ਚੰਡੀਗੜ੍ਹ, 26 ਮਈ (ਬਲਜੀਤ ਬੱਲੀ) - ਅੱਜ ਇਥੇ ਮੁੱਖ ਮੰਤਰੀ ਪੰਜਾਬ ਸ: ਪ੍ਰਕਾਸ਼ ਸਿੰਘ ਬਾਦਲ ਵੱਲੋਂ ਬੁਲਾਈ ਗਈ ਸਰਬ-ਪਾਰਟੀ ਮੀਟਿੰਗ ਨੇ ਪੰਜਾਬ ਵਿਚ ਵਾਪਰੀਆਂ ਹਿੰਸਕ ਘਟਨਾਵਾਂ ਦੀ ਨਿੰਦਾ ਕਰਦੇ ਹੋਏ ਸਮਾਜ ਵਿਰੋਧੀ ਅਨਸਰਾਂ ਨਾਲ ਸਖ਼ਤੀ ਨਾਲ ਨਜਿੱਠਣ ਲਈ ਕਿਹਾ। ਸਾਰੀਆਂ ਪਾਰਟੀਆਂ ਦੇ ਨੁਮਾਇੰਦਿਆਂ ਵੱਲੋਂ ਇਕ ਸਾਂਝੇ ਮਤੇ ਰਾਹੀਂ ਜਿਥੇ ਵਿਆਨਾ ਵਿਚ ਸੰਤ ਨਿਰੰਜਣ ਦਾਸ, ਸੰਤ ਰਾਮਾਨੰਦ ਅਤੇ ਹੋਰਨਾਂ 'ਤੇ ਕੀਤੇ ਗਏ ਹਮਲੇ ਦੀ ਸਖ਼ਤ ਨਿੰਦਾ ਕੀਤੀ ਗਈ, ਉਥੇ ਪੰਜਾਬ ਦੇ ਲੋਕਾਂ ਨੂੰ ਸੰਜਮ ਵਰਤਣ ਅਤੇ ਅਮਨ, ਭਾਈਚਾਰਕ ਸਦਭਾਵਨਾ ਅਤੇ ਪੰਜਾਬੀ ਏਕਤਾ ਬਣਾਈ ਰੱਖਣ ਦੀ ਅਪੀਲ ਵੀ ਕੀਤੀ ਗਈ।
ਰਾਜ ਦੀਆਂ ਸਾਰੀਆਂ ਧਾਰਮਿਕ ਤੇ ਸਮਾਜਿਕ ਸੰਸਥਾਵਾਂ ਅਤੇ ਧਰਮ ਵਿਚ ਵਿਸ਼ਵਾਸ ਰੱਖਣ ਵਾਲੇ ਵਿਅਕਤੀਆਂ ਨੂੰ ਉਚੇਚੀ ਅਪੀਲ ਕੀਤੀ ਗਈ ਕਿ ਉਹ ਰਾਜ ਵਿਚ ਭਾਈਚਾਰਕ ਏਕਤਾ ਬਣਾਈ ਰੱਖਣ ਲਈ ਆਪਣਾ ਯੋਗਦਾਨ ਪਾਉਣ। ਮਤੇ 'ਚ ਕਿਹਾ ਗਿਆ ਕਿ ਵਿਆਨਾ ਦੀ ਦੁਖਦਾਈ ਘਟਨਾ ਤੋਂ ਬਾਅਦ ਸ਼ਾਂਤਮਈ ਤਰੀਕੇ ਨਾਲ ਆਪਣੀਆਂ ਭਾਵਨਾਵਾਂ ਦਾ ਇਜ਼ਹਾਰ ਕਰਨਾ ਸੁਭਾਵਿਕ ਸੀ, ਪਰ ਇਨ੍ਹਾਂ ਦੀ ਆੜ ਹੇਠ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਕੀਤੀਆਂ ਗਈਆਂ ਭੰਨ-ਤੋੜ ਦੀਆਂ ਹਿੰਸਕ ਕਾਰਵਾਈਆਂ ਨੂੰ ਕਿਸੇ ਤਰ੍ਹਾਂ ਵੀ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ। ਮਤੇ ਵਿਚ ਇਹ ਕਿਹਾ ਗਿਆ ਕਿ 'ਇਹ ਅਨਸਰ ਬੇਸ਼ੁਮਾਰ ਕੁਰਬਾਨੀਆਂ ਕਰਕੇ ਹਾਸਲ ਕੀਤੇ ਪੰਜਾਬ ਦੇ ਅਮਨ, ਭਾਈਚਾਰੇ ਅਤੇ ਪੰਜਾਬੀ ਏਕਤਾ ਨੂੰ ਲਾਂਬੂ ਲਾਉਣਾ ਚਾਹੁੰਦੇ ਹਨ।'
ਇਹ ਵੀ ਪਤਾ ਲੱਗਾ ਹੈ ਕਿ ਇਸ ਮੀਟਿੰਗ ਵਿਚ ਕਾਂਗਰਸ ਪਾਰਟੀ ਅਤੇ ਬਸਪਾ ਦੇ ਨੁਮਾਇੰਦਿਆਂ ਨੇ ਅਮਨ-ਕਾਨੂੰਨ ਬਰਕਰਾਰ ਰੱਖਣ ਅਤੇ ਲੋਕਾਂ ਦੇ ਜਾਨ-ਮਾਲ ਦੀ ਰਾਖੀ ਪੱਖੋਂ ਸਰਕਾਰੀ ਮਸ਼ੀਨਰੀ ਦੀ ਢਿੱਲ-ਮੱਠ ਦੀ ਨੁਕਤਾਚੀਨੀ ਵੀ ਕੀਤੀ। ਜਿਥੇ ਕਾਂਗਰਸ ਵਿਧਾਇਕ ਦਲ ਦੀ ਨੇਤਾ ਬੀਬੀ ਰਾਜਿੰਦਰ ਕੌਰ ਭੱਠਲ ਨੇ ਇਹ ਕਿਹਾ ਕਿ ਹਿੰਸਾ ਅਤੇ ਭੰਨ-ਤੋੜ ਨੂੰ ਰੋਕਣ ਲਈ ਸਮੇਂ ਸਿਰ ਲੋੜੀਂਦੀ ਕਾਰਵਾਈ ਨਹੀਂ ਕੀਤੀ ਗਈ, ਉਥੇ ਬਸਪਾ ਮੁਖੀ ਸ: ਅਵਤਾਰ ਸਿੰਘ ਕਰੀਮਪੁਰੀ ਨੇ ਦਲਿਤ ਵਰਗ ਦੇ ਲੋਕਾਂ ਨਾਲ ਹੋ ਰਹੀ ਬੇਇਨਸਾਫੀ ਦੇ ਮੁੱਦੇ 'ਤੇ ਵੀ ਸਰਕਾਰ ਨੂੰ ਆੜੇ ਹੱਥੀਂ ਲਿਆ। ਮੀਟਿੰਗ ਵਿਚ ਇਹ ਸੁਝਾਅ ਵੀ ਆਇਆ ਕਿ ਪੰਜਾਬੀ ਏਕਤਾ ਅਤੇ ਸਦਭਾਵਨਾ ਲਈ ਸਰਬ-ਸਾਂਝੇ ਅਮਨ-ਜਲੂਸ ਕੱਢੇ ਜਾਣ, ਪਰ ਇਸ 'ਤੇ ਸਰਬ-ਸਹਿਮਤੀ ਨਹੀਂ ਹੋਈ, ਇਸ ਲਈ ਇਹ ਵਿਚਾਰ ਤਿਆਗ ਦਿੱਤਾ ਗਿਆ।
ਮੀਟਿੰਗ ਦੀ ਕਾਰਵਾਈ ਦਾ ਵੇਰਵਾ ਦਿੰਦਿਆਂ ਮੁੱਖ ਮੰਤਰੀ ਸ: ਬਾਦਲ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਸ ਮੀਟਿੰਗ ਵਿਚ ਭਾਰਤ ਸਰਕਾਰ ਨੂੰ ਜ਼ੋਰ ਦੇ ਕੇ ਕਿਹਾ ਗਿਆ ਕਿ ਉਹ ਆਸਟਰੀਆ ਦੀ ਸਰਕਾਰ ਨਾਲ ਰਾਬਤਾ ਕਰ ਕੇ ਤੁਰੰਤ ਉਥੋਂ ਦੀ ਘਟਨਾ ਦੇ ਜ਼ਿੰਮੇਵਾਰ ਦੋਸ਼ੀਆਂ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਯਕੀਨੀ ਬਣਾਏ। ਕੇਂਦਰ ਸਰਕਾਰ ਨੂੰ ਇਹ ਵੀ ਅਪੀਲ ਕੀਤੀ ਗਈ ਕਿ ਉਹ ਸੰਤ ਰਾਮਾ ਨੰਦ ਦੀ ਮ੍ਰਿਤਕ ਦੇਹ ਨੂੰ ਉਨ੍ਹਾਂ ਦੇ ਪੈਰੋਕਾਰਾਂ ਦੀ ਇੱਛਾ ਮੁਤਾਬਕ ਭਾਰਤ ਵਿਚ ਲਿਆਉਣ ਲਈ ਲੋੜੀਂਦਾ ਸਹਿਯੋਗ ਦੇਵੇ। ਇਕ ਸਵਾਲ ਦੇ ਜਵਾਬ 'ਚ ਸ: ਬਾਦਲ ਨੇ ਇਹ ਵੀ ਕਿਹਾ ਕਿ ਜੇਕਰ ਡੇਰਾ ਸੱਚਖੰਡ ਬੱਲਾਂ ਵੱਲੋਂ ਇੱਛਾ ਜ਼ਾਹਿਰ ਕੀਤੀ ਗਈ ਤਾਂ ਸੰਤ ਰਾਮਾ ਨੰਦ ਦਾ ਸਸਕਾਰ ਸਰਕਾਰੀ ਸਨਮਾਨਾਂ ਨਾਲ ਵੀ ਹੋ ਸਕਦਾ ਹੈ।
ਮੀਟਿੰਗ ਵਿਚ ਦੋ ਮਿੰਟ ਦਾ ਮੌਨ ਧਾਰ ਕੇ ਉਨ੍ਹਾਂ ਦੀ ਮੌਤ 'ਤੇ ਅਫ਼ਸੋਸ ਜ਼ਾਹਿਰ ਕੀਤਾ ਗਿਆ। ਇਸ ਦੇ ਨਾਲ ਹੀ ਪੰਜਾਬ ਵਿਚ ਹਿੰਸਾ ਦੌਰਾਨ ਮਾਰੇ ਗਏ ਵਿਅਕਤੀਆਂ ਦੀ ਮੌਤ 'ਤੇ ਵੀ ਅਫ਼ਸੋਸ ਜ਼ਾਹਿਰ ਕੀਤਾ ਗਿਆ। ਇਕ ਸਵਾਲ ਦੇ ਜਵਾਬ 'ਚ ਸ: ਬਾਦਲ ਨੇ ਇਹ ਵੀ ਦੱਸਿਆ ਕਿ ਮੀਟਿੰਗ ਵਿਚ ਸਾਰੀਆਂ ਪਾਰਟੀਆਂ ਦੇ ਨੁਮਾਇੰਦੇ ਇਸ ਗੱਲ 'ਤੇ ਸਹਿਮਤ ਸਨ ਕਿ ਮੌਜੂਦਾ ਹਾਲਤ ਵਿਚ ਨੂਰਮਹਿਲ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਮੁਲਤਵੀ ਕਰ ਦੇਣੀ ਚਾਹੀਦੀ ਹੈ। ਸਰਬ-ਪਾਰਟੀ ਮੀਟਿੰਗ ਵਿਚ ਇਸ ਗੱਲ 'ਤੇ ਵੀ ਸਹਿਮਤੀ ਹੋਈ ਕਿ ਵੱਖ-ਵੱਖ ਥਾਵਾਂ 'ਤੇ ਹੋਈਆਂ ਹਿੰਸਕ ਘਟਨਾਵਾਂ ਵਿਚ ਜਿਨ੍ਹਾਂ ਲੋਕਾਂ ਦੀ ਜਾਨ-ਮਾਲ ਦਾ ਨੁਕਸਾਨ ਹੋਇਆ ਹੈ, ਉਨ੍ਹਾਂ ਨੂੰ ਸਰਕਾਰ ਵੱਲੋਂ ਮੁਆਵਜ਼ੇ ਦੇ ਰੂਪ ਵਿਚ ਖੁੱਲ੍ਹੇ ਦਿਲ ਨਾਲ ਰਾਹਤ ਦਿੱਤੀ ਜਾਵੇ।
ਅੱਜ ਦੀ ਸਰਬ-ਪਾਰਟੀ ਮੀਟਿੰਗ ਵਿਚ ਸ਼ਾਮਿਲ ਹੋਣ ਵਾਲਿਆਂ ਵੱਖ-ਵੱਖ ਪਾਰਟੀਆਂ ਦੇ ਨੁਮਾਇੰਦਿਆਂ ਦੀ ਸੂਚੀ ਇਸ ਪ੍ਰਕਾਰ ਹੈ : ਸ਼੍ਰੋਮਣੀ ਅਕਾਲੀ ਦਲ ਵੱਲੋਂ ਡਿਪਟੀ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ, ਜਨਰਲ ਸਕੱਤਰ ਸੁਖਦੇਵ ਸਿੰਘ ਢੀਂਡਸਾ, ਲੋਕ ਸਭਾ ਮੈਂਬਰ ਸ਼ੇਰ ਸਿੰਘ ਘੁਬਾਇਆ, ਗੁਰਦੇਵ ਸਿੰਘ ਬਾਦਲ ਅਤੇ ਪ੍ਰੋ: ਪ੍ਰੇਮ ਸਿੰਘ ਚੰਦੂਮਾਜਰਾ, ਕਾਂਗਰਸ ਪਾਰਟੀ ਵੱਲੋਂ ਕਾਰਜਕਾਰੀ ਪ੍ਰਧਾਨ ਲਾਲ ਸਿੰਘ, ਵਿਧਾਇਕ ਦਲ ਦੀ ਨੇਤਾ ਬੀਬੀ ਰਾਜਿੰਦਰ ਕੌਰ ਭੱਠਲ ਅਤੇ ਜਨਰਲ ਸਕੱਤਰ ਪਰਮਿੰਦਰ ਸਿੰਘ ਪਿੰਕੀ, ਭਾਜਪਾ ਦੇ ਪ੍ਰਧਾਨ ਪ੍ਰੋ: ਰਾਜਿੰਦਰ ਭੰਡਾਰੀ, ਮਨੋਰੰਜਨ ਕਾਲੀਆ, ਤੀਕਸ਼ਣ ਸੂਦ ਅਤੇ ਬਲਰਾਮਜੀ ਦਾਸ ਟੰਡਨ, ਬਹੁਜਨ ਸਮਾਜ ਪਾਰਟੀ ਦੇ ਮੁਖੀ ਅਤੇ ਸੰਸਦ ਮੈਂਬਰ ਅਵਤਾਰ ਸਿੰਘ ਕਰੀਮਪੁਰੀ ਅਤੇ ਰਾਜਿੰਦਰ ਸਿੰਘ ਰਾਜਾ, ਕਮਿਊਨਿਸਟ ਪਾਰਟੀ ਦੇ ਸੀਨੀਅਰ ਆਗੂ ਡਾ: ਜੋਗਿੰਦਰ ਦਿਆਲ ਅਤੇ ਸੂਬਾ ਸਕੱਤਰ ਭੁਪਿੰਦਰ ਸਾਂਬਰ, ਮਾਰਕਸੀ ਪਾਰਟੀ ਦੇ ਸਕੱਤਰ ਚਰਨ ਸਿੰਘ ਵਿਰਦੀ ਅਤੇ ਰਤਨ ਸਿੰਘ, ਸ਼ਿਵ ਸੈਨਾ ਸਮਾਜਵਾਦੀ ਦੇ ਕਮਲੇਸ਼ ਭਾਰਦਵਾਜ ਅਤੇ ਬਲਜੀਤ ਸਿੰਘ ਢਿੱਲੋਂ।
ਮੀਟਿੰਗ ਵਿਚ ਡਾ: ਦਲਜੀਤ ਸਿੰਘ ਚੀਮਾ ਅਤੇ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਸ੍ਰੀ ਹਰਚਰਨ ਸਿੰਘ ਬੈਂਸ ਤੋਂ ਇਲਾਵਾ ਮੁੱਖ ਸਕੱਤਰ ਸ: ਰਮੇਸ਼ਇੰਦਰ ਸਿੰਘ, ਗ੍ਰਹਿ ਸਕੱਤਰ ਰਵਨੀਤ ਸਿੰਘ ਕੰਗ, ਮੁੱਖ ਮੰਤਰੀ ਦੇ ਪ੍ਰਿੰਸੀਪਲ ਸਕੱਤਰ ਦਰਬਾਰਾ ਸਿੰਘ ਗੁਰੂ ਅਤੇ ਡਾਇਰੈਕਟਰ ਲੋਕ ਸੰਪਰਕ ਗਗਨਦੀਪ ਸਿੰਘ ਬਰਾੜ ਵੀ ਮੌਜੂਦ ਸਨ। ਮੀਟਿੰਗ ਵਿਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਅਕਾਲੀ ਦਲ 1920 ਦਾ ਕੋਈ ਨੁਮਾਇੰਦਾ ਸ਼ਾਮਿਲ ਨਹੀਂ ਹੋਇਆ। ਮੁੱਖ ਮੰਤਰੀ ਨੇ ਪੰਜਾਬ ਦੇ ਤਾਜ਼ਾ ਤਣਾਅ ਭਰੇ ਮਾਹੌਲ ਦੌਰਾਨ ਮੀਡੀਆ ਵੱਲੋਂ ਵਰਤੇ ਗਏ ਸੰਜਮ ਦੀ ਪ੍ਰਸੰਸਾ ਕੀਤੀ ਅਤੇ ਅਪੀਲ ਕੀਤੀ ਕਿ ਅਮਨ ਬਰਕਰਾਰ ਰੱਖਣ ਲਈ ਅਖਬਾਰਾਂ ਅਤੇ ਟੀ. ਵੀ. ਚੈਨਲ ਆਪਣੀ ਉਸਾਰੂ ਭੂਮਿਕਾ ਨਿਭਾਉਂਦੇ ਰਹਿਣ।
ਆਸਟਰੀਆ ਦੂਤਘਰ ਅੱਗੇ ਮੁਜ਼ਾਹਰਾ
ਨਵੀਂ ਦਿੱਲੀ, 26 ਮਈ (ਸੋਢੀ)-ਅੱਜ ਤੀਨ ਮੂਰਤੀ ਵਿਖੇ ਸੈਂਟਰਲ ਕਮੇਟੀ ਸ੍ਰੀ ਗੁਰੂ ਰਵਿਦਾਸ ਧਰਮ ਸੰਸਥਾਨ ਮੋਤੀ ਬਾਗ ਦਿੱਲੀ ਵੱਲੋਂ ਇਕ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨਕਾਰੀ ਆਸਟਰੀਆ ਦੀ ਰਾਜਧਾਨੀ ਵਿਆਨਾ ਵਿਚ ਇਕ ਧਾਰਮਿਕ ਸਥਾਨ ਡੇਰਾ ਸੱਚਖੰਡ ਬੱਲਾਂ ਦੇ ਮੁਖੀ 'ਤੇ ਹੋਏ ਕਾਤਲਾਨਾ ਹਮਲੇ ਦੇ ਵਿਰੁੱਧ ਰੋਸ ਮੁਜ਼ਾਹਰਾ ਕਰ ਰਹੇ ਸਨ। ਪ੍ਰਦਰਸ਼ਨਕਾਰੀ ਹੱਥਾਂ ਵਿਚ ਬੈਨਰ ਲੈ ਕੇ ਬੜੇ ਜ਼ੋਸ਼ ਨਾਲ ਨਾਅਰੇ ਲਗਾ ਰਹੇ ਸਨ।
ਪ੍ਰਦਰਸ਼ਨਕਾਰੀਆਂ ਦੀ ਮੰਗ ਸੀ ਕਿ ਹਮਲਾ ਕਰਨ ਵਾਲਿਆਂ ਦੇ ਖਿਲਾਫ਼ ਸਖਤ ਕਾਰਵਾਈ ਕਰਦੇ ਹੋਏ ਉਨ੍ਹਾਂ ਨੂੰ ਜਲਦੀ ਤੋਂ ਜਲਦੀ ਫਾਂਸੀ ਦੀ ਸਜ਼ਾ ਦਿੱਤੀ ਜਾਵੇ। ਉਨ੍ਹਾਂ ਦਾ ਕਹਿਣਾ ਸੀ ਕਿ ਸੰਤਾਂ 'ਤੇ ਅਜਿਹਾ ਹਮਲਾ ਕਰਨਾ ਅਸਲੀਅਤ ਵਿਚ ਮਾਨਵਤਾ 'ਤੇ ਹਮਲਾ ਹੈ ਜੋ ਕਿ ਕਿਸੀ ਵੀ ਸੂਰਤ ਵਿਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਪ੍ਰਦਰਸ਼ਨ ਵਿਚ ਕਾਫੀ ਗਿਣਤੀ ਵਿਚ ਔਰਤਾਂ, ਬੱਚੇ ਅਤੇ ਆਦਮੀ ਮੌਜੂਦ ਸਨ। ਜ਼ਿਕਰਯੋਗ ਹੈ ਕਿ ਇਸ ਸੰਸਥਾਨ ਦੇ ਦਿੱਲੀ ਵਿਚ 15 ਦੇ ਲਗਭਗ ਮੰਦਿਰ ਹਨ।
ਚੱਕਾ ਜਾਮ ਕਰਕੇ ਅਤੇ ਟਾਇਰ ਸਾੜ ਕੇ ਰੋਸ ਪ੍ਰਦਰਸ਼ਨ ਕੀਤਾ
ਪਠਾਨਕੋਟ, 26 ਮਈ (ਆਰ. ਸਿੰਘ)-ਡੇਰਾ ਸੰਤ ਸਰਵਣ ਦਾਸ, ਸੱਚਖੰਡ ਬੱਲਾਂ ਦੇ ਗੱਦੀਨਸ਼ੀਨ ਸੰਤ ਨਿਰੰਜਣ ਦਾਸ ਅਤੇ ਉਹਨਾਂ ਦੇ ਸਹਿਯੋਗੀ ਸੰਤ ਰਾਮਾਨੰਦ 'ਤੇ ਵਿਆਨਾ (ਆਸਟਰੀਆ) ਵਿਖੇ ਹੋਏ ਹਮਲੇ ਦੇ ਰੋਸ ਵਜੋਂ ਅੱਜ ਡੇਰਾ ਸੁਆਮੀ ਜਗਤ ਗਿਰੀ ਜੀ ਪਠਾਨਕੋਟ ਦੇ ਡੇਰਾ ਪ੍ਰੇਮੀਆਂ ਵਲੋਂ ਜਲੰਧਰ ਬਾਈਪਾਸ ਚੱਕੀ ਪੁੱਲ 'ਤੇ ਟਾਇਰ ਸਾੜ ਕੇ ਅਤੇ ਨਾਅਰੇਬਾਜ਼ੀ ਕੀਤੀ। ਇਸ ਦੌਰਾਣ ਡੇਰਾ ਪ੍ਰੇਮੀਆਂ ਵਲੋਂ ਜੰਮੂ ਰੋਡ, ਢਾਂਗੂ ਰੋਡ, ਢਾਕੀ ਰੋਡ, ਸੈਲੀ ਕੁੱਲੀਆਂ ਰੋਡ ਅਤੇ ਸ਼ਹਿਰ ਬੰਦ ਕਰਵਾਉਣ ਦੀ ਕੋਸ਼ਿਸ਼ ਕੀਤੀ। ਜਿਸ ਦੌਰਾਣ ਪਠਾਨਕੋਟ ਸ਼ਹਿਰ ਕਰੀਬ 40 ਫੀਸਦੀ ਬੰਦ ਦੇਖਿਆ ਗਿਆ। ਇਸ ਸਮੇਂ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਹੋਏ ਸਨ। ਖ਼ਬਰ ਲਿਖੇ ਜਾਣ ਤੱਕ ਸ਼ਹਿਰ ਅੰਦਰ ਕੋਈ ਅਣਸੁਖਾਵੀਂ ਘਟਨਾ ਨਹੀਂ ਵਾਪਰੀ। ਇਸ ਸਮੇਂ ਐਸ. ਡੀ. ਐਮ. ਪਠਾਨਕੋਟ ਅਤੇ ਐਸ. ਪੀ. ਹਰਪ੍ਰੀਤ ਸਿੰਘ ਪੁਲਿਸ ਪਾਰਟੀ ਸਮੇਤ ਸ਼ਹਿਰ ਅੰਦਰ ਅਤੇ ਆਸ ਪਾਸ ਦੇ ਖੇਤਰਾਂ ਵਿਚ ਮਾਹੌਲ ਨੂੰ ਸ਼ਾਂਤਮਈ ਰੱਖਣ ਲਈ ਪੂਰੀ ਚੌਕਸੀ ਨਾਲ ਗਸ਼ਤ ਕਰ ਰਹੇ ਸਨ।
ਅਜੀਤ ਜਲੰਧਰ ਦੇ ਖ਼ਬਰ ਪੰਨੇ:
ਸਰਬ-ਪਾਰਟੀ ਮੀਟਿੰਗ ਵੱਲੋਂ ਹਿੰਸਾ ਦੀ ਨਿੰਦਾ
ਆਸਟਰੀਆ ਦੂਤਘਰ ਅੱਗੇ ਮੁਜ਼ਾਹਰਾ
12) ਗੁੰਡਾਗਰਦੀ ਲਈ ਸਿਰਫ਼ ਬਾਦਲ ਜ਼ਿਮੇਦਾਰ ਹੈ - ਡਾ. ਦਿਲਗੀਰ