੇ ਬਾਜ਼ਾਰ ਬੰਦ ਕਰਵਾਏ ਗਏ। ਦੋਵਾਂ ਜਥੇਬੰਦੀਆਂ ਦੇ ਵਰਕਰਾਂ ਵੱਲੋਂ ਹੱਥਾਂ ‘ਚ ਨੰਗੀਆਂ ਤਲਵਾਰਾਂ, ਟਕੂਏ, ਦਸਤੇ ਆਦਿ ਲੈ ਕੇ ਕਸਬਾ ਭੁਲੱਥ ਦੇ ਵੱਖ-ਵੱਖ ਬਾਜ਼ਾਰਾਂ ‘ਚ ਰੋਸ ਪ੍ਰਦਰਸ਼ਨ ਗਿਆ। ਇਸ ਮੌਕੇ ਵਿਖਾਵਾਕਾਰੀਆਂ ਵੱਲੋਂ ਹਮਲਾਵਰਾਂ ਨੂੰ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਗਈ। ਇਸ ਤੋਂ ਪਹਿਲਾਂ ਵਾਲਮੀਕ ਸਮਾਜ ਨਾਲ ਸਬੰਧਿਤ ਜਥੇਬੰਦੀਆਂ ਦੀ ਮੀਟਿੰਗ ਭਗਵਾਨ ਵਾਲਮੀਕ ਮੰਦਿਰ ਭੁਲੱਥ ‘ਚ ਹੋਈ ਮੀਟਿੰਗ ਦੌਰਾਨ ਵੱਖ ਵੱਖ ਬੁਲਾਰਿਆਂ ਵੱਲੋਂ ਸੰਤਾਂ ‘ਤੇ ਹੋਏ ਹਮਲੇ ਦੀ ਨਿੰਦਾ ਕੀਤੀ ਗਈ। ਇਸੇ ਤਰ੍ਹਾਂ ਭੁਲੱਥ ਬੰਦ ਦੌਰਾਨ ਥਾਣਾ ਭੁਲੱਥ ਦੇ ਪੁਲਿਸ ਮੁਖੀ ਇੰਸਪੈਕਟਰ ਪਰਮਿੰਦਰ ਸਿੰਘ ਹੀਰ ਦੀ ਅਗਵਾਈ ‘ਚ ਪੁਲਿਸ ਮੁਲਾਜ਼ਮਾਂ ਵੱਲੋਂ ਅਮਨ ਕਾਨੂੰਨ ਦੀ ਸਥਿਤੀ ਕਾਬੂ ‘ਚ ਰੱਖੀ ਗਈ। ਇਸ ਮੌਕੇ ਪੁਲਿਸ ਮੁਲਾਜ਼ਮਾਂ ਦੀਆਂ ਵੱਖ ਵੱਖ ਟੁੱਕੜੀਆਂ ਵੱਲੋਂ ਕਸਬਾ ਭੁਲੱਥ ਦੇ ਬਾਜ਼ਾਰਾਂ ‘ਚ ਗਸ਼ਤ ਕੀਤੀ ਗਈ। ਰੋਸ ਮੁਜ਼ਾਹਰੇ ਦੌਰਾਨ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਵਾਪਰਨ ਤੋਂ ਰੋਕਣ ਲਈ ਪੁਲਿਸ ਵੱਲੋਂ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ। ਇਸ ਮੌਕੇ ਸੁਲੱਖਣ ਸਿੰਘ ਏ. ਐਸ. ਆਈ., ਕੁਲਵੰਤ ਸਿੰਘ ਹੌਲਦਾਰ, ਮਨਜੀਤ ਸਿੰਘ ਹੌਲਦਾਰ ਆਦਿ ਹਾਜ਼ਰ ਸਨ।

ਆਮ ਜਨ ਜੀਵਨ ਠੱਪ ਹੋਇਆ
ਅੱਜ ਭੁਲੱਥ ਬੰਦ ਦੌਰਾਨ ਆਮ ਜਨ ਜੀਵਨ ਪੂਰੀ ਤਰ੍ਹਾਂ ਠੱਪ ਹੋ ਕੇ ਰਹਿ ਗਿਆ। ਅੱਜ ਸਵੇਰ ਤੋਂ ਹੀ ਕਸਬਾ ਭੁਲੱਥ ਤੋਂ ਜਲੰਧਰ ਕਪੂਰਥਲਾ ਆਦਿ ਜਾਣ ਵਾਲੀਆਂ ਬੱਸਾਂ ਦੇ ਨਾ ਚੱਲਣ ਕਾਰਨ ਆਮ ਸਵਾਰੀਆਂ ਨੂੰ ਪ੍ਰੇਸ਼ਾਨੀ ਹੋਈ, ਉਥੇ ਨੌਕਰੀ ਪੇਸ਼ਾ ਮੁਲਾਜ਼ਮ, ਸਕੂਲਾਂ, ਕਾਲਜਾਂ ‘ਚ ਪੜਨ ਵਾਲੇ ਵਿਦਿਆਰਥੀਆਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ।

ਡੀ. ਸੀ ਕਪੂਰਥਲਾ ਦੀ ਗੱਡੀ ‘ਤੇ ਹਮਲਾ-ਤਿੰਨ ਜਵਾਨ ਜ਼ਖ਼ਮੀ
ਕਪੂਰਥਲਾ, 25 ਮਈ (ਅਮਰਜੀਤ ਕੋਮਲ, ਸਡਾਨਾ)-ਬੀਤੀ ਰਾਤ 2.00 ਵਜੇ ਦੇ ਕਰੀਬ ਡਿਪਟੀ ਕਮਿਸ਼ਨਰ ਕਪੂਰਥਲਾ ਸ੍ਰੀ ਰਾਜ ਕਮਲ ਚੌਧਰੀ ਦੀ ਗੱਡੀ ‘ਤੇ ਜਲੰਧਰ-ਅੰਮ੍ਰਿਤਸਰ ਹਾਈਵੇ ‘ਤੇ ਪੈਂਦੇ ਬਿਧੀਪੁਰ ਫਾਟਕ ‘ਤੇ ਵਿਆਨਾ ਵਿਖੇ ਵਾਪਰੀ ਘਟਨਾ ਦੇ ਰੋਸ ਵਜੋਂ ਇਕੱਤਰ ਹੋਏ ਵੱਡੀ ਗਿਣਤੀ ਵਿਚ ਵਿਖਾਵਾਕਾਰੀਆਂ ਨੇ ਹਮਲਾ ਕਰ ਦਿੱਤਾ। ਇਸ ਹਮਲੇ ਵਿਚ ਡਿਪਟੀ ਕਮਿਸ਼ਨਰ ਤਾਂ ਵਾਲ-ਵਾਲ ਬਚ ਗਏ ਪਰੰਤੂ ਉਨ੍ਹਾਂ ਦੇ ਸੁਰੱਖਿਆ ਦਸਤੇ ਨਾਲ ਸਬੰਧਿਤ ਤਿੰਨ ਮੁਲਾਜ਼ਮ ਵਿਖਾਵਾਕਾਰੀਆਂ ਦੇ ਤੇਜ਼ਧਾਰ ਹਥਿਆਰਾਂ ਨਾਲ ਜ਼ਖ਼ਮੀ ਹੋ ਗਏ, ਜੋ ਸਿਵਲ ਹਸਪਤਾਲ ਕਪੂਰਥਲਾ ਵਿਖੇ ਜ਼ੇਰੇ ਇਲਾਜ ਹਨ। ਇਹ ਘਟਨਾ ਉਦੋਂ ਵਾਪਰੀ ਜਦੋਂ ਉਨ੍ਹਾਂ ਦੀ ਸੁਰੱਖਿਆ ਜਿਪਸੀ ਵਿਚ ਸਵਾਰ ਹੈੱਡ ਕਾਂਸਟੇਬਲ ਕਰਨੈਲ ਸਿੰਘ, ਸੁਖਵਿੰਦਰ ਸਿੰਘ ਅਤੇ ਹਰਬੰਸ ਸਿੰਘ ਨੇ ਡਿਪਟੀ ਕਮਿਸ਼ਨਰ ਨੂੰ ਹਮਲਾਵਰਾਂ ਤੋਂ ਸੁਰੱਖਿਅਤ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਹਮਲਾਵਰਾਂ ਨੇ ਉਨ੍ਹਾਂ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਮੌਕੇ ‘ਤੇ ਡਿਪਟੀ ਕਮਿਸ਼ਨਰ ਦੀ ਕਾਰ ਦੇ ਡਰਾਈਵਰ ਦਵਿੰਦਰ ਸਿੰਘ ਨੇ ਕਾਰ ਉਥੋਂ ਭਜਾ ਲਈ ਪਰੰਤੂ ਉਨ੍ਹਾਂ ਦੀ ਸੁਰੱਖਿਆ ਜਿਪਸੀ ਵਿਚ ਸਵਾਰ ਮੁਲਾਜ਼ਮ ਵੀ ਉਨ੍ਹਾਂ ਦੇ ਨਾਲ ਆ ਗਏ ਅਤੇ ਇਸ ਤੋਂ ਥੋੜੀ ਦੂਰ ਅੱਗੇ ਜਾ ਕੇ ਕਰਤਾਰਪੁਰ ਨੇੜੇ ਹੀ ਸੜਕ ‘ਤੇ ਇਕੱਠੇ ਹੋਏ ਹਜ਼ੂਮ ਨੇ ਉਨ੍ਹਾਂ ਨੂੰ ਰੋਕਿਆ ਅਤੇ ਇਸ ਦੌਰਾਨ ਹੀ ਡਿਪਟੀ ਕਮਿਸ਼ਨਰ ਆਪਣੀ ਕਾਰ ਨੂੰ ਉਥੇ ਛੱਡ ਕੇ ਕਿਸੇ ਤਰ੍ਹਾਂ ਬਚ ਨਿਕਲੇ। ਦੱਸਿਆ ਜਾਂਦਾ ਹੈ ਕਿ ਡਿਪਟੀ ਕਮਿਸ਼ਨਰ ਜਿਹੜੀਆਂ ਗੱਡੀਆਂ ਸੜਕ ‘ਤੇ ਛੱਡ ਆਏ ਸਨ, ਉਨ੍ਹਾਂ ਨੂੰ ਅੱਜ ਵਿਖਾਵਾਕਾਰੀਆਂ ਨੇ ਸੜਕ ‘ਤੇ ਹੀ ਸਾੜ ਦਿੱਤਾ।

ਅਜੀਤ ਜਲੰਧਰ ਦਾ ਖ਼ਬਰ ਪੰਨਾ - ਕਰਫ਼ਿਊ ਦੇ ਬਾਵਜੂਦ ਦੂਜੇ ਦਿਨ ਵੀ ਭਾਰੀ ਹਿੰਸਾ

7) ਸੰਕਟ ‘ਚ ਘਿਰਿਆ ਜਲੰਧਰ