ਬਾਬਾ ਸਾਹਿਬ ਬੀ ਆਰ ਅੰਬੇਡਕਰ ਵੈਲਫੇਅਰ ਐਸੋਸੀਏਸ਼ਨ ਦੀ ਚਿੰਤਕ ਬੀਬੀ ਕਮਲੇਸ਼ ਅਹੀਰ ਦੁਆਰਾ ਪਿਛਲੇ ਦਿਨੀਂ ਇਟਲੀ ‘ਚ ਬੁੱਧ ਧਰਮ ਦੇ ਪ੍ਰਚਾਰ ਦੌਰਾਨ ਸਿੱਖ ਧਰਮ, ਖਾਲਸੇ ਦੀ ਸਿਰਜਣਾ ਤੇ ਸਿੱਖ ਕੌਮ ਦੇ ਜੁਝਾਰੂਪਣ ਨੂੰ ਲੈ ਕੇ ਟਿੱਪਣੀਆਂ ਕੀਤੀਆਂ ਗਈਆਂ। ਇਹ ਟਿੱਪਣੀਆਂ ਯੂ ਟਿਊਬ ‘ਚ ਦੇਖੀਆਂ ਜਾ ਸਕਦੀਆਂ ਹਨ। ਇਸ ‘ਚ ਬੀਬੀ ਅਹੀਰ ਨੇ ਜਾਤ-ਪਾਤ ਰਹਿਤ ਸਮਾਜ ਸਿਰਜਣ, ਗਿਆਨਵਾਨ ਹੋਣ ਦੀ ਜਿੱਥੇ ਗੱਲ ਕੀਤੀ, ਉੱਥੇ ਬਿਪਰਨਵਾਦ ਦਾ ਸ਼ਿਕਾਰ ਹੋਏ ਸਿੱਖ ਸਮਾਜ ‘ਤੇ ਟਿੱਪਣੀਆਂ ਕੀਤੀਆਂ, ਪਰ ਸਿੱਖ ਧਰਮ ਬਾਰੇ ਅਧੂਰੀ ਸਮਝ ਹੋਣ ਕਰਕੇ ਅਹੀਰ ਨੇ ਇਹ ਮਤ ਪੇਸ਼ ਕੀਤਾ ਕਿ ਸਿੱਖ ਧਰਮ ਕੋਈ ਵੱਖਰਾ ਧਰਮ ਨਹੀਂ ਹੈ। ਸਿੱਖ ਧਰਮ ਦੀ ਫਿਲਾਸਫ਼ੀ ਬੁੱਧ ਧਰਮ ਤੋਂ ਲਈ ਗਈ ਹੈ। ਉਹ ਗੁਰਬਾਣੀ ਦੇ ਸੰਤਾਂ ਨੂੰ ਬੋਧੀ ਦੱਸਦੀ ਹੈ।
ਜਦ ਕਿ ਇਤਿਹਾਸਕ ਸੱਚ ਇਹ ਹੈ ਕਿ ਸਿੱਖ ਧਰਮ ਤੇ ਬੁੱਧ ਧਰਮ ‘ਚ ਜਾਤ-ਪਾਤ ਰਹਿਤ ਸਰਬੱਤ ਦੇ ਭਲੇ ਦੇ ਸਮਾਜ ਸਿਰਜਣ ਦੀ ਸਾਂਝ ਹੈ, ਬੁੱਧ ਧਰਮ ਅਕਾਲ ਪੁਰਖ ਦੀ ਹੋਂਦ ਤੋਂ ਇਨਕਾਰੀ ਹੋਣ ਕਰਕੇ ਸਿੱਖ ਧਰਮ ਨਾਲੋਂ ਨਿਖੇੜਾ ਹੈ। ਬਾਬਾ ਨਾਮਦੇਵ, ਸੰਤ ਕਬੀਰ, ਸੰਤ ਰਵੀਦਾਸ ਮਹਾਰਾਜ ਨੂੰ ਬੀਬੀ ਅਹੀਰ ਬੋਧੀ ਸੰਤ ਦੱਸਦੀ ਹੈ, ਉਹ ਵੀ ਬੋਧੀ ਵਿਚਾਰਧਾਰਾ ਦੇ ਉਲਟ ਅਕਾਲ ਪੁਰਖ ਦੀ ਹੋਂਦ ਨੂੰ ਸਵੀਕਾਰ ਕਰਦੇ ਹਨ। ਫਿਰ ਉਨ੍ਹਾਂ ਨੂੰ ਬੋਧੀ ਸੰਤ ਕਿਵੇਂ ਕਿਹਾ ਜਾ ਸਕਦਾ ਹੈ? ਸੰਤ ਰਵਿਦਾਸ ਮਹਾਰਾਜ ਨੇ ਆਪਣੀ ਬਾਣੀ ਵਿੱਚ ਨਿਰੰਜਨ ਸ਼ਬਦ ਦੀ ਵਰਤੋ ਅਕਾਲ ਪੁਰਖ ਲਈ ਕੀਤੀ ਹੈ;
ਤਨੁ ਮਨੁ ਅਰਪਉ ਪੂਜ ਚਰਾਵਉ॥
ਗੁਰ ਪਰਸਾਦਿ ਨਿਰੰਜਨੁ ਪਾਵਉ॥ (ਪੰਨਾ 521)
ਸਿੱਖ ਧਰਮ ਵੀ ਆਦਿ ਜੁਗਾਦਿ ਤੇ ਭਵਿੱਖ, ਅਕਾਲ ਪੁਰਖ ਦੀ ਅਗੰਮੀ ਸ਼ਕਤੀ ਵਿੱਚ ਵਿਸ਼ਵਾਸ ਦਾ ਪੱਕਾ ਧਾਰਨੀ ਹੈ।
ਬੀਬੀ ਅਹੀਰ ਇੱਥੋਂ ਤੱਕ ਕਹਿ ਗਈ ਕਿ ਗੁਰੂ ਗੋਬਿੰਦ ਸਿੰਘ ਨੇ ‘ਸਿੱਖ’ ਸ਼ਬਦ ਬੁੱਧ ਦੇ ਉਚਾਰਨਾਂ ‘ਚੋਂ ਲਿਆ ਹੈ। ਆਪਣੇ ਤਰਕ ਨੂੰ ਤਕੜਾ ਕਰਨ ਲਈ ਉਹ ਕਹਿੰਦੀ ਹੈ ਕਿ ਗੁਰੂ ਗੋਬਿੰਦ ਸਿੰਘ ਪਟਨਾ ਵਿੱਚ ਪੈਦਾ ਹੋਏ ਸਨ, ਬੁੱਧ ਗਯਾ ਗਏ ਸਨ, ਇਸ ਲਈ ਗੁਰੂ ਗੋਬਿੰਦ ਸਿੰਘ ਬੁੱਧ ਧਰਮ ਤੋਂ ਪ੍ਰਭਾਵਿਤ ਸਨ। ਗੁਰੂ ਗੋਬਿੰਦ ਸਿੰਘ ਦੁਆਰਾ ਪੰਜ ਪਿਆਰੇ ਸਾਜਣ ਦੀ ਪਰੰਪਰਾ ਨੂੰ ਵੀ ਉਹ ਬੁੱਧ ਧਰਮ ਦੇ ਪੰਚਸ਼ੀਲ ਨਾਲ ਜੋੜਦੀ ਹੈ। ਇਹ ਠੀਕ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਪਟਨਾ ‘ਚ ਪੈਦਾ ਹੋਏ ਸਨ, ਪਰ ਇਹ ਕਿਤੇ ਜ਼ਿਕਰ ਨਹੀਂ ਮਿਲਦਾ ਕਿ ਉਹ ਬੁੱਧ ਗਯਾ ਗਏ ਸਨ। ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਤਾਂ ਬੁੱਧ ਧਰਮ ਤੇ ਉਨ੍ਹਾਂ ਦੇ ਧਾਰਮਿਕ ਸਥਾਨਾਂ ਦੀ ਹੋਂਦ ਮਿਟਾ ਦਿੱਤੀ ਹੋਈ ਸੀ। ਫਿਰ ਇਤਿਹਾਸ ਤੋਂ ਉਲਟ ਅਜਿਹੀਆਂ ਗੱਲਾਂ ਕੀ ਅਰਥ ਰੱਖਦੀਆਂ ਹਨ? ਮਹਾਤਮਾ ਬੁੱਧ ਨੇ ਵਰੁਣ ਆਸ਼ਰਮ ਦੀ ਪਰਵਾਹ ਨਾ ਕਰਦਿਆਂ ਹੋਇਆਂ ਸਾਰਨਾਥ ਵਿੱਚ ਆਪਣੇ ਪੰਜ ਚੇਲੇ ਬਣਾਏ। ਇਹ ਮਹਾਤਮਾ ਬੁੱਧ ਦੇ ਸਦਾ ਲਈ ਨਿਕਟਵਰਤੀ ਸਨ। ਇਨ੍ਹਾਂ ਚੇਲਿਆਂ ਵਿੱਚੋਂ ਸਾਰਸਵਤ ਤੇ ਮੌਗਾਲਿਕ ਦੋ ਬ੍ਰਾਹਮਣ ਸਨ। ਅਨੰਦ ਖੱਤਰੀ, ਉਪਾਲੀ ਨਾਈ ਤੇ ਸੁਨੀਤ ਭੰਗੀ ਸੀ। ਇਨ੍ਹਾਂ ਨੂੰ ਬੁੱਧ ਨੇ ਇੱਕੋ ਪੰਗਤ ਵਿੱਚ ਬਿਠਾ ਕੇ ਲੋਹੇ ਦੇ ਬਰਤਨਾਂ ਵਿੱਚ ਪ੍ਰਸ਼ਾਦਿ ਛਕਾਇਆ ਸੀ, ਪਰ ਗੁਰੂ ਗੋਬਿੰਦ ਸਿੰਘ ਜੀ ਦੀ ਖਾਲਸਾ ਪੰਥ ਦੀ ਸਿਰਜਣਾ ਨੂੰ ਬੁੱਧ ਦੇ ਪੰਜ ਚੇਲਿਆਂ ਨਾਲ ਨਹੀਂ ਮੇਲਿਆ ਜਾ ਸਕਦਾ।
ਬੁੱਧ ਦਾ ਸਿਧਾਂਤ ਸ਼ਾਂਤਮਈ ਪ੍ਰਕਿਰਿਆ ਨਾਲ ਜੁੜਦਾ ਹੈ ਅਤੇ ਗੁਰੂ ਗੋਬਿੰਦ ਸਿੰਘ ਜੀ ਦੀ ਪੰਜ ਪਿਆਰਿਆਂ ਤੇ ਖ਼ਾਲਸਾ ਪੰਥ ਦੀ ਸਿਰਜਣਾ ਸਿਰ ਭੇਟ ਕਰਨ ਨਾਲ ਅਤੇ ਦੁਸ਼ਟ ਸੰਘਾਰਨ ਨਾਲ ਜੁੜਦੀ ਹੈ। ਇਹ ਉਸ ਫ਼ੌਜ ਦੀ ਤਿਆਰੀ ਹੈ, ਜੋ ਸਿੱਧੀ ਅਕਾਲ ਪੁਰਖ ਦੇ ਅਧੀਨ ਹੈ, ਜਿਸ ਨੇ ‘ਬੇਗਮਪੁਰਾ’ ਅਤੇ ਹਲੇਮੀ ਰਾਜ ਸਿਰਜਣਾ ਹੈ। ਗੁਰੂ ਨੂੰ ਅਹਿਸਾਸ ਹੈ ਕਿ ਅਜਿਹਾ ਕਰਨ ਨਾਲ ਉਨ੍ਹਾਂ ਦੀ ਟੱਕਰ ਉੱਚ ਜਾਤੀ ਦੇ ਜਾਤੀਵਾਦੀ ਪਹਾੜੀ ਰਾਜਿਆਂ ਅਤੇ ਦਿੱਲੀ ਹਕੂਮਤ ਨਾਲ ਹੋਣੀ ਨਿਸ਼ਚਿਤ ਹੈ, ਜਿਸ ਲਈ ਗੁਰੂ ਤਿਆਰ ਵੀ ਹੈ, ਪਰ ਬੁੱਧ ਦੇ ਪੰਜ ਚੇਲਿਆਂ ਦੀ ਸਿਰਜਣਾ ਪਿੱਛੇ ਹਥਿਆਰਬੰਦ ਇਨਕਲਾਬ ਅਤੇ ਆਦਰਸ਼ਵਾਦੀ ਰਾਜ ਦਾ ਸੰਕਲਪ ‘ਇਨ ਗ਼ਰੀਬ ਸਿੰਘਨ ਕੋ ਦੈਹੋ ਪਾਤਿਸ਼ਾਹੀ, ਯਾਦ ਰਖੇ ਹਮਰੀ ਗੁਰਿਆਈ’ ਕਿਤੇ ਨਹੀਂ ਹੈ। ਇਸ ਲਈ ਦੋਹਾਂ ਵਿਚਾਰਧਾਰਾਵਾਂ ਵਿੱਚ ਬਹੁਤ ਵੱਡਾ ਅੰਤਰ ਹੈ। ਜੇਕਰ ਪੰਜ ਦੀ ਚੋਣ ਦਾ ਇਤਿਹਾਸ ਦੇਖਿਆ ਜਾਵੇ, ਤਾਂ ਬੁੱਧ ਧਰਮ ਤੋਂ ਪਹਿਲਾਂ ਹਿੰਦੂ ਧਰਮ ‘ਚ ਪੰਜ ਬ੍ਰਾਹਮਣਾਂ ਨੂੰ ਸਰਵਸ੍ਰੇਸ਼ਟ ਗਿਣਿਆ ਜਾਂਦਾ ਹੈ। ਪੰਜ ਬ੍ਰਾਹਮਣਾਂ ਨੂੰ ਭੋਜਨ ਛਕਾਉਣਾ ਅੱਜ ਵੀ ਹਿੰਦੂ ਧਰਮ ਵਿੱਚ ਪਵਿੱਤਰ ਸਮਝਿਆ ਜਾਂਦਾ ਹੈ। ਇਸ ਤੋਂ ਸਪੱਸ਼ਟ ਹੈ ਕਿ ਪੰਜ ਵਿਅਕਤੀਆਂ ਦੀ ਚੋਣ ਦਾ ਅਧਿਕਾਰ ਪਹਿਲਾਂ ਹੀ ਭਾਰਤੀ ਸੱਭਿਆਚਾਰ ਵਿੱਚ ਮੌਜੂਦ ਹੈ।
ਇਸੇ ਦੌਰਾਨ ਉਹ ਗੁਰੂ ਨਾਨਕ ਸਾਹਿਬ ਨੂੰ ਗੁਰੂ ਰਵਿਦਾਸ ਤੋਂ ਪ੍ਰਭਾਵਿਤ ਦੱਸਦੀ ਹੈ, ਜਦ ਕਿ ਸੱਚੇ ਸੌਦੇ ਦੌਰਾਨ ਸੰਤ ਰਵੀਦਾਸ ਮਹਾਰਾਜ ਤੇ ਗੁਰੂ ਨਾਨਕ ਸਾਹਿਬ ਦੀ ਮੁਲਾਕਾਤ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਨੇ ਜੰਜੂ ਵਿਰੁੱਧ ਬਗਾਵਤ ਕਰ ਦਿੱਤੀ ਸੀ। ਉਦੋਂ ਨਾ ਸਿੱਖ ਧਰਮ ਦੀ ਸਥਾਪਨਾ ਹੋਈ ਸੀ ਤੇ ਨਾ ਹੀ ਉਹ ਸੰਤ ਰਵੀਦਾਸ ਨੂੰ ਮਿਲੇ ਸਨ। ਇਹ ਤਾਂ ਕਿਹਾ ਜਾ ਸਕਦਾ ਹੈ ਕਿ ਸੰਤ ਗੁਰੂ ਰਵੀਦਾਸ ਤੇ ਗੁਰੂ ਨਾਨਕ ਸਾਹਿਬ ਦੇ ਵਿਚਾਰ ਆਪਸ ‘ਚ ਮਿਲਦੇ ਸਨ, ਤਾਂ ਹੀ ਸੱਚਾ ਸੌਦਾ ਹੋਇਆ ਸੀ, ਪਰ ਇਹ ਕਹਿਣਾ ਕਿ ਗੁਰੂ ਨਾਨਕ ਸਾਹਿਬ ਨੇ ਸੰਤ ਰਵੀਦਾਸ ਤੋਂ ਸਿੱਖਿਆ ਲਈ, ਇਹ ਇਤਿਹਾਸਕ ਤੱਥਾਂ ਤੋਂ ਉਲਟ ਗੱਲ ਹੈ।
ਇਸੇ ਤਰ੍ਹਾਂ ਬੀਬੀ ਅਹੀਰ ਨੇ ਸਿੱਖਾਂ ਦੇ ਕੇਸਰੀ ਰੰਗ ਤੇ ਗਤਕੇ ਨੂੰ ਬੁੱਧ ਧਰਮ ਤੋਂ ਉਧਾਰ ਲਿਆ ਕਹਿੰਦੀ ਹੈ ਤੇ ਗਤਕੇ ਨੂੰ ਕੂੰਗ-ਫੂ ਨਾਲ ਜੋੜਦੀ ਹੈ। ਉਹ ਸਿੱਖ ਧਰਮ ‘ਤੇ ਸਖ਼ਤ ਟਿੱਪਣੀਆਂ ਕਰਦੀ ਹੋਈ ਆਖਦੀ ਹੈ ਕਿ ਅੱਜ ਕੱਲ੍ਹ ਕਿਰਪਾਨ ਪਹਿਨਣ ਦੀ ਕੀ ਲੋੜ ਹੈ? ਅਜੋਕਾ ਯੁੱਗ ਤਾਂ ਮਿਜ਼ਾਇਲਾਂ ਦਾ ਯੁੱਗ ਹੈ ਤੇ ਸਿੱਖ ਕਮਲੇ ਕਿਰਪਾਨਾਂ ਪਾਈ ਫਿਰਦੇ ਨੇ। ਉਸ ਨੇ ਇਹ ਵੀ ਕਿਹਾ ਕਿ ਅੱਜ ਮੀਡੀਏ ਦੇ ਰਾਹੀਂ ਜੰਗ ਲੜੀ ਜਾ ਸਕਦੀ ਹੈ। ਕਿਰਪਾਨਾਂ ਦੀ ਲੋੜ ਨਹੀਂ।
ਬੀਬੀ ਜੀ ਨੂੰ ਇਹ ਗਿਆਨ ਹੋਣਾ ਚਾਹੀਦਾ ਹੈ ਕਿ ਕਿਰਪਾਨ ਦਾ ਅਰਥ ਕਿਰਪਾ ਹੈ। ਇਹ ਕਕਾਰ ਕ੍ਰਿਪਾ ਦਾ ਪ੍ਰਤੀਕ ਹੈ। ਇਹ ਸਿੱਖ ਨੂੰ ਯਾਦ ਕਰਾਉਂਦਾ ਹੈ ਕਿ ਜ਼ਾਲਮ ਵਿਰੁੱਧ ਜੂਝਣਾ ਅਤੇ ਨਿਮਾਣੇ ਨਿਤਾਣੇ ਦੀ ਰਾਖੀ ਕਰਨੀ। ਖ਼ਾਲਸਾ ਗੁਰੂ ਗੋਬਿੰਦ ਸਿੰਘ ਦਾ ਫ਼ੌਜੀ ਹੈ। ਇਸ ਲਈ ਪੰਜ ਕਕਾਰ ਉਸ ਦੀ ਵਰਦੀ ਹਨ, ਜੋ ਸਦਾ ਜਿਊਣ ਤੋਂ ਲੈ ਕੇ ਮਰਨ ਤੱਕ ਉਸ ਦੇ ਨਾਲ ਰਹਿਣੇ ਹਨ। ਇਹ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦਾ ਉਦੇਸ਼ ਹੈ। ਇਸ ਨੂੰ ਹਰੇਕ ਖ਼ਾਲਸਾ ਸਤਿ ਕਰਕੇ ਮੰਨਦਾ ਹੈ। ਸਿੱਖ ਅਰਦਾਸ ਸਮੇਂ ਭਗੌਤੀ ਨੂੰ ਧਿਆਉਂਦੇ ਨੇ। ਇੱਥੇ ਭਗੌਤੀ ਦਾ ਅਰਥ ਕਿਰਪਾਨ ਹੈ, ਜੋ ਸ਼ਕਤੀ ਦੀ ਪ੍ਰਤੀਕ ਹੈ। ਸਿੱਖਾਂ ਦੇ ‘ਚ ਭਗਤੀ ਤੇ ਸ਼ਕਤੀ ਇਕੱਠੀ ਹੈ। ਸਿੱਖ ਸੰਤ ਸਿਪਾਹੀ ਹੈ। ਦਸਮ ਪਾਤਸ਼ਾਹ ‘ਜੈ ਤੇਗੰ’ ਵਾਲੇ ਸ਼ਬਦ ‘ਚ ਤੇਗ ਦਾ ਇਹੋ ਅਰਥ ਹੈ। ‘ਕਬਯੋ ਬਾਚ ਬੇਨਤੀ ਚੌਪਈ’ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਅਕਾਲ ਪੁਰਖ ਨੂੰ ‘ਸ੍ਰੀ ਅਸਿਧੁਜ’ ਅਤੇ ‘ਖੜਗ ਕੇਤ’ ਕਹਿ ਕੇ ਸੰਬੋਧਿਤ ਕੀਤਾ ਹੈ। ਮੁੱਢ ਕਦੀਮ ਤੋਂ ਚੱਲੀ ਆਉਂਦੀ ਖ਼ਾਲਸਾ ਰਾਜ ਦੀ ਮੋਹਰ ‘ਚ ‘ਤੇਗੇ’ ਨਾਨਕ ਸ਼ਬਦਾਂ ਨੂੰ ਇਸੇ ਸੰਕੇਤ ਲਈ ਵਰਤਿਆ ਗਿਆ ਹੈ। ਕਿਰਪਾਨ ਧਾਰ ਕੇ ਸਿੱਖ ਸੰਕਲਪ ਲੈਂਦਾ ਹੈ ਕਿ ਉਹ ਬਦੀ ਨਾਲ ਜੰਗ ਲਈ ਹਰ ਵਕਤ ਤਿਆਰ ਹੈ ਤੇ ਉਹ ਸਰਬੱਤ ਦੇ ਭਲੇ ਲਈ ਸਿਰ ਦੇਣ ਨੂੰ ਵੀ ਤਿਆਰ ਹੈ, ਜੋ ਕਿਰਪਾਨਧਾਰੀ ਬਦੀ ਲਈ ਜੂਝਦੇ ਨਹੀਂ, ਧੜੇਬੰਦੀਆਂ ‘ਚ ਪੈ ਕੇ ਇਕ ਦੂਜੇ ਦੀ ਲਾਹਪਾਹ ਕਰਦੇ ਹਨ, ਉਹ ਗੁਰੂ ਦੇ ਸਿੱਖ ਨਹੀਂ।
ਬੀਬੀ ਜੀ ਨੂੰ ਇਹ ਚੇਤਾ ਹੋਣਾ ਚਾਹੀਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਵੇਲੇ ਤੋੜੇਦਾਰ ਬੰਦੂਕਾਂ ਤੇ ਤੋਪਾਂ ਤੱਕ ਆ ਗਈਆਂ ਸਨ, ਪਰ ਕਿਰਪਾਨ ਦੀ ਮਹੱਤਤਾ ਉਸ ਵੇਲੇ ਵੀ ਸੀ ਤੇ ਹੁਣ ਵੀ ਹੈ। ਇਸ ਸੰਬੰਧੀ ਬੀਬੀ ਜੀ ਨੇ ਟਿੱਪਣੀ ਕਰਨ ਤੋਂ ਪਹਿਲਾਂ ਸਿੱਖਾਂ ਦਾ ਇਤਿਹਾਸ ਅਤੇ ਫਿਲਾਸਫੀ ਨੂੰ ਵਾਚ ਲੈਣਾ ਚਾਹੀਦਾ ਸੀ। ਅਧੂਰੀ ਸਮਝ ਰੱਖ ਕੇ ਸਿੱਖ ਪੰਥ ‘ਤੇ ਟਿੱਪਣੀਆਂ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।
ਜਿੱਥੋਂ ਤੱਕ ਸਿੱਖ ਸਮਾਜ ਵਿੱਚ ਆਈਆਂ ਕੁਰੀਤੀਆਂ ਦਾ ਸੁਆਲ ਹੈ, ਉਸ ਬਾਰੇ ਬੀਬੀ ਅਹੀਰ ਨਾਲ ਸਹਿਮਤੀ ਪ੍ਰਗਟਾਈ ਜਾ ਸਕਦੀ ਹੈ ਕਿ ਸਿੱਖ ਜਾਤਾ-ਪਾਤਾਂ ‘ਚ ਫਸੇ ਬ੍ਰਾਹਮਣਵਾਦ ਦਾ ਸ਼ਿਕਾਰ ਹਨ। ਦਰਬਾਰ ਸਾਹਿਬ ‘ਚ ਬੀਬੀਆਂ ਨੂੰ ਕੀਰਤਨ ਨਹੀਂ ਕਰਨ ਦਿੱਤਾ ਜਾਂਦਾ, ਅੰਮ੍ਰਿਤ ਛਕਾਉਣ ‘ਚ ਸ਼ਾਮਲ ਨਹੀਂ ਕੀਤਾ ਜਾਂਦਾ, ਜਦ ਕਿ ਗੁਰਬਾਣੀ ‘ਚ ਇਸਤਰੀ ਨੂੰ ਬਰਾਬਰੀ ਦਾ ਦਰਜਾ ਦਿੱਤਾ ਗਿਆ ਹੈ। ਬੀਬੀ ਜੀ ਇਹ ਵੀ ਠੀਕ ਸੋਚਦੇ ਹਨ ਕਿ ਬੁੱਧ ਧਰਮ ਤੇ ਸਿੱਖ ਧਰਮ ਦੀ ਸਿਰਜਣਾ ਜਾਤ-ਪਾਤ ਨੂੰ ਮਿਟਾਉਣ ਤੇ ਜਾਤੀਵਾਦ ਰਹਿਤ ਸਮਾਜ ਸਿਰਜਣਾ ਲਈ ਹੋਈ ਸੀ।
ਬੁੱਧ ਧਰਮ ਗ੍ਰਹਿਸਥ ਪ੍ਰਾਪਤੀ ਨਾਲੋਂ ਨਿਰਵਾਣ ਪ੍ਰਾਪਤੀ ਉੱਪਰ ਬਲ ਦਿੰਦਾ ਹੈ। ਬੁੱਧ ਅਨੁਸਾਰ ਜੀਵ ਦਾ ਮੂਲ ਉਦੇਸ਼ ਸੰਸਾਰਕ ਦੁੱਖਾਂ ਤੋਂ ਛੁਟਕਾਰਾ ਪਾਉਣਾ ਹੈ। ਉਹ ਜੀਵ ਦੀ ਮੂਲ ਸਮੱਸਿਆ ਦੁੱਖਾਂ ਨੂੰ ਮੰਨਦਾ ਹੈ। ਦੁੱਖਾਂ ਦੀ ਪ੍ਰਵਿਰਤੀ ਨੂੰ ਨਿਰਵਾਣ ਕਹਿੰਦਾ ਹੈ। ਬੁੱਧ ਅਨੁਸਾਰ ਅਸ਼ਟਾਂਗ ਮਾਰਗ ‘ਤੇ ਚੱਲਣ ਵਾਲਾ ਇਸੇ ਜੀਵਨ ‘ਚ ਹੀ ਨਿਰਵਾਣ ਪ੍ਰਾਪਤ ਕਰ ਲੈਂਦਾ ਹੈ। ਨਿਰਵਾਣ ਜਾਂ ਨਿਰਬਾਣ ਪਦ ਗੁਰਬਾਣੀ ‘ਚ ਕਈ ਵਾਰ ਆਇਆ ਹੈ, ਪਰ ਗੁਰਮਤਿ ਦੇ ਨਿਰਬਾਣ ਪਦ ਦਾ ਬੁੱਧ ਨਿਰਵਾਣ ਸੰਕਲਪ ਨਾਲੋਂ ਅੰਤਰ ਹੈ। ਬੁੱਧ ਅਕਾਲ ਪੁਰਖ ਬਾਰੇ ਚੁੱਪ ਹੋਣ ਕਰਕੇ ਇਸ ਦਾ ਗੁਰਮਤਿ ਨਾਲ ਅੰਤਰ ਹੈ। ਗੁਰਮਤਿ ਅਨੁਸਾਰ ਮਾਇਆ ਦੇ ਬੰਧਨ ਤੋਂ ਮੁਕਤ ਹੋ ਕੇ ਉਸ ਦੀ ਕਿਰਪਾ ਨਾਲ ਆਤਮਾ ਦਾ ਪਰਮਾਤਮਾ ਦਾ ਸੰਯੋਗ ਹੋ ਜਾਂਦਾ ਹੈ। ਇਹ ਨਿਰਬਾਣ ਪਦ ਹੈ।
ਤਬ ਲਗੁ ਮਹਲ ਨ ਪਾਈਐ ਜਬਲਗੁ ਸਾਚੁ ਨ ਚੀਤਿ॥
ਸਬਦ ਰਪੈ ਘਰੁ ਪਾਈਐ ਨਿਰਬਾਣੀ ਪਦੁ ਨੀਤਿ॥ (ਗੁਰੂ ਗ੍ਰੰਥ ਸਾਹਿਬ, ਪੰਨਾ 58)
ਗੁਰੂ ਅਰਜਨ ਦੇਵ ਜੀ ਨੇ ਗ੍ਰਹਿਸਥ ਵਿੱਚ ਹੀ ਮਨੁੱਖ ਨੂੰ ਨਿਰਬਾਣ ਪ੍ਰਾਪਤ ਕਰਨ ਨੂੰ ਕਿਹਾ ਹੈ।
ਗ੍ਰਿਹਸਤ ਮਹਿ ਸੋਈ ਨਿਰਬਾਨੁ। (ਸੁਖਮਨੀ ਸਾਹਿਬ)
ਹੁਣ ਨਿਰਵਾਣ ਦਾ ਸੰਕਲਪ ਗੀਤਾ ਵਿੱਚ ਵੀ ਮਿਲਦਾ ਹੈ। ਕੀ ਬੁੱਧ ਧਰਮ ਨੇ ਨਿਰਵਾਣ ਗੀਤਾ ਤੋਂ ਉਧਾਰਾ ਸ਼ਬਦ ਲਿਆ ਹੈ? ਅਜਿਹਾ ਕਹਿਣਾ ਇਤਿਹਾਸ ਨਾਲ ਮਜ਼ਾਕ ਹੋਵੇਗਾ। ਇਸੇ ਤਰ੍ਹਾਂ ਸਿੱਖ ਧਰਮ ਨੇ ਵੀ ਕੋਈ ਸ਼ਬਦ ਕਿਸੇ ਧਰਮ ਤੋਂ ਉਧਾਰਾ ਨਹੀਂ ਲਿਆ। ਇਹ ਸ਼ਬਦ ਕਲਚਰ ਤੇ ਸਮਾਜ ਵਿੱਚ ਪਏ ਹੁੰਦੇ ਹਨ। ਜੇ ਨਵੇਂ ਸ਼ਬਦ ਘੜੇ ਜਾਣ, ਤਾਂ ਲੋਕਾਂ ਨੂੰ ਸਮਝ ਨਹੀਂ ਪੈਂਦੀ। ਇਸੇ ਲਈ ਕਿਸੇ ਨਵੇਂ ਧਰਮ ਵੱਲੋਂ ਉਨ੍ਹਾਂ ਸ਼ਬਦਾਂ ਦੀ ਜ਼ਿਆਦਾ ਚੋਣ ਕੀਤੀ ਜਾਂਦੀ ਹੈ, ਜੋ ਕਲਚਰ ਨਾਲ ਜੁੜੇ ਹੋਣ ਜਾਂ ਜਿਸ ‘ਸ਼ਬਦ’ ਨੂੰ ਲੋਕ ਪ੍ਰਵਾਨਗੀ ਹਾਸਲ ਹੋਵੇ, ਪਰ ਅੱਗੋਂ ਧਰਮ ‘ਤੇ ਨਿਰਭਰ ਕਰਦਾ ਹੈ ਕਿ ਉਸ ਦਾ ਸੰਕਲਪ ਲੋਕ ਹਿੱਤ, ਸਰਬੱਤ ਦੀ ਅਜ਼ਾਦੀ ਵਿੱਚ ਹੈ ਜਾਂ ਜਾਤੀਵਾਦ ਨਾਲ ਜੁੜਿਆ ਹੈ।
ਬੀਬੀ ਅਹੀਰ ਨੂੰ ਅਸੀਂ ਯਾਦ ਕਰਵਾਉਣਾ ਚਾਹੁੰਦੇ ਹਨ ਕਿ ਮਹਾਤਮਾ ਬੁੱਧ ਦੇ ਦਿਹਾਂਤ ਤੋਂ ਬਾਅਦ ਇਹ ਮਤ ਤੋਂ ਸੰਪਰਦਾਵਾਂ ਹੀਨਯਾਨ ਅਤੇ ਮਹਾਯਾਨ ਵਿੱਚ ਵੰਡਿਆ ਗਿਆ। ਮਹਾਯਾਨੀਆ ਨੇ ਬੁੱਧ ਦੀ ਮੂਰਤੀ ਬਣਾ ਕੇ ਪੂਜਾ ਸ਼ੁਰੂ ਕਰ ਦਿੱਤੀ ਅਤੇ ਕਈ ਪੂਜਾ ਵਿਧੀਆਂ ਨੇ ਇਸ ਮੱਤ ਨੂੰ ਫੇਰ ਗੁੰਝਲਦਾਰ ਬਣਾ ਦਿੱਤਾ। ਮਹਾਯਾਨੀ ਦੇਵੀ-ਦੇਵਤਿਆਂ ਦੀ ਪੂਜਾ ਵਿੱਚ ਵੀ ਨਿਸ਼ਚਾ ਰੱਖਣ ਲੱਗ ਪਏ। ਇਨ੍ਹਾਂ ਪਾਲੀ ਦੀ ਥਾਂ ਭਾਸ਼ਾ ਸੰਸਕ੍ਰਿਤ ਵਰਤਣੀ ਸ਼ੁਰੂ ਕਰ ਦਿੱਤੀ। ਇਨ੍ਹਾਂ ਨੇ ਬੁੱਧ ਨੂੰ ਵਿਸ਼ਨੂੰ ਦਾ ਅਵਤਾਰ ਘੋਸ਼ਿਤ ਕਰ ਦਿੱਤਾ। ਇਸ ਨਾਲ ਬੁੱਧ ਧਰਮ ਨੂੰ ਧੱਕਾ ਲੱਗਾ ਤੇ ਅਨੇਕਾਂ ਬੋਧੀ ਹਿੰਦੂ ਧਰਮ ‘ਚ ਸ਼ਾਮਲ ਹੋ ਗਏ, ਜਦ ਕਿ ਹੀਨਯਾਨ ਬੁੱਧ ਦੀ ਮੂਰਤੀ ਦੀ ਥਾਂ ਬੁੱਧ ਦੇ ਸ਼ਬਦ ‘ਚ ਵਿਸ਼ਵਾਸ ਰੱਖਦੇ ਸਨ ਤੇ ਉਨ੍ਹਾਂ ਨੇ ਬੁੱਧ ਦੇ ਸ਼ਬਦ ਨੂੰ ਹੀ ਗੁਰੂ ਕਰਕੇ ਮੰਨਿਆ।
ਬਾਬਾ ਸਾਹਿਬ ਅੰਬੇਡਕਰ ਨੇ ਹੀਨਯਾਨ ਸੰਪਰਦਾ ‘ਚ ਸੁਧਾਰ ਕਰਕੇ ਨਵ ਬੁੱਧ ਧਰਮ ਦੀ ਲਹਿਰ ਚਲਾਈ, ਪਰ ਅੱਜ ਬਾਬਾ ਸਾਹਿਬ ਦੇ ਬੁੱਤਾਂ ਦੀ ਪੂਜਾ ਹੋ ਰਹੀ ਹੈ, ਤੇ ਉਨ੍ਹਾਂ ਦੇ ਸਿਧਾਂਤ ਨੂੰ ਮੰਨਿਆ ਨਹੀਂ ਜਾ ਰਿਹਾ। ਇਹ ਬੁੱਧ ਧਰਮ ਤੇ ਸਿੱਖ ਧਰਮ ਦਾ ਦੁਖਾਂਤ ਹੈ ਕਿ ਉਨ੍ਹਾਂ ਦੇ ਅਨੁਯਾਈ ਇਕ ਵਾਰ ਫਿਰ ਬ੍ਰਾਹਮਣਵਾਦ ਦੇ ਖਾਰੇ ਸਮੁੰਦਰ ‘ਚ ਡੁੱਬਦੇ ਜਾ ਰਹੇ ਹਨ। ਦੋਹਾਂ ਧਰਮਾਂ ਦੇ ਅਨੁਯਾਈਆਂ ਨੂੰ ਮਿਲ ਕੇ ਚੰਗੇ ਸਮਾਜ ਦੀ ਸਿਰਜਣਾ ਦੇ ਲਈ ਲਹਿਰ ਚਲਾਉਣੀ ਚਾਹੀਦੀ ਹੈ ਅਤੇ ਬੁੱਧ ਤੇ ਗੁਰਬਾਣੀ ਦੇ ਰਹਿਬਰਾਂ ਦੇ ਸੰਦੇਸ਼ ਨੂੰ ਸਮਾਜ ‘ਤੇ ਅਮਲੀ ਰੂਪ ‘ਚ ਲਾਗੂ ਕਰਨਾ ਚਾਹੀਦਾ ਹੈ। ਗੁਰਬਾਣੀ ਦੇ ਗਿਆਨ ਸੰਦੇਸ਼ ਤੇ ਬਾਬਾ ਸਾਹਿਬ ਵਿਦਿਆ ਨਾਲ ਜੁੜਨ ਦੇ ਸੁਨੇਹੇ ਨੂੰ ਸਮਾਜ ਨਾਲ ਜੋੜਨਾ ਚਾਹੀਦਾ ਹੈ, ਤਾਂ ਜੋ ਬਿਪਰਨਵਾਦ ਦੇ ਖਾਰੇ ਸਮੁੰਦਰ ਵਿੱਚੋਂ ਨਿਕਲਿਆ ਜਾ ਸਕੇ।
ਇਸ ਦੇ ਬਾਵਜੂਦ ਮੈਂ ਬੀਬੀ ਅਹੀਰ ਦਾ ਧੰਨਵਾਦੀ ਹਾਂ, ਜੋ ਜਾਤ-ਪਾਤ ਰਹਿਤ ਸਮਾਜ ਸਿਰਜਣ ਦੀ ਗੱਲ ਕਰ ਰਹੇ ਹਨ ਤੇ ਆਪਣੇ ਭਾਈਚਾਰੇ ‘ਚ ਬਾਬਾ ਸਾਹਿਬ ਅੰਬੇਡਕਰ, ਸਿੱਖ ਧਰਮ, ਬੁੱਧ ਧਰਮ ਦੀਆਂ ਮਨੁੱਖੀ ਪੱਖੀ ਰਵਾਇਤਾਂ ਦਾ ਸੁਨੇਹਾ ਪਹੁੰਚਾ ਰਹੇ ਹਨ, ਪਰ ਅਸੀਂ ਉਨ੍ਹਾਂ ਨੂੰ ਇਹ ਬੇਨਤੀ ਜ਼ਰੂਰ ਕਰਾਂਗੇ ਕਿ ਉਹ ਸਿੱਖ ਧਰਮ ਬਾਰੇ ਇਹੋ ਜਿਹੇ ਸ਼ਬਦਾਂ ਦੀ ਵਰਤੋਂ ਨਾਲ ਕਰਨ, ਜਿਸ ਨਾਲ ਸਿੱਖ ਧਰਮ ਦੀਆਂ ਭਾਵਨਾਵਾਂ ਜ਼ਖ਼ਮੀ ਹੁੰਦੀਆਂ ਹੋਣ। ਲੋੜ ਇਸ ਗੱਲ ਦੀ ਹੈ ਕਿ ਅਸੀਂ ਰੱਲ ਕੇ ਚੱਲੀਏ, ਰੱਲ ਕੇ ਕਾਫ਼ਲਾ ਬਣਾਈਏ ਤੇ ਚੰਗੇ ਸਮਾਜ ਦੀ ਸਿਰਜਨਾ ਕਰੀਏ, ਜਿੱਥੇ ਬੁੱਧ, ਗੁਰਬਾਣੀ ਦੇ ਰਹਿਬਰ ਤੇ 20ਵੀਂ ਸਦੀ ‘ਚ ਬਾਬਾ ਸਾਹਿਬ ਅੰਬੇਡਕਰ ਖੜੇ ਸਨ, ਉੱਥੇ ਅੱਜ ਅਸੀਂ ਖੜੀਏ ਤੇ ਫਤਹਿ ਦਾ ਡੰਕਾ ਵਜਾਈਏ।
ਧੰਨਵਾਦ ਸਾਹਿਤ 2274 ਪੰਜਾਬ ਟਾਈਮਜ਼ ਯੂ. ਕੇ.30.07.09 ਪੰਨਾ 36 'ਚੋਂ
ਸਿੱਖ ਕੌਮ ਪ੍ਰਤੀ ਨਫਰਤ ਭਰੇ ਬੋਲ ਬੋਲਣ ਵਾਲੀ ਪ੍ਰਚਾਰਕਾ ਕਮਲੇਸ਼ ਅਹੀਰ ਨੇ ਮਾਫੀ ਮੰਗੀ - ਜੱਥੇਦਾਰ ਮੱਕੜ
ਪਾਇਲ, 22 ਅਗਸਤ (ਗੁਲਜ਼ਾਰ ਕਾਲੀਆਂ):- ਪਿਛਲੇ ਦਿਨੀਂ ਇਟਲੀ ਵਿਖੇ ਸਿੱਖ ਕੌਮ ਦੇ ਵਿਰੁੱਧ ਨਫ਼ਰਤ ਭਰੇ ਬੋਲ ਬੋਲਣ ਵਾਲੀ ਕਮਲੇਸ਼ ਅਹੀਰ ਨਾਂ ਦੀ ਪ੍ਰਚਾਰਕਾ ਨੇ ਸਿੱਖ ਕੌਮ ਪ੍ਰਤੀ ਬੋਲਣ ਤੇ ਮਾਫੀ ਮੰਗ ਲਈ ਹੈ ਇਨਾਂ ਗੱਲਾਂ ਦਾ ਪ੍ਰਗਟਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜੱਥੇਦਾਰ ਅਵਤਾਰ ਸਿੰਘ ਮੱਕੜ ਨੇ ਪਿੰਡ ਪੰਧੇਰ ਖੇੜੀ ਵਿਖੇ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਦਾ ਨੀਂਹ ਪੱਥਰ ਰੱਖਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਹੇ । ਜੱਥੇਦਾਰ ਮੱਕੜ ਨੇ ਅੱਗੇ ਕਿਹਾ ਕਿ ਸਿੱਖ ਕੌਮ ਦੀ ਆਪਣੀ ਹੋਂਦ ਹੈ ਤੇ ਇਹ ਅਜ਼ਾਦ ਧਰਮ ਹੈ ਕਿਸੇ ਵਿਚੋ ਆਉਣ ਜਾ ਨਾਆਉਣ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ । ਉਨ੍ਹਾਂ ਨੇ ਅੱਗੇ ਕਿਹਾ ਕਿ ਕਮਲੇਸ਼ ਅਹੀਰ ਨੇ ਇਸ ਗੱਲ ਤੇ ਮਾਫੀ ਵੀ ਮੰਗੀ ਹੈ । ਇਸ ਮੌਕੇ ਸ:ਰਘਵੀਰ ਸਿੰਘ ਸਹਾਰਨਮਾਜਰਾ ਮੈਂਬਰ ਐਸ.ਜੀ.ਪੀ.ਸੀ,ਸਰਪੰਚ ਗੁਰਜੀਤ ਸਿੰਘ ਪੰਧੇਰ ਖੇੜੀ , ਸਰਪੰਚ ਪ੍ਰਿਤਪਾਲ ਸਿੰਘ ਝੱਮਟ, ਸਰਪੰਚ ਗੁਰਜੀਤ ਸਿੰਘ ਲਹਿਰਾ ਆਦਿ ਵਿਸ਼ੇਸ਼ ਤੋਰ ਤੇ ਹਾਜ਼ਰ ਸਨ ।
'ਮਾਫ਼ੀ ਮੰਗੀ' ਖ਼ਬਰ ਲਾਉਣ ਦਾ ਧੰਨਵਾਦ। 'ਮਾਫ਼ੀ ਸਵੀਕਾਰ ਕਰ ਲਈ ਗਈ' ਦੀ ਖ਼ਬਰ ਕਦੋਂ ਲੱਗ ਰਹੀ ਹੈ? ਅਗਲੀ ਬਾਰ ਮੱਕੜ ਮਿਲੇ ਤਾਂ ਜ਼ਰੂਰ ਪੁੱਛਣਾ! - ਜਾਗਰੂਕ ਜੱਟ
ਬੀਬੀ ਅਹੀਰ ਦੀ ਮੁਆਫੀ ਮੰਗਣ 'ਤੇ ਪੰਥਕ ਜਥੇਬੰਦੀਆਂ ਵੱਲੋਂ ਤਸੱਲੀ
ਸਿੱਖ ਸੇਵਕ ਸੁਸਾਇਟੀ ਤੇ ਸਿੱਖ ਯੂਥ ਕੌਂਸਲ ਨੇ ਸਾਂਝੇ ਤੌਰ 'ਤੇ ਬੁਲਾਈ ਮੀਟਿੰਗ,
ਅਨੇਕਾਂ ਪੰਥਕ ਜਥੇਬੰਦੀਆਂ ਸ਼ਾਮਲ ਹੋਈਆਂ
ਜਲੰਧਰ-ਵਿਆਨਾ ਵਿਖੇ ਡੇਰਾ ਬੱਲਾਂ ਦੇ ਸੰਤਾਂ 'ਤੇ ਹੋਏ ਕਾਤਲਾਨਾ ਹਮਲੇ ਤੋਂ ਬਾਅਦ ਦਲਿਤਾਂ ਤੇ ਸਿੱਖਾਂ 'ਚ ਸਾਂਝ ਪੈਦਾ ਕਰਨ ਲਈ ਬੀਤੇ ਦਿਨੀਂ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਹਸਪਤਾਲ ਜਲੰਧਰ ਵਿਚ ਵੱਖ-ਵੱਖ ਸਿੱਖ ਜਥੇਬੰਦੀਆਂ ਤੇ ਪੰਥ ਦਰਦੀਆਂ ਦੀ ਮੀਟਿੰਗ ਹੋਈ। ਇਹ ਮੀਟਿੰਗ ਸਿੱਖ ਯੂਥ ਕੌਂਸਲ ਦੇ ਸਰਪ੍ਰਸਤ ਤਜਿੰਦਰ ਸਿੰਘ ਪ੍ਰਦੇਸੀ ਤੇ ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਦੇ ਸੂਬਾ ਪ੍ਰਧਾਨ ਜਥੇਦਾਰ ਪਰਮਿੰਦਰਪਾਲ ਸਿੰਘ ਖ਼ਾਲਸਾ ਨੇ ਬੁਲਾਈ। ਮੀਟਿੰਗ ਵਿਚ ਬੁਲਾਰਿਆਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਦਲਿਤ ਸਿੱਖ ਭਾਈਚਾਰੇ 'ਚ ਏਕਤਾ ਹੋਣੀ ਚਾਹੀਦੀ ਹੈ ਤੇ ਜਦੋਂ ਕੋਈ ਭੀੜ ਪਵੇ ਜਾਂ ਸੰਕਟ ਦੀ ਘੜੀ ਆਵੇ, ਸਾਰੇ ਇਕ ਪਲੇਟ ਫਾਰਮ 'ਤੇ ਇਕੱਠੇ ਹੋਣ। ਇਹ ਦੋਸ਼ ਲਗਾਇਆ ਕਿ ਪੰਜਾਬ ਵਿਚ ਧਰਮ ਦੇ ਨਾਂਅ 'ਤੇ ਦਲਿਤਾਂ ਤੇ ਸਿੱਖਾਂ ਨੂੰ ਲੜਾਉਣ ਤੇ ਵੰਡੀਆਂ ਪਾਉਣ ਦੇ ਪਿੱਛੇ ਕੁਝ ਬ੍ਰਾਹਮਣਵਾਦੀ ਤਾਕਤਾਂ ਕੰਮ ਕਰ ਰਹੀਆਂ ਹਨ।
ਉੱਘੇ ਚਿੰਤਕ ਪ੍ਰੋ. ਬਲਵਿੰਦਰਪਾਲ ਸਿੰਘ ਨੇ ਵਿੱਦਿਅਕ ਜਾਗ੍ਰਿਤੀ ਤੇ ਗਿਆਨ ਦੀ ਲਹਿਰ ਚਲਾਉਣ 'ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਪੰਜਾਬ ਦਾ ਯੂਥ ਨਸ਼ਿਆਂ ਅਤੇ ਠੱਗ ਟਰੈਵਲ ਏਜੰਟਾਂ ਦੇ ਜੰਜਾਲ 'ਚ ਫਸ ਕੇ ਆਪਣੀਆਂ ਜਾਨਾਂ ਨਾਲ ਖੇਲ ਰਿਹਾ ਹੈ। ਜਦ ਰੁਜ਼ਗਾਰ ਹੀ ਨਹੀਂ ਮਿਲ ਰਿਹਾ, ਵਿੱਦਿਅਕ ਸਹੂਲਤਾਂ ਹੀ ਨਹੀਂ ਤਾਂ ਇਹੋ ਜਿਹਾ ਵਾਤਾਵਰਣ ਪੱਸਰਨਾ ਯਕੀਨੀ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਨੂੰ ਇਸ ਮਾਮਲੇ 'ਤੇ ਪਹਿਲਕਦਮੀ ਕਰਨੀ ਚਾਹੀਦੀ ਹੈ। ਸਾਨੂੰ ਸਭ ਪੰਥਕ ਜਥੇਬੰਦੀਆਂ ਨੂੰ ਮਿਲ ਕੇ ਵਿੱਦਿਅਕ ਜਾਗ੍ਰਿਤੀ ਦਾ ਏਜੰਡਾ ਤੈਅ ਕਰਕੇ ਸ਼੍ਰੋਮਣੀ ਕਮੇਟੀ ਕੋਲ ਜਾਣਾ ਚਾਹੀਦਾ ਹੈ ਤੇ ਇਸ ਗੱਲ 'ਤੇ ਜ਼ੋਰ ਦੇਣਾ ਚਾਹੀਦਾ ਹੈ ਕਿ ਸ਼੍ਰੋਮਣੀ ਕਮੇਟੀ ਆਈ ਆਈ ਟੀ, ਆਈ ਏ ਐਸ, ਆਈ ਪੀ ਐਸ, ਪੀ ਸੀ ਐਸ ਅਤੇ ਅਫ਼ਸਰ ਕੈਡਰ ਦੀਆਂ ਪੋਸਟਾਂ ਦੇ ਮੁਕਾਬਲੇ ਦੀ ਤਿਆਰੀ ਲਈ ਅਕੈਡਮੀ ਖੋਲ੍ਹੇ ਤਾਂ ਜੋ ਸਿੱਖ ਪੰਥ ਨੂੰ ਪਰਨਾਏ ਅਫ਼ਸਰ ਪੈਦਾ ਕੀਤੇ ਜਾ ਸਕਣ, ਜਿਸ ਨਾਲ ਸਿੱਖੀ ਦਾ ਪ੍ਰਚਾਰ ਆਪਣੇ ਆਪ ਹੋ ਜਾਵੇ।
ਕਮਲੇਸ਼ ਅਹੀਰ ਵੱਲੋਂ ਪੰਥ ਵਿਰੁੱਧ ਵਿਵਾਦ ਪੈਦਾ ਕਰਨ 'ਤੇ ਉਨ੍ਹਾਂ ਦੱਸਿਆ ਕਿ ਦੋ ਹਫਤੇ ਪਹਿਲਾਂ ਇਸ ਬਾਰੇ ਉਨ੍ਹਾਂ ਨੇ ਇਸ ਦੇ ਪ੍ਰਤੀਕਰਮ ਵੱਜੋਂ ਜੁਆਬ ਦਿੱਤਾ ਗਿਆ ਸੀ। ਹੁਣ ਉਨ੍ਹਾਂ ਨੇ ਮੁਆਫ਼ੀ ਵੀ ਮੰਗ ਲਈ ਹੈ। ਇਸ ਲਈ ਇਹ ਮੁੱਦਾ ਹੁਣ ਨਾ ਛੇੜਿਆ ਜਾਵੇ। ਉਨ੍ਹਾਂ ਕਿਹਾ ਕਿ ਅਸੀਂ ਦਲਿਤਾਂ ਤੇ ਬੋਧੀ ਭਾਈਚਾਰੇ ਨੂੰ ਆਪਣੇ ਨੇੜੇ ਲਿਆਉਣਾ ਨਾ ਕਿ ਨਾ ਕਿ ਦੂਰ ਕਰਨਾ ਹੈ। ਜੇਕਰ ਅਸੀਂ ਉਸ ਦੇ ਮੁਆਫ਼ੀ ਮੰਗਣ ਤੋਂ ਬਾਅਦ ਜਲੂਸ ਜਲਸੇ ਕੱਢ ਕੇ ਆਪਣੀ ਹਊਮੈਂ ਦਾ ਪ੍ਰਗਟਾ ਕਰਾਂਗੇ ਤਾਂ ਇਹ ਗੁਰਮਤਿ ਵਿਰੋਧੀ ਗੱਲ ਹੋਵੇਗੀ, ਕਿਉਂਕਿ ਗੁਰਬਾਣੀ ਅਨੁਸਾਰ ਮਨੁੱਖ ਭੁੱਲਣਹਾਰ ਤੇ ਅਭੁੱਲ ਕਰਤਾਰ ਹੈ। ਉਨ੍ਹਾਂ ਕਿਹਾ ਮੁੱਖ ਮੰਤਰੀ ਪੰਜਾਬ ਸ. ਪ੍ਰਕਾਸ਼ ਸਿੰਘ ਬਾਦਲ ਆਪ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਬਰਾਬਰ ਕੁਰਸੀ ਡਾਹ ਕੇ ਬੈਠੇ ਰਹੇ, ਉਸ ਬਾਰੇ ਸਿੱਖ ਜਥੇਬੰਦੀਆਂ ਚੁੱਪ ਕਿਉਂ ਹਨ। ਜਦ ਬੀਬੀ ਅਹੀਰ ਨੇ ਮੁਆਫ਼ੀ ਮੰਗ ਲਈ ਤਾਂ ਅਸੀਂ ਬੇਵਜ੍ਹਾ ਇਹ ਮਸਲਾ ਕਿਉਂ ਉਲਝਾ ਰਹੇ ਹਾਂ? ਸਿੱਖ ਪੰਥਕ ਜਥੇਬੰਦੀਆਂ ਨੇ ਵੀ ਬੀਬੀ ਅਹੀਰ ਦੀ ਮੁਆਫ਼ੀ ਲਈ ਤਸੱਲੀ ਪ੍ਰਗਟਾਈ।
ਮੋਹਨ ਸਿੰਘ ਸਹਿਗਲ, ਯੂਥ ਨੇਤਾ ਸ: ਪਰਮਿੰਦਰਪਾਲ ਸਿੰਘ ਖਾਲਸਾ ਨੇ ਪ੍ਰੋ. ਬਲਵਿੰਦਰਪਾਲ ਸਿੰਘ ਦੇ ਵਿਚਾਰਾਂ ਦੀ ਪ੍ਰੋੜ੍ਹਤਾ ਕਰਦਿਆਂ ਸਿੱਖ ਵਿੱਦਿਅਕ ਏਜੰਡੇ 'ਤੇ ਜ਼ੋਰ ਦਿੱਤਾ ਅਤੇ ਪੰਥ 'ਚ ਏਕਤਾ ਉੱਕਦ ਬਲ ਦਿੱਤਾ। ਉਨ੍ਹਾਂ ਕਿਹਾ ਕਿ ਜਦੋਂ ਤੱਕ ਪੰਜਾਬ ਵਾਸੀ ਮਤਲਬੀ ਰਾਜਨੀਤਕਾਂ ਦੇ ਝਾਂਸੇ ਵਿੱਚੋਂ ਲਾਂਭੇ ਹੋ ਕੇ ਰਹਿਣਗੇ, ਤਾਂ ਪੰਜਾਬ ਵਿੱਚ ਆਪਸੀ ਭਾਈਚਾਰਕ ਸਾਂਝ ਮਜ਼ਬੂਤ ਹੋਵੇਗੀ। ਉਨ੍ਹਾਂ ਕਿਹਾ ਕਿ ਪਹਿਲਾਂ ਇਨ੍ਹਾਂ ਸਿਆਸੀ ਵਿਅਕਤੀਆਂ ਦੀ ਖ਼ਾਤਰ ਪੰਜਾਬ ਨੇ ਸੰਤਾਪ ਭੋਗਿਆ ਸੀ। ਇਸ ਮੌਕੇ ਮੋਹਨ ਸਿੰਘ, ਜਗਮੋਹਨ ਸਿੰਘ, ਸ: ਅਮਰਜੀਤ ਸਿੰਘ ਤੇ ਜਸਵਿੰਦਰ ਸਿੰਘ ਨੇ ਵੀ ਸੰਬੋਧਨ ਕੀਤਾ। ਰਣਜੀਤ ਸਿੰਘ ਗੋਲਡੀ, ਮਹਿੰਦਰ ਸਿੰਘ ਚਮਕ, ਮੋਹਨ ਸਿੰਘ ਨਿੱਧੜਕ, ਹਰਪ੍ਰੀਤ ਸਿੰਘ, ਰਮਿੰਦਰਪਾਲ ਸਿੰਘ ਤੇ ਚਰਨਪ੍ਰੀਤ ਸਿੰਘ ਵੀ ਹਾਜ਼ਰ ਸਨ। ਸਟੇਜ ਸਕੱਤਰ ਦੀ ਸੇਵਾ ਦਿਲਬਾਗ ਸਿੰਘ ਨੇ ਕੀਤੀ। ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਗਈ ਕਿ ਉਹ ਆਪਸੀ ਭਾਈਚਾਰਾ ਬਣਾਈ ਰੱਖਣ ਅਤੇ ਧਰਮ ਦੇ ਨਾਂਅ 'ਤੇ ਰਾਜਨੀਤੀ ਕਰਨ ਵਾਲਿਆਂ ਤੋਂ ਸੁਚੇਤ ਰਹਿਣ। ਦਲਿਤ ਭਾਈਚਾਰੇ ਨੂੰ ਅਪੀਲ ਕੀਤੀ ਗਈ ਕਿ ਉਹ ਗੁਰੂ ਗ੍ਰੰਥ ਸਾਹਿਬ ਜੀ ਦੇ ਵਿਚੋਂ ਗੁਰੂ ਰਵਿਦਾਸ ਜੀ ਦੀ ਬਾਣੀ ਵੱਖਰੀ ਕਰਨ ਦੀ ਭੁੱਲ ਨਾ ਕਰਨ, ਕਿਉਂਕਿ ਗੁਰੂ ਰਵਿਦਾਸ ਨੂੰ ਗੁਰੂਆਂ ਨਾਲੋਂ ਨਹੀਂ ਤੋੜਿਆ ਜਾ ਸਕਦਾ।
ਧੰਨਵਾਦ ਸਾਹਿਤ ਇੰਟਰਨੈਸ਼ਨਲ ਅੰਬੇਡਕਰ ਲਹਿਰ, 22 ਅਗਸਤ 2009 ਪੰਨਾ 8 ‘ਚੋ
ਕਮਲ ਅਹੀਰ ਦੇ ਮਾਮਲੇ ‘ਤੇ ਅਕਾਲ ਤਖ਼ਤ ਦੇ ਜੱਥੇਦਾਰ ਨੂੰ ਮਿਲਾਂਗੇ - ਖਾਲਸਾ
ਜਲੰਧਰ - ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਨੇ ਕਿਹਾ ਹੈ ਕਿ ਬੀਬੀ ਕਮਲੇਸ਼ ਅਹੀਰ ਵੱਲੋਂ ਦਿੱਤੇ ਉਨ੍ਹਾਂ ਦੇ ਇੰਟਰਨੈਟ ‘ਤੇ ਚੱਲ ਰਹੇ ਭਾਸ਼ਣਾਂ ਬਾਰੇ ਬੀਬੀ ਕਮਲੇਸ਼ ਅਹੀਰ ਨੇ ਮੁਆਫ਼ੀ ਮੰਗ ਲਈ ਹੋਈ ਹੈ ਇਸ ਲਈ ਸਿੱਖਾਂ ਨੂੰ ਸਿੱਖਾਂ ਅਤੇ ਦਲਿਤਾਂ ਵਿਚ ਪਾੜਾ ਪਾਉਣ ਵਾਲੀਆਂ ਏਜੰਸੀਆਂ ਅਤੇ ਅਨਸਰਾਂ ਤੋਂ ਸੁਚੇਤ ਹੋਣ ਦੀ ਲੋੜ ਹੈ। ਅੱਜ ਇੱਥੇ ਇਕ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਸੁਸਾਇਟੀ ਦੀ ਪੰਜਾਬ ਇਕਾਈ ਦੇ ਪ੍ਰਧਾਨ ਜ: ਪਰਮਿੰਦਰ ਪਾਲ ਸਿੰਘ ਖਾਲਸਾ, ਸੀ: ਮੀਤ ਪ੍ਰਧਾਨ ਸ: ਸੁਰਿੰਦਰ ਪਾਲ ਸਿੰਘ ਗੋਲਡੀ, ਸਕੱਤਰ ਜਨਰਲ ਪ੍ਰੋ: ਬਲਵਿੰਦਰ ਪਾਲ ਸਿੰਘ, ਕਮਲਚਰਨਜੀਤ ਸਿੰਘ ਹੈਪੀ, ਰਣਜੀਤ ਸਿੰਘ ਗੋਲਡੀ ਅਤੇ ਸ: ਜੋਗਿੰਦਰ ਸਿੰਘ ਗੁਲਾਟੀ ਆਦਿ ਨੇ ਕਿਹਾ ਕਿ ਬੀਬੀ ਕਮਲੇਸ਼ ਆਹੀਰ ਵੱਲੋਂ ਆਪਣੇ ਭਾਸ਼ਣ ਵਿਚ ਕ੍ਰਿਪਾਨ ਅਤੇ ਸਿੱਖ ਇਤਿਹਾਸ ਵਿਰੁੱਧ ਕੀਤੀਆਂ ਗੱਲਾਂ ਬਾਰੇ ਉਨਾਂ ਵੱਲੋਂ ਮੰਗੀ ਮੁਆਫ਼ੀ ਅਤੇ ਦਿੱਤੇ ਸਪੱਸ਼ਟੀਕਰਨ ਨੂੰ ਉਨ੍ਹਾਂ ਦੀ ਸੁਸਾਇਟੀ ਵੱਲੋਂ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਨੂੰ ਸੌਂਪਿਆ ਜਾ ਰਿਹਾ ਹੈ।
ਸ: ਖਾਲਸਾ ਨੇ ਕਿਹਾ ਕਿ ਫ਼ਗਵਾੜਾ ਵਿਚ ਇਸ ਮੁੱਦੇ ‘ਤੇ ਬੰਦ ਕਰਨ ਤੇ ਕੁਝ ਜਥੇਬੰਦੀਆਂ ਵੱਲੋਂ ਇਸ ਵਿਰੁੱਧ ਮੰਗ ਪੱਤਰ ਦੇਣ ਲੱਗਿਆਂ ਸ਼ਿਵ ਸੈਨਾ ਆਗੂਆਂ ਨੂੰ ਨਾਲ ਲਿਜਾਣ ਬਾਰੇ ਮੁੜ ਸੋਚਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਅਮਨ ਸ਼ਾਂਤੀ ਬਣਾਈ ਰੱਖਣ ਲਈ ਇਹ ਜ਼ਰੂਰੀ ਹੈ। ਮੀਟਿੰਗ ਵਿਚ ਸ: ਸਿਮਰਜੋਤ ਸਿੰਘ ਸ਼ੈਰੀ, ਸ: ਸੰਦੀਪ ਸਿੰਘ ਚਾਵਲਾ, ਸ: ਅਰਵਿੰਦਰਜੀਤ ਸ਼ਿ ਚੱਢਾ, ਸ: ਸਿਮਰਜੀਤ ਸਿੰਘ ਡਬਲ ਏ, ਸ: ਗਗਨਦੀਪ ਸਿੰਘ ਚੌਧਰੀ, ਸ: ਸਰਬਜੋਤ ਸਿੰਘ ਸਹਿਗਲ, ਸ: ਸੁਰਿੰਦਰ ਪਾਲ ਸਿੰਘ, ਸ: ਪ੍ਰਿਤਪਾਲ ਸਿੰਘ, ਸ: ਸੁਰਜੀਤ ਸਿੰਘ ਬਤਰਾ, ਸ: ਪ੍ਰੀਤ ਕਮਲ ਸਿਘ, ਡਾ: ਗੁਰਚਰਨ ਸਿੰਘ ਭੰਵਰਾ, ਸ: ਬਲਵਿੰਦਰ ਸਿੰਘ ਰਾਜੂ, ਸ: ਅੰਮ੍ਰਿਤਪਾਲ ਸਿੰਘ, ਸ: ਸੁਰਿੰਦਰ ਸਿੰਘ ਅਤੇ ਸ: ਰਜਿੰਦਰ ਸਿੰਘ ਆਦਿ ਹਾਜ਼ਰ ਸਨ।
ਪੰਜਾਬੀ ਇੰਟਰਨੈੱਟ ਅਖ਼ਬਾਰ ਵਿਚੋਂ
ਅੰਬੇਡਕਰੀ ਸੰਸਥਾਵਾਂ ਵੱਲੋਂ ਭੈਣ ਅਹੀਰ ਦਾ ਸਦਾ ਸਾਥ ਦੇਣ ਦਾ ਵਾਅਦਾ
ਨਿਊਯਾਰਕ - ਦੋ ਅਗਸਤ ਦਿਨ ਐਤਵਾਰ ਨੂੰ ਵੱਖਰੀਆਂ-ਵੱਖਰੀਆਂ ਅੰਬੇਡਕਰੀ ਸੰਸਥਾਵਾਂ ਦੀ ਇੱਕ ਸਾਂਝੀ ਮੀਟਿੰਗ ਕੀਤੀ ਗਈ, ਜਿਸ ਵਿੱਚ ਇੰਟਰਨੈਸ਼ਨਲ ਅੰਬੇਡਕਰ ਮਿਸ਼ਨ, ਇੰਟਰਨੈਸ਼ਨਲ ਬਹੁਜਨ ਆਰਗੇਨਾਈਜ਼ੇਸ਼ਨ, ਦਲਿਤੋ ਜਾਗੋ ਇੰਕ ਅਤੇ ਇੰਟਰਨੈਸ਼ਨਲ ਰਵਿਦਾਸ ਮਿਸ਼ਨ ਦੇ ਨੁਮਾਇੰਦਿਆਂ ਨੇ ਭਾਗ ਲਿਆ। ਸਭ ਤੋਂ ਪਹਿਲਾਂ ਜੋ ਭਾਣਾ ਆਸਟਰੀਆ ਦੇ ਸ਼ਹਿਰ ਵਿਆਨਾ ‘ਚ ਵਾਪਰਿਆ, ਉਸ ਉੱਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਅਤੇ ਇੱਕ ਮਿੰਟ ਵਾਸਤੇ ਮੌਨ ਧਾਰਿਆ ਗਿਆ। ਸਭਨਾਂ ਨੇ ਸਾਰੀਆਂ ਸੰਸਥਾਵਾਂ ਨੂੰ ਇਕੱਠੇ ਹੋਣ ਦੀ ਵਧਾਈ ਦਿੱਤੀ। ਫਿਰ ਥੋੜ੍ਹੀਆਂ ਵਿਚਾਰਾਂ ਤੋ ਬਾਅਦ ਮੀਟਿੰਗ ਦੇ ਮੁੱਖ ਏਜੰਡੇ ਉੱਤੇ ਆਇਆ ਗਿਆ।
ਸਾਰਿਆਂ ਦੀ ਮੀਟਿੰਗ ਦਾ ਮੁੱਖ ਏਜੰਡਾ ਭੈਣ ਕਮਲੇਸ਼ ਅਹੀਰ ਦੁਆਰਾ ਡੇਢ ਸਾਲ ਪਹਿਲਾਂ ਬਾਬਾ ਸਾਹਿਬ ਡਾ. ਬੀ ਆਰ ਅੰਬੇਡਕਰ ਜੀ ਦੇ ਜਨਮ ਦਿਵਸ ਉੱਕਦ ਇਟਲੀ ਵਿੱਚ ਕੀਤੀ ਹੋਈ ਸਪੀਚ ਉੱਕਦ ਸੀ। ਸਭ ਤੋਂ ਪਹਿਲੇ ਗੇੜ ਵਿੱਚ ਵੱਖਰੇ-ਵੱਖਰੇ ਥਾਵਾਂ ਤੋਂ ਆਏ ਅੰਬੇਡਕਰੀਆਂ ਨੇ ਇਸ ਗੱਲ ਉੱਤੇ ਵਿਚਾਰ ਕੀਤੀ ਕਿ ਭੈਣ ਕਮਲੇਸ਼ ਅਹੀਰ ਜੀ ਨੂੰ ਡੇਢ ਸਾਲ ਬਾਅਦ ਕਿਉਂ ਉਛਾਲਿਆ ਗਿਆ ਹੈ। ਫਿਲਾਡਲਫੀਆ ਤੋਂ ਆਏ ਇੱਕ ਅੰਬੇਡਕਰੀ ਨੇ ਦੱਸਿਆ ਕਿ ਇਹ ਇੱਕ ਸ਼ੈਤਾਨੀ ਦਿਮਾਗ਼ ਦੀ ਕਾਢ ਹੈ ਜੋ ਕਿ ਗਰੀਸ ਤੋਂ ਇੱਕ ਡੁਪਲੀਕੇਟ ਆਈ ਡੀ ਬਣਾ ਕੇ ਇੰਟਰਨੈੱਟ ਉੱਤੇ ਪਾਈ ਗਈ ਹੈ। ਉਸ ਦਾ ਪਤਾ ਵੀ ਲੱਗ ਚੁੱਕਾ ਹੈ। ਆਸ ਹੈ ਕਿ ਉਸ ਨੂੰ ਜਲਦੀ ਹੀ ਪੁਲੀਸ ਦੇ ਹਵਾਲੇ ਕਰ ਦਿੱਤਾ ਜਾਵੇਗਾ।
ਇੱਕ ਪਾਸੇ ਸੰਤ ਰਾਮਾਨੰਦ ਜੀ ਦੇ ਸ਼ਹੀਦ ਹੋਣ ਉੱਤੇ ਹਾਲੇ ਅੱਗ ਵੀ ਠੰਡੀ ਨਹੀਂ ਸੀ ਹੋਈ ਕਿ ਉਸ ਨੇ ਫਿਰ ਦੰਗੇ ਭੜਕਾਉਣ ਦੀ ਸਾਜ਼ਿਸ਼ ਰਚ ਦਿੱਤੀ। ਸਾਰਿਆਂ ਮੈਂਬਰਾਂ ਨੇ ਪਹਿਲਾਂ ਭੈਣ ਕਮਲੇਸ਼ ਦੁਆਰਾ ਕੀਤੀ ਹੋਈ ਸਪੀਚ ਨੂੰ ਧਿਆਨ ਨਾਲ ਸੁਣਿਆ ਫਿਰ ਜੋ ਉਸ ਦੇ ਵਿਰੋਧ ਵਿੱਚ ਟਿੱਪਣੀਆਂ ਕੀਤੀਆਂ ਹੋਈਆਂ ਸਨ, ਉਨ੍ਹਾਂ ਨੂੰ ਚੰਗੀ ਤਰ੍ਹਾਂ ਸੁਣਿਆ ਫਿਰ ਜੋ ਉਸ ਦੇ ਵਿਰੋਧ ਵਿੱਚ ਟਿੱਪਣੀਆਂ ਕੀਤੀਆਂ ਹੋਈਆਂ ਸਨ। ਉਨ੍ਹਾਂ ਨੂੰ ਚੰਗੀ ਤਰ੍ਹਾਂ ਸੁਣਿਆ ਤੇ ਫਿਰ ਜੋ ਟੋਰਾਂਟੋ ਤੋਂ ਰੇਡੀਓ ਉੱਤੇ ਇਸ ਵਿਸ਼ੇ ਉੱਪਰ ਹੀ ਟਾਕ ਸ਼ੋਅ ਕੀਤਾ ਗਿਆ, ਉਸ ਨੂੰ ਧਿਆਨ ਨਾਲ ਸੁਣਿਆ। ਭੈਣ ਕਮਲੇਸ਼ ਅਹੀਰ ਦੁਆਰਾ ਕੀਤੀ ਹੋਈ ਸਪੀਚ ਦਾ ਸਿੱਟਾ ਤਾਂ ਸਿਰਫ਼ ਭਾਰਤ ਅੰਦਰ ਬਰਾਬਰਤਾ ਲਿਆਉਣਾ ਅਤੇ ਗੁਰੂਆਂ ਦੁਆਰਾ ਦਿੱਤੀਆਂ ਸਿੱਖਿਆਵਾਂ ਨੂੰ ਲੋਕਾਂ ਵਿੱਚ ਪ੍ਰਚਾਰਨਾ ਹੈ। ਭਾਵੇਂ ਸਿੱਖਿਆ ਤਥਾਗਤ ਬੁੱਧ ਦੁਆਰਾ ਸਮਾਜ ਨੂੰ ਦਿੱਤੀ ਹੋਵੇ ਜਾਂ ਦਸਮ ਪਾਤਸ਼ਾਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ।
ਧੰਨਵਾਦ ਸਾਹਿਤ ਇੰਟਰਨੈਸ਼ਨਲ ਅੰਬੇਡਕਰ ਲਹਿਰ, 22 ਅਗਸਤ 2009 ਪੰਨਾ 9 ‘ਚੋ
... ਅੱਗੇ ਪੜ੍ਹੋ