ਆਖਿਰ ਕਿਉਂ ਤੇ ਕਦੋਂ ਤੱਕ - ਡਾ. ਜਸਬੀਰ ਕੌਰ

ਸੁਣਿਆਂ ਹੈ, ਕਿ ਧਰਤੀ ਤੇ ਵਸਦੇ ਸਾਰੇ ਜੀਵਾਂ ਵਿਚੋਂ ਇਨਸਾਨ ਇਕ ਐਸਾ ਜੀਵ ਹੈ ਜਿਸ ਕੋਲ ਦਿਮਾਗ ਹੈ , ਸੋਚਣ ਸ਼ਕਤੀ ਹੈ! ਪਰ ਕਈ ਵਾਰੀ ਲੱਗਦਾ ਹੈ ਕਿ ਨਹੀਂ ਇਨਸਾਨ ਅਤੇ ਜਾਨਵਰ ਵਿਚ ਕੋਈ ਫਰਕ ਨਹੀਂ ਹੈ! ਮੈਂ ਇਹ ਨਹੀਂ ਕਹਿ ਰਹੀ ਕੀ ਇਨਸਾਨ ਜਾਨਵਰ ਹੈ, ਪਰ ਕਈ ਵਾਰੀ ਇਨਸਾਨ ਹੀ ਐਸੇ ਕੰਮ ਕਰਦਾ ਹੈ , ਜੋ ਇਹ ਸੋਚਣ ਤੇ ਮਜ਼ਬੂਰ ਕਰ ਦਿੰਦੇ ਹਨ ਕਿ ਇਨਸਾਨ ਦੀ ਇਨਸਾਨੀਅਤ ਕਿਥੇ ਚਲੀ ਗਈ!

ਇੰਨ੍ਹੀ ਦਿਨੀ ਪੰਜਾਬ ਸੜ ਰਿਹਾ ਹੈ ਤੇ ਪੰਜਾਬ ਨੂੰ ਸਾੜਣ ਵਾਲੇ ਇਨਸਾਨ ਬੜੇ ਖੁਸ਼ ਹਨ ਕਿ ਅਸੀਂ ਬਹੁਤ ਮਹਾਨ ਕੰਮ ਕਰ ਰਹੇ ਹਾਂ!
ਪੰਜਾਬ ਵਿਚ ਮਾਹੌਲ ਖਰਾਬ ਹੌਣ ਦਾ ਕਾਰਣ ਵਿਆਨਾ ਦੇ ਆਸਟਰੀਆ ਵਿਚ ਦੋ ਸਿੱਖ ਸਮੂਹਾਂ ਵਿਚਕਾਰ ਹੋਏ ਖੂਨਖਰਾਬੇ ਦੀ ਘਟਨਾ ਜਿਸ ਵਿਚ ਇਕ ਧਰਮ ਗੂਰੁ ਦੀ ਮੌਤ ਹੋ ਗਈ! ਘਟਨਾ ਕਿਸੇ ਦੂਜੇ ਦੇਸ਼ ਵਿਚ ਵਾਪਰੀ ਤੇ ਖੁਨ ਖਰਾਬਾ ਪੰਜਾਬ ਵਿਚ ਹੋ ਰਿਹਾ ਹੈ! ਲੋਕ ਬੱਸਾਂ ਫੂਕ ਰਹੇ ਹਨ, ਰੇਲਗੱਡੀਆਂ ਸਾੜ ਰਹੇ ਹਨ, ਦੁਕਾਨਾਂ ਨੂੰ ਅੱਗ ਲਾ ਰਹੇ ਹਨ।

ਆਖਿਰ ਕਿਉਂ ?

ਕਿਉਂ ਨਹੀ ਲੋਕ ਇਹ ਸੋਚਦੇ ਕੀ ਜਾਣੇ ਅਣਜਾਣੇ ਉਹ ਆਪਣਾ ਘਰ ਸਾੜ ਕੇ ਤਮਾਸ਼ਾ ਬਣਾ ਰਹੇ ਹਨ! ਆਖਿਰ ਸਰਕਾਰੀ ਮਸ਼ੀਨਰੀ, ਬੱਸਾਂ ,ਰੇਲਾਂ ਸਾੜ ਕੇ ਕੀ ਹਾਸਿਲ ਕਰਣਾ ਚਾਹੂੰਦੇ ਨੇ ਇਹ ਲੋਕ? ਇਹਨਾਂ ਨੂੰ ਇਨ੍ਹੀ ਸੁਰਤ ਨਹੀਂ ਕੀ ਕਿ ਇਹ ਸਭ ਪਬਲਿਕ ਪ੍ਰਾਪਰਟੀ ਹੈ ਜਿਸ ਨੂੰ ਇਹ ਤਬਾਹ ਕਰ ਕੇ ਜੰਗ ਜਿੱਤਨੀ ਸਮਝ ਰਹੇ ਹਨ! ਇਹ ਇਹਨਾਂ ਦੇ ਆਪਣੇ ਘਰ ਦਾ ਨੁਕਸਾਨ ਹੈ! ਕਿਉਂ ਲੋਕ ਇਹ ਭੁਲ ਜਾਂਦੇ ਹਨ ਕਿ ਉਹਨਾਂ ਦੇ ਖੂਨ ਪਸੀਨੇ ਦੀ ਕਮਾਈ ਦਾ ਕੁਝ ਹਿੱਸਾ ਜੋ ਟੈਕਸ ਦੇ ਰੂਪ ਵਿਚ ਸਰਕਾਰ ਕੋਲ ਜਾਂਦਾ ਹੈ ਸਰਕਾਰ ਜਨਤਾ ਦੀ ਸਹੂਲੀਅਤ ਲਈ ਹੀ ਇਹ ਪੈਸਾ ਇਸਤੇਮਾਲ ਕਰਦੀ ਹੈ ਇਹਨਾਂ ਸਹੂਲੀਅਤਾਂ ਵਿਚ ਰੇਲਾਂ , ਬੱਸਾਂ, ਸਰਕਾਰੀ ਮਸ਼ੀਨਰੀ ਸ਼ਾਮਿਲ ਹੈ! ਇਸ ਸਭ ਦੇ ਨੁਕਸਾਨ ਨਾਲ ਸਰਕਾਰ ਨੂੰ ਕੋਈ ਫਰਕ ਨਹੀਂ ਪੈਣਾ ਇਹੋ ਜਿਹੀਆਂ ਹੋਛੀਆਂ ਹਰਕਤਾਂ ਕਰ ਕੇ ਲੋਕ ਆਪਣਾ ਹੀ ਨੁਕਸਾਨ ਕਰ ਰਹੇ ਹੂੰਦੇ ਹਨ!

ਆਖਿਰ ਕਿਉਂ ਨਹੀਂ ਸਮਝਦੇ ਲੋਕ ?

ਆਪਣੇ ਘਰ ਵਿਚ ਛੋਟੀ ਜਿਹੀ ਚੀਜ ਖਰਾਬ ਹੋ ਜਾਏ ਜਾਂ ਟੁੱਟ ਜਾਏ ਤਾਂ ਮਣਾਂ ਮੂੰਹੀਂ ਅਫਸੋਸ ਹੂੰਦਾ ਹੈ ਤੇ ਜੇ ਅਸੀਂ ਆਪ ਘਰ ਤੋਂ ਬਾਹਰ ਜਾ ਕੇ ਤੋੜ ਫੋੜ ਕਰਦੇ ਹਾਂ ਉਸ ਦਾ ਕੋਈ ਅਫਸੋਸ ਨਹੀਂ ਕਿਉਂਕਿ ਉਹ ਸਰਕਾਰੀ ਹੈ!
“ਸ਼ਾਬਾਸ਼ ਮੇਰੇ ਪੰਜਾਬ ਦੀ ਜਨਤਾ”
ਉਸ ਵੇਲੇ ਇਹ ਜਨਤਾ ਖਾਮੋਸ਼ ਕਿਉਂ ਹੂੰਦੀ ਹੈ ਜਦੋਂ ਇਸ ਜਨਤਾ ਵਿਚੋਂ ਹੀ ਲੋਕ ਉੱਠ ਕੇ ਕੁਕਰਮ ਕਰਦੇ ਹਨ ਕਦੀ ਕਿਸੇ ਵਿਦੇਸ਼ ਤੋਂ ਆਈ ਨਾਰੀ ਦਾ ਕਦੇ ਆਪਣੀ ਧੀ ਭੇਣ ਦਾ ਉਸ ਵੇਲੇ ਕਿਉਂ ਬਾਂਗਾਂ ਮਾਰਨ ਵਾਲੇ ਇਹ ਮਹਾਨ ਲੋਕ ਅੰਦਰੀਂ ਦੜ ਵੱਟ ਕੇ ਬਹਿ ਜਾਂਦੇ ਨੇ?? ਉਸ ਵੇਲੇ ਇਹਨਾਂ ਦਾ ਜ਼ਮੀਰ ਕਿਉਂ ਨਹੀਂ ਜਾਗਦਾ?
ਵਿਆਨਾ ਵਿਚ ਇਸ ਘਟਨਾ ਨੂੰ ਦੋ ਦਿਨ ਬੀਤ ਗਏ ਨੇ ਪਰ ਉੱਥੇ ਰਹਿਣ ਵਾਲੇ ਸਿੱਖਾਂ ਵਲੋਂ ਕੋਈ ਪ੍ਰਤੀਕਿਰਿਆ ਨਹੀਂ ਹੋਈ ਜਦੋਂ ਕਿ ਉੱਥੇ ਕੋਈ 30,000 ਸਿੱਖ ਪਰਿਵਾਰ ਰਹਿੰਦੇ ਨੇ! ਇਹ ਲੋਕ ਸਰਕਾਰ ਤੋਂ ਇਹ ਆਸ ਰੱਖਦੇ ਨੇ ਕਿ ਸਰਕਾਰ ਮਿੰਟਾਂ ਸਕਿੰਟਾਂ ਵਿਚ ਹੀ ਮਾਮਲੇ ਦਾ ਨਿਪਟਾਰਾ ਕਰੇ! ਮੈਂ ਆਪ ਸਭ ਨੂੰ ਪੁਛਦੀ ਹਾਂ ਕਿ ਆਪਣੇ ਘਰਾਂ ਦੇ ਮਾਮਲੇ ਕਦੀ ਇਨ੍ਹੀ ਛੇਤੀ ਮੁੱਕੇ ਨੇ? ਇਹ ਤੇ ਫਿਰ ਦੋ ਦੇਸ਼ਾਂ ਵਿਚਕਾਰ ਦਾ ਮਾਮਲਾ ਹੈ! ਦੋ ਦੇਸ਼ਾਂ ਦਾ ਮਾਮਲਾ ਵੀ ਤਾਂ ਹੂੰਦਾ ਜੇ ਉਥੋ ਦੇ ਲੋਕਾਂ ਨੇ ਸਿਖਾਂ ਤੇ ਹਮਲਾ ਕੀਤਾ ਹੂੰਦਾ ਇਹ ਤੇ ਮਸਲਾ ਹੀ ਆਪਸੀ ਲੜਾਈ ਦਾ ਹੈ ਉਥੋਂ ਦੇ ਸਿੱਖ ਹੀ ਆਪਸ ਵਿਚ ਲੜ ਮਰ ਰਹੇ ਹਨ ਕੋਈ ਬਾਹਰ ਦਾ ਉਹਨਾਂ ਨੂੰ ਨਹੀਂ ਮਾਰ ਰਿਹਾ! ਰੋਸ ਜਾਹਿਰ ਕਰਨ ਦੇ ਹੋਰ ਬਹੁਤ ਤਰੀਕੇ ਹੂੰਦੇ ਨੇ, ਇਸ ਤਰ੍ਹਾਂ ਆਪਣੇ ਘਰ ਦਾ ਮਾਹੌਲ ਖਰਾਬ ਕਰ ਕੇ ਅਸੀਂ ਆਪਣੇ ਘਰ ਦਾ ਤਮਾਸ਼ਾ ਤੇ ਬਣਾ ਹੀ ਰਹੇ ਹਾਂ ਬਾਵਜ਼ੂਦ ਇਸ ਦੇ ਅਸੀਂ ਫਿਰ ਕਿਸ ਤੋਂ ਆਸ ਰੱਖਦੇ ਹਾਂ ? ਨੁਕਸਾਨ ਕਰਨ ਲੱਗੇ ਅਸੀਂ ਇਕ ਵਾਰੀ ਨਹੀਂ ਸੋਚਦੇ ਕਿ ਅਸੀਂ ਆਪਣਾ ਘਰ ਬਰਬਾਦ ਕਰ ਰਹੇ ਹਾਂ ਅੱਗਾਂ ਲਾ ਕੇ ਕੀ ਸਥਿਤੀ ਸੁਦਰ ਜਾਏਗੀ ? ਜਨਤਾ ਨੇ ਪਬਲਿਕ ਪ੍ਰਾਪਰਟੀ ਦਾ ਨੁਕਸਾਨ ਕਰ ਕੇ ਘਰ ਬਹਿ ਜਾਣਾ ਹੈ ਤੇ ਸਰਕਾਰ ਨੂੰ ਕੀ ਸਜ਼ਾ ਹੈ? ਉਹ ਫਿਰ ਜਨਤਾ ਦੀ ਹੀ ਸਹੁਲਿਅਤ ਲਈ ਨੁਕਸਾਨ ਦੀ ਭਰਪਾਈ ਕਰੇਗੀ! ਇਹੀ ਬੇਗੈਰਤ ਜਨਤਾ ਰੇਲ ਜਾਂ ਬੱਸ ਦੀ ਸਹੁਲੀਅਤ ਨਾ ਮਿਲਨ ਤੇ ਫਿਰ ਬਿਨਾਂ ਸੋਚੇ ਬਵਾਲ ਖੜਾ ਕਰੇਗੀ! ਫਿਰ ਤੋੜ ਫੋੜ ਕਰਫਿਉ , ਫਿਰ ਨਿਰਦੋਸ਼ਾਂ ਦੀ ਮੌਤ ਦੀ ਖੇਡ ! ਇਹ ਕੇਵਲ ਇਕ ਘਟਨਾਂ ਹੈ, ਇਸ ਤੋਂ ਪਹਿਲਾਂ ਵੀ ਦੰਗੇ ਹੂੰਦੇ ਰਹੇ ਹਨ ਤੇ ਸ਼ਿਕਾਰ ਹੂੰਦੀ ਹੈ ਵਿਚਾਰੀ ਜਨਤਾ ਦੀ ਆਪਣੀ ਜਾਇਦਾਦ,ਜਿਸ ਨੂੰ ਸਾੜ ਫੂਕ ਕੇ ਮੇਰੇ ਦੇਸ਼ ਦੀ ਜਨਤਾ ਆਨੰਦ ਮਾਣਦੀ ਹੈ! ਕਹਿੰਦੇ ਨੇ ਕਿ ਆਪਣੇ ਘਰ ਦੇ ਜਾਨਵਰ ਨਾਲ ਵੀ ਪਿਆਰ ਹੋ ਜਾਂਦਾ ਹੈ ਘਰ ਦੀ ਹਰ ਇੱਟ ਜੋ ਹੱਥੀਂ ਲਾਈ ਹੂੰਦੀ ਹੈ ਉਸ ਨਾਲ ਮੋਹ ਹੂੰਦਾ ਹੈ ਫਿਰ ਕਿਉਂ ਫਰਕ ਆ ਜਾਂਦਾ ਹੈ ਘਰ ਤੇ ਦੇਸ਼ ਵਿਚਕਾਰ ਕਿਉਂ ਫਰਕ ਆ ਜਾਂਦਾ ਹੈ ਆਪਣੇ ਤੇ ਸਰਕਾਰੀ ਵਿਚਕਾਰ ?
ਆਖਿਰ ਕਿਉਂ ! ਆਖਿਰ ਕਿਉਂ !! ਆਖਿਰ ਕਿਉਂ !!!