ਲੱਗੀ ਨਜ਼ਰ ਪੰਜਾਬ ਨੂੰ ਏਹਦੀ ... - ਕੁਲਵੰਤ ਸਿੰਘ ਢੇਸੀ

ਲੱਗੀ ਨਜ਼ਰ ਪੰਜਾਬ ਨੂੰ ਏਹਦੀ ਨਜ਼ਰ ਉਤਾਰੋ - ਕੁਲਵੰਤ ਸਿੰਘ ਢੇਸੀ
ਇੱਕ ਵੇਰ ਦੀ ਗੱਲ ਹੈ ਕਿ ਨਾਵਲਿਸਟ ਬੂਟਾ ਸਿੰਘ ਸ਼ਾਦ ਲੇਖਿਕਾ ਦਲਬੀਰ ਕੌਰ ਦੀ ਪੁਸਤਕ 'ਦਹਿਲੀਜ਼ ਦੀ ਸੋਚ ਤੇ' ਰਲੀਜ਼ ਕਰਨ ਲਈ ਬ੍ਰਮਿੰਘਮ ਸੋਹੋ ਰੋਡ 'ਤੇ 'ਸਿੱਖ ਕਮਿਊਨਿਟੀ ਐਂਡ ਯੂਥ ਸੈਂਟਰ' ਵਿਚ ਬੋਲ ਰਿਹਾ ਸੀ ਕਿ ਕਿਸੇ ਨੇ ਅਚਾਨਕ ਹੀ ਉਸ ਨੂੰ ਪੰਜਾਬ ਦੀ ਤ੍ਰਾਸਦੀ ਬਾਰੇ ਸਵਾਲ ਕੀਤਾ ਤਾਂ ਉਸ ਨੇ ਅਜੀਬ ਬੇਪਰਵਾਹੀ ਦੇ ਆਲਮ ਵਿਚ ਕਿਹਾ ਕਿ ' ਇਤਹਾਸ ਗਵਾਹ ਹੈ ਕਿ ਹਰ ਪੰਜਾਹ ਸਾਲ ਬਾਅਦ ਪੰਜਾਬ ਦਾ ਸਿਰ ਵੱਢ ਹੁੰਦਾ ਰਿਹਾ ਹੈ ਅਤੇ ਹਰ ਵੇਰ ਇਹ ਮੁੜ ਸੰਭਲਦਾ ਅਤੇ ਮੌਲਦਾ ਰਿਹਾ ਹੈ'। ਉਸ ਵਕਤ ਮੈਨੂੰ ਸ਼ਾਦ ਦੀ ਇਹ ਗੱਲ ਬਹੁਤੀ ਚੰਗੀ ਨਹੀਂ ਸੀ ਲੱਗੀ। ਭਾਵੇਂ ਕਿ ਅਸੀਂ ਇਹ ਕਹਾਵਤ ਆਮ ਸੁਣਦੇ ਹਾਂ ਕਿ 'ਪੰਜਾਬ ਦੇ ਜੰਮਿਆਂ ਨੂੰ ਨਿਤ ਮੁਹਿੰਮਾਂ' ਪਰ ਇਹ ਪੰਜਾਬ ਦੇ ਉਸ ਮਾਣ ਮੱਤੇ ਜੁਝਾਰੂ ਵਿਰਸੇ ਨਾਲ ਸਬੰਧਤ ਕਹਾਵਤ ਹੈ, ਜਦੋਂ ਪੰਜਾਬੀ ਇੱਕ ਮੁੱਠ ਹੋ ਕਿ ਧਾੜਵੀਆਂ ਦਾ ਮੁਕਾਬਲਾ ਕਰਿਆ ਕਰਦੇ ਸਨ। ਅੱਜ ਦੇ ਪੰਜਾਬ ਨੂੰ ਕਿਸੇ ਬਾਹਰੀ ਧਾੜ ਦਾ ਖਤਰਾ ਘੱਟ ਅਤੇ ਅੰਦਰੂਨੀ ਸਾੜ ਦੀ ਮਾਰ ਵੱਧ ਪੈ ਰਹੀ ਹੈ।

ਅੱਜ ਦੇ ਸਾਡੇ ਪੰਜਾਬ ਵਿਚ ਪ੍ਰਮੁਖ ਤੌਰ 'ਤੇ ਸਿੱਖ, ਹਿੰਦੂ ਅਤੇ ਦਲਿਤ ਤਿੰਨ ਭਾਈਚਾਰੇ ਹਨ। ਸੰਨ ਸੰਤਾਲੀ ਤੋਂ ਬਾਅਦ ਬੋਲੀ ਦੇ ਅਧਾਰ 'ਤੇ ਹਿੰਦੂ ਸਿੱਖ ਪਾੜੇ ਅਤੇ ਅੱਸੀਵਿਆਂ ਦੇ ਅੱਤ ਸੰਵੇਦਨ਼ੀਲ ਖਾੜਕੂ ਦੌਰ ਤੋਂ ਬਾਅਦ ਵੀ ਪੰਜਾਬ ਦੀ ਭਾਈਚਾਰਕ ਸਾਂਝ ਟੁੱਟ ਨਹੀਂ ਸੀ ਸਕੀ। ਪਰ ਉਸ ਤੋਂ ਬਾਅਦ ਤਲ੍ਹਣ ਕਾਂਡ ਅਤੇ ਬੱਲਾਂ ਡੇਰੇ ਨਾਲ ਸਬੰਧਤ ਕਾਂਡ ਨੇ ਸੰਗੀਨ ਸੰਸੇ ਖੜ੍ਹੇ ਕਰ ਦਿੱਤੇ ਹਨ। ਸੱਚ ਤਾਂ ਇਹ ਹੈ ਕਿ ਜੇਕਰ ਅੱਜ ਪੰਜਾਬ ਦੇ ਸੱਚੇ ਸਪੂਤਾਂ ਨੇ ਵਰਤਮਾਨ ਚਣੌਤੀਆਂ ਨੂੰ ਅਗਲਵਾਂਢੇ ਹੋ ਕੇ ਨਾਂ ਲਿਆਂ ਤਾਂ ਇਹ ਟਕਰਾਓ ਸਾਨੂੰ ਕਿਸੇ ਪਾਸੇ ਦਾ ਨਹੀਂ ਛੱਡਣਗੇ।

ਜਦੋਂ ਵਿਆਨਾ ਕਾਂਡ ਵਾਪਰਿਆ ਤਾਂ ਵਾਰਿਕ ਯੂਨੀਵਰਸਿਟੀ ਦੇ ਇੱਕ ਗੁਰਸਿੱਖ ਲੈਕਚਰਾਰ ਨੇ ਮੈਨੂੰ ਸ਼੍ਰੀ ਰਾਜ ਕੁਮਾਰ ਹੰਸ ਦਾ ਲੇਖ 'Dalits and the Emancipatory Sikh Religion ਭੇਜ ਕੇ ਇਸ ਗੱਲੋਂ ਜਾਣਕਾਰੀ ਦਿਵਾਈ ਸੀ ਕਿ ਪੰਜਾਬ ਦੀ 30 ਪ੍ਰਤੀਸ਼ਤ ਦੀ ਵੱਡੀ ਵਸੋਂ ਵਾਲੇ ਦਲਿਤ ਭਾਈਚਾਰੇ ਨੂੰ ਸਿੱਖੀ ਦੀ ਮੁਖਧਾਰਾ ਨੇ ਅਲੱਗ ਥਲੱਗ ਹੀ ਕੀਤਾ ਹੋਇਆ ਹੈ। ਇਸ ਵਿਸ਼ਾਲ ਲੇਖ ਵਿਚ ਇਸ ਗੱਲ ਦਾ ਵੀ ਇੰਕਸ਼ਾਫ ਕੀਤਾ ਗਿਆ ਸੀ ਕਿ ਅੱਜ ਦੇ ਯੁੱਗ ਵਿਚ ਵੀ ਪੰਜਾਬ ਵਿਚ ਮਜ਼ਹਬੀ ਅਤੇ ਰਵਿਦਾਸੀਏ ਸਿੱਖਾਂ ਦੀਆਂ ਬਸਤੀਆਂ ਪਿੰਡਾਂ ਤੋਂ ਬਾਹਰ ਹਨ ਅਤੇ ਉਹਨਾਂ ਦੇ ਸ਼ਮਸ਼ਾਨ ਘਾਟ ਵੀ ਅਲੱਗ ਹਨ, ਇਹਨਾਂ ਭਾਈਚਾਰਿਆਂ ਕੋਲ ਪੰਜਾਬ ਦੀ ਵਾਹੀਯੋਗ ਜ਼ਮੀਨ ਦਾ ਸਿਰਫ 2.34 ਫੀ ਸਦੀ ਹਿੱਸਾ ਹੀ ਹੈ, ਭਾਵ ਕਿ ਇਹ ਭਾਈਚਾਰੇ ਬੇ-ਜ਼ਮੀਨੇ ਹਨ। ਇਸ ਗੁਰਸਿੱਖ ਪ੍ਰੋਫੇਸਰ ਨੇ ਮਗਰੋਂ ਮੈਨੂੰ ਯੂ ਟਿਊਬ 'ਤੇ ਇਸ ਗੱਲ ਦੇ ਕੁਝ ਡਾਕੂਮੈਂਟਰੀ ਸਬੂਤ ਵੀ ਭੇਜੇ ਸਨ ਕਿ ਅੱਜ ਵੀ ਪੰਜਾਬ ਦੇ ਸਿੱਖਾਂ ਵਲੋਂ ਦਲਿਤਾਂ ਨਾਲ ਕਈ ਥਾਂਈਂ ਵੱਖਵਾਦੀ ਵਿਤਕਰਾ ਜਾਰੀ ਹੈ, ਜੋ ਕਿ ਸਿੱਖ ਸਿਧਾਂਤਾਂ ਦੀ ਘੋਰ ਅਵੱਗਿਆ ਹੈ।

ਦੂਸਰੇ ਪਾਸੇ ਸਾਡੇ ਇੱਕ ਹੋਰ ਵਾਕਿਫ ਹਨ ਜਿਹਨਾਂ ਦੇ ਕਿ ਗਲਾਸੀ ਪਾਣੀ ਦੇ ਸਾਂਝੀਦਾਰ ਰਵੀਦਾਸੀਏ ਸਿੰਘਾਂ ਨੇ ਵਿਆਨਾ ਕਾਂਡ ਤੋਂ ਮਗਰੋਂ ਬਲ ਰਹੇ ਪੰਜਾਬ ਪ੍ਰਤੀ ਮਜ਼ਾਕ ਦੇ ਲਹਿਜੇ ਵਿਚ ਕਿਹਾ ਸੀ ਕਿ ਸਾਨੂੰ ਆਪਣੀ ਤਾਕਤ ਦਾ ਅੰਦਾਜ਼ਾ ਤਾਂ ਹੁਣ ਹੋਇਆ ਹੈ। ਇਸ ਦਾ ਮਤਲਬ ਇਹ ਹੈ ਕਿ ਪੰਜਾਬ ਵਿਚ ਦਲਿਤ ਸਮਾਜ ਨੂੰ ਸਿੱਖੀ ਦੀ ਮੁਖਧਾਰਾ ਤੋਂ ਅਲੱਗ ਥਲੱਗ ਕਰਨ ਵਾਲਿਆਂ ਦੀ ਵਕਤੀ ਜਿੱਤ ਹੋਈ ਹੈ। ਇਸ ਸਬੰਧੀ ਇੱਕ ਹੋਰ ਅਤਿਅੰਤ ਕੌੜਾ ਸੱਚ ਇਹ ਵੀ ਹੈ ਕਿ ਤੱਲ੍ਹਣ ਕਾਂਡ ਅਤੇ ਬੱਲਾਂ ਕਾਂਡ ਤੋਂ ਬਾਅਦ ਅਗਰ ਪੰਜਾਬ ਦਾ ਦਲਿਤ ਸਮਾਜ ਕਿਸੇ ਤੀਸਰੀ ਸਾਜਸ਼ ਦਾ ਸ਼ਿਕਾਰ ਹੁੰਦਾ ਹੈ ਤਾਂ ਉਹ ਹਾਲਾਤ ਪੰਜਾਬ ਵਿਚ ਸਿਵਲ ਵਾਰ ਵਰਗੇ ਹੋਣਗੇ, ਜਿਸ ਮਗਰੋਂ ਪੰਜਾਬ ਦੇ ਸਿੱਖ ਭਾਈਚਾਰੇ ਇੱਕ ਦੂਸਰੇ ਤੋਂ ਏਨੀਂ ਦੂਰ ਚਲੇ ਜਾਣਗੇ ਕਿ ਮੁੜ ਇਹਨਾਂ ਨੂੰ ਨੇੜੇ ਕਰਨਾ ਔਖਾ ਹੋ ਜਾਵੇਗਾ। ਅਫਸੋਸ ਇਸ ਗੱਲ ਦਾ ਹੈ ਕਿ ਇਸ ਵਕਤ ਰਵਿਦਾਸੀਏ ਸਿੱਖਾਂ ਵਿਚ ਉਹ ਧਿਰ ਹਾਵੀ ਹੈ ਜੋ ਕਿ ਸਿੱਖਾਂ ਨੂੰ ਤਾਲੇਬਾਨੀ ਅਤੇ ਭੇੜੀਏ ਕਹਿ ਕੇ ਹਾਲਾਤਾਂ 'ਤੇ ਤੇਲ ਪਾਊਣ ਲਈ ਟਿੱਲ ਲਾ ਰਹੀ ਹੈ।

ਸਿੱਖ ਸਮਾਜ ਦੀ ਟੁੱਟਦੀ ਜਾ ਰਹੀ ਬਾਂਹ ਦਾ ਦਰਦੀ ਪੰਜਾਬੀ ਸਿੱਖਾਂ ਵਿਚ ਬਹੁਤ ਸਾਰਾ ਜਾਤੀ ਜਮਾਤੀ ਪਾੜਾ ਹੁੰਦੇ ਹੋਏ ਵੀ ਦਲਿਤ ਸਮਾਜ ਦੇ ਅਣਗਿਣਤ ਸਿੱਖ ਕਿਸੇ ਵੀ ਘਾਟੇ ਵਾਧੇ ਦੇ ਗਣਿਤ ਵਿਚ ਉਲਝੇ ਬਿਨਾਂ ਬੇਮਿਸਾਲ ਕੁਰਬਾਨੀਆਂ ਦਿੰਦੇ ਆਏ ਹਨ। ਗੱਲ ਸਿਰਫ ਗੁਰ ਇਤਹਾਸ ਦੇ ਰੰਘਰੇਟੇ ਗੁਰ ਕੇ ਬੇਟਿਆਂ ਦੀ ਹੀ ਨਹੀਂ ਹੈ ਜਾਂ ਗੁਰੂ ਗੋਬਿੰਦ ਸਿੰਘ ਦੇ ਉਹਨਾਂ ਪੁੱਤਰਾਂ ਦੀ ਹੀ ਨਹੀਂ ਹੈ ਜਿਹਨਾਂ ਦੇ ਸਿਰਾਂ 'ਤੇ ਗੁਰੁ ਸਾਹਿਬ ਨੇ ਆਪਣੇ ਸਿਰ ਦਾ ਤਾਜ (ਕਲਗੀ) ਲਾਹ ਕੇ ਧਰਿਆ ਸੀ ਸਗੋਂ ਦਲਿਤ ਸਮਾਜ ਦੇ ਗੁਰਸਿੱਖਾਂ ਵਲੋਂ ਗੁਰਦੁਆਰਾ ਸੁਧਾਰ ਲਹਿਰ ਅਤੇ ਸਿੰਘ ਸਭਾ ਲਹਿਰ ਵਿਚ ਬਰਾਬਰ ਦਾ ਯੋਗਦਾਨ ਪਾਊਂਦਿਆਂ ਹੋਇਆਂ ਅੱਸੀਵਿਆਂ ਦੀ ਖਾੜਕੂ ਲਹਿਰ ਵਿਚ ਵੀ ਕਮਾਲ ਦੀਆਂ ਕੁਰਬਾਨੀਆਂ ਦਾ ਜ਼ਿਕਰ ਹੈ। ਇਹ ਗੱਲ ਵੀ ਅਸੀਂ ਸਾਰੇ ਹੀ ਭਲੀ ਭਾਂਤ ਜਾਣਦੇ ਹਾਂ ਕਿ ਦਰਬਾਰ ਸਾਹਿਬ 'ਤੇ ਭਾਰਤੀ ਫੌਜ ਦੇ ਹਮਲੇ ਦਾ ਬਦਲਾ ਕਿਨ੍ਹਾਂ ਗੁਰਸਿੱਖਾਂ ਨੇ ਲਿਆ ਸੀ (ਇੰਦਰਾਂ ਕਤਲ ਕਾਂਡ)।

ਜਿਹਨਾਂ ਸ਼ਕਤੀਆਂ ਨੇ ਪੰਜਾਬ ਦਾ ਰਾਜ ਭਾਗ ਹਥਿਆਉਣਾ ਹੈ ਉਹਨਾਂ ਦੇ ਏਜੰਡੇ 'ਤੇ ਪਹਿਲਾ ਮੁੱਦਾ ਸਿੱਖ ਸਮਾਜ ਦੇ ਏਕੇ ਦੀ ਤੋੜ ਫੋੜ ਕਰਨਾ ਹੈ। ਇਸ ਮਕਸਦ ਦੀ ਪੂਰਤੀ ਲਈ ਬਾਬਾਵਾਦ ਅਤੇ ਜਾਤੀਵਾਦ ਦੋ ਪ੍ਰਮੁ਼ਖ ਹਥਿਆਰ ਹਨ। ਬਾਬਾਵਾਦ ਦੇ ਸੰਦ ਰਾਹੀਂ ਇਹ ਸ਼ਕਤੀਆਂ ਸਿੱਖ ਸਿਧਾਂਤਾਂ 'ਤੇ ਸੱਟ ਮਾਰਕੇ ਭੜਕਾਹਟ ਅਤੇ ਖਹਿਬਾਜ਼ੀ ਦੇ ਹਾਲਾਤ ਪੈਦਾ ਕਰਦਿਆਂ ਹੋਇਆਂ ਜਾਤੀ ਵਾਦੀ ਪਾੜ ਦੇ ਆਸਰੇ ਆਪਣਾ ਮਕਸਦ ਹੱਲ ਕਰਦੀਆਂ ਹਨ।

ਅੱਜ ਦੇ ਯੁੱਗ ਵਿਚ ਵੋਟ ਦੀ ਤਾਕਤ ਬੰਦੂਕ ਤੋਂ ਵਧ ਮੰਨੀ ਜਾਂਦੀ ਹੈ। ਇਸ ਸਬੰਧ ਵਿਚ ਲੀਬੀਆ ਦਾ ਡਿਕਟੇਟਰ ਗਦਾਫੀ ਕਹਿੰਦਾ ਹੈ, '' ਇਸ ਗੱਲ ਦੇ ਸੰਕੇਤ ਹਨ ਕਿ ਅੱਲਾ ਯੂਰਪ ਵਿਚ ਬਿਨਾਂ ਤਲਵਾਰਾਂ ਅਤੇ ਬੰਦੂਕਾਂ ਦੇ ਯੁਧ ਤੋਂ ਬਿਨਾਂ ਹੀ ਇਸਲਾਮਿਕ ਫਤਿਹ ਦੇ ਦੇਵੇਗਾ।" ਉਹ ਹੋਰ ਕਹਿੰਦਾ ਹੈ ਕਿ, '' ਸਾਨੂੰ ਨਾਂ ਤਾਂ ਖਾੜਕੂਆਂ ਦੀ ਲੋੜ ਹੈ ਨਾਂ ਹੀ ਆਤਮਘਾਤੀ ਬੰਬਾਂ ਦੀ, ਸਗੋਂ ਯੂਰਪ ਵਿਚ ਵਸ ਰਹੇ 50 ਪਲੱਸ ਮੁਸਲਮਾਨਾਂ ਦੀ ਅਬਾਦੀ ਕੁਝ ਹੀ ਦਹਾਕਿਆਂ ਵਿਚ ਇਸ ਨੂੰ ਮੁਸਲਮ ਮਹਾਂਦੀਪ ਬਣਾ ਦਏਗਾ।" ਸੱਚ ਤਾਂ ਇਹ ਹੈ ਕਿ ਗੋਰਿਆਂ ਦੀ ਯੂਰਪ, ਅਮਰੀਕਾ ਅਤੇ ਕੈਨੇਡਾ ਵਿਚ ਘਟ ਰਹੀ ਜੈਵਿਕ ਦਰ (Fertilty rate) ਇਹਨਾਂ ਲਈ ਬੜੀ ਵੱਡੀ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਯੂਰਪ ਵਿਚ ਇਸ ਵੇਲੇ 52 ਮਿਲੀਅਨ ਮੁਸਲਮਾਨ ਹਨ ਅਤੇ ਅਗਲੇ ਵੀਹ ਸਾਲਾਂ ਵਿਚ ਇਹ ਗਿਣਤੀ 104 ਮਿਲੀਅਨ ਹੋ ਜਾਣੀ ਹੈ। ਜੇਕਰ ਮੁਸਲਮਾਨ ਸਮਾਜ ਇੱਕ ਮੁੱਠ ਰਹਿੰਦਾ ਹੈ ਤਾਂ ਇਹਨਾਂ ਦੇਸ਼ਾਂ ਵਿਚ ਇਹਨਾਂ ਦੇ ਰਾਜ ਨੂੰ ਕੋਈ ਨਹੀਂ ਰੋਕ ਸਕਦਾ। ਇਹੀ ਤੱਥ ਪੰਜਾਬ ਦੇ ਅਤੇ ਸਿੱਖੀ ਸੇਵਕੀ ਦੇ ਹਮਦਰਦਾਂ ਨੂੰ ਲੜ ਬੰਨ੍ਹਣ ਦੀ ਲੋੜ ਹੈ ਕਿ ਜੇਕਰ ਅੱਜ ਭਾਰਤ ਦਾ ਸਿੱਖ ਆਪਣੇ ਜਾਤੀ ਜਮਾਤੀ ਪਾੜੇ ਤੋਂ ਉਪਰ ਉਠ ਕੇ ਇੱਕ ਮੁਠ ਹੋ ਜਾਂਦਾ ਹੈ ਤਾਂ ਨਾਂ ਕੇਵਲ ਪੰਜਾਬ ਵਿਚ ਸਗੋਂ ਸਮੁੱਚੇ ਭਾਰਤ ਵਿਚ ਇਹਨਾਂ ਦੇ ਰਾਜ ਨੂੰ ਕੋਈ ਨਹੀਂ ਰੋਕ ਸਕਦਾ, ਕਿਓਂਕਿ ਸਿੱਖ ਸਿਧਾਂਤ ਨਾਂ ਕੇਵਲ ਦਲਿਤਾਂ ਨੂੰ ਸਗੋਂ ਸਾਰੀ ਹੀ ਮਨੁੱਖਤਾ ਨੂੰ ਕਲਾਵੇ ਵਿਚ ਲੈਂਦਾ ਹੈ। ਭਾਰਤ ਭਰ ਦਾ ਦਲਿਤ ਸਮਾਜ ਸਿੱਖੀ ਦਾ ਅਭਿਲਾਖੀ ਹੈ ਪਰ ਰਾਜਨੀਤਕ ਲੋਕ ਦੀਵਾਰ ਬਣੇ ਹੋਏ ਹਨ। ਚੇਤੇ ਰਹੇ ਕਿ ਜਿਸ ਵਕਤ ਡਾ: ਅੰਬੇਦਕਰ ਨੇ ਸਿੱਖ ਧਰਮ ਅਪਨਾਊਣ ਦੀ ਖਾਹਿਸ਼ ਜ਼ਾਹਿਰ ਕੀਤੀ ਸੀ ਤਾਂ ਮਹਾਤਮਾਂ ਗਾਂਧੀ ਨੇ ਮਰਨ ਵਰਤ ਰੱਖਣ ਦੀ ਧਮਕੀ ਦੇ ਮਾਰੀ ਸੀ। ਅੱਜ ਵੀ ਪੰਜਾਬ ਦੇ ਦਲਿਤ ਵਰਗ ਨੂੰ ਸਿੱਖੀ ਤੋਂ ਨਖੇੜਨ ਲਈ ਰਾਜਨੀਤਕ ਚਾਲਾਂ ਨੀਚ ਤੋਂ ਨੀਚ ਪੈਂਤੜੇ ਅਪਣਾ ਰਹੀਆਂ ਹਨ ਜਿਹਨਾਂ ਨੂੰ ਪਛਾਨਣ ਦੀ ਲੋੜ ਹੈ।

ਇਸ ਘਰ ਨੂੰ ਅੱਗ ਲੱਗੀ ਘਰ ਦੇ ਚਿਰਾਗ ਨਾਲ ਸਿਆਸੀ ਗੋਰਖਧੰਦੇ ਨੇ ਪੰਜਾਬ ਦੇ ਸਿੱਖ ਨੂੰ ਕੁਝ ਐਸੇ ਮਾਨਸਿਕ ਭੰਬਲਭੂਸੇ ਵਿਚ ਫਸਾ ਲਿਆ ਹੈ, ਜਿਸ ਨਾਲ ਉਹ ਇੱਕ ਜਾਤੀ ਦੇ ਕਲਪਿਤ ਰਾਜ ਭਾਗ ਦੇ ਨਾਅਰੇ ਦਾ ਗੁਲਾਮ ਹੋ ਗਿਆ ਹੈ। ਜਿਹੜਾ ਵੀ ਸਿੱਖ ਹੁਣ ਇਸ ਨਾਅਰੇ ਤੋਂ ਬਾਹਰ ਜਾਣ ਦੀ ਗੱਲ ਕਰਦਾ ਹੈ, ਉਸ ਨੂੰ ਗਦਾਰ ਗਦਾਰ ਕਹਿ ਕੇ ਖਦੇੜ ਦਿੱਤਾ ਜਾਂਦਾ ਹੈ। ਪੰਜਾਬ ਵਿਚ ਕੋਈ ਖਾਲਿਸਤਾਨ ਨਾਂ ਤਾਂ ਅਮਰੀਕਾ ਜਾਂ ਇੰਗਲੈਂਡ ਤੋਂ ਆਉਣਾ ਹੈ (ਪੰਜਾਬ ਵਿਚ ਤੇਲ ਨਹੀਂ ਹੈ) ਅਤੇ ਨਾਂ ਹੀ ਇਹ ਪਾਕਿਸਤਾਨ ਤੋਂ ਆਉਣਾ ਹੈ (ਪਾਕਿਸਤਾਨ ਨੂੰ ਆਪਣੀ ਹੋਂਦ ਬਚਾਊਣ ਦੇ ਲਾਲੇ ਪਏ ਹੋਏ ਹਨ, ਜਦ ਕਿ ਉਸ ਦਾ ਅੱਧਾ ਹਿੱਸਾ ਭਾਰਤ ਪਹਿਲਾਂ ਹੀ ਤੁੜਵਾ ਚੁੱਕਾ ਹੈ)। ਪੰਜਾਬ ਵਿਚ ਹੀ ਨਹੀਂ ਸਗੋਂ ਭਾਰਤ ਅਤੇ ਕੁਲ ਦੁਨੀਆਂ ਵਿਚ ਸਿੱਖ ਸਮਾਜ ਦੀ ਫਤਿਹ ਦਾ ਰਾਜ ਕੇਵਲ ਅਤੇ ਕੇਵਲ ਸਿੱਖ ਸਿਧਾਂਤਾਂ ਦੇ ਅਮਲਾਂ ਵਿਚ ਹੈ। ਗੁਰਬਾਣੀ ਵਿਚ ਇਸ ਗੱਲ ਦਾ ਦਾਅਵਾ ਹੈ ''ਹਸਤੀ ਸਿਰਿ ਜਿਓਂ ਅੰਕਸੁ ਹੈ ਅਹਿਰਣ ਜਿਉ ਸਿਰੁ ਦੇਇ॥ ਮਨੁ ਤਨੁ ਆਗੈ ਰਾਖਿ ਕੈ ਊਭੀ ਸੇਵ ਕਰੇਇ॥ ਇਉ ਗੁਰਮੁਖਿ ਆਪੁ ਨਿਵਾਰੀਐ ਸਭੁ ਰਾਜੁ ਸ੍ਰਿਸਟਿ ਕਾ ਲੇਇ॥ ਨਾਨਕ ਗੁਰਮੁਖਿ ਬੁਝੀਐ ਜਾਂ ਆਪੇ ਨਦਰਿ ਕਰੇਇ॥" ਗੁਰਮਤ ਦਾ ਇਹ ਸਿਧਾਂਤ ਸਾਰੀ ਦੁਨੀਆਂ 'ਤੇ ਲਾਗੂ ਹੁੰਦਾ ਹੈ। ਰਾਜਨੀਤੀ ਦਾ ਅਧਾਰ ਕੇਵਲ ਜਨਤਕ ਮੁੱਦਿਆਂ 'ਤੇ ਹੋਣਾ ਚਾਹੀਦਾ ਹੈ। ਮੁਦਿਆਂ ਦੀ ਰਾਜਨੀਤੀ ਹੀ ਸੁੱਚੀ ਸੇਵਾ ਦੀ ਰਾਜਨੀਤੀ ਅਖਵਾ ਸਕਦੀ ਹੈ। ਜਦੋਂ ਸਿੱਖ ਮਨ ਚਿਤ ਹੋ ਕਿ ਮਨੁੱਖਤਾ ਦੀ ਸੇਵਾ ਕਰਦਾ ਹੈ ਤਾਂ ਰਾਜਨੀਤਕ ਚੜ੍ਹਤ ਇੱਕ ਬਾਈ ਪ੍ਰੋਡਕਟ ਵਾਂਗ ਉਸ ਨੂੰ ਹਾਸਲ ਹੋ ਜਾਂਦੀ ਹੈ।

ਅੱਜ ਦੁਨੀਆਂ ਭਰ ਵਿਚ ਬਹੁਤ ਸਾਰੀਆਂ ਕੌਮਾਂ ਅਤੇ ਧਰਮ ਇੱਕ ਦੂਸਰੇ ਪ੍ਰਤੀ ਤੌਖਲੇ ਅਤੇ ਨਫਰਤ ਵਿਚ ਹਨ। ਜਦੋਂ ਕਿਸੇ ਇੱਕ ਖਿੱਤੇ ਵਿਚ ਬਹੁ ਧਰਮਾਂ ਅਤੇ ਕੌਮਾਂ ਜਾਂ ਜਾਤਾਂ ਜਮਾਤਾਂ ਦੇ ਲੋਕ ਰਹਿੰਦੇ ਹੋਣ ਤਾਂ ਸਰਬਤ ਦਾ ਭਲਾ ਇਸੇ ਵਿਚ ਹੁੰਦਾ ਹੈ ਕਿ ਸਾਰੇ ਹੀ ਲੋਕ ਰਲ ਮਿਲ ਕੇ ਕੰਮ ਕਰਨ। ਇੱਕ ਦੂਸਰੇ ਪ੍ਰਤੀ ਸੁਹਿਰਦਤਾ ਹੀ ਸਭ ਮਸਲਿਆਂ ਦਾ ਹੱਲ ਹੈ। ਪੰਜਾਬ ਵਾਂਗ ਹੀ ਉਤਰੀ ਆਇਰਲੈਂਡ ਦੀ ਮਿਸਾਲ ਸਾਡੇ ਸਭ ਦੇ ਸਾਹਮਣੇ ਹੈ ਜਿਥੇ ਕਿ ਅਖੀਰ ਨੂੰ ਇਹ ਸਚਾਈ ਸਭ ਧਿਰਾਂ ਨੂੰ ਮੰਨਣੀ ਪਈ ਸੀ। ਪੰਜਾਬ ਵਿਚ ਵਸ ਰਹੇ ਸਿੱਖਾਂ, ਹਿੰਦੂਆਂ, ਦਲਿਤਾਂ ਅਤੇ ਮੁਸਲਮਾਨਾਂ ਦਾ ਭਲਾ ਇਸੇ ਵਿਚ ਹੈ ਕਿ ਉਹ ਧਾਰਮਕ ਖੜਪੈਂਚਾਂ ਦੇ ਖੋਖਲੇ ਦਾਅਵਿਆਂ ਤੋਂ ਬਚ ਕੇ ਸ਼ਾਂਤ ਮਈ ਅਤੇ ਸੋਹਜਮਈ ਰਵਈਆ ਅਪਣਾ ਕੇ ਆਪਣੇ ਸੋਹਣੇ ਦੇਸ ਵਿਚ ਇਕਸਾਰਤਾ ਅਤੇ ਇੱਕਸੁਰਤਾ ਦਾ ਮਹੌਲ ਸਾਜਣ ਦੀ ਕੋਸ਼ਿਸ਼ ਕਰਨ। ਇੱਕ ਦੂਸਰੇ ਪ੍ਰਤੀ ਨਫਰਤ ਪੈਦਾ ਕਰਨ ਵਾਲੇ ਅਤੇ ਇੱਕ ਦੂਸਰੇ ਉਤੇ ਹਾਵੀ ਹੋਣ ਦੀ ਰਾਜਨੀਤੀ ਦੇ ਦਾਅਵੇਦਾਰ ਹਲੇਮੀ ਰਾਜ, ਬੇਗਮ ਪੁਰਾ ਅਤੇ ਰਾਮ ਰਾਜ ਦੇ ਦਾਅਵੇ ਕਰਦੇ ਕਰਦੇ ਇੱਕ ਐਸੀ ਅੱਗ ਬਾਲ ਲੈਣਗੇ ਜਿਸ ਵਿਚ ਸਾਡਾ ਸਾਰੇ ਦੇਸ਼ਾਂ ਨਾਲੋਂ ਸੋਹਣਾ ਪੰਜਾਬ ਸੜ ਕੇ ਰਾਖ ਹੋ ਜਾਏਗਾ। ਇਸ ਅੱਗ ਤੋਂ ਬਚਣ ਦੀ ਲੋੜ ਹੈ।