ਵਿਆਨਾ ਘਟਨਾ ਪਿੱਛੋਂ ਪੰਜਾਬ 'ਚ ਫੈਲੀ ਹਿੰਸਾ

ਜਲੰਧਰ, ਲੁਧਿਆਣਾ, ਹੁਸ਼ਿਆਰਪੁਰ, ਫਗਵਾੜਾ 'ਚ ਕਰਫ਼ਿਊ-ਹਿੰਸਾ 'ਚ ਤਿੰਨ ਮੌਤ

ਜਲੰਧਰ/ਲੁਧਿਆਣਾ/ਹੁਸ਼ਿਆਰਪੁਰ, 25 ਮਈ (ਮਨਵੀਰ ਸਿੰਘ ਵਾਲੀਆ, ਜਸਪਾਲ ਸਿੰਘ, ਪਵਨ ਖਰਬੰਦਾ, ਪਰਮਿੰਦਰ ਆਹੂਜਾ, ਬਲਜਿੰਦਰਪਾਲ ਸਿੰਘ)-ਕਲ੍ਹ ਆਸਟਰੀਆ ਦੀ ਰਾਜਧਾਨੀ ਵਿਆਨਾ ਵਿਚ ਇਕ ਧਾਰਮਿਕ ਸਥਾਨ 'ਤੇ ਹੋਈ ਲੜਾਈ ਪਿੱਛੋਂ ਪੰਜਾਬ ਤੇ ਹਰਿਆਣਾ ਦੇ ਕਈ ਹਿੱਸਿਆਂ 'ਚ ਫੈਲੀ ਹਿੰਸਾ 'ਚ ਤਿੰਨ ਵਿਅਕਤੀ ਮਾਰੇ ਗਏ ਅਤੇ ਕਈ ਜ਼ਖ਼ਮੀ ਹੋ ਗਏ। ਮੁਜ਼ਾਹਰਾਕਾਰੀਆਂ ਨੇ ਕਈ ਥਾਵਾਂ 'ਤੇ ਰੇਲ ਗੱਡੀਆਂ, ਬੱਸਾਂ ਅਤੇ ਹੋਰ ਮੋਟਰ ਗੱਡੀਆਂ ਨੂੰ ਅੱਗ ਲਾ ਦਿੱਤੀ ਅਤੇ ਪੁਲਿਸ ਨਾਲ ਹੋਈਆਂ ਝੜਪਾਂ ਪਿੱਛੋਂ ਅਧਿਕਾਰੀਆਂ ਨੇ ਸੂਬੇ ਦੇ ਚਾਰ ਸ਼ਹਿਰਾਂ ਕਰਫਿਊ ਲਾ ਦਿੱਤਾ ਜਦਕਿ ਜਲੰਧਰ ਅਤੇ ਫਗਵਾੜਾ ਵਿਚ ਫ਼ੌਜ ਨੂੰ ਬੁਲਾਇਆ ਗਿਆ ਹੈ।

ਵੱਡੀ ਪੱਧਰ 'ਤੇ ਫੈਲੀ ਹਿੰਸਾ ਅਤੇ ਪੁਲਿਸ ਥਾਣਿਆਂ 'ਚ ਖੜ੍ਹੀਆਂ ਕਾਰਾਂ ਸਮੇਤ ਸਰਕਾਰੀ ਅਤੇ ਨਿੱਜੀ ਜਾਇਦਾਦ ਦੀ ਭੰਨਤੋੜ ਕਰਨ ਕਾਰਨ ਜਲੰਧਰ, ਲੁਧਿਆਣਾ, ਫਗਵਾੜਾ, ਗੜ੍ਹਸ਼ੰਕਰ ਅਤੇ ਹੁਸ਼ਿਆਰਪੁਰ 'ਚ ਕਰਫਿਊ ਲਾ ਦਿੱਤਾ ਗਿਆ ਹੈ। ਜਲੰਧਰ ਨੇੜਲੇ ਲਾਂਬੜਾ ਪਿੰਡ ਵਿਚ ਫ਼ੌਜ ਵਲੋਂ ਚਲਾਈ ਗੋਲੀ ਨਾਲ ਇਕ ਵਿਅਕਤੀ ਮਾਰਿਆ ਗਿਆ ਅਤੇ ਚਾਰ ਹੋਰ ਜ਼ਖ਼ਮੀ ਹੋ ਗਏ ਅਤੇ ਇਕ ਹੋਰ ਵਿਅਕਤੀ ਜਲੰਧਰ ਛਾਉਣੀ ਰੇਲਵੇ ਸਟੇਸ਼ਨ ਵਿਖੇ ਮੁਜ਼ਾਹਰਾਕਾਰੀਆਂ 'ਤੇ ਪੁਲਿਸ ਵਲੋਂ ਗੋਲੀ ਚਲਾਏ ਜਾਣ ਕਾਰਨ ਮਾਰਿਆ ਗਿਆ। ਜਲੰਧਰ ਜ਼ਿਲੇ ਦੇ ਗੜਬੜ ਵਾਲੇ ਇਲਾਕਿਆਂ 'ਚ ਫੌਜ ਨੇ ਫਲੈਗ ਮਾਰਚ ਕੀਤਾ। ਕਰਫਿਊ ਨੂੰ ਦੇਖਦੇ ਹੋਏ ਸਾਰੇ ਵਪਾਰਕ ਅਤੇ ਵਿਦਿਅਕ ਅਦਾਰੇ ਬੰਦ ਰੱਖੇ ਗਏ। ਪੁਲਿਸ ਨੇ ਦੱਸਿਆ ਕਿ ਮੁਜ਼ਾਹਰਾਕਾਰੀਆਂ ਨੇ ਜਲੰਧਰ ਛਾਉਣੀ ਸਟੇਸ਼ਨ 'ਤੇ ਸਵਾਰੀਆਂ ਨੂੰ ਰੇਲ ਗੱਡੀ ਚੋਂ ਉਤਰਨ ਲਈ ਕਹੇ ਜਾਣ ਪਿੱਛੋ ਜੰਮੂ ਤਵੀ-ਕੰਨਿਆਂ ਕੁਮਾਰੀ ਐਕਸਪ੍ਰੈੱਸ ਰੇਲਗੱਡੀ ਦੇ ਚਾਰ ਡੱਬਿਆਂ ਨੂੰ ਅੱਗ ਲਾ ਦਿੱਤੀ। ਫਗਵਾੜਾ ਵਿਚ ਇਕ ਰੇਲਗੱਡੀ ਦੇ ਇੰਜਣ ਅਤੇ ਡੱਬਿਆਂ ਨੂੰ ਅੱਗ ਲਾ ਦਿੱਤੀ ਗਈ। ਫਿਲੌਰ ਵਿਚ ਇਕ ਪੁਲਿਸ ਮੁਲਾਜ਼ਮ 'ਤੇ ਹਮਲਾ ਕੀਤਾ ਗਿਆ ਅਤੇ ਸਬ ਡਵੀਜ਼ਨਲ ਮੈਜਿਸਟਰੇਟ ਅਤੇ ਉਪ ਪੁਲਿਸ ਕਪਤਾਨ ਦਾ ਘਿਰਾਉ ਕੀਤਾ ਗਿਆ। ਨੂਰਮਹਿਲ ਵਿਚ ਮੁਕੰਮਲ ਬੰਦ ਰੱਖਿਆ ਗਿਆ ਜਿਥੇ 28 ਮਈ ਨੂੰ ਜ਼ਿਮਨੀ ਚੋਣ ਹੋ ਰਹੀ ਹੈ।

ਡੇਰੇ ਦੀ ਸਥਾਨਕ ਇਕਾਈ ਵੱਲੋਂ ਪੰਜਾਬ ਬੰਦ ਦੇ ਦਿੱਤੇ ਸੱਦੇ ਕਾਰਨ ਦੁਕਾਨਾਂ ਅਤੇ ਵਪਾਰਕ ਅਦਾਰੇ ਬੰਦ ਰਹੇ। ਸੂਬੇ ਵਿਚ ਕਈ ਥਾਵਾਂ 'ਤੇ ਸੜਕੀ ਅਤੇ ਰੇਲ ਆਵਾਜਾਈ ਵਿਚ ਭਾਰੀ ਵਿਘਨ ਪਿਆ ਕਿਉਂਕਿ ਮੁਜ਼ਾਹਰਾਕਾਰੀਆਂ ਜਲੰਧਰ, ਫਗਵਾੜਾ, ਹੁਸ਼ਿਆਰਪੁਰ, ਨਵਾਂਸ਼ਹਿਰ, ਬੰਗਾ, ਲੁਧਿਆਣਾ ਅਤੇ ਮੋਗਾ ਸਮੇਤ ਵੱਖ-ਵੱਖ ਥਾਵਾਂ ‘ਤੇ ਜਾਮ ਲਾ ਕੇ ਰੇਲ ਗੱਡੀਆਂ, ਬੱਸਾਂ ਤੇ ਹੋਰ ਮੋਟਰ ਗੱਡੀਆਂ ਨੂੰ ਨੁਕਸਾਨ ਪਹੁੰਚਾਇਆ।

ਦਿੱਲੀ-ਲਾਹੌਰ ਬੱਸ ਨੂੰ ਇਹਤਿਆਤ ਵਜੋਂ ਲੁਧਿਆਣਾ ਵਿਖੇ ਰੋਕ ਲਿਆ ਗਿਆ ਹੈ। ਮੁਜ਼ਾਹਰਾਕਾਰੀਆਂ ਨੇ ਅੰਬਾਲਾ-ਦਿੱਲੀ ਕੌਮੀ ਮਾਰਗ 'ਤੇ ਵੀ ਤਿੰਨ ਘੰਟੇ ਜਾਮ ਲਾਈ ਰੱਖਿਆ ਅਤੇ ਅੰਬਾਲਾ ਵਿਚ ਬੱਸਾਂ ਨੂੰ ਨੁਕਸਾਨ ਪਹੁੰਚਾਇਆ। ਸੰਤਾਂ ਦੇ ਕਤਲ ਦੀ ਨਿਖੇਧੀ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ।

ਮੋਗਾ ਤੋਂ ਮਿਲੀ ਸੂਚਨਾ ਵਿਚ ਦੱਸਿਆ ਗਿਆ ਕਿ ਕਿਰਪਾਨਾਂ ਅਤੇ ਲੋਹੇ ਦੀਆਂ ਰਾਡਾਂ ਨਾਲ ਲੈਸ ਲਗਭਗ 400 ਵਿਅਕਤੀਆਂ ਨੇ ਇਕ ਦਰਜਨ ਦੁਕਾਨਾਂ ਦੀ ਭੰਨਤੋੜ ਕੀਤੀ। ਉਨ੍ਹਾਂ ਨੇ ਧਰਨਾ ਦਿੱਤਾ ਅਤੇ ਇਲਾਕੇ ਵਿਚ ਇਕ ਘੰਟਾ ਜਾਮ ਲਾਈ ਰੱਖਿਆ। ਅੰਬਾਲਾ ਵਿਚ ਇਕ ਬੱਸ ਦਾ ਕੁਝ ਹਿੱਸਾ ਅੱਗ ਲਾ ਕੇ ਸਾੜ ਦਿੱਤਾ ਗਿਆ ਅਤੇ ਤਿੰਨ ਬੱਸਾਂ ਦੇ ਸ਼ੀਸ਼ੇ ਚਕਨਾਚੂਰ ਕਰ ਦਿੱਤੇ ਗਏ। ਕਲ੍ਹ ਇਸ ਘਟਨਾ ਦੀਆਂ ਸੂਚਨਾਵਾਂ ਮਿਲਣ ਪਿੱਛੋਂ ਬੀਤੀ ਸ਼ਾਮ ਜਲੰਧਰ ਅਤੇ ਇਸ ਦੇ ਨਾਲ ਲਗਦੇ ਇਲਾਕਿਆਂ 'ਚ ਹਿੰਸਾ ਫੈਲ ਗਈ ਸੀ।

ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਕਰਨੈਲ ਸਿੰਘ ਪੀਰਮੁਹੰਮਦ ਨੇ ਸੂਬਾ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਸੂਬੇ ਵਿਚ ਸ਼ਾਂਤੀ ਬਣਾਈ ਰੱਖਣ ਅਤੇ ਲੋਕਾਂ ਦੀ ਸੁਰੱਖਿਆ ਲਈ ਸਖਤ ਕਦਮ ਉਠਾਵੇ। ਉਨ੍ਹਾਂ ਸਰਕਾਰ ਨੂੰ ਇਹ ਵੀ ਕਿਹਾ ਕਿ ਇਹ ਮੁੱਦਾ ਆਸਟਰੀਆ ਸਰਕਾਰ ਕੋਲ ਉਠਾਇਆ ਜਾਵੇ। ਪੁਲਿਸ ਨੇ ਦੱਸਿਆ ਕਿ ਮੁਜ਼ਾਹਰਾਕਾਰੀਆਂ ਨੇ ਜਲੰਧਰ 'ਚ ਬੂਟਾਂ ਮੰਡੀ, ਨਕੋਦਰ ਚੌਕ ਅਤੇ ਵਰਕਸ਼ਾਪ ਚੌਕ 'ਚ ਕਰਫਿਊ ਦੀ ਉਲੰਘਣਾ ਕੀਤੀ ਅਤੇ ਇਕ ਪੁਲਿਸ ਚੌਕੀ ਨੂੰ ਅੱਗ ਲਾ ਦਿੱਤੀ ਗਈ। ਫਗਵਾੜਾ ਅਤੇ ਬੰਗਾ ਤੋਂ ਮਿਲੀਆਂ ਸੂਚਨਾਵਾਂ 'ਚ ਕਿਹਾ ਗਿਆ ਹੈ ਕਿ ਜਲੰਧਰ-ਚੰਡੀਗੜ੍ਹ ਅਤੇ ਜਲੰਧਰ-ਲੁਧਿਆਣਾ ਸੜਕ 'ਤੇ ਜਾਮ ਲਾਇਆ ਹੋਇਆ ਸੀ।

ਜਲੰਧਰ 'ਚ ਇਕ ਵਿਅਕਤੀ ਦੀ ਮੌਤ
ਜਲੰਧਰ ਵਿਚ ਲਾਂਬੜਾ ਵਿਖੇ ਨੀਮ ਫੌਜੀ ਬਲਾਂ ਵੱਲੋਂ ਗੋਲੀ ਚਲਾ ਦਿੱਤੇ ਜਾਣ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ, ਜਦ ਕਿ ਹੋਰ ਕਈ ਜ਼ਖਮੀ ਹੋ ਗਏ। ਛਾਉਣੀ ਰੇਲਵੇ ਸਟੇਸ਼ਨ 'ਤੇ ਮਦਰਾਸ ਮੇਲ ਗੱਡੀ ਨੂੰ ਅੱਗ ਲਾ ਦਿੱਤੀ ਗਈ। ਸ਼ਹਿਰ 'ਚ ਸਥਿਤੀ 'ਤੇ ਕਾਬੂ ਪਾਉਣ ਲਈ ਫੌਜ ਤਾਇਨਾਤ ਕਰ ਦਿੱਤੀ ਗਈ ਹੈ। ਚੁਗਿੱਟੀ ਫਲਾਈਓਵਰ 'ਤੇ ਵੀ ਗੋਲੀਬਾਰੀ ਹੋਈ, ਜਿਸ ਵਿਚ 4 ਵਿਅਕਤੀ ਜ਼ਖਮੀ ਹੋ ਗਏ। ਫੌਜ ਨੇ ਕੁਝ ਥਾਈਂ ਫਲੈਗ ਮਾਰਚ ਕੀਤਾ। ਇਕ ਟੀ.ਵੀ. ਚੈਨਲ ਦੇ ਪੱਤਰਕਾਰ ਦੀ ਵੀ ਕੁੱਟਮਾਰ ਕੀਤੀ ਗਈ ਤੇ ਉਸ ਦਾ ਕੈਮਰਾ ਤੋੜ ਦਿੱਤਾ ਗਿਆ। ਥਾਣਾ ਮਕਸੂਦਾਂ ‘ਤੇ ਵੀ ਹਮਲਾ ਕੀਤੇ ਜਾਣ ਦੀ ਖ਼ਬਰ ਹੈ। ਬੋਲੀਨਾ ਰੇਲਵੇ ਸਟੇਸ਼ਨ 'ਤੇ ਵੀ ਸਾੜ-ਫੂਕ ਹੋਈ।

ਰਾਮਾ ਮੰਡੀ ਵਿਖੇ ਜੌਹਲ ਹਸਪਤਾਲ ਅੰਦਰ ਭੰਨ-ਤੋੜ ਕਰ ਰਹੇ ਸ਼ਰਾਰਤੀ ਅਨਸਰਾਂ 'ਤੇ ਪੁਲਿਸ ਵੱਲੋਂ ਗੋਲੀ ਚਲਾਏ ਜਾਣ ਨਾਲ ਇਕ ਵਿਅਕਤੀ ਜ਼ਖ਼ਮੀ ਹੋ ਗਿਆ। ਇਸੇ ਦੌਰਾਨ 6317 ਕੰਨਿਆ ਕੁਮਾਰੀ ਤੋਂ ਜੰਮੂ ਜਾ ਰਹੀ ਮਦਰਾਸ ਐਕਸਪ੍ਰੈਸ ਨੂੰ ਜਲੰਧਰ ਛਾਉਣੀ ਵਿਖੇ ਅੱਗ ਲਗਾ ਦਿੱਤੀ ਗਈ ਜਿਸ ਦੇ ਸਿੱਟੇ ਵਜੋਂ ਲਗਭਗ ਸਾਰੀ ਗੱਡੀ ਜਿਸ ਦੇ 19 ਡੱਬੇ ਦੱਸੇ ਜਾਂਦੇ ਹਨ, ਸੜ ਗਈ। ਇਸ ਦੌਰਾਨ ਕਿਸੇ ਯਾਤਰੀ ਦੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ।

ਇਕ ਹਲਾਕ-10 ਜ਼ਖ਼ਮੀ
ਫਿਲੌਰ, (ਗੁਰਵਿੰਦਰ ਚਾਵਲਾ)-ਡੇਰਾ ਬੱਲਾਂ ਵਾਲੇ ਸੰਤਾਂ ਤੇ ਹੋਏ ਹਮਲੇ ਦੇ ਰੋਸ ਵਿਰੁੱਧ ਫਿਲੌਰ ਦੇ ਮੁੱਖ ਮਾਰਗ 'ਤੇ ਚੱਕਾ ਜਾਮ ਕਰ ਰਹੇ ਅੰਦੋਲਨਕਾਰੀਆਂ ਦੀ ਸੁਰੱਖਿਆ ਬਲਾਂ ਨਾਲ ਝੜਪ ਹੋ ਗਈ। ਸਥਿਤੀ ਕਾਬੂ ਨਾ ਹੁੰਦੀ ਦੇਖ ਕੇ ਸੁਰੱਖਿਆ ਬਲਾਂ ਦੇ ਜਵਾਨਾਂ ਵਲੋਂ ਚਲਾਈ ਗੋਲੀ ਨਾਲ ਇੱਕ ਵਿਅਕਤੀ ਰਜਿੰਦਰ ਕੁਮਾਰ ਪੁੱਤਰ ਬੁੱਧੂ ਦੀ ਮੌਤ ਹੋ ਗਈ ਅਤੇ 10 ਹੋਰ ਜ਼ਖ਼ਮੀ ਹੋ ਗਏ। ਜਿਹਨਾਂ ਵਿੱਚੋ ਕੁਝ ਨੂੰ ਤੁਰੰਤ ਸਿਵਲ ਹਸਪਤਾਲ ਫਿਲੌਰ ਵਿਖੇ ਇਲਾਜ਼ ਲਈ ਦਾਖਿਲ ਕਰਵਾਇਆ ਗਿਆ। ਕੁਝ ਦੀ ਹਾਲਤ ਜਿਆਦਾ ਗੰਭੀਰ ਹੋਣ ਕਾਰਣ ਲੁਧਿਆਣਾ ਦੇ ਹਸਪਤਾਲਾਂ ਵਿਖੇ ਭੇਜ ਦਿੱਤਾ ਗਿਆ। ਜ਼ਖ਼ਮੀਆਂ ਦੀ ਪਛਾਣ ਬਲਦੇਵ ਪਿੰਡ ਛੋਕਰਾਂ, ਜਤਿੰਦਰ ਰਾਮ , ਪਵਨ ਜੋਤ ਵਾਸੀ ਪਿੰਡ ਨਗਰ, ਸ਼ੰਭ ਕੁਮਾਰ ਵਾਸੀ ਪੰਜਢੇਰਾ, ਵਿਨੋਦ ਕੁਮਾਰ ਵਾਸੀ ਪਿੰਡ ਨੰਗਲ, ਹੈਪੀ ਕੁਮਾਰ ਵਾਸੀ ਪਿੰਡ ਮੁਠੱਡਾ, ਕੁਲਦੀਪ ਸਿੰਘਵਾਸੀ ਪਿੰਡ ਹਰੀਪੁਰ ਖਾਲਸਾ ਵਜੋਂ ਹੋਈ।

ਲੁਧਿਆਣਾ 'ਚ ਕਰਫ਼ਿਊ ਲੱਗਾ
ਵਿਆਨਾ ਵਿਚ ਬੀਤੀ ਸ਼ਾਮ ਸੰਤ ਬਾਬਾ ਰਾਮਾਨੰਦ ਦੀ ਗੋਲੀ ਲੱਗਣ ਕਾਰਨ ਮੌਤ ਤੋਂ ਭੜਕੇ ਹੋਏ ਲੋਕਾਂ ਸ਼ਹਿਰ ਵਿਚ ਵੱਖ-ਵੱਖ ਥਾਵਾਂ 'ਤੇ ਕਈ ਦੁਕਾਨਾਂ ਦੀ ਭੰਨ ਤੋੜ ਕੀਤੀ ਗਈ ਅਤੇ ਸੜਕਾਂ 'ਤੇ ਅੱਗ ਲਗਾ ਕੇ ਆਪਣਾ ਰੋਸ ਪ੍ਰਦਰਸ਼ਨ ਕੀਤਾ ਗਿਆ। ਹਾਲਾਤ ਬੇਕਾਬੂ ਹੁੰਦੇ ਵੇਖਦਿਆਂ ਪ੍ਰਸ਼ਾਸਨ ਨੇ ਸ਼ਹਿਰ ਵਿਚ ਅਣਮਿਥੇ ਸਮੇ ਕਰਫਿਊ ਲਗਾ ਦਿੱਤਾ ਹੈ। ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ ਇਕ ਦਰਜਨ ਦੇ ਕਰੀਬ ਦੁਕਾਨਾਂ ਦਰਜਨ ਦੇ ਕਰੀਬ ਵਾਹਨਾਂ ਦੀ ਪ੍ਰਦਰਸ਼ਨਕਾਰੀਆਂ ਵੱਲੋਂ ਪੂਰੀ ਤਰ੍ਹਾਂ ਭੰਨਤੋੜ ਕੀਤੀ ਗਈ।

ਹੁਸ਼ਿਆਰਪੁਰ 'ਚ ਕਰਫ਼ਿਊ ਲਾਗੂ-ਅਰਧ ਸੈਨਿਕ ਬਲ ਬੁਲਾਏ
ਵਿਆਨਾ ਦੀ ਘਟਨਾ ਦੇ ਵਿਰੋਧ ਵਿੱਚ ਅੱਜ ਹੁਸ਼ਿਆਰਪੁਰ 'ਚ ਸ੍ਰੀ ਗੁਰੂ ਰਵਿਦਾਸ ਸਭਾਵਾਂ, ਬਹੁਜਨ ਸਮਾਜ ਪਾਰਟੀ ਅਤੇ ਹੋਰਨਾਂ ਸੰਗਠਨਾਂ ਵੱਲੋ ਸ਼ਹਿਰ ਵਿਚ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤੇ ਗਏ। ਸ਼ਹਿਰ ਵਿਚ ਤੋੜਫੋੜ ਦੀਆ ਵੱਡੀਆਂ ਘਟਨਾਵਾਂ ਉਪਰੰਤ ਪੁਲਿਸ ਵੱਲੋਂ ਪ੍ਰਦਰਸ਼ਨਕਾਰੀਆ 'ਤੇ ਲਾਠੀਚਾਰਜ ਕੀਤਾ ਅਤੇ ਪੂਰਾ ਦਿਨ ਰੇਲਵੇ ਅਤੇ ਬੱਸ ਸੇਵਾ ਪੂਰੀ ਤਰਾਂ ਠੱਪ ਰਹੀ। ਪ੍ਰਸ਼ਾਸਨ ਵੱਲੋਂ ਹਾਲਾਤ ਬੇਕਾਬੂ ਹੁੰਦੇ ਦੇਖਕੇ ਸ਼ਹਿਰ 'ਚ ਕਰੀਬ 11 ਵਜੇ ਕਰਫ਼ਿਊ ਲਗਾਉਣ ਦਾ ਐਲਾਨ ਕਰ ਦਿੱਤਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹਲਾਤ ਤੇ ਕਾਬੂ ਪਾਉਣ ਲਈ ਸੈਨਿਕ ਅਤੇ ਅਰਧਸੈਨਿਕ ਬਲਾ ਨੂੰ ਵੀ ਬੁਲਾ ਲਿਆ ਗਿਆ। ਸ਼ਹਿਰ ਵਿਚ ਸਾਰਾ ਦਿਨ ਤਣਾਅਪੂਰਨ ਸਥਿਤੀ ਬਣੀ ਰਹੀ।

ਅੰਮ੍ਰਿਤਸਰ 'ਚ ਝੜਪ
ਅੰਮ੍ਰਿਤਸਰ, (ਲਾਂਬਾ, ਬਹੋੜੂ, ਰੇਸ਼ਮ ਸਿੰਘ, ਹਰਮਿੰਦਰ ਸਿੰਘ)-ਵਿਆਨਾ ਘਟਨਾ ਦੇ ਰੋਸ ਵਜੋਂ ਅੱਜ ਅੰਮ੍ਰਿਤਸਰ ਸ਼ਹਿਰ ਵਿਚ ਵੱਡੀ ਪੱਧਰ 'ਤੇ ਭੰਨਤੋੜ ਹੋਈ। ਪ੍ਰਦਰਸ਼ਨਕਾਰੀਆਂ ਨੇ ਦੋ ਦਰਜਨ ਬੱਸਾਂ ਤੇ ਹੋਰ ਵਾਹਨਾਂ ਦੇ ਨਾਲ ਦਰਜਨਾਂ ਦੁਕਾਨਾਂ ਨੂੰ ਵੀ ਨੁਕਸਾਨ ਪਹੁੰਚਾਇਆ। ਦਹਿਸ਼ਤ ਕਾਰਨ ਸਾਰਾ ਸ਼ਹਿਰ ਬੰਦ ਰਿਹਾ। ਇਸ ਤੋ ਇਲਾਵਾ ਸਥਾਨਕ ਹਾਲ ਬਾਜ਼ਾਰ ਵਿਚ ਪ੍ਰਦਰਸ਼ਨਕਾਰੀਆਂ ਤੇ ਪੁਲਿਸ ਦਰਮਿਆਨ ਝੜਪ ਵੀ ਹੋਈ। ਪ੍ਰਦਰਸ਼ਨਕਾਰੀਆਂ ਪੁਲਿਸ 'ਤੇ ਪੱਥਰ ਮਾਰੇ ਜਦਕਿ ਪੁਲਿਸ ਨੇ ਭੀੜ ਨੂੰ ਕਾਬੂ ਕਰਨ ਲਈ ਲਾਠੀਚਾਰਜ ਕਰਦਿਆਂ ਅੱਥਰੂ ਗੈਸ ਦੇ ਗੋਲੇ ਛੱਡੇ।

ਡਿਪਟੀ ਕਮਿਸ਼ਨਰ ਦੀ ਗੱਡੀ 'ਤੇ ਹਮਲਾ
ਬੀਤੀ ਰਾਤ 2.00 ਵਜੇ ਦੇ ਕਰੀਬ ਡਿਪਟੀ ਕਮਿਸ਼ਨਰ ਕਪੂਰਥਲਾ ਸ੍ਰੀ ਰਾਜ ਕਮਲ ਚੌਧਰੀ ਦੀ ਗੱਡੀ 'ਤੇ ਅੰਮ੍ਰਿਤਸਰ ਹਾਈਵੇ 'ਤੇ ਪੈਂਦੇ ਬਿਧੀਪੁਰ ਫਾਟਕ 'ਤੇ ਵਿਖਾਵਾਕਾਰੀਆਂ ਨੇ ਹਮਲਾ ਕਰ ਦਿੱਤਾ। ਇਸ ਹਮਲੇ ਵਿਚ ਡਿਪਟੀ ਕਮਿਸ਼ਨਰ ਤਾਂ ਵਾਲ-ਵਾਲ ਬਚ ਗਏ ਪਰ ਉਨ੍ਹਾਂ ਦੇ ਸੁਰੱਖਿਆ ਦਸਤੇ ਨਾਲ ਸਬੰਧਿਤ ਤਿੰਨ ਮੁਲਾਜ਼ਮ ਵਿਖਾਵਾਕਾਰੀਆਂ ਦੇ ਤੇਜ਼ਧਾਰ ਹਥਿਆਰਾਂ ਨਾਲ ਜ਼ਖ਼ਮੀ ਹੋ ਗਏ।

ਦੋ ਗ੍ਰਿਫ਼ਤਾਰ
ਮਾਨਹਾਈਮ (ਜਰਮਨੀ), 25 ਮਈ (ਬਸੰਤ ਸਿੰਘ ਰਾਮੂਵਾਲੀਆ)-ਵਿਆਨਾ ਘਟਨਾ ਦੇ ਸੰਬੰਧ 'ਚ ਦੋ ਵਿਅਕਤੀਆਂ ਤਰਸੇਮ ਸਿੰਘ (45) ਤੇ ਸਤਵਿੰਦਰ ਸਿੰਘ (28) ਨੂੰ ਪੁੱਛਗਿੱਛ ਲਈ ਜਾਂਚ ਹਿਰਾਸਤ 'ਚ ਲੈ ਲਿਆ ਗਿਆ ਹੈ। ਪੁਲਿਸ ਘਟਨਾ ਦੇ ਕਾਰਨਾਂ ਦੀ ਡੂੰਘੀ ਜਾਂਚ ਕਰ ਰਹੀ ਹੈ। ਇਹ ਵੀ ਦੱਸਿਆ ਗਿਆ ਹੈ ਕਿ ਦੋ ਹੋਰ ਹਮਲਾਵਰਾਂ ਦੇ ਸਿਰ ਗੰਭੀਰ ਸੱਟਾਂ ਲੱਗੀਆਂ ਹਨ। ਗੁਰੂ ਰਵਿਦਾਸ ਸਭਾ ਦੇ ਸ਼ਰਧਾਲੂਆਂ ਦਾ ਕਹਿਣਾ ਹੈ ਕਿ ਵਿਰੋਧਾਂ 'ਚ ਘਿਰੇ ਇਸ ਦਰਬਾਰ ਉੱਤੇ ਸਿੱਖ ਰਹਿਤ ਮਰਿਯਾਦਾ ਦੀ ਉਲੰਘਣਾ ਕਰਨ ਦਾ ਵੀ ਦੋਸ਼ ਲਗਦਾ ਆ ਰਿਹਾ ਹੈ। ਉਸ ਦਾ ਮੰਨਣਾ ਹੈ ਕਿ ਜੋ ਘਟਨਾ ਵਾਪਰੀ ਹੈ ਉਸ ਵਿਵਾਦ ਦਾ ਵੀ ਨਤੀਜਾ ਹੋ ਸਕਦਾ ਹੈ। 'ਅਜੀਤ' ਦੀ ਜਾਣਕਾਰੀ ਅਨੁਸਾਰ ਘਟਨਾ ਸਥਾਨ ਵਾਲੇ ਹਾਲ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਹੋਇਆ ਹੈ। ਇਸ ਹਾਲ ਵਿਚ ਡਾ: ਅੰਬੇਡਕਰ ਦੀ ਲੱਗੀ ਤਸਵੀਰ ਦਾ ਵੀ ਵਿਰੋਧ ਹੁੰਦਾ ਰਿਹਾ ਹੈ। ਇਸੇ ਦੌਰਾਨ ਗੁਰਦੁਆਰਾ ਸਿੰਘ ਸਭਾ ਮਿਊਨਿਖ ਦੇ ਪ੍ਰਧਾਨ ਸ: ਤਰਸੇਮ ਸਿੰਘ ਅਟਵਾਲ ਤੇ ਮੀਡੀਆ ਪੰਜਾਬ ਦੇ ਸੰਪਾਦਕ ਸ: ਬਲਦੇਵ ਸਿੰਘ ਬਾਜਵਾ ਨੇ ਇਸ ਵਾਪਰੀ ਘਟਨਾ ਦੀ ਨਿੰਦਾ ਕੀਤੀ।

ਸੰਤ ਰਾਮਾਨੰਦ ਸੁਰਗਵਾਸ
ਬਰੇਸ਼ੀਆ (ਇਟਲੀ), 25 ਮਈ (ਬਲਦੇਵ ਸਿੰਘ ਬੂਰੇਜੱਟਾਂ)-ਆਸਟਰੀਆ ਦੇ ਸ਼ਹਿਰ ਵਿਆਨਾ ਸਥਿਤ ਗੁਰੂ ਰਵਿਦਾਸ ਦਰਬਾਰ ਵਿਚ ਡੇਰਾ ਸੱਚਖੰਡ ਬੱਲਾਂ ਦੇ ਸੰਤ ਨਿਰੰਜਨ ਦਾਸ ਅਤੇ ਸੰਤ ਰਾਮਾਨੰਦ ਜੀ 'ਤੇ ਹੋਏ ਹਮਲੇ ਉਪਰੰਤ ਜ਼ਖ਼ਮੀ ਹੋਏ ਛੋਟੇ ਸੰਤ ਰਾਮਾ ਨੰਦ ਅੱਜ ਸਵੇਰੇ ਦੋ ਵਜੇ ਹਸਪਤਾਲ ਵਿਚ ਸੁਰਗਵਾਸ ਹੋ ਗਏ। ਹਮਲਾ ਕਰਨ ਆਏ ਵਿਅਕਤੀਆਂ ਵਿਚੋਂ ਵੀ ਇਕ ਦੀ ਮੌਤ ਹੋਣ ਦੀ ਪੁਸ਼ਟੀ ਆਸਟਰੀਅਨ ਪੁਲਿਸ ਨੇ ਕਰ ਦਿੱਤੀ ਹੈ, ਜਦ ਕਿ ਪ੍ਰਾਪਤ ਜਾਣਕਾਰੀ ਅਨੁਸਾਰ ਹਾਲ ਅੰਦਰ ਹਮਲਾ ਕਰਨ ਆਏ ਛੇ ਹਮਲਾਵਰਾਂ ਵਿਚੋਂ ਚਾਰ ਦੀ ਹਾਲਤ ਨਾਜ਼ੁਕ ਦੱਸੀ ਜਅਤੇ ਸੰਤਾਂ ਦੀ ਜਾਨ ਬਚਾਉਣ ਲਈ ਅੱਗੇ ਆਏ ਕਿਸ਼ਨ ਲਾਲ ਵੀ ਖਤਰੇ ਤੋਂ ਬਾਹਰ ਹੈ। ਸਮਾਗਮ ਦੇ ਪ੍ਰਬੰਧਕ ਅਨੁਸਾਰ ਅਜੇ ਤੱਕ ਕਿਸੇ ਵੀ ਜਥੇਬੰਦੀ ਵੱਲੋਂ ਇਸ ਹਮਲੇ ਦੀ ਜ਼ਿੰਮੇਵਾਰੀ ਨਾ ਲੈਣ 'ਤੇ ਇਸ ਗੱਲ ਦਾ ਸ਼ੱਕ ਵੀ ਕੀਤਾ ਜਾ ਰਿਹਾ ਹੈ ਕਿ ਇਹ ਸਭ ਕੁਝ ਲੋਕਾਂ ਨੂੰ ਆਪਸ ਵਿਚ ਲੜਾਉਣ ਦੀ ਇਕ ਕੋਸ਼ਿਸ਼ ਤਾਂ ਨਹੀਂ। ਇਸੇ ਦੌਰਾਨ ਵਿਆਨਾ ਦੇ ਗੁਰਦੁਆਰਾ ਸਿੰਘ ਸਭਾ ਦੇ ਪ੍ਰਧਾਨ ਸ: ਗੁਰਭੇਜ ਸਿੰਘ ਨੇ ਫੋਨ 'ਤੇ ਗੱਲਬਾਤ ਦੌਰਾਨ ਦੱਸਿਆ ਕਿ ਇਸ ਹਮਲੇ ਵਿਚ ਆਸਟਰੀਆ ਦਾ ਕੋਈ ਵੀ ਸਿੰਘ ਸ਼ਾਮਿਲ ਨਹੀਂ ਹੈ, ਇਸ ਸ਼ਹਿਰ ਵਿਚ ਦੋਵੇਂ ਫਿਰਕਿਆਂ ਵਿਚਕਾਰ ਆਪਸੀ ਭਾਈਚਾਰਾ ਬਹੁਤ ਹੀ ਮਜ਼ਬੂਤ ਸੀ।

ਸੰਜਮ ਰੱਖਣ ਦੀ ਲੋੜ - ਬਰਜਿੰਦਰ ਸਿੰਘ ਹਮਦਰਦ
ਯੂਰਪੀਨ ਦੇਸ਼ ਆਸਟਰੀਆ ਦੀ ਰਾਜਧਾਨੀ ਵਿਆਨਾ ਵਿਖੇ ਜਲੰਧਰ ਦੇ ਨੇੜੇ ਸਥਿਤ ਡੇਰਾ ਸਰਵਣ ਦਾਸ ਸੱਚਖੰਡ ਬੱਲਾਂ ਦੇ ਮੁਖੀ ਸੰਤ ਨਿਰੰਜਨ ਦਾਸ ਅਤੇ ਉਨ੍ਹਾਂ ਦੇ ਸਹਿਯੋਗੀ ਸੰਤ ਰਾਮਾਨੰਦ ਜੀ 'ਤੇ ਕੁਝ ਵਿਅਕਤੀਆਂ ਵਲੋਂ ਕਾਤਲਾਨਾ ਹਮਲੇ ਵਿਚ ਸੰਤ ਨਿਰੰਜਨ ਦਾਸ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ ਅਤੇ ਸੰਤ ਰਾਮਾਨੰਦ ਜੀ ਇਸ ਹਮਲੇ ਵਿਚ ਸਵਰਗਵਾਸ ਹੋ ਗਏ। ਅਚਾਨਕ ਵਾਪਰੀ ਇਸ ਘਟਨਾ ਨੇ ਦੁਆਬੇ ਦੀ ਧਰਤੀ 'ਤੇ ਇਕ ਵੱਡਾ ਦੁਖਾਂਤ ਪੈਦਾ ਕਰ ਦਿੱਤਾ ਹੈ। ਇਨ੍ਹਾਂ ਦੋਵਾਂ ਹੀ ਧਾਰਮਿਕ ਸ਼ਖ਼ਸੀਅਤਾਂ ਦਾ ਬੜਾ ਸਤਿਕਾਰ ਹੈ। ਇਸ ਡੇਰੇ ਨਾਲ ਬਹੁਤ ਵੱਡੀ ਗਿਣਤੀ ਵਿਚ ਲੋਕ ਭਾਵੁਕ ਤੌਰ 'ਤੇ ਜੁੜੇ ਹੋਏ ਹਨ, ਜਿਸ ਨਾਲ ਉਨ੍ਹਾਂ ਦੇ ਮਨ ਵਿਚ ਵੱਡਾ ਰੋਸ ਪੈਦਾ ਹੋਣਾ ਕੁਦਰਤੀ ਗੱਲ ਹੈ।

ਇਕ ਵਾਰ ਤਾਂ ਇਸ ਦੁਖਦਾਈ ਘਟਨਾ ਨੇ ਸਭ ਪਾਸੇ ਰੋਸ ਲਹਿਰਾਂ ਪੈਦਾ ਕਰ ਦਿੱਤੀਆਂ ਹਨ। ਜਿਨ੍ਹਾਂ ਵਿਅਕਤੀਆਂ ਨੇ ਇਹ ਕਾਰਾ ਕੀਤਾ ਹੈ, ਉਨ੍ਹਾਂ ਦੀ ਵੱਡੀ ਪੱਧਰ 'ਤੇ ਆਲੋਚਨਾ ਕੀਤੀ ਜਾ ਰਹੀ ਹੈ। ਨਿਸਚੇ ਹੀ ਸੰਤ ਮਹਾਂਪੁਰਸ਼ਾਂ ‘ਤੇ ਅਜਿਹੇ ਹਮਲੇ ਬੇਹੱਦ ਨੀਵੀਂ ਪੱਧਰ ਦੀ ਕਾਰਵਾਈ ਕਹੇ ਜਾ ਸਕਦੇ ਹਨ, ਜਿਨ੍ਹਾਂ ਦੀ ਸਭ ਵਰਗਾਂ ਵੱਲੋਂ ਭਰਪੂਰ ਨਿੰਦਾ ਕੀਤੀ ਜਾਣੀ ਚਾਹੀਦੀ ਹੈ। ਪੰਜਾਬ ਵਿਚ ਹਰ ਵਰਗ ਅਤੇ ਹਰ ਪਾਰਟੀ ਨਾਲ ਸੰਬੰਧਿਤ ਪ੍ਰਮੁੱਖ ਵਿਅਕਤੀਆਂ ਨੇ ਨਾ ਸਿਰਫ਼ ਇਸ ਘਟਨਾ 'ਤੇ ਗਹਿਰਾ ਦੁੱਖ ਹੀ ਪ੍ਰਗਟ ਕੀਤਾ ਹੈ ਸਗੋਂ ਅਜਿਹਾ ਕੰਮ ਕਰਨ ਵਾਲਿਆਂ ਵਿਰੁੱਧ ਵੀ ਭਰਪੂਰ ਆਵਾਜ਼ ਉਠਾਈ ਹੈ।

ਚਾਹੀਦਾ ਤਾਂ ਇਹ ਹੈ ਕਿ ਅਜਿਹੇ ਦੁਖਦਾਈ ਸਮੇਂ ਸਾਰੇ ਵਰਗ ਅਤੇ ਭਾਈਚਾਰੇ ਇਕੱਠੇ ਹੋਣ ਅਤੇ ਇਸ ਦੁੱਖ ਦੀਆਂ ਭਾਵਨਾਵਾਂ ਨੂੰ ਇਕੱਠੇ ਰੂਪ ਵਿਚ ਸਾਂਝੀਆਂ ਕਰਨ। ਪਰ ਇਸ ਦੁਖਦਾਈ ਘਟਨਾ ਤੋ ਬਾਅਦ ਜੋ ਕੁਝ ਜਲੰਧਰ ਅਤੇ ਪੰਜਾਬ ਦੇ ਕਈ ਹੋਰ ਸ਼ਹਿਰਾਂ ਵਿਚ ਵਾਪਰਿਆ ਹੈ, ਉਹ ਅਫ਼ਸੋਸਨਾਕ ਹੈ। ਰੋਸ ਪ੍ਰਗਟ ਕਰਨ ਦੇ ਨਾਂਅ 'ਤੇ ਲੋਕਾਂ ਦੇ ਵੱਖ-ਵੱਖ ਗਰੁੱਪਾਂ ਵੱਲੋਂ ਇਕੱਠੇ ਹੋ ਕੇ ਸਰਕਾਰੀ ਜਾਇਦਾਦਾਂ ਦੇ ਨਾਲ-ਨਾਲ ਲੋਕਾਂ ਦੀਆਂ ਨਿੱਜੀ ਜਾਇਦਾਦਾਂ ਦਾ, ਨਿੱਜੀ ਤੇ ਸਰਕਾਰੀ ਵਾਹਨਾਂ ਦਾ ਨੁਕਸਾਨ ਕਰਨਾ, ਰੇਲ ਗੱਡੀਆਂ ਨੂੰ ਅੱਗਾਂ ਲਾਉਣਾ ਅਤੇ ਲੋਕ ਬੁਰੀ ਤਰ੍ਹਾਂ ਡਰਾਉਣਾ, ਧਮਕਾਉਣਾ ਅਤੇ ਸਮੁੱਚੇ ਜਨਜੀਵਨ ਨੂੰ ਅਸਤ-ਵਿਅਸਤ ਕਰਨ ਨੂੰ ਸਿਆਣੀ ਸੋਚ ਅਤੇ ਚੰਗੀ ਕਾਰਵਾਈ ਨਹੀਂ ਕਿਹਾ ਜਾ ਸਕਦਾ। ਅਜਿਹੇ ਸਮੇਂ ਸਰਕਾਰ ਵੀ ਇਮਤਿਹਾਨ 'ਚੋਂ ਗੁਜ਼ਰਦੀ ਹੈ।

ਚਾਹੇ ਪੰਜਾਬ ਸਰਕਾਰ ਨੇ ਪੰਜਾਬ ਦੀ ਪ੍ਰਬੰਧਕੀ ਮਸ਼ੀਨਰੀ ਨੇ ਪੈਦਾ ਕੀਤੀ ਗਈ ਭੜਕਾਹਟ ਦੌਰਾਨ ਬੜੇ ਹੀ ਸੰਜਮ ਤੋਂ ਕੰਮ ਲਿਆ। ਪਰ ਸੋਚਣ ਵਾਲੀ ਗੱਲ ਇਹ ਹੈ ਕਿ ਇਸ ਤਰ੍ਹਾਂ ਦੀਆਂ ਤੋੜ-ਫੋੜ ਵਾਲੀਆਂ ਅਤੇ ਨਾਂਹ-ਪੱਖੀ ਕਾਰਵਾਈਆਂ ਨੂੰ ਕਿਸ ਹੱਦ ਤੱਕ ਬਰਦਾਸ਼ਤ ਕੀਤਾ ਜਾ ਸਕਦਾ ਹੈ? ਅਜਿਹਾ ਚਾਹੇ ਕਿਸੇ ਵੀ ਭਾਈਚਾਰੇ ਜਾਂ ਵਰਗ ਵੱਲੋਂ ਕਿਸੇ ਵੀ ਘਟਨਾ ਨੂੰ ਆਧਾਰ ਬਣਾ ਕੇ ਕੀਤਾ ਗਿਆ ਹੋਵੇ, ਉਸ ਦੀ ਇਜਾਜ਼ਤ ਨਹੀਂ ਦਿੱਤੀ ਜਾਣੀ ਚਾਹੀਦੀ। ਇਸ ਲਈ ਸਰਕਾਰ ਵੱਲੋ ਪ੍ਰਭਾਵੀ ਕਦਮ ਉਠਾਉਣੇ ਜ਼ਰੂਰੀ ਹਨ ਤਾਂ ਜੋ ਸੂਬੇ ਵਿਚ ਕਾਨੂੰਨ ਦਾ ਰਾਜ ਕਾਇਮ ਰੱਖਿਆ ਜਾ ਸਕੇ ਅਤੇ ਵੱਖ-ਵੱਖ ਵਰਗਾਂ ਅਤੇ ਭਾਈਚਾਰਿਆਂ ਵਿਚ ਵੱਡਾ ਤਣਾਅ ਜਾਂ ਖਟਾਸ ਪੈਦਾ ਨਾ ਹੋਵੇ। ਤੋੜ-ਫੋੜ ਦੀਆਂ ਅਜਿਹੀਆਂ ਕਾਰਵਾਈਆਂ ਨਾਲ ਆਮ ਲੋਕਾਂ ਵਿਚ ਜੋ ਰੋਸ ਪੈਦਾ ਹੋ ਰਿਹਾ ਹੈ ਅਤੇ ਆਮ ਲੋਕਾਂ ਨੂੰ ਜੋ ਪ੍ਰੇਸ਼ਾਨੀ ਪੈਦਾ ਹੋ ਰਹੀ ਹੈ, ਦੂਜੀ ਧਿਰ ਨੂੰ ਉਸ ਨੂੰ ਵੀ ਸਮਝਣਾ ਚਾਹੀਦਾ ਹੈ।

ਅਜਿਹੇ ਸਮੇਂ ਅਸੀਂ ਸਮੁੱਚੇ ਪੰਜਾਬ ਵਾਸੀਆਂ ਨੂੰ ਇਹ ਅਪੀਲ ਕਰਦੇ ਹਾਂ ਕਿ ਉਹ ਆਪਣੀਆਂ ਸਦੀਆਂ ਪੁਰਾਣੀਆਂ ਪ੍ਰੰਪਰਾਵਾਂ ਨੂੰ ਕਾਇਮ ਰੱਖਦੇ ਹੋਏ ਸੰਜਮ ਅਤੇ ਸ਼ਾਂਤੀ ਤੋਂ ਕੰਮ ਲੈਣ। ਉਨ੍ਹਾਂ ਦੀ ਕੋਈ ਵੀ ਕਾਰਵਾਈ ਭੜਕਾਹਟ ਪੈਦਾ ਕਰਨ ਵਾਲੀ ਨਹੀਂ ਹੋਣੀ ਚਾਹੀਦੀ ਅਤੇ ਨਾ ਹੀ ਵੱਖ-ਵੱਖ ਭਾਈਚਾਰਿਆਂ ਨਾਲ ਸੰਬੰਧਿਤ ਵਿਅਕਤੀਆਂ ਨੂੰ ਅਜਿਹੇ ਸਮੇਂ ਭੜਕਾਹਟ ਵਿਚ ਹੀ ਆਉਣਾ ਚਾਹੀਦਾ ਹੈ। ਅੱਜ ਸੂਬੇ ਦੀ ਖੁਸ਼ਹਾਲੀ ਅਤੇ ਵਿਕਾਸ ਲਈ ਆਪਸੀ ਭਾਈਚਾਰਕ ਸਾਂਝ ਦੀ ਬੇਹੱਦ ਜ਼ਰੂਰਤ ਹੈ। ਅਸੀਂ ਜਿਥੇ ਇਸ ਘਟਨਾ 'ਤੇ ਗਹਿਰਾ ਦੁੱਖ ਪ੍ਰਗਟ ਕਰਦੇ ਹਾਂ ਉਥੇ ਇਕ ਵਾਰ ਫਿਰ ਸਮੁੱਚੇ ਪੰਜਾਬ ਵਾਸੀਆਂ ਨੂੰ ਸੰਜਮ, ਅਮਨ ਅਤੇ ਸ਼ਾਂਤੀ ਦੇ ਰਸਤੇ 'ਤੇ ਚੱਲਣ ਦੀ ਅਪੀਲ ਕਰਦੇ ਹਾਂ।

ਅਜੀਤ ਜਲੰਧਰ ਦਾ ਖ਼ਬਰ ਪੰਨਾ

5) ਜਲੰਧਰ ਕਰਫ਼ਿਊ ਦੇ ਬਾਵਜੂਦ ਦੂਜੇ ਦਿਨ ਵੀ ਭਾਰੀ ਹਿੰਸਾ