ਜਲੰਧਰ, ਫਗਵਾੜਾ, ਗੁਰਾਇਆ ਤੇ ਹੋਰ ਥਾਵਾਂ ‘ਤੇ ਸਾੜ-ਫੂਕ ਹਿੰਸਕ ਘਟਨਾਵਾਂ ਤੋਂ ਬਾਅਦ ਜਲੰਧਰ ‘ਚ ਅਣਮਿੱਥੇ ਸਮੇਂ ਲਈ ਕਰਫਿਊ
ਜਲੰਧਰ 24 ਮਈ (ਸ਼ਿਵ, ਪਵਨ ਖਰਬੰਦਾ)-ਵਿਆਨਾ ਵਿਚ ਵਾਪਰੀ ਘਟਨਾ ਤੋਂ ਬਾਅਦ ਵੱਡੇ ਪੱਧਰ ‘ਤੇ ਹੋਈਆਂ ਹਿੰਸਕ ਘਟਨਾਵਾਂ ਤੋਂ ਬਾਅਦ ਜਲੰਧਰ ਵਿਚ ਦੇਰ ਰਾਤ ਕਰਫਿਊ ਲਗਾ ਦਿੱਤਾ ਗਿਆ ਤੇ ਸਾੜਫੂਕ ਕਰਨ ਵਾਲਿਆਂ ਨੂੰ ਦੇਖਦੇ ਹੀ ਗੋਲੀ ਮਾਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ। ਕਰਫਿਊ ਲੱਗਣ ਤੋਂ ਬਾਅਦ ਬੀ. ਐਸ. ਐਫ. ਨੇ ਸ਼ਹਿਰ ਵਿਚ ਫਲੈਗ ਮਾਰਚ ਕੀਤਾ। ਜ਼ਿਲ੍ਹਾ ਮੈਜਿਸਟਰੇਟ ਸ: ਅਜੀਤ ਸਿੰਘ ਪਨੂੰ ਨੇ ਦੱਸਿਆ ਕਿ ਸ਼ਹਿਰ ਵਿਚ ਹੋਈਆਂ ਹਿੰਸਕ ਘਟਨਾਵਾਂ ਨੂੰ ਰੋਕਣ ਲਈ ਕਰਫਿਊ ਲਗਾਉਣਾ ਪਿਆ ਹੈ ਤੇ ਇਹ ਅਗਲੇ ਹੁਕਮਾਂ ਤੱਕ ਜਾਰੀ ਰਹੇਗਾ। ਇਸ ਤੋਂ ਇਲਾਵਾ ਗੁਰਾਇਆ, ਕਰਤਾਰਪੁਰ, ਫਿਲੌਰ ਤੇ ਕਈ ਹੋਰ ਥਾਂਵਾਂ ‘ਤੇ ਵੀ ਪ੍ਰਦਰਸ਼ਨ ਹੋਏ। ਗੁਰਾਇਆ ਵਿਖੇ ਵੱਡੀ ਗਿਣਤੀ ‘ਚ ਇੱਕਠੇ ਹੋਏ ਪ੍ਰਦਰਸ਼ਨਕਾਰੀਆਂ ਨੇ ਦਿੱਲੀ ਪ੍ਰਵਾਹਨ ਨਿਗਮ ਦੀ ਇਕ ਬੱਸ ਡੀ. ਐਲ. ਆਈ. ਪੀ. ਏ. 2886 ਦੇ ਸ਼ੀਸ਼ੇ ਭੰਨ ਦਿੱਤੇ ਅਤੇ ਟਰੈਕਟਰ-ਟਰਾਲੀ ਦੀ ਵੀ ਭੰਨ-ਤੋੜ ਕੀਤੀ। ਫਗਵਾੜਾ ‘ਚ ਵੀ ਜੀ. ਟੀ. ਰੋਡ, ਖੰਡ ਮਿਲ ਚੌਕ, ਪਿੰਡ ਸਪਰੋੜ ਤੇ ਬਾਈਪਾਸ ‘ਤੇ ਵੀ ਧਰਨਾ ਲਗਾਇਆ। ਇਸ ਤੋਂ ਪਹਿਲਾਂ ਵਿਆਨਾ ਵਿਚ ਧਾਰਮਿਕ ਆਗੂਆਂ ‘ਤੇ ਹੋਏ ਹਮਲੇ ਨੂੰ ਲੈ ਕੇ ਅੱਜ ਜਲੰਧਰ ਦੇ ਰਵੀਦਾਸ ਚੌਕ ਲਾਗੇ ਵੀ ਤਨਾਅ ਫੈਲ ਗਿਆ ਸੀ ਤੇ ਉਕਤ ਘਟਨਾ ਬਾਰੇ ਪਤਾ ਲੱਗਣ ‘ਤੇ ਭੜਕੇ ਲੋਕਾਂ ਨੇ ਲੰਘ ਰਹੇ ਟਰੱਕ ਤੇ ਬੈਂਕ ਦੇ ਏ. ਟੀ. ਐਮ. ਨੂੰ ਅੱਗ ਲਗਾ ਦਿੱਤੀ।
ਇਸ ਤੋਂ ਇਲਾਵਾ ਸ਼ਹਿਰ ਦੇ ਹੋਰਾਂ ਖੇਤਰਾਂ ਵਿਚ ਵੀ ਮਾਹੌਲ ਵਿਗੜ ਗਿਆ ਤੇ ਪਠਾਨਕੋਟ ਚੌਕ, ਫੋਕਲ ਪੁਅਇੰਟ ਚੌਕ, ਮਿਲਕ ਪਲਾਂਟ ਚੌਕ, ਵਰਕਸ਼ਾਪ ਚੌਕ ਲਾਗੇ ਵੀ ਕਈ ਬੱਸਾਂ ਤੇ ਆਟੋਆਂ ‘ਤੇ ਪਥਰਾਅ ਕੀਤਾ। ਖੇਤਰ ਵਿਚ ਉਕਤ ਘਟਨਾ ਨੂੰ ਲੈ ਕੇ ਭਾਰੀ ਤਨਾਅ ਹੈ। ਮੌਕੇ ਤੋਂ ਮਿਲੀ ਜਾਣਕਾਰੀ ਮੁਤਾਬਿਕ ਅੱਜ ਇਸ ਘਟਨਾ ਦੇ ਵਿਰੋਧ ਵਿਚ ਸਮਰਥਕ ਭੜਕ ਗਏ ਤੇ ਭੜਕੇ ਲੋਕਾਂ ਨੇ ਫਲ-ਸਬਜ਼ੀ ਲੈ ਕੇ ਲੰਘ ਰਹੇ ਟਰੱਕ ਨੰਬਰ ਪੀ. ਬੀ. 08-9587 ਨੂੰ ਅੱਗ ਲਗਾ ਕੇ ਸਾੜ ਦਿੱਤਾ। ਭੜਕੇ ਲੋਕਾਂ ਨੇ ਰਵੀਦਾਸ ਚੌਕ ਵਿਚ ਸਥਿਤ ਭਾਰਤੀ ਸਟੇਟ ਬੈਂਕ ਦੇ ਏ. ਟੀ. ਐਮ. ਨੂੰ ਵੀ ਅੱਗ ਲਗਾ ਦਿੱਤੀ ਤੇ ਜਦੋਂ ਫਾਇਰ ਸੇਵਾ ਦੀ ਗੱਡੀ ਅੱਗ ਬੁਝਾਉਣ ਲਈ ਪੁੱਜੀ ਤਾਂ ਭੜਕੇ ਲੋਕਾਂ ਨੇ ਗੱਡੀ ਨੂੰ ਵੀ ਜਾਣ ਨਹੀਂ ਦਿੱਤਾ। ਬੈਂਕ ਦਾ ਏ. ਟੀ. ਐਮ. ਸੜ ਕੇ ਸੁਆਹ ਹੋ ਗਿਆ। ਜਾਣਕਾਰੀ ਮੁਤਾਬਿਕ ਭੜਕੇ ਲੋਕਾਂ ਨੇ ਕਈ ਦੁਕਾਨਾਂ ‘ਤੇ ਪਥਰਾਅਬਾਜ਼ੀ ਵੀ ਕੀਤੀ। ਲੋਕਾਂ ਨੇ ਰਵਿਦਾਸ ਚੌਕ ਲਾਗੇ ਸੜਕ ‘ਤੇ ਟਾਇਰਾਂ ਨੂੰ ਅੱਗ ਲਗਾ ਕੇ ਰਸਤਾ ਜਾਮ ਕਰ ਦਿੱਤਾ ਤੇ ਭਾਰੀ ਨਾਅਰੇਬਾਜ਼ੀ ਕੀਤੀ। ਲੋਕ ਸੰਤਾਂ ‘ਤੇ ਹਮਲਾ ਕਰਨ ਵਾਲਿਆਂ ਖਿਲਾਫ਼ ਸਖਤ ਕਾਰਵਾਈ ਦੀ ਮੰਗ ਕਰ ਰਹੇ ਸਨ। ਮਿਲੀ ਜਾਣਕਾਰੀ ਅਨੁਸਾਰ ਭੜਕੇ ਲੋਕਾਂ ਨੇ ਜਲੰਧਰ ਛਾਉਣੀ ਰੇਲਵੇ ਸਟੇਸ਼ਨ ‘ਤੇ ਆਉਣ ਵਾਲੀਆਂ ਕੁਝ ਗੱਡੀਆਂ ਦੀ ਵੀ ਭੰਨ-ਤੋੜ ਕੀਤੀ।
ਸਾੜਫੂਕ ਦੀ ਜਾਣਕਾਰੀ ਮਿਲਣ ਤੋਂ ਬਾਅਦ ਐਸ. ਐਸ. ਪੀ. ਆਰ. ਕੇ. ਜਾਇਸਵਾਲ, ਐਸ. ਪੀ. ਡੀ. ਸ: ਪਰਮਵੀਰ ਸਿੰਘ ਪ੍ਰਮਾਰ, ਐਸ. ਪੀ. ਸਿਟੀ-2 ਸਰਬਜੀਤ ਸਿੰਘ ਤੇ ਹੋਰ ਵੀ ਸੀਨੀਅਰ ਅਧਿਕਾਰੀ ਮੌਕੇ ‘ਤੇ ਪੁੱਜੇ ਅਤੇ ਉਨ੍ਹਾਂ ਭੜਕੇ ਲੋਕਾਂ ਨੂੰ ਸਮਝਾਉਣ ਦਾ ਯਤਨ ਕੀਤਾ ਪਰ ਪ੍ਰਦਰਸ਼ਨ ਜਾਰੀ ਰਿਹਾ। ਸੜਕ ਜਾਮ ਹੋਣ ਕਰਕੇ ਨਕੋਦਰ ਚੌਕ ਤੋਂ ਲੈ ਕੇ ਰਵੀਦਾਸ ਚੌਕ ਬੰਦ ਹੋ ਗਿਆ ਸੀ। ਘਟਨਾ ਨੂੰ ਲੈ ਕੇ ਜਲੰਧਰ ਪੁਲਿਸ ਨੇ ਖੇਤਰ ਤੋਂ ਇਲਾਵਾ ਹੋਰ ਵੀ ਖੇਤਰਾਂ ਵਿਚ ਚੌਕਸੀ ਵਧਾ ਦਿੱਤੀ ਹੈ। ਮੁਤਾਬਿਕ ਪਠਾਨਕੋਟ ਚੌਕ ਤੋਂ ਲੈ ਕੇ ਦੁਆਬਾ ਚੌਕ ਤੱਕ ਵੀ ਦੇਰ ਸ਼ਾਮ ਕਿਸੇ ਅਣਸੁਖਾਵੀਂ ਘਟਨਾ ਦੀ ਸ਼ੰਕਾ ਨੂੰ ਦੇਖਦੇ ਹੋਏ ਦੁਕਾਨਾਂ ਬੰਦ ਕਰਨ ਲਈ ਕਹਿ ਦਿੱਤਾ ਗਿਆ ਸੀ। ਪਠਾਨਕੋਟ ਚੌਕ ਵਿਚ ਵੀ ਭੜਕੇ ਲੋਕਾਂ ਨੇ ਜਾਮ ਲਗਾ ਦਿੱਤਾ ਤੇ ਲੰਘਦੀ ਫੌਜ ਦੀ ਗੱਡੀ ਤੋਂ ਇਲਾਵਾ 2 ਬੱਸਾਂ ਤੋਂ ਇਲਾਵਾ 2 ਆਲਟੋ ਕਾਰਾਂ ਵੀ ਅੱਗ ਦੇ ਹਵਾਲੇ ਕਰ ਦਿੱਤੀਆਂ। ਗੱਡੀਆਂ ਨੂੰ ਲੱਗੀ ਅੱਗ ਨੂੰ ਫਾਇਰ ਸੇਵਾ ਦੇ ਬੁਝਾ ਨਹੀਂ ਸਕੇ। ਲੋਕਾਂ ਨੇ ਰਸਤਾ ਰੋਕ ਕੇ ਭਾਰੀ ਨਾਅਰੇਬਾਜ਼ੀ ਕੀਤੀ। ਚੌਕ ਵਿਚ ਲਗਾਏ ਜਾਮ ਕਰਕੇ ਪਠਾਨਕੋਟ ਚੌਕ ਤੋਂ ਲੈ ਕੇ ਵਿਧੀਪੁਰ ਫਾਟਕ ਤੱਕ ਰਸਤਾ ਜਾਮ ਰਿਹਾ। ਹੋਰ ਮਿਲੀ ਜਾਣਕਾਰੀ ਮੁਤਾਬਿਕ ਫੋਕਲ ਪੁਆਇੰਟ ਚੌਕ ਤੇ ਮਿਲਕ ਪਲਾਂਟ ਚੌਕ ਲਾਗੇ ਵੀ ਲੋਕਾਂ ਨੇ ਜਾਮ ਲਗਾ ਕੇ ਵਾਹਨਾਂ ਨੂੰ ਨੁਕਸਾਨ ਪਹੁਚਾਇਆ। ਫੋਕਲ ਪੁਆਇੰਟ ਕੋਲ ਚਾਰ ਬੱਸਾਂ ਨੂੰ ਅੱਗ ਲਗਾ ਦਿੱਤੀ ਗਈ ਜਿਸ ਵਿਚ ਸਿਟੀ ਬੱਸ ਵੀ ਸ਼ਾਮਿਲ ਸੀ। ਵਰਕਸ਼ਾਪ ਚੌਕ ਵਿਚ ਵੀ ਆਟੋ ‘ਤੇ ਪਥਰਾਅ ਕੀਤਾ ਗਿਆ ਤੇ ਦੇਰ ਰਾਤ ਡੀ. ਏ. ਵੀ. ਕਾਲਜ ਫਾਟਕ ਲਾਗੇ ਵੀ ਭੜਕੇ ਲੋਕਾਂ ਨੇ ਇਸ ਘਟਨਾ ਦਾ ਵਿਰੋਧ ਕਰਦੇ ਹੋਏ ਜਾਮ ਲਗਾ ਦਿੱਤਾ ਤੇ ਆਉਣ ਜਾਣ ਵਾਲੇ ਲੋਕਾਂ ਨੂੰ ਰੋਕ ਦਿੱਤਾ ਤੇ ਵਾਪਸ ਭੇਜ ਦਿੱਤਾ। ਮਿਲੀ ਜਾਣਕਾਰੀ ਮੁਤਾਬਿਕ ਗੁਰੂ ਤੇਗ ਬਹਾਦੁਰ ਨਗਰ ਲਾਗੇ ਇਕ ਹੋਟਲ ਪ੍ਰਿਥਵੀ ਪਲੈਨੇਟ ਹੋਟਲ ਦੇ ਬਾਹਰ ਪਹਿਲਾਂ ਟਾਇਰਾਂ ਨੂੰ ਅੱਗ ਲਗਾਈ ਗਈ ਤੇ ਬਾਅਦ ਵਿਚ ਕੁਝ ਲੋਕਾਂ ਨੇ ਹੋਟਲ ਦੇ ਅੰਦਰ ਜਾ ਕੇ ਭੰਨਤੋੜ ਵੀ ਕੀਤੀ।
ਦੁਕਾਨ ਨੂੰ ਅੱਗ
ਜਲੰਧਰ ਛਾਉਣੀ ਵਿਚ ਵੀ ਇਕ ਦੁਕਾਨ ਨੂੰ ਭੜਕੇ ਲੋਕਾਂ ਨੇ ਅੱਗ ਲਗਾ ਦਿੱਤੀ। ਮਿਲੀ ਜਾਣਕਾਰੀ ਮੁਤਾਬਿਕ ਗਨੇਸ਼ ਸਵੀਟ ਸ਼ਾਪ ਲਾਗੇ ਕੁਝ ਲੋਕ ਆਏ ਤੇ ਉਨ੍ਹਾਂ ਨੇ ਭੰਨਤੋੜ ਕਰਦੇ ਹੋਏ ਅੱਗ ਲਗਾ ਦਿੱਤੀ।
ਲੋਕ ਫੋਨ ਕਰਦੇ ਰਹੇ
ਜਲੰਧਰ ਸ਼ਹਿਰ ਵਿਚ ਵਾਪਰੀਆਂ ਹਿੰਸਕ ਘਟਨਾਵਾਂ ਨੂੰ ਲੈ ਕੇ ਅੱਜ ਦਹਿਸ਼ਤ ਰਹੀ ਤੇ ਸਾੜਫੂਕ ਦੀਆਂ ਸੂਚਨਾਵਾਂ ਮਿਲਣ ‘ਤੇ ਸ਼ਹਿਰ ਵਿਚ ਇਕ ਦਮ ਦਹਿਸ਼ਤ ਫੈਲ ਗਈ ਤੇ ਦੇਰ ਰਾਤ ਤੱਕ ਖੁੱਲ੍ਹੀਆਂ ਰਹਿਣ ਵਾਲੀਆਂ ਵੀ ਦੁਕਾਨਾਂ ਬੰਦ ਨੁਕਸਾਨ ਦੀ ਸ਼ੰਕਾ ਤੋਂ ਬੰਦ ਕਰ ਦਿੱਤੀਆਂ ਗਈਆਂ। ਲੋਕ ਹੋਈਆਂ ਘਟਨਾ ਬਾਰੇ ਵੀ ਫੋਨ ਕਰਕੇ ਪਤਾ ਕਰ ਰਹੇ ਸੀ ਕਿ ਸ਼ਹਿਰ ਵਿਚ ਹਿੰਸਕ ਘਟਨਾਵਾਂ ਕਿਉਂ ਹੋ ਰਹੀਆਂ ਹਨ।
ਪੁਲਿਸ ਫੌਰਨ ਹਰਕਤ ‘ਚ
ਹਿੰਸਕ ਘਟਨਾਵਾਂ ਦੀ ਸੂਚਨਾ ਮਿਲਦੇ ਸਾਰ ਹੀ ਜਲੰਧਰ ਦਾ ਪੁਲਿਸ ਪ੍ਰਸ਼ਾਸਨ ਵੀ ਹਰਕਤ ਵਿਚ ਆ ਗਿਆ ਤੇ ਐਸ. ਐਸ. ਪੀ. ਸ੍ਰੀ ਆਰ. ਕੇ. ਜਾਇਸਵਾਲ ਰਵਿਦਾਸ ਚੌਕ ਲਾਗੇ ਹਿੰਸਕ ਘਟਨਾਵਾਂ ਦੀ ਸੂਚਨਾ ਮਿਲਦੇ ਸਾਰ ਹੀ ਕੁਝ ਦੇਰ ਬਾਅਦ ਵੱਡੀ ਗਿਣਤੀ ਵਿਚ ਪੁਲਿਸ ਦੇ ਮੁਲਾਜ਼ਮ ਨਾਲ ਮੌਕੇ ‘ਤੇ ਪੁੱਜ ਗਏ ਜਿਨ੍ਹਾਂ ਹਿੰਸਕ ਘਟਨਾਵਾਂ ਨੂੰ ਰੋਕਣ ਲਈ ਕਾਫੀ ਯਤਨ ਕੀਤਾ। ਸ੍ਰੀ ਜਾਇਸਵਾਲ ਆਪ ਸਾਰੇ ਸ਼ਹਿਰ ਵਿਚ ਫੈਲੀਆਂ ਹਿੰਸਕ ਘਟਨਾਵਾਂ ਦੀ ਪਲ-ਪਲ ਮੋਬਾਈਲ ‘ਤੇ ਜਾਣਕਾਰੀ ਲੈ ਰਹੇ ਸਨ।
ਮੀਡੀਆ ਕਰਮੀਆਂ ਨੂੰ ਰੋਕਿਆ
ਨਕੋਦਰ ਚੌਕ ਵਿਚ ਜਦੋਂ ਭੜਕੇ ਲੋਕਾਂ ਨੇ ਸੜਕ ਜਾਮ ਕੀਤੀ ਸੀ ਤਾਂ ਮੀਡੀਆ ਕਰਮੀ ਵੀ ਭੜਕੇ ਲੋਕਾਂ ਦੇ ਗੁੱਸੇ ਦਾ ਸ਼ਿਕਾਰ ਹੋ ਗਏ ਤੇ ਤਸਵੀਰਾਂ ਲੈ ਰਹੇ ਇਕ ਫੋਟੋਗਰਾਫਰ ਦੇ ਕੈਮਰੇ ਨੂੰ ਵੀ ਨੁਕਸਾਨ ਪੁੱਜਾ ਜਦਕਿ ਬਿਜਲਈ ਮੀਡੀਆ ਦੇ ਲੋਕਾਂ ਨੂੰ ਵੀ ਗੁੱਸੇ ਦਾ ਸਾਹਮਣਾ ਕਰਨਾ ਪਿਆ। ਮੀਡੀਆ ਕਰਮੀ ਮੌਕੇ ‘ਤੇ ਘਟਨਾ ਦੀ ਕਵਰੇਜ ਕਰਨ ਲਈ ਗਏ ਸਨ।
ਗੱਡੀਆਂ ਸਾੜੀਆਂ
ਮਕਸੂਦਾਂ ਥਾਣੇ ਦੇ ਅਧੀਨ ਆਉਂਦੇ ਖੇਤਰ ਨੂਰਪੁਰ ਵਿਖੇ ਕੁਝ ਗੱਡੀਆਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ। ਜਿਸ ਕਾਰਨ ਕਾਫੀ ਮਾਲੀ ਨੁਕਸਾਨ ਦੀ ਸੂਚਨਾ ਪ੍ਰਾਪਤ ਹੋਈ ਹੈ। ਇਸੇ ਤਰ੍ਹਾਂ ਹੀ ਭੜਕੇ ਹੋਏ ਲੋਕਾਂ ਨੇ ਜਲੰਧਰ ਛਾਉਣੀ ਸਥਿਤ ਇਕ ਚੂੰਗੀ ਦੇ ਖੋਖੇ ਨੂੰ ਅੱਗ ਲਗਾ ਦਿੱਤੀ ਤੇ ਕੁਝ ਰੇਲ ਗੱਡੀਆਂ ਨੂੰ ਵੀ ਨੁਕਸਾਨ ਪਹੁੰਚਾਇਆ। ਇਹ ਵੀ ਜਾਣਕਾਰੀ ਮਿਲੀ ਹੈ ਕਿ ਭਾਰਗੋ ਕੈਂਪ ਚੌਕੀ ਦੇ ਨੇੜੇ ਸਥਿਤ ਇਕ ਸ਼ਰਾਬ ਦੇ ਠੇਕੇ ਦਾ ਸ਼ਟਰ ਤੋੜ ਕੇ ਚੰਗੀ ਭੰਨਤੋੜ ਕੀਤੀ ਗਈ ਤੇ ਕੁਝ ਦੂਰੀ ‘ਤੇ ਹੀ ਸਥਿਤ ਪ੍ਰਿਥਵੀ ਪਲੈਨਟ ਨਾਂਅ ਦੇ ਇਕ ਰੈਸਟੋਰੈਂਟ ਦੇ ਬਾਹਰ ਖੜੀਆਂ ਕੁਝ ਗੱਡੀਆਂ ਨੂੰ ਵੀ ਭੜਕੇ ਹੋਏ ਲੋਕਾਂ ਵੱਲੋਂ ਅੱਗ ਦੇ ਹਵਾਲੇ ਕਰ ਦਿੱਤਾ ਗਿਆ। ਇਸੇ ਤਰ੍ਹਾਂ ਹੀ ਪਠਾਨਕੋਟ ਰੋਡ ‘ਤੇ ਸਥਿਤ ਜਨਤਾ ਹਸਪਤਾਲ ‘ਤੇ ਪੱਥਰਾਓ ਕਰਦੇ ਹੋਏ ਕਾਫੀ ਨੁਕਸਾਨ ਪਹੁੰਚਾਇਆ ਗਿਆ। ਦੇਰ ਰਾਤ ਤੱਕ ਪੂਰੇ ਸ਼ਹਿਰ ਵਿਚ ਕਰਫਿਊ ਲੱਗਾ ਹੋਣ ਕਾਰਨ ਹਾਲਾਤ ਕਾਫੀ ਤਣਾਅਪੂਰਨ ਬਣੇ ਹੋਏ ਸਨ ਤੇ ਪੁਲਿਸ ਪਾਰਟੀਆਂ ਲਗਾਤਾਰ ਸਾਰੇ ਸ਼ਹਿਰ ‘ਚ ਗਸ਼ਤ ਕਰ ਰਹੀਆਂ ਸਨ। ਇਹ ਵੀ ਜਾਣਕਾਰੀ ਮਿਲੀ ਹੈ ਕਿ ਕਰਫਿਊ ਦੀ ਸੂਚਨਾ ਤੋਂ ਬਾਅਦ ਬੀ. ਐਸ. ਐਫ. ਦੇ ਜਵਾਨਾਂ ਵੱਲੋਂ ਨਕੋਦਰ ਚੌਕ ਤੋਂ ਲੈ ਕੇ ਰਵਿਦਾਸ ਚੌਕ ਤੱਕ ਫਲੈਗ ਮਾਰਚ ਕੀਤਾ ਗਿਆ।
ਨਕੋਦਰ ਰੋਡ ‘ਤੇ ਰੋਸ ਧਰਨਾ ਦਿੱਤਾ
ਜਲੰਧਰ ਤੋਂ ਪ੍ਰਿਤਪਾਲ ਸਿੰਘ ਅਨੁਸਾਰ ਜਿਊਂ ਹੀ ਅਸਟਰੀਆ ਦੀ ਰਾਜਧਾਨੀ ਵਿਆਨਾ ਵਿਚ ਡੇਰਾ ਸੱਚਖੰਡ ਬੱਲਾਂ ਦੇ ਮਹਾਂਪੁਰਸ਼ਾਂ ਸੰਤ ਨਿਰੰਜਨ ਦਾਸ ਤੇ ਸੰਤ ਰਾਮਾਨੰਦ ‘ਤੇ ਹਮਲੇ ਦੀ ਖ਼ਬਰ ਆਈ ਜਲੰਧਰ ਵਿਚ ਉਨ੍ਹਾਂ ਦੇ ਸ਼ਰਧਾਲੂਆਂ ਨੇ ਰੋਸ ਵਜੋਂ ਸੜਕਾਂ ‘ਤੇ ਧਰਨੇ ਮਾਰ ਕੇ ਆਵਾਜਾਈ ਠੱਪ ਕਰ ਦਿੱਤੀ। ਭਾਰਗਵ ਚੌਕ ਵਿਚ ਬਸਪਾ ਨੇਤਾ ਸ੍ਰੀ ਅਸ਼ੋਕ ਚਾਂਦਲਾ ਅਤੇ ਪੀ. ਡੀ. ਸ਼ਾਂਤ ਦੀ ਅਗਵਾਈ ਵਿਚ ਸੰਗਤਾਂ ਨੇ ਰੋਸ ਵਜੋਂ ਧਰਨਾ ਦਿੱਤਾ। ਉਹ ਦੋਸ਼ੀਆਂ ਦੀ ਗ੍ਰਿਫ਼ਤਾਰੀ ਦੀ ਮੰਗ ਕਰ ਰਹੇ ਸਨ। ਉਨ੍ਹਾਂ ਸੰਗਤਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ। ਪੁਲਿਸ ਨੇ ਗਸ਼ਤ ਵਧਾ ਦਿੱਤੀ ਹੈ। ਰਾਤ ਨੂੰ ਚਹੇੜੂ ਲਾਗੇ ਵਾਹਨਾਂ ‘ਚ ਫਸੇ ਲੋਕਾਂ ‘ਚੋਂ ਕਿਸੇ ਦੇ ਆਏ ‘ਅਜੀਤ’ ‘ਚ ਟੈਲੀਫੋਨ ਤੋਂ ਇਹ ਦੱਸਿਆ ਗਿਆ ਕਿ ਉਥੇ 20-25 ਤੋਂ ਵੱਧ ਵਾਹਨ ਸੜਕਾਂ ‘ਤੇ ਫਸੇ ਹੋਏ ਹਨ ਤੇ ਗੁੱਸੇ ‘ਚ ਆਏ ਲੋਕਾਂ ਨੇ ਕਈ ਵਾਹਨਾਂ ਦੀ ਭੰਨਤੋੜ ਕੀਤੀ ਹੈ। ਅੱਧੀ ਰਾਤ ਦੀ ਸੂਚਨਾ ਅਨੁਸਾਰ ਚਹੇੜੂ ਕੋਲ ਖੜ੍ਹੀ ਇਕ ਬੱਸ ਨੂੰ ਅੱਗ ਲਗਾ ਦਿੱਤੀ ਗਈ। ਬਹੁਤ ਸਾਰੀਆਂ ਕਾਰਾਂ ਦੀ ਵੀ ਭੰਨਤੋੜ ਕੀਤੀ ਗਈ। ਇਹ ਪਤਾ ਲੱਗਾ ਹੈ ਕਿ ਲਗਭਗ 80 ਯਾਤਰੀਆਂ ਨੇ ਗੁਰਦੁਆਰਾ ਸਿੰਘ ਸਭਾ ਕੈਂਟ (ਛਾਉਣੀ) ਵਿਖੇ ਪਨਾਹ ਲੈ ਲਈ ਹੈ। ਇਸ ਦੌਰਾਨ ਜਦੋਂ ਰਾਮਾਂ ਮੰਡੀ ਚੌਕ ਲਾਗੇ ਪਠਾਨਕੋਟ ਰੋਡਵੇਜ਼ ਦੇ ਜੀ. ਐਮ. ਨੂੰ ਯਾਤਰੀਆਂ ਲਈ ਟਰੈਫਿਕ ਖੁੱਲ੍ਹਣ ‘ਤੇ ਬੱਸ ਮੁਹੱਈਆ ਕਰਵਾਉਣ ਲਈ ਕਿਹਾ ਤਾਂ ਉਨ੍ਹਾਂ ਕੋਈ ਹੁੰਗਾਰਾ ਨਾ ਭਰਿਆ।
ਗੱਡੀਆਂ ਰਸਤੇ ‘ਚ ਰੋਕੀਆਂ
ਜਲੰਧਰ, 24 ਮਈ (ਮਦਨ ਭਾਰਦਵਾਜ)-ਰਾਮ ਨਗਰ ਰੇਲਵੇ ਫਾਟਕ ‘ਤੇ ਭੜਕੇ ਲੋਕਾਂ ਨੇ ਜਲੰਧਰ-ਅੰਮ੍ਰਿਤਸਰ ਲਾਈਨ ‘ਤੇ ਟਾਇਰ ਸਾੜ ਕੇ ਸੁੱਟ ਦਿੱਤਾ ਤੇ ਕੁਝ ਲੋਕਾਂ ਦੀ ਮਾਰਕੁੱਟ ਵੀ ਕੀਤੀ। ਸਟੇਸ਼ਨ ਸੁਪਰਡੈਂਟ, ਅਸ਼ੋਕ ਕੁਮਾਰ ਅਨੁਸਾਰ ਦਿੱਲੀ ਤੋਂ ਅੰਮ੍ਰਿਤਸਰ ਜਾਣ ਵਾਲੀ ਸ਼ਤਾਬਦੀ, ਜੋ ਕਿ ਜਲੰਧਰ ਸ਼ਾਮ 9.30 ਵਜੇ ਪਹੁੰਚਦੀ ਹੈ, ਨੂੰ ਹਾਲਾਤ ਦੇਖਦੇ ਹੋਏ ਜਲੰਧਰ ਸਟੇਸ਼ਨ ‘ਤੇ ਰੋਕਿਆ ਗਿਆ ਹੈ। ਜੰਮੂ ਮੇਲ ਨੂੰ ਵੀ ਜਲੰਧਰ ਸਟੇਸ਼ਨ ‘ਤੇ ਹੀ ਰੋਕ ਲਿਆ ਗਿਆ ਹੈ। ਜਲੰਧਰ ਕੈਂਟ ਸਟੇਸ਼ਨ ‘ਤੇ ਭੜਕੀ ਭੀੜ ਨੇ ਡੀ. ਐਮ. ਯੂ. ‘ਤੇ ਪਥਰਾਓ ਕੀਤਾ ਅਤੇ ਸਟਾਲਾਂ ਨੂੰ ਵੀ ਨੁਕਸਾਨ ਪਹੁੰਚਾਇਆ। ਇਸ ਤੋਂ ਇਲਾਵਾ ਹੋਰ ਵੀ ਗੱਡੀਆਂ ਰੋਕੀਆਂ ਜਾ ਸਕਦੀਆਂ ਹਨ। ਇਸੇ ਦੌਰਾਨ ਅੰਮ੍ਰਿਤਸਰ ਤੋਂ ਆਉਣ ਵਾਲੀ ਬਿਆਸ ਸਪੈਸ਼ਲ ਗੱਡੀ ਨੂੰ ਸੂਰਾਨੁੱਸੀ ਰੋਕ ਲਿਆ ਗਿਆ ਹੈ। ਅੰਮ੍ਰਿਤਸਰ ਤੋਂ ਚੱਲਣ ਵਾਲੀ ਫਰੰਟੀਅਰ ਮੇਲ ਬਿਆਸ ਰੋਕ ਲਈ ਗਈ ਹੈ। ਅੰਮ੍ਰਿਤਸਰ ਤੋਂ ਜਲੰਧਰ 2 ਜੇ. ਏ. ਗੱਡੀ ਮਾਨਾਂਵਾਲਾ ਖੜ੍ਹੀ ਕਰ ਦਿੱਤੀ ਗਈ ਹੈ। ਅੰਮ੍ਰਿਤਸਰ ਤੋਂ ਦਿੱਲੀ ਤੋਂ ਅੰਮ੍ਰਿਤਸਰ ਆਉਣ ਵਾਲੀਆਂ ਸਾਰੀਆਂ ਗੱਡੀਆਂ ਰਸਤੇ ‘ਚ ਹੀ ਰੋਕ ਲਈਆਂ ਗਈਆਂ ਹਨ ਅਤੇ ਹਾਲਾਤ ਸੁਖਾਵੇਂ ਹੋਣ ਤੋਂ ਬਾਅਦ ਹੀ ਚਲਾਈਆਂ ਜਾਣਗੀਆਂ।
ਪੁਲਿਸ ਦੀ ਗੱਡੀ ਤੇ ਮੋਟਰ ਸਾਈਕਲ ਸਾੜੇ
ਜਲੰਧਰ ਛਾਉਣੀ ਤੋਂ ਜਸਪਾਲ ਸਿੰਘ ਅਨੁਸਾਰ ਅਸਟਰੀਆ ਵਿਖੇ ਵਾਪਰੀ ਗੋਲੀ ਚੱਲਣ ਦੀ ਘਟਨਾ ਦੇ ਵਿਰੋਧ ‘ਚ ਇਕ ਸਮੁਦਾਏ ਦੇ ਭੜਕੇ ਹੋਏ ਨੌਜਵਾਨਾਂ ਦੀ ਭੀੜ ਨੇ ਰਾਮਾਮੰਡੀ ਚੌਕ ਵਿਖੇ ਪੁਲਿਸ ਦੀ ਇਕ ਨੀਲੀ ਬੱਤੀ ਲੱਗੀ ਸਰਕਾਰੀ ਗੱਡੀ, ਪੀ.ਸੀ.ਆਰ. ਦੇ ਮੋਟਰ ਸਾਈਕਲਾਂ ਅਤੇ ਇਕ ਸਕੂਟਰ ਨੂੰ ਸਾੜਨ ਤੋਂ ਇਲਾਵਾ ਜਲੰਧਰ ਛਾਉਣੀ ਰੇਲਵੇ ਸਟੇਸ਼ਨ ਦੇ ਬੁਕਿੰਗ ਕਾਊਂਟਰ, ਚੌਕੀ ਜੀ.ਆਰ.ਪੀ. ਅਤੇ ਪਲੇਟ ਫਾਰਮਾਂ ‘ਤੇ ਲੱਗੀਆਂ ਦੁਕਾਨਾਂ ਦੀ ਭਾਰੀ ਤੋੜ-ਭੰਨ ਕੀਤੀ ਗਈ। ਇਸ ਮੌਕੇ ਭੀੜ ਨੇ ਸਟੇਸ਼ਨ ‘ਤੇ ਡੀ.ਐਮ.ਯੂ. ਅਤੇ ਫਲਾਇੰਗ ਮੇਲ ਗੱਡੀ ‘ਤੇ ਵੀ ਪਥਰਾਓ ਕੀਤਾ ਤੇ ਤੋੜ-ਭੰਨ੍ਹ ਕੀਤੀ। ਇਸੇ ਤਰ੍ਹਾਂ ਸਟੇਸ਼ਨ ਦੇ ਬਾਹਰ ਸਥਿਤ ਕੈਂਟ ਬੋਰਡ ਦੇ ਚੁੰਗੀ ਨਾਕੇ ਅਤੇ ਰਾਮਾ ਮੰਡੀ ਚੌਕ ‘ਚ ਬਣੇ ਪੁਲਿਸ ਦੇ ਬੀਟ ਬੋਕਸ ਨੂੰ ਵੀ ਭੀੜ ਵੱਲੋਂ ਤਹਿਸ-ਨਹਿਸ ਕਰ ਦਿੱਤਾ ਗਿਆ। ਇਹ ਭੀੜ ਰਾਮਾ ਮੰਡੀ (ਕਾਕੀ ਪਿੰਡ) ਤੋਂ ਇਕੱਠੀ ਹੋ ਕੇ ਦੁਕਾਨਾਂ ਤੇ ਰੇਹੜੀਆਂ ਦੀ ਭੰਨ-ਤੋੜ ਕਰਦੀ ਹੋਈ ਰਾਮਾ ਮੰਡੀ ਚੌਕ ਵਿਖੇ ਪੁੱਜੀ, ਜਿਥੇ ਉਨ੍ਹਾਂ ਸਭ ਤੋਂ ਪਹਿਲਾਂ ਥਾਣਾ ਮੁਖੀ ਧਰਮਪਾਲ ਦੀ ਗੱਡੀ ਨੂੰ ਅੱਗ ਲਗਾਈ, ਉਸ ਤੋਂ ਬਾਅਦ ਉਨ੍ਹਾਂ ਪੀ.ਸੀ.ਆਰ. ਦੇ ਦੋ ਮੋਟਰ ਸਾਈਕਲ ਤੇ ਇਕ ਸਕੂਟਰ ਨੂੰ ਅੱਗ ‘ਚ ਭੇਟ ਕਰ ਦਿੱਤਾ। ਭੀੜ ਨੇ ਸਟੇਸ਼ਨ ਦੀ ਭਾਰੀ ਤੋੜ-ਫੋੜ ਕਰਕੇ ਤਹਿਸ-ਨਹਿਸ ਕਰ ਦਿੱਤਾ। ਚੌਕੀ ਜੀ.ਆਰ.ਪੀ. ਦੇ ਮੁਲਾਜ਼ਮ ਚੌਕੀ ਛੱਡ ਕੇ ਭੱਜ ਗਏ ਤੇ ਭੀੜ ਨੇ ਚੌਕੀ ਨੂੰ ਵੀ ਆਪਣਾ ਨਿਸ਼ਾਨਾ ਬਣਾਇਆ।
ਫਿਲੌਰ ‘ਚ ਜਾਮ
ਫਿਲੌਰ ਤੋਂ ਸਤਿੰਦਰ ਸ਼ਰਮਾ ਅਨੁਸਾਰ ਇਥੇ ਲੋਕਾਂ ਨੇ ਵਿਆਨਾ ‘ਚ ਬੱਲਾਂ ਵਾਲੇ ਸੰਤਾਂ ‘ਤੇ ਕੀਤੇ ਹਮਲੇ ਵਿਰੁੱਧ ਰੋਸ ਮਾਰਚ ਕੀਤਾ। ਇਸ ਮੌਕੇ ਪਹੁੰਚੀ ਪੁਲਿਸ ਫੋਰਸ ਨੇ ਸਥਿਤੀ ‘ਤੇ ਕਾਬੂ ਪਾਉਣ ਲਈ ਪੁਖ਼ਤਾ ਇੰਤਜ਼ਾਮ ਕੀਤੇ।
ਲੁਧਿਆਣਾ ‘ਚ ਬੱਸ ਸਾੜੀ
ਲੁਧਿਆਣਾ ਤੋਂ ਪਰਮਿੰਦਰ ਸਿੰਘ ਆਹੂਜਾ ਅਨੁਸਾਰ ਬਸਤੀ ਜੋਧੇਵਾਲ ਚੌਕ ਵਿਚ ਧਰਨਾ ਦੇ ਕੇ ਸੜਕ ‘ਤੇ ਜਾਮ ਲੱਗਾ ਦਿੱਤਾ। ਅੱਜ ਰਾਤ 10.30 ਵਜੇ ਦੇ ਕਰੀਬ ਰੋਹ ਵਿਚ ਆਏ ਲੋਕ ਬਸਤੀ ਜੋਧੇਵਾਲ ਚੌਕ ਵਿਚ ਇਕੱਠੇ ਹੋਏ ਅਤੇ ਉਥੇ ਧਰਨਾ ਦੇ ਕੇ ਸੜਕ ‘ਤੇ ਜਾਮ ਲਗਾ ਦਿੱਤਾ। ਇਹ ਪ੍ਰਦਰਸ਼ਨਕਾਰੀ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕਰ ਰਹੇ ਹਨ। ਸੜਕ ‘ਤੇ ਦਿੱਤੇ ਇਸ ਧਰਨੇ ਕਾਰਨ ਦਿੱਲੀ ਤੋਂ ਲੁਧਿਆਣਾ ਜਾਣ ਵਾਲੇ ਵਾਹਨਾਂ ਦੀ ਲੰਬੀ ਕਤਾਰ ਸੜਕ ‘ਤੇ ਲੱਗ ਗਈ ਜਿਸ ਕਾਰਨ ਪੁਲਿਸ ਵੱਲੋਂ ਜਲੰਧਰ ਬਾਈਪਾਸ ਤੋਂ ਆਵਾਜਾਈ ਬੰਦ ਕਰ ਦਿੱਤੀ ਸੀ। ਇਸ ਤੋਂ ਕੁਝ ਸਮਾਂ ਪਹਿਲਾਂ ਪੁਲਿਸ ਨੇ ਸਲੇਮ ਟਾਬਰੀ, ਜੋਧੇਵਾਲ ਬਸਤੀ ਅਤੇ ਆਸਪਾਸ ਦੇ ਇਲਾਕਿਆਂ ਵਿਚ ਫਲੈਗ ਮਾਰਚ ਕੀਤਾ। ਭੜਕੇ ਹੋਏ ਇਨ੍ਹਾਂ ਲੋਕਾਂ ਨੇ ਸੜਕ ‘ਤੇ ਟਾਇਰ ਸਾੜ ਕੇ ਪ੍ਰਦਰਸ਼ਨ ਕੀਤਾ। ਸੂਚਨਾ ਮਿਲਦੇ ਸਾਰ ਹੀ ਭਾਰੀ ਪੁਲਿਸ ਫੋਰਸ ਉਥੇ ਤਾਇਨਾਤ ਕੀਤੀ ਗਈ ਸੀ। ਜਲੰਧਰ ਬਾਈਪਾਸ ‘ਤੇ ਭੜਕੀ ਭੀੜ ਨੇ ਰੋਡਵੇਜ਼ ਦੀ ਬੱਸ ਸਾੜ ਦਿੱਤੀ।
ਆਵਾਜਾਈ ਰੋਕੀ
ਕਰਤਾਰਪੁਰ ਤੋਂ ਕਾਹਲੋਂ ਅਨੁਸਾਰ ਵਿਆਨਾ ਘਟਨਾ ਵਿਰੁੱਧ ਰੋਸ ਪ੍ਰਗਟਾਉਂਦੇ ਹੋਏ ਕੌਮੀ ਮਾਰਗ ਦੇ ਵੱਖ ਵੱਖ ਥਾਂਵਾਂ ‘ਤੇ ਜਾਮ ਲਾ ਕੇ ਆਵਾਜਾਈ ਰੋਕੀ ਗਈ ਗੱਡੀਆਂ ਦੀ ਭੰਨ ਤੋੜ ਵੀ ਕੀਤੀ ਗਈ। ਕਰਤਾਰਪੁਰ ਦੇ ਮੁੱਖ ਚੌਕ ‘ਚ ਪੌਣੇ ਅੱਠ ਵਜੇ ਲਾਇਆ ਗਿਆ ਜਾਮ ਕਰੀਬ ਦੋ ਘੰਟੇ ਰਿਹਾ ਤੇ ਡੇਰਾ ਬੱਲਾਂ ਦੇ ਸ਼ਰਧਾਲੂਆਂ ਵੱਲੋਂ ਚੌਕ ‘ਚ ਅੱਗ ਬਾਲ ਕੇ ਗੋਲੀ ਕਾਂਡ ਵਿਰੁੱਧ ਸਖਤ ਨਾਅਰੇਬਾਜ਼ੀ ਕੀਤੀ ਗਈ। ਕਰੀਬ ਦੋ ਘੰਟੇ ਬਾਅਦ ਥਾਣਾ ਮੁਖੀ ਸੁਖਜੀਤ ਸਿੰਘ ਨੇ ਰੋਸ ਵਿਖਾਵਾ ਕਾਰੀਆਂ ਨੂੰ ਸਮਝਾ ਬੁੱਝਾ ਕੇ ਰਸਤਾ ਖੁਲਵਾਇਆ।
ਬੱਸ ਸਾੜੀ
ਹੁਸ਼ਿਆਰਪੁਰ ਤੋਂ ਹਰਪ੍ਰੀਤ ਅਨੁਸਾਰ ਵਿਆਨਾ ਵਿਖੇ ਹੋਈ ਘਟਨਾ ਦੇ ਰੋਸ ਵਿਚ ਭੜਕੇ ਹੋਏ ਲੋਕਾਂ ਨੇ ਰਾਤ ਇਕ ਬੱਸ ਨੂੰ ਅੱਗ ਲਗਾ ਦਿੱਤੀ ਅਤੇ ਸ਼ਹਿਰ ਦੇ ਕਈ ਥਾਵਾਂ ‘ਤੇ ਮੁਜ਼ਾਹਰੇ ਕੀਤੇ। ਐਸ. ਐਸ. ਪੀ. ਪ੍ਰਮੋਦ ਬਾਨ ਅਤੇ ਹੋਰ ਅਧਿਕਾਰੀ ਲਗਾਤਾਰ ਹਾਲਾਤ ‘ਤੇ ਨਜ਼ਰ ਰੱਖ ਰਹੇ ਸਨ।
ਚੱਕਾ ਜਾਮ ਕੀਤਾ
ਮੇਹਲੀ ਤੋਂ ਮਨਦੀਪ ਸਿੰਘ ਅਨੁਸਾਰ ਕੁਝ ਵਿਅਕਤੀਆਂ ਨੇ ਇਕ ਪੰਜਾਬ ਰੋਡਵੇਜ਼ ਦੀ ਬੱਸ ਨੰਬਰ ਪੀ. ਬੀ. 32 ਐਫ 0382 ਜੋ ਕਿ ਚੰਡੀਗੜ੍ਹ ਤੋਂ ਜਲੰਧਰ ਨੂੰ ਜਾ ਰਹੀ ਸੀ, ਦੇ ਸ਼ੀਸ਼ੇ ਵੀ ਭੰਨ ਦਿੱਤੇ ਪਰ ਸਵਾਰੀਆਂ ਦੇ ਸੱਟ ਚੋਟ ਨਹੀਂ ਲੱਗੀ।
ਅਜੀਤ ਜਲੰਧਰ 20090525
2) ਡੇਰੇ ਅਤੇ ਬਾਦਲ ਵਲੋਂ ਅਪੀਲਾਂ, ਪਰ ਕਿਸ ਚੀਜ਼ ਲਈ?