ਪੰਜਾਬ 'ਚ ਹਿੰਸਾ ਦਾ ਦੌਰ ਜਾਰੀ - ਇਕ ਹੋਰ ਮੌਤ

ਕਈ ਥਾਈਂ ਭੰਨ-ਤੋੜ ਅਤੇ ਸਾੜ-ਫੂਕ, ਸਥਿਤੀ ਤਣਾਅਪੂਰਨ

ਚੰਡੀਗੜ੍ਹ, 26 ਮਈ (ਏਜੰਸੀਆਂ ਰਾਹੀਂ)-ਵਿਆਨਾ ਵਿਚ ਸੱਚਖੰਡ ਡੇਰਾ ਬੱਲਾਂ ਵਾਲੇ ਸੰਤਾਂ 'ਤੇ ਹੋਏ ਹਮਲੇ ਪਿੱਛੋਂ ਪੰਜਾਬ ਵਿਚ ਫੈਲੀ ਹਿੰਸਾ ਰੁਕਣ ਦਾ ਨਾਂਅ ਨਹੀਂ ਲੈ ਰਹੀ। ਬੀਤੀ ਰਾਤ ਜਲੰਧਰ ਵਿਚ ਇਕ ਪ੍ਰਦਰਸ਼ਨਕਾਰੀ ਮਾਰਿਆ ਗਿਆ ਅਤੇ ਮਲੋਟ ਵਿਚ ਹਿੰਸਾ ਪਿੱਛੋਂ ਕਰਫਿਊ ਲਾ ਦਿੱਤਾ ਗਿਆ ਹੈ। ਸੂਬੇ ਵਿਚ ਕੁਝ ਥਾਂਵਾਂ 'ਤੇ ਸਥਿਤੀ 'ਚ ਸੁਧਾਰ ਨੂੰ ਦੇਖਦੇ ਹੋਏ ਕਰਫਿਊ ਵਿਚ ਢਿੱਲ ਦਿੱਤੀ ਗਈ। ਉਧਰ ਹਿਮਾਚਲ ਸਰਕਾਰ ਨੇ ਪੰਜਾਬ ਆਉਣ ਵਾਲੀਆਂ ਬੱਸਾਂ ਦੀਆਂ ਸੇਵਾਵਾਂ ਹਾਲ ਦੀ ਘੜੀ ਬੰਦ ਕਰ ਦਿੱਤੀਆਂ ਹਨ। ਹਰਿਆਣਾ ਵਿਚ ਵੀ ਕੁਝ ਥਾਈਂ ਹਿੰਸਾ ਹੋਣ ਦੀ ਖ਼ਬਰ ਹੈ।

ਮੁਜ਼ਾਹਰਾਕਾਰੀ ਦੀ ਮੌਤ
ਜਲੰਧਰ (ਮਨਵੀਰ ਸਿੰਘ ਵਾਲੀਆ, ਜਸਪਾਲ ਸਿੰਘ)-ਬੀਤੀ ਦੇਰ ਰਾਤ ਜਲੰਧਰ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਕੌਂਸਲਰ ਬਲਬੀਰ ਸਿੰਘ ਬਿੱਟੂ ਵੱਲੋਂ ਕਥਿਤ ਰੂਪ ਵਿਚ ਸਵੈ ਰੱਖਿਆ ਲਈ ਚਲਾਈ ਗੋਲੀ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ। ਪੁਲਿਸ ਨੇ ਦੱਸਿਆ ਕਿ ਬੀਤੀ ਦੇਰ ਭੀੜ ਨੇ 11 ਨੰਬਰ ਵਾਰਡ ਦੇ ਕੌਂਸਲਰ ਬਲਬੀਰ ਸਿੰਘ ਬਿੱਟੂ 'ਤੇ ਹਮਲਾ ਕਰਕੇ ਉਸ ਦੀ ਕਾਰ ਸਾੜ ਦਿੱਤੀ। ਇਸ ਪਿੱਛੋਂ ਉਸ ਵਲੋਂ ਸਵੈ ਰੱਖਿਆ ਲਈ ਚਲਾਈ ਗੋਲੀ ਨਾਲ ਇਕ ਮੁਜ਼ਾਹਰਾਕਾਰੀ ਵਿਜੇ ਕੁਮਾਰ ਵਾਸੀ ਢਿਲਵਾਂ ਮਾਰਿਆ ਗਿਆ। ਇਸੇ ਦੌਰਾਨ ਸ਼ਹਿਰ ਦੇ ਭਾਰਗੋ ਕੈਂਪ ਨਾਲ ਲਗਦੇ ਨਿਊ ਸੁਰਾਜ ਗੰਜ ਮੁਹੱਲੇ ਵਿਚ ਇਕ ਬਜ਼ੁਰਗ ਔਰਤ ਦੀ ਪੁਲਿਸ ਕਾਰਵਾਈ ਦੌਰਾਨ ਮੌਤ ਹੋ ਗਈ। ਪੁਲਿਸ ਅਨੁਸਾਰ ਔਰਤ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਜਦਕਿ ਉਸ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਿ ਉਸ ਦੀ ਮੌਤ ਪੁਲਿਸ ਵਲੋਂ ਧੱਕਾ ਦੇਣ ਨਾਲ ਹੋਈ ਹੈ।

ਅਧਿਕਾਰੀਆਂ ਨੇ ਦੱਸਿਆ ਕਿ ਸਥਿਤੀ ਤਣਾਅਪੂਰਨ ਪਰ ਕਾਬੂ ਹੇਠ ਹੈ। ਪੁਲਿਸ ਅਤੇ ਫ਼ੌਜ ਦੇ ਜਵਾਨ ਕਰਫਿਊ ਹੇਠਲੇ ਸ਼ਹਿਰਾਂ ਜਲੰਧਰ, ਲੁਧਿਆਣਾ, ਫਗਵਾੜਾ ਅਤੇ ਹੁਸ਼ਿਆਰਪੁਰ ਵਿਚ ਗਸ਼ਤ ਕਰ ਰਹੇ ਹਨ। ਜਲੰਧਰ ਦੇ ਡਿਪਟੀ ਕਮਿਸ਼ਨਰ ਏ ਐਸ ਪੰਨੂ ਨੇ ਦੱਸਿਆ ਕਿ ਸ਼ਹਿਰ ਵਿਚ ਸਵੇਰੇ 8 ਵਜੇ ਤੋਂ 10 ਵਜੇ ਤਕ ਕਰਫਿਊ ਵਿਚ ਢਿੱਲ ਦਿੱਤੀ ਗਈ ਤਾਂ ਜੋ ਲੋਕ ਜ਼ਰੂਰੀ ਵਸਤਾਂ ਦੀ ਖਰੀਦ ਕਰ ਸਕਣ। ਫਗਵਾੜਾ ਹੁਸ਼ਿਆਰਪੁਰ ਸੜਕ 'ਤੇ ਸਥਿਤ ਸਬਜ਼ੀ ਮੰਡੀ ਖੇਤਰ ਵਿਚ 4 ਖੋਖਿਆਂ ਨੂੰ ਅੱਗ ਲਗਾ ਦਿੱਤੀ।

ਇਸੇ ਦੌਰਾਨ ਬੀਤੀ ਰਾਤ ਇਸੇ ਸੜਕ 'ਤੇ ਇਥੋਂ 5 ਕਿਲੋਮੀਟਰ ਦੂਰ ਸਥਿਤ ਪਿੰਡ ਖਾਟੀ ਵਿਚ ਮਾਰਕਫੈੱਡ ਦੇ ਚੇਅਰਮੈਨ ਸ: ਜਰਨੈਲ ਸਿੰਘ ਵਾਹਦ ਦੇ ਫਾਰਮ ਹਾਊਸ ਵਿਚ ਪਏ ਲਗਪਗ 4 ਕਰੋੜ ਰੁਪਏ ਦੇ ਬਾਲਣ ਨੂੰ ਅੱਗ ਹਵਾਲੇ ਕਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿਚੋਂ ਲੰਘ ਰਿਹਾ ਕੌਮੀ ਮਾਰਗ ਆਵਾਜਾਈ ਲਈ ਖੋਲ੍ਹ ਦਿੱਤਾ ਗਿਆ ਹੈ ਅਤੇ ਜਲੰਧਰ-ਜੰਮੂ ਰੇਲ ਮਾਰਗ ਵੀ ਆਵਾਜਾਈ ਲਈ ਖੋਲ੍ਹ ਦਿੱਤਾ ਗਿਆ ਹੈ। ਡੀ. ਸੀ. ਕਪੂਰਥਲਾ ਅਨੁਸਾਰ ਫਗਵਾੜਾ ਵਿਚ ਸਵੇਰੇ 6 ਵਜੇ ਤੋਂ 3 ਘੰਟੇ ਲਈ ਕਰਫ਼ਿਊ 'ਚ ਢਿੱਲ ਦਿੱਤੀ ਜਾਵੇਗੀ।

ਕੌਂਸਲਰ ਬਿੱਟੂ ਅਤੇ ਸਾਥੀਆਂ 'ਤੇ ਕੇਸ ਦਰਜ
ਬੀਤੀ ਰਾਤ ਪਿੰਡ ਢਿੱਲਵਾਂ ਵਿਖੇ ਵਾਪਰੀ ਗੋਲੀ ਚੱਲਣ ਦੀ ਘਟਨਾ 'ਚ ਮਾਰੇ ਗਏ ਨੌਜਵਾਨ ਵਿਜੇ ਕੁਮਾਰ ਪੁੱਤਰ ਯਸ਼ਪਾਲ ਦੀ ਮੌਤ ਦੇ ਸਬੰਧ 'ਚ ਥਾਣਾ ਸਦਰ ਦੀ ਪੁਲਿਸ ਨੇ ਧਾਰਾ 302 ਤਹਿਤ ਵਾਰਡ ਨੰਬਰ-11 ਦੇ ਕੌਂਸਲਰ ਸ੍ਰੀ ਬਲਬੀਰ ਸਿੰਘ ਬਿੱਟੂ ਅਤੇ ਉਸਦੇ ਸਾਥੀਆਂ 'ਤੇ ਕੇਸ ਦਰਜ ਕਰ ਲਿਆ ਹੈ। ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਕੌਂਸਲਰ ਅਤੇ ਉਸਦੇ ਸਾਥੀਆਂ ਦੀ ਗ੍ਰਿਫਤਾਰੀ ਲਈ ਪੁਲਿਸ ਵਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ।

ਦੋ ਦਰਜਨ ਫੱਟੜ-ਕਰਫਿਊ ਲਾਗੂ
ਮਲੋਟ, (ਗੁਰਮੀਤ ਸਿੰਘ ਮੱਕੜ, ਪਾਟਿਲ)-ਵਿਆਨਾ ਗੋਲੀਕਾਂਡ ਨੂੰ ਲੈ ਕੇ ਅੱਜ ਸਥਿਤੀ ਉਸ ਵੇਲੇ ਬੇਕਾਬੂ ਹੋ ਗਈ ਜਦ ਪ੍ਰਦਰਸ਼ਨਕਾਰੀਆਂ ਨੂੰ ਪੁਲਿਸ ਵੱਲੋਂ ਰੋਕੇ ਜਾਣ 'ਤੇ ਹੋਈ ਝੜਪ ਵਿਚ ਐਡੀਸ਼ਨਲ ਡਿਪਟੀ ਕਮਿਸ਼ਨਰ ਦੀ ਗੱਡੀ ਨੂੰ ਨੁਕਸਾਨ ਪਹੁੰਚਾਇਆ ਗਿਆ ਅਤੇ ਪੁਲਿਸ ਤੇ ਇੱਟਾਂ ਵੱਟਿਆਂ ਨਾਲ ਹਮਲਾ ਕਰ ਦਿੱਤਾ ਗਿਆ ਅਤੇ ਸਥਿਤੀ ਪੂਰੀ ਤਰ੍ਹਾਂ ਬੇਕਾਬੂ ਹੋ ਗਈ। ਜਿਸ ਤੋਂ ਬਾਅਦ ਪੁਲਿਸ ਨੂੰ ਲਾਠੀਚਾਰਜ ਤੋਂ ਇਲਾਵਾ ਫਾਇਰਿੰਗ ਅਤੇ ਅੱਥਰੂ ਗੈਸ ਵੀ ਛੱਡਣੀ ਪਈ। ਮੌਕੇ ਤੋਂ ਇਕੱਤਰ ਜਾਣਕਾਰੀ ਅਨੁਸਾਰ ਅੱਜ ਸਵੇਰੇ ਪ੍ਰਸ਼ਾਸਨਿਕ ਅਧਿਕਾਰੀ ਜਿਨ੍ਹਾਂ ਵਿਚ ਐਡੀਸ਼ਨਲ ਡਿਪਟੀ ਕਮਿਸ਼ਨਰ ਸ੍ਰੀ ਵਰੁਣ ਰੁਜ਼ਮ, ਜ਼ਿਲ੍ਹਾ ਪੁਲਿਸ ਮੁਖੀ ਗੁਰਪ੍ਰੀਤ ਸਿੰਘ ਗਿੱਲ, ਐਸ. ਡੀ. ਐਮ. ਮਲੋਟ ਸ੍ਰੀ ਰਵੀ ਭਗਤ, ਉੱਕ ਪੁਲਿਸ ਕਪਤਾਨ ਸ੍ਰੀ ਮਨਮੋਹਨ ਸ਼ਰਮਾ ਸਮੇਤ ਭਾਰੀ ਗਿਣਤੀ ਵਿਚ ਗੁਰੂ ਰਵੀਦਾਸ ਨਗਰ ਪਹੁੰਚੇ। ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਸਮਝਾ ਬੁਝਾ ਕੇ ਮਾਮਲੇ ਨੂੰ ਸ਼ਾਂਤ ਕਰਨ ਦੀ ਅਪੀਲ ਕੀਤੀ ਪਰ ਪ੍ਰਦਰਸ਼ਨ ਕਰਨ 'ਤੇ ਅੜੇ ਲੋਕਾਂ ਵੱਲੋਂ ਪੱਥਰਾਂ ਨਾਲ ਪ੍ਰਸ਼ਾਸਨਿਕ ਅਧਿਕਾਰੀਆਂ 'ਤੇ ਹਮਲਾ ਕਰ ਦਿੱਤਾ ਗਿਆ ਅਤੇ ਏ.ਡੀ.ਸੀ. ਦੀ ਕਾਰ ਦੇ ਸੀਸ਼ੇ ਵੀ ਭੰਨ ਦਿੱਤੇ ਗਏ। ਪੁਲਿਸ ਨੂੰ ਪ੍ਰਦਰਸ਼ਨਕਾਰੀਆਂ ਦੀ ਭੀੜ ਨੂੰ ਖਿੰਡਾਉਣ ਲਈ ਲਾਠੀਚਾਰਜ ਦਾ ਸਹਾਰਾ ਲੈਣਾ ਪਿਆ। ਜਦਕਿ ਪ੍ਰਦਰਸ਼ਨਕਾਰੀਆਂ ਵੱਲੋਂ ਦੂਜੇ ਪਾਸੇ ਤੋਂ ਇੱਟਾਂ ਨਾਲ ਤਾਬੜਤੋੜ ਹਮਲਾ ਜਾਰੀ ਸੀ। ਜਿਨ੍ਹਾਂ ਨੂੰ ਖਿੰਡਾਉਣ ਲਈ ਪੁਲਿਸ ਨੇ ਪਹਿਲਾਂ ਹੰਝੂ ਗੈਸ ਦੀ ਵਰਤੋਂ ਕੀਤੀ ਅਤੇ ਫਿਰ ਗੋਲੀ ਚਲਾਈ। ਜਿਸ ਵਿਚ ਕਰੀਬ ਦੋ ਦਰਜਨ ਵਿਅਕਤੀਆਂ ਦੇ ਫੱਟੜ ਹੋ ਜਾਣ ਦੀ ਖ਼ਬਰ ਹੈ ਅਤੇ ਕਰੀਬ 50 ਪ੍ਰਦਰਸ਼ਨਕਾਰੀਆਂ ਨੂੰ ਕਾਬੂ ਕੀਤਾ ਗਿਆ।

ਫੱਟੜ ਹੋਣ ਵਾਲਿਆਂ ਵਿਚ ਪੱਪੂ ਪੁੱਤਰ ਅਮਰ ਸਿੰਘ ਨੂੰ ਗੋਲੀ ਲੱਗਣ ਕਰਕੇ ਗੰਭੀਰ ਸਥਿਤੀ ਨੂੰ ਦੇਖਦਿਆਂ ਲੁਧਿਆਣੇ ਭੇਜ ਦਿੱਤਾ ਗਿਆ। ਫੱਟੜ ਹੋਏ ਵਿਅਕਤੀ ਵਿੱਕੀ, ਬੰਟੀ, ਸੁਭਾਸ਼, ਰੋਸ਼ਨ ਲਾਲ, ਪ੍ਰਕਾਸ਼ ਆਦਿ ਸ਼ਾਮਲ ਹਨ। ਸਥਿਤੀ 'ਤੇ ਕਾਬੂ ਪਾਉਣ ਲਈ ਗੁਰੂ ਰਵੀਦਾਸ ਨਗਰ ਦੇ ਨਾਲ ਲੱਗਦੇ ਵਾਰਡ ਨੰਬਰ 14, 15 ਅਤੇ 16 ਵਿਚ ਕਰਫਿਊ ਲਾਉਣ ਦੇ ਨਾਲ ਨਾਲ ਇਨ੍ਹਾਂ ਵਾਰਡਾਂ ਵਿਚ ਬਿਜਲੀ ਦੀ ਸਪਲਾਈ ਵੀ ਬੰਦ ਕਰ ਦਿੱਤੀ ਗਈ। ਸਥਿਤੀ ਤਣਾਅਪੂਰਨ ਹੋਣ ਤੋਂ ਬਾਅਦ ਗੁਰੂ ਰਵੀਦਾਸ ਨਗਰ ਵਿਚ ਫੋਰਸ ਤਾਇਨਾਤ ਕਰ ਦਿੱਤੀ ਗਈ ਹੈ।

ਬੱਸ ਸਾੜ ਦਿੱਤੀ
ਮਲੇਰਕੋਟਲਾ-ਅੱਜ ਬਾਅਦ ਦੁਪਹਿਰ ਇਥੇ ਐਸ ਡੀ ਐਮ ਦੀ ਰਿਹਾਇਸ਼ ਸਾਹਮਣੇ ਪੀ. ਆਰ. ਟੀ. ਸੀ. ਦੀ ਸੰਗਰੂਰ ਡਿਪੂ ਦੀ ਬੱਸ ਨੂੰ ਰੋਕ ਕੇ ਕੁਝ ਸ਼ਰਾਰਤੀ ਨੌਜਵਾਨਾਂ ਨੇ ਅੱਗ ਲਾ ਦਿੱਤੀ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਵਿਰੁੱਧ ਕੇਸ ਦਰਜ ਕਰ ਲਿਆ ਹੈ।

ਹਰਿਆਣਾ 'ਚ ਹਿੰਸਾ
ਵਿਆਨਾ ਘਟਨਾ ਦੀ ਅੱਗ ਹਰਿਆਣਾ ਵਿਚ ਵੀ ਫੈਲ ਗਈ ਹੈ ਅਤੇ ਉਥੇ ਪ੍ਰਦਰਸ਼ਨਕਾਰੀਆਂ ਨੇ ਮੋਟਰਗੱਡੀਆਂ ਦੀ ਭੰਨਤੋੜ ਕੀਤੀ ਅਤੇ ਉਨ੍ਹਾਂ ਦੀਆਂ ਪੁਲਿਸ ਨਾਲ ਝੜਪਾਂ ਹੋਈਆਂ ਜਿਸ ਕਾਰਨ ਭੀੜ ਨੂੰ ਖਿੰਡਾਉਣ ਲਈ ਪੁਲਿਸ ਨੇ ਹਵਾ 'ਚ ਗੋਲੀ ਚਲਾਈ। ਪੁਲਿਸ ਨੇ ਦੱਸਿਆ ਕਿ ਅੰਬਾਲਾ-ਜਗਾਧਰੀ ਸੜਕ 'ਤੇ ਮੁਜ਼ਾਹਰਾਕਾਰੀਆਂ ਦੀ ਪੁਲਿਸ ਨਾਲ ਝੜਪ ਹੋ ਗਈ ਅਤੇ ਉਨ੍ਹਾਂ ਨੇ ਜਗਾਧਰੀ ਮਿਉਂਸਪਲ ਕਮੇਟੀ ਦੀ ਇਮਾਰਤ ਨੂੰ ਨੁਕਸਾਨ ਪਹੁੰਚਾਇਆ। ਪ੍ਰਦਰਸ਼ਨਕਾਰੀਆਂ ਨੇ ਇਕ ਮੋਟਰ ਸਾਈਕਲ ਵੀ ਅੱਗ ਲਾ ਕੇ ਸਾੜ ਦਿੱਤਾ। ਪੁਲਿਸ ਨੂੰ ਭੀੜ ਨੂੰ ਖਿੰਡਾਉਣ ਲਈ ਜਗਾਧਰੀ ਕਸਬੇ ਵਿਚ ਗੋਲੀ ਚਲਾਉਣੀ ਪਈ।

ਹਿਮਾਚਲ ਵੱਲੋਂ ਬੱਸ ਸੇਵਾ ਬੰਦ
ਹਿਮਾਚਲ ਪ੍ਰਦੇਸ਼ ਸਰਕਾਰ ਨੇ ਹਿਮਾਚਲ ਦੀਆਂ ਦੋ ਬੱਸਾਂ ਸਾੜੇ ਜਾਣ ਪਿੱਛੋਂ ਹਿੰਸਾਗ੍ਰਸਤ ਪੰਜਾਬ ਨੂੰ ਆਪਣੀ ਬੱਸ ਸੇਵਾ ਹਾਲ ਦੀ ਘੜੀ ਬੰਦ ਕਰਨ ਦਾ ਫ਼ੈਸਲਾ ਕੀਤਾ ਹੈ। ਹਿਮਾਚਲ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਦੇ ਮੈਨੇਜਿੰਗ ਡਾਇਰੈਕਟਰ ਟੀ ਸੀ ਜਨਾਰਥ ਨੇ ਦੱਸਿਆ ਕਿ ਅਸੀਂ ਜਲੰਧਰ, ਲੁਧਿਆਣਾ ਅਤੇ ਅੰਮ੍ਰਿਤਸਰ ਲਈ ਬੱਸ ਸੇਵਾ ਬੰਦ ਕਰ ਦਿੱਤੀ ਹੈ ਕਿਉਂਕਿ ਸਾਡੀਆਂ ਦੋ ਬੱਸਾਂ ਨੂੰ ਅੱਗ ਲਾ ਕੇ ਸਾੜ ਦਿੱਤਾ ਗਿਆ ਹੈ ਅਤੇ 6 ਦੀ ਭੰਨਤੋੜ ਕੀਤੀ ਗਈ ਹੈ। ਇਨ੍ਹਾਂ ਜ਼ਿਲ੍ਹਿਆਂ ਨੂੰ ਹਿਮਾਚਲ ਦੀਆਂ ਰੋਜ਼ਾਨਾ 40 ਬੱਸਾਂ ਚੱਲਦੀਆਂ ਹਨ।

ਰੇਲ ਆਵਾਜਾਈ ਸ਼ੁਰੂ
ਜਲੰਧਰ, 26 ਮਈ (ਮਦਨ ਭਾਰਦਵਾਜ)- ਉੱਤਰੀ ਰੇਲਵੇ ਦੀ ਫਿਰੋਜ਼ਪੁਰ ਡਵੀਜ਼ਨ ਵੱਲੋਂ ਅੱਜ ਦੁਪਹਿਰ ਬਾਅਦ ਅੱਧੀ ਦਰਜਨ ਐਕਸਪ੍ਰੈੱਸ ਅਤੇ 5 ਲੋਕਲ ਗੱਡੀਆਂ ਚਲਾਉਣ ਨਾਲ ਵੱਖ-ਵੱਖ ਸਟੇਸ਼ਨਾਂ 'ਤੇ ਫਸੇ ਯਾਤਰੀਆਂ ਨੇ ਸੁੱਖ ਦਾ ਸਾਹ ਲਿਆ ਹੈ। ਫਿਰੋਜ਼ਪੁਰ ਰੇਲਵੇ ਡਵੀਜ਼ਨ ਦੇ ਸੀਨੀਅਰ ਕਮਰਸ਼ੀਅਲ ਮੈਨੇਜਰ ਸ੍ਰੀ ਧਰਮਿੰਦਰ ਕੁਮਾਰ ਨੇ ਦੱਸਿਆ ਕਿ ਅੱਜ ਅੰਮ੍ਰਿਤਸਰ ਤੋਂ 6 ਡਾਊਨ ਗੱਡੀਆਂ ਚਲਾਉਣ ਦਾ ਫੈਸਲਾ ਕੀਤਾ ਗਿਆ ਅਤੇ ਪਹਿਲੀ ਗੱਡੀ 4674 ਫਲਾਇੰਗ ਮੇਲ (ਸ਼ਹੀਦ ਐਕਸਪ੍ਰੈੱਸ) ਸਾਢੇ 3 ਵਜੇ ਅੰਮ੍ਰਿਤਸਰ ਤੋਂ ਜੈ ਨਗਰ ਲਈ ਰਵਾਨਾ ਕੀਤੀ ਗਈ। ਇਸ ਤੋਂ ਪਹਿਲਾਂ ਇਕ ਪਾਇਲਟ ਇੰਜਣ ਚਲਾਇਆ ਗਿਆ ਅਤੇ ਉਸ ਦੇ ਬਾਅਦ ਇਹ ਰੇਲ ਗੱਡੀ ਰਵਾਨਾ ਕੀਤੀ ਗਈ। ਉਨ੍ਹਾਂ ਦੱਸਿਆ ਕਿ ਇਸ ਦੇ ਬਾਅਦ 8238 ਛੱਤੀਸਗੜ੍ਹ, 3006 ਹਾਵੜਾ ਮੇਲ, 2904 ਫਰੰਟੀਅਰ ਮੇਲ, 4632 ਅੰਮ੍ਰਿਤਸਰ-ਦੇਹਰਾਦੂਨ, 5212 ਜਨਸੇਵਾ ਐਕਸਪ੍ਰੈੱਸ, 8102 ਟਾਟਾ ਮੂਰੀ, 2414 ਪੂਜਾ ਐਕਸਪ੍ਰੈੱਸ ਅਤੇ 4034 ਜੰਮੂ ਮੇਲ ਗੱਡੀਆਂ ਵਾਰੀ-ਵਾਰੀ ਰਵਾਨਾ ਹੋਈਆਂ।

ਇਸ ਤੋਂ ਇਲਾਵਾ ਰੇਲ ਪ੍ਰਸ਼ਾਸਨ ਨੇ ਲੁਧਿਆਣਾ ਤੋਂ ਜੰਮੂ ਲਈ ਇਕ ਵਿਸ਼ੇਸ਼ ਗੱਡੀ ਵੀ ਚਲਾਈ ਜਿਸ ਨਾਲ ਜੰਮੂ ਜਾਣ ਵਾਲੇ ਯਾਤਰੀਆਂ ਨੇ ਵੀ ਰਾਹਤ ਮਹਿਸੂਸ ਕੀਤੀ। ਰੇਲ ਪ੍ਰਸ਼ਾਸਨ ਨੇ ਲੋਕਲ ਗੱਡੀਆਂ ਜਿਹੜੀਆਂ ਚਲਾਈਆਂ ਉਨ੍ਹਾਂ ਵਿਚ 6 ਜੇ. ਐੱਨ. ਜਲੰਧਰ ਤੋਂ ਨਕੋਦਰ, 5 ਜੇ. ਐੱਨ. ਨਕੋਦਰ ਤੋਂ ਜਲੰਧਰ, 9 ਜੇ. ਐੱਫ. ਜਲੰਧਰ ਤੋਂ ਫਿਰੋਜ਼ਪੁਰ , 10 ਜੇ. ਐੱਫ ਫਿਰੋਜ਼ਪੁਰ ਤੋਂ ਜਲੰਧਰ ਅਤੇ 6 ਜੇ. ਐੱਮ. ਪੀ. ਜਲੰਧਰ ਤੋਂ ਪਠਾਨਕੋਟ ਲਈ ਚਲਾਉਣ ਦਾ ਵੀ ਐਲਾਨ ਕੀਤਾ। ਭਾਵੇਂ ਗੱਡੀਆਂ ਆਪਣੇ ਨਿਰਧਾਰਤ ਸਮੇਂ ਤੋਂ ਦੇਰੀ ਨਾਲ ਰਵਾਨਾ ਹੋਈਆਂ ਪਰ ਲੋਕਾਂ ਨੂੰ ਆਪਣੇ ਘਰ ਪੁੱਜਣ ਦੀ ਖੁਸ਼ੀ ਮਹਿਸੂਸ ਹੋ ਰਹੀ ਸੀ। ਰੇਲ ਪ੍ਰਸ਼ਾਸਨ ਨੇ ਅੱਜ ਅੰਮ੍ਰਿਤਸਰ ਤੋਂ ਪਠਾਨਕੋਟ ਅਤੇ ਅੰਮ੍ਰਿਤਸਰ ਤੋਂ ਖੇਮਕਰਨ ਲਈ ਵੀ ਲੋਕਲ ਗੱਡੀਆਂ ਚਾਲੂ ਕੀਤੀਆਂ। ਸ੍ਰੀ ਧਰਮਿੰਦਰ ਕੁਮਾਰ ਨੇ ਦੱਸਿਆ ਕਿ ਅਜੇ ਤਾਂ ਡਾਊਨ ਦੀਆਂ ਗੱਡੀਆਂ ਹੀ ਚਾਲੂ ਕੀਤੀਆਂ ਗਈਆਂ ਹਨ ਅਤੇ ਜਿਸ ਤਰ੍ਹਾਂ ਹੀ ਸਥਿਤੀ ਵਿਚ ਸੁਧਾਰ ਹੁੰਦਾ ਗਿਆ ਤਾਂ ਅੱਪ ਗੱਡੀਆਂ ਲੁਧਿਆਣਾ ਤੋਂ ਜੰਮੂ, ਜਲੰਧਰ ਅਤੇ ਅੰਮ੍ਰਿਤਸਰ ਲਈ ਵੀ ਚਾਲੂ ਕਰ ਦਿੱਤੀਆਂ ਜਾਣਗੀਆਂ। ਇਸ ਤੋਂ ਪਹਿਲਾਂ ਅੱਜ ਜਲੰਧਰ ਤੋਂ 2331 ਹਿਮਗਿਰੀ ਐਕਸਪ੍ਰੈਸ ਸਾਢੇ 10 ਵਜੇ ਵਾਇਆ ਅੰਮ੍ਰਿਤਸਰ ਰਵਾਨਾ ਕੀਤੀ ਗਈ ਅਤੇ ਬਹੁਤ ਸਾਰੇ ਯਾਤਰੀ ਅੰਮ੍ਰਿਤਸਰ ਲਈ ਰਵਾਨਾ ਹੋ ਗਏ। ਇਸ ਦੇ ਬਾਅਦ ਜਲੰਧਰ ਤੋਂ 4 ਮਾਲ ਗੱਡੀਆਂ ਵੀ ਰਵਾਨਾ ਕੀਤੀਆਂ ਗਈਆਂ ਜਿਨ੍ਹਾਂ ਵਿਚੋਂ 3 ਲੁਧਿਆਣਾ ਅਤੇ ਇਕ ਕਪੂਰਥਲਾ ਲਈ ਸੀ।

ਅਜੀਤ ਜਲੰਧਰ ਦਾ ਖ਼ਬਰ ਪੰਨਾ - ਸੰਕਟ ‘ਚ ਘਿਰਿਆ ਜਲੰਧਰ

10) ਸੰਤ ਨਿਰੰਜਨ ਦਾਸ ਦੀ ਸਿਹਤ 'ਚ ਸੁਧਾਰ