ਵਿਆਨਾ ਵਿਖੇ ਹਮਲੇ 'ਚ ਸੰਤ ਬੱਲਾਂ ਵਾਲੇ ਜ਼ਖ਼ਮੀ
ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਵੱਲੋਂ ਸੰਤਾਂ 'ਤੇ ਹਮਲੇ ਦੀ ਨਿਖੇਧੀ-ਵਿਦੇਸ਼ ਮੰਤਰਾਲੇ ਨਾਲ ਸੰਪਰਕ ਸਾਧਿਆ
ਦੋਵੇਂ ਸੰਤ ਖ਼ਤਰੇ ਤੋਂ ਬਾਹਰ-ਸਾਂਪਲਾ
ਡੇਰਾ ਬੱਲਾਂ ਵੱਲੋਂ ਸ਼ਾਂਤੀ ਬਣਾਈ ਰੱਖਣ ਦੀ ਅਪੀਲ
ਵਿਆਨਾ ਵਿਖੇ ਹਮਲੇ 'ਚ ਸੰਤ ਬੱਲਾਂ ਵਾਲੇ ਜ਼ਖ਼ਮੀ
ਮਾਨਹਾਈਮ/ਬਰੇਸ਼ੀਆ, 24 ਮਈ (ਬਸੰਤ ਸਿੰਘ ਰਾਮੂਵਾਲੀਆ, ਬਲਦੇਵ ਸਿੰਘ ਬੂਰੇਜੱਟਾਂ)-ਆਸਟਰੀਆ ਦੀ ਰਾਜਧਾਨੀ ਵਿਆਨਾ ਵਿਖੇ ਗੁਰੂ ਰਵਿਦਾਸ ਗੁਰਦੁਆਰਾ 'ਚ ਗੋਲੀ ਚੱਲਣ ਕਾਰਨ ਪੰਜਾਬ ਤੋਂ ਆਏ ਸੰਤ ਨਿਰੰਜਣ ਦਾਸ ਬੱਲਾਂ ਵਾਲੇ ਤੇ ਉਨ੍ਹਾਂ ਦਾ ਸਾਥੀ ਸੰਤ ਰਾਮਾਨੰਦ ਜ਼ਖ਼ਮੀ ਹੋ ਗਏ। ਪੁਲਿਸ ਬੁਲਾਰੇ ਅਨੁਸਾਰ 6 ਵਿਅਕਤੀਆਂ ਨੇ ਸੰਤ ਬੱਲਾਂ ਵਾਲੇ ਅਤੇ ਉਨ੍ਹਾਂ ਦੇ ਸਾਥੀ 'ਤੇ ਚਾਕੂਆਂ ਤੇ ਗੋਲੀਆਂ ਨਾਲ ਹਮਲਾ ਕਰ ਦਿੱਤਾ। ਪੁਲਿਸ ਅਨੁਸਾਰ ਇਸ ਹਮਲੇ 'ਚ 30 ਵਿਅਕਤੀ ਜ਼ਖਮੀ ਹੋਏ ਜਿਨ੍ਹਾਂ ਵਿਚੋਂ 11 ਦੀ ਹਾਲਤ ਗੰਭੀਰ ਦੱਸੀ ਜਾਂਦੀ ਹੈ। ਪੰਜ ਵਿਅਕਤੀਆਂ ਦੇ ਸਿਰ 'ਚ ਗੋਲੀਆਂ ਲੱਗੀਆਂ ਹਨ ਜਿਨ੍ਹਾਂ ਵਿਚੋਂ 3 ਦੀ ਹਾਲਤ ਖਤਰੇ 'ਚ ਦੱਸੀ ਗਈ ਹੈ। ਵਰਣਨਯੋਗ ਹੈ ਕਿ ਗੁਰੂ ਰਵਿਦਾਸ ਦਰਬਾਰ ਦੀ ਸਥਾਪਨਾ 25 ਦਸੰਬਰ, 2005 ਨੂੰ ਕੀਤੀ ਗਈ ਸੀ। ਪਹਿਲਾਂ ਅਫ਼ਵਾਹ ਸੀ ਕਿ ਜ਼ਖ਼ਮੀਆਂ ਵਿਚੋਂ 3 ਵਿਅਕਤੀ ਮਰ ਗਏ ਹਨ ਪਰ 'ਅਜੀਤ' ਦੀ ਜਾਣਕਾਰੀ ਅਨੁਸਾਰ ਕਿਸੇ ਦੀ ਵੀ ਮੌਤ ਹੋਣ ਦੀ ਖ਼ਬਰ ਨਹੀਂ।
ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਵੱਲੋਂ ਸੰਤਾਂ 'ਤੇ ਹਮਲੇ ਦੀ ਨਿਖੇਧੀ -
ਵਿਦੇਸ਼ ਮੰਤਰਾਲੇ ਨਾਲ ਸੰਪਰਕ ਸਾਧਿਆ
ਜਲੰਧਰ, 24 ਮਈ (ਐਚ. ਐਸ. ਬਾਵਾ)-ਵਿਆਨਾ ਵਿਖੇ ਇਕ ਗੁਰਦੁਆਰਾ ਸਾਹਿਬ ਵਿਚ ਜਲੰਧਰ ਤੋਂ ਗਏ ਸੰਤ ਨਿਰੰਜਨ ਦਾਸ ਅਤੇ ਸੰਤ ਰਾਮਾਨੰਦ 'ਤੇ ਹੋਏ ਹਮਲੇ ਦੀ ਘਟਨਾ ਦੀ ਪੰਜਾਬ ਦੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਨੇ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ। ਦੋਹਾਂ ਆਗੂਆਂ ਨੇ ਇਸ ਹਮਲੇ ਨੂੰ ਮਨੁੱਖਤਾ 'ਤੇ ਹਮਲਾ ਕਰਾਰ ਦਿੱਤਾ ਹੈ। ਅੱਜ ਇੱਥੇ ਜਾਰੀ ਇਕ ਬਿਆਨ ਵਿਚ ਸ: ਬਾਦਲ ਅਤੇ ਸ: ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਇਸ ਘਟਨਾ ਦੀ ਜਿੰਨੀ ਵੀ ਨਿਖੇਧੀ ਕੀਤੀ ਜਾਵੇ ਥੋੜ੍ਹੀ ਹੈ। ਉਨ੍ਹਾਂ ਕਿਹਾ ਕਿ ਸੰਤ ਅਤੇ ਮਹਾਂਪੁਰਸ਼ ਤਾਂ ਸਭਨਾਂ ਦੇ ਸਾਂਝੇ ਹੁੰਦੇ ਹਨ ਅਤੇ ਉਹ ਤਾਂ ਮਨੁੱਖਤਾ, ਸਰਬ ਸਾਂਝੀਵਾਲਤਾ ਅਤੇ ਸਰਬਤ ਦੇ ਭਲੇ ਲਈ ਹੀ ਤਤਪਰ ਰਹਿੰਦੇ ਹਨ। ਸ: ਪ੍ਰਕਾਸ਼ ਸਿੰਘ ਬਾਦਲ ਅਤੇ ਸ: ਸੁਖਬੀਰ ਸਿੰਘ ਬਾਦਲ ਨੇ ਅੱਜ ਇਸ ਮੰਦਭਾਗੀ ਘਟਨਾ ਬਾਰੇ ਖ਼ਬਰ ਮਿਲਣ ਮਗਰੋਂ ਇਹ ਮਾਮਲਾ ਵਿਦੇਸ਼ ਮੰਤਰਾਲੇ ਦੇ ਧਿਆਨ ਵਿਚ ਲਿਆ ਕੇ ਵਿਦੇਸ਼ ਮੰਤਰੀ ਨੂੰ ਬੇਨਤੀ ਕੀਤੀ ਹੈ ਕਿ ਉਹ ਆਸਟਰੀਆ ਦੀ ਸਰਕਾਰ ਨਾਲ ਸੰਪਰਕ ਸਾਧ ਕੇ ਦੋਹਾਂ ਮਹਾਂਪੁਰਖਾਂ ਦੇ ਇਲਾਜ ਅਤੇ ਵਾਪਸੀ ਲਈ ਜ਼ਰੂਰੀ ਉਪਰਾਲੇ ਪਹਿਲ ਦੇ ਅਧਾਰ 'ਤੇ ਕਰਨ। ਇਸ ਤੋਂ ਇਲਾਵਾ ਦੋਹਾਂ ਆਗੂਆਂ ਨੇ ਵਿਦੇਸ਼ ਮੰਤਰੀ ਨੂੰ ਇਹ ਵੀ ਕਿਹਾ ਹੈ ਕਿ ਉਹ ਇਸ ਘਟਨਾ ਦੇ ਦੋਸ਼ੀਆਂ ਲਈ ਸਖ਼ਤ ਸਜ਼ਾਵਾਂ ਵਾਸਤੇ ਵੀ ਆਸਟਰੀਆ ਸਰਕਾਰ ਕੋਲ ਪੈਰਵਾਈ ਕਰਨ। ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਨੇ ਸਮੂਹ ਪੰਜਾਬੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਮੌਕੇ ਸੰਜਮ ਤੋਂ ਕੰਮ ਲੈਣ।
ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਸਮਾਗਮ ਵਿਚ ਸੰਤਾਂ ਨਾਲ ਪੰਜਾਬ ਤੋਂ ਆਏ ਤਰਸੇਮ ਲਾਲ ਸੰਬੋਧਨ ਕਰਕੇ ਹਟੇ ਸਨ। ਜਦ ਸਮਾਗਮ ਦੇ ਮੁੱਖ ਪ੍ਰਬੰਧਕ ਸ੍ਰੀ ਸੋਮ ਦੇਵ ਬੋਲਣ ਲਈ ਉੱਠੇ ਤਾਂ ਅਚਾਨਕ 20-25 ਵਿਅਕਤੀ ਜੋ ਕਿ ਹਥਿਆਰਾਂ ਨਾਲ ਲੈਸ ਸਨ, ਸਮਾਗਮ ਵਿਚ ਦਾਖਲ ਹੋਏ ਅਤੇ ਉਨ੍ਹਾਂ ਵਿਚੋਂ ਇਕ ਨੇ ਆਉਂਦਿਆਂ ਹੀ ਰਿਵਾਲਵਰ ਕੱਢ ਕੇ ਸੰਤ ਨਿਰੰਜਣ ਦਾਸ ਅਤੇ ਛੋਟੇ ਸੰਤ ਸ੍ਰੀ ਰਾਮਾ ਨੰਦ ਜੀ ਦੇ ਗੋਲੀਆਂ ਚਲਾ ਦਿੱਤੀਆਂ। ਸੰਤ ਨਿਰੰਜਣ ਦਾਸ ਦੇ ਪੇਟ ਅਤੇ ਪੱਟ ਵਿਚ ਇਕ-ਇਕ ਗੋਲੀ ਲੱਗੀ ਜਦ ਕਿ ਸ੍ਰੀ ਰਾਮਾ ਨੰਦ ਦੇ ਪੇਟ ਤੇ ਮੋਢੇ ਵਿਚ ਦੋ ਗੋਲੀਆਂ ਲੱਗੀਆਂ। ਉਨ੍ਹਾਂ ਦੇ ਬਚਾਅ ਲਈ ਅੱਗੇ ਆਏ ਇਕ ਸੇਵਕ ਕਿਸ਼ਨ ਲਾਲ ਦੇ ਵੀ ਪੇਟ ਅਤੇ ਪੱਟ ਵਿਚ ਗੋਲੀ ਲੱਗੀ। ਇਸ ਉਪਰੰਤ ਹਫੜਾ-ਦਫੜੀ ਮਚ ਗਈ ਅਤੇ ਸੰਗਤਾਂ ਅਤੇ ਹਮਲਾਵਰਾਂ ਵਿਚਕਾਰ ਸਿੱਧਾ ਟਕਰਾਅ ਹੋ ਗਿਆ। ਇਹ ਲੜਾਈ ਕਾਫੀ ਦੇਰ ਜਾਰੀ ਰਹੀ ਅਤੇ ਪੁਲਿਸ ਦੇ ਆਉਣ ਤੱਕ ਕਾਫੀ ਖੂਨ ਖਰਾਬਾ ਹੋਇਆ। ਸੰਤ ਨਿਰੰਜਣ ਦਾਸ ਸਮੇਤ ਸਾਰੇ ਫੱਟੜਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ, ਜਿਥੇ ਉਨ੍ਹਾਂ ਦਾ ਆਪ੍ਰੇਸ਼ਨ ਕਰਕੇ ਗੋਲੀਆਂ ਕੱਢ ਦਿੱਤੀਆਂ ਗਈਆਂ। ਇਟਲੀ ਦੇ ਬੈਰਗਾਮੋ ਸਥਿਤ ਸ੍ਰੀ ਗੁਰੂ ਰਵਿਦਾਸ ਦਰਬਾਰ ਦੇ ਸੈਕਟਰੀ ਸ੍ਰੀ ਸ਼ਿੰਦਾ ਕੌਲਧਾਰ ਅਨੁਸਾਰ ਉਨ੍ਹਾਂ ਦੀ ਹਾਲਤ ਖਤਰੇ ਤੋਂ ਬਾਹਰ ਹੈ। ਇਟਲੀ ਦੇ ਡਾ: ਭੀਮ ਰਾਓ ਅੰਬੇਡਕਰ ਸੁਸਾਇਟੀ ਦੇ ਪ੍ਰਧਾਨ ਸ੍ਰੀ ਗਿਆਨ ਚੰਦ ਸੂਦ, ਸ਼ਸ਼ੀ ਕਪੂਰ, ਸ਼ਿੰਦਾ ਕੌਲਧਾਰ, ਹਰਵਿੰਦਰ ਸਿੰਘ, ਲਾਡੀ ਅਹੀਆਪੁਰ, ਕਿਸ਼ਨ ਲਾਲ ਕੌਲਧਾਰ, ਹਰਬੰਸ ਲਾਲ ਸਮੇਤ ਸਾਰਿਆਂ ਨੇ ਇਸ ਘਟਨਾ ਦੀ ਜ਼ੋਰਦਾਰ ਨਿਖੇਧੀ ਕੀਤੀ ਅਤੇ ਘਟਨਾ ਦੀ ਵਿਸ਼ੇਸ਼ ਜਾਂਚ ਦੀ ਮੰਗ ਕੀਤੀ ਹੈ।
ਦੋਵੇਂ ਸੰਤ ਖ਼ਤਰੇ ਤੋਂ ਬਾਹਰ-ਸਾਂਪਲਾ
ਜਲੰਧਰ (ਐਚ. ਐਸ. ਬਾਵਾ)-ਪੰਜਾਬ ਖਾਦੀ ਬੋਰਡ ਦੇ ਚੇਅਰਮੈਨ ਤੇ ਸੀਨੀਅਰ ਭਾਜਪਾ ਆਗੂ ਸ੍ਰੀ ਵਿਜੇ ਸਾਂਪਲਾ ਨੇ ਕਿਹਾ ਹੈ ਕਿ ਆਸਟਰੀਆ 'ਚ ਹਮਲਾਵਰਾਂ ਵੱਲੋਂ ਕੀਤੇ ਹਮਲੇ ਦੌਰਾਨ ਪ੍ਰਭਾਵਿਤ ਸੰਤ ਨਿਰੰਜਨ ਦਾਸ ਜੀ ਤੇ ਸੰਤ ਰਾਮਾ ਨੰਦ ਜੀ ਖ਼ਤਰੇ ਤੋਂ ਬਾਹਰ ਹਨ ਤੇ ਫ਼ਿਕਰ ਵਾਲੀ ਕੋਈ ਗੱਲ ਨਹੀਂ। ਸ੍ਰੀ ਵਿਜੇ ਸਾਂਪਲਾ ਨੇ ਕਿਹਾ ਕਿ ਉਨ੍ਹਾਂ ਨੇ ਮਾਡਲ ਹਾਊਸ, ਜਲੰਧਰ ਦੇ ਨਿਵਾਸੀ ਤੇ ਵਿਆਨਾ 'ਚ ਰੈਸਟੋਰੈਂਟ ਚਲਾਉਂਦੇ ਸ: ਸਰਬਜੀਤ ਸਿੰਘ ਨਾਲ ਗੱਲ ਕੀਤੀ ਹੈ ਜਿਨ੍ਹਾਂ ਨੇ ਉਨ੍ਹਾਂ ਨੂੰ ਫ਼ੋਨ 'ਤੇ ਦੱਸਿਆ ਹੈ ਕਿ ਦੋਵੇਂ ਮਹਾਂਪੁਰਸ਼ ਖ਼ਤਰੇ ਤੋਂ ਬਾਹਰ ਹਨ। ਉਨ੍ਹਾਂ ਕਿਹਾ ਕਿ ਛੇਤੀ ਹੀ ਦੋਵੇਂ ਮਹਾਂਪੁਰਸ਼ ਸਹੀ ਸਲਾਮਤ ਭਾਰਤ ਵਾਪਸ ਆ ਕੇ ਸੰਗਤਾਂ ਨੂੰ ਦਰਸ਼ਨ ਦੇਣਗੇ। ਸ੍ਰੀ ਸਾਂਪਲਾ ਨੇ ਇਸ ਘਟਨਾ ਦੀ ਸਖ਼ਤ ਸ਼ਬਦਾਂ 'ਚ ਨਿਖੇਧੀ ਕਰਦਿਆਂ ਸਮੂਹ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਸੰਜਮ ਤੋਂ ਕੰਮ ਲੈਣ ਤੇ ਕੋਈ ਭੰਨ-ਤੋੜ ਜਾਂ ਕਿਸੇ ਨੂੰ ਨੁਕਸਾਨ ਪੁੰਚਾਉਣ ਵਾਲੀ ਕਾਰਵਾਈ ਨਾ ਕਰਨ ਕਿਉਂਕਿ ਇਸ ਨਾਲ ਕੋਈ ਮਸਲਾ ਹੱਲ ਹੋਣ ਵਾਲਾ ਨਹੀਂ ਹੈ।
ਡੇਰਾ ਬੱਲਾਂ ਵੱਲੋਂ ਸ਼ਾਂਤੀ ਬਣਾਈ ਰੱਖਣ ਦੀ ਅਪੀਲ
ਕਿਸ਼ਨਗੜ੍ਹ, 24 ਮਈ (ਸੰਦੀਪ ਵਿਰਦੀ)-ਇਸ ਦੌਰਾਨ ਸੰਤ ਸੁਰਿੰਦਰ ਦਾਸ ਕਠਾਰ, ਸੰਤ ਸੁਰਿੰਦਰ ਦਾਸ ਬਾਵਾ ਆਦਿ ਨੇ ਡੇਰਾ ਸੰਤ ਸਰਵਣ ਦਾਸ ਬੱਲਾਂ ਵਿਖੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸੰਤ ਨਿਰੰਜਣ ਦਾਸ ਅਤੇ ਸੰਤ ਰਾਮਾ ਨੰਦ ਦੀ ਹਾਲਤ ਬਿਲਕੁਲ ਠੀਕ ਠਾਕ ਹੈ ਤੇ ਉਹ ਖ਼ਤਰੇ ਤੋਂ ਬਾਹਰ ਹਨ ਅਤੇ ਗ਼ਲਤ ਅਫ਼ਵਾਹਾਂ ਪਿੱਛੇ ਲੱਗ ਕੇ ਗੁਮਰਾਹ ਹੋਣ ਦੀ ਜ਼ਰੂਰਤ ਨਹੀਂ। ਉਨ੍ਹਾਂ ਸਮੂਹ ਸੰਗਤਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ। ਸੰਤ ਸੁਰਿੰਦਰ ਦਾਸ ਕਠਾਰ, ਸੰਤ ਸੁਰਿੰਦਰ ਦਾਸ ਬਾਵਾ ਅਤੇ ਡੀ. ਐਸ. ਪੀ. ਦਿਹਾਤੀ-2 ਬਲਕਾਰ ਸਿੰਘ ਆਦਿ ਨੇ ਜਲੰਧਰ-ਪਠਾਨਕੋਟ ਰਾਸ਼ਟਰੀ ਰਾਜ ਮਾਰਗ 'ਤੇ ਆਪ ਜਾ ਕੇ ਭੜਕੇ ਹੋਏ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਸੰਤ ਮਹਾਂਪੁਰਸ਼ ਠੀਕ ਹਨ, ਖ਼ਤਰੇ ਤੋਂ ਬਾਹਰ ਹਨ, ਸਾਨੂੰ ਰਾਹਗੀਰਾਂ ਨੂੰ ਬਿਨਾਂ ਵਜ੍ਹਾ ਤੰਗ-ਪ੍ਰੇਸ਼ਾਨ ਨਹੀਂ ਕਰਨਾ ਚਾਹੀਦਾ। ਸੰਤਾਂ ਦੀ ਅਪੀਲ ਤੋਂ ਬਾਅਦ ਬੱਲਾਂ ਅੱਡੇ ਵਿਖੇ ਤਾਂ ਜਾਮ ਖੋਲ੍ਹ ਦਿੱਤਾ ਗਿਆ ਪ੍ਰੰਤੂ ਇਲਾਕੇ ਵਿਚ ਅਫ਼ਵਾਹਾਂ ਦਾ ਬਾਜ਼ਾਰ ਪੂਰੀ ਤਰ੍ਹਾਂ ਗਰਮ ਸੀ ਅਤੇ ਸਾਰੇ ਪਾਸੇ ਮਾਹੌਲ ਤਣਾਅਪੂਰਨ ਬਣਿਆ ਹੋਇਆ ਸੀ।
ਅਜੀਤ ਜਲੰਧਰ ਖ਼ਬਰ ਪੰਨਾ
4) ਵਿਆਨਾ ਘਟਨਾ ਪਿੱਛੋਂ ਪੰਜਾਬ 'ਚ ਫੈਲੀ ਹਿੰਸਾ