ਹਿੰਸਾ ਦੌਰਾਨ ਪੰਜਾਬ 'ਚ ਹੋਇਆ ਅਰਬਾਂ ਦਾ ਨੁਕਸਾਨ

170 ਗੱਡੀਆਂ ਤਬਾਹ ਜਲੰਧਰ 'ਚ 121 ਗੱਡੀਆਂ ਸਾੜੀਆਂ
ਚੰਡੀਗੜ੍ਹ, 28 ਮਈ - ਹਰਕਵਲਜੀਤ ਸਿੰਘ-ਪੰਜਾਬ ਵਿਚ ਵਿਆਨਾ ਘਟਨਾ ਤੋਂ ਬਾਅਦ ਭੜਕੀ ਹਿੰਸਾ ਕਾਰਨ 24 ਅਤੇ 25 ਮਈ ਨੂੰ 170 ਗੱਡੀਆਂ ਤਬਾਹ ਹੋਈਆਂ। ਸਭ ਤੋਂ ਵੱਧ ਨੁਕਸਾਨ ਜਲੰਧਰ ਜ਼ਿਲ੍ਹੇ ਵਿਚ ਹੋਇਆ ਜਿੱਥੇ 121 ਗੱਡੀਆਂ ਨੂੰ ਨੁਕਸਾਨ ਪੁੱਜਾ ਅਤੇ ਇਸ ਵਿਚੋਂ 24 ਮਈ ਨੂੰ 61 ਅਤੇ 25 ਮਈ ਨੂੰ ਹੋਈ ਹਿੰਸਾ ਦੌਰਾਨ 60 ਗੱਡੀਆਂ ਤਬਾਹ ਕੀਤੀਆਂ ਗਈਆਂ। ਰਾਜ ਸਰਕਾਰ ਵੱਲੋਂ ਜ਼ਿਲ੍ਹਾ ਡਿਪਟੀ ਕਮਿਸ਼ਨਰਾਂ ਰਾਹੀਂ ਜੋ ਜਾਣਕਾਰੀ ਇਕੱਠੀ ਕੀਤੀ ਗਈ ਹੈ, ਉਸ ਅਨੁਸਾਰ ਸਾੜ-ਫੂਕ ਅਤੇ ਤੋੜ-ਫੋੜ ਕਾਰਨ ਕੋਈ 150 ਤੋਂ 200 ਕਰੋੜ ਤੱਕ ਦਾ ਨੁਕਸਾਨ ਹੋਇਆ ਜਿਸ ਵਿਚੋਂ ਇਕੱਲੇ ਰੇਲਵੇ ਵਿਭਾਗ ਦਾ ਹੀ ਕੋਈ 50 ਕਰੋੜ ਰੁਪਏ ਦਾ ਨੁਕਸਾਨ ਹੋਣ ਦਾ ਅੰਦਾਜ਼ਾ ਹੈ। ਜਦੋਂ ਕਿ ਪੰਜਾਬ ਰੋਡਵੇਜ਼ ਜਿਸ ਦੀਆਂ ਕੋਈ 31 ਬੱਸਾਂ ਸਾੜੀਆਂ ਗਈਆਂ ਅਤੇ ਕੁਝ ਥਾਵਾਂ 'ਤੇ ਬੱਸ ਅੱਡਿਆਂ ਦਾ ਵੀ ਨੁਕਸਾਨ ਹੋਇਆ, ਵੱਲੋਂ ਕੋਈ 23 ਕਰੋੜ ਰੁਪਏ ਦੇ ਨੁਕਸਾਨ ਦਾ ਅੰਦਾਜ਼ਾ ਦਿੱਤਾ ਗਿਆ ਹੈ ਜਿਸ ਵਿਚ ਬੱਸ ਸਰਵਿਸ ਬੰਦ ਰਹਿਣ ਕਾਰਨ ਰੋਡਵੇਜ਼ ਨੂੰ ਹੋਣ ਵਾਲਾ ਨੁਕਸਾਨ ਵੀ ਸ਼ਾਮਲ ਕੀਤਾ ਗਿਆ ਹੈ।

ਰਾਜ ਵਿਚ ਕੁੱਲ 23 ਪ੍ਰਾਈਵੇਟ ਬੱਸਾਂ ਅਤੇ 7 ਮਿੰਨੀ ਬੱਸਾਂ ਵੀ ਸਾੜੀਆਂ ਗਈਆਂ ਜਦੋਂ ਕਿ ਕੋਈ 56 ਨਿੱਜੀ ਕਾਰਾਂ, ਜੀਪਾਂ ਅਤੇ ਵੈਨਾਂ ਆਦਿ ਨੂੰ ਅੱਗ ਲਗਾਈ ਗਈ ਅਤੇ 17 ਨਿੱਜੀ ਟਰੱਕ ਤੇ ਇਕ ਸਰਕਾਰੀ ਟਰੱਕ ਵੀ ਸਾੜਿਆ ਗਿਆ। ਸਭ ਤੋਂ ਵੱਧ ਨਿੱਜੀ ਕਾਰਾਂ ਅਤੇ ਜੀਪਾਂ ਦੀ ਸਾੜ-ਫੂਕ ਜਲੰਧਰ ਵਿਚ ਹੋਈ ਜਿੱਥੇ 24 ਮਈ ਨੂੰ 43 ਅਤੇ 25 ਮਈ ਨੂੰ 9 ਕਾਰਾਂ-ਜੀਪਾਂ ਦੀ ਸਾੜਫੂਕ ਹੋਈ। ਵਾਪਰੀ ਇਸ ਹਿੱਸਾ ਦੌਰਾਨ ਹੁਸ਼ਿਆਰਪੁਰ ਜ਼ਿਲ੍ਹੇ ਵਿਚ ਕੁੱਲ 15 ਗੱਡੀਆਂ ਨੂੰ ਨੁਕਸਾਨ ਪੁੱਜਾ ਜਦੋਂ ਕਿ ਕਪੂਰਥਲਾ ਵਿਚ 20 ਅਤੇ ਨਵਾਂਸ਼ਹਿਰ ਵਿਖੇ ਕੋਈ 14 ਗੱਡੀਆਂ ਨੂੰ ਨੁਕਸਾਨ ਪਹੁੰਚਾਇਆ ਗਿਆ।

ਰੇਲ ਵਿਭਾਗ ਤੋਂ ਇਕੱਤਰ ਕੀਤੀ ਗਈ ਜਾਣਕਾਰੀ ਅਨੁਸਾਰ ਜੰਮੂ-ਤਵੀ ਰੇਲਗੱਡੀ ਦੀਆਂ ਜਲੰਧਰ ਸਟੇਸ਼ਨ 'ਤੇ 4 ਬੋਗੀਆਂ ਅਤੇ ਇਕ ਰਿਕਵਰੀ ਵੈਨ ਨੂੰ ਸਾੜਿਆ ਗਿਆ। ਮੁਜ਼ਾਹਰਾਕਾਰੀਆਂ ਵੱਲੋਂ ਜਲੰਧਰ ਛਾਉਣੀ ਅਤੇ ਫਿਲੌਰ ਸਟੇਸ਼ਨਾਂ ਦੀ ਸਾੜ-ਫੂਕ ਕਰਨ ਤੋਂ ਇਲਾਵਾ ਪਿੰਡ ਦਕੋਹਾ ਵਿਖੇ ਰੇਲਵੇ ਫਾਟਕ ਨੂੰ ਵੀ ਨੁਕਸਾਨ ਪਹੁੰਚਾਇਆ ਗਿਆ। ਕਪੂਰਥਲਾ ਵਿਖੇ ਵੀ ਇਕ ਰੇਲਵੇ ਗੱਡੀ ਨੂੰ ਨੁਕਸਾਨ ਪਹੁੰਚਾਉਣ ਤੋਂ ਇਲਾਵਾ ਉਸ ਦੇ ਇੰਜਣ ਨੂੰ ਅੱਗ ਲਗਾ ਕੇ ਸਾੜ ਦਿੱਤਾ ਗਿਆ ਜਦੋਂਕਿ ਫਗਵਾੜਾ ਰੇਲਵੇ ਸਟੇਸ਼ਨ ਨੂੰ ਵੀ ਕਾਫੀ ਨੁਕਸਾਨ ਪਹੁੰਚਾਇਆ ਗਿਆ। ਇਸੇ ਤਰ੍ਹਾਂ ਸਬ-ਤਹਿਸੀਲ ਨੂਰਮਹਿਲ ਨੂੰ ਵੀ ਅੱਗ ਲਗਾ ਕੇ ਸਾੜਿਆ ਗਿਆ ਜਦੋਂਕਿ ਕਪੂਰਥਲਾ ਵਿਚ ਕੁੱਝ ਦੁਕਾਨਾਂ ਨੂੰ ਨੁਕਸਾਨ ਪਹੁੰਚਾਉਣ ਤੋਂ ਇਲਾਵਾ ਸ਼ਹਿਰ ਵਿਚਲੀਆਂ ਮਿਉਂਸਪਲ ਲਾਈਟਾਂ ਦੀ ਵੀ ਵੱਡੇ ਪੱਧਰ 'ਤੇ ਤੋੜ-ਭੰਨ੍ਹ ਕੀਤੀ ਗਈ। ਨਵਾਂ ਸ਼ਹਿਰ ਵਿਖੇ ਸਰਕਾਰੀ ਹਸਪਤਾਲ ਅਤੇ ਸੁਵਿਧਾ ਕੇਂਦਰ ਤੋਂ ਇਲਾਵਾ ਮਿਉਂਸਪਲਟੀ ਦੇ ਦਫ਼ਤਰ ਨੂੰ ਵੀ ਅੱਗ ਲਗਾਈ ਗਈ ਅਤੇ ਤੋੜ-ਭੰਨ੍ਹ ਕੀਤੀ ਗਈ ਜਦੋਂਕਿ ਰਾਹੋਂ ਮਿਉਂਸਪਲਟੀ ਦੇ ਦਫ਼ਤਰ ਅਤੇ ਨਵਾਂ ਸ਼ਹਿਰ ਦੇ ਬੱਸ ਅੱਡੇ ਤੇ ਕੰਟੀਨ ਆਦਿ ਦਾ ਵੀ ਕਾਫੀ ਨੁਕਸਾਨ ਕੀਤਾ ਗਿਆ।

ਰਾਜ ਸਰਕਾਰ ਵੱਲੋਂ ਡਿਪਟੀ ਕਮਿਸ਼ਨਰਾਂ ਨੂੰ ਭਾਵੇਂ ਹੋਏ ਨੁਕਸਾਨ ਸਬੰਧੀ ਆਪਣੇ ਅੰਦਾਜ਼ੇ ਭੇਜਣ ਸਬੰਧੀ ਕੋਈ ਸਪੱਸ਼ਟ ਸਮਾਂ ਨਹੀਂ ਦਿੱਤਾ ਗਿਆ। ਲੇਕਿਨ ਪਤਾ ਲੱਗਾ ਹੈ ਕਿ ਸਰਕਾਰ ਵੱਲੋਂ ਇਸ ਪ੍ਰਕਿਰਿਆ ਨੂੰ ਸੰਤ ਰਾਮਾ ਨੰਦ ਦੇ ਅੰਤਿਮ ਸਸਕਾਰ ਤੋਂ ਬਾਅਦ ਤੇਜ਼ੀ ਨਾਲ ਸ਼ੁਰੂ ਕੀਤਾ ਜਾਵੇਗਾ ਕਿਉਂਕਿ ਇਸ ਸਮੇਂ ਬਹੁਤੇ ਸਥਾਨਕ ਅਧਿਕਾਰੀ ਅਮਨ-ਕਾਨੂੰਨ ਦੀਆਂ ਡਿਊਟੀਆਂ 'ਤੇ ਲੱਗੇ ਹੋਏ ਹਨ। ਰਾਜ ਸਰਕਾਰ ਵੱਲੋਂ ਹੋਏ ਨੁਕਸਾਨ ਸਬੰਧੀ ਭਾਵੇਂ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਗਿਆ ਹੈ ਲੇਕਿਨ ਸਨਅਤ ਅਤੇ ਵਪਾਰ ਦਾ ਕੰਮ ਬੰਦ ਰਹਿਣ ਕਾਰਨ ਜੋ ਨੁਕਸਾਨ ਹੋਇਆ ਹੈ, ਉਸ ਸਬੰਧੀ ਰਾਜ ਸਰਕਾਰ ਵੱਲੋਂ ਨਾ ਤਾਂ ਕੋਈ ਸਰਵੇ ਕਰਵਾਉਣ ਦਾ ਹੀ ਫੈਸਲਾ ਲਿਆ ਗਿਆ ਹੈ ਅਤੇ ਨਾ ਹੀ ਰਾਜ ਸਰਕਾਰ ਵੱਲੋਂ ਉਸ ਸਬੰਧੀ ਕਿਸੇ ਤਰ੍ਹਾਂ ਦਾ ਕੋਈ ਮੁਆਵਜ਼ਾ ਦੇਣਾ ਚਾਹੁੰਦੀ ਹੈ ਜਦੋਂਕਿ ਦਿੱਲੀ ਦੀ ਇਕ ਸੰਸਥਾ ਓਸ਼ਮ ਵੱਲੋਂ ਪੰਜਾਬ ਵਿਚ ਕੰਮ ਕਰਨ ਵਾਲੇ ਮਜ਼ਦੂਰਾਂ ਦੀਆਂ ਕੁੱਲ ਖਰਾਬ ਹੋਈਆਂ ਦਿਹਾੜੀਆਂ ਅਤੇ ਔਸਤਨ ਉਤਪਾਦ ਦੇ ਅੰਕੜਿਆਂ ਦੇ ਆਧਾਰ 'ਤੇ ਪੰਜਾਬ ਵਿਚ ਵਾਪਰੀਆਂ ਇਨ੍ਹਾਂ ਘਟਨਾਵਾਂ ਕਾਰਨ 6 ਤੋਂ 7 ਹਜ਼ਾਰ ਕਰੋੜ ਤੋਂ ਵੱਧ ਦਾ ਨੁਕਸਾਨ ਹੋਣ ਦਾ ਅੰਦਾਜ਼ਾ ਲਗਾਇਆ ਗਿਆ ਹੈ ਅਤੇ ਦੇਸ਼ ਵਿਚ ਸਨਅਤ ਅਤੇ ਵਪਾਰ ਦੀ ਇਸ ਸੰਸਥਾ ਵੱਲੋਂ ਸਰਕਾਰ ਤੋਂ ਸਨਅਤਾਂ ਅਤੇ ਵਪਾਰ ਨੂੰ ਪੁੱਜੇ ਨੁਕਸਾਨ ਲਈ ਵੀ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਗਈ ਹੈ।

ਅਜੀਤ ਖ਼ਬਰ ਪੰਨਾ

ਕਰਫ਼ਿਊ ਦੀ ਢਿੱਲ ਅਫ਼ਵਾਹਾਂ ਦੀ ਭੇਟ ਚੜ੍ਹੀ
ਅੱਜ ਵੀ ਸਵੇਰੇ 6 ਵਜੇ ਤੋਂ ਸ਼ਾਮ 6 ਵਜੇ ਤਕ ਰਹੇਗੀ ਢਿੱਲ

ਜਲੰਧਰ, 28 ਮਈ (ਐੱਚ. ਐੱਸ. ਬਾਵਾ, ਮਨਵੀਰ ਸਿੰਘ ਵਾਲੀਆ, ਪਵਨ ਖਰਬੰਦਾ)-ਡੇਰਾ ਸੱਚਖੰਡ ਬੱਲਾਂ ਦੇ ਸੰਤ ਨਿਰੰਜਣ ਦਾਸ ਅਤੇ ਸੰਤ ਰਾਮਾ ਨੰਦ 'ਤੇ ਵਿਆਨਾ ਵਿਚ ਹੋਏ ਹਮਲੇ ਮਗਰੋਂ ਐਤਵਾਰ ਰਾਤ ਤੋਂ ਜ਼ਿਲ੍ਹਾ ਜਲੰਧਰ ਵਿਚ ਚੱਲਦੇ ਆ ਰਹੇ ਕਰਫ਼ਿਊ ਵਿਚ ਵੀਰਵਾਰ, 28 ਮਈ ਨੂੰ ਪਹਿਲੀ ਵਾਰ 12 ਘੰਟਿਆਂ ਦੀ ਖੁਲ੍ਹ ਦਿੱਤੇ ਜਾਣ ਸਮੇਂ ਭਾਵੇਂ ਕੋਈ ਵੱਡੀ ਅਣਸੁਖਾਵੀਂ ਘਟਨਾ ਵਾਪਰਨ ਦੀ ਖ਼ਬਰ ਨਹੀਂ ਹੈ ਪਰ ਕਰਫ਼ਿਊ ਦੀ ਅੱਜ ਮਿਲੀ ਢਿੱਲ ਅਫ਼ਵਾਹਾਂ ਦੀ ਭੇਟ ਚੜ੍ਹ ਗਈ। ਡਿਪਟੀ ਕਮਿਸ਼ਨਰ ਸ: ਅਜੀਤ ਸਿੰਘ ਪੰਨੂੰ ਨੇ 'ਅਜੀਤ' ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸ਼ੁੱਕਰਵਾਰ 29 ਮਈ ਨੂੰ ਵੀ ਸਵੇਰੇ 6 ਵਜੇ ਤੋਂ ਸ਼ਾਮ 6 ਵਜੇ ਤਕ ਕਰਫ਼ਿਊ ਵਿਚ ਢਿੱਲ ਦਿੱਤੀ ਜਾਏਗੀ ਅਤੇ ਅੱਜ ਵਾਂਗ ਵਿਦਿਅਕ ਅਦਾਰੇ ਬੰਦ ਰੱਖਣ ਦਾ ਫ਼ੈਸਲਾ ਲਿਆ ਗਿਆ ਹੈ, ਪ੍ਰੰਤੂ ਜਿਨ੍ਹਾਂ ਅਦਾਰਿਆਂ 'ਚ ਪ੍ਰੀਖਿਆਵਾਂ ਹੋ ਰਹੀਆਂ ਹਨ ਉਹ ਖੁੱਲ੍ਹੇ ਰਹਿਣਗੇ।

ਅੱਜ ਸਵੇਰੇ ਕਰਫ਼ਿਊ ਲਗਪਗ ਸਾਰੇ ਦਿਨ ਲਈ ਖੁੱਲ੍ਹ ਜਾਣ ਤੋਂ ਉਤਸ਼ਾਹਿਤ ਦੁਕਾਨਦਾਰਾਂ ਅਤੇ ਹੋਰ ਅਦਾਰਿਆਂ ਦੇ ਮਾਲਕਾਂ ਨੇ ਸੁੱਖ ਦਾ ਸਾਹ ਲਿਆ ਅਤੇ ਦਿਨ ਦੀ ਸ਼ੁਰੂਆਤ ਆਮ ਵਾਂਗ ਹੀ ਹੋਈ ਅਤੇ ਐਤਵਾਰ ਰਾਤ ਤੋਂ ਘਰਾਂ ਵਿਚ ਬੱਝੇ ਲੋਕ ਵੱਡੀ ਗਿਣਤੀ ਵਿਚ ਘਰਾਂ ਤੋਂ ਬਾਹਰ ਨਿਕਲੇ ਜਿਸ ਨਾਲ ਸ਼ਹਿਰ ਆਮ ਵਰਗਾ ਨਜ਼ਾਰਾ ਪੇਸ਼ ਕਰਨ ਲੱਗਾ ਪਰ ਕੁਝ ਹੀ ਸਮੇਂ ਬਾਅਦ ਅਫ਼ਵਾਹਾਂ ਦਾ ਦੌਰ ਸ਼ੁਰੂ ਹੋ ਗਿਆ। ਅਫ਼ਵਾਹਾਂ ਦਾ ਬਾਜ਼ਾਰ ਦੁਪਹਿਰ ਹੁੰਦਿਆਂ ਹੁੰਦਿਆਂ ਏਨਾ ਜ਼ਿਆਦਾ ਗਰਮ ਹੋ ਗਿਆ ਕਿ ਕਦੇ ਕਿਸੇ ਪਾਸੇ ਅਤੇ ਕਦੇ ਕਿਸੇ ਪਾਸੇ ਗੜਬੜ ਹੋਣ ਅਤੇ ਗੋਲੀਆਂ ਚੱਲਣ ਤੱਕ ਦੀਆਂ ਅਫ਼ਵਾਹਾਂ ਫ਼ੈਲਣ ਲੱਗੀਆਂ ਜਿਹੜੀਆਂ ਫ਼ੋਨਾਂ ਅਤੇ ਮੋਬਾਇਲ ਫ਼ੋਨਾਂ ਜ਼ਰੀਏ ਹੋਰ ਸਿਖ਼ਰ ਵੱਲ ਜਾਂਦਿਆਂ ਏਨਾ ਗੰਭੀਰ ਰੂਪ ਧਾਰਨ ਕਰ ਗਈਆਂ ਕਿ ਜਿੱਥੇ ਖ਼ਰੀਦਦਾਰੀ ਅਤੇ ਚਹਿਲ ਪਹਿਲ ਲਈ ਨਿਕਲੇ ਲੋਕ ਘਰਾਂ ਨੂੰ ਵਾਪਸ ਹੋ ਤੁਰੇ ਉੱਥੇ ਦੁਕਾਨਦਾਰਾਂ ਅਤੇ ਹੋਰ ਅਦਾਰਿਆਂ ਨੇ ਵੀ ਸ਼ਟਰ ਸੁੱਟਣੇ ਸ਼ੁਰੂ ਕਰ ਦਿੱਤੇ। ਹਾਲਤ ਇਹ ਬਣ ਗਈ ਕਿ ਇਕ ਸਮੇਂ ਲਗਪਗ ਸਾਰਾ ਸ਼ਹਿਰ ਹੀ ਬੰਦ ਹੋਣ ਦੀਆਂ ਖ਼ਬਰਾਂ ਮਿਲਣ ਲੱਗੀਆਂ ਅਤੇ ਪ੍ਰਸ਼ਾਸਨ ਨੂੰ ਲੋਕਾਂ ਨੂੰ ਇਹ ਯਕੀਨ ਦਿਵਾਉਣ ਲਈ ਬਹੁਤ ਮਿਹਨਤ ਕਰਨੀ ਪਈ ਕਿ ਚੱਲ ਰਹੀਆਂ ਗੱਲਾਂ ਮਾਤਰ ਅਫ਼ਵਾਹਾਂ ਹਨ ਅਤੇ ਅਸਲ ਵਿਚ ਐਸਾ ਕੁਝ ਨਹੀਂ ਵਾਪਰਿਆ।

ਪਰ ਤਦ ਤਕ ਨੁਕਸਾਨ ਹੋ ਚੁੱਕਾ ਸੀ ਕਿਉਂਕਿ ਅਫ਼ਵਾਹਾਂ ਕਾਰਨ ਪੈਦਾ ਹੋਈ ਹਫ਼ੜਾ ਦਫ਼ੜੀ ਕਾਰਨ ਗਾਹਕ ਹੀ ਨਹੀਂ ਸਗੋਂ ਦੁਕਾਨਦਾਰ ਵੀ ਘਰਾਂ ਨੂੰ ਚਾਲੇ ਪਾ ਗਏ ਸਨ। ਐੱਸ. ਐੱਸ. ਪੀ. ਸ੍ਰੀ ਆਰ. ਕੇ. ਜੈਸਵਾਲ ਨੂੰ ਅੱਜ ਦੇ ਕਰਫ਼ਿਊ ਦੌਰਾਨ ਕਿਸੇ ਤਰ੍ਹਾਂ ਦੀ ਘਟਨਾ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਅੱਜ ਕਿਸੇ ਤਰ੍ਹਾਂ ਦੀ ਕੋਈ ਅਣਸੁਖਾਵੀਂ ਘਟਨਾ ਨਹੀਂ ਵਾਪਰੀ ਹਾਲਾਂਕਿ ਉਨ੍ਹਾਂ ਦਾ ਮੰਨਣਾ ਸੀ ਕਿ ਅਫ਼ਵਾਹਾਂ ਨੇ ਕਰਫ਼ਿਊ ਦੀ ਢਿੱਲ ਦਾ ਫ਼ਾਇਦਾ ਆਮ ਲੋਕਾਂ ਨੂੰ ਨਹੀਂ ਹੋਣ ਦਿੱਤਾ। ਵਰਣਨਯੋਗ ਹੈ ਕਿ ਅੱਜ ਸਰਕਾਰੀ ਬੈਂਕ ਆਮ ਵਾਂਗ ਸ਼ਾਮ ਦੇ 5 ਵਜੇ ਤੱਕ ਖੁਲ੍ਹੇ ਰਹੇ।

ਅਜੀਤ ਖ਼ਬਰ ਪੰਨਾ

17) ਜਲੰਧਰ ਵਿਚ ਦੋ ਦਿਨ ਜੰਗਲ ਰਾਜ - ਅਜੀਤ ਰਿਪੋਰਟ