
ਨਵੀਂ ਦਿੱਲੀ, 27 ਮਈ (ਡਾ: ਜਗਮੇਲ ਸਿੰਘ ਭਾਠੂਆਂ) - ਸ: ਪਰਮਜੀਤ ਸਿੰਘ ਸਰਨਾ ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ, ਦਿੱਲੀ ਨੇ ਇਥੇ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਵਿਆਨਾ (ਆਸਟਰੀਆ) ਦੇ ਗੁਰਦੁਆਰਾ ਵਿਖੇ ਹੋਈ ਹਿੰਸਕ ਘਟਨਾ, ਜਿਸ ਵਿਚ ਚਾਰ-ਕੁ ਵਿਅਕਤੀਆਂ ਦੇ ਮਾਰੇ ਜਾਣ ਦੀ ਖਬਰ ਹੈ ਅਤੇ ਇਸ ਦੇ ਪ੍ਰਤੀਕਰਮ ਵਜੋਂ ਸਮੁੱਚੇ ਪੰਜਾਬ ਵਿਚ ਹੋਈਆਂ ਹਿੰਸਕ ਅਤੇ ਤੋੜ-ਫੋੜ ਦੀਆਂ ਘਟਨਾਵਾਂ ਪੁਰ ਡੂੰਘੇ ਦੁੱਖ ਅਤੇ ਚਿੰਤਾ ਦਾ ਪ੍ਰਗਟਾਵਾ ਕੀਤਾ।
ਸ: ਪਰਮਜੀਤ ਸਿੰਘ ਸਰਨਾ ਨੇ ਪੰਜਾਬ ਵਿਚ ਹੋਈਆਂ ਹਿੰਸਕ ਤੇ ਤੋੜ-ਫੋੜ ਦੀਆਂ ਘਟਨਾਵਾਂ ਲਈ ਪੰਜਾਬ ਦੀ ਸ: ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਨੂੰ ਦੋਸ਼ੀ ਠਹਿਰਾਉਂਦਿਆਂ ਕਿਹਾ ਕਿ ਵਿਆਨਾ ਦੀ ਘਟਨਾ ਨੂੰ ਸਰਕਾਰ ਵੱਲੋਂ ਗੰਭੀਰਤਾ ਨਾਲ ਲੈ ਕੇ ਤੁਰੰਤ ਹੀ ਲੋੜੀਂਦੇ ਸੁਰੱਖਿਆ ਪ੍ਰਬੰਧ ਕੀਤੇ ਜਾਣੇ ਚਾਹੀਦੇ ਸਨ। ਪਰ ਉਸ ਨੇ ਇਸ ਨੂੰ ਗੰਭੀਰਤਾ ਨਾਲ ਨਾ ਲੈ ਕੇ ਜਾਨ ਮਾਲ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਨਿਭਾਉਣ ਪੱਖੋਂ ਅਣਗਹਿਲੀ ਵਰਤੀ ਜਿਸ ਦੇ ਫਲਸਰੂਪ ਸਮੁੱਚੇ ਪੰਜਾਬ ਵਿਚ ਇੰਨੇ ਵੱਡੇ ਪੱਧਰ 'ਤੇ ਹਿੰਸਕ ਤੇ ਤੋੜ-ਫੋੜ ਦੀਆਂ ਘਟਨਾਵਾਂ ਹੋਈਆਂ।
ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਇਕ ਪਾਸੇ ਹਿੰਸਕ ਭੀੜ ਤਬਾਹੀ ਮਚਾ ਰਹੀ ਸੀ ਤੇ ਦੂਜੇ ਪਾਸੇ ਪੰਜਾਬ ਪੁਲਿਸ ਤਮਾਸ਼ਬੀਨ ਬਣੀ ਸਭ ਕੁਝ ਵੇਖ ਰਹੀ ਸੀ। ਉਨ੍ਹਾਂ ਜ਼ੋਰ ਦੇ ਕੇ ਆਖਿਆ ਕਿ ਜੇ ਪੰਜਾਬ ਦੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਪੰਜਾਬ ਵਿਚ ਅਮਨ ਤੇ ਸ਼ਾਂਤੀ ਦਾ ਵਾਤਾਵਰਨ ਬਣਾਉਣ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾਉਣ ਵਿਚ ਸਫਲ ਨਹੀਂ ਹੋ ਸਕਦੇ ਤਾਂ ਉਨ੍ਹਾਂ ਨੂੰ ਆਪਣੇ ਅਹੁਦੇ 'ਤੇ ਬਣੇ ਰਹਿਣ ਦਾ ਕੋਈ ਅਧਿਕਾਰ ਨਹੀਂ ਰਹਿ ਜਾਂਦਾ।
ਸ: ਸਰਨਾ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਪੂਰੀ ਮਾਨਵਜਾਤੀ ਦਾ ਸਰਬ-ਸਾਂਝਾ ਗ੍ਰੰਥ ਹੈ, ਜਿਸ ਦੀ ਬਰਾਬਰੀ ਕਰਨ ਦਾ ਕਿਸੇ ਨੂੰ ਅਧਿਕਾਰ ਨਹੀਂ। ਇਸ ਅਦੁੱਤੀ ਗ੍ਰੰਥ ਵਿਚ ਗੁਰੂ ਸਾਹਿਬਾਨਾਂ ਦੀ ਬਾਣੀ ਦੇ ਨਾਲ ਹੀ ਭਗਤ ਰਵਿਦਾਸ ਜੀ ਦੀ ਬਾਣੀ ਦਰਜ ਹੈ, ਗੁਰੂ ਸਾਹਿਬਾਨ ਦੇ ਨਾਲ ਹੀ ਹਰ ਗੁਰੂ ਕਾ ਸਿੱਖ ਭਗਤ ਰਵਿਦਾਸ ਜੀ ਨੂੰ ਵੀ ਸੀਸ ਝੁਕਾਉਂਦਾ ਹੈ। ਉਨ੍ਹਾਂ ਡੇਰਾ ਸੱਚਖੰਡ ਬੱਲਾਂ ਦੇ ਪ੍ਰਬੰਧਕਾਂ ਤੇ ਸ਼ਰਧਾਲੂਆਂ ਨੂੰ ਅਪੀਲ ਕੀਤੀ ਕਿ ਉਹ ਅਮਨ ਅਤੇ ਸ਼ਾਂਤੀ ਵਾਲਾ ਮਾਹੌਲ ਸਿਰਜਣ ਦੇ ਯਤਨ ਕਰਨ।
ਅਜੀਤ ਜਲੰਧਰ ਖ਼ਬਰ ਪੰਨਾ
ਅੰਤਰਰਾਸ਼ਟਰੀ ਸਿੱਖ ਜਥੇਬੰਦੀ 'ਸ਼੍ਰੋਮਣੀ ਸਿੱਖ ਕੌਂਸਲ' ਦਾ ਗਠਨ
ਨਵੀਂ ਦਿੱਲੀ, 13 ਜੂਨ (ਡਾ: ਜਗਮੇਲ ਸਿੰਘ ਭਾਠੂਆਂ) - ਸੰਸਾਰ ਭਰ ਵਿਚ ਸਿੱਖ ਪੰਥ ਸਾਹਮਣੇ ਆਈਆਂ ਚੁਣੌਤੀਆਂ ਤੇ ਮਸਲਿਆਂ ਦੇ ਹੱਲ ਲਈ ਅੱਜ ਗੁਰਦੁਆਰਾ ਸ੍ਰੀ ਰਕਾਬਗੰਜ ਵਿਖੇ ਸਮੂਹ ਪੰਥਕ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਮਿਲ ਕੇ ਸ਼੍ਰੋਮਣੀ ਸਿੱਖ ਕੌਂਸਲ ਦਾ ਗਠਨ ਕੀਤਾ, ਜਿਸ ਦੌਰਾਨ ਸਰਬਸੰਮਤੀ ਨਾਲ ਸ: ਪਰਮਜੀਤ ਸਿੰਘ ਸਰਨਾ ਨੂੰ ਪ੍ਰਧਾਨ ਅਤੇ ਸਾਬਕਾ ਮੰਤਰੀ ਪੰਜਾਬ ਸ: ਮਨਜੀਤ ਸਿੰਘ ਕਲਕੱਤਾ ਨੂੰ ਕੌਂਸਲ ਦਾ ਸਰਪ੍ਰਸਤ ਚੁਣਿਆ ਗਿਆ।
ਸ: ਮਨਜੀਤ ਸਿੰਘ ਕਲਕੱਤਾ ਦੀ ਪ੍ਰਧਾਨਗੀ ਹੇਠ ਹੋਈ ਇਸ ਇਕੱਤਰਤਾ ਵਿਚ ਸਰਬਸੰਮਤੀ ਨਾਲ ਜੈਕਾਰਿਆਂ ਦੀ ਗੂੰਜ ਵਿਚ ਮਤੇ ਪਾਸ ਕਰਕੇ ਮੰਗ ਕੀਤੀ ਗਈ ਕਿ
- ਆਪ੍ਰੇਸ਼ਨ ਬਲਿਊ ਸਟਾਰ ਉਪਰੰਤ ਬਣਾਈ ਸਿੱਖਾਂ ਦੀ ਕਾਲੀ ਸੂਚੀ ਉੱਪਰ ਮੁੜ ਵਿਚਾਰ ਲਈ ਸਰਕਾਰ ਵੱਲੋਂ ਉੱਚ ਪੱਧਰੀ ਕਮੇਟੀ ਬਣਾਈ ਜਾਵੇ, ਜਿਸ ਵਿਚ ਸਿੱਖਾਂ ਦੇ ਦੋ ਨੁਮਾਇੰਦੇ ਦਿੱਲੀ ਸਿੱਖ ਕਮੇਟੀ ਵਜੋਂ ਸ਼ਾਮਿਲ ਕੀਤੇ ਜਾਣ।
- ਮੰਗ ਕੀਤੀ ਕਿ ਪ੍ਰੋ: ਦਵਿੰਦਰ ਸਿੰਘ ਭੁੱਲਰ ਦੀ ਫਾਂਸੀ ਦੀ ਸਜ਼ਾ ਮੁਆਫ ਕਰਕੇ ਉਮਰ ਕੈਦ ਵਿਚ ਤਬਦੀਲ ਕੀਤੀ ਜਾਵੇ ਅਤੇ
- ਅਫਗਾਨਿਸਤਾਨ ਤੋਂ ਆਏ 15 ਹਜ਼ਾਰ ਹਿੰਦੂ ਸਿੱਖਾਂ ਨੂੰ ਬਿਨਾਂ ਦੇਰੀ ਭਾਰਤ ਦੀ ਨਾਗਰਿਕਤਾ ਪ੍ਰਦਾਨ ਕੀਤੀ ਜਾਵੇ।
- ਆਸਟ੍ਰੇਲੀਆ ਦੇ ਨਸਲੀ ਹਮਲਿਆਂ 'ਤੇ ਚਿੰਤਾ ਪ੍ਰਗਟਾਉਂਦਿਆਂ ਮੰਗ ਕੀਤੀ ਕਿ ਪੀੜਤ ਵਿਦਿਆਰਥੀਆਂ ਤੇ ਮਾਪਿਆਂ ਤੇ ਰਿਸ਼ਤੇਦਾਰਾਂ ਨੂੰ ਸਰਕਾਰ ਆਪਣੇ ਖਰਚੇ 'ਤੇ ਆਸਟ੍ਰੇਲੀਆ ਭੇਜਣ ਦਾ ਪ੍ਰਬੰਧ ਕਰੇ।
- ਇਕ ਮਤੇ ਦੁਆਰਾ ਪੰਜਾਬ ਵਿਚ ਸ੍ਰੀ ਹਰਿਮੰਦਰ ਸਾਹਿਬ ਦੀ ਨਕਲ 'ਤੇ ਗੁਰਦੁਆਰਾ ਬਣਾਏ ਜਾਣ ਦਾ ਵਿਰੋਧ ਕਰਦਿਆਂ ਦੁੱਖ ਪ੍ਰਗਟ ਕੀਤਾ।
ਉਪਰੋਕਤ ਇਕੱਠ ਨੂੰ ਸਭ ਤੋਂ ਪਹਿਲਾਂ ਸ: ਐਸ. ਪੀ. ਸਿੰਘ ਨੇ ਸੰਬੋਧਨ ਕਰਦਿਆਂ ਸਿੱਖ ਕੌਮ ਨੂੰ ਆ ਰਹੀਆਂ ਮੁਸ਼ਕਿਲਾਂ ਬਾਰੇ ਚਾਨਣਾ ਪਾਇਆ। ਇਸ ਤੋਂ ਇਲਾਵਾ ਇਸ ਭਾਰੀ ਇਕੱਤਰਤਾ ਨੂੰ ਡਾ: ਜੋਗਿੰਦਰ ਸਿੰਘ ਪੱਲਾ ਗੁਰਦੁਆਰਾ ਦਾਦਰ ਮੁੰਬਈ, ਡਾ: ਬਲਕਾਰ ਸਿੰਘ, ਸ: ਮਲਕੀਅਤ ਸਿੰਘ ਮੈਂਬਰ ਸ਼੍ਰੋਮਣੀ ਕਮੇਟੀ ਨਾਗਪੁਰ, ਸ: ਸੁਰਜੀਤ ਸਿੰਘ ਗਿੱਲ ਨਾਂਦੇੜ ਸਾਹਿਬ, ਸ: ਹਜ਼ੂਰ ਸਿੰਘ ਹੈਦਰਾਬਾਦ, ਡਾ: ਗੁਰਦਰਸ਼ਨ ਸਿੰਘ ਢਿੱਲੋਂ, ਡਾ: ਰਾਜਿੰਦਰ ਸਿੰਘ ਬਿੱਟਾ ਹੈਦਰਾਬਾਦ, ਸ: ਜੋਗਿੰਦਰ ਸਿੰਘ ਇਲਾਹਾਬਾਦ, ਸ੍ਰੀ ਐਚ. ਐਸ. ਰਾਡ, ਡਾ: ਜੋਗਿੰਦਰ ਸਿੰਘ ਸ਼ਾਨ ਜੰਮੂ ਕਸ਼ਮੀਰ, ਡਾ: ਅਮਰਜੀਤ ਸਿੰਘ ਦੇਹਰਾਦੂਨ, ਸ: ਪ੍ਰੀਤਮ ਸਿੰਘ ਭੋਪਾਲ, ਸ: ਬਲਦੇਵ ਸਿੰਘ ਮਾਨ, ਸ: ਜਗਦੀਸ਼ ਸਿੰਘ ਡੀਢਾ ਹਰਿਆਣਾ, ਸ: ਅਜੀਤ ਸਿੰਘ ਲਖੀਆ ਗੰਗਾਨਗਰ, ਸ: ਕਰਨੈਲ ਸਿੰਘ ਭਾਵੜਾ, ਸ: ਦੀਦਾਰ ਸਿੰਘ ਨਲਵੀ ਹਰਿਆਣਾ, ਸ: ਉਂਕਾਰ ਸਿੰਘ ਸ਼ਰੀਫਪੁਰਾ ਮੈਂਬਰ ਸ਼੍ਰੋਮਣੀ ਕਮੇਟੀ (ਅੰਮ੍ਰਿਤਸਰ), ਸ: ਇੰਦਰਜੀਤ ਸਿੰਘ ਸਹਾਰਨਪੁਰ, ਸ: ਚਰਨ ਸਿੰਘ ਸਭਰਾ, ਸ: ਇੰਦਰਜੀਤ ਸਿੰਘ ਜ਼ੀਰਾ (ਪੰਜਾਬ), ਨੇ ਸੰਬੋਧਨ ਕੀਤਾ।
14) ਪੀੜਤ, ਪ੍ਰਭਾਵ ਅਤੇ ਮਦਦ ਖ਼ਬਰਾਂ